ਮਨ ਕੀ ਹੈ ਅਤੇ ਕੀ ਇਹ ਮਾਰਿਆ ਜਾ ਸਕਦਾ ਹੈ ? (ਭਾਗ ਦੂਜਾ)

0
609

ਮਨ ਕੀ ਹੈ ਅਤੇ ਕੀ ਇਹ ਮਾਰਿਆ ਜਾ ਸਕਦਾ ਹੈ ? (ਭਾਗ ਦੂਜਾ)

ਗਿਆਨੀ ਅਵਤਾਰ ਸਿੰਘ

ਮਨ ਕੀ ਹੈ ਅਤੇ ਕੀ ਇਹ ਮਾਰਿਆ ਜਾ ਸਕਦਾ ਹੈ ? (ਭਾਗ ਪਹਿਲਾ)

ਜੀਵ-ਜੰਤਾਂ ਦੇ ਕਰਮ ਅਤੇ ਸੁਭਾਅ ਤੋਂ ਅਕਸਰ ਉਨ੍ਹਾਂ ਦੇ ਨਾਂ ਪੈ ਜਾਂਦੇ ਹਨ। ਲੋਭ, ਲਾਲਚ ਪੱਖੋਂ ‘ਕਾਂ, ਕੁੱਤਾ, ਬਾਂਦਰ’ ਆਦਿ ਦੀ ਮਿਸਾਲ ਆਮ ਦਿੱਤੀ ਜਾਂਦੀ ਹੈ। ਅਵੈੜੇਪਣ ਲਈ ‘ਸਾਂਢ, ਊਠ, ਗਧਾ’ ਅਤੇ ਨਿਮਰਤਾ ਲਈ ‘ਕੀੜੀ, ਬੱਕਰੀ’ ਆਦਿ; ਇਉਂ ਹੀ ਜ਼ਿਆਦਾਤਰ ਭਾਸ਼ਾਵਾਂ ’ਚ ਬੰਦੇ ਦੇ ਨਾਂ ਵਿੱਚ ਦੋ ਅੱਖਰ; ‘ਮ’ ਤੇ ‘ਨ’ (ਮਨ) ਸ਼ਾਮਲ ਕੀਤੇ ਮਿਲਦੇ ਹਨ; ਜਿਵੇਂ ਕਿ ‘ਮਨੁੱਖ, ਮਾਨਵ, ਮਾਨਸ, ਮੈਨ, ਮਨੁਸ਼ਿਅ’ ਆਦਿ। ਇਸ ਤੋਂ ਜਾਪਦਾ ਹੈ ਕਿ ਬੰਦਾ; ਅਕਸਰ ਆਪਣੇ ਮਨ ਅਨੁਸਾਰ ਜਿਊਂਦਾ ਹੈ, ਮਨ ਮੁਤਾਬਕ ਵਿਚਰਦਾ ਹੈ ਯਾਨੀ ਮਨ ਦੇ ਅਧੀਨ ਰਹਿੰਦਾ ਹੈ ਤਾਹੀਓਂ ਸੱਚੇ ਰਹਿਬਰਾਂ, ਗੁਰੂਆਂ ਨੇ ਧਰਮ ਦਾ ਸਿੱਧਾ ਸੰਬੰਧ ਹੀ ਬੰਦੇ ਦੇ ‘ਮਨ’ ਨਾਲ਼ ਰੱਖਿਆ ਹੈ। ਜਿਨ੍ਹਾਂ ਧਰਮਾਂ ’ਚ ‘ਮਨ’ ਦੀ ਥਾਂ ਬੰਦੇ ਦੇ ਸਰੀਰ ਨਾਲ਼ ਜੋੜ ਕੇ ਧਾਰਮਿਕ ਕਰਮ ਉਲੀਕੇ ਗਏ; ਜਿਵੇਂ ਕਿ ਸਰੀਰਕ ਪਵਿੱਤਰ ਜਾਂ ਸਰੀਰਕ ਤਲ ’ਤੇ ਸਮਾਜਿਕ ਭੇਦ-ਭਾਵ ਕਰਨਾ; ਜੈਸਾ ਕਿ ਜਾਤ-ਪਾਤ/ਲਿੰਗ/ਨਸਲ ਭੇਦ, ਲਿਬਾਸ ਦਾ ਰੰਗ ਜਾਂ ਸਰੀਰਕ ਨੰਗੇਜ, ਖਾਣ-ਪਾਣ ਅਤੇ ਭਾਸ਼ਾਈ ਵਿਤਕਰੇ ਆਦਿਕ, ਉਨ੍ਹਾਂ ਸਾਰੇ ਧਾਰਮਿਕ ਕਰਮਾਂ ਨੂੰ ਗੁਰਬਾਣੀ ਕਰਮਕਾਂਡ (ਵਿਖਾਵੇ ਮਾਤਰ ਕੀਤੇ ਜਾਣ ਵਾਲ਼ੇ ਕੰਮ/ ਜਿਨ੍ਹਾਂ ਦਾ ਮਨ ਨਾਲ਼ ਕੋਈ ਸੰਬੰਧ ਨਹੀਂ) ਮੰਨਦੀ ਹੈ। ਗੁਰੂ ਗ੍ਰੰਥ ਸਾਹਿਬ ਅੰਦਰ ‘ਮਨ’ ਦੀ ਸ਼ੁੱਧਤਾ ਨੂੰ ਹੀ ਪ੍ਰਮੁੱਖਤਾ ਦਿੱਤੀ ਗਈ ਹੈ। ਸੰਖੇਪਤਾ ਨੂੰ ਧਿਆਨ ’ਚ ਰੱਖਦਿਆਂ ਭਗਤ ਕਬੀਰ ਜੀ ਅਤੇ 6 ਗੁਰੂ ਸਾਹਿਬਾਨ ਦੀ ਬਾਣੀ ’ਚੋਂ ਇੱਕ-ਇੱਕ ਹਵਾਲਾ ਦਿੱਤਾ ਜਾ ਰਿਹਾ ਹੈ ‘‘ਮਨਿ ਜੀਤੈ ਜਗੁ ਜੀਤੁ (ਜਪੁ/ਮਹਲਾ ), ਨਾਨਕ  ! ਗੁਰ ਬਿਨੁ, ਮਨ ਕਾ ਤਾਕੁ (ਬੂਹਾ/ਭੇਦ) ਉਘੜੈ; ਅਵਰ ਕੁੰਜੀ ਹਥਿ () (ਮਹਲਾ /੧੨੩੭), ਜਿਨ ਗੁਰ ਪਰਸਾਦੀ ਮਨੁ ਜੀਤਿਆ; ਜਗੁ, ਤਿਨਹਿ ਜਿਤਾਨਾ (ਉਸ ਨੇ ਹੀ ਜਗਤਬਾਜ਼ੀ ਜਿੱਤੀ) (ਮਹਲਾ /੧੦੮੯), ਮਨੁ ਜਿਣੈ (ਜਿੱਤ ਕੇ) ਗੁਰਮੁਖਿ ਜੀਤਿਆ (ਮਹਲਾ /੫੭੫), ਆਤਮ ਜਿਣੈ (ਮਨ ਜਿੱਤਿਆ) ਸਗਲ ਵਸਿ () ਤਾ ਕੈ (ਉਸ ਦੇ); ਜਾ ਕਾ ਸਤਿਗੁਰੁ ਪੂਰਾ (ਮਹਲਾ /੬੭੯), ਜਤਨ ਬਹੁਤੁ ਮੈ ਕਰਿ ਰਹਿਓ; ਮਿਟਿਓ ਮਨ ਕੋ ਮਾਨੁ (ਮਹਲਾ /੧੪੨੮), ਮਮਾ; ਮਨ ਸਿਉ ਕਾਜੁ ਹੈ; ਮਨ ਸਾਧੇ, ਸਿਧਿ (ਸਫਲਤਾ) ਹੋਇ (ਭਗਤ ਕਬੀਰ/੩੪੨), ਮਨੁ ਦੇ (ਦੇ ਕੇ), ਰਾਮੁ ਲੀਆ ਹੈ ਮੋਲਿ ’’ (ਭਗਤ ਕਬੀਰ/੩੨੭)

ਸਿਰਲੇਖ ਵਿਸ਼ੇ ਦੇ ਪਹਿਲੇ ਭਾਗ ’ਚ ਕੀਤੀ ਗਈ ਵਿਚਾਰ ਦਾ ਸੰਖੇਪ ਭਾਵ ਸੀ ਕਿ

(1). ਮਨੋਵਿਗਿਆਨ ਮੁਤਾਬਕ ‘ਸੁਚੇਤ ਮਨ’ ਰਾਹੀਂ ਬਚਪਨ ਤੋਂ ਪਨਪੀਆਂ ਇਛਾਵਾਂ ਹੀ ‘ਅਚੇਤ ਮਨ’ ਹੈ। ਇਹ ਇਛਾਵਾਂ; ‘ਅਚੇਤ ਮਨ’ ’ਚੋਂ ਸੁਪਨਿਆਂ ਰਾਹੀਂ ਪ੍ਰਗਟ ਹੁੰਦੀਆਂ ਹਨ, ਪਰ ਗੁਰਬਾਣੀ ਸਿਧਾਂਤ; ਇਸ ਦੇ ਬਿਲਕੁਲ ਉਲ਼ਟ ਹੈ। ਮਨੋਵਿਗਿਆਨ ਦਾ ‘ਅਚੇਤ ਮਨ’; ਗੁਰਬਾਣੀ ਵਿੱਚ ਅੰਤਹਿਕਰਣ ਦੀ ਮੈਲ਼ ਹੈ, ਜੋ ਕਈ ਜਨਮਾਂ ’ਚ ਕੀਤੇ ਕੰਮਾਂ ਦੇ ਫਲ਼ ਵਜੋਂ ਇਕੱਠੀ ਹੋਈ ਹੈ। ਇਸ ਮੈਲ਼ (ਅਚੇਤ ਮਨ) ਦੀ ਪਰਛਾਈ; ‘ਸੁਚੇਤ ਮਨ’ ਹੈ, ਨਾ ਕਿ ‘ਸੁਚੇਤ ਮਨ’ ਰਾਹੀਂ ‘ਅਚੇਤ ਮਨ’ ਬਣਿਆ ਹੈ।

(2). ਮਨ; ਸੁਰਤਿ ਅਧੀਨ ਰਹਿ ਕੇ ਕਾਬੂ ਹੁੰਦਾ ਹੈ ‘‘ਸੁਰਤੀ ਕੈ ਮਾਰਗਿ ਚਲਿ ਕੈ; ਉਲਟੀ ਨਦਰਿ ਪ੍ਰਗਾਸੀ ’’ (ਮਹਲਾ /੧੩੨੯), ਵੈਸੇ ਮਨ ਦੇ ਮੁਤਾਬਕ ਹੀ ਬੰਦੇ ਦੀ ਸੁਰਤਿ ਅਕਸਰ ਚੱਲਦੀ ਹੈ। ਇਸ ਸੰਬੰਧ ’ਚ ਗੁਰਬਾਣੀ ਵਾਕ ਹੈ ‘‘ਕਹੁ ਕਬੀਰ  ! ਪਰਗਟੁ ਭਈ ਖੇਡ ਲੇਲੇ (ਮਨ) ਕਉ ਚੂਘੈ ਨਿਤ ਭੇਡ (ਸੁਰਤਿ)’’ (ਭਗਤ ਕਬੀਰ/੩੨੬)

(3). ਰੱਬ ਦੀ ਕਿਰਪਾ ਨਾਲ਼ ‘ਮਨ’ ਕਾਬੂ ਹੁੰਦਾ ਹੈ ‘‘ਮਨੁ ਬਸਿ () ਆਵੈ ਨਾਨਕਾ ! ਜੇ ਪੂਰਨ ਕਿਰਪਾ ਹੋਇ ’’ (ਮਹਲਾ /੨੯੮)

ਉਕਤ ਨੰਬਰ 2 ਅਤੇ ਨੰਬਰ 3 ਨੂੰ ਪੜ੍ਹ ਕੇ ਆਮ ਬੰਦੇ ਦੇ ਮਨ ’ਚ ਸਵਾਲ ਪੈਦਾ ਹੁੰਦਾ ਹੈ ਕਿ ਮਨ; ਸੁਰਤਿ ਦੇ ਪਿੱਛੇ ਚੱਲ ਕੇ ਕਾਬੂ ਹੋਣਾ ਹੈ ਜਾਂ ਰੱਬ ਦੀ ਕਿਰਪਾ ਨਾਲ਼ ਕਾਬੂ ਹੋਣਾ ਹੈ ? ਇਸ ਗਹਿਰੇ ਰਾਜ਼ ਨੂੰ ਵਿਚਾਰਨ ਲਈ ਹੀ ਹਥਲਾ ‘ਭਾਗ ਦੂਜਾ’ ਲੇਖ ਲਿਖਣਾ ਜ਼ਰੂਰੀ ਸਮਝਿਆ ਗਿਆ ਹੈ। ਸੋ ਸਭ ਤੋਂ ਪਹਿਲਾਂ ‘ਮਨ’ ਦਾ ਸੰਸਾਰਿਕ ਜੀਵਨ ’ਤੇ ਪੈਂਦਾ ਪ੍ਰਭਾਵ ਜਾਣਨਾ ਜ਼ਰੂਰੀ ਹੈ।

ਗੁਰੂ ਨਾਨਕ ਸਾਹਿਬ ਜੀ ਦੁਆਰਾ ਰਚੀ ‘ਮਾਝ ਕੀ ਵਾਰ’ ’ਚ 27 ਪਉੜੀਆਂ ਹਨ। ਪਹਿਲੀ ਹੀ ਪਉੜੀ ਨਾਲ਼ ਤਿੰਨ ਸਲੋਕ ਹਨ। ਦੂਜੇ ਅਤੇ ਤੀਜੇ ਸਲੋਕ ’ਚ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਪੂਰੀ ਜ਼ਿੰਦਗੀ ’ਚ ‘ਮਨ’ ਦੀ ਯਾਤਰਾ ਬਾਰੇ ਚਾਨਣਾ ਪਾਇਆ ਹੈ। ਪਿਛਲੇ ਭਾਗ ’ਚ ‘ਮਨ’ ਦੇ ਦਰਜਨ ਭਰ ਅਰਥ; ਗੁਰਬਾਣੀ ਵਿੱਚੋਂ ਵਿਚਾਰੇ ਗਏ ਸਨ, ਪਰ ਇੱਥੇ ਇੱਕ ਜ਼ਿੰਦਗੀ ’ਚ ‘ਮਨ’ ਦੀ ਯਾਤਰਾ ਤੋਂ ਭਾਵ ‘ਮਨ’ ਦਾ ਕੇਵਲ ਸੰਕਲਪ-ਵਿਕਲਪ ਰੂਪ ਵਿਚਾਰਨਾ ਹੈ, ਜੋ ਪੰਜ ਤੱਤਾਂ ਦੇ ਸਰੀਰ ਨਾਲ਼ ਉਪਜਦਾ ਹੈ; ਜਿਵੇਂ ਕਿ ਵਾਕ ਹੈ ‘‘ਇਹੁ ਮਨੁ ਪੰਚ ਤਤੁ ਤੇ ਜਨਮਾ ’’ (ਮਹਲਾ /੪੧੫) ਅਤੇ ਸਰੀਰਕ ਮੌਤ ਦੇ ਨਾਲ਼-ਨਾਲ਼ ‘ਮਨ’ ਦਾ ਇਹ ਭਾਗ ਵੀ ਮਰ ਜਾਂਦਾ ਹੈ, ਅਲੋਪ ਹੋ ਜਾਂਦਾ ਹੈ।

ਗੁਰੂ ਨਾਨਕ ਸਾਹਿਬ ਜੀ ਦੇ ਇਸ ਦੂਜੇ ਸਲੋਕ ’ਚ ਮਨ ਦੇ 10 ਪੜਾਅ ਇਹ ਹਨ- ਪਹਿਲੇ ਪੜਾਅ ’ਚ ਮਨ; ਮਾਤਾ ਦਾ ਦੁੱਧ ਪੀਣ ’ਚ ਮਗਨ ਰਹਿੰਦਾ ਹੈ ‘‘ਪਹਿਲੈ; ਪਿਆਰਿ ਲਗਾ ਥਣ ਦੁਧਿ ()’’ ਦੂਜੇ ਪੜਾਅ ’ਚ ਮਾਤਾ-ਪਿਤਾ ਨੂੰ ਪਹਿਚਾਨਦਾ ਹੈ ‘‘ਦੂਜੈ; ਮਾਇ ਬਾਪ ਕੀ ਸੁਧਿ ’’ ਤੀਜੇ ਪੜਾਅ ’ਚ ਮਨ ਨੂੰ ਭੈਣ, ਭਰਾ, ਭਾਬੀ ਆਦਿ ਦਾ ਫ਼ਰਕ ਨਜ਼ਰ ਆਉਂਦਾ ਹੈ ‘‘ਤੀਜੈ; ਭਯਾ, ਭਾਭੀ, ਬੇਬ ’’ ਚੌਥੇ ਪੜਾਅ ’ਚ ਗੁਆਂਢ ਦੇ ਬੱਚਿਆਂ ਨਾਲ਼ ਰੁਚੀ ਪੈਦਾ ਕਰ ਖੇਡਦਾ ਹੈ ‘‘ਚਉਥੈ; ਪਿਆਰਿ ਉਪੰਨੀ ਖੇਡ’’ ਪੰਜਵੇਂ ਪੜਾਅ ’ਚ ਮਨ ਅੰਦਰ ਖਾਣ-ਪੀਣ ਦੀ ਤੜਫ ਵਧੇਰੇ ਉੱਠਦੀ ਹੈ ‘‘ਪੰਜਵੈ; ਖਾਣ ਪੀਅਣ ਕੀ ਧਾਤੁ (ਦੌੜਭੱਜ)’’ ਛੇਵੇਂ ਪੜਾਅ ’ਚ ਮਨ; ਕਾਮ-ਵਾਸ਼ਨਾ ’ਚ ਅੰਨ੍ਹਾ ਹੋਇਆ; ਅਛੂਤ ਜਾਤ ਦੀ ਭਿੱਟ (ਜਿਸ ਨੂੰ ਸਾਰੀ ਉਮਰ ਬੜਾ ਮਹੱਤਵ ਦਿੰਦਾ ਹੈ) ਨੂੰ ਵੀ ਬੁਰਾ ਨਹੀਂ ਮੰਨਦਾ ‘‘ਛਿਵੈ; ਕਾਮੁ ਪੁਛੈ ਜਾਤਿ ’’ ਸਤਵੇਂ ਪੜਾਅ ’ਚ ਮਨ; ਧਨ-ਪਦਾਰਥ ਜੋੜਨ ’ਚ ਉਤਾਵਲ਼ਾ ਹੁੰਦਾ ਹੈ ‘‘ਸਤਵੈ; ਸੰਜਿ ਕੀਆ ਘਰ ਵਾਸੁ ’’ ਅੱਠਵੇਂ ਪੜਾਅ ’ਚ; ਇਸ ਧਨ-ਪਦਾਰਥ ਨੂੰ ਪੁੱਤਰ-ਨੂੰਹ, ਧੀ ਆਦਿ ਖੋਹ ਨਾ ਲੈਣ, ਬਚਾਉਣ ਲਈ ਝਗੜਦਾ ਹੈ ‘‘ਅਠਵੈ; ਕ੍ਰੋਧੁ ਹੋਆ ਤਨ ਨਾਸੁ ’’ ਨਾਵੇਂ ਪੜਾਅ ’ਚ ਮਨ; ਹਾਰ ਮੰਨ ਲੈਂਦਾ ਹੈ, ਸਾਹ ਚੜ੍ਹਨ ਲੱਗਦਾ ਹੈ, ਧੌਲੇ ਆ ਜਾਂਦੇ ਹਨ ‘‘ਨਾਵੈ; ਧਉਲੇ ਉਭੇ ਸਾਹ ’’ ਅੰਤਮ ਦਸਵੇਂ ਪੜਾਅ ’ਚ ਮਨ; ਨਾਸ਼ ਹੋ ਜਾਂਦਾ ਹੈ ਯਾਨੀ ਪੰਜ ਗਿਆਨ ਇੰਦ੍ਰੇ (ਅੱਖ, ਨੱਕ, ਕੰਨ, ਜੀਭ, ਤ੍ਵਚਾ) ਅਤੇ ਪੰਜ ਕਰਮ ਇੰਦ੍ਰੇ (ਹੱਥ, ਪੈਰ, ਮੂੰਹ, ਗੁਦਾ, ਲਿੰਗ) ਜਵਾਬ ਦੇ ਜਾਂਦੇ ਹਨ ‘‘ਦਸਵੈ; ਦਧਾ ਹੋਆ ਸੁਆਹ ’’ (ਮਹਲਾ /੧੩੮), ਮਨ ਦੀ ਇਹ ਯਾਤਰਾ ਅਜੋਕੇ ਸਾਇੰਸ ਯੁੱਗ ’ਚ ਮਨੁੱਖ ਅੰਦਰ ਹੋਰ ਵੀ ਪ੍ਰਬਲ ਹੋਈ ਹੈ; ਜਿਵੇਂ ਕਿ 12 ਤੋਂ 35 ਸਾਲ ਦੀ ਉਮਰ ’ਚ ਕਾਮ-ਵਾਸ਼ਨਾ ਅਤੇ ਜੀਭ ਰਸ; ਬੰਦੇ ਦੀ ਸੁਰਤਿ ਨੂੰ ਸਾਂਤ ਨਹੀਂ ਰਹਿਣ ਦਿੰਦੇ ਅਤੇ 35 ਤੋਂ 55 ਸਾਲ ’ਚ ਧਨ ਇਕੱਠਾ ਕਰਨ ’ਚ ਵਧੇਰੇ ਲੱਗਾ ਰਹਿੰਦਾ ਹੈ ਕਿਉਂਕਿ ਬੱਚਿਆਂ ਅਤੇ ਬਜ਼ੁਰਗਾਂ ਦੀ ਦੂਹਰੀ ਜ਼ਿੰਮੇਵਾਰੀ ਆ ਪੈਂਦੀ ਹੈ। ਇਸ ਸਮੇਂ ਪਤੀ-ਪਤਨੀ ਦੇ ਸੰਬੰਧ ਵੀ ਟੁੱਟਦੇ ਹਨ ਕਿਉਂਕਿ ਦੂਜੀ ਸ਼ਾਦੀ ਕਰਨ/ਕਰਾਉਣ ਦੀ ਸੰਭਾਵਨਾ ਬਚੀ ਹੁੰਦੀ ਹੈ। ਮਿਸਾਲ ਵਜੋਂ ਇਉਂ ਵੀ ਕਹਿ ਸਕਦੇ ਹਾਂ ਕਿ ਛੋਟੀ ਉਮਰ ’ਚ ਲੜਕਾ/ਲੜਕੀ ਦੁਆਰਾ ਆਪਸੀ ਰਿਸ਼ਤੇ ਬਣਾਨ ਸਮੇਂ ਇੱਕ ਦੂਜੇ ਦੀ ਪਿਛੋਕੜ ਦਸ਼ਾ; ਜਿਵੇਂ ਕਿ ਆਰਥਿਕ ਹਾਲਾਤ, ਜਾਤ-ਪਾਤ ਜਾਂ ਪਰਵਾਰਿਕ ਰਿਸ਼ਤਿਆਂ/ਸੰਸਕਾਰਾਂ ਆਦਿ ਨੂੰ ਅਣਡਿੱਠ ਕੀਤਾ ਹੁੰਦਾ ਹੈ, ਪਰ ਵਡੇਰੀ ਉਮਰ ’ਚ ਜੀਵਨ ਸਾਥੀ ਚੁਣਨ ਸਮੇਂ ਇਹੀ ਗੱਲਾਂ ਖ਼ਾਸ ਮਾਅਨਾ ਰੱਖਦੀਆਂ ਹਨ ਕਿਉਂਕਿ ਛੋਟੀ ਉਮਰ ’ਚ ਕਾਮ ਵਾਸ਼ਨਾ; ਜੀਵਨ ਉੱਤੇ ਪ੍ਰਭਾਵ ਵਧੇਰਾ ਪਾਉਂਦੀ ਹੈ ਤੇ ਵੱਡੀ ਉਮਰ ’ਚ ਦੌਲਤ। ਤਦ ਸਰੀਰਕ ਸੁੰਦਰਤਾ ਵੀ ਬਹੁਤਾ ਮਾਅਨਾ ਨਹੀਂ ਰੱਖਦੀ।  55 ਸਾਲ ਤੋਂ ਬਾਅਦ ਤਲਾਕ ਦਰ ਨਾ-ਮਾਤਰ ਰਹਿ ਜਾਂਦੀ ਹੈ। ਮਾਤਾ-ਪਿਤਾ ਆਪਣੀ ਕਮਾਈ ਨੂੰ ਬੁਢੇਪੇ ਲਈ ਬਚਾਉਣ ਵਾਸਤੇ ਬੱਚਿਆਂ (ਪੁੱਤਰ, ਨੂੰਹਾਂ ਆਦਿ) ਨਾਲ਼ ਝਗੜਦੇ ਹਨ।

ਆਪਣੇ ਤੀਜੇ ਸਲੋਕ ’ਚ ਗੁਰੂ ਨਾਨਕ ਸਾਹਿਬ ਜੀ; ਪੜਾਅ ਦਰ ਪੜਾਅ ਦੀ ਥਾਂ ਉਮਰ ਗਣਿਤ ਮੁਤਾਬਕ ‘ਮਨ’ ਦੀ ਯਾਤਰਾ ਬਿਆਨ ਕਰਦੇ ਹਨ; ਜਿਵੇਂ ਕਿ ‘‘ਦਸ ਬਾਲਤਣਿ, ਬੀਸ ਰਵਣਿ; ਤੀਸਾ ਕਾ ਸੁੰਦਰੁ ਕਹਾਵੈ ਚਾਲੀਸੀ ਪੁਰੁ ਹੋਇ; ਪਚਾਸੀ ਪਗੁ ਖਿਸੈ; ਸਠੀ ਕੇ ਬੋਢੇਪਾ ਆਵੈ ਸਤਰਿ ਕਾ ਮਤਿਹੀਣੁ; ਅਸੀਹਾਂ ਕਾ ਵਿਉਹਾਰੁ ਪਾਵੈ ਨਵੈ ਕਾ ਸਿਹਜਾਸਣੀ; ਮੂਲਿ ਜਾਣੈ ਅਪ ਬਲੁ ’’ (ਮਹਲਾ /੧੩੮) ਅਰਥ : (ਮਨ ਦੇ ਪਿੱਛੇ ਚੱਲਣ ਵਾਲ਼ਾ ਮਨੁੱਖ) 10 ਸਾਲ ਦੀ ਉਮਰ ਤੱਕ ਬਚਪਨ ’ਚ ਹੁੰਦਾ ਹੈ (ਦਸ ਬਾਲਤਣਿ), 20 ਸਾਲ ਤੋਂ ਕਾਮ-ਵਾਸ਼ਨਾ ’ਚ ਗ੍ਰਸਤ (ਬੀਸ ਰਵਣਿ), 30 ਸਾਲ ਤੱਕ ਆਪਣੇ ਆਪ ਨੂੰ ਬੜਾ ਸੁੰਦਰ ਸਮਝਦਾ ਹੈ (ਤੀਸਾ ਕਾ ਸੁੰਦਰੁ ਕਹਾਵੈ), 40 ਸਾਲ ’ਚ ਬੜਾ ਤਾਕਤਵਰ (ਚਾਲੀਸੀ ਪੁਰੁ ਹੋਇ), 50 ਸਾਲ ’ਚ ਕਮਜ਼ੋਰ ਯਾਨੀ ਪੈਰ ਥਿੜਕਣ ਲੱਗਦਾ ਹੈ (ਪਚਾਸੀ ਪਗੁ ਖਿਸੈ) ਅਤੇ 60 ਸਾਲ ’ਚ ਬੁਢੇਪਾ ਆ ਜਾਂਦਾ ਹੈ (ਸਠੀ ਕੇ ਬੋਢੇਪਾ ਆਵੈ), 70 ਸਾਲ ’ਚ ਅਕਲਹੀਣ (ਸਤਰਿ ਕਾ ਮਤਿਹੀਣੁ), 80 ਸਾਲ ’ਚ ਲੈਣ-ਦੇਣ ਕਰਨ ’ਚ ਅਸਮਰੱਥ ਹੈ (ਅਸੀਹਾਂ ਕਾ ਵਿਉਹਾਰੁ ਨ ਪਾਵੈ), 90 ਸਾਲ ’ਚ ਮੰਜੇ ’ਤੇ ਆਸਣ ਲਗਾ ਬੈਠ ਜਾਂਦਾ ਹੈ (ਨਵੈ ਕਾ ਸਿਹਜਾਸਣੀ) ਅਤੇ (100 ਸਾਲ ’ਚ) ਖ਼ੁਦ ਨੂੰ ਵੀ ਸੰਭਾਲਣਯੋਗ ਨਹੀਂ ਰਹਿੰਦਾ (ਮੂਲਿ ਨ ਜਾਣੈ ਅਪ ਬਲੁ)

ਗੁਰੂ ਨਾਨਕ ਸਾਹਿਬ ਜੀ ਦੇ ਉਕਤ ਦੋਵੇਂ ਸਲੋਕਾਂ ਦੇ ਅੰਤਮ ਦਸਵੇਂ ਪੜਾਅ ’ਚ ਮਨ ਦਾ ਨਾਸ਼ ਹੋਣਾ ਜਾਂ ਖ਼ੁਦ ਨੂੰ ਸੰਭਾਲਣਯੋਗ ਨਾ ਰਹਿਣਾ; ਦਾ ਭਾਵ ਮਨ ਕਾਬੂ ਹੋਣਾ ਜਾਂ ਮਨ ਮਰ ਜਾਣਾ, ਨਹੀਂ ਹੈ। ਇਹ ਤਾਂ ਦੁਨਿਆਵੀ ਝਮੇਲਿਆਂ ’ਚ ਮਨ; ਸਰੀਰਕ ਪੱਖੋਂ ਹਾਰਿਆ ਹੈ। ਮਨ ਦਾ ਹਾਰਨਾ; ਵਾਸ਼ਨਾਵਾਂ ਦਾ ਖ਼ਾਤਮਾ ਨਹੀਂ। ਇਹੀ ਵਾਸ਼ਨਾਵਾਂ ਮੁੜ-ਮੁੜ ਜਨਮ-ਮਰਨ ਕਰਾਉਂਦੀਆਂ ਹਨ। ਇਉਂ ਵੀ ਕਹਿ ਸਕਦੇ ਹਾਂ ਕਿ ਪੰਜ ਤੱਤਾਂ (ਅੱਗ, ਪਾਣੀ, ਹਵਾ, ਧਰਤੀ, ਅਕਾਸ਼) ਰੂਪੀ ਸਰੀਰ ਦੇ ਨਾਲ਼ ਉਪਜਿਆ ਸੰਕਲਪ-ਵਿਕਲਪ ਰੂਪ ਮਨ, ਜੋ ਮਨੋਵਿਗਿਆਨ ਦੇ ਸ਼ਬਦਾਂ ’ਚ 10% ਹੈ; ਸਰੀਰਕ ਮੌਤ ਦੇ ਨਾਲ਼-ਨਾਲ਼ ਅਲੋਪ ਹੋ ਗਿਆ, ਮਰ ਗਿਆ, ਪਰ ਅੰਤਹਿਕਰਣ ਮਨ (ਜੋ ਮਨੋਵਿਗਿਆਨ ਦੇ ਸ਼ਬਦਾਂ ’ਚ 90% ‘ਅਚੇਤ ਮਨ’ ਹੈ); ਅਜੇ ਭੀ ਕਾਲ਼ਖ਼ ਭਰਪੂਰ ਹੈ। ਇਸ ਨੇ ਅਗਲਾ ਜਨਮ ਕਰਾਉਣਾ ਹੈ। ਭਾਈ ਗੁਰਦਾਸ ਜੀ ਨੇ ਵੀ ਐਸੇ ਹੀ ਵਿਚਾਰ ਰੱਖੇ ਹਨ ‘‘ਜੁਗਿ ਜੁਗਿ ਮੇਰੁ ਸਰੀਰ ਕਾ; ਬਾਸਨਾ ਬਧਾ ਆਵੈ ਜਾਵੈ ਫਿਰਿ ਫਿਰਿ, ਫੇਰਿ ਵਟਾਈਐ; ਗਿਆਨੀ ਹੋਇ ਮਰਮੁ (ਭੇਤ) ਕਉ ਪਾਵੈ.. ਫਿਰਿ ਕਲਿਜੁਗ ਅੰਦਰਿ ਦੇਹਿ ਧਰਿ (ਸਰੀਰ ਧਾਰ); ਕਰਮਾਂ ਅੰਦਰਿ ਫੇਰ (ਮੁੜ) ਫਸਾਵੈ ਅਉਸਰੁ ਚੁਕਾ, ਹਥ ਆਵੈ ੧੫’’ (ਭਾਈ ਗੁਰਦਾਸ ਜੀ/ਵਾਰ ਪਉੜੀ ੧੫) ਅਰਥ : ਹਰ ਯੁੱਗ ’ਚ ਯਾਨੀ ਕੁਦਰਤਿ ਵਿੱਚ ਆਦਿ ਤੋਂ ਸਰੀਰ ਦਾ ਅੰਤਹਿਕਰਣ-ਮਨ (ਮੇਰੁ); ਵਾਸ਼ਨਾ ਅਧੀਨ ਹੈ, ਇਸ ਲਈ ਜੰਮਦਾ ਮਰਦਾ ਹੈ। ਮੁੜ-ਮੁੜ ਜਨਮ ਲੈਂਦਾ ਹੈ, ਪਰ ਇਹ ਗੁਪਤ ਰਾਜ਼ ਕੋਈ ਗੁਰੂ ਪਿਆਰਾ ਹੀ ਜਾਣਦਾ ਹੈ। ਇਹ ਕਾਲ-ਚੱਕ੍ਰ ਕਲਿਯੁਗ ’ਚ (ਯਾਨੀ ਅੱਜ ਵੀ) ਸਰੀਰ ਧਾਰਨ ਕਰਾ ਕੇ (ਮਲ਼ੀਨ ‘ਅਚੇਤ ਮਨ’ ਕਾਰਨ) ਭੈੜੇ ਕਰਮਾਂ ’ਚ ਮੁੜ ਫਸਾ ਦਿੰਦਾ ਹੈ (ਯਾਨੀ ਮਲ਼ੀਨ ਅੰਤਹਿਕਰਣ ਲੈ ਕੇ ਪਿਛਲੇ ਜਨਮ ’ਚ ਮਰਿਆ ਸੀ ਤੇ ਹੁਣ ਓਹੀ ‘ਕੂੜ ਦੀ ਪਾਲਿ’ ਬਣ ਕੇ ਮੁੜ ਮਨੁੱਖ ਜੂਨੀ ’ਚ ਪੈਦਾ ਹੋ ਗਿਆ। ਜਿਸ ਨੇ ਸੁਰਤਿ; ਗੰਧਲ਼ੀ ਤੇ ਕਮਜ਼ੋਰ ਬਣਾਈ ਰੱਖੀ ਤਾਹੀਓਂ ਸੁਰਤਿ ਹੁਣ ਮਨ ਦੇ ਅਧੀਨ ਹੈ, ਨਾ ਕਿ ਸੁਰਤਿ ਦੇ ਅਧੀਨ ਮਨ)

ਅੰਤਹਿਕਰਣ ’ਤੇ ਚੜ੍ਹੀ ਇਹ ਜਨਮ ਜਨਮ ਦੀ ਮੈਲ਼ ‘‘ਜਨਮ ਜਨਮ ਕੀ ਇਸੁ ਮਨ (ਅੰਤਹਿਕਰਣ) ਕਉ ਮਲੁ ਲਾਗੀ.. ’’ (ਮਹਲਾ /੬੫੧) ਹੀ ‘ਕੂੜ ਦੀ ਪਾਲਿ, ਝੂਠ ਦੀ ਦੀਵਾਰ, ਹਉਮੈ’ ਆਦਿ ਹੈ, ਜੋ ਸੂਖਮ ਸਰੀਰ ਨੂੰ ਆਵਾਗਮਣ ’ਚ ਲੈ ਜਾਣ ਦਾ ਜ਼ਰੀਆ ਬਣਦੀ ਹੈ। ਜੋਗੀਆਂ ਦੁਆਰਾ ਪੁੱਛਿਆ ਗਿਆ ਇਹ ਸਵਾਲ ਕਿ ਜਗਤ ਉਤਪਤੀ ਵਾਰ-ਵਾਰ ਕਿਉਂ ਹੁੰਦੀ ਹੈ ‘‘ਕਿਤੁ ਕਿਤੁ ਬਿਧਿ ਜਗੁ ਉਪਜੈ ? ਪੁਰਖਾ !.. ’’ ਦਾ ਜਵਾਬ ਗੁਰੂ ਨਾਨਕ ਸਾਹਿਬ ਜੀ ਨੇ ਇਹ ਦਿੱਤਾ ‘‘ਹਉਮੈ ਵਿਚਿ ਜਗੁ ਉਪਜੈ, ਪੁਰਖਾ !… ’’ (ਗੋਸਟਿ/ਮਹਲਾ /੯੪੬) ਗੁਰੂ ਨਾਨਕ ਸਾਹਿਬ; ਇਸ ਧੁੰਦਲ਼ੀ ਅਤੇ ਅਸਪਸ਼ਟ ਮਤਿ ਨੂੰ ਰੌਸ਼ਨ ਅਤੇ ਵਿਕਸਿਤ ਕਰਨ ਲਈ ਹੀ ਮਨੁੱਖਾ ਜਨਮ ਲੈਂਦੇ ਹਨ ‘‘ਸਤਿਗੁਰ ਨਾਨਕ ਪ੍ਰਗਟਿਆ; ਮਿਟੀ ਧੁੰਧੁ, ਜਗਿ () ਚਾਨਣੁ ਹੋਆ’’ (ਭਾਈ ਗੁਰਦਾਸ ਜੀ/ਵਾਰ ਪਉੜੀ ੨੭)

ਇਹ ਧੁੰਦ; ਸਤਿਗੁਰੂ ਦੀ ਸਿੱਖਿਆ ਮੰਨਣ ਨਾਲ਼, ਅਮਲ ’ਚ ਲਿਆਉਣ ਨਾਲ਼ ਮਿਟਦੀ ਹੈ। ‘ਜਪੁ’ ਬਾਣੀ ਦੀ 13ਵੀਂ ਅਤੇ 36ਵੀਂ ਪਉੜੀ ’ਚ ਇਸ ਸੰਕਲਪ-ਵਿਕਲਪ ਰੂਪ ਮਨ ਨੂੰ ਬੁਧਿ ਦੇ ਨਾਲ਼ ਸਾਂਝਾ ਇਉਂ ਰੱਖਿਆ ਹੈ ‘‘ਮੰਨੈ; ਸੁਰਤਿ ਹੋਵੈ, ਮਨਿ+ਬੁਧਿ ..੧੩, ਤਿਥੈ ਘੜੀਐ; ਸੁਰਤਿ, ਮਤਿ, ਮਨਿ+ਬੁਧਿ ..੩੬’’ (ਜਪੁ), ‘ਮਨਿ ਬੁਧਿ’ ਤੋਂ ਭਾਵ ‘ਮਨ ’ਚ ਬੁਧਿ’ ਆਉਣਾ, ਮਨ ਦਾ ਵਿਕਲਪ (ਦੁਬਿਧਾ/ਅੰਨ੍ਹਾਪਣ) ਮਰਨਾ ਅਤੇ ‘ਬੁਧਿ’ ਵਾਲ਼ਾ ਨਿਸ਼ਚਾ ਤੇ ਚਾਨਣ; ਮਨ ’ਚ ਆ ਜਾਣਾ, ਜੋ ਗੁਰੂ ਸਿੱਖਿਆ ਨੂੰ ਗ੍ਰਹਿਣ ਕਰਨ ਨਾਲ਼ ਹੀ ਮਿਲਣਾ ਹੈ।

ਹੇਠਾਂ ਦੋ ਭਾਗਾਂ ਵਿੱਚ; ‘ਸੁਰਤਿ ਦੇ ਅਧੀਨ ਰਹਿ ਕੇ ਮਨ ਕਾਬੂ ਹੁੰਦੈ’ ਜਾਂ ‘ਰੱਬ ਦੀ ਕਿਰਪਾ ਨਾਲ਼ ਕਾਬੂ ਹੁੰਦੈ’, ਬਾਰੇ ਵਿਚਾਰ ਕੀਤੀ ਗਈ ਹੈ :

ਭਾਗ ਪਹਿਲਾ : ਵਿਕਾਰ ਬਿਰਤੀ ਤੋਂ ਉੱਚਾ ਉੱਠਣ ਲਈ ਪਹਿਲਾਂ ਆਪਣੇ ਆਪ ਨੂੰ ਰੋਗੀ ਮੰਨਣਾ, ਮੁੱਢਲੀ ਸ਼ਰਤ ਹੈ; ਜਿਵੇਂ ਇੱਕ ਨਸੇੜੀ ਤਦ ਤੱਕ ਨਸ਼ਾ ਨਹੀਂ ਛੱਡ ਸਕਦਾ ਜਦ ਤੱਕ ਉਹ, ਖ਼ੁਦ ਨੂੰ ਰੋਗੀ ਨਾ ਸਮਝੇ। ਉਸੇ ਤਰ੍ਹਾਂ ਹਉਮੈ ਗ੍ਰਸਤ ਮਨੁੱਖ, ਜੋ ਖ਼ੁਦ ਨੂੰ ਬੜਾ ਸਿਆਣਾ ਸਮਝਦਾ ਹੈ ‘‘ਨਾਨਕ ! ਆਖਣਿ (ਮੂੰਹ ਨਾਲ਼) ਸਭੁ ਕੋ ਆਖੈ; ਇਕ ਦੂ ਇਕੁ ਸਿਆਣਾ ’’, ਆਪਣੇ ਆਪ ਨੂੰ ਰੋਗੀ ਮੰਨੇ ਤੇ ਇਸ ਰੋਗ ਗ੍ਰਸਤ ਹੋਣ ਦੀ ਜ਼ਿੰਮੇਵਾਰੀ ਵੀ ਆਪਣੇ ਉੱਤੇ ਲਵੇ; ਜਿਵੇਂ ਕਿ ਗੁਰੂ ਨਾਨਕ ਸਾਹਿਬ ਜੀ ਤੋਂ ਇਲਾਵਾ ਸਾਰੇ ਹੀ ਬਾਣੀਕਾਰ ਆਪਣੀ ਦਿਲੀ ਵੇਦਨਾ ਇਉਂ ਪ੍ਰਗਟ ਕਰ ਰਹੇ ਹਨ ‘‘ਹਮ ਰੁਲਤੇ ਫਿਰਤੇ ਕੋਈ ਬਾਤ ਪੂਛਤਾ; ਗੁਰ ਸਤਿਗੁਰ ਸੰਗਿ, ਕੀਰੇ ਹਮ ਥਾਪੇ (ਮਹਲਾ /੧੬੭), ਜਪੁ ਤਪੁ ਸੰਜਮੁ ਧਰਮੁ ਕਮਾਇਆ ਸੇਵਾ ਸਾਧ ਜਾਨਿਆ ਹਰਿ ਰਾਇਆ ਕਹੁ ਨਾਨਕ  ! ਹਮ ਨੀਚ ਕਰੰਮਾ ਸਰਣਿ ਪਰੇ ਕੀ ਰਾਖਹੁ ਸਰਮਾ (ਸੋ ਪੁਰਖੁ/ਮਹਲਾ /੧੨), ਕਹਿ ਰਵਿਦਾਸ ਭਗਤਿ ਇਕ ਬਾਢੀ (ਦਿੜ੍ਹ ਕੀਤੀ); ਅਬ ਇਹ ਕਾ ਸਿਉ (ਕਿਸ ਨੂੰ) ਕਹੀਐ  ? ਜਾ ਕਾਰਨਿ ਹਮ ਤੁਮ ਆਰਾਧੇ; ਸੋ ਦੁਖੁ ਅਜਹੂ ਸਹੀਐ (ਭਗਤ ਰਵਿਦਾਸ/੬੫੮), ਬਹੁਤ ਜਨਮ ਬਿਛੁਰੇ ਥੇ ਮਾਧਉ ! ਇਹੁ ਜਨਮੁ ਤੁਮ੍ਹਾਰੇ ਲੇਖੇ ਕਹਿ ਰਵਿਦਾਸ ਆਸ ਲਗਿ ਜੀਵਉ; ਚਿਰ ਭਇਓ ਦਰਸਨੁ ਦੇਖੇ (ਭਗਤ ਰਵਿਦਾਸ/੬੯੪), ਫਰੀਦਾ  ! ਕਾਲੇ ਮੈਡੇ ਕਪੜੇ; ਕਾਲਾ ਮੈਡਾ ਵੇਸੁ ਗੁਨਹੀ ਭਰਿਆ ਮੈ ਫਿਰਾ; ਲੋਕੁ ਕਹੈ ਦਰਵੇਸੁ ’’ (ਬਾਬਾ ਫਰੀਦ ਜੀ/੧੩੮੧) ਆਦਿ।

ਮਨੋਵਿਗਿਆਨ ਦੇ ਸ਼ਬਦਾਂ ’ਚ ‘ਅਰਧ ਅਚੇਤ ਮਨ’; ‘ਅਚੇਤ ਮਨ’ ਬਾਰੇ ਜਾਣਦਾ ਹੈ ਤਾਹੀਓਂ ‘ਸੁਚੇਤ ਮਨ’ ਨੂੰ ਦਵਾ ਨਾਲ਼ ਸੁਲਾ ਕੇ ‘ਅਚੇਤ ਮਨ’ ’ਚ ਛੁਪੇ ਕਈ ਰਾਜ਼; ਝੂਠ ਪਕੜਨ ਵਾਲ਼ੀ ਮਸ਼ੀਨ ਰਾਹੀਂ ਪਕੜ ਲਏ ਜਾਂਦੇ ਹਨ। ਇਸ ਦਾ ਭਾਵ ਇਹ ਸਮਝਣਾ ਪਏਗਾ ਕਿ ਜੇਕਰ ਜਨਮ ਸਮੇਂ ਮਨ ਦੀ ਮੈਲ਼/ਕਾਲ਼ਖ਼ 90% ਸੀ, ਜੋ 50 ਸਾਲ ਦੀ ਉਮਰ ਤੱਕ 2% ਹੋਰ ਵਧ ਗਈ ਜਾਂ 2% ਘਟ ਗਈ। ‘ਅਚੇਤ ਮਨ’ ਦਾ ਇਹ ਬਦਲਾਅ; ‘ਸੁਚੇਤ ਮਨ’ ਰਾਹੀਂ ਹੋਇਆ ਹੋਣ ਕਾਰਨ ‘ਅਰਧ ਅਚੇਤ ਮਨ’, ਇਸ ਤੋਂ ਜਾਣੂ ਹੈ। ਜਦ ਦਿਨ ਦੀਆਂ ਘਟਨਾਵਾਂ ਸੁਪਨਿਆਂ ਰਾਹੀਂ ਹੂ-ਬਹੂ ਪ੍ਰਗਟ ਹੋਣ ਤਾਂ ਇਸ ਦਾ ਕਾਰਨ ਇਹ 2% ਨਵੀਂ ਹੋਈ ਹਲਚਲ ਹੀ ਹੈ ਜਦਕਿ ਸੁਪਨਿਆਂ ’ਚ ਪ੍ਰਗਟ ਹੋਣ ਵਾਲ਼ੇ ਬਾਕੀ ਊਟ-ਪਟਾਂਗ (ਵਿਅਰਥ) ਖ਼ਿਆਲਾਂ ਦਾ ਸਰੋਤ; ਅਚੇਤ ਮਨ ਦੀ 90% ਮੈਲ਼ ਹੈ, ਜੋ ਕਈ ਜਨਮਾਂ ਤੋਂ ਇਕੱਠੀ ਹੁੰਦੀ ਰਹੀ ਹੈ। ਮਿਸਾਲ ਵਜੋਂ ਸੁਪਨੇ ’ਚ ਚਲਾਈ ਗਈ ਗੋਲ਼ੀ, ਜੋ ਵੈਰੀ ਨਾਲ਼ ਇੱਕ ਫੁੱਲ ਵਾਙ ਟਕਰਾਅ ਕੇ ਹੇਠਾਂ ਡਿੱਗ ਪਈ, ਇਹ ਫੁਰਨਾ ‘ਸੁਚੇਤ ਮਨ’ ਰਾਹੀਂ ‘ਅਚੇਤ ਮਨ’ ’ਚ ਨਹੀਂ ਪਹੁੰਚਿਆ ਕਿਉਂਕਿ ‘ਸੁਚੇਤ ਮਨ’; ਗੋਲ਼ੀ ਦੀ ਮਾਰ ਤੋਂ ਪੂਰਨ ਤੌਰ ’ਤੇ ਜਾਣੂ ਹੁੰਦਾ ਹੈ। ਦਰਅਸਲ ਇਉਂ ਜਾਪਦਾ ਹੈ ਕਿ ਕਈ ਜਨਮਾਂ ਦੀ ਮੈਲ਼ ਨੂੰ ਆਧੁਨਿਕ ਗੋਲ਼ੀ ਦੀ ਤਾਕਤ ਦਾ ਪਤਾ ਨਹੀਂ ਵਰਨਾ ਫੁੱਲ ਵਾਙ ਟਕਰਾਉਣ ਦਾ ਦ੍ਰਿਸ਼ ਪੇਸ਼ ਨਾ ਕਰਦੀ। ਸੋ ‘ਅਰਧ ਅਚੇਤ ਮਨ’; ‘ਅਚੇਤ ਮਨ’ ਦੀ ਕੇਵਲ 2% ਮੈਲ਼ ਤੋਂ ਜਾਣੂ ਹੈ, ਨਾ ਕਿ 90% ਮੈਲ਼ ਤੋਂ ਵੀ।

ਇੱਥੇ ਇਹ ਵੀ ਮੰਨਣਾ ਪੈਣਾ ਹੈ ਕਿ ਗੁਰਮਤਿ ਸਿੱਖਿਆ ਮਨੁੱਖਤਾ ਲਈ ਪ੍ਰਗਟ ਕਰਨ ਵਾਲ਼ੇ ਝਰਨੇ/ਫੁਹਾਰੇ (ਯਾਨੀ ਕਿ ਸਤਿਗੁਰੂ ਦੇ ਹਿਰਦੇ) ਅੰਦਰ ਅਚੇਤ ਮਨ (ਅੰਤਹਿਕਰਣ) ਦੀ ਇਹ ਮੈਲ਼; 0% ਹੈ ਤਾਹੀਓਂ ਸਰਬ ਵਿਆਪਕ ਰੱਬੀ ਜੋਤਿ (ਆਤਮਾ/ਰੂਹ) ਦਾ ਹੂ-ਬਹੂ ਪ੍ਰਕਾਸ਼; ਦਿਮਾਗ਼ ’ਚ ਬਿਬੇਕ ਬਣ ਪ੍ਰਗਟ ਹੋਇਆ, ਜਿਸ ਨੇ ਨਿਰਾਕਾਰ (ੴ), ਆਕਾਰ (ਕੁਦਰਤਿ ਭਾਵ ਤਾਰਾ-ਮੰਡਲ, ਜੀਵ ਵਿਗਿਆਨ ਤੇ ਇਸ ਦੇ ਆਦਿ-ਅੰਤ ਬਾਰੇ) ਅਤੇ ਮਨੁੱਖੀ ਜੀਵਨ ਦੀਆਂ ਤਹਿਆਂ ਨੂੰ (ਪਿਆਜ਼ ਦੇ ਛਿਲਕਿਆਂ ਵਾਙ) ਪਰਤ ਦਰ ਪਰਤ ਖੋਲ੍ਹਣ ’ਚ ਸਫਲ ਰਹੇ ਹਨ। ਗੁਰਬਾਣੀ ਨੇ ਇਹੀ ਫ਼ੁਰਮਾਇਆ ਹੈ ਕਿ ਸਤਿਗੁਰੂ ਜੀ ਆਵਾਗਮਣ ਵਿੱਚੋਂ ਨਹੀਂ ਆਏ ਬਲਕਿ ਉਨ੍ਹਾਂ ਨੇ ਮਨੁੱਖਤਾ ਦੇ ਕਲਿਆਣ ਲਈ ਜਨਮ ਲਿਆ ਹੈ ‘‘ਜਨਮ ਮਰਣ ਦੁਹਹੂ ਮਹਿ ਨਾਹੀ; ਜਨ (ਗੁਰੂ) ਪਰਉਪਕਾਰੀ ਆਏ ਜੀਅ ਦਾਨੁ ਦੇ (ਦੇ ਕੇ) ਭਗਤੀ ਲਾਇਨਿ; ਹਰਿ ਸਿਉ ਲੈਨਿ ਮਿਲਾਏ ’’ (ਮਹਲਾ /੭੪੯) ਇੱਥੇ ਸ਼ਬਦ ‘ਲੈਨਿ ਮਿਲਾਏ’ ਹੈ, ਨਾ ਕਿ ‘ਦੇਨਿ ਮਿਲਾਏ’। ‘ਲੈਨਿ ਮਿਲਾਏ’ ਤੋਂ ਸਪਸ਼ਟ ਹੁੰਦਾ ਹੈ ਕਿ ਆਪ ਵੀ ਹਰੀ-ਪ੍ਰਭੂ ਨਾਲ਼ ਅਭੇਦ ਹਨ ਜਦਕਿ ‘ਦੇਨਿ ਮਿਲਾਏ’ ਵਾਲ਼ੇ ਆਪ ਅਭੇਦ ਨਹੀਂ ਹੁੰਦੇ, ਇਹ ਭਾਵ ਪ੍ਰਗਟ ਹੁੰਦਾ ਹੈ।

ਗੁਰਬਾਣੀ ਅੰਦਰ ‘ਅਰਧ ਅਚੇਤ ਮਨ’ ਨੂੰ ਸੰਬੋਧਨ ਕਰਾ ਕੇ ‘ਅਚੇਤ ਮਨ’ ਦੀ 90% ਮੈਲ਼ ਵੱਲ ਵੀ ਧਿਆਨ ਦਿਲਵਾਇਆ ਗਿਆ ਹੈ। ‘ਅਰਧ ਅਚੇਤ ਮਨ’ ਨੂੰ ‘ਸੁਚੇਤ ਮਨ’ ਦਾ ਅਸਲ ਸੁਭਾਅ ਯਾਨੀ ਮਤਿ ਜਾਂ ਕੁਮਤਿ ਵੀ ਕਹਿ ਸਕਦੇ ਹਾਂ। ‘ਸੁਚੇਤ ਮਨ’ ਆਪਣੀ ਬੁਰਿਆਈ ਸਮਾਜ ਤੋਂ ਭਾਵੇਂ ਛੁਪਾ ਲਏ, ਪਰ ‘ਅਰਧ ਅਚੇਤ ਮਨ’ ਤੋਂ ਨਹੀਂ ਛੁਪਾ ਸਕਦਾ। ‘ਅਰਧ ਅਚੇਤ ਮਨ’ ਨੂੰ ਅਹਿਸਾਸ ਵੀ ਕਰਾਇਆ ਜਾ ਸਕਦਾ ਹੈ, ਸ਼ੈਤਾਨ ‘ਸੁਚੇਤ ਮਨ’ ਨੂੰ ਨਹੀਂ।

ਗੁਰਬਾਣੀ ਅੰਦਰ ਦਿਮਾਗ਼ ਉੱਤੇ ਮਨ ਦੇ ਪਏ ਬੁਰੇ ਪ੍ਰਭਾਵ (ਯਾਨੀ ਕਿ ਮੱਤ/ਕੁਮੱਤ) ਵੱਲ ਧਿਆਨ ਦਿਵਾਉਂਦਿਆਂ ਬਚਨ ਕੀਤੇ ਹਨ ‘‘ਮਨ ਰੇ ! ਕਉਨੁ ਕੁਮਤਿ ਤੈ ਲੀਨੀ ਪਰ ਦਾਰਾ ਨਿੰਦਿਆ ਰਸ ਰਚਿਓ; ਰਾਮ ਭਗਤਿ ਨਹਿ ਕੀਨੀ ਰਹਾਉ (ਮਹਲਾ /੬੩੧), ਪਡੀਆ  ! ਕਵਨ ਕੁਮਤਿ ਤੁਮ ਲਾਗੇ ਬੂਡਹੁਗੇ ਪਰਵਾਰ ਸਕਲ ਸਿਉ; ਰਾਮੁ ਜਪਹੁ ਅਭਾਗੇ ਰਹਾਉ ’’ (ਭਗਤ ਕਬੀਰ/੧੧੦੨), ਇਹ ਇੱਕ ਤਰ੍ਹਾਂ ਦਾ ਅੰਦਰਲੇ ਤੀਰਥ ਉੱਤੇ ਇਸ਼ਨਾਨ ਕਰਨਾ ਹੈ; ਜਿਵੇਂ ਕਿ ਵਾਕ ਹੈ ‘‘ਅੰਤਰਗਤਿ ਤੀਰਥਿ (ਤੇ) ਮਲਿ (ਕੇ) ਨਾਉ ’’ (ਜਪੁ), ਜਿਸ ਉਪਰੰਤ ਪਾਰਦਰਸ਼ੀ ਹੋਏ ਅੰਤਹਿਕਰਣ ’ਚੋਂ ਆਤਮ ਪ੍ਰਕਾਸ਼/ਜੋਤਿ ਵਜੋਂ ਬਿਰਾਜਮਾਨ ਸਰਬ ਵਿਆਪਕ (ਪ੍ਰਭੂ) ਦੇ ਗੁਣਾਂ ਦਾ ਸੁਰਤਿ ਨੂੰ ਅਹਿਸਾਸ ਹੁੰਦਾ ਹੈ। ਫਿਰ ਸੁਰਤਿ; ਬਲਵਾਨ (ਵਿਵੇਕ/ਉੱਚੀ) ਹੋ ਕੇ ਮਨ ਨੂੰ ਆਪਣੇ ਅਧੀਨ ਰੱਖਣ ਲਈ ਮਜਬੂਰ ਕਰਦੀ ਹੈ। ਇਹੀ ਹੈ ਮਨ ਵਿੱਚ ਬੁਧਿ ਆਉਣਾ, ਸੁਰਤਿ ਮਤਿ ਮਨਿ+ਬੁਧਿ ਦਾ ਘੜਨਾ।

ਸਰਬ ਵਿਆਪਕ ਰਾਮ (ਅਕਾਲ ਪੁਰਖ) ਹੀ ਸ੍ਰਿਸ਼ਟੀ ਨੂੰ ਬਣਾਨ ਵਾਲ਼ਾ ਅਤੇ ਮਾਨਵਤਾ ਦੇ ਕਲਿਆਣ ਲਈ ਸਤਿਗੁਰੂ ਨੂੰ ਜਗਤ ’ਚ ਭੇਜਣ ਵਾਲ਼ਾ ਹੈ, ਇਸ ਵਿਸ਼ਵਾਸ ਤੋਂ ਇਨਕਾਰੀ ਬੰਦੇ ਦੀ ਕੁਮਤਿ ਨੂੰ ਲਾਹਨਤ ਪਾਈ ਗਈ ਹੈ ‘‘ਮੰਮੈ; ਮਤਿ ਹਿਰਿ ਲਈ ਤੇਰੀ ਮੂੜੇ ! ਹਉਮੈ ਵਡਾ ਰੋਗੁ ਪਇਆ ਅੰਤਰ ਆਤਮੈ (ਚੋਂ) ਬ੍ਰਹਮੁ ਚੀਨਿ੍ਆ (ਵੇਖਿਆ); ਮਾਇਆ ਕਾ ਮੁਹਤਾਜੁ ਭਇਆ ’’ (ਪਟੀ/ਮਹਲਾ /੪੩੫) ਇੱਥੇ ਅਕਾਲ ਪੁਰਖ ਲਈ ‘ਬ੍ਰਹਮੁ’ ਸ਼ਬਦ ਵਰਤਣ ਤੋਂ ਭਾਵ ਉਸ ਤਥਾ-ਕਥਿਤ ਬ੍ਰਹਮਾ ਬਾਰੇ ਬਣੀ ਧਾਰਨਾ ਰਾਹੀਂ ਨੂੰ ਚੇਤੇ ਕਰਾਉਣਾ ਹੈ, ਜਿਸ ਮਨੌਤ ਅਨੁਸਾਰ ਕਿਹਾ ਗਿਆ ਕਿ ਸ੍ਰਿਸ਼ਟੀ ਨੂੰ ਚਾਰ ਮੂੰਹਾਂ ਵਾਲ਼ੇ ਅਖੌਤੀ ਬ੍ਰਹਮਾ-ਦੇਵਤੇ ਨੇ ਬਣਾਇਆ ਹੈ। ਸੋ ਇਸ ਪਹਿਲੇ ਭਾਗ ’ਚ ‘ਅਰਧ ਅਚੇਤ ਮਨ’ ਨੂੰ ਸਵੈ ਪੜਚੋਲ ਕਰਨ ਵੱਲ ਪ੍ਰੇਰਨਾ ਹੈ ਤਾਂ ਜੋ ਆਤਮ ਪ੍ਰਕਾਸ਼ ਦਾ ਸੁਰਤਿ; ਅਨੁਭਵ ਮਾਣ ਸਕੇ।

ਭਾਗ ਦੂਜਾ : ਗੁਰੂ ਅਰਜਨ ਸਾਹਿਬ ਜੀ ਨੇ ਹਉਮੈ ਗ੍ਰਸਤ ਮਨ ਦੀ ਤੁਲਨਾ ਅਮੋੜ ਗਧੇ ਨਾਲ਼ ਕਰਦਿਆਂ ਕਿਹਾ ਕਿ ਜੇਕਰ ਗਧੇ ਉੱਤੇ ਭਾਰ ਲੱਦਿਆ ਜਾਵੇ ਤਾਂ ਉਹ ਕਦੇ ਲੱਤ ਨਹੀਂ ਮਾਰਦਾ ‘‘ਮਨ ਖੁਟਹਰ  ! ਤੇਰਾ ਨਹੀ ਬਿਸਾਸੁ; ਤੂ ਮਹਾ ਉਦਮਾਦਾ ਖਰ ਕਾ ਪੈਖਰੁ ਤਉ ਛੁਟੈ; ਜਉ ਊਪਰਿ ਲਾਦਾ ਰਹਾਉ ’’ (ਮਹਲਾ /੮੧੫) ਅਰਥ : ਹੇ ਖੋਟੇ/ਅਮੋੜ ਮਨ ! ਤੇਰਾ ਕੋਈ ਭਰੋਸਾ ਨਹੀਂ ਕਿਉਂਕਿ ਤੂੰ ਮਾਇਆ ਦੇ ਨਸ਼ੇ ’ਚ ਮਸਤ ਹੈਂ। ਜਿਵੇਂ ਗਧੇ ਦਾ ਪੈਖੜ (ਅਗਲੀ ਪਿਛਲੀ ਲੱਤ ਨੂੰ ਬੰਨ੍ਹਿਆ ਰੱਸਾ) ਤਦ ਖੋਲ੍ਹੀਦਾ ਹੈ ਜਦ ਉਸ ਉੱਤੇ ਭਾਰ ਲੱਦਿਆ ਜਾਵੇ (ਇਉਂ ਹੀ ਤੇਰੇ ਉੱਤੇ ਨਿਰਾਕਾਰ ਅਤੇ ਆਕਾਰ (ਕੁਦਰਤਿ) ਦਾ ਸਚਾਈ ਭਰਪੂਰ ਗਿਆਨ ਲੱਦਣਾ ਜ਼ਰੂਰੀ ਹੈ)

ਕੁਦਰਤਿ ਬਾਰੇ ਜਾਣਨਾ ਹੈ ਕਿ ਇਸ ਅੰਦਰ ਕੁੱਝ ਵੀ ਇੱਕ ਤਰਫ਼ਾ ਨਹੀਂ ਯਾਨਿ ਕਿ ਆਪਾ ਵਿਰੋਧੀ ਨਿਯਮਾਂ ਦਾ ਸੰਗ੍ਰਹਿ ਹੈ ‘ਕੁਦਰਤਿ/ਬ੍ਰਹਿਮੰਡ’।  ਭੌਤਿਕ ਵਿਗਿਆਨ ਦੀ ਬ੍ਰਹਿਮੰਡ ਬਾਰੇ ਸਭ ਤੋਂ ਵੱਡੀ ਅਤੇ ਪ੍ਰਮੁੱਖ ਖੋਜ; 13.8 ਅਰਬ ਸਾਲ ਪਹਿਲਾਂ ਬਲੈਕ ਹੋਲ ’ਚ ਹੋਏ ਵੱਡੇ ਧਮਾਕੇ ਦਾ ਪਤਾ ਲਗਾਉਣਾ ਰਹੀ ਹੈ। ਜਿਸ ਤੋਂ ਅਕਾਸ਼ ਗੰਗਾ ’ਚ ਤਿੰਨ ਸ਼ਕਤੀਆਂ ਹੋਂਦ ’ਚ ਆਈਆਂ (1). ਸਾਧਾਰਨ ਪਦਾਰਥ : ਹਰ ਵਸਤੂ, ਹਰ ਜੀਵ-ਜੰਤ, ਹਰੇਕ ਤਾਰਾ; ਇਹ ਸਾਰਾ ਸਾਧਾਰਨ ਪਦਾਰਥ ਹੈ, ਜੋ ਅਕਾਸ਼ ਗੰਗਾ ਦਾ ਮਾਤਰ 5% ਹੈ। (2). ਡਾਰਕ ਮੈਟਰ : ਨਾ ਵਿਖਾਈ ਦੇਣ ਵਾਲ਼ੇ ਇਹ ਕਣ; ਅਕਾਸ਼ ਗੰਗਾ ’ਚ 26.8% ਹਨ, ਜੋ ਸਾਧਾਰਨ ਪਦਾਰਥ (5%) ਨੂੰ ਬਲੈਕ ਹੋਲ ਵੱਲ ਯਾਨੀ ਕਿ ਅੰਦਰ ਵੱਲ ਖਿੱਚਦੇ ਰਹਿੰਦੇ ਹਨ। (3). ਡਾਰਕ ਐਨਰਜੀ : ਅਕਾਸ਼ ਗੰਗਾ ’ਚ ਇਨ੍ਹਾਂ ਅਦ੍ਰਿਸ਼ ਕਣਾਂ ਦੀ ਮਾਤਰਾ 68.2% ਹੈ, ਜੋ ਪੂਰੇ ਬ੍ਰਹਿਮੰਡ ਨੂੰ ਰੌਸ਼ਨੀ ਦੀ ਗਤੀ (ਲਗਭਗ 3 ਲੱਖ/299782.458 ਕਿਲੋ ਮੀਟਰ ਪ੍ਰਤੀ ਸਕਿੰਟ) ਨਾਲ਼ ਬਾਹਰ ਵੱਲ ਯਾਨੀ ਕਿ ਬਲੈਕ ਹੋਲ ਤੋਂ ਦੂਰ, ਧੱਕ ਰਹੇ ਹਨ, ਫੈਲਾਅ ਰਹੇ ਹਨ।

ਜਿਵੇਂ ਅਕਾਸ਼ ਗੰਗਾ ’ਚ 5% ਸਾਧਾਰਨ ਪਦਾਰਥ ਨੂੰ ਡਾਰਕ ਮੈਟਰ ਅੰਦਰ ਵੱਲ ਅਤੇ ਡਾਰਕ ਐਨਰਜੀ ਬਾਹਰ ਵੱਲ ਧੱਕਣ ਦੀ ਕਸ਼ਮਕਸ਼ ’ਚ ਰਹਿੰਦੇ ਹਨ; ਉਸੇ ਤਰ੍ਹਾਂ 10% ‘ਸੁਚੇਤ ਮਨ’ ਨੂੰ ਸੰਕਲਪ ਬਾਹਰ ਵੱਲ ਅਤੇ ਵਿਕਲਪ ਅੰਦਰ ਵੱਲ ਖਿੱਚਦਾ ਹੈ। ਸੰਕਲਪ; ਡਾਰਕ ਐਨਰਜੀ ਵਾਙ ਨਵੇਂ ਵਿਚਾਰ ਬਣਾਉਂਦਾ ਹੈ, ਪਰ ਵਿਕਲਪ; ਡਾਰਕ ਮੈਟਰ ਵਾਙ ਉਨ੍ਹਾਂ ਨੂੰ ਪਿਛਾਂਹ ਲੈ ਆਉਂਦਾ ਹੈ ਯਾਨੀ ਕਿ ਉਨ੍ਹਾਂ ਨੂੰ ਸਫਲ ਨਹੀਂ ਹੋਣ ਦਿੰਦਾ। ਇਸ ਕਸ਼ਮਕਸ਼ ਦਾ ਹੀ ਨਤੀਜਾ ਹੁੰਦਾ ਹੈ ਕਿ ਇੱਕੋ ਬੰਦਾ; ਇੱਕ ਥਾਂ ਚੰਗਾ ਅਤੇ ਦੂਜੇ ਥਾਂ ਮਾੜਾ ਬਣਿਆ ਹੁੰਦਾ ਹੈ। ਧੁੰਦਲ਼ਾ ਸੁਚੇਤ ਮਨ; ਦੋਸਤ ਦੇ ਕੇਵਲ ਗੁਣ ਅਤੇ ਵੈਰੀ ਦੇ ਕੇਵਲ ਔਗੁਣ ਚੇਤੇ ਕਰ ਆਪਣੇ ਅੰਦਰ ਨਫ਼ਰਤ ਜਾਂ ਪਿਆਰ ਪਾਲ਼ਦਾ ਹੈ। ਜੇਕਰ ਵੈਰੀ ਅਤੇ ਦੋਸਤ ਨੂੰ ਕੁਦਰਤਿ ਦੇ ਨਿਯਮਾਂ ਵਾਙ ਮਨ ਸਮਝ ਲਏ ਯਾਨੀ ਕਿ ਦੋਸਤ ਦੇ ਔਗੁਣ (ਜੋ ਕਿ ਜ਼ਰੂਰ ਹੋਣੇ ਹਨ) ਅਤੇ ਵੈਰੀ ਦੇ ਗੁਣ (ਜੋ ਕਿ ਜ਼ਰੂਰ ਹੋਣੇ ਹਨ) ਵੀ ਧਿਆਨ ’ਚ ਰੱਖੇ ਤਾਂ ਮਨ ਅੰਦਰ ਸਥਿਰਤਾ ਆ ਜਾਂਦੀ ਹੈ। ਕਿਸੇ ਦੇ ਔਗੁਣ ਧਿਆਨ ’ਚ ਰੱਖਣ ਤੋਂ ਭਾਵ ਆਪਣੀ ਸਮ-ਦ੍ਰਿਸ਼ਟੀ ਬਣਾਉਣਾ ਹੈ, ਨਾ ਕਿ ਦੋਸਤ ਨਾਲ਼ ਵੀ ਵੈਰ ਪਾਉਣਾ ਜਾਂ ਬੇਲੋੜੇ ਵਿਵਾਦ ਪੈਦਾ ਕਰਨਾ।

ਇਸ ਦੂਜੇ ਭਾਗ ਵਿੱਚ ਮਨੁੱਖ ਨੇ ਦੁਨੀਆ ਵੱਲੋਂ ਨਿਰਮੋਹ ਹੋਣਾ ਹੈ ਅਤੇ ਨਿਰਾਕਾਰ ਪ੍ਰਤੀ ਲਗਨ ਪੈਦਾ ਕਰਨੀ ਹੈ। ਦੁਨਿਆਵੀ ਖਿੱਚ ਕਦੇ ਵੀ ਸੁਰਤਿ ਨੂੰ ਉੱਚਾ ਨਹੀਂ ਉੱਠਣ ਦਿੰਦੀ। ਕਿਸੇ ਵੀ ਮਨੁੱਖ ਉੱਤੇ ਬਹੁਤਾ ਨਿਰਭਰ ਨਹੀਂ ਹੋਣਾ। ਸਾਰੀਆਂ ਦਾਤਾਂ ਦੇਣ ਵਾਲ਼ਾ ਅਤੇ ਮਾਰਨ ਵਾਲ਼ਾ ਦਾਤਾਰ; ਇੱਕ ਅਕਾਲ ਪੁਰਖ ਹੈ, ਨਾ ਕਿ ਕੋਈ ਬੰਦਾ। ਗੁਰਬਾਣੀ ਦੇ ਬਚਨ ਹਨ ‘‘ਮਾਨੁਖ ਕੀ ਟੇਕ; ਬ੍ਰਿਥੀ ਸਭ ਜਾਨੁ ਦੇਵਨ ਕਉ ਏਕੈ ਭਗਵਾਨੁ (ਸੁਖਮਨੀ/ਮਹਲਾ /੨੮੧), ਹਰਿ ਜੀਉ  ! ਤੇਰੀ ਦਾਤੀ ਰਾਜਾ ਮਾਣਸੁ ਬਪੁੜਾ ਕਿਆ ਸਾਲਾਹੀ ? ਕਿਆ ਤਿਸ ਕਾ ਮੁਹਤਾਜਾ ਰਹਾਉ ’’ (ਮਹਲਾ /੬੦੮) ਅਰਥ : ਹੇ ਮਾਲਕ ਪ੍ਰਭੂ ! ਤੇਰੀਆਂ ਦਾਤਾਂ ਨਾਲ਼ ਹੀ ਰੱਜ ਹੁੰਦਾ ਹੈ। ਵਿਚਾਰੇ ਮਨੁੱਖ ਦੀ ਕਾਹਦੀ ਮੁਥਾਜੀ। ਉਸ ਦਾ ਪਾਣੀ ਕਾਹਦੇ ਲਈ ਭਰਾਂ ? (ਉਹ ਤਾਂ ਖ਼ੁਦ ਤੇਰੇ ਦਰ ਦਾ ਮੰਗਤਾ ਹੈ)। ਐਸੀ ਗੁਰੂ ਸਿੱਖਿਆ ਜਦ ਸੁਰਤਿ ਨੂੰ ਉੱਚਾ ਉਠਾਏਗੀ ਤਾਂ 35 ਤੋਂ 50 ਸਾਲ ਦੀ ਉਮਰ ’ਚ ਮਾਇਆ ਦੀ ਭੁੱਖ ਅਤੇ 50 ਸਾਲ ਤੋਂ ਬਾਅਦ ਉਸ ਦੇ ਖੁੱਸ ਜਾਣ ਦਾ ਡਰ ਵੀ ਨਹੀਂ ਸਤਾਏਗਾ। ਭਾਵੇਂ ਕਿ ਇਸ ਨੂੰ ਅਮਲ ’ਚ ਲਿਆਉਣਾ ਬੜਾ ਕਠਿਨ ਹੈ, ਪਰ ਕਿਸੇ ਨਾਲ਼ ਬਹੁਤੀ ਨੇੜਤਾ ਅਤੇ ਕਿਸੇ ਤੋਂ ਬਹੁਤੀ ਦੂਰੀ ਬਣਾਉਣ ਤੋਂ ਬਚਣ ਦਾ ਇਹੀ ਰਸਤਾ ਹੈ ‘‘ਉਸਤਤਿ ਨਿੰਦਾ ਦੋਊ ਤਿਆਗੈ; ਖੋਜੈ ਪਦੁ ਨਿਰਬਾਨਾ ਜਨ ਨਾਨਕ  ! ਇਹੁ ਖੇਲੁ ਕਠਨੁ ਹੈ; ਕਿਨਹੂੰ ਗੁਰਮੁਖਿ ਜਾਨਾ ’’ (ਮਹਲਾ /੨੧੯)

ਗੁਰੂ ਨਾਨਕ ਸਾਹਿਬ ਜੀ ਦੁਆਰਾ ‘ਮਾਝ ਕੀ ਵਾਰ’ ਦੀ ਪਹਿਲੀ ਪਉੜੀ ਨਾਲ਼ ਦਰਜ ਕੀਤੇ ਉਕਤ ਦੋਵੇਂ ਸਲੋਕਾਂ ਦੇ ਅੰਤ ’ਚ ਸੰਖੇਪ ਭਾਵ ਇਉਂ ਦਰਜ ਹੈ (ਪਹਿਲਾ ਸਲੋਕ) ‘‘ਦਸਵੈ; ਦਧਾ ਹੋਆ ਸੁਆਹ ਗਏ ਸਿਗੀਤ ਪੁਕਾਰੀ ਧਾਹ ਉਡਿਆ ਹੰਸੁ ਦਸਾਏ ਰਾਹ ਆਇਆ ਗਇਆ ਮੁਇਆ ਨਾਉ ਪਿਛੈ ਪਤਲਿ ਸਦਿਹੁ ਕਾਵ ਨਾਨਕ  ! ਮਨਮੁਖਿ ਅੰਧੁ ਪਿਆਰੁ ਬਾਝੁ ਗੁਰੂ; ਡੁਬਾ ਸੰਸਾਰੁ ’’ (ਮਾਝ ਕੀ ਵਾਰ/ਮਹਲਾ /੧੩੮) ਅਰਥ : ਦਸਵੇਂ ਪੜਾਅ ’ਚ ਮਨ ਕਰੋਧ ਨਾਲ਼ ਸੜ ਜਾਂਦਾ ਹੈ। (ਮ੍ਰਿਤਕ ਦੇਹ ਦੇ ਨਾਲ਼-ਨਾਲ਼ ਮਸਾਣਾਂ ਤੱਕ) ਸਾਰੇ ਸਾਥੀ-ਪਰਿਵਾਰਿਕ ਮੈਂਬਰ ਰੌਂਦੇ-ਕੁਰਲਾਂਦੇ ਜਾਂਦੇ ਹਨ। ਅਗਾਂਹ ਜੀਵਾਤਮਾ (ਸਰੀਰ ’ਚੋਂ ਨਿਕਲ ਕੇ) ਅਗਲਾ ਮਾਰਗ ਪੁੱਛਦਾ ਹੈ ਯਾਨੀ ਜੂਨਾਂ ’ਚ ਜਾਂਦਾ ਹੈ। ਐਸਾ ਮਨਮਤੀ ਬੰਦਾ; ਜਗਤ ’ਚ ਆਇਆ, ਮਰ ਗਿਆ, ਜਿਸ ਨੂੰ ਬਾਅਦ ’ਚ ਸਾਰੇ ਭੁੱਲ ਵੀ ਗਏ (ਜਿਨ੍ਹਾਂ ਲਈ ਅਤੇ ਜਿਨ੍ਹਾਂ ਕਾਰਨ ਸੱਚੇ ਸਾਥੀ ਦਾਤਾਰ-ਰੱਬ ਨੂੰ ਯਾਦ ਵੀ ਨਾ ਕਰ ਸਕਿਆ। ਲੋਕਾਚਾਰੀ ਪੱਖੋਂ) ਮਰਨ ਉਪਰੰਤ ਹਰ ਸਾਲ ਉਸ ਲਈ ਪਿੰਡ-ਪੱਤਲ ਕਿਰਿਆ ਕੀਤੀ ਜਾਂਦੀ ਹੈ, ਜੋ ਕੇਵਲ ਕਾਂਵਾਂ ਨੂੰ ਸੱਦਾ ਦੇਣਾ ਹੈ (ਭਾਵ ਉਸ ਭੋਜਨ ਨੂੰ ਕੇਵਲ ਕਾਂ ਹੀ ਖਾਂਦੇ ਹਨ, ਨਾ ਕਿ ਮਿਰਤਕ ਸੂਖਮ ਸਰੀਰ ਨੂੰ ਉਸ ਦਾ ਕੋਈ ਲਾਭ ਪਹੁੰਚਦਾ ਹੈ)। ਮਨਮੁਖੀ ਸਾਕ ਸੰਬੰਧੀਆਂ ਦਾ ਵੀ ਇਹ (ਆਪਣੇ ਮਰ ਚੁੱਕੇ ਬਜ਼ੁਰਗਾਂ ਪ੍ਰਤੀ) ਅੰਨ੍ਹਾ ਪਿਆਰ ਹੈ, ਨਾ ਸਮਝੀ ਹੈ ਕਿਉਂਕਿ ਗੁਰੂ ਦੀ ਅਗਵਾਈ ਤੋਂ ਬਿਨਾਂ ਸੰਸਾਰਿਕ ਬਿਰਤੀ ਐਸੇ ਹਨ੍ਹੇਰੇ ’ਚ ਰਹਿੰਦਾ ਹੈ। ਮਨੁੱਖ ਵਾਰ ਵਾਰ ਮਰਦਾ, ਜੰਮਦਾ, ਮਰਦਾ ਹੈ (ਇਉਂ ਅਸਲੀਅਤ ਨੂੰ ਕਦੇ ਨਹੀਂ ਜਾਣ ਸਕਦਾ)

(ਦੂਜਾ ਸਲੋਕ) ‘‘ਨਵੈ ਕਾ ਸਿਹਜਾਸਣੀ; ਮੂਲਿ ਜਾਣੈ ਅਪ ਬਲੁ ਢੰਢੋਲਿਮੁ ਢੂਢਿਮੁ ਡਿਠੁ ਮੈ; ਨਾਨਕ  ! ਜਗੁ ਧੂਏ ਕਾ ਧਵਲਹਰੁ ’’ (ਮਹਲਾ /੧੩੮) ਅਰਥ : 90 ਸਾਲਾਂ ਦਾ ਮੰਜੇ ਉੱਤੇ ਆਸਣ ਟਿਕਾ ਬੈਠ ਜਾਂਦਾ ਹੈ ਤੇ (100 ਸਾਲ ’ਚ) ਆਪਣਾ ਆਪ ਸੰਭਾਲਣਯੋਗ ਨਹੀਂ ਰਹਿੰਦਾ। ਹੇ ਨਾਨਕ ! ਆਖ ਕਿ ਮੈ (ਚਾਰੋਂ ਦਿਸਾਵਾਂ ’ਚ ਭਰਮਣ ਕਰਕੇ) ਭਾਲ਼ਿਆ, ਲੱਭਿਆ ਤੇ ਵੇਖਿਆ ਕਿ ਇਹ ਜਗਤ ਪਿਆਰ; ਕੇਵਲ ਧੂੰਏਂ ਦਾ ਪਹਾੜ/ਗ਼ੁਬਾਰ ਮਾਤਰ ਹੈ (ਇਸ ਵਿੱਚ ਕੁੱਝ ਵੀ ਸਥਾਈ ਨਹੀਂ, ਜਿਸ ਵਾਸਤੇ ਅਨੰਤ ਜਨਮਾਂ ਤੋਂ ਬਾਅਦ ਮਿਲਿਆ ਇਹ ਕੀਮਤੀ ਮਨੁੱਖਾ ਜੀਵਨ ਬਰਬਾਦ ਕਰ ਲਿਆ)

ਸੋ ਮਨ ਦੀ ਜੀਵਨ ਭਰ ਦੀ ਯਾਤਰਾ ਨਾਲ਼ ਸੰਬੰਧਿਤ ਉਕਤ ਦੋਵੇਂ ਸਲੋਕਾਂ ਦੇ ਅੰਤ ’ਚ ਗੁਰੂ ਨਾਨਕ ਸਾਹਿਬ ਜੀ ਨੇ ‘ਅਰਧ ਅਚੇਤ ਮਨ’ ਨੂੰ ਸੰਸਾਰਿਕ ਬੰਧਨਾਂ ਵੱਲੋਂ ਉਪਰਾਮ ਰਹਿਣ ਲਈ ਪ੍ਰੇਰਿਆ ਹੈ। ਇਹੀ ਦੋਵੇਂ ਸ਼ਬਦਾਂ ਦਾ ਤੱਤ-ਸਾਰ ਹੈ। ਦੂਜੇ ਪਾਸੇ ਸਵੈ ਪੜਚੋਲ ਕਰਨ ਤੋਂ ਸੱਖਣਾ ਮਨੁੱਖ; ਆਪਣੇ ਹਰ ਦੁੱਖ-ਗ਼ਮ ਲਈ ਹੋਰਾਂ ਨੂੰ ਦੋਸ਼ੀ ਠਹਿਰਾਉਂਦਾ ਹੈ, ਝਗੜਦਾ ਹੈ ‘‘ਬਾਧਿਓ ਆਪਨ ਹਉ ਹਉ ਬੰਧਾ ਦੋਸੁ ਦੇਤ ਆਗਹ ਕਉ (ਹੋਰਾਂ ਨੂੰ) ਅੰਧਾ ’’ (ਮਹਲਾ /੨੫੮), ਐਸੇ ਹਉਮੈ ਗ੍ਰਸਤ ਮਨ ਕੋਲ਼ ਦਸ ਕੁ ਮਣ ਦਾਣੇ ਜਾਂ ਚਾਰ ਕੁ ਰੁਪਏ ਪੱਲੇ ਹੋਣ ਤਾਂ ਚੌੜਾ ਹੋ ਹੋ ਭੀ ਤੁਰਦਾ ਹੈ ‘‘ਕਹਾ ਨਰ  ! ਗਰਬਸਿ ਥੋਰੀ ਬਾਤ ਮਨ ਦਸ ਨਾਜੁ; ਟਕਾ ਚਾਰਿ ਗਾਂਠੀ; ਐਂਡੌ ਟੇਢੌ ਜਾਤੁ ਰਹਾਉ ’’ (ਭਗਤ ਕਬੀਰ/੧੨੫੧), ਇਹ ਹੈ ‘ਨੀਵੀਂ ਸੁਰਤਿ ਦੀ ਨਿਸ਼ਾਨੀ’ ਤਾਹੀਓਂ ਅਕਸਰ ਮਨੁੱਖ ਦੀ ਸੁਰਤਿ; ਮਨ ਦੇ ਅਧੀਨ ਰਹਿੰਦੀ ਹੈ।

ਮਾਲਕ-ਪ੍ਰਭੂ ਦੀ ਮਹਿਮਾ ਕਰਦਿਆਂ-ਕਰਦਿਆਂ ਉੱਚੀ ਹੁੰਦੀ ਸੁਰਤਿ ਲਈ ਮਨ ਨੂੰ ਅਲੱਗ ਕਾਬੂ ਕਰਨ ਦੀ ਲੋੜ ਨਹੀਂ ਰਹਿੰਦੀ ਕਿਉਂਕਿ ਸੁਰਤਿ ਦਾ ਉੱਚਾ ਹੋਣਾ ਹੀ ਮਨ ਦਾ ਨੀਵਾਂ ਹੋਣਾ ਹੈ, ਮਨ ਦਾ ਕਾਬੂ ਹੋਣਾ ਹੈ। ਜਿਵੇਂ ਵੱਡੀ ਲਕੀਰ ਖਿੱਚਣ ਨਾਲ਼ ਪਹਿਲਾਂ ਵਾਲ਼ੀ ਲਕੀਰ ਆਪਣੇ ਆਪ ਛੋਟੀ ਜਾਪਣ ਲੱਗਦੀ ਹੈ; ਓਵੇਂ ਹੀ ਸੁਰਤਿ ਉੱਚੀ ਹੋਣ ਨਾਲ਼ ਮਨ ਆਪਣੇ ਆਪ ਨੀਵਾਂ ਹੋ ਜਾਂਦਾ ਹੈ। ਗੁਰੂ ਸਾਹਿਬਾਨ ਨੇ ਮਨੁੱਖ ਦੀ ਸੁਰਤਿ ਨੂੰ ਉੱਚਾ ਕਰਨ ਲਈ ਦਿੱਤੀਆਂ ਦੋ ਕੁ ਹੇਠਲੀਆਂ ਉਦਾਹਰਨਾਂ ਵਿਸ਼ੇਸ਼ ਧਿਆਨ ਮੰਗਦੀਆਂ ਹਨ :

(1). ਗੁਰੂ ਨਾਨਕ ਸਾਹਿਬ ਜੀ ਜਗਨਨਾਥ ਪੁਰੀ ਪਹੁੰਚੇ ਜਿੱਥੇ ਥਾਲ ’ਚ ਦੀਵਿਆਂ ਨੂੰ ਰੱਖ ਕੇ ਆਰਤੀ ਕੀਤੀ ਜਾ ਰਹੀ ਸੀ। ਇਸ ਦੇ ਸੰਬੰਧ ਵਿੱਚ ਆਪ ਜੀ ਨੇ ਸੁਰਤਿ ਨੂੰ ਉੱਚੇ ਨਾਲ਼ ਇਉਂ ਜੋੜਿਆ ‘‘ਗਗਨ ਮੈ ਥਾਲੁ; ਰਵਿ ਚੰਦੁ ਦੀਪਕ ਬਨੇ; ਤਾਰਿਕਾ ਮੰਡਲ ਜਨਕ ਮੋਤੀ ਧੂਪੁ ਮਲਆਨਲੋ, ਪਵਣੁ ਚਵਰੋ ਕਰੇ; ਸਗਲ ਬਨਰਾਇ ਫੂਲੰਤ ਜੋਤੀ ’’ (ਸੋਹਿਲਾ/ਮਹਲਾ /੧੩) ਅਰਥ : ਅਕਾਸ਼ ਰੂਪ ਇੱਕ ਥਾਲ ਹੈ, ਜਿਸ ਅੰਦਰ ਸੂਰਜ ਤੇ ਚੰਦ; ਦੋ ਦੀਵੇ ਰੱਖੇ ਹਨ। ਤਾਰਿਆਂ ਦਾ ਸਮੂਹ, ਸਮਝੋ (ਅਕਾਸ਼-ਥਾਲ ’ਚ ਰੱਖੇ) ਮੋਤੀ ਹਨ। (ਸ਼੍ਰੀਲੰਕਾ ਦਾ) ਮਲ੍ਯ ਪਰਬਤ; ਸੁਗੰਧੀ ਦਿੰਦਾ ਹੈ। ਹਵਾ; ਚੌਰ ਕਰਦੀ ਹੈ। ਸਾਰੀ ਬਨਸਪਤੀ; ਜੋਤੀ (ਸਾਰੀਆਂ ਜੋਤਾਂ/ਰੂਹਾਂ ਦੇ ਮੂਲ/ਕੁਦਰਤ ਰਚੇਤਾ) ਉੱਤੇ ਫੁੱਲਾਂ ਦੀ ਵਰਖਾ ਕਰਦੀ ਹੈ (ਇਹ ਵਿਸਮਾਦਮਈ ਆਰਤੀ ਜਦ ਨਿਰੰਤਰ ਹੋ ਰਹੀ ਹੈ ਤਾਂ ਥਾਲ ’ਚ ਦੀਵੇ ਰੱਖ ਕੇ ਵੱਖਰੀ ਆਰਤੀ ਕਰਨ ਦੀ ਕੋਈ ਲੋੜ ਨਹੀਂ)

(2). ਗੁਰੂ ਸਾਹਿਬਾਨ ਨੇ ਉਹੀ ਸ਼ਬਦ ਸਿੱਖਾਂ ਲਈ ਨਿਤਨੇਮ ਬਣਾਏ, ਜਿਨ੍ਹਾਂ ਰਾਹੀਂ ਹਰ ਦਿਨ ਸਿੱਖ ਦੀ ਸੁਰਤਿ ਉੱਚੀ ਹੋਵੇ ਕਿਉਂਕਿ ਉਹ ਮਾਲਕ ਆਪ ਬੜਾ ਉੱਚਾ ਹੈ, ਮਾਇਆ ਦੇ ਪ੍ਰਭਾਵ ਤੋਂ ਨਿਰਲੇਪ ਹੈ; ਜਿਵੇਂ ਕਿ ਬਚਨ ਹਨ ‘‘ਅੰਤ ਕਾਰਣਿ ਕੇਤੇ ਬਿਲਲਾਹਿ ਤਾ ਕੇ ਅੰਤ ਪਾਏ ਜਾਹਿ ਏਹੁ ਅੰਤੁ ਜਾਣੈ ਕੋਇ ਬਹੁਤਾ ਕਹੀਐ ਬਹੁਤਾ ਹੋਇ ਵਡਾ ਸਾਹਿਬੁ ਊਚਾ ਥਾਉ ਊਚੇ ਉਪਰਿ ਊਚਾ ਨਾਉ ਏਵਡੁ ਊਚਾ ਹੋਵੈ ਕੋਇ ਤਿਸੁ ਊਚੇ ਕਉ ਜਾਣੈ ਸੋਇ ..੨੪’’ (ਜਪੁ)

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਮਨੁੱਖ ਆਪਣੀ ਸੁਰਤਿ ਨੂੰ ਆਪ ਉੱਚੀ ਕਰ ਸਕਦਾ ਹੈ ? ਜਵਾਬ ਹੈ : ਨਹੀਂ, ਕਿਉਂਕਿ ਕਿਹੜਾ ਮਨੁੱਖ ਹੈ, ਜੋ ਆਪਣੀ ਸੁਰਤਿ ਨੂੰ ਨੀਵੀਂ ਮੰਨਦਾ ਹੈ ? ਜਵਾਬ ਹੈ : ਕੋਈ ਨਹੀਂ। ਜਦ ਹਉਮੈ ਗ੍ਰਸਤ ਹਰ ਮਨੁੱਖ; ਆਪਣੀ ਸੁਰਤਿ ਨੂੰ ਹੀ ਸਾਰੀ ਮਨੁੱਖੀ ਸੋਚ ’ਚੋਂ ਉੱਚੀ ਮੰਨਦਾ ਹੈ ਤਾਂ ਕੋਈ ਵਿਰਲਾ ਗੁਰਮੁਖ ਪਿਆਰਾ ਹੀ ਹੈ, ਜਿਸ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਮੇਰੀ ਸੁਰਤਿ ਉੱਚੀ ਨਹੀਂ। ਐਸੀ ਭਾਵਨਾ ਵਿਅਕਤ ਕਰਨ ਵਾਲ਼ੇ ਜੀਵਨ ’ਚ ਹੁੰਦੇ ਅਥਾਹ ਬਦਲਾਅ ਪਿੱਛੇ ਗੁਰੂ ਦੀ ਮਿਹਰ/ਰੱਬ ਦੀ ਕਿਰਪਾ ਕਾਰਜਸ਼ੀਲ ਹੁੰਦੀ ਹੈ, ਜਿਸ ਨੂੰ ਮਹਿਸੂਸ ਕਰਦਿਆਂ ਉਹ ਪੁਕਾਰ-ਪੁਕਾਰ ਆਖਦਾ ਹੈ ‘‘ਮਨੁ ਬਸਿ () ਆਵੈ ਨਾਨਕਾ ! ਜੇ ਪੂਰਨ ਕਿਰਪਾ ਹੋਇ ’’ (ਮਹਲਾ /੨੯੮)

ਬਖ਼ਸ਼ਸ਼ ਬਨਾਮ ਬਖ਼ਸ਼ਸ਼ : ਕਰਤਾਰ ਵੱਲੋਂ ਮਨੁੱਖੀ ਸਰੀਰ ਮਿਲਣਾ ਵੀ ਇੱਕ ਬਖ਼ਸ਼ਸ਼ ਹੈ; ਜਿਵੇਂ ਕਿ ਬਚਨ ਹਨ ‘‘ਕਰਮੀ ਆਵੈ ਕਪੜਾ..’’ ਭਾਵ ਰੱਬ ਦੀ ਮਿਹਰ ਨਾਲ਼ ਸਰੀਰ ਰੂਪ ਕੱਪੜਾ ਮਿਲਿਆ ਹੈ ਤਾਂ ਤੇ ਉਸੇ ਮਾਲਕ ਅੱਗੇ ਅਰਦਾਸ ਕਰਦਿਆਂ ‘‘ਜਨਮ ਜਨਮ ਕੀ ਮਲੁ ..’’ ਤੋਂ ਛੁਟਕਾਰਾ ਵੀ ਉਸ ਦੀ ਮਿਹਰ-ਦ੍ਰਿਸ਼ਟੀ ਨਾਲ਼ ਹੋਣਾ ਹੈ ‘‘ਨਦਰੀ ਮੋਖੁ ਦੁਆਰੁ ’’ (ਜਪੁ), ਵੈਸੇ ਮਨੁੱਖ ਨੂੰ ਮਿਲੀ ਹਰ ਦਾਤ ਹੀ ਰੱਬ ਦੀ ਮਿਹਰ ਹੈ। ਜਿਸ ਦਾ ਜ਼ਿਕਰ ‘ਜਪੁ’ ਬਾਣੀ ਦੀ 25ਵੀਂ ਪਉੜੀ ‘‘ਬਹੁਤਾ ਕਰਮੁ (ਮਿਹਰ); ਲਿਖਿਆ ਨਾ ਜਾਇ ’’ ’ਚ ਵਿਸਥਾਰ ਸਹਿਤ ਕੀਤਾ ਗਿਆ ਹੈ, ਪਰ ਇਹ ਬਖ਼ਸ਼ਸ਼ਾਂ ਤਾਂ ਹਰੇਕ ਜੀਵ-ਜੰਤ ਨੂੰ ਪ੍ਰਾਪਤ ਹੋ ਜਾਂਦੀਆਂ ਹਨ ਜਦਕਿ ਵਿਚਾਰ ਅਧੀਨ ਤੁਕ ‘‘ਮਨੁ ਬਸਿ () ਆਵੈ ਨਾਨਕਾ ! ਜੇ ਪੂਰਨ ਕਿਰਪਾ ਹੋਇ ’’ (ਮਹਲਾ /੨੯੮) ਵਾਲ਼ੀ ਖ਼ਾਸ ਮਿਹਰ ਯਾਨੀ ਹਉਮੈ ਗ੍ਰਸਤ ਬੰਦੇ ਤੋਂ ਆਪਣਾ ‘ਮਨ’ ਕਾਬੂ ਕਰਾਉਣ ਵਾਲ਼ੀ ਮਿਹਰ; ਗੁਰੂ ਪ੍ਰਤੀ ਸਿਦਕ ਰੱਖਣ ਵਾਲ਼ੇ ਕਿਸੇ ਵਿਰਲੇ ਗੁਰਸਿੱਖ ਉੱਤੇ ਹੀ ਹੁੰਦੀ ਹੈ। ਇਸ ਮਿਹਰ ਦਾ ਜ਼ਿਕਰ ਵੀ ‘ਜਪੁ’ ਬਾਣੀ ਦੀਆਂ ਕਈ ਪਉੜੀਆਂ ਦੇ ਅੰਤ ’ਚ ਇਉਂ ਕੀਤਾ ਹੈ ‘‘ਨਾਨਕ  ! ਨਦਰੀ ਕਰਮੀ ਦਾਤਿ ੨੪, ਜਿਸ ਨੋ ਬਖਸੇ ਸਿਫਤਿ ਸਾਲਾਹ ਨਾਨਕ  ! ਪਾਤਿਸਾਹੀ ਪਾਤਿਸਾਹੁ ੨੫, ਨਾਨਕ ! ਨਦਰੀ ਪਾਈਐ; ਕੂੜੀ ਕੂੜੈ ਠੀਸ ੩੨, ਤਿਥੈ ਸੋਹਨਿ ਪੰਚ ਪਰਵਾਣੁ ਨਦਰੀ ਕਰਮਿ (ਨਾਲ਼); ਪਵੈ ਨੀਸਾਣੁ ..੩੪, ਜਿਨ ਕਉ ਨਦਰਿ ਕਰਮੁ; ਤਿਨ ਕਾਰ ਨਾਨਕ  ! ਨਦਰੀ ਨਦਰਿ ਨਿਹਾਲ ੩੮ (ਜਪੁ)

‘ਸਚਖੰਡਿ’ ਪੜਾਅ ਵੱਲ ਜਾਂਦਿਆਂ ਰਸਤੇ ’ਚ ਬੂਹੇ ਵਜੋਂ ਜਾਣੀ ਜਾਂਦੀ ‘ਜਪੁ’ ਬਾਣੀ ਦੀ 37ਵੀਂ ਪਉੜੀ ’ਚ ਵੀ ਇਸੇ ਮਿਹਰ ਦਾ ਜ਼ਿਕਰ ਹੈ ‘‘ਕਰਮਖੰਡ ਕੀ ਬਾਣੀ ਜੋਰੁ ਤਿਥੈ; ਹੋਰੁ ਕੋਈ ਹੋਰੁ ਤਿਥੈ; ਜੋਧ ਮਹਾਬਲ ਸੂਰ ਤਿਨ ਮਹਿ; ਰਾਮੁ ਰਹਿਆ ਭਰਪੂਰ ..੩੭’’ (ਜਪੁ) ਯਾਨੀ ਰੱਬ ਦੀ ਇਸ ਮਿਹਰ ਭਰਪੂਰ ਅਵਸਥਾ ਦੀ ਬਣਾਵਟ ਬੜੀ ਬਲਵਾਨ ਹੁੰਦੀ ਹੈ, ਜਿੱਥੇ (ਕਾਬੂ ਹੋਏ ਮਨ ਅੰਦਰ) ਕੋਈ ਹੋਰ ਫੁਰਨਾ ਨਹੀਂ ਉੱਠਦਾ। ਇਸ ਅਵਸਥਾ ’ਚ ਗੁਰੂ ਪਿਆਰੇ ਭਗਤ; ਸੁਰਤਿ ਪੱਖੋਂ ਬੜੇ ਬਲਵਾਨ ਹੁੰਦੇ ਹਨ, ਯੋਧੇ ਹੁੰਦੇ ਹਨ, ਸੂਰਮੇ ਬਣ ਜਾਂਦੇ ਹਨ। ਉਨ੍ਹਾਂ ਦੇ ਮਨ ਅੰਦਰ ਸਰਬ ਵਿਆਪਕ ਰਾਮ ਪ੍ਰਤੀ ਹੀ ਲਗਨ ਲੱਗੀ ਰਹਿੰਦੀ ਹੈ।

ਸੋ ਐਸੀ ਅਵਸਥਾ ਵਿੱਚ ‘ਮਨ’ ਦਾ ਅਰਥ ਵੀ ‘ਸੁਰਤਿ’ ਕਰਨਾ ਪੈਣਾ ਹੈ ਕਿਉਂਕਿ ਮਨ; ਸੁਰਤਿ ਅਧੀਨ ਆ ਚੁੱਕਾ ਹੈ ਜਾਂ ਕਹਿ ਲਈਏ ਕਿ ‘ਸੁਰਤਿ’ ਹੀ ‘ਮਨ’ ਬਣ ਚੁੱਕੀ ਹੈ। ਮਨ ਵਿੱਚ ਬੁਧਿ ਆ ਗਈ। ਸੁਰਤਿ ਮਤਿ ਮਨਿ ਬੁਧਿ ਘੜੇ ਗਏ। ਅੰਤਹਿਕਰਣ ਪਾਰਦਰਸ਼ੀ ਹੋ ਗਿਆ। ਅੰਦਰ ਵੱਸਦੇ ਰਾਮ ਦਾ ਸੁਰਤਿ ਨੂੰ ਪ੍ਰਤੱਖ ਅਹਿਸਾਸ ਹੋ ਗਿਆ।

ਸੋ, ਸੁਰਤਿ ਨੂੰ ਉੱਚਾ ਕਰਨਾ ਅਤੇ ਮਨ ਨੂੰ ਨੀਵਾਂ ਜਾਂ ਕਾਬੂ ਕਰਨਾ; ਦੋ ਵੱਖ ਵੱਖ ਪੜਾਅ ਜਾਂ ਘੋਲ਼ ਨਹੀਂ ਹਨ। ਸੁਰਤਿ ਦਾ ਉੱਚਾ ਹੋਣਾ ਹੀ ਮਨ ਦਾ ਨੀਵਾਂ ਹੋਣਾ ਹੈ ਅਤੇ ਮਨ ਦਾ ਨੀਵਾਂ ਹੋਣਾ ਹੀ ਸੁਰਤਿ ਦਾ ਉੱਚਾ ਉੱਠਣਾ ਹੈ। ਇਨ੍ਹਾਂ ਦੇ ਆਪਸੀ ਉਤਾਰ-ਚੜ੍ਹਾਅ ’ਚ ਜਦ ਸਫਲਤਾ ਮਿਲਣ ਦਾ ਅਹਿਸਾਸ ਹੋਣ ਲੱਗੇ ਤਾਂ ਉਸ ਪਿੱਛੇ ਸਤਿਗੁਰੂ ਜੀ ਦੀ ਮਿਹਰ ਅਤੇ ਕਰਤਾਰ ਦੀ ਬਖ਼ਸ਼ਸ਼ ਹੀ ਕਾਰਜਸ਼ੀਲ ਹੁੰਦੀ ਹੈ।

ਗੁਰੂ ਦੀ ਕਿਰਪਾ ਅਤੇ ਗੁਰੂ ਦਾ ਸ਼ਬਦ-ਗਿਆਨ; ਪ੍ਰਾਪਤ ਕਰਨਾ ਮਨੁੱਖ ਲਈ ਦੋ ਅਲੱਗ-ਅਲੱਗ ਬੇੜੀਆਂ ਹਨ। ਪਹਿਲੀ ਬੇੜੀ (ਗੁਰੂ ਗਿਆਨ) ’ਚ ਬੈਠਣਾ ਯਾਨੀ ਸੁਰਤਿ ਉੱਚੀ ਕਰਨੀ; ਇਹ ਅਧਿਕਾਰ ਮਨੁੱਖ ਕੋਲ਼ ਹੈ ਕਿਉਂਕਿ 10% ਸੁਚੇਤ ਮਨ/ਸ਼ਕਤੀ ਦਾ ਮਾਲਕ ਇਹ ਖ਼ੁਦ ਹੈ ਅਤੇ ਦੂਜੀ ਬੇੜੀ ਯਾਨੀ ਗੁਰੂ ਕਿਰਪਾ ਰਾਹੀਂ ਸੰਸਾਰ-ਸਮੁੰਦਰ ਪਾਰ ਕਰਨਾ; ਇਹ ਸਮਰੱਥਾ ਗੁਰੂ ਜੀ ਕੋਲ਼ ਹੈ ਜਾਂ ਅਕਾਲ ਪੁਰਖ ਕੋਲ਼ ਹੈ ਕਿਉਂਕਿ 90% ਅਚੇਤ ਮਨ ਵਾਲ਼ੀ ਮਲ਼ੀਨਤਾ ਇਕੱਠੀ ਕਰਾਉਣ ਪਿੱਛੇ ਵੀ ਸਿਰਜਣਹਾਰ ਦਾ ਹੱਥ ਰਿਹਾ ਹੈ। ਬੰਦੇ ਨੂੰ ਕੁਰਾਹੇ ਪਾ ਅੰਨ੍ਹਾ ਕਰਨਾ ਅਤੇ ਫਿਰ ਸੁਜਾਖਾ ਕਰਨਾ; ਜਗਤ ਰਚੇਤਾ ਦੇ ਹੁਕਮ ਵਿੱਚ ਹੁੰਦਾ ਹੈ ‘‘ਸਹ ਦੇਖੇ ਬਿਨੁ ਪ੍ਰੀਤਿ ਊਪਜੈ; ਅੰਧਾ ਕਿਆ ਕਰੇਇ  ?  ਨਾਨਕ  ! ਜਿਨਿ ਅਖੀ ਲੀਤੀਆ; ਸੋਈ ਸਚਾ ਦੇਇ ’’ (ਮਹਲਾ /੮੩), ਸੋ ਮਨੁੱਖ ਨੂੰ ਜਿਸ ਅਗਲੇ ਪੈਂਡੇ ਦੀ ਉੱਕਾ ਹੀ ਸੂਝ ਨਹੀਂ ਹੁੰਦੀ ਕਿ ਕੈਸਾ ਹੈ, ਕਿੱਦਾਂ ਦਾ ਮਹਿਸੂਸ ਹੁੰਦਾ ਹੈ, ਓਥੇ ਕੇਵਲ ਬਖ਼ਸ਼ਸ਼ ਹੀ ਮਾਰਗ-ਦਰਸ਼ਨ ਬਣਦੀ ਹੈ, ਨਾ ਕਿ ਮਨੁੱਖ ਦੀ ਆਪਣੀ ਕੋਈ ਘਾਲਣਾ।

ਸਿੱਟਾ : ਸਤਿਗੁਰੂ ਦਾ ਸ਼ਬਦ-ਗਿਆਨ; ਮਨੁੱਖ ਦੀ ਸੁਰਤਿ ਨੂੰ ਉੱਚਾ ਕਰ ਸਵੈ ਪੜਚੋਲ ਅਤੇ ਰੱਬ ਤੋਂ ਪਏ ਵਿਛੋੜੇ ਦਾ ਅਹਿਸਾਸ ਕਰਾਉਂਦਾ ਹੈ। ਜਿਸ ਤੋਂ ਬਾਅਦ ਦਿਲ ਦੀਆਂ ਗਹਿਰਾਈਆਂ ’ਚੋਂ ਉੱਠੀ ਅਰਦਾਸ/ਬੇਨਤੀ; ਗੁਰੂ ਦੀ ਕਿਰਪਾ ਵਾਲ਼ਾ ਮਾਰਗ ਖੋਲ੍ਹਦੀ ਹੈ। ਇਹ ਮਿਹਰ ਹੀ ਅੰਤਹਿਕਰਣ-ਮਨ ਨੂੰ ਸ਼ੁੱਧ ਕਰਦੀ ਹੋਈ ਰੱਬ ਤੋਂ ਪਈ ਦੂਰੀ ਨੂੰ ਮਿਟਾ ਕੇ ਅੰਦਰੋਂ ਹੀ ਰੱਬੀ ਜੋਤਿ ਨਾਲ਼ ਅਭੇਦ ਕਰਾਉਂਦੀ ਹੈ। ਹਉਮੈ ਗ੍ਰਸਤ ਮਨ ਦੀ ਸ਼ੈਤਾਨ ਰੂਪ ਰੁਕਾਵਟ (ਪੰਜ ਗਿਆਨ ਇੰਦ੍ਰਿਆਂ) ਨੂੰ ਗੁਰੂ ਦੀ ਕਿਰਪਾ ਹੀ ਰਾਹ ’ਚੋਂ ਹਟਾਉਂਦੀ ਹੈ, ਨਾ ਕਿ ਗੁਰੂ ਦਾ ਸ਼ਬਦ-ਗਿਆਨ ਕਿਉਂਕਿ ਗੁਰੂ ਦੇ ਸ਼ਬਦ ਗਿਆਨ ਦੇ ਅਰਥ ਵੀ ਸ਼ੈਤਾਨ-ਮਨ; ਬਦਲ ਕੇ ਆਪਣੀ ਸੋਚ ਅਨੁਸਾਰ ਕਰ ਲੈਂਦਾ ਹੈ, ਪਰ ਗੁਰੂ ਦੀ ਕਿਰਪਾ ਦਾ ਪ੍ਰਭਾਵ ਨਹੀਂ ਬਦਲ ਸਕਦਾ ਕਿਉਂਕਿ ਤਦ; ਸ਼ੈਤਾਨ-ਮਨ ਮਰ ਚੁੱਕਿਆ ਹੁੰਦਾ ਹੈ।

ਹਲੀਮੀ ਵਾਲ਼ੀ ਦਿਲੀ ਭਾਵਨਾ ਨੂੰ ਅਕਾਲ ਪੁਰਖ ਦੀ ਕਿਰਪਾ ਰੂਪ ਲੱਗੇ ਫਲ਼ ਉਪਰੰਤ ਰੱਬੀ ਹੋਂਦ ਨੂੰ ਮਹਿਸੂਸ ਕਰਦਿਆਂ ਉਸ ਨਾਲ਼ ਇਉਂ ਸੰਵਾਦ ਹੁੰਦਾ ਹੈ ‘‘ਆਪੁ ਸਵਾਰਹਿ ਮੈ ਮਿਲਹਿ; ਮੈ ਮਿਲਿਆ, ਸੁਖੁ ਹੋਇ ਫਰੀਦਾ  ! ਜੇ ਤੂ ਮੇਰਾ ਹੋਇ ਰਹਹਿ; ਸਭੁ ਜਗੁ ਤੇਰਾ ਹੋਇ ੯੫’’ (ਬਾਬਾ ਫਰੀਦ ਜੀ/੧੩੮੨) ਅਰਥ : ਹੇ ਫ਼ਰੀਦ ਜੀ ! ਜੇ ਤੂੰ ਆਪਣੇ ਆਪ ਨੂੰ ਸੰਵਾਰ ਲਏਂ (ਯਾਨੀ ਮਾਇਆਵੀ ਪ੍ਰਭਾਵ ਵੱਲੋਂ ਧਿਆਨ ਹਟਾ ਕੇ ਉਤਾਂਹ ਨੂੰ (ਉੱਚਾ) ਵੇਖੇਂ ਤਾਂ ਸੁੱਤੇ ਹੀ) ਮੈਨੂੰ ਮਿਲ ਸਕਦਾ ਹੈਂ ਕਿਉਂਕਿ ਅਸਲ ਅਨੰਦ ਮੈਨੂੰ ਮਿਲਣ ਵਿੱਚ ਹੈ (ਨਾ ਕਿ ਧਨ-ਪਦਾਰਥ ਜਾਂ ਸਾਕ ਸੰਬੰਧਾਂ ਵਿੱਚ) ਜੇ ਕੇਵਲ ਮੇਰਾ ਭਗਤ ਬਣਿਆ ਰਹੇਂਗਾ ਤਾਂ ਸਾਰਾ ਜਗਤ ਤੈਨੂੰ ਪਿਆਰ ਕਰੇਗਾ (ਕਿਉਂਕਿ ਤੇਰੇ ਅੰਦਰ ਕੋਈ ਪਦਾਰਥਿਕ ਖਿੱਚ ਨਹੀਂ ਰਹੇਗੀ, ਜਿਸ ਬਦਲੇ ਸਮਾਜ; ਨਫ਼ਰਤ ਕਰਦਾ ਹੈ)

ਗੁਰਬਾਣੀ ਅਨੁਸਾਰ ਸੁਰਤਿ, ਮਤਿ, ਮਨੁ, ਬੁਧਿ, ਬਿਬੇਕ, ਸੁਮਤਿ, ਅਕਲਿ ਆਦਿ।

——ਕਿਰਪਾ ਲਾਇਕ ਤੇ ਸ਼ੇਅਰ ਜ਼ਰੂਰ ਕਰਨਾ, ਉਚਿਤ ਸੁਝਾਅ ਵੀ ਟਿੱਪਣੀ ਕਰਕੇ ਦਿੱਤਾ ਜਾ ਸਕਦਾ ਹੈ, ਜੀ।—–