ਮਨ ਕੀ ਹੈ ਅਤੇ ਕੀ ਇਹ ਮਾਰਿਆ ਜਾ ਸਕਦਾ ਹੈ ? (ਭਾਗ ਪਹਿਲਾ)

0
2117

ਮਨ ਕੀ ਹੈ ਅਤੇ ਕੀ ਇਹ ਮਾਰਿਆ ਜਾ ਸਕਦਾ ਹੈ ? (ਭਾਗ ਪਹਿਲਾ)

ਗਿਆਨੀ ਅਵਤਾਰ ਸਿੰਘ

ਧਰਮ ਦਾ ਅਸਲ ਸੰਬੰਧ ਬੰਦੇ ਦੇ ‘ਮਨ’ ਨਾਲ਼ ਹੈ; ਸਰੀਰ ਨਾਲ਼ ਨਹੀਂ। ਇਹ ਗੱਲ ਗੁਰਬਾਣੀ ਅੰਦਰ ਵਾਰ-ਵਾਰ ਕਹੀ ਗਈ ਹੈ ਕਿ ‘‘ਮਨਿ+ਮੈਲੈ (ਕਾਰਨ), ਸਭੁ ਕਿਛੁ ਮੈਲਾ; ਤਨਿ+ਧੋਤੈ (ਨਾਲ਼), ਮਨੁ ਹਛਾ ਹੋਇ ’’ (ਮਹਲਾ /੫੫੮) ਮਮਾ, ਮਨ ਸਿਉ ਕਾਜੁ ਹੈ; ਮਨ ਸਾਧੇ, ਸਿਧਿ ਹੋਇ (ਬਾਵਨ ਅਖਰੀ/ਭਗਤ ਕਬੀਰ/੩੪੨), ਮਨੁ ਜੀਤੇ, ਜਗੁ ਜੀਤਿਆ (ਭਗਤ ਕਬੀਰ/੧੧੦੩), ਮਨਿ ਜੀਤੈ, ਜਗੁ ਜੀਤੁ (ਜਪੁ/ਮਹਲਾ ), ਯਾਨੀ ‘ਮਨ’ ਨੂੰ ਜਿੱਤਣ ਨਾਲ਼ ਜਗਤ-ਬਾਜ਼ੀ ਜਿੱਤ ਹੁੰਦੀ ਹੈ। ਸੰਸਾਰਕ ਯਾਤਰਾ ਸਫਲ ਹੋ ਜਾਂਦੀ ਹੈ।

ਮਨੋਵਿਗਿਆਨ; ‘ਮਨ’ ਨੂੰ ਤਿੰਨ ਭਾਗਾਂ ’ਚ ਵੰਡਦਾ ਹੈ (1). ਸੁਚੇਤ ਮਨ (Conscience mind) (2). ਅਚੇਤ ਮਨ (Unconscious mind) (3). ਅਰਧ ਅਚੇਤ ਮਨ (Preconscious mind)। ਇਸ ਖੋਜ ਦੇ ਪਿਤਾਮਾ ਮੰਨੇ ਜਾਂਦੇ ਹਨ ‘ਆਸਟਰੀਅਨ ਨਿਵਾਸੀ ਸਿਗਮੰਡ ਸਕਲੋਮੋ ਫ਼ਰਾਇਡ, ਜਿਸ ਦਾ ਜਨਮ ਇੱਕ ਯਹੂਦੀ ਪਰਵਾਰ ’ਚ 6 ਮਈ 1856 ਨੂੰ ਹੋਇਆ ਅਤੇ ਮੌਤ 23 ਸਤੰਬਰ 1939 ਨੂੰ ਇੰਗਲੈਂਡ ’ਚ ਹੋਈ। ਇਹ ਮਨੋਰੋਗਾਂ ਦਾ ਡਾਕਟਰ, ਮਨੋਵਿਗਿਆਨੀ ਅਤੇ ਮਨੋਵਿਸ਼ਲੇਸ਼ਕ ਸੀ।

ਸਿਗਮੰਡ ਫ਼ਰਾਇਡ ਮੁਤਾਬਕ ‘ਸੁਚੇਤ ਮਨ’; ਜਾਗਰੂਕ ਚੇਤਨਾ ਹੈ, ਦਿਮਾਗ਼ੀ ਸਮਝ ਹੈ, ਜੋ ਸੰਪੂਰਨ ਮਨ-ਸ਼ਕਤੀ ਦਾ 10% ਹੈ। ਮਨੁੱਖ ਨੂੰ ਨੀਂਦ ਆਉਂਦਿਆਂ ਇਹ ਹਿੱਸਾ ਕੋਈ ਗਤੀ ਨਹੀਂ ਕਰਦਾ, ਸੌਂ ਜਾਂਦਾ ਹੈ। ਗੁਰਮਤਿ ਫ਼ਲਸਫ਼ੇ ਅਨੁਸਾਰ ‘ਪੂਰਨ ਮਨ’ ਦਾ ਇਹ ‘ਸੰਕਲਪ’ ਤੇ ‘ਵਿਕਲਪ’ ਭਾਗ ਹੈ। ਨਵੇਂ ਖ਼ਿਆਲ ਪੈਦਾ ਹੋਣੇ (ਸੰਕਲਪ) ਤੇ ਉਨ੍ਹਾਂ ’ਤੇ ਦ੍ਰਿੜ੍ਹ ਨਾ ਰਹਿਣਾ (ਵਿਕਲਪ/ਦੁਬਿਧਾ) ਹੈ। ਜਨਮ ਲੈਂਦਿਆਂ ਤੁਰੰਤ ਇਹ ਵੀ ਵਜੂਦ ’ਚ ਆ ਜਾਂਦਾ ਹੈ ਤੇ ਸਰੀਰਕ ਮੌਤ ਦੇ ਨਾਲ਼ ਮਰ ਜਾਂਦਾ ਹੈ,ਇਸ ਲਈ ਕਿਹਾ ਹੈ ‘‘ਇਹੁ ਮਨੁ; ਪੰਚ ਤਤੁ ਤੇ ਜਨਮਾ ’’ (ਮਹਲਾ /੪੧੫), ਗੁਰੂ ਨਾਨਕ ਸਾਹਿਬ ਜੀ ਨੇ ‘ਜਪੁ’ ਬਾਣੀ ’ਚ ‘ਮਨ’ ਦੇ ਇਸ ਹਿੱਸੇ ਨੂੰ ਦੋ ਵਾਰ ‘ਮਨਿ+ਬੁਧਿ’ ਕਰਕੇ ਲਿਖਿਆ ਹੈ; ਜਿਵੇਂ ਕਿ ‘‘ਮੰਨੈ ਸੁਰਤਿ ਹੋਵੈ, ਮਨਿ+ਬੁਧਿ ..੧੩ (ਜਪੁ), ਤਿਥੈ ਘੜੀਐ; ਸੁਰਤਿ ਮਤਿ ਮਨਿ+ਬੁਧਿ ..੩੬’’ (ਜਪੁ) ਭਾਵ ਗੁਰੂ ਉਪਦੇਸ਼ ਨੂੰ ਮੰਨਣ ਨਾਲ਼ ਜਾਂ ਗੁਰੂ ਉਪਦੇਸ਼ ਅਨੁਸਾਰ ਕੀਤੀ ਕਮਾਈ (ਸ਼੍ਰਮਖੰਡ) ਦੌਰਾਨ ‘ਮਨ’ ਵਿੱਚ ‘ਬੁਧਿ’ ਆ ਜਾਂਦੀ ਹੈ ਜਾਂ ਕਹਿ ਲਈਏ ਕਿ ‘ਮਨ’ ਦਾ ਵਿਕਲਪ (ਦੁਬਿਧਾ/ਭਰਮ) ਮਰ ਜਾਂਦਾ ਹੈ। ‘ਬੁਧਿ’ ਦਾ ਅਰਥ ਹੈ ‘ਘੋਖ-ਪੜਤਾਲ ਕਰਦਿਆਂ ਨਵੇਂ ਖ਼ਿਆਲ ਪੈਦਾ ਹੋਣੇ, ਜਿਨ੍ਹਾਂ ’ਚ ਵਿਕਲਪ ਯਾਨੀ ਦੁਚਿੱਤਾਪਣ ਨਾ ਹੋਵੇ’।

ਸਿਗਮੰਡ ਫ਼ਰਾਇਡ ਮੁਤਾਬਕ ‘ਮਨ’ ਦਾ ਬਾਕੀ 90% ਭਾਗ ‘ਅਚੇਤ ਮਨ’ ਹੈ, ਜਿਸ ਨੂੰ ‘ਬੇਹੋਸ਼ ਮਨ’ ਵੀ ਕਿਹਾ ਹੈ ? ਬੇਹੋਸ਼ ਤੋਂ ਭਾਵ ਹੈ ਕਿ ਭਾਵੇਂ ‘ਸੁਚੇਤ ਮਨ’ ਰਾਹੀਂ ਬਚਪਨ ਤੋਂ ਪ੍ਰਬਲ ਹੋਈਆਂ ਇਛਾਵਾਂ ਦਾ ਸੰਗ੍ਰਹਿ ਹੀ ‘ਅਚੇਤ ਮਨ’ ਹੈ, ਪਰ ਫਿਰ ਵੀ ‘ਸੁਚੇਤ ਮਨ’ ਨੂੰ ਇਸ ਬਾਰੇ ਕੋਈ ਸਮਝ ਨਹੀਂ ਹੁੰਦੀ। ਇਹ ਇਛਾਵਾਂ ਸੁਪਨਿਆਂ ਰਾਹੀਂ ਕੁੱਝ ਕੁ ਪ੍ਰਗਟ ਹੁੰਦੀਆਂ ਰਹਿੰਦੀਆਂ ਹਨ ਕਿਉਂਕਿ ‘ਅਚੇਤ ਮਨ’ ਸਦਾ ਜਾਗਦਾ ਰਹਿੰਦਾ ਹੈ, ਬਿਲਕੁਲ ਭੀ ਨਹੀਂ ਸੌਂਦਾ।

ਅਜੋਕੀ ਵਿਗਿਆਨਕ ਖੋਜ; ਮਾਦਾ (ਮੂਲ-ਤੱਤ/ਪਦਾਰਥ) ਦੀ ਖੋਜ ਹੁੰਦੀ ਹੈ। ਮਨੋਵਿਗਿਆਨ ਦਾ ਮਾਦਾ; ਇੱਥੇ ‘ਸੁਚੇਤ ਮਨ’ ਹੈ ਤਾਹੀਓਂ ਇਸ ਰਾਹੀਂ ‘ਅਚੇਤ ਮਨ’ ਬਣਿਆ, ਮੰਨਿਆ ਗਿਆ ਹੈ, ਪਰ ਮੇਰੀ ਸਮਝ ਮੁਤਾਬਕ ਗੁਰਮਤਿ ਫ਼ਲਸਫ਼ਾ; ਇਸ ਦੇ ਬਿਲੁਕਲ ਉਲ਼ਟ ਹੈ। ਗੁਰਬਾਣੀ ਅਨੁਸਾਰ ਬੰਦੇ ਦੁਆਰਾ ਕੀਤੇ ਕਰਮਾਂ ਦਾ ਫਲ਼; ‘ਅਚੇਤ ਮਨ’ ਹੈ। ਜਿਸ ਨੂੰ ਅੰਤਹਿਕਰਣ (ਅੰਦਰੂਨੀ ਇੰਦ੍ਰੀ) ’ਤੇ ਚੜ੍ਹੀ ਮੈਲ਼ ਕਹਿ ਸਕਦੇ ਹਾਂ, ਜੋ ਕਈ ਜਨਮਾਂ ’ਚ ਵਿਚਰਦਿਆਂ ਸੰਘਣੀ ਹੁੰਦੀ ਗਈ; ਜਿਵੇਂ ਕਿ ‘‘ਜਨਮ ਜਨਮ ਕੀ ਇਸੁ ਮਨ (ਅੰਤਹਿਕਰਣ) ਕਉ ਮਲੁ ਲਾਗੀ; ਕਾਲਾ ਹੋਆ ਸਿਆਹੁ ’’ (ਮਹਲਾ /੬੫੧) ਸੋ ਮੈਲ਼ੇ (ਧੁੰਦਲੇ) ‘ਅਚੇਤ ਮਨ’ ਦੀ ਪਰਛਾਈ; ‘ਸੁਚੇਤ ਮਨ’ ਹੈ ਭਾਵੇਂ ਕਿ ਮਨੋਵਿਗਿਆਨ ਇਸ ਨਾਲ਼ ਸਹਿਮਤ ਨਾ ਹੋਵੇ।

ਮਨੋਵਿਗਿਆਨ ਨੇ ਸੁਪਨਿਆਂ ਨੂੰ ‘ਅਚੇਤ ਮਨ’ ’ਚੋਂ ਪ੍ਰਗਟ ਹੁੰਦੀਆਂ ਇਛਾਵਾਂ ਕਿਹਾ ਹੈ ਯਾਨੀ ਕਿ ਜੇ ਕੋਈ ਲੜਕਾ; ਕਿਸੇ ਲੜਕੀ ਤੋਂ ਪ੍ਰਭਾਵਤ ਹੈ ਤਾਂ ਇਹ ਚਾਹਤ; ‘ਅਚੇਤ ਮਨ’ ਦੇ ਭੰਡਾਰ ’ਚ ਜਮ੍ਹਾ ਹੋਣ ਕਾਰਨ ਸੁਪਨੇ ’ਚੋਂ ਪ੍ਰਗਟ ਹੋਵੇਗੀ। ਗੁਰਬਾਣੀ ਇਸ ਨਾਲ਼ ਵੀ ਪੂਰਨ ਸਹਿਮਤ ਨਹੀਂ; ਜਿਵੇਂ ਕਿ ਇੱਕ ਬਾਦਸ਼ਾਹ ਅੰਦਰ ਭਿਖਾਰੀ ਬਣਨ ਦੀ ਕੋਈ ਇੱਛਾ, ਡਰ ਆਦਿ ਨਹੀਂ ਹੁੰਦਾ, ਪਰ ਸੁਪਨੇ ’ਚੋਂ ਇਹ ਫੁਰਨਾ ਪ੍ਰਗਟ ਹੋਇਆ ਹੈ ‘‘ਨਰਪਤਿ ਏਕੁ ਸਿੰਘਾਸਨਿ (’ਤੇ) ਸੋਇਆ; ਸੁਪਨੇ ਭਇਆ ਭਿਖਾਰੀ ’’ (ਭਗਤ ਰਵਿਦਾਸ/੬੫੭)

ਸੁਪਨੇ-ਸੁਪਨੇ ਦਾ ਅੰਤਰ ਵਿਚਾਰਨਾ ਵੀ ਬੜਾ ਜ਼ਰੂਰੀ ਹੈ। ਭਗਤ ਕਬੀਰ ਜੀ ਦਾ ਸ਼ਬਦ ਹੈ ‘‘ਕਬੀਰ ! ਸੁਪਨੈ ਹੂ ਬਰੜਾਇ ਕੈ; ਜਿਹ ਮੁਖਿ ਨਿਕਸੈ ਰਾਮੁ ਤਾ ਕੇ ਪਗ ਕੀ ਪਾਨਹੀ; ਮੇਰੇ ਤਨ ਕੋ ਚਾਮੁ ’’ (ਭਗਤ ਕਬੀਰ/੧੩੬੭) ਅਰਥ : (ਭਾਵੇਂ) ਸੁਪਨੇ ’ਚ ਬਰੜਾਅ ਕੇ ਹੀ (ਸਹੀ), ਜਿਸ ਦੇ ਮੂੰਹੋਂ ਰਾਮ-ਰਾਮ ਨਿਕਲੇ, ਮੇਰੇ ਸਰੀਰ ਦੀ ਚਮੜੀ (ਵੀ) ਉਸ ਦੇ ਪੈਰ ਦੀ ਜੁੱਤੀ ਬਣਨਾ ਲੋਚਦੀ ਹੈ। ਇੱਥੇ ਸੁਪਨੇ ’ਚ ਰਾਮ-ਰਾਮ ਕਹਿਣ ਤੋਂ ਭਾਵ ਸੰਭਾਵਨਾ ਮਾਤਰ ਹੈ, ਨਾ ਕਿ ‘ਅਚੇਤ ਮਨ’ ’ਚੋਂ ਬਾਦਸ਼ਾਹ ਦੇ ਸੁਪਨੇ ਵਾਙ ਪ੍ਰਗਟ ਹੋਈ ਹਕੀਕਤ ਕਿਉਂਕਿ ਰਾਤ ਨੂੰ ਬਰੜਾਉਣਾ; ‘ਸੁਚੇਤ ਮਨ’ ਦੇ ਪੂਰਨ ਤੌਰ ’ਤੇ ਸੁੱਤੇ ਹੋਣ ਦਾ ਪ੍ਰਤੀਕ ਨਹੀਂ ਹੁੰਦਾ। ਇਹ ਗਹਿਰੀ ਨੀਂਦ ਨਹੀਂ ਹੁੰਦੀ। ਜਦ ‘ਸੁਚੇਤ ਮਨ’ ਥੋੜ੍ਹਾ ਜਾਗਦਾ ਹੋਵੇ ਤਾਂ ਵਰਤਮਾਨ ਦੇ ਖ਼ਿਆਲ; ਰਾਤ ਨੂੰ ਪ੍ਰਗਟ ਹੋਣੇ ਸੁਭਾਵਕ ਹਨ। ਗੁਰਬਾਣੀ ਦੇ ਵੀ ਬਚਨ ਹਨ ‘‘ਦਿਨਹਿ ਬਿਕਾਰ ਕਰਤ ਸ੍ਰਮੁ (ਥੱਕ) ਪਾਇਓ ਨੈਨੀ ਨੀਦ ਸੁਪਨ ਬਰੜਾਇਓ ’’ (ਮਹਲਾ /੨੯੯), ਪਰ ਗਹਿਰੀ ਨੀਂਦ ’ਚ ‘ਅਚੇਤ ਮਨ’ ’ਚੋਂ ਉਪਜਿਆ ਸੁਪਨਾ; ਬੜੀ ਪੁਰਾਣੀ ਕਾਲ਼ਖ਼ ਵੱਲ ਇਸ਼ਾਰਾ ਕਰਦਾ ਹੈ, ਨਾ ਕਿ ਅਜੋਕੇ ‘ਸੁਚੇਤ ਮਨ’ ਦੁਆਰਾ ਲੱਗੀ ਕਿਸੇ ਮੈਲ਼ ਵੱਲ। ਖਗੋਲ ਵਿਗਿਆਨ ਮੁਤਾਬਕ ਇੱਕ ਬਲੈਕ ਹੋਲ ਦੇ ਨੇੜੇ ਸਮਾਂ ਰੁਕ ਜਾਂਦਾ ਹੈ; ਇਉਂ ਹੀ ਸੁੱਤੇ ਪਏ ਅਜੋਕੇ (ਯਾਨੀ ਕਿ ਪੰਜ ਤੱਤਾਂ ਤੋਂ ਜਨਮੇ) ‘ਸੁਚੇਤ ਮਨ’ ਨੂੰ ਘੰਟਿਆਂ ਦਾ ਜਾਪਣ ਵਾਲ਼ਾ ਸੁਪਨਾ; ਪੁਰਾਤਨ ‘ਅਚੇਤ ਮਨ’ ਲਈ 5 ਤੋਂ 20 ਮਿੰਟ ਦਾ ਸਮਾਂ ਹੀ ਹੁੰਦਾ ਹੈ। ‘ਅਚੇਤ ਮਨ’ ਦਾ ਸੁਪਨਾ ਅਗਰ ਅਜੋਕੇ ‘ਸੁਚੇਤ ਮਨ’ ਰਾਹੀਂ ਗਿਆ ਹੁੰਦਾ ਤਾਂ ਜਾਗਣ ਉਪਰੰਤ ਵੀ ਇਸ ਨੂੰ ਯਾਦ ਹੁੰਦਾ, ਜੋ ਅਕਸਰ ਚੇਤੇ ਨਹੀਂ ਰਹਿੰਦਾ।

ਪੁਰਾਤਨ ‘ਅਚੇਤ ਮਨ’ ਦਾ 5 ਤੋਂ 20 ਮਿੰਟ ਦਾ ਸਮਾਂ; ‘ਸੁਚੇਤ ਮਨ’ ਦੀ ਸਾਰੀ ਰਾਤ (6-8 ਘੰਟੇ) ਪ੍ਰਤੀਤ ਹੋਇਆ; ਇਉਂ ਹੀ ਬਿਗ ਬੈਂਗ ਧਮਾਕਾ ਭਾਵੇਂ ਖਗੋਲ (ਤਾਰਾ) ਵਿਗਿਆਨ ਲਈ 13.8 ਅਰਬ ਸਾਲ ਪਹਿਲਾਂ ਹੋਇਆ, ਪਰ ਜਿਸ ਬਲੈਕ ਹੋਲ ’ਚ ਇਹ ਧਮਾਕਾ ਹੋਇਆ ਉਸ ਦਾ ਅਜੇ ਤੱਕ ਇੱਕ ਮਿੰਟ ਭੀ ਪੂਰਾ ਨਾ ਹੋ ਸਕਿਆ। ਇਸ ਤੋਂ ਜਾਪਦਾ ਹੈ ਕਿ ਸਚਾਈ ਦੇ ਨੇੜੇ ਜਾਂਦਿਆਂ ਸਮਾਂ ਰੁਕ ਜਾਂਦਾ ਹੈ ਤਾਂ ਤੇ ਸਪਸ਼ਟ ਹੈ ਕਿ ‘ਸੁਚੇਤ ਮਨ’ ਦੇ ਮੁਕਾਬਲੇ ‘ਅਚੇਤ ਮਨ’; ਸਚਾਈ (ਸਰਬ ਵਿਆਪਕ ਪ੍ਰਭੂ) ਦੇ ਵੱਧ ਨੇੜੇ ਹੈ ਤਾਹੀਓਂ ‘ਅਚੇਤ ਮਨ’ ਤੋਂ ‘ਸੁਚੇਤ ਮਨ’ ਉਪਜਣ ਵਾਲ਼ਾ ਤੱਥ ਵਧੇਰੇ ਸਹੀ ਜਾਪਦਾ ਹੈ, ਨਾ ਕਿ ਮਨੋਵਿਗਿਆਨ ਵਾਲ਼ਾ ‘ਸੁਚੇਤ ਮਨ’ ’ਚੋਂ ‘ਅਚੇਤ ਮਨ’ ਬਣਿਆ, ਤੱਥ ਸਹੀ ਹੈ।

ਗੁਰਬਾਣੀ ਮੁਤਾਬਕ ਸੁਪਨਿਆਂ ’ਚ ਰੱਬ ਨੂੰ ਵੇਖਣਾ; ਇੱਕ ਸੰਭਾਵਨਾ ਮਾਤਰ ਹੈ, ਨਾ ਕਿ ਹਕੀਕਤ; ਜਿਵੇਂ ਕਿ ‘‘ਆਉ ਸਭਾਗੀ ਨੀਦੜੀਏ ! ਮਤੁ ਸਹੁ ਦੇਖਾ ਸੋਇ ’’ ਮਹਲਾ /੫੫੮) ਯਾਨੀ ਹੇ ਭਾਗਾਂ ਭਰੀ ਸੋਹਣੀ ਨੀਂਦ ! ਜਲਦੀ ਆ, ਸ਼ਾਇਦ ਤੇਰੇ ’ਚ ਹੀ (ਭਾਵ ਨੀਂਦ ’ਚ ਹੀ) ਪਤੀ ਨੂੰ ਵੇਖ ਸਕਾਂ। ਐਸੇ ਹੀ ਬਚਨ ਗੁਰੂ ਅਰਜਨ ਸਾਹਿਬ ਜੀ ਦੇ ਹਨ ‘‘ਕਬ ਦੇਖਉ ਪ੍ਰਭੁ ਆਪਨਾ; ਆਤਮ ਕੈ ਰੰਗਿ (’) ਜਾਗਨ ਤੇ ਸੁਪਨਾ ਭਲਾ; ਬਸੀਐ ਪ੍ਰਭ ਸੰਗਿ ਰਹਾਉ ’’ (ਮਹਲਾ /੮੧੬) ਅਰਥ : ਦਿਲੀ-ਪਿਆਰ ’ਚ ਰੰਗ ਕੇ ਕਦੋਂ ਆਪਣੇ ਪ੍ਰਭੂ ਨੂੰ ਵੇਖਾਂ। ਜਾਗਣ ਨਾਲ਼ੋਂ ਸੁਪਨਾ ਹੀ ਚੰਗਾ ਹੈ, (ਅਗਰ ਸੁਪਨੇ ’ਚ) ਪ੍ਰਭੂ ਨਾਲ਼ ਜੁੜ ਬੈਠੀਏ।

ਦੂਜੇ ਪਾਸੇ ਪ੍ਰਭੂ ਨਾਲ਼ ਇੱਕ-ਮਿਕ ਹੋਈ ਰੂਹ ਦੇ ਪਾਰਦਰਸ਼ੀ ਹੋਏ ਅੰਤਹਿਕਰਣ ’ਚੋਂ ਹਰ ਸਮੇਂ ਯਾਨੀ ਦਿਨ ਹੋਵੇ ਜਾਂ ਰਾਤ; ਰੱਬ ਚੇਤੇ ਆਉਣਾ ਹੀ ਹੈ। ਗੁਰੂ ਅਮਰਦਾਸ ਜੀ ਬਾਰੇ ਭੱਟ ਜਾਲਪ ਜੀ ਦੇ ਬਚਨ ਹਨ ‘‘ਸੁਪਨਿ ਇਕੁ, ਪਰਤਖਿ ਇਕੁ; ਇਕਸ ਮਹਿ ਲੀਣਉ ’’ (ਸਵਈਏ ਮਹਲੇ ਤੀਜੇ ਕੇ/ਭਟ ਜਾਲਪ/੧੩੯੪) ਅਰਥ : ਹੇ ਗੁਰੂ ਅਮਰਦਾਸ ਜੀ ! ਤੁਸੀਂ ਜਾਗਦੇ ਤੇ ਸੁੱਤੇ; ਇੱਕੋ ਮਾਲਕ ’ਚ ਲੀਨ ਹੋ। ਗੁਰੂ ਅਰਜਨ ਸਾਹਿਬ ਜੀ ਦੇ ਵੀ ਐਸੇ ਹੀ ਬਚਨ ਹਨ ‘‘ਸਜਣ ਮੁਖੁ ਅਨੂਪੁ; ਅਠੇ ਪਹਰ ਨਿਹਾਲਸਾ ਸੁਤੜੀ ਸੋ ਸਹੁ ਡਿਠੁ; ਤੈ ਸੁਪਨੇ ! ਹਉ ਖੰਨੀਐ ’’ (ਮਹਲਾ /੧੧੦੦) ਅਰਥ : ਖ਼ਸਮ ਦਾ ਸੋਹਣਾ ਮੁਖੜਾ; ਮੈ ਅੱਠੇ ਪਹਿਰ (ਦਿਨ ਅਤੇ ਰਾਤ) ਵੇਖਦੀ ਹਾਂ। ਸੁੱਤੀ ਵੀ ਉਸ ਪਤੀ ਨੂੰ ਵੇਖ ਰਹੀ ਹਾਂ ਤਾਂ ਤੇ ਹੇ ਸੁਪਨੇ ! ਮੈ ਤੈਥੋਂ ਕੁਰਬਾਨ ਹਾਂ।

ਸੋ ਜਿਸ ਨੂੰ ਦਿਨੇ ਨਿਰੰਤਰ ਰੱਬ ਚੇਤੇ ਰਹਿੰਦਾ ਹੈ ਉਸ ਨੂੰ ਹੀ ਰਾਤ ਸਮੇਂ ਚੇਤੇ ਹੁੰਦਾ ਹੈ, ਪਰ ਜਿਹੜੇ ਦਿਨੇ ਸਦਾ ਰੋਗ, ਗ਼ਮ ਤੇ ਦੁੱਖ ’ਚ ਡੁੱਬੇ ਹੁੰਦੇ ਹਨ ਉਨ੍ਹਾਂ ਨੂੰ ਸੁਪਨੇ ’ਚ ਰੱਬ ਕਿੱਥੇ ਮਿਲਣਾ ਹੈ ‘‘ਰੋਗ ਸੋਗ ਬਿਓਗੰ; ਨਾਨਕ ! ਸੁਖੁ ਸੁਪਨਹ ’’ (ਮਹਲਾ /੧੩੬੧), ਸੋ ਸਪਸ਼ਟ ਹੈ ਕਿ ਸਰਬ ਵਿਆਪਕ ਪੂਰਨ ਚੇਤਨਾ/ਰੱਬੀ ਜੋਤਿ ਹੀ ‘ਅਚੇਤ ਮਨ’ (ਮੈਲ਼ੇ ਅੰਤਹਿਕਰਣ) ’ਚੋਂ ਹੁੰਦੀ ਹੋਈ ਥੋੜ੍ਹੀ-ਬਹੁਤੀ (ਦਿਮਾਗ਼ ’ਚ) ਆਈ ਮੱਧਮ ਜਿਹੀ ਰੌਸ਼ਨੀ ਹੀ ‘ਸੁਚੇਤ ਮਨ’ ਹੈ, ਨਾ ਕਿ ‘ਸੁਚੇਤ ਮਨ’ ਦੀਆਂ ਇਛਾਵਾਂ (ਮੱਧਮ ਰੌਸ਼ਨੀ) ਰਾਹੀਂ ‘ਅਚੇਤ ਮਨ’ (ਮੈਲ਼ਾ ਅੰਤਹਿਕਰਣ) ਬਣਿਆ ਹੁੰਦਾ ਹੈ।

ਪੈਦਾਇਸ਼ ਤੋਂ ਹਰ ਜੀਵ-ਜੰਤ ਨੂੰ ਆਪਣਾ ਭੋਜਨ ਪ੍ਰਾਪਤ ਕਰਨ ਅਤੇ ਆਪਣੀ ਔਲਾਦ ਵਧਾਉਣ ਜੋਗੀ ਸੂਝ; ਜ਼ਰੂਰ ਮਿਲੀ ਹੁੰਦੀ ਹੈ। ਜਿਸ ਦੀ ਵਰਤੋਂ ਕਰਦਿਆਂ ਪੰਛੀ; ਅੰਡੇ ਦੇਣ ਤੋਂ ਪਹਿਲਾਂ ਆਲ੍ਹਣਾ ਅਤੇ ਕੁੱਤੀ; ਬੱਚੇ ਦੇਣ ਤੋਂ ਪਹਿਲਾਂ ਘੋਰਨਾ ਬਣਾ ਲੈਂਦੀ ਹੈ। ਉਨ੍ਹਾਂ ਨੂੰ ਐਸੇ ਸੰਸਕਾਰ; ਮਾਤਾ ਪਿਤਾ ਵੱਲੋਂ ਨਹੀਂ ਮਿਲੇ ਹੁੰਦੇ। ਗੁਰੂ ਨਾਨਕ ਸਾਹਿਬ ਜੀ ਦੇ ਇਹੀ ਬਚਨ ਹਨ ‘‘ਏਕਾ ਸੁਰਤਿ, ਜੇਤੇ ਹੈ ਜੀਅ ਸੁਰਤਿ ਵਿਹੂਣਾ; ਕੋਇ ਕੀਅ ’’ (ਮਹਲਾ /੨੫) ਅਰਥ : ਜਿੰਨੇ ਵੀ ਜੀਵ-ਜੰਤ ਹਨ ਉਨ੍ਹਾਂ ਨੂੰ ਸੂਝ; ਇੱਕੋ (ਪ੍ਰਭੂ ਨੇ) ਬਖ਼ਸ਼ੀ ਹੈ। ਅਕਲ ਤੋਂ ਬਿਨਾਂ ਕੋਈ ਜੀਵ-ਜੰਤ ਪੈਦਾ ਨਹੀਂ ਕੀਤਾ। ਸਿਗਮੰਡ ਫ਼ਰਾਇਡ ਦੇ ਸ਼ਬਦਾਂ ’ਚ ਇਹ ਮੱਧਮ ਜਿਹੀ ਸੂਝ ਹੀ ਸੁਚੇਤ ਮਨ ਹੈ, ਜੋ ਪੂਰਨ ਮਨ-ਸ਼ਕਤੀ ਦਾ ਮਾਤਰ 10% ਭਾਗ ਮੰਨਿਆ ਗਿਆ।

ਸਿਗਮੰਡ ਫ਼ਰਾਇਡ ਮੁਤਾਬਕ ‘ਸੁਚੇਤ ਮਨ’ ਅਤੇ ‘ਅਚੇਤ ਮਨ’ ਨੂੰ ਜੋੜਦੀ ਕੜੀ; ‘ਅਰਧ ਅਚੇਤ ਮਨ’ ਹੈ। ‘ਅਚੇਤ ਮਨ’ ਨਾਲ਼ ‘ਅਰਧ/ਅੱਧਾ’ ਸ਼ਬਦ ਲਗਾ ਕੇ ਇਸ ਦਾ ਨਾਂ ‘ਅਰਧ ਅਚੇਤ ਮਨ’ ਪਿਆ ਯਾਨੀ ਇਹ ਮਨ; ‘ਅਚੇਤ ਮਨ’ ਦੀ ਤਰ੍ਹਾਂ ਪੂਰਨ ਬੇਹੋਸ਼ ਨਹੀਂ; ਕੇਵਲ ਅੱਧਾ ਬੇਹੋਸ਼/ਬੇਸੁਰਤ ਹੈ ਅਤੇ ਅੱਧਾ ‘ਸੁਚੇਤ ਮਨ’ ਵਾਙ ਵਰਤਮਾਨ ਦੀ ਹਰ ਗਤੀ ’ਚ ਹਿੱਸਾ ਲੈਂਦਾ ਹੈ; ਜਿਵੇਂ ਕਿ ਲੜਕੀ ਤੋਂ ਪ੍ਰਭਾਵਤ ਉਕਤ ਲੜਕੇ ਬਾਰੇ ਪੂਰਨ ਜਾਣਕਾਰੀ ਹੋਣ ਕਾਰਨ ਇਸ ਨੇ ਸੁਪਨੇ ਰਾਹੀਂ ਉਸ ਦੀ ਭਾਵਨਾ ਨੂੰ ਪ੍ਰਗਟ ਕਰ ਦਿੱਤਾ। ਇਸ ਨੂੰ ਸਮਝਣ ਦਾ ਸੌਖਾ ਤਰੀਕਾ ਇਹ ਹੈ ਕਿ ਜਨਮ ਸਮੇਂ ਜੇਕਰ ਕਿਸੇ ਅੰਦਰ ‘ਜਨਮ ਜਨਮ ਕੀ ਮੈਲ਼/ਕੂੜ ਦੀ ਪਾਲਿ’ 90% ਸੰਘਣੀ ਸੀ, ਕਾਲ਼ੀ ਸੀ ਤਾਂ 50 ਸਾਲ ਦੀ ਉਮਰ ਹੋਣ ਤੱਕ ਉਸ ਮੁਤਾਬਕ ਕੀਤੇ ਪਾਪਾਂ ਦੀ ਮੈਲ਼ ਇਸ ਵਿੱਚ ਹੋਰ ਜਮ੍ਹਾ ਹੋ ਗਈ।  ਇਹ ਮੈਲ਼ ਭਾਵੇਂ ‘ਅਚੇਤ ਮਨ’ ’ਚ ਹੀ ਜਮ੍ਹਾ ਹੋਈ, ਪਰ ਇਸ ਤੋਂ ‘ਅਰਧ ਅਚੇਤ ਮਨ’ ਪੂਰਨ ਤੌਰ ’ਤੇ ਜਾਣੂ ਹੈ ਕਿਉਂਕਿ ਇਹ, ਇਸ ਜਨਮ ਦੀ ਮੈਲ਼ ਹੈ, ਨਾ ਕਿ ਪਿਛਲੇ ਜਨਮਾਂ ਦੀ। ਸੰਮੋਹਨ (Hypnosis) ਸਮੇਂ ‘ਅਰਧ ਅਚੇਤ ਮਨ’ ਇਹ ਮੈਲ਼, ਜੋ ਕਿ ਸ਼ੈਤਾਨ ‘ਸੁਚੇਤ ਮਨ’ ਨੇ ਛੁਪਾ ਲਈ ਸੀ, ਉਸ ਨੂੰ ਪ੍ਰਗਟ ਕਰ ਦਿੰਦਾ ਹੈ। ਇਸ ਨੂੰ ‘ਘਰ ਦਾ ਭੇਤੀ, ਲੰਕਾ ਢਾਹੇ’ ਨਾਂ ਵੀ ਦਿੱਤਾ ਜਾ ਸਕਦਾ ਹੈ ਕਿਉਂਕਿ ਇਸ ਦੀ ਪੂਛ ਪਕੜ ਕੇ ਹੀ ਸੰਨ 1921-1922 ਤੋਂ ਦੁਨੀਆਭਰ ’ਚ ਝੂਠ ਪਕੜਨ ਲਈ ‘ਨਾਰਕੋ ਟੈਸਟ, ਬ੍ਰੇਨ ਮੈਪਿੰਗ ਅਤੇ ਪਾੱਲੀਗ੍ਰਾਫ’ ਟੈਸਟ ਹੋਣ ਲੱਗੇ ਹਨ। ਭਾਰਤ ’ਚ ਸੁਪਰੀਮ ਕੋਰਟ ਨੇ 5 ਮਈ 2010 ਨੂੰ ਕੈਦੀ ਦੀ ਮਰਜ਼ੀ ਤੋਂ ਬਿਨਾਂ ਇਹ ਟੈਸਟ ਕਰਨ ’ਤੇ ਰੋਕ ਲਗਾਉਂਦਿਆਂ ਕਿਹਾ ਕਿ ਇਹ, ਮਨੁੱਖੀ ਅਧਿਕਾਰਾਂ ਵਿਰੁੱਧ ਹੈ।

‘ਸੁਚੇਤ ਮਨ’ ਦੀ ਕਥਨੀ ਅਤੇ ਕਰਨੀ ਨੂੰ ਨੰਗਾ ਕਰਨ ਵਾਲ਼ੇ ਇਸ ‘ਅਰਧ ਅਚੇਤ ਮਨ’ ਨੂੰ ‘ਅਚੇਤ ਮਨ’ ਦੀ ਬਾਕੀ 90% ਮੈਲ਼ ਤੋਂ ਭੀ ਜਾਣੂ ਕਰਾ ਕੇ ਗੁਰਬਾਣੀ; ‘ਸੁਚੇਤ ਮਨ’ ਨੂੰ ਕੁਕਰਮ ਕਰਨ ਤੋਂ ਰੋਕਦੀ ਹੈ। ਉਸ ਦਾ ਅਹੰਕਾਰ ਅਤੇ ਕਠੋਰਪਣ; ਤੋੜਦੀ ਹੈ, ਜਿਸ ਤੋਂ ਬਾਅਦ ਅੰਤਹਿਕਰਣ ਨੂੰ ਲੱਗੀ ਜਨਮ-ਜਨਮ ਦੀ ਮੈਲ਼ ਘਟਦੀ ਹੈ ਅਤੇ ਅੰਦਰ ਵੱਸਦੀ ਰੱਬੀ ਜੋਤਿ/ਚੇਤਨ ਸੱਤਾ ਦਾ ਦਿਮਾਗ਼ ਨੂੰ ਪੂਰਨ ਅਹਿਸਾਸ ਹੁੰਦਾ ਹੈ, ਪਰ ਇਹ ਕਦਮ ਪੁੱਟਣਾ ਅਸਾਨ ਨਹੀਂ ‘‘ਏਹਾ ਬਾਤ ਕਠੈਨੀ (ਕਠਿਨ) ’’ (ਮਹਲਾ /੮੦੦), ਇਸ ਲਈ ਕੋਈ ਗੁਰੂ ਪਿਆਰਾ ਹੀ ਇਸ ਵਿੱਚ ਸਫਲ ਹੁੰਦਾ ਹੈ; ਜਿਵੇਂ ਕਿ ਬਚਨ ਹਨ ‘‘ਇਹੁ ਮਨੁ ਆਰਸੀ; ਕੋਈ ਗੁਰਮੁਖਿ ਵੇਖੈ ’’ (ਮਹਲਾ /੧੧੫) ਯਾਨੀ ਗੁਰਮੁਖ; ਆਪਣੇ ਅੰਤਹਿਕਰਣ-ਮਨ ਨੂੰ ਪੜਚੋਲਦਾ ਹੈ, ਵਿਕਾਰ-ਵਾਸ਼ਨਾ ਵੱਲੋਂ ਸਾਵਧਾਨ ਰਹਿੰਦਾ ਹੈ; ਸ਼ੀਸ਼ੇ ਵਾਙ ਪਾਰਦਰਸ਼ੀ ਹੋਏ ਅੰਤਹਿਕਰਣ ’ਚੋਂ ਉਸ ਨੂੰ ਆਪਣੇ ਅੰਦਰੋਂ ਰੱਬੀ ਗੁਣਾਂ ਵਰਗਾ ਅਹਿਸਾਸ ਹੁੰਦਾ ਹੈ। ਜਦ ਜਗਿਆਸੂ ਨੂੰ ਸਾਰੀ ਸ੍ਰਿਸ਼ਟੀ ਇੱਕ ਅਕਾਲ ਪੁਰਖ ਦੇ ਹੁਕਮ ’ਚ ਵਿਚਰਦੀ ਪ੍ਰਤੀਤ ਹੁੰਦੀ ਹੈ ਤਾਂ ਹਾਂ ਪੱਖੀ ਵਿਚਾਰ ਉਪਜਦੇ-ਉਪਜਦੇ ਸਹਿਜ ਅਵਸਥਾ ਅਤੇ ਮਾਨਸਿਕ ਬਲ ਪੈਦਾ ਕਰਨ ਲੱਗਦੇ ਹਨ।

ਬੋਧੀ ਅਤੇ ਜੈਨ ਧਰਮ ਨੇ ਮਨ ਦੀ ਸ਼ੁੱਧਤਾ ਨੂੰ ਹੀ ਰੱਬ ਮੰਨਿਆ ਹੈ ਭਾਵ ਇਹ ਦੋਵੇਂ ਮਜ਼੍ਹਬ ਕਿਸੇ ਅਦ੍ਰਿਸ਼ ਸ਼ਕਤੀ ਦੀ ਹੋਂਦ ’ਤੇ ਵਿਸ਼ਵਾਸ ਨਹੀਂ ਕਰਦੇ ਅਤੇ ਉਸ ਦੀ ਬਖ਼ਸ਼ਸ਼ ’ਤੇ ਵੀ ਨਿਰਭਰ ਨਹੀਂ ਰਹਿੰਦੇ ਜਦਕਿ ਗੁਰਬਾਣੀ ਉਪਦੇਸ਼ ਹੈ ‘‘ਛਛੈ; ਛਾਇਆ ਵਰਤੀ ਸਭ ਅੰਤਰਿ, ਤੇਰਾ ਕੀਆ ਭਰਮੁ ਹੋਆ ’’ (ਪਟੀ/ਮਹਲਾ /੪੩੩) ਅਰਥ : ਹੇ ਸ੍ਰਿਸ਼ਟੀ ਦੇ ਰਚਨਹਾਰ ! (ਤੇਰੀ ਸਰਬ ਵਿਆਪਕ ਨਿਰਮਲ ਜੋਤਿ ਵੱਲੋਂ ਪਰਦਾ ਕਰਨ ਵਾਲ਼ੀ ਅੰਤਹਿਕਰਣ ਦੀ ਮੱਧਮ) ਪਰਛਾਈ; ਹਰ ਜੀਵ ਦੇ ਦਿਮਾਗ਼ ’ਤੇ ਪਈ ਹੈ, ਜੋ ਤੇਰੇ ਦੁਆਰਾ ਮਨੁੱਖ ਅੰਦਰ ਪਾਇਆ ਭਰਮ ਹੈ, ਦੁਬਿਧਾ ਹੈ, ਵਿਕਲਪ ਹੈ ਤਾਂ ਤੇ ਸਾਫ਼ ਹੈ ਕਿ ਇਨ੍ਹਾਂ ਧਰਮਾਂ ਦੇ ਅਨੁਯਾਈ ‘‘ਮਨਿ ਜੀਤੈ, ਜਗੁ ਜੀਤੁ ’’ (ਜਪੁ) ਵਾਲ਼ੀ ਖੇਡ ਤੋਂ ਬਹੁਤ ਦੂਰ ਰਹੇ ਹਨ।

ਮਹਾਤਮਾ ਬੁੱਧ ਮੁਤਾਬਕ ਸਭ ਤੋਂ ਉੱਚੀ ਅਵਸਥਾ ‘ਨਿਰਵਾਣ’ (ਸੰਸਾਰਕ ਬੰਧਨਾਂ ਤੋਂ ਮੁਕਤੀ) ਹੈ (ਨਾ ਕਿ ਕਿਸੇ ਰੱਬ ਦੀ ਪ੍ਰਾਪਤੀ ਭੀ) ਅਤੇ ਮਹਾਂਵੀਰ ਜੈਨ ਮੁਤਾਬਕ ਸਭ ਤੋਂ ਉੱਚੀ ਅਵਸਥਾ ‘ਕੈਵਲਯ’ (ਕੇਵਲ ਏਕਤਾ) ਹੈ, ਜਿਸ ਵਿੱਚ ਕੇਵਲ ‘ਅਹਿੰਸਾ, ਸ਼ਾਂਤੀ, ਗ੍ਰਿਹਸਤੀ ਦਾ ਤਿਆਗ’ ਆਦਿ ਗੁਣ ਹਨ। ਇਹ ਹਵਾਲੇ ਦੇਣ ਦਾ ਮਤਲਬ; ਰੱਬ ਦੀ ਹੋਂਦ ਅਤੇ ਉਸ ਦੀ ਮਿਹਰ ਤੋਂ ਇਨਕਾਰੀ ਕੁੱਝ ਸਿੱਖ, ਜੋ ਬੋਧੀ ਅਤੇ ਜੈਨੀਆਂ ਵਾਙ ‘ਮਨ’ ਨੂੰ ਪੜ੍ਹ ਕੇ ਆਪ ਹੀ ਕਾਬੂ ਕਰ ਲੈਣ ਲਈ ‘ਵਿਰਲਾ ਮਨ, ਨਿਵੇਕਲਾ ਮਨ’ ਦੀ ਰੱਟ ਲਾਉਂਦੇ ਹਨ, ਉਨ੍ਹਾਂ ਨੂੰ ਚੇਤੇ ਕਰਾਉਣਾ ਹੈ ਕਿ ‘ਮਨ’ ਦੇ ਸਾਰੇ ਰਾਜ਼ ਜਾਣਨ ਵਾਲ਼ਾ ਸਿਗਮੰਡ ਫ਼ਰਾਇਡ; ਆਪਣਾ ਮਨ ਨਾ ਜਿੱਤ ਸਕਿਆ। ਸੰਨ 1933 ’ਚ ਜਦ ਅਡੋਲਫ਼ ਹਿਟਲਰ ਨੇ ਜਰਮਨੀ ਦਾ ਰਾਜ ਸੰਭਾਲ਼ਿਆ ਤਾਂ ਯਹੂਦੀਆਂ ਨੂੰ ਚੁਣ-ਚੁਣ ਮਾਰਨ ਲੱਗਿਆ। ਉਸ ਨੇ ਸਿਗਮੰਡ ਫ਼ਰਾਇਡ ਨੂੰ ਵੀ ਕੈਦ ਕਰ ਕੇ ਤਸੀਹੇ ਦਿੱਤੇ। ਇਸ ਦੀਆਂ ਸਾਰੀਆਂ ਕਿਤਾਬਾਂ ਜਲ਼ਾ ਦਿੱਤੀਆਂ। ਅਮਰੀਕੀ ਰਾਜਦੂਤ ਦੇ ਦਬਾਅ ਕਾਰਨ ਜਦ ਹਿਟਲਰ ਨੇ ਇਸ ਨੂੰ ਰਿਹਾਅ ਕੀਤਾ ਤਾਂ ਡਰਦਿਆਂ ਇਸ ਨੇ ਲਿਖ ਵੀ ਦਿੱਤਾ ਕਿ ਮੇਰੇ ਉੱਤੇ ਕੋਈ ਤਸ਼ੱਦਦ ਨਹੀਂ ਹੋਇਆ। ਇਹ, ਸਿਗਰਟ ਵੀ ਨਾ ਛੱਡ ਸਕਿਆ, ਜਿਸ ਕਾਰਨ ਗਲ਼ੇ ’ਚ ਹੋਏ ਕੈਂਸਰ ਨਾਲ਼ 23 ਸਤੰਬਰ 1939 ਨੂੰ ਇੰਗਲੈਂਡ ’ਚ ਮੌਤ ਹੋ ਗਈ। ਆਪਣੀ ਲਿਖਤ ’ਚ ਇਸ ਨੇ ਖ਼ੁਦ ਮੰਨਿਆ ਕਿ ਬਚਪਨ ਦੀਆਂ ਤਰੰਗਾਂ (ਵਾਸ਼ਨਾਵਾਂ) ਬਿਲਕੁਲ ਨਹੀਂ ਮਰ ਸਕਦੀਆਂ । ਇਸ ਦੀ ਇੱਕ ਖੋਜ (ਇਲੈਕਟਰਾ ਅਤੇ ਓਡੀਪਸ ਕੰਪਲੈਕਸ) ਬੜੀ ਵਿਵਾਦਪੂਰਨ ਸੀ, ਜਿਸ ਮੁਤਾਬਕ ਵਿਰੋਧੀ ਲਿੰਗ; ਜਿਵੇਂ ਕਿ ਲੜਕੇ ਦਾ ਵੱਧ ਝੁਕਾਅ ਮਾਤਾ ਵੱਲ ਅਤੇ ਲੜਕੀ ਦਾ ਵੱਧ ਝੁਕਾਅ ਪਿਤਾ ਵੱਲ ਹੁੰਦਾ ਹੈ। ਇਸ ਨੂੰ ਸਹੀ ਮੰਨ ਕੇ ਪੰਥ ਰਤਨ ਸੰਤ ਸਿੰਘ ਜੀ ਮਸਕੀਨ; ਗੁਰੂ ਨਾਨਕ ਸਾਹਿਬ ਜੀ ਦੇ ਇਨ੍ਹਾਂ ਬਚਨਾਂ ਦੇ ਗ਼ਲਤ ਅਰਥ ਲੈਂਦੇ ਰਹੇ ‘‘ਬਾਲ ਕੰਨਿਆ ਕੌ ਬਾਪੁ ਪਿਆਰਾ.. ’’ (ਮਹਲਾ /੫੯੬) ਭਾਵ ਛੋਟੀ ਬੱਚੀ ਨੂੰ ਆਪਣਾ ਪਿਤਾ, ਵੱਧ ਪਿਆਰਾ ਹੁੰਦਾ ਹੈ ਜਦਕਿ ਸ਼ਬਦ ਪ੍ਰਸੰਗ ਇਹ ਚੱਲਦਾ ਪਿਆ ਸੀ ‘‘ਮਾਇ ਬਾਪ ਕੋ ਬੇਟਾ ਨੀਕਾ; ਸਸੁਰੈ ਚਤੁਰੁ ਜਵਾਈ ਬਾਲ ਕੰਨਿਆ ਕੌ ਬਾਪੁ ਪਿਆਰਾ; ਭਾਈ ਕੌ ਅਤਿ ਭਾਈ ਹੁਕਮੁ ਭਇਆ ਬਾਹਰੁ ਘਰੁ ਛੋਡਿਆ; ਖਿਨ ਮਹਿ ਭਈ ਪਰਾਈ ਨਾਮੁ ਦਾਨੁ ਇਸਨਾਨੁ ਮਨਮੁਖਿ; ਤਿਤੁ ਤਨਿ ਧੂੜਿ ਧੁਮਾਈ ਮਨੁ ਮਾਨਿਆ ਨਾਮੁ ਸਖਾਈ ਪਾਇ ਪਰਉ, ਗੁਰ ਕੈ ਬਲਿਹਾਰੈ; ਜਿਨਿ, ਸਾਚੀ ਬੂਝ ਬੁਝਾਈ ਰਹਾਉ ’’ (ਮਹਲਾ /੫੯੬) ਅਰਥ : ਜੋ ਪੁੱਤਰ; ਕਦੇ ਮਾਤਾ ਪਿਤਾ ਦਾ ਪਿਆਰਾ ਸੀ।, ਸਹੁਰੇ ਦੀਆਂ ਨਜ਼ਰਾਂ ’ਚ ਸਿਆਣਾ ਜਵਾਈ ਸੀ।, ਬੱਚੇ-ਬੱਚੀਆਂ ਲਈ ਪਿਆਰਾ ਪਿਤਾ ਸੀ।, ਭਰਾ ਵਾਸਤੇ ਚੰਗਾ ਭਰਾ ਸੀ।, ਉਸ ਨੂੰ ਜਦ ਮੌਤ ਦਾ ਸੁਨੇਹਾ ਆਇਆ ਤਾਂ ਸਾਰੇ ਘਰ-ਬਾਰ ਛੱਡ ਗਿਆ। ਇੱਕ ਛਿਣ ਵਿੱਚ ਇਹ ਸਭ ਪਰਾਏ ਹੋ ਗਏ। ਮਨਮੁਖ (ਪੁੱਤਰ) ਨੇ (ਪਰਵਾਰਿਕ ਮੋਹ ਕਾਰਨ) ਕਦੇ (ਸਦੀਵੀ ਸਾਥ ਦੇਣ ਵਾਲ਼ੇ ਰੱਬ ਦਾ) ਨਾਮ ਨਾ ਜਪਿਆ। ਗ਼ੈਰਾਂ ਦੀ ਕੋਈ ਸੇਵਾ ਵੀ ਨਾ ਕਰ ਸਕਿਆ, ਜਿਸ ਕਾਰਨ ਮਨ; ਸ਼ੁੱਧ ਨਾ ਹੋਇਆ। ਆਪਣੇ ਸਰੀਰ ਨਾਲ਼ ਕੇਵਲ ਖੇਹ/ਮਿੱਟੀ ਉਡਾਈ (ਅਰਥਹੀਣ ਕੰਮ ਕੀਤੇ)॥੧॥ (ਦੂਜੇ ਪਾਸੇ ਗੁਰਮੁਖ; ਉਸ ਨੂੰ ਬੋਲਦਾ ਭੀ ਰਿਹਾ ਕਿ) ਮੈ ਆਪਣੇ ਸਤਿਗੁਰੂ ਤੋਂ ਕੁਰਬਾਨ ਹਾਂ, ਉਸ ਦੇ ਚਰਨੀਂ ਪੈਂਦਾ ਹਾਂ, ਜਿਸ ਨੇ ਸਹੀ ਸੂਝ ਬਖ਼ਸ਼ੀ ਕਿ (ਰੱਬ ਦਾ) ਨਾਮ ਹੀ ਸਦੀਵੀ ਸਾਥੀ ਹੈ (ਨਾ ਕਿ ਪਰਵਾਰਿਕ ਸਾਕ-ਸੰਬੰਧੀ)। ਮੈਨੂੰ ਆਪਣੇ ਗੁਰੂ ਦੇ ਇਸ ਉਪਦੇਸ਼ ’ਤੇ ਪੂਰਨ ਯਕੀਨ ਹੈ॥ ਰਹਾਉ॥

ਨੋਟ : ਮਸਕੀਨ ਜੀ ਨੇ ‘ਬਾਲ ਕੰਨਿਆ’ ਸ਼ਬਦਾਂ ਦਾ ਅਰਥ ‘ਛੋਟੀ ਬੱਚੀ’ ਕੀਤਾ ਜਦਕਿ ਪ੍ਰਸੰਗ ਮੁਤਾਬਕ ‘ਬਾਲ’ ਦਾ ਅਰਥ ‘ਬੱਚੇ’ (ਬਹੁ ਬਚਨ) ਤੇ ‘ਕੰਨਿਆ’ ਦਾ ਅਰਥ ‘ਬੱਚੀਆਂ’ (ਬਹੁ ਬਚਨ) ਸੀ। ਗੁਰੂ ਜੀ ਆਪ ਹੀ ਅਗਾਂਹ ਇਸੇ ਸ਼ਬਦ ’ਚ ਹੋਰ ਸਪਸ਼ਟ ਕਰਦੇ ਹਨ ਕਿ ‘ਜਗਤ ਪਿਆਰ; ਝੂਠਾ ਹੈ, ਸਦੀਵੀ ਸਾਥ ਦੇਣ ਵਾਲ਼ਾ ਨਹੀਂ, ਜਿਸ ਖ਼ਾਤਰ ਮਨਮੁਖ; ਗੁਰਮੁਖਾਂ (ਦੀ ਗੱਲ ਮੰਨਣ ਦੀ ਥਾਂ ਉਨ੍ਹਾਂ) ਨਾਲ਼ ਝਗੜਦੇ ਹਨ’ ‘‘ਜਗ ਸਿਉ ਝੂਠ ਪ੍ਰੀਤਿ ਮਨੁ ਬੇਧਿਆ; ਜਨ (ਗੁਰਮੁਖਾਂ) ਸਿਉ ਵਾਦੁ ਰਚਾਈ ’’ (ਮਹਲਾ /੫੯੬), ਸੋ ‘‘ਬਾਲ ਕੰਨਿਆ ਕੌ ਬਾਪੁ ਪਿਆਰਾ.. ’’ ਦਾ ਭਾਵਾਰਥ; ਸਿਗਮੰਡ ਫ਼ਰਾਇਡ ਦੀ ਸੋਚ ਨਾਲ਼ ਸੰਬੰਧਿਤ ਨਹੀਂ, ਉਸ ਦੀ ਖੋਜ ਦੀ ਪੁਸ਼ਟੀ ਨਹੀਂ ਕਰਦਾ।

ਰੀੜ੍ਹ ਦੀ ਹੱਡੀ ਵਾਲ਼ੇ ਸਾਰੇ ਜੀਵ-ਜੰਤਾਂ ’ਚ ‘ਮਨ’ ਹੁੰਦਾ ਹੈ ਤਾਹੀਓਂ ਨਿਊਰੋਲੋਜੀ ਡਾਕਟਰ; ਦਿਮਾਗ਼ ਤੇ ਰੀੜ੍ਹ ਦੀ ਹੱਡੀ ਆਦਿ ਰੋਗਾਂ ਦੇ ਮਾਹਰ ਹੁੰਦੇ ਹਨ। ‘ਮਨ’ ਨੂੰ ‘ਦਿਮਾਗ਼’ ਨਹੀਂ ਕਹਿ ਸਕਦੇ। ਦਿਮਾਗ਼; ਐਕਸਰੇ ਅਤੇ ਸੀ. ਟੀ. ਸਕੈਨ (Computed Tomography Scans) ਨਾਲ਼ ਸਮਝਿਆ ਜਾ ਸਕਦਾ ਹੈ, ਮਨ ਨੂੰ ਨਹੀਂ। ਦਿਮਾਗ਼ ਦਾ ਭਾਰ ਬਾਲਗ ਮਨੁੱਖ ’ਚ 1336 ਗ੍ਰਾਮ ਤੇ ਔਰਤ ’ਚ 1198 ਗ੍ਰਾਮ ਹੁੰਦਾ ਹੈ, ਜੋ ਉਮਰ ਵਧਣ ਨਾਲ਼ ਹਰ ਸਾਲ ਮਰਦਾਂ ’ਚ 2.7 ਗ੍ਰਾਮ ਤੇ ਔਰਤਾਂ ’ਚ 2.3 ਗ੍ਰਾਮ ਘਟਦਾ ਜਾਂਦਾ ਹੈ। ਬਜ਼ੁਰਗ ਅਵਸਥਾ ਸਮੇਂ ਆਪਣਾ ਅਨੁਭਵ ਬਿਆਨ ਕਰਦੇ ਹੋਏ ਗੁਰੂ ਅਮਰਦਾਸ ਜੀ ਸਮਝਾਉਂਦੇ ਹਨ ਕਿ ਇਹ ਕਮਜ਼ੋਰੀ ਗੁਰਮੁਖਾਂ ਅੰਦਰ ਨਹੀਂ ਆਉਂਦੀ ਕਿਉਂਕਿ ਰੱਬ ਦੇ ਗੁਣ ਗਾ-ਗਾ ਕੇ ਉਨ੍ਹਾਂ ਦੀ ਉੱਚੀ ਹੋਈ ਸੁਰਤਿ; ਜੀਵਨ ਨੂੰ ਸਦਾ ਅਡੋਲ/ਸ਼ਾਂਤ ਰੱਖਦੀ ਹੈ ‘‘ਗੁਰਮੁਖਿ ਬੁਢੇ ਕਦੇ ਨਾਹੀ; ਜਿਨ੍ਹਾ ਅੰਤਰਿ ਸੁਰਤਿ ਗਿਆਨੁ   ਸਦਾ ਸਦਾ ਹਰਿ ਗੁਣ ਰਵਹਿ; ਅੰਤਰਿ ਸਹਜ ਧਿਆਨੁ ’’ (ਮਹਲਾ /੧੪੧੮)

ਸੋ ‘ਅਚੇਤ ਮਨ’; ਆਪਣੀ ਕਾਲ਼ਖ਼ ਨੂੰ ਦਿਮਾਗ਼ ’ਚੋਂ ਪ੍ਰਗਟ ਕਰਕੇ ਮੱਤ (‘ਸੁਚੇਤ ਮਨ’ ਦਾ ਸੁਭਾਅ) ਨੂੰ ਜਨਮ ਦਿੰਦਾ ਹੈ। ‘ਮੱਤ’ ਦਾ ਅਰਥ ਹੈ ‘ਮਮਤਾ’, ਜੋ ਪਦਾਰਥਾਂ ਨਾਲ਼ ਸੰਬੰਧ ਬਣਾ ਅਹੰਕਾਰ ਬਿਰਤੀ ਨੂੰ ਜਨਮ ਦਿੰਦੀ ਹੈ। ਇਸ ਤੋਂ ਮੁਕਤ ਹੋਣਾ ਹੀ ਮਨ ਨੂੰ ਕਾਬੂ ਕਰਨਾ ਹੈ ਭਾਵੇਂ ਕਿ ਇਹ ਕੰਮ ਸੌਖਾ ਨਹੀਂ ‘‘ਮਨ ਕੀ ਮਤਿ ਤਿਆਗਹੁ ਹਰਿ ਜਨ ! ਏਹਾ ਬਾਤ ਕਠੈਨੀ (ਕਠਿਨ)’’ (ਮਹਲਾ /੮੦੦) ਮੱਤ ਦਾ ਆਧਾਰ ਭਾਵੇਂ ਧੁੰਦਲਾ ਹੈ, ਝੂਠ ਹੈ, ਫਿਰ ਵੀ ਬੰਦਾ ਇਸ ’ਤੇ ਮਾਣ ਕਰ-ਕਰ ਹੋਰਾਂ ਨਾਲ਼ ਝਗੜਦਾ ਹੈ ‘‘ਝੂਠੀ ਮਨ ਕੀ ਮਤਿ ਹੈ; ਕਰਣੀ ਬਾਦਿ ਬਿਬਾਦੁ ’’ (ਮਹਲਾ /੧੩੪੩), ਪਦਾਰਥਾਂ ਵੱਲੋਂ ਨਿਰਮੋਹ ਹੋਣ ਦਾ ਇੱਕੋ-ਇੱਕ ਤਰੀਕਾ ਹੈ ਕਿ ਸਤਿਗੁਰੂ ਦੀ ਦਿੱਬ-ਦ੍ਰਿਸ਼ਟੀ (ਆਤਮਾ ਦੀ ਆਵਾਜ਼ ਯਾਨੀ ਅਲੌਕਿਕ ਖ਼ਿਆਲ) ਅਪਣਾਅ ਕੇ, ਸੁਣ ਕੇ ਵਿਖਾਈ ਦਿੰਦੇ ਸਾਰੇ ਜਗਤ ਯਾਨੀ ਮਾਇਆ ਮੋਹ ਨੂੰ ਵਕਤੀ ਜਾਣਨਾ ਕਿਉਂਕਿ ਇਹ ਸਦੀਵੀ ਸਾਥ ਦੇਣ ਵਾਲ਼ਾ ਨਹੀਂ, ਤਾਂ ਹੀ ਮੱਤ ਨੂੰ ਰੱਜ ਆਏਗਾ, ਭਟਕਣੋਂ ਹਟੇਗੀ, ਵਿਕਲਪ ਮਰੇਗਾ। ਗੁਰੂ ਅਰਜਨ ਸਾਹਿਬ ਜੀ ਨੇ ਇਹ ਬਚਨ ਵਾਰ-ਵਾਰ ਕੀਤੇ ਹਨ ‘‘ਜੋ ਦੀਸੈ ਸੋ ਵਿਣਸਣਾ; ਮਨ ਕੀ ਮਤਿ ਤਿਆਗੁ ਰਹਾਉ (ਮਹਲਾ /੫੦), ਮਨ ਕੀ ਮਤਿ ਤਿਆਗਹੁ ਹਰਿ ਜਨ ! ਹੁਕਮੁ ਬੂਝਿ, ਸੁਖੁ ਪਾਈਐ ਰੇ (ਮਹਲਾ /੨੦੯), ਮਨ ਕੀ ਮਤਿ ਤਿਆਗੀਐ; ਸੁਣੀਐ ਉਪਦੇਸੁ ਰਹਾਉ (ਮਹਲਾ /੮੧੪), ਜੋ ਗੁਰੁ ਕਹੈ, ਸੋਈ ਭਲ ਮੀਠਾ; ਮਨ ਕੀ ਮਤਿ ਤਿਆਗਿ ਰਹਾਉ ’’ (ਮਹਲਾ /੧੩੩੯) ਆਦਿ। ਇੱਥੇ ਗੁਰੂ ਦੇ ਉਪਦੇਸ਼ ਤੋਂ ਭਾਵ ਕੋਈ ਸਮਾਜਿਕ ਤਰਕ-ਵਿਤਰਕ ਨਹੀਂ ਬਲਕਿ ਦੈਵੀ-ਦ੍ਰਿਸ਼ਟੀ ’ਚੋਂ ਉਪਜੇ ਖ਼ਿਆਲ ਹਨ। ‘ਮਨ ਕੀ ਮਤਿ ਤਿਆਗਣ’ ਤੋਂ ਭਾਵ ਹੈ ਕਿ ‘ਮਨ’ ਦਾ ਵਿਕਲਪ ਮਾਰਨਾ ਤੇ ‘ਮਨ’ ਦੇ ਸੰਕਲਪ ਨੇ ‘ਬੁਧਿ’ ਨਾਲ਼ ਮਿਲ ਕੇ ਉਜਲ ਖ਼ਿਆਲ ਪੈਦਾ ਕਰਨਾ, ਉਨ੍ਹਾਂ ਉੱਤੇ ਨਾਲ਼-ਨਾਲ਼ ਦ੍ਰਿੜ੍ਹਤਾ ਵੀ ਕਾਇਮ ਰਹਿਣਾ।

ਝੂਠ ਪਕੜਨ ਲਈ ਕੈਦੀ ਨੂੰ ਸੱਚ ਦੀ ਦਵਾ/ਸੀਰਮ (ਸੋਡੀਅਮ/ਰਸਾਇਣਿਕ ਤੱਤ) ਦਿੱਤਾ ਜਾਂਦਾ ਹੈ ਤਾਂ ਜੋ ‘ਸੁਚੇਤ ਮਨ’ ਕੋਈ ਦਖ਼ਲ-ਅੰਦਾਜ਼ੀ ਨਾ ਕਰੇ, ਸੁੱਤਾ ਰਹੇ ਅਤੇ ‘ਅਰਧ ਅਚੇਤ ਮਨ’; ‘ਅਚੇਤ ਮਨ’ ’ਚ ਛੁਪੇ ਵਰਤਮਾਨ ਦੇ ਸਾਰੇ ਰਾਜ਼ ਪ੍ਰਗਟ ਕਰ ਦੇਵੇ। ਗੁਰਬਾਣੀ ਅੰਦਰ ਮਨੁੱਖ ਨੂੰ ਬਾਲ-ਸੁਭਾਅ ਅਪਣਾਅ ਕੇ ਰੱਬ ਨਾਲ਼ ਮਿਲਣ ਦਾ ਢੰਗ ਦੱਸਿਆ ਹੈ ਕਿਉਂਕਿ ਬੱਚਿਆਂ ਦਾ ‘ਸੁਚੇਤ ਮਨ’; ਭੋਲ਼ਾ ਹੁੰਦਾ ਹੈ। ਆਪਣੇ ਗੁਨਾਹਾਂ ’ਤੇ ਪਰਦਾ ਪਾਉਣਾ ਨਹੀਂ ਸਿੱਖਿਆ ਹੁੰਦਾ ‘‘ਕਹੁ ਕਬੀਰ ! ਭਗਤਿ ਕਰਿ ਪਾਇਆ ਭੋਲੇ ਭਾਇ; ਮਿਲੇ ਰਘੁਰਾਇਆ ’’ (ਭਗਤ ਕਬੀਰ/੩੨੪)

ਗੁਰਮਤਿ ਫ਼ਲਸਫ਼ਾ ਹੀ ‘ਮਨ’ ਨੂੰ ਕਾਬੂ ਕਰਾ ਸਕਦਾ ਹੈ ਤਾਂ ਤੇ ‘ਮਨ’ ਦਾ ਹਰ ਪਹਿਲੂ ਵਾਚਣਾ ਜ਼ਰੂਰੀ ਹੈ। ਗੁਰਬਾਣੀ ਅੰਦਰ ‘ਰੱਬ, ਗੁਰੂ, ਨਾਮ ਤੇ ਮਨ’ ਹੀ ਐਸੇ ਸ਼ਬਦ ਹਨ, ਜੋ ਬਹੁਤਾਤ ’ਚ ਵਰਤੇ ਮਿਲਦੇ ਹਨ; ਜਿਵੇਂ ਕਿ ‘ਰੱਬ/ਪ੍ਰਭੂ/ਰਾਮ’ ਆਦਿ ਅਤੇ ‘ਗੁਰੂ/ਸਤਿਗੁਰੂ’; ਕਈ ਕਈ ਰੂਪਾਂ ’ਚ ਤਕਰੀਬਨ 7500-7500 ਵਾਰ ਦਰਜ ਹਨ, ‘ਨਾਮ/ਨਾਇ’ 5400 ਵਾਰ ਅਤੇ ‘ਮਨ’ ਲਗਭਗ 4500 ਵਾਰ ਹੈ; ਜੈਸਾ ਕਿ ‘ਮਨ (1402 ਵਾਰ), ਮਨਿ (1407 ਵਾਰ), ਮਨੁ (1485 ਵਾਰ), ਮਨਾ (90 ਵਾਰ), ਮਨੈ (21 ਵਾਰ)’ ਆਦਿ। ਗੁਰਬਾਣੀ ਕਈ ਭਾਸ਼ਾਵਾਂ ਦਾ ਸੰਗ੍ਰਹਿ ਹੋਣ ਕਾਰਨ ‘ਮਨ’ ਦੇ ਦਰਜਨ ਤੋਂ ਵੱਧ ਅਰਥ ਵੀ ਹਨ। ਜਿਨ੍ਹਾਂ ਨੂੰ ਹੇਠਾਂ; ਦੋ ਭਾਗਾਂ ’ਚ ਵੰਡ ਕੇ ਵਿਚਾਰਿਆ ਗਿਆ ਹੈ :

ਭਾਗ ਪਹਿਲਾ : (1). ਫ਼ਾਰਸੀ ਭਾਸ਼ਾ ’ਚ ‘ਮਨ’ ਦਾ ਅਰਥ ਹੈ ‘ਮੈ’; ਜਿਵੇਂ ਕਿ ‘‘ਮਨ ਕਮੀਨ ਕਮਤਰੀਨ; ਤੂ ਦਰੀਆਉ ਖੁਦਾਇਆ  !’’ (ਮਹਲਾ /੧੨੯੧) ਅਰਥ : ਹੇ ਖ਼ੁਦਾ ! ਮੈ ਨੀਚ-ਕਮੀਨਾ ਹਾਂ, ਬਹੁਤ ਮਾੜਾ ਹਾਂ ਜਦਕਿ ਤੂੰ ਦਰਿਆ-ਦਿਲ (ਉਦਾਰ-ਚਿੱਤ) ਹੈਂ।

(2). ‘ਮਨ’ ਦਾ ਅਰਥ ਹੈ ‘ਮਾਣ-ਸਤਿਕਾਰ’; ਜਿਵੇਂ ਕਿ ‘‘ਰਾਮ ਨਾਮ ਬਿਨੁ; ਜੀਵਨੁ ਮਨ ਹੀਨਾ ਰਹਾਉ ’’ (ਭਗਤ ਨਾਮਦੇਵ/੮੫੮) ਅਰਥ : ਰਾਮ ਦਾ ਨਾਮ ਜਪਣ ਤੋਂ ਬਿਨਾਂ (ਬੰਦੇ ਦਾ) ਕਿਰਦਾਰ; ਮਾਣ-ਸਤਿਕਾਰ ਕਰਾਉਣ ਤੋਂ ਸੱਖਣਾ ਹੁੰਦਾ ਹੈ।

(3). ‘ਮਨ’ ਦਾ ਅਰਥ ਹੈ ‘ਅਣਸਿੱਖਿਆ/ਅਨਾੜੀ’, ਜੋ ਕਦੇ ਵੀ ਘੋੜ-ਸਵਾਰ ਜਾਂ ਡਰਾਈਵਰ ਨਾ ਬਣ ਸਕਿਆ; ਜਿਵੇਂ ਕਿ ‘‘ਮਨ ਅਸਵਾਰ; ਜੈਸੇ ਤੁਰੀ ਸੀਗਾਰੀ ’’ (ਮਹਲਾ /੧੯੮) ਅਰਥ : ਅਣਸਿੱਖਿਆ ਘੋੜ ਸਵਾਰ; ਜਿਵੇਂ ਘੋੜੀ ’ਤੇ ਕਾਠੀ ਪਾ ਲੈਂਦਾ ਹੈ (ਪਰ ਉਸ ਨੂੰ ਦੌੜਾ ਨਹੀਂ ਸਕਦਾ; ਇਉਂ ਗੁਰਮੁਖਾਂ ਨਾਲ਼ ਮਨਮੁਖ ਵੀ ਨਹੀਂ ਚੱਲ ਸਕਦੇ ‘‘ਹਰਿ ਕੇ ਦਾਸ ਸਿਉ ਸਾਕਤ ਨਹੀ ਸੰਗੁ ਓਹੁ ਬਿਖਈ; ਓਸੁ ਰਾਮ ਕੋ ਰੰਗੁ ਰਹਾਉ ’’ ਮਹਲਾ /੧੯੮), ਇਹ ਦੋਵੇਂ ਤੁਕਾਂ ਇਕੋ ਸ਼ਬਦ ਦੀਆਂ ਹਨ।  ‘ਰਹਾਉ’ ਬੰਦ ’ਚ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ।

(4). ‘ਮਨ’ ਦਾ ਅਰਥ ਹੈ ‘ਖ਼ੂਨ ਪੰਪ ਕਰਨ ਵਾਲ਼ਾ ਦਿਲ’; ਜਿਵੇਂ ਕਿ ‘‘ਜਿਨਿ ਮਨੁ ਰਾਖਿਆ; ਅਗਨੀ ਪਾਇ ਵਾਜੈ ਪਵਣੁ; ਆਖੈ ਸਭ ਜਾਇ ’’ (ਮਹਲਾ /੬੬੨) ਅਰਥ : ਜਿਸ ਸਿਰਜਣਹਾਰ ਨੇ ਸਰੀਰਾਂ ਅੰਦਰ ਗਰਮਾਇਸ਼ ਪੈਦਾ ਕਰ ਦਿਲ ਟਿਕਾ ਦਿੱਤਾ (ਤਾਂ ਜੋ ਖ਼ੂਨ ਠੰਡਾ ਨਾ ਹੋਵੇ ਤਾਹੀਓਂ ਮਨੁੱਖ) ਹਰ ਥਾਂ ਬੋਲਦਾ ਹੈ, ਸਾਹ ਚੱਲਦਾ ਹੈ।

ਨੋਟ : ‘ਦਿਲ’ ਨੂੰ ‘ਹਿਰਦਾ’ ਵੀ ਕਿਹਾ ਹੈ; ਜਿਸ ਦਾ ਭਾਰ ਆਮ ਮਨੁੱਖਾਂ ’ਚ 300-350 ਗ੍ਰਾਮ ਤੇ ਔਰਤਾਂ ’ਚ 250-300 ਗ੍ਰਾਮ ਹੁੰਦਾ ਹੈ। ਇੱਕ ਮਿੰਟ ’ਚ 72 ਵਾਰ ਧੜਕਦਾ ਹੈ ਅਤੇ ਇੱਕ ਦਿਨ ’ਚ 7600 ਲੀਟਰ ਖ਼ੂਨ ਪੰਪ ਕਰਦਾ ਹੈ। ਇਸ ਦਾ ਸੌਣਾ, ਬੰਦ ਹੋਣਾ; ਦਿਲ ਨੂੰ ਦੌਰਾ ਪੈਣਾ ਹੈ, ਸਰੀਰਕ ਮੌਤ ਹੈ।

(5). ‘ਮਨ’ ਦਾ ਅਰਥ ਹੈ ‘40 ਸੇਰ ਦਾ ਮਣ’; ਜਿਵੇਂ ਕਿ ‘‘ਕਹਾ ਨਰ ! ਗਰਬਸਿ ਥੋਰੀ ਬਾਤ ? ਮਨ ਦਸ ਨਾਜੁ, ਟਕਾ ਚਾਰਿ ਗਾਂਠੀ; ਐਂਡੌ ਟੇਢੌ ਜਾਤੁ ਰਹਾਉ ’’ (ਭਗਤ ਕਬੀਰ/੧੨੫੧) ਅਰਥ : ਹੇ ਮਨੁੱਖ ! ਕੀ ਹੋਇਆ ਜੇਕਰ 10 ਮਣ ਅਨਾਜ ਅਤੇ ਚਾਰ ਟਕੇ ਪੱਲੇ ਹਨ, ਛੋਟੀ ਜਿਹੀ ਵਸਤੂ ਪ੍ਰਾਪਤ ਕਰ ਅਹੰਕਾਰ ਕਰਦਾ ਹੈਂ, ਆਕੜ-ਆਕੜ ਚੱਲਦਾ ਹੈਂ ?

(6). ‘ਮਨ’ ਦਾ ਅਰਥ ਹੈ ‘ਮਨੁੱਖ/ਸਰੀਰ’; ਜਿਵੇਂ ਕਿ ‘‘ਜੇਤੇ ਸਾਸ ਗ੍ਰਾਸ ਮਨੁ ਲੇਤਾ; ਤੇਤੇ ਹੀ ਗੁਨ ਗਾਈਐ (ਮਹਲਾ /੨੧੩),ਬ੍ਰਹਮਨ ਬੈਸ ਸੂਦ ਅਰੁ ਤ੍ਰੀ; ਡੋਮ ਚੰਡਾਰ ਮਲੇਛ ਮਨ ਸੋਇ (ਜੋ) ਹੋਇ ਪੁਨੀਤ ਭਗਵੰਤ ਭਜਨ ਤੇ; ਆਪੁ ਤਾਰਿ, ਤਾਰੇ ਕੁਲ ਦੋਇ (ਯਾਨੀ ਨਾਨਕੇਦਾਦਕੇ) ’’ (ਭਗਤ ਰਵਿਦਾਸ/੮੫੮)

(7). ‘ਮਨ’ ਦਾ ਅਰਥ ਹੈ, ਜਿਸ ਤੋਂ ‘ਸੰਕਲਪ ਵਿਕਲਪ’ ਉਪਜਦੇ ਹਨ। ਇਹ ਪੰਜ ਤੱਤਾਂ ਦੇ ਸਰੀਰ ਨਾਲ਼ ਉਪਜਦਾ ਹੈ; ਜਿਵੇਂ ਕਿ ‘‘ਇਹੁ ਮਨੁ ਕਰਮਾ; ਇਹੁ ਮਨੁ ਧਰਮਾ ਇਹੁ ਮਨੁ; ਪੰਚ ਤਤੁ ਤੇ ਜਨਮਾ ਸਾਕਤੁ ਲੋਭੀ; ਇਹੁ ਮਨੁ ਮੂੜਾ ਗੁਰਮੁਖਿ ਨਾਮੁ ਜਪੈ; ਮਨੁ ਰੂੜਾ ’’ (ਮਹਲਾ /੪੧੫) ਅਰਥ : ਪੰਚ ਤੱਤਾਂ ਦੇ ਸਰੀਰ ਨਾਲ਼ ਉਪਜਿਆ ਇਹ ਮਨ; ਅਰਥਹੀਣ ਧਾਰਮਿਕ ਕੰਮ ਕਰਦਾ ਹੈ, ਇਸ ਲਈ ਮਨਮੁਖ ਦਾ ਮਨ; ਮੂਰਖ ਹੁੰਦਾ ਹੈ ਜਦਕਿ ਰੱਬ ਦਾ ਨਾਮ ਜਪ-ਜਪ ਕੇ ਗੁਰਮੁਖ ਦਾ ਮਨ; ਸੁੰਦਰ ਬਣ ਜਾਂਦਾ ਹੈ।

ਭਾਗ ਦੂਜਾ : (8). ‘ਮਨ’ ਦਾ ਅਰਥ ਹੈ ‘ਗੁਰੂ ਉਪਦੇਸ਼, ਗੁਰੂ ਦਾ ਹੁਕਮ’; ਜਿਵੇਂ ਕਿ ‘‘ਬੀਸ ਬਿਸਵੇ; ਗੁਰ ਕਾ ਮਨੁ ਮਾਨੈ ’’ (ਸੁਖਮਨੀ/ਮਹਲਾ /੨੮੭) ਇੱਕ ਬਿਸਵਾ=50 ਫੁੱਟ ਜਗ੍ਹਾ ਅਤੇ 20 ਬਿਸਵੇ=ਇੱਕ ਵਿੱਘਾ ਯਾਨੀ ਪੂਰਨ ਸਿਦਕ ਨਾਲ਼ (ਗੁਰੂ ਦਾ ਹੁਕਮ ਮੰਨਣਾ)

(9). ‘ਮਨ’ ਦਾ ਅਰਥ ਹੈ ‘ਅੰਤਹਿਕਰਣ’ (ਅੰਦਰੂਨੀ ਇੰਦ੍ਰੀ, ਜਿਸ ’ਤੇ ਚੜ੍ਹੀ ਜਨਮ-ਜਨਮ ਦੀ ਮੈਲ਼; ‘ਸੁਰਤਿ, ਮਤਿ, ਮਨਿ, ਬੁਧਿ’ ’ਚੋਂ ਪ੍ਰਗਟ ਹੁੰਦੀ ਹੈ। ਇਹ, ਬੰਦੇ ਦੀ ਜ਼ਮੀਰ ਹੈ); ਜਿਵੇਂ ਕਿ ‘‘ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ; ਕਾਲਾ ਹੋਆ ਸਿਆਹੁ (ਮਹਲਾ /੬੫੧), ਇਸੁ ਮਨ ਕਉ ਕੋਈ ਖੋਜਹੁ ਭਾਈ ! ਮਨੁ ਖੋਜਤ; ਨਾਮੁ ਨਉ ਨਿਧਿ ਪਾਈ ਰਹਾਉ ’’ (ਮਹਲਾ /੧੧੨੮) ਅਰਥ : ਹੇ ਭਾਈ ! ਮੈਲ਼ੇ ਅੰਤਹਿਕਰਣ ਦੀ ਪੜਚੋਲ ਕਰੋ; ਇਸ ਦੀ ਪੁਣ-ਛਾਣ ਕੀਤਿਆਂ (ਅੰਦਰੋਂ ਆਤਮ-ਪ੍ਰਕਾਸ਼/ਰੱਬੀ ਜੋਤਿ ਰੂਪ) ਨੌ ਖ਼ਜ਼ਾਨਿਆਂ ਵਾਲ਼ਾ ਨੂਰ (ਪ੍ਰਕਾਸ਼ਮਈ ਨਾਮ) ਪ੍ਰਾਪਤ ਹੁੰਦਾ ਹੈ ਯਾਨੀ ਆਤਮ-ਪ੍ਰਕਾਸ਼; ਪਾਰਦਰਸ਼ੀ ਅੰਤਹਿਕਰਣ ’ਚੋਂ ਹੁੰਦਾ ਹੋਇਆ ਦਿਮਾਗ਼ ਤੱਕ ਪਹੁੰਚ ਕੇ ਉਜਲ ਖ਼ਿਆਲ ਅਤੇ ਉਨ੍ਹਾਂ ’ਤੇ ਪੂਰਨ ਦ੍ਰਿੜ੍ਹਤਾ, ਬਣਾਉਂਦਾ ਹੈ, ਬਲਵਾਨ ਕਰਦਾ ਹੈ। ਰੱਬ ਦੀ ਸਰਬ ਵਿਆਪਕ ਮੌਜੂਦਗੀ ਦਾ ਅਹਿਸਾਸ ਕਰਾਉਂਦਾ ਹੈ।

(10). ‘ਮਨ’ ਦਾ ਅਰਥ ਹੈ ‘ਆਤਮਾ/ਜੀਵਾਤਮਾ’; ਜਿਵੇਂ ਕਿ ‘‘ਮਨ  ! ਤੂੰ ਜੋਤਿ ਸਰੂਪੁ ਹੈ; ਆਪਣਾ ਮੂਲੁ ਪਛਾਣੁ (ਮਹਲਾ /੪੪੧), ਇਸੁ ਮਨ ਕਉ ਨਹੀ ਆਵਨ ਜਾਨਾ (ਯਾਨੀ ਜੂਨਾਂ ’ਚ ਭਟਕਣਾ) ਜਿਸ ਕਾ ਭਰਮੁ ਗਇਆ; ਤਿਨਿ ਸਾਚੁ ਪਛਾਨਾ ’’ (ਭਗਤ ਕਬੀਰ/੩੩੦) ਭਰਮੁ ਗਇਆ ਤੋਂ ਭਾਵ ‘ਜਿਸ ਦਾ ਵਿਕਲਪ/ਦੁਬਿਧਾ ਮਰ ਗਈ ਯਾਨੀ ਅੰਤਹਿਕਰਣ ਸਾਫ਼ ਹੋ ਗਿਆ/‘ਸੁਰਤਿ ਮਤਿ ਮਨਿ+ਬੁਧਿ’ ਘੜੇ ਗਏ’ ਉਸ ਨੇ ਸਦੀਵੀ ਸੱਚ-ਮਾਲਕ ਨੂੰ (ਅੰਦਰੋਂ ਹੀ) ਪਛਾਣ ਲਿਆ, ਪਾ ਲਿਆ (ਵੈਸੇ ਭੀ ਇਹ ‘ਆਤਮਾ-ਮਨ’; ਉਸੇ ਸਮੁੰਦਰ ਦੀ ਅੰਸ਼ ਹੈ, ਬੂੰਦ ਹੈ ‘‘ਕਹੁ ਕਬੀਰ ਇਹੁ ਰਾਮ ਕੀ ਅੰਸੁ ’’ ਭਗਤ ਕਬੀਰ/੮੭੧)

(11). ‘ਮਨ’ ਦਾ ਅਰਥ ਹੈ ‘ਨਿਰਾਕਾਰ ਰੱਬ’; ਜਿਵੇਂ ਕਿ ‘‘ਜੀਉ ਏਕੁ ਅਰੁ ਸਗਲ ਸਰੀਰਾ ਇਸੁ ਮਨ ਕਉ ਰਵਿ ਰਹੇ ਕਬੀਰਾ ’’ (ਭਗਤ ਕਬੀਰ/੩੩੦) ਅਰਥ : ਇੱਕੋ ਰੱਬ ਦੀ ਜੋਤਿ ਸਾਰੇ ਸਰੀਰਾਂ ਅੰਦਰ ਹੈ, ਇਸ ਲਈ ਉਸ ਜੋਤੀ (ਮਨ-ਰੱਬ, ਜੋਤਾਂ ਦੇ ਸਮੂਹ) ਨੂੰ ਕਬੀਰ ਸਿਮਰਦਾ ਹੈ। ਗੁਰੂ ਨਾਨਕ ਸਾਹਿਬ ਜੀ ਵੀ ਸਭ ਜੋਤਾਂ ਦੇ ਸਰੋਤ/ਰੱਬ ਨੂੰ ਜੋਤੀ ਕਹਿੰਦੇ ਹਨ; ਜਿਵੇਂ ਕਿ ‘‘ਗਗਨ ਮੈ ਥਾਲੁ; ਰਵਿ ਚੰਦੁ ਦੀਪਕ ਬਨੇ; ਤਾਰਿਕਾ ਮੰਡਲ ਜਨਕ ਮੋਤੀ ਧੂਪੁ ਮਲਆਨਲੋ, ਪਵਣੁ ਚਵਰੋ ਕਰੇ; ਸਗਲ ਬਨਰਾਇ ਫੂਲੰਤ ਜੋਤੀ ’’ (ਸੋਹਿਲਾ/ਮਹਲਾ /੧੩) ਅਰਥ : ਅਕਾਸ਼ ਰੂਪ ਇੱਕ ਥਾਲ ਹੈ, ਜਿਸ ਅੰਦਰ ਸੂਰਜ ਤੇ ਚੰਦ; ਦੋ ਦੀਵੇ ਰੱਖੇ ਹੋਏ ਹਨ। ਤਾਰਿਆਂ ਦਾ ਸਮੂਹ, ਸਮਝੋ (ਅਕਾਸ਼-ਥਾਲ ’ਚ ਰੱਖੇ) ਮੋਤੀ ਹਨ। (ਸ਼੍ਰੀਲੰਕਾ ਦਾ) ਮਲ੍ਯ ਪਰਬਤ; ਸੁਗੰਧੀ ਦਿੰਦਾ ਹੈ। ਹਵਾ; ਚੌਰ ਕਰਦੀ ਹੈ। ਸਾਰੀ ਬਨਸਪਤੀ; ਜੋਤੀ (ਜੋਤਾਂ ਦੇ ਮੂਲ/ਮਨ-ਰੱਬ) ਉੱਤੇ ਫੁੱਲਾਂ ਦੀ ਵਰਖਾ ਕਰਦੀ ਹੈ (ਇਹ ਵਿਸਮਾਦਮਈ ਆਰਤੀ ਜਦ ਨਿਰੰਤਰ ਹੋ ਰਹੀ ਹੈ ਤਾਂ ਥਾਲ ’ਚ ਦੀਵੇ ਰੱਖ ਕੇ ਵੱਖਰੀ ਆਰਤੀ ਕਰਨ ਦੀ ਲੋੜ ਨਹੀਂ)

‘ਮਨ’ ਦੇ ਉਕਤ ਸਾਰੇ ਅਰਥਾਂ; ਜਿਵੇਂ ਕਿ ‘ਮੈ, ਮਨੁੱਖ, ਅਣਸਿੱਖਿਆ, ਦਿਲ, ਮਾਣ-ਸਤਿਕਾਰ, ਸੰਕਪਲ-ਵਿਕਲਪ, ਗੁਰੂ ਉਪਦੇਸ਼, ਅੰਤਹਿਕਰਣ, ਆਤਮਾ/ਜੀਵਾਤਮਾ ਤੇ ਰੱਬ’ ਦਾ ਆਪਸ ’ਚ ਗਹਿਰਾ ਸੰਬੰਧ ਹੈ। ‘ਅੰਤਹਿਕਰਣ’; ਜੀਵਨ ਦੀ ਬੁਨਿਆਦ ਹੋਣ ਕਾਰਨ ‘ਮਨੁੱਖ, ਸੰਕਲਪ-ਵਿਕਲਪ, ਮੈ, ਅਨਾੜੀ (ਹਨ੍ਹੇਰਾ/ਧੁੰਦਲਾਪਣ), ਦਿਲ, ਮਾਣ-ਸਤਿਕਾਰ’ ਆਦਿ ਸਾਰੇ ਹੀ ਉਸ ਵਿੱਚ ਆ ਜਾਂਦੇ ਹਨ। ਗੁਰੂ ਉਪਦੇਸ਼ (ਯਾਨੀ ਰੱਬ ਦੀ ਮਹਿਮਾ/ਨਾਮ) ਅਤੇ ਆਤਮਾ/ਜੀਵਾਤਮਾ; ‘ਰੱਬ’ ਤੋਂ ਵੱਖਰੇ ਨਹੀਂ ਹਨ। ਹਥਲਾ ਸਿਰਲੇਖ ਉਕਤ ਨੰਬਰ 9 ਵਾਲ਼ੇ ‘ਅੰਤਹਿਕਰਣ ਮਨ’ ਨਾਲ਼ ਸੰਬੰਧਿਤ ਹੈ।

‘ਮਨ’ ਦੀ ਸਮਝ; ‘ਮਨ’ ਨੂੰ ਜਿੱਤਣਾ ਨਹੀਂ ਅਖਵਾਉਂਦਾ। ਇੱਕ (ਰੂਹਾਨੀਅਤ ਤਲ ’ਤੇ ਜਿਊਣ ਵਾਲ਼ੇ ਗੁਰੂ) ਦੀ ਰੂਹ ’ਚੋਂ ਉਪਜਿਆ ਅਲੌਕਿਕ ਅਨੁਭਵੀ-ਗਿਆਨ ਹੀ ਹੋਰਾਂ (ਯਾਨੀ ਸਿੱਖਾਂ) ਤੋਂ ਆਪਣਾ ਮਨ ਕਾਬੂ ਕਰਾ ਸਕਦਾ ਹੈ। ਪੰਜ ਗਿਆਨ ਇੰਦ੍ਰੇ (ਅੱਖ, ਨੱਕ, ਕੰਨ, ਜੀਭ, ਤ੍ਵਚਾ); ਮਨ ਦੇ ਅਧੀਨ ਹੁੰਦੇ ਹਨ; ਨਾ ਕਿ ਮਨ, ਗਿਆਨ-ਇੰਦ੍ਰਿਆਂ ਦੇ ਅਧੀਨ। ‘ਅੰਤਹਿਕਰਣ’ ਦੀ ਸ਼ੁੱਧਤਾ ਹੀ ‘ਸੁਰਤਿ ਮਤਿ ਮਨਿ ਬੁਧਿ’ ਨੂੰ ਘੜਨਾ ਜਾਂ ਮਨ ਨੂੰ ਜਿੱਤਣਾ ਹੈ। ‘ਅੰਤਹਿਕਰਣ’ ਦੀ ਸ਼ੁੱਧਤਾ ਤੋਂ ਭਾਵ ਇਸ ਨੂੰ ਮਾਰਨਾ ਨਹੀਂ। ਇਸ ਨੂੰ ਉੱਕਾ ਹੀ ਖ਼ਤਮ ਕਰਨ ਲਈ ਜੰਗਲ਼ ’ਚ ਤਪੱਸਿਆ ਕਰਨ ਗਏ ਮੌਨੀ ਲਈ ਭਗਤ ਕਬੀਰ ਜੀ ਦੇ ਬਚਨ ਹਨ ‘‘ਕਵਨੁ ਸੁ ਮੁਨਿ ? ਜੋ ਮਨੁ ਮਾਰੈ ਮਨ ਕਉ ਮਾਰਿ; ਕਹਹੁ ਕਿਸੁ ਤਾਰੈ  ? ਰਹਾਉ ’’ (ਭਗਤ ਕਬੀਰ/੩੨੯) ਭਾਵ ਮਨ ਨੂੰ ਮਾਰਨ ਵਾਸਤੇ ਧਾਰੇ ਮੌਨ ਵਰਤ ਨਾਲ਼ ਕਿਹੜਾ ਮੌਨੀ-ਰਿਸ਼ੀ ਹੈ, ਜੋ ਆਪਣੇ ਮਨ ਨੂੰ ਮਾਰ ਸਕੇਗਾ, ਫਿਰ ਮਨ ਨੂੰ ਮਾਰ ਕੇ (ਸੰਸਾਰ ਸਮੁੰਦਰ ਤੋਂ ਸਰੀਰ ਅੰਦਰਲੀ) ਕਿਹੜੀ ਸ਼ਕਤੀ/ਵਸਤੂ ਨੂੰ ਤਾਰਦਾ ਹੈ (ਯਾਨੀ ਐਸੇ ਕਰਮਾਂ ਨਾਲ਼ ਨਾ ਮਨ ਮਰਦਾ ਹੈ, ਨਾ ਸੰਸਾਰ ਤੋਂ ਤਰਿਆ ਜਾ ਸਕਦਾ ਹੈ, ਮਨ ਕਾਬੂ ਨਹੀਂ ਹੁੰਦਾ। ਇਸ ਪੂਰੇ ਲੇਖ ਅੰਦਰ ਇਸੇ ਲਈ‘ਅੰਤਹਿਕਰਣ-ਮਨ’ ਨੂੰ ਪਾਰਦਰਸ਼ੀ ਬਣਾਨ ਬਾਰੇ ਵਾਰ-ਵਾਰ ਲਿਖਿਆ ਹੈ ਕਿਉਂਕਿ ਇਹ ਅਲੋਪ ਨਹੀਂ ਹੁੰਦਾ। ਸਰੀਰ ਅੰਦਰੋਂ ਇਸ ਦਾ ਵਜੂਦ ਖ਼ਤਮ ਨਹੀਂ ਹੁੰਦਾ। ਜੇਕਰ ਇਹ ਮਰ ਗਿਆ, ਅਲੋਪ ਹੋ ਗਿਆ ਤਾਂ ਇਸ ਦੇ ਬਾਹਰੀ ਚਿੰਨ੍ਹ ‘ਸੁਰਤਿ, ਮਤਿ, ਬੁਧਿ’ ਆਦਿ ਵੀ ਮਰਨਗੇ; ਫਿਰ ਸਰੀਰਕ ਮੌਤ ਹੈ, ਨਾ ਕਿ ਜੀਵਤ ਮਨੁੱਖ ਦੇ ਲੱਛਣ) ?

ਆਸਾ ਕੀ ਵਾਰ ਦੀ 12ਵੀਂ ਪਉੜੀ ’ਚ ਗੁਰੂ ਨਾਨਕ ਸਾਹਿਬ ਜੀ ਦਾ ਪੰਜਵਾਂ ਸਲੋਕ ਹੈ ‘‘ਕੁੰਭੇ ਬਧਾ ਜਲੁ ਰਹੈ; ਜਲ ਬਿਨੁ, ਕੁੰਭੁ ਹੋਇ ਗਿਆਨ ਕਾ ਬਧਾ ਮਨੁ ਰਹੈ; ਗੁਰ (ਅੰਤਹਿਕਰਣ-ਮਨ) ਬਿਨੁ, ਗਿਆਨੁ ਹੋਇ ’’ (ਮਹਲਾ /੪੬੯) ਅਰਥ : (ਜਿਵੇਂ) ਪਾਣੀ; ਘੜੇ ’ਚ ਰੁਕਦਾ ਹੈ ਤੇ ਪਾਣੀ ਤੋਂ ਬਿਨਾਂ ਘੜਾ ਵੀ ਨਹੀਂ ਬਣਦਾ, (ਇਉਂ ਹੀ) ਮਨ; (ਗੁਰੂ) ਗਿਆਨ ’ਚ ਬੱਝਿਆ ਸ਼ਾਂਤ ਹੁੰਦਾ ਹੈ ਤੇ ਗੁਰ (ਯਾਨੀ ਅੰਤਹਿਕਰਣ-ਮਨ) ਤੋਂ ਬਿਨਾਂ (ਗੁਰੂ) ਗਿਆਨ ਵੀ ਨਹੀਂ ਹੋ ਸਕਦਾ ਯਾਨੀ ਜੀਵਤ ਸਰੀਰ ਅੰਦਰ ਅੰਤਹਿਕਰਣ ਦਾ ਹੋਣਾ ਅਤਿ ਜ਼ਰੂਰੀ ਹੈ।

ਸਰੀਰ ਦੀ ਹੋਂਦ; ਪੰਜ ਤੱਤ (ਅੱਗ, ਪਾਣੀ, ਹਵਾ, ਧਰਤੀ, ਅਕਾਸ਼) ਹਨ। ਸ. ਗੁਰਬਖਸ਼ ਸਿੰਘ ਕੇਸਰੀ ਦੇ ਲਿਖੇ ‘ਸੰਖਿਆ ਕੋਸ਼’ ’ਚ ‘ਅੱਗ’ ਦੇ ਗੁਣ ‘ਨੀਂਦ, ਭੁੱਖ, ਪਿਆਸ, ਪਸੀਨਾ, ਆਲਸ’; ‘ਪਾਣੀ’ ਦੇ ਗੁਣ ‘ਵੀਰਯ, ਲਹੂ, ਮਿੱਜ, ਮਲ, ਮੂਤਰ’; ‘ਹਵਾ’ ਦੇ ਗੁਣ ‘ਧਾਰਣ (ਫੜਨਾ), ਚਾਲਨ (ਧਕੇਲਨਾ), ਫੈਂਕਨਾ, ਸਮੇਟਨਾ, ਫੈਲਾਉਣਾ’; ‘ਧਰਤੀ’ ਦੇ ਗੁਣ ‘ਹੱਡ, ਮਾਸ, ਨਖ, ਤੁਚਾ, ਰੋਮ’ ਅਤੇ ‘ਅਕਾਸ਼’ ਦੇ ਗੁਣ ‘ਕਾਮ, ਕਰੋਧ, ਲੱਜਾ (ਸ਼ਰਮ), ਮੋਹ, ਲੋਭ’ ਆਦਿ ਲਿਖੇ ਹੋਏ ਹਨ।

ਜੁੜਵੇ ਬੱਚਿਆਂ ਦੇ ਸੁਭਾਅ ’ਚ ਪਿਆ ਅੰਤਰ; ਪੰਜ ਤੱਤਾਂ ਦਾ ਜੀਵਨ ’ਤੇ ਪਿਆ ਵੱਧ ਘੱਟ ਪ੍ਰਭਾਵ ਹੁੰਦਾ ਹੈ, ਜਿਸ ਦਾ ਕਾਰਨ ਹੈ ਬੰਦੇ ਦਾ ‘ਨਸੀਬ’, ਜਿਸ ਨੂੰ ‘ਜਪੁ’ ਬਾਣੀ ਦੀ ਪਹਿਲੀ ਪਉੜੀ ’ਚ ਹੀ ‘ਕੂੜ ਦੀ ਪਾਲਿ’, ‘ਲਿਖਿਆ ਨਾਲਿ’ ਕਿਹਾ ਅਤੇ 31ਵੀਂ ਪਉੜੀ ’ਚ ‘‘ਜੋ ਕਿਛੁ ਪਾਇਆ; ਸੁ ਏਕਾ ਵਾਰ ..੩੧’’ (ਜਪੁ) ਕਿਹਾ ਹੈ। ਇਸ ਸਿਧਾਂਤ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਵਾਰ-ਵਾਰ ਦ੍ਰਿੜ੍ਹ ਕਰਵਾਇਆ; ਜਿਵੇਂ ਕਿ ‘‘ਸਰਬ ਜੀਆ ਸਿਰਿ (’ਤੇ) ਲੇਖੁ ਧੁਰਾਹੂ (ਧੁਰ/ਜਨਮ ਤੋਂ); ਬਿਨੁ ਲੇਖੈ ਨਹੀ ਕੋਈ ਜੀਉ (ਮਹਲਾ /੫੯੮), ਲੇਖੈ (’) ਬੋਲਣੁ ਬੋਲਣਾ; ਲੇਖੈ (ਅਨੁਸਾਰ) ਖਾਣਾ ਖਾਉ (ਮਹਲਾ /੧੫), ਆਪੇ ਕਰਿ ਵੇਖੈ, ਸਿਰਿ ਸਿਰਿ (’ਤੇ) ਲੇਖੈ; ਆਪੇ ਸੁਰਤਿ ਬੁਝਾਈ ’’ (ਮਹਲਾ /੬੮੮) ‘ਜਪੁ’ ਜੀ ਦੀ 19ਵੀਂ ਪਉੜੀ ’ਚ ਇਹ ਵੀ ਕਿਹਾ ‘‘ਜਿਨਿ ਏਹਿ ਲਿਖੇ; ਤਿਸੁ ਸਿਰਿ ਨਾਹਿ ..੧੯’’ (ਜਪੁ) ਭਾਵ ਜਿਸ ਰੱਬ ਨੇ ਜੀਵਾਂ ਦੇ ਸਿਰ ’ਤੇ (ਯਾਨੀ ਜ਼ਿੰਮੇ) ਲੇਖ ਲਿਖੇ ਹਨ, ਉਸ ਦੇ ਆਪਣੇ ਸਿਰ ’ਤੇ ਕੋਈ ਲੇਖ ਨਹੀਂ। ਇਹ ਕਈ ਜਨਮਾਂ ਦੀ ਮੈਲ਼ ਯਾਨੀ ਮੈਲ਼ਾ ਅੰਤਹਿਕਰਣ ਹੈ, ਜਿਸ ਵਿਚਦੀ (ਮਨੋਵਿਗਿਆਨਕ ਮਾਹਰਾਂ ਦੇ ਸ਼ਬਦਾਂ ’ਚ) ‘ਸੁਚੇਤ ਮਨ’ ਨੂੰ 10% ਧੁੰਦਲੀ ਰੌਸ਼ਨੀ ਮਿਲਦੀ ਹੈ। ਇਸ ਧੁੰਦ/ਗ਼ੁਬਾਰ/ਅਸਪਸ਼ਟਤਾ ਨੂੰ ਦੂਰ ਕਰਨ ਲਈ ਹੀ ਗੁਰੂ ਨਾਨਕ ਸਾਹਿਬ ਨੇ ਜਨਮ ਧਾਰਿਆ ਹੈ ‘‘ਸਤਿਗੁਰ ਨਾਨਕ ਪ੍ਰਗਟਿਆ; ਮਿਟੀ ਧੁੰਧੁ, ਜਗਿ (’) ਚਾਨਣੁ ਹੋਆ’’ (ਭਾਈ ਗੁਰਦਾਸ ਜੀ/ਵਾਰ ਪਉੜੀ ੨੭)

ਇਤਿਹਾਸ ਗਵਾਹ ਹੈ ਕਿ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਹਜ਼ੂਰੀ ਵਿੱਚ ਲੰਬਾ ਸਮਾਂ ਰਿਹਾ ਰਸੋਈਆ (ਗੰਗੂ ਬ੍ਰਾਹਮਣ); ਦੋ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁੱਜਰ ਕੌਰ ਜੀ ਨੂੰ ਸੂਬਾ ਸਰਹਿੰਦ ਕੋਲ਼ ਕੈਦ ਕਰਾਉਣ ਬਦਲੇ ਨਰਕ ਭੋਗਦਾ ਹੈ ਜਦਕਿ ਉਸੇ ਦੁਸ਼ਟ ਸੂਬੇਦਾਰ ਵਜ਼ੀਰ ਖ਼ਾਂ (ਸਰਹਿੰਦ) ਦੇ ਜੇਲ੍ਹਖ਼ਾਨੇ ’ਚ ਰਿਹਾ ਰਸੋਈਆ (ਭਾਈ ਮੋਤੀ ਰਾਮ ਮਹਿਰਾ); ਉਨ੍ਹਾਂ ਸਾਹਿਬਾਜ਼ਾਦਿਆਂ ਅਤੇ ਮਾਤਾ ਜੀ ਦੀ ਭੋਜਨ ਆਦਿ ਨਾਲ਼ ਸੇਵਾ ਕਰਨ ਬਦਲੇ ਪਰਵਾਰ ਸਮੇਤ ਅਕਾਲ ਪੁਰਖ ਵਿੱਚ ਲੀਨ ਹੋ ਜਾਂਦਾ ਹੈ। ਇਹ ਸਾਰਾ ਨਸੀਬਾਂ ਦਾ ਹੀ ਖੇਲ ਹੈ।

ਬਾਬਾ ਪ੍ਰਿਥੀ ਚੰਦ ਜੀ (ਸੰਨ 1558-1618); ਪਿਤਾ ਗੁਰੂ ਰਾਮਦਾਸ ਜੀ ਅਤੇ ਮਾਤਾ (ਬੀਬੀ) ਭਾਨੀ ਜੀ ਦੀ ਹਜ਼ੂਰੀ ’ਚ 23 ਸਾਲ ਰਹਿ ਕੇ ਵੀ ਅੰਤਲੇ 37 ਸਾਲ ਗੁਰੂ ਤੋਂ ਬੇਮੁਖ ਹੋ ਕੇ ਮਰੇ ਜਦਕਿ 5-7 ਸਾਲਾਂ ਦੇ ਛੋਟੇ ਸਾਹਿਬਜ਼ਾਦੇ (ਬਾਬਾ ਫ਼ਤਿਹ ਸਿੰਘ ਜੀ ਤੇ ਬਾਬਾ ਜੋਰਾਵਰ ਸਿੰਘ ਜੀ) ਧਰਮ ਦੀ ਮਿਸਾਲ ਪੇਸ਼ ਕਰ ਗਏ। ਇਹ ਪਿਛਲੇ ਚੰਗੇ-ਮੰਦੇ ਨਸੀਬ ਹੀ ਸਨ, ਨਹੀਂ ਤਾਂ ਪ੍ਰਿਥੀ ਚੰਦ ਦੀ ਪਰਵਰਿਸ਼ ਵੀ ਰੱਬੀ ਰੂਹਾਂ ਨੇ ਹੀ ਕੀਤੀ ਸੀ। ਇਹ ਵੀ ਇੱਕ ਗਹਿਰੀ ਰਮਜ਼ ਹੀ ਹੋ ਸਕਦੀ ਹੈ ਕਿ 239 ਸਾਲਾਂ (ਸੰਨ 1469-1708) ’ਚ ਪਹਿਲੇ, ਦੂਜੇ, ਤੀਜੇ ਗੁਰੂ ਸਾਹਿਬਾਨ ਸਮੇਂ ਬੱਚੇ/ਸਾਹਿਬਜ਼ਾਦੇ ਗੁਰਮਤਿ ਤੋਂ ਦੂਰ ਰਹੇ; ਚੌਥੇ, ਪੰਜਵੇਂ ਤੇ ਛੇਵੇਂ ਗੁਰੂ ਸਾਹਿਬਾਨ ਸਮੇਂ ਕੁੱਝ ਸਾਹਿਬਜ਼ਾਦੇ ਗੁਰਮਤਿ ਦੇ ਨੇੜੇ, ਕੁੱਝ ਦੂਰ ਰਹੇ; ਨਾਵੇਂ ਅਤੇ ਦਸਵੇਂ ਗੁਰੂ ਸਾਹਿਬਾਨ ਸਮੇਂ ਸਾਰੇ ਹੀ ਸਾਹਿਬਜ਼ਾਦੇ ਗੁਰਮਤਿ ਦੀ ਮਿਸਾਲ ਬਣ ਗਏ, ਜਿਸ ਉਪਰੰਤ ਸਰੀਰ-ਗੁਰੂ ਦੀ ਵੀ ਲੋੜ ਨਾ ਰਹੀ।

ਨਸੀਬ ਰੂਪ ਮੈਲ਼ ਹੀ ਪੰਜ ਕਾਮਾਦਿਕ-ਵਿਕਾਰ (ਕਾਮ, ਕਰੋਧ, ਲੋਭ, ਮੋਹ, ਅਹੰਕਾਰ) ਹਨ ‘‘ਪੰਚ ਬਿਕਾਰ ਮਨ ਮਹਿ ਬਸੇ; ਰਾਚੇ ਮਾਇਆ ਸੰਗਿ ’’ (ਮਹਲਾ /੨੯੭), ਇਨ੍ਹਾਂ ਦਾ ਪ੍ਰਭਾਵ; ਸੰਕਲਪ-ਵਿਕਲਪ ਬਣ ਜਦ ਦਿਮਾਗ਼ ’ਚ ‘ਗੰਧਲ਼ੀ ਮੱਤ’ (ਅਮੋੜ ਸੁਭਾਅ) ਬਣਦਾ ਹੈ ਤਾਂ ਉਸ ਨੂੰ ਧੋਣ ਦਾ ਇੱਕੋ-ਇੱਕ ਤਰੀਕਾ ਹੈ ‘ਰੱਬ ਦੇ ਪ੍ਰੇਮ ਰੰਗ ’ਚ ਰੰਗ ਜਾਣਾ’ ‘‘ਭਰੀਐ ਮਤਿ; ਪਾਪਾ ਕੈ ਸੰਗਿ ਓਹੁ ਧੋਪੈ; ਨਾਵੈ ਕੈ ਰੰਗਿ (’) ..੨੦’’ (ਜਪੁ), ਇਸ ਸਿਧਾਂਤ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਵਾਰ-ਵਾਰ ਦ੍ਰਿੜ੍ਹ ਕਰਵਾਇਆ ‘‘ਰੇ ਮਨ ! ਲੇਖੈ (’) ਕਬਹੂ ਪਾਇ ਜਾਮਿ ਭੀਜੈ; ਸਾਚ ਨਾਇ (’) ਰਹਾਉ ’’ (ਮਹਲਾ /੧੧੬੮) ਅਰਥ : ਹੇ ਅਰਧ ਅਚੇਤ ਮਨ ! ਆਪਣੇ ਨਸੀਬ (ਮੈਲ਼ੀ ਮੱਤ ਦੇ ਪਰਦੇ) ’ਚ ਰਹਿ ਕੇ ਕਦੇ ਵੀ ਹਰੀ ਨੂੰ ਨਹੀਂ ਪਾ ਸਕਦਾ ਜਦੋਂ ਤੱਕ ਉਸ ਸੱਚੇ ਦੇ ਪ੍ਰੇਮ-ਰੰਗ (ਨਾਮ) ’ਚ ਨਹੀਂ ਰੰਗਿਆ ਜਾਂਦਾ। ਇਹੀ ਉੱਚੀ ਸੁਰਤਿ; ਮਨ ਨੂੰ ਆਪਣਾ ਨਜ਼ਰੀਆ ਬਦਲਣ ਲਈ ਮਜਬੂਰ ਕਰਦੀ ਹੈ। ਰੱਬੀ ਨਾਮ-ਅੰਮ੍ਰਿਤ ’ਚ ਭਿੱਜਣ ਤੋਂ ਭਾਵ ਮਨੁੱਖ ਅੰਦਰਲੇ ‘‘ਨਾਨਕ  ! ਅੰਮ੍ਰਿਤੁ ਏਕੁ ਹੈ’’  ਦਾ ਪਾਰਦਰਸ਼ੀ ਅੰਤਹਿਕਰਣ ’ਚੋਂ ਦਿਮਾਗ਼/ਮੱਤ ਨੂੰ ਅਹਿਸਾਸ ਹੋਣਾ ਹੈ, ਗੁਰੂ ਸਿੱਖਿਆ ’ਤੇ ਕੀਤੇ ਭਰੋਸੇ ਨੂੰ ਆਪਣੀਆਂ ਰੂਹਾਨੀਅਤ ਅੱਖਾਂ ਨਾਲ਼ ਵੇਖਣਾ ਹੈ ‘‘ਨਾਨਕ ! ਸੇ ਅਖੜੀਆਂ ਬਿਅੰਨਿ; ਜਿਨੀ ਡਿਸੰਦੋ ਮਾ ਪਿਰੀ ’’ (ਮਹਲਾ /੫੭੭) ਅਰਥ : ਹੇ ਨਾਨਕ ! ਆਖ ਕਿ ਉਹ ਅੱਖਾਂ ਵੱਖਰੀਆਂ ਹੁੰਦੀਆਂ ਹਨ, ਜਿਨ੍ਹਾਂ ਨਾਲ਼ ਮੇਰਾ ਪਿਆਰਾ (ਖ਼ਸਮ) ਵਿਖਾਈ ਦਿੰਦਾ ਹੈ।

ਪੰਜ ਤੱਤਾਂ ਤੋਂ ਬਣਿਆ ‘ਮਨ’ ਯਾਨੀ ਕਿ ਪੰਜ ਕਾਮਾਦਿਕ; ਕਦੇ ਨਹੀਂ ਮਰਦੇ, ਬੰਦੇ ਦਾ ਨਜ਼ਰੀਆ ਬਦਲਦਾ ਹੈ। ਦੋ ਚਾਰ ਨਾਲ਼ ਪਿਆਰ; ‘ਮੋਹ’ ਹੈ ਤੇ ਅਣਗਿਣਤ ਨਾਲ਼ ਪਿਆਰ; ਦਇਆ (ਰਹਿਮਦਿਲੀ)। ਇੱਕ ਤੋਂ ਵੱਧ ਨਾਲ਼ ਕਾਮ-ਵਾਸ਼ਨਾ; ਰੋਗ ਹੈ ਅਤੇ ਇੱਕ ਨਾਲ਼ (ਯਾਨੀ ਸੀਮਤ) ਕਾਮ; ਉੱਚਾ ਆਚਰਨ। ਜੋ ਇਸ ਸੀਮਤ ਕਾਮ-ਵਾਸ਼ਨਾ (ਮਨ ਦੀ ਇੱਛਾ) ਨੂੰ ਵੀ ਮਾਰਨ ਲਈ ਜੰਗਲ਼ਾਂ ’ਚ ਜਾ ਤਪ ਕਰਦੇ ਹਨ, ਉਨ੍ਹਾਂ ਬਾਰੇ ਭਗਤ ਕਬੀਰ ਜੀ ਦਾ ਬਚਨ ਹੈ ‘‘ਬਿੰਦੁ ਰਾਖਿ ਜੌ ਤਰੀਐ ਭਾਈ ! ਖੁਸਰੈ ਕਿਉ ਪਰਮ ਗਤਿ ਪਾਈ  ?’’ (ਭਗਤ ਕਬੀਰ/੩੨੪), ਸੋ ਜਗਤ ਦੀ ਉਤਪਤੀ ਲਈ ਕਾਮ-ਵਾਸ਼ਨਾ ਬਹੁਤ ਜ਼ਰੂਰੀ ਹੈ। ਜਣੇ ਖਣੇ ਨਾਲ਼ ਗੁੱਸਾ; ਕਰੋਧ ਹੈ ਅਤੇ ਹਮਲਾਵਰ ’ਤੇ ਗੁੱਸਾ; ਧਰਮ/ਫ਼ਰਜ਼ ਹੈ, ਜੋ ਆਪਣੀ ਹੋਂਦ ਬਚਾਉਣ ਲਈ ਜ਼ਰੂਰੀ ਹੈ। ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹਨ ਕਿ ਜਿਨ੍ਹਾਂ ਦਾ ਹਿਰਦਾ; ਰੇਸ਼ਮ ਦੀ ਤਰ੍ਹਾਂ ਨਰਮ ਹੈ, ਉਨ੍ਹਾਂ ਦਾ ਵਿਵਹਾਰ/ਵਤੀਰਾ ਭਾਵੇਂ ਸਖ਼ਤ ਹੋਵੇ; ਜਗਤ ਵਿੱਚ ਨੇਕ ਬੰਦੇ ਹੁੰਦੇ ਹਨ ‘‘ਜਿਨ੍ ਪਟੁ ਅੰਦਰਿ, ਬਾਹਰਿ ਗੁਦੜੁ; ਤੇ ਭਲੇ ਸੰਸਾਰਿ (’) ’’ (ਆਸਾ ਕੀ ਵਾਰ/ਮਹਲਾ /੪੭੩), ਸਮਾਜ ’ਚ ਦਿਲ ਦੇ ਕਾਲ਼ੇ ਬੰਦੇ ਹੀ, ਬੋਲ-ਚਾਲ ਸਮੇਂ ਨਰਮ ਹੋਣ ਦਾ ਅਕਸਰ ਭੁਲੇਖਾ ਪਾਉਂਦੇ ਹਨ। ਮਸਕੀਨ ਜੀ ਕਥਾ ਕਰਦਿਆਂ ਇੱਕ ਮਿਸਾਲ ਦਿੰਦੇ ਸਨ ਕਿ ਬੇੜੀ ਨੂੰ ਤੈਰਨ ਲਈ ਪਾਣੀ ਜ਼ਰੂਰੀ ਹੈ ਅਤੇ ਪਾਣੀ ਹੀ ਬੇੜੀ ਨੂੰ ਡੋਬਦਾ ਹੈ। ਪਰਵਾਰ ਤੋਂ ਬਿਨਾਂ ਜ਼ਿੰਦਗੀ ਨਹੀਂ ਚੱਲ ਸਕਦੀ ਅਤੇ ਪਰਵਾਰ ਵਿੱਚ ਹੀ ਬੰਦਾ ਡੁੱਬ ਜਾਂਦਾ ਹੈ। ਕਾਰੋਬਾਰ ਤੋਂ ਬਿਨਾਂ ਜ਼ਿੰਦਗੀ ਨਹੀਂ ਅਤੇ ਕਾਰੋਬਾਰ ਹੀ ਬੰਦੇ ਨੂੰ ਡੋਬਦਾ ਹੈ। ਜ਼ਿੰਦਗੀ ਲਈ ਮਾਇਆ ਜ਼ਰੂਰੀ ਹੈ; ਜਿਵੇਂ ਕਿ ਸਾਦਗੀ ’ਚ ਜੀਵਨ ਨਿਰਬਾਹ ਕਰਨ ਵਾਲ਼ੇ ਭਗਤ ਕਬੀਰ ਜੀ ਦੇ ਬਚਨ ਹਨ ‘‘ਗ੍ਰਿਹਿ ਸੋਭਾ ਜਾ ਕੈ, ਰੇ ਨਾਹਿ ਆਵਤ ਪਹੀਆ ਖੂਧੇ ਜਾਹਿ ਵਾ ਕੈ ਅੰਤਰਿ; ਨਹੀ ਸੰਤੋਖੁ ਬਿਨੁ ਸੋਹਾਗਨਿ; ਲਾਗੈ ਦੋਖੁ ’’ (ਭਗਤ ਕਬੀਰ/੮੭੨) ਭਾਵ ‘ਜਿਸ ਦੇ ਘਰ ’ਚ (ਮਹਿਮਾਨਾਂ ਲਈ) ਮਾਇਆ (ਭੋਜਨ ਆਦਿ) ਨਹੀਂ। ਉੱਥੇ ਆਏ ਪਰਾਹੁਣੇ ਭੀ ਭੁੱਖੇ ਵਾਪਸ ਚਲੇ ਜਾਂਦੇ ਹਨ। ਉਸ ਘਰ ’ਚ ਕਦੇ ਸਬਰ ਨਹੀਂ ਹੋਏਗਾ ਯਾਨੀ ਹਰ ਦਿਨ ਪੇਟ ਦੀ ਭੁੱਖ ਬੇਹਾਲ ਕਰੇਗੀ। ਸੋ ਬਿਨਾਂ ਮਾਇਆ ਤੋਂ ਪੀੜਾ ਸਹਾਰਨੀ ਪੈਂਦੀ ਹੈ’। ਦੂਜੇ ਪਾਸੇ ਮਾਇਆ ਹੀ ਸਪਨੀ ਬਣ ਕੇ ਜੀਵਨ ਨੂੰ ਖਾਂਦੀ ਹੈ ‘‘ਮਾਇਆ ਹੋਈ ਨਾਗਨੀ; ਜਗਤਿ (’) ਰਹੀ ਲਪਟਾਇ ਇਸ ਕੀ ਸੇਵਾ ਜੋ ਕਰੇ; ਤਿਸ ਹੀ ਕਉ ਫਿਰਿ ਖਾਇ ’’ (ਮਹਲਾ /੫੧੦), ਸੋ ਇਹੀ ਭਾਵ ਹੈ ਕਿ ਅਸੀਮ ਲੋਭ (ਹੋਰਾਂ ਦਾ ਹੱਕ ਮਾਰਨਾ); ਰੋਗ ਹੈ ਅਤੇ ਸੀਮਤ ਲੋਭ (ਮਿਹਨਤ ਕਰਨੀ ਜਾਂ ਆਪਣਾ ਹੱਕ ਮੰਗਣਾ); ਸੰਤੋਖ ਹੈ। ਅਸੀਮ ਅਹੰਕਾਰ (ਸਭ ਨੂੰ ਨੀਵਾਂ ਵਿਖਾਉਣ ਦੀ ਆਦਤ); ਰੋਗ ਹੈ ਤੇ ਗੁਰੂ ਦੀ ਮਰਿਆਦਾ ਵਿੱਚ ਬੱਝਿਆ ਹੋਇਆ ਨਿਰਮਲ ਅਹੰਕਾਰ (ਆਪਣੇ ਕਿਰਦਾਰ ਨੂੰ ਮਾਣ ਕਰਨਯੋਗ ਸਮਝਣਾ) ਅਣਖ/ਸਵੈਮਾਣ/ਧੀਰਜ ਅਖਵਾਉਂਦਾ ਹੈ ਤਾਹੀਓਂ ਗੁਰੂ ਅੰਗਦ ਸਾਹਿਬ ਜੀ ਨੇ ‘ਹਉਮੈ’ ਨੂੰ ਰੋਗ ਤੇ ਦਾਰੂ; ਦੋਵੇਂ ਕਿਹਾ ਹੈ ‘‘ਹਉਮੈ ਦੀਰਘ ਰੋਗੁ ਹੈ; ਦਾਰੂ ਭੀ, ਇਸੁ ਮਾਹਿ ’’ (ਆਸਾ ਕੀ ਵਾਰ/ਮਹਲਾ /੪੬੬), ਅਣਗਿਣਤ ਵਿਕਾਰੀ ਲਹਿਰਾਂ ਕਾਬੂ ਹੁੰਦਿਆਂ ਹੀ ਪੰਜ ਤੱਤਾਂ ਦਾ ਪ੍ਰਭਾਵ; ਆਪਣੇ ਆਪ ‘ਸਤ, ਸੰਤੋਖ, ਦਇਆ, ਧਰਮ, ਧੀਰਜ’ ’ਚ ਬਦਲ ਜਾਂਦਾ ਹੈ, ਜੋ ਪਹਿਲਾਂ ‘ਕਾਮ, ਕਰੋਧ, ਲੋਭ, ਮੋਹ, ਅਹੰਕਾਰ’ ਵੱਲ ਸੀ। ਇਨ੍ਹਾਂ ਨੂੰ ਬਿਲਕੁਲ ਮਾਰਨਾ; ਪੰਜ ਤੱਤਾਂ ਦੇ ਪ੍ਰਭਾਵ ਨੂੰ ਮਾਰਨਾ ਹੈ, ਜੋ ਕਿ ਨਾਮੁਮਕਿਨ ਹੈ।

ਗੁਰੂ ਸਾਹਿਬਾਨ ਅਤੇ ਸੱਤਾ ਬਲਵੰਡ ਜੀ ਨੇ ਪਾਣੀ-ਤੱਤ (ਠੰਡੇ ਖ਼ੂਨ) ਹੇਠ ਜਨਮੀ ਅਹਿੰਸਕ ਸੋਚ ਨੂੰ ਉਤੇਜਿਤ ਕਰਨ ਲਈ ਗੁਰਬਾਣੀ ਅੰਦਰ 22 ਵਾਰਾਂ ਰਚੀਆਂ ਹਨ, ਜਿਨ੍ਹਾਂ ਰਾਹੀਂ ‘ਮਨਮੁਖ ਬਨਾਮ ਗੁਰਮੁਖ’ ਦਾ ਯੁੱਧ-ਪ੍ਰਸੰਗ ਪੇਸ਼ ਕਰਕੇ ਗੁਰਮੁਖ ਨੂੰ ਜਿੱਤਦਾ ਵਿਖਾਇਆ ਹੈ ਅਤੇ ਅੱਗ-ਤੱਤ ਦੇ ਵਧੇਰੇ ਪ੍ਰਭਾਵ ਹੇਠ ਜਨਮੀ ਹਿੰਸਕ ਸੋਚ ਨੂੰ ਠੰਡਾ ਯਾਨੀ ਸੰਜਮ ’ਚ ਕਰਨ ਲਈ ਅਨੰਦਮਈ ਬਾਣੀ (ਅਨੰਦ ਸਾਹਿਬ, ਸੁਖਮਨੀ ਸਾਹਿਬ ਆਦਿਕ) ਦੀ ਰਚਨਾ ਕੀਤੀ; ਇਉਂ ਅਹਿੰਸਾ ਯਾਨੀ ਪੀਰੀ ਅਤੇ ਹਿੰਸਕ ਯਾਨੀ ਮੀਰੀ ਦਾ ਸੰਤੁਲਨ ਬਣਾਇਆ। ਅਹਿੰਸਾ (ਪੀਰੀ) ’ਚ ਮਾਨਵਤਾ ਲਈ ਗੁਰੂ ਸਾਹਿਬਾਨ ਤੱਤੀ ਤਵੀ ’ਤੇ ਬੈਠ ਗਏ ਜਾਂ ਸੀਸ ਬਲਿਦਾਨ ਦੇ ਗਏ ਅਤੇ ਹਿੰਸਾ (ਮੀਰੀ) ਰੂਪ ’ਚ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤਲਵਾਰ ਉੱਠਾ ਲੈਂਦੇ ਹਨ। ਜਿਸ ਧਰਮ ਅੰਦਰ ਇਹ ਸੰਤੁਲਨ ਬਣਾ ‘ਮਨ’ ਨੂੰ ਕਾਬੂ ਰੱਖਣ ਦੀ ਕਲਾ ਨਹੀਂ, ਉਹ ਆਪਣਾ ਅਸਤਿਤਵ ਮਿਟਾ ਗਿਆ ਜਾਂ ਅਗਾਂਹ ਮਿਟਾ ਲਏਗਾ। ਅੱਜ ਪੰਥ ਵਿਰੋਧੀ ਤਾਕਤਾਂ ਦੇ ਕੁਹਾੜੇ ਦਾ ਦਸਤਾ ਬਣ ਅਗਨੀ-ਤੱਤ ਹੇਠ ਜਨਮੀ ਅਜੋਕੀ ਹਿੰਸਕ ਸਿੱਖ-ਨੌਜਵਾਨੀ ਨੂੰ ਸ਼ਾਂਤਮਈ ਸੰਘਰਸ਼ ਲਈ ਤਿਆਰ ਕਰਨ ਦੀ ਥਾਂ ਉਨ੍ਹਾਂ ਦੇ ਭੜਕਾਊ ਜਜ਼ਬਾਤਾਂ ਉੱਤੇ ਹੋਰ ਪੈਟਰੋਲ ਪਾਇਆ ਜਾ ਰਿਹਾ ਹੈ ਤਾਂ ਜੋ ਪੀਰੀ ਦੇ ਮੁੱਢਲੇ ਪ੍ਰਚਾਰ-ਪ੍ਰਸਾਰ ਉੱਤੇ ਹਿੰਸਕ ਬਿਰਤੀ (ਮੀਰੀ); ਸਦਾ ਕਾਬਜ਼ ਰਹੇ।

ਗੁਰੂ ਅਰਜਨ ਸਾਹਿਬ ਜੀ ਨੇ ਪੰਜ ਕਾਮਾਦਿਕ (ਕਾਮ, ਕਰੋਧ, ਲੋਭ, ਮੋਹ, ਅਹੰਕਾਰ) ਅਤੇ ਪੰਜ ਸ਼ੁਭ ਗੁਣ (ਸਤ, ਸੰਤੋਖ, ਦਇਆ, ਧਰਮ, ਧੀਰਜ) ਦੀ ਇਉਂ ਅਦਲਾ ਬਦਲੀ ਹੁੰਦੀ ਬਿਆਨ ਕੀਤੀ ਹੈ ‘‘ਪੰਚ ਮਨਾਏ; ਪੰਚ ਰੁਸਾਏ ਪੰਚ ਵਸਾਏ; ਪੰਚ ਗਵਾਏ ਇਨ੍ਹ ਬਿਧਿ ਨਗਰੁ ਵੁਠਾ; ਮੇਰੇ ਭਾਈ ! ਦੁਰਤੁ (ਪਾਪਮੱਤ) ਗਇਆ; (ਜਦ) ਗੁਰਿ (ਨੇ) ਗਿਆਨੁ ਦ੍ਰਿੜਾਈ ਰਹਾਉ ’’ (ਮਹਲਾ /੪੩੦) ‘ਨਗਰੁ ਵੁਠਾ’ ਤੋਂ ਭਾਵ ‘ਮਨ’ ਰੂਪ ਸ਼ਹਰ ਵਸ ਗਿਆ, ਮਨ ਸ਼ਾਂਤ ਹੋ ਗਿਆ, ਮਨ ਜਿੱਤ ਲਿਆ, ਅੰਤਹਿਕਰਣ ਪਾਰਦਰਸ਼ੀ ਹੋ ਗਿਆ, ਸੁਰਤਿ ਮਤਿ ਮਨਿ ਬੁਧਿ ਘੜਿਆ ਗਿਆ। ਗੁਰਬਾਣੀ ਦੇ ਵਾਕ ‘‘ਮਨ ਮਾਰੇ ਬਿਨੁ; ਭਗਤਿ ਹੋਈ ’’ (ਭਗਤ ਕਬੀਰ/੩੨੯) ’ਚ ‘ਮਨ ਮਾਰਨ’ ਤੋਂ ਭਾਵ ਵੀ ‘ਮਨ ਨੂੰ ਕਾਬੂ ਕੀਤੇ ਬਿਨਾਂ ਰੱਬ ਦੀ ਇਕਾਗਰ-ਚਿਤ ਹੋ ਕੇ ਭਗਤੀ ਨਹੀਂ ਹੋ ਸਕਦੀ’ ਹੈ, ਪਰ ਇਹ ਸਫਲਤਾ ਕਿਵੇਂ ਮਿਲੇ ?

ਜਵਾਬ : ਗੁਰੂ ਨਾਨਕ ਸਾਹਿਬ ਅਨੁਸਾਰ ਸਾਰੇ ਜੀਵ-ਜੰਤਾਂ ਅੰਦਰ ਥੋੜ੍ਹੀ ਬਹੁਤੀ ਸੂਝ; ਅਕਾਲ ਪੁਰਖ ਨੇ ਆਪ ਪਾਈ ਹੈ ‘‘ਏਕਾ ਸੁਰਤਿ; ਜੇਤੇ ਹੈ ਜੀਅ ਸੁਰਤਿ ਵਿਹੂਣਾ; ਕੋਇ ਕੀਅ ’’ (ਮਹਲਾ /੨੫), ਗੁਰੂ ਸਿੱਖਿਆ ਨਾਲ਼ ਇਸ ਸੁਰਤਿ ਨੂੰ ਹੋਰ ਬਲ/ਚਾਨਣ ਮਿਲਦਾ ਹੈ, ਜੋ ਮਨ ਨੂੰ ਕਾਬੂ ਕਰਦਾ ਹੈ; ਜਿਵੇਂ ਕਿ ਗੁਰੂ ਨਾਨਕ ਸਾਹਿਬ ਜੀ ਦੇ ਹੀ ਬਚਨ ਹਨ ‘‘ਸੁਰਤੀ ਕੈ ਮਾਰਗਿ (’ਤੇ) ਚਲਿ ਕੈ; ਉਲਟੀ ਨਦਰਿ ਪ੍ਰਗਾਸੀ ’’ (ਮਹਲਾ /੧੩੨੯), ਜੋਗੀਆਂ ਦੇ ਇੱਕ ਸਵਾਲ (ਤੇਰਾ ਕਵਣੁ ਗੁਰੂ ? ਜਿਸ ਕਾ ਤੂ ਚੇਲਾ ॥ ਮਹਲਾ ੧/੯੪੨) ਦੇ ਜਵਾਬ ’ਚ ਵੀ ਗੁਰੂ ਨਾਨਕ ਸਾਹਿਬ ਜੀ ਨੇ ਇਹੀ ਕਿਹਾ ‘‘ਸਬਦੁ ਗੁਰੂ; ਸੁਰਤਿ ਧੁਨਿ ਚੇਲਾ ’’ (ਮਹਲਾ /੯੪੩) ਯਾਨੀ ਰੱਬ ਦੀ ਮਹਿਮਾ ਗਾਉਣੀ ਮੇਰੀ ਅਗਵਾਈ ਕਰਦਾ (ਗੁਰੂ) ਹੈ ਅਤੇ ਉਸ ਵਿੱਚ ਆਪਣੀ ਇਕਾਗਰ-ਚਿਤ ਹੋ ਕੇ ਸੁਰਤਿ ਜੋੜਨੀ; ਚੇਲਾ ਹੈ (ਨਾ ਕਿ ਕੋਈ ਸਰੀਰ; ਚੇਲਾ ਹੈ ਜਾਂ ਕੋਈ ਸਰੀਰ; ਗੁਰੂ ਹੈ)

ਨੋਟ : ‘ਸਿੱਖ’ ਸ਼ਬਦ ਦੇ ਅਕਸਰ ਅਰਥ ਕੀਤੇ ਜਾਂਦੇ ਹਨ ‘ਸਿੱਖਿਆ ਗ੍ਰਹਿਣ ਕਰਨ ਵਾਲ਼ਾ’ ਯਾਨੀ ਮਰਨ ਤੱਕ ਸਿੱਖਿਆਰਥੀ ਬਣਨਾ, ਸਿੱਖ ਹੈ, ਪਰ ਜ਼ਮੀਨੀ ਪੱਧਰ ’ਤੇ ਸਾਰੇ ਹੀ ਸਿੱਖ; ਅਧਿਆਪਕ ਬਣੇ ਹੁੰਦੇ ਹਨ। ਐਸੇ ਮਨਮਤੀ ਅਰਥਾਂ ਦੀ ਪੁਸ਼ਟੀ ਗੁਰਬਾਣੀ ’ਚੋਂ ਵੀ ਨਹੀਂ ਹੁੰਦੀ। ਦਰਅਸਲ ਜਦ ਕੋਈ ਸਰੀਰ, ਗੁਰੂ ਨਹੀਂ ਬਣ ਸਕਦਾ ਤਾਂ ਉਸ ਸਿੱਖਿਆ ਨੂੰ ਗ੍ਰਹਿਣ ਕਰਨ ਵਾਲ਼ਾ ਚੇਲਾ/ਅਨੁਯਾਈ; ਸਿੱਖ (ਯਾਨੀ ਸਰੀਰ) ਕਿਵੇਂ ਹੋ ਸਕਦਾ ਹੈ ?

ਭਗਤ ਕਬੀਰ ਜੀ ਦੇ ਬਚਨ ਹਨ ਕਿ ਮੈਨੂੰ ਪ੍ਰਤੱਖ ਹੋ ਗਿਆ ਕਿ ਜੀਵਨ ਅਜਾਈਂ ਜਾਣ ਦਾ ਅਸਲ ਕਾਰਨ ਮਨੁੱਖ ਦੀ ਸੁਰਤਿ-ਭੇਡ ਆਪਣੇ ਲੇਲੇ-ਮਨ ਨੂੰ ਚੁੰਘ ਰਹੀ ਹੈ ਯਾਨੀ ਕਿ ਗਿਆਨਹੀਣ ਸੁਰਤਿ-ਮਾਂ; ਆਪਣੇ ਸ਼ੈਤਾਨ ਮਨ-ਬੇਟੇ ਪਿੱਛੇ ਚੱਲਦੀ ਪਈ ਹੈ ‘‘ਕਹੁ ਕਬੀਰ ਪਰਗਟੁ ਭਈ ਖੇਡ ਲੇਲੇ ਕਉ ਚੂਘੈ ਨਿਤ ਭੇਡ ’’ (ਭਗਤ ਕਬੀਰ/੩੨੬)

‘ਸੁਰਤਿ’ ਨੂੰ ਬਲਵਾਨ ਅਤੇ ਸਥਿਰ ਬਣਾਨ ਲਈ ਸਤਿਗੁਰੂ ਜੀ ਦੀ ‘ਬਲਵਾਨ ਅਤੇ ਸਥਿਰ ਸੁਰਤਿ’ ਨਾਲ਼ ਚੁੰਬਕ ਵਾਙ ਚਿਪਕਣਾ ਹੈ। ਭਾਈ ਗੁਰਦਾਸ ਜੀ ਦੇ ਬਚਨ ਹਨ ਕਿ ਸਤਿਗੁਰੂ ਵੱਲ ਇੱਕ ਕਦਮ ਚੱਲਣ ਤੋਂ ਬਾਅਦ ਸਤਿਗੁਰੂ ਜੀ ਆਪ ਹੀ ਸਿੱਖ ਦੀ ਸੁਰਤਿ ਨੂੰ ਕਰੋੜਾਂ ਕਦਮ ਲੈ ਜਾਂਦੇ ਹਨ ‘‘ਚਰਨ ਸਰਨਿ ਗੁਰ ਏਕ ਪੈਡਾ ਜਾਇ ਚਲ; ਸਤਿਗੁਰ ਕੋਟਿ ਪੈਡਾ, ਆਗੇ ਹੋਇ ਲੇਤ ਹੈ’’ (ਭਾਈ ਗੁਰਦਾਸ ਜੀ/ ਕਬਿੱਤ ੧੧੧), ਇਸ ਪਹਿਲੇ ਕਦਮ ਲਈ ਬਣੀ ਭਾਵਨਾ ਅਨੁਸਾਰ ਹੀ ਅਗਾਂਹ ਫਲ਼ ਲੱਗਦਾ ਹੈ। ਭਾਵਨਾ ਸਹਿਤ ਇਹੀ ਪਹਿਲਾ ਕਦਮ ਪੁੱਟਣ ਵਾਲ਼ੇ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਦੇ ਬਚਨ ਇਉਂ ਹਨ :

(1). ਸੁਣਿ ਸਿਖਿਐ (ਨਾਲ਼) ਸਾਦੁ ਨ ਆਇਓ; ਜਿਚਰੁ ਗੁਰਮੁਖਿ ਸਬਦਿ (’ਚ) ਨ ਲਾਗੈ ॥ ਸਤਿਗੁਰਿ+ਸੇਵਿਐ (ਨਾਲ਼) ਨਾਮੁ ਮਨਿ ਵਸੈ; ਵਿਚਹੁ, ਭ੍ਰਮੁ ਭਉ ਭਾਗੈ ॥ ਜੇਹਾ ਸਤਿਗੁਰ ਨੋ ਜਾਣੈ, ਤੇਹੋ ਹੋਵੈ; ਤਾ ਸਚਿ+ਨਾਮਿ (’ਚ) ਲਿਵ ਲਾਗੈ ॥ ਨਾਨਕ  ! ਨਾਮਿ (ਰਾਹੀਂ) ਮਿਲੈ ਵਡਿਆਈ; ਹਰਿ ਦਰਿ (’ਤੇ) ਸੋਹਨਿ ਆਗੈ ॥ (ਮਹਲਾ ੩/੫੯੦)

ਅਰਥ : ਗੁਰੂ ਦੀ ਸਿੱਖਿਆ ਕੇਵਲ ਸੁਣ ਕੇ ਬਦਲਾਅ (ਯਾਨੀ ਕਿ ਗੁਰਸਿੱਖੀ ਜੀਵਨ) ਨਹੀਂ ਹੁੰਦਾ ਜਦ ਤੱਕ ਗੁਰੂ ਸ਼ਬਦ ’ਚ ਮਗਨ ਨਾ ਹੋਇਆ ਜਾਵੇ। ਗੁਰੂ ਉਪਦੇਸ਼ ਨਾਲ਼ (ਰੱਬ ਦਾ) ਨਾਮ ਹਿਰਦੇ ’ਚ ਦ੍ਰਿੜ੍ਹ ਹੁੰਦਾ ਹੈ, ਜਿਸ ਨਾਲ਼ ਅੰਦਰੋਂ ਭਰਮ (ਦੁਬਿਧਾ), ਡਰ ਆਦਿ ਖ਼ਤਮ ਹੁੰਦਾ ਹੈ, ਪਰ ਜੈਸਾ ਗੁਰੂ ਪ੍ਰਤੀ ਪਿਆਰ ਬਣਿਆ ਹੋਵੇ, ਵੈਸਾ ਹੀ ਹਿਰਦਾ ਬਣਦਾ ਹੈ ਤੇ ਸੱਚੇ ਨਾਮ ’ਚ ਲਿਵ ਜੁੜਦੀ ਹੈ। ਸੱਚੇ ਨਾਮ ਰਾਹੀਂ ਹੀ ਸਮਾਜ ’ਚ ਵਡਿਆਈ ਅਤੇ ਅੰਤ ਹਰੀ ਦੇ ਦਰ ’ਤੇ ਸ਼ੋਭਾ ਮਿਲਦੀ ਹੈ।

(2). ਸਤਿਗੁਰ ਨੋ ਜੇਹਾ ਕੋ ਇਛਦਾ; ਤੇਹਾ ਫਲੁ ਪਾਏ ਕੋਇ ॥ ਨਾਨਕ  ! ਕਰਤਾ ਸਭੁ ਕਿਛੁ ਜਾਣਦਾ; ਜਿਦੂ ਕਿਛੁ ਗੁਝਾ ਨ ਹੋਇ ॥ (ਮਹਲਾ ੪/੩੦੨) ਅਰਥ : ਸਤਿਗੁਰੂ ਨੂੰ ਜਿਹੋ ਜਿਹਾ ਕੋਈ ਸਮਝਦਾ ਹੈ, ਵੈਸਾ ਹੀ ਫਲ਼ ਪਾਉਂਦਾ ਹੈ ਕਿਉਂਕਿ ਫਲ਼ ਦੇਣ ਵਾਲ਼ਾ ਕਰਤਾਰ ਸਭ ਦੇ ਦਿਲਾਂ ਦੀ ਜਾਣਦਾ ਹੈ। ਉਸ ਤੋਂ ਕੁੱਝ ਵੀ ਛੁਪਾਇਆ ਨਹੀਂ ਜਾ ਸਕਦਾ ਯਾਨੀ ਕਿ ਐਸਾ ਨਹੀਂ ਹੁੰਦਾ ਕਿ ਅਸ਼ਰਧਕ ਮਨ; ਫਲ਼ ਲੈ ਜਾਵੇ।

ਸੋ ਸੰਖੇਪ ਭਾਵ ਇਹੀ ਹੈ ਕਿ ਜਦ ਭੀ ‘ਮਨ’ ਪੰਜ ਵਿਕਾਰਾਂ ਰਾਹੀਂ ਪਾਪ ਕਰਨਾ ਚਾਹੇ ‘‘ਪਾਪ ਕਰਹਿ; ਪੰਚਾਂ ਕੇ ਬਸਿ ਰੇ ’’ (ਮਹਲਾ /੧੩੪੮) ਤਾਂ ‘ਸਬਦੁ ਗੁਰੂ’ ਦੀ ਟੇਕ ਲੈ ਕੇ ਰੱਬ ਨੂੰ ਯਾਦ ਕਰਨਾ ਹੈ। ਗੁਰੂ ਹੀ ਮਨ (ਪੰਜ ਵਿਕਾਰਾਂ) ਨੂੰ ਵੱਸ ’ਚ ਕਰਾਉਂਦਾ ਹੈ ‘‘ਸਾਧ ਕੈ ਸੰਗਿ; ਆਵਹਿ ਬਸਿ (’) ਪੰਚਾ ’’ (ਸੁਖਮਨੀ/ਮਹਲਾ /੨੭੧), ‘ਸਬਦੁ ਗੁਰੂ’ ਦੀ ਸਿੱਖਾਂ ਲਈ ਨਸੀਹਤ ਹੈ ਕਿ ਆਪਣੀ ਮਨ-ਇੰਦ੍ਰੀ ਨੂੰ ਸ਼ਾਂਤ/ਇਕਾਗਰ ਕਰ ਰੱਬ ਦਾ ਨਾਮ ਜਪਣਾ/ਸੁਣਨਾ ਹੈ ‘‘ਇੰਦ੍ਰੀ ਬਸਿ ਕਰਿ; ਸੁਣਹੁ ਹਰਿ ਨਾਮੁ ’’ (ਮਹਲਾ /੨੯੯), ਵਾਰ-ਵਾਰ ਕੀਤਾ ਇਹ ਅਭਿਆਸ; ਮਨ ਨੂੰ ਕਾਲ਼ਖ਼ ਅਧੀਨ ਰੱਖਣ ਵਾਲ਼ੇ ਪ੍ਰਭੂ ਦੀ ਮਿਹਰ ਨਾਲ਼ ਅੰਤਹਿਕਰਣ ਪਾਰਦਰਸ਼ੀ ਹੋਏਗਾ, ਦਿਮਾਗ਼ ਨੂੰ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਏਗਾ ‘‘ਨਦਰੀ ਇਹੁ ਮਨੁ ਵਸਿ (’) ਆਵੈ; ਨਦਰੀ ਮਨੁ ਨਿਰਮਲੁ ਹੋਇ (ਮਹਲਾ /੫੫੮), ਜਾਂ ਆਪੇ ਨਦਰਿ ਕਰੇ ਹਰਿ ਪ੍ਰਭੁ ਸਾਚਾ; ਤਾਂ ਇਹੁ ਮਨੁ ਗੁਰਮੁਖਿ ਤਤਕਾਲ ਵਸਿ (’) ਆਵੈ (ਮਹਲਾ /੧੨੬੦) ਤਾਂ ਤੇ ਇਸ ਸਫਲਤਾ ਦਾ ਮਹੱਤਵ ਆਪਣੇ ’ਤੇ ਲੈਣ ਦੀ ਥਾਂ ਹੋਰਾਂ ਨੂੰ ਵੀ ਸਿਦਕ ਨਾਲ਼ ਇਹੀ ਕਹਿਣਾ ਬਣਦਾ ਹੈ ਕਿ ‘‘ਪ੍ਰਭ ਕਿਰਪਾ ਤੇ ਮਨੁ ਵਸਿ (’) ਆਇਆ (ਮਹਲਾ /੩੮੫), ਮਨੁ ਬਸਿ (’) ਆਵੈ ਨਾਨਕਾ ! ਜੇ ਪੂਰਨ ਕਿਰਪਾ ਹੋਇ ’’ (ਮਹਲਾ /੨੯੮), ਨਹੀਂ ਤਾਂ ਉਸ ਦੇ ਹੁਕਮ ’ਚ ਬੱਝਾ ਮਨਮੁਖ ਦਾ ‘ਮਨ’; ਮਾਇਆ ਦੇ ਹੱਥਾਂ ’ਚ ਹੀ ਖੇਡਦਾ ਰਹੇਗਾ ‘‘ਇਹੁ ਮਨੁ ਖੇਲੈ ਹੁਕਮ ਕਾ ਬਾਧਾ; ਇਕ ਖਿਨ ਮਹਿ, ਦਹ ਦਿਸ ਫਿਰਿ ਆਵੈ ’’ (ਮਹਲਾ /੧੨੬੦)

———ਚਲਦਾ———–

‘ਮਨ ਕੀ ਹੈ ਅਤੇ ਕੀ ਇਹ ਮਾਰਿਆ ਜਾ ਸਕਦਾ ਹੈ ? (ਭਾਗ ਦੂਜਾ)

ਗੁਰਬਾਣੀ ਅਨੁਸਾਰ ਸੁਰਤਿ, ਮਤਿ, ਮਨੁ, ਬੁਧਿ, ਬਿਬੇਕ, ਸੁਮਤਿ, ਅਕਲਿ ਆਦਿ।