ਮਿਹਰਵਾਨੁ ਸਾਹਿਬੁ ਮਿਹਰਵਾਨੁ ॥

0
54

ਮਿਹਰਵਾਨੁ ਸਾਹਿਬੁ ਮਿਹਰਵਾਨੁ ॥

ਪ੍ਰਿੰਸੀਪਲ ਹਰਭਜਨ ਸਿੰਘ

ਤਿਲੰਗ ਮਹਲਾ ੫ ਘਰੁ ੩ ॥

ਮਿਹਰਵਾਨੁ ਸਾਹਿਬੁ ਮਿਹਰਵਾਨੁ ॥ ਸਾਹਿਬੁ ਮੇਰਾ ਮਿਹਰਵਾਨੁ ॥ ਜੀਅ ਸਗਲ ਕਉ ਦੇਇ ਦਾਨੁ ॥ ਰਹਾਉ ॥

ਤੂ ਕਾਹੇ ਡੋਲਹਿ ਪ੍ਰਾਣੀਆ ! ਤੁਧੁ ਰਾਖੈਗਾ ਸਿਰਜਣਹਾਰੁ ॥ ਜਿਨਿ ਪੈਦਾਇਸਿ ਤੂ ਕੀਆ; ਸੋਈ ਦੇਇ ਆਧਾਰੁ ॥੧॥

ਜਿਨਿ ਉਪਾਈ ਮੇਦਨੀ; ਸੋਈ ਕਰਦਾ ਸਾਰ ॥ ਘਟਿ ਘਟਿ ਮਾਲਕੁ ਦਿਲਾ ਕਾ; ਸਚਾ ਪਰਵਦਗਾਰੁ ॥੨॥

ਕੁਦਰਤਿ ਕੀਮ ਨ ਜਾਣੀਐ; ਵਡਾ ਵੇਪਰਵਾਹੁ ॥ ਕਰਿ ਬੰਦੇ ! ਤੂ ਬੰਦਗੀ; ਜਿਚਰੁ ਘਟ ਮਹਿ ਸਾਹੁ ॥੩॥

ਤੂ ਸਮਰਥੁ ਅਕਥੁ ਅਗੋਚਰੁ; ਜੀਉ ਪਿੰਡੁ ਤੇਰੀ ਰਾਸਿ ॥ ਰਹਮ ਤੇਰੀ ਸੁਖੁ ਪਾਇਆ ਸਦਾ; ਨਾਨਕ ਕੀ ਅਰਦਾਸਿ ॥੪॥

(ਮਹਲਾ ੫/੭੨੪)

ਵੀਚਾਰ ਅਧੀਨ ਪਾਵਨ ਸ਼ਬਦ ਪੰਚਮ ਪਾਤਸ਼ਾਹ ਗੁਰੂ ਅਰਜੁਨ ਦੇਵ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਤਿਲੰਗ ਰਾਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 724 ’ਤੇ ਸੁਭਾਇਮਾਨ ਹੈ। ਇਸ ਸ਼ਬਦ ਵਿੱਚ ਗੁਰਦੇਵ ਜੀ ਅਕਾਲ ਪੁਰਖ ਦੀ ਮਹਿਮਾ ਦਾ ਵਰਣਨ ਕਰਦੇ ਹਨ ‘‘ਮਿਹਰਵਾਨੁ ਸਾਹਿਬੁ ਮਿਹਰਵਾਨੁ ਸਾਹਿਬੁ ਮੇਰਾ ਮਿਹਰਵਾਨੁ ਜੀਅ ਸਗਲ ਕਉ ਦੇਇ ਦਾਨੁ ਰਹਾਉ ’’ ਭਾਵ – ਹੇ ਭਾਈ ! ਮੇਰਾ ਮਾਲਕ ਸਦਾ ਦਇਆ ਕਰਨ ਵਾਲਾ ਹੈ, ਸਦਾ ਮਿਹਰ ਕਰਨ ਵਾਲਾ ਹੈ, ਸਦਾ ਬਖ਼ਸ਼ਸ਼ ਕਰਨ ਵਾਲਾ ਹੈ। ਇਸ ਮਿਹਰ-ਦ੍ਰਿਸ਼ਟੀ ਕਾਰਨ ਹੀ ਸਾਰੇ ਜੀਵਾਂ ਨੂੰ ਦਾਨ ਦੇਣ ਵਾਲਾ ਹੈ।

ਸਤਿਗੁਰੂ ਜੀ ਦੇ ਇਹਨਾਂ ਬਚਨਾਂ ਤੋਂ ਇਹ ਭਾਵ ਸਪਸ਼ਟ ਹੋ ਜਾਂਦਾ ਹੈ ਕਿ ਅਕਾਲ ਪੁਰਖ ਵਰਗਾ ਹੋਰ ਕੋਈ ਦੂਜਾ ਨਾ ਦਇਆਲੂ ਹੈ ਅਤੇ ਨਾ ਹੀ ਦਾਤਾ ਹੈ। ਇੱਥੇ ਇਹ ਸਮਝ ਲੈਣਾ ਕਿ ਅਕਾਲ ਪੁਰਖ ਵਿੱਚ ਕੇਵਲ ਇਹ ਦੋ ਕੁ ਹੀ ਗੁਣ ਹਨ, ਵੱਡੀ ਭੁੱਲ ਹੋਵੇਗੀ ਕਿਉਕਿ ਗੁਰਬਾਣੀ ਵਿੱਚ ਤਾਂ ਪਰਮਾਤਮਾ ਲਈ ਗੁਣ ਨਿਧਾਨ, ਬੇਅੰਤ, ਅਗੰਮ, ਅਗੋਚਰ ਆਦਿ ਸ਼ਬਦ ਪੜ੍ਹਨ ਨੂੰ ਮਿਲਦੇ ਹਨ। ਇੱਥੇ ਤਾਂ ਸਤਿਗੁਰ ਜੀ, ਪ੍ਰਭੂ ਦੇ ਬੇਅੰਤ ਗੁਣਾਂ ਵਿੱਚੋਂ ਕੁਝ ਕੁ ਦਾ ਹੀ ਹਵਾਲਾ ਦੇ ਰਹੇ ਹਨ। ਪ੍ਰਭੂ ਬਾਰੇ ਪੂਰਨ ਬਿਆਨ ਕਰਨਾ ਕਿਸੇ ਦੇ ਵੱਸ ਦੀ ਗੱਲ ਨਹੀਂ। ਗੁਰੂ ਅਰਜਨ ਦੇਵ ਜੀ ਦੇ ਸੋਰਠਿ ਰਾਗੁ ਵਿੱਚ ਬਚਨ ਹਨ ‘‘ਹਰਿ ਬਿਅੰਤੁ, ਹਉ ਮਿਤਿ ਕਰਿ ਵਰਨਉ; ਕਿਆ ਜਾਨਾ ਹੋਇ ਕੈਸੋ ਰੇ  ? ਕਰਉ ਬੇਨਤੀ ਸਤਿਗੁਰ ਅਪੁਨੇ; ਮੈ ਮੂਰਖ ਦੇਹੁ ਉਪਦੇਸੋ ਰੇ  ! (ਮਹਲਾ /੬੧੨)

ਸੋ ਗੁਰਮਤਿ ਵਿੱਚ ‘‘ਦਦਾ, ਦਾਤਾ ਏਕੁ ਹੈ; ਸਭ ਕਉ ਦੇਵਨਹਾਰ ’’ (ਮਹਲਾ /੨੫੭) ਦੇ ਮਹਾਵਾਕਾਂ ਅਨੁਸਾਰ ਸਭ ਜੀਵਾਂ ਨੂੰ, ਸਭ ਕੁਝ ਦੇਣਾ ਵਾਲਾ ਇਕ ਅਕਾਲ ਪੁਰਖ ਨੂੰ ਮੰਨਿਆ ਜਾਂਦਾ ਹੈ। ਤਿਲੰਗ ਰਾਗ ਵਿਚ ਭਗਤ ਨਾਮਦੇਵ ਜੀ ਦੇ ਬਚਨ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਹੇ ਅਲਾਹ ! ਹੇ ਕਰੀਮ ! ਹੇ ਰਹੀਮ ! ਤੂੰ ਹੀ ਅਮੀਰ ਹੈਂ। ਤੂੰ ਹਰ ਵੇਲੇ ਮੇਰੇ ਸਾਹਮਣੇ ਹੈਂ, ਫਿਰ ਮੈਨੂੰ ਕਿਸੇ ਹੋਰ ਦੀ ਕਾਹਦੀ ਮੁਥਾਜੀ ? ਤੂੰ ਰਹਿਮਤ ਦਾ ਦਰਿਆ ਹੈਂ। ਤੂੰ ਦਾਤਾ ਹੈਂ। ਤੂੰ ਬਹੁਤ ਧਨਵਾਨ ਹੈਂ।  ਜੀਵਾਂ ਨੂੰ ਜਿੰਦ ਦੇਣ ਵਾਲ਼ਾ ਅਤੇ ਵਾਪਸ ਲੈਣ ਵਾਲ਼ਾ ਤੂੰ ਹੈਂ ਯਾਨੀ ਜਨਮ ਦੇਣ ਵਾਲ਼ਾ ਅਤੇ ਮਾਰਨ ਵਾਲ਼ਾ ਤੂੰ ਹੈਂ, ਕੋਈ ਹੋਰ ਐਸੀ ਸਮਰੱਥਾ ਰੱਖਣ ਵਾਲ਼ਾ ਨਹੀਂ ‘‘ਕਰੀਮਾਂ ਰਹੀਮਾਂ ! ਅਲਾਹ ਤੂ ਗਨਂੀ ਹਾਜਰਾ ਹਜੂਰਿ; ਦਰਿ ਪੇਸਿ ਤੂੰ ਮਨਂੀ ਦਰੀਆਉ ਤੂ; ਦਿਹੰਦ ਤੂ; ਬਿਸੀਆਰ ਤੂ ਧਨੀ ਦੇਹਿ, ਲੇਹਿ, ਏਕੁ ਤੂੰ; ਦਿਗਰ ਕੋ ਨਹੀ (ਭਗਤ ਨਾਮਦੇਵ/੭੨੭), ਇਸੇ ਲਈ ਵੀਚਾਰ ਅਧੀਨ ਸ਼ਬਦ ਦੇ ਪਹਿਲੇ ਪਦੇ ਦੁਆਰਾ ਸਤਿਗੁਰੂ ਜੀ ਫ਼ੁਰਮਾਨ ਕਰਦੇ ਹੋਏ ਸਮਝਾ ਰਹੇ ਹਨ ‘‘ਤੂ ਕਾਹੇ ਡੋਲਹਿ ਪ੍ਰਾਣੀਆ ! ਤੁਧੁ ਰਾਖੈਗਾ ਸਿਰਜਣਹਾਰੁ ਜਿਨਿ ਪੈਦਾਇਸਿ ਤੂ ਕੀਆ; ਸੋਈ ਦੇਇ ਆਧਾਰੁ ’’ ਭਾਵ ਕਿ ਹੇ ਪ੍ਰਾਣੀ ! ਤੂੰ ਕਿਉ ਘਬਰਾਂਦਾ ਹੈਂ ? ਪੈਦਾ ਕਰਨ ਵਾਲਾ ਪ੍ਰਭੂ ਤੇਰੀ ਜ਼ਰੂਰ ਰੱਖਿਆ ਕਰੇਗਾ। ਜਿਸ ਪ੍ਰਭੂ ਨੇ ਤੈਨੂੰ ਪੈਦਾ ਕੀਤਾ ਹੈ, ਉਹੀ ਸਾਰੀ ਸ੍ਰਿਸ਼ਟੀ ਨੂੰ ਆਸਰਾ ਵੀ ਦੇਂਦਾ ਹੈ। ਸਤਿਗੁਰੂ ਜੀ ਦੇ ਇੱਥੇ ਸਮਝਾਉਣ ਦਾ ਭਾਵ ਹੈ ਕਿ ਮਨੁੱਖ ਨੂੰ ਸੰਸਾਰ ਵਿੱਚ ਰੋਜ਼ੀ ਬਾਰੇ ਚਿੰਤਾ ਨਹੀਂ ਕਰਨੀ ਚਾਹੀਦੀ ਸਗੋਂ ਉਸ ਅਕਾਲ ਪੁਰਖ ਦਾ ਸਿਮਰਨ ਕਰਨਾ ਚਾਹੀਦਾ ਹੈ, ਜਿਸ ਬਾਰੇ ਮਾਰੂ ਰਾਗੁ ਵਿੱਚ ਗੁਰੂ ਰਾਮਦਾਸ ਜੀ ਇਸ ਤਰ੍ਹਾਂ ਫ਼ੁਰਮਾਨ ਕਰਦੇ ਹਨ ‘‘ਨਾ ਕਰਿ ਚਿੰਤ; ਚਿੰਤਾ ਹੈ ਕਰਤੇ ਹਰਿ ਦੇਵੈ; ਜਲਿ ਥਲਿ ਜੰਤਾ ਸਭਤੈ ਅਚਿੰਤ ਦਾਨੁ ਦੇਇ ਪ੍ਰਭੁ ਮੇਰਾ; ਵਿਚਿ ਪਾਥਰ ਕੀਟ ਪਖਾਣੀ ਹੇ ’’ (ਮਹਲਾ /੧੦੭੦)

ਅਕਾਲ ਪੁਰਖ ਜੀ ਐਨੇ ਦਇਆਲ ਹਨ ਕਿ ਜਿਹੜੇ ਮਨੁੱਖ ਅਕ੍ਰਿਤਘਣ ਹਨ, ਦੋਖੀ ਹਨ, ਉਹਨਾਂ ਨੂੰ ਵੀ ਰਿਜ਼ਕ ਦੇਂਦਿਆਂ ਥੱਕਦੇ ਨਹੀਂ। ਅਕਾਲ ਪੁਰਖ ’ਤੇ ਜੀਵ ਨੂੰ ਪੂਰਨ ਭਰੋਸਾ ਬੱਝ ਜਾਏ ਕਿ ਉਹੀ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ। ਇਸੇ ਸੰਬੰਧ ਵਿੱਚ ਗੁਰੂ ਜੀ ਸ਼ਬਦ ਦੇ ਦੂਸਰੇ ਪਦੇ ਵਿੱਚ ਸਮਝਾਂਦੇ ਹਨ ‘‘ਜਿਨਿ ਉਪਾਈ ਮੇਦਨੀ; ਸੋਈ ਕਰਦਾ ਸਾਰ ਘਟਿ ਘਟਿ ਮਾਲਕੁ ਦਿਲਾ ਕਾ; ਸਚਾ ਪਰਵਦਗਾਰੁ ’’ ਭਾਵ ਕਿ ਜਿਸ ਪਰਮਾਤਮਾ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹੀ ਇਸ ਦੀ ਸਾਰ ਕਰਦਾ ਹੈ। ਹਰੇਕ ਸਰੀਰ ਅੰਦਰ ਵਸਣ ਵਾਲਾ ਪ੍ਰਭੂ, ਸਾਰੇ ਜੀਵਾਂ ਦੀ ਸੰਭਾਲ਼ ਕਰਦਾ ਹੈ। ਉਹ ਸਦਾ ਕਾਇਮ ਰਹਿਣ ਵਾਲਾ ਹੈ ਅਤੇ ਸਭ ਦੀ ਪਾਲਣਾ ਕਰਦਾ ਹੈ। ਸਤਿਗੁਰੂ ਜੀ ਦੇ ਸਮਝਾਉਣ ਦੇ ਬਾਵਜੂਦ ਵੀ ਮਨੁੱਖ ਡੋਲਦਾ ਰਹਿੰਦਾ ਹੈ, ਇਸ ਦਾ ਕਾਰਨ ਇਹ ਹੈ ਕਿ ਮਨੁੱਖ ਨੂੰ ਪਰਮਾਤਮਾ ’ਤੇ ਭਰੋਸਾ ਨਹੀਂ। ਇਹ, ਉਨ੍ਹਾਂ ਮਨੁੱਖਾਂ ਦੀ ਟੇਕ, ਆਸਰੇ ਲੈ ਕੇ ਅਡੋਲ ਰਹਿਣ ਦਾ ਯਤਨ ਕਰਦਾ ਹੈ, ਜਿਹੜੇ ਖ਼ੁਦ ਡੋਲਦੇ ਹੋਣ। ਉਹ ਦੂਜੇ ਨੂੰ ਅਡੋਲਤਾ ਕਿਵੇਂ ਦੇ ਸਕਦੇ ਹਨ ? ਸੁਖਮਨੀ ਸਾਹਿਬ ਅੰਦਰ ਗੁਰੂ ਅਰਜਨ ਦੇਵ ਜੀ ਸਮਝਾ ਰਹੇ ਹਨ ‘‘ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ ਦੇਵਨ ਕਉ ਏਕੈ ਭਗਵਾਨੁ ਜਿਸ ਕੈ ਦੀਐ, ਰਹੈ ਅਘਾਇ ਬਹੁਰਿ ਤ੍ਰਿਸਨਾ ਲਾਗੈ ਆਇ ’’ (ਸੁਖਮਨੀ/ਮਹਲਾ /੨੮੧) ਕਿਉਂਕਿ ਮਨੁੱਖ ਦੇ ਆਪਣੇ ਬਣਾਏ ਖ਼ਜਾਨੇ ਅਤੁੱਟ ਨਹੀਂ ਹਨ। ਉਸ ਨੂੰ ਇਸ ਗੱਲ ਦਾ ਖ਼ਤਰਾ ਰਹਿੰਦਾ ਕਿ ਜੇ ਮੈਂ ਆਪਣੇ ਕੋਲੋਂ ਕਿਸੇ ਨੂੰ ਕੁਝ ਦਿੱਤਾ ਤਾਂ ਮੇਰੇ ਕੋਲ ਧਨ ਜਾਂ ਦਾਤਾਂ ਦੀ ਕਮੀ ਹੋ ਸਕਦੀ ਹੈ, ਪਰ ਕੁਰਬਾਨ ਜਾਈਏ ਉਸ ਅਕਾਲ ਪੁਰਖ ਤੋਂ, ਜੋ ਸਦੀਆਂ ਤੋਂ ਸਭ ਦੀ ਸੰਭਾਲ਼ ਕਰਦਾ ਆ ਰਿਹਾ ਹੈ। ਆਸਾ ਕੀ ਵਾਰ ਦੀ ਪਹਿਲੀ ਪਉੜੀ ਵਿੱਚ ਗੁਰੂ ਜੀ ਫ਼ੁਰਮਾਂਦੇ ਹਨ ‘‘ਦਾਤਾ ਕਰਤਾ ਆਪਿ ਤੂੰ; ਤੁਸਿ ਦੇਵਹਿ ਕਰਹਿ ਪਸਾਉ ’’ (ਮਹਲਾ /੪੬੩) ਤਾਂ ਤੇ ਐਸੇ ਦਾਤੇ ਨੂੰ ਹਮੇਸ਼ਾ ਯਾਦ ਕਰੀਏ। ਜਿਸ ਬਾਰੇ ਗੁਰੂ ਅਰਜਨ ਦੇਵ ਜੀ ਤੀਸਰੇ ਅਤੇ ਚੌਥੇ ਪਦੇ ’ਚ ਇਸ ਤਰ੍ਹਾਂ ਸਮਝਾ ਰਹੇ ਹਨ ‘‘ਕੁਦਰਤਿ ਕੀਮ ਜਾਣੀਐ; ਵਡਾ ਵੇਪਰਵਾਹੁ ਕਰਿ ਬੰਦੇ ! ਤੂ ਬੰਦਗੀ; ਜਿਚਰੁ ਘਟ ਮਹਿ ਸਾਹੁ ਤੂ ਸਮਰਥੁ ਅਕਥੁ ਅਗੋਚਰੁ; ਜੀਉ ਪਿੰਡੁ ਤੇਰੀ ਰਾਸਿ ਰਹਮ ਤੇਰੀ ਸੁਖੁ ਪਾਇਆ ਸਦਾ; ਨਾਨਕ ਕੀ ਅਰਦਾਸਿ ’’ ਭਾਵ ਕਿ ਹੇ ਭਾਈ ! ਉਸ ਮਾਲਕ ਦੀ ਕੁਦਰਤ ਦਾ ਮੁਲ ਨਹੀਂ ਸਮਝਿਆ ਜਾ ਸਕਦਾ। ਉਹ ਸਭ ਤੋਂ ਵੱਡਾ ਹੈ, ਉਸ ਨੂੰ ਕਿਸੇ ਦੀ ਮੁਥਾਜੀ ਨਹੀਂ। ਹੇ ਬੰਦੇ ! ਜਿਤਨਾ ਚਿਰ ਤੇਰੇ ਸਰੀਰ ਵਿੱਚ ਸੁਆਸ ਚੱਲਦਾ ਹੈ, ਓਨਾ ਚਿਰ ਉਸ ਪ੍ਰਭੂ ਦੀ ਬੰਦਗੀ ਕਰਦਾ ਰਹਿ ਅਤੇ ਆਖ ਕਿ ਹੇ ਪ੍ਰਭੂ ! ਤੂੰ ਸਭ ਤਾਕਤਾਂ ਦਾ ਮਾਲਕ ਹੈਂ। ਤੇਰੇ ਪੂਰਨ ਗੁਣਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਗਿਆਨ ਇੰਦ੍ਰਿ੍ਰਆਂ ਵਾਲ਼ੀ ਸ਼ਕਤੀ ਨਾਲ਼ ਤੇਰੇ ਤੱਕ ਪਹੁੰਚ ਨਹੀਂ ਹੋ ਸਕਦੀ। ਮੇਰਾ ਸਰੀਰ ਅਤੇ ਜਿੰਦ ਤੇਰੀ ਹੀ ਦਿੱਤੀ ਹੋਈ ਹੈ। ਜਿਸ ਮਨੁੱਖ ’ਤੇ ਤੇਰੀ ਕਿਰਪਾ ਹੋਵੇ, ਉਸ ਨੂੰ ਤੇਰੇ ਦਰ ਤੋਂ ਬੰਦਗੀ ਕਰਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਨਾਨਕ ਦੀ ਵੀ ਸਦਾ ਤੇਰੇ ਦਰ ’ਤੇ ਇਹੀ ਅਰਦਾਸ ਹੈ ਕਿ ਤੇਰੀ ਮਿਹਰ ਨਾਲ਼ ਤੇਰੀ ਬੰਦਗੀ ਕਰਨ ਦਾ ਸੁਭਾਗ ਬਣਿਆ ਰਹੇ, ਸੁੱਖ ਮਿਲਦਾ ਰਹੇ।