ਸੁਣੀ ਪੁਕਾਰਿ ਦਾਤਾਰ ਪ੍ਰਭੁ

0
99

ਸੁਣੀ ਪੁਕਾਰਿ ਦਾਤਾਰ ਪ੍ਰਭੁ

ਗਿਆਨੀ ਬਲਜੀਤ ਸਿੰਘ ਜੀ

ਸੁਣੀ ਪੁਕਾਰਿ ਦਾਤਾਰ ਪ੍ਰਭੁ ਗੁਰੁ ਨਾਨਕ ਜਗ ਮਾਹਿ ਪਠਾਇਆ। (ਭਾਈ ਗੁਰਦਾਸ ਜੀ/ਵਾਰ ੧ ਪਉੜੀ ੨੩)  15 ਅਪ੍ਰੈਲ 1469 ਈ: ਗੁਰੂ ਨਾਨਕ ਸਾਹਿਬ ਜੀ ਦਾ ਜਨਮ ਮਹਿਤਾ ਕਲਿਆਣ ਦਾਸ ਦੇ ਗ੍ਰਿਹ ਵਿਖੇ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਹੋਇਆ, ਪਰ ਸਤਿਗੁਰੂ ਹੋਣ ਦਾ ਮਾਣ ਉਨ੍ਹਾਂ ਨੂੰ ਅਕਾਲ ਪੁਰਖ ਵੱਲੋਂ ਹੀ ਪ੍ਰਾਪਤ ਸੀ। ਗੁਰੂ ਨਾਨਕ ਸਾਹਿਬ ਜੀ ਦਾ ਵਿਹਾਰ ਵੀ ਅਕਾਲ ਵਾਂਗ ਨਿਰੋਲ ਸਚਿਆਰਾ, ਨਿਰਭਉ ਤੇ ਨਿਰਵੈਰ ਸੀ। ਉਨ੍ਹਾਂ ਦਾ ਆਚਾਰ, ਗਿਆਨ ਤੇ ਚਿੰਤਨ ਐਨਾ ਵਿਆਪਕ, ਡੂੰਘਾ, ਗੰਭੀਰ ਅਤੇ ਨਿਆਂਸ਼ੀਲ ਹੈ ਕਿ ਸੱਚ ਤੇ ਸਚਾਈ ਆਪ ਮੁਹਾਰੇ ਪ੍ਰਗਟ ਹੁੰਦੀ ਹੈ। ਗੁਰੂ ਨਾਨਕ ਸਾਹਿਬ ਜੀ ਦਾ ਗਿਆਨ ਗੋਸ਼ਟ ਵਿਚ ਐਨਾ ਤਰਕ ਤੇ ਤੇਜ਼ ਸੀ ਕਿ ਮੁਸਲਮਾਨ ਤੇ ਪੰਡਿਤ ਤਾਂ ਕੀ ਹਰ ਕਰਾਮਾਤੀ ਸਿੱਧ ਜੋਗੀ ਨੂੰ ਵੀ ਸਤਿਗੁਰੂ ਨਾਨਕ ਜੀ ਸਨਮੁਖ ਆਪਣਾ ਸੀਸ ਝੁਕਾਅ ਕੇ, ਨਿਵਾ ਕੇ ਗੁਰੂ ਪ੍ਰਤਿਭਾ ਦੀ ਵੱਡੀ ਕਮਾਈ ਦਾ ਧੰਨ ਕਹਿ ਕੇ ਅਭਿਨੰਦਨ ਕਰਨਾ ਪਿਆ। ਸ਼ੁੱਧ ਤੇ ਅਸਲ ਵਿੱਚ ਇਹ ਸਤਿਗੁਰੂ ਨਾਨਕ ਸਾਹਿਬ ਦਾ ਪ੍ਰਗਟ ਰੂਪ ਹੈ। ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਸਤਿ ਨਾਲ ਸਿੰਗਾਰਿਆ ਇਹ ਗਿਆਨ ਰੂਪ ਪ੍ਰਗਟਿਆ ਤੇ ਜੀਵਨ ਜਗਤ ਵਿੱਚ ਉਜਾਗਰ ਹੋਇਆ ਤਾਂ ਭਾਈ ਗੁਰਦਾਸ ਜੀ ਦੇ ਅਨੁਸਾਰ ਨਿਸ਼ਚੇ ਹੀ ਅਗਿਆਨਤਾ ਦੀ ਧੁੰਧ ਮਿਟ ਗਈ, ਹਨ੍ਹੇਰਾ ਦੂਰ ਹੋ ਗਿਆ, ਚਾਰੇ ਪਾਸੇ ਸਤਿਗੁਰੂ ਜੀ ਦੇ ਧਰਮ ਰੂਪ ਚਾਨਣ ਦਾ ਪ੍ਰਭਾਵ ਪੈਣ ਲੱਗ ਪਿਆ ‘‘ਸਤਿਗੁਰ ਨਾਨਕ ਪ੍ਰਗਟਿਆ; ਮਿਟੀ ਧੁੰਧੁ ਜਗਿ ਚਾਨਣੁ ਹੋਆ।’’ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੨੭), ਇਹ ਪ੍ਰਭਾਵ ਸਥਾਪਤ ਕਰਨਾ ਹੀ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦਾ ਮੁੱਖ ਉਦੇਸ਼ ਹੈ ‘‘ਬਾਬਾ ਦੇਖੈ ਧਿਆਨ ਧਰਿ; ਜਲਤੀ ਸਭਿ ਪ੍ਰਿਥਵੀ ਦਿਸਿ ਆਈ।’’ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੨੪)

ਗੁਰੂ ਨਾਨਕ ਸਾਹਿਬ ਜੀ ਨੇ ਆਪਣੀਆਂ ਚਾਰ ਉਦਾਸੀਆਂ ਵੇਲੇ ਸਾਰਾ ਹਿੰਦੁਸਤਾਨ ਅਤੇ ਹਿੰਦੁਸਤਾਨ ਤੋਂ ਬਾਹਰ ਜਾ ਕੇ ਵੇਖਿਆ ਕਿ ਮਨੁੱਖਤਾ ਵਰਨਾਂ, ਜਾਤਾਂ, ਰੰਗਾਂ ਜਨਮ ਕਰਮਾਂ, ਬੋਲੀਆਂ ਅਤੇ ਸੱਭਿਆਚਾਰਾਂ ਕਾਰਨ ਵੰਡੀ ਪਈ ਹੈ। ਨਿਮਰਤਾ, ਮਿੱਠਤ, ਸੇਵਾ, ਉਪਕਾਰ ਵਰਗੇ ਦੈਵੀ ਗੁਣ ਖੰਭ ਲਾ ਕੇ ਉੱਡ ਚੁੱਕੇ ਸਨ। ਹਰ ਪਾਸੇ ਹਉਮੈ ਹੰਕਾਰ, ਵੈਰ ਵਿਰੋਧ, ਵੰਡੀਆਂ, ਵਿਤਕਰੇ, ਲੋਭ ਲਾਲਚ ਤੇ ਗੁਲਾਮੀ ਦੀ ਭਾਵਨਾ ਪ੍ਰਚੰਡ ਸੀ। ਪ੍ਰਜਾ ਤੋਂ ਲੈ ਕੇ ਰਾਜੇ ਤੱਕ ਹਰ ਪਾਸੇ ਕੂੜ ਦਾ ਪਸਾਰਾ ਸੀ। ਭਾਰਤੀ ਜੀਵਨ ਦੇ ਹਰ ਖੇਤਰ ਵਿੱਚ ਹਨ੍ਹੇਰਾ, ਅੱਗ ਹੀ ਅੱਗ ਪ੍ਰਧਾਨ ਸੀ। ਸਮਕਾਲੀ ਜੀਵਨ ਦਾ ਇਹ ਚਿੱਤਰ ਵੀ ਭਾਈ ਗੁਰਦਾਸ ਜੀ ਨੇ ਆਪਣੀ ਪਹਿਲੀ ਵਾਰ ਵਿੱਚ ਮੂਰਤੀਮਾਨ ਕੀਤਾ ਹੈ ‘‘ਜਿਉ ਕਰਿ ਸੂਰਜੁ ਨਿਕਲਿਆ; ਤਾਰੇ ਛਪਿ ਅੰਧੇਰੁ ਪਲੋਆ।’’

ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਨਾਲ ਧਰਤੀ ਦੇ ਹਰ ਮਨੁੱਖ ਨੂੰ ਇਸ ਤਰ੍ਹਾਂ ਮਹਿਸੂਸ  ਹੋਇਆ। ਜਿਵੇਂ ਰੁਸ਼ਨਾਈ ਦਾ ਸੂਰਜ ਚੜ੍ਹਿਆ ਹੈ। ਧਰਮ ਤੇ ਪ੍ਰੇਮ ਤੋਂ ਸੱਖਣੇ ਜੀਵਨ ਉਜਾੜ ਵਿੱਚ ਸਿੰਘ ਸੂਰਮਾ ਬੁੱਕਿਆ ਹੈ। ਧਰਤੀ ਲੁਕਾਈ ਨੂੰ ਸੋਧਣ ਤੇ ਕਲਿਯੁਗ ਨੂੰ ਤਾਰਨ ਵਾਲਾ ਆਇਆ ਹੈ। ਗੁਰੂ ਨਾਨਕ ਸਾਹਿਬ ਜੀ ਨੇ ਸਮੁੱਚੀ ਮਨੁੱਖਤਾ ਨੂੰ ਸੱਚ, ਪ੍ਰੇਮ, ਅਣਖ, ਆਜ਼ਾਦੀ ਤੇ ਕੁਰਬਾਨੀ ਦਾ ਐਸਾ ਮਾਰਗ ਦਰਸ਼ਨ ਦਿੱਤਾ, ਜਿਸ ਨਾਲ ਧਰਮ ਦਾ ਰਾਜ ਬਹਾਲ ਹੋਣ ਲੱਗ ਪਿਆ। ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਗੁਰੂ ਸਾਹਿਬ ਜੀ ਨੇ ਇਸ ਧਰਮ ਪੱਖ ਨੂੰ ਪੇਸ਼ ਕਰਦੀ ਹੈ ‘‘ਕਲਿ ਤਾਰਣ ਗੁਰੁ ਨਾਨਕ ਆਇਆ ॥’’ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੨੩), ‘‘ਜੀਤੀ ਨਉਖੰਡ ਮੇਦਨੀ; ਸਤਿਨਾਮ ਦਾ ਚਕ੍ਰ ਫਿਰਾਇਆ।’’ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੩੭)

ਧਰਮ ਸੀਮਾ ਨੂੰ ਅਧਿਆਤਮਕ ਮਹਾਂ ਪੁਰਸ਼ਾਂ ਨੇ ਨਵ-ਖੰਡ ਵਿਚ ਵੰਡਿਆ ਹੈ। ਜਪੁ ਜੀ ਸਾਹਿਬ ਵਿਚ ਸੰਕੇਤ ਹੈ ‘‘ਨਵਾ ਖੰਡਾ ਵਿਚਿ ਜਾਣੀਐ; ਨਾਲਿ ਚਲੈ ਸਭੁ ਕੋਇ ॥’’ (ਜਪੁ) ਗੁਰੂ ਅਰਜਨ ਸਾਹਿਬ ਜੀ ਨੇ ਵੀ ਨਵ ਖੰਡ ਦਾ ਰਾਜ ਕਮਾਉਣ ਵੱਲ ਇਸ਼ਾਰਾ ਕੀਤਾ ਹੈ ‘‘ਨਵ ਖੰਡਨ ਕੋ ਰਾਜੁ ਕਮਾਵੈ; ਅੰਤਿ ਚਲੈਗੋ ਹਾਰੀ ॥’’ (ਮਹਲਾ ੫/੭੧੨), ਭਾਈ ਗੁਰਦਾਸ ਜੀ ਨੇ ਤਾਂ ਗੁਰੂ ਨਾਨਕ ਸਾਹਿਬ ਜੀ ਦੀ ਵਿਜਈ ਪ੍ਰਤਿਭਾ ਨੂੰ ਉਜਾਗਰ ਕਰਦਿਆਂ ਸਪੱਸ਼ਟ ਲਿਖਿਆ ਹੈ ‘‘ਜੀਤੀ ਨਉਖੰਡ ਮੇਦਨੀ; ਸਤਿਨਾਮ ਦਾ ਚਕ੍ਰ ਫਿਰਾਇਆ।’’ ਅਰਥਾਤ ਗੁਰੂ ਨਾਨਕ ਸਾਹਿਬ ਜੀ ਨੇ ਪਹਿਲਾਂ ਭਾਰਤੀ ਤੀਰਥਾਂ ਉੱਤੇ, ਫਿਰ ਇਸਲਾਮੀ ਕੇਂਦਰਾਂ ਉੱਤੇ ਅਤੇ ਅਖੀਰ ਸਿਧਾਂ ਜੋਗੀਆਂ ਦੇ ਪਰਬਤਾਂ ਉੱਤੇ ਜਾ ਕੇ ਜਿਵੇਂ ਸਾਂਝੇ ਰੱਬ ਦਾ, ਮਾਨਸ ਜਾਤਿ ਦੀ ਏਕਤਾ, ਸਰਬ ਸਾਂਝੀਵਾਲਤ ਦਾ, ਸੱਚ ਤੇ ਪ੍ਰੇਮ ਦਾ, ਪਤਿ ਤੇ ਆਜ਼ਾਦੀ ਦਾ, ਸਰਬੱਤ ਦੇ ਭਲੇ ਦਾ, ‘ਸਤਿਨਾਮ’ ਨਾਲ ਭਰਪੂਰ ਉਪਦੇਸ਼ ਤੇ ਸੰਦੇਸ਼ ਦਿੱਤਾ, ਉਸ ਦਾ ਸਿੱਟਾ ਹੀ ਸੀ ਕਿ ‘ਘਰ ਘਰ ਅੰਦਰ ਧਰਮਸ਼ਾਲ’ ਬਣ ਗਈ ਤੇ ਗੁਰੂ ਨਾਨਕ ਸਾਹਿਬ ਜੀ ਦੀ ਜੈਕਾਰ ਅਤੇ ਜਿੱਤ ਦਾ ਚੱਕਰ ਨਉਖੰਡ ਮੇਦਨੀ ਵਿੱਚ ਫਿਰਨ ਲੱਗ ਪਿਆ। ਇਤਿਹਾਸਕ ਸਾਖੀ ਗਵਾਹ ਹੈ ਕਿ ਗੁਰੂ ਨਾਨਕ ਸਾਹਿਬ ਜੀ ਆਪਣੀ ਉਦਾਸੀ ਯਾਤਰਾ ਵਿੱਚ, ਜਿਸ ਨੂੰ ਵੀ ਮਿਲੇ ਜਾਂ ਜਿਸ ਨਾਲ ਗੋਸ਼ਟੀ ਕੀਤੀ, ਉਹ ਸਿਰ ਝੁਕਾ ਕੇ ਜਗਤ ਗੁਰੂ ਦੇ ਰੂਪ ਵਿਚ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਨੂੰ ਗਾਇਨ ਕਰਨ ਲੱਗ ਪਿਆ। ਭਾਈ ਗੁਰਦਾਸ ਜੀ ਦਾ ਇਹ ਵਾਕ ਗੁਰੂ ਨਾਨਕ ਸਾਹਿਬ ਦੀ ਵਡਿਆਈ ਤੇ ਵਿਜਈ ਬਿਰਤੀ ਨੂੰ ਪੇਸ਼ ਕਰਦਾ ਹੈ ‘‘ਸਬਦਿ ਜਿਤੀ ਸਿਧਿ ਮੰਡਲੀ; ਕੀਤੋਸੁ ਅਪਣਾ ਪੰਥੁ ਨਿਰਾਲਾ।’’ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੩੧)

‘ਪੰਥ’ ਦਾ ਸਪਸ਼ਟ ਅਰਥ ਰਸਤਾ, ਸਿਧਾਂਤ ਜਾਂ ਧਰਮ ਹੀ ਹੈ। ਇਕੋ ਰਸਤੇ ਉੱਤੇ ਤੁਰਨ ਵਾਲੇ ਜਾਂ ਇਕੋ ਸਿਧਾਂਤ ਨਾਲ ਜੁੜੇ ਮਾਨਵ ਸਮੂਹ ਨੂੰ ਵੀ ਪੰਥ ਆਖਿਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਜੀਵਨ ਵਿੱਚ ਜਿਹੜਾ ਰਸਤਾ ਜਾਂ ਸਿਧਾਂਤ ਚੁਣਿਆ ਹੈ, ਉਹ ਨਾ ਹਿੰਦੂ ਵਾਲਾ ਸੀ, ਨਾ ਮੁਸਲਮਾਨ ਵਾਲਾ। ਹਿੰਦੂ ਮੁਸਲਮਾਨ ਦੋਵੇਂ ਮਜ਼੍ਹਬੀ ਦਵੈਤ ਵਿਚ ਸਨ। ਨਾ ਸੱਚ ਦੋਨਾਂ ਕੋਲ ਸੀ ਅਤੇ ਨਾ ਹੀ ਦੋਹਾਂ ਕੋਲ ਸੱਚ ਆਚਾਰ। ਦੋਵੇਂ ਆਪੋ ਆਪਣੇ ਨਾਮ, ਭੇਖ ਤੇ ਪੰਥ ਨੂੰ ਪ੍ਰਚੰਡ ਕਰ ਰਹੇ ਸਨ; ਸੱਚ ਸਾਂਝ, ਗੁਣ ਸਾਂਝ, ਗਿਆਨ ਸਾਂਝ, ਬੋਲੀ ਸਾਂਝ, ਸਭਿਆਚਾਰਕ ਸਾਂਝ ਤੇ ਮਾਨਵ ਸਾਂਝ ਕਿਧਰੇ ਵੀ ਨਹੀਂ ਸੀ। ਗੁਰੁ ਨਾਨਕ ਸਾਹਿਬ ਜੀ ਨੂੰ ਹਰ ਪਾਸੇ ਕੂੜ ਕ੍ਰਿਆ ਤੇ ਵੰਡ ਵਿਤਕਰਾ ਹੀ ਪ੍ਰਧਾਨ ਦਿੱਸਿਆ। ਇਹੀ ਕਾਰਨ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਬਿਲਕੁਲ ਮੌਲਿਕ, ਨਿਆਰਾ ਤੇ ਨਿਰਾਲਾ ਪੰਥ ਲੋਕਾਂ ਨੂੰ ਦਿੱਤਾ।

ਜੋ ਧਰਮ ਜਾਂ ਪੰਥ ਗੁਰੂ ਨਾਨਕ ਸਾਹਿਬ ਜੀ ਨੇ ਬਖ਼ਸ਼ਿਆ, ਉਹ ਸਰਬ ਭਾਵੀ, ਸਰਬ ਸਾਂਝ, ਸਰਬ ਹਿਤੈਸ਼ੀ ਤੇ ਮਾਨਵਤਾ ਦੀ ਉਚ ਗਤੀ ਲਈ ਅੱਜ ਵੀ ਓਨਾ ਹੀ ਸਾਰਥਕ ਹੈ ਕਿ ਲੋਕਾਈ ! ਮਜ਼੍ਹਬੀ ਨਫਰਤ ਤੇ ਘਿਰਣਾ ਛੱਡ ਕੇ, ਸੰਗਤ ਰੂਪ ਵਿਚ, ਕਰਤਾਰਪੁਰ ਦੀ ਸੱਚੀ ਧਰਮਸਾਲ ਵਿੱਚ ਜੁੜਨ ਲੱਗੀ। ਅੱਜ ਵੀ ਪੰਗਤ ਸੰਗਤ ਵਿਚ ਜੁੜਦੀ ਹੈ। ਜੁੜਣ ਵਾਲਿਆਂ ਵਿਚ ਹਿੰਦੂ ਵੀ ਸਨ, ਮੁਸਲਮਾਨ ਵੀ ਤੇ ਜੋਗੀ ਵੀ, ਪਰ ਸਾਰਿਆਂ ਦਾ, ਜੀਵਨ ਘਾਲ ਕਮਾਈ ਕਰਨ ਦਾ ਰਸਤਾ, ਸਿਧਾਂਤ ਤੇ ਵਿਧੀ ਵਿਧਾਨ ਇਕੋ ਜਿਹਾ ਹੀ ਹੈ। ਇਹ ਸਾਰੇ ਆਪਣੇ ਆਪ ਨੂੰ ਕਰਤਾਰੀ ਜਾਂ ਅੱਲਾਹ ਰਾਮ ਦੇ ਅਖਵਾਉਂਦੇ ਹਨ। ਗੁਰੂ ਨਾਨਕ ਸਾਹਿਬ ਜੀ ਦੀ ਮੌਲਿਕਤਾ ਤੇ ਵਿਲੱਖਣਤਾ ਇਹ ਹੈ ਕਿ ਉਨ੍ਹਾਂ ਨੇ ਸਭ ਨੂੰ ਇਕੋ ਸੰਗਤ ਜਾਂ ਪੰਥ ਵਿਚ ਬਿਠਾ ਕੇ ਪੰਜਾਬ ਵਿਚ ਤਾਂ ਕੀ, ਸਾਰੇ ਹਿੰਦੁਸਤਾਨ ਵਿਚ, ਇਕ ਐਸੀ ਕ੍ਰਾਂਤੀਕਾਰੀ ਸੰਸਥਾਗਤ ਲਹਿਰ ਨੂੰ ਸਿਰਜਿਆ ਤੇ ਸੰਵਾਰਿਆ, ਜਿਸ ਨੇ ਦਸਵੇਂ ਪਾਤਸ਼ਾਹ ਦੇ ਹੱਥਾਂ ਵਿਚ ਜਾ ਕੇ ਖਾਲਸਾ ਹੋਣ ਦਾ ਮਾਣ ਪ੍ਰਾਪਤ ਕਰ ਲਿਆ। ਗੁਰੂ ਨਾਨਕ ਸਾਹਿਬ ਜੀ ਦਾ ਨਿਰਾਲਾ ਪੰਥ ਹੀ, ਅੰਮ੍ਰਿਤ ਛਕ ਕੇ ਨਿਆਰਾ ਖ਼ਾਲਸਾ ਅਖਵਾਇਆ ਹੈ। ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਇਸ ਮੌਲਿਕ ਤੇ ਵਿਲੱਖਣਤਾ ਸੰਸਥਾਗਤ ਪੰਥ ਦਾ ਸਿਰਜਣਹਾਰ ਉਲੀਕਿਆ ਹੈ।