ਜਉ ਦੇਖੈ ਛਿਦ੍ਰੁ, ਤਉ ਨਿੰਦਕੁ ਉਮਾਹੈ; ਭਲੋ ਦੇਖਿ, ਦੁਖ ਭਰੀਐ॥ (ਮ:੫/੮੨੩)
ਗਿਆਨੀ ਅਵਤਾਰ ਸਿੰਘ
ਪਿਛਲੇ ਸਾਲ 19 ਦਸੰਬਰ 2014 ਨੂੰ ਗੁਰੂ ਕਿਰਪਾ ਨਾਲ ਆਰੰਭ ਕੀਤੀ ਗਈ ਵੈੱਬਸਾਇਟ ‘ਗੁਰ ਪਰਸਾਦ ਡਾੱਟ ਕਮ’, ਜਿਸ ਦਾ ਮੁਖ ਮਕਸਦ ਵੈੱਬ ਸਾਇਟ ਦੇ ਹੋਮ ਪੇਜ ਉਪਰ ਬਣਾਏ ਗਏ ਮੈਨਿੳੂਜ ਤੋਂ ਹੀ ਸਪੱਸਟ ਹੋ ਜਾਂਦਾ ਹੈ, ਜੋ ਕਿ ਇਸ ਪ੍ਰਕਾਰ ਹਨ: ‘ਗੁਰਬਾਣੀ ਸਟੀਕ, ਗੁਰਬਾਣੀ ਲੜੀ ਵੀਚਾਰ, ਚੋਣਵੇਂ ਸਬਦ ਵੀਚਾਰ. ਖੋਜ ਭਰਪੂਰ ਲੇਖ, ਸਿਧਾਂਤਕ ਮਤਭੇਦ, ਖ਼ਾਸ ਖਬਰਨਾਮਾ (ਭਾਵ ਆਮ ਸਮਾਚਾਰ ਬਿਲਕੁਲ ਨਹੀਂ), ਸਿਖ ਇਤਿਹਾਸ’ ਆਦਿ।
ਵੈੱਬ ਸਾਇਟ ਆਰੰਭ ਕਰਨ ਦੀ ਤਕਨੀਕੀ ਜਾਣਕਾਰੀ- ਨਵੀਂ ਵੈੱਬ ਸਾਇਟ ਬਣਾਉਣ ਲੱਗਿਆਂ ਇਨ੍ਹਾਂ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਪੈਂਦਾ ਹੈ ਕਿ ਪਾਠਕਾਂ ਨੂੰ ਵੱਧ ਤੋਂ ਵੱਧ ਸੁਵਿਧਾ ਉਪਲੱਭਦ ਕਰਵਾਈ ਜਾਵੇ, ਦੌਰਾਨ ਮੂਲ ਸਮੱਸਿਆ ਫੌਂਟ ਦੀ ਹੁੰਦੀ ਹੈ ਭਾਵ ਅਗਰ ਤੁਹਾਡੇ ਦੁਆਰਾ ਸਤਲੁਜ ਫੌਂਟ ਦੀਆਂ ਫਾਇਲਾਂ ਵੈੱਬ ਸਾਇਟ ’ਤੇ ਪਾਈਆਂ ਜਾਂਦੀਆਂ ਹਨ ਤਾਂ ਪਾਠਕਾਂ ਕੋਲ ਸਤਲੁਜ ਫੌਂਟ ਦਾ ਹੋਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ, ਇਸ ਚਨੌਤੀ ਨੂੰ ਮੁਖ ਰੱਖਦਿਆਂ ਕੁਝ ਵੈੱਬ ਸਾਇਟਾਂ ਦੇ ਮਾਲਕਾਂ ਨੇ ਆਪਣੇ ਪਾਠਕਾਂ ਲਈ ਉਸ ਸਬੰਧਤ ਫੌਂਟ ਨੂੰ ਡਾਉਨਲੋਡ ਕਰਨ ਦੀ ਸੁਵਿਧਾ ਪਹਿਲਾਂ ਤੋਂ ਹੀ ਆਪਣੀ ਵੈੱਬ ਸਾਇਟ ’ਤੇ ਦੇ ਦਿੱਤੀ ਜਾਂਦੀ ਹੈ, ਤਾਂ ਜੋ ਪਾਠਕ ਆਸਾਨੀ ਨਾਲ ਸਭ ਲੇਖ ਪੜ੍ਹ ਸਕਣ। ਇਸ ਤਕਨੀਕ ਲਈ ਜ਼ਰੂਰੀ ਹੁੰਦਾ ਹੈ ਕਿ ਪਾਠਕਾਂ ਨੂੰ ਸਬੰਧਤ ਫੌਂਟ ਡਾਉਨਲੋਡ ਕਰਨ ਵਾਲੀ ਤਕਨੀਕ ਦੀ ਜਾਣਕਾਰੀ ਹੋਵੇ।
ਦੂਸਰਾ ਤਰੀਕਾ ਹੁੰਦਾ ਹੈ ਕਿ ਹਰ ਲੇਖ ਨੂੰ ਯੂਨੀਕੋਡ ਕਰਕੇ ਹੀ ਵੈੱਬ ਸਾਇਟ ’ਤੇ ਪਾਇਆ ਜਾਵੇ ਤਾਂ ਜੋ ਪਾਠਕਾਂ ਨੂੰ ਕੋਈ ਪ੍ਰੇਸ਼ਾਨੀ ਹੀ ਨਾ ਰਹੇ ਭਾਵ ਹਰ ਲੇਖ ਆਸਾਨੀ ਨਾਲ ਆਪਣੇ ਆਪ ਹੀ ਖੁਲ ਜਾਵੇ ਅਤੇ ਪਾਠਕ ਪੜ੍ਹ ਸਕਣ। ਇਸ ਤਕਨੀਕ ਲਈ ਜ਼ਰੂਰੀ ਹੁੰਦਾ ਹੈ ਕਿ ਤੁਹਾਡੇ ਕੋਲ ਪੰਜਾਬੀ ਲਿਪੀ (ਅਮਰਲਿਪੀ, ਗੁਰਬਾਣੀ ਅੱਖਰ, ਸਤਲੁਜ ਲਿਪੀ, ਅਨਮੋਲ ਲਿਪੀ, ਆਦਿ) ਨੂੰ ਯੂਨੀਕੋਡ ਕਰਨ ਲਈ ਯੋਗ ਸੋਫਟ ਵੇਅਰ ਹੋਵੇ।
ਵਰਤਮਾਨ ਦੇ ਸਮੇਂ ਦੌਰਾਨ ਪੰਜਾਬੀ ਫੌਂਟ ਨੂੰ ਯੂਨੀਕੋਡ ’ਚ ਕਨਵਰਟਰ ਕਰਨ ਦੇ ਦੋ ਹੀ ਆੱਨ ਲਾਇਨ ਤਰੀਕੇ ਹਨ
(1). ਗੁਰਮੁਖੀ ਫੌਂਟ ਕਨਵਰਟਰ, ਜਿਸ ਨੂੰ ‘ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ’ ਦੁਆਰਾ ਤਿਆਰ ਕੀਤਾ ਗਿਆ ਹੈ।
(2). ਪੰਜਾਬੀ ਫੌਂਟ ਕਨਵਰਟਰ।
ਉਪਰੋਕਤ ਦੋਵੇਂ ਪ੍ਰਕਾਰ ਦੀਆਂ ਸੁਵਿਧਾਵਾਂ ’ਚ ਕੀ ਕੀ ਤਰੁਟੀਆਂ ਹਨ, ਉਹ ਇਸ ਪ੍ਰਕਾਰ ਹਨ:
(1). ਗੁਰਮੁਖੀ ਫੌਂਟ ਕਨਵਰਟਰ- ਇਸ ਕਨਵਰਟਰ ਸੁਵਿਧਾ ਰਾਹੀਂ ਹੋ ਰਹੀਆਂ ਸ਼ਬਦਾਂ ’ਚ ਤਰੁਟੀਆਂ ਦੇ ਨਮੂਨੇ ਅਗਾਂਹ ਦਿੱਤੇ ਜਾ ਰਹੇ ਹਨ: ੳੂੱਠ, �ਿਪਾ (ਕਿਰਪਾ), ਅੰਮਿ੍ਰਤਸਰ, �ਿਆ (ਕਿਰਿਆ), ਪਿ੍ਰੰ. ਅਨਦਿਨੁੋ, ਬਿਬੇਕੁੋ ਆਦਿ।
(2). ਪੰਜਾਬੀ ਫੌਂਟ ਕਨਵਰਟਰ- ਇਸ ਕਨਵਰਟਰ ਸੁਵਿਧਾ ਰਾਹੀਂ ਹੋਣ ਵਾਲੀਆਂ ਸ਼ਬਦਾਂ ’ਚ ਤਰੁਟੀਆਂ ਅਗਾਂਹ ਦਿੱਤੀਆਂ ਜਾ ਰਹੀਆਂ ਹਨ: ਪੜ•, ਜਿਨ•ਾਂ, ਤਿਨ•ਾਂ, ਪੜ•ਨ, ਕਹੁ ਕਬੀਰ ਮੈ ਸੋ ਗੁਰੁ ਪਾਇਆ ਜਾ ਕਾ ਨਾਉ ਬਿਬੇਕੋ £੪£੫£ ਆਦਿ।
ਉਪਰੋਕਤ ਤਕਨੀਕੀ ਤਰੁਟੀਆਂ ਦੀ ਸਾਰੀ ਜਾਣਕਾਰੀ ਮੈਂ ਵੈੱਬ ਸਾਇਟ ਆਰੰਭ ਕਰਨ ਤੋਂ ਤੁਰੰਤ ਬਾਅਦ (ਦਸੰਬਰ 2014) ’ਚ ਹੀ ਡਾ. ਰਾਜਵਿੰਦਰ ਸਿੰਘ ਜੀ (ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ) ਨੂੰ ਲਿਖਤੀ ਰੂਪ ’ਚ ਦੇ ਦਿੱਤੀ ਸੀ, ਜਿਨ੍ਹਾਂ ਦੁਆਰਾ ਇਹ ਫੌਂਟ ਕਨਵਰਟਰ ਤਿਆਰ ਕੀਤਾ ਗਿਆ ਸੀ। ਇਸ ਬਾਬਤ ਹੋਰ ਵਧੇਰੇ ਜਾਣਕਾਰੀ ਲਈ ਸੰਪਰਕ ਨੰਬਰ 094633-27683 ਰਾਹੀਂ ਡਾ. ਸਾਹਿਬ ਜੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਉਪਰੋਕਤ ਬਿਆਨ ਕੀਤੀਆਂ ਗਈਆਂ ਕੁਝ ਕੁ ਤਰੁਟੀਆਂ ਤੋਂ ਇਲਾਵਾ ਕੋਈ ਵੀ ਨਵਾਂ ਕੰਮ ਆਰੰਭ ਕਰਨ ’ਚ ਕਈ ਪ੍ਰਕਾਰ ਦੀਆਂ ਹੋਰ ਵੀ ਤਰੁਟੀਆਂ ਰਹਿ ਜਾਂਦੀਆਂ ਹਨ ਜਿਨ੍ਹਾਂ ਨੂੰ ਸਮੇਂ-ਸਮੇਂ ਅਨੁਸਾਰ ਠੀਕ ਕਰ ਦਿੱਤਾ ਜਾਂਦਾ ਹੈ, ਜਾਵੇਗਾ। ਕੁਝ ਪਾਠਕਾਂ ਨੇ ਇਨ੍ਹਾਂ ਤਰੁਟੀਆਂ ਨੂੰ ਦੂਰ ਕਰਨ ਬਾਰੇ ਆਪਣੇ ਕੁਝ ਸੁਝਾਵ ਭੀ ਉਪਲੱਬਦ ਕਰਵਾਏ ਹਨ ਮੈਂ ਉਨ੍ਹਾਂ ਦਾ ਤਹਿ ਦਿਲੋਂ ਸ਼ੁਕਰ ਗੁਜਾਰ ਹਾਂ ਪਰ ਕੁਝ ਸੱਜਣ ਇਨ੍ਹਾਂ ਤਕਨੀਕੀ ਤਰੁਟੀਆਂ ਨੂੰ ਨਾ-ਸਮਝਦੇ ਹੋਏ, ਇਨ੍ਹਾਂ ਤਰੁਟੀਆਂ ਨੂੰ ਆਧਾਰ ਬਣਾ ਕੇ ਆਪਣੀ ਹਉਮੈ, ਮਨਹਠ, ਈਰਖਾ, ਆਦਿ ਔਗੁਣਾਂ ਦਾ ਪ੍ਰਗਟਾਵਾ ਕਰ ਰਹੇ ਹਨ ਸ਼ਾਇਦ ਉਨ੍ਹਾਂ ਦਾ ਮਕਸਦ, ਇਹ ਤਰੁਟੀਆਂ ਨਹੀਂ ਜਿਨ੍ਹਾਂ ਦੀ ਉਹ ਵਕਾਲਤ ਕਰ ਰਹੇ ਹਨ, ਕੁਝ ਹੋਰ ਹੈ।
ਇਹ ਗੱਲ ਤਾਂ ਸਮਝ ਵਿਚ ਆਉਂਦੀ ਹੈ ਕਿ ਅਗਰ ਕੋਈ ਸੱਚ-ਮੁਚ ਹੀ ਕਿਸੇ ਤਰੁਟੀ ਬਾਰੇ ਇਨ੍ਹਾਂ ਗੰਭੀਰ ਹੈ ਤਾਂ ਸਬੰਧਤ ਵਿਅਕਤੀ ਨੂੰ ਸੁਝਾਵ ਦੇਵੇ, ਜਿਵੇਂ ਕਿ ਕਈ ਗੁਰੂ ਪਿਆਰਿਆਂ ਨੇ ਕੀਤਾ ਵੀ ਹੈ ਪਰ ਕੁਝ ਈਰਖਾਲੂ ਲੋਕਾਂ ਦੁਆਰਾ ਉਸ ਤਰੁਟੀਆਂ ਦੇ ਅਸਲ ਕਾਰਨ ਨੂੰ ਨਾ- ਸਮਝਦੇ ਹੋਏ, ਇਕ ਅਲੱਗ ਮਹੌਲ ਬਣਾਉਣ ਨੂੰ ਤਰਜੀਹ ਦੇਣੀ, ਇਨ੍ਹਾਂ ਦੇ ਗੰਦੇ ਮਨਸੂਬੇ ਨੂੰ ਪ੍ਰਗਟ ਕਰਦੀ ਹੈ।
ਜਿਸ ਈਰਖਾ (ਤਾਤਿ) ਤੋਂ ਇਹ ਸੱਜਣ ਪੀੜਤ ਹਨ, ਉਸ ਦੀ ਇਕ ਉਦਾਹਰਨ ਗੋਇੰਦਵਾਲ ਵਾਸੀ ਤਪੇ ਦੇ ਪ੍ਰਥਾਏ ਗੁਰੂ ਰਾਮਦਾਸ ਜੀ ਇਉਂ ਫੁਰਮਾ ਰਹੇ ਹਨ ‘‘ਜਿਸੁ ਅੰਦਰਿ ਤਾਤਿ ਪਰਾਈ ਹੋਵੈ, ਤਿਸ ਦਾ ਕਦੇ ਨ ਹੋਵੀ ਭਲਾ॥ ਓਸ ਦੈ ਆਖਿਐ ਕੋਈ ਨ ਲਗੈ, ਨਿਤ ਓਜਾੜੀ ਪੂਕਾਰੇ ਖਲਾ॥ ਜਿਸੁ ਅੰਦਰਿ ਚੁਗਲੀ, ਚੁਗਲੋ ਵਜੈ; ਕੀਤਾ ਕਰਤਿਆ, ਓਸ ਦਾ ਸਭੁ ਗਇਆ॥ ਨਿਤ ਚੁਗਲੀ ਕਰੇ, ਅਣਹੋਦੀ ਪਰਾਈ; ਮੁਹੁ ਕਢਿ ਨ ਸਕੈ, ਓਸ ਦਾ ਕਾਲਾ ਭਇਆ॥’’ (ਮ: ੪/੩੦੮)
ਭਗਤ ਕਬੀਰ ਜੀ ਅਜਿਹੇ ਨਿੰਦਕ ਬਾਰੇ ਇਉਂ ਫੁਰਮਾ ਰਹੇ ਹਨ ‘‘ਰਿਦੈ ਸੁਧ ਜਉ ਨਿੰਦਾ ਹੋਇ॥ ਹਮਰੇ ਕਪਰੇ ਨਿੰਦਕੁ ਧੋਇ॥’’ (ਭਗਤ ਕਬੀਰ/੩੩੯)
ਗੁਰੂ ਅਰਜੁਨ ਸਾਹਿਬ ਜੀ, ਇਕ ਨਿੰਦਕ ਦੀ ਜੀਵਨਸ਼ੈਲੀ ਦੇ ਕੁਝ ਕੁ ਸੰਕੇਤਾਂ ਬਾਰੇ ਇਉਂ ਬਿਆਨ ਕਰ ਰਹੇ ਹਨ ਕਿ ਨਿੰਦਕ ਦੀ ਇਹ ਪਹਿਚਾਣ ਹੁੰਦੀ ਹੈ ਕਿ ਉਹ ਕਿਸੇ ਦੁਆਰਾ ਕੀਤੇ ਜਾ ਰਹੇ ਕੰਮ ਤੋਂ ਆਪਣੇ ਅੰਦਰ ਸੜਨ ਪੈਦਾ ਕਰ ਲੈਂਦਾ ਹੈ, ਉਸ ਦੀਆਂ ਤਰੁਟੀਆਂ (ਕਮਜ਼ੋਰੀਆਂ) ਨੂੰ ਲੱਭਦਾ ਹੋਇਆ ਆਪਣਾ ਜੀਵਨ ਬਰਬਾਦ ਕਰਦਾ ਹੈ ਭਾਵ ਤਰੁਟੀ ਨੂੰ ਲੱਭ ਕੇ ਵਧਾ ਚੜ੍ਹਾ ਕੇ ਬਿਆਨ ਕਰਦਾ ਹੈ, ਪਾਵਨ ਵਾਕ ਹੈ: ‘‘ਜਉ ਦੇਖੈ ਛਿਦ੍ਰੁ, ਤਉ ਨਿੰਦਕੁ ਉਮਾਹੈ; ਭਲੋ ਦੇਖਿ, ਦੁਖ ਭਰੀਐ॥’’ (ਮ:੫/੮੨੩) ਭਾਵ ਨਿੰਦਕ, ਕਿਸੇ ਦਾ ਭਲਾ (ਯੋਗਤਾ) ਵੇਖ ਕੇ ਦੁਖੀ ਹੁੰਦਾ ਹੈ ਜਿਸ ਕਾਰਨ ਉਹ ਤਰੁਟੀਆਂ ਦੀ ਟੇਕ ਲੈ ਕੇ ਆਪਣੇ ਮਨ ਨੂੰ ਕੁਝ ਸਮੇਂ ਲਈ ਉਤਸਾਹ ’ਚ ਲੈ ਆਉਂਦਾ ਹੈ (ਕਿ ਇਸ ਤਰੁਟੀ ਰਾਹੀਂ ਮੈਂ ਜਨਤਾ ਨੂੰ ਗੁਮਰਾਹ ਕਰ ਸਕਦਾ ਹਾਂ।)