ਮੂਰਖ ਨੂੰ ਉਸ ਦੀ ਮੂਰਖਤਾ ਤੋਂ ਜਾਣੂ ਕਰਾਉਣਾ; ਸੰਸਾਰ ਦਾ ਸਭ ਤੋਂ ਕਠਿਨ ਕੰਮ

0
615

ਮੂਰਖ ਨੂੰ ਉਸ ਦੀ ਮੂਰਖਤਾ ਤੋਂ ਜਾਣੂ ਕਰਾਉਣਾ; ਸੰਸਾਰ ਦਾ ਸਭ ਤੋਂ ਕਠਿਨ ਕੰਮ

ਗਿਆਨੀ ਅਵਤਾਰ ਸਿੰਘ

‘ਮੂਰਖ’ ਸ਼ਬਦ ਦਾ ਸਮਾਜਿਕ ਪੱਖੋਂ ਅਰਥ ਹੈ ‘ਬੇਅਕਲ, ਬੇਵਕੂਫ਼, ਨਾਸਮਝ, ਮੰਦ ਬੁੱਧੀ’। ਮੂਰਖ ਬੰਦਾ; ਬੌਧਿਕ ਪੱਖੋਂ ਸਮਾਜ ਦਾ ਹਾਣੀ ਨਹੀਂ ਹੁੰਦਾ। ਆਪਣੀ ਰਹਿਣੀ-ਬਹਿਣੀ ਅਤੇ ਬੋਲ ਚਾਲ ਨਾਲ਼ ਉਹ, ਹੋਰਾਂ ਨੂੰ ਪੀੜਾ ਦਿੰਦਾ ਹੈ। ਸਮਾਜ ’ਚ ਮੂਰਖ ਨੂੰ ਮੂਰਖ ਕਹਿਣਾ; ਅਕਸਰ ਬੁਰਾ ਮੰਨਿਆ ਜਾਂਦਾ ਹੈ, ਪਰ ਧਾਰਮਿਕ ਸ਼ਬਦਾਵਲੀ ’ਚ ਇਸ ਸ਼ਬਦ ਦੀ ਖੁੱਲ੍ਹ ਕੇ ਵਰਤੋਂ ਕੀਤੀ ਗਈ ਹੈ। ਇਸ ਦਾ ਇਹ ਮਤਲਬ ਨਹੀਂ ਕਿ ਧਾਰਮਿਕ ਬੋਲੀ; ਅਸੱਭਿਅਕ ਹੈ। ਜੈਸਾ ਕਿ ਅਕਸਰ ਕਿਹਾ ਜਾਂਦਾ ਹੈ ਕਿ ਤੇਰੇ ਵਰਗੇ ਸਿਆਣੇ-ਬਿਆਣੇ ਬੰਦੇ ਮੂੰਹੋਂ ਐਸਾ ਸ਼ਬਦ ਬੋਲਿਆ; ਸ਼ੋਭਦਾ ਨਹੀਂ।

ਗੁਰਬਾਣੀ ’ਚ ‘ਮੂਰਖ’ ਸ਼ਬਦ 7 ਰੂਪਾਂ ’ਚ 148 ਵਾਰ ਹੈ। ਇਹੀ ਅਰਥ; ਕੁੱਝ ਹੋਰ ਸ਼ਬਦ ਭੀ ਦਿੰਦੇ ਹਨ; ਜਿਵੇਂ ਕਿ ‘ਗਵਾਰ/ਗਬਾਰ, (20 ਰੂਪਾਂ ’ਚ 157 ਵਾਰ), ਗਿਆਨਹੀਨ (2 ਵਾਰ), ਅੰਧਾ/ਅੰਧੀ/ਅੰਧੈ (307 ਵਾਰ), ਮੂੜ੍ਹ (128 ਵਾਰ), ਅੰਨ੍ਹਾ (13 ਵਾਰ) ਆਦਿ। ‘ਗਵਾਰ, ਅੰਧ, ਅੰਨ੍ਹਾ’ ਦੇ ਅਰਥ ਭੀ ‘ਹਨ੍ਹੇਰਾ, ਨਾਸਮਝੀ, ਮੂਰਖ’ ਹੀ ਹਨ।

‘ਮੂਰਖ’ ਸ਼ਬਦ ਦੇ ਧਾਰਮਿਕ ਪੱਖੋਂ ਅਰਥ ਹਨ ‘ਮੂੰਹ ਰੱਖ’ ਯਾਨੀ ਸਮਾਜ ’ਚ, ਆਪਣੇ ਕਬੀਲੇ ’ਚ, ਆਪਣੇ ਪਿੰਡ ਜਾਂ ਸ਼ਹਿਰ ’ਚ ‘ਮੇਰਾ ਮੂੰਹ ਰਹਿ ਜਾਵੇ’; ਸੋਚਣ ਵਾਲ਼ਾ ਵਿਅਕਤੀ। ਆਪਣੀ ਸੋਚ ਨੂੰ ਸਰਬੋਤਮ ਮੰਨਣ ਵਾਲ਼ਾ, ਆਤਮਕ ਸੂਝ ਤੋਂ ਸੱਖਣਾ ਤੇ ਅਸਲ ਸੱਚ ਨੂੰ ਜਾਣਨ ਤੋਂ ਅਸਮਰੱਥ; ਮੂਰਖ ਹੈ, ਗਵਾਰ ਹੈ, ਮੂੜ੍ਹ ਹੈ, ਅੰਧਾ (ਅੰਨ੍ਹਾ) ਹੈ। ਸਮਾਜਿਕ ਪੱਖੋਂ ਮੂਰਖ ਬੰਦਾ; ਚਲਾਕ ਹੋਵੇ, ਇਹ ਜ਼ਰੂਰੀ ਨਹੀਂ, ਪਰ ਧਾਰਮਿਕ ਪੱਖੋਂ ਮੂਰਖ; ਬੜਾ ਚਲਾਕ, ਹੁਸ਼ਿਆਰ, ਫ਼ਰੇਬੀ, ਪਾਖੰਡੀ ਹੁੰਦਾ ਹੈ। ਚਾਰੋਂ ਵੇਦਾਂ ਦੇ ਗਿਆਤਾ ਰਾਵਣ ਨੂੰ ਭੀ ਧਾਰਮਿਕ ਸ਼ਬਦਾਵਲੀ ’ਚ ਮੂਰਖ ਕਿਹਾ ਹੈ ‘‘ਲੰਕਾ ਗਢੁ ਸੋਨੇ ਕਾ ਭਇਆ ਮੂਰਖੁ ਰਾਵਨੁ ਕਿਆ ਲੇ ਗਇਆ  ?’’ (ਭਗਤ ਕਬੀਰ/੧੧੫੮) ਭਾਵੇਂ ਕਿ ਸਮਾਜਿਕ ਪੱਖੋਂ ਐਨੇ ਵਿਦਵਾਨ ਨੂੰ ਕੋਈ ਮੂਰਖ ਨਹੀਂ ਕਹੇਗਾ। ਸਮਾਜਿਕ ਬੋਲੀ ’ਚ ਅਕਸਰ ਮੂਰਖ ਉਸ ਨੂੰ ਕਿਹਾ ਜਾਂਦਾ ਹੈ, ਜੋ ਕਮਜ਼ੋਰ ਹੋਵੇ, ਪਰ ਧਾਰਮਿਕ ਸ਼ਬਦਾਵਲੀ ’ਚ ਮੂਰਖ ਉਸ ਨੂੰ ਭੀ ਕਿਹਾ ਜਾਂਦਾ ਹੈ ਜੋ ਭਾਵੇਂ ਤਕੜਾ ਹੋਵੇ ਭਾਵੇਂ ਵਿਦਵਾਨ, ਪਰ ਉਸ ਅੰਦਰ ਅਹੰਕਾਰ ਹੋਵੇ, ਇਸ ਲਈ ਮੂਰਖ ਕਹਿਣ ਨੂੰ ਬੁਰਾ ਨਹੀਂ ਮੰਨਿਆ ਗਿਆ ਕਿਉਂਕਿ ਐਸੇ ਕਠੋਰ ਸ਼ਬਦ ਹੀ ਮੂਰਖ ਨੂੰ ਉਸ ਦੀ ਮੂਰਖਤਾ ਤੋਂ ਜਾਣੂ ਕਰਵਾ ਸਕਦੇ ਹਨ।

ਕੋਈ ਮਨੁੱਖ ਗਰੀਬ ਹੋਵੇ ਜਾਂ ਅਮੀਰ, ਪੜ੍ਹਿਆ ਹੋਵੇ ਜਾਂ ਅਣਪੜ੍ਹ, ਸੁੰਦਰ ਹੋਵੇ ਜਾਂ ਬਦਸੂਰਤ, ਚੰਗਾ ਜੀਵਨ ਹੰਢਾ ਚੁੱਕਾ ਹੋਵੇ ਜਾਂ ਬੁਰਾ, ਮੂਰਖ ਹੋਵੇ ਜਾਂ ਸਿਆਣਾ, ਦੁਰਾਚਾਰੀ ਹੋਵੇ ਜਾਂ ਸਦਾਚਾਰੀ, ਛੋਟਾ ਹੋਵੇ ਜਾਂ ਵੱਡਾ, ਔਰਤ ਹੋਵੇ ਜਾਂ ਮਰਦ, ਪਿਤਾ ਹੋਵੇ ਜਾਂ ਪੁੱਤਰ, ਸੱਸ ਹੋਵੇ ਜਾਂ ਨੂੰਹ; ਸਭ ਨੂੰ ਆਪਣੀ ਸੋਚ ਪਿਆਰੀ ਹੈ। ਆਪਣੀ ਸੋਚ ’ਤੇ ਮਾਣ ਹੈ। ਸਾਰੇ ਆਪਣੀ ਅਕਲ ਤੋਂ ਸੰਤੁਸ਼ਟ ਪ੍ਰਤੀਤ ਹੁੰਦੇ ਹਨ ਤਾਂ ਹੀ ਆਪਣੀ ਅਕਲ ਨੂੰ ਸਹੀ ਠਹਿਰਾਉਂਦੇ ਰਹਿੰਦੇ ਹਨ। ਗੁਰੂ ਨਾਨਕ ਸਾਹਿਬ ਜੀ ਨੇ ‘ਜਪੁ’ ਬਾਣੀ ’ਚ ਵਚਨ ਕੀਤੇ ਹਨ ‘‘ਨਾਨਕ  ! ਆਖਣਿ ਸਭੁ ਕੋ ਆਖੈ; ਇਕ ਦੂ ਇਕੁ ਸਿਆਣਾ ’’ (ਜਪੁ) ਅਰਥ : ਹੇ ਨਾਨਕ ! (ਆਖ ਕਿ) ਮੂੰਹ ਨਾਲ਼ (ਯਾਨੀ ਜ਼ਬਾਨੀ ਜ਼ਬਾਨੀ) ਤਾਂ ਹਰ ਕੋਈ ਇੱਕ ਤੋਂ ਇੱਕ (ਵਧ ਕੇ) ਸਿਆਣਾ ਹੈ। (ਦਲੀਲ ਨਾਲ਼ ਆਪਣੀ ਸੋਚ ਦੇ ਗੁਣ) ਦੱਸਦਾ ਹੈ (ਭਾਵੇਂ ਕਿ ਅਸਲ ’ਚ ਗੁਣ ਕੀ ਹੁੰਦੇ ਹਨ, ਕਿਸੇ ਨੂੰ ਨਹੀਂ ਪਤਾ। ਜੀਵਨ ਦੀ ਸਚਾਈ ਤੋਂ ਅਣਜਾਣ ਬੰਦਾ; ਜਦ ਦਾਅਵੇ ਨਾਲ਼ ਆਪਣੀ ਸੋਚ ਨੂੰ ਸਹੀ ਸਾਬਤ ਕਰਦਾ ਜਾਵੇ ਤਾਂ ਮੂਰਖ ਬੰਦੇ ਦੇ ਇਹ ਬਾਹਰੀ ਚਿੰਨ੍ਹ ਹੀ ਹਨ।)

ਜਦ ਸਿੱਖ (ਜੋ ਸਦਾ ਸਿੱਖਿਆਰਥੀ ਹੁੰਦਾ ਹੈ) ਵੀ ਆਪਣੀ ਮਨਮਤ ’ਤੇ ਦ੍ਰਿੜ੍ਹ ਰਹੇ ਤਾਂ ਉਸ ਉੱਤੇ ਗੁਰੂ ਉਪਦੇਸ਼ ਦਾ ਕਿੰਨਾ ਕੁ ਅਸਰ ਹੋ ਸਕਦਾ ਹੈ; ਇਸ ਦੀਆਂ ਸੰਖਪ ’ਚ ਦੋ ਕੁ ਮਿਸਾਲਾਂ ਇਉਂ ਹਨ :

(1). ਗੁਰਬਾਣੀ; ਨਸ਼ੇ ਨੂੰ ਬੁੱਧੀ ਵਿਕਾਸ ’ਚ ਰੁਕਾਵਟ ਮੰਨਦੀ ਹੈ, ਫਿਰ ਭੀ ਗੁਰੂ ਘਰਾਂ ’ਤੇ ਕਾਬਜ਼ ਕਈ ਪ੍ਰਬੰਧਕ ਸ਼ਰਾਬ ਆਦਿ ਨਸ਼ਾ ਕਰਦੇ ਰਹਿੰਦੇ ਹਨ। ਨਾ ਉਹ ਪ੍ਰਬੰਧਕੀ ਛੱਡਦੇ ਹਨ, ਨਾ ਸ਼ਰਾਬ।

(2). ਗੁਰਮਤਿ; ਹਰ ਤਰ੍ਹਾਂ ਦੇ ਵਰਤ ਨੂੰ ਤੱਥਾਂ ਆਧਾਰਿਤ ਪਾਖੰਡ ਸਾਬਤ ਕਰਦੀ ਹੈ, ਫਿਰ ਭੀ ਗੁਰੂ ਘਰ ਨਿੱਤ ਹਾਜ਼ਰੀ ਭਰਨ ਵਾਲ਼ੀਆਂ ਕਈ ਬੀਬੀਆਂ ਕਰਵਾ ਚੌਥ ਵਰਗੇ ਵਰਤ ਰੱਖਦੀਆਂ ਹਨ। ਗੁਰਮਤਿ ਨਜ਼ਰੀਏ ਤੋਂ ਐਸੇ ਲੋਕ; ਮੂਰਖ ਹਨ, ਗਵਾਰ ਹਨ, ਮੂੜ੍ਹ ਹਨ।

ਗੁਰਮਤਿ ਨੂੰ ਗਹੁ ਨਾਲ਼ ਵਾਚਣ ਤੋਂ ਪਤਾ ਲੱਗਦਾ ਹੈ ਕਿ ਬਾਣੀ ਦੇ ਸਰੋਤ (ਗੁਰੂ ਨਾਨਕ ਸਾਹਿਬ) ਨੇ ਧਰਮ ਦੇ ਸੂਖਮ ਭੇਦ ਪ੍ਰਤੱਖ ਕਰਨ ਲਈ ਕੁੱਝ ਖ਼ਾਸ ਸ਼ਬਦਾਂ ਨੂੰ ਵਧੇਰੇ ਵਰਤਿਆ ਹੈ। ਮਿਸਾਲ ਵਜੋਂ ਗੁਰਬਾਣੀ ’ਚ ‘ਮੂਰਖ’ ਸ਼ਬਦ 148 ਵਾਰ ਹੈ। ਇਨ੍ਹਾਂ ’ਚੋਂ 50 ਵਾਰ (ਯਾਨੀ ਕਿ 33.8%) ਕੇਵਲ ਗੁਰੂ ਨਾਨਕ ਸਾਹਿਬ ਨੇ ਦਰਜ ਕਰ ਮੂਰਖ ਸੁਭਾਅ ਨੂੰ ਬਹੁਤ ਬੁਰਾ ਕਿਹਾ ਹੈ ਭਾਵੇਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਬਦ ਸੰਖਿਆ ’ਚ ਆਪ ਜੀ ਦੀ ਬਾਣੀ ਮਾਤਰ 16.6% ਹੈ। ਵਿਸਥਾਰ ਤੋਂ ਬਚਣ ਲਈ ਹੇਠਲੇ ਸਾਰੇ ਵਾਕ; ਗੁਰੂ ਨਾਨਕ ਸਾਹਿਬ ਜੀ ਦੁਆਰਾ ਉਚਾਰਨ ਕੀਤੇ ਹੋਏ ਹੀ ਲਏ ਗਏ ਹਨ :

(1). ਗੁਰੂ ਸਾਹਿਬ ਮੁਤਾਬਕ, ਜੋ ਬੰਦੇ ਦਾਤਾਰ ਤੋਂ ਸਭ ਦਾਤਾਂ ਲੈ ਕੇ ਭੋਗਦੇ ਹੋਏ, ਸ਼ੁਕਰਾਨੇ ਵਜੋਂ ਉਸ ਦੀ ਤਾਰੀਫ਼ ’ਚ ਦੋ ਸ਼ਬਦ ਨਹੀਂ ਬੋਲਦੇ, ਮੂਰਖ ਹਨ ‘‘ਕੇਤੇ ਮੂਰਖ ਖਾਹੀ ਖਾਹਿ ’’ (ਜਪੁ/ਮਹਲਾ /)

(2). ਗੁਰੂ ਸਾਹਿਬ ਮੁਤਾਬਕ, ਜੋ ਬੰਦੇ ਅੰਨ ਪਾਣੀ ਦੇ ਤਿਆਗ ਨੂੰ ਧਰਮ ਮੰਨਦੇ ਹਨ, ਮੂਰਖ ਹਨ ‘‘ਇਕਿ ਅੰਨੁ ਖਾਹਿ ਮੂਰਖ; ਤਿਨਾ ਕਿਆ ਕੀਜਈ  ?’’ (ਮਹਲਾ /੧੨੮੫)

(3). ਗੁਰੂ ਸਾਹਿਬ ਮੁਤਾਬਕ, ਜੋ ਬੰਦਾ ਆਪਣੇ ਆਪ ਨੂੰ ਵੱਡਾ ਧਰਮੀ ਅਖਵਾਉਣ ਲਈ ਮਾਸਾਹਾਰੀ ਤੇ ਸ਼ਾਕਾਹਾਰੀ ਵਿਵਾਦ ’ਚ ਪੈਂਦਾ ਹੈ, ਮੂਰਖ ਹੈ ਕਿਉਂਕਿ ਉਹ, ਧਰਮ (ਅਸਲ ਸਚਾਈ) ਨਹੀਂ ਸਮਝ ਰਿਹਾ ਹੁੰਦਾ ‘‘ਮਾਸੁ ਮਾਸੁ ਕਰਿ ਮੂਰਖੁ ਝਗੜੇ; ਗਿਆਨੁ ਧਿਆਨੁ ਨਹੀ ਜਾਣੈ ’’ (ਮਹਲਾ /੧੨੮੯)

(4). ਗੁਰੂ ਸਾਹਿਬ ਮੁਤਾਬਕ ਜੇ ਧਰਮੀ ਭੀ ਦਾਤਾਰ ਮਾਲਕ ਦੀ ਥਾਂ ਮਾਇਆ/ਵਿਕਾਰਾਂ ਨਾਲ਼ ਪਿਆਰ ਕਰਨ ਤਾਂ ਮੂਰਖ ਹਨ :

(ੳ). ਮੂਰਖ ਪੰਡਿਤ ਹਿਕਮਤਿ ਹੁਜਤਿ; ਸੰਜੈ ਕਰਹਿ ਪਿਆਰੁ ॥ (ਮਹਲਾ ੧/੪੬੯)

ਅਰਥ : (ਸ਼ਰਧਾਵਾਨ ਦੁਆਰਾ ਮਿਹਨਤ ਕਰਕੇ) ਜੋੜੀ ਮਾਇਆ ਨੂੰ ਚਲਾਕੀ ਤੇ ਦਲੀਲ ਨਾਲ਼ ਹੜੱਪਣ ਵਾਲ਼ੇ ਲੋਕ, ਮੂਰਖ ਹਨ।

(ਅ). ਬਿਖਿਆ ਕਦੇ ਹੀ ਰਜੈ ਨਾਹੀ; ਮੂਰਖ ਭੁਖ ਨ ਜਾਈ ॥ (ਮਹਲਾ ੧/੧੨੮੭)

ਅਰਥ : ਵਿਸ਼ੇ ਵਿਕਾਰ ਨਾਲ਼ ਕਦੇ ਕੋਈ ਰੱਜਿਆ ਨਹੀਂ (ਫਿਰ ਵੀ ਧਰਮੀ) ਮੂਰਖਾਂ ਅੰਦਰੋਂ (ਇਸ ਦੀ) ਭੁੱਖ ਨਹੀਂ ਜਾਂਦੀ।

(ੲ). ਪੰਡਿਤ ! ਸੰਗਿ ਵਸਹਿ ਜਨ, ਮੂਰਖ ! ਆਗਮ ਸਾਸ ਸੁਨੇ ॥ ਅਪਨਾ ਆਪੁ ਤੂ ਕਬਹੁ ਨ ਛੋਡਸਿ; ਸੁਆਨ ਪੂਛਿ ਜਿਉ ਰੇ ॥ (ਮਹਲਾ ੧/੯੯੦)

ਅਰਥ : ਹੇ ਮੂਰਖ ਧਰਮੀ ਪੰਡਿਤ ! (ਜਿਵੇਂ ਡੱਡੂ; ਨਿਰਮਲ ਪਾਣੀ ’ਚ ਰਹਿ ਕੇ ਭੀ ਜਾਲਾ ਹੀ ਖਾਂਦਾ ਹੈ; ਉਵੇਂ) ਤੇਰੇ ਨੇੜੇ ਕਈ ਸ਼ਰਧਾਲੂ ਆਉਂਦੇ ਹਨ, ਵੱਸਦੇ ਹਨ, ਜੋ (ਤੈਥੋਂ) ਵੇਦ, ਸ਼ਾਸਤਰ ਭੀ ਸੁਣਦੇ ਹਨ, ਪਰ ਤੂੰ ਕੁੱਤੇ ਦੀ ਵਿੰਗੀ ਪੂਛ ਵਾਙ ਆਪਣੇ ਆਪ ਨੂੰ (ਯਾਨੀ ਆਪਣਾ ਉੱਚ ਜਾਤੀ ਅਭਿਮਾਨ) ਕਦੇ ਨਹੀਂ ਛੱਡਦਾ ਯਾਨੀ ਨਿਰਮਲ ਜਲ ਵਰਗੇ ਸ਼ਰਧਾਲੂ ਤੇਰੇ ’ਤੇ ਭਰੋਸਾ ਕਰਦੇ ਹਨ ਫਿਰ ਭੀ ਤੂੰ ਜਾਤੀ ਵਿਤਕਰਾ ਨਹੀਂ ਮਿਟਾਉਂਦਾ, ਡੱਡੂ ਵਾਙ ਜਾਲਾ ਹੀ ਖਾਂਦਾ ਹੈਂ। (ਚੇਤੇ ਰਹੇ ਕਿ ਇਸ ਸ਼ਬਦ ਦੀ ‘ਰਹਾਉ’ ਤੁਕ; ਡੱਡੂ ਦੇ ਸੁਭਾਅ ਨਾਲ਼ ਸੰਬੰਧਿਤ ਹੈ; ਜਿਵੇਂ ‘‘ਦਾਦਰ  ! ਤੂ ਕਬਹਿ ਜਾਨਸਿ ਰੇ ਭਖਸਿ ਸਿਬਾਲੁ ਬਸਸਿ ਨਿਰਮਲ ਜਲ; ਅੰਮ੍ਰਿਤੁ ਲਖਸਿ ਰੇ ਰਹਾਉ ’’ (ਮਹਲਾ /੯੯੦) ਅਰਥ : ਹੇ ਡੱਡੂ ! ਤੂੰ ਸਾਫ਼ ਪਾਣੀ ’ਚ ਰਹਿੰਦਾ ਹੈਂ, ਪਰ ਮੈਲ਼ ਰਹਿਤ ਗੁਣਾਂ ਦੀ ਥਾਂ, ਜਾਲਾ ਹੀ ਖਾਂਦਾ ਹੈਂ; ਇਉਂ ਤਾਂ ਤੂੰ ਕਦੇ ਭੀ ਅਸਲੀਅਤ ਨਹੀਂ ਜਾਣ ਸਕੇਂਗਾ।

(ਸ). ਮੂਰਖ ਅੰਧਿਆ ਅੰਧੀ ਧਾਤੁ ॥ ਕਹਿ ਕਹਿ ਕਹਣੁ; ਕਹਾਇਨਿ ਆਪੁ ॥ (ਮਹਲਾ ੧/੧੨੩੯)

ਅਰਥ : ਮੂਰਖ ਦੀ ਦੌੜ-ਭੱਜ ਅੰਨ੍ਹਿਆਂ ਵਾਲ਼ੀ (ਯਾਨੀ ਜਿੰਨੀ ਅਗਾਂਹ ਓਨੀ ਪਿਛਾਂਹ) ਹੁੰਦੀ ਹੈ (ਗੁਰੂ ਰਾਹੀਂ ਜੀਵਨ ਦਾ ਮਨੋਰਥ ਸਮਝ ਕੇ ਉਸ ਵੱਲ ਨਹੀਂ ਵਧਦਾ, ਉੱਤੋਂ) ਮੁੜ ਮੁੜ ਆਪਣੇ ਆਪ ਨੂੰ ਚੰਗਾ ਬੋਲ (ਭੀ ਬੋਲਦਾ ਹੈ। ਬਾਕੀ ਭੀ ਚੰਗਾ) ਆਖਦੇ ਰਹਿਣ (ਉਮੀਦ ਰੱਖਦਾ ਹੈ)। ਐਸੀ ਬਿਮਾਰੀ ਹੋਣ ਦਾ ਕਾਰਨ ਭੀ ਗੁਰੂ ਜੀ ਇਹ ਦੱਸਦੇ ਹਨ ਕਿ ਮੂਰਖ ਬੰਦਾ; ਜਗਤ ਨੂੰ ਚਲਾਉਣ ਵਾਲ਼ੀ ਸਿਰਜਣਹਾਰ-ਮਾਲਕ ਦੀ ਕਾਰ-ਯੁਕਤੀ ਨੂੰ ਨਹੀਂ ਜਾਣਦਾ (ਕਿ ਸਾਰੇ ਉਸ ਦੇ ਹੁਕਮ ’ਚ ਹਨ, ਪਰ ਉਲ਼ਟਾ) ਆਪਣੇ ਆਪ ਨੂੰ ਵੱਡਾ ਸਮਝਦਾ ਹੈ ‘‘ਮੂਰਖੁ ਆਪੁ ਗਣਾਇਦਾ; ਬੂਝਿ ਸਕੈ ਕਾਰ (ਮਹਲਾ /੧੩੪੩), ਹੁਕਮਿ ਰਹਾਏ ਆਪਣੈ; ਮੂਰਖੁ ਆਪੁ ਗਣੇਇ ’’ ਮਹਲਾ /੧੨੪੧) ਜਦਕਿ ਮਨੁੱਖੀ ਜੀਵਨ ਦਾ ਟੀਚਾ; ਮਾਲਕ ਨੂੰ ਵੱਡਾ ਆਖ ਕੇ ਆਪਣੇ ਆਪ ਨੂੰ ਤੁੱਛ ਜਾਣਨਾ ਸੀ, ਪਰ ਖ਼ੁਦ ਨੂੰ ਵੱਡਾ ਮੰਨਣ ਕਰਕੇ ਮੂਰਖ ਹੋਰਾਂ ਨਾਲ਼ ਝਗੜਦਾ ਹੈ ‘‘ਮੂਰਖ ਗਣਤ ਗਣਾਇ; ਝਗੜਾ ਪਾਇਆ ’’ (ਮਹਲਾ /੧੩੯)

(ਹ). ਪਕੇ ਬੰਕ ਦੁਆਰ; ਮੂਰਖੁ ਜਾਣੈ ਆਪਣੇ ॥ (ਮਹਲਾ ੧/੧੪੧) ਅਰਥ : (ਆਪਣੀ ਮੌਤ ਨੂੰ ਭੁਲਾ ਕੇ) ਸੋਹਣੇ ਪੱਕੇ ਮਹਿਲਾਂ ਨੂੰ ਮੂਰਖ ਆਪਣੇ (ਸਥਾਈ ਘਰ) ਸਮਝਦਾ ਹੈ।

(5). ਗੁਰੂ ਸਾਹਿਬ ਮੁਤਾਬਕ ਮੂਰਖ; ਪੱਥਰ ਵਾਙ ਹੈ ਤਾਹੀਓਂ ਕੋਈ ਸਿੱਖਿਆ ਅਸਰ ਨਹੀਂ ਕਰਦੀ :

(ੳ). ਲੋਹਾ ਮਾਰਣਿ ਪਾਈਐ; ਢਹੈ ਨ ਹੋਇ ਕਪਾਸ ॥ ਨਾਨਕ  ! ਮੂਰਖ ਏਹਿ ਗੁਣ; ਬੋਲੇ ਸਦਾ ਵਿਣਾਸੁ ॥ (ਮਹਲਾ ੧/੧੪੩)

ਅਰਥ : ਹੇ ਨਾਨਕ ! ਜੇ ਲੋਹਾ; ਭੱਠੀ ’ਚ ਪਾਈਏ (ਤਾਂ ਭੀ ਉਹ) ਪਿਘਲ਼ ਕੇ ਕਪਾਹ ਨਹੀਂ ਬਣਦਾ (ਇਉਂ ਮੂਰਖ; ਕਦੇ ਨਰਮਦਿਲ ਨਹੀਂ ਬਣ ਸਕਦੇ) ਮੂਰਖਾਂ ਅੰਦਰ ਇਹ ਗੁਣ (ਯਾਨੀ ਐਸੇ ਔਗੁਣ) ਹਨ ਕਿ ਜੋ ਭੀ ਬੋਲਦੇ ਹਨ, ਹੋਰਾਂ ਨੂੰ ਸਦਾ ਪੀੜਾ ਹੀ ਦਿੰਦੇ ਹਨ।

(ਅ). ਮੂਰਖ ਗੰਢੁ ਪਵੈ; ਮੁਹਿ ਮਾਰ ॥ (ਮਹਲਾ ੧/੧੪੩)

ਅਰਥ : ਮੂਰਖਾਂ ਨਾਲ਼ ਤਾਂ ਹੀ ਪਿਆਰ ਪੈਂਦਾ ਹੈ ਜੇ ਮੂੰਹ ਤੋਂ ਮਾਰ ਧਾੜ ਦੀ ਗੱਲ ਕਰੀਏ ਯਾਨੀ ਹਿੰਸਕ ਗੱਲਾਂ ਕਰੀਏ (ਕਿਉਂਕਿ ਮੂਰਖ ਕੋਲ਼ ਬਰੀਕ ਸਮਝ ਨਹੀਂ ਹੁੰਦੀ। ਨਾ ਕਿਸੇ ਦੀ ਗੱਲ ਸਮਝਦਾ ਹੈ ਤੇ ਨਾ ਜ਼ਬਾਨ ’ਚ ਰਸ ਹੁੰਦਾ ਹੈ। ਵਿਕਾਰ ਰੂਪ ਜ਼ਹਰ ਨਾਲ਼ ਭਰਿਆ ਸਭ ਨਾਲ਼ ਲੜਨ ਲਈ ਤਿਆਰ ਰਹਿੰਦਾ ਹੈ ‘‘ਮੂਰਖੁ ਹੋਇ; ਆਖੀ ਸੂਝੈ ਜਿਹਵਾ ਰਸੁ ਨਹੀ ਕਹਿਆ ਬੂਝੈ ਬਿਖੁ ਕਾ ਮਾਤਾ; ਜਗ ਸਿਉ ਲੂਝੈ ’’ ਮਹਲਾ /੪੧੪) ਤਦੋਂ ਹੀ ਵਚਨ ਕੀਤੇ ਹਨ ‘‘ਮੂਰਖ ਸਚੁ ਜਾਣਨ੍ੀ; ਮਨਮੁਖੀ ਜਨਮੁ ਗਵਾਇਆ (ਮਹਲਾ /੪੬੭), ਮੂਰਖਿ+ਅੰਧੈ (ਨੇ) ਪਤਿ ਗਵਾਈ ਵਿਣੁ ਨਾਵੈ; ਕਿਛੁ ਥਾਇ ਪਾਈ ’’ (ਮਹਲਾ /੪੬੭)

(ੲ). ਮੂਰਖੈ ਨਾਲਿ ਨ ਲੁਝੀਐ ॥੧੯॥ (ਮਹਲਾ ੧/੪੭੩)

ਅਰਥ : ਮੂਰਖ ਨਾਲ਼ ਬਹੁਤਾ ਉਲ਼ਝਣਾ ਨਹੀਂ ਚਾਹੀਦੀ।

ਵਿਚਾਰ : ਉਕਤ ਤੁਕ ਦੇ ਇਉਂ ਅਰਥ ਭੀ ਕੀਤੇ ਜਾਂਦੇ ਹਨ ‘ਮੂਰਖਾਂ ਨਾਲ਼ ਝਗੜਨਾ ਨਹੀਂ ਚਾਹੀਦਾ’, ਪਰ ਇਹ ਸਹੀ ਨਹੀਂ ਜਾਪਦੇ ਕਿਉਂਕਿ (1). ਤਾਂ ਤੇ ਗੁਰੂ ਜੀ; ਮੂਰਖਾਂ ਨੂੰ ਕਿਉਂ ਸੰਬੋਧਨ ਕਰ ਰਹੇ ਹਨ ? (2). ਧਾਰਮਿਕ ਨਜ਼ਰੀਏ ਤੋਂ ਵੇਖਿਆਂ ਮੂਰਖ; ਸਦਾ ਹਮਲਾਵਰ ਰਿਹਾ ਹੈ ਯਾਨੀ ਸੱਚ ਦਾ ਵਿਰੋਧ ਕਰਦਾ ਆਇਆ ਹੈ। ਆਪਣੀ ਸੁਰੱਖਿਆ ਲਈ ਲੜਨਾ; ਗਲਤ ਨਹੀਂ ਹੋ ਸਕਦਾ।

(ਸ). ਫਿਕਾ ਬੋਲਿ ਵਿਗੁਚਣਾ; ਸੁਣਿ ਮੂਰਖ ਮਨ ਅਜਾਣ ॥ (ਮਹਲਾ ੧/੧੫)

ਅਰਥ : ਹੇ ਨਾਸਮਝ ਮੂਰਖ ਮਨ ! ਜ਼ਰਾ ਸੁਣ; ਹਲਕਾ (ਨੀਵੇਂ ਪੱਧਰ ਦਾ ਬੋਲ) ਬੋਲ ਕੇ (ਸਦਾ) ਪਰੇਸ਼ਾਨ ਹੋਣਾ ਪੈਂਦਾ ਹੈ।

(ਹ). ਫਿਕਾ ਮੂਰਖੁ ਆਖੀਐ; ਪਾਣਾ ਲਹੈ ਸਜਾਇ ॥ (ਮਹਲਾ ੧/੪੭੩)

ਅਰਥ : ਹੌਲ਼ਾ (ਬੋਲ); ਮੂਰਖ ਹੋਣ ਦੀ ਨਿਸ਼ਾਨੀ ਹੈ ਤਾਹੀਓਂ ਸਜ਼ਾ ਦੇ ਰੂਪ ’ਚ (ਮੂੰਹ ’ਤੇ) ਜੁੱਤੀ ਖਾਂਦਾ ਹੈ, ਫਿਟਕਾਰ ਲੈਂਦਾ ਹੈ।

(6). ਗੁਰੂ ਸਾਹਿਬ ਮੁਤਾਬਕ, ਜੋ ਬੰਦਾ ਗੁਰੂ ਦਾ ਉਪਦੇਸ਼ ਨਾ ਸਮਝ ਸਕੇ; ਉਹ ਮੂਰਖ ਹੈ :

(ੳ). ਮੂਰਖੁ, ਸਬਦੁ ਨ ਚੀਨਈ; ਸੂਝ ਬੂਝ ਨਹ ਕਾਇ ॥ (ਓਅੰਕਾਰ/ਮਹਲਾ ੧/੯੩੮)

ਅਰਥ : ਮੂਰਖ; ਗੁਰੂ ਸ਼ਬਦ ਦੀ ਕਦਰ ਕਰਨਯੋਗ ਨਹੀਂ ਹੁੰਦਾ, ਇਸ ਲਈ ਕੋਈ ਅਕਲ, ਕੋਈ ਸਮਝ ਨਹੀਂ ਹੁੰਦੀ।

(ਅ). ਸੁਣਿ ਮਨ ਅੰਧੇ  ! ਮੂਰਖ ਗਵਾਰ  !॥ ਆਵਤ ਜਾਤ ਲਾਜ ਨਹੀ ਲਾਗੈ; ਬਿਨੁ ਗੁਰ, ਬੂਡੈ ਬਾਰੋ ਬਾਰ ॥੧॥ ਰਹਾਉ ॥ (ਮਹਲਾ ੧/੧੩੪੪)

ਅਰਥ : ਹੇ ਮੂਰਖ ਨਾਸਮਝ ਅਕਲਹੀਣ ਮਨ ! ਜ਼ਰਾ ਸੁਣ; ਗੁਰੂ ਤੋਂ ਬਿਨਾਂ ਵਾਰ ਵਾਰ ਜਨਮ ਲੈਂਦਿਆਂ ਅਤੇ ਵਾਰ ਵਾਰ ਮਰਦਿਆਂ ਯਾਨੀ ਆਵਾਗਮਣ ’ਚ ਜਨਮਦਿਆਂ ਮਰਦਿਆਂ ਤੈਨੂੰ ਸ਼ਰਮ ਨਹੀਂ ਲੱਗਦੀ। ਗੁਰੂ ਤੋਂ ਬਿਨਾਂ (ਇਸ ਘੁੰਮਣਘੇਰੀ ’ਚ) ਡੁੱਬਣਾ ਹੀ ਪੈਂਦਾ ਹੈ, ਫਸਣਾ ਹੀ ਹੈ।

(ੲ). ਕੁੱਲ ਮਿਲਾ ਕੇ ਬੰਦਾ; ਅਹੰਕਾਰ ਕਾਰਨ ਮੂਰਖ ਹੈ ਅਤੇ ਅਹੰਕਾਰ ’ਚ ਹੀ ਕਦੇ ਕਦਾਈਂ ਸਿਆਣੀ ਗੱਲ ਕਹਿੰਦਾ ਹੈ ‘‘ਹਉ ਵਿਚਿ ਮੂਰਖੁ; ਹਉ ਵਿਚਿ ਸਿਆਣਾ ’’ (ਮਹਲਾ /੪੬੬)

(6). ਗੁਰੂ ਸਾਹਿਬ ਮੁਤਾਬਕ ਸੰਸਾਰ ’ਚ ਮੂਰਖ; ਅਣਗਿਣਤ ਹਨ ‘‘ਅਸੰਖ ਮੂਰਖ ਅੰਧ ਘੋਰ ’’ (ਜਪੁ/ਮਹਲਾ /) ਇਸ ਸ਼ਬਦ ਦੇ ਉਚਾਰਨ ਸਮੇਂ ਤੋਂ ਲਗਭਗ 530-540 ਸਾਲ ਬਾਅਦ ਯਾਨੀ ਅੱਜ (ਅਪ੍ਰੈਲ 2022 ਨੂੰ) ਭੀ ਅਜੇ ਸੰਸਾਰ ’ਚ ਮਨੁੱਖ ਜਾਤੀ ਦੀ ਕੁੱਲ ਸੰਖਿਆ 7.94 ਅਰਬ ਹੈ, ਜੋ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਧਾਰਨ ਸਮੇਂ ਤਕਰੀਬਨ 43.5 ਕਰੋੜ ਸੀ ਤਾਂ ਤੇ ਇੱਥੇ ‘ਅਸੰਖ’ ਦਾ ਅਰਥ ‘ਇੱਕ ਕਰੋੜ ਅਰਬ’ ਯਾਨੀ ਇੱਕ ਨਾਲ਼ 17 ਸਿਫ਼ਰ 100000000000000000 ਨਹੀਂ ਹੈ। ‘ਅਸੰਖ’ ਤੋਂ ਭਾਵ ਅਣਗਿਣਤ ਹੈ, ਜੋ ਕਦੇ ਗਿਣੇ ਨਹੀਂ ਜਾ ਸਕਦੇ।

ਵਿਚਾਰ : ਇਹ ਜਾਣਨਾ ਭੀ ਜ਼ਰੂਰੀ ਹੈ ਕਿ ‘ਜਪੁ’ ਬਾਣੀ ’ਚ ‘‘ਅਸੰਖ ਭਗਤ; ਗੁਣ ਗਿਆਨ ਵੀਚਾਰ ’’ ਭੀ ਦਰਜ ਹੈ। ਕੀ ਰੱਬ ਦੇ ਭਗਤ ਵੀ ਅਣਗਿਣਤ ਹਨ ? ਜਵਾਬ ਹੈ : ਨਹੀਂ। ਇਹ ਇਸ਼ਾਰਾ ਸਾਰੇ ਧਰਮਾਂ ਦੇ ਸ਼ਰਧਾਵਾਨ ਮਨੁੱਖਾਂ ਵੱਲ ਹੈ ਭਾਵੇਂ ਉਹ ਕਰਮਕਾਂਡੀ ਹੀ ਕਿਉਂ ਨਾ ਹੋਣ। ਗੁਰਬਾਣੀ ’ਚ ਸੱਚੇ ਭਗਤਾਂ ਦੀ ਸੰਖਿਆ; ਆਪਣੇ ਜੀਵਨ ’ਚ ਲੰਬੀਆਂ ਯਾਤਰਾਵਾਂ ਕਰਨ ਵਾਲ਼ੇ ਗੁਰੂ ਨਾਨਕ ਸਾਹਿਬ ਜੀ ਅਤੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਇਉਂ ਬਿਆਨ ਕੀਤਾ ਹੈ ‘‘ਹੈਨਿ ਵਿਰਲੇ, ਨਾਹੀ ਘਣੇ; ਫੈਲ ਫਕੜੁ ਸੰਸਾਰੁ ੧੨ (ਮਹਲਾ /੧੪੧੧), ਕੋਟਨ ਮੈ ਨਾਨਕ ਕੋਊ; ਨਾਰਾਇਨੁ ਜਿਹ ਚੀਤਿ ’’ (ਮਹਲਾ /੧੪੨੭)

ਉਕਤ ਕੀਤੀ ਗਈ ਵਿਚਾਰ ਕਿ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਬਾਣੀ ਅੰਦਰ ਸਭ ਤੋਂ ਵਧੀਕ ਵਾਰ ‘ਮੂਰਖ’ ਸ਼ਬਦ; ਵਿੱਦਿਆ ਦਾ ਮਾਣ ਕਰਨ ਵਾਲ਼ਿਆਂ ਪ੍ਰਤੀ ਵਰਤਿਆ ਹੈ। ਮਤਾਂ ਕਿਤੇ ਗੁਰੂ ਸਾਹਿਬ ਜੀ ਨੂੰ ਕੋਈ ਘਮੰਡੀ ਸਮਝ ਬੈਠੇ, ਇਸ ਲਈ ਆਪ ਨੇ ਸਵੈ ਨੂੰ ਭੀ ਮੂਰਖ ਕਿਹਾ ਹੈ। ਵਿਸ਼ਾਲ ਮਾਲਕ ਦੇ ਗੁਣਾਂ ਨੂੰ ਪ੍ਰਗਟ ਕਰਨ ਵਾਲ਼ਾ; ਵੈਸੇ ਭੀ ਨਿਮਰਤਾ ’ਚ ਰਹਿਣ ਨੂੰ ਆਪਣਾ ਫ਼ਰਜ਼ ਸਮਝਦਾ ਹੈ; ਜਿਵੇਂ ਕਿ ‘‘ਨਾ ਹਉ ਜਤੀ ਸਤੀ ਨਹੀ ਪੜਿਆ; ਮੂਰਖ ਮੁਗਧਾ ਜਨਮੁ ਭਇਆ ਪ੍ਰਣਵਤਿ ਨਾਨਕ ਤਿਨ ਕੀ ਸਰਣਾ; ਜਿਨ ਤੂ ਨਾਹੀ ਵੀਸਰਿਆ (ਸੋ ਪੁਰਖੁ/ਮਹਲਾ /੧੨), ਹਉ ਮੂਰਖੁ ਨੀਚੁ ਅਜਾਣੁ; ਸਮਝਾ ਸਾਖੀਐ (ਮਹਲਾ /੬੮੮), ਨਾਨਕ  ! ਮੂਰਖੁ ਏਕੁ ਤੂ; ਅਵਰੁ ਭਲਾ ਸੈਸਾਰੁ ’’ (ਮਹਲਾ /੧੩੨੮) ਗੁਰਬਾਣੀ ਅੰਦਰ 6 ਵਾਰ ਨਾਨਕੁ ਨੀਚੁ ਸ਼ਬਦ ਭੀ ਕੇਵਲ ਆਪ ਜੀ ਨੇ ਹੀ ਦਰਜ ਕੀਤਾ ਹੈ; ਜਿਵੇਂ ‘‘ਨਾਨਕੁ ਨੀਚੁ ਕਹੈ ਵੀਚਾਰੁ ..੧੮ (ਜਪੁ/ਮਹਲਾ /), ਨਾਨਕੁ ਨੀਚੁ ਕਹੈ ਬੀਚਾਰੁ ਧਾਣਕ ਰੂਪਿ ਰਹਾ; ਕਰਤਾਰ (ਮਹਲਾ /੨੪), ਨਾਨਕੁ ਨੀਚੁ ਕਹੈ; ਲਿਵ ਲਾਇ (ਮਹਲਾ /੨੨੩), ਨਾਨਕੁ ਨੀਚੁ ਕਹੈ ਬੀਚਾਰੁ (ਮਹਲਾ /੪੧੩), ਨਾਨਕੁ ਨੀਚੁ ਭਿਖਿਆ ਦਰਿ (ਰੱਬੀ ਦਰ ਤੋਂ) ਜਾਚੈ; ਮੈ ਦੀਜੈ ਨਾਮੁ ਵਡਾਈ ਹੇ ੧੬ (ਮਹਲਾ /੧੦੨੧), ਨਾਨਕੁ ਨੀਚੁ ਕਹੈ ਬੇਨੰਤੀ; ਦਰਿ ਦੇਖਹੁ ਲਿਵ ਲਾਈ ਹੇ ੧੬’’ (ਮਹਲਾ /੧੦੨੨) ਇਸ ਤੋਂ ਇਲਾਵਾ ਭੀ ਆਪ ਜੀ ਨੇ ਨਿਰਾਕਾਰ-ਮਾਲਕ ਨਾਲ਼ ਸੰਵਾਦ ਕਰਦਿਆਂ ਆਪਣੇ ਆਪ ਨੂੰ ਵਾਰ ਵਾਰ ਮੂਰਖ ਕਿਹਾ ਹੈ; ਜਿਵੇਂ ਕਿ

(ੳ). ਤੇਰੇ ਗੁਣ ਬਹੁਤੇ, ਮੈ ਏਕੁ ਨ ਜਾਣਿਆ; ਮੈ ਮੂਰਖ ਕਿਛੁ ਦੀਜੈ ॥ ਪ੍ਰਣਵਤਿ ਨਾਨਕ ਸੁਣਿ ਮੇਰੇ ਸਾਹਿਬਾ ! ਡੁਬਦਾ ਪਥਰੁ ਲੀਜੈ ॥ (ਮਹਲਾ ੧/੫੯੬)

ਅਰਥ : ਹੇ ਮੇਰੇ ਮਾਲਕ ! ਨਾਨਕ ਬੇਨਤੀ ਕਰਦਾ ਹੈ ਕਿ ਤੇਰੇ ਵਿੱਚ ਬੇਅੰਤ ਗੁਣ ਹਨ, ਮੈ ਨਾ ਮਾਤਰ ਹੀ ਜਾਣ ਸਕਿਆ ਹਾਂ। ਮੈਨੂੰ ਨਾਸਮਝ ਨੂੰ ਹੋਰ ਸੋਝੀ ਬਖ਼ਸ਼ ਤਾਂ ਜੋ ਡੁੱਬਦਾ ਜਾ ਰਿਹਾ ਪੱਥਰ ਦਿਲ ਸਮਾਜ; ਪਾਰ ਹੋ ਸਕੇ।

(ਅ). ਤੂ ਸੁਲਤਾਨੁ, ਕਹਾ ਹਉ ਮੀਆ; ਤੇਰੀ ਕਵਨ ਵਡਾਈ ॥ ਜੋ ਤੂ ਦੇਹਿ, ਸੁ ਕਹਾ ਸੁਆਮੀ ! ਮੈ ਮੂਰਖ ਕਹਣੁ ਨ ਜਾਈ ॥ (ਮਹਲਾ ੧/੭੯੫)

ਅਰਥ : ਹੇ ਮਾਲਕ ਪ੍ਰਭੂ ! ਤੂੰ ਬਾਦਸ਼ਾਹ ਹੈਂ, ਪਰ ਮੈ ਛੋਟਾ ਜਿਹਾ ਸਰਦਾਰ ਦੱਸਦਾ ਪਿਆ ਹਾਂ, ਇਹ ਤਾਂ ਤੇਰੀ ਮਹਿਮਾ ਨਾ ਹੋਈ (ਪਰ ਮੇਰਾ ਵੀ ਕੀ ਕਸੂਰ ਹੈ) ਜਿੰਨੀ ਕੁ ਸੂਝ ਤੂੰ (ਮੈਨੂੰ) ਬਖ਼ਸ਼ਦਾ ਹੈਂ ਓਨਾ ਕੁ ਬਿਆਨ ਕਰ ਦਿੰਦਾ ਹਾਂ, (ਹੋਰ ਵਧੀਕ) ਮੈ ਮੂਰਖ ਦੱਸ ਨਹੀਂ ਸਕਦਾ।

(ੲ). ਹਮ ਮੂਰਖ ਅਗਿਆਨ ਸਰਨਿ ਪ੍ਰਭ ! ਤੇਰੀ; ਕਰਿ ਕਿਰਪਾ ਰਾਖਹੁ ਮੇਰੀ ਲਾਜ ਪਤੇ ॥੧॥ ਰਹਾਉ ॥ (ਮਹਲਾ ੧/੮੭੬)

ਅਰਥ : ਹੇ ਮਾਲਕ ਪ੍ਰਭੂ ! ਹੇ ਪਤੀ ਪਰਮੇਸ਼ਰ ! ਮੈ ਮੂਰਖ ਹਾਂ, ਗਿਆਨਹੀਣ ਹਾਂ; ਤੇਰੀ ਸ਼ਰਨ ਆਇਆ ਹਾਂ। ਕਿਰਪਾ ਕਰਕੇ (ਤੇਰਾ ਭਗਤ ਅਖਵਾਉਣ ਵਾਲ਼ੀ) ਮੇਰੀ ਇੱਜ਼ਤ ਰੱਖ ਲਿਓ।

(ਸ). ਬਾਬਾ ! ਮੂਰਖੁ ਹਾ; ਨਾਵੈ ਬਲਿ ਜਾਉ ॥ ਤੂ ਕਰਤਾ, ਤੂ ਦਾਨਾ ਬੀਨਾ; ਤੇਰੈ ਨਾਮਿ ਤਰਾਉ ॥੧॥ ਰਹਾਉ ॥ (ਮਹਲਾ ੧/੧੦੧੫)

ਅਰਥ : ਹੇ ਮਾਲਕ ਪ੍ਰਭੂ ! ਮੈ ਮੂਰਖ ਹਾਂ, ਤੇਰੇ ਨਾਮ ਤੋਂ ਕੁਰਬਾਨ ਹਾਂ (ਮਿਹਰ ਕਰ ਤਾਂ ਜੋ) ਤੇਰੇ ਨਾਮ ਵਿੱਚ ਜੁੜ ਕੇ ਤਰ ਜਾਵਾਂ (ਕਿਉਂਕਿ) ਤੂੰ ਸਿਰਜਣਹਾਰ (ਕਰਤਾ) ਹੈਂ, ਦਿਲ ਦੀ ਚੰਗੀ-ਮੰਦੀ ਹਾਲਤ ਜਾਣਨਹਾਰ (ਦਾਨਾ) ਹੈਂ ਅਤੇ (ਮੇਰਾ ਹਰ ਕੰਮ) ਵੇਖਣਵਾਲ਼ਾ (ਬੀਨਾ) ਹੈਂ।

(ਹ). ਮਸਟਿ ਕਰਉ; ਮੂਰਖੁ ਜਗਿ (’ਚ) ਕਹੀਆ ॥ ਅਧਿਕ ਬਕਉ; ਤੇਰੀ ਲਿਵ ਰਹੀਆ ॥ ਭੂਲ ਚੂਕ; ਤੇਰੈ+ਦਰਬਾਰਿ (’ਤੇ)॥ ਨਾਮ ਬਿਨਾ; ਕੈਸੇ ਆਚਾਰ ?॥ (ਮਹਲਾ ੧/੧੩੩੦)

ਅਰਥ : ਹੇ ਮਾਲਕ ਪ੍ਰਭੂ ! (ਲੋਕਾਚਾਰੀ ਰਸਮਾਂ ਤੋਂ ਹਟ ਕੇ ਤੇਰੇ ’ਚ ਧਿਆਨ) ਮਗਨ ਕਰਾਂ ਤਾਂ ਦੁਨੀਆਂ ’ਚ ਮੂਰਖ ਮੰਨਿਆ ਜਾਂਦਾ ਹਾਂ (ਮੂਰਖਾਂ ਨੂੰ ਨਸੀਹਤ ਦੇਣ ਲਈ) ਵੱਧ ਬੋਲਾਂ ਤਾਂ ਤੇਰੇ ਨਾਲ਼ ਜੁੜੀ ਸੁਰਤ ਟੁੱਟਦੀ ਹੈ (ਕੋਈ ਮੂਰਖ ਕਹੇ, ਮੈਨੂੰ ਪਰਵਾਹ ਨਹੀਂ ਕਿਉਂਕਿ) ਅਸਲ ਮੂਰਖਤਾ ਉਹ ਹੈ, ਜੋ ਤੇਰੇ ਦਰ ’ਤੇ ਭੀ ਮੂਰਖਤਾ ਮੰਨੀ ਜਾਵੇ। ਤੇਰੇ ਨਾਮ ਤੋਂ ਬਿਨਾਂ ਕਾਹਦੀਆਂ ਸਮਾਜਿਕ ਰਸਮਾਂ ? ਯਾਨੀ ਤੇਰੇ ਨਾਲ਼ ਜੁੜ ਕੇ ਹੀ ਸੱਚੀ (ਭਾਵ ਦਿਲੋਂ) ਸਮਾਜਿਕ ਰਸਮ ਨਿਭਾਈ ਜਾ ਸਕਦੀ ਹੈ।

ਮੂਰਖਾਂ ਨੂੰ ਉਸ ਦੀ ਮੂਰਖਤਾ ਤੋਂ ਜਾਣੂ ਕਰਵਾਉਂਦੀ ਉਕਤ ਸਾਰੀ ਵਿਚਾਰ; ਜਿਵੇਂ ਕਿ ‘ਰੱਬ ਤੋਂ ਮਿਲੀਆਂ ਦਾਤਾਂ ਬਦਲੇ ਸ਼ੁਕਰਾਨਾ ਨਾ ਕਰਨਾ, ਅੰਨ ਪਾਣੀ ਦੇ ਤਿਆਗ ਨੂੰ ਅਤੇ ਮਾਸਾਹਾਰੀ/ਸ਼ਾਕਾਹਾਰੀ (ਹਿੰਸਕ/ਅਹਿੰਸਕ) ਧਾਰਨਾ ਨੂੰ ਧਰਮ ਕਮਾਉਣ ਲਈ ਅਹਿਮ ਮੰਨਣਾ, ਮਾਲਕ ਦੀ ਥਾਂ ਮਾਇਆ/ਵਿਕਾਰਾਂ ਨਾਲ਼ ਪਿਆਰ ਕਰਨਾ, ਅਭਿਮਾਨ ’ਚ ਰਹਿਣਾ, ਅੰਨ੍ਹਿਆਂ ਵਾਲ਼ੀ ਟੀਚਾ ਰਹਿਤ ਦੌੜ-ਭੱਜ ਕਰਨੀ, ਨੀਵੇਂ ਬੋਲ ਬੋਲਣਾ, ਬਹੁਤਾ ਸਿਆਣਾ ਸਮਝ ਕੇ ਗੁਰੂ ਉਪਦੇਸ਼ ਦੀ ਕਦਰ ਨਾ ਕਰਨੀ, ਮੂਰਖ ਦਾ ਆਵਾਗਮਣ/ਘੁੰਮਣਘੇਰੀ ’ਚ ਪੈਣਾ ਆਦਿ ਸਚਾਈ ਪ੍ਰਗਟ ਕਰਨ ਬਦਲੇ ਹੀ ਗੁਰੂ ਨਾਨਕ ਸਾਹਿਬ ਜੀ ਨੂੰ ਖ਼ੁਦ ਲਈ ਭੀ ਮੁੜ ਮੁੜ ਮੂਰਖ ਲਿਖਣਾ ਪਿਆ ਹੈ।

ਅੰਤ ’ਚ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਗੁਰਬਾਣੀ ਦਾ ਇੱਕੋ ਸ਼ਬਦ ‘‘ਮਿਟੀ ਮੁਸਲਮਾਨ ਕੀ; ਪੇੜੈ ਪਈ ਕੁਮਿ੍ਆਰ ’’ (ਮਹਲਾ /੪੬੬) ’ਚੋਂ ‘‘ਮਿਟੀ ਬੇਈਮਾਨ ਕੀ; ਪੇੜੈ ਪਈ ਕੁਮਿ੍ਆਰ ॥’’ ਕਹਿਣ ਬਦਲੇ ਆਪਣੇ ਪੁੱਤਰ ਬਾਬਾ ਰਾਮਰਾਏ ਜੀ ਨੂੰ ਗੁਰੂ ਹਰਿਰਾਏ ਸਾਹਿਬ ਜੀ ਨੇ ਸਦਾ ਲਈ ਆਪਣੇ ਤੋਂ ਦੂਰ ਕਰ ਦਿੱਤਾ ਸੀ, ਪਰ ਅੱਜ ਕੱਲ੍ਹ ਕਈ ਸਿੱਖ; ਗੁਰਬਾਣੀ ਦੇ ਮਨਮਤੀ ਅਰਥ ਕਰਕੇ ਬੜੇ ਨੀਵੇਂ ਪੱਧਰ ਦੀ ਰਚਨਾ ਸਾਬਤ ਕਰਦੇ ਪਏ ਹਨ, ਉਨ੍ਹਾਂ ਲਈ ਕਿਉਂ ਨਾ ਨਾ ਇਹ ਸ਼ਬਦ ‘ਮੂਰਖ, ਗਾਵਾਰ, ਮੂੜ੍ਹ, ਅੰਨ੍ਹੇ, ਗਿਆਨਹੀਣ’ ਵਰਤੇ ਜਾਣ। ਮਿਸਾਲ ਵਜੋਂ ਹੇਠਾਂ ਗੁਰੂ ਨਾਨਕ ਸਾਹਿਬ ਜੀ ਦੇ ਹੀ ਤਿੰਨ ਵਾਕ ਲਏ ਗਏ ਹਨ :

(1). ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਨ ਕੋਇ ॥ (ਜਪੁ) ਦਾ ਅਰਥ ਹੈ ‘ਮਾਲਕ ਦੇ ਹੁਕਮ ’ਚ ਹਰ ਕੋਈ ਹੈ। ਉਸ ਦੇ ਹੁਕਮ ਤੋਂ ਆਕੀ ਕੋਈ ਨਹੀਂ’, ਪਰ ਅਰਥ ਕੀਤਾ ਜਾਂਦਾ ਹੈ ‘ਮਾਲਕ ਦੇ ਹੁਕਮ ’ਚ ਚੱਲਣ ਵਾਲ਼ਾ ਹਰ ਕੋਈ ਸੁੱਖੀ ਹੈ। ਹੁਕਮ ਤੋਂ ਆਕੀ; ਕੋਈ ਸੁਖੀ ਨਹੀਂ।’ ਇਹ ਅਰਥ; ਗੁਰਮਤਿ ਦਾ ਮੂਲ ਸਿਧਾਂਤ ਕਿ ਹੁਕਮ ਤੋਂ ਆਕੀ ਕੋਈ ਨਹੀਂ, ਨੂੰ ਬਦਲ ਕੇ ਸਾਬਤ ਕਰਦੇ ਪਏ ਹਨ ਕਿ ਆਕੀ ਹੋ ਸਕਦੇ ਹਨ।

(2). ਸਭਿ ਗੁਣ ਤੇਰੇ; ਮੈ ਨਾਹੀ ਕੋਇ ॥ ਵਿਣੁ ਗੁਣ ਕੀਤੇ; ਭਗਤਿ ਨ ਹੋਇ ..॥੨੧॥ (ਜਪੁ) ਦਾ ਅਰਥ ਹੈ ‘ਹੇ ਮਾਲਕ ! (ਮੇਰੇ ਅੰਦਰ ਆਏ ਤਬਦੀਲੀ ਰੂਪ) ਸਾਰੇ ਗੁਣ ਤੇਰੇ (ਦੁਆਰਾ ਮਿਹਰ ਕਰਨ ਦਾ ਨਤੀਜਾ ਹਨ ਕਿਉਂਕਿ) ਮੇਰੇ ’ਚ ਤਾਂ ਕੋਈ ਸਮਰੱਥਾ ਨਹੀਂ ਸੀ। ਜੇ ਤੂੰ ਇਹ ਉਪਕਾਰ ਨਾ ਕਰਦਾ ਤਾਂ ਮੈਥੋਂ ਤੇਰੀ ਭਗਤੀ ਨਹੀਂ ਹੋ ਸਕਦੀ ਸੀ’, ਪਰ ਅਰਥ ਕੀਤਾ ਜਾਂਦਾ ਹੈ ‘ਹੇ ਬੰਦੇ ! ਜੇ ਤੂੰ ਆਪਣੇ ਅੰਦਰ ਗੁਣ ਪੈਦਾ ਨਹੀਂ ਕਰੇਂਗਾ ਤਾਂ ਤੈਥੋਂ ਭਗਤੀ ਨਹੀਂ ਹੋ ਸਕਦੀ’ ਯਾਨੀ ਰੱਬ ਦੀ ਭਗਤੀ ਕਰਨ ਤੋਂ ਪਹਿਲਾਂ ਹੀ ਬੰਦੇ ਅੰਦਰ ਗੁਣ ਆਉਣੇ ਗੁਰਮਤਿ ਹੈ ? ? ਜਦਕਿ ਅਰਥ ਹੋਣੇ ਚਾਹੀਦੇ ਹਨ (1). ਰੱਬ ਦੀ ਮਿਹਰ (2). ਹਿਰਦੇ ’ਚ ਗੁਣ (3). ਭਗਤੀ, ਪਰ ਕੀਤੇ ਗਏ (1). ਹਿਰਦੇ ’ਚ ਗੁਣ (2) ਭਗਤੀ। ਇਨ੍ਹਾਂ ’ਚ ਰੱਬ ਦੀ ਮਿਹਰ (ਸਭਿ ਗੁਣ ਤੇਰੇ/ ਵਿਣੁ ਗੁਣ ਕੀਤੇ) ਅਲੋਪ ਹੀ ਕਰ ਦਿੱਤੀ। ਜੇ ਭਗਤੀ ਕਰਨ ਤੋਂ ਪਹਿਲਾਂ ਹਿਰਦੇ ’ਚ ਗੁਣ ਆਉਣ ਤਾਂ ਬੰਦਾ ਨੇ ਭਗਤੀ ਕਾਹਦੇ ਲਈ ਕਰਨੀ ਹੈ ?

(3). ਆਵਨਿ ਅਠਤਰੈ ਜਾਨਿ ਸਤਾਨਵੈ; ਹੋਰੁ ਭੀ ਉਠਸੀ ਮਰਦ ਕਾ ਚੇਲਾ ॥ (ਮਹਲਾ ੧/੭੨੩) ਇਹ ਵਾਕ ਸੰਨ 1521 (ਸੰਮਤ 1578) ’ਚ ਐਮਨਾਬਾਦ ਵਿਖੇ ਮੁਗ਼ਲ ਬਾਬਰ ਦੁਆਰਾ ਕੀਤੇ ਹਿੰਦੋਸਤਾਨ ’ਤੇ ਪਹਿਲੇ ਹਮਲੇ ਸਮੇਂ ਵਾਪਰੀ ਇਤਿਹਾਸਕ ਘਟਨਾ ਨਾਲ਼ ਸੰਬੰਧਿਤ ਹੈ। ਗੁਰੂ ਜੀ; ਤਦ ਭਾਈ ਲਾਲੋ ਜੀ ਦੇ ਘਰ ਐਮਨਾਬਾਦ ਵਿਖੇ ਠਹਿਰੇ ਸਨ। ਉਨ੍ਹਾਂ ਵਚਨ ਕੀਤੇ ਕਿ ਮੁਗ਼ਲ ਸਮਰਾਟ ਬਾਬਰ ਅੱਜ (ਯਾਨੀ ਸੰਮਤ 1578 ਵਿੱਚ) ਹਿੰਦੋਸਤਾਨ ’ਚ ਆਏ ਹਨ ਤੇ ਸੰਮਤ 1597 (ਸੰਨ 1539) ’ਚ ਇੱਕ ਹੋਰ ਬਾਦਸ਼ਾਹ ਤੋਂ ਹਾਰ ਕੇ ਆਪਣੇ ਦੇਸ਼ ਵਾਪਸ (ਅਫ਼ਗਾਨਿਸਤਾਨ) ਪਰਤਨਗੇ। ਐਸਾ ਹੀ ਹੋਇਆ ਜਦ ਸ਼ੇਰ ਸ਼ਾਹ ਸੂਰੀ ਤੋਂ ਬਾਬਰ ਦਾ ਪੁੱਤਰ ਹਮਾਯੂੰ ਸੰਨ 1540 ’ਚ ਹਾਰ ਕੇ ਭੱਜਾ ਜਾਂਦਾ ਖਡੂਰ ਸਾਹਿਬ ਵਿਖੇ ਗੁਰੂ ਅੰਗਦ ਸਾਹਿਬ ਜੀ ’ਤੇ ਤਲਵਾਰ ਕੱਢਦਾ ਹੈ ਕਿਉਂਕਿ ਗੁਰੂ ਦੀ ਨੇ ਉਸ ਵੱਲ ਵਿਸ਼ੇਸ਼ ਧਿਆਨ ਨਹੀਂ ਦਿੱਤਾ, ਪਰ ਅੱਜ ਕੱਲ੍ਹ ਕਈ ਸਿੱਖ 19 ਸਾਲ ਪਹਿਲਾਂ ਕੀਤੀ ਇਸ ਭਵਿੱਖਬਾਣੀ ਨੂੰ ਹਜ਼ਮ ਨਹੀਂ ਕਰ ਸਕੇ ਤਾਂ ਹੀ ਇਸ ਦੇ ਅਰਥ ਮਨਮਤੀ ਕੀਤੇ ਜਾਂਦੇ ਹਨ।

ਗੁਰੂ ਜੀ ਨੂੰ ਸੀਮਤ ਮਨੁੱਖੀ ਸਮਝ ਨਾਲ਼ ਵੇਖਣਾ ਹੀ ਗਲਤ ਹੈ। ਗੁਰਬਾਣੀ ਦੇ ਵਚਨ ਹਨ ‘‘ਦੂਜਾ ਨਹੀ ਜਾਨੈ ਕੋਇ ਸਤਗੁਰੁ ਨਿਰੰਜਨੁ ਸੋਇ ਮਾਨੁਖ ਕਾ ਕਰਿ ਰੂਪੁ ਜਾਨੁ ਮਿਲੀ ਨਿਮਾਨੇ ਮਾਨੁ ’’ (ਮਹਲਾ /੮੯੫) ਅਰਥ : (ਸੱਚਾ ਸਿੱਖ) ਗੁਰੂ ਵਰਗਾ ਕਿਸੇ ਹੋਰ ਮਨੁੱਖ ਨੂੰ ਨਹੀਂ ਜਾਣਦਾ। ਸਤਿਗੁਰੂ ਅਤੇ ਕਾਲ਼ਖ਼ ਰਹਿਤ ਦਾਤਾਰ (ਮਾਲਕ); ਇੱਕ ਸਮਾਨ ਹੀ ਹਨ। ਗੁਰੂ ਨੂੰ ਮਨੁੱਖ ਰੂਪ (ਸਮਾਨ) ਸਮਝ ਕੇ ਨਹੀਂ ਜਾਣਨਾ। ਗੁਰੂ ਦਰ ਤੋਂ ਉਸ ਨੂੰ ਹੀ ਇੱਜ਼ਤ ਮਿਲਦੀ ਹੈ, ਜੋ ਆਪਣੇ ਆਪ ਨੂੰ ਤੁੱਛ ਬੁੱਧੀ ਵਾਲ਼ਾ (ਯਾਨੀ ਗੁਰੂ ਵਰਗਾ ਨਹੀਂ) ਸਮਝਦਾ ਹੈ।

ਸੋ ਉਕਤ ਬਾਬਾ ਰਾਮਰਾਏ ਜੀ ਦੁਆਰਾ ਬਦਲੀ ਗਈ ਇੱਕ ਤੁੱਕ ਦੇ ਮੁਕਾਬਲੇ ਅੱਜ ਮਨਮਤ ਨਾਲ਼ ਗੁਰਬਾਣੀ ਦੇ ਅਰਥ ਕਰਕੇ ਗੁਰਮਤਿ ਨੂੰ ਵੱਧ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ ਤਾਂ ਤੇ ਇਨ੍ਹਾਂ ਸਭ ਨੂੰ ‘ਮੂੜ੍ਹ, ਮੂਰਖ, ਗਵਾਰ, ਅੰਧੇ, ਅੰਨ੍ਹੇ ਅਤੇ ਗਿਆਨਹੀਣ’ ਕਹਿਣਾ; ਅਸੱਭਿਅਕ ਨਹੀਂ ਹੋ ਸਕਦਾ ਕਿਉਂਕਿ ਇਹ ਲੋਕ; ‘ਆਪਣਾ ਮੂੰਹ ਰੱਖਣ ਲਈ, ਆਪਣੇ ਦੁਆਰਾ ਕਹੀ ਗੱਲ (ਮਨਮਤ) ਨੂੰ ਸਹੀ ਠਹਿਰਾਉਣ ਲਈ ਹੀ ਐਸਾ ਕਰਦੇ ਪਏ ਹੁੰਦੇ ਹਨ।