ਬੀਬੀ ਸੁਭਾਗੀ

0
424

ਬੀਬੀ ਸੁਭਾਗੀ

ਡਾਕਟਰ ਹਰਸ਼ਿੰਦਰ ਕੌਰ

ਮੀਰ ਮੰਨੂ ਨੂੰ ਕੌਣ ਭੁਲਾ ਸਕਦਾ ਹੈ ? ਕਹਿਰ ਵਰਤਾਉਂਦਾ ਵਾ ਵਰੋਲਾ ਸੀ। ਉਸ ਦੇ ਸੈਨਿਕ ਘਰ-ਘਰ ਆਦਮ-ਬੋ, ਆਦਮ-ਬੋ ਕਰਦੇ ਸਿੱਖਾਂ ਨੂੰ ਸੁੰਘਦੇ ਫਿਰਦੇ ਸਨ। ਜਿਹੜੇ ਜਥੇ ਬਣਾ ਕੇ ਜੰਗਲਾਂ ਵੱਲ ਨਿਕਲ ਗਏ, ਉਹ ਤਾਂ ਬਚ ਗਏ, ਪਰ ਜਿਹੜੇ ਸਿੱਖ ਸ਼ਹਿਰਾਂ ’ਚ ਰਹਿ ਗਏ, ਉਨ੍ਹਾਂ ਦੇ ਸਿਰ ਵੱਢ ਦਿੱਤੇ ਗਏ। ਉਨ੍ਹਾਂ ਦੀਆਂ ਔਰਤਾਂ ਤੇ ਬੱਚਿਆਂ ਨੂੰ ਲਾਹੌਰ ਦੀਆਂ ਜੇਲ੍ਹਾਂ ਵਿੱਚ ਡੱਕ ਦਿੱਤਾ ਗਿਆ।

ਬਜ਼ੁਰਗ ਔਰਤਾਂ ਤਾਂ ਲੰਮੇ ਪੈਂਡੇ ’ਚ ਭੁੱਖੀਆਂ ਭਾਣੀਆਂ ਤੁਰਦੀਆਂ ਹੀ ਦਮ ਤੋੜ ਗਈਆਂ। ਬਾਕੀਆਂ ਨੂੰ ਭੁੱਖੀਆਂ ਰੱਖ ਕੇ ਰੋਜ਼ ਤਾਅਨੇ ਮਿਹਣੇ ਕੱਸੇ ਜਾਂਦੇ ਕਿਉਂਕਿ ਉਨ੍ਹਾਂ ਦੇ ਜ਼ਿਆਦਾਤਰ ਪਤੀਆਂ ਨੂੰ ਵੱਢ ਦਿੱਤਾ ਗਿਆ ਸੀ। ਨਿੱਕੇ ਬੱਚੇ ਗੋਦੀ ਚੁੱਕੇ ਹੋਏ ਸਨ। ਰੋਜ਼ ਜੇਲ੍ਹਾਂ ਵਿੱਚ ਮੁਗ਼ਲ ਉਨ੍ਹਾਂ ਨੂੰ ਪੁੱਛਦੇ, ‘‘ਹੁਣ ਬੋਲੋ ਕਿੱਥੇ ਐ ਤੁਹਾਡਾ ਖ਼ਾਲਸਾ ? ਕੌਣ ਤੁਹਾਨੂੰ ਬਚਾਏਗਾ ? ਸਿਰਫ਼ ਸਿੱਖ ਧਰਮ ਤਿਆਗ ਕੇ ਮੁਸਲਮਾਨ ਬਣ ਜਾਓ ਤਾਂ ਐਸ਼ੋ-ਆਰਾਮ ਦੀ ਜ਼ਿੰਦਗੀ ਬਤੀਤ ਕਰ ਸਕਦੇ ਹੋ।’’

ਕੋਈ ਸੌਖਾ ਸਮਾਂ ਨਹੀਂ ਸੀ ਉਨ੍ਹਾਂ ਲਈ। ਪਤੀ ਸ਼ਹੀਦ ਕਰ ਦਿੱਤੇ ਗਏ ਸਨ। ਘਰ ਬਾਰ ਲੁੱਟ ਲਿਆ ਗਿਆ ਸੀ। ਭੁੱਖੀਆਂ ਭਾਣੀਆਂ ਜੇਲ੍ਹਾਂ ਵਿੱਚ ਡੱਕੀਆਂ ਜਾਂਦੀਆਂ ਰਹੀਆਂ ਸਨ। ਕੁਰਲਾਉਂਦੇ ਦੁੱਧ ਪੀਂਦੇ ਬੱਚਿਆਂ ਨਾਲ ਹਨ੍ਹੇਰੇ ਵਿੱਚ ਮੁਗ਼ਲਾਂ ਦੀ ਜੇਲ੍ਹ ਵਿੱਚ ਕੈਦ! ਉੱਤੋਂ ਰੋਜ਼ ਤਾਅਨੇ ਮਿਹਣੇ। ਧੰਨ ਉਨ੍ਹਾਂ ਸਿੱਖ ਔਰਤਾਂ ਦੇ ਜਿਗਰੇ। ਇੱਕ ਵਾਰ ਵੀ ਕਿਸੇ ਦਾ ਮਨ ਨਹੀਂ ਡੋਲਿਆ। ਸਿਰਫ਼ ‘ਧੰਨ ਵਾਹਿਗੁਰੂ, ਤੇਰਾ ਹੀ ਆਸਰਾ’ ਉਚਾਰਦੀਆਂ ਰਹੀਆਂ।

ਮੀਰ ਮੰਨੂ ਇਹ ਸਭ ਕੁੱਝ ਸੁਣ ਕੇ ਭੜਕ ਗਿਆ। ਕਿੰਨਾ ਕੁ ਜਿਗਰਾ ਹੋ ਸਕਦਾ ਹੈ ਔਰਤ ਵਿੱਚ। ਉਸ ਨੂੰ ਪੱਕਾ ਯਕੀਨ ਸੀ ਕਿ ਇਨ੍ਹਾਂ ਵਿੱਚੋਂ ਸਿਰਫ਼ ਇੱਕ ਵੀ ਡੋਲ ਗਈ ਤਾਂ ਸਭ ਯਰਕ ਜਾਣਗੀਆਂ ਤੇ ਸਿੱਖ ਧਰਮ ਖਿੰਡ ਪੁੰਡ ਜਾਏਗਾ। ਮੀਰ ਮੰਨੂ ਜਾਣਦਾ ਸੀ ਕਿ ਸਿਰਫ਼ ਔਰਤਾਂ ਹੀ ਕਿਸੇ ਧਰਮ ਨੂੰ ਅੱਗੇ ਪੂਰਨ ਰੂਪ ਵਿੱਚ ਤੋਰ ਸਕਣ ’ਤੇ ਸਮਰੱਥ ਹੁੰਦੀਆਂ ਹਨ ਕਿਉਂਕਿ ਉਹ ਆਪਣੇ ਬੱਚੇ ਨੂੰ ਸਖ਼ਤ ਜਾਨ ਬਣਾਉਣ ਦੀ ਤਾਕਤ ਰੱਖਦੀਆਂ ਹਨ।

ਮੀਰ ਮੰਨੂ ਨੇ ਭੁੱਖੀਆਂ ਭਾਣੀਆਂ ਮਾਵਾਂ, ਕੁੱਛੜ ਵਿਲਕਦੀਆਂ ਨਿੱਕੀਆਂ ਜਾਨਾਂ ਨੂੰ ਲਈ ਬੈਠੀਆਂ ਅੱਗੇ ਭਾਰੀਆਂ ਪੱਥਰ ਦੀਆਂ ਚੱਕੀਆਂ ਰੱਖਵਾ ਦਿੱਤੀਆਂ ਤੇ ਨਾਲ ਸਵਾ ਮਣ ਸਖ਼ਤ ਅਨਾਜ ਧਰ ਦਿੱਤਾ ਕਿ ਇਹ ਰੋਜ਼ ਹਰ ਕਿਸੇ ਨੂੰ ਪੀਸਣਾ ਪਵੇਗਾ।

ਬੀਬੀ ਸੁਭਾਗੀ ਨੇ ਆਪਣੀਆਂ ਸਾਰੀਆਂ ਸਾਥਣਾਂ ਨਾਲ ਬਿਨਾਂ ਮੱਥੇ ਉੱਤੇ ਰੱਤਾ ਵੀ ਸ਼ਿਕਨ ਵਿਖਾਇਆਂ ‘ਤੇਰਾ ਕੀਆ ਮੀਠਾ ਲਾਗੈ’ ਸ਼ਬਦ ਉਚਾਰਦਿਆਂ ਚੱਕੀ ਚਲਾਉਣੀ ਸ਼ੁਰੂ ਕਰ ਦਿੱਤੀ। ਜਿਉਂ ਜਿਉਂ ਮੋਟਾ ਅਨਾਜ ਹੋਰ ਵਧਾਇਆ ਜਾਂਦਾ, ਓਨੀ ਹੀ ਸ਼ਬਦ ਦੀ ਆਵਾਜ਼ ਉੱਚੀ ਹੁੰਦੀ ਜਾਂਦੀ। ‘ਵਾਹਿਗੁਰੂ’, ‘ਵਾਹਿਗੁਰੂ’, ‘ਧੰਨ ਸਤਿਗੁਰ ਤੇਰਾ ਹੀ ਆਸਰਾ’ ਨਾਲ ਜੇਲ੍ਹਾਂ ਦੀਆਂ ਕੰਧਾਂ ਗੂੰਜਣ ਲੱਗ ਪਈਆਂ। ਮੁਗ਼ਲ ਪਹਿਰੇਦਾਰਾਂ ਦੇ ਸਿਰ ਪੀੜ ਨਾਲ ਫੱਟਣ ਲੱਗ ਪਏ।

ਸ਼ਿਕਾਇਤ ਫੇਰ ਮੀਰ ਮੰਨੂ ਕੋਲ ਪਹੁੰਚੀ। ਦੱਸਿਆ ਗਿਆ ਕਿ ਸਿੰਘਣੀਆਂ ਤਾਂ ਕਿਸੇ ਹੋਰ ਮਿੱਟੀ ਦੀਆਂ ਬਣੀਆਂ ਹਨ। ਇਹ ਡੋਲ ਨਹੀਂ ਰਹੀਆਂ। ਸਜ਼ਾ ਨੂੰ ਵਾਹਿਗੁਰੂ ਦਾ ਭਾਣਾ ਮੰਨ ਕੇ ਅਨੰਦਿਤ ਹੋ ਜਾਂਦੀਆਂ ਹਨ। ਮੀਰ ਮੰਨੂ ਦੇ ਸੱਤੀਂ ਕਪੜੀਂ ਅੱਗ ਲੱਗ ਗਈ। ਕੀ ਉਹ ਏਨਾ ਗਿਆ ਗੁਜ਼ਰਿਆ ਹੈ ਕਿ ਇੱਕ ਸਿੱਖ ਔਰਤ ਨੂੰ ਵੀ ਆਪਣਾ ਧਰਮ ਛੱਡਣ ਲਈ ਤਿਆਰ ਨਾ ਕਰ ਸਕੇ ?

ਉਸ ਨੇ ਜ਼ੁਲਮ ਦੀ ਅੱਤ ਕਰਨ ਦੀ ਸੋਚੀ। ਮਨ ਵਿੱਚ ਡਰ ਸੀ ਕਿ ਇਹ ਔਰਤਾਂ ਅੱਗੋਂ ਆਪਣੇ ਬੱਚਿਆਂ ਨੂੰ ਬਹੁਤ ਪੱਕਾ ਸਿੱਖ ਬਣਾ ਦੇਣਗੀਆਂ। ਇਸੇ ਲਈ ਉਸ ਨੇ ਅਨਾਜ ਦੀ ਮਾਤਰਾ ਵਧਾ ਦਿੱਤੀ ਤੇ ਸਾਰੇ ਦਿਨ ਵਿੱਚ ਸਿਰਫ਼ ਇੱਕ ਨਿੱਕੀ ਕੌਲੀ ਪਾਣੀ ਤੇ ਚੱਪਾ ਰੋਟੀ ਹੀ ਦੇਣੀ ਸ਼ੁਰੂ ਕਰ ਦਿੱਤੀ। ਜਿਹੜੀਆਂ ਔਰਤਾਂ ਥੱਕ ਕੇ ਬੇਹਾਲ ਹੋ ਜਾਂਦੀਆਂ, ਉਨ੍ਹਾਂ ਦੀ ਛਾਤੀ ਉੱਤੇ ਚੱਕੀ ਦਾ ਭਾਰਾ ਪਟ ਰੱਖ ਦਿੱਤਾ ਜਾਂਦਾ। ਕਈ ਇਸੇ ਤਰ੍ਹਾਂ ਭੁੱਖੀਆਂ ਭਾਣੀਆਂ ਸ਼ਹੀਦ ਹੋ ਗਈਆਂ।

ਸਾਢੇ ਤਿੰਨ ਸੌ ਸਿੱਖ ਔਰਤਾਂ ਜੋ ਏਨਾ ਜ਼ੁਲਮ ਸਹਿਣ ਬਾਅਦ ਵੀ ਜ਼ਿੰਦਾ ਰਹਿ ਗਈਆਂ, ਉਨ੍ਹਾਂ ਦੇ ਮਨ ਅੰਦਰਲੀ ਤਾਕਤ ਤੇ ਵਾਹਿਗੁਰੂ ਵਿੱਚ ਅਥਾਹ ਵਿਸ਼ਵਾਸ ਨੇ ਮੀਰ ਮੰਨੂ ਦੀਆਂ ਰਾਤਾਂ ਦੀ ਨੀਂਦਰ ਹਰਾਮ ਕਰ ਦਿੱਤੀ। ਇੱਕ ਵੀ ਸਿੱਖ ਔਰਤ ਦਾ ਧਰਮ ਤਬਦੀਲ ਨਾ ਕਰ ਸਕਣ ਦਾ ਗੁੱਸਾ ਮੀਰ ਮੰਨੂ ਨੂੰ ਗੁੱਸੇ ਨਾਲ ਅੰਨ੍ਹਾ ਕਰ ਗਿਆ।

ਅਗਲੇ ਦਿਨ ਉਸ ਨੇ ਹੈਵਾਨੀਅਤ ਦਾ ਨੰਗਾ ਨਾਚ ਕਰਨ ਬਾਰੇ ਫ਼ੈਸਲਾ ਲੈ ਲਿਆ। ਸਵੇਰ ਵੇਲ਼ੇ ਜੇਲ੍ਹ ਦੇ ਪਹਿਰੇਦਾਰਾਂ ਨੇ ਦਰਵਾਜ਼ਾ ਖੋਲ੍ਹਿਆ ਤੇ ਸਾਹਮਣੇ ਬੈਠੀ ਵਾਹਿਗੁਰੂ ਸਤਿਨਾਮ ਜਪਦੀ, ਛਾਤੀ ਦਾ ਦੁੱਧ ਚੁੰਘਾਉਂਦੀ ਬੀਬੀ ਸੁਭਾਗੀ ਕੋਲ਼ੋਂ ਉਸ ਦਾ ਡੇਢ ਵਰ੍ਹਿਆਂ ਦਾ ਬਾਲ ਖੋਹ ਲਿਆ। ਉਸ ਕੋਲ਼ੋਂ ਪੁੱਛਿਆ ਗਿਆ, ‘‘ਆਖ਼ਰੀ ਵਾਰ ਪੁੱਛ ਰਹੇ ਹਾਂ। ਇਸਲਾਮ ਕਬੂਲ ਕਰ ਕੇ ਐਸ਼ੋ-ਆਰਾਮ ਦੀ ਜ਼ਿੰਦਗੀ ਜੀਅ ਲੈ। ਨਹੀਂ ਤਾਂ ਤੇਰਾ ਬੱਚਾ ਨੇਜ਼ਿਆਂ ਨਾਲ ਫੁੰਡ ਦਿੱਤਾ ਜਾਵੇਗਾ!’’ ਬੀਬੀ ਸੁਭਾਗੀ ਨੇ ਸ਼ੇਰਨੀ ਵਾਂਗ ਦਹਾੜ ਕੇ ਕਿਹਾ, ‘‘ਮੇਰੇ ਗੁਰੂ ਵਾਸਤੇ ਮੇਰਾ ਇਹ ਸਿਰ ਵੀ ਹਾਜ਼ਰ ਹੈ।  ਆਪਣੇ ਗੁਰੂ ਤੋਂ ਹਜ਼ਾਰ ਪੁੱਤਰ ਵਾਰਨ ਨੂੰ ਤਿਆਰ ਹਾਂ, ਪਰ ਕਿਸੇ ਵੀ ਹਾਲ ਵਿੱਚ ਸਿੱਖੀ ਤਿਆਗਣ ਨੂੰ ਤਿਆਰ ਨਹੀਂ।’’

ਏਨਾ ਸੁਣਦੇ ਸਾਰ ਇੱਕ ਮੁਗ਼ਲ ਸੈਨਿਕ ਨੇ ਨੇਜ਼ਾ ਸਿੱਧਾ ਕੀਤਾ ਤੇ ਦੂਜੇ ਨੇ ਸੁਭਾਗੀ ਦਾ ਕੋਮਲ ਮਲੂਕ ਫੁੱਲ ਜਿਹਾ ਬਾਲ ਉਤਾਂਹ ਉਛਾਲ ਦਿੱਤਾ। ਬੀਬ ਸੁਭਾਗੀ ਨੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ। ਉਸ ਦੀਆਂ ਅੱਖਾਂ ਸਾਹਮਣੇ ਉਸ ਦੇ ਬੱਚੇ ਨੂੰ ਨੇਜ਼ੇ ਨਾਲ ਵਿੰਨ੍ਹ ਦਿੱਤਾ ਗਿਆ ਤੇ ਫੇਰ ਹੇਠਾਂ ਜ਼ਮੀਨ ਉੱਤੇ ਸੁੱਟ ਕੇ ਤਲਵਾਰ ਨਾਲ ਟੋਟੇ-ਟੋਟੇ ਕਰ ਦਿੱਤਾ ਗਿਆ। ਲਹੂ ਦੀਆ ਤਤ੍ਹੀਰੀਆਂ ਵਹਿ ਤੁਰੀਆਂ।

ਕਿਸੇ ਵੀ ਮਾਂ ਦਾ ਦਿਲ ਆਪਣੇ ਜਿਗਰ ਦੇ ਟੁਕੜੇ ਨਾਲ ਅਜਿਹਾ ਹੁੰਦਾ ਵੇਖ ਕੇ ਪਿਘਲ ਜਾਏ। ਧੰਨ ਸੁਭਾਗੀ ਵਰਗੀਆਂ ਸੈਂਕੜੇ ਬੀਬੀਆਂ ਦਾ, ਜਿਨ੍ਹਾਂ ਨੇ ਸਹੀ ਮਾਅਨਿਆਂ ਵਿੱਚ ਗੁਰੂ ਸਾਹਿਬ ਦੀ ਸਿੱਖਿਆ ਨੂੰ ਚੰਮ ਨਾਲ ਹੰਢਾਇਆ। ਬੀਬੀ ਸੁਭਾਗੀ ਨੇ ‘‘ਇਤੁ ਮਾਰਗਿ ਪੈਰੁ ਧਰੀਜੈ। ਸਿਰੁ ਦੀਜੈ ਕਾਣਿ ਨ ਕੀਜੈ॥’’ ਉਚਾਰਨਾ ਸ਼ੁਰੂ ਕਰ ਦਿੱਤਾ ਜਿਸ ਉੱਤੇ ਮੀਰ ਮੰਨੂ ਹੋਰ ਭੜਕ ਗਿਆ ਤੇ ਉਸ ਨੇ ਸੈਨਿਕਾਂ ਨੂੰ ਹੁਕਮ ਦਿੱਤਾ ਕਿ ਬੱਚੇ ਦੇ ਮਾਸ ਨੂੰ ਸੁਭਾਗੀ ਦੇ ਮੂੰਹ ਵਿੱਚ ਤੁੰਨਿਆ ਜਾਵੇ ਤੇ ਬਾਕੀ ਟੋਟਿਆਂ ਨੂੰ ਬੰਨ੍ਹ ਕੇ ਬੀਬੀ ਸੁਭਾਗੀ ਦੇ ਗਲ ਵਿੱਚ ਪਾ ਦਿੱਤਾ ਜਾਵੇ।

ਧੰਨ ਗੁਰੂ ਨਾਨਕ ਵੱਲੋਂ ਅਣਖ ਨਾਲ ਭਰਪੂਰ ਤੇ ਬੇਖ਼ੌਫ਼ ਕੌਮ ਦਾ ਨੀਂਹ ਪੱਥਰ ਰੱਖੇ ਜਾਣ ਅਤੇ ਬੇਮਿਸਾਲ ਕੁਰਬਾਨੀਆਂ ਨਾਲ ਸਿੰਜੇ ਜਾਣ ਨਾਲ ਤਿਆਰ ਹੋਈ ਦਲੇਰਾਨਾ ਕੌਮ ਦੀਆਂ ਬੀਬੀਆਂ, ਜਿਨ੍ਹਾਂ ਨੇ ਉਸ ਦਿਨ ਇਤਿਹਾਸਿਕ ਮਿਸਾਲ ਕਾਇਮ ਕੀਤੀ, ਜਿਸ ਦਾ ਅੱਜ ਤੱਕ ਕੋਈ ਹੋਰ ਸਾਨੀ ਨਹੀਂ।

ਇੱਕ ਪਾਸੇ ਜ਼ੁਲਮ ਦੀ ਇੰਤਹਾ ਸੀ, ਦੂਜੇ ਪਾਸੇ ਜਰ ਜਾਣ ਦੀ ਸਿਖਰ!  ਦੁਨੀਆਂ ਵਾਸਤੇ ਇੱਕ ਅਜਿਹੀ ਦਿਲ ਟੁੰਬਵੀਂ ਘਟਨਾ, ਜਿੱਥੇ ਬੀਬੀ ਸੁਭਾਗੀ ਦੇ ਨਾਲ ਦੀਆਂ ਸਾਰੀਆਂ ਸਿੱਖ ਔਰਤਾਂ ਨੇ ਇਸਲਾਮ ਕਬੂਲ ਕਰਨ ਦੀ ਥਾਂ ਆਪੋ ਆਪਣੇ ਬੱਚੇ ਨੇਜ਼ਿਆਂ ਨਾਲ ਫੁੰਡਵਾ ਕੇ ਟੋਟੇ-ਟੋਟੇ ਕਰਵਾ ਕੇ, ਗਲੇ ਦੁਆਲੇ ਬੰਨ੍ਹਵਾ ਲਏ। ਉਸ ਬੇਰਹਿਮ ਮੰਨੂ ਵੱਲੋਂ ਇੱਕੋ ਦਿਨ ਸੈਂਕੜੇ ਮਾਸੂਮ ਸਿੱਖ ਬੱਚਿਆਂ ਦੇ ਟੋਟੇ ਕੀਤੇ ਗਏ ਪਰ ਕੀ ਮਜਾਲ ਕਿ ਇੱਕ ਵੀ ਸਿੱਖ ਬੀਬੀ ਨੇ ਗੁਰੂ ਦਾ ਲੜ ਛੱਡਿਆ ਹੋਵੇ ਜਾਂ ਹੰਝੂ ਵਹਾਇਆ ਹੋਵੇ!

ਇਨ੍ਹਾਂ ਵਿੱਚੋਂ ਇੱਕ ਬੀਬੀ ਲੱਛੀ ਅਤਿ ਦੀ ਖ਼ੂਬਸੂਰਤ ਸੀ। ਕਾਜ਼ੀ ਦਾ ਉਸ ਉੱਤੇ ਦਿਲ ਆ ਗਿਆ ਤੇ ਉਹ ਰੋਜ਼ ਉਸ ਨੂੰ ਵਿਆਹ ਕਰਵਾਉਣ ਉੱਤੇ ਜ਼ੋਰ ਪਾਉਣ ਲੱਗ ਪਿਆ। ਉਸ ਦਾ ਪੌਣੇ ਦੋ ਸਾਲ ਦਾ ਬੱਚਾ ਸੀ। ਬੀਬੀ ਲੱਛੀ ਨੇ ਕਿਸੇ ਵੀ ਹਾਲ ਵਿੱਚ ਆਪਣਾ ਧਰਮ ਛੱਡਣ ਤੋਂ ਨਾ ਕਰ ਦਿੱਤੀ।

ਅਖ਼ੀਰ ਇੱਕ ਦਿਨ ਕਾਜ਼ੀ ਹੁਕਮ ਦੇ ਗਿਆ ਕਿ ਅਗਲੇ ਦਿਨ ਸਵੇਰ ਤਕ ਲੱਛੀ ਦੇ ਬੱਚੇ ਉੱਤੇ ਰੱਜ ਕੇ ਤਸ਼ੱਦਦ ਕਰੋ ਜਦ ਤੱਕ ਲੱਛੀ ਦਾ ਆਪਣੇ ਧਰਮ ਉੱਤੇ ਵਿਸ਼ਵਾਸ ਡੋਲ ਨਾ ਜਾਏ। ਉਸ ਰਾਤ ਬੀਬੀ ਲੱਛੀ ਨੂੰ ਬੰਨ੍ਹ ਦਿੱਤਾ ਗਿਆ ਤੇ ਉਸ ਦੇ ਬੱਚੇ ਨੂੰ ਪੁੱਠਾ ਟੰਗ ਦਿੱਤਾ ਗਿਆ। ਫੇਰ ਚੀਕਦੇ ਕੁਰਲਾਉਂਦੇ ਬੱਚੇ ਦੀ ਗਰਦਨ ਤੋਂ ਢਿੱਡ ਤੱਕ ਮਾਸ ਚੀਰ ਦਿੱਤਾ ਗਿਆ। ਲਹੂ ਦੀਆਂ ਧਾਰਾਂ ਵਹਿ ਤੁਰੀਆਂ। ਬੱਚਾ ‘ਮਾਂ’ ‘ਮਾਂ’ ਚੀਕਦਾ, ਹਾੜ੍ਹੇ ਕੱਢਦਾ ਰਿਹਾ ਪਰ ਬੇਰਹਿਮਾਂ ਨੂੰ ਤਰਸ ਨਾ ਆਇਆ। ਫੇਰ ਬੱਚੇ ਦੇ ਟੋਟੇ-ਟੋਟੇ ਕਰ ਕੇ, ਤੜਫਾ-ਤੜਫਾ ਕੇ ਸ਼ਹੀਦ ਕਰ ਦਿੱਤਾ ਗਿਆ।

ਬੀਬੀ ਲੱਛੀ ਅਡੋਲ, ਸ਼ਾਂਤ ਚਿਤ ਅਰਦਾਸ ਕਰਦੀ ਰਹੀ, ‘‘ਗੁਰੂ ਜੀ!  ਜਾਨ ਭਾਵੇਂ ਚਲੀ ਜਾਏ ਪਰ ਧਰਮ ਨਹੀਂ ਜਾਣਾ ਚਾਹੀਦਾ। ਬਸ ਏਨੀ ਹਿੰਮਤ ਬਖ਼ਸ਼ ਦੇਣਾ।’’

ਇਹ ਸ਼ਾਂਤ ਚਿੱਤ ਰਹਿਣਾ ਵੀ ਸੈਨਿਕਾਂ ਤੋਂ ਜਰਿਆ ਨਾ ਗਿਆ ਤੇ ਉਨ੍ਹਾਂ ਬੀਬੀ ਲੱਛੀ ਨੂੰ ਪੁੱਠਿਆਂ ਟੰਗ ਦਿੱਤਾ। ਫੇਰ ਚਾਬੁਕ ਮਾਰ-ਮਾਰ ਕੇ ਉਸ ਦੀ ਚਮੜੀ ਉਧੇੜ ਦਿੱਤੀ। ਅਠਾਰਾਂ ਘੰਟਿਆਂ ਬਾਅਦ ਉਸ ਨੂੰ ਕੁੱਟ-ਕੁੱਟ ਕੇ ਲਹੂ ਲੁਹਾਨ ਕਰਨ ਬਾਅਦ ਹੇਠਾਂ ਲਾਹਿਆ ਗਿਆ। ਫੇਰ ਉਸ ਨੂੰ ਕਾਜ਼ੀ ਨਾਲ ਵਿਆਹ ਕਰਨ ਲਈ ਜ਼ੋਰ ਦਿੱਤਾ ਗਿਆ ਪਰ ਬੀਬੀ ਲੱਛੀ ਉਸ ਸਮੇਂ ਖੜ੍ਹੇ ਹੋ ਸਕਣ ਜਾਂ ਤੁਰਨ ਯੋਗ ਵੀ ਨਹੀਂ ਸੀ ਰਹੀ। ਉਸ ਹਾਲਤ ਵਿੱਚ ਵੀ ਉਸ ਨੇ ਨਾ ਵਿੱਚ ਸਿਰ ਹਿਲਾ ਕੇ ਜਿੰਨੀ ਕੁ ਹਿੰਮਤ ਬਚੀ ਸੀ, ਹੱਥ ਜੋੜ ਨਿਤਨੇਮ ਪੂਰਾ ਕੀਤਾ ਤੇ ਅਖ਼ੀਰ ਅਰਦਾਸ ਕੀਤੀ, ‘‘ਸੱਚੇ ਪਾਤਸ਼ਾਹ !  ਸਾਰੀ ਰਾਤ ਆਪ ਜੀ ਦੇ ਭਾਣੇ ਨੂੰ ਮੰਨ ਕੇ ਸੁਖ ਨਾਲ ਬਤੀਤ ਕੀਤੀ ਹੈ। ਆਪ ਜੀ ਨੇ ਆਪਣੀ ਅਮਾਨਤ ਵਾਪਸ ਲੈ ਲਈ ਹੈ, ਉਸ ਲਈ ਆਪ ਜੀ ਦਾ ਕੋਟਨ ਕੋਟ ਧੰਨਵਾਦ। ਅੱਗੇ ਵਾਸਤੇ ਵੀ ਭਾਣਾ ਮੰਨਣ ਦਾ ਬਲ ਬਖ਼ਸ਼ਣਾ ਤੇ ਉੱਦਮ ਕਰਨ ਦੀ ਬਖ਼ਸ਼ੀਸ਼ ਦੇਣੀ। ਪ੍ਰਾਣ ਜਾਏ ਪਰ ਸਿੱਖੀ ਨਾ ਜਾਏ। ਬਸ ਏਨੀ ਮਿਹਰ ਕਰਨੀ। ਇਹ ਭੁੱਲੀਆਂ ਹੋਈਆਂ ਰੂਹਾਂ ਹਨ, ਜੋ ਜ਼ੁਲਮ ਕਰ ਰਹੀਆਂ ਹਨ। ਇਨ੍ਹਾਂ ਨੂੰ ਮੁਆਫ਼ ਕਰਨਾ।’’

ਏਨਾ ਸੁਣ ਕੇ ਕੁੱਝ ਸੈਨਿਕਾਂ ਦਾ ਦਿਲ ਦਹਿਲ ਗਿਆ ਤੇ ਉਨ੍ਹਾਂ ਨੇ ਕਹਿ ਦਿੱਤਾ ਕਿ ਇਹ ਚੰਗੀਆਂ ਰੂਹਾਂ ਹਨ। ਅਸੀਂ ਇਨ੍ਹਾਂ ਉੱਤੇ ਹੋਰ ਜ਼ੁਲਮ ਨਹੀਂ ਕਰ ਸਕਦੇ। ਇਹ ਏਨੀਆਂ ਸਖ਼ਤ ਜਾਨ ਹਨ ਕਿ ਕਿਸੇ ਦਿਨ ਇਨ੍ਹਾਂ ਦੀ ਕੌਮ ਪੂਰੀ ਦੁਨੀਆ ਵਿੱਚ ਰਾਜ ਕਰਨ ਵਾਲੀ ਹੈ।

ਬਾਕੀ ਸੈਨਿਕ ਹੋਰ ਵੀ ਚਿੜ ਗਏ ਤੇ ਉਨ੍ਹਾਂ ਨੇ ਗੁੱਸੇ ਵਿੱਚ ਆ ਕੇ ਲੱਛੀ ਉੱਤੇ ਚੱਕੀ ਦੇ ਦੋ ਪਟ ਧਰ ਦਿੱਤੇ ਤੇ ਸਿਰ ਅਤੇ ਲੱਤਾਂ ਉੱਤੇ ਸੋਟੀਆਂ ਮਾਰ-ਮਾਰ ਕੇ ਸਾਰੀਆਂ ਹੱਡੀਆਂ ਤੋੜ ਦਿੱਤੀਆਂ। ਆਖ਼ਰੀ ਸਾਹ ਤਿਆਗਣ ਤੱਕ ਕਿਸੇ ਇੱਕ ਨੇ ਵੀ ਲੱਛੀ ਦੀ ਚੀਕ ਨਹੀਂ ਸੁਣੀ। ਸਿਰਫ਼ ‘ਵਾਹਿਗੁਰੂ’ ਦਾ ਉਚਾਰਨ ਹੀ ਸੁਣਿਆ।

ਸਿੱਖ ਔਰਤਾਂ ਦੀ ਇਸ ਹਿੰਮਤ ਅੱਗੇ ਪੂਰੀ ਸਿੱਖ ਕੌਮ ਨਤਮਸਤਕ ਹੋਈ ਤੇ ਆਉਣ ਵਾਲੀਆਂ ਸਾਰੀਆਂ ਪੁਸ਼ਤਾਂ ਨੂੰ ਵੀ ਇਹ ਕੁਰਬਾਨੀ ਯਾਦ ਦਿਵਾਉਂਦੇ ਰਹਿਣ ਲਈ ਸੰਨ 1760 ਵਿੱਚ ਹਰ ਰੋਜ਼ (ਸੁਬ੍ਹਾ-ਸ਼ਾਮ) ਹੋਣ ਵਾਲੀ ਅਰਦਾਸ ਵਿੱਚ ਇਸ ਕੁਰਬਾਨੀ ਦਾ ਜ਼ਿਕਰ ਲਾਜ਼ਮੀ ਕਰ ਦਿੱਤਾ ਗਿਆ ਤਾਂ ਜੋ ਹਰ ਸਿੰਘਣੀ ਇਸ ਸ਼ਹਾਦਤ ਨੂੰ ਯਾਦ ਕਰ ਕੇ ਆਪਣੇ ਅੰਦਰਲੀ ਹਿੰਮਤ ਬਰਕਰਾਰ ਰੱਖ ਸਕੇ ਤੇ ਧਰਮ ਵਾਸਤੇ ਹਰ ਕੁਰਬਾਨੀ ਕਰਨ ਨੂੰ ਤਿਆਰ ਰਹੇ।

ਅਫ਼ਸੋਸ ਸਿਰਫ਼ ਇਹ ਹੈ ਕਿ ਸਿੱਖ ਇਤਿਹਾਸਕਾਰਾਂ ਨੇ ਬੀਬੀ ਸੁਭਾਗੀ ਤੇ ਬੀਬੀ ਲੱਛੀ ਦੇ ਨਾਲ ਦੀਆਂ 500 ਔਰਤਾਂ ਦੇ ਨਾਵਾਂ ਨੂੰ ਉਜਾਗਰ ਨਹੀਂ ਕੀਤਾ ਤੇ ਉਨ੍ਹਾਂ ਸਾਰੀਆਂ ਦੇ ਨਾਂ ਇਤਿਹਾਸ ਵਿੱਚ ਹੀ ਦਫ਼ਨ ਹੋ ਚੁੱਕੇ ਹਨ, ਪਰ ਜੋ ਵੀ ਹੋਵੇ, ਇਹ ਲਾਸਾਨੀ ਸ਼ਹਾਦਤ ਕਦੇ ਵੀ ਭੁਲਾਈ ਨਹੀਂ ਜਾ ਸਕਦੀ ਤੇ ਕੌਮ ਹਮੇਸ਼ਾ ਇਨ੍ਹਾਂ ਦੀ ਰਿਣੀ ਰਹੇਗੀ।

ਇਨ੍ਹਾਂ ਸਿੱਖ ਬੀਬੀਆਂ ਨੇ ਗੁਰਬਾਣੀ ਨੂੰ ਪਿੰਡੇ ਉੱਤੇ ਹੰਢਾ ਕੇ ਸਾਬਤ ਕਰ ਦਿੱਤਾ ਕਿ-‘‘ਇਤੁ ਮਾਰਗਿ ਪੈਰੁ ਧਰੀਜੈ। ਸਿਰੁ ਦੀਜੈ, ਕਾਣਿ ਨਾ ਕੀਜੈ।’’ ਬੀਬੀ ਲੱਛੀ ਤੇ ਬੀਬੀ ਸੁਭਾਗੀ ਵਾਸਤੇ ਤਾਂ ਜਿੱਥੇ ਦਿਲੋਂ ਹੂਕ ਉੱਠਦੀ ਹੈ ਓਥੇ ਉਨ੍ਹਾਂ ਦੇ ਕਿਰਦਾਰ ਤੇ ਦ੍ਰਿੜ੍ਹਤਾ ਅੱਗੇ ਸੀਸ ਝੁਕਦਾ ਹੈ।