ਸ਼ਹੀਦਾਂ ਦੇ ਸਿਰਤਾਜ ਦਾ ਰੁਤਬਾ (ਗੁਰੂ ਅਰਜੁਨ ਦੇਵ ਜੀ)

0
57

ਸ਼ਹੀਦਾਂ ਦੇ ਸਿਰਤਾਜ ਦਾ ਰੁਤਬਾ (ਗੁਰੂ ਅਰਜੁਨ ਦੇਵ ਜੀ)

ਗਿਆਨੀ ਬਲਜੀਤ ਸਿੰਘ

 ਗੁਰੂ ਅਰਜੁਨ ਦੇਵ ਜੀ ਦਾ ਸੰਸਾਰਕ ਜਾਂ ਭੌਤਿਕ ਜੀਵਨ (1563 ਤੋਂ 1606 ਈ: ਤੱਕ ਅਰਥਾਤ) ਕੁਲ 43 ਸਾਲਾਂ ਦਾ ਹੈ। ਇਹ ਜੀਵਨ ਪ੍ਰਭੂ ਵਿਸ਼ਵਾਸ ਦੀ ਪ੍ਰਪੱਕਤਾ, ਆਚਰਨਿਕ ਸਵੱਛਤਾ ਅਤੇ ਨਾਨਾ ਅਮਰਦਾਸ ਜੀ ਵੱਲੋਂ ਪਰਉਪਕਾਰ ਨਿਸ਼ਕਾਮਤਾ ਦੀ ਤਿਕੋਨ ਵਿੱਚ ਉਸਰਿਆ ਤੇ ਨਿਸਰਿਆ ਹੋਇਆ ਜੀਵਨ ਹੈ। ਜਿਸ ਨੇ ਪੰਜਾਬ ਅਤੇ ਮਾਨਵਤਾ ਦੇ ਧਾਰਮਿਕ, ਸੱਭਿਆਚਾਰਿਕ, ਸਾਹਿਤਿਕ ਤੇ ਰਾਜਨੀਤਿਕ ਪੱਖਾਂ ’ਤੇ ਅਮਿੱਟ ਪ੍ਰਭਾਵ ਪਾਇਆ ਹੈ। ਆਪ ਜੀ ਵੱਲੋਂ ਦ੍ਰਿੜ੍ਹ ਕਰਵਾਏ ਗਏ ਦਰਸ਼ਨ ਸਿਧਾਂਤ ਦਾ ਸੰਕੇਤਿਕ ਨਾਂ ਗੁਰਮਤਿ ਹੈ ‘‘ਜੋਤਿ ਰੂਪਿ (’) ਹਰਿ ਆਪਿ; ਗੁਰੂ ਨਾਨਕੁ ਕਹਾਯਉ ਤਾ ਤੇ ਅੰਗਦੁ ਭਯਉ; ਤਤ ਸਿਉ ਤਤੁ ਮਿਲਾਯਉ ਅੰਗਦਿ ਕਿਰਪਾ ਧਾਰਿ (ਕੇ); ਅਮਰੁ ਸਤਿਗੁਰੁ ਥਿਰੁ ਕੀਅਉ ਅਮਰਦਾਸਿ (ਨੇ) ਅਮਰਤੁ ਛਤ੍ਰੁ; ਗੁਰ ਰਾਮਹਿ (ਨੂੰ) ਦੀਅਉ ਗੁਰ ਰਾਮਦਾਸ ਦਰਸਨੁ ਪਰਸਿ; ਕਹਿ ਮਥੁਰਾ ਅੰਮ੍ਰਿਤ ਬਯਣ ਮੂਰਤਿ ਪੰਚ ਪ੍ਰਮਾਣ ਪੁਰਖੁ; ਗੁਰੁ ਅਰਜੁਨੁ ਪਿਖਹੁ ਨਯਣ ’’ (ਸਵਈਏ ਮਹਲੇ ਪੰਜਵੇਂ ਕੇ/ਭਟ ਮਥੁਰਾ/੧੪੦੮) ਵਾਕ ਅਨੁਸਾਰ ਗੁਰੂ ਨਾਨਕ ਸਾਹਿਬ ਜੀ ਵਾਲਾ ਹੀ ਸਿਧਾਂਤ ਹੈ, ਇਹ ਸਿਧਾਂਤ ਦਿਮਾਗ਼ੀ ਚੁਸਤੀਆਂ, ਚਤੁਰਾਈਆਂ, ਚਲਾਕੀਆਂ ਨਹੀਂ ਸਿਖਾਂਦਾ ਸਗੋਂ ਅਮਲੀ ਜੀਵਨ ਲਈ ‘‘ਗੁਰਿ (ਨੇ) ਕਹਿਆ; ਸਾ ਕਾਰ ਕਮਾਵਹੁ ’’ (ਓਅੰਕਾਰ/ਮਹਲਾ /੯੩੩) ਦੀ ਪ੍ਰੇਰਨਾ ਦਿੰਦਾ ਹੈ, ‘‘ਜੋ ਦੀਸੈ; ਸੋ ਤੇਰਾ ਰੂਪੁ ’’ (ਮਹਲਾ /੭੨੪) ਵਾਕ ਦੇ ਆਧਾਰ ’ਤੇ ਆਕਾਰ ਵਿੱਚੋਂ ਨਿਰੰਕਾਰ ਦੇ ਦਰਸ਼ਨ ਕਰਵਾਉਂਦਾ ਹੈ। ਇਹ ਫ਼ਿਲਾਸਫ਼ੀ ਮਨੁੱਖੀ ਜੀਵਨ ਨੂੰ ‘‘ਹਉ ਗੋਸਾਈ ਦਾ ਪਹਿਲਵਾਨੜਾ ਮੈ ਗੁਰ ਮਿਲਿ ਉਚ ਦੁਮਾਲੜਾ ਸਭ ਹੋਈ ਛਿੰਝ ਇਕਠੀਆ; ਦਯੁ (ਦਈ) ਬੈਠਾ ਵੇਖੈ ਆਪਿ ਜੀਉ ੧੭ ਵਾਤ ਵਜਨਿ ਟੰਮਕ ਭੇਰੀਆ ਮਲ ਲਥੇ ਲੈਦੇ ਫੇਰੀਆ ਨਿਹਤੇ (ਢਾਹ ਲਏ) ਪੰਜਿ ਜੁਆਨ (ਕਾਮਾਦਿਕ) ਮੈ; ਗੁਰਿ (ਨੇ) ਥਾਪੀ ਦਿਤੀ ਕੰਡਿ ਜੀਉ ੧੮’’ (ਮਹਲਾ /੭੪) ਵਾਕ ਰਾਹੀਂ ਮੱਲ ਅਖਾੜਾ ਅਤੇ ਮਨੁੱਖ ਨੂੰ ਗੁਸਾਈਂ ਦਾ ਤਾਕਤਵਰ ਪਹਿਲਵਾਨ ਬਣਾਉਣਾ ਚਾਹੁੰਦੀ ਹੈ ਅਤੇ ਨਾਲ ਹੀ ਜੀਵਨ ਦੇ ਹਰੇਕ ਘੋਲ ਵਿੱਚ ਖੇੜੇ ਤੇ ਸਹਿਜ ਨੂੰ ਕਾਇਮ ਰੱਖਦਿਆਂ ਜਿੱਤ ਪ੍ਰਾਪਤ ਕਰਨ ਦਾ ਪਰਪੱਕ ਵਿਸ਼ਵਾਸ ਦ੍ਰਿੜ੍ਹਾਂਦੀ ਹੈ।              

ਗੁਰੂ ਗ੍ਰੰਥ ਸਾਹਿਬ ਜੀ; ਜਿਨ੍ਹਾਂ ਵਿੱਚ ਆਪ ਜੀ ਨੇ ‘ਪੀਊ ਦਾਦੇ ਦੇ ਖਜ਼ਾਨੇ’ ਨੂੰ ਸੰਭਾਲਿਆ, ਉੱਥੇ ਆਪ ਜੀ ਨੇ 30 ਰਾਗਾਂ ਵਿੱਚ 2312 ਸ਼ਬਦਾਂ (ਜਿਨ੍ਹਾਂ ’ਚ ਅਸ਼ਟਪਦੀਆਂ, ਛੰਤ, 6 ਵਾਰ ਆਦਿਕ ਹਨ) ਰਾਹੀਂ ਲੋਕਾਈ; ਸਦੀਵ ਕਾਲ ਜੀਵਨ ਜਾਚ ਪ੍ਰਾਪਤ ਕਰਨ ਲਈ ਰਹਿਨਮਾਈ ਲੈ ਸਕਦੀ ਹੈ ਤੇ ਲੈਂਦੀ ਰਹੇਗੀ। ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ, ਗੁਰੂ ਅਰਜਨ ਦੇਵ ਜੀ ਦੀ ਵਿਦਵਤਾ, ਸਾਹਿਤਿਕ ਨਿਪੁੰਨਤਾ ਤੇ ਵਿਗਿਆਨਕ ਸੂਝ ਦਾ ਲਖਾਇਕ ਹੈ। ਪੰਜਾਬੀ ਭਾਸ਼ਾ ਵਿਚ ਇਹ ਪਹਿਲੀ ਸੰਪਾਦਿਤ ਅਦੁੱਤੀ ਰਚਨਾ ਹੈ, ਜਿਸ ਦੀ ਤੁਲਨਾ ਪੰਜਾਬ ਜਾਂ ਭਾਰਤ ਵਿੱਚ ਤਾਂ ਕੀ ਸਗੋਂ ਵਿਸ਼ਵ ਪੱਧਰ ’ਤੇ ਵੀ ਨਹੀਂ ਕੀਤੀ ਜਾ ਸਕਦੀ। ਗੁਰੂ ਵਿਅਕਤੀ ਦੇ ਨਾਲ-ਨਾਲ ਭਗਤਾਂ, ਸੰਤਾਂ, ਭੱਟਾਂ ਤੇ ਸਿੱਖਾਂ ਮਹਾਂ ਪੁਰਸ਼ਾਂ ਨੂੰ ਵੀ ਇਸ ਸੰਪਾਦਨਾ ਨਾਲ ਅਮਰ ਪਦਵੀ ਪ੍ਰਾਪਤ ਹੋਈ। ਰਾਗਾਂ, ਛੰਦਾਂ ਦੇ ਵੱਖੋ ਵੱਖ ਕਾਵਿ ਰੂਪਾਂ ਦੇ ਮਜਮੂਨ ਦੇ ਨਾਲ-ਨਾਲ ਢੁੱਕਵੀਂ ਤਬਦੀਲੀ ਹੈਰਾਨ ਕਰਨ ਵਾਲੀ ਹੈ। ਇਹ ਸਮੁੱਚਾ ਸੰਗ੍ਰਹਿ ਵੱਡ ਅਕਾਰੀ ਹੋਣ ਦੇ ਬਾਵਜੂਦ ਵੀ ਕਿਧਰੇ ਆਪਾ ਵਿਰੋਧੀ ਨਹੀਂ ਬਲਕਿ ‘‘ਇਕਾ ਬਾਣੀ, ਇਕੁ ਗੁਰੁ; ਇਕੋ ਸਬਦੁ ਵੀਚਾਰਿ ’’ (ਮਹਲਾ /੬੪੬) ਦੀ ਲੜੀਬਧ ਮਹਾਨ ਰਚਨਾ ਹੈ। ਇਸ ਵਿੱਚ ਸੁਭਾਇਮਾਨ ਮਹਾਂ ਪੁਰਖ ਆਪਸ ਵਿੱਚ ਬਿਲਕੁਲ ਇਕ ਸੁਰ ਹਨ, ਇਹ ਸੱਚ ਮੁੱਚ ‘‘ਕੁਦਰਤਿ ਕੇ ਸਭ ਬੰਦੇ (ਭਗਤ ਕਬੀਰ/੧੩੪੯), ਬਿਸਰਿ ਗਈ ਸਭ ਤਾਤਿ ਪਰਾਈ (ਮਹਲਾ /੧੨੯੯), ਸਭੇ ਸਾਝੀਵਾਲ ਸਦਾਇਨਿ.. ’’ (ਮਹਲਾ /੯੭) ਦਾ ਪਵਿਤ੍ਰ ਸੁਨੇਹਾ ਹੈ, ਜੋ ‘‘ਸਭੇ ਜੀਅ ਸਮਾਲਿ; ਅਪਣੀ ਮਿਹਰ ਕਰੁ (ਮਹਲਾ /੧੨੫੧) ਰਾਹੀਂ ਵਿਸ਼ਵ ਵਿਆਪੀ ਸ਼ਾਂਤੀ ਪੈਦਾ ਕਰਦਾ ਹੈ। ਇਸ ਵਿੱਚ ਗੁਰੁ ਅਰਜੁਨ ਸਾਹਿਬ ਜੀ ਦੀ ਰਚਨਾ; ਸਭ ਤੋਂ ਵੱਧ ਆਕਾਰ ਵਾਲੀ ਹੈ। ਲਗਭਗ ਸਾਰੇ ਰਾਗਾਂ, ਛੰਦਾਂ, ਕਾਵਿ ਰੂਪਾਂ ਵਿਚ ਮਿਲਦੀ ਹੈ। ਆਪ ਜੀ ਨੇ ਮਨੁੱਖੀ ਜੀਵਨ ਨਾਲ ਸੰਬੰਧਿਤ ਹਰ ਮਜਮੂਨ ਨੂੰ ਛੋਹਿਆ ਹੈ। ਵਿਕੋਲਿਤਰੇ ਕਾਵਿ ਰੂਪਾਂ ਤੋਂ ਇਲਾਵਾ ਬਾਵਨ ਅਖਰੀ, ਜੈਤਸਰੀ ਕੀ ਵਾਰ, ਸੁਖਮਨੀ ਸਾਹਿਬ, ਗਾਥਾ, ਫੁਨਹੇ, ਮਾਰੂ ਡਖਣੇ ਆਦਿ ਖ਼ਾਸ ਤੌਰ ’ਤੇ ਵਰਣਨ ਯੋਗ ਰਚਨਾਵਾਂ ਹਨ। ਭਾਈ ਗੁਰਦਾਸ ਜੀ ਦੇ ਬਚਨ ਆਪ ਜੀ ਦੀ ਸ਼ਖਸੀਅਤ ਨੂੰ ਬਿਲਕੁਲ ਪ੍ਰਗਟ ਕਰਦੇ ਹਨ ‘‘ਤਖਤੁ ਬਖਤੁ ਲੈ ਮਲਿਆ; ਸਬਦ ਸੁਰਤਿ ਵਾਪਾਰਿ ਸਪਤਾ ਗੁਰਬਾਣੀ ਭੰਡਾਰੁ ਭਰਿ; ਕੀਰਤਨੁ ਕਥਾ ਰਹੈ ਰੰਗ ਰਤਾ’’ (ਭਾਈ ਗੁਰਦਾਸ ਜੀ/ਵਾਰ ੨੪ ਪਉੜੀ ੧੯) ਆਪ ਜੀ; ਮਹਾਨ ਭਾਸ਼ਾ ਵਿਗਿਆਨੀ, ਬੋਲੀਆਂ ਦੇ ਮਾਹਿਰ ਉਸਤਾਦ ਸਨ। ਆਪ ਜੀ ਦੀ ਭਾਸ਼ਾ; ਪਿਛੋਕੜ ਬਾਬਾ ਫਰੀਦ ਜੀ, ਕਬੀਰ ਜੀ, ਜੈਦੇਵ ਜੀ, ਰਵਿਦਾਸ ਜੀ ਆਦਿ ਸੰਤਾਂ ਭਗਤਾਂ ਅਤੇ ਗੁਰੁ ਨਾਨਕ ਸਾਹਿਬ ਜੀ ਦੀਆਂ ਬੋਲੀਆਂ ਦੀ ਨਿਰਮਲ ਧਾਰਾ ਵਿੱਚ ਵਹਿ ਰਹੀ ਹੈ। ਇਸ ਅਮੀਰ ਪਿਛੋਕੜ ਦੇ ਕਾਰਨ ਸੰਤ ਭਾਖਾ ਪੰਜਾਬੀ ਵਿੱਚ ਲਗਭਗ ਸਾਰੇ ਭਾਰਤ ਵਿੱਚ ਸਮਝੀਆਂ ਜਾਣ ਵਾਲੀਆਂ ‘ਸੰਸਕ੍ਰਿਤ, ਅਪਭ੍ਰੰਸ਼, ਫ਼ਾਰਸੀ, ਬ੍ਰਿਜਭਾਸ਼ਾ, ਲਹਿੰਦੀ, ਸਿੰਧੀ, ਮੁਲਤਾਨੀ ਤੇ ਰਾਜਸਥਾਨੀ ਆਦਿ ਬੋਲੀਆਂ ਦੀ ਸ਼ਬਦਾਵਲੀ; ਮੋਤੀਆਂ ਦੀ ਤਰ੍ਹਾਂ ਚਲਕਦੀ ਹੈ।

ਡਾ. ਸੀਤਾ ਰਾਮ ਬਾਹਰੀ ਨੇ ਠੀਕ ਹੀ ਆਖਿਆ ਹੈ ਕਿ ਜਦੋਂ ਮਨੁੱਖੀ ਇਖ਼ਲਾਕ; ਪੂਰੀ ਤਰ੍ਹਾਂ ਪਰਗਟ ਹੋਇਆ ਉਦੋਂ ਜਿਸ ਬੋਲੀ ਦਾ ਵਰਤਾਰਾ ਹੋਵੇਗਾ, ਉਹ ਗੁਰੁ ਅਰਜਨ ਦੇਵ ਜੀ ਦੀ ਬੋਲੀ ਹੀ ਹੋਵੇਗੀ।

ਆਪ ਜੀ ਨੇ ਵੱਖੋ-ਵੱਖ ਵਿਸ਼ਿਆਂ ਦੇ ਨਿਭਾਅ ਸਮੇਂ ਉਨ੍ਹਾਂ ਦੀ ਪਰੰਪਰਾ ਅਨੁਸਾਰ ਬੋਲੀ ਦੀ ਵਰਤੋਂ ਕੀਤੀ ਹੈ। ਮਿਸਾਲ ਵਜੋਂ ਭਗਤੀ ਰਸ ਤੇ ਸਿੰਗਾਰ ਰਸ ਲਈ ਬ੍ਰਿਜ ਭਾਸ਼ਾ ਅਤੇ ਸਮਾਜੀ ਵਿਸ਼ਿਆਂ ’ਤੇ ਲਿਖਦਿਆਂ ਠੇਠ ਪੰਜਾਬੀ ਦੀ ਵਰਤੋਂ ਕੀਤੀ ਹੈ। ਬਿਰੋਹ ਵਿਜੋਗ ਦੇ ਅਨੁਭਵ ਵਿਚ ਸੂਫ਼ੀਆਂ ਦੀ ਮੁਲਤਾਨੀ ਜਾਂ ਲਹਿੰਦੀ ਭਾਸ਼ਾ ਦਾ ਪ੍ਰਯੋਗ ਕੀਤਾ ਗਿਆ ਹੈ, ਜੋ ਜੈਤਸਰੀ ਕੀ ਵਾਰ ਬੋਲੀ ਦੇ ਦ੍ਰਿਸਟੀ ਕੋਣ ਤੋਂ ਵੰਨਗੀ ਭਰਪੂਰ ਹੈ । ਇਸ ਦੀ ਤਰਤੀਬ ਵਿਚ ਇੱਕ ਸਲੋਕ ਪੂਰਬੀ ਦਾ, ਇਕ ਲਹਿੰਦੀ ਦਾ ਤੇ ਪਉੜੀ ਠੇਠ ਪੰਜਾਬੀ ਵਿਚ ਮਿਲਦੀ ਹੈ; ਜਿਵੇਂ ਕਿ ‘‘ਸਲੋਕ ਕੋਟਿ ਦਾਨ ਇਸਨਾਨੰ; ਅਨਿਕ ਸੋਧਨ ਪਵਿਤ੍ਰਤਹ ਉਚਰੰਤਿ ਨਾਨਕ ਹਰਿ ਹਰਿ ਰਸਨਾ; ਸਰਬ ਪਾਪ ਬਿਮੁਚਤੇ ਈਧਣੁ ਕੀਤੋਮੂ ਘਣਾ; ਭੋਰੀ ਦਿਤੀਮੁ ਭਾਹਿ ਮਨਿ ਵਸੰਦੜੋ ਸਚੁ ਸਹੁ; ਨਾਨਕ ! ਹਭੇ ਡੁਖੜੇ ਉਲਾਹਿ ’’ (ਮਹਲਾ /੭੦੭) ਇਉਂ ਜੈਤਸਰੀ ਦੀ ਵਾਰ ਵਿੱਚੋਂ ਤ੍ਰੈ ਰੰਗੀ ਪੀਂਘ ਦੇ ਝਲਕਾਰੇ ਦਾ ਅਨੰਦ ਪ੍ਰਾਪਤ ਹੁੰਦਾ ਹੈ। ਭਾਰਤ ਦਾ ਸੰਤ ਜਾਂ ਧਾਰਮਿਕ ਪੁਰਸ਼; ਸ਼ਖ਼ਸੀ ਚੰਗਿਆਈ ਤੇ ਨੇਕੀ ’ਤੇ ਜ਼ੋਰ ਦਿੰਦਾ ਰਿਹਾ ਹੈ, ਪਰ ਨੇਕੀ ਨੂੰ ਜੰਥੇਬੰਦ ਕਰਨ ਦਾ ਸਹਾਰਾ ‘‘ਗੁਰਮੁਖਿ ਖੋਜਤ ਭਏ ਉਦਾਸੀ ’’ (ਗੋਸਟਿ/ਮਹਲਾ /੯੩੯) ਭਾਵ ਸਿੱਖ ਗੁਰੂਆਂ ਦੇ ਸਿਰ ਬੱਝਦਾ ਹੈ। ਪੰਜਵੇਂ ਪਾਤਿਸ਼ਾਹ ਜੀ ਨੇ ਸੰਗਤਾਂ ਦੀ ਮਹਤੱਤਾ ਨੂੰ ‘‘ਮੇਰੇ ਮਾਧਉ ਜੀ ! ਸਤਸੰਗਤਿ ਮਿਲੇ, ਸੁ ਤਰਿਆ ’’ (ਸੋ ਦਰੁ/ਮਹਲਾ /੧੦) ਰਾਹੀਂ ਉਚਿਆਇਆ ਹੈ। ਉਹ ਆਪ ਸੰਗਤ ਦੀ ਪੇਸ਼ਵਾਈ ਲਈ ਦੂਰ ਦਰੇਡੇ ਅੱਗੇ ਹੋ ਕੇ ਮਿਲਦੇ, ਪੱਖਾ ਝਲਦੇ ਤੇ ਲੰਗਰ ਦੀ ਸੇਵਾ ਕਰਦੇ ਸਨ। ਆਪ ਜੀ ਨੇ ‘‘ਹਰਿ ਕੀਰਤਿ ਸਾਧਸੰਗਤਿ ਹੈ; ਸਿਰਿ ਕਰਮਨ ਕੈ ਕਰਮਾ ’’ (ਮਹਲਾ /੬੪੨) ਸਿਧਾਂਤ ਦਰਸਾਇਆ ਕਿਉਂਕਿ ‘‘ਵਿਚਿ ਸੰਗਤਿ ਹਰਿ ਪ੍ਰਭੁ ਵਸੈ ਜੀਉ (ਮਹਲਾ /੯੪) ਯਾਨੀ ਪ੍ਰਭੂ ਦਾ ਵਾਸਾ ਸਤਿ ਸੰਗਤ ਵਿਚ ਅਨੁਭਵ ਕਰਵਾਇਆ। ਆਪ ਜੀ ਨੇ ਸੰਗਤ ਦਿਆਂ ਫ਼ੈਸਲਿਆ ਨੂੰ ਪ੍ਰਵਾਨ ਕੀਤਾ। ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੇ ਤਿਣਕਿਆਂ ਵਾਂਗ ਖਿੰਡੀ-ਪੁੰਡੀ ਮਨੁੱਖਤਾ, ਮੁਰਦਾ ਤੇ ਨਿਢਾਲ ਹੋਏ ਸਮਾਜ ਨੂੰ ਜੰਥੇਬੰਦ ਕਰਕੇ ਨਵਾਂ ਜੀਵਨ ਦਿੱਤਾ। ਆਪ ਜੀ ਨੇ ਕੌਮ ਨੂੰ ਜਥੇਬੰਦ ਕਰਨ ਦੇ ਸਮੱੁਚੇ ਪ੍ਰੰਬਧ ਕੀਤੇ; ਜਿਵੇਂ ਕਿ

  1. ਸਿੱਖ ਲਹਿਰ ਦੀ ਰਾਜਧਾਨੀ ਅੰਮ੍ਰਿਤਸਰ ਨੂੰ ਹੋਂਦ ਵਿਚ ਲਿਆਂਦਾ।
  2. ਗੁਰੂ ਦੇ ਲੰਗਰ ਦੀ ਮਰਯਾਦਾ ਨੂੰ ਸਖ਼ਤ ਭੀੜਾ ਤੇ ਵੈਰ ਭਾਵ ਦੇ ਸਮੇਂ, ਆਪ ਭੁਖਿਆਂ ਰਹਿ ਕੇ ਨਿਰਵਿਘਨ ਬਣਾਈ ਰੱਖਿਆ।
  3. ਸਿੱਖਾਂ ਦੀਆਂ ਜਮਾਤੀ (ਕੌਮੀ) ਲੋੜਾਂ ਪੂਰੀਆਂ ਕਰਨ ਲਈ ਕਾਰ ਭੇਟ ਦੀ ਮਰਯਾਦਾ ਨੂੰ ਸੋਧ ਕੇ ਦਸਵੰਧ ਦੇ ਨਿਯਮ ਨੂੰ ਪੱਕੇ ਪੈਰੀਂ ਕੀਤਾ ।
  4. ਗੁਰਬਾਣੀ ਨੂੰ ਸੰਭਾਲ ਕੇ ਉਸ ਉਤੇ ‘‘ਥਾਲ ਵਿਚਿ ਤਿੰਨਿ ਵਸਤੂ ਪਈਓ.. (ਮਹਲਾ /੧੪੨੯) ਦੀ ਪੱਕੀ ਮੋਹਰ ਲਾ ਦਿੱਤੀ। ਜੇ ਕਿਸੇ ਧਾਰਮਿਕ ਗ੍ਰੰਥ ਨੂੰ ਆਪਣੇ ਅਸਲੀ ਰੂਪ ਵਿਚ ਅਜੇ ਤੱਕ ਸੁਰੱਖਿਅਤ ਰਹਿਣ ਦਾ ਮਾਣ ਹੈ ਤਾਂ ਉਹ ਗੁਰੂ ਅਰਜਨ ਸਾਹਿਬ ਜੀ ਦਾ ਸੰਪਾਦਿਤ ਕੀਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ।
  5. ਸਿੱਖ ਸੰਗਤਾਂ; ਦੇਸਾਂ ਪਰਦੇਸਾਂ ਵਿਚ ਕਾਇਮ ਕਰਕੇ ਸਿੱਖ ਧਰਮ ਦਾ ਪ੍ਰਚਾਰ ਕਰਨ ਦੇ ਨਾਲ-ਨਾਲ ਕੇਂਦਰੀ ਅਸਥਾਨ ਅੰਮ੍ਰਿਤਸਰ ਅਤੇ ਕੇਂਦਰੀ ਇਸ਼ਟ; ਗੁਰੂ ਗ੍ਰੰਥ ਸਾਹਿਬ ਜੀ ਨੂੰ ਥਾਪ ਦਿੱਤਾ; ਇਉਂ ਧਰਮ ਪੱਕੇ ਤੌਰ ’ਤੇ ਜਥੇਬੰਦ ਹੋ ਗਿਆ।

ਪੰਜਾਬ ਦਾ ਸਮਾਜ; ਭਰਮਾਂ ਵਹਿਮਾ, ਵੱਖ-ਵੱਖ ਮਨੌਤਾਂ ਤੇ ਫੋਕਟ ਭਰਮਾਂ ਨੇ ਵਿੰਨਿਆਂ ਪਿਆ ਸੀ ਮਾਨੋ ਕਿ ਸਮਾਜ ਦੇ ਲੋਕ ਟੁੱਟ ਚੱੁਕੇ ਸਨ। ਆਪ ਜੀ ਨੇ ਅਸਲੀ ਜੀਵਨ ਦੀਆਂ ਮਿਸਾਲਾਂ ਪੇਸ਼ ਕਰਕੇ ਇਨ੍ਹਾਂ ਤੋਂ ਛੁਟਕਾਰਾ ਦੁਆਇਆ। ਜਦੋਂ ਇਕਲੌਤੇ ਪੁੱਤਰ ਬਾਲ ਹਰਗੋਬਿੰਦ ਜੀ ਨੂੰ ਸ਼ੀਤਲਾ ਨਿਕਲ ਆਈ ਤਾਂ ਅੰਧ ਵਿਸ਼ਵਾਸੀ ਲੋਕਾਂ ਨੇ ਸ਼ੀਤਲਾ ਮਾਤਾ ਦੀ ਪੂਜਾ ਕਰਨ ਦੀ ਪ੍ਰੇਰਨਾ ਦਿੱਤੀ ਤਦ ਆਪ ਜੀ ‘ਡਿਗੈ ਨ ਡੋਲੇ’ ਦਾ ਸਬੂਤ ਦਿੰਦਿਆ ‘‘ਨੇਤ੍ਰ ਪ੍ਰਗਾਸੁ ਕੀਆ ਗੁਰਦੇਵ ਭਰਮ ਗਏ, ਪੂਰਨ ਭਈ ਸੇਵ ਰਹਾਉ ਸੀਤਲਾ ਤੇ ਰਖਿਆ ਬਿਹਾਰੀ ਪਾਰਬ੍ਰਹਮਿ ਪ੍ਰਭਿ (ਨੇ) ਕਿਰਪਾ ਧਾਰੀ ਨਾਨਕ  ! ਨਾਮੁ ਜਪੈ, ਸੋ ਜੀਵੈ ਸਾਧਸੰਗਿ ਹਰਿ ਅੰਮ੍ਰਿਤੁ ਪੀਵੈ ’’ (ਮਹਲਾ /੨੦੦) ਦਾ ਮਹਾਨ ਸੰਦੇਸ ਦਿੱਤਾ। ਆਪ ਜੀ ਨੇ ਸੱਚ ਮੁੱਚ ‘‘ਏਕ ਟੇਕ ਗੋਵਿੰਦ ਕੀ; ਤਿਆਗੀ ਅਨ ਆਸ ’’ (ਮਹਲਾ /੮੧੨) ਨੂੰ ਪ੍ਰਤੱਖ ਕਰ ਵਿਖਾਇਆ। ਵਿਆਕੁਲ ਹੋਏ ਜਗਿਆਸੂਆਂ, ਸ਼ਰਧਾਲੂਆਂ ਨੂੰ ‘‘ਤੁਧੁ ਬਿਨੁ ਦੂਜਾ ਨਾਹੀ ਕੋਇ ਤੂ ਕਰਤਾਰੁ ਕਰਹਿ ਸੋ ਹੋਇ ’’ (ਮਹਲਾ /੭੨੩) ਦਾ ਭਰੋਸਾ ਦ੍ਰਿੜ੍ਹ ਕਰਵਾਇਆ । ਆਪ ਜੀ ਨੇ ਸਮਾਜ ਦੇ ਬਲ ਤੇ ਨੇਕੀ ਨੂੰ ਪੂਰਨ ਸੱਚ ਕਿ ‘‘ਸਰਬ ਧਰਮ ਮਹਿ ਸ੍ਰੇਸਟ ਧਰਮੁ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ’’ (ਸੁਖਮਨੀ (ਮਹਲਾ /੨੬੬) ਦੇ ਆਧਾਰ ’ਤੇ ਸੰਗਠਿਤ ਕੀਤੀ। ਸੰਗਤ ਨੂੰ ਪੰਗਤ ਅਤੇ ਗੁਰੂ ਸ਼ਬਦ ਦੇ ਸੂਤਰ ਵਿਚ ਪਰੋ ਕੇ ਸਿੱਖਾ ਦੀ ਗਿਣਤੀ ‘‘ਉਗਵਣਹੁ ਤੈ ਆਥਵਣਹੁ; ਚਹੁ ਚਕੀ ਕੀਅਨੁ ਲੋਆ ’’ (ਬਲਵੰਡ ਸਤਾ/੯੬੮) ਅਨੁਸਾਰ ਹਜ਼ਾਰਾਂ, ਲੱਖਾਂ, ਕਰੋੜਾਂ ਤੱਕ ਪਹੁੰਚਾ ਦਿੱਤੀ। ਮੋਹਸਨਫਾਨੀ ਨੇ ਲਿਖਿਆ ਕਿ ਪੰਜਵੇਂ ਪਾਤਿਸ਼ਾਹ ਜੀ ਦੇ ਸਮੇਂ ਸਿੱਖੀ ਦਾ ਐਨਾ ਫੈਲਾਅ ਹੋਇਆ ਕਿ ਭਾਰਤ ਦਾ ਕੋਈ ਸ਼ਹਿਰ, ਕਸਬਾ ਜਾਂ ਕੋਨਾ ਐਸਾ ਨਹੀਂ ਜਿੱਥੇ ਸਿੱਖ ਨਾ ਵੱਸਦੇ ਹੋਣ।

ਸ਼ਖ਼ਸੀਅਤਾਂ ਤੋਂ ਸ਼ਖ਼ਸੀਅਤਾਂ ਬਣਦੀਆਂ ਹਨ, ਪਰ ਮਹਾਨ ਸ਼ਖ਼ਸੀਅਤ ਉਹ ਹੁੰਦੀ ਹੈ, ਜੋ ਆਪਣੇ ਆਲੇ-ਦੁਆਲੇ ਹੋਰ ਨੇਕ ਸ਼ਖ਼ਸੀਅਤਾਂ ਨੂੰ ਇੱਕਠਿਆਂ ਕਰ ਲਏ । ਗੁਰੂ ਅਰਜਨ ਸਾਹਿਬ ਜੀ ਦੀ ਪਿਆਰੀ ਛੋਹ ਨੇ ਅਨੇਕਾਂ ਐਸੇ ਗੁਰਮੁਖ ਇੱਕਠੇ ਕਰ ਲਏ, ਜਿਨ੍ਹਾਂ ਨੇ ਇਤਿਹਾਸ ’ਤੇ ਸਦੀਵੀ ਅਸਰ ਪਾਇਆ। ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ, ਭਾਈ ਕਲਿਆਣਾ ਜੀ, ਬੱੁਧੂ ਸ਼ਾਹ ਲਹੌਰੀ ਜੀ, ਭਾਈ ਅਜਬ ਡਰੋਲੀ ਜੀ, ਭਾਈ ਗੰਗਾ ਰਾਮ ਜੀ, ਭਾਈ ਪ੍ਰੇਮਾ ਜੀ, ਭਾਈ ਜੇਠਾ ਜੀ, ਆਦਿ ਆਪ ਜੀ ਦੀ ਰਹਿਣੀ, ਬਹਿਣੀ ਤੇ ਕਥਨੀ ਨੇ ਪੈਦਾ ਕੀਤੇ। ਗੁਰੂ ਜੀ ਦੀ ਅਗਵਾਈ ਵਿੱਚ ਸਿੱਖਾਂ ਦੇ ਸਮਾਜਿਕ, ਆਰਥਿਕ ਤੇ ਭਾਈਚਾਰਕ ਦੁੱਖ-ਸੁੱਖ ਸਾਂਝੇ ਹੋ ਗਏ। ਸਤਿਗੁਰ ਜੀ ਨੇ ਐਸੀ ਹੀ ਰਹਿਣੀ ਵਾਲੇ ਸਿੱਖਾਂ ਨੂੰ ਦੇਸਾਂ ਵਿਦੇਸਾਂ ਵਿੱਚ ਪ੍ਰਚਾਰ ਅਤੇ ਵਾਪਾਰ ਕਰਨ ਲਈ ਭੇਜਿਆ। ਇਸ ਤਰ੍ਹਾਂ ਸਿੱਖੀ ਦੂਰ ਤੱਕ ਹੀ ਨਹੀਂ ਫੈਲੀ ਸਗੋਂ ਸਿੱਖ ਵੀ ਵਧੇਰੇ ਉਤਸ਼ਾਹੀ, ਸਾਹਸੀ, ਸਿਆਣੇ ਅਤੇ ਧਨਾਢ ਬਣ ਗਏ।

ਜਦੋਂ ਸਿੱਖ ਧਰਮ ’ਤੇ ਸਮਕਾਲੀ ਹਕੂਮਤ ਵੱਲੋਂ ਹਮਲੇ ਹੋਣ ਲੱਗੇ, ਜਦੋਂ ਲੋਕ ਹਿੱਤਾਂ ਦੀ ਰਾਖੀ ਕਰਨ ਦਾ ਸਮਾਂ ਆਇਆ ਤਾਂ ਪੰਜਵੇਂ ਪਾਤਿਸ਼ਾਹ ਜੀ ਨੇ ਹਕੂਮਤ ਅਤੇ ਉਸ ਦੇ ਹੱਥਠੋਕਿਆਂ ਨੂੰ ਹਲੂਣਿਆ। ਜਬਰ ਦਾ ਟਾਕਰਾ ਸਬਰ ਨਾਲ ਕਰਕੇ ਮਾਨਵਤਾ ਨੂੰ ‘‘ਨਾ ਕੋ ਬੈਰੀ ਨਹੀ ਬਿਗਾਨਾ; ਸਗਲ ਸੰਗਿ ਹਮ ਕਉ ਬਨਿ ਆਈ ’’ (ਮਹਲਾ /੧੨੯੯) ਦੀ ਨਵੀਂ ਜੀਵਨ ਜਾਚ ਸਿਖਾਂਦੇ ਹੋਏ ਆਪਣੇ ਆਦਰਸ਼ ਦੀ ਖ਼ਾਤਰ ਸ਼ਹੀਦ ਹੋ ਗਏ। ਮਨੁੱਖਤਾ ਦੇ ਇਤਿਹਾਸ ਵਿਚ ਇਹ ਸ਼ਹੀਦੀ ਇਕ ਇਨਕਲਾਬੀ ਮੋੜ ਦੀ ਸੂਚਕ ਸੀ। ਸਾਹਿਬ ਜੀ ਦੇ ਬਲਿਦਾਨ ਨੇ ਸੁੱਤੀ ਹੋਈ ਮਾਨਵਤਾ ਨੂੰ ਹਲੂਣਾ ਦੇ ਕੇ ਜਗਾ ਦਿੱਤਾ। ਲੋਕ ਇਸ ਨਤੀਜੇ ’ਤੇ ਪੁੱਜੇ ਕਿ ਨੇਕੀ ਤੇ ਧਰਮ ਦੀ ਰੱਖਿਆ ਲਈ ਤਾਕਤ ਅਤੇ ਸਿਆਣਪ; ਦੋਵਾਂ ਦਾ ਹੋਣਾ ਜ਼ਰੂਰੀ ਹੈ। ਇਹੀ ਕਾਰਨ ਸੀ ਕਿ ‘‘ਛਠਮੁ ਪੀਰੁ ਬੈਠਾ ਗੁਰੁ ਭਾਰੀ (ਭਾਈ ਗੁਰਦਾਸ ਜੀ/ਵਾਰ ਪਉੜੀ ੪੮) ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਪੀਰੀ ਦੇ ਆਧਾਰ ’ਤੇ ਸੰਤ ਸਿਪਾਹੀ ਪੈਦਾ ਕੀਤੇ। ਜਿਨ੍ਹਾਂ ਨੇ ਜ਼ੁਲਮੀ ਹਕੂਮਤਾਂ ਦਾ ਡਟ ਕੇ ਮੁਕਾਬਲਾ ਕੀਤਾ।

ਆਓ ਜਿੱਥੇ ਅਸੀਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਹਰ ਸਾਲ ਯਾਦ ਕਰਦੇ ਹਾਂ। ਕਥਾ, ਛਬੀਲਾਂ ਦੀ ਸੇਵਾ ਨਿਭਾਂਦੇ ਹਾਂ, ਉੱਥੇ ਨਾਲ ਹੀ ਆਣ ਵਾਲੀਆਂ ਪੀੜੀਆਂ ਲਈ ਸਿੱਖੀ ਪ੍ਰਚਾਰ ਹਿੱਤ ਗੁਰਮਤਿ ਲਿਟਰੇਚਰ ਸਾਹਿਤ ਦੀ ਛਬੀਲ ਤੇ ਲੰਗਰ ਵੀ ਨਾਲ-ਨਾਲ ਹੀ ਲਗਾਈਏ। ਆਪਣੀ ਕਿਰਤ-ਕਾਰ ਦਾ ਦਸਵਾਂ ਹਿੱਸਾ ‘‘ਅਕਲੀ ਕੀਚੈ ਦਾਨੁ ’’ (ਮਹਲਾ /੧੨੪੫) ਅਨੁਸਾਰ ਬਿਬੇਕ ਬੁੱਧੀ ਨਾਲ ਸੁਚੱਜੀ ਵਰਤੋਂ ਵਿੱਚ ਲਿਆਈਏ ਤਾਂ ਜੋ ਗੁਰਮਤਿ ਸੰਦੇਸ਼ ਘਰ-ਘਰ ਵਿੱਚ ਪੁੱਜਦਾ ਕੀਤਾ ਜਾ ਸਕੇ। ਆਪਣੇ ਅਤੇ ਸਰੱਬਤ ਦੇ ਭਲੇ ਹਿੱਤ ਉਨ੍ਹਾਂ ਵੱਲੋਂ ਗੁਰਬਾਣੀ ਦੇ ਖਜ਼ਾਨੇ ਸੰਬੰਧੀ ਦਿੱਤੇ ਮਾਨਵਤਾ ਪੱਧਰ ਦੇ ਉਪਦੇਸ਼ ਨੂੰ ਹਿਰਦੇ ਵਿੱਚ ਵਸਾਈਏ ‘‘ਜੇ ਕੋ ਖਾਵੈ, ਜੇ ਕੋ ਭੁੰਚੈ; ਤਿਸ ਕਾ ਹੋਇ ਉਧਾਰੋ ਏਹ ਵਸਤੁ ਤਜੀ ਨਹ ਜਾਈ; ਨਿਤ ਨਿਤ ਰਖੁ ਉਰਿ ਧਾਰੋ ’’ (ਮਹਲਾ /੧੪੨੯)