ਅਦਰਕ

0
50

ਅਦਰਕ

ਡਾ. ਹਰਸ਼ਿੰਦਰ ਕੌਰ (ਪਟਿਆਲਾ)-0175-2216783

ਅਦਰਕ ਦਾ ਨਾਂ ਲੈਂਦਿਆਂ ਹੀ ਕਈਆਂ ਨੂੰ ਅਦਰਕ ਦੀ ਚਾਹ ਤੇ ਕੁੱਝ ਨੂੰ ਅਦਰਕ ਚਿਕਨ ਯਾਦ ਆ ਜਾਂਦਾ ਹੈ। ਇਸ ਤੋਂ ਇਲਾਵਾ ਅਨੇਕ ਖਾਣ ਪੀਣ ਵਾਲੇ ਪਦਾਰਥਾਂ ਵਿਚ ਅਦਰਕ ਦੀ ਵਰਤੋਂ ਕੀਤੀ ਜਾ ਰਹੀ ਹੈ। ਸ਼ਾਇਦ ਬਹੁਤਿਆਂ ਨੂੰ ਪਤਾ ਨਾ ਹੋਵੇ ਕਿ ਇਸ ਦੇ ਡਾਕਟਰੀ ਪੱਖੋਂ ਵੀ ਕਾਫ਼ੀ ਫ਼ਾਇਦੇ ਹਨ।

ਸਦੀਆਂ ਤੋਂ ਅਦਰਕ ਵਿਚਲੇ ਖੰਘ ਨੂੰ ਰੋਕਣ ਵਾਲੇ ਤੱਤਾਂ ਤੇ ਦਰਦ ਨਿਵਾਰਕ ਤੱਤਾਂ ਦਾ ਜ਼ਿਕਰ ਹੁੰਦਾ ਆਇਆ ਹੈ। ਅੱਜ ਵੀ ਲਗਾਤਾਰ ਆਉਂਦੀ ਖੰਘ ਨੂੰ ਰੋਕਣ ਲਈ ਬਜ਼ੁਰਗ ਮਲੱਠੀ ਮੂੰਹ ਵਿਚ ਰੱਖ ਕੇ ਚੂਸ ਲੈਂਦੇ ਹਨ ਤੇ ਕਸਰਤ ਤੋਂ ਬਾਅਦ ਹੋ ਰਹੀ ਪੱਠਿਆਂ ਦੀ ਦਰਦ ਵਾਸਤੇ ਵੀ ਤਾਜ਼ਾ ਅਦਰਕ ਦਾ ਚੂਸਣਾ ਬਹੁਤ ਅਸਰਦਾਰ ਸਾਬਤ ਹੋ ਰਿਹਾ ਹੈ।

ਇਹ ਅਸਰ ਵੇਖਦੇ ਹੋਏ ਅਸਲ ਮਾਅਨਿਆਂ ਵਿਚ ਪਹਿਲੀ ਖੋਜ ਸੰਨ 2010 ਵਿਚ ਹੋਈ ਜਿੱਥੇ ਕਸਰਤ ਕਰਨ ਵਾਲੇ ਲੋਕਾਂ ਨੂੰ ਪੱਠਿਆਂ ਦੀ ਦਰਦ ਵਾਸਤੇ ਰੋਜ਼ਾਨਾ ਅਦਰਕ ਦਿੱਤਾ ਗਿਆ। ਇਹ ਵੇਖਣ ਵਿਚ ਆਇਆ ਕਿ ਉਨ੍ਹਾਂ ਦੀ ਦਰਦ ਅਦਰਕ ਖਾਂਦੇ ਸਾਰ 25 ਪ੍ਰਤੀਸ਼ਤ ਘੱਟ ਗਈ। ‘ਅਮਰੀਕਨ ਪੇਨ ਸੋਸਾਇਟੀ’ ਨੇ ‘ਜਰਨਲ ਔਫ ਪੇਨ’ ਵਿਚ ਇਸ ਨਵੀਂ ਖੋਜ ਬਾਰੇ ਜ਼ਿਕਰ ਕੀਤਾ ਹੈ।

ਉਨ੍ਹਾਂ ਨੇ 74 ਵਿਦਿਆਰਥੀ ਚੁਣੇ ਜਿਨ੍ਹਾਂ ਨੂੰ ਬਹੁਤੀ ਕਸਰਤ ਤੋਂ ਬਾਅਦ ਜਾਂ ਸੱਟ ਵੱਜਣ ਤੋਂ ਬਾਅਦ ਦਰਦ ਹੋ ਰਹੀ ਸੀ। ਇਨ੍ਹਾਂ ਸਾਰਿਆਂ ਨੂੰ ਤਿੰਨ ਹਿੱਸਿਆਂ ਵਿਚ ਵੰਡ ਲਿਆ ਗਿਆ। ਇਕ ਤਿਹਾਈ ਨੂੰ ਦੱਸੇ ਬਗ਼ੈਰ ਕੱਚਾ ਅਦਰਕ ਫੇਹ ਕੇ ਖਾਣ ਲਈ ਦਿੱਤਾ ਗਿਆ ਤੇ ਇਕ ਤਿਹਾਈ ਨੂੰ ਦਵਾਈ ਕਹਿ ਕੇ ਗਰਮ ਕੀਤਾ ਅਦਰਕ ਦਿੱਤਾ ਗਿਆ ਤੇ ਤੀਜੇ ਹਿੱਸੇ ਨੂੰ ਅਦਰਕ ਦੇ ਸਵਾਦ ਵਾਲੀ ਟਾਫੀ ਦੇ ਦਿੱਤੀ ਗਈ, ਜਿਸ ਵਿਚ ਅਦਰਕ ਦਾ ਰਸ ਉੱਕਾ ਹੀ ਨਹੀਂ ਸੀ।

ਜਾਰਜੀਆ ਦੀ ਯੂਨੀਵਰਸਿਟੀ ਵਿਚ ਕੀਤੀ ਇਸ ਖੋਜ ਨੇ ਕਮਾਲ ਦੇ ਸਿੱਟੇ ਸਾਡੇ ਸਾਹਮਣੇ ਲਿਆ ਧਰੇ ਹਨ ਕਿ ਅਦਰਕ ਪੱਠਿਆਂ ਦੀ ਦਰਦ ਨੂੰ ਅਤੇ ਪੱਠਿਆਂ ਦੀ ਸੋਜ਼ਿਸ਼ ਨੂੰ ਬਿਨਾਂ ਕਿਸੇ ਮਾੜੇ ਅਸਰ ਦੇ, ਪੂਰੀ ਤਰ੍ਹਾਂ ਦੂਰ ਕਰ ਦਿੰਦਾ ਹੈ। ਜਿਹੜੇ ਤੀਜੇ ਹਿੱਸੇ ਨੂੰ ਅਦਰਕ ਨਹੀਂ ਸੀ ਦਿੱਤਾ ਗਿਆ, ਉਨ੍ਹਾਂ ਵਿਦਿਆਰਥੀਆਂ ਦੀ ਪੀੜ ਬਰਕਰਾਰ ਰਹੀ ਜਦਕਿ ਬਾਕੀ ਦੋਵਾਂ ਗਰੁੱਪਾਂ ਦੇ ਵਿਦਿਆਰਥੀਆਂ ਦੀ ਪੀੜ ਪੂਰੀ ਤਰ੍ਹਾਂ ਠੀਕ ਹੋ ਗਈ। ਇਹ ਤਾਂ ਸਪਸ਼ਟ ਹੋ ਗਿਆ ਕਿ ਭਾਵੇਂ ਕੱਚਾ ਲਿਆ ਜਾਵੇ ਤੇ ਭਾਵੇਂ ਭੁੰਨ ਕੇ, ਅਦਰਕ ਕੁਦਰਤੀ ਦਰਦ ਨਿਵਾਰਕ ਤਾਂ ਕਮਾਲ ਦਾ ਹੈ !

ਅਦਰਕ ਵਿਚ 9 ਤੱਤ ਲੱਭੇ ਗਏ ਹਨ ਜਿਹੜੇ ਇਨਸਾਨੀ ਸਰੀਰ ਅੰਦਰਲੇ ਸਿਰੋਟੋਨਿਨ ਨੂੰ ਬੰਨ੍ਹ ਕੇ ਰੱਖ ਦਿੰਦੇ ਹਨ ਤਾਂ ਜੋ ਅੰਤੜੀਆਂ ਦੀ ਨਾਰਮਲ ਤੋਰ ਬਰਕਰਾਰ ਰਹੇ ਅਤੇ ਢਹਿੰਦੀ ਕਲਾ ਵੀ ਠੀਕ ਹੋ ਜਾਏ।

ਅਦਰਕ ਦੀ ਜੜ੍ਹ ਵਿੱਚੋਂ ਬਣਾਏ ਰਸ ਨਾਲ ਕੀਤੀ ਇਕ ਖੋਜ ਵਿਚ ਇਹ ਜ਼ਾਹਰ ਹੋਇਆ ਕਿ ਇਸ ਨਾਲ ਅੰਤੜੀਆਂ ਦੀ ਸੋਜ਼ਿਸ਼ ਕਰਨ ਵਾਲਾ ਮਾਰਕਰ ਪਰੋਸਟਾਗਲੈਂਡਿਨ ਈ2 (PGE2) ਘਟ ਜਾਂਦਾ ਹੈ। ਧਿਆਨ ਰਹੇ ਕਿ ਇਸ ਮਾਰਕਰ ਦਾ ਅੰਤੜੀਆਂ ਦੇ ਕੈਂਸਰ ਵਿਚ ਰੋਲ ਲੱਭਿਆ ਗਿਆ ਹੈ।  ਇਸ ਤਰੀਕੇ ਅਦਰਕ ਅੰਤੜੀਆਂ ਲਈ ਕਾਫ਼ੀ ਲਾਹੇਵੰਦ ਸਾਬਤ ਹੋ ਗਿਆ।

ਕੁੱਝ ਖੋਜਾਂ ਸਮੁੰਦਰੀਂ ਰਸਤੇ ਜਾਣ ਵਾਲਿਆਂ ਨੂੰ ਆ ਰਹੀ ਉਲਟੀ ਜਾਂ ਦਿਲ ਕੱਚੇ ਹੋਣ ਦੀ ਸ਼ਿਕਾਇਤ ਕਰਨ ਵਾਲਿਆਂ ਉੱਤੇ ਕੀਤੀਆਂ ਗਈਆਂ। ਇਹ ਵੇਖਣ ਵਿਚ ਆਇਆ ਕਿ ਆਮ ਟਾਫੀ ਖਾਣ ਵਾਲਿਆਂ ਨਾਲੋਂ ਉਨ੍ਹਾਂ ਵਿਚ ਜਿਨ੍ਹਾਂ ਨੂੰ ਅਦਰਕ ਦਾ ਰਸ ਪੀਣ ਲਈ ਦਿੱਤਾ ਗਿਆ, ਉਲਟੀ ਛੇਤੀ ਤੇ ਜ਼ਿਆਦਾ ਦੇਰ ਲਈ ਰੁਕ ਗਈ ਤੇ ਦਿਲ ਕੱਚਾ ਹੋਣਾ ਵੀ ਬੰਦ ਹੋ ਗਿਆ। ਇੰਜ ਹੀ ਜੱਚਾ ਨੂੰ ਸਵੇਰ ਵੇਲੇ ਆ ਰਹੀਆਂ ਉਲਟੀਆਂ ਰੋਕਣ ਵਿਚ ਵੀ ਅਦਰਕ ਅਸਰਦਾਰ ਸਾਬਤ ਹੋਇਆ ਤੇ ਕੈਂਸਰ ਵਾਸਤੇ ਚੱਲ ਰਹੀ ਕੀਮੋਥੈਰਪੀ ਵਿਚਲੀਆਂ ਉਲਟੀਆਂ ਰੋਕਣ ਲਈ ਵੀ ਕੁੱਝ ਹੱਦ ਤਕ ਅਸਰ ਵਿਖਾ ਗਿਆ।

ਹੋਰ ਤਾਂ ਹੋਰ, ਓਪਰੇਸ਼ਨ ਤੋਂ ਬਾਅਦ ਆ ਰਹੀਆਂ ਉਲਟੀਆਂ ਵਿਚ ਵੀ ਮਰੀਜ਼ ਨੂੰ ਅਦਰਕ ਦੇ ਕੇ ਇਸ ਦਾ ਅਸਰ ਵੇਖਣ ਲਈ ਖੋਜ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉਸ ਵਿਚ ਵੀ ਥੋੜ੍ਹੇ ਜਿਹੇ ਮਰੀਜ਼ਾਂ ਵਿਚ ਮਲੱਠੀ ਮੂੰਹ ਵਿਚ ਰੱਖ ਕੇ ਚੂਸ ਲੈਣ ਨਾਲ ਫ਼ਰਕ ਦਿੱਸਿਆ।

ਕੁੱਝ ਖੋਜਾਂ ਜੋ ਹਾਲੇ ਚੱਲ ਰਹੀਆਂ ਹਨ, ਪਰ ਪੂਰੀ ਤਰ੍ਹਾਂ ਸਾਬਤ ਨਹੀਂ ਹੋ ਸਕੀਆਂ, ਉਹ ਹਨ :-

  1. ਅਦਰਕ ਜੋੜਾਂ ਦੀ ਦਰਦ ਉੱਤੇ ਥੋੜ੍ਹਾ ਬਹੁਤ ਫ਼ਰਕ ਪਾਉਂਦਾ ਹੈ।
  2. ਕੋਲੈਸਟਰੋਲ ਘਟਾਉਂਦਾ ਹੈ।
  3. ਲਹੂ ਪਤਲਾ ਕਰਦਾ ਹੈ।
  4. ਜ਼ਿੰਜਰੋਨ ਈ. ਕੌਲਾਈ ਕੀਟਾਣੂ (Enterotoxigenic E. Coli) ਵਿੱਚੋਂ ਨਿਕਲੇ ਮਾੜੇ ਰਸਾਂ (Enterotoxin) ਨੂੰ ਅਸਰ ਕਰਨ ਤੋਂ ਰੋਕਦਾ ਹੈ ਤੇ ਟੱਟੀਆਂ ਲੱਗਣ ਤੋਂ ਵੀ !

ਇਕ ਹੋਰ ਖੋਜ ਜੋ ਕਈ ਦੇਸਾਂ ਵਿਚ ਚੱਲ ਰਹੀ ਹੈ, ਉਹ ਹੈ ਸ਼ੱਕਰ ਰੋਗੀਆਂ ਵਿਚ ਵਧੀ ਹੋਈ ਸ਼ੱਕਰ ਦੀ ਮਾਤਰਾ ਨਾਲ ਅੱਖਾਂ ਵਿਚ ਹੋ ਰਿਹਾ ਚਿੱਟਾ ਮੋਤੀਆ। ਸ਼ੁਰੂਆਤੀ ਦੌਰ ਵਿਚ ਜੇ ਬੀਮਾਰੀ ਦਾ ਧਿਆਨ ਕਰ ਲਿਆ ਜਾਏ ਤਾਂ ਅਦਰਕ ਆਪਣੇ ਐਂਟੀਗਲਾਈਕੇਟਿੰਗ ਅਸਰ ਰਾਹੀਂ ਚਿੱਟੇ ਮੋਤੀਏ ਨੂੰ ਕੁੱਝ ਹੋਰ ਦੇਰ ਤੱਕ ਹੋਣ ਤੋਂ ਰੋਕਦਾ ਰਹਿੰਦਾ ਹੈ।

ਅਦਰਕ ਵਿਚਲੇ ਤੇਲ ਜੋ ਇਸ ਦੀ ਖ਼ੁਸ਼ਬੋ ਦਾ ਕਾਰਨ ਹਨ, ਉਹ ਹਨ – ਜ਼ਿੰਜਰੋਨ, ਸ਼ੋਗੋਲਜ਼, ਜਿੰਜੀਰੋਲ, ਵੋਲਾਟਾਈਲ ਤੇਲ। ਇਹ ਤਾਜ਼ੇ ਅਦਰਕ ਵਿਚਲੇ ਤਿੰਨ ਪ੍ਰਤੀਸ਼ਤ ਭਾਰ ਦਾ ਹਿੱਸਾ ਬਣਦੇ ਹਨ।

ਚੂਹਿਆਂ ਉੱਤੇ ਜਿੰਜੀਰੋਲ ਦਾ ਅਸਰ ਵੇਖਣ ਲਈ ਮਿਸ਼ੀਗਨ ਦੀ ਯੂਨੀਵਰਸਿਟੀ ਵਿਚ ਖੋਜ ਕੀਤੀ ਗਈ। ਨਤੀਜਿਆਂ ਨੇ ਦੱਸਿਆ ਕਿ ਅੰਤੜੀਆਂ ਦੀ ਚਾਲ ਰਵਾਂ ਹੋਈ, ਦਰਦ ਘੱਟ ਮਹਿਸੂਸ ਹੋਈ, ਹਲਕੀ ਨੀਂਦਰ ਆਉਣੀ ਸ਼ੁਰੂ ਹੋਈ, ਬੁਖ਼ਾਰ ਘੱਟ ਹੋ ਗਿਆ ਤੇ ਕੀਟਾਣੂਆਂ ਦੇ ਅਸਰ ਨੂੰ ਘਟਾਉਣ ਲਈ ਵੀ ਇਹ ਕਾਫ਼ੀ ਅਸਰਦਾਰ ਹੈ। ਇੱਥੋਂ ਤੱਕ ਕਿ ਚੂਹੀਆਂ ਦੇ ਅੰਡਕੋਸ਼ ਦੇ ਕੈਂਸਰ ਵਿਚਲੇ ਕੁੱਝ ਸੈੱਲ ਮਾਰ ਦੇਣ ਵਿਚ ਵੀ ਇਸ ਦਾ ਅਸਰ ਦਿੱਸਿਆ।

ਕਮਾਲ ਤਾਂ ਇਹ ਹੈ ਕਿ ਪਹਿਲੇ ਵਿਸ਼ਵ ਯੁੱਧ ਦੌਰਾਨ ਘੋੜਿਆਂ ਦੀ ਕਬਜ਼ ਠੀਕ ਕਰਨ ਲਈ ਵੀ ਅਦਰਕ ਦੀਆਂ ਗੋਲੀਆਂ ਉਨ੍ਹਾਂ ਦੇ ਮਲ ਦਵਾਰ ਰਾਹੀਂ ਪਾ ਕੇ ਇਲਾਜ ਕੀਤਾ ਗਿਆ ਸੀ।

ਇਹ ਤਾਂ ਮੰਨੀ ਪ੍ਰਮੰਨੀ ਗੱਲ ਹੈ ਤੇ ਖੋਜ ਵੀ ਸਾਬਤ ਕਰ ਚੁੱਕੀ ਹੈ ਕਿ ਅਦਰਕ ਮੂੰਹ ਵਿਚ ਥੁੱਕ ਦੀ ਮਾਤਰਾ ਵਧਾ ਦਿੰਦਾ ਹੈ ਤੇ ਖਾਣਾ ਛੇਤੀ ਹਜ਼ਮ ਹੋਣ ਵਿਚ ਮਦਦ ਕਰਦਾ ਹੈ। ਪੇਟ ਗੈਸ, ਅਫ਼ਾਰਾ, ਕਬਜ਼, ਪੇਟ ਦਰਦ ਆਦਿ ਲਈ ਤਾਂ ਸਦੀਆਂ ਤੋਂ ਇਹ ਵਰਤਿਆ ਜਾ ਰਿਹਾ ਹੈ।

ਜ਼ੁਕਾਮ ਠੀਕ ਕਰਨ ਲਈ ਅਦਰਕ ਤੋਂ ਬਣੀ ਚਾਹ ਤਾਂ ਕਮਾਲ ਦਾ ਅਸਰ ਵਿਖਾਉਂਦੀ ਹੈ। ਅੱਜ ਦੇ ਦਿਨ ਵੀ ਬਰਮਾ, ਚੀਨ, ਕੌਂਗੋ, ਭਾਰਤ, ਇੰਡੋਨੇਸ਼ੀਆ, ਨੇਪਾਲ, ਫਿਲੀਪੀਨਜ਼ ਅਮਰੀਕਾ ਤੇ ਕਨੇਡਾ ਵਿਚ ਸਫਰ ਦੌਰਾਨ ਹੋ ਰਹੇ ਦਿਲ ਕੱਚੇ, ਪੇਟ ਗੈਸ ਤੇ ਜ਼ੁਕਾਮ ਲਈ ਇਸ ਦੀ ਵਰਤੋਂ ਜ਼ੋਰਾਂ ਉੱਤੇ ਹੈ। ਇਸ ਨੂੰ ਵਰਤਣ ਦੇ ਤਰੀਕੇ ਜ਼ਰੂਰ ਹਰ ਥਾਂ ਵੱਖੋ ਵੱਖ ਹਨ। ਕੋਈ ਚੂਸ ਕੇ ਲੈਂਦਾ ਹੈ। ਕੋਈ ਇਸ ਨੂੰ ਗਰਮ ਪਾਣੀ ਵਿਚ ਉਬਾਲ ਕੇ, ਕੋਈ ਰਿੰਨ ਕੇ ਜਾਂ ਭੁੰਨ ਕੇ, ਕੋਈ ਅਦਰਕ ਕੁੱਟ ਕੇ ਅੰਬ ਦੇ ਦਰਖ਼ਤ ਦੀ ਛਾਲ ਵਿਚ ਮਿਲਾ ਕੇ (ਕੌਗੋ ਵਿਚ), ਕੋਈ ਅੰਡਿਆਂ ਵਿਚ ਪਾ ਕੇ ਜਾਂ ਕੋਲਾ ਵਿਚ ਮਿਲਾ ਕੇ (ਚੀਨ), ਕੋਈ ਅਦਰਕ ਦੇ ਰਸ ਨੂੰ ਪਾਮ ਦਰਖ਼ਤ ਦੇ ਜੂਸ ਵਿਚ ਮਿਲਾ ਕੇ (ਬਰਮਾ) ਤੇ ਕੋਈ ਪੇਸਟ ਬਣਾ ਕੇ ਮੱਥੇ ਉੱਤੇ ਲਾ ਕੇ ਸਿਰਦਰਦ ਅਤੇ ਜੋੜਾਂ ਦੀ ਦਰਦ ਠੀਕ ਕਰਨ ਲਈ ਜਾਂ ਨਿੰਬੂ ਕਾਲਾ ਲੂਣ ਨਾਲ ਰਲਾ ਕੇ ਦਿਲ ਕੱਚਾ ਹੁੰਦਾ ਠੀਕ ਕਰਨ ਲਈ (ਭਾਰਤ) ਵਰਤ ਰਿਹਾ ਹੈ !

ਅਮਰੀਕਾ ਵਿਚ ਤਾਂ ਗਰਮੀ ਨਾਲ ਹੋ ਰਹੇ ਪੱਠਿਆਂ ਵਿਚਲੇ ਅਕੜਾਓ ਠੀਕ ਕਰਨ ਲਈ ਵੀ ਅਦਰਕ ਦਾ ਪਾਣੀ ਵਰਤਿਆ ਜਾ ਰਿਹਾ ਹੈ।

ਜਿੱਥੇ ਏਨੇ ਫ਼ਾਇਦੇ ਗਿਣਾਏ ਹਨ, ਉੱਥੇ ਮੇਰਾ ਫ਼ਰਜ਼ ਹੈ ਕਿ ਇਸ ਨਾਲ ਹੋ ਰਹੇ ਮਾੜੇ ਅਸਰਾਂ ਦਾ ਵੀ ਜ਼ਿਕਰ ਕਰਾਂ ਕਿਉਂਕਿ ਹਰ ਇਨਸਾਨ ਲਈ ਜ਼ਰੂਰੀ ਨਹੀਂ ਕਿ ਅਦਰਕ ਓਨਾ ਹੀ ਅਸਰਦਾਰ ਸਾਬਤ ਹੋਵੇ। ਜਿਵੇਂ ਹਰ ਸ਼ਕਲ ਦੂਜੇ ਇਨਸਾਨ ਤੋਂ ਵੱਖਰੀ ਹੈ, ਸਰੀਰ ਦੀ ਬਣਤਰ ਤੇ ਹਰ ਕਿਸੇ ਦੀ ਸਹਿਣ ਸ਼ਕਤੀ ਵੀ ਵੱਖਰੀ ਹੈ, ਉਂਝ ਹੀ ਜੇ ਕਿਸੇ ਦਾ ਅਫ਼ਾਰਾ ਅਦਰਕ ਠੀਕ ਕਰਦੀ ਹੈ ਤਾਂ ਕਿਸੇ ਹੋਰ ਨੂੰ ਅਦਰਕ ਲੈਣ ਨਾਲ ਅਫ਼ਾਰਾ ਵੱਧ ਵੀ ਸਕਦਾ ਹੈ। ਛਾਤੀ ਵਿਚ ਦਰਦ, ਦਿਲ ਕੱਚਾ ਹੋਣਾ ਤੇ ਸਰੀਰ ਉੱਤੇ ਦਾਣੇ ਨਿਕਲੇ ਵੀ ਦਿੱਸ ਸਕਦੇ ਹਨ, ਪਰ ਇਹ ਆਮ ਤੌਰ ਉੱਤੇ ਅਦਰਕ ਦੇ ਪਾਊਡਰ ਨੂੰ ਖਾਣ ਨਾਲ ਹੁੰਦਾ ਹੈ।

ਜੇ ਅੰਤੜੀਆਂ ਜਾਂ ਢਿੱਡ ਵਿਚ ਅਲਸਰ ਹੋਵੇ ਤਾਂ ਵਾਧੂ ਅਦਰਕ ਖਾਣ ਨਾਲ ਅੰਤੜੀਆਂ ਵਿਚ ਰੋਕਾ ਵੀ ਪੈ ਸਕਦਾ ਹੈ।

ਅਦਰਕ ਵਾਰਫੈਰਿਨ ਦਵਾਈ ਖਾਣ ਵਾਲਿਆਂ ਨੂੰ ਵੀ ਨੁਕਸਾਨ ਕਰ ਸਕਦਾ ਹੈ ਕਿਉਂਕਿ ਇਹ ਉਸ ਦਾ ਅਸਰ ਕਾਟ ਕਰਦਾ ਹੈ। ਕੁੱਝ ਕੁ ਬੰਦਿਆਂ ਦਾ ਅਦਰਕ ਖਾਂਦੇ ਸਾਰ ਬਲੱਡ ਪ੍ਰੈਸ਼ਰ ਵੀ ਵਧਿਆ ਲੱਭਿਆ ਗਿਆ ਪਰ ਇਹ ਸਾਬਤ ਨਹੀਂ ਹੋ ਸਕਿਆ ਕਿ ਇਹ ਸਿਰਫ ਅਦਰਕ ਖਾਣ ਕਾਰਨ ਹੀ ਹੋਇਆ ਜਾਂ ਨਾਲ ਖਾਧੀ ਕਿਸੇ ਹੋਰ ਚੀਜ਼ ਨਾਲ, ਯਾਨੀ ਕਿ ਲੂਣ, ਆਦਿ ਨਾਲ !

ਜਿਨ੍ਹਾਂ ਨੂੰ ਪਿੱਤੇ ਵਿਚ ਪਥਰੀ ਹੈ, ਉਨ੍ਹਾਂ ਲਈ ਵੀ ਜ਼ਿਆਦਾ ਅਦਰਕ ਖਾਣਾ ਠੀਕ ਨਹੀਂ ਕਿਉਂਕਿ ਇਹ ਬਾਈਲ ਰਸ ਵਧਾ ਦਿੰਦਾ ਹੈ, ਜੋ ਪਥਰੀ ਵਾਲਿਆਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

ਮੈਂ ਤਾਂ ਹੁਣ ਅਦਰਕ ਦੇ ਢੇਰ ਸਾਰੇ ਫ਼ਾਇਦੇ ਤੇ ਕੁੱਝ ਕੁ ਮਾੜੇ ਅਸਰ ਵੀ ਗਿਣਾ ਦਿੱਤੇ ! ਤੁਸੀਂ ਹੁਣ ਆਪ ਫ਼ੈਸਲਾ ਕਰਨਾ ਹੈ ਕਿ ਇਸ ਕੁਦਰਤੀ ਸੌਗਾਤ ਤੋਂ ਫ਼ਾਇਦਾ ਲੈਣਾ ਹੈ ਜਾਂ ਨਹੀਂ ! ਜਿਨ੍ਹਾਂ ਨੇ ਇਸ ਦਰਦ ਨਿਵਾਰਕ, ਖੰਘ ਠੀਕ ਕਰਨ ਵਾਲੀ, ਵਧੀਆ ਕਿਸਮ ਦੀ ਹਾਜ਼ਮੇ ਦੀ ਕੁਦਰਤੀ ਦਵਾਈ ਦਾ ਸੁਆਦ ਨਹੀਂ ਮਾਣਿਆ, ਮੇਰੀ ਜਾਚੇ, ਉਹ ਕੁੱਝ ਤਾਂ ਜ਼ਰੂਰ ਗੁਆਈ ਬੈਠੇ ਹਨ ! ਜੇ ਥਕਾਨ ਮਹਿਸੂਸ ਕਰ ਰਹੇ ਹੋ ਤਾਂ ਕੀ ਹਰਜ਼ ਹੈ ਜੇ ਇਕ ਵਾਰ ਅਦਰਕ ਦੀ ਚਾਹ ਅਜ਼ਮਾ ਹੀ ਲਈ ਜਾਏ ?