ਅਜੋਕੇ ਸਮਾਜ ਵਿੱਚ ਆਦਰਸ਼ ਅਧਿਆਪਕ ਦੀ ਭੂਮਿਕਾ
ਰਣਜੀਤ ਸਿੰਘ ਹੈਡਮਾਸਟਰ (ਸੇਵਾ ਮੁਕਤ) ਲੁਧਿਆਣਾ- 99155-15436
ਕਿਸੇ ਕੌਮ ਦੀ ਮਹਾਨਤਾ ਇਸ ਗੱਲ ’ਤੇ ਨਿਰਭਰ ਨਹੀਂ ਕਰਦੀ ਕਿ ਉਸ ਕੋਲ ਕਿੰਨੇ ਉੱਚੇ-ਉੱਚੇ ਪਹਾੜ, ਖੇਤੀ ਲਈ ਆਧੁਨਿਕ ਸਾਧਨ, ਬਹੁਮੁਲੀਆਂ ਖਾਨਾਂ, ਵੱਡੇ-ਵੱਡੇ ਕਾਰਖ਼ਾਨੇ ਜਾਂ ਸ਼ਕਤੀਸ਼ਾਲੀ ਫ਼ੌਜਾਂ ਹਨ, ਸਗੋਂ ਕੌਮ ਦੀ ਉੱਚਤਾ ਇਸ ਗੱਲ ’ਤੇ ਨਿਰਭਰ ਕਰਦੀ ਹੈ ਕਿ ਉਸ ਕੋਲ ਕਿੰਨੇ ਉੱਚੇ ਤੇ ਸੁੱਚੇ ਆਦਰਸ਼ਾਂ ਵਾਲੇ ਅਧਿਆਪਕ ਹਨ। ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਬਹੁਤੇ ਲੋਕਾਂ ਦਾ ਮਕਸਦ ਵਿੱਦਿਆ ਪ੍ਰਾਪਤ ਕਰਕੇ ਵੱਧ ਤੋਂ ਵੱਧ ਧਨ ਕਮਾਉਣਾ ਹੀ ਹੁੰਦਾ ਹੈ। ਭਾਰਤ ਵਰਗੇ ਦੇਸ਼ ਵਿੱਚ, ਜਿੱਥੇ ਬਹੁਤੇ ਲੋਕ ਅਨਪੜ੍ਹ ਹਨ, ਉੱਥੇ ਅਧਿਆਪਕ ਵਰਗ ਦੀ ਜ਼ਿੰਮੇਵਾਰੀ ਹੋਰ ਵੀ ਵਧ ਜਾਂਦੀ ਹੈ।
ਬੱਚੇ ਦੇ ਮਨੋਵਿਕਾਸ ਵਿੱਚ, ਜਿੱਥੇ ਉਸ ਦਾ ਪਰਿਵਾਰਕ ਜੀਵਨ (ਮਾਤਾ ਪਿਤਾ, ਭੈਣ ਭਰਾ ਤੇ ਆਲਾ ਦੁਆਲਾ) ਯੋਗਦਾਨ ਪਾਉਂਦਾ ਹੈ, ਉੱਥੇ ਅਧਿਆਪਕ ਦੀ ਭੂਮਿਕਾ ਨੂੰ ਕਿਸੇ ਵੀ ਤਰ੍ਹਾਂ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਨਵ-ਜੰਮਿਆ ਬੱਚਾ ਆਪਣੇ ਨਾਲ ਉੱਚੇ ਗੁਣ ਜਾਂ ਕਦਰਾਂ ਕੀਮਤਾਂ ਨੂੰ ਨਾਲ ਲੈ ਕੇ ਨਹੀਂ ਆਉਂਦਾ ਬਲਕਿ ਇਹਨਾਂ ਦੀ ਉਤਪਤੀ ਤੇ ਵਿਕਾਸ ਬਹੁਤ ਹੱਦ ਤੱਕ ਉਸ ਨੂੰ ਦਿੱਤੀ ਜਾਣ ਵਾਲੀ ਸਿੱਖਿਆ ’ਤੇ ਨਿਰਭਰ ਕਰਦਾ ਹੈ। ਇੱਕ ਆਦਰਸ਼ ਅਧਿਆਪਕ ਹੀ ਬੱਚੇ ਦੇ ਸਰੀਰਕ, ਬੌਧਿਕ ਤੇ ਮਾਨਸਿਕ ਵਿਕਾਸ ਨੂੰ ਪ੍ਰਫੁਲਿਤ ਕਰਨ ਲਈ ਉਸ ਨੂੰ ਯੋਗ ਅਗਵਾਈ ਦੇ ਸਕਦਾ ਹੈ।
ਸੰਸਾਰਕ ਵਿੱਦਿਆ ਪ੍ਰਾਪਤੀ ਦਾ ਖੇਤਰ ਹੋਵੇ ਜਾਂ ਅਧਿਆਤਮਕ ਵਿਕਾਸ ਦਾ ਖੇਤਰ; ਦੋਹਾਂ ਵਿੱਚ ਅਧਿਆਪਕ ਦੀ ਅਹਿਮੀਅਤ ਵਿਸ਼ੇਸ਼ ਹੁੰਦੀ ਹੈ। ਕਿਸੇ ਵੀ ਸਿਖਿਆਰਥੀ ਲਈ ਆਪਣੇ ਜੀਵਨ ਦੀ ਉੱਨਤੀ ਤੇ ਵਿਕਾਸ ਦੀ ਬੁਲੰਦੀ ਤੱਕ ਪਹੁੰਚਣ ਵਾਸਤੇ ਉਸ ਨੂੰ ਸੁੱਘੜ, ਸੁਚੱਜੇ ਤੇ ਸੁਯੋਗ ਰਹਿਨੁਮਾ ਦੀ ਲੋੜ ਹੁੰਦੀ ਹੈ। ਇਹੋ ਰਹਿਨੁਮਾ ਹੀ ਆਦਰਸ਼ ਅਧਿਆਪਕ ਹੋ ਨਿੱਬੜਦਾ ਹੈ। ‘ਓਅੰਕਾਰ’ ਬਾਣੀ ਵਿੱਚ ਗੁਰੂ ਨਾਨਕ ਦੇਵ ਜੀ ਇੱਕ ਆਦਰਸ਼ ਅਧਿਆਪਕ ਦੇ ਗੁਣ ਦੱਸਦੇ ਹੋਏ ਫ਼ੁਰਮਾਉਂਦੇ ਹਨ ਕਿ ਅਧਿਆਪਕ ਦਾ ਕੰਮ ਕੇਵਲ ਗਿਆਨ ਦੇਣ ਤੱਕ ਹੀ ਸੀਮਤ ਨਹੀਂ ਹੁੰਦਾ ਸਗੋਂ ਉਹ ਆਪ ਵਿੱਦਿਆ ਨੂੰ ਵਿਚਾਰੇ, ਅੰਤਰ ਆਤਮੇ ਆਪੇ ਦੀ ਖੋਜ ਕਰੇ ਅਤੇ ਵਿਦਿਆਰਥੀਆਂ ਵਿੱਚ ਵੀ ਅਜਿਹੇ ਗੁਣ ਭਰੇ। ਇਸ ਤਰ੍ਹਾਂ ਅੱਖਰੀਂ ਗਿਆਨ ਪ੍ਰਾਪਤ ਕਰਕੇ ਅੱਖਰਾਂ ਦੇ ਮਾਲਕ ਪ੍ਰਭੂ ਨਾਲ ਇਕਮਿਕ ਹੋ ਜਾਵੇ। ਆਪ ਜੀ ਦਾ ਫ਼ੁਰਮਾਨ ਹਨ, ‘‘ਪਾਧਾ ਪੜਿਆ ਆਖੀਐ; ਬਿਦਿਆ ਬਿਚਰੈ, ਸਹਜਿ ਸੁਭਾਇ ॥ ਬਿਦਿਆ ਸੋਧੈ, ਤਤੁ ਲਹੈ; ਰਾਮ ਨਾਮ ਲਿਵ ਲਾਇ ॥’’ (ਰਾਮਕਲੀ ਓਅੰਕਾਰ/ਮ: ੧/੯੩੮)
ਅਕਾਲ ਪੁਰਖ ਦੀਆਂ ਨਜ਼ਰਾਂ ਵਿੱਚ ਉਹੀ ਅਧਿਆਪਕ ਪਰਵਾਨ ਹੈ, ਜੋ ਦੁਨਿਆਵੀ ਵਿੱਦਿਆ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਪ੍ਰਭੂ ਨਾਲ ਵੀ ਜੋੜਦਾ ਹੈ ਤੇ ਉਹਨਾਂ ਵਿੱਚ ਉੱਚੇ ਤੇ ਸੁੱਚੇ ਗੁਣ ਪੈਦਾ ਕਰਦਾ ਹੈ। ਗੁਰੂ ਨਾਨਕ ਸਾਹਿਬ ਫ਼ੁਰਮਾਉਂਦੇ ਹਨ, ‘‘ਪਾਧਾ ਗੁਰਮੁਖਿ ਆਖੀਐ; ਚਾਟੜਿਆ ਮਤਿ ਦੇਇ ॥ ਨਾਮੁ ਸਮਾਲਹੁ ਨਾਮੁ ਸੰਗਰਹੁ; ਲਾਹਾ ਜਗ ਮਹਿ ਲੇਇ ॥’’ (ਰਾਮਕਲੀ ਓਅੰਕਾਰ/ਮ: ੧/੯੩੮), ਜਿਹੜਾ ਅਧਿਆਪਕ ਪ੍ਰਭੂ ਨਾਲੋਂ ਟੁੱਟਿਆ ਹੋਇਆ ਹੈ ਤੇ ਕੇਵਲ ਵਿੱਦਿਆ ਨੂੰ ਰੋਜ਼ੀ ਰੋਟੀ ਦੇ ਸਾਧਨ ਤੱਕ ਹੀ ਸੀਮਤ ਰੱਖਦਾ ਹੈ। ਉਸ ਪ੍ਰਤੀ ਗੁਰੂ ਨਾਨਕ ਦੇਵ ਜੀ ਦਾ ਫ਼ੁਰਮਾਨ ਹੈ, ‘‘ਮਨਮੁਖੁ ਬਿਦਿਆ ਬਿਕ੍ਰਦਾ; ਬਿਖੁ ਖਟੇ ਬਿਖੁ ਖਾਇ ॥ ਮੂਰਖੁ ਸਬਦੁ ਨ ਚੀਨਈ; ਸੂਝ ਬੂਝ ਨਹ ਕਾਇ ॥’’ (ਰਾਮਕਲੀ ਓਅੰਕਾਰ/ਮ: ੧/੯੩੮), ਇਸ ਬਾਬਤ ਭਗਤ ਕਬੀਰ ਜੀ ਦਾ ਵੀ ਫ਼ੁਰਮਾਨ ਹੈ, ‘‘ਮਾਇਆ ਕਾਰਨ ਬਿਦਿਆ ਬੇਚਹੁ; ਜਨਮੁ ਅਬਿਰਥਾ ਜਾਈ ॥’’ (ਮਾਰੂ/ਭਗਤ ਕਬੀਰ/੧੧੦੩)
ਇੱਕ ਆਦਰਸ਼ ਅਧਿਆਪਕ ਆਪਣੇ ਗਿਆਨ ਅਤੇ ਤਜਰਬੇ ਦੁਆਰਾ ਅਜੋਕੇ ਸਮਾਜ ਵਿਚਲੀਆਂ ਕੁਰੀਤੀਆਂ ਤੇ ਅੰਧ ਵਿਸ਼ਵਾਸਾਂ ਨੂੰ ਬੱਚਿਆਂ ਦੇ ਮਨਾਂ ਵਿੱਚੋਂ ਦੂਰ ਕਰ ਸਕਦਾ ਹੈ। ਵਿਗਿਆਨ ਦੀ ਅਥਾਹ ਉੱਨਤੀ ਹੋਣ ਦੇ ਬਾਵਜੂਦ ਸਾਡੇ ਅੱਜ ਦੇ ਸਮਾਜ ਵਿੱਚ ਬਹੁਤੇ ਸਾਰੇ ਲੋਕ; ਅੰਧ ਵਿਸ਼ਵਾਸਾਂ ਦੀ ਦਲਦਲ ਵਿੱਚ ਖੁਭੇ ਪਏ ਹਨ। ਪੁਰਾਣੀਆਂ ਰਵਾਇਤਾਂ ਅਤੇ ਰੂੜ੍ਹੀਵਾਦ ਵਿਚਾਰ ਇਸ ਹੱਦ ਤੱਕ ਲੋਕਾਂ ਦੇ ਦਿਲਾਂ ’ਤੇ ਦਿਮਾਗ਼ਾਂ ਵਿੱਚ ਵਸ ਚੁੱਕੇ ਹਨ ਕਿ ਉਹਨਾਂ ਨੂੰ ਇੱਕ ਦਮ ਕੱਢਣਾ ਉਹਨਾਂ ਦੀ ਮਾਨਸਿਕਤਾ ’ਤੇ ਸਿੱਧਾ ਅਸਰ ਪਾਉਣਾ ਹੈ। ਅਧਿਆਪਕ ਨੇ ਨਰੋਏ ਤੇ ਸਿਹਤਮੰਦ ਸਮਾਜ ਦੀ ਸਿਰਜਣਾ ਕਰਨੀ ਹੁੰਦੀ ਹੈ ਅਤੇ ਸਮਾਜ ਦੀ ਨਵੀਂ ਪਨੀਰੀ ਉਸ ਦੇ ਹੱਥਾਂ ਵਿੱਚ ਹੁੰਦੀ ਹੈ। ਇਸ ਲਈ ਉਹ ਨਿਪੁੰਨਤਾ ਦੇ ਨਾਲ ਯੋਗ ਅਗਵਾਈ ਦੇ ਕੇ ਉਹਨਾਂ ਨੂੰ ਅਜਿਹੇ ਅੰਧ ਵਿਸ਼ਵਾਸਾਂ ਦੇ ਘੇਰੇ ਵਿੱਚੋਂ ਬਾਹਰ ਕੱਢ ਸਕਦਾ ਹੈ। ਅੱਜ ਦਾ ਪਦਾਰਥਵਾਦੀ ਸਮਾਜ, ਜਿਸ ਪਾਸੇ ਜਾ ਰਿਹਾ ਹੈ, ਉਸ ਦਾ ਪ੍ਰਭਾਵ ਬੱਚੇ ਗ੍ਰਹਿਣ ਕੀਤੇ ਬਿਨਾਂ ਨਹੀਂ ਰਹਿ ਸਕਦੇ। ਇੱਕ ਆਦਰਸ਼ ਅਧਿਆਪਕ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਆਪਣੀ ਸ਼ਖ਼ਸੀਅਤ ਦੇ ਪ੍ਰਭਾਵ ਦੁਆਰਾ ਬੱਚਿਆਂ ਨੂੰ ਅਜੋਕੇ ਸਮਾਜ ਦੇ ਅਜਿਹੇ ਪ੍ਰਭਾਵ ਤੋਂ ਮੁਕਤ ਕਰੇ।
ਮੈਂ ਆਪਣੀ ਕਲਾਸ ਵਿੱਚ ਇੱਕ ਵਾਰ ਹਰ ਇੱਕ ਬੱਚੇ ਨੂੰ ਸਲਿੱਪ ’ਤੇ ਇਹ ਲਿਖਣ ਲਈ ਕਿਹਾ ਕਿ ਦੱਸੋ ਵੱਡੇ ਹੋ ਕੇ ਤੁਸੀਂ ਕੀ ਬਣਨਾ ਚਾਹੋਗੇ ? ਇੱਕ ਬੱਚੇ ਦੀ ਸਲਿੱਪ ਪੜ੍ਹ ਕੇ ਬੜੀ ਹੈਰਾਨੀ ਹੋਈ, ਜਿਸ ਨੇ ਸਲਿੱਪ ’ਤੇ ‘ਸਮਗਲਰ’ ਲਿਖਿਆ ਹੋਇਆ ਸੀ। ਪਤਾ ਲੱਗਾ ਕਿ ਉਹ ਗੁਆਂਢ ਵਿੱਚ ਰਹਿ ਰਹੇ ਸਮਗਲਰ ਦੇ ਆਲੀਸ਼ਾਨ ਰਹਿਣ ਸਹਿਣ ਦੇ ਢੰਗ ਤੋਂ ਪ੍ਰਭਾਵਤ ਸੀ। ਅਜਿਹੀ ਅਵਸਥਾ ਵਿੱਚੋਂ ਬੱਚੇ ਨੂੰ ਕੱਢਣਾ ਇੱਕ ਆਦਰਸ਼ ਅਧਿਆਪਕ ਦਾ ਮੁੱਢਲਾ ਫ਼ਰਜ਼ ਬਣ ਜਾਂਦਾ ਹੈ। ਉਹ ਆਪਣੇ ਗਿਆਨ ਦੇ ਬਲਬੂਤੇ ਅਜਿਹੀਆਂ ਸਮਾਜਕ ਕੁਰੀਤੀਆਂ ਪ੍ਰਤੀ ਚੇਤੰਨਤਾ ਪੈਦਾ ਕਰ ਸਕਦਾ ਹੈ। ਇੱਕ ਆਦਰਸ਼ ਅਧਿਆਪਕ, ਇਸ ਪ੍ਰਤੀ ਵੀ ਸੁਚੇਤ ਹੁੰਦਾ ਹੈ ਕਿ ਬੱਚਾ ਬੁਰੀ ਸੰਗਤ ਵਿੱਚ ਨਾ ਪਵੇ। ਚੰਗੀ ਸੰਗਤ ਦੀ ਉਸਾਰੀ ਵਿੱਚ ਅਧਿਆਪਕ ਦੀ ਭੂਮਿਕਾ ਬਹੁਤ ਹੀ ਮਹੱਤਵਪੂਰਨ ਹੈ। ਅਧਿਆਪਕ ਹੀ ਕੌਮ ਅਤੇ ਸਮਾਜ ਦਾ ਨਿਰਮਾਤਾ ਹੈ। ਇਬਰਾਹਿਮ ਲਿੰਕਨ, ਜੋ ਅਮਰੀਕਾ ਦੇ ਰਾਸ਼ਟਰਪਤੀ ਹੋਏ ਹਨ, ਨੇ ਆਪਣੇ ਬੱਚੇ ਦੇ ਅਧਿਆਪਕ ਨੂੰ ਇੱਕ ਪੱਤਰ ਲਿਖਿਆ ਸੀ ਕਿ ‘ਮੈਂ ਆਪਣੇ ਬੱਚੇ ਦਾ ਭਵਿੱਖ ਤੁਹਾਡੇ ਹੱਥਾਂ ਵਿੱਚ ਸੌਂਪ ਕੇ ਸੁਰਖਰੂ ਹੋ ਗਿਆ ਹਾਂ।’
ਬਹੁਤੀ ਪੜ੍ਹਾਈ ਦਾ ਅਕੇਵਾਂ, ਲੋੜੋਂ ਵੱਧ ਹੋਮ ਵਰਕ ਤੇ ਕੇਵਲ ਕਿਤਾਬੀ ਗਿਆਨ ਬੱਚਿਆਂ ਨੂੰ ਮਾਨਸਿਕ ਰੋਗੀ ਕਰ ਦਿੰਦਾ ਹੈ। ਉਨ੍ਹਾਂ ਦੀ ਸੁਤੰਤਰ ਸੋਚ ਖ਼ਤਮ ਹੋ ਜਾਂਦੀ ਹੈ। ਸੁਤੰਤਰ ਸੋਚ ਮੌਲਿਕਤਾ ਦੀ ਜਣਨੀ ਹੈ ਅਤੇ ਮੌਲਿਕਤਾ ਸਿਰਜਣਾਤਮਕਤਾ ਦਾ ਆਧਾਰ ਹੈ। ਸੁਤੰਤਰ ਸੋਚ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਦੇਸ਼ਾਂ ਨੇ ਵੱਡੇ-ਵੱਡੇ ਇਨਾਮਾਂ ਦਾ ਐਲਾਨ ਕੀਤਾ ਹੋਇਆ ਹੈ। ਇੱਕ ਆਦਰਸ਼ ਅਧਿਆਪਕ ਹੀ ਅਜੋਕੇ ਸਮਾਜ ਵਿੱਚ ਬੱਚਿਆਂ ਨੂੰ ਸੁਤੰਤਰ ਸੋਚ ਲਈ ਉਤਸ਼ਾਹਿਤ ਕਰ ਸਕਦਾ ਹੈ। ਬੱਚਾ ਕਈ ਵਾਰ ਅਜੀਬ ਕਿਸਮ ਦੇ ਸੁਆਲ ਪੁੱਛਦਾ ਹੈ। ਅਜਿਹੀ ਅਵਸਥਾ ਵਿੱਚ ਅਧਿਆਪਕ ਨੂੰ ਠਰੰਮੇ ਤੋਂ ਕੰਮ ਲੈਣਾ ਚਾਹੀਦਾ ਹੈ। ਜਦੋਂ ਜਗਿਆਸਾ ਮਰ ਜਾਵੇ ਜਾਂ ਮਾਰ ਦਿੱਤੀ ਜਾਵੇ ਤਾਂ ਨਿਰਪੱਖ ਸੋਚ ਵੀ ਬੰਦ ਹੋ ਜਾਂਦੀ ਹੈ ਤੇ ਬੱਚੇ ਦਾ ਵਿਕਾਸ ਰੁਕ ਜਾਂਦਾ ਹੈ; ਜਿਵੇਂ ਅਪਾਹਜ ਵਿਅਕਤੀ ਆਪਣੇ ਪੈਰਾਂ ਦੀ ਥਾਂ ਵਿਸਾਖੀਆਂ ਦੇ ਸਹਾਰੇ ਹੋ ਜਾਂਦਾ ਹੈ। ਇਸੇ ਤਰ੍ਹਾਂ ਆਪਣੀ ਸੋਚ ਤੋਂ ਕੰਮ ਨਾ ਲੈਣ ਵਾਲਾ ਵਿਅਕਤੀ ਹੋਰਨਾਂ ਦੀ ਸੋਚਣੀ ’ਤੇ ਨਿਰਭਰ ਹੋ ਜਾਂਦਾ ਹੈ। ਇੱਕ ਆਦਰਸ਼ ਅਧਿਆਪਕ ਸੋਚ ਦਾ ਵਾਤਾਵਰਨ ਪੈਦਾ ਕਰ ਸਕਦਾ ਹੈ। ਸੋਚਣ ਦੀ ਸਿਖਲਾਈ ਲਈ ਨਿਯਮਤ ਪਾਠਕ੍ਰਮ ਦੀ ਲੋੜ ਨਹੀਂ ਹੁੰਦੀ। ਬੱਚਿਆਂ ਨੂੰ ਕਹਾਣੀ ਸੁਣਾਉਂਦਿਆਂ ਹੀ ਉਨ੍ਹਾਂ ਦੀ ਬੌਧਿਕਤਾ ਨੂੰ ਟੁੰਬਿਆ ਜਾ ਸਕਦਾ ਹੈ।
ਕਾਂ ਤੇ ਲੂੰਬੜੀ ਵਾਲੀ ਕਹਾਣੀ ਵਿੱਚ ਪੁੱਛਿਆ ਜਾ ਸਕਦਾ ਹੈ ਕਿ ਜੇ ਕਾਂ, ਲੂੰਬੜੀ ਦੀਆਂ ਗੱਲਾਂ ਵਿੱਚ ਆ ਕੇ ਆਪਣੀ ਚੁੰਝ ਨਾ ਖੋਲ੍ਹਦਾ ਤਾਂ ਕੀ ਹੁੰਦਾ ? ਸ਼ੇਰ ਤੇ ਚੂਹੇ ਦੀ ਕਹਾਣੀ ਵਿੱਚ ਜੇ ਚੂਹਾ ਜਾਲ ਨਾ ਕੱਟਦਾ ਤਾਂ ਕੀ ਹੁੰਦਾ ? ਬੱਚਿਆਂ ਤੋਂ ਅਜਿਹੇ ਸੁਆਲ ਪੁੱਛੇ ਜਾ ਸਕਦੇ ਹਨ ਜਿਸ ਤੋਂ ਉਨ੍ਹਾਂ ਦੀ ਮਾਨਸਿਕਤਾ ਨੂੰ ਛੋਹਿਆ ਜਾ ਸਕਦਾ ਹੋਵੇ। ਬੱਚਿਆਂ ਨੂੰ ਇਹ ਪੁੱਛਿਆ ਜਾ ਸਕਦਾ ਹੈ ਕਿ ਜੇ ਤੁਹਾਨੂੰ ਸਕੂਲ ਵੱਲੋਂ 100 ਰੁਪਏ ਦਿੱਤੇ ਜਾਣ ਤਾਂ ਕੀ ਕਰੋਗੇ ?
ਬੱਚਿਆਂ ਨੂੰ ‘ਜੇ’ ਵਾਲੇ ਸਵਾਲ ਕਰਕੇ ਉਨ੍ਹਾਂ ਦੇ ਵਿਕਾਸ ਵਿੱਚ ਵਾਧਾ ਕੀਤਾ ਜਾ ਸਕਦਾ ਹੈ; ਜਿਵੇਂ ਕਿ ਸਾਰੀਆਂ ਕਾਰਾਂ ਦਾ ਰੰਗ ਨੀਲਾ ਹੋ ਜਾਵੇ ਤਾਂ ਕੀ ਹੋਵੇਗਾ ? ਜੇ ਸਾਰੇ ਲੋਕ ਹੋਟਲ ਵਿੱਚ ਹੀ ਖਾਣਾ ਖਾਇਆ ਕਰਨ ਤਾਂ ਕੀ ਹੋਵੇਗਾ ? ਜੇ ਸਕੂਲ ਇੱਕ ਸਾਲ ਲਈ ਬੰਦ ਕਰ ਦਿੱਤੇ ਜਾਣ ਤਾਂ ਤੁਸੀਂ ਕੀ ਮਹਿਸੂਸ ਕਰੋਗੇ ? ਅਜਿਹੇ ਸੁਆਲਾਂ ਦੇ ਜਵਾਬ ਤੋਂ ਬੱਚਿਆਂ ਦੀ ਮਾਨਸਿਕਤਾ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ।
ਅੰਤ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਜੇ ਅਜੋਕੇ ਸਮਾਜ ਵਿੱਚ ਕ੍ਰਾਂਤੀ ਆ ਸਕਦੀ ਹੈ ਤਾਂ ਉਹ ਕੇਵਲ ਆਦਰਸ਼ ਅਧਿਆਪਕ ਹੀ ਲਿਆ ਸਕਦੇ ਹਨ। ਜੇ ਪ੍ਰਮਾਤਮਾ ਨੂੰ ਵੀ ਪਾਉਣਾ ਹੈ ਤਾਂ ਵੀ ਇੱਕ ਯੋਗ ਅਧਿਆਪਕ, ਗਾਈਡ ਜਾਂ ਗੁਰੂ ਦੀ ਲੋੜ ਅਤਿ ਜ਼ਰੂਰੀ ਹੈ।