ਜਦ ਅਸੀਂ 550ਵੀਂ ਪ੍ਰਕਾਸ਼ ਸ਼ਤਾਬਦੀ ਵੀ ਧਨ, ਧੂੜ, ਧੱਕਿਆਂ ਵਿੱਚ ਰੋਲੀ ..

0
335

ਜਦ ਅਸੀਂ ੫੫੦ਵੀਂ ਪ੍ਰਕਾਸ਼ ਸ਼ਤਾਬਦੀ ਵੀ ਧਨ, ਧੂੜ, ਧੱਕਿਆਂ ਵਿੱਚ ਰੋਲੀ ..

ਅਮਨਪ੍ਰੀਤ ਸਿੰਘ, ਗੁਰਸਿੱਖ ਫ਼ੈਮਲੀ ਕਲੱਬ (ਰਜਿ.) ਲੁਧਿਆਣਾ-94172-39495

ਸਿੱਖ ਨੇ ਆਪਣੇ ਅਮੀਰ ਅਤੇ ਬਹੁਮੁੱਲੇ ਵਿਰਸੇ ਨੂੰ ਸੰਭਾਲਣ ਲਈ ਜਿੱਥੇ ਸਦਾ ਯਤਨਸ਼ੀਲ ਰਹਿਣਾ ਹੈ, ਉੱਥੇ ਗੁਰੂ ਅਤੇ ਸਿੱਖਾਂ ਦੇ ਜਨਮ ਦਿਹਾੜੇ, ਸ਼ਹੀਦੀ ਦਿਵਸ ਤੇ ਸ਼ਤਾਬਦੀਆਂ ਮਨਾਉਣ ਦਾ ਉਦਮ ਨਿਰੰਤਰ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਆਪਣੇ ਪੁਰਖਿਆਂ ਨੂੰ ਯਾਦ ਕਰਨ ਨਾਲ ਉਹਨਾਂ ਦੇ ਉਪਦੇਸ਼ਾਂ ਅਤੇ ਪਾਏ ਹੋਏ ਪੂਰਨਿਆਂ ’ਤੇ ਚੱਲਣ ਦਾ ਬਲ, ਉਤਸ਼ਾਹ ਤੇ ਉਦਮ ਮਿਲਦਾ ਹੈ। ਗੁਰੂ ਅਨੁਸਾਰੀ ਕੀਤੀ ਸੇਵਾ ਦੇ ਫਲ਼ ਨਾਲ਼ ਪ੍ਰਫੁਲਿਤ ਹੁੰਦੇ ਹਨ।  ਭਾਈ ਗੁਰਦਾਸ ਜੀ ਵਚਨ ਕਰਦੇ ਹਨ ਕਿ ਮੈਂ ਉਨ੍ਹਾਂ ਗੁਰਸਿੱਖਾਂ ਤੋਂ ਕੁਰਬਾਨ ਜਾਂਦਾ ਹਾਂ ਜੋ ਪ੍ਰੇਮ ਸਹਿਤ ਗੁਰ ਪੁਰਬ ਕਰਦੇ ਹਨ, ਮਨਾਉਂਦੇ ਹਨ ‘‘ਕੁਰਬਾਣੀ ਤਿਨ੍ਹਾਂ ਗੁਰਸਿਖਾਂ; ਭਾਇ ਭਗਤਿ ਗੁਰ ਪੁਰਬ ਕਰੰਦੇ। ਗੁਰ ਸੇਵਾ, ਫਲੁ ਸੁਫਲੁ ਫਲੰਦੇ ॥’’ (ਭਾਈ ਗੁਰਦਾਸ ਜੀ/ਵਾਰ ੧੨ ਪਉੜੀ ੨), ਗੁਰ ਪੁਰਬਾਂ ’ਤੇ ਸੁਣਾਏ ਜਾਂਦੇ ਗੁਰੂ-ਬਾਬਿਆਂ ਦੇ ਪ੍ਰਸੰਗ; ਸਧਾਰਨ ਪੁੱਤਰ ਨੂੰ ਆਗਿਆਕਾਰੀ ਸਪੁੱਤਰ ਬਣਾ ਦਿੰਦੇ ਹਨ, ‘‘ਬਾਬਾਣੀਆ ਕਹਾਣੀਆ; ਪੁਤ, ਸਪੁਤ ਕਰੇਨਿ ॥  ਜਿ ਸਤਿਗੁਰ ਭਾਵੈ; ਸੁ ਮੰਨਿ ਲੈਨਿ; ਸੇਈ ਕਰਮ ਕਰੇਨਿ ॥’’ (ਮ: ੩/੯੫੧)

ਸਿੱਖਾਂ ਵਿੱਚ ਗੁਰੂ ਪ੍ਰਤੀ ਪਿਆਰ ਤੇ ਉਤਸ਼ਾਹ ਜਿੱਥੇ ਕੁੱਟ-ਕੁੱਟ ਭਰਿਆ ਪਿਆ ਹੈ ਉੱਥੇ ਸ਼ਰਧਾ ਤੇ ਸੇਵਾ ਦੀ ਵੀ ਕਿਸੇ ਪਾਸਿਓਂ ਕੋਈ ਕਮੀ ਨਜ਼ਰ ਨਹੀਂ ਆਉਂਦੀ। ਲੋੜਵੰਦਾਂ ਨੂੰ ਲੰਗਰ, ਅਨਾਜ ਤੋਂ ਲੈ ਕੇ ਆਪਣਾ ਆਪ ਨਿਛਾਵਰ ਕਰਨ ਤੋਂ ਵੀ ਸਿੱਖ ਕੌਮ ਦੇ ਸੂਰਮੇ ਪਿੱਛੇ ਨਹੀਂ ਰਹੇ । ਸੰਗਤਾਂ ਲਈ ਲੰਗਰ ਪ੍ਰਬੰਧ ਕਰਨ ਬਦਲੇ ਆਪਣੇ ਕੇਸ ਤੱਕ ਰੰਬੀ ਨਾਲ਼ ਲੁਹਾਉਣ ਵਾਲ਼ੇ ਭਾਈ ਤਾਰੂ ਸਿੰਘ ਜੀ ਦੀ ਜੀਵਨੀ ਸਾਡੇ ਸਾਹਮਣੇ ਹੈ। ਅਜੌਕੇ ਸਮੇਂ ’ਚ ਭਾਰਤ ਦੇ ਵੱਖ-ਵੱਖ ਸੂਬਿਆਂ ’ਚ ਆਈਆਂ ਹੜ-ਮੂਸੀਬਤਾਂ ਸਮੇਂ ਪੀੜਤਾਂ ਨੂੰ ਹਰ ਪੱਖੋਂ ਮਦਦ ਕਰਦੇ ਕੌਮੀ ਪ੍ਰਵਾਨੇ ਬਿਨਾਂ ਕਿਸੇ ਜਾਤੀ/ਧਰਮ ਅਤੇ ਭਿੰਨ-ਭੇਦ ਦੇ ਸੇਵਾ ਕਰਦੇ ਦੁਨੀਆ ਨੇ ਪ੍ਰਤੱਖ ਦੇਖੇ ।

ਗੁਰੂ ਸਾਹਿਬਾਨ ਨੇ ਸਾਨੂੰ ਸਮਾਜਕ ਸੇਵਾ ਲਈ ਸਦਾ ਤੱਤਪਰ ਰਹਿਣ ਦੇ ਨਾਲ-ਨਾਲ ਗੁਰੂ ਗਿਆਨ ਨੂੰ ਵੀ ਲੰਗਰ ਵਾਙ ਵਰਤਾਉਣ ਦੀ ਨਸੀਹਤ ਬਖ਼ਸ਼ੀ ਹੈ। ਗੁਰੂ ਅੰਗਦ ਸਾਹਿਬ ਜੀ ਅਤੇ ਮਾਤਾ ਖੀਵੀ ਜੀ ਦੁਆਰਾ ਵਰਤਾਏ ਜਾਂਦੇ ਲੰਗਰ ’ਚ ਸ਼ਬਦ ਗੁਰੂ ਅਤੇ ਲੰਗਰ-ਖੀਰ ਬਰਾਬਰ ਚਲਦੀ ਸੀ, ‘‘ਲੰਗਰੁ ਚਲੈ ਗੁਰ ਸਬਦਿ ਹਰਿ..॥’’ ਅਤੇ ‘‘ਲੰਗਰਿ ਦਉਲਤਿ ਵੰਡੀਐ; ਰਸੁ ਅੰਮ੍ਰਿਤੁ ਖੀਰਿ ਘਿਆਲੀ ॥’’ (ਬਲਵੰਡ ਸਤਾ/੯੬੭) ਬਿਨਾਂ ਗਿਆਨ ਤੇ ਅਕਲ ਤੋਂ, ਨਿਰੀ-ਪੁਰੀ ਸੇਵਾ ਭਾਵਨਾ ਵਾਲ਼ਾ ਉਤਸ਼ਾਹ ਕੇਵਲ ਕਰਮਕਾਂਡ ਬਣ ਕੇ ਰਹਿ ਜਾਂਦਾ ਹੈ, ਇਸ ਲਈ ਗੁਰਬਾਣੀ ਸਾਨੂੰ ਵਚਨ ਕਰਦੀ ਹੈ, ‘‘ਅਕਲੀ ਸਾਹਿਬੁ ਸੇਵੀਐ; ਅਕਲੀ ਪਾਈਐ ਮਾਨੁ ॥ ਅਕਲੀ ਪੜਿ੍ ਕੈ ਬੁਝੀਐ; ਅਕਲੀ ਕੀਚੈ ਦਾਨੁ ॥’’ (ਮ: ੧/੧੨੪੫) ਭਾਵ ਸਾਨੂੰ ਗੁਰਬਾਣੀ ਪੜ੍ਹਦਿਆਂ, ਸੇਵਾ ਕਰਦਿਆਂ ਜਾਂ ਨਿਜੀ ਕਿਰਤ-ਕਾਰ ਕਰਦਿਆਂ ਆਪਣੀ ਬੁੱਧੀ, ਆਪਣੇ ਦਿਮਾਗ਼ ਦੀ ਵਰਤੋਂ ਕਰਨੀ ਲਾਜ਼ਮੀ ਹੈ। ਭਾਵੇਂ ਕਿ ਦੁਨਿਆਵੀ ਪੱਧਰ ’ਤੇ ਹਰ ਕੋਈ ਗਿਆਨ ਦੇ ਮਹੱਤਵ ਨੂੰ ਸਮਝਦਾ ਹੈ ਭਾਵ ਸੂਝ ਬਿਨਾਂ ਕੋਈ ਕੰਮ ਸਫਲ ਨਹੀਂ ਹੁੰਦਾ, ਸਭ ਨੂੰ ਪਤਾ ਹੈ, ਪਰ ਰੂਹਾਨੀਅਤ ਪੱਧਰ ’ਤੇ ਅਸੀਂ ਕਰਮਕਾਂਡ ’ਤੇ ਹੀ ਨਿਰਭਰ ਰਹਿ ਕੇ ਸਾਰੀ ਜ਼ਿੰਦਗੀ ਬਤੀਤ ਕਰ ਜਾਂਦੇ ਹਾਂ।  ਲਾਭਕਾਰੀ ਗਿਆਨ ਅਤੇ ਆਦਰਸ਼ ਕਿਰਦਾਰਾਂ ਦੀ ਸੰਗਤ ’ਚੋਂ ਪ੍ਰਾਪਤ ਹੋਈ ਸੂਝ ਨਾਲ਼ ਆਪਣਾ ਆਦਰਸ਼ਮਈ ਕਿਰਦਾਰ ਬਣਾਉਣ ਲਈ ਚਿੰਤਤ ਨਹੀਂ ਰਹਿੰਦੇ।

ਗੁਰੂ ਨਾਨਕ ਸਾਹਿਬ ਜੀ ਦੀ ੫੫੦ਵੀਂ ਪ੍ਰਕਾਸ਼ ਸ਼ਤਾਬਦੀ ਮਨਾਉਂਦਿਆਂ ਜਦ ਸੰਗਤਾਂ ਨੂੰ ਪ੍ਰੋਸਿਆ ਜਾਣ ਵਾਲ਼ਾ ਗੁਰੂ ਅਤੇ ਉਚੇਚੇ ਲੰਗਰ ਵੇਖੇ ਤਾਂ ਜਾਪਿਆ ਕਿ ਅਸੀਂ ਇਹ ਸ਼ਤਾਬਦੀ ਵੀ ਪਿਛਲੇ ਸਮਿਆਂ ’ਚ ਮਨਾਈਆਂ ਸ਼ਤਾਬਦੀਆਂ ਵਾਙ ਧਨ, ਧੂੜ, ਧੱਕਿਆਂ ਵਿੱਚ ਰੋਲ ਕੇ ਰੱਖ ਦਿੱਤੀ। ਬਿਨਾਂ ਕੋਈ ਸੁਚਾਰੂ ਪ੍ਰੋਗਰਾਮ ਅਤੇ ਨਿਸ਼ਾਨਾ ਮਿਥਿਆਂ ਸਿੱਖ ਸੰਗਤਾਂ ਨੇ ਆਪਣਾ ਉਤਸ਼ਾਹ, ਧਨ ਅਤੇ ਸ਼ਰਧਾ ਨੂੰ ਲੰਗਰਾਂ, ਪ੍ਰਭਾਤ ਫੇਰੀਆਂ ਅਤੇ ਯਾਤਰਾਵਾਂ ਵਿੱਚ ਵਿਅਰਥ ਗਵਾ ਲਿਆ। ਸਿਆਸੀ ਲੀਡਰ, ਪ੍ਰਬੰਧਕਾਂ ਤੇ ਜਥੇਦਾਰ ਨੇ ਵੀ ਅੱਧੀ-ਅੱਧੀ ਰਾਤ ਤੱਕ ਸੰਗਤਾਂ ਨੂੰ ਜਾਗਦਿਆਂ ਰੱਖ ਕੇ ਸਿਰਫ ਚਾਹ-ਪਕੋੜੇ, ਜਲੇਬੀਆਂ ਆਦਿ ਉਚੇਚੇ ਲੰਗਰ ’ਤੇ ਨਿਰਭਰ ਰੱਖਿਆ, ਗੁਰੂ ਨਾਨਕ ਜੀ ਦੇ ਦੁਨਿਆਵੀ ਸਫ਼ਰ ਦੇ ਮੰਤਵ ਨੂੰ ਬਾਰੀਕੀ ਨਾਲ਼ ਨਾ ਸਮਝਾ ਸਕੇ। ਕੌਮ ਦੀਆਂ ਸਿਰਮੌਰ ਜਥੇਬੰਦੀਆਂ ਤੇ ਜਥੇਦਾਰਾਂ ਨੂੰ ਚਾਹੀਦਾ ਤਾਂ ਇਹ ਸੀ ਕਿ ਕੋਈ ਦੀਰਘਕਾਲੀ ਟੀਚਾ ਮਿੱਥਿਆ ਜਾਂਦਾ ਪਰ ਸ਼ਾਇਦ ਉੱਥੇ ਕਾਬਜ਼ ਲੋਕਾਂ ਦੀ ਕਾਬਲੀਅਤ ਇਸ ਪੱਧਰ ਦੀ ਨਾ ਹੋਵੇ ਜਾਂ ਸ਼ਾਇਦ ਉਹਨਾਂ ਦਾ ਮੁੱਖ ਟੀਚਾ ਹੀ ਸੰਗਤ ਨੂੰ ਰੰਗ-ਤਮਾਸ਼ਿਆਂ ’ਚ ਉਲਝਾ ਕੇ ਸਿਆਸੀ ਜ਼ਮੀਨ ਤਿਆਰ ਕਰਨਾ ਰਿਹਾ ਹੋਵੇ, ਜੋ ਪਿਛਲੇ ਦਿਨੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਏ ਨਿਰਾਦਰ ਉਪਰੰਤ ਹੱਥੋਂ ਜਾਂਦੀ ਪ੍ਰਤੀਤ ਹੋਈ ਹੈ।

ਇੱਕ ਅੱਧੀ ਜਗ੍ਹਾ ਛੱਡ ਕੇ ਹਰ ਪਾਸੇ ਮਲਿਕ ਭਾਗੋ ਦਾ ਸ਼ਾਹੀ ਪਕਵਾਨ ਨਜ਼ਰ ਆ ਰਿਹਾ ਸੀ। ਕਈ ਵਾਰ ਤਾਂ ਇੰਞ ਮਹਿਸੂਸ ਹੋਇਆ ਕਿ ਅਸੀਂ ਗੁਰੂ ਨਾਨਕ ਜੀ ਸ਼ਤਾਬਦੀ ਨਹੀਂ ਸਗੋਂ ਮਲਿਕ ਭਾਗੋ ਦੀ ਪਾਰਟੀ ’ਚ ਆਏ ਹੋਏ ਹਾਂ। ਹਰ ਥਾਂ ਓਹੀ ਸੁਆਦਲੇ ਪਕਵਾਨ, ਓਹੀ ਸ਼ਾਮਿਆਨੇ, ਬੱਤੀਆਂ ਤੇ ਅਮੀਰੀ ਦੇਖਣ ਨੂੰ ਮਿਲੀ । ਹੋਰ ਤੇ ਹੋਰ ਗੁਰੂ ਨਾਨਕ ਜੀ ਦੇ ਨਾਮ ਦੇ ਕੇਕ ਵੀ ਕੱਟ ਲਏ । ਭਾਈ ਲਾਲੋ ਕਿੱਧਰੇ ਨਹੀਂ ਲੱਭਿਆ ਸ਼ਾਇਦ ਉਹ ਕਿਸੇ ਕੋਨੇ ’ਚ ਬੈਠਾ ਇਹ ਨਜ਼ਾਰਾ ਦੇਖਦਾ ‘ਗੁਰੂ’ ਅੱਗੇ ਫ਼ਰਿਆਦ ਕਰਦਾ ਪਿਆ ਹੋਵੇ ਕਿ ‘ਹੇ ਬਿਨਾਂ ਬੁਲਾਏ ਗਰੀਬ ਦੇ ਘਰ ਆਉਣ ਵਾਲ਼ੇ ਨਾਨਕ ਜੀਓ ! ਤੂੰ ਤੇ ਮੇਰੇ ਹੱਥੋਂ ਕੋਧਰੇ ਦੀ ਰੋਟੀ ਛੱਕ ਕੇ ਵੀ ਮੈਨੂੰ ਸਾਰੀ ਰਾਤ ਰੱਬ ਨਾਲ਼ ਜੋੜੀ ਰੱਖਿਆ ਪਰ ਤੇਰੇ ਪੈਰੋਕਾਰ ਅਖਵਾਉਂਦੇ ਇਹ ਸਿੱਖ 36 ਪ੍ਰਕਾਰ ਦੇ ਭੋਜਨ ਛਕ/ਛਕਾ ਕੇ ਵੀ ਵਹਿਮਾ-ਭਰਮਾ, ਕਰਮਕਾਂਡਾਂ ਤੇ ਮਨਮਤਿ ਦੇ ਪ੍ਰਭਾਵ ਹੇਠਾਂ ਹੀ ਦਬੇ ਪਏ ਨੇ।  

ਸੋ ਆਓ , ਪਿਛਲੀਆਂ ਗਲਤੀਆਂ ਤੋਂ ਸਬਕ ਲੈਂਦੀਆਂ ਆਪਣੇ ਦਸਵੰਧ ਨੂੰ ਲੋੜਵੰਦ ਤੱਕ ਅਤੇ ਕੁਝ ਮਾਇਆ ਨੂੰ ਗੁਰੂ ਗਿਆਨ ਦੇ ਪ੍ਰਚਾਰ ਤੇ ਪ੍ਰਸਾਰ ਹਿੱਤ ਵਰਤੀਏ, ਪਰ ਇਹ ਤਾਂ ਹੀ ਸੰਭਵ ਹੋਵੇਗਾ ਜੇ ਅਸੀਂ ਗੁਰਬਾਣੀ ’ਚੋਂ ਆਪ ਸੇਧ ਲੈ ਕੇ ਚੰਗੇ-ਮੰਦੇ ਕਰਮ ਦੀ ਪਰਖ ਕਰਨੀ ਸਿਖਾਂਗੇ। ਗੁਰੂ ਦਾ ਸਿੱਖ ਸਵਾ ਲੱਖ ਨਾਲ਼ ਲੜ ਕੇ ਸ਼ਹਾਦਤ ਦਿੰਦਾ ਰਿਹਾ ਹੈ, ਪਰ ਕੀ ਅੱਜ ਅਸੀਂ ਸਵਾ ਲੱਖ ਤੱਕ ਗੁਰਮਤਿ ਗਿਆਨ ਪਹੁੰਚਾਉਣ ਦੀ ਹਿੰਮਤ ਜੁਟਾ ਸਕਦੇ ਹਾਂ ਜਦਕਿ ਅੱਜ ਕਈ ਤਕਨੀਕੀ ਸਾਧਨ ਵੀ ਸਾਡੇ ਕੋਲ ਮੌਜੂਦ ਹਨ, ਜੋ ਥੋੜ੍ਹੇ ਸਮੇਂ ਅਤੇ ਥੋੜ੍ਹੇ ਧਨ ਨਾਲ਼ ਸਾਡੇ ਮੰਤਵ ਆਸਾਨ ਕਰ ਸਕਦੇ ਹਨ। ਬਾਬਾ ਕਬੀਰ ਜੀ ਦੇ ਵਚਨ ਹਨ ਕਿ ਜਿਸ ਮਨੁੱਖਤਾ ਕੋਲ ਸੁਚੱਜਾ ਗਿਆਨ ਹੈ, ਓਥੇ ਹੀ ਧਰਮ (ਮਾਨਵ ਸੇਵਾ ਤੇ ਰੱਬੀ ਪਿਆਰ) ਪ੍ਰਫਲਿਤ ਹੋ ਸਕਦਾ ਹੈ ਕਿਉਂਕਿ ਤਦ ਬੰਦੇ ਅੰਦਰ ਅਹੰਕਾਰ ਨਹੀਂ ਬਲਕਿ ਰੱਬ ਆਪ ਵੱਸਦਾ ਹੁੰਦਾ ਹੈ, ‘‘ਕਬੀਰਾ ‘ ਜਹਾ ਗਿਆਨੁ, ਤਹ ਧਰਮੁ ਹੈ; ਜਹਾ ਝੂਠੁ, ਤਹ ਪਾਪੁ ॥ ਜਹਾ ਲੋਭੁ, ਤਹ ਕਾਲੁ ਹੈ; ਜਹਾ ਖਿਮਾ, ਤਹ ਆਪਿ ॥’’ (ਭਗਤ ਕਬੀਰ ਜੀ/੧੩੭੨)