ਮਜ਼੍ਹਬ ਦੀ ਲੋੜ

0
84

ਮਜ਼੍ਹਬ ਦੀ ਲੋੜ

ਪ੍ਰਿੰਸੀਪਲ ਗੰਗਾ ਸਿੰਘ

ਸੰਸਾਰ ਦੀ ਇਸ ਵਕਤ ਜੋ ਦੀਨ-ਦਸ਼ਾ ਹੋ ਰਹੀ ਹੈ, ਉਹ ਕਿਸੇ ਤੋਂ ਗੁੱਝੀ ਛਿਪੀ ਨਹੀਂ। ਉਹ ਦਿਨ ਰਾਤ ਦੁਖੀਆਂ ਦਰਦਵੰਦਾਂ ਦੀ ਪੁਕਾਰ ਤੇ ਅਨਿਆਈ ਜਰਵਾਣਿਆਂ ਦਿਆਂ ਸ਼ਸਤਰਾਂ ਦੀ ਖੜਕਾਰ ਤੋਂ ਸਾਫ਼ ਪ੍ਰਗਟ ਹੋ ਰਹੀ ਹੈ। ਸੰਸਾਰ ਦਾ ਮਨੁੱਖ ਇਸ ਜੀਵਨ ਤੋਂ ਤੰਗ ਆਇਆ ਹੋਇਆ ਹੈ। ਉਸ ਦੇ ਜੀਵਨ ਨੂੰ ਰਾਜਨੀਤਿਕ ਫ਼ਿਕਰਾਂ, ਭਾਈਚਾਰਕ ਬੇ-ਲੋੜਵੇਂ ਬੰਧਨਾਂ ਤੇ ਆਰਥਿਕ ਥੁੜਾਂ ਨੇ ਅਜਿਹਾ ਤਲਖ਼ ਕਰ ਦਿੱਤਾ ਹੈ ਕਿ ਉਸ ਦੀ ਹਾਲਤ ਡਾਢੀ ਤਰਸਯੋਗ ਹੈ। ਕਿਸੇ ਕਵੀ ਨੇ ਉਸ ਦਾ ਨਕਸ਼ਾ ਇਨ੍ਹਾਂ ਦਰਦ-ਭਰੇ ਅੱਖਰਾਂ ਵਿਚ ਖਿੱਚਿਆ ਹੈ :

ਕਬਾਬੇ ਸੀਖ ਹੈਂ, ਹਮ ਕਰਵਟੇਂ ਹਰਸੂ ਬਦਲਤੇ ਹੈਂ।

ਜੋ ਜਲ ਜਾਤਾ ਹੈ ਯਿਹ ਪਹਿਲੂ ਤੋ ਵੋਹ ਪਹਿਲੂ ਬਦਲਤੇ ਹੈਂ।

ਬਿਲਲਾ ਰਹੇ ਜੀਵਨ ਨੂੰ ਤੱਕ ਕੇ, ਕਵੀ ਦਾ ਦਰਦ-ਭਰਿਆ ਦਿਲ ਦ੍ਰਵ ਗਿਆ ਹੈ ਤੇ ਉਸ ਨੇ ਮਨੁੱਖੀ ਮਨ ਦੀ ਇਹ ਤਸਵੀਰ ਖਿੱਚੀ ਹੈ ਕਿ ਉਹ ਕਬਾਬ ਦੀ ਸੀਖ ਵਾਂਗੂੰ, ਸਮੇਂ ਦੀ ਅੰਗੀਠੀ ਵਿਚ ਗ਼ਮਾਂ, ਫ਼ਿਕਰਾਂ, ਬੁਰੇਵਿਆਂ ਤੇ ਅੰਦੇਸਿਆਂ ਦੇ ਭਖਦੇ ਹੋਏ ਅੰਗਾਰਾਂ ’ਤੇ ਤਕਦੀਰ ਨੇ ਧਰਿਆ ਹੋਇਆ ਹੈ। ਕਬਾਬ ਦੀ ਸੀਖ ਵਾਂਗਰ ਜਦੋਂ ਉਸ ਦਾ ਇਕ ਬੰਨਾ ਭੁੱਜ ਜਾਂਦਾ ਹੈ ਤਾਂ ਦੂਸਰਾ ਉਲਟਾ ਕੇ ਅੰਗਾਰਾਂ ਵੱਲ ਕਰ ਦਿੱਤਾ ਜਾਂਦਾ ਹੈ। ਮਨੁੱਖੀ ਜੀਵਨ ਦੀ ਇਸ ਦੁਖੀ ਦੁਨੀਆ ਦੀ ਅਵਸਥਾ ਦਾ ਨਕਸ਼ਾ ਕਿਸੇ ਇਕ ਕਵੀ ਨੇ ਨਹੀਂ ਖਿਚਿਆ, ਸਗੋਂ ਸਮੇਂ ਸਮੇਂ ਸਿਰ ਕਈ ਇਕ ਉੱਚੀਆਂ ਤੇ ਹਮਦਰਦ ਪਾਕ ਹਸਤੀਆਂ ਨੇ ਇਸ ਨੂੰ ਅਨੁਭਵ ਕੀਤਾ ਹੈ। ਇੱਥੋਂ ਤੱਕ ਕਿ ਅਰਸ਼ੀ ਬਾਣੀ ਵਿਚ ਭੀ ਇਸ ਦਾ ਕਥਨ ਆਇਆ ਹੈ ਤੇ ਅਸਲੀਅਤ ਤੋਂ ਭੁੱਲੇ ਮਨੁੱਖ ਅਤੇ ਉਸ ਦੀ ਦੁਨੀਆ ਦਾ ਰੂਪ ਇਉਂ ਦਰਸਾਇਆ ਗਿਆ ਹੈ ‘‘ਬਾਰਿ ਵਿਡਾਨੜੈ ਹੁੰਮਸ ਧੁੰਮਸ; ਕੂਕਾ ਪਈਆ ਰਾਹੀ ’’ (ਮਹਲਾ , ਪੰਨਾ ੫੨੦) ਭਾਵ ਦੁਨੀਆ ਇਕ ਭਾਰਾ ਜੰਗਲ ਹੈ, ਜਿਸ ਵਿਚ ਧੂੰਆਂ ਫੈਲ ਰਿਹਾ ਹੈ, ਦਮ ਘੁਟ ਰਹੇ ਹਨ, ਰਾਹੀ ਕੂਕਾਂ ਮਾਰ ਰਹੇ ਹਨ।

ਇਨ੍ਹਾਂ ਦੁੱਖਾਂ ਦਾ ਸਤਾਇਆ ਹੋਇਆ ਤੇ ਵਰਤਮਾਨ ਰਾਜਨੀਤਿਕ ਤੇ ਭਾਈਚਾਰਕ ਜੀਵਨ ਤੋਂ ਤੰਗ ਆਇਆ ਹੋਇਆ ਮਨੁੱਖ, ਖਲਾਸੀ ਪਾਉਣ ਲਈ ਇਨ੍ਹਾਂ ਅਵਸਥਾਵਾਂ ਵਿਚ ਤਬਦੀਲੀ ਲੋੜਦਾ ਹੈ; ਪਰ ਘਾਬਰਿਆ ਹੋਇਆ ਹੋਣ ਕਰਕੇ ਕਾਹਲਾ ਜਿਹਾ ਪੈ ਰਿਹਾ ਹੈ ਤੇ ਉਸੇ ਜੋਸ਼ ਨਾਲ ਭਰਿਆ ਹੋਇਆ, ਜੋ ਬੁਝਣ ਲੱਗੇ ਦੀਵੇ ਵਿਚ ਚਮਤਕਾਰ ਦਾ ਰੂਪ ਬਣ ਕੇ ਪ੍ਰਗਟਦਾ ਹੈ ਤੇ ਜਿਸ ਨੂੰ ਸੰਭਾਲੇ ਕਿਹਾ ਜਾਂਦਾ ਹੈ, ਡੂੰਘੀ ਸੋਚ ਸੋਚਣ ਤੋਂ ਬਿਨਾ ਹੀ ਛੇਤੀ ਛੇਤੀ ਏਧਰ ਓਧਰ ਹੱਥ ਪੈਰ ਮਾਰ ਰਿਹਾ ਹੈ। ਸੁਧਾਰ ਦਾ ਸ਼ੌਕ ਤੇ ਨਵੀਆਂ ਬਣਤਰਾਂ ਦੇ ਨਕਸ਼ੇ ਖਿੱਚਣ ਲੱਗਿਆਂ ਉਸ ਦੀ ਲੇਖਣੀ ਨੂੰ ਕਿਤੇ ਅਟਕਣ ਦੀ ਥਾਂ ਨਹੀਂ ਲੱਭਦੀ। ਉਹ ਅੱਗੇ ਹੀ ਅੱਗੇ ਵਧਦਾ ਜਾਂਦਾ ਹੈ। ਜਿਹੜੇ ਸੁਧਾਰ ਉਹ ਅੱਜ ਕਰਦਾ ਹੈ, ਉਹ ਕੱਲ੍ਹ ਹੀ ਨੁਕਸ-ਰੂਪ ਤੇ ਵਧੇਰੇ ਸੁਧਾਰ-ਯੋਗ ਪ੍ਰਤੀਤ ਹੋਣ ਲੱਗ ਜਾਂਦੇ ਹਨ। ਇਸ ਸੁਧਾਰ ਦੇ ਵਧੇ ਹੋਏ ਸ਼ੌਕ ਕਰਕੇ ਹੀ ਦਿਨਾਂ ਅੰਦਰ ਵੱਡੇ ਵੱਡੇ ਰਾਜ-ਪ੍ਰਬੰਧ, ਭਾਈਚਾਰਕ ਬਣਤਰਾਂ ਤੇ ਧਾਰਮਿਕ ਸੰਸਥਾਵਾਂ ਘੜੀਂਦੀਆਂ ਤੇ ਭੰਨੀਂਦੀਆਂ ਰਹਿੰਦੀਆਂ ਹਨ। ਰੋਜ਼ ਨਵੀਆਂ ਕ੍ਰਾਂਤੀਆਂ (ਰੈਵੋਲਿਊਸ਼ਨਜ਼) ਰਾਜ-ਪ੍ਰਬੰਧਾਂ ਨੂੰ ਉਲਟਾਉਂਦੀਆਂ ਦਿਸ ਆਉਂਦੀਆਂ ਹਨ।

ਪਰ ਮਨੁੱਖ ਦਾ ਹਿਰਦਾ ਪਤੀਜਦਾ ਕਿਤੇ ਭੀ ਨਹੀਂ ਦਿਸ ਆਉਂਦਾ। ਜਨਤਾ ਦੇ ਅੱਜ ਦੇ ਆਗੂ, ਕੱਲ੍ਹ ਨੂੰ ਜਲਾਵਤਨੀ ਜਾਂ ਫਾਂਸੀ ਦੇ ਦੰਡ ਦੇ ਭਾਗੀ ਮੁਜਰਮ ਸਮਝੇ ਜਾਂਦੇ ਹਨ। ਅੱਜ ਦੇ ਬਣੇ ਭਾਰੀ ਪੀਰ ਕੱਲ੍ਹ ਨੂੰ ਗਲੀਆਂ ਵਿਚ ਬੇ-ਪਤ ਕੀਤੇ ਜਾਂਦੇ ਹਨ ਤੇ ਅੱਜ ਦੀਆਂ ਕਾਇਮ ਕੀਤੀਆਂ ਧਾਰਮਿਕ ਰਸਮਾਂ ਦੇ ਕੱਲ੍ਹ ਮਜ਼ਾਕ ਉੱਡਦੇ ਹਨ, ਪਰ ਸੁਧਾਰ ਦੀ ਸੂਰਤ ਕਿਤੇ ਨਜ਼ਰ ਨਹੀਂ ਆਉਂਦੀ। ਮਨੁੱਖੀ ਜੀਵਨ ਸਾਫ਼ ਹੋਣ ਦੀ ਥਾਂ ਪਾਟਦਾ ਦਿਸ ਆਉਂਦਾ ਹੈ। ਕੱਪੜੇ ਨੂੰ ਸਾਫ਼ ਕਰਨਾ ਤਾਂ ਬੁਰੀ ਗੱਲ ਨਹੀਂ, ਪਰ ਸਾਫ਼ ਕਰਨ ਦੇ ਟਾਈਮ ਵਿਚ ਕੁੱਟ ਕੁੱਟ ਕੇ ਪਾੜ ਸੁੱਟਣਾ ਭੀ ਮੂਲ ਨੂੰ ਖੋ ਬਹਿਣਾ ਹੈ। ਸੁਧਾਰਕ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਸੇ ਕਵੀ ਨੇ ਕੇਹਾ ਖ਼ੂਬਸੂਰਤ ਆਖਿਆ ਹੈ ਧੋਨੇ ਕੀ ਹੈ ਰੀਫਾਰਮਰ ਜਾ ਬਾਕੀ, ਜਬ ਤਕ ਕਿ ਹੈ ਕਪੜੇ ਪਰ ਧੱਬਾ ਬਾਕੀ ਧੋ ਸ਼ੌਕ ਸੇ ਤੂ, ਪਰ ਇਤਨਾ ਰਗੜ, ਧੱਬਾ ਰਹੇ ਕਪੜੇ ਪਰ, ਕਪੜਾ ਬਾਕੀ

ਮਨੁੱਖੀ ਜੀਵਨ ਦੇ ਕੱਪੜੇ ਨੂੰ ਸਮੇਂ ਦੇ ਰਾਜ ਦਿਆਂ ਧੱਬਿਆਂ ਦੇ ਦਾਗ਼ਾਂ ਤੇ ਅੰਧ-ਵਿਸ਼ਵਾਸ ਦੀਆਂ ਘਰਾਲ਼ਾਂ (ਵਗਦੇ ਪਾਣੀ ਨਾਲ਼ ਧਰਤੀ ’ਚ ਬਣੇ ਡੂਘੇ ਟੋਏ) ਤੋਂ ਸਾਫ਼ ਕਰਨਾ ਜ਼ਰੂਰੀ ਸੀ, ਪਰ ਘਾਬਰਿਆ ਹੋਇਆ ਮਨੁੱਖ ਇਸ ਨੂੰ ਸਾਫ਼ ਕਰਨ ਦੀ ਥਾਂ ਪਾੜਨ ਤੇ ਉਤਰ ਆਇਆ ਹੈ।

ਭਾਵੇਂ ਅੱਜ-ਕੱਲ੍ਹ ਦੇ ਮਨੁੱਖ ਦੀ ਉਪਰਾਮਤਾ, ਹੈ ਤਾਂ ਹਰ ਕਿਸਮ ਦੇ ਪੁਰਾਣੇ ਪ੍ਰਬੰਧਾਂ ਵੱਲੋਂ, ਪਰ ਮਜ਼੍ਹਬ ਵੱਲੋਂ ਤਾਂ ਉਹ ਖ਼ਾਸ ਤੌਰ ’ਤੇ ਮੂੰਹ ਮੋੜ ਰਿਹਾ ਹੈ। ਅੱਜ ਕਈ ਮਨੁੱਖ-ਸ਼੍ਰੇਣੀਆਂ ਤੇ ਹਕੂਮਤਾਂ, ਨੌਜਵਾਨ ਨਸਲ ਵਿਚ, ਜਿਸ ਨੇ ਕਿ ਆਉਣ ਵਾਲੀ ਸ਼ਹਿਰੀ ਜਨਤਾ ਬਣਨਾ ਹੈ, ਇਹ ਪ੍ਰਚਾਰ ਕਰ ਰਹੀਆਂ ਹਨ ਕਿ ਮਜ਼੍ਹਬ ਇਕ ਬੇ-ਲੋੜਵੀਂ ਜ਼ਿਹਨੀ ਗ਼ੁਲਾਮੀ ਹੈ, ਜਿਸ ਦਾ ਨਸ਼ਾ ਅਫੀਮ ਵਾਂਗ ਮਨੁੱਖ ਨੂੰ ਕੁੰਦ ਜ਼ਿਹਨ ਕਰ ਦਿੰਦਾ ਹੈ ਤੇ ਇਸ ਲਈ ਜਿੰਨੀ ਵੀ ਛੇਤੀ ਹੋ ਸਕੇ ਇਸ ਦਾ ਜੂਲ਼ਾ ਗਲੋਂ ਲਾਹ ਸੁੱਟਣਾ ਚਾਹੀਦਾ ਹੈ। ਇਸ ਪ੍ਰਚਾਰ ਦਾ ਅਸਰ ਭੀ ਬੜੀ ਤੇਜ਼ੀ ਨਾਲ ਰੰਗ ਲਿਆ ਰਿਹਾ ਹੈ। ਜਿਸ ਤਰ੍ਹਾਂ ਸੁੱਕਿਆਂ ਤੀਲਿਆਂ ਵਿਚ ਅੱਗ ਭੜਕ ਕੇ ਭਾਂਬੜ ਮਚਾ ਦੇਂਦੀ ਹੈ, ਉਸੇ ਤਰ੍ਹਾਂ ਜੁਆਨ ਹਿਰਦਿਆਂ ਤੇ ਰਸਹੀਣ ਮਜ਼੍ਹਬਾਂ ਵਿਚ ਨਾਸਤਿਕਤਾ ਦੀ ਇਹ ਅਗਨ ਸ਼ੋਅਲੇ ਮਾਰਦੀ ਜਾ ਰਹੀ ਹੈ, ਪਰ ਦੇਖਣਾ ਇਹ ਹੈ ਕਿ ਕੀ ਅਜਿਹਾ ਕਰਨ ਨਾਲ ਮਨੁੱਖ ਸੱਚ-ਮੁੱਚ ਸੁਖੀ ਹੋ ਸਕਦਾ ਹੈ  ? ਕੀ ਮਜ਼੍ਹਬ ਹੀ ਦਰਅਸਲ ਅਜੇਹਾ ਕੰਡਾ ਹੈ ਕਿ ਜਿਸ ਦੀ ਚੋਭ ਨਾਲ ਮਨੁੱਖ-ਜੀਵਨ ਕਦਮ ਕਦਮ ’ਤੇ ਦੁਖੀ ਹੋ ਰਿਹਾ ਹੈ  ? ਜਾਂ ਕੀ ਇਹ ਖ਼ਿਆਲ ਘਬਰਾਹਟ ਵਿਚ ਬੰਨ੍ਹਿਆ ਹੈ ? ਹਾਂ, ਸਾਨੂੰ ਇਕ ਗੱਲ ਤੋਂ ਇਨਕਾਰ ਨਹੀਂ ਕਰਨਾ ਚਾਹੀਦਾ ਕਿ ਸੰਸਾਰ ਦੀ ਆਮ ਵਰਤੋਂ ਵਾਂਗ ਮਜ਼੍ਹਬ ਦੀ ਵਿਗੜੀ ਹੋਈ ਅਵਸਥਾ ਵੀ ਮਨੁੱਖ ਲਈ ਦੁਖਦਾਈ ਹੋ ਸਕਦੀ ਹੈ, ਪਰ ਕੌਣ ਨਹੀਂ ਜਾਣਦਾ ਕਿ ਅੰਗੂਰ ਜਿਹਾ ਸੁੰਦਰ ਫਲ਼ ਵੀ, ਜਿਸ ਦੇ ਖਾਣ ਤੋਂ ਨਿਰਾ ਖ਼ੂਨ ਬਣਦਾ ਹੈ ਤੇ ਮਨੁੱਖੀ ਸਰੀਰ ਵਿਚ ਸ਼ਕਤੀ ਆਉਂਦੀ ਹੈ, ਜੇ ਤਰੱਕ ਜਾਵੇ ਤਾਂ ਉਸੇ ਰਸ ਤੋਂ ਸ਼ਰਾਬ ਪੈਦਾ ਹੋ ਜਾਂਦੀ ਹੈ, ਜੋ ਜੀਵਨ ਲਈ ਕਾਤੀ (ਨੁਕਸਾਨਦੇਹ) ਹੈ। ਜੇ ਅੰਗੂਰ ਜਿਹਾ ਫਲ਼ ਵਿਗੜ ਕੇ ਸ਼ਰਾਬ ਬਣ ਸਕਦਾ ਹੈ ਤਾਂ ਵਿਗੜਿਆ ਹੋਇਆ ਮਜ੍ਹਬ ਵੀ ਜ਼ਰੂਰ ਈਰਖਾਵਾਦ ਤੇ ਨਫ਼ਰਤ ਦੇ ਨਸ਼ੇ ਵਿਚ ਤਬਦੀਲ ਹੋ ਸਕਦਾ ਹੈ, ਪਰ ਅੱਜ ਤਕ ਕਿਸੇ ਭੀ ਸਿਆਣੇ ਮਨੁੱਖ ਨੇ, ਇਸ ਖ਼ਿਆਲ ਨਾਲ ਕਿ ਵਿਗੜਿਆ ਹੋਇਆ ਅੰਗੂਰ ਸ਼ਰਾਬ ਬਣ ਜਾਂਦਾ ਹੈ, ਅੰਗੂਰ ਦੇ ਬਾਗ਼ ਜਲਾ ਦੇਣ ਤੇ ਉਹਨਾਂ ਦੀ ਹਸਤੀ ਨੂੰ ਦੁਨੀਆ ਤੋਂ ਖ਼ਤਮ ਕਰ ਦੇਣ ਦਾ ਮਸ਼ਵਰਾ ਮਨੁੱਖਾਂ ਨੂੰ ਨਹੀਂ ਦਿੱਤਾ। ਫਿਰ ਸਮਝ ਨਹੀਂ ਆਉਂਦੀ ਕਿ ਮਜ਼੍ਹਬ ਦੀ ਵਿਗੜੀ ਹੋਈ ਦਸ਼ਾ ਨੂੰ ਤੱਕ ਕੇ ਉਸ ਦੇ ਅਸਲੀ ਰੂਪ ਨੂੰ, ਜੋ ਅੰਗੂਰ ਤੋਂ ਭੀ ਜ਼ਿਆਦਾ ਮਿੱਠਾ ਤੇ ਮਨੁੱਖ ਦੇ ਸਰੀਰਕ, ਮਾਨਸਿਕ ਤੇ ਆਤਮਿਕ ਜੀਵਨ ਨੂੰ ਪ੍ਰਫੁਲਿਤ ਕਰਨ ਵਾਲਾ ਹੈ, ਮੁਕਾ ਦੇਣ ਦੇ ਮਸ਼ਵਰੇ ਮਨੁੱਖੀ ਸੰਤਾਨ ਨੂੰ ਕਿਉਂ ਦਿੱਤੇ ਜਾ ਰਹੇ ਹਨ। ਅਸਲ ਵਿਚ ਇਹ ਸਭ ਕੁਝ ਘਬਰਾਹਟ ਕਰਕੇ ਹੀ ਹੋ ਰਿਹਾ ਹੈ। ਜੇ ਗਹੁ ਨਾਲ਼ ਤੱਕੀਏ, ਤਾਂ ਮਜ਼੍ਹਬ ਅਸਲੀਅਤ ਵਿਚ ਜੀਵਨ ਦੀ ਇਕ ਉਚੇਰੀ ਝਲਕ ਦੇ ਆਸਰੇ ’ਤੇ ਕਾਇਮ ਹੋਇਆ ਹੋਇਆ ਵਲਵਲਾ ਹੈ, ਪਰ ਘਬਰਾਹਟ ਵਿਚ ਮਨੁੱਖ ਨੂੰ ਇਸ ਦੀ ਸਮਝ ਨਹੀਂ ਆ ਰਹੀ। ਉਹ ਆਵੇ ਭੀ ਕਿੱਦਾਂ ਜਦ ਕਿ ਅੱਜ ਦਾ ਮਨੁੱਖ ਬਾਹਰਲੀ ਤਾਂ ਹਰ ਇਕ ਚੀਜ਼ ਨੂੰ ਸਮਝਣ ਦਾ ਯਤਨ ਕਰ ਰਿਹਾ ਹੈ, ਪਰ ਉਸ ਦੇ ਹੱਕ ਵਿਚ ਰੁੱਝਿਆ ਹੋਇਆ ਆਪਣੇ ਆਪ ਦੀ ਖੋਜ ਤੋਂ ਬਹੁਤ ਪਰ੍ਹੇ ਜਾ ਰਿਹਾ ਹੈ। ਮਨੁੱਖ ਦਾ ਇਹ ਸੁਭਾਵ ਹੈ ਕਿ ਉਹ ਹਰ ਗੱਲ ਦੀ ਪੜਤਾਲ ਕਰਦਾ ਹੈ, ਉਹ ਜਨਮ ਤੋਂ ਹੀ ਇਕ ਫ਼ਿਕਰਾ ਸਿੱਖ ਕੇ ਟੁਰਿਆ ਹੈ ਤੇ ਉਹ ਹੈ ‘ਇਹ ਕਿਉਂ ਤੇ ਕਿਥੋਂ  ?’ ਇਸ ਫ਼ਿਕਰੇ ਨੂੰ ਉਸ ਨੇ ਅਜੇਹਾ ਦ੍ਰਿੜ੍ਹ ਕੀਤਾ ਹੈ ਕਿ ਉਹ ਜਨਮ ਤੋਂ ਲੈ ਕੇ ਮਰਨ ਤਕ ਜੀਵਨ ਸਫ਼ਰ ਵਿਚ ਸੱਜੇ-ਖੱਬੇ, ਉੱਤੇ-ਥੱਲੇ, ਜੋ ਭੀ ਨਵੀਂ ਸ਼ੈ ਤੱਕੇ, ਉਸ ਦੇ ਮੁਤੱਲਕ ਹੀ ਦੂਜਿਆਂ ਤੋਂ ਪੁੱਛਣ ਲੱਗ ਜਾਂਦਾ ਹੈ, ‘ਇਹ ਕਿਉਂ ਤੇ ਕਿਥੋਂ  ?’ ਇਸ ਪੁੱਛ ਦਾ ਨਾਮ ਹੀ ਇਸ ਨੇ ਵਿੱਦਿਆ ਰੱਖਿਆ ਹੋਇਆ ਹੈ ਤੇ ਜਿਹੜਾ ਜਿੰਨੀ ਵਾਰੀ ਵਧੇਰੇ ਪੁੱਛੇ, ਉਸ ਨੂੰ ਉੱਨਾ ਹੀ ਵੱਡਾ ਆਲਮ ਜਾਂ ਵਿਦਵਾਨ ਕਹਿੰਦੇ ਹਨ, ਪਰ ਸਵਾਦੀ ਗੱਲ ਇਹ ਹੈ ਕਿ ਜਿੱਥੇ ਆਮ ਮਨੁੱਖ ਹਰ ਸ਼ੈ ਦੀ ਖੋਜ ਕਰਨ ਵੱਲ ਧਿਆਨ ਦੇਂਦਾ ਹੈ ਤੇ ਉਸ ਦਾ ਹਾਣ-ਲਾਭ ਵਿਚਾਰਦਾ ਤੇ ਅਸਲੀਅਤ ਟੋਲਦਾ ਹੈ, ਉੱਥੇ ਅਜੇਹੇ ਮਨੁੱਖ ਬਹੁਤ ਹੀ ਥੋੜ੍ਹੇ ਹਨ, ਜੋ ਇਹ ਖੋਜ ਕਰਨ ਦਾ ਯਤਨ ਕਰਨ ਕਿ ਮਨੁੱਖ ਤੇ ਉਸ ਦੇ ਜੀਵਨ ਦਾ ਪ੍ਰਯੋਜਨ (ਮਨੋਰਥ) ਅਸਲ ਵਿਚ ਕੀ ਹੈ। ਇਸ ਅਣਗਹਿਲੀ ਨੂੰ ਤੱਕ ਕੇ ਹੀ ਮਹਾਨ ਕਵੀ ਭਾਈ ਨੰਦ ਲਾਲ ਜੀ ਨੇ ਕਿਹਾ ਹੈ :

ਯਕ ਦਮ ਬਖ਼ੇਸ਼ ਰਾਹ ਬੁਰਦਮ, ਕਿ ਕੀਤਮ,

ਵਾਏ ਨਕਦੇ ਜ਼ਿੰਦਗੀਅਮ, ਰਾਇਗਾਂ ਗੁਜ਼ਸ਼ਤਪ੍ਰੀਤ ਰੀਤਿ

ਭਾਵ ਇਕਦਮ ਸੋਚ ਨੇ ਅਪਨੀ ਕੀਤੀ, ਕੌਨ ਤੇ ਕਿਉਂਕਰ ਆਇਆ ਹਾਂ। ਐਵੇਂ ਪੂੰਜੀ ਉਮਰ ਗਵਾ ਕੇ, ਮਹਾਂ ਸ਼ੋਕ ਪਛਤਾਇਆ ਹਾਂ ?

ਗੱਲ ਕੀ, ਆਪੇ ਦੀ ਵੀਚਾਰ ਜਗਤ ਵਿਚ ਘਟ ਰਹੀ ਹੈ, ਅੱਜ ਦਾ ਵਿਗਿਆਨੀ ਮਾਦੇ ਨੂੰ ਫੋਲ ਰਿਹਾ ਹੈ, ਪ੍ਰਕਿਰਤੀ ਦੇ ਭੇਦ ਪਹਿਚਾਣ ਰਿਹਾ ਹੈ ਤੇ ਉਸ ਨੂੰ ਹੀ ਪ੍ਰਧਾਨ ਪਦ ਦੇ ਕੇ, ਮਨੁੱਖੀ ਜੀਵਨ ਨੂੰ ਪ੍ਰਕਿਰਤਿਕ ਸਾਂਚੇ ਵਿਚ ਢਾਲੀ ਜਾਂਦਾ ਹੈ। ਜਿਸ ਕਰਕੇ ਮਨੁੱਖੀ ਮਨ ਦਾ ਰੁਖ਼ ਪ੍ਰਕਿਰਤਿਕ ਹੋ ਰਿਹਾ ਹੈ, ਪਰ ਅਸਲੀਅਤ ਤੇ ਕੁਝ ਹੋਰ ਸੀ, ਪ੍ਰਕਿਰਤੀ ਤਾਂ ਮਨੁੱਖ ਦੀ ਸੇਵਕ ਸੀ; ਪ੍ਰਾਚੀਨ ਗ੍ਰੰਥਾਂ ਵਿਚ ਲਿਖਿਆ ਹੈ ਕਿ ਮਨੁੱਖ; ਭਗਵਾਨ ਦਾ ਤੇ ਪ੍ਰਕਿਰਤੀ; ਲਕਸ਼ਮੀ ਦਾ ਅਵਤਾਰ ਹੈ। ਜਿਸ ਤਰ੍ਹਾਂ ਲਕਸ਼ਮੀ; ਭਗਵਾਨ ਦੇ ਚਰਨ ਝੱਸ ਰਹੀ ਹੈ :

ਜਿਸ ਸੇਵਾ ਕੀ ਸੇਜ ਪੈ ਸੈਨ ਕੀਆ, ਪਦ ਕੋਮਲ ਕੋ ਮਲਤੀ ਕਮਲਾਹੀਭਰਥਰੀ ਹਰੀ

ਉਸੇ ਤਰ੍ਹਾਂ ਹੀ ਪ੍ਰਕਿਰਤੀ; ਮਨੁੱਖ ਦੀ ਸੇਵਾ ਲਈ ਹੈ। ਜੇ ਕਦੀ ਪ੍ਰਕਿਰਤੀ ਦੇ ਤੱਤਾਂ, ਪੌਣ-ਪਾਣੀ ਤੇ ਵਾਯੂ ਤੋਂ ਪੁੱਛ ਕੀਤੀ ਜਾਵੇ, ਤਾਂ ਉੱਤਰ ਮਿਲੇਗਾ : ‘ਖੇਤੀਆਂ ਤੇ ਰੁੱਖ ਉਗਾਉਣੇ ਅਤੇ ਖੇਤੀਆਂ ਤੇ ਪਸ਼ੂਆਂ ਦੀ ਹੋਂਦ ਦਾ ਅਰਥ, ਪਸ਼ੂ ਪੰਛੀ ਨੂੰ ਖ਼ੁਰਾਕ ਦੇਣਾ ਪ੍ਰਤੱਖ ਹੀ ਹੈ’, ਪਸ਼ੂ ਪੰਛੀ ਸਾਰੀ ਉਮਰ ਮਨੁੱਖ ਦੀ ਸੇਵਾ ਵਿਚ ਲੱਗੇ ਰਹਿੰਦੇ ਹਨ। ਗੱਲ ਕੀ, ਪੌਣ-ਪਾਣੀ ਤੇ ਅਗਨ ਵਾਯੂ ਮਨੁੱਖ ਦੀਆਂ ਖੇਤੀਆਂ ਪਕਾਣ ਲਈ ਅਤੇ ਪਸ਼ੂ-ਪੰਛੀ ਉਸ ਦੀ ਖ਼ਿਦਮਤ ਕਰਨ ਲਈ ਜਦੋਂ ਸਾਹਮਣੇ ਦਿਸ ਆ ਰਹੇ ਹਨ, ਤਾਂ ਸਾਫ਼ ਪਤਾ ਲੱਗਦਾ ਹੈ ਕਿ ਮਨੁੱਖ ਇਨ੍ਹਾਂ ਤੋਂ ਉਚੇਰਾ ਹੈ ਤੇ ਜੇ ਉਚੇਰਾ ਹੈ, ਤਾਂ ਉਸ ਦਾ ਜੀਵਨ ਮਨੋਰਥ ਭੀ ਕੁਝ ਉਚੇਰਾ ਹੋਣਾ ਚਾਹੀਦਾ ਹੈ, ਐਵੇਂ ਤਾਂ ਕਵੀ ਨੇ ਨਹੀਂ ਕਿਹਾ :

ਬਨਾਇਆ ਐ ਜ਼ਫ਼ਰ ਖ਼ਾਲਿਕ ਨੇ ਕਬ ਇਨਸਾਨ ਸੇ ਬੜ੍ਹ ਕਰ, ਮਲਿਕ ਕੋ ਦੇਵ ਕੋ ਜਿੰਨ ਕੋ ਪਰੀ ਕੋ ਹੂਰ ਗ਼ਿਲਮਾਂ ਕੋ।

ਕਵੀ ਦੀ ਕੀ ਗੱਲ, ਅਰਸ਼ੀ ਬਾਣੀ ਵਿਚ ਭੀ ਆਇਆ ਹੈ, ‘‘ਅਵਰ ਜੋਨਿ ਤੇਰੀ ਪਨਿਹਾਰੀ   ਇਸੁ ਧਰਤੀ ਮਹਿ ਤੇਰੀ ਸਿਕਦਾਰੀ ’’ (ਮਹਲਾ , ਪੰਨਾ ੩੭੪)

ਪੁਰਾਣੀਆਂ ਪੁਸਤਕਾਂ ਵਿਚ ਮਨੁੱਖ ਨੂੰ ਬ੍ਰਹਮ ਦੀ ਅੰਸ਼ ਅਤੇ ਖ਼ੁਦਾ ਦਾ ਖ਼ਲੀਫ਼ਾ (ਮੁਹੰਮਦ ਸਾਹਿਬ ਦੀ ਮੌਤ ਤੋਂ ਬਾਅਦ ਜੋ ਉਨ੍ਹਾਂ ਦੀ ਵਿਚਾਰਧਾਰਾ ਨੂੰ ਅੱਗੇ ਵਧਾਉਂਦਾ ਸੀ ਉਸ ਨੂੰ ਖ਼ਲੀਫ਼ਾ ਕਿਹਾ ਜਾਂਦਾ ਹੈ, ਜੋ ਇਸਲਾਮ ’ਚ 4 ਹੋਏ ਹਨ। ਮਾਰਚ 1924 ਤੋਂ ਇਹ ਪ੍ਰੰਪਰਾ ਖ਼ਤਮ ਕਰ ਦਿੱਤੀ ਗਈ) ਕਰ ਕੇ ਲਿਖਿਆ ਹੈ। ਫ਼ਰਿਸ਼ਿਤਆਂ ਨੂੰ ਭੀ ਇਸ ਦੇ ਅੱਗੇ ਸਿਜਦਾ ਕਰਨ ਦਾ ਹੁਕਮ ਹੋਇਆ ਸੀ। ਹੁਣ ਸੋਚਣਾ ਚਾਹੀਦਾ ਹੈ ਕਿ ਪ੍ਰਕਿਰਤੀ ਦੇ ਮਾਲਕ ਤੇ ਜਾਨਦਾਰਾਂ ਦੇ ਸਰਦਾਰ ਦਾ ਜੀਵਨ ਜੇ ਕੇਵਲ ਪ੍ਰਕਿਰਤਿਕ ਹੀ ਹੋ ਜਾਵੇ ਤਾਂ ਉਹ ਸਫਲ ਹੋ ਸਕਦਾ ਹੈ ? ਅੱਜ-ਕੱਲ੍ਹ ਦਾ ਨਾਸਤਕ ਮਨੁੱਖ, ਨੌਜਵਾਨ ਨੂੰ ਕੇਵਲ ਪ੍ਰਕਿਰਤਿਕ ਜੀਵਨ ਵੱਲ ਹੀ ਪ੍ਰੇਰ ਰਿਹਾ ਹੈ; ਕੋਈ ਉਸ ਨੂੰ ਪੁੱਛੇ ਕਿ ਜਦ ਖਾਣ-ਪੀਣ ਤੇ ਪਹਿਨਣ ਕੇਵਲ ਜੀਵਨ ਨੂੰ ਕਾਇਮ ਰੱਖਣ ਲਈ ਹਨ ਤਾਂ ਫਿਰ ਜੀਵਨ ਖ਼ੁਦ ਕਾਹਦੇ ਲਈ ਹੈ  ? ਜੇ ਖਾਈਏ ਪੀਏ ਅਤੇ ਜਿਊਂਦੇ ਰਹੀਏ, ਪਰ ਜੇ ਜੀਵੀਏ ਤਾਂ ਕਰੀਏ ਕੀ  ? ਜ਼ਰਾ ਇਸ ’ਤੇ ਵਿਚਾਰ ਕਰੀਏ। ਕੀ ਸਾਡੀ ਜੀਵਨ-ਯਾਤਰਾ ਦਾ ਅੰਤ ਖਾਣ ਵਾਲੇ ਕਮਰੇ ਦੀ ਮੇਜ਼ ’ਤੇ ਹੀ ਹੋ ਜਾਣਾ ਹੈ  ? ਕੀ ਸ੍ਰਿਸ਼ਟੀ ਦੀ ਸਾਰੀ ਵਸੋਂ ਦੇ ਸਿਰਦਾਰ ਹਾਕਮ ਦਾ ਜੀਵਨ ਮਨੋਰਥ ਤਵੇ, ਪਰਾਤ ਵਿਚ ਹੀ ਜਾ ਮੁੱਕਣਾ ਹੈ  ? ਜੇਕਰ ਨਹੀਂ ਤਾਂ ਫਿਰ ਉਸ ਗੱਲ ਦੀ ਖੋਜ ਕਿਉਂ ਨਾ ਕੀਤੀ ਜਾਵੇ, ਜਿਸ ਨੂੰ ਜੀਵਨ ਦੇ ਢੂੰਡਾਊਆਂ ਨੇ ਉਮਰਾਂ ਖ਼ਰਚ ਕੇ ਲੱਭਿਆ ਹੈ। ਜੀਵਨ ਦਾ ਕੇਵਲ ਪ੍ਰਕਿਰਤਿਕ ਅੰਗ ਕੋਈ ਬੜੀ ਉੱਚੀ ਚੀਜ਼ ਨਹੀਂ ਤੇ ਜੇ ਉਸ ਨੂੰ ਉੱਚੀ ਮੰਨ ਭੀ ਲਈਏ ਤਾਂ ਉਸ ਵਿਚ ਮਨੁੱਖ ਨੂੰ ਸਫਲਤਾ ਭੀ ਨਹੀਂ ਹੋ ਸਕਦੀ ਕਿਉਂਕਿ ਖਾਣ-ਪੀਣ, ਪਹਿਨਣ ਤੇ ਸੰਤਾਨ ਪੈਦਾ ਕਰਨ ਵਿਚ ਤਾਂ ਮਨੁੱਖ, ਪਸ਼ੂ ਦੀ ਬਰਾਬਰੀ ਕਰ ਹੀ ਨਹੀਂ ਸਕਦਾ। ਕੀ ਅਸੀਂ ਨਹੀਂ ਜਾਣਦੇ ਕਿ ਦੁਨੀਆ ਵਿਚ ਸਭ ਤੋਂ ਸੋਹਣਾ, ਸਾਫ਼ ਤੇ ਸਵਾਦਲਾ ਦੁੱਧ ਗਊਆਂ ਦੇ ਵੱਛੇ ਹੀ ਪੀਂਦੇ ਹਨ। ਵੱਡੇ ਵੱਡੇ ਬਾਗ਼ ਲੱਦ ਕੇ ਤੇ ਘਾਲਾਂ ਘਾਲ ਕੇ ਭੀ ਮਨੁੱਖ ਤੋਤਿਆਂ ਤੇ ਗਾਹਲੜਾਂ ਵਾਂਗ ਮੇਵੇ ਨਹੀਂ ਖਾ ਸਕਦਾ। ਕਿਸੇ ਵੱਡੇ ਰਾਜ ਦੀ ਮਲਕਾ ਭੀ ਆਪਣੇ ਬੱਚਿਆਂ ਨੂੰ ਮੋਰਾਂ ਵਰਗੀ ਸੋਹਣੀ, ਮੁਲਾਇਮ ਤੇ ਚਮਕੀਲੀ ਪੁਸ਼ਾਕ ਨਹੀਂ ਪੁਆ ਸਕਦੀ। ਚੇਸ਼ਟਾ ਤੇ ਸੰਤਾਨ-ਉਤਪਤੀ ਵਿਚ ਮਨੁੱਖ ਕੁੱਤਿਆਂ ਤੇ ਸੂਰਾਂ ਦੀ ਬਰਾਬਰੀ ਨਹੀਂ ਕਰ ਸਕਦਾ, ਫਿਰ ਜਦ ਇਸ ਪਹਿਲੂ ਵਿਚ ਸਾਹਮਣੇ ਹਾਰ ਹੀ ਹਾਰ ਹੈ ਤਾਂ ਇਹ ਵਿਚਾਰੇ ਕਿਉਂ ਨਾ ਕਿ ਮੇਰਾ ਅਸਲ ਕਰਤਵ ਕੀ ਹੈ  ? ਜੀਵਨ ਦੀ ਅਸਲੀਅਤ ਨੂੰ ਪਛਾਣੇ ਬਿਨਾ, ਮਨੁੱਖ ਨੂੰ ਠੋਕਰਾਂ ਹੀ ਹਨ ਤੇ ਅੱਜ ਦੀਆਂ ਵਧੀਆਂ ਹੋਈਆਂ ਠੋਕਰਾਂ ਪੁਕਾਰ ਪੁਕਾਰ ਕੇ ਕਹਿ ਰਹੀਆਂ ਹਨ ਕਿ ਮਨੁੱਖ ਜੀਵਨ-ਅਸਲੀਅਤ ਨੂੰ ਭੁੱਲ ਰਿਹਾ ਹੈ, ਤਾਂ ਹੀ ਦੁੱਖਾਂ ਨਾਲ ਗ੍ਰਸਿਆ ਪਿਆ ਹੈ। ਜੇ ਅਸਲੀਅਤ ਵੱਲ ਗਹੁ ਕਰੀਏ ਤਾਂ ਪਤਾ ਲੱਗਦਾ ਹੈ ਕਿ ਮਨੁੱਖ ਇਸ ਜੀਵਨ ਦੇ ਮੈਦਾਨ ਵਿਚ ਰੋਕਾਂ ਤੇ ਅਟਕਾਂ ਨਾਲ ਮੁਕਾਬਲਾ ਕਰਨ ਲਈ ਬਣਿਆ ਹੈ। ਸਾਹਮਣੇ ਆਈਆਂ ਔਕੜਾਂ ਨੂੰ ਜਿੱਤਣਾ ਤੇ ਉਨ੍ਹਾਂ ਤੋਂ ਲੰਘ ਅਗਾਂਹ ਟੁਰਨਾ ਹੀ ਇਸ ਦਾ ਕਰਤੱਵ ਹੈ। ਅਸਲ ਵਿਚ ਇਸੇ ਕਰਤੱਵ ਨੂੰ ਸਮਝਣ ਦਾ ਨਾਮ ਹੀ ਮਜ਼੍ਹਬ ਹੈ।

ਪਰ ਮੁਸ਼ਕਲ ਇਹ ਬਣ ਰਹੀ ਹੈ ਕਿ ਅੱਜ ਦਾ ਮਨੁੱਖ ਅਸਲੀਅਤ ਤੋਂ ਥਿੜਕ ਰਿਹਾ ਹੈ। ਜੀਵਨ ਸੰਗ੍ਰਾਮ ਵਿਚ ਉਹ ਇਕ-ਰੁਖ਼ਾ ਹੋ ਕੇ ਹਾਰ ਰਿਹਾ ਹੈ। ਉਸ ਦੀ ਅਵਸਥਾ ਨੂੰ ਸਮਝਣ ਲਈ, ਇਉਂ ਜਾਣ ਲੈਣਾ ਚਾਹੀਦਾ ਹੈ, ‘ਕਿਤੇ ਨੇਜ਼ੇ-ਬਾਜ਼ੀ ਦਾ ਮੁਕਾਬਲਾ ਹੋਣ ਵਾਲਾ ਸੀ ਤੇ ਗੱਭਰੂਆਂ ਤਕ ਖ਼ਬਰ ਪਹੁੰਚਾ ਦਿੱਤੀ ਗਈ ਕਿ ਫਲਾਣੇ ਦਿਨ ਤੇ ਥਾਂ ਉੱਤੇ ਮੁਕਾਬਲਾ ਹੋਵੇਗਾ; ਜਿਹੜੇ ਛੈਲ, ਕਿੱਲੇ ਪੁੱਟ ਖੜਨਗੇ ਉਨ੍ਹਾਂ ਨੂੰ ਸਿਰੋਪੇ ਮਿਲਣਗੇ। ਹੁਣ ਤਿਆਰੀ ਸ਼ੁਰੂ ਹੋਈ। ਸਿਆਣਿਆਂ ਨੇ ਜਾਣ ਲਿਆ ਕਿ ਇਸ ਖੇਲ ਵਿਚ ਕਾਮਯਾਬ ਹੋਣ ਲਈ ਪੱਕੇ ਹੋਏ ਘੋੜੇ ਤੇ ਬਲੀ ਸਵਾਰ ਦੀ ਲੋੜ ਹੈ, ਕਿਉਂਕਿ ਜੇ ਘੋੜਾ ਮਜ਼ਬੂਤ ਹੋਇਆ ਤੇ ਸਵਾਰ ਨਿਰਬਲ, ਤਾਂ ਵਾਗਾਂ ਥੰਮ੍ਹਣ ਖੁਣੋਂ ਬੇਵੱਸ ਹੋਇਆ ਘੋੜਾ, ਕਿੱਲਾ ਪੁੱਟਣ ਦੀ ਥਾਂ, ਸਵਾਰ ਨੂੰ ਕਿਸੇ ਰੁੱਖ ਨਾਲ ਮਾਰ ਜਾਂ ਗੜ੍ਹੇ ਵਿਚ ਸੁੱਟ ਕੇ ਖ਼ਤਮ ਕਰ ਦੇਵੇਗਾ। ਜੇ ਨਿਰਾ ਸਵਾਰ ਬਲੀ ਹੋਇਆ ਤੇ ਘੋੜਾ ਕਮਜ਼ੋਰ, ਤਾਂ ਘੋੜੇ ਦੇ ਭੱਜਣ ਤੋਂ ਅਸਮਰਥ ਹੋਣ ਦੇ ਕਾਰਨ ਬਾਜ਼ੀ ਹਾਰ ਜਾਏਗੀ। ਇਸ ਲਈ ਸੁਘੜਾਂ ਨੇ ਹਿੰਮਤ ਕਰ ਕੇ ਆਪ ਵੀ ਖ਼ੁਰਾਕਾਂ ਖਾਧੀਆਂ ਤੇ ਘੋੜਿਆਂ ਨੂੰ ਵੀ ਰਾਤਬ (ਨਿੱਤ ਦੀ ਚੰਗੀ ਖ਼ੁਰਾਕ) ਦਿੱਤੇ, ਤਿਆਰ ਹੋਏ ਤੇ ਵੇਲੇ ਸਿਰ ਕਿੱਲੇ ਪੁੱਟ, ਇੱਜ਼ਤਾਂ ਪਾਈਆਂ। ਪਰ ਅਭਾਗੇ ਮਤਹੀਣਾਂ ਨੇ ਇਹ ਸਹੀ ਰਸਤਾ ਛੱਡ, ਇਕ ਪਾਸੇ ਹੀ ਵਧੇਰੇ ਰੁਖ਼ ਕਰ ਲਿਆ। ਕੁਝ ਤਾਂ ਆਪ ਖ਼ੁਰਾਕਾਂ ਖਾ ਬਲੀ ਬਣ ਬੈਠੇ ਤੇ ਘੋੜਿਆਂ ਨੂੰ ਕਮਜ਼ੋਰ ਕਰ ਲਿਆ ਤੇ ਕਈਆਂ ਨੇ ਘੋੜਿਆਂ ਨੂੰ ਪਾਲ ਕੇ ਆਪਣਾ ਆਪ ਨਿਰਬਲ ਕਰ ਲਿਆ। ਇਹ ਦੋਵੇਂ ਸ਼੍ਰੇਣੀਆਂ ਹੀ ਅਸਫਲ ਰਹੀਆਂ। ਕਿਸੇ ਤੋਂ ਤਾਂ ਬਲੀ ਘੋੜਿਆਂ ਦੀਆਂ ਵਾਗਾਂ ਨਾ ਸੰਭਾਲੀਆਂ ਗਈਆਂ ਤੇ ਖੁੱਡਾਂ ਵਿਚ ਡਿੱਗ ਮੋਏ ਤੇ ਕਿਸੇ ਦੇ ਮਰੀਅਲ ਟੱਟੂ ਨਾ ਭੱਜ ਸਕੇ।’

ਇਸੇ ਤਰ੍ਹਾਂ ਜੀਵਨ ਦੀ ਨੇਜ਼ਾ-ਬਾਜ਼ੀ ਦੇ ਮੈਦਾਨ ਵਿਚ, ਜਿੱਥੇ ਪੁਰਾਣਾ ਤਪੀ, ਘੋੜੇ ਨੂੰ ਕਮਜ਼ੋਰ ਕਰ ਜੀਵਨ ਨੂੰ ਅਸਫਲ ਬਣਾ ਰਿਹਾ ਸੀ, ਉੱਥੇ ਹੁਣ ਦਾ ਪ੍ਰਕਿਰਤਿਕ ਮਨੁੱਖ; ਘੋੜੇ ਨੂੰ ਬਲੀ ਜਦਕਿ ਸਵਾਰ ਨੂੰ ਕਮਜ਼ੋਰ ਕਰ ਜੀਵਨ-ਯਾਤਰਾ ਨੂੰ ਅਸਫਲ ਕਰ ਰਿਹਾ ਹੈ। ਲੋੜ ਤਾਂ ਇਹ ਸੀ ਕਿ ਜੀਵਨ ਦੇ ਦੋਵੇਂ ਹੀ ਪਹਿਲੂ ਪੂਰੇ ਰਹਿੰਦੇ, ਘੋੜਾ ਭੀ ਦੌੜਦਾ ਤੇ ਸਵਾਰ ਭੀ ਚੁਸਤ ਰਹਿੰਦਾ ਤਾਂ ਗੱਲ ਬਣਦੀ। ਪਰ ਬਣਦੀ ਤਾਂ, ਜੇ ਪਹਿਲਾਂ ਸੋਚ ਸਹੀ ਕੀਤੀ ਜਾਂਦੀ। ਸੁੱਖ ਦੀ ਲਾਲਸਾ ਕੁਦਰਤੀ ਹੈ, ਪਰ ਉਸ ਦੀ ਪ੍ਰਾਪਤੀ ਵਿਚਾਰ ਬਿਨਾ ਨਹੀਂ ਹੋ ਸਕਦੀ। ਉਂਜ ਤਾਂ ਘਰ ਘਰ ਵਿਚ ਹੀ ਸੁੱਖ ਦੀ ਤਲਬ ਹੋ ਰਹੀ ਹੈ, ਪਰ ਨਿਰੀ ਤਲਬ ਨਾਲ ਹੀ ਤਾਂ ਮਤਲਬ ਨਹੀਂ ਲੱਭ ਜਾਂਦਾ। ਜ਼ਰਾ ਇਕ ਕਿਸਾਨ ਦੇ ਘਰ ਵੱਲ ਤੱਕੋ, ਉਹ ਘਰ ਵਾਲਾ ਤੜਕਸਾਰ ਹੀ ਹਲ ਜੋ ਕੇ ਖੇਤ ਨੂੰ ਲੈ ਗਿਆ ਹੈ, ਸਵਾਣੀ ਨੇ ਚੱਕੀ ਝੋ ਦਿੱਤੀ, ਕੁੜੀ ਰੇੜਕੇ ਦੇ ਆਹਰ ਲੱਗ ਗਈ, ਘੜੀ ਪਿੱਛੋਂ ਮੁੰਡਾ ਊਠ, ਪਸ਼ੂ ਖੋਲ੍ਹ ਕੇ ਜੂਹ ਨੂੰ ਟੁਰ ਪਿਆ। ਘਰ ਦੇ ਜਿੰਨੇ ਵਸਨੀਕ, ਓਨੇ ਹੀ ਕੰਮ। ਇਕ ਦਾ ਹਲ, ਦੂਜੇ ਦੀ ਚੱਕੀ, ਤੀਜੇ ਦਾ ਰੇੜਕਾ ਤੇ ਚੌਥੇ ਦਾ ਪਸ਼ੂ ਚਰਾਣਾ, ਪਰ ਮਨੋਰਥ ਸਭ ਦੇ ਸਾਹਮਣੇ ਸੁੱਖ ਹੀ ਸੀ। ਕਿਸਾਨ ਨੇ ਹਲ ਇਸ ਲਈ ਜੋਇਆ ਕਿ ਖੇਤੀ ਬੀਜੇ, ਘਰ ਦਾਣੇ ਆਉਣ ਤੇ ਛਕੀਏ, ਛਕਾਈਏ ਤੇ ਸੁੱਖ ਹੋਵੇ। ਕੁੜੀ ਦਾ ਰੇੜਕਾ, ਮੱਖਣ ਦੀ ਪ੍ਰਾਪਤੀ ਤੇ ਸੁੱਖ ਪ੍ਰਾਪਤੀ ਕਰਨ ਲਈ। ਗੱਲ ਕੀ, ਸਾਰਿਆਂ ਦੇ ਸਾਹਮਣੇ ਇਕੋ ਸੁੱਖ ਹੀ ਨਿਸ਼ਾਨਾ ਹੈ। ਇਕ ਸੁੱਖ ਦੀ ਉਡੀਕ ਹੀ ਕਈ ਰੂਪ ਧਾਰ ਕੇ ਉਨ੍ਹਾਂ ਦੇ ਕੰਮਾਂ ਵਿਚ ਵਾਪਰ ਰਹੀ ਹੈ, ਪਰ ਸੁੱਖ ਮਿਲਦਾ ਤਾਂ ਹੀ ਹੈ ਜੇ ਸਾਰੇ ਆਪੋ ਆਪਣੇ ਆਹਰ ਲੱਗੇ ਰਹਿਣ ਤੇ ਜੇ ਇਕ ਜਣਾ ਕੰਮ ਵਧ ਕੇ ਕਰੀ ਜਾਵੇ ਤੇ ਦੂਜਾ ਸੁਸਤ ਰਹੇ ਤਾਂ ਕੰਮ ਸਿਰੇ ਨਹੀਂ ਚੜ੍ਹ ਸਕਦਾ। ਜੇ ਕਿਸਾਨ ਵੇਲੇ ਸਿਰ ਹਲ ਵਾਹੇ, ਪਰ ਸਵਾਣੀ ਵੇਲੇ ਸਿਰ ਰੋਟੀ ਨਾ ਪਹੁੰਚਾਵੇ ਤਾਂ ਮਨੋਰਥ ਦੀ ਪ੍ਰਾਪਤੀ ਕਿੱਥੇ  ! ਇਸੇ ਤਰ੍ਹਾਂ ਹੀ ਇਕ ਘਰ ਦੀ ਕੀ ਗੱਲ, ਸਾਰੇ ਸੰਸਾਰ ਦਾ ਨਜ਼ਾਰਾ ਚੱਲ ਰਿਹਾ ਹੈ। ਸੁੱਖ ਦੀ ਤਲਾਸ਼ ਵਿਚ ਹੀ ਕੌਮਾਂ, ਦੇਸਾਂ ਪ੍ਰਦੇਸਾਂ ਦੇ ਪੈਂਡੇ ਮਾਰਦੀਆਂ, ਜੰਗਲਾਂ, ਪਹਾੜਾਂ ਤੇ ਬਣਾਂ ਨੂੰ ਗਾਂਹਦੀਆਂ ਤੇ ਸਾਗਰਾਂ ਨੂੰ ਚੀਰ ਚੀਰ ਕੇ ਪਾਰ ਜਾਂਦੀਆਂ ਹਨ।

ਜਹਾਜ਼, ਮਹਾਨ ਅਸ਼ਾਂਤ ਸਾਗਰ ਦੀਆਂ ਜੋਸ਼ ਭਰੀਆਂ ਲਹਿਰਾਂ ਨਾਲ ਹੱਥੋਪਾਈ ਕਿਉਂ ਕਰਦੇ ਹਨ  ? ਅਫ਼ਰੀਕਾ ਦੇ ਰੇਤ-ਥਲ, ਬਣ ਤੇ ਗ਼ੈਬੁਲ ਜੰਗਲਾਂ ਨੂੰ ਕਿਉਂ ਗਾਹਿਆ ਜਾਂਦਾ ਹੈ ? ਕੇਵਲ ਸੁੱਖ ਦੀ ਪ੍ਰਾਪਤੀ ਲਈ, ਪਰ ਇਹ ਪ੍ਰਾਪਤੀ ਤਾਂ ਹੋ ਸਕਦੀ ਹੈ ਜੇ ਹਰ ਇਕ ਕਾਮਾ ਆਪਣੀ ਆਪਣੀ ਥਾਂ ’ਤੇ ਕੰਮ ਕਰੀ ਜਾਏ। ਇਹੀ ਹਾਲਤ ਮਨੁੱਖੀ ਜੀਵਨ ਦੀ ਹੈ। ਮਨੁੱਖੀ ਜੀਵਨ ਦਾ ਸਹੀ ਮਨੋਰਥ ਲੱਭਿਆ ਜਾਂਦਾ ਤਾਂ ਪਤਾ ਲੱਗਦਾ ਕਿ ਕੇਵਲ ਪ੍ਰਕਿਰਤਿਕ ਅੰਗ ਵਲ ਰੁਚੀ ਦੇ ਦੇਣ ਨਾਲ ਹੀ ਜੀਵਨ- ਮਨੋਰਥ ਦੀ ਸਿੱਧੀ ਨਹੀਂ ਹੋ ਸਕਦੀ। ਇਹ ਜੀਵਨ ਤਾਂ ਪਸ਼ੂਆਂ ਦਾ ਸੀ। ਮਨੁੱਖ ਤਾਂ ਉਨ੍ਹਾਂ ਦਾ ਸਰਦਾਰ ਹੈ। ਸਰਦਾਰ ਉਚੇਰਾ ਹੁੰਦਾ ਹੈ ਤੇ ਉਚੇਰੇ ਦਾ ਨਿਸ਼ਾਨਾ ਭੀ ਉਚੇਰਾ ਹੋਣਾ ਚਾਹੀਦਾ ਹੈ। ਇਸ ਲਈ ਇਸ ਦਾ ਸੁੱਖ ਭੀ ਕਿਸੇ ਉਚੇਰੇ ਟਿਕਾਣੇ ’ਤੇ ਹੈ। ਜੇ ਉਹ ਨਹੀਂ ਲੱਭਦਾ ਤਾਂ ਇਹ ਜ਼ਰੂਰ ਨਿਸ਼ਾਨੇ ਤੋਂ ਭਟਕਿਆ ਹੋਇਆ ਹੈ। ਇਹ ਤਾਂ ਪ੍ਰਤੱਖ ਗੱਲ ਹੈ ਕਿ ਮਨੁੱਖ ਨੂੰ ਅੱਜ ਸੁਖ ਨਹੀਂ ਲੱਭ ਰਿਹਾ, ਜੇ ਲੱਭ ਜਾਂਦਾ ਤਾਂ ਮਨੁੱਖ ਤੜਪਦਾ ਨਾ, ਕੂਕਾਂ ਨਾ ਪੈਂਦੀਆਂ, ਚੀਕਾਂ ਨਾ ਮਾਰਦਾ ਤੇ ਘਾਬਰਿਆ ਹੋਇਆ ਇਕ ਦੂਜੇ ਨੂੰ ਵੱਢਣ ਨਾ ਪੈਂਦਾ। ਫਿਰ ਕੌਮਾਂ ਕਿਉਂ ਚੜ੍ਹਾਈ ਕਰਦੀਆਂ। ਧਰਤ, ਸਾਗਰ ਤੇ ਆਕਾਸ਼ ਤੋਂ ਅੱਗ ਕਿਉਂ ਵਰ੍ਹਾਈ ਜਾਂਦੀ, ਇਕ ਦੂਜੇ ਦੇ ਘਰ ਕਿਉਂ ਫੂਕੇ ਜਾਂਦੇ, ਮਨੁੱਖ ਆਪਣੀ ਤਲਵਾਰ ਨਾਲ ਹੀ ਆਪਣੇ ਬੱਚਿਆਂ ਨੂੰ ਯਤੀਮ ਤੇ ਆਪਣੀਆਂ ਔਰਤਾਂ ਨੂੰ ਵਿਧਵਾ ਕਿਉਂ ਬਣਾਉਂਦਾ। ਸੱਚ ਪੁੱਛੋ ਤਾਂ ਉਹ ਦੁਖੀ ਹੈ। ਦੁਖੀ ਇਸੇ ਲਈ ਕਿ ਉਹ ਇਕ-ਰੁਖ਼ਾ ਹੋ ਟੁਰਿਆ ਹੈ, ਉਹ ਪ੍ਰਕਿਰਤਿਕ ਜੀਵਨ ਵੱਲ ਹੀ ਝੁਕ ਪਿਆ ਹੈ। ਉਸ ਨੇ ਪਸ਼ੂ ਨੂੰ ਪੀਰ ਬਣਾ ਲਿਆ ਹੈ ਤੇ ਮਾਇਆ ਦੇ ਮਗਰ ਲੱਗ ਟੁਰਿਆ ਹੈ, ਪਰ ਕੇਵਲ ਮਾਇਕੀ ਭੋਗਾਂ ਦੀ ਡੰਡੀ ’ਤੇ ਪਿਆ ਪਾਂਧੀ ਕਦੀ ਸੁੱਖਾਂ ਦੇ ਦੇਸ਼ ਨਹੀਂ ਅੱਪੜਿਆ। ਭੋਗੀ ਨੇ ਤਾਂ ਭੋਗ ਕਦੀ ਰੱਜ ਕੇ ਨਹੀਂ ਭੋਗੇ, ਸਦਾ ਭੋਗਾਂ ਨੇ ਹੀ ਭੋਗੀ ਨੂੰ ਭੋਗ ਕੇ ਖ਼ਤਮ ਕੀਤਾ ਹੈ। ਸੁੰਦਰੀਆਂ ਤਾਂ ਸਦਾ ਜਗਤ ਵਿਚ ਉਸੇ ਤਰ੍ਹਾਂ ਹਨ, ਪਰ ਉੱਠ ਗਿਆ ਵਾਜਦ ਅਲੀ ਸ਼ਾਹ ਲਖਨਊ ਵਾਲਾ। ਸ਼ਰਾਬ ਦੇ ਮੱਟ ਜਹਾਨ ਤੋਂ ਨਹੀਂ ਮੁੱਕੇ, ਮੁੱਕ ਗਿਆ ਮੁਹੰਮਦ ਸ਼ਾਹ ਰੰਗੀਲਾ। ਭੋਗ ਤਾਂ ਮੌਤ ਦਾ ਸੰਦੇਸ਼ ਹਨ। ਲਿਖਿਆ ਹੈ ਕਿ ਇਕ ਮਨੁੱਖ ਆਪਣੀ ਮੌਜ ’ਚ ਮਸਤ ਮੰਜੇ ’ਤੇ ਲੇਟਿਆ ਪਿਆ ਖ਼ਿਆਲੀ ਘੋੜੇ ਦੁੜਾ ਰਿਹਾ ਸੀ ਕਿ ਤ੍ਰਿਸ਼ਨਾ ਨੇ ਵਿਹਲਾ ਪਿਆ ਤੱਕ ਕੇ ਸੈਨਤ ਮਾਰੀ ਤੇ ਆਖਿਆ, ‘ਇਥੇ ਪਿਆ ਕੀ ਕਰਨਾ ਏਂ, ਆ ਮੇਰੇ ਨਾਲ ਟੁਰ, ਮੈਂ ਤੈਨੂੰ ਭੋਗ ਭੁਗਾਵਾਂ ਤੇ ਸੁਖਾਂ ਦੇ ਭੰਡਾਰ ਦੱਸਾਂ।’ ਉਹ ਕਹਿੰਦਾ ਹੈ :

ਕਲ ਹਵਸ ਕੁਛ ਇਸ ਤਰਹ ਤਰਗ਼ੀਬ ਦੇਤੀ ਥੀ ਮੁਝੇ,

ਕਿਆ ਹੀ ਮੁਲਕੇ ਰੂਮ ਹੋ, ਕੈਸੀ ਜ਼ਮੀਨੇ ਰੂਸ ਹੋ

ਗਰ ਮੁਯੱਸਰ ਹੋ ਦਿਲਾ, ਤੋ ਜ਼ਿੰਦਗੀ ਕੀਜੇ ਬਸਰ

ਇਸ ਤਰਫ਼ ਆਵਾਜ਼ੇ ਤਬਲ, ਉਸ ਜਾ ਸਦਾਏ ਕੌਸ ਹੋ

ਮਿਲ ਰਹਾ ਹੋ ਦਿਲ ਕਹੀਂ, ਰੰਗੀਂ ਪਰੀਰੂਓਂ ਕੇ ਸਾਥ,

ਹਾਥ ਪਰ ਹੋ ਜਾਮ ਉਨ ਕੇ, ਅਰ ਕਿਨਾਰੋ ਬੋਸ ਹੋ

ਭਾਵ ਉੱਦਮ-ਹੀਣ ਵਿਹਲੜ, ਸੁੱਖਾਂ ਦਾ ਚਾਹਵਾਨ ਮਨ, ਮੰਜੀ ’ਤੇ ਪਿਆ ਤ੍ਰਿਸ਼ਨਾ ਦੀ ਆਵਾਜ਼ ਸੁਣ ਰਿਹਾ ਸੀ, ਜੋ ਕਹਿ ਰਹੀ ਸੀ, ‘ਰੋਮ ਦਾ ਮੁਲਕ ਕਿੰਨਾ ਸੁਹਾਵਣਾ ਹੈ, ਰੂਸ ਦੀ ਜ਼ਮੀਨ ਕਿੰਨੀ ਵੱਡੀ ਹੈ, ਜੇ ਤੈਨੂੰ ਉਸ ਦਾ ਰਾਜ ਮਿਲ ਜਾਵੇ ਤਾਂ ਕਿੰਨੀਆਂ ਮੌਜਾਂ ਬਣ ਜਾਣ। ਕਿਧਰੇ ਤੇਰੇ ਅੱਗੇ ਤਬਲੇ ਸਾਰੰਗੀਆਂ ਵੱਜ ਰਹੀਆਂ ਹੋਣ ਤੇ ਕਿਤੇ ਤੇਰੀ ਫ਼ਤਹਿ ਦੇ ਨਗਾਰੇ ਗੁੰਜਾਰਾਂ ਪਾ ਰਹੇ ਹੋਣ। ਤੇਰਾ ਦਿਲ ਪ੍ਰਚਾਣ ਲਈ ਸੁੰਦਰ ਪਰੀਆਂ, ਹੱਥਾਂ ਵਿਚ ਸ਼ਰਾਬ ਦੇ ਪਿਆਲੇ ਭਰੀ ਤੇਰੀ ਬਗਲ ਵਿਚ ਬੈਠੀਆਂ ਹੋਣ, ਤਦ ਕੇਹਾ ਹੀ ਅਨੰਦ ਆਵੇ।’

ਇੰਨੇ ਵਿਚ ਇਕ ਮਧੁਰ ਜੇਹੀ ਆਵਾਜ਼ ਆਈ ਤੇ ਕਿਸੇ ਨੇ ਕਿਹਾ, ‘ਫਿਰ ਅਗਾਂਹ ਕੀ  ? ਜੀਵਨ ਕਿਥੇ ਜਾ ਮੁੱਕੇਗਾ  ?- ਇਹ ਆਵਾਜ਼ ਵੈਰਾਗ ਦੀ ਸੀ। ਇਸ ਨੇ ਤ੍ਰਿਸ਼ਨਾ ਦੇਵੀ ਦੇ ਮਸਤਕ ਨੂੰ ਝੰਜੋੜ ਕੇ ਕਿਹਾ ਕਿ ਜ਼ਰਾ ਅਗਾਂਹ ਤੇ ਟੂਰ, ਅਗਲਾ ਦ੍ਰਿਸ਼ ਤਾਂ ਵੇਖ ਜਾ। ਇਸ ਨੇ ਕੰਨ ਦਿੱਤੇ ਤਾਂ ਆਵਾਜ਼ ਆਈ :

ਬੋਲੀ ਇਬਰਤ ਚਲ ਤਮਾਸ਼ਾ ਇਕ ਦਿਖਾ ਲਾਊਂ ਤੁਝੇ,

ਤੂ ਜੋ ਇਤਨਾ ਆਜ ਕੈਦੇ ਹਵਸ ਕਾ ਮਾਨੂਸ ਹੈ

ਲੇ ਗਈ ਯਕ ਬਾਰਗੀ ਗੋਰੇ ਗ਼ਰੀਬਾਂ ਕੀ ਤਰਫ਼,

ਜਿਸ ਜਗਾ ਜਾਨੇ ਤਮੰਨਾ ਸੋ ਰਹੀ ਮਹਬੂਸ ਹੈ

ਮਰਕਦੇ ਦੋ ਤੀਨ ਦਿਖਲਾ ਕਰ ਉਸੇ ਕਹਿਨੇ ਲਗੀ,

ਯਹ ਸਕੰਦਰ ਹੈ, ਯਹ ਦਾਰਾ ਹੈ, ਯਹ ਕੈਕਾਊਸ ਹੈ

ਭਾਵ ਪ੍ਰਕਿਰਤਿਕ ਜੀਵਨ ਦੀਆਂ ਲਹਿਰਾਂ ਵਿਚ ਫਸਿਆ ਹੋਇਆ ਮਨੁੱਖ ਤਾਂ ਕੇਵਲ ਤ੍ਰਿਸ਼ਨਾ ਦੇ ਦੱਸੇ ਹੋਏ ਮਨੋਰੰਜਕ ਨਕਸ਼ਿਆਂ ਨੂੰ ਹੀ ਦੇਖ ਰਿਹਾ ਸੀ, ਪਰ ਉਸ ਨੂੰ ਇਹ ਪਤਾ ਨਹੀਂ ਸੀ ਕਿ ਅੰਤ ਨਿਮਾਣੀਆਂ ਗੋਰਾਂ (ਕਬਰਾਂ) ਵਿਚ ਹੀ ਹੋਣਾ ਹੈ ਤੇ ਜੇ ਏਦਾਂ ਹੀ ਟੁਰਿਆ ਗਿਆ ਤਾਂ ਉੱਥੇ ਹੀ ਜਾ ਪੁੱਜੇਗਾ ਜਿੱਥੇ ਦਾਰਾ, ਸਿਕੰਦਰ ਤੇ ਕਾਉਸ ਜਿਹੇ ਦੁਨੀਆ ਦੇ ਮਹਾਨ ਐਸ਼ਾਂ ਮਾਣਨ ਵਾਲੇ ਸ਼ਹਿਨਸ਼ਾਹ ਮਿੱਟੀ ਵਿਚ ਮਿਲੇ ਪਏ ਹਨ।

ਅੱਜ ਮਜ਼੍ਹਬ ਤੋਂ ਉਪਰਾਮ ਜੀਵਨ ਦਾ ਆਗੂ ਭੀ ਤ੍ਰਿਸ਼ਨਾ ਦੀ ਆਵਾਜ਼ ਨੂੰ ਹੀ ਦੁਹਰਾ ਰਿਹਾ ਹੈ। ਉਹ ਨੌਜਵਾਨ ਨੂੰ ਲੁਭਾਣ ਲਈ ਬਾਰ ਬਾਰ ਕਹਿੰਦਾ ਹੈ ਕਿ ਖਾ ਪੀ ਤੇ ਖ਼ੁਸ਼ ਹੋ, ਪਰ ਪਿੱਛਲੇ ਪਾਸਿਓਂ ਇਹ ਆਵਾਜ਼ ਭੀ ਆ ਰਹੀ ਹੈ ਕਿ ਅਸਾਂ ਕੱਲ੍ਹ ਨੂੰ ਮਰ ਜਾਣਾ ਹੈ। ਭਲਾ ਮੌਤ ਦੇ ਸੰਦੇਸ਼ ਨਾਲ ਕੰਨਾਂ ਦੇ ਰਸ ਕਿਸ ਤਰ੍ਹਾਂ ਆ ਸਕਦੇ ਹਨ। ਫਾਂਸੀ ਦੇ ਤਖ਼ਤੇ ’ਤੇ ਖਲੋਤੇ ਨੂੰ ਮਠਿਆਈਆਂ ਕਿਵੇਂ ਚੰਗੀਆਂ ਲੱਗਣ। ਪ੍ਰਕਿਰਤਿਕ ਜੀਵਨ ਤਾਂ ਭਾਵੇਂ ਉਹ ਕਿਤਨਾ ਭੀ ਚਮਕੀਲਾ ਕਿਉਂ ਨਾ ਹੋਵੇ, ਅੰਤ ਮੌਤ ਹੀ ਹੈ। ਇਕ ਕਲੀ ਜਿਹੜੀ ਨਵੀਂ ਨਵੀਂ ਟਹਿਣੀ ਤੋਂ ਛੁੱਟੀ ਸੀ, ਆਕੜ ਕੇ ਖਲੋਤੀ ਸੀ, ਉਸ ਨੇ ਕਿਧਰੇ ਇਤਫ਼ਾਕ ਨਾਲ ਤ੍ਰੇਲ ਦੇ ਤੁਬਕੇ ’ਚੋਂ ਆਪਣਾ ਜੋਬਨ ਤੱਕ ਲਿਆ। ਉਸ ਨੂੰ ਇਹ ਭਰਮ ਹੋ ਗਿਆ ਕਿ ਉਹ ਹੁਸੀਨ ਸੁੰਦਰੀ ਹੈ। ਲੱਗੀ ਆਕੜ ਆਕੜ ਕੇ ਖਲੋਣ। ਇੰਨੇ ਵਿਚ ਉਸ ਨੇ ਕੀ ਤੱਕਿਆ ਕਿ ਸਾਹਮਣੇ ਇਕ ਫੁੱਲ ਦੀਆਂ ਪੱਤੀਆਂ ਧਰਤੀ ’ਤੇ ਡਿੱਗ ਡਿੱਗ ਕੇ ਖ਼ਾਕ ਵਿਚ ਮਿਲ ਰਹੀਆਂ ਹਨ। ਕਲੀ ਨੇ ਘਬਰਾ ਕੇ ਫੁੱਲ ਤੋਂ ਪੁੱਛਿਆ ਕਿ ਤੇਰਾ ਜੋਬਨ ਮਿੱਟੀ ’ਚ ਕਿਉਂ ਮਿਲ ਰਿਹਾ ਹੈ ? ਤੂੰ ਕੀ ਗੁਨਾਹ ਕੀਤਾ ਹੈ ? ਫੁੱਲ ਨੇ ਕਿਹਾ ਕਿ ਕੁਝ ਨਹੀਂ, ਇਹ ਕੋਈ ਗੁਨਾਹ ਦੀ ਸਜ਼ਾ ਨਹੀਂ, ਇਹ ਤਾਂ ਕੁਦਰਤ ਦਾ ਸੁਭਾਵਕ ਹੀ ਗੁਣ ਹੈ, ਜੋ ਖਿੜਿਆ ਹੈ, ਉਹ ਕੁਮਲਾਏਗਾ, ਖੜੋਤਾ ਲੇਟੇਗਾ; ਇਸ ਜੀਵਨ ਦਾ ਇਹ ਹੀ ਅੰਤ ਹੈ, ਉਡੀਕ ’ਚ ਰਹਿਣਾ ਚਾਹੀਦਾ ਹੈ। ਇਹ ਚੱਕਰ ਨਾ ਕਿਸੇ ਤੋਂ ਟਲਿਆ ਹੈ, ਨਾ ਟਲੇਗਾ :

ਪੜੀ ਕਲੀ ਪੇ ਜੋ ਨਜ਼ਰ ਮੇਰੀ, ਵੋਹ ਗ਼ਰੂਰ ਸੇ ਸਰਮਸਤ ਥੀ,

ਕਹਾ ਏਕ ਫੂਲ ਨੇ ਟੂਟ ਕਰ, ਯੇਹ ਮਆਲੇ ਜੋਸ਼ੇ ਬਹਾਰ ਹੈ

ਅੱਜ ਦਾ ਨੌਜਵਾਨ ਮਨੁੱਖ ਭੀ ਜੀਵਨ-ਬਗ਼ੀਚੇ ਵਿਚ ਕਲੀ ਵਾਂਗ ਆਕੜ ਕੇ ਖਲੋਣਾ ਚਾਹੁੰਦਾ ਹੈ, ਪਰ ਇਸ ਪ੍ਰਕਿਰਤਿਕ ਖੇੜੇ ਨੂੰ ਤਾਂ ਅੰਤ ਮਿੱਟੀ ਵਿਚ ਮਿਲਣਾ ਹੀ ਪੈਂਦਾ ਹੈ ਤੇ ਮਿੱਟੀ ਵਿਚ ਮਿਲਣਾ ਜੀਵਨ-ਮਨੋਰਥ ਨਹੀਂ ਹੋ ਸਕਦਾ। ਫਿਰ ਉਹ ਕੀ ਹੈ ? ਇਸ ਦੀ ਢੂੰਡ ਤਾਂ ਹੀ ਹੋ ਸਕੇਗੀ ਜੇਕਰ ਮਨੁੱਖੀ ਜੀਵਨ ਦੀ ਸੱਚੀ ਪਹਿਚਾਣ ਹੋ ਸਕੇ। ਸਫਲ ਜਨਮ ਵਾਲੇ ਨੂੰ ਜੇਕਰ ਪੁੱਛਿਆ ਤਾਂ ਉਹਨੇ ਮਨੁੱਖੀ ਜੀਵਨ ਦਾ ਭੇਦ ਇਉਂ ਦੱਸਿਆ ਕਿ ਮਨੁੱਖੀ ਜੀਵਨ ਅਸਲ ਵਿਚ ਦੋ ਜਣਿਆਂ ਦੇ ਇਕੱਠ ਦਾ ਨਾਮ ਹੈ ‘‘ਜਲ ਕੀ ਭੀਤਿ, ਪਵਨ ਕਾ ਥੰਭਾ; ਰਕਤ ਬੁੰਦ ਕਾ ਗਾਰਾ   ਹਾਡ ਮਾਸ ਨਾੜਂੀ ਕੋ ਪਿੰਜਰੁ; ਪੰਖੀ ਬਸੈ ਬਿਚਾਰਾ ’’ (ਭਗਤ ਰਵਿਦਾਸ, ਪੰਨਾ ੬੫੯)

ਇਹ ਪਿੰਜਰੇ ਤੇ ਪੰਛੀ ਦਾ ਸਾਥ ਕਿਸੇ ਦੇ ਹੁਕਮ ਵਿਚ ਹੈ, ਤਾਂ ਹੀ ਤਾਂ ਆਪਸ ਵਿਚ ਪਿਆਰ ਪੈ ਗਿਆ। ਜਿੱਥੇ ਜਗਤ ਦੇ ਹੋਰ ਪਿੰਜਰੇ ’ਚ ਪਏ ਪੰਛੀ ਉਸ ਵਿਚੋਂ ਨਿਕਲਣ ਲਈ ਉਤਾਵਲੇ ਰਹਿੰਦੇ ਹਨ, ਉੱਥੇ ਇਸ ਪਿੰਜਰੇ ਦਾ ਪੰਛੀ ਇਸ ’ਚੋਂ ਨਿਕਲਣਾ ਚਾਹੁੰਦਾ ਹੀ ਨਹੀਂ। ਔਹ ਤੱਕ ਲਵੋ ਇਕ ਬੁੱਢੜੇ ਵੱਲ, ਜਿਸ ਦੀਆਂ ਅੱਖਾਂ ’ਚੋਂ ਪਾਣੀ ਵਗ ਵਗ ਕੇ ਜੋਤਨਾ ਧੁਪ ਚੁੱਕੀ ਹੈ। ਕਫ਼ ਰਾਹੀਂ ਸਰੀਰ ਦੀ ਚਰਬੀ ਭੀ ਥੱਕੀ ਜਾ ਚੁੱਕੀ ਹੈ। ਸਿਰ ਕੰਬਦਾ ਹੈ, ਬੋਲ ਥਿੜਕਦੇ ਤੇ ਪੈਰ ਡਗਮਗਾਂਦੇ ਹਨ, ਪਰ ਪਿੰਜਰ ਛੱਡਣ ਨੂੰ ਜੀਅ ਨਹੀਂ ਕਰਦਾ। ਹਕੀਮ ਕੋਲ ਬੈਠਾ ਕਹਿ ਰਿਹਾ ਹੈ, ‘ਮਨ ਆਈ ਫ਼ੀਸ ਲੈ ਲਵੋ, ਪਰ ਅਜੇਹੀ ਦਵਾ ਦਿਉ ਕਿ ਜਿਸ ਨਾਲ ਚਾਰ ਦਿਨ ਹੋਰ ਕੱਟ ਜਾਵਾਂ।’ ਇਸ ਪਿੰਜਰੇ ਦੀ ਪਾਬੰਦੀ ਕੇਹੀ ਪਿਆਰੀ ਹੈ। ਕਟਹਿਰੇ ਦੀ ਕੈਦ ਵਿਚੋਂ ਕੋਈ ਭੀ ਰਿਹਾਅ ਹੋਣਾ ਨਹੀਂ ਚਾਹੁੰਦਾ, ਪਰ ਓੜਕ ਹੋਣਾ ਹੀ ਪੈਂਦਾ ਹੈ। ਇਹ ਪਿੰਜਰਾ ਪੰਜ ਤੱਤਾਂ ਦਾ ਬਣਿਆ ਹੈ-ਮਿੱਟੀ ਹੈ, ਪਾਣੀ ਹੈ, ਅਗਨੀ ਹੈ, ਪੌਣ ਹੈ ਤੇ ਅਕਾਸ਼ ਹੈ। ਪੰਛੀ ਕੈਦ ਹੈ, ਇਸ ਦੀ ਜ਼ਾਤ ਭੀ ਹੋਊ। ਪ੍ਰਕਿਰਤੀ ਦੇ ਪੰਜ ਤੱਤਾਂ ਨੂੰ ਤਾਂ ਇੰਦ੍ਰੀਆਂ ਵਿਸ਼ਯ-ਭੋਗ ਕਰ ਲੈਂਦੀਆਂ ਹਨ, ਪਰ ਇਤਨਾ ਨਹੀਂ ਕਰ ਸਕਦੀਆਂ। ਕਰਨ ਭੀ ਕਿਵੇਂ, ਇਸ ਪਿੰਜਰੇ ਵਾਲੇ ਪੰਛੀ ਨੂੰ  ? ਹੁਣ ਜ਼ਰਾ ਵੇਖੋ, ਇਸ ਭੋਲੇ ਨੂੰ ਕਿੰਨਾ ਫ਼ਰੇਬ ਦਿੱਤਾ ਜਾ ਰਿਹਾ ਹੈ। ਜੀਵਨ-ਯਾਤਰਾ ਮੁੱਕ ਰਹੀ ਹੈ, ਜਿਸ ਦਿਨ ਪੈਂਡਾ ਮੁੱਕਾ, ਦੇਹ ਅੱਗ ਪਾਣੀ ਦੇ ਹਵਾਲੇ ਕੀਤੀ ਗਈ ਤਾਂ ਪਿੰਜਰਾ ਵੰਡਿਆ ਜਾਂਦਾ ਹੈ। ਮਿੱਟੀ, ਮਿੱਟੀ ਵਿਚ; ਅਗਨ, ਅਗਨ ਵਿਚ; ਪੌਣ, ਪੌਣ ਵਿਚ; ਪਾਣੀ, ਪਾਣੀ ਵਿਚ ਤੇ ਅਕਾਸ਼, ਅਕਾਸ਼ ਵਿਚ ਜਾ ਸਮਾਏਗਾ, ਪਰ ਇਹ ਗ਼ਰੀਬ ਕਿਧਰ ਜਾਏਗੀ, ਜਿਸ ਨੇ ਪੰਜਾਂ ਦੇ ਪਿਆਰ ਵਿਚ ਨਿੱਜ ਵਤਨ ਭੁਲਾ ਦਿੱਤਾ ਹੈ। ਪਰ ਉਨ੍ਹਾਂ ਨੇ ਸਾਥ ਨਹੀਂ ਦੇ ਸਕਣਾ, ਕਿਉਂ ਜੁ ਖੇਲ ਹੁਕਮ ਵਿਚ ਹੈ ਤੇ ਉਹ ਹੁਕਮ ਦੇ ਬੱਧੇ ਹੋਏ ਹਨ। ਫਿਰ ਜੁ ਕਹੇਂਗਾ ਤੇ ਕਿਸੇ ਕਵੀ ਦੇ ਕਹਿਣ ਵਾਂਗ :

ਰੂਹ ਕੋ ਰਾਹਿ ਅਦਮ ਮੇਂ ਅਪਨਾ ਤਨ ਯਾਦ ਆਇਆ

ਦਸ਼ਤੇ ਗ਼ੁਰਬਤ ਮੇਂ ਮੁਸਾਫ਼ਿਰ ਕੋ ਵਤਨ ਯਾਦ ਆਇਆ

ਭਾਵ ਜੇ ਸ਼ਮਸ਼ਾਨ ਦੀ ਉਦਾਸ ਭੂਮੀ ਤੇ ਕਬਰਿਸਤਾਨ ਦੀ ਭਿਆਨਕ ਧਰਤੀ ’ਤੇ ਖਲੋ ਕੇ ਸਾਥੀਆਂ ਨੂੰ ਯਾਦ ਕਰਨਾ ਤੇ ਝੂਰਨਾ ਹੈ, ਤਾਂ ਪਹਿਲਾਂ ਆਪਣੇ ਪਾਠ ਦਾ ਫ਼ਿਕਰ ਕਿਉਂ ਨਾ ਕਰ ਲਿਆ ਜਾਵੇ। ਇਸ ਫ਼ਿਕਰ ਨੂੰ ਹੀ ਮਜ਼੍ਹਬ ਕਹਿੰਦੇ ਹਨ। ਅਰਸ਼ੀ ਬਾਣੀ ਵਿਚ ਆਇਆ ਹੈ ਕਿ ਇਸ ਜਿਹੀ ਖੋਜ ਨੂੰ ਜਿਨ੍ਹਾਂ ਖੋਜਿਆ ਹੈ, ਉਨ੍ਹਾਂ ਨੂੰ ਗੁਰਮੁਖ ਕਿਹਾ ਜਾਂਦਾ ਹੈ ਤੇ ਉਨ੍ਹਾਂ ਨੂੰ ਪਤਾ ਲੱਗਾ ਹੈ ‘‘ਕੰਚਨ ਕਾਇਆ ਕੋਟ ਗੜ; ਵਿਚਿ ਹਰਿ ਹਰਿ ਸਿਧਾ ’’ (ਮਹਲਾ , ਪੰਨਾ ੪੪੯)

ਭਾਵ ‘ਮਨੁੱਖੀ ਕਾਇਆਂ ਇਕ ਸੋਨੇ ਦਾ ਕਿਲ੍ਹਾ ਹੈ, ਜਿਸ ਵਿਚ ਜੀਵਨ ਅੰਮ੍ਰਿਤ- ਭਰਪੂਰ ਹੈ, ਕਾਮਯਾਬ ਉਹੀ ਹੋਣਗੇ, ਜੋ ਇਸ ਕਾਇਆਂ ਦੇ ਕੰਚਨ ਨੂੰ ਭੀ ਜ਼ਾਇਆ ਨਾ ਹੋਣ ਦੇਣ ਤੇ ਇਸ ਦੇ ਵਿਚੋਂ ਅੰਮ੍ਰਿਤ ਖ਼ਜ਼ਾਨਾ ਭੀ ਛੁਪਿਆ ਹੋਇਆ ਖੋਜ ਕੱਢਣ’। ਇਹੀ ਮਨੁੱਖੀ ਜੀਵਨ ਦਾ ਸੱਚਾ ਮਨੋਰਥ ਹੈ, ਪਰ ਮੰਦੇ ਭਾਗਾਂ ਨੂੰ, ਅੱਜ ਦਾ ਮਨੁੱਖ ਇਧਰ ਪੈ ਹੀ ਘੱਟ ਰਿਹਾ ਹੈ। ਸੰਸਾਰ-ਸਾਗਰ ਦੀਆਂ ਲਹਿਰਾਂ ਦਾ ਸ਼ੋਰ ਸੁਣ, ਬਾਲਕ ਵਾਂਗ ਕੰਢੇ ’ਤੇ ਖਲੋਤਾ ਹੱਥ ਮਾਰ ਰਿਹਾ ਹੈ ਅਤੇ ਘੋਗੇ, ਸਿੱਪੀਆਂ ਚੁਣ ਕੇ ਉਨ੍ਹਾਂ ਦੀ ਖੇਡ ਵਿਚ ਮਸਤ ਹੋ, ਖੇਡ ਵਿਚ ਵਕਤ ਗਵਾ ਰਿਹਾ ਹੈ। ਨਾ ਇਸ ਗੱਭਰੂ ਨੇ ਮਰਜੀਵੜਿਆਂ ਵਾਂਗ ਚੁੱਭੀਆਂ ਲਾਈਆਂ, ਨਾ ਡੂੰਘਾਈ ’ਤੇ ਪੁੱਜਾ ਤੇ ਨਾ ਹੀ ਇਸ ਨੂੰ ਜੀਵਨ-ਮਨੋਰਥ ਦੇ ਮੋਤੀ ਲੱਭੇ। ਨਿਰਾਸ਼ ਹੋ ਅੱਕਿਆ ਹੋਇਆ, ਇਕ ਦੂਜੇ ਦੇ ਗਲ ਪੈ ਰਿਹਾ ਹੈ। ਮਜ਼੍ਹਬ ਇਸ ਦੀ ਅਗਵਾਈ ਲਈ ਬਣਾਇਆ ਗਿਆ ਹੈ ਤੇ ਉਹ ਇਸ ਨੂੰ ਰਾਤ ਤੋਂ ਜ਼ਰੂਰੀ ਪ੍ਰਸ਼ਨ ਦਾ ਉੱਤਰ ਦੇ ਰਿਹਾ ਹੈ ਕਿ ਜੇ ਇਸ ਨੇ ਮਜ਼੍ਹਬ ਦੀ ਆਵਾਜ਼ ਵੱਲ ਗਹੁ ਨਾ ਕੀਤਾ ਤਾਂ ਕੇਹਾ ਭਿਆਨਕ ਨਤੀਜਾ ਨਿਕਲੇਗਾ।

ਸਾਰੀ ਬਨਸਪਤੀ, ਪਸ਼ੂ ਤੇ ਪੰਛੀ; ਮਨੁੱਖ ਦੇ ਕੰਮ ਆਵਣ ਲਈ ਹਨ, ਫਿਰ ਵੀ ਮਨੁੱਖ ਨਿਕੰਮਾ  ! ਭਲਾ ਸੋਚੀਏ ਤਾਂ ਸਹੀ ਕਿ ਜੋ ਚੀਜ਼ ਨਿਕੰਮੇ ਕੰਮ ਆਈ, ਕੀ ਉਹ ਵਿਅਰਥ ਹੀ ਗਈ  ? ਫਲ ਕੁਝ ਨਾ ਨਿਕਲਿਆ  ? ਬਸ ਮਜ਼੍ਹਬ ਦੀ ਇਹੀ ਲੋੜ ਹੈ ਕਿ ਉਹ ਮਨੁੱਖ ਦੇ ਸਾਹਮਣੇ ਉਸ ਦਾ ਸਹੀ ਕਰਤੱਬ ਰੱਖੇ, ਕਿਉਂ ਜੁ ਇਸ ਤੋਂ ਬਿਨਾ ਸਾਰੇ ਦਾ ਸਾਰਾ ਕਿਰਤਮ ਜਗਤ; ਬਾਂਝ ਇਸਤ੍ਰੀ ਦੇ ਜੋਬਨ ਅਤੇ ਫਲ-ਹੀਣ ਬਵਾੜ ਬੂਟੇ ਵਾਂਗ ਨਿਰਾਰਥ ਪ੍ਰਤੀਤ ਹੋਣ ਲੱਗੇਗਾ।