ਗੁਰਬਾਣੀ, ਖਗੋਲ ਵਿਗਿਆਨ ਅਤੇ ਸਿੱਖ ਇਤਿਹਾਸ ਦੇ ਝਰੋਖੇ ’ਚ ਮਹੀਨਾ ਹਾੜ

0
32

ਗੁਰਬਾਣੀ, ਖਗੋਲ ਵਿਗਿਆਨ ਅਤੇ ਸਿੱਖ ਇਤਿਹਾਸ ਦੇ ਝਰੋਖੇ ’ਚ ਮਹੀਨਾ ਹਾੜ

ਕਿਰਪਾਲ ਸਿੰਘ ਬਠਿੰਡਾ

ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਅਤੇ ਹੁਣ ਵਾਲ਼ੀਆਂ ਰੁੱਤਾਂ ਮੁਤਾਬਕ ਜੇਠ ਤੇ ਹਾੜ; ਦੋ ਮਹੀਨੇ ਨਿਹਾਇਤ ਗਰਮੀ ਦੀ ਰੁੱਤ ਦੇ ਹਨ, ਜਿਨ੍ਹਾਂ ਵਿੱਚ ਬੜੀ ਧੁੱਪ ਪੈਂਦੀ ਹੈ। ਗੁਰਬਾਣੀ ਵੀ ਇਹ ਸਚਾਈ ਬਿਆਨ ਕਰਦੀ ਹੈ ‘‘ਗ੍ਰੀਖਮ ਰੁਤਿ ਅਤਿ ਗਾਖੜੀ, ਜੇਠ ਅਖਾੜੈ ਘਾਮ ਜੀਉ ’’ (ਰੁਤੀ/ਮਹਲਾ /੯੨੮) ਇਸ ਪੂਰੇ ਸ਼ਬਦ ਦੀ ਵਿਚਾਰ ਪਿੱਛਲੇ ਅੰਕ ’ਚ ਜੇਠ ਮਹੀਨੇ ਦੇ ਸਿਰਲੇਖ ਹੇਠ ਕੀਤੀ ਜਾ ਚੁੱਕੀ ਹੈ। ਹਾੜ ਦੇ ਮਹੀਨੇ ’ਚ ਸੂਰਜ ਦਾ ਰੱਥ ਫਿਰਦਾ ਹੈ, ਜਿਸ ਨਾਲ ਖੁਗੋਲ ਵਿਗਿਆਨ (Astronomy) ਦੇ ਹਿਸਾਬ ਰੁੱਤਾਂ ’ਚ ਵੱਡੀ ਤਬਦੀਲੀ ਆਉਂਦੀ ਹੈ ਭਾਵ ਗਰਮੀ ਦੀ ਰੁੱਤ ਤੋਂ ਬਾਅਦ ਵਰਖਾ ਰੁੱਤ ਸ਼ੁਰੂ ਹੋ ਜਾਂਦੀ ਹੈ। ਇਸ ਦਾ ਜ਼ਿਕਰ ਗੁਰੂ ਨਾਨਕ ਸਾਹਿਬ ਜੀ ਨੇ ਤੁਖਾਰੀ ਰਾਗ ’ਚ ਦਰਜ ਬਾਰਹਮਾਹ ਵਿੱਚ ਕੀਤਾ ਹੈ। ਪਹਿਲਾਂ ਇਸ ਪੂਰੇ ਸ਼ਬਦ ਨੂੰ ਵਿਚਾਰ ਲਈਏ ਫਿਰ ਖੁਗੋਲ ਵਿਗਿਆਨ ਦੇ ਹਿਸਾਬ ਨਾਲ਼ ਵਿਚਾਰ ਕੀਤੀ ਜਾਵੇਗੀ :

‘‘ਆਸਾੜੁ ਭਲਾ, ਸੂਰਜੁ ਗਗਨਿ ਤਪੈ ’’ ਅਰਥ : ਹਾੜ ਮਹੀਨਾ ਭਰ ਜੋਬਨ (ਯਾਨੀ ਪੂਰਨ ਗਰਮਾਇਸ਼) ’ਚ ਹੁੰਦਾ ਹੈ ਕਿਉਂਕਿ ਆਕਾਸ਼ ’ਚ ਸੂਰਜ ਤਪਦਾ ਹੈ। ਭਾਵਾਰਥ : ਜਿਸ ਤਰ੍ਹਾਂ ਬਾਹਰ ਹਾੜ੍ਹ ਦੇ ਮਹੀਨੇ ਵਿੱਚ ਆਕਾਸ਼ ਵਿੱਚ ਸੂਰਜ ਤਪਦਾ ਹੈ ਬਿਲਕੁਲ ਇਸੇ ਤਰ੍ਹਾਂ ਮਨਮੁਖ ਦੇ ਚਿੱਤ-ਰੂਪ ਆਕਾਸ਼ ਵਿਚ ਮਾਨੋ ਮਾਇਆ ਦੇ ਵੱਖ ਵੱਖ ਰੂਪ; ਕਾਮ, ਕ੍ਰੋਧ, ਲੋਭ, ਮੋਹ ਹੰਕਾਰ ਰੂਪੀ ਅਗਨ ਦਾ ਸੂਰਜ ਤਪਦਾ ਰਹਿੰਦਾ ਹੈ।

‘‘ਧਰਤੀ ਦੂਖ ਸਹੈ; ਸੋਖੈ, ਅਗਨਿ ਭਖੈ ਅਗਨਿ ਰਸੁ ਸੋਖੈ, ਮਰੀਐ ਧੋਖੈ; ਭੀ ਸੋ ਕਿਰਤੁ ਹਾਰੇ ’’ ਅਰਥ : (ਜਿਉਂ ਜਿਉਂ ਸੂਰਜ ਧਰਤੀ ਦੀ ਨਮੀ ਨੂੰ) ਸੁਕਾਉਂਦਾ ਹੈ, ਧਰਤੀ ਹੋਰ ਤਪਦੀ ਹੈ, ਅੱਗ ਵਾਙ ਭਖਦੀ ਹੈ। ਸੂਰਜ; ਅੱਗ ਵਾਙ ਪਾਣੀ ਨੂੰ ਸੁਕਾਉਂਦਾ ਹੈ (ਹਰੇਕ ਜੀਵ ਦੀ ਜਿੰਦ) ਕ੍ਰਾਹ ਕ੍ਰਾਹ ਕਰ ਦੁਖੀ ਹੁੰਦੀ ਹੈ, ਫਿਰ ਭੀ ਸੂਰਜ ਆਪਣਾ ਕਰਤੱਬ ਨਹੀਂ ਛੱਡਦਾ ਭਾਵ ਤਪਸ ਛੱਡਣੀ ਬੰਦ ਨਹੀਂ ਕਰਦਾ।

ਭਾਵਾਰਥ : ਜਿਵੇਂ ਸੂਰਜ ਦੀ ਗਰਮਾਇਸ਼ ਨਾਲ ਧਰਤੀ ਤਪਦੀ ਦੁੱਖ ਸਹਾਰਦੀ ਹੈ; ਓਵੇਂ ਹੀ ਧਰਤੀ ਰੂਪ ਸਰੀਰ ਵਿੱਚ ਨਿਰਦਈਪੁਣਾ, ਮੋਹ, ਲੋਭ ਤੇ ਕ੍ਰੋਧ ਰੂਪੀ ਚਾਰੇ ਅਗਨੀਆਂ ਭਖਦੀਆਂ ਹਨ; ਜਿਵੇਂ ਕਿ ਬਚਨ ਹਨ ‘‘ਹੰਸੁ ਹੇਤੁ ਲੋਭੁ ਕੋਪੁ; ਚਾਰੇ ਨਦੀਆ ਅਗਿ ’’ (ਮਹਲਾ /੧੪੭)  ਇਨ੍ਹਾਂ ਦੀ ਤਪਸ਼ ਨਾਲ ਪ੍ਰਭੂ ਦੀ ਯਾਦ ਭੁੱਲ ਜਾਈਦੀ ਹੈ ਤੇ ਮਨੁੱਖ ਦੇ ਅੰਦਰੋਂ ਸਤ, ਸੰਤੋਖ, ਦਇਆ, ਧਰਮ, ਧੀਰਜ ਖ਼ਤਮ ਹੋਣ ਲੱਗਦੇ ਹਨ। ਬੰਦਾ ਦੁਖੀ ਹੁੰਦਾ ਹੈ, ਪਰ ਫਿਰ ਵੀ ਜਿਸ ਤਰ੍ਹਾਂ ਸੂਰਜ ਆਪਣੀ ਕਿਰਤ (ਤਪਸ਼) ਨਹੀਂ ਬੰਦ ਕਰਦਾ; ਓਵੇਂ ਹੀ ਅੰਦਰਲੀ ਨਿਰਦਇਤਾ, ਮੋਹ, ਲੋਭ ਤੇ ਕ੍ਰੋਧ ਰੂਪੀ ਚਾਰੇ ਅਗਨੀਆਂ ਆਪਣਾ ਸੁਭਾਅ ਨਹੀਂ ਛੱਡਦੀਆਂ, ਭਖਦੀਆਂ ਰਹਿੰਦੀਆਂ ਹਨ।

ਨੋਟ : ਖੁਗੋਲ ਵਿਗਿਆਨ ਦਾ ਪੱਖ ਇਸ ਹੇਠਲੀ ਤੁਕ ਤੋਂ ਸਪਸ਼ਟ ਹੋਏਗਾ।

‘‘ਰਥੁ ਫਿਰੈ, ਛਾਇਆ ਧਨ ਤਾਕੈ; ਟੀਡੁ ਲਵੈ ਮੰਝਿ ਬਾਰੇ ’’ ਅਰਥ : (ਹਰ ਜੀਵ-ਜੰਤ ਤਪਸ਼ ਤੋਂ ਜਾਨ ਲੁਕਾਂਦਾ ਹੈ) ਕਮਜ਼ੋਰ ਇਸਤਰੀ (ਮਾਰਗ ਦੇ ਰਾਹਗੀਰ ਵਾਙ) ਕਿਤੇ ਛਾਂ ਦਾ ਆਸਰਾ ਭਾਲਦੀ ਹੈ। ਸੂਰਜ ਦਾ ਰਥ ਫਿਰਦਾ ਹੈ (ਜਿਸ ਨਾਲ ਮੌਸਮ ’ਚ ਤਬਦੀਲੀ ਆਉਂਦੀ ਹੈ, ਬਾਹਰ ਜੂਹ ਵਿਚ ਬਿੰਡਾ ਬੋਲਦਾ ਹੈ। (ਬਿੰਡਿਆਂ ਦਾ ਬੋਲਣਾ ਮੀਂਹ ਪੈਣ ਦਾ ਸੂਚਕ ਹੈ।) ਭਾਵ ਵਰਖਾ ਰੁੱਤ ਸ਼ੁਰੂ ਹੋ ਜਾਂਦੀ ਹੈ।

ਸੂਰਜ ਦਾ ਰਥ ਫਿਰਨਾ ਕੀ ਹੈ ? : ਜਿਸ ਸਮੇਂ ਸੂਰਜ ਦੀਆਂ ਕਿਰਨਾਂ ਕਰਕ ਰੇਖਾ (Tropic of Cancer) ’ਤੇ ਸਿੱਧੀਆਂ ਪੈਂਦੀਆਂ ਹਨ ਤਾਂ ਉੱਤਰੀ ਧਰੁਵ ਦਾ ਵੱਧ ਤੋਂ ਵੱਧ ਝੁਕਾਅ ਸੂਰਜ ਵੱਲ ਹੁੰਦਾ ਹੈ, ਜਿਸ ਨਾਲ਼ ਉੱਤਰੀ ਅਰਧ ਗੋਲ਼ੇ ’ਚ ਸੂਰਜ ਦੀਆਂ ਕਿਰਨਾਂ ਸਿੱਧੀਆਂ ਅਤੇ ਦਿਨ ਦੇ ਵੱਧ ਸਮੇਂ ਤੱਕ ਪੈਂਦੀਆਂ ਹਨ। ਇਸ ਨਾਲ ਗਰਮੀ ਵੱਧ ਅਤੇ ਦਿਨ; ਸਾਰੇ ਦਿਨਾਂ ਤੋਂ ਵੱਡਾ ਹੁੰਦਾ ਹੈ ਤੇ ਰਾਤ; ਸਭ ਰਾਤਾਂ ਤੋਂ ਛੋਟੀ ਹੁੰਦੀ ਹੈ। ਇਸ ਸਮੇਂ ਕਰਕ ਰੇਖਾ ਦੇ ਆਸ ਪਾਸ ਦੇ ਖੇਤਰ ’ਚ ਰੁੱਤਾਂ ਦੇ ਹਿਸਾਬ ’ਚ ਇਹ ਦਿਨ ਗਰਮੀ ਦਾ ਸਿਖਰ ਹੁੰਦਾ ਹੈ। ਖੁਗੋਲ ਵਿਗਿਆਨ ਦੀ ਭਾਸ਼ਾ ’ਚ ਇਸ ਦਿਨ ਦਾ ਨਾਮ ਹੈ Sumer Solstice.

ਗ੍ਰੈਗੋਰੀਅਨ ਕੈਲੰਡਰ ਮੁਤਾਬਕ ਉਸ ਦਿਨ; 20 ਜਾਂ 21 ਜੂਨ ਹੁੰਦੀ ਹੈ, ਪਰ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਬਿਕ੍ਰਮੀ ਕੈਲੰਡਰ ਦੀ 15-16 ਹਾੜ ਹੁੰਦੀ ਸੀ ਤੇ ਅੱਜ ਕੱਲ੍ਹ 7-8 ਹਾੜ ਹੈ ਯਾਨੀ ਕਿ ਗੁਰੂ ਕਾਲ ਨਾਲੋਂ ਅਜੋਕੇ ਬਿਕ੍ਰਮੀ ਕੈਲੰਡਰ ’ਚ ਰੁੱਤਾਂ ਦਾ 8 ਦਿਨਾਂ ਦਾ ਫ਼ਰਕ ਪੈ ਚੁੱਕਾ ਹੈ। ਪੰਜਾਬ ’ਚ ਛਪੀਆਂ ਸਾਰੀਆਂ ਪੰਚਾਂਗਾਂ ’ਚ ਇਸ ਤਾਰੀਖ਼ ਦੇ ਸਾਹਮਣੇ ਲਿਖਿਆ ਹੁੰਦਾ ਹੈ (ੳ) ਦਖਣਾਇਨ ਸ਼ੁਰੂ (ਅ) ਵਰਖਾ ਰੁੱਤ ਸ਼ੁਰੂ। (ੲ) ਸਪਸ਼ਟ ਨਿਰਣੈ ਗ੍ਰਹਿ ਸਿਰਲੇਖ ਵਾਲੇ ਪੰਨੇ ’ਤੇ ਇਸੇ ਤਾਰੀਖ ਦੇ ਸਾਹਮਣੇ ਅਤੇ ਸੂਰਜ ਕ੍ਰਾਂਤੀ ਸਿਰਲੇਖ ਹੇਠ ਮੋਟੇ ਤੌਰ ’ਤੇ ਲਗਭਗ 23.5੦ ਲਿਖਿਆ ਹੁੰਦਾ ਹੈ।

ਧਰਤੀ ਦਾ ਧੁਰਾ ਲਗਭਗ 23.5੦ ’ਤੇ ਝੁਕਿਆ ਹੁੰਦਾ ਹੈ, ਜਿਸ ਕਾਰਨ ਧਰਤੀ ਸੂਰਜ ਦੇ ਦੁਆਲੇ ਚੱਕਰ ਕੱਟਦੀ ਹੋਈ ਜਦੋਂ Sumer Solstice ਦੇ ਸਮੇਂ ਤੋਂ ਅੱਗੇ ਨਿਕਲ ਕੇ 21-22 ਦਸੰਬਰ (ਬਿਕ੍ਰਮੀ ਕੈਲੰਡਰ ਦਾ 8-9 ਪੋਹ) ਤੱਕ ਪਹੁੰਚਦੀ ਹੈ ਤਾਂ ਦੱਖਣੀ ਧਰੁਵ ਦਾ ਵਧੇਰੇ ਝੁਕਾਅ ਸੂਰਜ ਵੱਲ ਹੋ ਜਾਂਦਾ ਹੈ। ਸੂਰਜ ਦੀਆਂ ਕਿਰਨਾਂ ਮਕਰ ਰੇਖਾ (Tropic of Capricorn) ’ਤੇ ਸਿੱਧੀਆਂ ਪੈਣ ਨਾਲ਼ ਇਸ ਭਾਗ ’ਚ ਗਰਮੀ ਦਾ ਸਿਖਰ ਅਤੇ ਵੱਡੇ ਦਿਨ ਹੁੰਦੇ ਹਨ। ਇਸ ਦੇ ਉਲ਼ਟ ਉੱਤਰੀ ਅਰਧ ਗੋਲ਼ਾ ਸੂਰਜ ਦੇ ਪਿਛਵਾੜੇ ਵੱਲ ਹੋਣ ਕਾਰਨ ਇੱਥੇ ਸੂਰਜ ਦੀਆਂ ਕਿਰਨਾਂ ਤਿਰਛੀਆਂ ਪੈਂਦੀਆਂ, ਦਿਨ ਛੋਟੇ ਤੇ ਰਾਤਾਂ ਵੱਡੀਆਂ ਹੋ ਜਾਂਦੀਆਂ ਹਨ, ਇਸ ਲਈ ਠੰਡ ਵਧ ਜਾਂਦੀ ਹੈ। ਉੱਤਰੀ ਅਰਧ ਗੋਲ਼ੇ ’ਚ ਇਸ ਦਿਨ ਨੂੰ Winter Solstice ਕਹਿੰਦੇ ਹਨ; ਇਸ ਤਾਰੀਖ਼ ਦੇ ਸਾਹਮਣੇ ਲਿਖਿਆ ਹੁੰਦਾ ਹੈ (ੳ) ਉੱਤਰਾਇਨ ਸ਼ੁਰੂ (ਅ) ਸਿਸੀਅਰ ਰੁੱਤ ਸ਼ੁਰੂ (ੲ) ਸਪਸ਼ਟ ਨਿਰਣੈ ਗ੍ਰਹਿ ਸਿਰਲੇਖ ਵਾਲੇ ਪੰਨੇ ’ਤੇ ਇਸੇ ਤਾਰੀਖ ਦੇ ਸਾਹਮਣੇ ਅਤੇ ਸੂਰਜ ਕ੍ਰਾਂਤੀ ਸਿਰਲੇਖ ਹੇਠ ਲੱਗਭਗ -23.50੦ ਲਿਖਿਆ ਹੁੰਦਾ ਹੈ।

ਚਿੰਨ (+) ਉੱਤਰ ਦਿਸ਼ਾ ਅਤੇ (-) ਦੱਖਣ ਦਿਸ਼ਾ ਨੂੰ ਦਰਸਾਉਂਦਾ ਹੈ। ਇਸ ਦਾ ਭਾਵ ਹੈ ਕਿ ਧਰਤੀ ’ਤੇ ਖੜ੍ਹ ਕੇ ਵੇਖਿਆਂ ਸਾਨੂੰ ਇੰਝ ਮਾਲੂਮ ਹੁੰਦਾ ਹੈ ਕਿ Sumer Solstice ਵਾਲੇ ਦਿਨ ਸੂਰਜ ਵੱਧ ਤੋਂ ਵੱਧ ਉੱਤਰ ਵੱਲ ਜਾਣ ਤੋਂ ਬਾਅਦ ਦੱਖਣ ਵੱਲ ਆਪਣੀ ਯਾਤਰਾ ਸ਼ੁਰੂ ਕਰਦਾ ਹੈ ਅਤੇ Winter Solstice ਵਾਲੇ ਦਿਨ; ਸੂਰਜ ਵੱਧ ਤੋਂ ਵੱਧ ਦੱਖਣ ਵੱਲ ਪਹੁੰਚ ਕੇ ਮੁੜ ਉੱਤਰ ਦਿਸ਼ਾ ਵੱਲ ਆਪਣੀ ਯਾਤਰਾ ਸ਼ੁਰੂ ਕਰ ਦਿੰਦਾ ਹੈ। ਇਨ੍ਹਾਂ ਦੋ ਘਟਨਾਵਾਂ ਨੂੰ ਸੂਰਜ ਦਾ ‘ਰਥ ਫਿਰਨਾ’ (ਦੱਖਨਾਇਨ – ਉੱਤਰਾਇਨ ) ਆਖਦੇ ਹਨ ਅਤੇ ਇਨ੍ਹਾਂ ਦਾ ਰੁੱਤਾਂ ਨਾਲ ਗੂੜ੍ਹਾ ਸੰਬੰਧ ਹੈ। ਨਾਨਕਸ਼ਾਹੀ ਕੈਲੰਡਰ ਦੇ ਸਾਲ ਦੀ ਲੰਬਾਈ ‘ਰਥ ਫਿਰੈ’ Sumer Solstice ਨੂੰ ਆਧਾਰ ਮੰਨ ਕੇ ਸੂਰਜ ਦੇ ਇੱਕ ‘ਰਥ ਫਿਰੈ’ ਤੋਂ ਮੁੜ ਅਗਲੇ ਸਾਲ ਉਸੇ ‘ਰਥ ਫਿਰੈ’ ਤੱਕ ਪਹੁੰਚਣ ਵਾਸਤੇ, ਲੱਗਦੇ ਸਮੇਂ ਦੇ ਲਗਭਗ ਬਰਾਬਰ 365.2425 ਦਿਨ ਰੱਖੀ ਗਈ ਹੈ, ਜੋ ਦੁਨੀਆਂ ਭਰ ’ਚ ਪ੍ਰਚਲਿਤ ਸਾਂਝੇ ਕੈਲੰਡਰ (ਗ੍ਰੈਗੋਰੀਅਨ) ਦੇ ਸਾਲ ਦੇ ਬਿਲਕੁਲ ਬਰਾਬਰ ਹੈ, ਇਸ ਲਈ ਦੋਵਾਂ ਕੈਲੰਡਰਾਂ ਦੀਆਂ ਤਾਰੀਖ਼ਾਂ ਸਦਾ ਲਈ ਵੈਸੀਆਂ ਹੀ ਰਹਿਣਗੀਆਂ (ਇਕ ਦੂਸਰੀ ਨਾਲ Synchronised), ਜੋ ਅੱਜ ਕੱਲ੍ਹ ਆ ਰਹੀਆਂ ਹਨ। ਜਦੋਂ ਬਿਕ੍ਰਮੀ ਕੈਲੰਡਰ ਹੋਂਦ ਵਿੱਚ ਆਇਆ ਸੀ, ਉਸ ਸਮੇਂ ਸੂਰਜ ਦਾ ‘ਰਥ ਫਿਰਨ’ ਦੀ ਕ੍ਰਿਆ ਹਾੜ ਮਹੀਨੇ ਦੀ ਆਖਰੀ ਤਾਰੀਖ਼ ਯਾਨੀ ਕਿ 31 ਜਾਂ 32 ਹਾੜ ਨੂੰ ਵਾਪਰਦੀ ਸੀ ਅਤੇ ਉਸ ਤੋਂ ਅਗਲੇ ਦਿਨ ਸਾਵਣ ਦੀ 1 ਤਾਰੀਖ਼ ਹੁੰਦੀ ਸੀ; ਉਸੇ ਦਿਨ ਤੋਂ ਵਰਖਾ ਰੁੱਤ ਸ਼ੁਰੂ ਹੁੰਦੀ ਸੀ। ਇਸੇ ਕਾਰਨ ਜੇਠ ਹਾੜ ਦੇ ਦੋ ਮਹੀਨੇ ਗਰਮੀ ਦੀ ਰੁੱਤ ਅਤੇ ਸਾਵਣ ਭਾਦੋਂ ਵਰਖਾ ਰੁੱਤ ਦੇ ਮੰਨੇ ਗਏ, ਪਰ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਸੂਰਜ ਦਾ ਰਥ; 31/32 ਹਾੜ ਨੂੰ ਫਿਰਨ ਦੀ ਬਜਾਏ 15/16 ਹਾੜ ਨੂੰ ਫਿਰਨ ਲੱਗਿਆ, ਜੋ ਹੁਣ 7-8 ਹਾੜ ਨੂੰ ਫਿਰ ਰਿਹਾ ਹੈ। ਸਪਸ਼ਟ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਹੁਣ ਤੱਕ ਯਾਨੀ ਕੇਵਲ 500 ਸਾਲ ’ਚ ਹੀ ਬਿਕ੍ਰਮੀ ਕੈਲੰਡਰ ’ਚ 8 ਦਿਨ ਦਾ ਫ਼ਰਕ ਪੈ ਚੁੱਕਾ ਹੈ ਜਦਕਿ ਬਿਕ੍ਰਮੀ ਕੈਲੰਡਰ ਹੋਂਦ ’ਚ ਆਉਣ ਦੇ ਸਮੇਂ ਤੋਂ ਇਹ ਫ਼ਰਕ 24 ਦਿਨਾਂ ਦਾ ਹੈ। ਇਹ ਤੱਥ; ਅਜੋਕੀਆਂ ਛਪ ਰਹੀਆਂ ਪੰਚਾਂਗਾਂ ਤੋਂ ਵੀ ਭਲੀ ਭਾਂਤ ਸਮਝ ਸਕਦੇ ਹਾਂ; ਜਿਵੇਂ ਕਿ ਸ੍ਰੀ ਮਾਰਤੰਡ ਪੰਚਾਂਗਮ ’ਚ 1 ਜਨਵਰੀ 2023 ਨੂੰ ਅਇਨਅੰਸ਼ 24੦ 10’  31” ਅਤੇ 1 ਦਸੰਬਰ 2023 ਨੂੰ 24੦ 11’ 21” ਲਿਖਿਆ ਹੈ, ਇਸ ਦਾ ਭਾਵ ਹੈ ਕਿ ਰੁੱਤਾਂ ਨਾਲੋਂ ਬਿਕ੍ਰਮੀ ਕੈਲੰਡਰ ਤਕਰੀਬਨ 50” (ਇਹ ਚਿੰਨ੍ਹ ਸੈਕੰਡ ਮਿੰਟਾਂ ਸਕਿੰਟਾਂ ਵਾਲਾ ਨਹੀਂ ਬਲਕਿ ਕੋਨ ਦੀਆਂ ਡਿਗਰੀਆਂ ਦਾ ਹੈ) ਪ੍ਰਤੀ ਸਾਲ ਫ਼ਰਕ ਪੈ ਰਿਹਾ ਹੈ। ਅਇਨਅੰਸ਼ 24੦ ਦਾ ਭਾਵ ਹੈ ਕਿ ਹੁਣ ਤੱਕ ਰੁੱਤਾਂ ਨਾਲੋਂ ਲਗਭਗ 24 ਦਿਨਾਂ ਦਾ ਫ਼ਰਕ ਪੈ ਚੁੱਕਾ ਹੈ।  ਇਹੋ ਕਾਰਨ ਹੈ ਕਿ ਬਿਕ੍ਰਮੀ ਕੈਲੰਡਰ ਲਾਗੂ ਕਰਨ ਸਮੇਂ ਸੂਰਜ ਦਾ ਰਥ ਲਗਭਗ 31/32 ਹਾੜ ਨੂੰ ਫਿਰਦਾ ਸੀ, ਪਰ ਅੱਜ ਕੱਲ੍ਹ 24 ਦਿਨ ਪਹਿਲਾਂ 7/8 ਹਾੜ ਨੂੰ ਹੀ ‘ਸੂਰਜ ਦਾ ਰਥ’ ਫਿਰ ਜਾਂਦਾ ਹੈ। ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਅੱਜ ਤੋਂ 550 ਕੁ ਸਾਲ ਬਾਅਦ ਹੀ ਸੂਰਜ ਦਾ ਰਥ ਹਾੜ ਦੀ ਥਾਂ ਜੇਠ ਮਹੀਨੇ ’ਚ ਫਿਰ ਜਾਇਆ ਕਰੇਗਾ, ਜਿਸ ਨਾਲ਼ ਤੁਖਾਰੀ ਰਾਗ ਦੇ ਹਾੜ ਮਹੀਨੇ ਦੀ ਵਿਆਖਿਆ; ਜੇਠ ਮਹੀਨੇ ਨਾਲ਼ ਨਹੀਂ ਢੁਕ ਸਕੇਗੀ। ਸਪਸ਼ਟ ਹੈ ਕਿ ਸਾਨੂੰ ਆਪਣੇ ਕੈਲੰਡਰ ’ਚ ਸੋਧ ਕਰਨ ਅਤੇ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਦੀ ਕਿੰਨੀ ਲੋੜ ਹੈ।

ਸਾਨੂੰ ਇਹ ਸੋਚਣ ਦੀ ਵੀ ਲੋੜ ਹੈ ਕਿ ਅੰਗਰੇਜ਼ਾਂ ਦੇ ਕੈਲੰਡਰ ਮੁਤਾਬਕ 15 ਸਦੀਆਂ ’ਚ 10 ਦਿਨ ਦਾ ਫ਼ਰਕ ਪਿਆ ਸੀ ਤਾਂ ਉਨ੍ਹਾਂ ਨੇ 1582 ’ਚ ਆਪਣੇ ਕੈਲੰਡਰ ’ਚ ਸੋਧ ਕਰ ਕੇ ਇਹ ਤਰੁਟੀ ਦੂਰ ਕਰ ਲਈ, ਜਿਸ ਨਾਲ਼ ਹੁਣ 3300 ਸਾਲਾਂ ’ਚ ਕੇਵਲ ਇੱਕ ਦਿਨ ਦਾ ਹੀ ਫ਼ਰਕ ਪਵੇਗਾ। ਸਾਨੂੰ ਇਹ ਵੀ ਪਤਾ ਲੱਗ ਚੁੱਕਾ ਹੈ ਕਿ ਉਹ, ਇਸ ਇੱਕ ਦਿਨ ਨੂੰ ਵੀ ਹਰ 3300ਵੀਂ ਸਦੀ ਵਾਲੇ ਸਾਲ ਨੂੰ ਲੀਪ ਸਦੀ ਬਣਾ ਕੇ ਪੂਰਾ ਕਰ ਲੈਣਗੇ, ਪਰ ਅਸੀਂ ਬਿਕ੍ਰਮੀ ਕੈਲੰਡਰ ਨੂੰ ਅਪਣਾਅ ਕੇ ਕੇਵਲ 500 ਸਾਲਾਂ ’ਚ ਹੀ 7-8 ਦਿਨਾਂ ਦਾ ਫਰਕ ਪਾ ਚੁੱਕੇ ਹਾਂ, ਫਿਰ ਵੀ ਚਿੰਤਤ ਨਹੀਂ। ਧਿਆਨ ਰਹੇ ਕਿ ਜਦ ਤੱਕ ਅਸੀਂ ਰਾਸ਼ੀਆਂ ਅਤੇ ਸੰਗਰਾਂਦਾਂ ਨਾਲ਼ ਪਿਆਰ ਕਰਾਂਗੇ ਤਦ ਤੱਕ ਐਸੇ ਅੰਤਰ ਵੀ ਨਹੀਂ ਮਿਟਾ ਸਕਦੇ।

ਭਾਵਰਥ : ਜਿਵੇਂ ਹਾੜ ਦੇ ਮਹੀਨੇ ਬਾਹਰ ਧੁੱਪ ਅਤੇ ਲੋਅ ਨਾਲ ਸਾਰੇ ਜੀਵ ਦੁਖੀ ਹੁੰਦੇ ਹਨ, ਧੁੱਪ ਤੋਂ ਬਚਨ ਲਈ ਕਿਸੇ ਛਾਂ ਦਾ ਆਸਰਾ ਲੱਭਦੇ ਹਨ ਤੇ ਮੀਂਹ ਪੈਣ ਦੀ ਤੀਬਰਤਾ ਨਾਲ ਉਡੀਕ ਕਰਦੇ ਹਨ, ਪਰ ਜਦੋਂ ਸੂਰਜ ਦਾ ਰਥ ਫਿਰਨ ਨਾਲ ਵਰਖਾ ਰੁੱਤ ਸ਼ੁਰੂ ਹੁੰਦੀ ਅਤੇ ਸਾਵਣ ਦੇ ਮੀਂਹ ਪੈਣ ਨਾਲ ਸਭ ਜੀਵ ਖੁਸ਼ੀ ਮਹਿਸੂਸ ਕਰਦੇ ਹਨ; ਇੱਥੋਂ ਤੱਕ ਕਿ ਛੋਟੇ ਜਿਹੇ ਜੀਵ ਬਿੰਡੇ ਵੀ ਖੁਸ਼ੀ ’ਚ ਟੀਂ ਟੀਂ ਬੋਲਦੇ ਹਨ। ਕੁਮਲਾਈ ਹੋਈ ਬਨਸਪਤੀ ਹਰੀ ਭਰੀ ਹੋ ਜਾਂਦੀ ਹੈ; ਬਿਲਕੁਲ ਉਸੇ ਤਰ੍ਹਾਂ ਜਦੋਂ ਮਨੁੱਖ ਦੇ ਮਨ ਅੰਦਰ ਹੰਸ (ਹਿੰਸਾ), ਸੰਸਾਰੀ ਮੋਹ, ਲੋਭ, ਕ੍ਰੋਧ ਆਦਿ ਚਾਰੇ ਅਗਨੀਆਂ ਵਗਦੀਆਂ ਹਨ ਤਾਂ ਤਪਸ਼ ਮਿਟਾਣ ਲਈ ਜੀਵ ਇਸਤਰੀ ਗੁਰੂ ਦਾ ਆਸਰਾ ਲੱਭਦੀ ਹੈ ‘‘ਹੰਸੁ ਹੇਤੁ ਲੋਭੁ ਕੋਪੁ; ਚਾਰੇ ਨਦੀਆ ਅਗਿ ਪਵਹਿ ਦਝਹਿ ਨਾਨਕਾ; ਤਰੀਐ ਕਰਮੀ ਲਗਿ (ਮਹਲਾ /੧੪੭) ਅਰਥ : ਜੋ ਜੀਵ ਇਸਤਰੀ ਪ੍ਰਭੂ ਦੀ ਮਿਹਰ ਨਾਲ (ਗੁਰੂ ਦੇ ਚਰਨੀਂ) ਪੈਂਦੀ ਹੈ ਗੁਰੂ ਉਸ ਦੇ ਅੰਤਹਿਕਰਣ ’ਤੇ ਨਾਮ ਜਲ ਦੀ ਵਰਖਾ ਕਰਦਾ ਹੈ, ਜਿਸ ਨਾਲ ਵਿਕਾਰ ਅਗਨੀਆਂ ’ਚ ਸੜੇ ਪਏ ਸ਼ੁਭ ਗੁਣ; ਮੁੜ ਪ੍ਰਫੁਲਿਤ ਹੋਣੇ ਸ਼ੁਰੂ ਹੋ ਜਾਂਦੇ ਹਨ ਤੇ ਜੀਵ ਇਸਤਰੀ ਸਦਾ ਅਨੰਦ ਮਾਣਦੀ ਹੈ ਜਦਕਿ ਉਸ ਜੀਵ-ਇਸਤ੍ਰੀ ਨੂੰ ਵਿਕਾਰ-ਅਗਨੀ ਦੀ ਤਪਸ਼ ਬਣੀ ਰਹਿੰਦਾ ਹੈ, ਜੋ ਮੰਦੇ ਕਰਮਾਂ (ਦੀ ਪੰਡ ਆਪਣੇ ਸਿਰ ’ਤੇ) ਰੱਖ ਕੇ ਤੁਰਦੀ ਹੈ ਕਿਉਂਕਿ ਅਨੰਦ-ਖੇੜਾ ਸਿਰਫ਼ ਉਸ ਨੂੰ ਪ੍ਰਾਪਤ ਹੁੰਦਾ ਹੈ, ਜੋ ਸਦਾ ਥਿਰ ਪ੍ਰਭੂ ਨੂੰ ਆਪਣੇ ਹਿਰਦੇ ’ਚ ਟਿਕਾਈ ਰੱਖਦੀ ਹੈ। ਹੇ ਨਾਨਕ ! ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ ਨੇ ਹਰੀ-ਨਾਮ ਸਿਮਰਨ ਵਾਲਾ ਹਿਰਦਾ ਦਿੱਤਾ ਹੈ, ਪ੍ਰਭੂ ਨਾਲ ਉਸ ਦਾ ਸਦੀਵੀ ਸਾਥ ਵੀ ਬਣ ਜਾਂਦਾ ਹੈ (ਫਿਰ ਵਿਕਾਰਾਂ ਦਾ ਸੇਕ ਪੋਹ ਨਹੀਂ ਸਕਦਾ) ‘‘ਅਵਗਣ ਬਾਧਿ ਚਲੀ, ਦੁਖੁ ਆਗੈ, ਸੁਖੁ ਤਿਸੁ, ਸਾਚੁ ਸਮਾਲੇ ਨਾਨਕ ! ਜਿਸ ਨੋ ਇਹੁ ਮਨੁ ਦੀਆ; ਮਰਣੁ ਜੀਵਣੁ ਪ੍ਰਭ ਨਾਲੇ (ਤੁਖਾਰੀ ਬਾਰਹਮਾਹਾ, ਮਹਲਾ /੧੧੦੮)’’

ਉਕਤ ਸਚਾਈ ਜਾਣ ਕੇ ਮਨ ਵਾਹੁ ਵਾਹੁ ਕਰ ਉੱਠਦਾ ਹੈ ਕਿ ਗੁਰੂ ਸਾਹਿਬ ਜੀ ਨੇ ਇੱਕ ਹੀ ਪਦੇ ’ਚ ਸਾਡੇ ਖੇਤਰ ’ਚ ਬਦਲਵੀਆਂ ਰੁੱਤਾਂ, ਖੁਗੋਲ ਵਿਗਿਆਨ ਅਤੇ ਰੂਹਾਨੀਅਤ ਪੱਖ ਤਿੰਨੇ ਸਿਧਾਂਤ ਲਾਜਵਾਬ ਢੰਗ ਨਾਲ਼ ਬਿਆਨ ਕਰ ਦਿੱਤੇ ਹਨ।

ਗੁਰੂ ਅਰਜਨ ਪਾਤਸ਼ਾਹ ਜੀ ਨੇ ਮਾਝ ਰਾਗ ’ਚ ਉਚਾਰਨ ਕੀਤੇ ਆਪਣੇ ਬਾਰਹਮਾਹਾ ’ਚ ਹੋਰ ਸੌਖੇ ਢੰਗ ਨਾਲ਼ ਸਮਝਾਇਆ ਹੈ ਕਿ ਹਾੜ ਦਾ ਮਹੀਨਾ ਉਨ੍ਹਾਂ ਜੀਵ-ਜੰਤਾਂ ਨੂੰ ਤਪਦਾ ਪ੍ਰਤੀਤ ਹੁੰਦਾ ਹੈ, ਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ-ਪਤੀ ਨਹੀਂ ਵੱਸਦਾ ਤਾਹੀਓਂ ਹਾੜ ਦੇ ਮਹੀਨੇ ਵਾਂਗ ਤਪਦੇ-ਕਲਪਦੇ ਰਹਿੰਦੇ ਹਨ। ਜੋ ਪਰਮਾਤਮਾ ਦਾ ਆਸਰਾ ਛੱਡ ਕੇ ਬੰਦਿਆਂ ਉੱਤੇ ਉਮੀਦਾਂ ਟਿਕਾਈ ਬੈਠੇ ਹਨ, ਉਹ ਖੁਆਰ ਹੁੰਦੇ ਹਨ। ਜੋ ਭੀ ਹੋਰ ਸਹਾਰਾ ਲੈਂਦਾ ਹੈ ਉਸ ਨੂੰ ਜਮ ਦੀ ਫਾਹੀ ਪੈਂਦੀ ਹੈ, ਉਹ ਅੰਦਰੋਂ ਸਦਾ ਡਰਿਆ ਰਹਿੰਦਾ ਹੈ। ਕੁਦਰਤ ਦਾ ਨਿਯਮ ਹੀ ਐਸਾ ਹੈ ਕਿ ਮਨੁੱਖ ਜੇਹਾ ਬੀਜ ਬੀਜਦਾ ਹੈ, ਕੀਤੇ ਕਰਮਾਂ ਅਨੁਸਾਰ ਜਿਹੜਾ ਲੇਖ ਉਸ ਦੇ ਮੱਥੇ ਉੱਤੇ ਲਿਖਿਆ ਜਾਂਦਾ ਹੈ, ਉਹੋ ਜਿਹਾ ਫਲ ਉਹ ਪ੍ਰਾਪਤ ਕਰਦਾ ਹੈ। ਜਗਤ ਨੂੰ ਜੀਵਨ ਦੇਣ ਵਾਲੇ ਪੁਰਖ ਨੂੰ ਵਿਸਾਰਨ ਵਾਲੀ ਜੀਵ-ਇਸਤ੍ਰੀ ਦੀ ਸਾਰੀ ਜ਼ਿੰਦਗੀ ਪਛੁਤਾਵਿਆਂ ’ਚ ਗੁਜ਼ਰਦੀ ਹੈ, ਉਹ ਜਗਤ ਤੋਂ ਟੁੱਟੇ ਹੋਏ ਦਿਲ ਨਾਲ ਚਲੀ ਜਾਂਦੀ ਹੈ, ਪਰ ਜਿਨ੍ਹਾਂ ਨੂੰ ਗੁਰੂ ਮਿਲ ਪਿਆ, ਉਹ ਪਰਮਾਤਮਾ ਦੀ ਹਜ਼ੂਰੀ ਵਿਚ ਸੁਰਖ਼ਰੂ ਹੁੰਦੇ ਹਨ, ਆਦਰ-ਮਾਣ ਪਾਉਂਦੇ ਹਨ। ਹੇ ਪ੍ਰਭੂ ! ਤੇਰੇ ਅੱਗੇ ਨਾਨਕ ਦੀ ਬੇਨਤੀ ਹੈ ਕਿ ਮਿਹਰ ਕਰ ਤਾਂ ਜੋ ਤੇਰੇ ਦਰਸ਼ਨ ਦੀ ਤਾਂਘ ਬਣੀ ਰਹੇ। ਤੈਥੋਂ ਬਿਨਾਂ ਮੇਰਾ ਕੋਈ ਹੋਰ ਸਦੀਵੀ ਸਹਾਰਾ ਨਹੀਂ। ਜਿਸ ਅੰਦਰ ਰੱਬੀ ਪ੍ਰੇਮ ਰੰਗ ਚੜ੍ਹ ਗਿਆ, ਉਸ ਨੂੰ (ਤਪਦਾ) ਹਾੜ (ਭੀ) ਸੁਹਾਵਣਾ ਜਾਪਦਾ ਹੈ। ਦੁਨੀਆ ਦੇ ਦੁੱਖ-ਕਲੇਸ਼ ਦੁਖੀ ਨਹੀਂ ਕਰ ਸਕਦੇ ‘‘ਆਸਾੜੁ ਤਪੰਦਾ ਤਿਸੁ ਲਗੈ; ਹਰਿ ਨਾਹੁ ਜਿੰਨਾ ਪਾਸਿ ਜਗਜੀਵਨ ਪੁਰਖੁ ਤਿਆਗਿ ਕੈ; ਮਾਣਸ ਸੰਦੀ ਆਸ ਦੁਯੈ ਭਾਇ ਵਿਗੁਚੀਐ; ਗਲਿ ਪਈਸੁ ਜਮ ਕੀ ਫਾਸ ਜੇਹਾ ਬੀਜੈ, ਸੋ ਲੁਣੈ; ਮਥੈ ਜੋ ਲਿਖਿਆਸੁ ਰੈਣਿ ਵਿਹਾਣੀ ਪਛੁਤਾਣੀ; ਉਠਿ ਚਲੀ ਗਈ ਨਿਰਾਸ ਜਿਨ ਕੌ ਸਾਧੂ ਭੇਟੀਐ; ਸੋ ਦਰਗਹ ਹੋਇ ਖਲਾਸੁ ਕਰਿ ਕਿਰਪਾ ਪ੍ਰਭ ਆਪਣੀ; ਤੇਰੇ ਦਰਸਨ ਹੋਇ ਪਿਆਸ ਪ੍ਰਭ  ! ਤੁਧੁ ਬਿਨੁ ਦੂਜਾ ਕੋ ਨਹੀ; ਨਾਨਕ ਕੀ ਅਰਦਾਸਿ ਆਸਾੜੁ ਸੁਹੰਦਾ ਤਿਸੁ ਲਗੈ; ਜਿਸੁ ਮਨਿ (’), ਹਰਿ ਚਰਣ ਨਿਵਾਸ ’’ (ਮਾਝ ਬਾਰਹਮਾਹਾ, ਮਹਲਾ /੧੩੪)

ਉਕਤ ਸ਼ਬਦ ’ਚ ਗੁਰੂ ਅਰਜਨ ਸਾਹਿਬ ਜੀ ਨੇ ਰੁੱਤਾਂ ਦੇ ਪ੍ਰਭਾਵ ਨੂੰ ਰੂਹਾਨੀਅਤ ਨਾਲ ਜੋੜ ਕੇ ਤਾਂ ਸਪਸ਼ਟ ਕਰ ਦਿੱਤਾ, ਪਰ ਇਸ ਵਿੱਚ ਖੁਗੋਲ ਵਿਗਿਆਨਕ ਪੱਖ ਨਹੀਂ ਤਾਂ ਜੋ ਗੁਰੂ ਨਾਨਕ ਪਾਤਸ਼ਾਹ ਜੀ ਦੇ ਉਕਤ ਸ਼ਬਦ ਵਾਙ ਵਿਚਾਰਿਆ ਜਾਵੇ।

ਵਿਚਾਰ : ਜਿਵੇਂ ਖੁਗੋਲ ਵਿਗਿਆਨ ਅਨੁਸਾਰ ਹਾੜ ਦੇ ਮਹੀਨੇ; ਰੁੱਤਾਂ ਵਿੱਚ ਭਾਰੀ ਤਬਦੀਲੀ ਹੁੰਦੀ ਹੈ ਉਸੇ ਤਰ੍ਹਾਂ ਇਸ ਮਹੀਨੇ ਇਤਿਹਾਸ ’ਚ ਕੁਝ ਐਸੀਆਂ ਵੱਡੀਆਂ ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ ਵਿੱਚ ਸਿੱਖ ਕੌਮ ਨੇ ਯਾਦਗਾਰੀ ਚਿੰਨ੍ਹ ਛੱਡੇ ਹਨ; ਜਿਵੇਂ ਕਿ ੨ ਹਾੜ ਬਿਕ੍ਰਮੀ ਸੰਮਤ ੧੬੬੩ (ਨਾਨਕਸ਼ਾਹੀ ਸੰਮਤ ੧੩੮/30 ਮਈ 1606 ਜੂਲੀਅਨ) ਨੂੰ ਗੁਰੂ ਅਰਜਨ ਸਾਹਿਬ ਜੀ ਨੂੰ ਲਾਹੌਰ ਵਿਖੇ ਤੱਤੀ ਤਵੀ ’ਤੇ ਬਿਠਾ ਕੇ ਸਖ਼ਤ ਤਸੀਹੇ ਦਿੰਦਿਆਂ ਸ਼ਹੀਦ ਕਰ ਦਿੱਤਾ। ਇਸ ਸ਼ਹੀਦੀ ਨੇ ਕੌਮ ਨੂੰ ਦ੍ਰਿੜ੍ਹ ਕਰਵਾਇਆ ਕਿ ਸਿਧਾਂਤ ਅਤੇ ਗੁਰਬਾਣੀ ’ਚ ਕਿਸੇ ਤਰ੍ਹਾਂ ਦੀ ਰਲਾਵਟ ਸਵੀਕਾਰਨ ਨਾਲੋਂ ਆਪਣੀ ਜਾਨ ਨਿਸ਼ਾਵਰ ਕਰਨਾ ਸਹੀ ਹੈ ਭਾਵੇਂ ਕਿ ਜ਼ਬਰ ਦਾ ਮੁਕਾਬਲਾ ਸਬਰ ਨਾਲ ਹੀ ਕੀਤਾ ਜਾਵੇ।

ਪ੍ਰਭੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਹੈ; ਜਿਵੇਂ ਕਿ ਆਪ ਜੀ ਦੇ ਹੀ ਬਚਨ ਕਥਨੀ ਅਤੇ ਕਰਨੀ ਨੂੰ ਦਰਸਾਉਂਦੇ ਹਨ ‘‘ਤੇਰਾ ਕੀਆ ਮੀਠਾ ਲਾਗੈ ਹਰਿ ਨਾਮੁ ਪਦਾਰਥੁ, ਨਾਨਕੁ ਮਾਂਗੈ ’’ (ਮਹਲਾ /੩੯੪) ਕਿਉਂਕਿ ਆਪ ਨੇ ਇਹ ਸ਼ਬਦ ਕੇਵਲ ਉਚਾਰਿਆ ਹੀ ਨਹੀਂ ਬਲਕਿ ਇਸ ਨੂੰ ਕਮਾ ਕੇ ਵੀ ਲਾਜਵਾਬ ਮਿਸਾਲ ਦਿੱਤੀ ਹੈ।

ਗੁਰੂ ਸਾਹਿਬ ਜੀ ਦੀ ਸ਼ਹੀਦੀ ਤੋਂ 16 ਦਿਨ ਬਾਅਦ; ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ੍ਰੀ ਦਰਬਾਰ ਸਾਹਿਬ (ਅੰਮ੍ਰਿਤਸਰ) ਦੇ ਸਾਹਮਣੇ 18 ਹਾੜ/15 ਜੂਨ ਨੂੰ ਇੱਕ ਉੱਚਾ ਥੜ੍ਹਾ ਬਣਾਇਆ। ਜਿਸ ਉੱਤੇ ਯੋਧਿਆਂ ਦੀਆਂ ਢਾਢੀ ਵਾਰਾਂ ਗਾਉਣੀਆਂ ਸ਼ੁਰੂ ਕਰਕੇ ਸਿੱਖਾਂ ’ਚ ਵੀਰ ਰਸ ਪੈਦਾ ਕੀਤਾ। ਇਸੇ ਥੜ੍ਹੇ ’ਤੇ ਬਿਲਡਿੰਗਾਂ ਦੀ ਨਵੀਂ ਉਸਾਰੀ, ਹਮਲਾਵਰਾਂ ਵੱਲੋਂ ਢਾਹ ਢੇਰੀ ਅਤੇ ਮੁੜ ਉਸਾਰੀ ਹੁੰਦੀ ਰਹੀ। ਪਹਿਲਾਂ ਇਸ ਦਾ ਨਾਮ ਅਕਾਲ ਬੁੰਗਾ ਸੀ, ਜੋ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਪ੍ਰਚਲਿਤ ਹੈ। ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਵੀ ੨੧ ਹਾੜ ਬਿਕ੍ਰਮੀ ਸੰਮਤ ੧੬੫੨ (ਨਾਨਕਸ਼ਾਹੀ ਸੰਮਤ ੧੨੭/ 19 ਜੂਨ 1595 ਜੂਲੀਅਨ) ਨੂੰ ਗੁਰੂ ਕੀ ਵਡਾਲੀ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਗੁਰੂ ਅਰਜਨ ਸਾਹਿਬ ਜੀ ਦੇ ਘਰ ਅਤੇ ਮਾਤਾ ਗੰਗਾ ਜੀ ਦੀ ਕੁਖੋਂ ਹੋਇਆ ਸੀ।

੨੫ ਹਾੜ ਬਿਕ੍ਰਮੀ ਸੰਮਤ ੧੭੯੧ (ਨਾਨਕਸ਼ਾਹੀ ਸੰਮਤ ੨੬੬/24 ਜੂਨ 1734 ਜੂਲੀਅਨ) ਨੂੰ ਲਾਹੌਰ ਵਿਖੇ ਭਾਈ ਮਨੀ ਸਿੰਘ ਜੀ ਦੇ ਬੰਦ ਬੰਦ ਕੱਟ ਕੇ ਸ਼ਹੀਦ ਕੀਤਾ ਗਿਆ ਸੀ।

ਸਮਕਾਲੀ ‘ਅਖ਼ਬਾਰਾਂ-ਏ-ਦਰਬਾਰ-ਏ-ਮੁਅਲਾ’ ਦੀ ਖ਼ਬਰ ਅਨੁਸਾਰ ਬਾਦਸ਼ਾਹ ਫ਼ਰਖ਼ੁੱਸ਼ੀਅਰ ਨੇ 29 ਜ਼ਮਾਦੀ-ਉਲ-ਸਾਨੀ ਹਿਜ਼ਰੀ ਸੰਮਤ ੧੧੨੮ (ਇਸ ਤਾਰੀਖ਼ ਨੂੰ ਕੈਲੰਡਰ ਦੀਆਂ ਦੂਸਰੀਆਂ ਪੱਧਤੀਆਂ ’ਚ ਤਬਦੀਲ ਕੀਤਿਆਂ ਬਣਦਾ ਹੈ – ੧੧ ਹਾੜ ਬਿਕ੍ਰਮੀ ਸੰਮਤ ੧੭੭੩ (ਸੂਰਜੀ ਸਿਧਾਂਤ)/9 ਜੂਨ 1716 ਜੂਲੀਅਨ) ਨੂੰ ਹੁਕਮ ਜਾਰੀ ਕੀਤਾ ਕਿ ਬੰਦਾ ਸਿੰਘ ਨੂੰ ਖ਼ੁਆਜ਼ਾ ਕੁਤਬੁਦੀਨ ਬਖ਼ਤਿਆਰ ਕਾਕੀ ਦੀ ਦਰਗਾਹ ਦੇ ਸਾਹਮਣੇ ਹਜ਼ਰਾ ਖ਼ੁਲਦ ਮਜ਼ਲ ਦੇ ਮਕਬਰੇ (ਬਹਾਦਰ ਸ਼ਾਹ ਦੇ ਮਕਬਰੇ) ਦੇ ਨੇੜੇ ਲਿਜਾ ਕੇ ਉਸ ਦੀ ਜ਼ਬਾਨ ਅਤੇ ਅੱਖਾਂ ਕੱਢ ਦਿੱਤੀਆਂ ਜਾਣ, ਉਸ ਦੀ ਚਮੜੀ ਨਾਲੋਂ ਉਸ ਦਾ ਮਾਸ ਨੋਚ ਦੇਣ, ਹੱਡੀਆਂ ਨੂੰ ਵੀ ਮਾਸ ਨਾਲੋਂ ਤੋੜ ਕੇ ਜ਼ੁਦਾ ਕਰ ਦੇਣ, ਉਸ ਦੇ ਪੁੱਤਰ ਨੂੰ ਵੀ ਮਾਰ ਦਿੱਤਾ ਜਾਵੇ।

ਵਿਸ਼ਾਲ ਸਿੱਖ ਰਾਜ ਸਥਾਪਿਤ ਕਰਨ ਵਾਲੇ ਮਹਾਰਾਜਾ ਰਣਜੀਤ ਸਿੰਘ ਦਾ ਦਿਹਾਂਤ ਵੀ ੧੫ ਹਾੜ ਬਿਕ੍ਰਮੀ ਸੰਮਤ ੧੮੯੬ (ਨਾਨਕਸ਼ਾਹੀ ਸੰਮਤ ੩੭੧/ 27 ਜੂਨ 1839 ਈਸਵੀ) ਨੂੰ ਹੋਇਆ। ਉਨ੍ਹਾਂ ਦੇ ਦਿਹਾਂਤ ਨਾਲ ਇੱਕ ਤਰ੍ਹਾਂ ਸਿੱਖ ਰਾਜ ਦਾ ਸੂਰਜ ਹੀ ਡੁੱਬ ਗਿਆ। ਉਨ੍ਹਾਂ ਦੀ ਮੌਤ ਤੋਂ ਬਾਅਦ ਡੋਗਰਿਆਂ ਦੀ ਗਦਾਰੀ ਅਤੇ ਮਹਾਰਾਜਾ ਦੇ ਉੱਤਰਾਧਿਕਾਰੀ ਬਣਨ ਦੇ ਗ੍ਰਹਿਯੁੱਧ ਕਾਰਨ ਕੇਵਲ 10 ਸਾਲਾਂ ’ਚ ਹੀ ਸਿੱਖ ਰਾਜ ਦਾ ਅੰਤ ਹੋ ਗਿਆ। ਮਹਾਰਾਜਾ ਦੇ ਅੰਤਮ ਵਾਰਸ, ਉਨ੍ਹਾਂ ਦੇ ਛੋਟੀ ਉਮਰ ਦੇ ਪੁੱਤਰ ਮਹਾਰਾਜਾ ਦਲੀਪ ਸਿੰਘ ਅਤੇ ਉਨ੍ਹਾਂ ਦੀ ਮਾਤਾ ਮਹਾਰਾਣੀ ਜਿੰਦ ਕੌਰ ਨੂੰ ਕੈਦ ਕਰ ਕੇ ਪੰਜਾਬ ਤੋਂ ਦੂਰ ਜਲਾਵਤਨ ਕਰ ਦਿੱਤਾ, ਜੋ ਜਲਵਤਨੀ ’ਚ ਹੀ ਪ੍ਰਾਣ ਤਿਆਗ ਗਏ ਅਤੇ ਸਿੱਖ ਰਾਜ ਦਾ ਅੰਤ ਹੋ ਗਿਆ। ਉਸ ਤੋਂ ਬਾਅਦ 1947 ਦੀ ਵੰਡ ਅਤੇ ਪੰਜਾਬੀ ਸੂਬੇ ਸਮੇਂ ਪੰਜਾਬ ਦੀ ਵੰਡ ਹੋਣ ਉਪਰੰਤ ਅੱਜ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਕੇਵਲ ਛੇਵਾਂ ਸੱਤਵਾਂ ਹਿੱਸਾ ਹੀ ਪੰਜਾਬ ਦਾ ਸਾਡੇ ਪਾਸ ਬਾਕੀ ਬਚਿਆ ਹੈ।