‘ੴ ਸਤਿ’ ਦੀ ਸੰਧੀ ਤੇ ਪ੍ਰਾਚੀਨ ਹੱਥ–ਲਿਖਤ ਬੀੜਾਂ ਵਿੱਚ ਮੰਗਲ ਅੰਕਿਤ ਕਰਨ ਦੀ ਵਿਧੀ
ਪ੍ਰਿੰਸੀਪਲ ਹਰਿਭਜਨ ਸਿੰਘ ਦੀ ਗੁਰਬਾਣੀ ਵਿਆਖਿਆਕਾਰੀ
ਪ੍ਰਿੰਸੀਪਲ ਸਤਿਨਾਮ ਸਿੰਘ, 1186 ਸੈਕਟਰ 18 ਸੀ, ਚੰਡੀਗੜ੍ਹ-160018 98880-47979
ਦੂਜੇ ‘ਮਿਲੀਨੀਅਮ’ ਦੀ ਸੰਸਾਰ ਨੂੰ ਸਭ ਤੋਂ ਮਹਾਨ ਦੇਣ ਦਸੋਂ ਨਾਨਕ ਜੋਤ ਅਤੇ ਉਨ੍ਹਾਂ ਦਾ ਸ਼ਾਹਕਾਰ ਗੁਰੂ ਗ੍ਰੰਥ ਸਾਹਿਬ ਅਗਲੀ ਆਉਣ ਵਾਲੀ ਹਰ ਸਦੀ ਤੱਕ ਬੇਜੋੜ ਅਤੇ ਬੇਮਿਸਾਲ ਰਹੇਗਾ। ਸਿੱਖ ਸਤਿਗੁਰਾਂ ਨੂੰ ਇਸ ਮਨੁੱਖੀ ਅਲਪ ਬੁੱਧੀ ਨਾਲ ਸਮਝਣਾ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਸਾਈ ਜੀਵਨ ਰੀਤ ਨੂੰ ਰਿਦੈ ਬਸਾ ਅਤੇ ਅਮਲਾ ਕੇ ਸੰਸਾਰ ਪੰਧ ਨੂੰ ਪੂਰਾ ਕਰ, ਮੁੜ ਜੋਤੀ ਜੋਤ ਸਮਾਉਣਾ, ਮਾਤ੍ਰ ਕਤੇਬੀ ਗਿਆਨ ਨਹੀਂ। ਇਸ ਗੁਰਮਤਿ ਗਾਡੀ ਰਾਹ ਨੂੰ ਵਾਚਨ, ਵੀਚਾਰਨ ਅਤੇ ਅਪਣਾਉਣ ਦਾ ਪਹਿਲਾ ਕਰੀਨਾ ਹੈ ਪੰਜਾਂ (ਕਾਮ, ਕਰੋਧ, ਲੋਭ, ਮੋਹ, ਅਹੰਕਾਰ) ਦਾ ਤਿਆਗ ਅਤੇ ਬਿਨ ਸਿਰ; ਇਸ ਖੰਨਿਓ ਤਿੱਖੇ ਤੇ ਵਾਲੋਂ ਨਿੱਕੇ ਮਾਰਗ ਦਾ ਪਾਂਧੀ ਹੋਣਾ। ਧੁਰੋਂ ਆਈ ਖਸਮ ਦੀ ਬਾਣੀ ਦੇ ਭੇਦਾਂ ਨੂੰ ਖੁਦ ਸਮਝ, ਦੂਜਿਆਂ ਤੇ ਖੋਲਣਾ ਹਾਰੀ-ਸਾਰੀ (ਐਰੇ-ਗੈਰੇ) ਦਾ ਕੰਮ ਨਹੀਂ, ਇਹ ਤਾਂ ਕਿਸੇ ਟਾਂਵੀ ਟਾਂਵੀ ਦੈਵੀ ਆਤਮਾ ਉੱਤੇ ਉਸ ਕਰਤੇ ਦੀ ਨਦਰ ਦਾ ਹੀ ਨਤੀਜਾ ਹੁੰਦਾ ਹੈ। ਗੁਰੂ ਮਹਾਰਾਜ ਦੇ ਸਮਕਾਲੀ ਮਹਾਨ ਗੁਰਸਿੱਖਾਂ ਨੇ ਵੀ ਇਸ ਅਥਾਹ ਸਾਗਰ ’ਚੋਂ ਹੰਸ ਬਿਰਤੀ ਅਧੀਨ ਮੋਤੀ ਹੀ ਚੁਣੇ ਸਨ। ਇਸ ਦਾ ਥਹੁ ਪਾਉਣ ਦਾ ਕਦੇ ਗੁਮਾਨ ਨਹੀਂ ਸੀ ਕੀਤਾ ਅਤੇ ਅਜੋਕੇ ਯੁੱਗ ਵਿੱਚ ਐਸਾ ਦਾਹਵਾ ਕਰਨ ਬਾਰੇ ਇੱਕ ਛਿਨ ਭਰ ਦੀ ਸੋਚ, ਮੱਤ ਹੀਣ ਢੀਠਤਾ ਤੋਂ ਵੱਧ ਕੁਝ ਵੀ ਨਹੀਂ।
ਗੁਰਬਾਣੀ ਕੀ ਆਖਦੀ ਹੈ, ਕੀ ਸਮਝਾਉਂਦੀ ਹੈ ਇਹ ਤਾਂ ਸਿਰਫ ਤੇ ਸਿਰਫ ਸਤਿਗੁਰ ਆਪ ਹੀ ਜਾਣਦੇ ਸਨ ਤੇ ਉਹੀ ਇਸ ਦੇ ਅਸਲੀ ਤੇ ਪਹਿਲੇ ਵਿਆਖਿਆਕਾਰ (ਸਹਿਜ ਪ੍ਰਣਾਲੀ) ਸਨ। ਸਤਿਗੁਰਾਂ ਤੋਂ ਬਾਅਦ ਸਮਕਾਲੀ ਭਾਈ ਗੁਰਦਾਸ ਜੀ ਨੇ ਵਾਰਾਂ ਤੇ ਕਬਿਤਾਂ ਦੀ ਕੁੰਜੀ ਦੇ ਰੂਪ ਵਿੱਚ ਗੁਰਬਾਣੀ ਦੀ ਵਿਆਖਿਆ ਕੀਤੀ। ਫਿਰ ਸਮੇਂ ਸਮੇਂ ਗੁਰੂ ਘਰ ਦੇ ਅਨਿੰਨ ਸ਼ਰਧਾਲੂ ਤੇ ਪਰਮ ਸੇਵਕਾਂ ਨੇ ਪਰਮਾਰਥ, ਸੰਪ੍ਰਦਾਈ, ਉਦਾਸੀ, ਨਿਰਮਲੇ ਆਦਿ ਪ੍ਰਣਾਲੀਆਂ ਦੇ ਨਾਂ ਥੱਲੇ ਗੁਰਬਾਣੀ ਦੀ ਵਿਆਖਿਆ ਕੀਤੀ। ਗੁਰਮਤ ਅਨੁਸਾਰੀ ਗੁਰਬਾਣੀ ਦੀ ਵਿਆਖਿਆ ਕਰਨਾ ਕਠਨ ਕੰਮ ਹੈ ਕਿਉਂਕਿ ਹਰ ਕੋਈ ਧਰਮ ਨੂੰ ਕਰਮਕਾਂਡ ਅਤੇ ਬਾਹਰਲੀ ਰਹੁ-ਰੀਤ ਦੇ ਰੂਪ ਵਿੱਚ ਅਪਣਾਉਣ ਦੀ ਰੁਚੀ ਰੱਖਦਾ ਹੈ। ਧਰਮ ਦੀ ਅੰਦਰਲੀ ਸਚਾਈ ਜਾਂ ਰਹੱਸ ਤਾਂ ਬਹੁਤ ਘੱਟ ਵਿਅਕਤੀਆਂ ਨੂੰ ਸਮਝ ਗੋਚਰ ਹੁੰਦੀ ਹੈ। ਗੁਰਮਤ ਵਿਆਖਿਆ ਵਿੱਚ ਪ੍ਰਿੰਸੀਪਲ ਹਰਿਭਜਨ ਸਿੰਘ ਪ੍ਰਸਿਧ ਵਿਦਵਾਨਾਂ ਡਾ. ਬਲਬੀਰ ਸਿੰਘ, ਭਾਈ ਜੋਧ ਸਿੰਘ, ਸਰਦਾਰ ਕਪੂਰ ਸਿੰਘ ਅਤੇ ਪ੍ਰਿੰਸੀਪਲ ਸਾਹਿਬ ਸਿੰਘ ਆਦਿ ਸਿੱਖ ਬੁੱਧੀਜੀਵੀ ਵਰਗ ਦਾ ਸੁਯੋਗ ਉਤਰਾਧਿਕਾਰੀ ਸੀ। ਵਿਸ਼ੇ ਦੀ ਬਾਰੀਕੀ ਅਰਥਾਤ ਸੂਖਮਤਾ ਅਤੇ ਵਿਵਰਨ ਵਿੱਚ ਦੂਰ ਤੱਕ ਜਾ ਕੇ ਕਿਸੇ ਜ਼ਰੂਰੀ ਸਿਧਾਂਤ ਦੀ ਭਰਪੂਰ ਵਿਆਖਿਆ ਪੇਸ਼ ਕਰਨਾ ਅਤੇ ਥਾਂ ਪਰ ਥਾਂ ਗੁਰਬਾਣੀ ਦੀਆਂ ਉਦਾਹਰਨਾਂ ਦੇ ਕੇ ਵਿਸ਼ੇ ਦੀ ਪੁਸ਼ਟੀ ਕਰਨਾ ਜਾਂ ਅਰਬੀ, ਫ਼ਾਰਸੀ, ਉਰਦੂ ਦੀਆਂ ਨਜ਼ਮਾਂ ਤਥਾ ਅੰਗਰੇਜ਼ੀ ਉਕਤੀਆਂ ਨਾਲ ਗੁਰਬਾਣੀ ਵਿਆਖਿਆ ਨੂੰ ਪ੍ਰਮਾਣਿਕ ਬਣਾਉਣਾ ਪ੍ਰਿੰਸੀਪਲ ਹਰਿਭਜਨ ਸਿੰਘ ਦੀ ਵਿਆਖਿਆ ਕਲਾ ਦੀ ਵਿਸ਼ੇਸ਼ ਪ੍ਰਾਪਤੀ ਸੀ।
ਪ੍ਰਿੰਸੀਪਲ ਹਰਿਭਜਨ ਸਿੰਘ ਦੀ ਹਯਾਤ ਦਾ ਸਫਰ ‘ਵੈਸਾਖ ਭਲਾ ਸਾਖਾ ਵੇਸ ਕਰੇ’ 9 ਅਪ੍ਰੈਲ 1909 ਨੂੰ ਇੱਕ ਸਰਲ ਸਾਦੇ ਅਤੇ ਪਵਿੱਤਰ ਆਤਮਾ ਦੰਪਤੀ ਮਾਤਾ ਗੰਗਾ ਤੇ ਪੂਜ ਪਿਤਾ ਸਰਦਾਰ ਈਸ਼ਰ ਸਿੰਘ ਦੇ ਗ੍ਰਹਿ ਵਿਖੇ ਜ਼ਿਲਾ ਅੰਮ੍ਰਿਤਸਰ ਦੇ ਘੁੱਗ ਵਸਦੇ ਦੀਪ ਨਗਰ, ਠਰੂ ਵਿੱਚ ਆਰੰਭ ਹੋਇਆ। 7 ਕੁ ਸਾਲ ਦੇ ਹੋਏ, ਮਦਰਸੇ (ਪੇਂਡੂ ਸਕੂਲ) ਭੇਜਣ ਦੀ ਗਲ ਤੁਰੀ। ਪਰ ਸਾਂਈ ਬੁਲੇ ਸ਼ਾਹ ਦੇ ਸੂਫੀਆਨਾ ਕਲਾਮ, ‘ਜਦ ਮੈਂ ਹਰਫ਼ ਅਲਫ ਦਾ ਪੜਿਆ ਮੇਰਾ ਮਕਤਬ ਤੋਂ ਦਿਲ ਡਰਿਆ’, ਸਕੂਲ ਦੇ ਡਰ ਤੋਂ ਡੁਸਕਦਿਆਂ ਢਾਈ ਕੁ ਸਾਲ ਹੋਰ ਲੰਘ ਗਏ। ਆਖਰ ਸਾਢੇ ਨੌਂ ਕੁ ਸਾਲ ਦੀ ਉਮਰੇ ਪਿੰਡ ਦੇ ਪ੍ਰਾਇਮਰੀ ਸਕੂਲ ਦਾਖਲ ਹੋਏ। ਬਸ ਫੇਰ ਕੀ ਸੀ ‘‘ਜਨਮ ਜਨਮ ਕਾ ਸੋਇਆ ਜਾਗੈ ॥’’ (ਮਹਲਾ ੫/੮੬੯) ਅਨੁਸਾਰ ਚਾਰ ਜਮਾਤਾਂ ਤਿੰਨਾਂ ਸਾਲਾਂ ਵਿੱਚ ਹੀ ਪਹਿਲੇ ਨੰਬਰ ’ਤੇ ਰਹਿ ਪਾਸ ਕੀਤੀਆਂ। ਪਿੰਡ ਦੇ ਹੀ ਸੰਤ ਦਫੇਦਾਰ ਭਗਤ ਸਿੰਘ ਦੇ ਅਸਰ ਅਧੀਨ ਗੁਰਸਿੱਖੀ ਪਿਆਰ ਜਾਗਿਆ ਤੇ ਚੌਥੀ ਕਲਾਸ ’ਚ 1921 ਦੀ ਵਿਸਾਖੀ ਪੁਰਬ ਸਮੇਂ ‘ਖੰਡੇ ਦੀ ਪਾਹੁਲ’ ਲੈ ਸਿੰਘ ਸਜੇ। ਤੇਰਾਂ ਕੁ ਸਾਲ ਦੀ ਉਮਰ ’ਚ ਸ੍ਰੀ ਗੁਰੂ ਅਰਜਨ ਦੇਵ ਖਾਲਸਾ ਹਾਈ ਸਕੂਲ ਤਰਨਤਾਰਨ ਦਾਖਲੇ ਤੋਂ ਬਾਅਦ ਵਿਦਿਅਕ ਖੇਤਰ ਵਿੱਚ ਪਿੱਛਾ ਭਊਂ ਨਹੀਂ ਵੇਖਿਆ। ਬੀ.ਏ., ਐਸ.ਏ.ਵੀ. ਤੇ ਗਿਆਨੀ ਆਦਿ ਪੰਜਾਬ ’ਚ ਪਹਿਲੇ ਦੂਜੇ ਨੰਬਰ ’ਤੇ ਰਹਿ ਪਾਸ ਕੀਤੀਆਂ। ਸਾਗਰੀ ਸਕੂਲ ਰਾਵਲਪਿੰਡੀ ਸੈਕੰਡ ਮਾਸਟਰ, ਖਾਲਸਾ ਕਾਲਜ ਸਕੂਲ ਅੰਮ੍ਰਿਤਸਰ ਧਾਰਮਿਕ ਉਸਤਾਦ, ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਪ੍ਰੋਫੈਸਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਮੀਤ ਸਕੱਤਰ, ਐਡੀਸ਼ਨਲ ਸਕੱਤਰ ਤੇ ਸਕੱਤਰ ਦੀ ਵੱਡੀ ਹਾ ਹੂ ਵਾਲੀ ਚਾਕਰੀ ਤਿਆਗ 1960 ’ਚ ਧਾਰਮਿਕ ਰੁਚੀ ਅਧੀਨ ਪ੍ਰਿੰਸੀਪਲ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੀ ਪਦਵੀ ਨੂੰ ਤਰਜੀਹ ਦਿੱਤੀ।
ਪ੍ਰਿੰਸੀਪਲ ਹਰਿਭਜਨ ਸਿੰਘ ਨੇ ਛੋਟੀ ਉਮਰੇ ਹੀ ਪਿੰਡ ਦੇ ਵਿਰਕਤ ਸੰਤ ਦਫੇਦਾਰ ਭਗਤ ਸਿੰਘ ਅਤੇ ਪਿੰਡ ਅਮੀਂ ਸ਼ਾਹ ਖਾਲੜਾ ਦੇ ਸੰਤ ਈਸ਼ਰ ਦਾਸ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਰਦਾਈ ਵਿਆਖਿਆ ਦਾ ਗਿਆਨ ਪ੍ਰਾਪਤ ਕੀਤਾ। ਸੰਤ ਈਸ਼ਰ ਦਾਸ ਗੁਰਬਾਣੀ ਦੀ ਇੱਕ ਇੱਕ ਤੁੱਕ ਦੇ ਪੰਜ ਸੱਤ ਅਰਥ ਕਰਦੇ ਸਨ। ਆਖਿਰ ਜਦ ਖਾਲਸਾ ਕਾਲਜ ਸਕੂਲ ਧਾਰਮਿਕ ਉਸਤਾਦ ਲੱਗੇ, ਗੁਰਬਾਣੀ ਪੜ੍ਹੀ ਤੇ ਪੜ੍ਹਾਈ, ਸਿੰਘ ਸਭਾਈ ਗੁਰਸਿਖ ਗੁਰਬਾਣੀ ਰਸੀਆ ਤੇ ਵਿਆਖਿਆਕਾਰਾਂ ਦੀ ਸੰਗਤ ਕੀਤੀ, ਤਾਂ ਸਮਝ ਪਈ ਕਿ ਗੁਰਬਾਣੀ ਕਿਸੇ ਖਾਸ ਨਿਯਮਾਵਲੀ ਅਧੀਨ ਸੰਪਾਦਨ ਕੀਤੀ ਗਈ ਹੈ। ਪ੍ਰਿੰਸੀਪਲ ਤੇਜਾ ਸਿੰਘ, ਪ੍ਰਿੰਸੀਪਲ ਸਾਹਿਬ ਸਿੰਘ ਦੀਆਂ ਤਿਆਰ ਗੁਰਬਾਣੀ ਵਿਆਕਰਨਾਂ ਨੂੰ ਸਮਝਿਆ। ਗੁਰਬਾਣੀ ਦੀ ਹੀ ਤਾਂਘ ਖਾਲਸਾ ਸਕੂਲ ਤੋਂ ਆਪ ਨੂੰ ਸਿੱਖ ਮਿਸ਼ਨਰੀ ਕਾਲਜ ਲੈ ਆਈ। ਪਰ ਛੇਤੀ ਹੀ ਸਰਦਾਰ ਮੋਹਨ ਸਿੰਘ ਨਾਗੋਕੇ ਪ੍ਰਧਾਨ ਸ਼੍ਰੋ. ਕਮੇਟੀ ਦੀ ਪਾਰਖੂ ਨਜ਼ਰ ਦਫਤਰੀ ਕੰਮ ਵੱਲ ਖਿੱਚ ਲਿਆਈ। ਲਗਨ ਤੇ ਮਿਹਨਤ ਨਾਲ ਸਮਾਂ ਪਾ ਕੇ ਭਾਵੇਂ ਸਕੱਤਰ ਸ਼੍ਰੋ. ਕਮੇਟੀ ਤੱਕ ਪੁੱਜ ਗਏ, ਪਰ ਮਨ ਵਿੱਚ ਗੁਰਬਾਣੀ ਪਿਆਰ ਓਵੇਂ ਹੀ ਉਬਾਲੇ ਮਾਰਦਾ ਰਿਹਾ। ਸ਼੍ਰੋ. ਕਮੇਟੀ ’ਚ ਰਹਿੰਦਿਆਂ ਗੁਰੂ ਗ੍ਰੰਥ ਜੀ ਦੀ ਸ਼ੁੱਧ ਛਪਾਈ ਤੇ ਮੰਗਲਾਂ ਦੇ ਸਰਵ ਉੱਚ ਅਸਥਾਨ ਬਾਰੇ ਸਿਰ ਧੜ ਦੀ ਬਾਜ਼ੀ ਲਗਾਉਣੋਂ ਵੀ ਗੁਰੇਜ਼ ਨਹੀਂ ਕੀਤਾ। ਗੋਲੀ ਮਾਰ ਦੇਣ ਦੀ ਧਮਕੀ ਦੇ ਬਾਵਜੂਦ ਵੀ ਸਦਾ ਗੁਰਬਾਣੀ ’ਚ ਮੰਗਲਾਂ ਨੂੰ ਸਰਵ ਉੱਚ ਮੰਨਿਆ ਅਤੇ ਦਸ ਸਾਲ ਬੀੜ ਸਾਹਿਬਾਨ ਇਸੇ ਸਰਵ ਉੱਚ ਤਰਤੀਬ ਨਾਲ ਛਪਵਾਈਆਂ।
ਮੰਗਲਾਚਰਣ ਤਥਾ ਮੂਲ ਮੰਤਰ
ਪ੍ਰਿੰਸੀਪਲ ਹਰਿਭਜਨ ਸਿੰਘ ਅਨੁਸਾਰ ਮੰਗਲਾਚਰਨ ਤਥਾ ਮੂਲ ਮੰਤਰ ਸਰਵ ਉੱਚ ਹੈ ਤੇ ਸਭ ਤੋਂ ਪਹਿਲਾਂ ਹੈ। ਆਪ ਦਾ ਮੰਨਣਾ ਹੈ ਕਿ ਗੁਰੂ ਅਰਜਨ ਦੇਵ ਜੀ ਨੇ, ਸਮੁੱਚੇ ਗੁਰੂ ਗ੍ਰੰਥ ਸਾਹਿਬ ਵਿੱਚ ਬੱਝਵੀਂ ਤਰਤੀਬ ਅਨੁਸਾਰ ਹਰ ਥਾਂ, ਗੁਰੂ ਨਾਨਕ ਜੀ ਦੀ ਬਾਣੀ ਨੂੰ ਪਹਿਲ ਦਿੱਤੀ ਹੈ ਅਤੇ ਸਮੇਂ ਦੇ ਰਿਵਾਜ ਤੇ ਸ੍ਰੇਸ਼ਟਤਾ ਨੂੰ ਮੁੱਖ ਰੱਖ ਕੇ, ਮੰਗਲਾਚਰਣ ਤਥਾ ਮੂਲ ਮੰਤਰ ਨੂੰ ਸਭ ਤੋਂ ਪਹਿਲਾਂ ਆਦਿ ਵਿੱਚ ਸੁਸ਼ੋਭਿਤ ਕੀਤਾ ਹੈ, ਜਿਸ ਤੋਂ ਲਿਖਾਰੀ (ਗੁਰਦੇਵ ਜੀ) ਦੇ ਪੂਜਯ ਇਸ਼ਟ ਦੀ ਲੱਖਤਾ ਹੁੰਦੀ ਹੈ। ਆਪ ਜੀ ਦਾ ਵੀਚਾਰ ਹੈ ਕਿ ਆਦਿ ਸਤਿਗੁਰੂ ਜੀ ਨੇ ਆਪਣੀ ਸਿਧਾਂਤਕ ਸੇਧ ਤਾਂ ਇਸ ਮਹਾਨ-ਭਾਵੀ ਅਤੇ ਅਦੁੱਤੀ ਮੰਗਲਾਚਰਣ ਵਿੱਚ ਹੀ ਬਖਸ਼ ਦਿੱਤੀ ਹੈ, ਜਿਸ ਦੀ ਵਿਆਖਿਆ ਹੈ ‘ਜਪੁ ਜੀ’ ਅਤੇ ‘ਜਪੁ ਜੀ’ ਦੀ ਵਿਆਖਿਆ ਹੈ ‘ਗੁਰੂ ਗ੍ਰੰਥ ਸਾਹਿਬ’।
ਧਰਮ-ਗ੍ਰੰਥ ਅਥਵਾ ਹੋਰ ਰਚਨਾਵਾਂ ਦੇ ਆਰੰਭ ਵਿੱਚ ਸਵੈ ਇਸ਼ਟ ਦੇਵ ਦੀ ਆਰਾਧਨਾ ਵਜੋਂ ਮੰਗਲ, ਮੰਗਲਚਾਰ, ਮੰਗਲਾਚਾਰ, ਮੰਗਲਾਚਰਣ ਲਿਖਣ ਦਾ ਰਿਵਾਜ ਬੜਾ ਪੁਰਾਣਾ ਰਿਹਾ ਹੈ। ਵੇਦਾਂ ਤੇ ਉਪਨਿਸ਼ਦਾਂ ਵਿੱਚ ਇਸ ਦੀ ਵਰਤੋਂ ਓਮ ਮੰਗਲ ਕਰਕੇ ਕੀਤੀ ਗਈ ਹੈ ਤੇ ਕੁਰਾਨ ਸ਼ਰੀਫ ਵਿੱਚ ਬਿੱਸਮਿੱਲਾ ਹਿਰਹਮਾਨੁੱਰਹੀਮ ਕਰ ਕੇ।
ਪ੍ਰਿੰਸੀਪਲ ਹਰਿਭਜਨ ਸਿੰਘ ਨੇ ਮੰਗਲਾਚਰਣ ਦੇ ਤਿੰਨ ਭੇਦ ਮੰਨੇ ਹਨ :
1 . ਵਸਤੂ ਨਿਰਦੇਸ਼ਾਤਮਿਕ : ਗ੍ਰੰਥ ਵਿੱਚ ਜਿਸ ਦਾ ਜ਼ਿਕਰ ਕਰਨਾ ਹੈ, ਉਸ ਦੇ ਹੀ ਗੁਣ, ਮਹਿਮਾ, ਲੱਛਣ, ਬੋਧ ਕਰਾਉਣ ਵਾਲਾ ਮੰਗਲ, ਜੈਸੇ ‘‘ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥’’, ਆਦਿ ।
- ਅਸ਼ੀਰਵਾਦਾਤਮਿਕ : ਜਿਸ ਤੋਂ ਕਲਿਆਣ ਦੀ ਕਾਮਨਾ ਕੀਤੀ ਜਾਵੈ, ਜੈਸੇ-‘ਵਾਹਿਗੁਰੂ ਜੀ ਕੀ ਫਤਹਿ॥’ ਜਾਂ ‘ਜੈ ਤੇਗੰ, ਸ੍ਰੀ ਜੈ ਤੇਗੰ ॥’
- ਨਮਸਕਾਰਾਤਮਿਕ : ਜਿਸ ਵਿਚ ਪਰਣਾਮ ਕੀਤਾ ਜਾਵੇ, ਜੈਸੇ – ‘ਨਮਸਕਾਰ ਗੁਰਦੇਵ ਕੋ ……….’
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਧੇਰੇ ਕਰ ਕੇ ਵਸਤੂ ਨਿਰਦੇਸ਼ਾਤਮਿਕ ਮੰਗਲ ਦੀ ਵਰਤੋਂ ਹੋਈ ਹੈ। ਪਾਠ ਕਰਨ ਵਾਲੇ ਸੱਜਣ ਜਾਣਦੇ ਹਨ ਕਿ ਸ੍ਰੀ ਗੁਰੂ ਗ੍ਰੰਥ ਜੀ ਵਿੱਚ ਜਦ ਕੋਈ ਨਵਾਂ ਰਾਗ ਅਰੰਭ ਹੁੰਦਾ ਹੈ, ਜਾਂ ਕਿਸੇ ਗੁਰੂ, ਭਗਤ, ਵਿਅਕਤੀ, ਸ਼ਬਦਾਂ ਦੇ ਸੰਗ੍ਰਹਿ (set), ਅਸਟਪਦੀਆਂ ਤੇ ਘਰ ਆਦਿ ਦੀ ਤਬਦੀਲੀ ਹੁੰਦੀ ਹੈ, ਤਾਂ ਆਮ ਕਰਕੇ ਸੰਪੂਰਨ ਜਾਂ ਸੰਖੇਪ ਮੰਗਲ ਦੀ ਵਰਤੋਂ ਕੀਤੀ ਗਈ ਹੈ।
ਪ੍ਰਿੰਸੀਪਲ ਹਰਿਭਜਨ ਸਿੰਘ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਏ ਕੁਲ ਮੰਗਲਾਂ ਦੀ ਗਿਣਤੀ 568 ਹੈ ਅਤੇ ਇਹ ਇਹਨਾਂ ਪੰਜਾਂ ਰੂਪਾਂ ਵਿਚ ਸੁਸ਼ੋਭਿਤ ਹਨ : –
(1). ਸੰਪੂਰਨ ਮੰਗਲ : ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥ (33 ਵਾਰ)
(2). ਸੰਖੇਪ ਮੰਗਲ : ੴ ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ॥ (9 ਵਾਰ)
(3). ਸੰਖੇਪ ਮੰਗਲ : ੴ ਸਤਿ ਨਾਮੁ ਗੁਰ ਪ੍ਰਸਾਦਿ॥ (2 ਵਾਰ)
(4). ਸੰਖੇਪ ਮੰਗਲ : ੴ ਸਤਿ ਗੁਰ ਪ੍ਰਸਾਦਿ ॥ (522 ਵਾਰ)
(5). ਅਤਿ ਸੰਖੇਪ ਮੰਗਲ : ੴ (ਸ੍ਰੀ ਕਰਤਾਰਪੁਰ ਵਾਲੀ ਬੀੜ ਵਿੱਚ ‘‘ਪੜਿ ਪੁਸਤਕ ਸੰਧਿਆ…’’ ਸਲੋਕ ਉਪਰੰਤ ਅਤੇ ਰਾਗ ਸੋਰਠਿ ਬਾਣੀ ਭਗਤ ਨਾਮਦੇਵ ਜੀ ਕੀ (ਪੰਨਾ ੬੫੬) ‘‘ਜਬ ਦੇਖਾ ਤਬ ਗਾਵਾ’’ ਤੋਂ ਪਹਿਲਾਂ ‘‘ੴ ਸਤਿ ਗੁਰ ਪ੍ਰਸਾਦਿ॥’’ ਮੰਗਲ ਦੀ ਥਾਂ ਕੇਵਲ ‘ੴ’ ਰੂਪ ਮੰਗਲ ਹੀ ਮਿਲਦਾ ਹੈ) (2 ਵਾਰ) ਕੁਲ ਜੋੜ : 568 ਵੇਰ
ਪ੍ਰਾਚੀਨ ਹੱਥ–ਲਿਖਤ ਬੀੜਾਂ ਵਿੱਚ ਮੰਗਲ ਅੰਕਿਤ ਕਰਨ ਦੀ ਵਿਧੀ
ਪਹਿਲੀ ਵਿਧੀ : ਪ੍ਰਿੰਸੀਪਲ ਹਰਿਭਜਨ ਸਿੰਘ ਨੇ ਸ੍ਰੀ ਕਰਤਾਪੁਰ ਸਾਹਿਬ ਵਾਲੀ ‘ਆਦਿ ਬੀੜ’ ਅਤੇ ਉਸੇ ਸ਼ੈਲੀ ਤੇ ਸਮੇਂ ਦੀਆਂ ਹੋਰ ਅਨੇਕਾਂ ਲਿਖਤੀ ਬੀੜਾਂ ਦੇ ਖੁਦ ਦਰਸ਼ਨ ਕੀਤੇ ਤੇ ਸਪਸ਼ਟ ਧਾਰਨਾ ਬਣਾਈ ਕਿ ਪੁਰਾਤਨ ਬੀੜਾਂ ਵਿੱਚ ਮੰਗਲ ਸਪਸ਼ਟ ਤੌਰ ’ਤੇ ਰਾਗ ਤੋਂ ਪਹਿਲਾਂ ਹਨ ਜਾਂ ਸੱਜੇ ਪਾਸੇ ਨੂੰ ਸ੍ਰੇਸ਼ਟ ਸਮਝ ਦਿਆਂ ਹੋਇਆਂ, ਅੱਧ ਤੋਂ ਸੱਜੇ ਪਾਸੇ ਅੰਕਿਤ ਹਨ ਅਤੇ ਰਾਗਾਂ ਦੇ ਸਿਰਲੇਖ ਖੱਬੇ ਪਾਸੇ। (ਇੱਕ ਲਾਈਨ ਦੀ ਜਗ੍ਹਾ ਬਚਾਉਣ ਹਿਤ) ਸੰਪੂਰਨ ਮੰਗਲ ਦੋ-ਦੋ, ਤਿੰਨ-ਤਿੰਨ ਪਾਲਾਂ ਵਿੱਚ ਹੁੰਦੇ ਹੋਏ ਵੀ ਸੱਜੇ ਪਾਸੇ ਹੀ ਦਿੱਤੇ ਗਏ ਹਨ। ਇਹ ਮੰਗਲ ਸੱਜੇ ਪਾਸੇ, ਕਦੀ ਰਾਗ ਦੇ ਸਿਰਲੇਖ ਨਾਲੋਂ ਉਚੇਰੇ ਹਨ ਤੇ ਕਦੀ ਬਰਾਬਰ; ਹੇਠਾਂ ਕਰਕੇ ਕਦੇ ਵੀ ਨਹੀਂ; ਜਿਹਾ ਕਿ ਖੱਬੇ ਪਾਸੇ ਲਿਖੇ ਸਿਰਲੇਖ ਨਾਲੋਂ, ਇਕ, ਦੋ ਜਾਂ ਤਿੰਨਾਂ ਪਾਲਾਂ ਵਿੱਚ ਸੱਜੇ ਪਾਸੇ ਲਿਖੇ ਮੰਗਲ ਦੇ ਨਮੂਨੇ :
- ੴ ਸਤਿਗੁਰਪ੍ਰਸਾਦਿ॥
- ੴ ਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁ
ਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ॥
- ੴਸਤਿਨਾਮੁਕਰਤਾਪੁਰਖਨਿਰਭਉਨਿ
ਰਵੈਰੁਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ ॥
ਰਾਗ ਦੇ ਸਿਰਲੇਖ ਨਾਲੋਂ ਸੱਜੇ ਪਾਸੇ ਸਪਸ਼ਟ ਉਚੇਰੇ ਮੰਗਲ ਦੀ ਇੱਕ ਉਦਾਹਰਨ :-
ੴਸਤਿਨਾਮੁਕਰਤਾਪੁਰਖਨਿਰਭਉ
ਨਿਰਵੈਰੁਅਕਾਲਮੂਰਤਿਅਜੂਨੀ
ਰਾਗਬਿਹਾਗੜਾਚਉਪਦੇਮਹਲਾ੫ਘਰ੨॥ ਸੈਭੰਗੁਰਪ੍ਰਸਾਦਿ॥
ਇਹ ਚਾਰੇ ਮੰਗਲ ਸ੍ਰੀ ਕਰਤਾਰ ਪੁਰ ਸਾਹਿਬ ਵਾਲੀ ਆਦਿ ਬੀੜ ਜੀ ਤੋਂ ਲਏ ਗਏ ਹਨ।
ਜਿਹੜੇ ਸੱਜਣ, ਬਗੈਰ ਪ੍ਰਾਚੀਨ ਲਿਖਣਸ਼ੈਲੀ ਨੂੰ ਸਮਝੇ, ਇਹ ਹੱਠ ਕਰਦੇ ਹਨ ਕਿ ਜਿਵੇਂ ਲਿਖਿਆ ਹੈ, ਤਿਵੇਂ ਹੀ ਖੱਬੇ ਤੋਂ ਸੱਜੇ ਪੜ੍ਹੀ ਜਾਣਾ ਚਾਹੀਦਾ ਹੈ, ਉਹ ਵਾਚਣ ਕਿ ਸ੍ਰੀ ਕਰਤਾਪੁਰ ਸਾਹਿਬ ਵਾਲੀ ਪਾਵਨ ਬੀੜ ਵਿਚੋਂ, ਹੇਠਾਂ ਇੱਕ ਹੋਰ ਉਦਾਹਰਨ-
- ਰਾਗ ਗਉੜੀ ਅਸਟਪਦੀਆ ੴਸਤਿਗੁਰ ਪ੍ਰਸਾਦਿ॥
ਮਹਲਾ੧ਗਉੜੀ ਗੁਆਰੇਰੀ॥
ਵਿਚਾਰ : ਜੇ ਦਰਸ਼ਨ ਦੇ ਰਹੇ ਰੂਪ ਨੂੰ ਬਿਨਾਂ ਸਮਝੇ; ਲਿਖੇ ਮੂਜਬ, ਇੰਨ ਬਿੰਨ ਹੀ ਪੜ੍ਹਨਾ ਹੋਵੇ ਤਾਂ ਗੁਰਮੁਖੀ ਖੱਬੇ ਪਾਸਿਓਂ ਲਿਖੀਦੀ ਮੰਨ ਕੇ ਨੰਬਰ 4 ਤੇ 5 ਸਿਰਲੇਖਾਂ ਤੇ ਮੰਗਲਾਂ ਨੂੰ ਇਉਂ ਪੜ੍ਹਿਆ ਤੇ ਲਿਖਿਆ ਜਾਵੇਗਾ : –
ੴਸਤਿਨਾਮੁਕਰਤਾਪੁਰਖਨਿਰਭਉਨਿਰਵੈਰੁਅਕਾਲਮੂਰਤਿਅਜੂਨੀਰਾਗਬਿਹਾਗੜਾਚਉਪਦੇਮਹਲਾ੫ਘਰ੨॥ਸੈਭੰਗੁਰਪ੍ਰਸਾਦਿ॥
ਅਤੇ
ਰਾਗਗਉੜੀਅਸਟਪਦੀਆੴ ਸਤਿਗੁਰਪ੍ਰਸਾਦਿ॥ਮਹਲਾ੧ਗਉੜੀ ਗੁਆਰੇਰੀ॥
ਪ੍ਰੰਤੂ, ਐਸਾ ਨਾ ਹੀ ਕੋਈ ਛਾਪਦਾ ਹੈ, ਨ ਹੀ ਪੜ੍ਹਦਾ ਹੈ, ਨ ਹੀ ਪੜ੍ਹਨਾ ਉਚਿਤ ਹੈ। ਗੁਰਬਾਣੀ ਵਿੱਚ ਕਿਸੇ ਸ਼ਬਦ, ਤੁਕ ਅਥਵਾ ਵਾਕ ਦੀ ਸਮਾਪਤੀ ’ਚ ਦੋ ਡੰਡੀਆਂ (॥) ਦੀ ਵਰਤੋਂ ਕੀਤੀ ਜਾਂਦੀ ਰਹੀ ਹੈ।
ਦੇਖੋ ਉਕਤ ਨੰਬਰ 4 ਵਿੱਚ ਖੱਬੇ ਪਾਸੇ ਰਾਗ ਦੇ ਉਲੇਖ ‘ਰਾਗਬਿਹਾਗੜਾਚਉਪਦੇਮਹਲਾ੫ਘਰ੨॥’ ਦੇ ਅਖ਼ੀਰ ’ਚ ਅੰਕ ੨ ਉਪਰੰਤ ਦੋ ਡੰਡੀਆਂ ਹਨ ਅਤੇ ਫਿਰ ਮੰਗਲ ਦੇ ਰੂਪ ’ਚ ਸੱਜੇ ਪਾਸੇ ‘ਨਿਰਵੈਰੁਅਕਾਲਮੂਰਤਿਅਜੂਨੀ’ ਦੇ ਬਿਲਕੁਲ ਹੇਠਾਂ ਦਰਜ ‘ਸੈਭੰਗੁਰਪ੍ਰਸਾਦਿ॥’ ਦੇ ਅੰਤ ’ਚ ਵੀ ਦੋ ਡੰਡੀਆਂ ਹਨ, ਜੋ ਉਸ ਮੰਗਲ ਦੀ ਸਮਾਪਤੀ ਦਾ ਪ੍ਰਤੀਕ ਹੈ ਜਿਹੜਾ ਕਿ ‘ੴ’ ਤੋਂ ਸ਼ੁਰੂ ਹੋਇਆ ਹੈ ਤੇ ਇਸ ਦੀ ਸਮਾਪਤੀ ਤੋਂ ਪਹਿਲਾਂ ਭਾਵ ਅਗਰ ਲਿਖੇ ਮੁਤਾਬਕ ਖੱਬੇ ਤੋਂ ਸੱਜੇ ਪੜ੍ਹੀਏ ਤਾਂ ਵਿਚਕਾਰ ਖੱਬੇ ਪਾਸੇ ‘ਰਾਗਬਿਹਾਗੜਾਚਉਪਦੇਮਹਲਾ੫ਘਰ੨॥’ ਆ ਗਿਆ।
ਇਸੇ ਤਰ੍ਹਾਂ ਨੰਬਰ 5 ਵਿੱਚ ਖੱਬੇ ਪਾਸੇ ਦਰਜ ‘ਰਾਗ ਗਉੜੀ ਅਸਟਪਦੀਆ’ ਤੋਂ ਬਾਅਦ ਦੋ ਡੰਡੀਆਂ ਨਹੀਂ ਹਨ ਕਿਉਂਕਿ ਵਾਕ ਅੱਗੇ ਚੱਲ ਰਿਹਾ ਹੈ, ਪਰ ਇਸ ਦੇ ਹੇਠਾਂ (ਖੱਬੇ ਪਾਸੇ) ਹੀ ‘ਮਹਲਾ੧ਗਉੜੀ ਗੁਆਰੇਰੀ॥’ ਤੋਂ ਬਾਅਦ ਦੋ ਡੰਡੀਆਂ ਹਨ ਜਦ ਕਿ ਇਨ੍ਹਾਂ ਦੋਵੇਂ (ਖੱਬੇ ਉੱਪਰ ਤੇ ਖੱਬੇ ਹੇਠਾਂ) ਸਿਰਲੇਖ ਤੁਕਾਂ ਦੇ ਵਿਚਕਾਰ ਸੱਜੇ ਪਾਸੇ ਸੰਖੇਪ ਰੂਪ ’ਚ ਮੰਗਲ ਵਜੋਂ ‘ੴਸਤਿਗੁਰ ਪ੍ਰਸਾਦਿ॥’ ਦਰਜ ਹੈ, ਜਿਸ ਉਪਰੰਤ ਵੀ ਦੋ ਡੰਡੀਆਂ ਹਨ। ਇਸੇ ਲਿਖਤ ਨਿਯਮ ਮੁਤਾਬਕ ਸੁਖਮਨੀ ਸਾਹਿਬ ਦਾ ਸਿਰਲੇਖ ਅਤੇ ਮੰਗਲ, ਜੋ ਬਾਜ਼ਾਰ ਵਿੱਚ ਪ੍ਰਾਪਤ ਛਪੀਆਂ ਬੀੜਾਂ, ਪੋਥੀਆਂ ਤੇ ਗੁਟਕਿਆਂ ਵਿੱਚ ਮਿਲਦਾ ਹੈ :
ਗਉੜੀ ਸੁਖਮਨੀ ਮਹਲਾ ੫
ਸਲੋਕ
ੴ ਸਤਿਗੁਰ ਪ੍ਰਸਾਦਿ
ਆਦਿ ਗੁਰਏ ਨਮਹ॥ ਜੁਗਾਦਿ ਗੁਰਏ ਨਮਹ ॥….
ਉਕਤ ਲਿਖਤ ’ਤੇ ਧਿਆਨ ਦਿੰਦਿਆਂ ਜਾਪਦਾ ਹੈ ਕਿ ਇਹ ਤਰਤੀਬ ਮੂਲੋਂ ਹੀ ਗੁਰਬਾਣੀ ਲਿਖਤ ਦੇ ਮਕਸਦ ਅਨੁਕੂਲ ਨਹੀਂ ਕਿਉਂਕਿ ਸਿਰਲੇਖ ਵਜੋਂ ਦਰਜ ‘ਸਲੋਕ’ ਸ਼ਬਦ ਉਪਰੰਤ ‘ਆਦਿ ਗੁਰਏ ਨਮਹ॥ ਜੁਗਾਦਿ ਗੁਰਏ ਨਮਹ ॥’ ਆਉਣਾ ਚਾਹੀਦਾ ਸੀ, ਨਾ ਕਿ ‘‘ੴ ਸਤਿਗੁਰ ਪ੍ਰਸਾਦਿ’’; ‘ੴ ਸਤਿਗੁਰ ਪ੍ਰਸਾਦਿ’ ਸਲੋਕ ਨਹੀਂ, ਸਗੋਂ ਮੰਗਲ ਜਾਂ ਸੰਖੇਪ ਮੂਲ-ਮੰਤ੍ਰ ਹੈ। ਇਹ ਗ਼ਲਤੀ ਸ੍ਰੀ ਕਰਤਾਪੁਰ ਸਾਹਿਬ ਵਾਲੀ ਬੀੜ ਸਮੇਤ ਹੋਰ ਪੁਰਾਤਨ ਹੱਥ ਲਿਖਤੀ ਬੀੜਾਂ ਦੇ ਲਿਖਣ ਨਿਯਮ ਨੂੰ ਨਾ ਸਮਝਦਿਆਂ ਹੋਈ ਹੈ, ਜਿੱਥੇ ਇਉਂ ਬਣਤਰ ਦਰਜ ਹੈ:
ਗਉੜੀ ਸੁਖਮਨੀ ਮਹਲਾ ੫ ਸਲੋਕ ੴ ਸਤਿਗੁਰ ਪ੍ਰਸਾਦਿ
ਆਦਿ ਗੁਰਏਨਮਹ॥ ਜੁਗਾਦਿਗੁਰਏਨਮਹ ॥
ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹਜ਼ੂਰੀ ਲਿਖਾਰੀ ਭਾਈ ਹਰਦਾਸ ਜੀ ਦੁਆਰਾ ਸੰਮਤ ੧੭੩੨ (ਸੰਨ 1675) ਤੋਂ ਸੰਮਤ ੧੭੬੬ (ਸੰਨ 1708) ਦੌਰਾਨ ਲਿਖੀ ਗਈ ਬੀੜ ਭਾਵ ਗੁਰੂ ਜੀ ਦੀ ਮੌਜੂਦਗੀ ’ਚ ਤਿਆਰ ਕੀਤੀ ਗਈ ਬੀੜ ਵਿੱਚ ਇਹੀ ਮੰਗਲ ਇਸ ਪ੍ਰਕਾਰ ਦਰਜ ਹੈ :
ੴ ਸਤਿਗੁਰਪ੍ਰਸਾਦਿ
ਗਉੜੀਸੁਖਮਨੀਮਹਲਾ੫ਸਲੋਕ
ਆਦਿਗੁਰਏਨਮਹ॥ਜੁਗਾਦਿਗੁਰਏਨਮਹ ॥….
ਜੇ ‘ੴ ਸਤਿਗੁਰ ਪ੍ਰਸਾਦਿ’ ਸਮੇਤ ਤਮਾਮ ਮੰਗਲਾਂ ਨੂੰ, ਪ੍ਰਾਚੀਨ ਲਿਖਣ-ਸ਼ੈਲੀ ਵਾਂਗ ਛਾਪਣ ਵੇਲੇ ਪਹਿਲ ਦਿੱਤੀ ਜਾਂਦੀ ਤਾਂ ਜਾਣੇ-ਅਣਜਾਣੇ ਗੁਰੂ ਆਸ਼ੇ ਦੀ ਇਹ ਅਵੱਗਿਆ ਨ ਹੁੰਦੀ।
ਦੂਜੀ ਵਿਧੀ : ਜਦ ਪਾਵਨ ਬੀੜਾਂ ਲਿਖਣ ਦਾ ਕੰਮ ਸੂਝਵਾਨ ਪ੍ਰੇਮੀ ਗੁਰਸਿੱਖਾਂ ਦੇ ਨਾਲ ਨਾਲ ਕਿੱਤਾਕਾਰ (Professional) ਲਿਖਾਰੀਆਂ ਦੇ ਹੱਥ ਵੀ ਆ ਗਿਆ ਤਾਂ ਉਹਨਾਂ ਰਾਗਾਂ ਦੇ ਸਿਰਲੇਖਾਂ ਦੀ ਸੱਜੇ/ਖੱਬੇ ਦੀ ਤਰਤੀਬ ਨੂੰ ਸਹੀ ਤੌਰ ਉੱਤੇ ਨਾ ਸਮਝਦਿਆਂ ਹੋਇਆਂ, ਜਿਵੇਂ ਲਿਖਿਆ ਦਿੱਸਦਾ ਸੀ, ਤਿਵੇਂ ਉਘੱੜ-ਦੁੱਘੜ (ਹੱਥ ਲਿਖਤਾਂ ’ਚ) ਲਿਖ ਮਾਰਿਆ। ਐਸੀ ਕਿਸੇ ਹੱਥ ਲਿਖਤ ਬੀੜ ਤੋਂ ਹੀ, ਪਹਿਲਾਂ ਨਵਲ-ਕਿਸ਼ੋਰ ਪ੍ਰੈਸ ਲਖਨਊ ਦੇ ਪੱਥਰ ਦੇ ਛਾਪੇ ਵਿੱਚ ਬੀੜ ਛਪੀ ਅਤੇ ਫੇਰ ਉਸ ਤੋਂ ਹੀ ਲਾਹੌਰ ਵਾਲੇ ਰਾਏ ਸਾਹਿਬ ਮੁਨਸ਼ੀ ਗੁਲਾਬ ਸਿੰਘ ਆਦਿ ਨੇ ਬੀੜਾਂ ਛਾਪ ਕੇ ਪੰਥ ਵਿੱਚ ਅਜੋਕਾ ਢੰਗ ਪ੍ਰਚਲਿਤ ਕਰ ਦਿੱਤਾ।
ਤੀਜੀ ਵਿਧੀ : ਗੁਰੂ ਕਾਲ ਦੌਰਾਨ ਹੀ ਜਦ ਸੂਝਵਾਨ ਸੁਘੜ ਲਿਖਾਰੀਆਂ ਨੇ ਮੰਗਲਾ-ਚਰਣ ਤੇ ਸਿਰਲੇਖਾਂ ਦੀ ਇਹ ਅਸ਼ੁੱਧ ਤਰਤੀਬ ਦੇਖੀ ਤਾਂ ਉਨ੍ਹਾਂ ਨੇ ਤਮਾਮ ਮੰਗਲ ਹੀ ਸਪਸ਼ਟ ਕਰਨ ਲਈ ਉੱਪਰ ਕਰ ਕੇ ਅੰਕਿਤ ਕਰਨੇ ਆਰੰਭ ਦਿੱਤੇ। ਸ਼੍ਰੋ: ਗੁ: ਪ੍ਰ: ਕਮੇਟੀ ਦੀ ਰੈਫਰੈਂਸ ਲਾਇਬ੍ਰੇਰੀ ਵਿੱਚ ਹੀ ਅਜਿਹੀਆਂ ਸੈਂਕੜੇ ਹੱਥ ਲਿਖਤ ਬੀੜਾਂ ਜੇਕਰ ਓਪਰੇਸ਼ਨ ਬਲਿਊ ਸਟਾਰ ਤੋਂ ਬਚ ਗਈਆਂ ਹੋਣ ਤਾਂ ਦਰਸ਼ਨ ਕੀਤੇ ਜਾ ਸਕਦੇ ਹਨ। ਏਥੇ ਵਿਸਥਾਰ ਦੇ ਡਰ ਤੋਂ ਕੇਵਲ ਕੁਝ ਕੁ ਬੀੜਾਂ ਦਾ ਵੰਨਗੀ ਵਜੋਂ ਹਵਾਲਾ ਦੇਣਾ ਉਚਿਤ ਜਾਪਦਾ ਹੈ:
ਇੱਕ ਬੀੜ ਭਾਈ ਹਰਿਦਾਸ ਜੀ ਦੀ ਲਿਖੀ ਹੋਈ ਹੈ। ਆਪ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਿਖਾਰੀਆਂ ਵਿੱਚੋਂ ਇੱਕ ਉੱਘੇ ਲਿਖਾਰੀ ਸਨ। ਇਸ ਇਤਿਹਾਸਕ ਬੀੜ ਵਿੱਚ ਨਾ ਕੇਵਲ ਸਾਰੇ ਮੰਗਲ ਹੀ ਸਿਰਲੇਖਾਂ ਨਾਲੋਂ ਪਹਿਲਾਂ (ਉੱਪਰ) ਲਿਖੇ ਮਿਲਦੇ ਹਨ; ਸਗੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਸਾਰੀ ਬਾਣੀ ਵੀ ਵੱਖ ਵੱਖ 15 ਰਾਗਾਂ ਵਿੱਚ ਥਾਂ ਸਿਰ ਅੰਕਿਤ ਹੈ (ਜੈਸਾ ਕਿ ਅਜੋਕੀ ਪ੍ਰਚਲਿਤ ਬੀੜ ਵਿੱਚ ਦਰਜ ਹੈ)। ਇਸ ਪਾਵਨ ਬੀੜ ਦੇ ਅੰਤ ਵਿੱਚ ਜੋ ਸ਼ਬਦ ਲਿਖੇ ਮਿਲਦੇ ਹਨ, ਉਹ ਗੁਰੂ ਕੇ ਸਿੱਖ ਦੇ ਸਿਦਕ, ਸ਼ਰਧਾ ਤੇ ਨਿਮਰਤਾ ਦੀ ਸਿੱਖਰ ਨੂੰ ਛੂਹ ਲੈਂਦੇ ਹਨ; ਜਿਵੇਂ ਕਿ
‘‘ਗਿਰੰਥੁਸਪੂਰਨੁਹੋਯਾਲਿਖਿਆਹਰਿਦਾਸਲਿਖਾਰੀਸ੍ਰੀਗੁਰੂਗੋਬਿੰਦਸਿੰਘਦੇਲਿਖਾਰੀਲਿਖਿਆ॥ਭੂਲਿਚੂਕ
ਜੀ
ਹੋਵੈਜੀਸੋਸੋਧਣਾਗੁਲਾਮੁਪਤਿਤੁਅਘਪਤਿਤੁਮਹਾਂਪਤਤੁਹਰਿਦਾਸੁਲਿਖਾਰੀਸ੍ਰੀਗੁਰੂਗੋਬਿੰਦਸਿੰਘਦਾ’’
(ਨੋਟ ਕਰਨ ਯੋਗ ਹੈ ਕਿ ਉਸ ਸਮੇਂ ਅੱਜ ਦੇ ਕੰਪਿਊਟਰ ਯੁਗ ਵਾਂਗ Cut, Copy, Paste ਦਾ ਜ਼ਮਾਨਾ ਨਹੀਂ ਸੀ, ਲਿਖਾਰੀ ਪਾਸੋਂ ਜੇ ਕੋਈ ਅੱਖਰ, ਆਦਿ ਅਚੇਤ ਹੀ ਰਹਿ ਜਾਂਦਾ ਸੀ ਤਾਂ ਉਹ ਉੱਪਰ ਜਾਂ ਹੇਠਾਂ ਲਿਖ ਦਿੱਤਾ ਜਾਂਦਾ ਸੀ। ਇਸ ਦੀ ਮਿਸਾਲ ਵਜੋਂ ਸ੍ਰੀ ਕਰਤਾਪੁਰ ਸਾਹਿਬ ਵਾਲੀ ‘ਆਦਿ ਬੀੜ’ ਵਿੱਚ ਖੱਬੇ ਪਾਸੇ ਲਿਖੇ ਰਾਗ ਸਿਰਲੇਖਾਂ ਦੇ ਮੁਕਾਬਲੇ ਸੱਜੇ ਪਾਸੇ ਉਚੇਰੇ ਮੰਗਲ (ਸੰਖੇਪ ਰੂਪ ਛੋਟਾ ਤੇ ਸੰਪੂਰਨ ਰੂਪ ’ਚ) ਲਿਖੇ ਜਾਂਦੇ ਸਨ, ਉਹ ਵੀ ਖੱਬੇ ਪਾਸੇ ਲਿਖੇ ਗਏ ਰਾਗ ਸਿਰਲੇਖਾਂ ਦੇ ਸੱਜੇ ਪਾਸੇ ਬਰਾਬਰ ਤੋਂ ਥੋੜ੍ਹਾ ਉੱਪਰ (ਉਚੇਰਾ) ਕਰ ਕੇ ਲਿਖੇ ਜਾਂਦੇ ਸਨ। ਕੁਝ ਮਿਸਾਲਾਂ ਵਾਚਨ-ਯੋਗ ਹਨ :
ਆ
(1) . (ੳ) ਸ੍ਰੀ ਰਾਗ ਮਹਲਾ ੩ ਅਸਟਪਦੀ ੴ ਸਤਿਗੁਰ ਪ੍ਰਸਾਦਿ (ਪੰਨਾ ੯੩)
(ਅ) ਗਉੜੀ ਪੂਰਬੀ ਮਹਲਾ ੴ ਸਤਿਗੁਰ ਪ੍ਰਸਾਦਿ (ਪੰਨਾ ੧੯੫)
੫
(ੲ) ਗਉੜੀ ਕੀ ਵਾਰ ਮਹਲਾ ੫ ਰਾਇ ਕਮਾਲਦੀ ਮੌਜ ੴ ਸਤਿਗੁਰਪ੍ਰਸਾਦਿ
ਦੀ ਕੀ ਧੁਨੀ ਉਪਰ ਗਾਵਣੀ॥ (ਪੰਨਾ ੨੫੭)
ਉਪਰੋਕਤ ਤਿੰਨਾਂ ਉਦਾਹਰਨਾਂ ਤੋਂ ਇਹ ਗੱਲ ਸਾਫ਼ ਸਿੱਧ ਹੋ ਜਾਂਦੀ ਹੈ ਕਿ ਸੱਜੇ ਪਾਸੇ ਮੰਗਲਾਚਰਣ ਪਹਿਲਾਂ ਲਿਖਿਆ ਹੋਣ ਕਰ ਕੇ ਨੰ: ‘ੳ’ ਵਿੱਚ ਰਾਗ ਦੇ ਸਿਰਲੇਖ ਵਜੋਂ (ਲਿਖਿਆ ਜਾਣ ਵਾਲਾ ‘ਅਸਟਪਦੀਆ’ ਸ਼ਬਦ ’ਚ ‘ਆ’ ਰਹਿ ਜਾਣ ਉਪਰੰਤ/ਬਾਅਦ ’ਚ) ‘ਆ’ ਨੂੰ ਉੱਪਰ ਚੜ੍ਹਾਉਣਾ ਪਿਆ ਹੈ।
ਨੰਬਰ ‘ਅ’ ਵਿੱਚ ਅੰਕ ‘੫’ ਨੂੰ ਹੇਠਾਂ ਲਿਖਣਾ ਪਿਆ ਹੈ ਅਤੇ ਨੰਬਰ ‘ੲ’ ਵਿੱਚ ‘ਮੌਜਦੀ’ ਪਦ ਦੇ ਪਹਿਲੇ ਹਿੱਸੇ (ਮੌਜ) ਨੂੰ ਉੱਪਰ ਲਿਖ ਕੇ, ਦੂਜੇ ਹਿੱਸੇ (ਦੀ) ਨੂੰ ਦੂਜੀ ਹੇਠਲੀ ਪਾਲ ਵਿੱਚ ਲਿਖਣਾ ਪਿਆ ਹੈ।
ਅਗਰ ਉੱਪਰਲੀ ਸਤਰ ਵਿੱਚ ਸਾਹਮਣੇ ਸੱਜੇ ਪਾਸੇ ਮੰਗਲਾਚਰਨ (ੴ ਸਤਿਗੁਰਪ੍ਰਸਾਦਿ) ਨਾ ਲਿਖਿਆ ਹੁੰਦਾ ਤਾਂ ਉਕਤ ਨੰਬਰ 3 ’ਚ ‘ਮੌਜਦੀ’ ਪਦ ਨੂੰ ਤੋੜ ਕੇ ‘ਮੌਜ’ (ਉੱਪਰ) ਅਤੇ ‘ਦੀ’ (ਹੇਠਾਂ) ਲਿਖਣ ਦੀ ਕੀ ਲੋੜ ਸੀ ? ਇਸੇ ਤਰ੍ਹਾਂ ਉਕਤ ਨੰਬਰ 1. ’ਚ ‘ਅਸਟਪਦੀਆ’ ਸ਼ਬਦ ’ਚੋਂ ਰਹਿ ਗਏ ‘ਆ’ ਨੂੰ ਉੱਪਰ ਚੜ੍ਹਾ ਕੇ ਲਿਖਣ ਅਤੇ ਨੰਬਰ 2 ’ਚ ਸੰਯੁਕਤ ‘ਮਹਲਾ ੫’ ਦੇ ਅੰਕ ‘੫’ ਨੂੰ ਹੇਠਲੀ ਕਤਾਰ ’ਚ ਲਿਖਣ ਦੀ ਕੀ ਲੋੜ ਸੀ ?
ਸੰਬੰਧਿਤ ਇਸੇ ਬੀੜ ਵਿੱਚ ‘ੴ ਸਤਿਗੁਰ ਪ੍ਰਸਾਦਿ’ ਤੋਂ ਅੱਗੇ ਕਾਫ਼ੀ ਥਾਂ ਖਾਲੀ ਪਈ ਹੈ ਅਤੇ ਮੰਗਲਾਚਰਨ ਜ਼ਰਾ ਕੁ ਅੱਗੇ ਵੀ ਸਰਕਾਇਆ ਜਾ ਸਕਦਾ ਸੀ।
2. ਮੂਲਮੰਤ੍ਰ ਅਥਵਾ ‘ਮੰਗਲ’ ਦੇ ਪ੍ਰਿਥਮ ਅਸਥਾਨ ਨੂੰ ਸਮਝਣ ਲਈ ‘ਭਾਈ ਪਾਖਰ ਮੱਲ ਢਿਲੋਂ’, ਜੋ ਕਿ ਸ੍ਰੀ ਦਸਮੇਸ਼ ਪਿਤਾ ਜੀ ਦੇ ਲਿਖਾਰੀ ਵੀ ਸਨ, ਦੁਆਰਾ ਲਿਖੀ ਬੀੜ ਵਿੱਚੋਂ ਇੱਕ ਨਮੂਨਾ ਪੇਸ਼ ਹੈ। ਸੰਮਤ ੧੭੪੫ (ਸੰਨ 1688) ਦੇ ਪ੍ਰਮਾਣ ਵਜੋਂ ਜਿਸ ਦੇ ਅੰਤ ’ਚ ਇਉਂ ਵੀ ਦਰਜ ਹੈ :
ੴਸੰਬਤ੧੭੪੫ਮਾਘਸੁਦੀਗ੍ਰੰਥਜੀਲਿਖਿਆਪੂਰਨਹੋਆ॥ਲਿਖਾਰੀਪਾਖਰਮਲਢਿਲੋਂਵਾਸੀਖਾਰਾਚੰਭਲਪੋਤ੍ਰਾਚੌਧਰੀਲੰਗਾਹ ਕਾ॥ਵਹਗੁਰੂ॥ —ਇਸ ਬੀੜ ਦਾ ਆਰੰਭ ਇਸ ਪ੍ਰਕਾਰ ਹੈ : –
ਸੂਚੀਪਤਿਪੋਥੀਕਾਤਤਕਰਾਲਿਖਿਆ ੴ ਸਤਿਗੁਰਪ੍ਰਸਾਦਿ –
ਰਾਗਕਾਤਤਕਾਰਾਸਬਦਾਕਾ
ਜਪੁਸ੍ਰੀਗੁਰੂਰਾਮਦਾਸਜੀਉਕਿਆਦਸ
ਖਤਾਕਾਨਕਲ ਰਾਗ ਸਾਰੰਗ ਮਹਲਾ ੧ ੨੬
(ਨੋਟ: ਉਕਤ ਲਿਖੇ ‘ਜਪੁ’ ਨੂੰ ਸ੍ਰੀ ਗੁਰੂ ਰਾਮਦਾਸ ਜੀਉ ਕਿਆ ਦੇ ਦਸਖਤਾ ਕਾ ਨਕਲ, ਬਾਰੇ ਸੰਕੇਤ ਮਿਲਦਾ ਹੈ।)
– – – – – – – – – – – –
੫੫੮ ਰਾਗ ਬਸੰਤ ਮਹਲਾ ੧ ੬੬੪ – – – – – –
3. ਇੱਕ ਹੋਰ ਮਿਸਾਲ ਵਜੋਂ ਸੰਮਤ ੧੭੧੧ (ਸੰਨ 1654) ਵਾਲੀ ਬੀੜ ’ਚ ਦਰਜ ਮੂਲਮੰਤ੍ਰ/ਮੰਗਲਾਚਰਨ ਦਾ ਅਸਥਾਨ ਪੇਸ਼ ਹੈ:
ਪਤ ਸੂਚੀਪਤ੍ਰਪੋਥੀਕਾਤਤਕਾਰਾਰਾਗਕਾ- ੴ
੧੯ ਜੋਤੀਜੋਤਿਸਮਾਵਣੇਕਾਚਲਿਤ੍ਰ- ਸਤਿਨਾਮੁਕਰਤਾਪੁਰਖਨਿਰਭਉਨਿ
ਸੰਬੰਤ੧੭੧੧ਮਿਤੀਜੋਠੋਸੁਦੀਏਕਮ ੫੩੯ ਰਵੈਰੁਅਕਾਲਮੂਰਤਿਅਜੂਨੀਸੈਭੰਗੁਰ
ਪੋਥੀਲਿਖਪਹੁਚੇ — ਪ੍ਰਸਾਦਿ
– – – – – ਤੁਖਾਰੀ ੪੯੫ ਮਾਰੂ
ਉਪਰੋਕਤ ਹਵਾਲੇ ਵਾਲੀਆਂ ਦੋਹਾਂ ਬੀੜਾਂ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਵਾਲੀ ‘ਆਦਿ ਬੀੜ’ ਸਮਾਨ ਸਾਰੇ ਮੰਗਲ ਸੱਜੇ ਪਾਸੇ ਪਹਿਲਾਂ ਅੰਕਿਤ ਹਨ ਅਤੇ ਰਾਗ ਦੇ ਸਿਰਲੇਖ ਖੱਬੇ ਪਾਸੇ, ਬਾਅਦ ਵਿੱਚ। ਅੱਧਾ ਤਤਕਰਾ ਲਿਖਣ ਉਪਰੰਤ ਦੂਜੇ ਜਾਂ ਤੀਜੇ ਖਾਨੇ ਵਿੱਚ ਜਾ ਕੇ ਮੰਗਲ ਹਰ ਹਾਲਤ ਸੱਜੇ ਪਾਸੇ (ਪਹਿਲਾਂ) ਅੰਕਿਤ ਹੋਇਆ ਹੈ।
ਪ੍ਰਿੰਸੀਪਲ ਹਰਿਭਜਨ ਸਿੰਘ ਅਨੁਸਾਰ ‘‘ੴ ਸਤਿਨਾਮੁ ਕਰਤਾਪੁਰਖ…..ਗੁਰ ਪ੍ਰਸਾਦਿ’’ ਨੂੰ ਮੰਗਲ ਕਹਿ ਲਈਏ ਜਾਂ ਮੂਲਮੰਤ੍ਰ ਇਸ ਦਾ ਅਸਥਾਨ ਮੁੱਢ ਵਿੱਚ ਹੀ ਹੈ ਅਤੇ ਏਸੇ ਕਾਰਨ ਹੀ ਇਸ ਨੂੰ ਮੂਲ ਮੰਤ੍ਰ ਕਿਹਾ ਜਾਂਦਾ ਹੈ। ਇਹ ਮੰਗਲ ਸਤਿਗੁਰਾਂ ਦੁਆਰਾ ਲਿਖਿਆ ਗਿਆ ਹੈ, ਭਗਤਾਂ ਆਦਿ ਦੁਆਰਾ ਨਹੀਂ। ਫਿਰ ਭਗਤਾਂ, ਆਦਿ ਦੀ ਬਾਣੀ ਦੇ ਸਿਰਲੇਖ ਤੋਂ ਬਾਅਦ ਕਿਉਂ ? ਜਦ ਕਿ ‘ਮੂਲ’ ਦੇ ਅਰਥ ਹੀ ‘ਆਦਿ’ ਅਥਵਾ ‘ਮੁੱਢ’ ਹੁੰਦੇ ਹਨ।
ਪ੍ਰਤੱਖ ਸਾਬਤ ਹੋ ਰਿਹਾ ਹੈ ਕਿ ਮੰਗਲਾਚਰਨ (ਮੂਲ ਮੰਤ੍ਰ) ਸੰਪੂਰਨ ਜਾਂ ਸੰਖੇਪ ਰੂਪ ਵਿੱਚ ਗੁਰੂ ਸਾਹਿਬ ਦੁਆਰਾ ਲਿਖਿਆ ਹੋਇਆ ਮੁਖਵਾਕ ਹੈ, ਭਗਤ ਜਾਂ ਭੱਟ ਸਾਹਿਬਾਨ ਦੁਆਰਾ ਲਿਖਿਆ ਨਹੀਂ। ਲਿਖਤੀ ਨਿਯਮ ਅਨੁਸਾਰ ਸਤਿਗੁਰੂ ਜੀ ਨੇ ਭਗਤ ਬਾਣੀ ਦਰਜ ਕਰਨ ਵੇਲੇ ਇਹ ਮੰਗਲਾਚਰਨ ਹਰੇਕ ਭਗਤ ਦੇ ਸ਼ਬਦ ਸੰਗ੍ਰਹਿ ਦੇ ਸ਼ੁਰੂ ਵਿੱਚ ਦਰਜ ਕੀਤਾ ਹੈ ਤੇ ਇਹੀ ਇਸ ਦਾ ਯੋਗ ਸਥਾਨ ਹੈ। ਪ੍ਰਿੰਸੀਪਲ ਹਰਿਭਜਨ ਸਿੰਘ ਨੇ ਹਰ ਵਿਖਿਆਨ ਵਿੱਚ ਅਤੇ ਲਿਖਤੀ ਰੂਪ ਵਿੱਚ ਇਸ ਗੱਲ ’ਤੇ ਵਧੇਰੇ ਜ਼ੋਰ ਦਿੱਤਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਬਾਣੀ ਸੰਗ੍ਰਹਿ ਇਕੱਤਰ ਕਰਨ ਸਮੇਂ ਮੂਲ ਮੰਤਰ ਨੂੰ ਵਿਸ਼ੇਸ਼ ਜਗ੍ਹਾ ਦਿੱਤੀ ਗਈ ਹੈ ਜਦ ਕਿ ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਸੰਸਾਰਕ ਜੀਵਨ ਭੋਗ ਚੁੱਕੇ ਭਗਤ ਸਾਹਿਬਾਨ ਸਮੇਂ ਤਾਂ ‘ੴਸਤਿਨਾਮੁਗੁਰਪ੍ਰਸਾਦਿ’ ਆਦਿ ਮੰਗਲਾਚਰਨ ਦਾ ਵਜੂਦ ਵੀ ਨਹੀਂ ਸੀ।
ਸੋ ਦਰੁਸਤ ਇਹੀ ਹੋਵੇਗਾ ਕਿ ਪੰਚਮ ਪਾਤਸ਼ਾਹ ਜੀ ਨੇ ਮੰਗਲ ਲਿਖ ਕੇ ਹੀ ਭਗਤ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਤੀ ਸਥਾਨ ਦਿੱਤਾ, ਜੋ ਇਸ ਦਾ ਯੋਗ ਤੇ ਅਸਲ ਅਸਥਾਨ ਵੀ ਹੈ, ਪਰ ਅੱਜ ਅਸੀਂ ਜਾਣੇ-ਅਣਜਾਣੇ ਹੋਈ ਇਸ ਭੁੱਲ ਨੂੰ ਵਿਚਾਰਨ ਲਈ ਵੀ ਤਿਆਰ ਨਹੀਂ। ਵੰਨਗੀ ਮਾਤਰ ਵੇਖੋ ਭਗਤ ਬਾਣੀ ਦੇ ਹੇਠਾਂ ਲਿਖੇ ਦੋ ਸ਼ਬਦ ਸਿਰਲੇਖ :
(ੳ). ਪੰਨਾ ਨੰਬਰ 91 : ਇੱਥੇ ਮੰਗਲਾਚਰਨ ਨੂੰ ਦਰੁਸਤ ਜਗ੍ਹਾ ਦਿੱਤੀ ਗਈ ਹੈ :
ੴ ਸਤਿਗੁਰਪ੍ਰਸਾਦਿ॥ਸਿਰੀ ਰਾਗੁ॥ਕਬੀਰ ਜੀਉਕਾ॥
ਏਕੁਸੁਆਨੁਕੈਘਰਿਗਾਵਣਾ॥ ਜਨਨੀ ਜਾਨਤ ਸੁਤੁ ਬਡਾ ਹੋਤੁ ਹੈ; ਇਤਨਾ ਕੁ ਨ ਜਾਨੈ, ਜਿ ਦਿਨ ਦਿਨ ਅਵਧ ਘਟਤੁ ਹੈ॥
(ਅ). ਪੰਨਾ ਨੰਬਰ 93 : ਇੱਥੇ ਮੰਗਲਾਚਰਨ ਨੂੰ ਦਰੁਸਤ ਜਗ੍ਹਾ ਨਹੀਂ ਮਿਲੀ :
ਸਿਰੀਰਾਗਬਾਣੀਭਗਤਬੈਣੀਜੀਉਕੀ
ਪਹਰਿਆਕੈਘਰਿਗਾਵਣਾ॥
ੴ ਸਤਿਗੁਰ ਪ੍ਰਸਾਦਿ॥ ਰੇ ਨਰ ! ਗਰਭ ਕੁੰਡਲ ਜਬ ਆਛਤ; ਉਰਧ ਧਿਆਨ ਲਿਵ ਲਾਗਾ ॥
ਭਗਤ ਬੈਣੀ ਜੀ ਦੁਆਰਾ ਰਚੇ ਗਏ ਇਸ (ਅ) ਸ਼ਬਦ ’ਚ ਮੂਲ ਮੰਤਰ ਦੀ ਜਗ੍ਹਾ ਇਉਂ ਹੋਣੀ ਸੀ :
ਸਿਰੀਰਾਗਬਾਣੀਭਗਤਬੈਣੀਜੀਉਕੀ ੴ ਸਤਿਗੁਰ ਪ੍ਰਸਾਦਿ॥
ਪਹਰਿਆਕੈਘਰਿਗਾਵਣਾ॥
ਰੇ ਨਰ ! ਗਰਭ ਕੁੰਡਲ ਜਬ ਆਛਤ; ਉਰਧ ਧਿਆਨ ਲਿਵ ਲਾਗਾ ॥
ਗੁਰਬਾਣੀ ਵਿਚਾਰ ਵੀ ਇਹੀ ਸਿੱਧ ਕਰਦੀ ਹੈ ਕਿ ਸਭ ਤੋਂ ਪਹਿਲੇ (ਆਦਿ ਵਿੱਚ) ‘ਓਅੰਕਾਰ’ ਹੀ ਸੀ। ਉਸ ਤੋਂ ਹੀ ਸਭ ਪਸਾਰਾ ਹੋਇਆ ਹੈ : ‘‘ਓਅੰਕਾਰ; ਆਦਿ ਮੈ ਜਾਨਾ ॥ (ਭਗਤ ਕਬੀਰ/੩੪੦), ਓਅੰ, ਆਦਿ ਰੂਪੇ ॥ ਅਨਾਦਿ ਸਰੂਪੇ ॥’’ (ਜਾਪੁ) ਆਦਿ।
ਪ੍ਰਿੰਸੀਪਲ ਜੀ ਅਨੁਸਾਰ ਮੰਗਲਾਚਰਨ ਵਾਲਾ ‘ੴ’ ਵੀ ਤਾਂ ਪ੍ਰਭੂ ਦਾ ਹੀ ਲਖਾਇਕ ਹੈ। ਇਸ ਲਈ ਇਸ ਦੀ ਯੋਗ ਥਾਂ, ਆਦਿ ਵਿੱਚ ਹੀ ਹੋਣੀ ਚਾਹੀਦੀ ਹੈ ਅਤੇ ਇਹੀ ਸ੍ਰੇਸ਼ਟ ਥਾਂ ਸਤਿਗੁਰਾਂ ਨੇ ਇਸ ਨੂੰ ਦਿੱਤੀ ਜਾਪਦੀ ਹੈ।
ਕਿਸੇ ਸਮੇਂ ਸਿੱਖ ਕੌਮ ਨੂੰ ਇੱਕ ਮੁੱਠ ਜੋੜਨ ਵਾਲੀ ਤੇ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਹੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਸ੍ਰੀ ਅੰਮ੍ਰਿਤਸਰ) ਨੇ 1950 ਦੇ ਦਹਾਕੇ ਵਿੱਚ ਇਸ ਪੱਖੋਂ ਖੋਜ ਅਤੇ ਜਦੋ-ਜਹਿਦ ਕਰਨ ਉਪਰੰਤ ਕੋਈ ਦਸ ਕੁ ਸਾਲ ਸਪਸ਼ਟ ਰੂਪ ਵਿੱਚ ਮੰਗਲ; ਰਾਗ ਤੋਂ ਪਹਿਲਾਂ ਛਾਪਣ ਵਾਲੀਆਂ ਹਜ਼ਾਰਾਂ ਬੀੜ ਸਾਹਿਬਾਨ, ਸ਼ਬਦਾਰਥ ਪੋਥੀਆਂ ਅਤੇ ਲੱਖਾਂ ਦੀ ਗਿਣਤੀ ਵਿੱਚ ਗੁਟਕੇ ਛਾਪੇ ਗਏ ਸਨ, ਪਰ 1962 ਦੀਆਂ ਚੋਣਾਂ ਵਿੱਚ ਕਮੇਟੀ ’ਤੇ ਕਾਬਜ਼ ਹੋਏ ਸੰਤ ਫਤਹ ਸਿੰਘ, ਸੰਤ ਚੰਨਣ ਸਿੰਘ ਆਦਿ ਨੇ ਗੁਰਦੁਆਰਾ ਪ੍ਰਿੰਟਿੰਗ ਪ੍ਰੈਸ ਸ੍ਰੀ ਰਾਮਸਰ ਜੀ ਦੇ ਸਾਰੇ ਬਲਾਕ ਦਰਿਆ ਬਿਆਸ ਦੀ ਤਹਿ ਵਿੱਚ ਡੁੱਬਵਾ ਦਿੱਤੇ ਅਤੇ ਬੀੜਾਂ ਦੀ ਛਪਵਾਈ ਫਿਰ ਤੋਂ ਮੰਗਲ ਅੱਗੜ-ਪਿੱਛੜ ਛਾਪਣੇ ਸ਼ੂਰੁ ਕਰਵਾ ਦਿੱਤੇ। ਇਸ ਦਾ ਕਾਰਨ ਉਹ ਖੁਦ ਜਾਣਨ ਜਾਂ ਕਰਤਾਰ ਜਾਣੇ ?
ਕਿਸੇ ਸਮੇਂ ਫ਼ੈਸਲਾ ਇਹ ਹੋਇਆ ਸੀ ਕਿ ਮੰਗਲ ਜਿਵੇਂ ਦਿੱਸਦੇ ਹਨ ਉਵੇਂ ਹੀ ਛਾਪੇ ਜਾਣ, ਪਰ ਅੱਜ ਹਾਲਾਤ ਇਹ ਹਨ ਕਿ ਗੁਰਦੁਆਰਾ ਸਾਹਿਬਾਨ ਵਿੱਚ ਹੁਕਮ ਨਾਮਾ ਲਿਖਦਿਆਂ, ਗੁਟਕੇ ਛਾਪਦਿਆਂ ਜਾਂ ਆਮ ਵਰਤੋਂ ਵਿੱਚ ਮੰਗਲਾਚਰਨ ਤਥਾ ਮੂਲਮੰਤਰ ਨੂੰ ਸੱਜੇ ਹੱਥ ਬਰਾਬਰ ਜਾਂ ਸਪਸ਼ਟ ਉੱਪਰ ਲਿਖਣ ਦੀ ਬਜਾਇ ਰਾਗ ਤੇ ਸਿਰਲੇਖ ਤੋਂ ਬਾਅਦ ਛਾਪਣਾ ਸ਼ੁਰੂ ਕਰ ਦਿੱਤਾ ਹੈ। ਆਮ ਜਗਿਆਸੂ ਲਈ ਮੰਗਲ ਦੀ ਕੋਈ ਅਹਿਮੀਅਤ ਹੀ ਨਹੀਂ ਰਹਿ ਗਈ ਤੇ ਕੋਈ ਗੁਰਬਾਣੀ ਖੋਜੀ ਜੇਕਰ ਆਵਾਜ਼ ਮਾਰਦਾ ਹੈ ਤਾਂ ਉਹ ਪੰਥ ਦੋਖੀ ਐਲਾਨਿਆ ਜਾਂਦਾ ਹੈ।
ਅੱਜ ਕੱਲ੍ਹ ਤਾਂ ਮੰਗਲਾਂ ਦੇ ਖੱਬੇ-ਸੱਜੇ ਖ਼ਾਲੀ ਜਗ੍ਹਾ ਵੀ ਖ਼ਤਮ ਹੋ ਗਈ ਲਗਦੀ ਹੈ। ਗੁਰਬਾਣੀ ਛਾਪਕ ਕਮੇਟੀਆਂ ਨੇ ਸੰਪੂਰਨ ਜਾਂ ਸੰਖੇਪ ਮੰਗਲਾਚਰਨ ਨੂੰ ਸਪਸ਼ਟ ਰੂਪ ਵਿੱਚ ਰਾਗ ਸਿਰਲੇਖ ਤੋਂ ਹੇਠਾਂ ਛਾਪਣਾ-ਲਿਖਣਾ ਸ਼ੁਰੂ ਕਰ ਦਿੱਤਾ ਹੈ ਜੋ ਕਿ ਇੱਕ ਸੋਚੀ ਸਮਝੀ ਸਾਜ਼ਸ਼ ਜਾਪਦੀ ਹੈ ਤਾਂ ਜੋ ਆਮ ਸਿੱਖ ਨੂੰ ਇਸ ਬਾਰੇ ਮਾਮੂਲੀ ਜਾਣਕਾਰੀ ਵੀ ਨਾ ਰਹਿ ਜਾਏ ਕਿ ਮੰਗਲ ਸਥਾਨ; ਰਾਗ ਸਿਰਲੇਖ, ਮਹਲਾ ਸਿਰਲੇਖ, ਭਗਤ ਜਾਂ ਭੱਟ ਸਿਰਲੇਖ ਤੋਂ ਅਗੇਤਰ ਹੈ ਜਾਂ ਪਿਛੇਤਰ।
ਭਾਈ ਮਨੀ ਸਿੰਘ ਜੀ, ਜਿਨ੍ਹਾਂ ਨੂੰ ਦਸਮੇਸ਼ ਪਿਤਾ ਜੀ ਵੱਲੋਂ ਦਮਦਮਾ ਸਾਹਿਬ (ਸ੍ਰੀ ਅਨੰਦਪੁਰ ਸਾਹਿਬ) ਵਿਖੇ ਪਾਵਨ ਬੀੜਾਂ ਦੇ ਲਿਖਾਰੀ ਵਜੋਂ ਨਿਯੁਕਤ ਕੀਤਾ ਸੀ, ਉਨ੍ਹਾਂ ਆਪਣੀ ਲਿਖਤ ਜਨਮ ਸਾਖੀ ‘ਗਿਆਨ ਰਤਨਾਵਲੀ’ (ਜੋ ‘ਜਨਮ ਸਾਖੀ ਭਾਈ ਮਨੀ ਸਿੰਘ ਜੀ ਵਾਲੀ’ ਨਾਂ ਨਾਲ ਪ੍ਰਸਿੱਧ ਹੈ) ਵਿੱਚ ਮੂਲ ਮੰਤ੍ਰ (ਮੰਗਲਾਚਰਨ) ਸਰੂਪ ਨੂੰ ਇਸ ਤਰ੍ਹਾਂ ਦਰਜ ਕੀਤਾ ਹੋਇਆ ਮਿਲਦਾ ਹੈ :-
ੴ ਸਤਿ ਨਾਮੁ
ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥
ਨਾਮ ਸਭ ਦੇਵਾਂ ਦਾ ਦੇਵ ਹੈ । ਕੋਈ ਦੇਵੀ ਨੂੰ ਮਨਾਵਦਾ ਹੈ॥
ਕੋਈ ਸ਼ਿਵ ਨੂੰ, ਕੋਈ ਗਣੇਸ਼ ਨੂੰ, ਕੋਈ ਹੋਰ ਦੇਵਤਿਆਂ ਨੂੰ॥
ਗੁਰ ਕੇ ਸਿਖ ਸਤਿਨਾਮੁ ਨੂੰ ਅਰਾਧਤੇ ਹੈਂ ਜਿਸ ਕਰ ਸਭ ਵਿਘਨ ਨਾਸ ਹੋਂਦੇ ਹਨ॥
ਤਾਂ ਤੇ ਸਤਿਨਾਮ ਦਾ ਮੰਗਲਚਾਰ ਆਦਿ ਰੱਖਾ ਗਿਆ ਹੈ॥ (ਭਾਈ ਮਨੀ ਸਿੰਘ)
ੴਸਤਿ
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮੂਲ ਮੰਤਰ ਤਥਾ ਮੰਗਲਾਚਰਨ ‘‘ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ’’ ਸੰਪੂਰਨ ਜਾਂ ਸੰਖੇਪ ਰੂਪ ਵਿੱਚ 566 ਵਾਰ (ਨੋਟ: ਗੁਰਬਾਣੀ ਵਿੱਚ ਮੂਲ ਮੰਤਰ ਕੁੱਲ 568 ਵਾਰ ਦਰਜ ਹੈ, ਪਰ ਇੱਥੇ 566 ਦੇਣ ਦਾ ਮਤਲਬ ਕਰਤਾਰਪੁਰ ਸਾਹਿਬ ਵਾਲੀ ਬੀੜ ਵਿੱਚ ਦੋ ਵਾਰ ਕੇਵਲ ‘ੴ’ ਹੋਣ ਕਾਰਨ ਇੱਥੇ 566 ਨੰਬਰ ਦਿੱਤਾ ਜਾ ਰਿਹਾ ਹੈ) ‘ੴ ਸਤਿਨਾਮੁ’ ਦੇ ਆਗਾਜ਼ ਨਾਲ ਆਇਆ ਹੈ ਅਤੇ ਇਸ ਨੂੰ ਸੰਪਰਦਾਈ ਤੇ ਪਰੰਪਰਾਗਤ ਵਿਚਾਰ ਅਤੇ ਆਮ ਸਿੱਖ ਜਗਤ ‘ੴ ਸਤਿਨਾਮੁ’ ਪਾਠ ਕ੍ਰਮ ਉਚਾਰਨ ਦੇ ਹੱਕ ਵਿੱਚ ਹਨ ਤੇ ਕਰਦੇ ਵੀ ਹਨ, ਫਿਰ ਵੀ ਪ੍ਰਿੰਸੀਪਲ ਹਰਿਭਜਨ ਸਿੰਘ ਨੇ ਦਲੇਰੀ ਤੇ ਸਵੈ-ਵਿਸ਼ਵਾਸ ਨਾਲ ਆਪਣਾ ਨਵ-ਮੱਤ (ਭਾਵ ‘ਸਤਿ’ ਦਾ ਸਬੰਧ ‘ੴ’ ਨਾਲ ਮੰਨਿਆ, ਨਾ ਕਿ ‘ਨਾਮੁ’ ਦੇ ਨਾਲ), ਇਸ ਵਿਸ਼ੇ ਸੰਬੰਧੀ ਆਪਣਾ ਪੱਖ ਸੰਗਤਾਂ ਨਾਲ ਸਾਂਝਾ ਕੀਤਾ। ਪੁਰਾਤਨ ਹੱਥ ਲਿਖਤ ਬੀੜਾਂ ’ਚ ਸੰਖੇਪ ਰੂਪ ਮੰਗਲਾਚਰਨ 522 ਵਾਰ ‘‘ੴ ਸਤਿ ਗੁਰ ਪ੍ਰਸਾਦਿ’’ ਦੇ ਰੂਪ ਵਿੱਚ ਦਰਜ ਕੀਤਾ ਹੋਇਆ ਮਿਲਦਾ ਹੈ। ਮੰਗਲਾਂ ਦੀ ਇਸ ਗਿਣਤੀ ਤੋਂ ਸਪਸ਼ਟ ਹੈ ਕਿ ਸਭ ਤੋਂ ਵੱਧ ਵਾਰ ‘ੴ ਸਤਿ ਗੁਰ ਪ੍ਰਸਾਦਿ’ ਨੂੰ ਹੀ ਮੰਗਲ ਦੇ ਤੌਰ ’ਤੇ ਵਰਤਿਆ ਗਿਆ ਹੈ। ਪ੍ਰਿੰਸੀਪਲ ਜੀ ਅਨੁਸਾਰ ਇਸ ਸੰਖੇਪ ਮੰਗਲ ਵਿੱਚ ਪਦ ‘ਸਤਿ’ ਦੇ ਸਥਾਨ ਅਤੇ ਸੰਬੰਧ ਨੂੰ ਗਹੁ ਨਾਲ ਵਾਚਿਆਂ ਇਸ ਦਾ ਸਬੰਧ ‘ੴ’ ਨਾਲ ਜਾਪਦਾ ਹੈ, ਨਾ ਕਿ ‘ਗੁਰ ਪ੍ਰਸਾਦਿ’ ਨਾਲ। 522 ਵਾਰ ‘ੴ’ ਦੇ ਨਾਲ ‘ਸਤਿ’ ਆਇਆ ਹੈ, ਜਿਸ ਉਪਰੰਤ ‘ਗੁਰ ਪ੍ਰਸਾਦਿ’ ਵੀ ਦਰਜ ਹੈ ਭਾਵ ‘ਸਤਿ’ ਦੇ ਨਾਲ ‘ਨਾਮੁ’ ਸ਼ਬਦ ਦਰਜ ਨਹੀਂ। ਆਪ ਅਨੁਸਾਰ ੧, ਓ ਤੇ ਸਤਿ ਤਿੰਨੇ ਪਦ, ਸਮਾਨ ਅਰਥ ਰੱਖਦੇ ਹਨ ਤੇ ਇੱਕੋ ਹਸਤੀ ‘ਅਕਾਲ ਪੁਰਖ’ ਦੇ ਲਖਾਇਕ ਅਤੇ ਆਪਣੀ ਜਾਤ ਵਿੱਚ ਸੁਤੰਤਰ ਹਨ। ਸਤਿਗੁਰਾਂ ਦੇ ਵਚਨ ਹਨ :-
‘੧’: ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ ਏਕੋ ਹੈ॥ (ਆਸਾ ਮਹਲਾ ੧/ਪੰਨਾ ੩੫੦)
ਪ੍ਰਿੰਸੀਪਲ ਜੀ ਅਨੁਸਾਰ ਅੰਕ ‘੧’ ਨੂੰ ਇੱਥੇ ‘ਅਕਾਲ ਪੁਰਖ’ ਦਾ ਵਾਚਕ ਕਰ ਕੇ ਵਰਤਿਆ ਗਿਆ ਹੈ, ਸੰਖਿਅਕ ਵਿਸ਼ੇਸ਼ਣ ਦੇ ਰੂਪ ਵਿੱਚ ਨਹੀਂ। ਵਾਹਿਗੁਰੂ ਦੀ ਬਚਿੱਤਰ ਰਚਨਾ ਤੇ ਲ੍ਹੀਲਾ ਦਾ ਭੇਦ ਉਸ ਦੀ ਏਕਤਾ ਵਿੱਚ ਅਨੇਕਤਾ (Unity in Diversity) ਅਤੇ ਅਨੇਕਤਾ ਵਿੱਚ ਏਕਤਾ (Diversity in Unity) ਵਿੱਚ ਬੰਦ ਹੈ। ਆਕਾਸ਼ਾਂ, ਪਾਤਾਲਾਂ, ਧਰਤੀਆਂ, ਖੰਡਾਂ, ਸੂਰਜ-ਮੰਡਲਾਂ ਤੇ ਬ੍ਰਹਿਮੰਡਾਂ ਦਾ ਸਾਰਾ ਪਸਾਰਾ ‘ਇੱਕ’ ਤੋਂ ਹੈ ਅਤੇ ਮਾਲਾ ਦੇ ਧਾਗੇ ਵਾਂਗ ਇਸ ਸਾਰੇ ਪਸਾਰੇ ਦੇ ਸਮੂਹ ਮਣਕਿਆਂ ਵਿੱਚ ਓਹੀ ‘ਇੱਕ’ ਸੂਤਰਧਾਰੀ ਹੈ। ਇਸ ਇੱਕ ਦਾ ਅਰਥ ਗੁਰੂ ਜੀ ਨੇ ਆਪ ਇਉਂ ਕੀਤਾ ਹੈ :
ਏਕਮ ਏਕੰਕਾਰ ਨਿਰਾਲਾ, ਅਮਰੁ ਅਜੋਨੀ ਜਾਤਿ ਨ ਜਾਲਾ ॥ (ਬਿਲਾਵਲ ਮਹਲਾ ੧/ਪੰਨਾ ੮੩੮)
‘ਓ’: ਏਕਾ ਏਕੰਕਾਰ ਲਿਖਿ ਦੇਖਾਲਿਆ, ਊੜਾ ਓਅੰਕਾਰ ਪਾਸਿ ਬਹਾਲਿਆ ॥ (ਭਾਈ ਗੁਰਦਾਸ ਜੀ)
‘ਓਅੰਕਾਰ’ ਸ਼ਬਦ ਦਾ ਅਰਥ ਹੈ : ਸ੍ਰਿਸ਼ਟੀ ਦਾ ਕਰਤਾ (ਪੈਦਾ ਕਰਨ ਵਾਲਾ), ਧਰਤਾ (ਰਿਜ਼ਕ ਦੇਣ ਵਾਲਾ) ਤੇ ਹਰਤਾ (ਨਾਸ ਕਰਨ ਵਾਲਾ) ਇੱਕ ਅਕਾਲ ਪੁਰਖ ਹੈ ਭਾਵ ਗੁਰਮੁਖੀ ਦਾ ਪਹਿਲਾ ਅੱਖਰ ਊੜਾ, ਓਅੰਕਾਰ ਦੇ ਰੂਪ ਵਿੱਚ ਲਿਖ ਗੁਰਦੇਵ ਨੇ ਦਰਸਾਇਆ ਕਿ ਸਾਰੇ ਸੰਸਾਰ ਦਾ ਮਾਲਕ ਉਹੀ ‘ਨਿਰੰਕਾਰ’ ਹੈ।
‘ਸਤਿ’: ਆਦਿ ਸਚੁ, ਜੁਗਾਦਿ ਸਚੁ॥ ਹੈ ਭੀ ਸਚੁ, ਹੋਸੀ ਭੀ ਸਚੁ॥ (ਜਪੁ ਜੀ)
(ਨੋਟ : ਉਪਰੋਕਤ ਸਿਫ਼ਤ ਵਾਲੀ ਹਸਤੀ ਕੇਵਲ ਇੱਕ (ਅਕਾਲ ਪੁਰਖ) ਹੈ। ਇੰਜ ‘ੴ’ ਤੇ ‘ਸਤਿ’ ਅਭੇਦ ਹੋ ਜਾਂਦੇ ਹਨ।)
‘ੴ’ ਉਪਰੰਤ ਜੋ ਪਹਿਲਾ ਪਦ ਮੂਲ ਮੰਤ੍ਰ ਵਿੱਚ ਆਇਆ ਹੈ, ਉਹ ਹੈ ‘ਸਤਿ’। ਪ੍ਰਿੰਸੀਪਲ ਹਰਿਭਜਨ ਸਿੰਘ ਅਨੁਸਾਰ ‘ਸਤਿ’ ਜਾਂ ‘ਸਚੁ’ ਮਨੁੱਖ ਦੀ ਜੀਵਨ ਨੈਯਾ ਨੂੰ ਸੰਸਾਰ ਸਾਗਰ ਵਿੱਚੋਂ ਪਾਰ ਲੰਘਾਉਣ ਲਈ ਓਵੇਂ ਹੀ ਜ਼ਰੂਰੀ ਹਨ, ਜਿਵੇਂ ਸਮੁੰਦਰੀ ਜਹਾਜ਼ ਲਈ ਕੰਪਾਸ। ਏਸੇ ਲਈ ‘ਸਤਿ’ ਪਦ ਨੂੰ ‘ੴ’ ਤੋਂ ਬਾਅਦ ਉਹ ਅਸਥਾਨ ਪ੍ਰਾਪਤ ਹੈ, ਜੋ ਅਕਾਲ ਪੁਰਖ ਨਾਲ ਸੰਬੰਧਿਤ ਕਿਸੇ ਹੋਰ ਸ਼ਬਦ ਨੂੰ ਨਹੀਂ।
ਜਿਵੇਂ ‘ਜਪੁ ਜੀ ਅਥਵਾ ਸ੍ਰੀ ਗੁਰੁ ਗ੍ਰੰਥ ਸਾਹਿਬ’ ਦਾ ਮੁੱਢ ‘ਮੂਲ-ਮੰਤ੍ਰ’ ਹੈ, ਇਸੇ ਤਰ੍ਹਾਂ ‘ੴ, ਸਤਿ ਤੇ ਨਾਮੁ’ ਰੂਪ ਸਮੁਦਾਇ ਵੀ ਮੂਲ ਮੰਤਰ ਦਾ ਮੁੱਢ ਹੈ, ਇਨ੍ਹਾਂ ਉਪਰੰਤ ਆਰੰਭਕ ਵਿਸ਼ੇਸ਼ਤਾਈਆਂ ਸ਼ੁਰੂ ਹੋ ਜਾਂਦੀਆਂ ਹਨ ਤੇ ਅੰਤ ’ਚ (ਗੁਰਪ੍ਰਸਾਦਿ) ਪ੍ਰਾਪਤ ਕਰਨ ਦੀ ਵਿਧੀ ਸ਼ਾਮਲ ਹੈ। ਇਨ੍ਹਾਂ (ੴਸਤਿਨਾਮੁ) ਦਾ ਅਸਥਾਨ ਮੂਲ-ਮੰਤ੍ਰ ਵਿੱਚ ਓਸੇ ਤਰ੍ਹਾਂ ਵਿਸ਼ੇਸ਼ ਹੈ; ਜਿਵੇਂ ਕਿ ‘ਮੂਲ-ਮੰਤ੍ਰ’ ਦਾ ਸੰਪੂਰਨ ਗੁਰਬਾਣੀ ਲਿਖਤ ਤਰਤੀਬ ਵਿੱਚ।
—–ਚਲਦਾ—–