ਸੂਰਜ ਦਾ ਉੱਤਰੈਣ ਤੋਂ ਦੱਖਨੈਣ ਨੂੰ ਮੁੜਨ ਤੋਂ ਭਾਵ

0
1443

ਸੂਰਜ ਦਾ ਉੱਤਰੈਣ ਤੋਂ ਦੱਖਨੈਣ ਨੂੰ ਮੁੜਨ ਤੋਂ ਭਾਵ

ਕਿਰਪਾਲ ਸਿੰਘ ਬਠਿੰਡਾ 88378-13661

ਦੋ ਵੱਖ ਵੱਖ ਟੀਕੇ ਅਤੇ ਦੋ ਵੱਖ ਵੱਖ ਕੋਸ਼ ਸਾਹਮਣੇ ਰੱਖਣ ਦੇ ਬਾਵਜੂਦ ਵੀ ‘ਰਥੁ ਫਿਰੈ ਦੇ ਅਰਥ ਸਮਝਣ ਤੋਂ ਅਸਮਰਥ ਰਹਿਣ ਵਾਲੇ ਸ: ਜਸਵੀਰ ਸਿੰਘ ਵਿਰਦੀ, ਜਿਸ ਨੂੰ ਸ: ਸਰਬਜੀਤ ਸਿੰਘ ਸੈਕਰਾਮੈਂਟੋ ਵੱਲੋਂ ਸਮਰ ਸੋਲਿਸਟਾਈਸ ਅਤੇ ਵਿੰਟਰ ਸੋਲਿਸਟਾਈਸ ਸਮੇਂ ਸੂਰਜ ਕਿੰਨੇ ਡਿਗਰੀ ’ਤੇ ਉਦੈ ਹੁੰਦਾ ਹੈ ਦੱਸ ਕੇ ਸਮਝਾਉਣ ਦੇ ਬਾਵਜੂਦ ਵੀ ਸੂਰਜ ਦੇ ਉੱਤਰੈਣ ਤੋਂ ਦੱਖਨੈਣ ਨੂੰ ਅਤੇ ਦੱਖਨੈਣ ਤੋਂ ਉੱਤਰੈਣ ਵੱਲ ਮੁੜਨ ਵਾਲੀ ਗੱਲ ਸਮਝ ਨਾ ਆਈ ਹੋਵੇ ਤਾਂ ਉਸ ਨੂੰ ਮੇਰੇ ਲਈ ਸਮਝਾਉਣਾ ਹੈ ਤਾਂ ਬਹੁਤ ਮੁਸ਼ਕਲ ਪਰ ਫਿਰ ਵੀ ਹੇਠਾਂ ਦਿੱਤੀ ਉਦਾਹਰਣ ਅਤੇ ਚਿੱਤਰ ਬਣਾ ਕੇ ਸਮਝਾਉਣ ਦੀ ਆਖਰੀ ਕੋਸ਼ਿਸ਼ ਕਰਨ ਦੀ ਹਿੰਮਤ ਇਹ ਸੋਚ ਕੇ ਕਰ ਰਿਹਾ ਹਾਂ ਕਿ ਭਾਵੇਂ ਉਸ ਨੂੰ ਸਮਝ ਨਾ ਹੀ ਆਵੇ ਪਰ ਮੇਰੀ ਇਸ ਕੋਸ਼ਿਸ਼ ਨਾਲ ਪਾਠਕਾਂ ਦੀ ਜਾਣਕਾਰੀ ਵਿੱਚ ਤਾਂ ਵਾਧਾ ਹੋਵੇਗਾ ਹੀ।

ਬਾਹਰ ਖੁੱਲ੍ਹੀ ਥਾਂ (ਪੂਰਬ ਵੱਲ ਸਮੁੰਦਰ ਦਾ ਕਿਨਾਰਾ ਹੋਵੇ ਤਾਂ ਹੋਰ ਵੀ ਚੰਗਾ ਹੈ) ਜਿੱਥੇ ਸੂਰਜ ਉਦੈ ਹੋਣ ਸਮੇਂ ਉਸ ਦੇ ਸਾਹਮਣੇ ਕੋਈ ਦਰਖ਼ਤ ਜਾਂ ਬਿਲਡਿੰਗ ਨਾ ਆਉਂਦੀ ਹੋਵੇ, ਉੱਥੇ ਇੱਕ ਸਿੱਧਾ ਪੋਲ (P) ਖੜ੍ਹਾ ਕਰਕੇ ਉਸ ਦੇ ਪਿਛਲੇ ਪਾਸੇ ਪੱਛਮ ਵਾਲੀ ਦਿਸ਼ਾ ਵਿੱਚ ਹੋ ਕੇ ਆਪਣਾ ਮੂੰਹ ਪੂਰਬ ਵੱਲ ਕਰ ਕੇ ਖੜ੍ਹੇ ਹੋ ਜਾਓ। ਜਿਸ ਸਮੇਂ ਸੂਰਜ ਦੀ ਪਹਿਲੀ ਕਿਰਨ ਵਿਖਾਈ ਦੇਵੇ ਤਾਂ ਪੋਲ ਨੂੰ ਸੂਰਜ ਦੀ ਸੇਧ ਵਿੱਚ ਕਰਕੇ ਧਰਤੀ ’ਤੇ ਇੱਕ ਨਿਸ਼ਾਨ ਲਾ ਲਵੋ। ਹਰ ਰੋਜ ਇਹੀ ਕਰਮ ਦੁਹਰਾਇਆ ਜਾਵੇ ਤਾਂ ਤੁਸੀਂ ਵੇਖੋਗੋ ਕਿ ਤਕਰੀਬਨ 21 ਜੂਨ ਸਮਰ ਸੋਲਿਸਟਾਈਸ (Summer Solistice) ਨੂੰ ਸੂਰਜ ਦੱਖਣ ਵੱਲ ਨੂੰ ਮੋੜਾ ਪਾ ਲਵੇਗਾ।          ਇਸ ਨੂੰ ਰਥ ਫਿਰਨਾ ਕਹਿੰਦੇ ਹਨ ਅਤੇ ਇਸ ਦਿਨ ਤੋਂ ਦੱਖਨੈਣ ਅਰੰਭ ਹੋ ਜਾਂਦਾ ਹੈ ਤੇ ਹਰ ਰੋਜ ਥੋਹੜਾ ਥੋਹੜਾ ਦੱਖਣ ਵੱਲ ਤੋਂ ਉਦੈ ਹੁੰਦਾ ਵਿਖਾਈ ਦੇਵੇਗਾ ਜੋ ਤਕਰੀਬਨ 22 ਦਸੰਬਰ ਵਿੰਟਰ ਸੋਲਿਸਟਾਈਸ (Winter Solistice) ਪਹੁੰਚਣ ਤੱਕ ਆਪਣੀ ਵੱਧ ਤੋਂ ਵੱਧ ਕ੍ਰਾਂਤੀ (Declination) ’ਤੇ ਪਹੁੰਚ ਜਾਵੇਗਾ ਤੇ ਇਸ ਤੋਂ ਪਿੱਛੋਂ ਵਾਪਸ ਉੱਤਰ ਵੱਲ ਜਾਂਦਾ ਵਿਖਾਈ ਦੇਵੇਗਾ; ਜਿਸ ਤੋਂ ਉਤਰੈਣ ਅਰੰਭ ਹੋ ਜਾਵੇਗਾ। ਸੂਰਜ ਪੂਰਬ ਦਿਸ਼ਾ ਤੋਂ ਕਿੰਨੇ ਡਿਗਰੀ ਉੱਤਰ ਜਾਂ ਦੱਖਣ ਨੂੰ ਹੁੰਦਾ ਹੈ ਇਸ ਨੂੰ ਐਮਪਲੀਚੂਡ (Amplitude) ਕਹਿੰਦੇ ਹਨ ਜੋ ਉਸ ਸਥਾਨ ਦੀ ਅਕਸ਼ਾਂਸ਼ (Latitude) ਅਤੇ ਸੂਰਜ ਦੀ ਕ੍ਰਾਂਤੀ ’ਤੇ ਨਿਰਭਰ ਹੁੰਦਾ ਹੈ ਅਤੇ ਵੱਖ ਵੱਖ ਸਥਾਨਾਂ ’ਤੇ ਐਮਲੀਚੂਡ ਵੱਖ ਵੱਖ ਹੋਵੇਗਾ। ਬਠਿੰਡਾ ਵਿਖੇ ਇਹ ਤਜਰਬਾ ਕਰ ਕੇ ਵੇਖਿਆ ਗਿਆ ਤਾਂ:-

22 ਦਸੰਬਰ 2018 Winter Solistice ਨੂੰ ਸੂਰਜ ਸਵੇਰੇ 7.22 ਵਜੇ 117° ਦੱਖਣ-ਪੂਰਬ ਦਿਸ਼ਾ (ਪੂਰਬ ਤੋਂ 27° ਦੱਖਣ ਵੱਲ) ਉਦੈ ਹੋਇਆ ਜਿਸ ਨੂੰ ਇੱਥੇ ਦਿੱਤੇ ਗਏ ਚਿੱਤਰ ਵਿੱਚ SE ਬਿੰਦੂ ਨਾਲ ਦਰਸਾਇਆ ਗਿਆ ਹੈ।

21 ਮਾਰਚ 2019 Spring Equinox ਨੂੰ ਸੂਰਜ ਸਵੇਰੇ 6.33 ਵਜੇ 89° ਉੱਤਰ-ਪੂਰਬ ਦਿਸ਼ਾ (ਪੂਰਬ ਤੋਂ 1° ਉੱਤਰ ਵੱਲ) ’ਚ ਉਦੈ ਹੋਇਆ ਜਿਸ ਨੂੰ ਬਿੰਦੂ E ਨਾਲ ਦਰਸਾਇਆ ਗਿਆ ਹੈ।

21 ਜੂਨ 2019 Summer Solistice ਨੂੰ ਸੂਰਜ ਸਵੇਰੇ 5.29 ਵਜੇ 62° ਉੱਤਰ-ਪੂਰਬ ਦਿਸ਼ਾ ਵਿੱਚ (ਪੂਰਬ ਤੋਂ 28° ਉੱਤਰ ਵੱਲ) ਉਦੈ ਹੋਇਆ ਜਿਸ ਨੂੰ ਬਿੰਦੂ NE ਨਾਲ ਦਰਸਾਇਆ ਗਿਆ ਹੈ।

23 ਸਤੰਬਰ 2019 Autumnal Equinox ਨੂੰ ਸਵੇਰੇ 6.18 ਵਜੇ 89° ਉੱਤਰ-ਪੂਰਬ ਦਿਸ਼ਾ ਵਿੱਚ (ਪੂਰਬ ਤੋਂ 1° ਉੱਤਰ ਵੱਲ) ਉਦੈ ਹੋਵੇਗਾ ਜੋ ਮੁੜ ਬਿੰਦੂ E ਨਾਲ Coinside ਕਰ ਜਾਵੇਗਾ।

22 ਦਸੰਬਰ 2019 Winter Solistice ਨੂੰ ਸੂਰਜ ਮੁੜ ਸਵੇਰੇ 7.22 ਵਜੇ 117° ਦੱਖਣ-ਪੂਰਬ ਦਿਸ਼ਾ (ਪੂਰਬ ਤੋਂ 27° ਦੱਖਣ ਵੱਲ)  ’ਚ ਉਦੈ ਹੋਵੇਗਾ ਭਾਵ ਚਿੱਤਰ ਵਿੱਚ NE ਬਿੰਦੂ ਨਾਲ Coinside ਕਰ ਜਾਵੇਗਾ ਅਤੇ ਇਸ ਤੋਂ ਬਾਅਦ ਫਿਰ ਉੱਤਰ ਵੱਲ ਖਿਸਕਦਾ ਵਿਖਾਈ ਦੇਵੇਗਾ।

ਸੂਰਜ ਦੀ ਸਥਿਤੀ ਦੇ ਨਿਸ਼ਾਨ ਲਾਉਣ ਦੇ ਨਾਲ ਨਾਲ ਪੋਲ P ਦੀ ਛਾਂ ਦੇ ਨਿਸ਼ਾਨ ਵੀ ਲਾਏ ਜਾਣ। ਜਿਸ ਦਿਨ ਸੋਲਰ ਨੂਨ (Solar Noon) ਮੌਕੇ ਪੋਲ ਦੀ ਛਾਂ ਸਭ ਤੋਂ ਛੋਟੀ ਹੋਵੇਗੀ ਉਹ Summar Solistice ਦਾ ਦਿਨ ਹੋਵੇਗਾ ਅਤੇ ਪੰਜਾਬ ਵਿੱਚ ਉਸ ਦਿਨ ਵਰਖਾ ਰੁੱਤ ਦਾ ਅਰੰਭ ਹੁੰਦਾ ਹੈ। ਰੁੱਤਾਂ ਦੀ ਤਬਦੀਲੀ ਅਤੇ ਸੂਰਜ ਪੱਥ ਲੱਭਣ ਲਈ ਵਿਗਿਆਨੀ ਪੁਰਾਣੇ ਸਮੇਂ ’ਚ ਇਹੀ ਢੰਗ ਨੀਝਸ਼ਾਲਾਵਾਂ ਵਿੱਚ ਵਰਤਦੇ ਰਹੇ ਹਨ ਜਿਹੜਾ ਕਿ ਵਿਰਦੀ ਜੀ ਦੀ ਸਮਝ ਤੋਂ ਬਾਹਰ ਦੀ ਗੱਲ ਹੋਣ ਕਰਕੇ ਉਹ ਇਸ ਨੂੰ ਡੱਕਾ ਗੱਡ ਕੇ ਕਮਜੋਰ ਇਸਤਰੀ ਵੱਲੋਂ ਛਾਂ ਵੇਖਣ ਨਾਲ ਤੁਲਨਾ ਦਿੰਦਾ ਹੋਇਆ ਲਿਖ ਰਿਹਾ ਹੈ ਕਿ ਐਸਾ ਕਰਦੀ ਇਸਤਰੀ ਨੂੰ ਕਦੀ ਕਿਸੇ ਨਹੀਂ ਵੇਖਿਆ। ਸ਼ਾਇਦ ਹੁਣ ਤਾਂ ਵਿਰਦੀ ਜੀ ਨੂੰ ਸਮਝ ਆ ਗਈ ਹੋਵੇਗੀ ਕਿ ਗੁਰਬਾਣੀ ਵਿੱਚ ਸਰੀਰ ਨੂੰ ਖੇਤ, ਆਤਮਾ ਨੂੰ ਜੀਵ ਇਸਤਰੀ ਜਿਸ ਦਾ ਪਤੀ ਪ੍ਰਭੂ ਹੈ, ਵਿਕਾਰਾਂ ਦੇ ਪ੍ਰਭਾਵ ਨੂੰ ਤਪਸ਼, ਅੰਤਹਕਰਨ ਨੂੰ ਪ੍ਰਛਾਵਾਂ ਅਤੇ ਪ੍ਰਭੂ ਦੇ ਨਾਮ ਨੂੰ ਅੰਮ੍ਰਿਤ ਵਰਖਾ ਕਿਹਾ ਗਿਆ ਹੈ ਜਿਸ ਨੂੰ ਕਰਮਵਾਰ ਬਾਹਰ ਵਾਲੀ ਧਰਤੀ, ਮਨੁੱਖ, ਸੂਰਜ ਦੀ ਗਰਮੀ, ਪ੍ਰਛਾਵੇ ਅਤੇ ਵਰਖਾ ਰੁੱਤ ਨਾਲ ਤੁਲਨਾ ਦੇ ਕੇ ਸਾਨੂੰ ਸਮਝਾਇਆ ਹੈ। ਇਹ ਵੀ ਸਮਝ ਆ ਗਈ ਹੋਵੇਗੀ ਕਿ solistice ਅਤੇ Equinox ਦਾ ਰੁੱਤਾਂ ਤੇ ਕੈਲੰਡਰ ਨਾਲ ਕੀ ਸਬੰਧ ਹੈ।

ਇਸ ਤਜਰਬੇ ਦੌਰਾਨ ਅਸੀਂ ਵੇਖਾਂਗੇ ਕਿ ਭਾਵੇਂ ਸੂਰਜ ਧਰਤੀ ਦੇ ਮੁਕਾਬਲੇ ਸਥਿਰ ਹੈ ਪਰ ਫਿਰ ਵੀ ਸਾਨੂੰ ਵੇਖਣ ਨੂੰ ਮਹਿਸੂਸ ਇਸ ਤਰ੍ਹਾਂ ਹੁੰਦਾ ਹੈ ਜਿਵੇਂ ਸੂਰਜ ਉੱਤਰੈਣ ਤੋਂ ਦੱਖਨੈਣ ਅਤੇ ਦੱਖਨੈਣ ਤੋਂ ਉੱਤਰੈਣ ਵਾਲੇ ਆਪਣੇ ਪੰਧ ਵਿੱਚ ਨਿਸਚਤ ਸੀਮਾਂ ਵਿੱਚ ਪੈਂਡੂਲਮ ਦੀ ਤਰ੍ਹਾਂ ਹੀ ਮੁੜਦਾ ਹੈ, ਬਿਲਕੁਲ ਉਸੇ ਤਰ੍ਹਾਂ ਜਿਵੇਂ ਕਿ ਸੂਰਜ ਸਥਿਰ ਰਹਿਣ ਦੇ ਬਾਵਜੂਦ ਸਾਨੂੰ ਜਾਪਦਾ ਇਉਂ ਹੀ ਹੈ ਜਿਵੇਂ ਸੂਰਜ ਸਵੇਰ ਨੂੰ ਪੂਰਬ ਦਿਸ਼ਾ ’ਚ ਉਦੈ ਹੋ ਕੇ ਪੱਛਮ ਦਿਸ਼ਾ ਵੱਲ ਸਫਰ ਕਰਦਾ ਹੈ ਤੇ ਪੱਛਮ ਵਿੱਚ ਜਾ ਕੇ ਸ਼ਾਮ ਨੂੰ ਅਸਤ ਹੋ ਜਾਂਦਾ ਹੈ ਜਿਸ ਨੂੰ ਪੰਜਾਬ ’ਚ ਸੂਰਜ ਚੜ੍ਹਨਾ ਅਤੇ ਸੂਰਜ ਛਿਪ ਜਾਣਾ ਜਾਂ ਡੁੱਬ ਜਾਣਾ ਵੀ ਕਹਿੰਦੇ ਹਨ ਅਤੇ ਇਸੇ ਤਰ੍ਹਾਂ ਹੀ ਸਾਰੀਆਂ ਐਸਟਰੌਨੀਮੀ (ਖਗੋਲ ਵਿਦਿਆ) ਦੀਆਂ ਪੁਸਤਕਾਂ ਵਿੱਚ ਲਿਖਿਆ ਮਿਲਦਾ ਹੈ।  ਪਰ ਜੇ ਫਿਰ ਵੀ ਵਿਰਦੀ ਸਾਹਿਬ ਵਰਗਾ ਕੋਈ ਵਿਦਵਾਨ ਕਹੇ ਕਿ ਸੂਰਜ ਤਾਂ ਆਪਣੀ ਥਾਂ ਸਥਿਰ ਖੜ੍ਹਾ ਹੈ, ਨਾ ਇਹ ਕਿਤੇ ਚੜ੍ਹਦਾ ਹੈ ਨਾ ਛਿਪਦਾ, ਨਾ ਡੁੱਬਦਾ ਹੈ ਅਤੇ ਨਾ ਹੀ ਕਦੀ ਪੂਰਬ ਤੋਂ ਪੱਛਮ ਵੱਲ ਚਲਦਾ ਹੈ ਤਾਂ ਉਸ ਨੂੰ ਕਿਵੇਂ ਸਮਝਾਈਏ ?

ਨੋਟ: 1.  ਵਿੱਚਕਾਰ ਲੀਪ ਦਾ ਸਾਲ ਅਤੇ ਵੱਖਰੇ ਵੱਖਰੇ ਟਾਈਮ ਜ਼ੋਨ ਹੋਣ ਕਰਕੇ ਸੋਲਿਸਟਾਈਸ (Solistices) ਕਰਮਵਾਰ 20 ਤੋਂ 22 ਜੂਨ; 20 ਤੋਂ 22 ਦਸੰਬਰ ਅਤੇ ਇਕੌਨਿਕਸ (Equinoxes) 19 ਤੋਂ 21 ਮਾਰਚ; 21 ਤੋਂ 24 ਸਤੰਬਰ ਦੇ ਵਿਚਕਾਰ 1 ਦਿਨ ਅੱਗੇ ਪਿੱਛੇ ਹੋ ਸਕਦੇ ਹਨ।

  1. ਬਿੰਦੂ NE ਤੋਂ ਬਿੰਦੂ SE ਤੱਕ ਜਾਣ ਨੂੰ ਦੱਖਨੈਣ ਅਤੇ SE ਤੋਂ NE ਤੱਕ ਜਾਣ ਨੂੰ ਉੱਤਰੈਣ ਕਹਿੰਦੇ ਹਨ। ਬਠਿੰਡਾ ਵਿਖੇ ਸੂਰਜ ਦੀ ਇਹ Movement (Amplitude) 117°-62°=55° (27+1+27=55) ਦੇ ਵਿਚਕਾਰ ਰਹਿੰਦੀ ਹੈ। ਜਿਵੇਂ ਪਹਿਲਾਂ ਦੱਸਿਆ ਗਿਆ ਹੈ ਕਿਸੇ ਸਥਾਨ ਦਾ Amplitude ਉਸ ਸਥਾਨ ਦੀ ਅਕਸ਼ਾਂਸ਼ (Latitude) ਅਤੇ ਸੂਰਜ ਦੀ ਕ੍ਰਾਂਤੀ (Declination) ’ਤੇ ਨਿਰਭਰ ਕਰਦਾ ਹੈ।
  2. ਸ: ਵਿਰਦੀ ਸਾਹਿਬ ਆਪਣੇ ਸ਼ਹਿਰ ਦਾ ਅਕਸ਼ਾਂਸ਼ (Latitude) ਵੇਖ ਕੇ ਖ਼ੁਦ ਇਸ ਦੀ ਪੜਤਾਲ ਕਰ ਸਕਦੇ ਹਨ ਪਰ ਜੇ ਫਿਰ ਵੀ ਉਨ੍ਹਾਂ ਨੂੰ ਸਮਝ ਨਾ ਆਵੇ ਤਾਂ ਉਹ ਸੂਰਜ ਦੀ ਤੁਲਨਾ ਡਾ: ਹਰਜਿੰਦਰ ਸਿੰਘ ਦਿਲਗੀਰ ਨਾਲ ਕਰਕੇ ਇਉਂ ਸਮਝ ਲੈਣ ਕਿ ਜਿਵੇਂ ਡਾ: ਦਿਲਗੀਰ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਨ ’ਚ ਤਾਂ ਸਥਿਰ ਹੈ ਪਰ ਬਹਾਨੇ ਲਭਦਾ ਪੈਂਡੂਲਮ ਦੀ ਤਰ੍ਹਾਂ ਕਦੀ ਕੈਲੰਡਰ ਵਿੱਚ ਪੁੰਨਿਆ ਮੱਸਿਆ ਦੇ ਨਾਮ ਦਰਜ ਕਰਨ ਦਾ ਜਬਰਦਸਤ ਵਿਰੋਧ ਕਰਦਾ ਹੈ ਅਤੇ ਕਦੀ ਉਸੇ ਪੁੰਨਿਆ ਮੱਸਿਆ ਵਾਲੇ ਚੰਦਰ ਕੈਲੰਡਰ ਦੀ ਜਬਰਦਸਤ ਤਰੀਫ ਕਰਦਾ ਹੈ। ਵੇਖੋ ਉਸ ਦੀ ਆਪਣੀ ਹੀ ਫੇਸ ਬੁੱਕ ’ਚੋ ਕੁਝ ਅੰਸ਼ ਜੋ ਇਸ ਤਰ੍ਹਾਂ ਹਨ:
  3. ਜੋ ਕੈਲੰਡਰ 1998 ਵਿਚ ਛਾਪਿਆ ਗਿਆ ਸੀ ਉਸ ਵਿਚ ਸੰਗਰਾਂਦਾਂ, ਪੂਰਨਮਾਸ਼ੀਆਂ ਤੇ ਮੱਸਿਆ ਨਹੀਂ ਸਨ। ਉਹ ਮੈਂ ਕਢਵਾਈਆਂ ਸਨ। ….

 (ਟਿੱਪਣੀ :  ਉਕਤ ਨੰ: 4 ਰਾਹੀਂ ਚੰਨ ਆਧਾਰਿਤ ਕੈਲੰਡਰ ਦਾ ਵਿਰੋਧ ਕਰਦਾ ਹੁਣ ਅਗਾਂਹ ਨੰ: 11 ਵਿੱਚ ਹਮਾਇਤ ਕਰਦਾ ਵੇਖੋ)

  1. ਫਿਰ ਇਨ੍ਹਾਂ ਨੇ ਇਹ ਦਾਅਵਾ ਕੀਤਾ ਕਿ ਪੁਰੇਵਾਲ ਦੇ ਕੈਲੰਡਰ ਹੇਠ ਗੁਰਪੁਰਬਾਂ ਦੇ ‘ਪੱਕੇ ਦਿਨ ਨੀਅਤ ਹੋ ਜਾਣਗੇ। ਮੇਰਾ ਇਤਰਾਜ਼ ਸੀ (ਤੇ ਹੈ) ਕਿ ਇਸ ਨਾਲ ਕੀ ਫ਼ਰਕ ਪੈਂਦਾ ਹੈ ? ਬਾਕੀ ਧਰਮਾਂ ਵਿਚ ਵੀ ਧਾਰਮਿਕ ਦਿਹਾੜੇ ਚੰਨ ਦੇ ਕੈਲੰਡਰ ’ਤੇ ਅਧਾਰਤ ਹਨ; ਅਤੇ ਜਿਵੇਂ ‘ਈਦ’, ‘ਗੁੱਡ ਫ਼ਰਾਈ ਡੇਅ’ਤੇ ਕਈ ਹੋਰ ਦਿਨ ਹਰ ਸਾਲ ਵੱਖ-ਵੱਖ ਦਿਨਾਂ ਨੂੰ ਆਉਂਦੇ ਹਨ ਤਾਂ ਸਿੱਖਾਂ ਨੂੰ ਚੰਨ ਦੇ ਅਧਾਰ ਵਾਲੇ ਬਿਕਰਮੀ ਕੈਲੰਡਰ ਹੇਠ ਮਨਾਉਣ ਨਾਲ ਕੀ ਫ਼ਰਕ ਪੈਂਦਾ ਹੈ ?

21(1). ਸੁਦੀ ਤੇ ਵਦੀ ਮਹੀਨੇ ਦੇ ਦਿਨ ਗਿਣਨ ਦਾ ਸਭ ਤੋਂ ਵਧ ਵਿਗਿਆਨਕ ਤਰੀਕਾ ਹੈ। ਚੰਨ ਦੀ ਚਾਲ ਹੀ ਸਦੀਵੀ ਚਾਲ ਹੈ।

(2). ਪੁਰੇਵਾਲ ਦੀ ਇਹ ਗੱਲ ਕੋਰਾ ਝੂਠ ਹੈ ਕਿ ਇਸ ਦਾ ਬ੍ਰਾਹਮਣਾਂ ਨਾਲ ਕੋਈ ਸਬੰਧ ਹੈ। ਸੁਦੀ ਵਦੀ ਕੌਮਾਂਤਰੀ ਤਰੀਕਾ ਹੈ। ਮੁਸਲਮਾਨ ਤੇ ਯਹੂਦੀ ਵੀ ਇਸੇ ਨੂੰ ਮੰਨਦੇ ਹਨ।

ਟਿੱਪਣੀ: ਕੀ ਡਾ: ਡਿਲਗੀਰ ਦੀਆਂ ਇਹ ਕਲਾਬਾਜੀਆਂ ਕਿਸੇ ਪੈਂਡੂਲਮ ਤੋਂ ਘੱਟ ਹਨ।

ਹੋਰ ਅਧਾਰਹੀਣ ਦੋਸ਼ ਜੋ ਉਸ ਦੀ ਆਪਣੀ ਪੀ.ਐੱਚ.ਡੀ (Ph.D.) ਡਿਗਰੀ ਦਾ ਹੀ ਜਲੂਸ ਕੱਢ ਰਿਹਾ ਹੈ। ਉਹ ਲਿਖ ਰਹੇ ਹਨ:-

  1. ਇਕ ਹੋਰ ਬਹਾਨਾ ਇਹ ਲਾਇਆ ਜਾ ਰਿਹਾ ਹੈ ਕਿ ਪੰਜ ਸਤ ਸੌ ਸਾਲ ਮਗਰੋਂ ਵਿਸਾਖੀ ਕਦੇ ਜੂਨ ਤੇ ਕਦੇ ਜੁਲਾਈ, ਤੇ ਫਿਰ ਕਦੇ ਦਸੰਬਰ ਵਿਚ ਵੀ ਆ ਸਕਦੀ ਹੈ। ਉਨ੍ਹਾਂ ਦੀ ਦਲੀਲ ਦਾ ਆਧਾਰ ਹੈ ਕਿ ਦਿਨ 24 ਘੰਟੇ ਨਹੀਂ ਬਲਕਿ 23 ਘੰਟੇ 56 ਮਿੰਟ ਅਤੇ 4.1 ਸਕਿੰਟ ਦਾ ਹੁੰਦਾ ਹੈ। ਪੁਰੇਵਾਲ ਜੀ ਤਾਂ ਸ਼ਾਇਦ ਜਾਣਦੇ ਹੀ ਹੋਣਗੇ (ਪਰ, ਉਨ੍ਹਾਂ ਦੇ ਹਿਮਾਇਤੀਆਂ ਵਿਚੋਂ ਸ਼ਾਇਦ ਇਕ ਜਾਂ ਦੋ ਜਣਿਆਂ ਨੂੰ ਵੀ ਪਤਾ ਨਹੀਂ ਹੋਣਾ) ਕਿ ਕਦੇ ਦਿਨ 24 ਘੰਟੇ ਨਹੀਂ ਬਲਕਿ 21 ਘੰਟੇ ਦਾ, ਅਤੇ ਸਾਲ 365 ਨਹੀਂ ਬਲਕਿ 410 ਦਿਨ ਦਾ, ਹੁੰਦਾ ਸੀ। ਇਸ ਦਾ ਕਾਰਨ ਇਹ ਹੈ ਕਿ ਗਲੋਬ (ਧਰਤੀ) ਦੀ ਚਾਲ ਘਟਦੀ ਜਾ ਰਹੀ ਹੈ ਅਤੇ ਕੁਝ ਸੌ/ਹਜ਼ਾਰ ਸਾਲ ਮਗਰੋਂ ਦਿਨ 26 ਘੰਟੇ ਦਾ ਤੇ ਫਿਰ 30 ਘੰਟੇ ਦਾ ਹੋ ਜਾਵੇਗਾ ਅਤੇ ਸਾਲ 350 ਦਿਨ ਦਾ ਤੇ ਫਿਰ ਕਦੇ 300 ਦਿਨ ਦਾ ਰਹਿ ਜਾਵੇਗਾ। ਫ਼ਿਰ, ਉਦੋਂ ਸਾਰੇ ਕੈਲੰਡਰ ਫੇਲ੍ਹ ਹੋ ਜਾਣਗੇ; ਪੁਰੇਵਾਲ ਦਾ ਕੈਲੰਡਰ ਵੀ ਫੇਲ੍ਹ ਹੋ ਜਾਵੇਗਾ। ਧਰਤੀ ਦੀ ਹਾਲਤ, ਗਤੀ, ਚਾਲ, ਭਵਿੱਖ ਬਾਰੇ ਕੋਈ ਸ਼ਖ਼ਸ ਪੇਸ਼ੀਨਗੋਈ (ਭਵਿੱਖਬਾਣੀ) ਨਹੀਂ ਕਰ ਸਕਦਾ। {ਹਾਂ ਭਾਰਤ ਦੇ ਸਾਧੂ, ਜੋਤਸ਼ੀ, ਬ੍ਰਹਮਗਿਆਨੀ, ਬਾਬੇ ਜ਼ਰੂਰ ਕਰ ਸਕਦੇ ਹਨ (ਹਾ ਹਾ ਹਾ)}।

ਟਿੱਪਣੀ: 1  ਆਪ ਹੀ ਮੂਰਖਤਾ ਵਾਲੀ ਗੱਲ ਕਰਕੇ ਆਪ ਹੀ ਹੱਸ ਪੈਣ ਵਾਲੇ ਬੰਦੇ ਨੂੰ ਮਹਾਂਮੂਰਖ ਹੀ ਕਿਹਾ ਜਾ ਸਕਦਾ ਹੈ ਪਰ ਇਸ ਡਾ: ਸਾਹਿਬ ਨੂੰ ਕੀ ਕਹੀਏ ?

2  ਵਾਹ ਜੀ ਵਾਹ ਡਾਕਟਰ ਦਿਲਗੀਰ ਸਾਹਿਬ ਜੀ ! ਤੁਸੀਂ ਤਾਂ ਅਖੌਤੀ ਬ੍ਰਹਮਗਿਆਨੀਆਂ ਦੇ ਵੀ ਗੁਰੂ ਨਿਕਲੇ। ਤੁਹਾਡੀ ਫੇਸਬੁੱਕ ਦੀਆਂ ਕਾਤਰਨਾਂ (Cuttings) ਵਿਰਦੀ ਸਾਹਿਬ, ਕਰਨਲ ਨਿਸ਼ਾਨ ਅਤੇ ਸੰਤ ਸਮਾਜ ਵਾਲੇ ਬਿਕ੍ਰਮੀ ਕੈਲੰਡਰ ਦੇ ਹੱਕ ਅਤੇ ਨਾਨਕਸ਼ਾਹੀ ਕੈਲੰਡਰ ਦੇ ਵਿਰੋਧ ਵਿੱਚ ਭਲਾਂ ਕਿਉਂ ਨਾ ਵਰਤਣ। ਜਰਾ ਆਪਣੇ ਗਿਆਨ ਦੇ ਅਧਾਰ ’ਤੇ ਗਣਿਤ ਕਰਕੇ ਜਾਂ ਕਿਸੇ ਪੁਸਤਕ ਦਾ ਹਵਾਲਾ ਦੇ ਕੇ ਦੱਸੋ ਤਾਂ ਸਹੀ ਕਿ (i) 21 ਘੰਟੇ ਦਾ ਦਿਨ ਅਤੇ 410 ਦਿਨਾਂ ਦਾ ਸਾਲ ਅੱਜ ਤੋਂ ਕਿੰਨੇ ਹਜਾਰ ਸਾਲ ਪਹਿਲਾਂ ਹੁੰਦਾ ਸੀ  ? (ii) ਦਿਨ 26 ਘੰਟੇ ਦਾ ਤੇ ਫਿਰ 30 ਘੰਟੇ ਦਾ ਅਤੇ ਸਾਲ 350 ਦਿਨ ਦਾ ਤੇ ਫਿਰ ਕਦੇ 300 ਦਿਨਾਂ ਦਾ ਅੱਜ ਤੋਂ ਕਿੰਨੇ ਸੌ/ਹਜਾਰ ਸਾਲ ਪਿੱਛੋਂ ਰਹਿ ਜਾਵੇਗਾ  ?

*ਮੇਰੀ ਜਾਣਕਾਰੀ ਅਨੁਸਾਰ ਤਾਂ ਸਮੁੰਦਰ ਵਿੱਚ ਜਵਾਰਭਾਟਾ ਚੰਦ ਦੇ ਨਾਲ ਨਾਲ ਧਰਤੀ ਦੀ ਚਾਲ ਤੋਂ ਉਲਟੀ ਦਿਸ਼ਾ ਵਿੱਚ ਜਾਣ ਕਾਰਣ 10 ਸਾਲਾਂ ਦੌਰਾਨ ਦਿਨ ਦੀ ਲੰਬਾਈ ਕੇਵਲ 0.17 ਮਿਲੀ ਸੈਕੰਡ ਵਧਦੀ ਹੈ। ਸਬੂਤ ਵਜੋਂ ਪੁਸਤਕ ਦਾ ਪੰਨਾ ਇੱਥੇ ਹਾਜਰ ਹੈ। ਕਈ ਹੋਰਨਾਂ ਵਿਦਵਾਨਾਂ ਅਨੁਸਾਰ ਦਿਨ ਦੀ ਲੰਬਾਈ ਵਿੱਚ ਵਾਧਾ ਕੇਵਲ 0.14 ਮਿਲੀ ਸੈਕੰਡ  ਹੈ। ਇਸ ਹਿਸਾਬ ਨਾਲ ਤਾਂ ਇੱਕ ਲੱਖ ਸਾਲ ਵਿੱਚ ਇੱਕ ਦਿਨ ਦੀ ਲੰਬਾਈ ’ਚ ਫਰਕ ਕੇਵਲ 1.4 ਸੈਕੰਡ ਤੋਂ 1.7 ਸੈਕੰਡ ਤੱਕ ਹੀ ਪਵੇਗਾ ਪਰ ਤੁਸੀਂ ਧੰਨ ਹੋ ਜਿਨ੍ਹਾਂ ਨੇ ਕੁਝ ਸੌ ਜਾਂ ਹਜ਼ਾਰ ਸਾਲ ਮਗਰੋਂ ਹੀ ਦਿਨ 26 ਘੰਟੇ ਦਾ ਤੇ ਫਿਰ 30 ਘੰਟੇ ਦਾ ਕਰ ਦਿੱਤਾ ਅਤੇ ਸਾਲ 350 ਦਿਨ ਦਾ ਤੇ ਫਿਰ ਕਦੇ 300 ਦਿਨ ਦਾ ਕਰ ਦਿੱਤਾ।*

ਮੇਰੀ ਬੇਨਤੀ ਹੈ ਕਿ ਇਸ ਤਰ੍ਹਾਂ ਦੀਆਂ ਜਬਲੀਆਂ ਮਾਰਨ ਤੋਂ ਪਹਿਲਾਂ ਖਗੋਲ ਵਿਦਿਆ ਦੀਆਂ ਪੰਜ ਸਤ ਕਿਤਾਬਾਂ ਪੜ੍ਹ ਲਵੋ।

ਨਾਨਕਸ਼ਾਹੀ ਕੈਲੰਡਰ ਦੇ ਹਿਮਾਇਤੀਆਂ ਨੂੰ ਬੂਝੜ/ਭੇਡਾਂ ਦੱਸਣ ਵਾਲੇ ਡਾ: ਦਿਲਗੀਰ ਨੇ ਆਪਣੀ ਅਗਿਆਨਤਾ ਦਾ ਮੁਜਾਹਰਾ ਇਹ ਦੋਸ਼ ਲਾ ਕੇ ਵੀ ਕਰ ਦਿੱਤਾ ਹੈ ਕਿ (ਪੁਰੇਵਾਲ ਅਨੁਸਾਰ) ਪੰਜ ਸਤ ਸੌ ਸਾਲ ਮਗਰੋਂ ਵਿਸਾਖੀ ਕਦੇ ਜੂਨ ਤੇ ਕਦੇ ਜੁਲਾਈ ਤੇ ਫਿਰ ਕਦੇ ਦਸੰਬਰ ਵਿਚ ਵੀ ਆ ਸਕਦੀ ਹੈ। ਉਨ੍ਹਾਂ ਦੀ ਦਲੀਲ ਦਾ ਆਧਾਰ ਹੈ ਕਿ ਦਿਨ 24 ਘੰਟੇ ਨਹੀਂ ਬਲਕਿ 23 ਘੰਟੇ 56 ਮਿੰਟ ਅਤੇ 4.1 ਸਕਿੰਟ ਦਾ ਹੁੰਦਾ ਹੈ।

ਟਿੱਪਣੀ:- ਡਾ: ਦਿਲਗੀਰ ਸਾਹਿਬ ਜੀ ! ਜੇ ਤੁਸੀਂ ਨਾਨਕਸ਼ਾਹੀ ਕੈਲੰਡਰ ਦੀ ਭੂਮਿਕਾ ਪੜ੍ਹੀ ਹੁੰਦੀ ਤੇ ਆਪਣੀ ਪੀਐੱਚਡੀ ਡਿਗਰੀ ਦਾ ਜਰਾ ਜਿਨਾਂ ਵੀ ਖਿਆਲ ਰੱਖਿਆ ਹੁੰਦਾ ਤਾਂ ਐਸੇ ਬੇਹੂਦੇ ਦੋਸ਼ ਕਦੇ ਭੁੱਲ ਕੇ ਵੀ ਨਾ ਲਾਉਂਦੇ। ਜਿੱਥੋਂ ਤੱਕ ਮੈਨੂੰ ਜਾਣਕਾਰੀ ਹੈ ਉਸ ਅਨੁਸਾਰ ਭੂਮਿਕਾ ਵਿੱਚ ਇਹ ਲਿਖਿਆ ਹੈ ਕਿ 1100 ਸਾਲਾਂ ਬਾਅਦ ਵੈਸਾਖੀ ਅਪ੍ਰੈਲ ਦੀ ਬਜਾਏ ਮਈ ਮਹੀਨੇ ਅਤੇ 13000 ਸਾਲ ਬਾਅਦ ਇਹ ਵੈਸਾਖੀ ਅਕਤੂਬਰ ਦੇ ਅੱਧ ਵਿੱਚ ਆਵੇਗੀ, ਇਸ ਫਰਕ ਦਾ ਕਾਰਣ ਦਿਨ 24 ਘੰਟੇ ਤੋਂ ਘੱਟ ਹੋਣ ਕਾਰਨ ਨਹੀਂ ਬਲਕਿ ਬਿਕ੍ਰਮੀ ਸਾਲ ਦਾ ਰੁੱਤੀ ਸਾਲ ਨਾਲੋਂ ਤਕਰੀਬਨ 20 ਮਿੰਟ ਵੱਧ ਹੋਣਾ ਹੈ ਜਦੋਂ ਕਿ ਸਾਂਝੇ ਸਾਲ ਦਾ ਰੁੱਤੀ ਸਾਲ ਨਾਲੋਂ ਫ਼ਰਕ ਸਿਰਫ 26 ਸੈਕੰਡ ਹੈ। ਉਪ੍ਰੋਤ ਕਾਰਣਾਂ ਕਰਕੇ ਜਿੱਥੇ 3300 ਸਾਲਾਂ ਵਿੱਚ ਸਾਂਝੇ ਸਾਲ ਦਾ ਰੁੱਤੀ ਸਾਲ ਨਾਲੋਂ ਇੱਕ ਦਿਨ ਦਾ ਫ਼ਰਕ ਪਵੇਗਾ ਉੱਥੇ ਬਿਕ੍ਰਮੀ ਕੈਲੰਡਰ ਅਨੁਸਾਰ 70/71 ਸਾਲਾਂ ਵਿੱਚ ਹੀ ਇੱਕ ਦਿਨ ਦਾ ਫ਼ਰਕ ਪੈ ਜਾਵੇਗਾ। ਜਿਹੜਾ ਵਿਦਵਾਨ ਪੁਰੇਵਾਲ ਨੂੰ ਚੈਲੰਜ ਕਰਨ ਤੋਂ ਪਹਿਲਾਂ ਨਾਨਕਸ਼ਾਹੀ ਕੈਲੰਡਰ ਦੀ ਭੂਮਿਕਾ ਪੜ੍ਹਨ ਦੀ ਵੀ ਖੇਚਲ ਨਹੀਂ ਕਰਦਾ ਉਸ ਤੋਂ ਸਿੱਧ ਹੁੰਦਾ ਹੈ ਕਿ ਦਿਲਗੀਰ ਸਾਹਿਬ ਨੂੰ ਗਲਤ ਹਵਾਲੇ ਦੇਣ ਦੀ ਆਦਤ ਹੈ। 

ਫੇਸ-ਬੁੱਕ ਵਿੱਚ ਹੋਰ ਵੀ ਬਹੁਤ ਕੁਝ ਬਿਨਾਂ ਤੱਥਾਂ ’ਤੋਂ, ਆਪਾ ਵਿਰੋਧੀ ਗੱਲਾਂ ਲਿਖੀਆਂ ਹੋਈਆਂ ਹਨ ਜਿਨ੍ਹਾਂ ਸਾਰੀਆਂ ਦਾ ਜ਼ਿਕਰ ਇਸ ਇੱਕੇ ਲੇਖ ਵਿੱਚ ਕਰਨ ਨਾਲ ਲੇਖ ਲੰਬਾ ਹੋ ਜਾਣ ਦੇ ਡਰੋਂ ਇੱਥੇ ਹੀ ਸੰਕੋਚ ਕੀਤਾ ਜਾ ਰਿਹਾ ਹੈ। ਬਹੁਤ ਸਮਾਂ ਪਹਿਲਾਂ ਇੱਕ ਦੋਸਤ ਨੇ ਮੈਨੂੰ ਫ਼ੋਨ ਕਰਕੇ ਕਿਹਾ ਕਿ ਡਾ: ਦਿਲਗੀਰ ਵੱਲੋਂ ਨਾਨਕਸ਼ਾਹੀ ਕੈਲੰਡਰ ਦੇ ਵਿਰੋਧ ਵਿੱਚ ਮਾਰੀਆਂ ਜਾ ਰਹੀਆਂ ਜਬਲੀਆਂ ਦਾ ਪਰਦਾਫਾਸ਼ ਕੀਤਾ ਜਾਵੇ। ਡਾ: ਦਿਲਗੀਰ ਦੇ ਵਿਰੋਧ ਵਿੱਚ ਲਿਖਣ ਲਈ ਮੈਂ ਦੋ ਕਾਰਣਾਂ ਕਰਕੇ ਤਿਆਰ ਨਹੀਂ ਸੀ। ਪਹਿਲਾ ਤਾਂ ਇਹ ਸੀ ਇੱਕ ਪੀਐੱਚਡੀ ਵਿਦਵਾਨ ਵਿਰੁੱਧ ਦਸਵੀਂ ਪਾਸ ਬੰਦਾ ਲਿਖਦਾ ਚੰਗਾ ਨਹੀਂ ਲਿਖਦਾ। ਦੂਸਰਾ ਕਾਰਨ ਸੀ ਮੈਂ ਉਨ੍ਹਾਂ ਨੂੰ ਆਪਣਾ ਦੋਸਤ ਸਮਝਦਾ ਹੋਣ ਕਰਕੇ ਉਨ੍ਹਾਂ ਵਿਰੁੱਧ ਕੁਝ ਨਹੀਂ ਸੀ ਲਿਖਣਾ ਚਾਹੁੰਦਾ। ਦੋਸਤੀ ਦਾ ਸਬੂਤ ਇਹ ਹੈ ਕਿ ਇੱਕ ਵਾਰ ਇਨ੍ਹਾਂ ਨੇ ਨਵੀਂ ਕਿਸਮ ਦਾ ਨਾਨਕਸ਼ਾਹੀ ਕੈਲੰਡਰ ਛਪਵਾਇਆ ਜਿਸ ਵਿੱਚ ਹੋਰਨਾਂ ਵਿਦਵਾਨਾਂ ਤੋਂ ਇਲਾਵਾ ਪ੍ਰੋ: ਦਰਸ਼ਨ ਸਿੰਘ ਦੀ ਫੋਟੋ ਵੀ ਲਾ ਦਿੱਤੀ ਅਤੇ ਸਮਰਥਕਾਂ ਦੀ ਸੂਚੀ ਵਿੱਚ ਗਿਆਨੀ ਜਗਤਾਰ ਸਿੰਘ ਜਾਚਕ ਅਤੇ ਮੇਰਾ ਨਾਮ (ਕਿਰਪਾਲ ਸਿੰਘ) ਵੀ ਸ਼ਾਮਲ ਸੀ। ਧਿਆਨ ਵਿੱਚ ਆਉਂਦਿਆਂ ਹੀ ਪ੍ਰੋ: ਦਰਸ਼ਨ ਸਿੰਘ ਨੇ ਤਾਂ ਪ੍ਰੈੱਸ ਬਿਆਨ ਰਾਹੀਂ ਇਸ ਕੈਲੰਡਰ ਨਾਲੋਂ ਨਾਤਾ ਤੋੜਨ ਤੋਂ ਇਲਾਵਾ ਡਾ: ਦਿਲਗੀਰ ਤੋਂ ਮੰਗ ਕਰ ਦਿੱਤੀ ਕਿ ਉਨ੍ਹਾਂ ਦੀ ਫੋਟੋ ਇਸ ਕੈਲੰਡਰ ਤੋਂ ਉਤਾਰ ਦਿੱਤੀ ਜਾਵੇ। ਗਿਆਨੀ ਜਾਚਕ ਨੇ ਮੈਨੂੰ ਫ਼ੋਨ ਕਰਕੇ ਦੱਸਿਆ ਕਿ ਆਪਣੇ ਦੋਵਾਂ ਦੇ ਨਾਮ ਵੀ ਇਸ ਕੈਲੰਡਰ ਦੇ ਸਮਰਥਕਾਂ ਦੀ ਸੂਚੀ ਵਿੱਚ ਸ਼ਾਮਲ ਹਨ, ਕੀ ਤੁਸੀਂ ਸਹਿਮਤ ਹੋ ? ਮੇਰੇ ਵੱਲੋਂ ਨਾਂਹ ਕਹਿਣ ’ਤੇ ਉਨ੍ਹਾਂ ਕਿਹਾ ਕਿ ਡਾ: ਡਿਲਗੀਰ ਨੂੰ ਈ-ਮੇਲ ਕਰੋ ਕਿ ਸਾਡੀ ਸਹਿਮਤੀ ਤੋਂ ਬਿਨਾਂ ਸਾਡੇ ਨਾਮ ਕਿਉਂ ਛਾਪੇ ਹਨ ਅਤੇ ਇਸ ਚਿੱਠੀ ਵਿੱਚ ਮੇਰਾ (ਜਾਚਕ ਜੀ ਦਾ) ਨਾਮ ਵੀ ਲਿਖ ਦੇਣਾ। ਜਦ ਮੈਂ ਈ-ਮੇਲ ਰਾਹੀਂ ਦੋਵਾਂ ਦਾ ਇਤਰਾਜ ਭੇਜਿਆ ਤਾਂ ਡਾ: ਦਿਲਗੀਰ ਸਾਹਿਬ ਦਾ ਜਵਾਬ ਆ ਗਿਆ ਕਿ ਮੈਂ ਤੁਹਾਨੂੰ ਆਪਣੇ ਦੋਸਤ ਸਮਝਦਾ ਸੀ ਪਰ ਜੇ ਤੁਸੀਂ ਮੇਰੇ ਦੋਸਤ ਨਹੀਂ ਹੋ ਤਾਂ ਮੈਂ ਤੁਹਾਡੇ ਨਾਮ ਕੱਟ ਦਿੰਦਾ ਹਾਂ। ਐਸਾ ਹੈ ਦਿਲਗੀਰ ਸਾਹਿਬ ਦਾ ਕਿਰਦਾਰ ਜੋ ਆਪਣੇ ਦੋਸਤਾਂ ਦੇ ਨਾਮ ਵਰਤ ਕੇ ਅਤੇ ਪੰਥਕ ਮਸਲਿਆਂ ’ਤੇ ਤੱਥਹੀਣ ਅਧਾਰਤ ਝੂਠੇ ਦੋਸ਼ ਲਾ ਕੇ ਕੌਮ ਨੂੰ ਗੁਮਰਾਹ ਕਰਦਾ ਨਹੀਂ ਥਕਦਾ। ਹੁਣ ਪਾਠਕ ਖ਼ੁਦ ਫੈਸਲਾ ਕਰ ਸਕਦੇ ਹਨ ਕਿ ਬੂਝੜ ਕੌਣ ਹੈ ਅਤੇ ਕੌਣ ਕਿਸ ਦੀ ਭੇਡ ਹੈ ?

ਅਖੀਰ ’ਤੇ ਇਹੀ ਕਹਿਣਾ ਪਵੇਗਾ ਕਿ ਧੰਨ ਹਨ ਡਾ: ਡਿਲਗੀਰ, ਧੰਨ ਹੈ ਉਨ੍ਹਾਂ ਦਾ ਗਿਆਨ, ਧੰਨ ਹੈ ਸੰਤ ਸਮਾਜ, ਵਿਰਦੀ ਅਤੇ ਕਰਨਲ ਨਿਸ਼ਾਨ ਵਰਗੇ ਵਿਦਵਾਨ ਜਿਹੜੇ ਡਾ: ਡਿਲਗੀਰ ਦੀਆਂ ਲਿਖਤਾਂ ਨੂੰ ਨਾਨਕਸ਼ਾਹੀ ਕੈਲੰਡਰ ਦੇ ਵਿਰੋਧ ਵਿੱਚ ਵਰਤਦੇ ਹਨ। ਜਿਸ ਪੀਐੱਚਡੀ ਵਿਦਵਾਨ ਦਾ ਹੀ ਇਹ ਹਾਲ ਹੈ ਉਨ੍ਹਾਂ ਦੀਆਂ ਲਿਖਤਾਂ ਦੇ ਹਵਾਲੇ ਦੇਣ ਵਾਲਿਆਂ ਦੇ ਗਿਆਨ ਬਾਰੇ ਲਿਖਣ ਦੀ ਤਾਂ ਕੁਝ ਲੋੜ ਹੀ ਨਹੀਂ ਰਹੀ।