ਚੰਦਰ/ਸੂਰਜੀ ਬਿਕ੍ਰਮੀ ਕੈਲੰਡਰ ਸਿੱਖਾਂ ਲਈ ਅਢੁਕਵਾਂ ਕਿਉਂ ?

0
568

ਚੰਦਰ/ਸੂਰਜੀ ਬਿਕ੍ਰਮੀ ਕੈਲੰਡਰ ਸਿੱਖਾਂ ਲਈ ਅਢੁਕਵਾਂ ਕਿਉਂ ?

ਕਿਰਪਾਲ ਸਿੰਘ 88378-13661

ਜਿਨ੍ਹਾਂ ਲੋਕਾਂ ਦੀ ਮਾਨਸਿਕਤਾ ਵਿੱਚ ਸੰਗਰਾਂਦਾਂ, ਮੱਸਿਆ ਤੇ ਪੂਰਨਮਾਸ਼ੀਆਂ ਦੀ ਪਵਿੱਤਰਤਾ ਦਾ ਵਹਿਮ ਘਰ ਕਰ ਚੁੱਕਿਆ ਹੈ ਉਹ ਇਸ ਆਧਾਰ ’ਤੇ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਦੇ ਹਨ ਕਿ ਨਾਨਕਸ਼ਾਹੀ ਕੈਲੰਡਰ ਦੀਆਂ ਸੰਗਰਾਂਦਾਂ ਮਿਥੀਆਂ ਹੋਈਆਂ ਝੂਠੀਆਂ ਸੰਗਰਾਂਦਾਂ ਹਨ ਜਦੋਂ ਕਿ ਅਸਲ ਸੰਗਰਾਂਦ ਉਸ ਦਿਨ ਹੁੰਦੀ ਹੈ ਜਿਸ ਦਿਨ ਸੂਰਜ ਇੱਕ ਰਾਸ਼ੀ ਤੋਂ ਬਦਲ ਕੇ ਦੂਜੀ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਝੂਠੀਆਂ ਸੰਗਰਾਂਦਾਂ ਮਿੱਥ ਕੇ ਪੁਰੇਵਾਲ ਨੇ ਦੋ ਦੋ ਸੰਗਰਾਂਦਾਂ ਬਣਾ ਦਿੱਤੀਆਂ । ਉਨ੍ਹਾਂ ਦਾ ਦੂਸਰਾ ਇਤਰਾਜ ਹੁੰਦਾ ਹੈ ਗੁਰੂ ਸਾਹਿਬਾਨ ਦੇ ਪੁਰਬ ਸਿੱਖ ਇਤਿਹਾਸ ਵਿੱਚ ਚੰਦਰਮਾਂ ਦੀ ਤਿੱਥਾਂ ਅਨੁਸਾਰ ਦਰਜ ਹਨ। ਜੇਕਰ ਅਸੀਂ ਸੂਰਜੀ ਕੈਲੰਡਰ ਅਪਣਾ ਲਿਆ ਤਾਂ ਇਤਿਹਾਸ ਵਿੱਚ ਬਹੁਤ ਵਿਗਾੜ ਪੈਦਾ ਹੋ ਜਾਵੇਗਾ ਤੇ ਇਹ ਮਿਥਿਹਾਸ ਬਣ ਕੇ ਰਹਿ ਜਾਵੇਗਾ।

ਐਸਾ ਇਤਰਾਜ ਕਰਨ ਵਾਲੇ ਵੀਰਾਂ ਨੂੰ ਨਹੀਂ ਪਤਾ ਕਿ ਭਾਰਤ ਵਿੱਚ ਲਗਭਗ 30 ਤਰ੍ਹਾਂ ਦੇ ਕੈਲੰਡਰ ਲਾਗੂ ਹਨ ਅਤੇ ਇਨ੍ਹਾਂ ਕੈਲੰਡਰਾਂ ਵਿੱਚ ਬਹੁਤ ਸਾਰੀਆਂ ਸੰਗਰਾਂਦਾਂ ਆਪਸ ਵਿੱਚ ਮੇਲ ਨਹੀਂ ਖਾਂਦੀਆਂ। ਆਓ ਇਨ੍ਹਾਂ 30 ਕੈਲੰਡਰਾਂ ਵਿੱਚੋਂ ਕੇਵਲ ਪੰਜਾਬ, ਪੂਰਬੀ ਉੱਤਰ ਪ੍ਰਦੇਸ਼ ਅਤੇ ਪੂਨੇ ’ਚ ਪ੍ਰਚਲਿਤ ਪੰਚਾਂਗਾਂ ਅਨੁਸਾਰ ਬਣੀਆਂ ਜੰਤਰੀਆਂ ਦੀਆਂ ਸੰਗਰਾਂਦਾਂ ਦੀ ਪੜਚੋਲ ਕਰਕੇ ਵੇਖੀਏ :

  • ਵਾਰਾਨਸੀ ਤੋਂ ਛਪੀਆਂ ਪੰਚਾਂਗਾਂ ਅਤੇ ਪੰਜਾਬ ਵਿੱਚ ਛਪੀਆਂ ਪੰਚਾਂਗਾਂ ਵਿੱਚ ਹਰ ਸਾਲ ਤਿੰਨ ਚਾਰ ਸੰਗਰਾਂਦਾਂ ਵਿੱਚ ਫਰਕ ਹੁੰਦਾ ਹੈ ਜਿਵੇਂ ਕਿ ਇਸ ਸਾਲ 2019 ’ਚ ਚੇਤ, ਸਾਵਣ, ਕੱਤਕ ਅਤੇ ਮੱਘਰ ਮਹੀਨੇ ਭਾਵ ਚਾਰ ਸੰਗਰਰਾਂਦਾਂ 1-1 ਦਿਨ ਦਾ ਫਰਕ ਹੈ। ਇਨ੍ਹਾਂ ਦੇ ਫਰਕ ਦਾ ਕਾਰਨ ਹੈ ਕਿ 1964 ਵਿੱਚ ਉੱਤਰੀ ਭਾਰਤ ਦੇ ਜੋਤਸ਼ੀਆਂ ਨੇ ਮਾਮੂਲੀ ਸੋਧ ਕਰਕੇ ਬਿਕ੍ਰਮੀ ਸਾਲ ਦੀ ਲੰਬਾਈ ਸਾਢੇ ਤਿੰਨ ਮਿੰਟ ਘਟਾ ਦਿੱਤੀ। ਇਸ ਨਵੇਂ ਸਿਧਾਂਤ ਨੂੰ ਬਿਕ੍ਰਮੀ ਦ੍ਰਿਕ ਗਣਿਤ ਸਿਧਾਂਤ ਦਾ ਨਾਮ ਦਿੱਤਾ ਗਿਆ ਜਿਸ ਨਾਲ ਬਿਕ੍ਰਮੀ ਸੂਰਜੀ ਸਿਧਾਂਤ ਮੁਤਾਬਕ ਬਣੀਆਂ ਪੰਚਾਂਗਾਂ ਨਾਲੋਂ ਹਰ ਸਾਲ ਤਿੰਨ ਚਾਰ ਸੰਗ੍ਰਾਂਦਾਂ ਦਾ 1 ਦਿਨ ਦਾ ਫਰਕ ਪੈ ਜਾਂਦਾ ਹੈ ਤੇ ਸਮਾਂ ਪਾ ਕੇ ਫਰਕ ਵਾਲੀਆਂ ਸੰਗਰਾਂਦਾਂ ਦੀ ਗਿਣਤੀ ਅਤੇ ਦਿਨਾਂ ਦਾ ਫਰਕ ਵਧਦਾ ਜਾਵੇਗਾ। ਪੰਜਾਬ ਸਮੇਤ ਉੱਤਰੀ ਭਾਰਤ ਨੇ ਤਾਂ ਇਸ ਸੋਧ ਨੂੰ ਪ੍ਰਵਾਨ ਕਰ ਲਿਆ ਪਰ ਪਟਨਾ ਸਾਹਿਬ, ਵਾਰਾਨਸੀ ਸਮੇਤ ਬਾਕੀ ਦੇ ਭਾਰਤ ਵਿੱਚ ਇਸ ਸੋਧ ਨੂੰ ਅਪ੍ਰਵਾਨ ਕਰਕੇ ਪੁਰਾਣਾ ਸੂਰਜੀ ਸਿਧਾਂਤ ਹੀ ਲਾਗੂ ਹੈ ਜੋ ਗੁਰੂ ਸਾਹਿਬਾਨ ਦੇ ਸਮੇਂ ਲਾਗੂ ਸੀ।
  • ਵਾਰਾਨਸੀ ਦੀ ਤਾਂ ਗੱਲ ਹੀ ਛੱਡੋ ਕੁਰਾਲੀ (ਪੰਜਾਬ) ਵਿੱਚ ਛਪ ਰਹੀ ‘ਸ਼੍ਰੀ ਮਾਰਤੰਡ ਪੰਚਾਂਗ’ਦੀ ਸਾਲ 2016 ਈ: ’ਚ ਕੱਤਕ ਮਹੀਨੇ ਦੀ ਸੰਗਰਾਂਦ ਦਾ ਅੰਮ੍ਰਿਤਸਰ/ਜਲੰਧਰ ਵਿਖੇ ਛਪ ਰਹੀਆਂ ਪੰਚਾਂਗਾਂ ਨਾਲੋਂ 1 ਦਿਨ ਦਾ ਫਰਕ ਸੀ। ਇੱਕ ਵਿੱਚ 16 ਅਕਤੂਬਰ ਅਤੇ ਦੂਜੀ ਵਿੱਚ 17 ਅਕਤੂਬਰ ਸੀ। ਜਿਸ ਪੰਚਾਂਗ ਵਿੱਚ 16 ਅਕਤੂਬਰ ਸੀ ਉਸ ਅਨੁਸਾਰ ਅੱਸੂ ਦਾ ਮਹੀਨਾ 30 ਦਿਨਾਂ ਸੀ ਅਤੇ ਜਿਸ ਵਿੱਚ ਵਿੱਚ 17 ਅਕਤੂਬਰ ਸੀ ਉਸ ਵਿੱਚ ਅੱਸੂ ਦਾ ਮਹੀਨਾ 31 ਦਿਨਾਂ ਸੀ।
  • ਪੂਨੇ ਤੋਂ ਛਪ ਰਹੀ ‘ਤਿਲਕ ਪੰਚਾਂਗ’ਦੀਆਂ ਤਾਂ ਸਾਰੀਆਂ ਹੀ ਸੰਗਰਾਂਦਾਂ ਪੰਜਾਬ ਵਿੱਚ ਛਪ ਰਹੀਆਂ ਪੰਚਾਂਗਾਂ ਨਾਲੋਂ 4-5 ਦਿਨਾਂ ਦਾ ਫਰਕ ਹੁੰਦਾ ਹੈ। ਇਸ ਫਰਕ ਦਾ ਕਾਰਨ ਹੈ ਪੰਜਾਬ ਦੀਆਂ ਪੰਚਾਂਗਾਂ ਵਿੱਚ ਮੌਜੂਦਾ ਆਯਨੰਸ਼ (ਆਇਨ+ਅੰਸ਼) 24 ਡਿਗਰੀ ਹੈ ਜਦੋਂ ਕਿ ਪੂਨੇ ਤੋਂ ਛਪ ਰਹੀ ਤਿਲਕ ਪੰਚਾਂਗ ਵਿੱਚ ਆਯਨੰਸ਼ (ਆਇਨ+ਅੰਸ਼) 19 ਡਿਗਰੀ ਰੱਖਿਆ ਗਿਆ ਹੈ।
  • ਜੇ ਸਿਰਫ ਤਿੰਨ ਪੰਚਾਂਗਾਂ ਦੀ ਹੀ ਗੱਲ ਕਰੀਏ ਤਾਂ ਇਨ੍ਹਾਂ ਮੁਤਾਬਕ ਸਾਲ ’ਚ ਕੁਲ 12+4+12= 28 ਸੰਗਰਾਂਦਾ ਬਣ ਗਈਆਂ । ਝੂਠੀਆਂ ਸੱਚੀਆਂ ਅਤੇ ਦੋ ਦੋ ਸੰਗ੍ਰਾਂਦਾਂ ਦਾ ਸਵਾਲ ਖੜ੍ਹਾ ਕਰਨ ਵਾਲੇ ਵੀਰ ਦੱਸਣ ਕਿ ਇਨ੍ਹਾਂ ਵਿੱਚੋਂ ਕਿਹੜੀਆਂ ਸੰਗਰਾਂਦਾਂ ਸੱਚੀਆਂ ਹਨ ਅਤੇ ਕਿਹੜੀਆਂ ਝੂਠੀਆਂ ?
  • ਮਹੀਨਿਆਂ ਦੇ ਦਿਨਾਂ ਦੀ ਗਿਣਤੀ ਤਾਂ ਇੱਕ ਹੀ ਪੰਚਾਂਗ ’ਚ ਹਰ ਸਾਲ ਬਦਲ ਜਾਂਦੀ ਹੈ । ਮਿਸਾਲ ਵਜੋਂ ਸ਼੍ਰੋਮਣੀ ਕਮੇਟੀ ਦੇ ਪਿਛਲੇ ਸਾਲ ਸੰਨ 2018 ਦੇ ਕੈਲੰਡਰ ਵਿੱਚ ਵੈਸਾਖ ਦਾ ਮਹੀਨਾ 30 ਦਿਨਾਂ ਦਾ, ਜੇਠ 32 ਅਤੇ ਫੱਗਣ 29 ਦਿਨਾਂ ਦਾ ਪਰ ਇਸ ਸਾਲ ਸੰਨ 2019 ਦੇ ਕੈਲੰਡਰ ਵਿੱਚ ਵੈਸਾਖ ਦਾ ਮਹੀਨਾ ਅਤੇ ਜੇਠ ਦੋਵੇਂ 31-31 ਦਿਨਾਂ ਦੇ ਅਤੇ ਫੱਗਣ 30 ਦਿਨਾਂ ਦਾ ਹੋਣ ਕਰਕੇ ਅਗਲੇ ਪਿਛਲੇ ਸਾਲਾਂ ਦੀ ਤਰੀਖਾਂ ਦੀ ਗਿਣਤੀ ਸਧਾਰਨ ਵਿਅਕਤੀ ਕਿਵੇਂ ਕਰ ਸਕਦੇ ਹਨ ?
  • ਹਰ ਸਾਲ ਕੁਝ ਮਹੀਨਿਆਂ ਦੇ ਦਿਨਾਂ ਦੀ ਗਿਣਤੀ ਵਿੱਚ ਫਰਕ ਪੈ ਜਾਣ ਕਰਕੇ ਬਹੁਤ ਸਾਰੇ ਇਤਿਹਾਸਕ ਦਿਹਾੜਿਆਂ ਵਿੱਚ ਫਰਕ ਪੈ ਜਾਂਦਾ ਹੈ ਜਿਵੇਂ ਕਿ ਪਿਛਲੇ ਸਾਲ ਛੋਟਾ ਘੱਲੂਘਾਰਾ 16 ਮਈ ਅਤੇ ਇਸ ਸਾਲ 17 ਮਈ ਦਰਜ ਕੀਤਾ। ਇਸੇ ਤਰ੍ਹਾਂ ਤੀਜਾ ਘੱਲੂਘਾਰਾ/ਸ਼ਹੀਦੀ ਸੰਤ ਜਰਨੈਲ ਸਿੰਘ ਪਿਛਲੇ ਸਾਲ 24 ਜੇਠ ਅਤੇ ਇਸ ਸਾਲ 23 ਜੇਠ। ਵੈਸਾਖੀ 2016, 2017 ਵਿੱਚ 13 ਅਪ੍ਰੈਲ, ਸਾਲ 2018, 2019 ਵਿੱਚ 14 ਅਪ੍ਰੈਲ ਨੂੰ ਆਈ ਸੀ ਅਤੇ 2020 ਵਿੱਚ ਫਿਰ 13 ਅਪ੍ਰੈਲ ਨੂੰ ਆਵੇਗੀ।

ਬਿਕ੍ਰਮੀ ਕੈਲੰਡਰ ਦੇ ਸਮਰਥਕ ਵੀਰਾਂ ਦਾ ਦੂਸਰਾ ਤਰਕ ਹੈ ਕਿ ਚੰਦਰ ਕੈਲੰਡਰ ਸਭ ਤੋਂ ਸ਼ੁੱਧ ਹੈ ਕਿਉਂਕਿ ਮੱਸਿਆ ਅਤੇ ਪੂਰਨਮਾਸ਼ੀ ਕੁਦਰਤੀ ਵਰਤਾਰਾ ਹੈ ਜਿਨ੍ਹਾਂ ਨੂੰ ਕੋਈ ਵੀ ਮਨੁੱਖ ਅੱਗੇ ਪਿੱਛੇ ਨਹੀਂ ਕਰ ਸਕਦਾ ਇਸ ਲਈ ਚੰਦ੍ਰਮਾ ਦੀਆਂ ਤਿੱਥਾਂ ਅਨੁਸਾਰ ਨਿਯਤ ਕੀਤੇ ਗੁਰਪੁਰਬ ਕਦੋਂ ਹੋਣਗੇ ਇਹ ਆਮ ਵਿਅਕਤੀ ਲਈ ਅੰਦਾਜਾ ਲਗਾਉਣਾ ਬਹੁਤ ਹੀ ਅਸਾਨ ਹੁੰਦਾ ਹੈ ਜਿਵੇਂ ਕਿ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਕੱਤਕ ਦੀ ਪੁਰਨਮਾਸ਼ੀ ਨੂੰ ਹੋਣ ਕਰਕੇ ਸਭ ਨੂੰ ਪਤਾ ਲੱਗ ਜਾਂਦਾ ਹੈ ਕਿ ਜਿਸ ਦਿਨ ਸਾਰੀ ਰਾਤ ਪੂਰਾ ਚੰਦ੍ਰਮਾ ਚਮਕਦਾ ਹੈ ਉਸ ਦਿਨ ਗੁਰਪੁਰਬ ਹੁੰਦਾ ਹੈ । ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਪੋਹ ਸੁਦੀ ੭ ਨੂੰ ਹੋਣ ਕਰਕੇ ਹਰ ਸਾਲ ਪੋਹ ਦੀ ਮੱਸਿਆ ਤੋਂ 7 ਦਿਨ ਬਾਅਦ ਹੁੰਦਾ ਹੈ । ਆਓ, ਹੁਣ ਇਨ੍ਹਾਂ ਵੀਰਾਂ ਦੇ ਇਸ ਤਰਕ ਨੂੰ ਵੀ ਪਰਖ ਕੇ ਵੇਖੀਏ ।

ਵਾਰਾਨਸੀ ਵਿੱਚ ਛਪ ਰਹੀਆਂ ਪੰਚਾਂਗਾਂ ਅਨੁਸਾਰ ਇਸ ਸਾਲ 2019 ’ਚ ਚੇਤ, ਜੇਠ, ਕੱਤਕ, ਪੋਹ ਚਾਰ ਮਹੀਨਿਆਂ ਵਿੱਚ ਲਗਾਤਾਰ ਦੋ ਦੋ ਦਿਨ ਮੱਸਿਆ ਹੈ । ਚੇਤ, ਹਾੜ, ਸਾਵਣ ਭਾਦੋਂ, ਮੱਘਰ ਅਤੇ ਫੱਗਣ 6 ਮਹੀਨਿਆਂ ਚ ਲਗਾਤਾਰ ਦੋ ਦੋ ਦਿਨ ਪੁੰਨਿਆ ਹੈ। ਜਿਸ ਤਰ੍ਹਾਂ ਪੁੰਨਿਆ ਮੱਸਿਆ ਹੀ ਦੋ ਦੋ ਆ ਗਈਆਂ ਇਸੇ ਤਰ੍ਹਾਂ ਕਿਸੇ ਵੀ ਜੰਤਰੀ ਨੂੰ ਖੋਲ੍ਹ ਕੇ ਵੇਖ ਲਵੋ ਹਰ ਮਹੀਨੇ ਕੋਈ ਇੱਕੋ ਤਿੱਥ ਜਾਂ ਤਾਂ ਲਗਾਤਾਰ ਦੋ ਦਿਨ ਹੋਵੇਗੀ ਜਾਂ ਦੋ ਤਿੱਥਾਂ ਇੱਕ ਹੀ ਦਿਨ ਹੋ ਸਕਦੀਆਂ ਹਨ । ਤਿੱਥਾਂ ਦੀ ਇਸ ਵਿਗੜੀ ਤਰਤੀਬ ਕਾਰਨ ਚੰਦਰ ਕੈਲੰਡਰ ਦੇ ਸਮਰਥਕ ਵੀਰਾਂ ਦੇ ਸਾਰੇ ਦਾਅਵੇ ਝੂਠੇ ਸਿੱਧ ਹੋ ਜਾਂਦੇ ਹਨ ਜਿਸ ਦੀਆਂ ਹੇਠ ਲਿਖੀਆਂ ਉਦਾਹਰਣਾਂ ਹਨ।

1. ਜਿਸ ਤਰ੍ਹਾਂ ਵਾਰਾਨਸੀ ਵਾਲੀ ਜੰਤਰੀ ਵਿੱਚ ਚਾਰ ਮਹੀਨਿਆਂ ’ਚ ਲਗਾਤਾਰ ਦੋ ਦੋ ਮੱਸਿਆ ਅਤੇ ਛੇ ਮਹੀਨਿਆਂ ’ਚ ਦੋ ਦੋ ਪੂਰਨਮਾਸ਼ੀਆਂ ਆਈਆਂ ਹਨ ਜੇ ਕਿਸੇ ਸਾਲ ਕੱਤਕ ਦੀ ਪੂਰਨਮਾਸ਼ੀ ਵੀ ਲਗਾਤਾਰ ਦੋ ਦਿਨ ਆ ਜਾਵੇ ਤਾਂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਕਿਹੜੀ ਪੂਰਨਮਾਸ਼ੀ ਨੂੰ ਮਨਾਇਆ ਜਾਵੇ ? ਇਸੇ ਤਰ੍ਹਾਂ ਜੇ ਪੋਹ ਸੁਦੀ ੭ ਲਗਾਤਾਰ ਦੋ ਦਿਨ ਆ ਜਾਵੇ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਕਿਹੜੀ ਪੋਹ ਸੁਦੀ ਨੂੰ ਮਨਾਇਆ ਜਾਵੇਗਾ ?

ਨੋਟ: ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਕੱਤਕ ਦੀ ਪੁੰਨਿਆ ਨੂੰ ਮਨਾਉਣ ਦੀ ਜ਼ਿਦ ਕਰਨ ਵਾਲਿਆਂ ਅਤੇ ਇਸ ਤਿੱਥ ਨੂੰ ਸਹੀ ਤੇ ਸ਼ੁੱਧ ਸਿੱਧ ਕਰਨ ਵਾਲੇ ਵਿਦਵਾਨ ਵੱਲੋਂ ਕੱਤਕ ਦੀ ਪੂਰਨਮਾਸ਼ੀ ਨੂੰ ਜੋ ਨਛੱਤਰ ਤੇ ਟੇਵੇ ਦਰਜ ਕੀਤੇ ਹਨ ਉਨ੍ਹਾਂ ਦੀ ਪੜਤਾਲ ਜਦੋਂ ਸ: ਪਾਲ ਸਿੰਘ ਪੁਰੇਵਾਲ ਜੀ ਨੇ ਆਪਣੇ ਗਣਿਤ ਅਨੁਸਾਰ ਚੈੱਕ ਕੀਤੀ ਤਾਂ ਉਹ ਸਾਰੇ ਹੀ ਗਲਤ ਪਾਏ ਗਏ। ਸ: ਪੁਰੇਵਾਲ ਵੱਲੋਂ ਸਹੀ ਤਿੱਥ ਤਰੀਕ ਇਸ ਪ੍ਰਕਾਰ ਹੈ : ੧ ਵੈਸਾਖ ੧੫੨੬ ਬਿ: (ਵੈਸਾਖੀ, ਵਸੋਆ) ਚੇਤ ਸੁਦੀ ੧੫, ਪੂਰਨਮਾਸ਼ੀ ੨੭ ਮਾਰਚ, ੧੪੬੯ (ਸਾਂਝਾ ਸਾਲ) ਸੋਮਵਾਰ ਹੈ। ਭਾਈ ਗੁਰਦਾਸ ਦੀ ਵਾਰ ਵਿੱਚ “ਸਤਿਗੁਰ ਨਾਨਕ ਪ੍ਰਗਟਿਆ ; ਮਿਟੀ ਧੁੰਧੁ, ਜਗਿ ਚਾਨਣੁ ਹੋਆ । ……. ਘਰਿ ਘਰਿ ਅੰਦਰਿ ਧਰਮਸਾਲ ; ਹੋਵੈ ਕੀਰਤਨੁ ਸਦਾ ਵਿਸੋਆ। (ਵਾਰ ੧ ਪਉੜੀ ੨੭ ) ਵਿੱਚ “ਵਸੋਆਂ” ਸ਼ਬਦ ਕੇਵਲ ਤੇ ਕੇਵਲ ਵੈਸਾਖੀ ਅਤੇ ਵੈਸਾਖ ੧ ਦਾ ਪ੍ਰਤੀਕ ਹੈ।  ਲੇਖਿਕ ਦੇ ਵਿਚਾਰ ਵਿੱਚ ਗੁਰੂ ਅਮਰਦਾਸ ਜੀ ਵੱਲੋਂ ਬਾਉਲੀ ਸਾਹਿਬ ਤਿਆਰ ਕਰਵਾਉਣ ਉਪ੍ਰੰਤ ਵਸੋਆ ਪੁਰਬ ਮਨਾਉਣ ਦੀ ਆਗਿਆ ਦੇਣ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਵਿਸਾਖੀ ਦੇ ਦਿਹਾੜੇ ਨੂੰ ਖਾਲਸਾ ਪੰਥ ਦੀ ਸਿਰਜਣਾ ਲਈ ਚੁਨਣ ਦਾ ਕਾਰਨ ਇਸ ਦਿਹਾੜੇ ਦਾ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਵਸ ਹੋਣਾ ਸੀ। ਇਸ ਤਾਰੀਖ਼ ਨਾਲ ਹੇਠ ਲਿਖੇ ਸਾਰੇ ਤੱਤ ਮੇਲ ਖਾ ਜਾਂਦੇ ਹਨ :- ਗੁਰੂ ਜੀ ਦੀ ਆਯੂ ੭੦ ਸਾਲ ੫ ਮਹੀਨੇ ੭ ਦਿਨ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦੀ ਮਿਤੀ – ਅੱਸੂ ਵਦੀ ੧੦, ੧੫੯੬ ਬਿਕ੍ਰਮੀ।

ਜੋ ਪ੍ਰਸਿੱਧ ਲਿਖਾਰੀ ਅਤੇ ਵਿੱਦਵਾਨ ਵੈਸਾਖ ਦੀ ਤਾਰੀਖ਼ ਨਾਲ ਸਹਿਮਤ ਹਨ ਉਨ੍ਹਾਂ ਦੇ ਨਾਮ ਹਨ:  1. ਸ: ਕਰਮ ਸਿੰਘ ਹਿਸਟੋਰੀਅਨ   2. ਭਾਈ ਕਾਨ੍ਹ ਸਿੰਘ ਨਾਭਾ   3. ਡਾ: ਗੰਡਾ ਸਿੰਘ   4. ਪ੍ਰਿ: ਸਤਬੀਰ ਸਿੰਘ  5. ਪ੍ਰੋ: ਸਾਹਿਬ ਸਿੰਘ   6. ਡਾ: ਹਰੀ ਰਾਮ ਗੁਪਤਾ  7. ਐਮ. ਏ. ਮੈਕਾਲਿਫ਼ ।

ਜਨਮ ਸਾਖੀਆਂ ਜੋ ਵੈਸਾਖ ਦੀ ਤਾਰੀਖ ਦਿੰਦਿਆਂ ਹਨ :  1. ਮੇਹਰਬਾਨ ਵਾਲੀ ਜਨਮ ਸਾਖੀ   2. ਭਾਈ ਮਨੀ ਸਿੰਘ ਦੀ ਗਿਆਨ ਰਤਨਾਵਲੀ   3. ਬੀ-40 ਜਨਮ ਸਾਖੀ   4. ਪੁਰਾਤਨ ਜਨਮ ਸਾਖੀ   5. ਪੱਥਰ ਦੇ ਛਾਪੇ ਵਾਲੀ ਜਨਮ ਸਾਖੀ ਜੋ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਆਰਕਾਈਵਜ਼ ਵਿਭਾਗ ਵਿੱਚ ਸਾਂਭੀ ਪਈ ਹੈ।

ਮੈਕਾਲਿਫ਼ ਅਨੁਸਾਰ ਪਹਿਲਾਂ ਗੁਰਪੁਰਬ ਨਨਕਾਣਾ ਸਾਹਿਬ ਵਿਖੇ ਵੈਸਾਖ ਵਿੱਚ ਹੀ ਮਨਾਇਆ ਜਾਂਦਾ ਸੀ ਪਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ-ਕਾਲ ਸਮੇਂ 1816 ਸੰਨ ਤੋਂ ਕੱਤਕ ਪੂਰਨਮਾਸ਼ੀ ਨੂੰ ਮਨਾਉਣਾ ਅਰੰਭ ਹੋ ਗਿਆ। ਐਮ. ਏ. ਮੈਕਾਲਿਫ਼ ਲਿਖਦੇ ਹਨ: “ਹੰਦਾਲੀ ਅਤੇ ਸਾਰੀਆਂ ਅਜੋਕੀਆਂ ਜਨਮ ਸਾਖੀਆਂ ਜਿਸ ਮਹੀਨੇ ਵਿੱਚ ਬਾਬੇ ਨਾਨਕ ਦਾ ਪ੍ਰਕਾਸ਼ ਹੋਇਆ, ਕਾਰਤਿਕ ਦਿੰਦੀਆਂ ਹਨ ਅਤੇ ਭਾ: ਮਨੀ ਸਿੰਘ ਵਾਲੀ ਅਤੇ ਹੋਰ ਸਾਰੀਆਂ ਪੁਰਾਤਨ ਜਨਮ ਸਾਖੀਆਂ ਵਿੱਚ ਗੁਰੂ (ਸਾਹਿਬ) ਦੇ ਪ੍ਰਕਾਸ਼ ਦਾ ਮਹੀਨਾ ਵੈਸਾਖ ਦਿੱਤਾ ਹੋਇਆ ਹੈ। ਗੁਰੂ (ਸਾਹਿਬ) ਦੇ ਪ੍ਰਕਾਸ਼ ਮਹੀਨੇ ਦੀ ਕੱਤਕ ਵਿੱਚ ਸ਼ੁਰੂਆਤ ਦੀ ਪ੍ਰਕ੍ਰਿਆ ਇਸ ਢੰਗ ਨਾਲ ਹੋਈ: ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਅੰਮ੍ਰਿਤਸਰ ਵਿੱਚ ਭਾਈ ਸੰਤ ਸਿੰਘ ਗਿਆਨੀ ਰਹਿੰਦਾ ਸੀ, ਜਿਸ ਦਾ ਮਹਾਰਾਜਾ ਦੇ ਮਨ ਵਿੱਚ ਬੜਾ ਸਤਿਕਾਰ ਸੀ। ਅੰਮ੍ਰਿਤਸਰ ਤੋਂ ਕੋਈ ਪੰਜ ਕੁ ਮੀਲ ਦੂਰ ਇੱਕ ਪੁਰਾਣਾ ਸਰੋਵਰ ਹੈ ਜਿਸ ਦਾ ਨਾਮ ਰਾਮ ਤੀਰਥ ਭਾਵ ਹਿੰਦੂ ਦੇਵਤੇ ਰਾਮ ਦਾ ਤੀਰਥ। ਉਸ ਸਥਾਨ ‘ਤੇ ਕਾਰਤਿਕ ਮਹੀਨੇ ਦੀ ਪੂਰਨਮਾਸ਼ੀ ਨੂੰ ਹਿੰਦੂ ਮੇਲਾ ਲੱਗਦਾ ਸੀ, ਜੋ ਹੁਣ ਵੀ ਲੱਗਦਾ ਹੈ। ਮੁੱਖ ਰੂਪ ਵਿੱਚ ਇਹ ਸਥਾਨ ਹਿੰਦੂ ਹੈ। ਭਾਈ (ਸਾਹਿਬ) ਦੀਆਂ ਅੱਖਾਂ ਵਿੱਚ ਇਹ ਹੋਰ ਵੀ ਰੜਕਦਾ ਸੀ ਕਿਉਂਕਿ ਇਸ ਸਥਾਨ ਦੀ ਮੁਰੰਮਤ ਸਿੱਖਾਂ ਦਾ ਘਾਣ ਕਰਨ ਵਾਲੇ ਅਤੇ ਛਲ-ਕਪਟੀ ਲੱਖਪਤ ਰਾਇ ਨੇ ਕਰਵਾਈ ਸੀ ਜੋ ਜ਼ਕਰੀਆ ਖ਼ਾਨ ਦਾ ਮੁੱਖ ਮੰਤ੍ਰੀ ਸੀ। ਭਾਈ ਸੰਤ ਸਿੰਘ ਦੀ ਇੱਛਾ ਸੀ ਕਿ ਇਸ ਮੇਲੇ ਦੇ ਉਲਟ ਅੰਮ੍ਰਿਤਸਰ ਵਿੱਚ ਉਸੇ ਦਿਨ ਮੇਲਾ ਸਥਾਪਤ ਕੀਤਾ ਜਾਵੇ ਤਾਂ ਕਿ ਸਿੱਖਾਂ ਨੂੰ ਰਾਮ ਤੀਰਥ ਦੀ ਹਿੰਦੂ ਯਾਤਰਾ ਤੋਂ ਰੋਕਿਆ ਜਾ ਸਕੇ। ਉਸ ਨੇ ਗ਼ਲਤੀ ਨਾਲ ਗੁਰੂ ਨਾਨਕ (ਸਾਹਿਬ) ਦੇ ਪ੍ਰਕਾਸ਼ ਦੀ ਹੰਦਾਲੀ ਤਾਰੀਖ ਨੂੰ ਅਪਣਾ ਲਿਆ ਅਤੇ ਐਲਾਨ ਕਰ ਦਿੱਤਾ ਕਿ ਅੰਮ੍ਰਿਤਸਰ ਵਿੱਚ ਕਾਰਤਿਕ ਪੂਰਨਮਾਸ਼ੀ ਨੂੰ ਨਵਾਂ ਮੇਲਾ (ਸਿੱਖ) ਧਰਮ ਦੇ ਬਾਨੀ ਗੁਰੂ ਨਾਨਕ (ਸਾਹਿਬ) ਦੇ ਪ੍ਰਕਾਸ਼ ਦਿਹਾੜੇ ਦੇ ਸਨਮਾਨ ਵਿੱਚ ਹੈ। ਇਸ ਵਿੱਚ ਰੱਤਾ ਵੀ ਸ਼ੱਕ ਨਹੀਂ ਕਿ ਗੁਰੂ ਨਾਨਕ (ਸਾਹਿਬ) ਦਾ ਪ੍ਰਕਾਸ਼ ਵੈਸਾਖ ਵਿੱਚ ਹੋਇਆ ਹੈ। ਸਭ ਪੁਰਾਤਨ ਜਨਮ ਸਾਖੀਆਂ ਇਸੇ ਨੂੰ ਹੀ ਗੁਰੂ ਨਾਨਕ (ਸਾਹਿਬ) ਦਾ ਪ੍ਰਕਾਸ਼ ਮਹੀਨਾ ਮੰਨਦੀਆਂ ਹਨ। ਸੰਮਤ 1874 (ਸੰਨ 1817) ਤੱਕ ਵੀ ਗੁਰੂ ਨਾਨਕ (ਸਾਹਿਬ) ਦਾ ਪ੍ਰਕਾਸ਼ ਵਰ੍ਹੇਗੰਢ ਉਤਸਵ ਸਦਾ ਨਨਕਾਣਾ (ਸਾਹਿਬ) ਵਿਖੇ ਵੈਸਾਖ ਮਹੀਨੇ ਹੀ ਮਨਾਇਆ ਜਾਂਦਾ ਰਿਹਾ ਹੈ ਅਤੇ ਮੁੱਕਦੀ ਗੱਲ — ਨਾਨਕ ਪ੍ਰਕਾਸ਼ ਵਿੱਚ ਗੁਰੂ ਨਾਨਕ (ਸਾਹਿਬ) ਦਾ ਪ੍ਰਕਾਸ਼ ਸਮਾਂ ਕਾਰਤਿਕ ਪੂਰਨਮਾਸ਼ੀ ਸੰਮਤ 1526, ਜੋਤੀ ਜੋਤ ਸਮਾਉਣ ਦੀ ਤਾਰੀਖ਼ ਅੱਸੂ ਵਦੀ 10 ਸੰਮਤ 1596 ਅਤੇ ਹੈਰਾਨੀਜਨਕ ਉਪ੍ਰੋਕਤ ਤਾਰੀਖਾਂ ਨਾਲ ਮੇਲ ਨਾਂਹ ਖਾਣ ਵਾਲੀ ਆਯੂ 70 ਸਾਲ 5 ਮਹੀਨੇ ਅਤੇ 7 ਦਿਨ ਦਿੱਤੇ ਹਨ, ਜਦ ਕਿ ਇਹ (ਆਯੂ) ਬਹੁਤ ਨੇੜਤਾ ਨਾਲ ਪੁਰਾਤਨ ਜਨਮ ਸਾਖੀ ਵਿੱਚ ਦਿੱਤੀ ਗੁਰੂ ਨਾਨਕ (ਸਾਹਿਬ) ਦੇ ਪ੍ਰਕਾਸ਼ ਦੀ ਤਾਰੀਖ਼ ਨਾਲ ਮੇਲ ਖਾ ਜਾਂਦੀ ਹੈ।”

ਇਸ ਬਾਰੇ ਹੋਰ ਜਾਣਕਾਰੀ ਸ: ਪੁਰੇਵਾਲ ਦੀ ਵੈੱਬ ਸਾਈਟ ਦੇ ਲਿੰਕ http://www.purewal.biz/ParkashDateGuruNanakSahib.pdf ’ਤੇ ਜਾ ਕੇ ਲੈ ਸਕਦਾ ਹੈ।

2. ਇਸ ਸਾਲ ਪੋਹ ਮਹੀਨੇ ਦੀ ਮੱਸਿਆ 5 ਜਨਵਰੀ 2019 ਨੂੰ ਸੀ, 6 ਅਤੇ 7 ਜਨਵਰੀ ਨੂੰ ਦੋਵੇਂ ਦਿਨ ਹੀ ਪੋਹ ਸੁਦੀ ੧ ਹੋਣ ਕਰਕੇ ਪੋਹ ਸੁਦੀ ੭ ਮੱਸਿਆ ਤੋਂ 7ਵੇਂ ਦਿਨ 12 ਜਨਵਰੀ ਨੂੰ ਨਹੀਂ ਬਲਕਿ 8ਵੇਂ ਦਿਨ 13 ਜਨਵਰੀ ਨੂੰ ਆਈ। ਮੱਸਿਆ ਤੋਂ 7ਵੇਂ ਦਿਨ ਗੁਰਪੁਰਬ ਹੋਣ ਦਾ ਤਰਕ ਦੇਣ ਵਾਲੇ ਵੀਰਾਂ ਕੋਲ ਇਸ ਦਾ ਕੀ ਜਵਾਬ ਹੈ ?

3. ਸੰਨ 2000 ’ਚ ਪੋਹ ਸੁਦੀ ੭ ਪੰਜਾਬ ’ਚ 14 ਜਨਵਰੀ ਅਤੇ ਪਟਨਾ ਵਿਖੇ 13 ਜਨਵਰੀ ਨੂੰ ਆਈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪਟਨਾ ਸਾਹਿਬ ਵਿਖੇ ਹੋਣ ਕਰਕੇ ਗੁਰਪੁਰਬ 13 ਜਨਵਰੀ ਨੂੰ ਮਨਾਉਣਾ ਚਾਹੀਦਾ ਸੀ ਪਰ ਪੰਜਾਬ ’ਚ 14 ਜਨਵਰੀ ਨੂੰ ਮਨਾਉਣ ਦੇ ਕੀ ਕਾਰਨ ਸਨ ?

4. ਹੋਲਾ ਮਹੱਲਾ ਚੇਤ ਵਦੀ ੧ ਜੋ ਕਿ ਆਮ ਤੌਰ ’ਤੇ ਫੱਗਣ ਦੀ ਪੁੰਨਿਆ ਤੋਂ ਦੂਸਰੇ ਦਿਨ ਆਉਂਦੀ ਹੈ, ਨੂੰ ਮਨਾਇਆ ਜਾਂਦਾ ਹੈ ਪਰ ਇਸ ਸਾਲ ਫੱਗਣ (ਸੰਮਤ 551) ਦੀ ਪੁੰਨਿਆ ਅਤੇ ਚੇਤ ਵਦੀ ੧, ਦੋਵੇਂ ਇੱਕ ਹੀ ਦਿਨ 21 ਮਾਰਚ 2019 ਨੂੰ ਆ ਗਏ । ਨਿਹੰਗ ਸਿੰਘ ਜਿੰਨ੍ਹਾਂ ਨੂੰ ਤਿੱਥਾਂ ਬਾਰੇ ਕੋਈ ਜਾਣਕਾਰੀ ਹੀ ਨਹੀਂ ਹੈ ਉਹ ਕੇਵਲ ਇਹ ਹੀ ਜਾਣਦੇ ਹਨ ਕਿ ਹੋਲਾ ਮਹੱਲਾ ਪੁੰਨਿਆ ਤੋਂ ਅਗਲੇ ਦਿਨ ਮਨਾਇਆ ਜਾਂਦਾ ਹੈ ਇਸ ਲਈ ਉਹ ਆਪਣੀ ਜਿੱਦ ’ਤੇ ਅੜ ਗਏ ਕਿ ਰਵਾਇਤ ਅਨੁਸਾਰ ਉਹ ਹਰ ਸਾਲ ਪੁੰਨਿਆ ਤੋਂ ਅਗਲੇ ਦਿਨ ਮਨਾਉਂਦੇ ਹਨ। ਨਿਹੰਗ ਜਥੇਬੰਦੀਆਂ ਨੂੰ ਮਨਾਉਣ ਦੇ ਸਾਰੇ ਜਤਨ ਅਸਫਲ ਰਹੇ ਅਤੇ ਉਨ੍ਹਾਂ ਨੇ ਹੋਲਾ ਮਹੱਲਾ 22 ਮਾਰਚ ਨੂੰ ਮਨਾਇਆ ਜਦੋਂ ਕਿ ਸ਼੍ਰੋਮਣੀ ਕਮੇਟੀ ਨੇ 21 ਮਾਰਚ ਨੂੰ ਮਨਾਇਆ ।

5. ਕੋਈ ਤਿਉਹਾਰ ਕਿਸ ਦਿਨ ਮਨਾਉਣਾ ਹੈ ਇਸ ਦੀ ਉਲਝਣ ਕੇਵਲ ਨਿਹੰਗ ਸਿੰਘਾਂ ਦੀ ਨਹੀਂ ਕਰਨਲ ਸੁਰਜੀਤ ਸਿੰਘ ਨਿਸ਼ਾਨ ਜੋ ਆਪਣੇ ਆਪ ਨੂੰ ਕੈਲੰਡਰ ਦਾ ਮਾਹਰ ਵਿਦਵਾਨ ਸਮਝਦਾ ਹੋਣ ਕਰਕੇ ਉਸ ਨੇ ਗੁਰਪੁਰਬ ਦਰਪਣ ਨਾਮ ਦੀ ਇੱਕ ਪੁਸਤਕ ਛਾਪੀ ਹੈ ਜਿਸ ਵਿੱਚ ਉਸ ਨੇ ਆਉਣ ਵਾਲੇ 86 ਸਾਲਾਂ ਦੇ ਗੁਰਪੁਰਬਾਂ ਦੀਆਂ ਤਰੀਖਾਂ ਦਾ ਚਾਰਟ ਛਾਪ ਕੇ ਦਾਅਵਾ ਕੀਤਾ ਹੈ ਕਿ ਜੇ ਉਸ ਦੀ ਕੋਈ ਵੀ ਤਰੀਖ ਗਲਤ ਸਾਬਤ ਕਰ ਦੇਵੇ ਤਾਂ ਉਸ ਨੂੰ ਇੱਕ ਲੱਖ ਰੁਪਏ ਦਾ ਇਨਾਮ ਦੇਵੇਗਾ, ਪਰ ਜਦੋਂ ਇਸ ਵਿਦਵਾਨ ਵੱਲੋਂ ਬੰਦੀਛੋੜ ਦਿਵਸ ਦੀਆਂ ਕੱਢੀਆਂ ਤਰੀਖਾਂ ਨੂੰ ਸ: ਪਾਲ ਸਿੰਘ ਪੁਰੇਵਾਲ ਨੇ ਚੈੱਕ ਕੀਤਾ ਤਾਂ 86 ਵਿੱਚੋਂ 42 ਗਲਤ ਸਾਬਤ ਹੋਈਆਂ ਭਾਵ ਤਕਰੀਬਨ 50% ਗਲਤ ਹਨ । ਇਸ ਗਲਤੀ ਦਾ ਕਾਰਨ ਇਹ ਹੈ ਕਿ ਨਿਹੰਗ ਸਿੰਘਾਂ ਵਾਙ ਕਰਨਲ ਨਿਸ਼ਾਨ ਨੂੰ ਵੀ ਨਹੀਂ ਪਤਾ ਕਿ ਦੀਵਾਲੀ (ਜਿਸ ਨਾਲ ਸਿੱਖਾਂ ਨੇ ਬੰਦੀਛੋੜ ਦਿਵਸ ਨੱਥੀ ਕਰ ਕੇ ਹਿੰਦੂਆਂ ਦੇ ਪਿਛਲੱਗ ਹੋਣ ਦਾ ਸਬੂਤ ਦਿੱਤਾ ਹੈ) ਹਰ ਸਾਲ ਕੱਤਕ ਦੀ ਮੱਸਿਆ ਨੂੰ ਨਹੀਂ, ਕਦੀ ਕਦੀ ਹਿੰਦੂ ਮਤ ਦੇ ਤਿਉਹਾਰ ਨਿਯਤ ਕਰਨ ਦੀਆਂ ਗੁੰਝਲਾਂ ਕਾਰਨ ਇਹ ਕੱਤਕ ਦੀ ਵਦੀ ਚਉਦਸ ਨੂੰ ਵੀ ਆ ਜਾਂਦੀ ਹੈ, ਜਿਸ ਤਰ੍ਹਾਂ ਕਿ ਇਸੇ ਸਾਲ ਕਰਨਲ ਨਿਸ਼ਾਨ ਨੇ ਕੱਤਕ ਦੀ ਮੱਸਿਆ ਵਾਲੇ ਦਿਨ 28 ਅਕਤੂਬਰ 2019 ਨੂੰ ਨਿਯਤ ਕਰ ਦਿੱਤੀ ਜਦੋਂ ਕਿ ਪੰਡਿਤਾਂ ਅਨੁਸਾਰ ਇਹ ਕੱਤਕ ਵਦੀ ਚਉਦਸ/27 ਅਕਤੂਬਰ ਨੂੰ ਹੈ । ਸ਼੍ਰੋਮਣੀ ਕਮੇਟੀ ਨੇ ਤਾਂ ਉਨ੍ਹਾਂ ਦੀ ਨਕਲ ਹੀ ਮਾਰਨੀ ਹੈ ਇਸ ਲਈ ਇਨ੍ਹਾਂ ਨੇ ਆਪਣੇ ਕੈਲੰਡਰ ਵਿੱਚ 27 ਅਕਤੂਬਰ/11 ਕੱਤਕ ਨੂੰ ਬੰਦੀ ਛੋੜ ਦਿਵਸ ਦਰਜ ਕਰ ਦਿੱਤਾ ।  ਕਰਨਲ ਨਿਸ਼ਾਨ ਅਤੇ ਜਸਵੀਰ ਸਿੰਘ ਸਮੇਤ ਸਾਰੇ ਵਿਦਵਾਨ ਜਿਹੜੇ ਇਹ ਤਰਕ ਦਿੰਦੇ ਹਨ ਕਿ ਜੇ ਸੂਰਜੀ ਕੈਲੰਡਰ ਅਪਣਾ ਲਿਆ ਤਾਂ ਪੋਹ ਸੁਦੀ ੭ ਦਾ ਕੀ ਬਣੇਗਾ ? ਉਹ ਦੱਸਣ ਬੰਦੀ ਛੋੜ ਦਿਵਸ ਦੀ ਸੂ੍ਰਤ ਵਿੱਚ ਹੁਣ ਕੱਤਕ ਦੀ ਵਦੀ ਮੱਸਿਆ ਦਾ ਕੀ ਬਣੇਗਾ ?

ਹਿੰਦੂਆਂ ਦੀ ਦੀਵਾਲੀ ਤਾਂ ਉਸ ਸਮੇਂ ਹੁੰਦੀ ਹੈ ਜਿਸ ਸਮੇਂ ਲੱਛਮੀ ਪੂਜਾ ਦਾ ਸਮਾਂ ਹੁੰਦਾ ਹੈ ਜੋ ਕਿ ਕਦੀ ਕਦੀ ਮੱਸਿਆ ਦੀ ਬਜਾਏ ਚਉਦਸ ਨੂੰ ਵੀ ਆ ਜਾਂਦੀ ਹੈ । (ਇਸ ਦਾ ਕਾਰਨ ਇਹ ਹੈ ਕਿ ਪੰਡਿਤਾਂ ਵੱਲੋਂ ਘੜੇ ਨਿਯਮਾਂ ਅਨੁਸਾਰ ਉਸ ਰਾਤ ਦੀ ਜਿੰਨੀ ਕੁਲ ਲੰਬਾਈ ਹੁੰਦੀ ਹੈ ਉਸ ਦੇ ਪੰਜਵੇਂ ਹਿੱਸੇ ਨੂੰ ਸੂਰਜ ਛਿਪਣ ਦੇ ਸਮੇਂ ਵਿੱਚ ਜੋੜ ਦਿੱਤਾ ਜਾਂਦਾ ਹੈ ਅਤੇ ਇਸ ਸਮੇਂ ਦੌਰਾਨ ਮੱਸਿਆ ਹੋਣੀ ਚਾਹੀਦੀ ਹੈ) ਦੀਵਾਲੀ ਨਾਲ ਬੰਦੀਛੋੜ ਦਿਵਸ ਨੱਥੀ ਕਰਨ ਵਾਲੀ ਸ਼੍ਰੋਮਣੀ ਕਮੇਟੀ ਲਈ ਸਵਾਲ ਹੈ ਕਿ ਹਿੰਦੂਆਂ ਨੇ ਤਾਂ ਦੁਰਗਾ ਪੂਜਾ ਕਰਨੀ ਹੁੰਦੀ ਹੈ ਇਸ ਲਈ ਉਨ੍ਹਾਂ ਨੇ ਤਾਂ ਬ੍ਰਾਹਮਣਾਂ ਵੱਲੋਂ ਘੜੇ ਨਿਯਮਾਂ ਅਨੁਸਾਰ ਹੀ ਆਪਣੇ ਤਿਉਹਾਰ ਮਨਾਉਣੇ ਹਨ ਪਰ ਉਹ ਕੌਮ ਨੂੰ ਇਹ ਸਪਸ਼ਟ ਕਰੇ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਦੀ ਜੇਲ੍ਹ ਵਿੱਚੋਂ ਕੈਦੀਆਂ ਨੂੰ ਰਿਹਾਅ ਕਰਵਾ ਕੇ ਅੰਮ੍ਰਿਤਸਰ ਕੱਤਕ ਵਦੀ ਚਉਦਸ ਨੂੰ ਪਹੁੰਚੇ ਸਨ ਜਾਂ ਕੱਤਕ ਵਦੀ ਮੱਸਿਆ ਨੂੰ ? ਕੀ ਉਨ੍ਹਾਂ ਨੇ ਅੰਮ੍ਰਿਤਸਾਰ ਪਹੁੰਚ ਕੇ ਦੁਰਗਾ ਪੂਜਾ ਕੀਤੀ ?  ਜੇ ਨਹੀਂ ਤਾਂ ਬੰਦੀਛੋੜ ਦਿਵਸ ਨੂੰ ਦੁਰਗਾ ਪੂਜਾ ਵਾਲੇ ਦਿਨ ਨਾਲ ਨੱਥੀ ਕਰਨ ਪਿੱਛੇ ਉਨ੍ਹਾਂ ਕੋਲ ਕੀ ਤਰਕ ਹੈ ?

6. ਚੰਦਰ ਸਾਲ ਸੂਰਜੀ ਸਾਲ ਨਾਲੋਂ ਲਗਭਗ 11 ਦਿਨ ਛੋਟਾ ਹੁੰਦਾ ਹੈ ਇਸ ਲਈ ਹਰ ਗੁਰਪੁਰਬ ਪਿਛਲੇ ਸਾਲ ਨਾਲੋਂ 11 ਦਿਨ ਪਹਿਲਾਂ, ਅਗਲੇ ਸਾਲ 22 ਦਿਨ ਪਹਿਲਾਂ ਆਉਂਦੇ ਹਨ। ਤੀਸਰੇ ਸਾਲ 33 ਦਿਨ ਪਹਿਲਾਂ ਆਉਣੇ ਚਾਹੀਦੇ ਸਨ ਪਰ ਦੂਜੇ ਜਾਂ ਤੀਜੇ ਸਾਲ ਇਨ੍ਹਾਂ ਫਾਲਤੂ ਦਿਨਾਂ ਦਾ ਇੱਕ ਮਹੀਨਾ ਬਣਾ ਦਿੱਤਾ ਜਾਂਦਾ ਹੈ । ਉਸ ਸਾਲ ਵਿੱਚ 12 ਦੀ ਬਜਾਏ 13 ਮਹੀਨੇ ਹੋ ਜਾਂਦੇ ਹਨ ਭਾਵ ਸਾਲ ਵਿੱਚ 354/355 ਦਿਨਾਂ ਦੀ ਬਜਾਏ 384/385 ਦਿਨ ਬਣ ਜਾਂਦੇ ਹਨ। ਇਸ ਵਾਧੂ ਮਹੀਨੇ ਨੂੰ ਮਲਮਾਸ ਜਾਂ ਲੌਂਦ ਦਾ ਸਾਲ ਕਹਿੰਦੇ ਹਨ ਅਤੇ ਹਿੰਦੂ ਮਤ ਅਨੁਸਾਰ ਇਹ ਮਾੜਾ ਜਾਂ ਅਸ਼ੁੱਧ ਮਹੀਨਾ ਵੀ ਹੁੰਦਾ ਹੈ ਜਿਸ ਕਾਰਨ ਮਲਮਾਸ ਵਿੱਚ ਕੋਈ ਵੀ ਸ਼ੁਭ ਕੰਮ ਨਹੀਂ ਕੀਤਾ ਜਾਂਦਾ । ਇਸ ਮਲਮਾਸ ਮਹੀਨੇ ਪਿੱਛੋਂ ਆਉਣ ਵਾਲੇ ਸਾਰੇ ਤਿਉਹਾਰ, ਪਿਛਲੇ ਸਾਲ ਨਾਲੋਂ 18-19 ਦਿਨ ਪਛੜ ਕੇ ਆਉਣਗੇ । ਪਿਛਲੇ ਸਾਲ ਸੰਨ 2018 ’ਚ- ਜੇਠ ਦੇ ਦੋ ਮਹੀਨੇ ਆ ਗਏ ਸਨ। ਸ਼੍ਰੋਮਣੀ ਕਮੇਟੀ ਨੇ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਪੁਰਬ ਪਹਿਲਾਂ ਜੇਠ ਵਦੀ ੮ ਦੇ ਹਿਸਾਬ ਨਾਲ 25 ਵੈਸਾਖ ਮੰਨ ਲਿਆ ਅਤੇ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ ਦੂਜੇ ਜੇਠ ਸੁਦੀ ੪ ਦੇ ਹਿਸਾਬ ਨਾਲ 3 ਹਾੜ ਨੂੰ ਮਨਾਉਣਾ ਨਿਸ਼ਚਿਤ ਕੀਤਾ, ਜੋ ਕੈਲੰਡਰ ਨਿਯਮਾਂ ਅਨੁਸਾਰ ਤਾਂ ਠੀਕ ਸੀ ਪਰ ਇਤਿਹਾਸਕ ਤੌਰ ’ਤੇ ਬਹੁਤ ਵੱਡਾ ਭੁਲੇਖਾ ਪਾਉ ਸੀ ਕਿਉਂਕਿ ਆਮ ਸਾਲਾਂ ਵਿੱਚ ਇਨ੍ਹਾਂ ਦੋਵੇਂ ਪੁਰਬਾਂ ਦਾ ਫਰਕ 10-11 ਦਿਨ ਹੁੰਦਾ ਹੈ ਪਰ ਇਸ 2018 ’ਚ ਦੋਵੇਂ ਪੁਰਬਾਂ ਵਿਚਕਾਰ ਮਲਮਾਸ (ਜੇਠ ਦਾ) ਮਹੀਨਾ ਆਉਣ ਕਰਕੇ ਇਹ ਅੰਤਰ ਵਧ ਕੇ 40 ਦਿਨ ਹੋ ਗਿਆ। ਜਦੋਂ ਇਸ ਬਾਰੇ ਪੁੱਛ ਗਿੱਛ ਹੋਣ ਲੱਗੀ ਕਿ ਇਹ ਫਰਕ 10-11 ਦਿਨਾਂ ਦੀ ਬਜਾਏ 40 ਦਿਨ ਕਿਵੇਂ ਹੋਇਆ ਤਾਂ ਫਿਰ ਤੁਰੰਤ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਪੁਰਬ, ਜੋ ਮਲਮਾਸ (ਭਾਵ ਅਸ਼ੁੱਧ) ਜੇਠ ਵਦੀ ੮ ਮੁਤਾਬਕ 25 ਵਿਸਾਖ ਕੈਲੰਡਰ ’ਚ ਵਿਖਾਇਆ ਗਿਆ ਸੀ, ਨੂੰ 30 ਦਿਨ ਹੋਰ ਵਧਾ ਕੇ 25 ਜੇਠ ਨੂੰ ਮਨਾਉਣ ਦਾ ਐਲਾਨ ਕਰ ਦਿੱਤਾ ਤਾਂ ਜੋ ਅੰਤਰ 10 ਦਿਨ ਰਹਿ ਜਾਵੇ। ਇਸ ਤਰ੍ਹਾਂ ਭਾਵੇਂ ਕਿ ਦੋਵਾਂ ਗੁਰਪੁਰਬਾਂ ਦਾ ਫਰਕ (10 ਦਿਨ) ਤਾਂ ਠੀਕ ਕਰ ਲਿਆ ਪਰ ਹਰ ਸਾਲ ਵਾਙ 2018 ਵਿਚ ਰਲੀਜ ਕੀਤੇ ਗਏ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਨਿਯਮਾਂ ਦੇ ਵਿਰੁੱਧ ਸੀ। ਸੋ ਇਸ ਤਰ੍ਹਾਂ ਤਕਰੀਬਨ ਹਰ ਸਾਲ ਹੀ ਇੱਕ ਦੋ ਗੁਰਪੁਰਬਾਂ ਦੀ ਤਰੀਖ ਐਨ ਮੌਕੇ ’ਤੇ ਤਬਦੀਲ ਕਰਨ ਦੀ ਮਜਬੂਰੀ ਬਣ ਜਾਂਦੀ ਹੈ।

7. ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿੱਚ ਕੁਝ ਦਿਨ ਸੂਰਜੀ ਤਰੀਖਾਂ ਭਾਵ ਸੰਗਰਾਂਦਾਂ ਦੇ ਹਿਸਾਬ ਦਰਜ ਹੁੰਦੇ ਹਨ ਅਤੇ ਕੁਝ ਚੰਦਰਮਾਂ ਦੀਆਂ ਤਿਥਾਂ ਅਨੁਸਾਰ । ਕਿਹੜੇ ਦਿਹਾੜੇ ਸੂਰਜੀ ਤਰੀਖਾਂ ਅਤੇ ਕਿਹੜੇ ਚੰਦਰਮਾਂ ਦੀਆਂ ਤਿਥਾਂ ਮੁਤਾਬਕ ਨਿਯਤ ਕਰਨੇ ਹਨ ਇਸ ਦਾ ਵੀ ਕੋਈ ਬੱਝਵਾਂ ਨਿਯਮ ਨਹੀਂ ਹੈ। ਇਸ ਤਰ੍ਹਾਂ ਕਰਨ ਨਾਲ ਹੇਠ ਲਿਖੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ:

(ੳ)  ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਚੰਦਰਮਾਂ ਦੀਆਂ ਤਿਥਾਂ ਦੇ ਹਿਸਾਬ ਅਤੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਸੂਰਜੀ ਤਰੀਖਾਂ ਨਾਲ ਨਿਯਤ ਕੀਤੇ ਜਾਣ ਸਦਕਾ ਕਦੀ ਗੁਰਪੁਰਬ ਸ਼ਹੀਦੀ ਦਿਹਾੜਿਆਂ ਤੋਂ ਪਹਿਲਾਂ ਕਦੀ ਪਿੱਛੋਂ ਅਤੇ ਕਦੀ ਇੱਕੋ ਦਿਨ ਆ ਜਾਂਦੇ ਹਨ।

(ਅ)  ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਤੀ ਅਤੇ ਅਕਾਲ ਤਖ਼ਤ ’ਤੇ ਹੀ ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਆਪ (ਗੁਰੂ ਸਾਹਿਬ) ਨੇ ਧਾਰਨ ਕੀਤੀਆਂ, ਇਨਾਂ ਦੋਵੇਂ ਇਤਿਹਾਸਕ ਦਿਹਾੜਿਆਂ ਦਾ ਅੰਤਰ 19 ਦਿਨ ਮੰਨਿਆ ਜਾਂਦਾ ਹੈ, ਪਰ ਅੱਜ ਅਸੀਂ ਅਕਾਲ ਤਖ਼ਤ ਦੀ ਸਿਰਜਣਾ ਸੂਰਜੀ ਤਾਰੀਖ ਮੁਤਾਬਕ ਅਤੇ ਮੀਰੀ ਪੀਰੀ ਦਿਵਸ ਚੰਦਰਮਾ ਤਿਥ ਮੁਤਾਬਕ ਮਨਾਉਂਦੇ ਹਾਂ, ਜਿਸ ਕਾਰਨ ਪਿਛਲੇ ਸਾਲ ਸੰਨ 2018 (ਸੰਮਤ 550) ਵਿੱਚ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਮੁਤਾਬਕ ਅਕਾਲ ਤਖਤ ਸਾਹਿਬ ਦਾ ਸਿਰਜਣਾ ਦਿਵਸ 2 ਜੁਲਾਈ ਸੀ ਅਤੇ ਮੀਰੀ ਪੀਰੀ ਦਿਵਸ 22 ਜੁਲਾਈ ਭਾਵ ਦੋਵੇਂ ਦਿਹਾੜਿਆਂ ਦਾ ਅੰਤਰ 19 ਦੀ ਬਜਾਇ 20 ਦਿਨ ਹੋ ਗਿਆ, ਪਰ ਸੰਨ 2019 (ਸੰਮਤ 551) ਵਿੱਚ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਮੁਤਾਬਕ ਹੀ ਅਕਾਲ ਤਖਤ ਸਾਹਿਬ ਦਾ ਸਿਰਜਣਾ ਦਿਵਸ 18 ਹਾੜ (2 ਜੁਲਾਈ) ਸੀ ਅਤੇ ਮੀਰੀ ਪੀਰੀ ਦਿਵਸ 27 ਹਾੜ (11 ਜੁਲਾਈ) ਭਾਵ ਦੋਵੇਂ ਦਿਹਾੜਿਆਂ ਦਾ ਅੰਤਰ 19 ਤੋਂ ਘਟ ਕੇ ਮਾਤਰ 9 ਦਿਨ ਰਹਿ ਗਿਆ। ਅਜਿਹੇ ਹੀ ਕੁਝ ਕਾਰਨ ਹਨ, ਜੋ ਨਾਨਕਸ਼ਾਹੀ ਕੈਲੰਡਰ ਦੀ ਲੋੜ ਨੂੰ ਜ਼ਰੂਰੀ ਮੰਨਦੇ ਹਨ ।

(ੲ)  ਅਨੰਦਪੁਰ ਸਾਹਿਬ ਵਿਖੇ ਖ਼ਾਲਸੇ ਸਥਾਪਨਾ ਦਿਵਸ ਅਤੇ ਹੋਲਾ ਮਹੱਲਾ ਮਨਾਉਣ ਦੀ ਪ੍ਰੰਪਰਾ; ਦੋਵੇਂ ਘਟਨਾਵਾਂ ਗੁਰੂ ਗੋਬਿੰਦ ਸਿੰਘ ਜੀ ਨਾਲ਼ ਸੰਬੰਧਿਤ ਹਨ, ਪਰ ਅੱਜ ਅਸੀਂ ਖ਼ਾਲਸਾ ਸਾਜਨਾ ਦਿਵਸ ਸੂਰਜੀ ਕੈਲੰਡਰ ਦੀ 1 ਵੈਸਾਖ ਨੂੰ ਮਨਾਉਂਦੇ ਹਾਂ ਜਦਕਿ ਹੋਲਾ ਮਹੱਲਾ ਚੰਦਰ ਕੈਲੰਡਰ ਦੀ ਚੇਤ ਵਦੀ ੧ ਨੂੰ ।

ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਜਾਂਦੇ ਕੈਲੰਡਰ ਦਾ ਹਰ ਸਾਲ 1 ਚੇਤ ਤੋਂ ਸ਼ੁਰੂ ਹੋ ਕੇ 29/30 ਫੱਗਣ ਨੂੰ ਸਮਾਪਤ ਹੁੰਦਾ ਹੈ, ਪਰ ਹੋਲਾ ਮਹੱਲਾ ਸਾਲ ਦੇ ਇਨਾਂ ਦਿਨਾਂ ਵਿੱਚ ਕਦੇ ਦੋ ਵਾਰ ਆ ਜਾਂਦਾ ਹੈ ਅਤੇ ਕਿਸੇ ਸਾਲ ਆਉਂਦਾ ਹੀ ਨਹੀਂ ਜਿਵੇਂ ਕਿ ਨਾਨਕਸ਼ਾਹੀ ਸੰਮਤ 550 ਵਿੱਚ ਆਇਆ ਹੀ ਨਹੀਂ ਪਰ ਇਸ ਸਾਲ (ਸੰਮਤ 551) ’ਚ ਦੋ ਵਾਰ ਆਵੇਗਾ ।

ਸਵਾਲ ਪੈਦਾ ਹੁੰਦਾ ਹੈ ਕਿ ਜਿਸ ਕੈਲੰਡਰ ਦੀਆਂ ਤਰੀਖਾਂ ਹਰ ਸਾਲ ਬਦਲਣੀਆਂ ਪੈਣ ਉਸ ਕੈਲੰਡਰ ਨੂੰ ਅਪਨਾਇਆ ਹੀ ਕਿਉਂ ਜਾਵੇ ? ਨਾਨਕਸ਼ਾਹੀ ਕੈਲੰਡਰ ਦੇ ਸਾਰੇ ਮਹੀਨਿਆਂ ਦੇ ਦਿਨਾਂ ਦੀ ਗਿਣਤੀ ਪੱਕੇ ਤੌਰ ’ਤੇ ਪਹਿਲੇ ਪੰਜ ਮਹੀਨੇ 31-31 ਦਿਨਾਂ ਦੇ, ਪਿਛਲੇ 7 ਮਹੀਨੇ 30-30 ਦਿਨਾਂ ਦੇ / (ਲੀਪ ਦੇ ਸਾਲ ਵਿੱਚ ਅਖੀਰਲਾ ਫੱਗਣ ਮਹੀਨਾ 31 ਦਿਨਾਂ ਦਾ) ਨਿਸ਼ਚਿਤ ਕੀਤੇ ਗਏ ਸਨ ਜਿਸ ਨਾਲ ਜਿੱਥੇ ਸਾਰੇ ਇਤਿਹਾਸਕ ਦਿਹਾੜੇ ਹਮੇਸ਼ਾਂ ਲਈ ਨਿਰਧਾਰਿਤ ਤਰੀਖਾਂ ਨੂੰ (ਸੰਨ 2003 ਤੋਂ 2010 ਤੱਕ) ਆਉਣ ਲੱਗੇ ਸੀ, ਉੱਥੇ ਇਸ ਦੇ ਮਹੀਨੇ ਮੌਸਮਾਂ ਨਾਲ ਵੀ ਜੁੜੇ ਹੋਏ ਸਨ, ਇਸ ਲਈ ਹੀ ਨਾਨਕਸ਼ਾਹੀ ਕੈਲੰਡਰ ਸਮੇਂ ਦੀ ਜ਼ਰੂਰਤ ਹੈ ।