ਹਰਸ਼ ਮਾਸੀ ਤੇ ਕਾਗਜ਼ ਦੀ ਰੇਸ

0
360

ਹਰਸ਼ ਮਾਸੀ ਤੇ ਕਾਗਜ਼ ਦੀ ਰੇਸ

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ) -0175-2216783

ਹਰਸ਼ ਮਾਸੀ ਸ਼ਾਮ ਨੂੰ ਬੱਚਿਆਂ ਨਾਲ ਸੈਰ ਕਰਨ ਨਿਕਲੀ ਤਾਂ ਹਿੱਤੀ ਕਹਿਣ ਲੱਗਿਆ, ‘‘ਮਾਸੀ ਜੀ ! ਏਥੇ ਲੋਕ ਕਿੰਨਾ ਉੱਚੀ ਬੋਲਦੇ ਪਏ ਨੇ। ਓਹ ਵੇਖੋ ਕਿੰਨੇ ਸਾਰੇ ਕੁੱਤੇ ਘੁੰਮੀ ਜਾਂਦੇ ਨੇ। ਰੱਤਾ ਸਫ਼ਾਈ ਨਹੀਂ ਕੀਤੀ ਹੋਈ। ਕਿਸੇ ਨੂੰ ਚੱਜ ਨਾਲ ਕਸਰਤ ਕਰਨੀ ਨਈਂ ਆਉਂਦੀ ! ਓਹ ਵੇਖੋ ਉਹ ਬੱਚਾ ਕਿੰਨੀ ਹੌਲ਼ੀ ਚੱਲ ਰਿਹੈ। ਐਹ ਮਾਈ ਕਿੰਨੀ ਝੁੱਕ ਕੇ ਚੱਲ ਰਈ ਐ।’’

‘‘ਮੈਨੂੰ ਵੀ ਬਹੁਤ ਗਰਮੀ ਲੱਗ ਰਈ ਐ,’’ ਜੀਵ ਬੋਲ ਪਿਆ।

‘‘ਅੱਜ ਤਾਂ ਰੱਬ ਨੇ ਰੱਤਾ ਵੀ ਹਵਾ ਨਈਂ ਚਲਾਈ। ਸੈਰ ਦਾ ਮਜ਼ਾ ਈ ਖ਼ਤਮ ਹੋ ਗਿਐ,’’ ਹੈਰੀ ਵੀ ਬੋਲ ਪਿਆ।

‘‘ਐ ਵੇਖੋ, ਕਿੰਨੇ ਵੱਟੇ ਨੇ। ਮੇਰੇ ਪੈਰ ’ਤੇ ਵੱਜਿਐ,’’ ਨਾਨੂ ਕਹਿਣ ਲੱਗਿਆ।

‘‘ਮਾਸੀ ਜੀ ! ਤੁਸੀਂ ਗੁਰਪਾਲ ਮਾਸੜ ਜੀ ਨੂੰ ਫ਼ੋਨ ਕਰ ਕੇ ਬੁਲਾਓ। ਆਪਾਂ ਘਰ ਚੱਲ ਕੇ ਏ. ਸੀ. ਥੱਲੇ ਬਹਿੰਦੇ ਆਂ। ਇੱਥੇ ਤਾਂ ਮਿੱਟੀ ਵੀ ਬਹੁਤ ਐ। ਪੈਰ ਗੰਦੇ ਹੋ ਰਏ ਨੇ,’’ ਸੁੱਖੀ ਵੀ ਬੋਲ ਪਈ।

ਹਰਸ਼ ਮਾਸੀ ਚੁੱਪ ਚਾਪ ਉਨ੍ਹਾਂ ਦੀਆਂ ਗੱਲਾਂ ਸੁਣ ਰਹੀ ਸੀ। ਉਹ ਕਹਿਣ ਲੱਗੀ, ‘‘ਹੈਰੀ ! ਕਾਰ ’ਚੋਂ ਪਾਸੇ ਵੱਲ ਪਏ ਕਾਗਜ਼ ਦੇ ਨੈਪਕਿਨ ਚੁੱਕ ਲਿਆ।’’

‘‘ਪਸੀਨਾ ਪੂੰਝਣ ਲਈ,’’ ਨਾਨੂ ਨੇ ਪੁੱਛਿਆ ?

‘‘ਲਿਆਉਣ ਤਾਂ ਦਿਓ। ਦੱਸਦੀ ਆਂ ਕੀ ਕਰਨੈ,’’ ਹਰਸ਼ ਮਾਸੀ ਨੇ ਕਿਹਾ।

ਜਦੋਂ ਹੈਰੀ ਕਾਗਜ਼ ਲੈ ਕੇ ਮੁੜਿਆ ਤਾਂ ਹਰਸ਼ ਮਾਸੀ ਕਹਿਣ ਲੱਗੀ, ‘‘ਐਹ ਸਾਰੇ ਕਾਗਜ਼ ਤਿਕੋਨੇ ਕਰ ਲਵੋ ਤੇ ਆਪੋ ਆਪਣੇ ਸਿਰ ਉੱਤੇ ਰੱਖੋ।  ਹੁਣ ਇਸ ਲਾਈਨ ਤੋਂ ਸ਼ੁਰੂ ਹੋ ਜਾਓ ਤੇ ਗਰਾਊਂਡ ਦੇ ਪਰਲੇ ਕੋਨੇ ਤੱਕ ਹੌਲ਼ੀ-ਹੌਲ਼ੀ ਧਿਆਨ ਨਾਲ ਤੁਰ ਕੇ ਜਾਓ। ਧਿਆਨ ਰਏ ਕਿ ਕਿਸੇ ਦੇ ਸਿਰ ਉੱਤੋਂ ਕਾਗਜ਼ ਡਿਗਣਾ ਨਈਂ ਚਾਹੀਦਾ। ਜਿਹੜਾ ਦੋ ਚੱਕਰ ਬਿਨਾਂ ਕਾਗਜ਼ ਡੇਗੇ ਪੂਰੇ ਕਰ ਗਿਆ, ਉਸ ਨੂੰ ਇਨਾਮ ਮਿਲੇਗਾ। ਧਿਆਨ ਰਏ, ਕਾਗਜ਼ ਨੂੰ ਹੱਥ ਨਾਲ ਕਿਸੇ ਨੇ ਰਸਤੇ ’ਚ ਠੀਕ ਨਈਂ ਕਰਨਾ ! ਸਿਰ ਸਿੱਧਾ ਰੱਖਿਓ।’’

ਸਾਰੇ ਜਣਿਆਂ ਨੇ ਕਾਗਜ਼ ਤਿਕੋਨੇ ਕਰ ਕੇ ਸਿਰ ਉੱਤੇ ਟਿਕਾ ਲਏ। ਹੈਰੀ ਬੋਲਿਆ, ‘‘ਜੇ ਮੈਂ ਜਿੱਤ ਗਿਆ ਤਾਂ ਮਾਸੀ ਜੀ ! ਤੁਸੀਂ ਮੈਨੂੰ ਤਿੰਨ ਦਿਨ ਤੱਕ ਪੜ੍ਹਨ ਲਈ ਨਈਂ ਕਹੋਗੇ !’’

ਸੁੱਖੀ ਹੱਸ ਕੇ ਕਹਿਣ ਲੱਗੀ, ‘‘ਫ਼ਿਕਰ ਨਾ ਕਰ। ਤੂੰ ਨਈਂ ਜਿੱਤਣ ਲੱਗਾ। ਤੈਨੂੰ ਤਾਂ ਪੜ੍ਹਨਾ ਈ ਪੈਣੈ।’’

‘‘ਪਹਿਲਾਂ ਇਨਾਮ ਦੱਸੋ ਕੀ ਮਿਲੇਗਾ’’, ਨਾਨੂ ਪੁੱਛਣ ਲੱਗਿਆ, ‘‘ਮੈਂ ਨਿੱਕਾ ਜਿਹਾ ਕੁੱਤਾ ਪਾਲਣੈ।’’

‘‘ਚੱਲੋ ਪਹਿਲਾਂ ਤੁਰੋ ਤਾਂ ਸਈ। ਇਨਾਮ ਵਧੀਆ ਮਿਲੇਗਾ’’, ਹਰਸ਼ ਮਾਸੀ ਨੇ ਖਹਿੜਾ ਛੁਡਾਉਂਦਿਆਂ ਕਿਹਾ।

ਸਾਰੇ ਤੁਰ ਪਏ। ਜੀਵ ਪੁੱਛਣ ਲੱਗਿਆ, ‘‘ਵੇਖੀਂ ਹਿੱਤੀ ਵੀਰ ! ਕਿਤੇ ਮੇਰਾ ਕਾਗਜ਼ ਟੇਢਾ ਤਾਂ ਨਈਂ ਹੋ ਗਿਆ !’’ ਹਿੱਤੀ ਬੋਲਿਆ, ‘‘ਹਾਂ ਹੋ ਚੱਲਿਐ। ਵੇਖੀਂ ਡਿੱਗ ਨਾ ਜਾਏ।’’ ਜੀਵ ਗਰਦਨ ਰੱਤਾ ਕੁ ਟੇਢਾ ਕਰ ਕੇ ਤੁਰਨ ਲੱਗ ਪਿਆ। ਏਨੇ ਨੂੰ ਸੁੱਖੀ ਬੋਲੀ, ‘‘ਓ ਜੀਵ ਵੀਰ  ! ਤੇਰਾ ਕਾਗਜ਼ ਤਾਂ ਡਿੱਗਣ ਵਾਲੈ। ਹੌਲ਼ੀ ਚੱਲ।’’

ਨਾਨੂ ਕਹਿਣ ਲੱਗਿਆ, ‘‘ਮੇਰੇ ਸਿਰ ’ਤੇ ਕਾਗਜ਼, ਹੇਠਾਂ ਖੁਰਕ ਹੋ ਰਈ ਐ। ਮੈਂ ਹੱਥ ਨਈਂ ਲਾਉਣਾ ਪਰ ਕੋਈ ਹੋਰ ਜਣਾ ਮੈਨੂੰ ਓਥੇ ਖ਼ੁਰਕ ਕਰ ਦੇਵੇ।’’

ਹਿੱਤੀ ਬੋਲਿਆ, ‘‘ਬੜਾ ਸੌਖਾ ਜਿਹਾ ਲੱਗਦਾ ਸੀ ਪਰ ਹੁਣ ਤੁਰਦਿਆਂ ਪਤਾ ਲੱਗਿਆ ਕਿੰਨਾ ਔਖਾ ਕੰਮ ਐ। ਬਿਲਕੁਲ ਸਿਰ ਹਿਲਾਏ ਬਿਨਾਂ ਤੁਰਨਾ ਕਿੰਨਾ ਔਖੈ।  ਮਾਸੀ ਜੀ ਨੇ ਫਸਾ ’ਤਾ (ਦਿੱਤਾ)।’’

‘‘ਵੀਰੇ ! ਇਨਾਮ ਕੀ ਮਿਲੂਗਾ’’, ਸੁੱਖੀ ਨੇ ਪੁੱਛਿਆ ? ‘‘ਕੀ ਪਤਾ, ਇਹ ਤਾਂ ਮਾਸੀ ਜੀ ਨੂੰ ਪਤੈ, ਪਰ ਮੈਂ ਅੱਜ ਹਰ ਹਾਲ ਰੇਸ ਪੂਰੀ ਕਰ ਕੇ ਜਿੱਤ ਕੇ ਵਿਖਾਣੈ।  ਮੈਂ ਤਾਂ ਕਿਤਾਬਾਂ ਤੋਂ ਤਿੰਨ ਦਿਨ ਦੀ ਛੁੱਟੀ ਲੈਣੀ ਐ’’, ਹੈਰੀ ਬੋਲ ਪਿਆ।

ਜਦ ਅੱਧੇ ਘੰਟੇ ਬਾਅਦ ਸਾਰੇ ਵਾਪਸ ਪਹੁੰਚੇ ਤਾਂ ਹਰ ਕਿਸੇ ਨੇ ਰਸਤੇ ’ਚ ਇੱਕ ਅੱਧ ਵਾਰ ਸਿਰ ਉੱਤੇ ਰੱਖਿਆ ਕਾਗਜ਼ ਠੀਕ ਕੀਤਾ ਸੀ। ਹਰਸ਼ ਮਾਸੀ ਨੇ ਨਾਨੂ ਨੂੰ ਪੁੱਛਿਆ, ‘‘ਬੱਚਿਆ ! ਰਸਤੇ ’ਚ ਕਿੰਨੇ ਵੱਟੇ ਸੀ ? ਨਾਨੂ ਨੇ ਜਵਾਬ ਦਿੱਤਾ’’, ਪਤਾ ਨਈਂ। ਮੇਰਾ ਤਾਂ ਸਾਰਾ ਧਿਆਨ ਸਿਰ ’ਤੇ ਰੱਖੇ ਕਾਗਜ਼ ਵੱਲ ਸੀ। ਪਤਾ ਈ ਨਈਂ ਲੱਗਿਆ।’’

‘‘ਜੀਵ ਬੱਚਿਆ !  ਗਰਮੀ ਕਿੰਨੀ ਲੱਗੀ ? ਪਸੀਨਾ ਪੂੰਝਣਾ ਪਿਆ’’, ਹਰਸ਼ ਮਾਸੀ ਨੇ ਪੁੱਛਿਆ ?

ਜੀਵ ਨੇ ਜਵਾਬ ਦਿੱਤਾ, ‘‘ਮਾਸੀ ਜੀ ! ਧਿਆਨ ਈ ਨਈਂ ਰਿਆ। ਮੈਂ ਤਾਂ ਮਸਾਂ ਸਿਰ ਟੇਢਾ ਕਰ ਕੇ ਕਾਗਜ਼ ਸਿੱਧਾ ਰੱਖਣ ਵਿੱਚ ਲੱਗਿਆ ਰਿਆ।’’

‘‘ਹਿੱਤੀ ਬੱਚੇ  ! ਕਿੰਨੇ ਕੁ ਲੋਕ ਉੱਚੀ ਬੋਲ ਰਏ ਸੀ’’, ਹਰਸ਼ ਮਾਸੀ ਨੇ ਫੇਰ ਪੁੱਛਿਆ ?

ਹਿੱਤੀ ਕਹਿਣ ਲੱਗਿਆ,‘‘ਸੱਚੀਂ ਮਾਸੀ ਜੀ ! ਕਿਸੇ ਦਾ ਪਤਾ ਈ ਨਈਂ ਲੱਗਿਆ। ਮੈਂ ਤਾਂ ਪੂਰਾ ਧਿਆਨ ਸਿਰ ਉੱਪਰਲੇ ਕਾਗਜ਼ ’ਤੇ ਟਿਕਾਇਆ ਹੋਇਆ ਸੀ।’’

ਜਿਉਂ ਹੀ ਸੁੱਖੀ ਵੱਲ ਹਰਸ਼ ਮਾਸੀ ਨੇ ਮੂੰਹ ਘੁਮਾਇਆ, ਸੁੱਖੀ ਬੋਲ ਪਈ, ‘‘ਮੈਨੂੰ ਵੀ ਮਾਸੀ ਜੀ ਮਿੱਟੀ ਬਾਰੇ ਉੱਕਾ ਖ਼ਿਆਲ ਨਈਂ ਰਿਆ।’’

ਹਰਸ਼ ਮਾਸੀ ਸਮਝਾਉਣ ਲੱਗੀ, ‘‘ਬੱਚਿਓ ! ਜਦੋਂ ਦਿਮਾਗ਼ ਨੂੰ ਕਿਸੇ ਕੰਮ ਨਾ ਲਾਈਏ ਤਾਂ ਉਹ ਵਿਹਲਾ ਬੈਠਾ ਦੂਜਿਆਂ ’ਚ ਨੁਕਸ ਕੱਢਣ ਲੱਗ ਜਾਂਦੈ। ਜਦੋਂ ਤੁਸੀਂ ਸਾਰੇ ਜਣੇ ਕਿਸੇ ਆਹਰੇ ਲੱਗ ਗਏ ਤਾਂ ਤੁਹਾਨੂੰ ਉਹੀ ਚੀਜ਼ਾਂ ਦਿਸਣੀਆਂ ਬੰਦ ਹੋ ਗਈਆਂ ਜਿਨ੍ਹਾਂ ’ਚ ਤੁਹਾਨੂੰ ਨੁਕਸ ਦਿਸ ਰਏ ਸੀ। ਮਿੱਟੀ ਅਜੇ ਵੀ ਹੈ। ਰੌਲਾ ਵੀ ਹੈ। ਵੱਟੇ ਵੀ ਨੇ, ਪਰ ਤੁਹਾਨੂੰ ਕੁੱਝ ਨਈਂ ਦਿਸਿਆ।’’

ਏਨੇ ਨੂੰ ਗੁਰਪਾਲ ਮਾਸੜ ਜੀ ਪਿੱਛੋਂ ਆਉਂਦੇ ਦਿਸੇ ਤਾਂ ਨਾਨੂ ਚੀਕ ਪਿਆ,‘‘ਆ ਜੋ ਮਾਸੜ ਜੀ !  ਮਾਸੀ ਜੀ ਮਜ਼ੇਦਾਰ ਗੱਲ ਸੁਣਾ ਰਏ ਨੇ। ਹੁਣ ਇਨਾਮ ਵੀ ਦੇਣਗੇ।’’

ਹਰਸ਼ ਮਾਸੀ ਬੋਲੀ, ‘‘ਬੱਚਿਓ  ! ਪਹਿਲਾਂ ਮੇਰੀ ਗੱਲ ਵੱਲ ਧਿਆਨ ਦਿਓ। ਜਿਹੜੇ ਜਣੇ ਕਿਸੇ ਹੋਰ ’ਚ ਨੁਕਸ ਕੱਢਣ, ਉਹ ਵਿਹਲੇ ਹੁੰਦੇ ਨੇ।  ਉਨ੍ਹਾਂ ਕੋਲ ਕੋਈ ਹੋਰ ਕੰਮ ਨਈਂ। ਜਿਹੜੇ ਲਗਨ ਨਾਲ ਆਪਣੇ ਕੰਮ ’ਚ ਜੁਟੇ ਹੋਣ, ਉਨ੍ਹਾਂ ਕੋਲ ਦੂਜਿਆਂ ਵੱਲ ਝਾਕਣ ਦਾ ਸਮਾਂ ਈ ਨਈਂ ਹੁੰਦਾ। ਜਿਹੜੇ ਆਪਣਾ ਟੀਚਾ ਮਿੱਥ ਲੈਣ, ਉਹ ਸਫਲ ਇਨਸਾਨ ਬਣ ਜਾਂਦੇ ਨੇ। ਬਾਕੀ ਸਿਰਫ਼ ਆਪਣੀ ਜ਼ਿੰਦਗੀ ਜ਼ਾਇਆ ਕਰਦੇ ਨੇ। ਹੁਣ ਤੁਸੀਂ ਆਪਣੀ ਸਿਹਤ ਵੱਲ ਧਿਆਨ ਦੇ ਕੇ ਕਸਰਤ ਕਰੋ ਤਾਂ ਬਾਕੀ ਸਭ ਗੱਲਾਂ ਤੁਹਾਡੇ ਮਨ ’ਚੋਂ ਬਾਹਰ ਨਿਕਲ ਜਾਣਗੀਆਂ। ਇੰਜ ਹੀ ਪੜ੍ਹਾਈ ਵੇਲੇ ਜੇ ਤੁਹਾਡਾ ਹੋਰ ਗੱਲਾਂ ਵੱਲ ਧਿਆਨ ਜਾ ਰਿਹੈ ਤਾਂ ਤੁਸੀਂ ਇਕਾਗਰ ਹੋ ਕੇ ਨਈਂ ਪੜ੍ਹ ਰਏ।’’

‘‘ਕਿਹੜੀ ਕਹਾਣੀ ਸੁਣਾਈ ਜਾ ਰਈ ਐ ਬਈ’’, ਗੁਰਪਾਲ ਮਾਸੜ ਜੀ ਨੇ ਨੇੜੇ ਆਉਂਦਿਆਂ ਪੁੱਛਿਆ ?

‘‘ਮਾਸੜ ਜੀ !  ਮਾਸੀ ਜੀ ਨੇ ਸਾਨੂੰ ਸਾਰਿਆਂ ਨੂੰ ਰੇਸ ’ਚ ਫੇਲ੍ਹ ਕਰ ’ਤਾ। ਕਿਸੇ ਨੂੰ ਇਨਾਮ ਨਈਂ ਮਿਲਿਆ। ਤੁਸੀਂ ਸਾਨੂੰ ਆਈਸਕ੍ਰੀਮ ਖੁਆ ਦਿਓਗੇ’’, ਨਾਨੂ ਨੇ ਮਾਸੜ ਜੀ ਦੀ ਲੱਤ ਨੂੰ ਜੱਫੀ ਪਾ ਕੇ ਕਿਹਾ।

‘‘ਜ਼ਰੂਰ। ਜ਼ਰੂਰ, ਪਰ ਦੱਸੋ ਅੱਜ ਕਿਹੜੀ ਕਹਾਣੀ ਸੁਣੀ’’, ਗੁਰਪਾਲ ਮਾਸੜ ਜੀ ਨੇ ਪੁੱਛਿਆ ?

‘‘ਅੱਜ ਤਾਂ ਮਾਸੀ ਜੀ ਨੇ ਵਧੀਆ ਜ਼ਿੰਦਗੀ ਜਿਊਣ ਦਾ ਗੁਰ ਸਿਖਾ ਦਿੱਤੈ ਤੇ ਨਾਲੇ ਚੰਗੀ ਤਰ੍ਹਾਂ ਪੜ੍ਹਾਈ ਕਰਨ ਦਾ ਵੀ’’, ਸੁੱਖੀ ਬੋਲ ਪਈ।

‘‘ਚਲੋ ਫੇਰ ਚੱਲੀਏ ਆਈਸਕ੍ਰੀਮ ਖਾਣ’’, ਗੁਰਪਾਲ ਮਾਸੜ ਜੀ ਬੱਚਿਆਂ ਦਾ ਹੱਥ ਫੜ ਕੇ ਤੁਰ ਪਏ।