ਅਕਾਲ ਤਖ਼ਤ ਸਾਹਿਬ ਦੀ ਪ੍ਰਭੂ ਸਤਾ ਤੇ ਪੰਥਕ ਪ੍ਰਬੰਧ

0
7

ਅਕਾਲ ਤਖ਼ਤ ਸਾਹਿਬ ਦੀ ਪ੍ਰਭੂ ਸਤਾ ਤੇ ਪੰਥਕ ਪ੍ਰਬੰਧ

ਕਿਰਪਾਲ ਸਿੰਘ (ਬਠਿੰਡਾ)-98554-80797

ਭਾਵੇਂ 1920 ਈ: ਤੋਂ ਪਹਿਲਾਂ ਦੀ ਕਿਸੇ ਵੀ ਲਿਖਤ ’ਚ ਸ੍ਰੀ ਅਕਾਲ ਸਾਹਿਬ ਜਾਂ ਇਸ ਦੇ ਜਥੇਦਾਰ ਦਾ ਕੋਈ ਵੇਰਵਾ ਨਾ ਮਿਲਣ ਨੂੰ ਕੁਝ ਇਤਿਹਾਸਕਾਰ; ਜਥੇਦਾਰ ਦੀ ਹੋਂਦ ਨੂੰ ਰੱਦ ਕਰਦੇ ਹਨ; ਫਿਰ ਵੀ ਇਹ ਸੱਚ ਹੈ ਕਿ ਸਿੱਖ ਫ਼ਲਸਫ਼ੇ ’ਚ ਅਕਾਲ ਤਖ਼ਤ ਸਾਹਿਬ ਯਕੀਨਨ ਮਹਾਨ (ਸਰਬਉੱਚ) ਹੈ ਅਤੇ ਸਿੱਖ ਮਾਨਸਿਕਤਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਨੂੰ ਸਵੀਕਾਰ ਕਰ ਚੁੱਕੀ ਹੈ। ਇਸ ਸਮੇਂ ਲੋੜ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੰਸਥਾ ਨੂੰ ਮਜਬੂਤ ਅਤੇ ਪ੍ਰਬੰਧ ਨੂੰ ਸਿਧਾਂਤਕ ਰੂਪ ਦੇਣ ਦੀ ਹੈ, ਨਾ ਕਿ ਇਸ ਨੂੰ ਰੱਦ ਕਰਨ ਦੀ।  ਜਥੇਦਾਰੀ ਅਹੁਦੇ ਨੂੰ ਰੱਦ ਕੀਤੇ ਜਾਣ ਦੀ ਆਵਾਜ਼ ਦਾ ਮੁੱਖ ਕਾਰਨ, ਲੰਬੇ ਸਮੇਂ ਤੋਂ ਸਤਾਧਾਰੀ ਧੜੇ ਵੱਲੋਂ ਆਪਣੀ ਰਾਜਨੀਤਕ ਸ਼ਕਤੀ ਦੀ ਦੁਰਵਰਤੋਂ ਕਰਕੇ ਸ੍ਰੋਮਣੀ ਅਕਾਲੀ ਦਲ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਸ ਰਾਹੀਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਿੱਧੇ ਅਸਿੱਧੇ ਰੂਪ ’ਚ ਆਪਣੇ ਹੱਥ ਲੈ ਕੇ ਇਨ੍ਹਾਂ ਦੀ ਦੁਰਵਰਤੋਂ ਕੀਤੇ ਜਾਣਾ ਹੈ। ਗੁਰਦੁਆਰਾ ਐਕਟ-1925 ’ਚ ਜਥੇਦਾਰ ਦੇ ਅਹੁਦੇ ਦਾ ਕੋਈ ਇੰਦਰਾਜ ਨਹੀਂ, ਹੈੱਡਮਨਿਸਟਰ ਦਾ ਹੈ, ਪਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਕਾਬਜ਼ ਧੜੇ ਨੇ ਹੈੱਡਮਨਿਸਟਰ (ਹੈੱਡ ਗ੍ਰੰਥੀ) ਨੂੰ ਹੀ ਜਥੇਦਾਰ/ਸਿੰਘ ਸਾਹਿਬ ਕਹਿਣਾ ਸ਼ੁਰੂ ਕਰ ਦਿੱਤਾ ਅਤੇ ਗੁਰਦੁਆਰਾ ਐਕਟ 1925 ਦਾ ਸਹਾਰਾ ਲੈ ਕੇ ਜਥੇਦਾਰ ਨਿਯੁਕਤ/ਬਰਖਾਸਤ ਕਰਨ ਦੀ ਤਾਕਤ ਆਪਣੇ ਹੱਥ ਲੈ ਲਈ। ਇਸ ਤਰ੍ਹਾਂ ਕਾਬਜ਼ ਧੜਾ ਇਨ੍ਹਾਂ ਤੋਂ ਮਨਮਰਜ਼ੀ ਦੇ ਫੈਸਲੇ ਕਰਵਾਉਂਦਾ ਰਿਹਾ, ਜਿਨ੍ਹਾਂ ’ਚੋਂ ਬਹੁਤਾਤ ’ਚ ਆਪਣੇ ਵਿਰੋਧੀਆਂ ਦੀ ਆਵਾਜ਼ ਦਬਾਉਣ ਹਿੱਤ ਉਨ੍ਹਾਂ ਵਿਰੁੱਧ ਹੁਕਮਨਾਮੇ ਜਾਰੀ ਕਰਵਾਉਣੇ ਸਨ। ਸ੍ਰੋਮਣੀ ਕਮੇਟੀ ਅਤੇ ਸ੍ਰੋਮਣੀ ਅਕਾਲੀ ਦਲ ਨੇ ਆਪਣੇ ਵੱਲੋਂ ਨਿਯੁਕਤ ਜਥੇਦਾਰਾਂ ਨੂੰ ਸਰਬਉੱਚ ਅਤੇ ਉਨ੍ਹਾਂ ਦੁਆਰਾ ਜਾਰੀ ਆਦੇਸ਼ ਨੂੰ ਇਲਾਹੀ ਹੁਕਮ ਹੋਣਾ, ਬੜੇ ਜੋਰ ਸ਼ੋਰ ਨਾਲ ਪ੍ਰਚਾਰਿਆ ਤਾਂ ਕਿ ਵਿਰੋਧੀਆਂ ਨੂੰ ਉਨ੍ਹਾਂ ਵਿਰੁੱਧ ਜਾਰੀ ਹੋਏ ਹੁਕਮਨਾਮੇ ਮੰਨਣ ਲਈ ਮਜਬੂਰ ਹੋਣਾ ਪਵੇ। ਜੇ ਬਹੁਤਾ ਪਿਛਾਂਹ ਨਾ ਵੀ ਜਾਈਏ ਅਤੇ ਪਿਛਲੇ ਤਕਰੀਬਨ ਦੋ ਦਹਾਕਿਆਂ ਤੋਂ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਸਿਆਸੀ ਆਗੂਆਂ ਵੱਲੋਂ ਆਪਣੇ ਸਿਆਸੀ ਮਨੋਰਥ ਪੂਰੇ ਕਰਨ ਲਈ ਅਕਾਲ ਤਖ਼ਤ ਦਾ ਨਾਮ ਵਰਤ ਕੇ ਜਥੇਦਾਰਾਂ ਤੋਂ ਜਾਰੀ ਕਰਵਾਏ ਗਏ ਹੁਕਮਨਾਮਿਆਂ ’ਤੇ ਪੰਛੀ ਝਾਤ ਮਾਰੀ ਜਾਵੇ ਤਾਂ ਸਹਿਜੇ ਹੀ ਇਸ ਨਤੀਜੇ ’ਤੇ ਪਹੁੰਚਿਆ ਜਾ ਸਕਦਾ ਹੈ ਕਿ ਸਿਆਸੀ ਆਗੂਆਂ ਅਤੇ ਜਥੇਦਾਰਾਂ ਦੀ ਮਿਲੀਭੁਗਤ ਨੇ ਅਕਾਲ ਤਖ਼ਤ ਦਾ ਮਾਨ ਸਨਮਾਨ ਮਿੱਟੀ ਘੱਟੇ ਵਿੱਚ ਰੋਲਣ ਸਮੇਤ ਸਿੱਖੀ ਦਾ ਬੇਹੱਦ ਨੁਕਸਾਨ ਕੀਤਾ ਹੈ। ਸ਼ਿਵ ਲਿੰਗ ਅਤੇ ਹੋਰ ਦੇਵੀ ਦੇਵਤਿਆਂ ਦੀ ਪੂਜਾ ਕਰਨ ਵਾਲੇ, ਹਵਨ ਅਤੇ ਜਗਰਾਤੇ ਕਰਵਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਨੂੰ ਤਾਂ ਜਥੇਦਾਰਾਂ ਵੱਲੋਂ ‘ਫ਼ਖ਼ਰ-ਏ-ਕੌਮ, ਪੰਥ ਰਤਨ’ ਅਵਾਰਡ ਨਾਲ ਨਿਵਾਜ਼ਿਆ ਗਿਆ, ਪਰ ਗੁਰਬਾਣੀ ਦੇ ਮਹਾਨ ਉਪਦੇਸ਼ਾਂ ਦੀ ਵਿਆਖਿਆ ਰਾਹੀਂ ਗੁਰਮਤਿ ਦਾ ਪ੍ਰਚਾਰ ਕਰ ਰਹੇ ਪ੍ਰਚਾਰਕਾਂ, ਵਿਦਵਾਨਾਂ, ਲੇਖਕਾਂ ਅਤੇ ਬਾਦਲ ਦੀਆਂ ਨੀਤੀਆਂ ਦਾ ਪਰਦਾ ਫਾਸ਼ ਕਰਨ ਵਾਲੇ ਵਿਰੋਧੀ ਸਿਆਸੀ ਆਗੂਆਂ ਦੀ ਆਵਾਜ਼ ਬੰਦ ਕਰਵਾਉਣ ਲਈ ਕਿਸੇ ਨਾ ਕਿਸੇ ਬਹਾਨੇ ਅਕਾਲ ਤਖ਼ਤ ਤੋਂ ਤਨਖਾਹੀਏ ਘੋਸ਼ਿਤ ਕਰਕੇ ਜਾਂ ਤਾਂ ਉਨ੍ਹਾਂ ਨੂੰ ਬਾਦਲ ਦੀ ਈਨ ਮੰਨਣ ਦੀ ਸ਼ਰਤ ’ਤੇ ਥੋੜ੍ਹੀ ਤਨਖ਼ਾਹ ਲਾ ਕੇ ਮੁਆਫ਼ ਕਰਨ ਦਾ ਡਰਾਮਾ ਰਚ ਦਿੱਤਾ ਜਾਂਦਾ ਹੈ ਜਾਂ ਫਿਰ ਈਨ ਮੰਨਣ ਤੋਂ ਆਕੀ ਵਿਦਵਾਨਾਂ ਨੂੰ ਪੰਥ ਵਿੱਚੋਂ ਛੇਕ ਕੇ ਉਨ੍ਹਾਂ ਨੂੰ ਅਲੱਗ ਥਲੱਗ ਕਰ ਆਵਾਜ਼ ਬੰਦ ਕਰਵਾ ਦਿੱਤਾ ਜਾਂਦੀ ਹੈ, ਪਰ ਜਿਹੜੇ ਹੁਕਮਨਾਮੇ ਸੱਤਾਧਾਰੀ ਧਿਰ ਨੂੰ ਫਿੱਟ ਨਾ ਜਾਪਣ, ਉਨ੍ਹਾਂ ਨੂੰ ਕਦੀ ਵੀ ਨਹੀਂ ਮੰਨਿਆ ਗਿਆ ਬਲਕਿ ਪੰਥਕ ਭਾਵਨਾਵਾਂ ਅਨੁਸਾਰ ਹੁਕਮਨਾਮਾ ਜਾਰੀ ਕਰਨ ਵਾਲੇ ਜਥੇਦਾਰ ਨੂੰ ਜਲੀਲ ਕਰਕੇ ਅਹੁਦੇ ਤੋਂ ਹਟਾ ਦਿੱਤਾ ਜਾਂਦਾ ਰਿਹਾ ਹੈ; ਜਿਵੇਂ ਕਿ

(1). 13 ਅਪ੍ਰੈਲ 1994 ਨੂੰ ਤਤਕਾਲੀ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਪ੍ਰੋ. ਮਨਜੀਤ ਸਿੰਘ ਨੇ ਵੱਖ ਵੱਖ ਨਾਵਾਂ ਹੇਠ ਚੱਲ ਰਹੇ ਸਾਰੇ ਅਕਾਲੀ ਦਲਾਂ ਨੂੰ ਹੁਕਮ ਜਾਰੀ ਕੀਤਾ ਕਿ ਆਪਣੇ ਆਪਣੇ ਅਸਤੀਫ਼ੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪਹੁੰਚਾਏ ਜਾਣ ਤਾਂ ਕਿ ਇਕ ਸਾਂਝਾ ਮਜਬੂਤ ਅਕਾਲੀ ਦਲ ਸੁਰਜੀਤ ਕੀਤਾ ਜਾ ਸਕੇ। ਬਾਕੀ ਪ੍ਰਧਾਨਾਂ ਨੇ ਤਾਂ ਆਪਣੇ ਆਪਣੇ ਅਸਤੀਫ਼ੇ ਸੌਂਪ ਦਿੱਤੇ, ਪਰ ਪ੍ਰਕਾਸ਼ ਸਿੰਘ ਬਾਦਲ ਨੇ ਅਜਿਹਾ ਕਰਨ ਤੋਂ ਨਾ ਕਰ ਦਿੱਤੀ ਅਤੇ ਮੌਕਾ ਆਉਣ ’ਤੇ ਜਥੇਦਾਰ ’ਤੇ ਇਹ ਦੋਸ਼ ਲਾ ਕੇ ਕੱਢ ਦਿੱਤਾ ਗਿਆ ਕਿ ਉਨ੍ਹਾਂ ਨੇ ਰੰਗੀ ਦਾੜ੍ਹੀ ਵਾਲੇ ਕੈਪਟਨ ਅਮਰਿੰਦਰ ਸਿੰਘ ਨੂੰ ਸਿਰੋਪਾ ਦੇ ਕਿ ਸਨਮਾਨਤ ਕੀਤਾ ਸੀ। ਅਜਿਹੇ ਦੋਸ਼ ਲਾਉਣ ਵਾਲਿਆਂ ਦੇ ਦੂਹਰੇ ਮਾਪਦੰਡ ਵੇਖੋ ਅਰਦਾਸੀਏ ਭਾਈ ਬਲਵੀਰ ਸਿੰਘ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ 2015 ’ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆ ਨੂੰ ਗ੍ਰਿਫ਼ਤਾਰ ਨਾ ਕੀਤੇ ਜਾਣ ਦੇ ਰੋਸ ਵਜੋ ਸਿਰੋਪਾ ਨਾ ਦੇਣ ’ਤੇ ਉਹਨਾਂ ਦੀ ਬਦਲੀ ਮਾਛੀਵਾੜਾ ਵਿਖੇ ਕਰ ਦਿੱਤੀ ਗਈ ਜਦ ਕਿ ਸਰਬੱਤ ਖ਼ਾਲਸਾ ਦੁਆਰਾ ਥਾਪੇ ਗਏ ਤਖ਼ਤਾਂ ਦੇ ਜਥੇਦਾਰ ਬਾਬਾ ਬਲਜੀਤ ਸਿੰਘ ਦਾਦੂਵਾਲ ਅਤੇ ਭਾਈ ਅਮਰੀਕ ਸਿੰਘ ਅਜਨਾਲਾ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਸਮੇ ਇੱਕ ਇੱਕ ਸਿਹਰਾ ਭੇਂਟ ਕਰਨ ਵਾਲੇ ਸੇਵਾਦਾਰ ਭਾਈ ਗੁਰਪ੍ਰੀਤ ਸਿੰਘ ਦੀ ਬਦਲੀ ਯੂ.ਪੀ ਦੇ ਕਿਸੇ ਗੁਰਦੁਆਰੇ ਵਿਖੇ ਕਰਨ ਦੇ ਤੁਰੰਤ ਹੁਕਮ ਜਾਰੀ ਕਰ ਦਿੱਤੇ ਗਏ।

(2). ਸੰਨ 1999 ’ਚ ਖ਼ਾਲਸਾ ਪੰਥ ਦੀ ਤੀਜੀ ਸ਼ਤਾਬਦੀ ਸੀ। ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਵਿਚਕਾਰ ਇਸ ਗੱਲੋਂ ਟਕਰਾਅ ਪੈਦਾ ਹੋ ਗਿਆ ਕਿ ਸ਼ਤਾਬਦੀ ਸਮਾਗਮਾਂ ਦਾ ਪ੍ਰਬੰਧ ਪੰਜਾਬ ਸਰਕਾਰ ਦੀ ਦੇਖ ਰੇਖ ਹੇਠ ਹੋਵੇ ਜਾਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੇਖ ਰੇਖ ਹੇਠ। ਇਸ ਟਕਰਾਅ ਦੌਰਾਨ ਮੁੱਖ ਮੰਤਰੀ ਬਾਦਲ; ਜਥੇਦਾਰ ਟੌਹੜਾ ਨੂੰ ਆਪਣੇ ਰਸਤੇ ’ਚੋਂ ਲਾਂਭੇ ਕਰਨਾ ਚਾਹੁੰਦਾ ਸੀ।  31 ਦਸੰਬਰ 1998 ਨੂੰ ਜਥੇਦਾਰ ਭਾਈ ਰਣਜੀਤ ਸਿੰਘ ਨੇ ਹੁਕਮਨਾਮਾ ਨੰ: 1782//98 ਰਾਹੀਂ ਅਕਾਲੀ ਹਾਈ ਕਮਾਂਡ ਨੂੰ ਆਦੇਸ਼ ਜਾਰੀ ਕੀਤਾ ਕਿ ਖ਼ਾਲਸਾ ਪੰਥ ਦੀ 300 ਸਾਲਾ ਸ਼ਤਾਬਦੀ ਨੂੰ ਧਿਆਨ ’ਚ ਰੱਖਦੇ ਹੋਏ 15 ਅਪ੍ਰੈਲ 1999 ਤੱਕ ਕੋਈ ਵੀ ਧਿਰ ਇੱਕ ਦੂਜੇ ਦਾ ਕੋਈ ਨੁਕਸਾਨ ਨਾ ਕਰੇ ਬਲਕਿ ਆਪਣੇ ਆਪਣੇ ਅਹੁਦਿਆਂ ’ਤੇ ਇਸੇ ਤਰ੍ਹਾਂ ਬਣੇ ਰਹਿ ਕੇ ਸ਼ਤਾਬਦੀ ਸਬੰਧੀ ਦਿੱਤੇ ਪ੍ਰੋਗਰਾਮਾਂ ਨੂੰ ਸਿਰੇ ਚਾੜ੍ਹਨ, ਪਰ ਬਾਦਲ ਧੜੇ ਨੇ ਇਸ ਹੁਕਮਨਾਮੇ ਨੂੰ ਨਾ ਮੰਨਦੇ ਹੋਏ 10 ਫ਼ਰਵਰੀ 1999 ਨੂੰ ਭਾਈ ਰਣਜੀਤ ਸਿੰਘ ਨੂੰ ਹਟਾ ਕੇ ਉਨ੍ਹਾਂ ਦੀ ਥਾਂ ਗਿਆਨੀ ਪੂਰਨ ਸਿੰਘ ਨੂੰ ਜਥੇਦਾਰ ਬਣਾ ਦਿੱਤਾ। ਜਦੋਂ ਜਥੇਦਾਰ ਟੌਹੜਾ ਨਾਲ 50 ਸ੍ਰੋਮਣੀ ਕਮੇਟੀ ਮੈਂਬਰ ਵੀ ਨਾ ਰਹੇ ਤਾਂ ਉਨ੍ਹਾਂ ਨੇ 15 ਮਾਰਚ 1999 ਨੂੰ ਅਸਤੀਫ਼ਾ ਦੇ ਦਿੱਤਾ, ਪਰ ਅਗਲੇ ਦਿਨ ਕਾਰਜਕਾਰਨੀ ਕਮੇਟੀ ਨੇ ਟੌਹੜਾ ਦਾ ਅਸਤੀਫ਼ਾ ਮਨਜੂਰ ਕਰਨ ਦੀ ਬਜਾਏ ਉਨ੍ਹਾਂ ਵਿਰੁੱਧ ਬੇਵਿਸ਼ਵਾਸ਼ੀ ਦਾ ਮਤਾ ਪਾਸ ਕਰ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਕੇ ਉਨ੍ਹਾਂ ਦੀ ਥਾਂ ਬੀਬੀ ਜੰਗੀਰ ਕੌਰ ਨੂੰ ਪ੍ਰਧਾਨ ਚੁਣ ਲਿਆ।

(3). ਗਿਆਨੀ ਪੂਰਨ ਸਿੰਘ; ਆਪਣੇ ਆਪ ਨੂੰ ਹੀ ਪੰਥ ਦਾ ਮਾਲਕ ਅਤੇ ਗੁਰੂ ਸਾਹਿਬ ਤੋਂ ਦੂਜੇ ਨੰਬਰ ’ਤੇ ਸਮਝਣ ਲੱਗ ਪਿਆ। ਵਿਦਵਾਨਾਂ ਦੀ 11 ਮੈਂਬਰੀ ਕਮੇਟੀ ਵੱਲੋਂ ਮਤਾ ਪਾਸ ਕੀਤੇ ਜਾਣ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਵੱਲੋਂ ਸਰਬਸੰਤੀ ਨਾਲ ਮਤਾ ਪਾਸ ਕੀਤੇ ਜਾਣ ਉਪਰੰਤ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਜਾਣਾ ਸੀ, ਪਰ ਗਿਆਨੀ ਪੂਰਨ ਸਿੰਘ ਨੇ ਨਾਗਪੁਰ ਜਾਂਦਿਆਂ ਰਸਤੇ ’ਚ ਗੁਨੇ ਤੋਂ ਹੀ 4 ਬੇਨਾਮ ਬੰਦਿਆਂ ਨੂੰ ਨਾਲ ਲੈ ਕੇ ਮਿਤੀ 25.01.2000 ਨੂੰ ਬੀਬੀ ਜੰਗੀਰ ਕੌਰ ਨੂੰ ਪੰਥ ’ਚੋਂ ਛੇਕ ਦਿੱਤਾ। ਗਿਆਨੀ ਪੂਰਨ ਸਿੰਘ ਤਾਂ ਗੁੱਸੇ ’ਚ ਐਨਾ ਪਾਗਲ ਹੋ ਗਿਆ ਕਿ ਜਿਹੜਾ ਵੀ ਨਾਨਕਸ਼ਾਹੀ ਕੈਲੰਡਰ ਜਾਂ ਬੀਬੀ ਜੰਗੀਰ ਕੌਰ ਦੇ ਹੱਕ ’ਚ ਬੋਲਿਆ ਉਸੇ ਨੂੰ ਪੰਥ ’ਚੋਂ ਛੇਕ ਦਿੱਤਾ; ਜਿਨ੍ਹਾਂ ਦੇ ਨਾਮ ਹਨ ‘ਸ੍ਰੋਮਣੀ ਕਮੇਟੀ ਐਗਜੈਕਟਿਵ ਮੈਂਬਰ ਪ੍ਰੀਤਮ ਸਿੰਘ ਭਾਟੀਆ, ਸ੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਜਸਵਿੰਦਰ ਸਿੰਘ, ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਪ੍ਰੋ. ਮਨਜੀਤ ਸਿੰਘ, ਜਥੇਦਾਰ ਤਖ਼ਤ ਸ੍ਰੀ ਦਮਦਮਾ ਸਹਿਬ ਗਿਆਨੀ ਕੇਵਲ ਸਿੰਘ ਅਤੇ ਹੈੱਡ ਗ੍ਰੰਥੀ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਭਗਵਾਨ ਸਿੰਘ’। ਮਿਤੀ 28.03.2000 ਨੂੰ ਇੱਕ ਪਾਸੇ ਗਿਆਨੀ ਪੂਰਨ ਸਿੰਘ; ਬੀਬੀ ਜੰਗੀਰ ਕੌਰ ਨਾਲ ਕਾਰਜਕਾਰਨੀ ਦੀ ਮੀਟਿੰਗ ’ਚ ਹਿੱਸਾ ਲੈਣ ਦੇ ਦੋਸ਼ ਹੇਠ ਕਾਰਜਕਾਰਨੀ ਮੈਂਬਰ ਰਘੂਜੀਤ ਸਿੰਘ ਵਿਰਕ, ਗੁਰਪਾਲ ਸਿੰਘ ਗੋਰਾ, ਸਤਨਾਮ ਸਿੰਘ ਭਾਈਰੂਪਾ ਅਤੇ ਪ੍ਰੀਤਮ ਸਿੰਘ ਭਾਟੀਆ (ਜੋ ਅਜੇ ਅੱਧਾ ਘੰਟਾ ਪਹਿਲਾਂ ਹੀ ਤਨਖ਼ਾਹ ਲੁਆ ਕੇ ਆਇਆ ਸੀ) ਨੂੰ ਬਿਨਾਂ ਤਨਖ਼ਾਹੀਏ ਕਰਾਰ ਦਿੱਤੇ ਜਾਣ ਦੇ; ਸਿੱਧਾ ਹੀ ਪੰਥ ’ਚੋਂ ਛੇਕ ਦਿੱਤਾ; ਉਸੇ ਵੇਲੇ ਇਨ੍ਹਾਂ ਚਾਰਾਂ ਮੈਂਬਰਾਂ ਸਮੇਤ ਬੀਬੀ ਜੰਗੀਰ ਕੌਰ ਨੇ ਗਿਆਨੀ ਪੂਰਨ ਸਿੰਘ ਨੂੰ ਅਹੁਦੇ ਤੋਂ ਹਟਾ ਕੇ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਜਥੇਦਾਰ ਬਣਾ ਦਿੱਤਾ।

(4). 29.03.2000 ਨੂੰ ਜੋਗਿੰਦਰ ਸਿੰਘ ਵੇਦਾਂਤੀ ਨੇ ਆਪਣੇ ਪਹਿਲੇ ਹੀ ਹੁਕਮਨਾਮਾ ਨੰ: 319/AT/00 ਰਾਹੀਂ ਗਿਆਨੀ ਪੂਰਨ ਸਿੰਘ ਵੱਲੋਂ ਮਿਤੀ 25.01.2000 ਤੋਂ 28.03.2000 ਤੱਕ ਜਾਰੀ ਕੀਤੇ ਸਾਰੇ ਐਲਾਨਨਾਮੇ ਰੱਦ ਕਰ ਦਿੱਤੇ ਕਿਉਂਕਿ ਇਹ ਪੰਥਕ ਰਵਾਇਤਾਂ ਅਤੇ ਮਰਿਆਦਾ ਮੁਤਾਬਕ ਨਹੀਂ ਸਨ ਅਤੇ ਬਿਨਾਂ ਕਿਸੇ ਵਿਧੀ ਵਿਧਾਨ ਦੇ ਜਾਰੀ ਕੀਤੇ ਗਏ ਸਨ, ਜਿਨ੍ਹਾਂ ਨੂੰ ਹੁਕਮਨਾਮੇ ਨਹੀਂ ਕਿਹਾ ਜਾ ਸਕਦਾ। ਇਸੇ ਹੁਕਮਨਾਮੇ ਦੇ ਦੂਜੇ ਹਿੱਸੇ ’ਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਿਦਾਇਤ ਕੀਤੀ ਕਿ

(ੳ) ਜਲਦੀ ਤੋਂ ਜਲਦੀ ਗੁਰਮਤਿ ਸੋਚ ਵਾਲੇ ਮਾਹਰਾਂ ਦੀ ਕਮੇਟੀ ਦੀ ਸਥਾਪਨਾ ਕਰਕੇ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਮੁੱਖ ਗ੍ਰੰਥੀ ਸਾਹਿਬਾਨ ਦੇ ਸੇਵਾ ਨਿਯਮ; ਜਿਵੇਂ ਕਿ ਨਿਯੁਕਤੀ ਲਈ ਯੋਗਤਾਵਾਂ, ਉਨ੍ਹਾਂ ਦਾ ਕਾਰਜ ਖੇਤਰ, ਕਾਰਜ ਵਿਧੀ, ਅਧਿਕਾਰ ਅਤੇ ਜ਼ਿੰਮੇਵਾਰੀਆਂ, ਸੇਵਾ ਮੁਕਤੀ ਆਦਿ ਦੇ ਨਿਯਮ ਨਿਰਧਾਰਿਤ ਕੀਤੇ ਜਾਣ ਅਤੇ ਇਸ ਦੇ ਨਾਲ ਹੀ ਸਮੇਂ ਸਮੇਂ ਪੇਸ਼ ਆਉਣ ਵਾਲੀਆਂ ਪੰਥਕ ਸਮੱਸਿਆਵਾਂ ਦੇ ਹੱਲ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਕੀਤੇ ਜਾਣ ਦਾ ਸਪਸ਼ਟ ਵਿਧੀ ਵਿਧਾਨ ਸੁਨਿਸ਼ਚਿਤ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਕਿਸੇ ਵੱਲੋਂ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਨਿਜੀ ਹਿਤਾਂ ਲਈ ਵਰਤੋਂ ਦੀ ਸੰਭਾਵਨਾ ਨਾ ਰਹੇ ਅਤੇ ਖ਼ਾਲਸਾ ਪੰਥ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਮੇਂ ਸਮੇਂ ਜਾਰੀ ਕੀਤੇ ਹੁਕਮਨਾਮਿਆਂ ਦੀ ਮਾਨਤਾ ਅਤੇ ਪਵਿੱਤਰਤਾ ਕਾਇਮ ਰਹੇ।

(ਅ). ਗੁਰਦੁਆਰਾ ਐਕਟ ਬਣਿਆਂ ਪੌਣੀ ਸਦੀ ਬੀਤ ਚੁੱਕੀ ਹੈ। ਸਮੇਂ ਦੀ ਪ੍ਰਬਲ ਲੋੜ ਹੈ ਕਿ ਗੁਰਦੁਆਰਾ ਪ੍ਰਬੰਧ ਨੂੰ ਪੰਥਕ ਯੁਗਤੀ ਅਨੁਸਾਰੀ ਬਣਾਉਣ ਲਈ ਬੀਤੇ ਸਮੇਂ ’ਚ ਇਸ ਐਕਟ ਅਧੀਨ ਹੋਈ ਲਾਭ ਹਾਨੀ ਦਾ ਲੇਖਾ ਜੋਖਾ ਕੀਤਾ ਜਾਵੇ ਅਤੇ ਐਕਟ ਵਿਚ ਪੰਥਕ ਹਿੱਤਾਂ ਦੇ ਉਲ਼ਟ ਜੇ ਕੋਈ ਧਾਰਾ ਹੈ; ਤਾਂ ਉਸ ਦੀ ਸੋਧ ਲਈ ਉਪਰਾਲਾ ਕੀਤਾ ਜਾਵੇ।

(ੲ). ਗੁਰਦੁਆਰਾ ਪ੍ਰਬੰਧ ਨੂੰ ਸਿਆਸਤ ਦੀ ਕੁਟਿਲਤਾ ਦੇ ਪ੍ਰਭਾਵ ਤੋਂ ਮੁਕਤ ਰੱਖਣ ਨੂੰ ਯਕੀਨੀ ਬਣਾਇਆ ਜਾਵੇ।

ਉਕਤ ਹੁਕਮਨਾਮੇ ਦਾ ਉਹ ਹਿੱਸਾ, ਜੋ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਪ੍ਰਭੁਸਤਾ ਬਹਾਲ ਕਰਨ ਲਈ ਲਾਗੂ ਕਰਨਾ ਅਤਿ ਲੋੜੀਦਾ ਹੈ, ਉਹ ਢਾਈ ਦਹਾਕੇ ਤੱਕ ਵੀ ਨਹੀਂ ਮੰਨਿਆ ਗਿਆ। ਹਾਲਾਂ ਕਿ ਇਸ ਹੁਕਮਨਾਮੇ ’ਤੇ ਕਾਰਵਾਈ ਕਰਨ ਲਈ ਉਨ੍ਹਾਂ ਤੋਂ ਪਿੱਛੋਂ ਬਿਰਾਜਮਾਨ ਰਹੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਸ੍ਰੋਮਣੀ ਕਮੇਟੀ ਨੂੰ ਪੱਤਰ ਲਿਖੇ। ਨਾ ਮੰਨੇ ਜਾਣ ਦਾ ਮੁੱਖ ਕਾਰਨ ਇਹ ਹੈ ਕਿ ਇਨ੍ਹਾਂ ਨੂੰ ਪਤਾ ਹੈ ਕਿ ਜੇ ਇਸ ਹੁਕਮਨਾਮੇ ਅਨੁਸਾਰ ਵਿਧੀ ਵਿਧਾਨ ਬਣ ਗਿਆ ਤਾਂ ਉਨ੍ਹਾਂ ਨੂੰ ਆਪਣੇ ਮਨ ਪਸੰਦ ਦੇ ਹੁਕਮਨਾਮੇ ਜਾਰੀ ਕਰਵਾਉਣੇ ਸੰਭਵ ਨਹੀਂ ਹੋਣਗੇ ਅਤੇ ਉਨ੍ਹਾਂ ਦੀ ਇੱਛਾ ਦੇ ਉਲ਼ਟ ਤੇ ਪੰਥਕ ਭਾਵਨਾਵਾਂ ਅਨੁਸਾਰੀ ਹੁਕਮਨਾਮੇ ਜਾਰੀ ਕਰਨ ਵਾਲੇ ਜਥੇਦਾਰਾਂ ਨੂੰ ਤਾਸ਼ ਦੇ ਪੱਤਿਆਂ ਵਾਙ ਤਬਦੀਲ ਕਰਨਾ ਆਸਾਨ ਨਹੀਂ ਹੋਵੇਗਾ।

(5). ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੇ ਪੀਏ ਅਤੇ ਰਿਸ਼ਤੇਦਾਰ ਪ੍ਰਿਥੀਪਾਲ ਸਿੰਘ ਅਨੁਸਾਰ ਸੱਤਾਧਾਰੀ ਧਿਰ ਵੱਲੋਂ ਜਥੇਦਾਰ ਵੇਦਾਂਤੀ ਨੂੰ ਕਿਹਾ ਗਿਆ ਕਿ ਉਹ ਨਾਨਕਸ਼ਾਹੀ ਕੈਲੰਡਰ ਰੱਦ ਕਰਕੇ ਮੁੜ ਬਿਕ੍ਰਮੀ ਕੈਲੰਡਰ ਬਹਾਲ ਕਰ ਦੇਵੇ। ਜਥੇਦਾਰ ਨੇ ਕਿਹਾ ਕਿ ਉਨ੍ਹਾਂ ਕੈਲੰਡਰ ’ਚ ਸੋਧ ਦੀ ਮੰਗ ਕਰਨ ਵਾਲਿਆਂ ਤੋਂ ਇਤਰਾਜ਼ ਮੰਗੇ ਹਨ, ਜੇ ਕੁਝ ਧਿਰਾਂ ਵੱਲੋਂ ਤੱਥਾਂ ਸਹਿਤ ਠੋਸ ਇਤਰਾਜ਼ ਆਏ ਤਾਂ ਦੋਵਾਂ ਧਿਰਾਂ ਦੇ ਵਿਦਵਾਨਾਂ ਦੀ ਮੀਟਿੰਗ ’ਚ ਜੋ ਵੀ ਫ਼ੈਸਲਾ ਹੋਇਆ, ਉਸ ਅਨੁਸਾਰ ਸੋਧ ਕਰ ਦਿੱਤੀ ਜਾਵੇਗੀ, ਪਰ ਜਥੇਦਾਰ ਦੇ ਇਸ ਜਵਾਬ ਨਾਲ ਤਸੱਲੀ ਨਾ ਹੋਈ, ਇਸ ਕਾਰਨ 5 ਅਗਸਤ 2008 ਦੀ ਰਾਤ ਨੂੰ ਦੋ ਮੈਂਬਰ, ਲਿਖਿਆ ਹੋਇਆ ਅਸਤੀਫ਼ਾ ਲੈ ਆਏ, ਜਿਸ ’ਤੇ ਵੇਦਾਂਤੀ ਜੀ ਤੋਂ ਜਬਰੀ ਦਸਤਖ਼ਤ ਕਰਵਾ ਲਏ। ਸਵੇਰ ਦੇ ਅਖ਼ਬਾਰਾਂ ’ਚ ਖ਼ਬਰ ਛਪ ਗਈ ਕਿ ਕਾਰਜਕਾਰਨੀ ਕਮੇਟੀ ਨੇ ਵੇਦਾਂਤੀ ਦਾ ਅਸਤੀਫ਼ਾ ਪ੍ਰਵਾਨ ਕਰ ਉਨ੍ਹਾਂ ਦੀ ਜਗ੍ਹਾ ਗਿਆਨੀ ਗੁਰਬਚਨ ਸਿੰਘ ਨੂੰ ਜਥੇਦਾਰ ਨਿਯੁਕਤ ਕੀਤਾ ਹੈ। ਗਿਆਨੀ ਗੁਰਬਚਨ ਸਿੰਘ ਨੇ ਕੈਲੰਡਰ ’ਚ ਸੋਧ ਲਈ ਸੰਤ ਸਮਾਜ ਦੇ ਮੁਖੀ ਹਰਨਾਮ ਸਿੰਘ ਧੁੰਮਾ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਦੀ ਦੋ ਮੈਂਬਰੀ ਕਮੇਟੀ ਬਣਾ ਦਿੱਤੀ। ਦੋਵਾਂ ਨੂੰ ਕੈਲੰਡਰਾਂ ਸਬੰਧੀ ਮੁਢਲੀ ਜਾਣਕਾਰੀ ਵੀ ਨਹੀਂ ਸੀ ਅਤੇ ਨਾ ਹੀ ਉਨ੍ਹਾਂ ਨੇ ਕੋਈ ਰਿਪੋਰਟ ਤਿਆਰ ਕੀਤੀ, ਪਰ ਇਸ ਕਮੇਟੀ ਦੀ ਅਖੌਤੀ ਰਿਪੋਰਟ ਦਾ ਨਾਂ ਵਰਤ ਕੇ ਨਾਨਕਸ਼ਾਹੀ ਕੈਲੰਡਰ ਰੱਦ ਕਰ 4 ਕੈਲੰਡਰਾਂ ਦਾ ਮਿਲਗੋਭਾ ਕੈਲੰਡਰ ਲਾਗੂ ਕਰ ਦਿੱਤਾ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਇਸ ਅਖੌਤੀ ਸੋਧ ਦਾ ਸ਼ੁਰੂ ਤੋਂ ਹੀ ਵਿਰੋਧ ਕਰਦੇ ਰਹੇ। ਇਸ ਮਿਲਗੋਭਾ ਕੈਲੰਡਰ ਨਾਲ ਜਦੋਂ ਵਾਰ ਵਾਰ ਉਲਝਣਾ ਪੈਂਦੀਆਂ ਰਹੀਆਂ ਤਾਂ ਅਖੀਰ ਪੂਰੀ ਤਰ੍ਹਾਂ ਬਿਕ੍ਰਮੀ ਕੈਲੰਡਰ ਲਾਗੂ ਕਰ ਦਿੱਤਾ ਗਿਆ। ਇਸ ਕੈਲੰਡਰ ਮੁਤਾਬਕ 2014 ’ਚ ਗੁਰੂ ਗੋਬਿੰਦ ਸਿੰਘ ਜੀ ਦਾ ਪਕਾਸ਼ ਪੁਰਬ 28 ਦਸੰਬਰ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 26 ਦਸੰਬਰ ਨੂੰ ਸੀ; ਜਿਸ ਦਿਨ ਹਰ ਸਾਲ ਦੇ ਪ੍ਰੋਗਰਾਮ ਅਨੁਸਾਰ ਪ੍ਰਕਾਸ਼ ਗੁਰਪੁਰਬ ਦੇ ਸਬੰਧ ’ਚ ਨਗਰ ਕੀਰਤਨ ਨਿਕਲਣਾ ਸੀ। ਗਿਆਨੀ ਨੰਦਗੜ੍ਹ ਨੇ ਇਸ ਨਗਰ ਕੀਰਤਨ ’ਚ ਸ਼ਾਮਲ ਹੋਣ ਤੋਂ ਨਾ ਕਰ ਦਿੱਤੀ ਕਿ ਅੱਜ ਅਸੀਂ ਸ਼ਹੀਦੀ ਦਿਹਾੜਾ ਮਨਾਈਏ ਕਿ ਗੁਰਪੁਰਬ ? ਕਾਰਜਕਾਰਨੀ ਨੇ ਇਸ ਬਹਾਨੇ ਕਿ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਜੀ ਅਤੇ ਪੰਜ ਪਿਆਰਿਆਂ ਦੀ ਅਗਵਾਈ ’ਚ ਕੱਢਿਆ ਜਾ ਰਿਹਾ ਸੀ, ਪਰ ਗਿਆਨੀ ਨੰਦਗੜ੍ਹ ਉਨ੍ਹਾਂ ਦਾ ਸਨਮਾਨ ਕਰਨ ਨਹੀਂ ਆਏ; ਇਸ ਦੋਸ਼ ’ਚ ਉਨ੍ਹਾਂ ਨੂੰ 15 ਜਨਵਰੀ 2015 ਨੂੰ ਬਰਖਾਸਤ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਨੂੰ ਦੂਹਰਾ ਚਾਰਜ ਦੇ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਨਿਯੁਕਤ ਕਰ ਦਿੱਤਾ। ਇਹ ਖ਼ੁਦ 5 ਪਿਆਰਿਆਂ ਦਾ ਸਤਿਕਾਰ ਕਿੰਨਾ ਕੁ ਕਰਦੇ ਹਨ; ਇਸ ਦੀ ਮਿਸਾਲ 2015 ’ਚ ਹੀ ਵੇਖੀ ਜਾ ਸਕਦੀ ਹੈ। ਜਦੋਂ ਬਿਨਾਂ ਕਿਸੇ ਪੰਥਕ ਮਰਿਆਦਾ ਦੇ, ਬਿਨਾਂ ਸ੍ਰੀ ਅਕਾਲ ਤਖ਼ਤ ’ਤੇ ਪੇਸ਼ ਹੋਣ ਅਤੇ ਬਿਨਾਂ ਮੁਆਫ਼ੀ ਮੰਗਿਆਂ ਹੀ ਸੌਦਾ ਸਾਧ ਨੂੰ ਗਿਆਨੀ ਗੁਰਬਚਨ ਸਿੰਘ ਨੇ ਮਾਫ਼ੀ ਦਿੱਤੀ ਤਾਂ ਪੰਥਕ ਹਿਰਦਿਆਂ ਨੂੰ ਠੇਸ ਪਹੁੰਚਾਉਣ ਅਤੇ ਰਵਾਇਤਾਂ ਭੰਗ ਕਰਨ ਦੇ ਦੋਸ਼ ਹੇਠ ਭਾਈ ਸਤਿਨਾਮ ਸਿੰਘ ਖੰਡਾ ਦੀ ਅਗਵਾਈ ਹੇਠ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰਿਆਂ ਨੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਤਨਖ਼ਾਹੀਆ ਕਰਾਰ ਦੇ ਦਿੱਤਾ। ਪੰਜ ਪਿਆਰਿਆਂ ਦਾ ਸਨਮਾਨ ਕਰਨ ਦੀ ਥਾਂ ਸ੍ਰੋਮਣੀ ਕਮੇਟੀ ਨੇ ਇਨ੍ਹਾਂ 5 ਪਿਆਰਿਆਂ ਨੂੰ ਹੀ ਨੌਕਰੀ ਤੋਂ ਬਰਖਾਸਤ ਕਰ ਦਿੱਤਾ।

(6). ਗਿਆਨੀ ਗੁਰਮੁਖ ਸਿੰਘ ਅਨੁਸਾਰ ਉਸ ਨੂੰ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਸਮੇਤ; ਗਿਆਨੀ ਗੁਰਬਚਨ ਸਿੰਘ ਜਥੇਦਾਰ ਅਕਾਲ ਤਖ਼ਤ ਸਾਹਿਬ 16 ਸਤੰਬਰ 2015 ਨੂੰ ਆਪਣੀ ਕਾਰ ਵਿੱਚ ਬਿਠਾ ਕੇ ਚੰਡੀਗੜ੍ਹ ਵਿਖੇ ਸ: ਪ੍ਰਕਾਸ਼ ਸਿੰਘ ਬਾਦਲ (ਮੁੱਖ ਮੰਤਰੀ ਪੰਜਾਬ) ਦੀ ਸਰਕਾਰੀ ਕੋਠੀ ਵਿੱਚ ਲੈ ਕੇ ਗਿਆ; ਜਿੱਥੇ ਪਹਿਲਾਂ ਤੋਂ ਹੀ ਪ੍ਰਧਾਨ ਸ੍ਰੋਮਣੀ ਅਕਾਲੀ ਦਲ/ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਕੈਬੀਨਟ ਮੰਤਰੀ ਡਾ: ਦਲਜੀਤ ਸਿੰਘ ਚੀਮਾ ਮੌਜੂਦ ਸਨ। ਸੁਖਬੀਰ ਸਿੰਘ ਨੇ ਡੇਰਾ ਸਿਰਸਾ ਮੁਖੀ ਦੇ ਦਸਤਖ਼ਤਾਂ ਵਾਲਾ ਹਿੰਦੀ ਵਿੱਚ ਲਿਖਿਆ ਪੱਤਰ (ਜਿਸ ’ਤੇ ‘ਮਾਫ਼ੀ’ ਸ਼ਬਦ ਨਹੀਂ ਸੀ) ਜਥੇਦਾਰਾਂ ਨੂੰ ਫੜਾ ਕੇ ਕਿਹਾ ਕਿ ਜਲਦੀ ਤੋਂ ਜਲਦੀ ਕੇਸ ਰਫਾ ਦਫਾ ਕਰੋ। ਸੌਦਾ ਸਾਧ ਵੱਲੋਂ ਬਿਨਾਂ ਪੇਸ਼ ਹੋ ਕੇ ਗਲਤੀ ਮੰਨਣ ਅਤੇ ਮਾਫੀ ਮੰਗਣ ਦੇ ਹੀ 24 ਸਤੰਬਰ ਨੂੰ ਪੰਜ ਸਿੰਘ ਸਾਹਿਬਾਨ ਦੁਆਰਾ ਨਾ ਚਾਹੁੰਦੇ ਹੋਏ ਵੀ ਉਸ ਨੂੰ ਮਾਫ਼ੀ ਦੇਣੀ ਪਈ। ਇਹ ਅੰਦਰਲੀ ਖ਼ਬਰ ਲੀਕ ਕੀਤੇ ਜਾਣ ਦੀ ਗੁਸਤਾਖ਼ੀ ਕਰਨ ਦੇ ਦੋਸ਼ ਅਧੀਨ ਕੇਵਲ 4 ਦਿਨਾਂ ਬਾਅਦ 21 ਅਪ੍ਰੈਲ ਨੂੰ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਅਤੇ ਅਕਾਲ ਤਖ਼ਤ ਦੇ ਹੈੱਡ ਗ੍ਰੰਥੀ ਦੇ ਦੋਵੇਂ ਅਹੁਦਿਆਂ ਤੋਂ ਹਟਾ ਕੇ ਗਿਆਨੀ ਗੁਰਮੁਖ ਸਿੰਘ ਦਾ ਹਰਿਆਣਾ ਦੇ ਗੁਰਦੁਆਰਾ ਧਮਧਾਨ ਵਿਖੇ ਤਬਾਦਲਾ ਕਰ ਦਿੱਤਾ ਅਤੇ ਉਨ੍ਹਾਂ ਦੀ ਥਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਨਿਯੁਕਤ ਕਰ ਦਿੱਤਾ, ਪਰ ਜਦੋਂ ਬੇਅਦਬੀ ਵਾਲੇ ਕੇਸ ਦੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਪੜਤਾਲ ਕਰ ਰਹੇ ਸਨ ਤਾਂ ਇਸ ਡਰੋਂ ਕਿ ਕਦੀ ਗਿਆਨੀ ਗੁਰਮੁਖ ਸਿੰਘ ਆਪਣੇ ਇਹ ਬਿਆਨ ਕਮਿਸ਼ਨ ਅੱਗੇ ਦਰਜ ਨਾ ਕਰਾ ਦੇਵੇ; ਉਸ ਨੂੰ ਮੁੜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਦੇ ਅਹੁਦੇ ’ਤੇ ਕਾਗਜ਼ਾਂ ’ਚ ਹੀ ਤਾਇਨਾਤ ਕਰ ਦਿੱਤਾ ਜਦੋਂ ਕਿ ਉਹ ਘਰ ਬੈਠੇ ਹੀ ਹੁਣ ਤੱਕ ਮੁੱਖ ਗ੍ਰੰਥੀ ਵਾਲੀਆਂ ਸਾਰੀਆਂ ਸਹੂਲਤਾਂ ਪ੍ਰਾਪਤ ਕਰ ਰਿਹਾ ਹੈ।

 (7). ਜਦੋਂ ਗਲਤ ਹੁਕਮਨਾਮਾ ਕਰਨ ਵਾਲੇ ਜਥੇਦਾਰਾਂ ਵਿਰੁੱਧ ਸੰਗਤਾਂ ’ਚ ਗੁੱਸਾ ਅਤੇ ਰੋਸ ਵਧਿਆ ਅਤੇ ਉਹ ਸੰਗਤਾਂ ਦਾ ਸਾਹਮਣਾ ਕਰਨਯੋਗ ਵੀ ਨਾ ਰਹੇ ਤਾਂ ਆਖਰ ਗਿਆਨੀ ਗੁਰਬਚਨ ਸਿੰਘ ਤੋਂ ਅਸਤੀਫ਼ਾ ਲੈ ਕੇ ਉਨ੍ਹਾਂ ਦੀ ਥਾਂ ਮਿਤੀ 18 ਅਕਤੂਬਰ 2018 ਨੂੰ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਦੂਹਰਾ ਚਾਰਜ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੇ ਤੌਰ ’ਤੇ ਚਾਰਜ ਸੰਭਾਲ ਦਿੱਤਾ।

(8). ਗਿਆਨੀ ਹਰਪ੍ਰੀਤ ਸਿੰਘ ਅਨੁਸਾਰ 2020 ’ਚ ਅਕਾਲੀ ਦਲ ਦੇ ਸੀਨੀਅਰ ਆਗੂ ਉਨ੍ਹਾਂ ਕੋਲ ਆਏ ਤੇ ਆਖਣ ਲੱਗੇ 2015 ਦੀਆਂ ਘਟਨਾਵਾਂ ਕਾਰਨ ਸਾਡੇ ਵੱਲੋਂ ਕਈ ਵਾਰ ਮਾਫ਼ੀ ਮੰਗੇ ਜਾਣ ਦੇ ਬਾਵਜੂਦ ਸਿੱਖ ਸੰਗਤਾਂ ਉਨ੍ਹਾਂ ਨੂੰ ਮਾਫ਼ ਨਹੀਂ ਕਰ ਰਹੀਆਂ। ਇਸ ਲਈ ਤੁਸੀਂ ਸਾਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਸੱਦੋ ਅਤੇ ਮਾਮੂਲੀ ਤਨਖ਼ਾਹ ਲਾ ਕੇ ਮਾਫ਼ ਕਰ ਦਿਓ ਤਾਂ ਕਿ ਸੰਗਤਾਂ ਸਾਨੂੰ ਪ੍ਰਵਾਨ ਕਰ ਲੈਣ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਇੱਦਾਂ ਸੰਗਤਾਂ ਨੇ ਪ੍ਰਵਾਨ ਨਹੀਂ ਕਰਨਾ; ਜੇ ਪ੍ਰਵਾਨ ਹੋਣਾ ਚਾਹੁੰਦੇ ਹੋ ਤਾਂ ਆਪਣੇ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਕੇ ਆਓ ਅਤੇ ਇਕੱਲੀ ਇਕੱਲੀ ਗਲਤੀ ਦੱਸ ਕੇ ਜਦ ਤੱਕ ਮਾਫ਼ੀ ਨਹੀਂ ਮੰਗਦੇ ਤਦ ਤੱਕ ਸੰਗਤਾਂ ਨੇ ਮਾਫ਼ ਨਹੀਂ ਕਰਨਾ, ਪਰ ਇਹ ਸ਼ਰਤ ਆਗੂਆਂ ਨੂੰ ਪ੍ਰਵਾਨ ਨਹੀਂ ਸੀ। ਜਦੋਂ ਸੰਗਤਾਂ ਨੇ ਇਨ੍ਹਾਂ ਨੂੰ ਪ੍ਰਵਾਨ ਨਾ ਕੀਤਾ ਤਾਂ 2022 ’ਚ ਦੂਜੀ ਵਾਰ ਆਏ ਤਾਂ ਗਿਆਨੀ ਹਰਪ੍ਰੀਤ ਸਿੰਘ ਨੇ ਆਪਣਾ ਪਹਿਲਾ ਸਵਾਲ ਦੁਹਰਾਇਆ। ਨੇਕ ਸਲਾਹ ਮੰਨਣ ਦੀ ਥਾਂ 16 ਜੂਨ 2023 ਨੂੰ ਗਿਆਨੀ ਹਰਪ੍ਰੀਤ ਸਿੰਘ ਦੀ ਥਾਂ ਗਿਆਨੀ ਰਘਬੀਰ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪੱਕਾ ਜਥੇਦਾਰ ਲਾ ਦਿੱਤਾ।  ਸੰਨ 2024 ’ਚ ਜਦੋਂ ਲੋਕ ਸਭਾ ਦੀਆਂ 13 ਸੀਟਾਂ ’ਚੋਂ ਕੇਵਲ ਇੱਕ ਸੀਟ ਮਿਲੀ ਤੇ 10 ਸੀਟਾਂ ’ਤੇ ਜ਼ਮਾਨਤਾਂ ਜ਼ਬਤ ਕਰਵਾ ਬੈਠੇ ਤਾਂ ਅਕਾਲੀ ਦਲ ਦੇ ਅੱਧੇ ਆਗੂ ਲਿਖਤੀ ਤੌਰ ’ਤੇ ਪੱਤਰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋਏ ਕਿ ਅਕਾਲੀ ਸਰਕਾਰ ਦੌਰਾਨ ਸਾਥੋਂ ਕਈ ਗਲਤੀਆਂ ਹੋਈਆਂ ਹਨ; ਜਿਨ੍ਹਾਂ ਦਾ ਸਾਨੂੰ ਉਸ ਸਮੇਂ  ਵਿਰੋਧ ਕਰਨਾ ਚਾਹੀਦਾ ਸੀ, ਪਰ ਅਸੀਂ ਚੁੱਪ ਰਹੇ, ਇਸ ਲਈ ਸਾਨੂੰ ਤਨਖ਼ਾਹ ਲਾ ਕੇ ਮਾਫ਼ ਕੀਤਾ ਜਾਵੇ। ਕੋਈ ਚਾਰਾ ਚੱਲਦਾ ਨਾ ਵੇਖ ਆਖਿਰ ਅਕਾਲੀ ਦਲ ’ਤੇ ਕਾਬਜ਼ ਧੜਾ ਵੀ ਆ ਪੇਸ਼ ਹੋਇਆ ਅਤੇ ਆਖਣ ਲੱਗੇ ਨਿਮਾਣੇ ਸਿੱਖ ਵਜੋਂ ਅਸੀਂ ਸਾਰੀਆਂ ਗਲਤੀਆਂ ਆਪਣੀ ਝੋਲ਼ੀ ਪਵਾਉਂਦੇ ਹਾਂ, ਸਾਨੂੰ ਮਾਫ਼ ਕਰ ਦਿੱਤਾ ਜਾਵੇ, ਪਰ ਜਦੋਂ 5 ਸਿੰਘ ਸਾਹਿਬਾਨ ਨੇ 2 ਦਸੰਬਰ 2024 ਨੂੰ ਉਨ੍ਹਾਂ ਪਾਸੋਂ ਇਕੱਲੀ ਇਕੱਲੀ ਗਲਤੀ ਦਾ ਇਕਬਾਲ ਕਰਵਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਫ਼ੈਸਲਾ ਸੁਣਾਇਆ ਤਾਂ ਸਮੁੱਚੇ ਪੰਥ ਨੇ ਤਸੱਲੀ ਪ੍ਰਗਟ ਕੀਤੀ ਕਿ ਲੰਬੇ ਸਮੇਂ ਤੋਂ ਬਾਅਦ ਪਹਿਲੀ ਵਾਰ ਪੰਥਕ ਭਾਵਨਾ ਅਨੁਸਾਰ ਕੋਈ ਫ਼ੈਸਲਾ ਹੋਇਆ ਹੈ, ਜਿਸ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਤਿਕਾਰ ਅਤੇ ਸਰਬ ਉੱਚਤਾ ਸਹੀ ਮਾਅਨਿਆਂ ’ਚ ਬਹਾਲ ਹੋਵੇਗੀ। ਸੁਖਬੀਰ ਬਾਦਲ ਸਮੇਤ ਉਸ ਦਾ ਧੜਾ ਉਸ ਸਮੇਂ ਭਾਵੇਂ ਸੱਤ ਬਚਨ ਕਹਿੰਦਾ ਰਿਹਾ, ਪਰ ਅੰਦਰੇ ਅੰਦਰ ਅਜਿਹੇ ਸਵਾਲ ਕਰਨ ਵਾਲੇ ਜਥੇਦਾਰਾਂ ਨੂੰ ਸਬਕ ਸਿਖਾਉਣ ਦੀਆਂ ਸਕੀਮਾਂ ਘੜਦੇ ਰਹੇ। ਆਖਿਰ 18 ਸਾਲ ਪੁਰਾਣੇ ਇਕ ਘਰੇਲੂ ਝਗੜੇ; ਜਿਸ ਦਾ ਅਦਾਲਤ ’ਚ ਫ਼ੈਸਲਾ ਭੀ ਹੋ ਚੁੱਕਾ ਸੀ ਅਤੇ ਸ੍ਰੋਮਣੀ ਕਮੇਟੀ ਵੱਲੋਂ ਵੀ ਉਸ ਦੀ ਪੜਤਾਲ ਕਰਵਾ ਕੇ ਫਾਈਲ ਕੀਤਾ ਜਾ ਚੁੱਕਾ ਸੀ; ਨੂੰ ਮੁੜ ਚੁੱਕ ਲਿਆ ਤੇ ਇਸ ਬਹਾਨੇ 25 ਦਸੰਬਰ 2024 ਨੂੰ ਗਿਆਨੀ ਹਰਪ੍ਰੀਤ ਸਿੰਘ ’ਤੇ 5 ਸਿੰਘ ਸਾਹਿਬਾਨ ਦੀ ਮੀਟਿੰਗ ’ਚ ਭਾਗ ਲੈਣ ’ਤੇ ਰੋਕ ਲਾ ਦਿੱਤੀ ਅਤੇ 10 ਫ਼ਰਵਰੀ 2025 ਨੂੰ ਬਰਖਾਸਤ ਕਰ ਦਿੱਤਾ ਗਿਆ। ਅਸਲ ਵਿਚ ਸ੍ਰੋਮਣੀ ਕਮੇਟੀ ਦੀ ਕਾਰਜਕਾਰਨੀ ਨੇ ਇਹ ਘਿਨਾਉਣੀ ਕਾਰਵਾਈ ਇਸ ਕਾਰਨ ਕੀਤੀ ਕਿਉਂਕਿ ਉਹ ਬਾਕੀ ਦੇ ਜਥੇਦਾਰਾਂ ਤੋਂ 2 ਦਸੰਬਰ 2024 ਦਾ ਫ਼ੈਸਲਾ ਬਦਲਾਉਣਾ ਚਾਹੁੰਦੇ ਸਨ, ਪਰ ਜਦੋਂ ਬਾਕੀ ਦੇ ਜਥੇਦਾਰ ਫ਼ੈਸਲਾ ਬਦਲਣਾ ਨਾ ਮੰਨੇ ਤਾਂ 7 ਮਾਰਚ ਨੂੰ ਗਿਆਨੀ ਰਘਬੀਰ ਸਿੰਘ (ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ) ਅਤੇ ਗਿਆਨੀ ਸੁਲਤਾਨ ਸਿੰਘ (ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ) ਨੂੰ ਵੀ ਅਹੁਦੇ ਤੋਂ ਹਟਾ ਦਿੱਤਾ ਗਿਆ। ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਤਖ਼ਤ ਸ੍ਰੀ ਕੇਸਗੜ੍ਹ ਦਾ ਜਥੇਦਾਰ ਲਾਏ ਜਾਣ ਤੋਂ ਇਲਾਵਾ ਕਾਰਜਕਾਰੀ ਜਥੇਦਾਰ ਵਜੋਂ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਵਾਧੂ ਚਾਰਜ ਭੀ ਦੇ ਦਿੱਤਾ। ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਬਚਾਉਣ ਅਤੇ ਸਵ: ਪ੍ਰਕਾਸ਼ ਸਿੰਘ ਬਾਦਲ ਦਾ ਖੁੱਸਿਆ ਹੋਇਆ ‘ਪੰਥ ਰਤਨ, ਫ਼ਖਰ-ਏ-ਕੌਮ’ ਅਵਾਰਡ ਬਹਾਲ ਕਰਵਾਉਣ ਲਈ ਕੇਵਲ 25 ਦਿਨਾਂ ’ਚ 3 ਜਥੇਦਾਰ ਹਟਾਏ ਜਾਣ ਦੀ ਮੰਦਭਾਗੀ ਕਾਰਵਾਈ ਦਾ ਸਮੂਹ ਪੰਥਕ ਧਿਰਾਂ ਵੱਲੋਂ ਜਬਰਦਸਤ ਵਿਰੋਧ ਹੋ ਰਿਹਾ ਹੈ। ਜਦ ਇਸ ਤਰ੍ਹਾਂ ਜਥੇਦਾਰ ਲਾਏ ਅਤੇ ਹਟਾਏ ਜਾਣ ਦੀ ਤਾਕਤ ਕੇਵਲ ਇੱਕ ਹੀ ਆਦਮੀ ਦੇ ਹੱਥ ਹੋਵੇ ਤਾਂ ਸਰਬਉੱਚ ਐਲਾਨੇ ਜਾ ਰਹੇ ਸ੍ਰੀ ਅਕਾਲ ਤਖ਼ਤ ਤੋਂ ਨਿਰਪੱਖਤਾ ਵਾਲੇ ਅਤੇ ਗੁਰਮਤਿ ਅਨੁਸਾਰੀ ਫ਼ੈਸਲਿਆਂ ਦੀ ਉਮੀਦ ਕਿੱਥੋਂ ਤੱਕ ਰੱਖੀ ਜਾ ਸਕਦੀ ਹੈ ?

ਬਦਲਾਅ ਲਈ ਕੁਝ ਕੁ ਸੁਝਾਅ

(1). ਅਕਾਲੀ ਦਲ ਦੀ ਮੌਜੂਦਾ ਅਧੋਗਤੀ ਦਾ ਮੁੱਖ ਕਾਰਨ ਇਹ ਹੈ ਕਿ ਬਾਦਲ ਪਰਵਾਰ ਨੇ ਰਾਜਸੀ ਸੱਤਾ ਹਥਿਆਉਣ ਲਈ ਪੰਥਕ ਰਵਾਇਤਾਂ ਅਤੇ ਗੁਰਮਤਿ ਅਸੂਲਾਂ ਦੀ ਅਣਦੇਖੀ ਕਰ ਪੰਥ ਦੀਆਂ ਤਿੰਨਾਂ ਸਿਰਮੌਰ ਸੰਸਥਾਵਾਂ ਦੀ ਰੱਜ ਕੇ ਦੁਰਵਰਤੋਂ ਕੀਤੀ ਹੈ। ਇਸ ਲਈ ਤਿੰਨੇ ਸੰਸਥਾਵਾਂ ’ਤੇ ਏਕਾਧਿਕਾਰ ਖਤਮ ਕਰਨ ਲਈ ਇੱਕ ਦੀ ਬਜਾਏ ਦੋ ਪਾਰਟੀਆਂ ਬਣਾਈਆਂ ਜਾਣ, ਜਿਨ੍ਹਾਂ ’ਚੋਂ ਇੱਕ ਦਾ ਕਾਰਜ ਖੇਤਰ ਧਾਰਮਿਕ ਅਤੇ ਅਤੇ ਦੂਸਰੀ ਦਾ ਕਾਰਜ ਖੇਤਰ ਰਾਜਨੀਤਕ ਹੋਵੇ। ਕੋਈ ਵੀ ਨੀਤੀਗਤ ਫ਼ੈਸਲਾ ਕਰਨ ਦਾ ਅਧਿਕਾਰ ਕੇਵਲ ਪ੍ਰਧਾਨ ਦੀ ਬਜਾਏ ਪੰਚ ਪ੍ਰਧਾਨੀ ਪ੍ਰਬੰਧ ਕੋਲ ਹੋਵੇ। ਦੋਵਾਂ ਪਾਰਟੀਆਂ ਦਾ ਸਿਧਾਂਤਕ ਤੌਰ ’ਤੇ ਆਪਸੀ ਤਾਲਮੇਲ ਤਾਂ ਹੋਵੇ, ਪਰ ਕੋਈ ਵੀ ਵਿਅਕਤੀ ਦੋਵਾਂ ’ਚੋਂ ਕੇਵਲ ਇੱਕ ਦੀ ਚੋਣ ਕਰ ਸਕਦਾ ਹੈ ਭਾਵ ਰਾਜਨੀਤਕ ਅਕਾਲੀ ਦਲ ਨੂੰ ਸ੍ਰੋਮਣੀ ਕਮੇਟੀ ਦੀ ਚੋਣ ਲਈ ਉਮੀਦਵਾਰਾਂ ਦੀਆਂ ਟਿਕਟਾਂ ਵੰਡਣ ਅਤੇ ਪ੍ਰਧਾਨ ਦੀ ਚੋਣ ਲਈ ਉਮੀਦਵਾਰ ਐਲਾਨਣ ਦਾ ਕੋਈ ਹੱਕ ਨਾ ਹੋਵੇ ਅਤੇ ਸ੍ਰੋਮਣੀ ਕਮੇਟੀ ਮੈਂਬਰਾਂ ’ਤੇ ਹਰ ਰਾਜਨੀਤਕ ਚੋਣ ਲੜਨ ਤੇ ਉਸ ਦਾ ਪ੍ਰਚਾਰ ਕਰਨ ’ਤੇ ਪਾਬੰਦੀ ਹੋਵੇ।

(2). ਜਿਸ ਤਰ੍ਹਾਂ ਹਰ ਦੇਸ਼ ਦੀ ਰਾਜਨੀਤਕ ਚੋਣ ਲੜਨ ਲਈ ਉਸ ਦੇਸ਼ ਦਾ ਸ਼ਹਰੀ ਹੋਣਾ ਅਤੇ ਸੰਵਿਧਾਨ ਮੰਨਣਾ ਜ਼ਰੂਰੀ ਹੁੰਦਾ ਹੈ, ਉਸੇ ਤਰ੍ਹਾਂ ਸ੍ਰੋਮਣੀ ਕਮੇਟੀ ਮੈਂਬਰ ਦੇ ਉਮੀਦਵਾਰ ਲਈ ਅੰਮ੍ਰਿਤਧਾਰੀ ਸਿੱਖ ਅਤੇ ਸ੍ਰੋਮਣੀ ਕਮੇਟੀ ਵੱਲੋਂ ਛਾਪੀ ਜਾ ਰਹੀ ਸਿੱਖ ਰਹਿਤ ਮਰਿਆਦਾ ਦਾ ਧਾਰਨੀ ਹੋਣਾ ਲਾਜ਼ਮੀ ਹੋਵੇ।

(3). (ੳ) ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਹੁਕਮਨਾਮਾ ਨੰ: 219 ਏ.ਟੀ. 00 ਮਿਤੀ 29.3.2000 ’ਤੇ ਹੂ-ਬਹੂ ਅਮਲ ਕਰਵਾਉਣ ਲਈ ਸ੍ਰੋਮਣੀ ਕਮੇਟੀ ਪਾਬੰਦ ਹੋਵੇ ਭਾਵ ਜਲਦੀ ਤੋਂ ਜਲਦੀ ਗੁਰਮਤਿ ਸੋਚ ਵਾਲੇ ਮਾਹਰਾਂ ਦੀ ਕਮੇਟੀ ਦੀ ਸਥਾਪਨਾ ਕਰ ਤਖ਼ਤ ਸਾਹਿਬਾਨ ਦੇ ਜਥੇਦਾਰ ਅਤੇ ਮੁੱਖ ਗ੍ਰੰਥੀ ਸਾਹਿਬਾਨ ਦੇ ਸੇਵਾ ਨਿਯਮ; ਜਿਵੇਂ ਨਿਯੁਕਤੀ ਲਈ ਯੋਗਤਾਵਾਂ, ਉਨ੍ਹਾਂ ਦਾ ਕਾਰਜ ਖੇਤਰ, ਕਾਰਜ ਵਿਧੀ, ਅਧਿਕਾਰ ਅਤੇ ਜ਼ਿੰਮੇਵਾਰੀਆਂ, ਸੇਵਾ ਮੁਕਤੀ ਆਦਿ ਦੇ ਨਿਯਮ ਨਿਰਧਾਰਿਤ ਕੀਤੇ ਜਾਣ ਅਤੇ ਇਸ ਦੇ ਨਾਲ ਹੀ ਸਮੇਂ ਸਮੇਂ ਪੇਸ਼ ਆਉਣ ਵਾਲੀਆਂ ਪੰਥਕ ਸਮੱਸਿਆਵਾਂ ਦੇ ਹੱਲ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਕੀਤੇ ਜਾਣ ਦਾ ਸਪਸ਼ਟ ਵਿਧੀ ਵਿਧਾਨ ਸੁਨਿਸਚਿਤ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਕਿਸੇ ਵੱਲੋਂ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਨਿਜੀ ਹਿਤਾਂ ਲਈ ਵਰਤੋਂ ਦੀ ਸੰਭਾਵਨਾ ਹੀ ਨਾ ਰਹੇ ਤੇ ਖ਼ਾਲਸਾ ਪੰਥ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਮੇਂ ਸਮੇਂ ਜਾਰੀ ਕੀਤੇ ਹੁਕਮਨਾਮਿਆਂ ਦੀ ਮਾਨਤਾ ਅਤੇ ਪਵਿੱਤਰਤਾ ਕਾਇਮ ਰਹੇ।

(ਅ). ਕਿਉਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਕੇਵਲ ਸ੍ਰੋਮਣੀ ਅਕਾਲੀ ਦਲ ’ਤੇ ਹੀ ਨਹੀਂ ਬਲਕਿ ਦੇਸ਼ ਵਿਦੇਸ਼ ’ਚ ਵਸ ਰਹੇ ਅਤੇ ਹਰ ਰਾਜਨੀਤਕ ਪਾਰਟੀ ’ਚ ਵਿਚਰ ਰਹੇ ਸਿੱਖਾਂ ’ਤੇ ਇੱਕ ਸਾਰ ਲਾਗੂ ਹੁੰਦਾ ਹੈ; ਇਸ ਲਈ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਦੀ ਨਿਯੁਕਤੀ ਅਤੇ ਬਰਖਾਸਤਗੀ ਦਾ ਅਧਿਕਾਰ ਕੇਵਲ ਸ੍ਰੋਮਣੀ ਕਮੇਟੀ ਦਾ ਨਹੀਂ ਬਲਕਿ ਗੁਰਮਤਿ ਪ੍ਰਚਾਰ ਕਰ ਰਹੀਆਂ ਸਮੁੱਚੀਆਂ ਜਥੇਬੰਦੀਆਂ ਅਤੇ ਦੇਸ਼ ਵਿਦੇਸ਼ ਦੀਆਂ ਸਮੁੱਚੀਆਂ ਚੁਣੀਆਂ ਹੋਈਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਨੁੰਮਾਇੰਦਿਆਂ ਵੱਲੋਂ ਸਰਬ ਸੰਮਤੀ ਨਾਲ ਹੀ ਹੋਵੇ। ਹਰ ਸੂਬੇ/ਦੇਸ਼ ਨੂੰ ਨੁੰਮਾਇੰਦਗੀ ਉੱਥੋਂ ਦੀ ਸਿੱਖ ਵਸੋਂ ਦੀ ਗਿਣਤੀ ਦੇ ਆਧਾਰ ’ਤੇ ਮਿਲੇ।

(ੲ). ਜੇ ਹੁਕਮਨਾਮਾ ਜਾਰੀ ਕਰਨ ਦਾ ਅਧਿਕਾਰ ਕੇਵਲ ਪੰਜ ਸਿੰਘਾਂ ਨੂੰ ਦੇ ਦਿੱਤਾ ਜਾਵੇ ਤਾਂ ਕੋਈ ਵੀ ਜਥੇਦਾਰ ਸੱਤਾ ਦੇ ਪ੍ਰਭਾਵ ਹੇਠ ਆ ਕੇ ਜਾਂ ਕਿਸੇ ਏਜੰਸੀ ਵੱਲੋਂ ਖਰੀਦੇ ਜਾਣ ਦੀ ਸੰਭਾਵਨਾ ਅਧੀਨ ਸਰਬਰਾਹ ਅਰੂੜ ਸਿੰਘ, ਗਿਆਨੀ ਪੂਰਨ ਸਿੰਘ ਅਤੇ ਗਿਆਨੀ ਗੁਰਬਚਨ ਸਿੰਘ ਵਾਙ ਅਜਿਹੇ ਹੁਕਮਨਾਮੇ ਜਾਰੀ ਕਰਦਾ ਰਹੇਗਾ, ਜਿਨ੍ਹਾਂ ਦੇ ਮੰਨਣ ਨਾਲ ਸਿੱਖ ਮਰਿਆਦਾ ਅਤੇ ਪੰਥਕ ਮਾਨ ਸਨਮਾਨ ਦਾਅ ’ਤੇ ਲੱਗ ਸਕਦੀ ਹੈ। ਇਸ ਲਈ ਹੁਕਮਨਾਮਾ ਜਾਰੀ ਕਰਨ ਦਾ ਅਧਿਕਾਰ ਕੇਵਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਾਂ ਪੰਜਾਂ ਜਥੇਦਾਰਾਂ ਕੋਲ ਨਾ ਹੋਵੇ। ਜਦੋਂ ਵੀ ਕੋਈ ਪੰਥਕ ਮਸਲਾ ਆਵੇ ਤਾਂ ਪੰਜੇ ਜਥੇਦਾਰ ਆਪਸੀ ਸਲਾਹ ਪਿੱਛੋਂ ਦੇਸ਼ ਵਿਦੇਸ਼ ਦੀਆਂ ਸੁਮੱਚੀਆਂ ਸਿੱਖ ਜਥੇਬੰਦੀਆਂ ਅਤੇ ਪੰਥਕ ਵਿਦਵਾਨਾਂ ਦਾ ਨੁੰਮਾਇੰਦਾ ਇਕੱਠ ਸੱਦਣ, ਜੋ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਿੱਖ ਇਤਿਹਾਸ ਦੀ ਰੌਸ਼ਨੀ ’ਚ ਫੈਸਲਾ ਲੈਣ। ਇਸ ਤਰ੍ਹਾਂ ਦੇ ਫੈਸਲੇ ਦਾ ਪੰਜ ਸਿੰਘ ਸਾਹਿਬਾਨ; ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਫ਼ਸੀਲ ਤੋਂ ਐਲਾਨ ਕਰਨ; ਜੋ ਹਰ ਸਿੱਖ ਲਈ ਮੰਨਣਾ ਲਾਜ਼ਮੀ ਹੋਵੇ।

(4). ਸ੍ਰੋਮਣੀ ਅਕਾਲ ਦਲ (ਰਾਜਨੀਤਕ) ਦਾ ਮੈਂਬਰ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ’ਤੇ ਅਮਲ ਕਰਨ ਵਾਲਾ ਪੰਜਾਬ ਦਾ ਹਰ ਉਹ ਵਸਨੀਕ ਬਣ ਸਕਦਾ ਹੋਵੇ, ਜੋ ਪੰਜਾਬ ਦੇ ਆਰਥਿਕ ਅਤੇ ਰਾਜਨੀਤਕ ਮੁੱਦਿਆਂ ਲਈ ਹਰ ਕੁਰਬਾਨੀ ਦੇਣ ਲਈ ਤਤਪਰ ਰਹੇ। ਕੋਈ ਵੀ ਮੈਂਬਰ; ਗ਼ੈਰ ਸਿੱਖ ਭਾਵੇਂ ਹੋਵੇ, ਪਰ ਫਿਰਕਾ ਪ੍ਰਸਤ ਨਾ ਹੋਵੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਮੁੱਢਲੇ ਸਿਧਾਂਤ ‘‘ਅਵਲਿ, ਅਲਹ ਨੂਰੁ ਉਪਾਇਆ; ਕੁਦਰਤਿ ਕੇ ਸਭ ਬੰਦੇ ਏਕ ਨੂਰ ਤੇ ਸਭੁ ਜਗੁ ਉਪਜਿਆ; ਕਉਨ ਭਲੇ ? ਕੋ ਮੰਦੇ ? ’’ ਅਤੇ ‘‘ਜਾਤਿ ਕਾ ਗਰਬੁ ਕਰਿ ਮੂਰਖ ਗਵਾਰਾ   ਇਸੁ ਗਰਬ ਤੇ ਚਲਹਿ; ਬਹੁਤੁ ਵਿਕਾਰਾ ’’ (ਮਹਲਾ /੧੧੨੮) ’ਤੇ ਦ੍ਰਿੜ੍ਹਤਾ ਨਾਲ ਪਹਿਰਾ ਦੇਣ ਵਾਲਾ ਹੋਵੇ ਯਾਨੀ ਸਮਾਜ ’ਚ ਵੰਡੀਆਂ ਪਾ ਕੇ ਨਫ਼ਰਤਾਂ ਫੈਲਾਉਣ ਵਾਲਾ ਕਦਾਚਿਤ ਨਾ ਹੋਵੇ।

(5). ਕਿਸੇ ਐਸੀ ਪਾਰਟੀ ਨੂੰ, ਜੋ ਉਕਤ ਨੰ: 4 ’ਚ ਵਰਨਣ ਕੀਤੇ ਸਿਧਾਂਤ ਦੀ ਵਿਰੋਧਤਾ ਕਰਦੀ ਹੋਵੇ, ਨੂੰ ਬਿਨਾਂ ਸ਼ਰਤ ਹਿਮਾਇਤ ਦੇਣੀ; ਕੌਮ ਅਤੇ ਪੰਜਾਬ ਦੇ ਸਿਆਸੀ ਤੇ ਆਰਥਿਕ ਹਿਤਾਂ ਨੂੰ ਢਾਹ ਲਾਉਣ ਤੁਲ ਹੈ, ਇਸ ਲਈ ਸ੍ਰੋਮਣੀ ਅਕਾਲੀ ਦਾ ਮੁੱਖ ਏਜੰਡਾ; ਦੇਸ਼ ਦੀਆਂ ਸਮੂਹ ਖੇਤਰੀ ਪਾਰਟੀਆਂ ਨੂੰ ਇੱਕ ਸਾਂਝੇ ਖੇਤਰੀ ਮੁੱਦੇ ’ਤੇ ਇਕੱਤਰ ਕਰ ਰਾਸਟਰੀ ਤੌਰ ’ਤੇ ਗੱਠਜੋੜ ਕਰਨਾ ਹੋਵੇ; ਜੋ ਬਹੁ ਕੌਮੀ ਸੂਬਿਆਂ ਦੇ ਆਪਣੇ ਵਿਲੱਖਣ ਸੱਭਿਆਚਾਰ, ਮਾਤ ਭਾਸ਼ਾ ਅਤੇ ਆਰਥਿਕ/ਰਾਜਨੀਤਕ ਹਿਤਾਂ ਦੀ ਪੂਰਤੀ ਲਈ ਭਾਰਤ ਸਰਕਾਰ ਵੱਲੋਂ ਸਾਰੀਆਂ ਸ਼ਕਤੀਆਂ ਦੇ ਕੇਂਦਰੀਕਰਨ ਦਾ ਵਿਰੋਧ ਅਤੇ ਵਿਕੇਂਦਰੀਕਰਨ (Fedral System)  ਲਾਗੂ ਕਰਨ ਦੀ ਹਾਮੀ ਭਰਨ।