ਸ਼ਬਦ ਗੁਰੂ (ਭਾਗ ਤੀਜਾ)
ਗਿਆਨੀ ਰਣਜੋਧ ਸਿੰਘ ਜੀ
ਦੀਪਕ ਤੇ ਦੀਪਕੁ ਪਰਗਾਸਿਆ; ਤ੍ਰਿਭਵਣ ਜੋਤਿ ਦਿਖਾਈ ॥
ਸਚੈ ਤਖਤਿ ਸਚ ਮਹਲੀ ਬੈਠੇ; ਨਿਰਭਉ ਤਾੜੀ ਲਾਈ ॥ (ਮਹਲਾ ੧/੯੦੭)
ਇੱਕ ਜਾਗਦਾ ਦੀਵਾ; ਦੂਸਰੇ ਬੁਝੇ ਹੋਏ ਦੀਵੇ ਨੂੰ ਜਗਾ ਦਿੰਦਾ ਹੈ, ਜੋ ਪਹਿਲਾਂ ਬੁਝਿਆ ਦੀਵਾ ਸੀ, ਚਾਨਣਾ ਨਹੀਂ ਸੀ ਕਰਦਾ। ਹੁਣ ਉਹ ਬੁਝਿਆ ਦੀਵਾ ਜਗ ਗਿਆ ਹੈ। ਹੁਣ ਜਗ ਕੇ ਚਾਨਣਾ ਫੈਲਾਉਂਦਾ ਹੈ। ਗੁਰੂ ਜਾਗਦਾ ਹੋਇਆ ਦੀਪਕ ਹੈ, ਜੋ ਗਿਆਨ ਦਾ ਚਾਨਣ ਫੈਲਾਉਂਦਾ ਹੈ। ਗੁਰਬਾਣੀ ਅੰਦਰ ਇਸ ਦਾ ਜ਼ਿਕਰ ਹੈ, ਫ਼ੁਰਮਾਨ ਹੈ ‘‘ਗੁਰੁ ਦਾਤਾ, ਗੁਰੁ ਹਿਵੈ ਘਰੁ; ਗੁਰੁ ਦੀਪਕੁ ਤਿਹ ਲੋਇ ॥ ਅਮਰ ਪਦਾਰਥੁ ਨਾਨਕਾ ! ਮਨਿ ਮਾਨਿਐ, ਸੁਖੁ ਹੋਇ ॥’’ (ਮਹਲਾ ੧/੧੩੭) ਭਾਵ ਗੁਰੂ, ਨਾਮ ਦੇਣ ਵਾਲਾ ਦਾਤਾ ਹੈ। ਗੁਰੂ, ਸਹਜ ਸ਼ਾਂਤੀ ਅਡੋਲਤਾ ਦਾ ਘਰ ਹੈ। ਗੁਰੂ, ਗਿਆਨ ਦਾ ਚਾਨਣ ਕਰਨ ਵਾਲਾ ਦੀਪਕ ਵੀ ਹੈ। ਗੁਰੂ ਨਾਨਕ ਸਾਹਿਬ ਜੀ ਮੁਕੰਮਲ ਜਗਦੇ ਦੀਵੇ ਦੀ ਤਰ੍ਹਾਂ ਹਨ। ਉਦੈ ਹੋਇ ਸੂਰਜ ਦੀ ਤਰ੍ਹਾਂ ਵੀ ਹਨ। ਭਾਈ ਲਹਿਣਾ ਜੀ 1532 ਈਸਵੀ ਨੂੰ ਗੁਰੂ ਨਾਨਕ ਪਾਤਿਸ਼ਾਹ ਜੀ ਦੀ ਸ਼ਰਨ ਆਏ ਸਨ। ਭਾਈ ਲਹਿਣਾ ਜੀ ਦੇਵੀਆਂ ਦੇ ਪੁਜਾਰੀ, ਕਰਮਕਾਂਡੀ ਹੋਣ ਕਰਕੇ ਬੁਝੇ ਹੋਏ ਦੀਵੇ ਵਾਂਗ ਸਨ, ਪਰ ਗੁਰੂ ਨਾਨਕ ਪਾਤਿਸ਼ਾਹ ਜੀ ਦੀ ਸ਼ਰਨ; ਮਨ ਤਨ ਕਰਕੇ ਪੂਰੀ ਇਮਾਨਦਾਰੀ ਨਾਲ ਆਏ ਸਨ। ਗੁਰੂ ਨਾਨਕ ਸਾਹਿਬ ਜੀ ਨੇ 7 ਸਾਲ ਵਿੱਚ ਬੁਝੇ ਦੀਵੇ ਨੂੰ ਪੂਰਾ ਜਗਾ ਦਿੱਤਾ ਸੀ। ਜੋ ਹਿੰਮਤ ਦਾ, ਨਿਰਭਉ ਨਿਰਵੈਰ ਦਾ, ਕ੍ਰਾਂਤੀ ਲਿਆਉਣ ਦਾ, ਸੱਚ ਅਤੇ ਗਿਆਨ ਦਾ ਚਾਨਣ ਗੁਰੂ ਨਾਨਕ ਪਾਤਿਸ਼ਾਹ ਅੰਦਰ ਸੀ, ਉਹੀ ਹਿੰਮਤ, ਨਿਰਭਉ, ਨਿਰਵੈਰ, ਕ੍ਰਾਂਤੀ, ਸੱਚ ਅਤੇ ਗਿਆਨ ਦਾ ਚਾਨਣ; ਅੱਗੋਂ ਭਾਈ ਲਹਿਣਾ ਜੀ ਅੰਦਰ ਜਗਾ ਦਿੱਤਾ ਸੀ। ਫਿਰ ਅੱਗੋਂ ਸਾਰੇ ਗੁਰੂ ਸਾਹਿਬਾਨ ਅੰਦਰ ਵੀ ਇਹੀ ਰੱਬੀ ਗੁਣਾਂ ਦਾ ਪੂਰਾ ਚਾਨਣ ਰਿਹਾ। ਗਿਆਨ ਦਾ ਚਾਨਣ ਰਤੀ ਭਰ ਵੀ ਮੱਧਮ ਨਹੀਂ ਸੀ ਪਿਆ। ਕਿਸੇ ਵੀ ਪੱਖ ਤੋਂ ਕੋਈ ਗਿਰਾਵਟ ਨਹੀਂ ਸੀ ਆਈ ਸਗੋਂ ਅੱਗੋਂ ਦੇ ਅੱਗੇ ਚੜਦੀ ਕਲਾ ਹੁੰਦੀ ਗਈ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਆਪ ਹਰ ਪੱਖ ਤੋਂ ਮੁਕੰਮਲ ਸਨ। ਧੁਰੋਂ ਅਕਾਲ ਪੁਰਖ ਤੋਂ ਵਰਸਾਏ ਹੋਏ ਸਨ। ਇੱਥੇ ਇੱਕ ਅਹਿਮ ਨੁਕਤਾ ਸਾਂਝਾ ਕਰਕੇ ਅੱਗੇ ਚਲਾਂਗਾ। ਉਹ ਨੁਕਤਾ ਸਾਂਝਾ ਕਰਨਾ ਬਹੁਤ ਜ਼ਰੂਰੀ ਹੈ। ਅੱਜ ਡੇਰਿਆਂ ਦੀ ਹਾਲਤ ਬਹੁਤ ਬਦਤਰ ਬਣ ਚੁੱਕੀ ਹੈ। ਅੱਜ ਡੇਰਿਆਂ ਵਿੱਚ ਬਦਫੈਲੀ ਹੋ ਰਹੀ ਹੈ। ਗੱਦੀ ਵਾਸਤੇ ਗੋਲੀਆਂ ਚੱਲਦੀਆਂ ਹਨ। ਡੇਰੇ ਵਿਵਚਾਰ ਦੇ ਅੱਡੇ ਬਣੇ ਹੋਏ ਹਨ। ਮਜਬੂਤ ਔਰਤਾਂ ਦਾ ਸ਼ੋਸ਼ਣ ਹੋ ਰਿਹਾ ਹੈ। ਕਈ ਸਾਧ ਜੇਲਾਂ ਵਿੱਚ ਹਨ। ਕਈਆਂ ’ਤੇ ਕੇਸ ਚੱਲਦੇ ਹਨ। ਹਰੇਕ ਧਰਮ ਦੀ ਸੰਪਰਦਾ ਦੇ ਡੇਰੇ ਦੇ ਹਾਲਾਤ ਬਹੁਤ ਬਦਤਰ ਬਣੇ ਹੋਏ ਹਨ। ਸੋ ਬ੍ਰਹਮ ਗਿਆਨੀ ਸਾਧ ਕਿਸੇ ਨਾ ਕਿਸੇ ਵਿਵਾਦ ਵਿੱਚ ਫਸਿਆ ਹੈ। ਇਹਨਾਂ ਦਾ ਜੀਵਨ ਇੱਕ ਆਮ ਆਦਮੀ ਤੋਂ ਵੀ ਗਿਰਿਆ ਹੋਇਆ ਹੈ। ਜੈਸਾ ਗੁਰਬਾਣੀ ਦਾ ਫ਼ੁਰਮਾਨ ਹੈ, ‘‘ਕਾਲੁ ਨਾਹੀ ਜੋਗੁ ਨਾਹੀ; ਨਾਹੀ ਸਤ ਕਾ ਢਬੁ ॥ ਥਾਨਸਟ ਜਗ ਭਰਿਸਟ ਹੋਏ; ਡੂਬਤਾ ਇਵ ਜਗੁ ॥੧॥ ਕਲ ਮਹਿ; ਰਾਮ ਨਾਮੁ ਸਾਰੁ ॥ ਅਖੀ ਤ ਮੀਟਹਿ ਨਾਕ ਪਕੜਹਿ; ਠਗਣ ਕਉ ਸੰਸਾਰੁ ॥੧॥ ਰਹਾਉ ॥ ਆਂਟ ਸੇਤੀ ਨਾਕੁ ਪਕੜਹਿ; ਸੂਝਤੇ ਤਿਨਿ ਲੋਅ ॥ ਮਗਰ ਪਾਛੈ ਕਛੁ ਨ ਸੂਝੈ; ਏਹੁ ਪਦਮੁ ਅਲੋਅ ॥੨॥ ਖਤ੍ਰੀਆ ਤ ਧਰਮੁ ਛੋਡਿਆ; ਮਲੇਛ ਭਾਖਿਆ ਗਹੀ ॥ ਸ੍ਰਿਸਟਿ ਸਭ ਇਕ ਵਰਨ ਹੋਈ; ਧਰਮ ਕੀ ਗਤਿ ਰਹੀ ॥੩॥ ਅਸਟ ਸਾਜ ਸਾਜਿ ਪੁਰਾਣ ਸੋਧਹਿ; ਕਰਹਿ ਬੇਦ ਅਭਿਆਸੁ ॥ ਬਿਨੁ ਨਾਮ ਹਰਿ ਕੇ ਮੁਕਤਿ ਨਾਹੀ; ਕਹੈ ਨਾਨਕੁ ਦਾਸੁ ॥੪॥’’ (ਮਹਲਾ ੧/੬੬੩)
‘ਥਾਨਸਟ’ ਦਾ ਅਰਥ ਭਾਈ ਕਾਹਨ ਸਿੰਘ ਨਾਭਾ ਨੇ ਮਹਾਨ ਕੋਸ਼ ਵਿੱਚ ਧਾਰਮਿਕ ਅਸਥਾਨ ਕੀਤਾ ਹੈ। ਅੱਜ ਵੀ ਥਾਨਸਟ ਧਾਰਮਿਕ ਅਸਥਾਨ ਵਿਵਾਦਾਂ ਅਤੇ ਵਿਭਚਾਰ ਕਾਰਨ ਭ੍ਰਿਸ਼ਟ ਹੋ ਗਏ ਹਨ। ਇਹ ਡੇਰਿਆਂ ਵਿੱਚ ਲੋਕਾਂ ਨੂੰ ਲੁੱਟਣ ਵਾਸਤੇ ਬਹੁਤ ਪਾਖੰਡ ਹੋ ਰਿਹਾ ਹੈ। ਡੇਰਿਆਂ ਵਿੱਚ ਬਹੁਤ ਗਿਰਾਵਟ ਹੈ। ਚੇਲਿਆਂ ਵੱਲੋਂ ਚੇਲਿਆਂ ਨੂੰ ਨੰਗੇ ਕਰਕੇ ਕੁੱਟਿਆ ਜਾਂਦਾ ਹੈ। ਡੇਰੇ ਭਰਿਸ਼ਟ ਹੋ ਗਏ ਹਨ। ਧਰਮ ਦੇ ਨਾਮ ’ਤੇ ਬਹੁਤ ਪਾਖੰਡ ਹੋ ਰਿਹਾ ਹੈ। ਅਖੰਡ ਪਾਠਾਂ ਦੀਆਂ ਲੜੀਆਂ, ਸੰਪਟ ਪਾਠਾਂ ਦਾ ਪਾਖੰਡ, ਕਰੋੜਾਂ ਮੂਲ ਮੰਤਰ ਜਪਣ ਦੇ ਪਾਖੰਡ, ਸੀਨਾ ਬ ਸੀਨਾ ਦਾ ਪਾਖੰਡ; ਤੁਸੀਂ ਸਾਧਾਂ ਦੇ ਚੇਲਿਆਂ ਅਤੇ ਡੇਰਿਆਂ ਵਿੱਚ ਜਾਣ ਵਾਲੀ ਆਮ ਸੰਗਤਾਂ ਤੋਂ ਸੁਣੋਗੇ ਕਿ ਪਹਿਲਾ ਮਹਾਂ ਪੁਰਸ਼ ਬਹੁਤ ਬੰਦਗੀ ਵਾਲੇ, ਬਹੁਤ ਕਰਨੀ ਵਾਲੇ, ਉੱਚੇ ਜੀਵਨ ਵਾਲੇ ਸਨ। ਇਹਨਾਂ ਤੋਂ ਪੁੱਛਿਆ ਜਾਵੇ ਕਿ ਅੱਜ ਤੁਹਾਡੇ ਬ੍ਰਹਮ ਗਿਆਨੀਆਂ ਵਿੱਚ ਗਿਰਾਵਟ ਕਿਉਂ ਆਈ ਹੈ ? ਜੇ ਅੱਜ ਦੇ ਸਾਧਾਂ ਦੇ ਜੀਵਨ ਵਿੱਚ ਗਿਰਾਵਟ ਹੈ। ਫਿਰ ਇਸ ਦਾ ਮਤਲਬ ਇਹ ਹੋਇਆ ਪਹਿਲੇ ਮਹਾਂ ਪੁਰਸ਼ਾਂ ਦੁਆਰਾ ਕੀਤੀ ਚੋਣ ਸਹੀ ਨਹੀਂ ਸੀ। ਮਹਾਂ ਪੁਰਸ਼ ਦੂਰ ਅੰਦੇਸ਼ੀ ਪਾਰਖੂ ਨਜ਼ਰ ਵਾਲੇ ਨਹੀਂ ਸਨ। ਇਸੇ ਕਰਕੇ ਹੀ ਗਿਰਾਵਟ ਹੈ। ਜੇਕਰ ਪਹਿਲੇ ਮਹਾਂ ਪੁਰਸ਼ ਦੂਰ ਅੰਦੇਸ਼ੀ ਪਾਰਖੂ ਨਜ਼ਰ ਵਾਲੇ ਇਮਾਨਦਾਰ ਹੁੰਦੇ ਤਾਂ ਹਾਲਾਤ ਅੱਜ ਵਾਲੇ ਨਾ ਹੁੰਦੇ। ਅਗਰ ਪਹਿਲੇ ਮਹਾਂ ਪੁਰਸ਼ ਮੁਕੰਮਲ ਹੁੰਦੇ ਤਾਂ ਅੱਜ ਦੇ ਡੇਰੇਦਾਰਾਂ ਵਿੱਚ ਇਸ ਪੱਧਰ ਦੀ ਗਿਰਾਵਟ ਨਾ ਹੁੰਦੀ।
ਇਤਿਹਾਸ ਗਵਾਹ ਹੈ ਕਿ ਗੁਰੂ ਨਾਨਕ ਸਾਹਿਬ ਜੀ ਬਹੁਤ ਦੂਰ ਅੰਦੇਸ਼ੀ, ਪਾਰਖੂ ਨਜ਼ਰ ਵਾਲੇ, ਇਮਾਨਦਾਰ, ਹਰ ਪੱਖ ਤੋਂ ਮੁਕੰਮਲ ਸਨ, ਇਸੇ ਕਰਕੇ ਉਹਨਾਂ ਤੋਂ ਲੈ ਕੇ ਅੱਗੋਂ ਗੁਰੂ ਗੋਬਿੰਦ ਸਿੰਘ ਜੀ ਤੱਕ ਕਿਸੇ ਵੀ ਗੁਰੂ ਸਾਹਿਬ ਜੀ ਦੇ ਜੀਵਨ ਵਿੱਚ ਇੱਕ ਰੱਤੀ ਭਰ ਵੀ ਗਿਰਾਵਟ ਨਹੀਂ ਆਈ ਸਗੋਂ ਅੱਗੇ ਤੋਂ ਅੱਗੇ ਚੜ੍ਹਦੀ ਕਲਾ ਆਉਂਦੀ ਗਈ। ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਿਆਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਖ਼ਸ਼ੀ ਜੋ ਰਹਿੰਦੀ ਦੁਨੀਆਂ ਤੱਕ ਅਟੱਲ ਹੈ। ਫਿਰ ਬਾਬਾ ਬੰਦਾ ਸਿੰਘ ਬਹਾਦਰ; ਗੁਰੂ ਗੋਬਿੰਦ ਸਿੰਘ ਜੀ ਵੱਲੋਂ ਵਰੋਸਾਏ ਸਨ। ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸ਼ਹੀਦੀ ਲਾਸਾਨੀ ਅਤੇ ਅਦੁੱਤੀ ਹੈ ਕਿਉਂਕਿ ਪੂਰਨ ਪੁਰਖ ਵੱਲੋਂ ਵਰੋਸਾਏ ਸਨ। ਕੀ ਕੋਈ ਕਹਿ ਸਕਿਆ ਕਿ ਪਹਿਲੇ ਗੁਰੂ ਸਾਹਿਬ ਬਹੁਤ ਕਰਨੀ ਵਾਲੇ ਸਨ। ਫਿਰ ਬਾਅਦ ਵਿੱਚ ਗਿਰਾਵਟ ਆਈ। ਕੋਈ ਨਹੀਂ ਕਹਿ ਸਕਦਾ। ਤੱਥ ਫੈਕਟ ਦੁਨੀਆ ਦੇ ਸਾਹਮਣੇ ਹਨ। ਜਗਦਾ ਦੀਵਾ ਹੀ ਬੁਝੇ ਹੋਏ ਦੀਵੇ ਨੂੰ ਜਗਾ ਸਕਦਾ ਹੈ। ਅੱਜ ਬੁਝੇ ਦੀਵੇ ਬਹੁਤ ਹੋਰਾਂ ਨੂੰ ਜਗਾਉਣ ਦਾ ਦਾਅਵਾ ਕਰਦੇ ਹਨ। ਇਹ ਆਪ ਬੁਝੇ ਹੋਏ ਦੀਵੇ ਹਨ। ਦੂਸਰਿਆਂ ਨੂੰ ਬੁਝੇ ਦੀਵੇ ਨਹੀਂ ਜਗਾ ਸਕਦੇ। ਅੱਜ ਸਿਰਫ ਜਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ। ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਹਿਣਾ ਜੀ ਨੂੰ ਜੀਵਨ ਦੇ ਹਰ ਪੱਖ ਤੋਂ ਪੂਰਨ ਕੀਤਾ, ਫਿਰ ਆਪਣੇ ਜਿਉਂਦਿਆਂ ਹੀ ਗੁਰਿਆਈ ਦੇ ਵਾਰਸ ਬਣਾਇਆ, ‘‘ਗੁਰਿ ਚੇਲੇ ਰਹਰਾਸਿ ਕੀਈ; ਨਾਨਕਿ (ਨੇ) ਸਲਾਮਤਿ ਥੀਵਦੈ ॥ ਸਹਿ (ਨੇ) ਟਿਕਾ ਦਿਤੋਸੁ, ਜੀਵਦੈ ॥ (ਸਤਾ ਬਲਵੰਡ/੯੬੬) ਭਾਵ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਚੇਲੇ ਸਿੱਖ ਭਾਈ ਲਹਿਣਾ ਜੀ ਵਾਸਤੇ ਆਪ ਰਹਰਾਸਿ (ਅਰਦਾਸ) ਕੀਤੀ। ਗੁਰਿਆਈ ਬਖ਼ਸ਼ਣ ਦੀ ਸਾਰੀ ਪ੍ਰਕਿਰਿਆ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਸਲਾਮਤੀ ’ਚ ਭਾਵ ਜੀਵਦਿਆਂ ਆਪ ਨਿਭਾਈ। ਮਾਲਕ ਗੁਰੂ ਨਾਨਕ ਸਾਹਿਬ ਜੀ ਨੇ ਆਪ ਆਪਣੇ ਹੱਥੀ ਭਾਈ ਲਹਿਣਾ ਜੀ ਨੂੰ ਆਪਣੇ ਥਾਂ ਟਿਕਾ ਦਿੱਤਾ। ਭਾਈ ਗੁਰਦਾਸ ਜੀ ਵੀ ਆਖਦੇ ਹਨ :
ਮਾਰਿਆ ਸਿਕਾ ਜਗਤ੍ਰਿ ਵਿਚਿ; ਨਾਨਕ ਨਿਰਮਲ ਪੰਥ ਚਲਾਇਆ ।
ਥਾਪਿਆ ਲਹਿਣਾ ਜੀਵਦੇ; ਗੁਰਿਆਈ ਸਿਰਿ ਛਤ੍ਰ ਫਿਰਾਇਆ ।
ਜੋਤੀ ਜੋਤਿ ਮਿਲਾਇ ਕੈ; ਸਤਿਗੁਰ ਨਾਨਕ ਰੂਪ ਵਟਾਇਆ ।
ਲਖਿ ਨ ਕੋਈ ਸਕਈ; ਆਚਰਜੇ ਆਚਰਜ ਦਿਖਾਇਆ ।
ਕਾਇਆ ਪਲਟਿ; ਸਰੂਪ ਬਣਾਇਆ । (੧/੪੫)
ਗੁਰੂ ਨਾਨਕ ਸਾਹਿਬ ਜੀ ਨੇ ਜਾਮਾ ਬਦਲਿਆ ਹੈ। ਆਪਣੀ ਜੋਤਿ ਅਤੇ ਜੁਗਤਿ ਦਾ ਰੂਪ ਭਾਈ ਲਹਿਣਾ ਜੀ ਨੂੰ ਬਖ਼ਸ਼ਿਆ ਹੈ। ਜਨਮ ਸਾਖੀ ਦਾ ਕਰਤਾ ਲਿਖਦਾ ਹੈ :
ਬਾਬਾ ਮੜੀ ਨਾ ਗੋਰ; ਗੁਰ ਅੰਗਦ ਕੇ ਹੀਏ ਮਾਹਿ ।
ਯਹ ਮਹਿ ਪੁਨ ਸਤਸੰਗਤ ਕੀ ਠੌਰ; ਨਿਸ ਦਿਨ ਬਸਵੋ ਮੈ ਕਰਉ । (ਜਨਮ ਸਾਖੀ)
ਹੁਣ ਧੁਰੋਂ ਵਰਸਾਏ ਗੁਰੂ ਨਾਨਕ ਸਾਹਿਬ ਜੀ ਦੀ ਜੋਤਿ ਅਤੇ ਜੁਗਤਿ; ਗੁਰੂ ਅੰਗਦ ਸਾਹਿਬ ਜੀ ਕੋਲ ਆ ਗਈ। ਗੁਰੂ ਅੰਗਦ ਸਾਹਿਬ ਜੀ ਨੇ ਸਿੱਖੀ ਪ੍ਰਚਾਰ ਦਾ ਕੇਂਦਰ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਅਨੁਸਾਰ ਖਡੂਰ ਸਾਹਿਬ ਨੂੰ ਬਣਾਇਆ। ਗੁਰੂ ਅੰਗਦ ਪਾਤਿਸ਼ਾਹ ਖਡੂਰ ਸਾਹਿਬ ਵਿਖੇ ਨਿਰਭਉ, ਨਿਰਵੈਰ, ਸੱਚ ਦਾ ਉਪਦੇਸ਼ ਕਰਦੇ ਸਨ। ਸਰੀਰਕ ਤੰਦਰੁਸਤੀ ਵਾਸਤੇ ਗੁਰੂ ਅੰਗਦ ਸਾਹਿਬ ਨੇ ਖਡੂਰ ਸਾਹਿਬ ਵਿਖੇ ਮੱਲ ਅਖਾੜਾ ਬਣਵਾਇਆ। ਜਿੱਥੇ ਸਿੱਖਾਂ ਦੀਆਂ ਕੁਸ਼ਤੀਆਂ ਕਰਵਾਉਂਦੇ ਸਨ। ਸ਼ਸਤਰ ਵਿਦਿਆ ਅਤੇ ਹੋਲਾ ਮਹੱਲਾ ਦੀ ਬੁਨਿਆਦ, ਇਹ ਮੱਲ ਅਖਾੜੇ ਖੇਡ ਦੇ ਮੈਦਾਨ ਸਨ। ਇਤਿਹਾਸ ਲਿਖਦਾ ਹੈ ਕਿ 27 ਮਈ 1540 ਈਸਵੀ ਨੂੰ ਬਾਬਰ ਦਾ ਵੱਡਾ ਪੁੱਤਰ ਹੁਮਾਯੂੰ; ਹਸਨ ਖਾਨ ਦੇ ਪੁੱਤਰ ਸ਼ੇਰ ਸ਼ਾਹ ਸੂਰੀ ਕੋਲੋਂ ਕਨੌਜ ਦੀ ਜੰਗ ਵਿੱਚੋਂ ਹਾਰ ਖਾ ਕੇ ਪੰਜਾਬ ਵੱਲ ਦੌੜ ਆਇਆ ਸੀ। ਜਦੋਂ ਹੁਮਾਯੂੰ ਖਡੂਰ ਸਾਹਿਬ ਆਇਆ ਤਾਂ ਗੁਰੂ ਅੰਗਦ ਸਾਹਿਬ ਉਸ ਵੇਲੇ ਮੱਲ ਅਖਾੜੇ ਵਿੱਚ ਸਿੱਖਾਂ ਦੀਆਂ ਕੁਸ਼ਤੀਆਂ ਕਰਵਾ ਰਹੇ ਸਨ। ਹੁਮਾਯੂੰ ਵੱਲ ਧਿਆਨ ਹੀ ਨਾ ਗਿਆ। ਕ੍ਰੋਧ ਵਿੱਚ ਆ ਕੇ ਹਮਾਯੂੰ ਨੇ ਮਿਆਨ ਵਿੱਚੋਂ ਤਲਵਾਰ ਕੱਢ ਲਈ ਸੀ। ਗੁਰੂ ਸਾਹਿਬ ਨੂੰ ਜਦੋਂ ਲਲਕਾਰਿਆ ਤਾਂ ਗੁਰੂ ਅੰਗਦ ਸਾਹਿਬ ਨੇ ਬੜੇ ਧੀਰਜ ਨਾਲ ਅਤੇ ਸਹਿਜ ਵਿੱਚ ਕਿਹਾ ਹਮਾਯੂੰ ਇਹ ਤਲਵਾਰ ਕਨੌਜ ਦੇ ਮੈਦਾਨੇ ਜੰਗ ਵਿੱਚ ਸ਼ੇਰ ਸ਼ਾਹ ਸੂਰੀ ਸਾਹਮਣੇ ਚਲਣੀ ਚਾਹੀਦੀ ਸੀ। ਉੱਥੇ ਇਹ ਤਲਵਾਰ ਨਹੀਂ ਚੱਲੀ, ਹੁਣ ਇਹ ਤਲਵਾਰ ਫਕੀਰਾਂ ’ਤੇ ਕੱਢਦਿਆਂ ਤੈਨੂੰ ਲੱਜਾ ਨਹੀਂ ਆਉਂਦੀ। ਹਮਾਯੂੰ ਸ਼ਰਮਿੰਦਾ ਹੋਇਆ ਤੇ ਗੁਰੂ ਸਾਹਿਬ ਅੱਗੇ ਸਿਰ ਨਿਵਾਇਆ। ਗੁਰੂ ਸਾਹਿਬ ਨੇ ਅਸੀਸ ਬਖ਼ਸ਼ੀ। ਇਸ ਅਸੀਸ ਦੀ ਬਰਕਤ ਨਾਲ ਅੱਗੇ ਚੱਲ ਕੇ ਇਰਾਨੀ ਫੌਜ ਦੀ ਸਹਾਇਤਾ ਨਾਲ 1555 ਈਸਵੀ ਨੂੰ ਉਸ ਨੇ ਮੁੜ ਦਿੱਲੀ ਦਾ ਰਾਜ ਤਖ਼ਤ ਸਾਂਭ ਲਿਆ ਸੀ। ਫਿਰ ਗੁਰੂ ਅੰਗਦ ਸਾਹਿਬ ਜੀ ਨੇ ਲੋਕਾਂ ਨੂੰ ਉਹਨਾਂ ਦੀ ਹੀ ਬੋਲੀ ਪੰਜਾਬੀ ਵਿੱਚ ਗਿਆਨ ਦੇਣਾ ਸ਼ੁਰੂ ਕੀਤਾ। ਗੁਰੂ ਅੰਗਦ ਸਾਹਿਬ ਨੇ ਪ੍ਰਚਲਿਤ ਠਾਕੁਰੀ ਅਤੇ ਲੰਡੇ ਲਿਪੀਆਂ ਨੂੰ ਸੁਧਾਰਿਆ। ਪੰਜਾਬੀ ਲਿਪੀ ਨੂੰ ਮੁਕੰਮਲ ਤਰਤੀਬ ਦਿੱਤੀ। ਗੁਰਮੁਖੀ ਪੜ੍ਹਾਈ ਲਈ ਖਡੂਰ ਸਾਹਿਬ ਪਹਿਲਾਂ ਮਦਰਸਾ ਸ਼ੁਰੂ ਕੀਤਾ। ਫਿਰ ਗੁਰੂ ਅੰਗਦ ਪਾਤਿਸ਼ਾਹ ਕੋਲ ਜੋ 15 ਭਗਤਾਂ ਅਤੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਸੀ, ਭਗਤਾਂ ਦੀ ਬਾਣੀ ਨੂੰ ਗੁਰਮੁਖੀ ਲਿਪੀ ਵਿੱਚ ਆਪ ਲਿਖਵਾਇਆ। ਅੱਜ ਦੁਨੀਆ ਵਿੱਚ ਮੁਕੰਮਲ ਲਿਪੀਆਂ ਵਿੱਚ ਗੁਰਮੁਖੀ ਲਿਪੀ ਇਕ ਮੁਕੰਮਲ ਲਿਪੀ ਹੈ। ਇਹ ਮਹਾਨ ਉਦਮ ਗੁਰੂ ਅੰਗਦ ਸਾਹਿਬ ਨੇ ਕੀਤਾ ਹੈ। ਅੱਜ ਸਾਨੂੰ ਆਪਣੀ ਮਾਂ ਬੋਲੀ ਦੀ ਸੰਭਾਲ ਕਰਨੀ ਚਾਹੀਦੀ ਹੈ। ਜਿਹੜੀਆਂ ਕੌਮਾਂ ਆਪਣਾ ਪਹਿਰਾਵਾ, ਆਪਣੀ ਬੋਲੀ ਅਤੇ ਆਪਣਾ ਭੋਜਨ ਗੁਆ ਲੈਂਦੀਆਂ ਹਨ, ਉਹ ਕੌਮਾਂ ਪਤਨ ਦੇ ਰਸਤੇ ਪੈ ਕੇ ਤਬਾਹ ਹੋ ਜਾਂਦੀਆਂ ਹਨ। ਹਰ ਸਿੱਖ ਦਾ ਫਰਜ਼ ਬਣਦਾ ਹੈ ਕਿ ਉਹ ਆਪਣਾ ਪਹਿਰਾਵਾ ਜ਼ਰੂਰ ਸੰਭਾਲੇ। ਖੁਰਾਕ ਦੀ ਸੰਭਾਲ਼ ਕਰੇ ਅਤੇ ਗੁਰਮੁਖੀ ਨੂੰ ਜੀਵਨ ਦਾ ਹਿੱਸਾ ਬਣਾਉਣ। ਅੱਜ ਸਾਡਾ ਪਹਿਰਾਵਾ ਨੰਗੇਜ ਵਾਲਾ ਹੋ ਰਿਹਾ ਹੈ। ਬੀਬੀਆਂ ਦੀਆਂ ਟੀ-ਸ਼ਰਟਾਂ ਉੱਚੀਆਂ ਹੋ ਰਹੀਆਂ ਹਨ। ਸਿੱਖਾਂ ਦੀਆਂ ਪੈਂਟਾਂ ਹੇਠਾਂ ਖਿਸਕ ਰਹੀਆਂ ਹਨ। ਲੰਗਰ ਦੀ ਥਾਂ ’ਤੇ ਫਾਸਟ ਫੂਡ ਲੈ ਰਿਹਾ ਹੈ। ਇਸ ਕਰਕੇ ਅਸੀਂ ਤਾਕਤਵਰ ਨਹੀਂ ਰਹੇ। ਸਾਡੇ ਪਰਵਾਰਾਂ ਵਿੱਚੋਂ ਗੁਰਮੁਖੀ ਭਾਸ਼ਾ ਖਤਮ ਹੋ ਰਹੀ ਹੈ। ਘਰਾਂ ਵਿੱਚ ਬੱਚਿਆਂ ਨਾਲ ਗੁਰਮੁਖੀ ਭਾਸ਼ਾ ਵਿੱਚ ਗੱਲ ਕਰਿਆ ਕਰੀਏ। ਆਪਸ ਵਿੱਚ ਆਪਣੀ ਮਾਂ ਬੋਲੀ ਵਿੱਚ ਗੱਲਬਾਤ ਕਰਿਆ ਕਰੀਏ। ਯਾਦ ਰੱਖਿਓ ਜੇ ਮਾਂ ਬੋਲੀ ਨੂੰ ਭੁੱਲ ਜਾਓਗੇ ਤਾਂ ਕੱਖਾਂ ਵਾਂਗੂ ਰੁਲ ਜਾਵੋਗੇ। ਦੂਸਰੀਆਂ ਭਾਸ਼ਾਵਾਂ ਦਾ ਸਤਿਕਾਰ ਕਰਨਾ ਹੈ। ਉਨ੍ਹਾਂ ਨੂੰ ਸਿੱਖਣਾ ਵੀ ਹੈ ਤਾਂ ਕਿ ਦੂਸਰਿਆਂ ਨਾਲ ਉਹਨਾਂ ਦੀ ਭਾਸ਼ਾ ਵਿੱਚ ਗੱਲ ਕਰ ਸਕੀਏ। ਮਾਂ ਨਾਲ ਪਿਆਰ ਕਰਨਾ ਹੈ, ਮਾਸੀਆਂ ਦਾ ਸਤਿਕਾਰ ਕਰਨਾ ਹੈ। ਮਾਂ ਬੋਲੀ ਨਾਲ ਪਿਆਰ ਕਰਨਾ ਹੈ, ਦੂਸਰੀਆਂ ਭਾਸ਼ਾਵਾਂ ਦਾ ਸਤਿਕਾਰ ਕਰਨਾ ਹੈ। ਜੇਕਰ ਗੁਰਮੁਖੀ ਸਿੱਖੋਗੇ ਤਾਂ ਹੀ ਗੁਰਬਾਣੀ ਦੇ ਸਹੀ ਅਰਥ ਸਮਝ ਸਕੋਗੇ। ਉਮੀਦ ਹੈ ਕਿ ਵਿਚਾਰ ਨੂੰ ਜੀਵਨ ਦਾ ਹਿੱਸਾ ਜ਼ਰੂਰ ਬਣਾਓਗੇ। ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੀ ਤਵਾਰੀਖ ਜਨਮ ਸਾਖੀ ਵੀ ਲਿਖਵਾਈ। ਇਹ ਅਸਲ ਜਨਮ ਸਾਖੀ ਜੰਗਾਂ ਅਤੇ ਅਗੰਮੀ ਹਾਲਾਤਾਂ ਵਿੱਚ ਸਾਂਭੀ ਨਹੀਂ ਗਈ। ਅੱਜ ਦੀਆਂ ਜਨਮ ਸਾਖੀਆਂ ਅਸਲ ਨਹੀਂ ਹਨ। ਬਹੁਤ ਬਹੁਤ ਗਲਤ ਹਨ। ਅਸਲ ਜਨਮ ਸਾਖੀ ਭਾਈ ਗੁਰਦਾਸ ਜੀ ਕੋਲ ਸੀ। ਇਸੇ ਕਰਕੇ ਭਾਈ ਗੁਰਦਾਸ ਜੀ ਪਹਿਲੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਤੱਤ ਲਿਖੇ ਹਨ। ਗੁਰੂ ਅੰਗਦ ਸਾਹਿਬ ਜੀ ਨੇ ਅਕਾਲ ਪੁਰਖ ਦੇ ਹੁਕਮ ਵਿੱਚ 63 ਸਲੋਕ ਉਚਾਰਨ ਕੀਤੇ। ਇਹ 63 ਸਲੋਕ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਵੱਲੋਂ ਮਿਲੀ ਪੋਥੀ ਵਿੱਚ ਦਰਜ ਕਰ ਦਿੱਤੇ ਸਨ। ਗੁਰੂ ਨਾਨਕ ਸਾਹਿਬ ਜੀ ਵਾਲੀ ਸੋਚ ਵਾਂਗ ਗੁਰੂ ਅੰਗਦ ਪਾਤਿਸ਼ਾਹ ਨੇ ਵੀ ਅਗਲੀ ਜੋਤਿ ਅਤੇ ਜੁਗਤਿ ਦਾ ਵਾਰਸ ਪਰਖਣਾ ਆਰੰਭ ਕਰ ਦਿੱਤਾ ਸੀ। ਆਖ਼ਿਰ ਸੰਨ 1544 ਈਸਵੀ ਨੂੰ ਬਾਬਾ ਅਮਰਦਾਸ ਜੀ ਨਾਲ ਮੇਲ ਇਨ੍ਹਾਂ ਦੀ ਸਪੁੱਤਰੀ ਬੀਬੀ ਅਮਰੋ ਜੀ ਰਾਹੀਂ ਹੋਇਆ। ਬੀਬੀ ਅਮਰੋ ਜੀ ਬਾਬਾ ਅਮਰਦਾਸ ਜੀ ਦੀ ਭਤੀਜ ਨੂੰਹ ਸੀ। ਇਸ ਵੇਲੇ ਬਾਬਾ ਅਮਰਦਾਸ ਜੀ ਦੀ ਉਮਰ ਇਤਿਹਾਸਕਾਰਾਂ ਅਨੁਸਾਰ 60 ਸਾਲ ਦੀ ਸੀ। ਬਾਬਾ ਅਮਰਦਾਸ ਜੀ ਵੀ ਭਾਈ ਲਹਿਣਾ ਜੀ ਵਾਂਗ ਪਹਿਲਾਂ ਕਰਮਕਾਂਡੀ ਸਨ। ਤੀਰਥ ਯਾਤਰਾ ਅਤੇ ਤੀਰਥ ਇਸ਼ਨਾਨ ਨੂੰ ਹੀ ਧਰਮ ਸਮਝਦੇ ਸਨ, ਪਰ ਜਦੋਂ ਗੁਰੂ ਅੰਗਦ ਪਾਤਿਸ਼ਾਹ ਜੀ ਦੀ ਸ਼ਰਨ ਆਏ ਤਾਂ ਗੁਰਬਾਣੀ ਦੇ ਫ਼ਲਸਫ਼ੇ ਨੂੰ ਜਾਣਿਆ। ਫਿਰ ਪਤਾ ਲੱਗਾ ਜ਼ਿੰਦਗੀ ਦੇ 60 ਸਾਲ ਤੀਰਥਾਂ ’ਤੇ ਭਟਕਦਿਆਂ ਐਵੇਂ ਵਿਅਰਥ ਗੁਜ਼ਾਰ ਦਿੱਤੇ ਹਨ। ਹੁਣ ਬਾਬਾ ਅਮਰਦਾਸ ਜੀ ਆਪਣੇ ਪਿੰਡ ਬਾਸਰਕੇ (ਅੰਮ੍ਰਿਤਸਰ) ਤੋਂ ਗੁਰੂ ਅੰਗਦ ਸਾਹਿਬ ਜੀ ਦੀ ਸ਼ਰਨ ਖਡੂਰ ਸਾਹਿਬ ਆ ਗਏ ਸਨ। ਡਾਕਟਰ ਹਰਜਿੰਦਰ ਸਿੰਘ ਦਲਗੀਰ; ਸਿੱਖ ਤਵਾਰੀਖ ਵਿੱਚ ਲਿਖਦੇ ਹਨ ਕਿ ਅੱਠ ਸਾਲ ਵਿੱਚ ਬਾਬਾ ਅਮਰਦਾਸ ਜੀ ਨੇ ਗੁਰੂ ਅੰਗਦ ਸਾਹਿਬ ਜੀ ਕੋਲੋਂ ਮੁਕੰਮਲ ਤੌਰ ’ਤੇ ਸਿੱਖ ਧਰਮ ਬਾਰੇ ਜਾਣਕਾਰੀ ਸਿੱਖੀ। ਜੀਵਨ ਦੇ ਹਰ ਪੱਖ ਤੋਂ ਗੁਰੂ ਜੀ ਦੀ ਕਿਰਪਾ ਨਾਲ ਪੂਰਨ ਹੋਏ। ਗੁਰੂ ਅੰਗਦ ਸਾਹਿਬ ਜੀ ਨੇ ਦੇਖ ਲਿਆ ਸੀ ਕਿ ਬਾਬਾ ਅਮਰਦਾਸ ਜੀ ਦੇ ਜੀਵਨ ਵਿੱਚ ਸਿੱਖ ਫ਼ਲਸਫ਼ੇ ਦੀ ਸੂਝ, ਜਥੇਬੰਦਕ ਖੂਬੀਆਂ, ਦੂਰ ਅੰਦੇਸ਼ੀ, ਨਿਮਰਤਾ, ਸਹਿਣਸ਼ੀਲਤਾ, ਸੇਵਾ ਭਾਵਨਾ, ਕੁਰਬਾਨੀ ਆਦਿ ਦਾ ਜਜ਼ਬਾ ਹੈ। ਸੰਨ 1551 ਈਸਵੀ ਨੂੰ ਐਲਾਨ ਕਰ ਦਿੱਤਾ ਸੀ ਕਿ ਇਹ ਪੁਰਖ ਅਗਲੀ ਜੋਤਿ ਅਤੇ ਜੁਗਤਿ ਦੇ ਵਾਰਸ ਹੋਣਗੇ। ਗੁਰੂ ਅੰਗਦ ਸਾਹਿਬ ਜੀ ਨੇ 1539 ਈਸਵੀ ਤੋਂ ਲੈ ਕੇ 1552 ਈਸਵੀ ਤੱਕ ਗੁਰੂ ਨਾਨਕ ਸਾਹਿਬ ਜੀ ਵਾਲੀ ਜੋਤਿ ਅਤੇ ਜੁਗਤਿ ਦੀ ਜ਼ਿੰਮੇਵਾਰੀ ਬਾਖੂਬੀ ਨਾਲ ਨਿਭਾਈ। 12 ਸਾਲ ਗੁਰੂ ਅੰਗਦ ਸਾਹਿਬ ਜੀ ਗੁਰਿਆਈ ’ਤੇ ਰਹੇ। ਖਡੂਰ ਸਾਹਿਬ ਸੰਗਤਾਂ ਦਾ ਵੱਡਾ ਇਕੱਠ ਸੀ। ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਵਾਂਗ ਆਪਣੇ ਪੁੱਤਰਾਂ ਨੂੰ ਅਯੋਗ ਜਾਣ ਕੇ ਸੰਨ 1552 ਈਸਵੀ 29 ਮਾਰਚ ਦਿਨ ਮੰਗਲਵਾਰ ਨੂੰ ਬਾਬਾ ਅਮਰਦਾਸ ਜੀ ਨੂੰ ਬਾਬਾ ਬੁੱਢਾ ਜੀ ਦੀ ਅਗਵਾਈ ਵਿੱਚ ਗੁਰਬਾਣੀ ਦੀ ਪੋਥੀ ਸੌਂਪੀ। ਜਿਸ ਵਿੱਚ 15 ਭਗਤਾਂ, ਗੁਰੂ ਨਾਨਕ ਸਾਹਿਬ ਜੀ ਵੱਲੋਂ ਉਚਾਰਨ ਕੀਤੀ ਬਾਣੀ ਅਤੇ ਆਪਣੇ ਵੱਲੋਂ ਉਚਾਰਨ ਕੀਤੇ 63 ਸਲੋਕ ਸਨ। ਗੁਰੂ ਅੰਗਦ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਆਪ ਬਾਬਾ ਅਮਰਦਾਸ ਜੀ ਨੂੰ ਮੱਥਾ ਟੇਕਿਆ। ਉਸ ਤੋਂ ਬਾਅਦ ਬਾਬਾ ਬੁੱਢਾ ਜੀ ਨੇ, ਫਿਰ ਸਾਰੀਆਂ ਸੰਗਤਾਂ ਨੇ ਮੱਥਾ ਟੇਕਿਆ, ਹੁਕਮ ਕੀਤਾ ਕਿ ਤੁਸੀਂ ਗੋਇੰਦਵਾਲ ਨੂੰ ਸਿੱਖੀ ਪ੍ਰਚਾਰ ਦਾ ਕੇਂਦਰ ਬਣਾਉਣਾ ਹੈ। ਤੁਸੀਂ ਗੋਇੰਦਵਾਲ ਚਲੇ ਜਾਣਾ ਹੈ ਤਾਂ ਕਿ ਪੁੱਤਰਾਂ ਦੇ ਬੇਲੋੜੇ ਵਿਰੋਧ ਤੋਂ ਬਚਿਆ ਜਾ ਸਕੇ। ਹੁਣ ਗੁਰੂ ਅਮਰਦਾਸ ਜੀ; ਗੁਰੂ ਨਾਨਕ ਪਾਤਿਸ਼ਾਹ ਜੀ ਦੀ ਜੋਤਿ ਅਤੇ ਜੁਗਤਿ ਦੇ ਤੀਸਰੇ ਵਾਰਸ ਥਾਪੇ ਗਏ। ਹੁਣ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਨੂੰ ਸਿੱਖੀ ਪ੍ਰਚਾਰ ਦਾ ਕੇਂਦਰ ਬਣਾਇਆ। ਗੋਇੰਦਵਾਲ ਸਾਹਿਬ ਨੂੰ ਹਰ ਪੱਖ ਤੋਂ ਵਿਕਸਿਤ ਕੀਤਾ। ਗੋਇੰਦਵਾਲ ਸਾਹਿਬ ਜੀ ਦੇ ਵਿਕਾਸ ਵਾਸਤੇ ਗੁਰੂ ਅਮਰਦਾਸ ਜੀ ਦੇ ਭਰਾ ਬਾਬਾ ਖੇਮ ਰਾਏ ਦੇ ਪੁੱਤਰ ਭਾਈ ਸਾਵਣ ਮਲ ਜੀ ਨੇ ਹਿਮਾਚਲ ਪ੍ਰਦੇਸ਼ ਦੇ ਹਰੀਪੁਰ ਦੇ ਰਾਜਾ ਹਰੀ ਸੈਨ ਜੀ ਨਾਲ ਗੱਲ ਕਰਕੇ ਲੱਕੜ ਦਾ ਸਾਰਾ ਪ੍ਰਬੰਧ ਕੀਤਾ ਸੀ। ਪਾਣੀ ਦੇ ਪ੍ਰਬੰਧ ਲਈ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਬਉਲੀ ਬਣਾਈ, ਜੋ ਪਾਣੀ ਦੀ ਜ਼ਰੂਰਤ ਨੂੰ ਪੂਰਾ ਕਰਦੀ ਸੀ। ਇਸ ਦੀਆਂ 84 ਪੌੜੀਆਂ ’ਤੇ ਬੈਠ ਕੇ ਸੰਗਤਾਂ ਅੱਜ ਭੀ ਜਪੁ ਜੀ ਪਾਠ ਕਰਦੀਆਂ ਹਨ।
ਗੁਰੂ ਅਮਰਦਾਸ ਜੀ ਨੇ ਪਹਿਲੇ ਸੰਗਤ ਪਾਛੇ ਪੰਗਤ ਦੀ ਮਰਿਆਦਾ ਪੱਕੀ ਕੀਤੀ, ਇਹ ਇਸ ਵਾਸਤੇ ਤਾਂ ਕਿ ਕੋਈ ਜਾਤ ਅਭਿਮਾਨੀ ਬੰਦਾ ਸੰਗਤ ਵਿੱਚ ਆ ਕੇ ਗੁਰੂ ਦੇ ਦਰ, ਗੁਰੂ ਦੇ ਦਰਸ਼ਨ ਤਾਂ ਕਰ ਲਵੇ, ਪਰ ਨੀਚਾਂ ਵਿਚ ਬੈਠ ਕੇ ਲੰਗਰ ਨਾ ਛਕੇ। ਜਾਤ ਪਾਤ, ਊਚ ਨੀਚ, ਛੂਤ ਛਾਤ ਤੋਂ ਉੱਚਾ ਉੱਠਣ ਵਾਸਤੇ ਇਹ ਕੀਤਾ ਗਿਆ। ਇਸੇ ਕਰਕੇ ਜਦੋਂ ਬਾਦਿਸ਼ਾਹ ਅਕਬਰ ਗੋਇੰਦਵਾਲ ਸਾਹਿਬ ਗੁਰੂ ਪਾਤਿਸ਼ਾਹ ਦੇ ਦਰਸ਼ਨਾਂ ਨੂੰ ਆਇਆ ਸੀ ਤਾਂ ਭਾਰਤ ਦੇ ਬਾਦਿਸ਼ਾਹ ਅਕਬਰ ਨੇ ਭੀ ਸੰਗਤ ਵਿੱਚ ਬੈਠ ਕੇ ਲੰਗਰ ਛਕਿਆ ਸੀ, ਪਰ ਅੱਜ ਇਹ ਮਰਿਆਦਾ ਨਹੀਂ ਨਿਭਾਈ ਜਾਂਦੀ ਜਦੋਂ ਵੀ ਸ਼੍ਰੋਮਣੀ ਕਮੇਟੀ ਵੱਲੋਂ ਕੋਈ ਵੱਡਾ ਸਮਾਗਮ ਹੁੰਦਾ ਹੈ ਤਾਂ ਰਾਜ ਕਰਨ ਵਾਲੇ ਸ਼ਾਸਕ ਪ੍ਰਸ਼ਾਸਨ ਅਲੱਗ ਕੁਰਸੀਆਂ ਮੇਜਾਂ ’ਤੇ ਬੈਠ ਕੇ ਵੀਆਈਪੀ ਲੰਗਰ ਛਕਦੇ ਹਨ। ਇਹ ਕਦੇ ਸੰਗਤ ਵਿੱਚ ਬੈਠ ਕੇ ਲੰਗਰ ਛਕਦੇ ਹੀ ਨਹੀਂ ਹਨ। ਮੈਂ ਆਪ ਅੱਖੀਂ ਦੇਖਿਆ ਹੈ। ਗੁਰੂ ਅਮਰਦਾਸ ਜੀ ਨੇ ਅਕਬਰ ਕੋਲੋਂ ਜਜੀਆ ਟੈਕਸ ਖਤਮ ਕਰਵਾਇਆ ਸੀ। ਕਾਨੂੰਨੀ ਤੌਰ ’ਤੇ ਸਤੀ ਰਸਮ ਬੰਦ ਕਰਵਾ ਕੇ ਔਰਤ ’ਤੇ ਹੁੰਦੇ ਜ਼ੁਲਮ ਨੂੰ ਰੋਕਿਆ ਸੀ। ਘੁੰਡ ਦੀ ਪ੍ਰਥਾ ਬੰਦ ਕਰਵਾਈ ਤਾਂ ਕਿ ਔਰਤ ਨੂੰ ਧਰਮ ਦੇ ਖੇਤਰ ਵਿੱਚ ਬਰਾਬਰ ਦਾ ਆਦਰ ਮਾਣ ਮਿਲ ਸਕੇ। ਸਿੱਖੀ ਪ੍ਰਚਾਰ ਵਾਸਤੇ ਗੁਰੂ ਅਮਰਦਾਸ ਜੀ ਨੇ 22 ਮੰਜੀਆਂ ਭਾਵ 22 ਪ੍ਰਚਾਰਕ ਕੇਂਦਰ ਸਥਾਪਿਤ ਕੀਤੇ। 52 ਪੀੜੇ ਭਾਵ 52 ਉਪਪ੍ਰਚਾਰਕ ਕੇਂਦਰ ਸਥਾਪਿਤ ਕੀਤੇ ਤਾਂ ਕਿ ਸਿੱਖੀ ਦਾ ਪੂਰਾ ਪ੍ਰਚਾਰ ਹੋ ਸਕੇ। ਮਥੋ ਮੁਰਾਰੀ ਨੂੰ ਲਾਹੌਰ ਦੀ ਮੰਜੀ ਸੌਂਪੀ ਸੀ। ਪ੍ਰਚਾਰਕ ਖੇਤਰ ਵਿੱਚ ਬੀਬੀ ਮੱਥੋ ਜੀ ਨੂੰ ਸੇਵਾ ਸੌਂਪ ਕੇ ਬੀਬੀਆਂ ਨੂੰ ਸਿੱਖੀ ਪ੍ਰਚਾਰ ਵਿੱਚ ਮਾਣ ਸਤਿਕਾਰ ਦਿੱਤਾ। ਇਕ ਵਾਰ ਹਰੀਪੁਰ ਰਿਆਸਤ ਦੇ ਰਾਜਾ ਹਰੀ ਸੈਨ ਦੀ ਰਾਣੀ ਗੋਇੰਦਵਾਲ ਸਾਹਿਬ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਆਈ। ਉਸ ਨੇ ਘੁੰਡ ਕੱਢਿਆ ਸੀ। ਗੁਰੂ ਸਾਹਿਬ ਨੇ ਰਾਣੀ ਨੂੰ ਕਿਹਾ ਤੂੰ ਸਿਰਫ ਰਾਜੇ ਦੀ ਜਾਇਦਾਦ ਨਹੀਂ ਹੈ ਬਲਕਿ ਰਿਆਸਤ ਦੀ ਬਰਾਬਰ ਦੀ ਹਿੱਸੇਦਾਰਨੀ ਹੈ। ਉਸ ਨੂੰ ਪਰਦਾ ਕਰਨ ਤੋਂ ਵਰਜ ਦਿੱਤਾ ਸੀ। ਗੁਰੂ ਅਮਰਦਾਸ ਜੀ ਆਪ ਤੀਰਥਾਂ ’ਤੇ ਗਏ। ਉੱਥੇ ਲੋਕਾਂ ਨੂੰ ਵਹਿਮਾਂ ਭਰਮਾਂ ਤੋਂ ਕੱਢਿਆ। ਨਾਲ ਨਾਲ ਗੁਰੂ ਅਮਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਜੀ ਅਤੇ ਗੁਰੂ ਅੰਗਦ ਸਾਹਿਬ ਜੀ ਵਾਂਗ ਅਗਲੀ ਜੋਤਿ ਅਤੇ ਜੁਗਤਿ ਦੇ ਵਾਰਸ ਦੀ ਖੋਜ ਸ਼ੁਰੂ ਕਰ ਦਿੱਤੀ ਸੀ। ਇੱਥੇ ਥੋੜ੍ਹਾ ਪਿੱਛੇ ਜਾਵਾਂਗਾ ਤਾਂ ਕਿ ਇਤਿਹਾਸ ਦੇ ਤੱਥ ਸਮਝ ਆ ਜਾਣ। ਭਾਈ ਜੇਠਾ ਜੀ ਦਾ ਜਨਮ 24 ਸਤੰਬਰ 1534 ਈਸਵੀ ਨੂੰ ਚੂਨਾ ਮੰਡੀ ਲਾਹੌਰ ਵਿਖੇ ਮਾਤਾ ਦਇਆ ਕੌਰ ਜੀ ਪਿਤਾ ਹਰਦਾਸ ਜੀ ਦੇ ਘਰ ਹੋਇਆ। ਭਾਈ ਜੇਠਾ ਜੀ 7-8 ਸਾਲ ਦੀ ਉਮਰ ਦੇ ਸਨ, ਜਦੋਂ ਇਨ੍ਹਾਂ ਦੇ ਮਾਤਾ ਪਿਤਾ ਜੀ ਅਕਾਲ ਚਲਾਣਾ ਕਰ ਗਏ। ਭਾਈ ਜੇਠਾ ਜੀ ਦੇ ਨਾਨਕੇ ਪਿੰਡ ਗੁਰੂ ਅਮਰਦਾਸ ਜੀ ਦਾ ਪਿੰਡ ਬਾਸਰਕੇ ਸੀ। ਭਾਈ ਜੇਠਾ ਜੀ ਨੂੰ ਇਹਨਾਂ ਦੇ ਨਾਨੀ ਜੀ ਪਿੰਡ ਬਾਸਰਕੇ ਲੈ ਆਏ ਸਨ। ਇਹ ਗੱਲ ਸੰਨ 1544 ਈਸਵੀ ਦੀ ਹੈ। ਗੁਰੂ ਅਮਰਦਾਸ ਜੀ ਹਾਲੇ ਬਾਸਰਕੇ ਹੀ ਰਹਿੰਦੇ ਸਨ। ਭਾਈ ਜੇਠਾ ਜੀ ਨੂੰ ਦਿਲਾਸਾ ਦੇਣ ਵਾਸਤੇ ਗੁਰੂ ਅਮਰਦਾਸ ਜੀ ਆਏ ਸਨ। 1544 ਈਸਵੀ ਨੂੰ ਹੀ ਗੁਰੂ ਅਮਰਦਾਸ ਜੀ ਬਾਸਰਕੇ ਤੋਂ ਖਡੂਰ ਸਾਹਿਬ ਆ ਗਏ ਸਨ। ਕੁਝ ਸਮੇਂ ਬਾਅਦ ਭਾਈ ਜੇਠਾ ਜੀ ਵੀ ਪਿੰਡ ਬਾਸਰਕੇ ਤੋਂ ਖਡੂਰ ਸਾਹਿਬ ਆ ਗਏ। ਇੱਥੇ ਭਾਈ ਜੇਠਾ ਜੀ ਗੁਰੂ ਅਮਰਦਾਸ ਜੀ ਦੀ ਸ਼ਰਨ ’ਚ ਰਹਿ ਕੇ ਸੇਵਾ ਅਤੇ ਕਿਰਤ ਕਰਦੇ ਸਨ। ਸੰਨ 1544 ਈਸਵੀ ਤੋਂ ਲੈ ਕੇ ਸੰਨ 1574 ਈਸਵੀ ਤੱਕ 30 ਸਾਲ ਗੁਰੂ ਅਮਰਦਾਸ ਜੀ ਦੇ ਬਹੁਤ ਨਿਕਟ ਰਹੇ। ਭਾਈ ਜੇਠਾ ਜੀ ਗੁਰਬਾਣੀ ਦੇ ਗੁਹਜ ਭੇਦ ਜਾਣਦੇ ਸਨ। ਗੁਰੂ ਅਮਰਦਾਸ ਜੀ ਵੀ ਭਾਈ ਜੇਠਾ ਜੀ ਨੂੰ ਬਹੁਤ ਪਿਆਰ ਕਰਦੇ ਸਨ। ਇਸ ਲਈ ਭਾਈ ਜੇਠਾ ਜੀ ਨੂੰ ਪਰਵਾਰ ਦੇ ਮੈਂਬਰ ਵਾਂਗ ਰੱਖਦੇ ਸਨ। ਭਾਈ ਜੇਠਾ ਜੀ ਬਹੁਤ ਸੂਝਵਾਨ ਦੂਰ ਅੰਦੇਸ਼ੀ, ਜ਼ਿੰਮੇਵਾਰ, ਨਿਮਰਤਾ, ਸਹਿਣਸ਼ੀਲ, ਸੇਵਾ ਭਾਵਨਾ ਵਾਲੇ ਸਨ। ਗੁਰੂ ਅਮਰਦਾਸ ਜੀ ਨੇ ਆਪਣੀ ਪੁੱਤਰੀ ਬੀਬੀ ਭਾਨੀ ਜੀ ਦਾ ਆਨੰਦ ਕਾਰਜ ਭਾਈ ਜੇਠਾ ਜੀ ਨਾਲ 16 ਫਰਵਰੀ 1553 ਈਸਵੀ ਨੂੰ ਕਰ ਦਿੱਤਾ। ਇਕ ਵਾਰ ਹਿੰਦੂ ਪਰੋਹਤ ਨੇ ਮਹੇਸ਼ ਦਾਸ ਬੀਰਬਲ ਨੂੰ ਨਾਲ ਲੈ ਕੇ ਅਕਬਰ ਕੋਲ ਗੁਰੂ ਸਾਹਿਬ ਅਤੇ ਗੁਰਬਾਣੀ ਬਾਰੇ ਸ਼ਿਕਾਇਤ ਕੀਤੀ। ਅਕਬਰ ਨੇ ਗੁਰੂ ਅਮਰਦਾਸ ਜੀ ਨੂੰ ਪੈਗਾਮ ਭੇਜਿਆ। ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਨੂੰ ਅਕਬਰ ਦੇ ਦਰਬਾਰ ਵਿੱਚ ਭੇਜਿਆ। ਭਾਈ ਜੇਠਾ ਜੀ ਨੇ ਬਾਦਿਸ਼ਾਹ ਅਕਬਰ ਨੂੰ ਵਿਸਥਾਰ ਨਾਲ ਗੁਰਬਾਣੀ ਦੀ ਸਚਾਈ ਦੱਸੀ। ਸਿੱਖ ਇਕ ਲਾਸਾਨੀ ਅਤੇ ਵੱਖਰੀ ਕੌਮ ਬਾਰੇ ਜਾਣਕਾਰੀ ਦਿੱਤੀ। ਜਦੋਂ ਅਕਬਰ ਨੂੰ ਹਕੀਕਤ ਦਾ ਪਤਾ ਲੱਗਾ ਤਾਂ ਅਕਬਰ ਬਹੁਤ ਪ੍ਰਭਾਵਤ ਹੋਇਆ। ਇਸੇ ਕਰਕੇ ਅਕਬਰ ਗੁਰੂ ਦਰਬਾਰ ਵਿੱਚ ਆਇਆ ਸੀ। ਅਕਬਰ ਨੇ ਭਾਈ ਜੇਠਾ ਜੀ ਦੀ ਸੁਪਤਨੀ, ਗੁਰੂ ਅਮਰਦਾਸ ਜੀ ਦੀ ਸਪੁੱਤਰੀ ਬੀਬੀ ਭਾਨੀ ਜੀ ਨੂੰ ਆਪਣੀ ਬੇਟੀ ਕਿਹਾ ਸੀ। ਸ਼ਿਕਾਇਤ ਕਰਨ ਵਾਲਿਆਂ ਨੂੰ ਸਜ਼ਾਵਾਂ ਦਿੱਤੀਆਂ ਸਨ। ਭਾਈ ਜੇਠਾ ਜੀ ਇੰਨੇ ਮਹਾਨ ਸਨ। ਗੁਰੂ ਅਮਰਦਾਸ ਜੀ ਨੇ ਵੀ ਦੂਰ ਅੰਦੇਸ਼ੀ ਨਾਲ ਜਾਣ ਲਿਆ ਸੀ ਕਿ ਅਗਲੀ ਜੋਤਿ ਅਤੇ ਜੁਗਤਿ ਦੇ ਵਾਰਸ ਭਾਈ ਜੇਠਾ ਜੀ ਹੀ ਹੋਣਗੇ, ਜੋ ਗੁਰੂ ਨਾਨਕ ਸਾਹਿਬ ਦੇ ਸੱਚੇ ਮਾਰਗ ’ਤੇ ਦ੍ਰਿੜ੍ਹਤਾ ਨਾਲ ਚੱਲਣਗੇ ਅਤੇ ਲੁਕਾਈ ਨੂੰ ਵੀ ਸੱਚ ਦਾ ਉਪਦੇਸ਼ ਕਰਨ ਦੀ ਹਿੰਮਤ ਰੱਖਣਗੇ। ਗੁਰੂ ਅਮਰਦਾਸ ਜੀ ਦੀ ਮਹਾਨਤਾ ਦੇਖ ਕੇ ਹੀ ਭੱਟਾਂ ਨੇ ਗੁਰੂ ਅਮਰਦਾਸ ਜੀ ਬਾਰੇ ਕਥਨ ਕੀਤਾ ਹੈ, ‘‘ਘਨਹਰ ਬੂੰਦ ਬਸੁਅ ਰੋਮਾਵਲਿ; ਕੁਸਮ ਬਸੰਤ ਗਨੰਤ ਨ ਆਵੈ ॥ ਰਵਿ ਸਸਿ ਕਿਰਣਿ ਉਦਰੁ ਸਾਗਰ ਕੋ; ਗੰਗ ਤਰੰਗ ਅੰਤੁ ਕੋ ਪਾਵੈ ॥ ਰੁਦ੍ਰ ਧਿਆਨ ਗਿਆਨ ਸਤਿਗੁਰ ਕੇ; ਕਬਿ ਜਨ ਭਲੵ ਉਨਹ ਜੁੋ ਗਾਵੈ ॥ ਭਲੇ ਅਮਰਦਾਸ ਗੁਣ ਤੇਰੇ; ਤੇਰੀ ਉਪਮਾ ਤੋਹਿ ਬਨਿ ਆਵੈ ॥੧॥੨੨॥’’ (ਸਵਈਏ ਮਹਲੇ ਤੀਜੇ ਕੇ/ਭਟ ਭਲੵ/੧੩੯੬)
ਭਾਵ ਗੁਰੂ ਅਮਰਦਾਸ ਜੀ ਦੇ ਜੀਵਨ ਵਿੱਚ ਰੱਬੀ ਗੁਣ ਇੰਨੇ ਸਨ, ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ ਅਤੇ ਨਾ ਹੀ ਗੁਰੂ ਅਮਰਦਾਸ ਜੀ ਦੀ ਉਪਮਾ ਕਿਸੇ ਨਾਲ ਕੀਤੀ ਜਾ ਸਕਦੀ ਹੈ। ਇਹ ਸੱਚ ਹੈ। ਇਸੇ ਕਰਕੇ ਹੀ ਗੁਰੂ ਅਮਰਦਾਸ ਜੀ ਦੀ ਚੋਣ ਵਿੱਚ ਭਾਈ ਜੇਠਾ ਜੀ ਪੂਰੇ ਉਤਰੇ ਹਨ। ਹੁਣ ਗੁਰੂ ਅਮਰਦਾਸ ਜੀ ਨੇ ਸੰਗਤਾਂ ਦੇ ਭਾਰੀ ਇਕੱਠ ਵਿੱਚ ਭਾਈ ਜੇਠਾ ਜੀ ਦਾ ਨਾਮ ਗੁਰੂ ਰਾਮਦਾਸ ਕਿਹਾ। ਬਾਬਾ ਬੁੱਢਾ ਜੀ ਦੀ ਅਗਵਾਈ ਵਿੱਚ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ 15 ਭਗਤਾਂ, ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ, ਬਾਬਾ ਸੁੰਦਰ ਜੀ ਵੱਲੋਂ ਉਚਾਰਨ ਕੀਤੀ ਰੱਬੀ ਬਾਣੀ ‘ਸਦੁ’ ਅਤੇ ਆਪਣੇ ਵੱਲੋਂ ਉਚਾਰਨ ਕੀਤੀ ਰੱਬੀ ਬਾਣੀ ਦੀ ਪੋਥੀ ਸੌਂਪ ਦਿੱਤੀ। ਗੁਰੂ ਨਾਨਕ ਸਾਹਿਬ ਜੀ ਤੇ ਗੁਰੂ ਅੰਗਦ ਸਾਹਿਬ ਜੀ ਵਾਂਗ ਪੁੱਤਰਾਂ ਨੂੰ ਅਯੋਗ ਜਾਣ ਕੇ ਇੱਕ ਸਤੰਬਰ 1574 ਈਸਵੀ ਨੂੰ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੀ ਜੋਤਿ ਅਤੇ ਜੁਗਤਿ ਦੇ ਵਾਰਸ ਗੁਰੂ ਰਾਮਦਾਸ ਪਾਤਿਸ਼ਾਹ ਨੂੰ ਥਾਪ ਦਿੱਤਾ। ਹੁਕਮ ਦਿੱਤਾ ਤੁਸੀਂ ਚੱਕ ਗੁਰੂ ਅੰਮ੍ਰਿਤਸਰ ਨੂੰ ਸਿੱਖੀ ਪ੍ਰਚਾਰ ਦਾ ਕੇਂਦਰ ਵਿਕਸਿਤ ਕਰਨਾ ਹੈ ਤਾਂ ਕਿ ਮੋਹਨ ਅਤੇ ਮੋਹਰੀ ਪੁੱਤਰਾਂ ਦੀ ਵਿਰੋਧਤਾ ਤੋਂ ਬਚਿਆ ਜਾ ਸਕੇ। ਗੁਰੂ ਅਮਰਦਾਸ ਜੀ ਇਕ ਸਤੰਬਰ 1574 ਈਸਵੀ ਨੂੰ 22 ਸਾਲ ਗੁਰਿਆਈ ਦੀ ਜ਼ਿੰਮੇਵਾਰੀ ਨਿਭਾ ਕੇ ਜੋਤੀ ਜੋਤਿ ਸਮਾ ਗਏ। ਹੁਣ ਗੁਰੂ ਅਮਰਦਾਸ ਜੀ ਤੋਂ ਗੁਰੂ ਰਾਮਦਾਸ ਪਾਤਿਸ਼ਾਹ ਪ੍ਰਗਟ ਹੋਏ। ਭਾਈ ਗੁਰਦਾਸ ਜੀ ਇਸ ਦਾ ਕਥਨ ਕਰਦੇ ਹਨ :
ਗੁਰੁ ਅਮਰਹੁਂ ਗੁਰੂ ਰਾਮਦਾਸ; ਅੰਮ੍ਰਿਤ ਰਸੁ ਭੋਈ । (ਭਾਈ ਗੁਰਦਾਸ ਜੀ/੩੮/੨੦)
ਗੁਰੂ ਅਮਰਦਾਸ ਜੀ ਵੱਲੋਂ ਵਰੋਸਾਏ ਹੋਏ ਗੁਰੂ ਰਾਮਦਾਸ ਪਾਤਿਸ਼ਾਹ ਜੀ ਹਰ ਵੇਲੇ ਨਾਮ ਬਾਣੀ, ਅੰਮ੍ਰਿਤ ਰਸ, ਸਹਜ ਅਨੰਦ ਵਿੱਚ ਭੋਇ ਭਾਵ ਭਿਜੇ ਰਹਿੰਦੇ ਹਨ। ਗੁਰੂ ਰਾਮਦਾਸ ਪਾਤਿਸ਼ਾਹ ਕੋਲ 15 ਭਗਤਾਂ, ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਜੀ ਅਤੇ ਬਾਬਾ ਸੁੰਦਰ ਜੀ ਵੱਲੋਂ ਉਚਾਰਨ ਕੀਤੀ ਰੱਬੀ ਬਾਣੀ ਦੀ ਪੋਥੀ ਹੈ। ਗੁਰੂ ਰਾਮਦਾਸ ਪਾਤਿਸ਼ਾਹ ਜੀ ਇਹ ਬਾਣੀ ਦੀ ਪੋਥੀ ਆਪਣੀ ਜਾਨ ਤੋਂ ਵੀ ਵੱਧ ਪਿਆਰੀ ਰੱਖਦੇ ਹਨ। ਇਸ ਬਾਣੀ ਦਾ ਹੀ ਪ੍ਰਚਾਰ ਕਰਦੇ ਹਨ। ਗੁਰੂ ਅਮਰਦਾਸ ਜੀ ਦੇ ਹੁਕਮ ਨਾਲ ਚੱਕ ਗੁਰੂ ਭਾਵ ਅੰਮ੍ਰਿਤਸਰ ਨੂੰ ਸਿੱਖੀ ਦਾ ਕੇਂਦਰ ਬਣਾਇਆ। ਗੁਰੂ ਅਮਰਦਾਸ ਜੀ ਨੇ ਆਪਣੇ ਹੁੰਦਿਆਂ ਹੀ ਚੱਕ ਗੁਰੂ ਨਗਰ ਦੀ ਉਸਾਰੀ ਸ਼ੁਰੂ ਕਰਵਾ ਦਿੱਤੀ ਸੀ। ਗੁਰੂ ਰਾਮਦਾਸ ਪਾਤਿਸ਼ਾਹ ਨੇ ਇੱਥੇ ਬਾਬਾ ਬੁੱਢਾ ਜੀ ਦੀ ਨਿਗਰਾਨੀ ਹੇਠ ਇੱਕ ਮਹਾਨ ਸਰੋਵਰ ਦੀ ਕਾਰ ਸੇਵਾ ਆਰੰਭ ਕੀਤੀ ਤਾਂ ਕਿ ਲੁਕਾਈ ਨੂੰ ਤੀਰਥਾਂ ’ਤੇ ਭਟਕਣ ਤੋਂ ਬਚਾਇਆ ਜਾ ਸਕੇ। ਤੀਰਥਾਂ ’ਤੇ ਹੁੰਦੇ ਕਰਮਕਾਂਡਾਂ ਤੂੰ ਅਤੇ ਪੁਜਾਰੀਆਂ ਵੱਲੋਂ ਕੀਤੀ ਲੁੱਟ ਤੋਂ ਬਚਾਇਆ ਜਾ ਸਕੇ। ਲੋਕ ਜਾਤ ਪਾਤ, ਛੂਤ ਛਾਤ, ਊਚ ਨੀਚ ਦੇ ਵਿਤਕਰੇ ਤੋਂ ਬਾਹਰ ਆ ਸਕਣ ਅਤੇ ਪਾਣੀ ਦੀ ਜ਼ਰੂਰਤ ਨੂੰ ਵੀ ਮੁੱਖ ਰੱਖ ਕੇ ਅੰਮ੍ਰਿਤਸਰ ਸਰੋਵਰ ਦੀ ਰਚਨਾ ਕੀਤੀ ਗਈ ਹੈ। ਸੰਨ 1574 ਤੱਕ ਸੰਤੋਖਸਰ ਅਤੇ ਅੰਮ੍ਰਿਤਸਰ ਬਣ ਕੇ ਤਿਆਰ ਹੋ ਗਏ ਸਨ। ਗੁਰੂ ਰਾਮਦਾਸ ਪਾਤਿਸ਼ਾਹ ਅਤੇ ਬੀਬੀ ਭਾਨੀ ਜੀ ਦੇ ਘਰ ਤਿੰਨ ਪੁੱਤਰਾਂ ਨੇ ਜਨਮ ਲਿਆ। ਸਭ ਤੋਂ ਵੱਡੇ ਪੁੱਤਰ ਪ੍ਰਿਥੀ ਚੰਦ, ਦੂਸਰੇ ਮਹਾਦੇਵ ਅਤੇ ਤੀਸਰੇ ਸਭ ਤੋਂ ਛੋਟੇ ਗੁਰੂ ਅਰਜਨ ਸਾਹਿਬ ਜੀ ਹਨ। ਗੁਰੂ ਰਾਮਦਾਸ ਪਾਤਿਸ਼ਾਹ ਨੇ ਗੁਰੂ ਕੇ ਚੱਕ ਭਾਵ ਅੰਮ੍ਰਿਤਸਰ ਸ਼ਹਰ ਨੂੰ ਹਰ ਪੱਖ ਤੋਂ ਵਿਕਸਿਤ ਕੀਤਾ। ਹਰ ਵਰਗ ਦੇ ਲੋਕਾਂ ਨੂੰ ਮਾਨ ਸਨਮਾਨ ਦਿੱਤਾ। ਹਰ ਵਰਗ ਦੇ ਵਪਾਰੀ ਇੱਥੇ ਆ ਕੇ ਵਸਣ ਲੱਗ ਪਏ ਸਨ। ਗੁਰੂ ਰਾਮਦਾਸ ਪਾਤਿਸ਼ਾਹ ਨੇ 22 ਮੰਜੀਆਂ ਅਤੇ 52 ਪੀੜੀਆਂ ਦੀ ਨਿਗਰਾਨੀ ਵਾਸਤੇ ਦਸਵੰਧ ਦੀ ਭੇਟਾ ਦਾ ਸਹੀ ਇਸਤੇਮਾਲ ਕਰਨ ਲਈ ਲੋਕਾਂ ਨਾਲ ਤਾਲਮੇਲ ਰੱਖਣ ਲਈ ਸਿੱਖੀ ਪ੍ਰਚਾਰ ’ਚ ਮਸੰਦ ਪ੍ਰਥਾ ਆਰੰਭ ਕੀਤੀ। ਇਹ ਮਸੰਦ ਸਿਰਫ ਸੰਗਤਾਂ ਦੇ ਦਸਵੰਧ ਅਤੇ ਪ੍ਰਚਾਰ ਦੀ ਨਿਗਰਾਨੀ ਲਈ ਸਥਾਪਿਤ ਕੀਤੇ ਗਏ। ਇਹ ਮਸੰਦ ਉਸ ਵੇਲੇ ਬਹੁਤ ਸੱਚੇ ਸੁੱਚੇ ਸਿੱਖੀ ਦੀ ਸੂਝ ਰੱਖਣ ਵਾਲੇ, ਇਖਲਾਕ ਵਿੱਚ ਪੱਕੇ ਇਮਾਨਦਾਰ ਪ੍ਰਬੰਧਕ ਸਨ। ਮਸੰਦ ਜਮਾਤ ਕਾਇਮ ਹੋਣ ਨਾਲ ਗੁਰੂ ਕਾ ਚੱਕ ਇੱਕ ਤਰ੍ਹਾਂ ਨਾਲ ਅੱਜ ਦੇ ਸਿਟੀ ਸਟੇਟ ਵਾਂਗ ਬਣ ਗਿਆ ਸੀ। ਇੱਕ ਕਿਸਮ ਨਾਲ ਸਿੱਖ ਕੌਮ ਦਾ ਹੈਡਕੁਆਰਟਰ ਵੀ ਬਣ ਗਿਆ ਸੀ। ਹੁਣ ਗੁਰੂ ਦਰਬਾਰ ਵਿੱਚ ਭੱਟ ਕਵੀ ਵੀ ਸ਼ਾਮਲ ਹੋ ਗਏ ਸਨ। ਰਾਏ ਬਲਵੰਡ ਜੀ ਅਤੇ ਬਾਬਾ ਸੱਤਾ ਜੀ ਵੀ ਰਬਾਬੀ ਕੀਰਤਨੀ ਸੇਵਾ ਲਈ ਹਾਜ਼ਰ ਹੋ ਗਏ ਸਨ। ਗੁਰੂ ਰਾਮਦਾਸ ਪਾਤਿਸ਼ਾਹ ਨੇ 30 ਰਾਗਾਂ ਵਿੱਚ ਰੱਬੀ ਬਾਣੀ ਉਚਾਰਨ ਕੀਤੀ। ਸਿਰਫ ਉਚਾਰਨ ਹੀ ਨਹੀਂ ਕੀਤੀ ਬਲਕਿ 30 ਰਾਗਾਂ ਵਿੱਚ ਬਾਣੀ ਦਾ ਕੀਰਤਨ ਵੀ ਕੀਤਾ। ਗ੍ਰਿਹਸਤ ਜੀਵਨ ਦੀ ਸਫਲਤਾ ਵਾਸਤੇ ਜ਼ਿੰਦਗੀ ਦੇ ਚਾਰ ਪੜਾਅ (ਚਾਰ ਲਾਵਾਂ) ਰਾਹੀਂ ਦੱਸੇ। ਅਨੰਦ ਕਾਰਜ ਦਾ ਵਿਧੀ ਵਿਧਾਨ ਬੰਨ ਦਿੱਤਾ। ਅਕਾਲ ਪੁਰਖ ਨੇ ਮਾਨੋ ਇੱਕ ਵੱਡੀ ਕਰਾਮਾਤ ਕਰ ਦਿੱਤੀ, ਜੋ ਇਕ ਅਨਾਥ ਬੱਚਾ ਗੁਰੂ ਨਾਨਕ ਸਾਹਿਬ ਜੀ ਦੀ ਜੋਤਿ ਅਤੇ ਜੁਗਤਿ ਦੇ ਵਾਰਸ ਹੋਏ, ‘‘ਧੰਨੁ ਧੰਨੁ ਰਾਮਦਾਸ ਗੁਰੁ; ਜਿਨਿ ਸਿਰਿਆ ਤਿਨੈ ਸਵਾਰਿਆ ॥ ਪੂਰੀ ਹੋਈ ਕਰਾਮਾਤਿ; ਆਪਿ ਸਿਰਜਣਹਾਰੈ ਧਾਰਿਆ ॥ ਸਿਖੀ ਅਤੈ ਸੰਗਤੀ; ਪਾਰਬ੍ਰਹਮੁ ਕਰਿ ਨਮਸਕਾਰਿਆ ॥ ਅਟਲੁ ਅਥਾਹੁ ਅਤੋਲੁ ਤੂ; ਤੇਰਾ ਅੰਤੁ ਨ ਪਾਰਾਵਾਰਿਆ ॥ ਜਿਨ੍ਹੀ ਤੂੰ ਸੇਵਿਆ ਭਾਉ ਕਰਿ; ਸੇ ਤੁਧੁ ਪਾਰਿ ਉਤਾਰਿਆ ॥ ਲਬੁ ਲੋਭੁ ਕਾਮੁ ਕ੍ਰੋਧੁ ਮੋਹੁ; ਮਾਰਿ ਕਢੇ ਤੁਧੁ ਸਪਰਵਾਰਿਆ ॥ ਧੰਨੁ ਸੁ ਤੇਰਾ ਥਾਨੁ ਹੈ; ਸਚੁ ਤੇਰਾ ਪੈਸਕਾਰਿਆ ॥ ਨਾਨਕੁ ਤੂ, ਲਹਣਾ ਤੂਹੈ; ਗੁਰੁ ਅਮਰੁ ਤੂ ਵੀਚਾਰਿਆ ॥ ਗੁਰੁ ਡਿਠਾ; ਤਾਂ ਮਨੁ ਸਾਧਾਰਿਆ ॥੭॥’’ (ਬਲਵੰਡ ਸਤਾ/੯੬੮)
ਗੁਰੂ ਰਾਮਦਾਸ ਜੀ ਪਾਤਿਸ਼ਾਹ ਨੇ ਗੁਰਿਆਈ ਦੀ ਜ਼ਿੰਮੇਵਾਰੀ 7 ਸਾਲ ਨਿਭਾਈ। ਆਪ ਨੇ ਗੁਰਬਾਣੀ ਦੀ ਕਸਵੱਟੀ ਨਾਲ ਪਰਖ ਕੇ ਅਰਜਨ ਗੁਰੂ ਨੂੰ ਗੁਰੂ ਨਾਨਕ ਸਾਹਿਬ ਦੀ ਜੋਤਿ ਅਤੇ ਜੁਗਤਿ ਦੇ ਵਾਰਸ ਜਾਣ ਲਿਆ ਸੀ। ਦੋਨੋਂ ਵੱਡੇ ਪੁੱਤਰਾਂ ਨੂੰ ਗੁਰਿਆਈ ਦੇ ਅਯੋਗ ਜਾਣਿਆ। ਛੋਟੀ ਉਮਰ ਤੋਂ ਹੀ ਗੁਰੂ ਅਰਜਨ ਸਾਹਿਬ ਗੁਰਬਾਣੀ ਦੀ ਕਸਵੱਟੀ ’ਤੇ ਪੂਰੇ ਸਨ। ਇਹਨਾਂ ਦਾ ਜੀਵਨ ਗੁਰਬਾਣੀ ਅਨੁਸਾਰ ਪੂਰਨ ਸੀ, ਇਸ ਲਈ ਗੁਰੂ ਰਾਮਦਾਸ ਪਾਤਿਸ਼ਾਹ ਨੇ ਪਹਿਲੇ ਗੁਰੂਆਂ ਵਾਂਗ ਸੰਗਤਾਂ ਦੇ ਇਕੱਠ ਵਿੱਚ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਦੀ ਅਗਵਾਈ ਵਿੱਚ ਇਕ ਸਤੰਬਰ 1581 ਈਸਵੀ ਨੂੰ ਗੁਰੂ ਅਰਜਨ ਪਾਤਿਸ਼ਾਹ ਨੂੰ 15 ਭਗਤਾਂ, ਗੁਰੂ ਨਾਨਕ ਸਾਹਿਬ ਜੀ, ਗੁਰੂ ਅੰਗਦ ਸਾਹਿਬ ਜੀ, ਗੁਰੂ ਅਮਰਦਾਸ ਜੀ, ਜੋ ਅਕਾਲ ਪੁਰਖ ਦੇ ਹੁਕਮ ਵਿੱਚ ਆਪ ਦੀ ਬਾਣੀ ਉਚਾਰਨ ਕੀਤੀ ਅਤੇ ਬਾਬਾ ਸੁੰਦਰ ਜੀ ਵੱਲੋਂ ਉਚਾਰਨ ਕੀਤੀ ਬਾਣੀ ‘ਸਦੁ’ ਦੀ ਪੋਥੀ; ਗੁਰੂ ਅਰਜਨ ਜੀ ਨੂੰ ਸੌਂਪ ਦਿੱਤੀ। ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੀ ਜੋਤਿ ਅਤੇ ਜੁਗਤਿ ਦੇ ਵਾਰਸ ਗੁਰੂ ਅਰਜਨ ਪਾਤਿਸ਼ਾਹ ਜੀ ਨੂੰ ਥਾਪ ਦਿੱਤਾ। ਸਰੀਰ ਬਦਲਿਆ ਹੈ ਜੋਤਿ ਅਤੇ ਜੁਗਤਿ ਉਹੀ ਹੈ। ਗੁਰੂ ਅਰਜਨ ਸਾਹਿਬ ਜੀ ਹੁਣ ਗੁਰਿਆਈ ’ਤੇ ਸੁਸ਼ੋਭਿਤ ਹਨ। ਭਾਈ ਗੁਰਦਾਸ ਜੀ ਕਥਨ ਕਰਦੇ ਹਨ :
ਰਾਮਦਾਸਹੁਂ ਅਰਜਨ ਗੁਰੂ; ਗੁਰੁ ਸਬਦ ਸਥੋਈ । (ਭਾਈ ਗੁਰਦਾਸ ਜੀ/੩੮/੨੦)
ਗੁਰੂ ਰਾਮਦਾਸ ਪਾਤਿਸ਼ਾਹ ਵੱਲੋਂ ਗੁਰੂ ਅਰਜਨ ਪਾਤਿਸ਼ਾਹ ਜੀ ਵਰੋਸਾਏ ਹਨ। ਸ਼ਬਦ ਗੁਰੂ ਦੀ ਬਰਕਤ ਨਾਲ ਹੀ ਅੱਜ ਗੁਰੂ ਅਰਜਨ ਪਾਤਿਸ਼ਾਹ ਸਥੋਈ ਭਾਵ ਸਥਾਪਿਤ ਹੋਏ ਹਨ। ਗੁਰੂ ਅਰਜਨ ਸਾਹਿਬ ਪਹਿਲੇ ਚਾਰ ਗੁਰੂਆਂ ਵਾਂਗ ਕੌਮੀ ਸੂਝਵਾਨ ਦੂਰ ਅੰਦੇਜ਼ੀ, ਸੇਵਾ ਭਾਵਨਾ, ਨਿਮਰਤਾ ਦੇ ਪੁੰਜ, ਰੱਬੀ ਗੁਣਾਂ ਵਿੱਚ ਸੰਪੂਰਨ, ਕੁਰਬਾਨੀ ਦੇ ਮੁਜਸਮੇ ਹਨ। ਗੁਰੂ ਅਰਜਨ ਸਾਹਿਬ ਜੀ ਨੇ ਅੰਮ੍ਰਿਤ ਸਰੋਵਰ ਵਿਚਕਾਰ ਸ੍ਰੀ ਦਰਬਾਰ ਸਾਹਿਬ ਜੀ ਦੀ ਉਸਾਰੀ ਬਾਬਾ ਬੁੱਢਾ ਜੀ ਦੀ ਨਿਗਰਾਨੀ ਹੇਠ ਸ਼ੁਰੂ ਕੀਤੀ। ਸ੍ਰੀ ਦਰਬਾਰ ਸਾਹਿਬ ਦੇ ਚਾਰ ਦਰਵਾਜ਼ੇ ਰੱਖੇ ਅਤੇ ਅੰਮ੍ਰਿਤ ਬਚਨ ਕੀਤੇ :
ਖਤ੍ਰੀ ਬ੍ਰਾਹਮਣ ਸੂਦ ਵੈਸ; ਉਪਦੇਸੁ ਚਹੁ ਵਰਨਾ ਕਉ ਸਾਝਾ ॥
ਗੁਰਮੁਖਿ ਨਾਮੁ ਜਪੈ, ਉਧਰੈ ਸੋ ਕਲਿ ਮਹਿ; ਘਟਿ ਘਟਿ ਨਾਨਕ ਮਾਝਾ ॥ (ਮਹਲਾ ੫/੭੪੭)
ਭਾਵੇਂ ਕਿਸੇ ਜਾਤ, ਵਰਨ ਦਾ ਹੋਵੇ ਭਾਵੇਂ ਕਿਸੇ ਮਜ਼੍ਹਬ ਦਾ ਹੋਵੇ ਭਾਵੇਂ ਕਿਸੇ ਦੇਸ਼ ਦਾ ਹੋਵੇ ਭਾਵੇਂ ਮਰਦ ਜਾਂ ਔਰਤ ਹੋਵੇ; ਸਾਰਿਆਂ ਨੂੰ ਦਰਬਾਰ ਸਾਹਿਬ ਆਉਣ ਦੀ ਇਜਾਜ਼ਤ ਹੈ। ਦਰਬਾਰ ਸਾਹਿਬ ਦੇ ਦਰਵਾਜ਼ੇ ਚਾਰ ਇਹੀ ਸੰਦੇਸ਼ ਦੇ ਰਹੇ ਹਨ, ਪਰ ਰਸਤਾ ਇੱਕ ਹੀ ਹੈ ਜੀਵਨ ਸਫਲ ਕਰਨ ਦਾ। ਰਸਤਾ ਇੱਕ ਹੀ ਹੈ ਗੁਰੂ ਦੀ ਸ਼ਰਨ ਪੈ ਕੇ ਨਾਮ ਬਾਣੀ ਅਨੁਸਾਰ ਜੀਵਨ ਬਿਤਾਉਣਾ। ਗੁਰੂ ਅਮਰਦਾਸ ਜੀ ਦੀ ਅਸੀਸ ਗੁਰੂ ਅਰਜਨ ਜੀ ਨੂੰ ਛੋਟੀ ਜਿਹੀ ਉਮਰ ਵਿੱਚ ਹੀ ਮਿਲ ਗਈ ਸੀ ‘ਦੁਹਤਾ ਬਾਣੀ ਕਾ ਬੋਹਿਥਾ’। ਆਪ ਦਾ ਵਿਆਹ 19 ਜੂਨ 1589 ਦੇ ਦਿਨ ਲਾਹੌਰ ਦੇ ਭਾਈ ਸੰਗਤ ਰਾਓ ਦੀ ਬੇਟੀ (ਮਾਤਾ) ਗੰਗਾ ਨਾਲ ਹੋਇਆ । ਸੰਨ 1595 ਈਸਵੀ ਨੂੰ ਮਾਤਾ ਗੰਗਾ ਜੀ ਦੀ ਗੋਦ ਵਿੱਚ ਬਾਲ ਸ੍ਰੀ ਹਰਗੋਬਿੰਦ ਸਾਹਿਬ ਜੀ ਦਾ ਆਗਮਨ ਹੋਇਆ। ਗੁਰੂ ਅਰਜਨ ਪਾਤਿਸ਼ਾਹ ਨੂੰ ਪ੍ਰਿਥਵੀ ਚੰਦ ਦੀ ਵਿਰੋਧਤਾ ਦਾ ਬਹੁਤ ਸਾਹਮਣਾ ਕਰਨਾ ਪਿਆ। ਪ੍ਰਿਥੀ ਚੰਦ ਲੰਗਰਾਂ ਦਾ ਮੁਖੀ ਸੀ। ਉਹ ਬਹੁਤ ਚਲਾਕ ਬਿਰਤੀ ਦਾ ਇਨਸਾਨ ਸੀ। ਉਸ ਨੇ ਚਲਾਕੀ ਨਾਲ ਮਸੰਦਾ ਨੂੰ ਆਪਣੇ ਨਾਲ ਰਲ਼ਾ ਲਿਆ ਸੀ। ਉਹ ਲੰਗਰਾਂ ਦੀ ਰਸਦ ਅਤੇ ਦਸਵੰਧ ਦੀ ਭੇਟਾ ਬਹੁਤ ਸਾਰੇ ਮਸੰਦਾਂ ਤੋਂ ਚਲਾਕੀ ਨਾਲ ਲੈ ਲੈਂਦਾ ਸੀ। ਪ੍ਰਿਥਵੀ ਚੰਦ ਗੁਰੂ ਹੋਣ ਦਾ ਢੋਂਗ ਵੀ ਕਰਦਾ ਸੀ, ਇਸ ਕਰਕੇ ਇੱਕ ਵਾਰ ਤਾਂ ਅੰਮ੍ਰਿਤਸਰ ਵਿੱਚ ਲੰਗਰ ਮਸਤ ਵੀ ਹੋ ਗਏ ਸਨ। ਭਾਈ ਗੁਰਦਾਸ ਜੀ ਆਗਰੇ ਸਿੱਖੀ ਪ੍ਰਚਾਰ ਲਈ ਗਏ ਹੋਏ ਸਨ। ਜਦੋਂ ਉਹ ਵਾਪਸ ਆਏ ਤਾਂ ਪ੍ਰਿਥਵੀ ਚੰਦ ਦੀਆਂ ਚਲਾਕੀਆਂ ਅਤੇ ਸਾਜਸ਼ਾਂ ਦਾ ਪਤਾ ਲੱਗਾ। ਆਪ ਨੇ ਹਾਲਾਤਾਂ ਦਾ ਸਾਹਮਣਾ ਕਰਨ ਲਈ ਬਾਬਾ ਬੁੱਢਾ ਜੀ, ਭਾਈ ਸਾਲੋ ਜੀ, ਭਾਈ ਪੈੜਾ ਜੀ, ਭਾਈ ਜੇਠਾ ਜੀ, ਭਾਈ ਮੰਝ ਜੀ, ਭਾਈ ਬਿਧੀ ਚੰਦ ਜੀ ਅਤੇ ਹੋਰ ਇਮਾਨਦਾਰ ਅਤੇ ਸੁਹਿਰਦ ਸਿੱਖਾਂ ਨੂੰ ਬੁਲਾਇਆ। ਇਹਨਾਂ ਨੂੰ ਵੱਖ-ਵੱਖ ਇਲਾਕਿਆਂ ਵਿੱਚ ਸੰਗਤਾਂ ਨੂੰ ਪ੍ਰਿਥਵੀ ਚੰਦ ਦੀਆਂ ਚਾਲਾਂ ਤੋਂ ਸੁਚੇਤ ਕਰਨ ਲਈ ਭੇਜਿਆ। ਭਾਈ ਗੁਰਦਾਸ ਜੀ ਨੇ ਉਸ ਵੇਲੇ 36 ਵੀਂ ਵਾਰ ਦੀ ਰਚਨਾ ਕੀਤੀ। ਇਸ ਵਾਰ ਨੂੰ ਮੀਣਿਆਂ ਦੀ ਵਾਰ ਵੀ ਕਿਹਾ ਜਾਂਦਾ ਹੈ। ਇਸ ਵਿੱਚ ਭਾਈ ਗੁਰਦਾਸ ਜੀ ਨੇ ਪਖੰਡੀ ਆਪੂ ਬਣੇ ਗੁਰੂ ਪ੍ਰਿਥੀ ਚੰਦ ਦਾ ਬਹੁਤ ਉਦਾਹਰਨਾਂ ਦੇ ਕੇ ਪਾਜ ਉਗਾੜਿਆ ਹੈ। ਪ੍ਰਿਥਵੀ ਚੰਦ ਨੇ ਬਾਲ ਹਰਿਗੋਬਿੰਦ ਜੀ ਨੂੰ ਮਰਵਾਉਣ ਦੇ ਬਹੁਤ ਜਤਨ ਕੀਤੇ ਸਨ, ਪਰ ਸਭ ਅਸਫਲ ਹੁੰਦੇ ਰਹੇ। ਪ੍ਰਿਥਵੀ ਚੰਦ ਪ੍ਰਚਾਰ ਕਰਦਾ ਸੀ ਕਿ ਮੈਂ ਵੱਡਾ ਹਾਂ, ਇਸ ਲਈ ਗੁਰਿਆਈ ਦਾ ਮੈਂ ਹੱਕਦਾਰ ਹਾਂ। ਪ੍ਰਿਥੀ ਚੰਦ ਮਹੇਸ਼ ਦਾਸ ਬੀਰਬਲ ਨਾਲ ਰਲ ਕੇ ਅਕਬਰ ਦੇ ਦਰਬਾਰ ਵਿੱਚ ਗੁਰਿਆਈ ਲਈ ਯਤਨ ਵੀ ਕਰਦਾ ਸੀ। ਅਕਬਰ ਸਮੇਂ ਤਾਂ ਪ੍ਰਿਥੀ ਚੰਦ ਅਤੇ ਬੀਰਬਲ ਦੀ ਕੋਈ ਨਹੀਂ ਸੁਣੀ ਗਈ, ਫਿਰ ਪ੍ਰਿਥੀ ਚੰਦ ਮੁਤਸਵੀਆਂ ਨਾਲ ਰਲ ਕੇ ਜਹਾਂਗੀਰ ਤੱਕ ਵੀ ਗੁਰਿਆਈ ਲਈ ਪਹੁੰਚ ਕਰਦਾ ਰਿਹਾ। ਇਸੇ ਕਰਕੇ ਇੱਕ ਮੁਗਲ ਜਰਨੈਲ ਸੁਲਹੀ ਖਾਨ ਨੂੰ ਲਾਲਚ ਦੇ ਕੇ ਗੁਰੂ ਅਰਜਨ ਸਾਹਿਬ ਦੇ ਹਮਲਾ ਕਰਨ ਲਈ ਲੈ ਆਇਆ ਸੀ, ਪਰ ਸੁਲਹੀ ਖਾਨ ਦਾ ਘੋੜਾ ਬੇਕਾਬੂ ਹੋ ਕੇ ਇੱਟਾਂ ਦੇ ਬਲਦੇ ਭੱਠੇ ਵਿੱਚ ਲੈ ਵੜਿਆ। ਬਲਦੇ ਭੱਠੇ ਵਿੱਚ ਘੋੜੇ ਸਮੇਤ ਸੁਲਹੀ ਖਾਂ ਸੜ ਕੇ ਮਰ ਗਿਆ। ਇਸ ਦਾ ਗੁਰਬਾਣੀ ਵਿੱਚ ਜ਼ਿਕਰ ਹੈ ‘‘ਸੁਲਹੀ ਤੇ ਨਾਰਾਇਣ ਰਾਖ ॥ ਸੁਲਹੀ ਕਾ ਹਾਥ ਕਹੀ ਨ ਪਹੁਚੈ; ਸੁਲਹੀ ਹੋਇ ਮੂਆ ਨਪਾਕੁ ॥ ਰਹਾਉ॥ ਕਾਢਿ ਕੁਠਾਰੁ ਖਸਮਿ ਸਿਰੁ ਕਾਟਿਆ; ਖਿਨ ਮਹਿ ਹੋਇ ਗਇਆ ਹੈ ਖਾਕੁ ॥ ਮੰਦਾ ਚਿਤਵਤ ਚਿਤਵਤ ਪਚਿਆ; ਜਿਨਿ ਰਚਿਆ ਤਿਨਿ ਦੀਨਾ ਧਾਕੁ (ਧੱਕਾ)॥’’ (ਮਹਲਾ ੫/੮੨੫)
ਅੱਗ ਵਿੱਚ ਸੜ ਕੇ ਮਰਨ ਨੂੰ ਮੁਸਲਮਾਨ ਬਹੁਤ ਹੀ ਮਾੜਾ ਕਹਿੰਦੇ ਹਨ, ਇਸ ਲਈ ਗੁਰੂ ਅਰਜਨ ਪਾਤਿਸ਼ਾਹ ਨੇ ਨਾਪਾਕ ਅਪਵਿੱਤਰ ਲਫਜ਼ ਵਰਤਿਆ ਹੈ। ਪ੍ਰਿਥਵੀ ਚੰਦ ਹਾਲੇ ਵੀ ਨਾ ਸਮਝਿਆ। ਸੁਲਹੀ ਖਾਨ ਦੇ ਭਤੀਜੇ ਸੁਲਭੀ ਖਾਂ ਨੂੰ ਗੁਰੂ ਸਾਹਿਬ ਦੇ ਖਿਲਾਫ ਭੜਕਾ ਕੇ ਲੈ ਆਉਂਦਾ ਹੈ। ਸੁਲਭੀ ਖਾਂ ਗੁਰੂ ਸਾਹਿਬ ’ਤੇ ਹਮਲਾ ਕਰਨ ਆ ਰਿਹਾ ਸੀ। ਰਸਤੇ ਵਿੱਚ ਸਈਅਦਾ ਨਾਲ ਝਗੜਾ ਹੋ ਗਿਆ। ਉਨ੍ਹਾਂ ਹੱਥੋਂ ਸੁਲਭੀ ਖਾਂ ਮਾਰਿਆ ਗਿਆ। ਫਿਰ ਪ੍ਰਿਥਵੀ ਚੰਦ ਨੇ ਆਪਣੇ ਸਹੁਰੇ ਪਿੰਡ ਹੇਹਰਾਂ, ਜੋ ਹੁਣ ਪਾਕਿਸਤਾਨ ਵਿੱਚ ਹੈ, ਵਿਖੇ ਸ੍ਰੀ ਦਰਬਾਰ ਸਾਹਿਬ ਵਰਗਾ ਇੱਕ ਹੋਰ ਦਰਬਾਰ ਸਾਹਿਬ ਬਣਾ ਲਿਆ, ਜਿਸ ਦਾ ਨਾਮ ਦੂਖ ਨਿਵਾਰਨ ਰੱਖਿਆ। ਉੱਥੇ ਇਕ ਗ੍ਰੰਥ ਨੂੰ ਰੱਖ ਲਿਆ। ਅੱਜ ਵੀ ਮਸਤੂਆਣਾ ਵਿੱਚ ਸ੍ਰੀ ਦਰਬਾਰ ਸਾਹਿਬ ਵਾਂਗ ਹੋਰ ਦਰਬਾਰ ਸਾਹਿਬ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਸਭ ਆਉਣ ਵਾਲੀ ਜਨਰੇਸ਼ਨ ਵਿੱਚ ਭੁਲੇਖਾ ਪਾਉਣ ਲਈ ਅਤੇ ਦਰਬਾਰ ਸਾਹਿਬ ਦੀ ਬਰਾਬਰੀ ਦੇ ਯਤਨ ਹਨ, ਪਰ ਲੋਕਾਂ ਨੇ ਪ੍ਰਿਥੀ ਚੰਦ ਦੇ ਦੂਖ ਨਿਵਾਰਨ ਵੱਲ ਮੂੰਹ ਨਾ ਕੀਤਾ। ਉਮੀਦ ਹੈ ਅੱਜ ਵੀ ਸੰਗਤਾਂ ਕਿਸੇ ਦੂਸਰੇ, ਤੀਸਰੇ ਦਰਬਾਰ ਦੀ ਬਿਲਡਿੰਗ ਨੂੰ ਮੂੰਹ ਨਹੀਂ ਲਾਉਣਗੀਆਂ। ਪ੍ਰਿਥਵੀ ਚੰਦ ਵੱਲੋਂ ਵੇਲੇ ਹੋ ਕੇ ਗੁਰੂ ਸਾਹਿਬ ਨੇ ਲੁਕਾਈ ਦੇ ਭਲੇ ਲਈ ਬਹੁਤ ਮਹਾਨ ਕਾਰਜ ਕੀਤੇ। ਸੰਖੇਪ ਵਿੱਚ ਕਹਿ ਰਿਹਾ ਹਾਂ ਗੁਰੂ ਅਰਜਨ ਪਾਤਿਸ਼ਾਹ ਨੇ ਵੀ 30 ਰਾਗਾਂ ਵਿੱਚ ਰੱਬ ਦੇ ਹੁਕਮ ਨਾਲ ਗੁਰਬਾਣੀ ਦਾ ਉਚਾਰਨ ਕੀਤਾ। ਸ੍ਰੀ ਸੁਖਮਨੀ ਸਾਹਿਬ ਜੀ ਦੀ ਰਚਨਾ ਕੀਤੀ। ਸੰਨ 1590 ਈਸਵੀ ਵਿੱਚ ਤਰਨ ਤਾਰਨ ਸਾਹਿਬ ਵਿਖੇ ਪਰਜਾ ਦੇ ਸੁਖ ਵਾਸਤੇ ਸਰੋਵਰ ਦੀ ਰਚਨਾ ਕੀਤੀ। 1592 ਈਸਵੀ ਵਿੱਚ ਗੁਰੂ ਕੀ ਵਡਾਲੀ ਦੇ ਨੇੜੇ ਇੱਕ ਛੇਹਰਟਾ ਵਾਲਾ ਖੂਹ ਬਣਵਾਇਆ। ਇਸ ਨਵੀਂ ਆਬਾਦੀ ਦਾ ਨਾਮ ਸਿਹਟਾ ਸਾਹਿਬ ਰੱਖਿਆ। 1597 ਈਸਵੀ ਵਿੱਚ ਕਰਤਾਰਪੁਰ ਨਗਰ (ਜਲੰਧਰ) ਦੀ ਉਸਾਰੀ ਕੀਤੀ। 1597 ਵਿੱਚ ਪਿੰਡ ਰਹੀਲਾ ਦੀ ਥੇਹ ’ਤੇ ਗੋਬਿੰਦਪੁਰ ਨਗਰ ਦੀ ਨੀ ਰੱਖੀ। ਜਿਸ ਦਾ ਬਾਅਦ ਵਿੱਚ ਹਰਗੋਬਿੰਦਪੁਰ ਨਾਮ ਰੱਖਿਆ ਗਿਆ। 1599 ਈਸਵੀ ਵਿੱਚ ਲਾਹੌਰ ਵਿਖੇ ਲੋਕਾਂ ਦੇ ਪਾਣੀ ਦੇ ਮਸਲੇ ਨੂੰ ਹੱਲ ਕਰਕੇ ਬੋਲ਼ੀ ਦੀ ਰਚਨਾ ਕੀਤੀ। 1602 ਈਸਵੀ ਵਿੱਚ ਗੁਰੂ ਕੇ ਚੱਕ ਅੰਮ੍ਰਿਤਸਰ ਵਿੱਚ ਰਾਮਸਰ ਸਰੋਵਰ ਦੀ ਰਚਨਾ ਕੀਤੀ। ਫਿਰ ਪਿੰਡ ਘੁੱਕੇ ਵਾਲੀ ਵਿੱਚ ਇੱਕ ਬਾਗ ਲਗਵਾਇਆ। ਤਰਨ ਤਾਰਨ ਸਾਹਿਬ ਵਿਖੇ ਕੋੜੀਆਂ ਦੇ ਇਲਾਜ ਵਾਸਤੇ ਹਸਪਤਾਲ ਅਤੇ ਆਸ਼ਰਮ ਬਣਾਇਆ। ਇੱਕ ਵਾਰ 1595 ਈਸਵੀ ਵਿੱਚ ਰਾਵੀ ਅਤੇ ਝਨਾ ਦੇ ਵਿਚਕਾਰ ਕਾਲ ਪੈ ਗਿਆ ਸੀ। ਗੁਰੂ ਸਾਹਿਬ ਨੇ ਇਸ ਇਲਾਕੇ ਵਿੱਚ ਲੰਗਰ ਚਲਾਏ ਸਨ। ਜਦੋਂ ਲਾਹੌਰ ਵਿੱਚ ਪਲੇਗ ਫੈਲ ਗਈ ਸੀ ਤਾਂ ਗੁਰੂ ਸਾਹਿਬ ਨੇ ਅੱਠ ਮਹੀਨੇ ਲਗਾਤਾਰ ਆਪ ਹੱਥੀ ਸੇਵਾ ਕੀਤੀ ਸੀ। ਇਹਨਾਂ ਦਿਨਾਂ ਵਿੱਚ ਅਕਬਰ ਵੀ ਲਾਹੌਰ ਵਿੱਚ ਆਇਆ ਸੀ। ਅਕਬਰ ਨੇ ਗੁਰੂ ਸਾਹਿਬ ਜੀ ਦਾ ਸਰਕਾਰੀ ਤੌਰ ’ਤੇ ਧੰਨਵਾਦ ਕੀਤਾ। ਗੁਰੂ ਸਾਹਿਬ ਨੇ ਉਸ ਵੇਲੇ ਅਕਬਰ ਕੋਲੋਂ ਕਿਸਾਨਾਂ ਦਾ ਮਾਲੀਆ ਟੈਕਸ ਮਾਫ ਕਰਵਾ ਲਿਆ ਸੀ। ਗੁਰੂ ਅਰਜਨ ਸਾਹਿਬ ਨਾਲ ਸਾਈ ਮੀਆਂ ਮੀਰ ਸ਼ਾਹ ਜੀ ਦਾ ਅਥਾਹ ਪਿਆਰ ਸੀ, ਜਿਸ ਕਰਕੇ ਸੂਫੀ ਮਤ ਵਾਲੇ ਸਾਰੇ ਗੁਰੂ ਅਰਜਨ ਸਾਹਿਬ ਜੀ ਦਾ ਬਹੁਤ ਮਾਣ ਸਨਮਾਨ ਕਰਦੇ ਸਨ। ਸਾਰੇ ਧਾਰਮਿਕ, ਰੂਹਾਨੀਅਤ ਵਾਲੇ ਧਾਰਮਿਕ ਆਗੂ ਗੁਰੂ ਸਾਹਿਬ ਦੇ ਨਾਲ ਸਨ। ਗੁਰੂ ਸਾਹਿਬ ਨੇ 15 ਸਾਲ ਲਗਾਤਾਰ ਦਿਨ ਰਾਤ ਲੁਕਾਈ ਦੀ ਸੇਵਾ ਵਿੱਚ ਲਾ ਦਿੱਤੇ। ਸਤਾ ਬਲਵੰਡ ਜੀ ਨੇ ਵੀ ਆਪਣੀ ਗਲਤੀ ਦਾ ਅਹਿਸਾਸ ਕੀਤਾ। ਉਹਨਾਂ ਨੇ ਗੁਰੂ ਸਾਹਿਬ ਦੀ ਮਹਿਮਾ ਵਿੱਚ ਇਕ ਰਾਮਕਲੀ ਰਾਗ ਵਿੱਚ ਵਾਰ ਗਾਈ। ਗੁਰੂ ਦਰਬਾਰ ਵਿੱਚ ਰੂਹਾਨੀਅਤ ਵਾਲੇ 11 ਭੱਟ ਵੀ ਸਨ। ਇਹਨਾਂ ਭੱਟਾਂ ਨੇ ਸੱਚ ਦੇ ਆਧਾਰ ’ਤੇ ਗੁਰੂ ਸਾਹਿਬ ਦੀ ਮਹਿਮਾ ਵਿੱਚ ਸਵੱਈਏ ਉਚਾਰਨ ਕੀਤੇ। ਬਸ ਇਨ੍ਹਾਂ ਕਾਰਨਾਂ ਕਰਕੇ ਹੀ ਗੁਰੂ ਅਰਜਨ ਸਾਹਿਬ ਜੀ ਬਾਰੇ ਰਾਏ ਬਲਵੰਡ ਜੀ ਨੇ ਫੁਰਮਾਇਆ ਹੈ :
ਤਖਤਿ ਬੈਠਾ ਅਰਜਨ ਗੁਰੂ; ਸਤਿਗੁਰ ਕਾ ਖਿਵੈ ਚੰਦੋਆ ॥
ਉਗਵਣਹੁ ਤੈ ਆਥਵਣਹੁ; ਚਹੁ ਚਕੀ ਕੀਅਨੁ ਲੋਆ ॥ (ਬਲਵੰਡ ਤੇ ਸਤਾ/੯੬੬)
ਭਾਵ ਹੁਣ ਗੁਰੂ ਨਾਨਕ ਸਾਹਿਬ ਜੀ ਦੀ ਜੋਤਿ ਅਤੇ ਜੁਗਤਿ ਦੇ ਪੰਜਵੇਂ ਵਾਰਸ ਅਕਾਲ ਪੁਰਖ ਦੇ ਸੱਚ ਤਖਤ ’ਤੇ ਸੁਸ਼ੋਭਿਤ ਹਨ। ਗੁਰੂ ਅਰਜਨ ਪਾਤਿਸ਼ਾਹ ਜੀ ਦਾ ਚੰਦੋਆ ਭਾਵ ਤੇਜ ਪ੍ਰਤਾਪ ਸਾਰੇ ਪਾਸੇ ਖਿਵੇ ਭਾਵ ਚਮਕਦਾ ਹੈ। ਚਾਰੇ ਪਾਸੇ ਗੁਰੂ ਅਰਜਨ ਪਾਤਿਸ਼ਾਹ ਜੀ ਦੇ ਸੱਚ ਦਾ ਪ੍ਰਤਾਪ ਫੈਲਿਆ ਹੈ। ਉਗਵਣੋ ਤੈ ਅਥਾਵਣੋ ਭਾਵ ਸੂਰਜ ਚੜਨ ਅਤੇ ਡੁੱਬਣ ਤੱਕ ਯਾਨੀ ਹਰ ਵੇਲੇ ਸੰਸਾਰ ਦੇ ਚਾਰੇ ਦਿਸ਼ਾਵਾਂ ਵਿੱਚ ਗੁਰੂ ਅਰਜਨ ਸਾਹਿਬ ਜੀ ਨੇ ਅਕਾਲ ਪੁਰਖ ਦੀ ਬਖਸ਼ਸ਼ ਨਾਲ ਸੱਚ ਦਾ ਲੋਆ ਭਾਵ ਚਾਨਣ ਕੀਤਾ। ਗੁਰੂ ਅਰਜਨ ਪਾਤਿਸ਼ਾਹ ਜੀ ਕੋਲ 15 ਭਗਤਾਂ, ਪੰਜ ਗੁਰੂ ਸਾਹਿਬਾਨ, ਬਾਬਾ ਸੁੰਦਰ ਜੀ, ਰਾਏ ਬਲਵੰਡ ਅਤੇ ਬਾਬਾ ਸੱਤਾ ਜੀ, 11 ਭੱਟਾਂ ਦੀ ਬਾਣੀ ਦੀ ਪੋਥੀ ਮੌਜੂਦ ਹੈ। ਕਿਸੇ ਮੋਹਣ ਕੋਲੋਂ ਗੁਰਬਾਣੀ ਦੀ ਪੋਥੀ ਲਈ ਤਰਲੇ ਨਹੀਂ ਲਏ ਕਿਉਂਕਿ ਭਾਈ ਗੁਰਦਾਸ ਜੀ ਆਖਦੇ ਹਨ :
ਮੋਹਣੁ ਕਮਲਾ ਹੋਇਆ; ਚਉਬਾਰਾ ਮੋਹਰੀ ਮਨਾਇਆ । (੨੬/੩੩)
ਕੀ ਗੁਰਬਾਣੀ ਦੀ ਪੋਥੀ ਗੁਰੂ ਸਾਹਿਬ ਇੱਕ ਗੁਰੂ ਤੋਂ ਬੇਮੁਖ ਕਮਲੇ ਦੇ ਹੱਥ ਜਾਣ ਦੇਣਗੇ ? ਕਦੇ ਵੀ ਨਹੀਂ। ਦੂਸਰੀ ਗੱਲ ਚੌਬਾਰੇ ਤਾਂ ਮੋਹਰੀ ਦਰਸ਼ਨ ਦਿੰਦਾ ਨਹੀਂ, ਪਰ ਸਾਖੀਆਂ ਸੁਣਾਉਣ ਵਾਲੇ ਕਹਿੰਦੇ ਹਨ ਕਿ ਮੋਹਣ ਚਬਾਰੇ ਬੈਠਾ ਸੀ, ਜਿਸ ਕਰਕੇ ਗੁਰੂ ਜੀ ਨੇ ਉਚਾਰਨ ਕੀਤਾ :
ਮੋਹਨ ਤੇਰੇ ਊਚੇ ਮੰਦਰ ਮਹਲ ਅਪਾਰਾ ॥
ਮੋਹਨ ਤੇਰੇ ਸੋਹਨਿ ਦੁਆਰ ਜੀਉ; ਸੰਤ ਧਰਮਸਾਲਾ ॥ (ਮਹਲਾ ੫/੨੪੮)
ਇੱਥੇ ਮੋਹਨ ਦੇ ਅਰਥ ਮਨ ਨੂੰ ਮੋਹ ਲੈਣ ਵਾਲਾ ਪਰਮਾਤਮਾ ਹੈ। ਹੁਣ 34 ਸਤਪੁਰਸ਼ਾਂ ਦੀ ਬਾਣੀ ਦੀ ਪੋਥੀ ਗੁਰੂ ਅਰਜਨ ਪਾਤਿਸ਼ਾਹ ਕੋਲ ਹੈ। ਗੁਰੂ ਅਰਜਨ ਸਾਹਿਬ ਨੇ ਇਸ ਗੁਰਬਾਣੀ ਦੀ ਪੋਥੀ ਨੂੰ ਆਦਿ ਸ੍ਰੀ ਗ੍ਰੰਥ ਸਾਹਿਬ ਦਾ ਰੂਪ ਕਿਵੇਂ ਅਤੇ ਕਿਸ ਤਰ੍ਹਾਂ ਦਿੱਤਾ, ਇਸ ਦੀ ਵਿਚਾਰ ਅਗਲੇ ਭਾਗ ਵਿੱਚ ਕਰਾਂਗੇ। ਅਕਾਲ ਪੁਰਖ ਅਤੇ ਗੁਰੂ ਪਾਤਿਸ਼ਾਹ ਸਾਡੇ ’ਤੇ ਕਿਰਪਾ ਕਰਨ। ਸਾਡੇ ਜੀਵਨ ਵਿੱਚ ਗੁਰਬਾਣੀ ਆਵੇ ਤਾਂ ਕਿ ਸਾਡਾ ਸਾਰਿਆਂ ਦੋ ‘‘ਇਹ ਲੋਕ ਸੁਖੀਏ ਪਰਲੋਕ ਸੁਹੇਲੇ ॥ ਨਾਨਕ ! ਹਰਿ ਪ੍ਰਭਿ (ਨੇ) ਆਪਹਿ ਮੇਲੇ ॥’’ (ਸੁਖਮਨੀ/ਮਹਲਾ ੫/੨੯੩) ਇਸ ਦੀਆਂ ਦਾਤਾਂ ਬਰਕਤਾਂ ਮਿਲਣ। ਹੋਈਆਂ ਭੁੱਲਾਂ ਦੀ ਖਿਮਾ।