ਖ਼ਾਲਸੇ ਦੀ ਕਿਰਦਾਰ ਘਾੜਤ ਤੋਂ ਖ਼ਾਲਸਾ ਸਰੂਪ ਤੱਕ ਦਾ ਸਫ਼ਰ

0
353

ਖ਼ਾਲਸੇ ਦੀ ਕਿਰਦਾਰ ਘਾੜਤ ਤੋਂ ਖ਼ਾਲਸਾ ਸਰੂਪ ਤੱਕ ਦਾ ਸਫ਼ਰ

ਅਮਨਪ੍ਰੀਤ ਸਿੰਘ, ਗੁਰਸਿੱਖ ਫ਼ੈਮਲੀ ਕਲੱਬ (ਰਜਿ.) (ਲੁਧਿਆਣਾ)

ਖਾਲਸਾ ਸ਼ਬਦ ਤੋਂ ਭਾਵ ਹੈ ਸ਼ੁੱਧ, ਪਵਿੱਤਰ ਜਾਂ ਨਿਰਮਲ ।

ਖ਼ਾਲਸ ਜਾਂ ਨੇਕ ਮਨੁੱਖ ਦੀ ਘਾੜ੍ਹਤ ਘੜਨ ਲਈ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਹੀ ਉਪਰਾਲੇ ਅਰੰਭ ਕੀਤੇ ਜਾ ਚੁੱਕੇ ਸਨ । ਸਮੁੱਚੀ ਗੁਰਬਾਣੀ ਰਾਹੀਂ ਮਨੁੱਖ ਦੇ ਕਿਰਦਾਰ ਨੂੰ ਸਚਿਆਰਾ ਬਣਾਉਣ ਲਈ ਹਰੇਕ ਢੰਗ ਨਾਲ ਸਮਝਾਉਣ ਦੇ ਯਤਨ ਕੀਤੇ ਗਏ ਹਨ । ਖ਼ਾਲਸ ਜਾਂ ਸ਼ੁੱਧ ਮਨੁੱਖ ਓਹੀ ਹੋ ਸਕਦਾ ਹੈ ਜਿਸ ਦੇ ਅੰਦਰ ਦੁਬਿਧਾ ਦਾ ਬੀਜ ਨਾਸ਼ ਹੋ ਚੁੱਕਿਆ ਹੋਵੇ ਤੇ ਇੱਕ ’ਤੇ ਭਰੋਸਾ ਜਾਂ ਇੱਕ ਦਾ ਹੁਕਮ ਮੰਨਣ ਦੀ ਜਾਚ ਸਿੱਖ ਲਈ ਹੋਵੇ । ਗੁਰੂ ਨਾਨਕ ਸਾਹਿਬ ਜੀ ਇਸ ਪ੍ਰਥਾਇ ‘ਜਪੁ’ ਸਾਹਿਬ ਬਾਣੀ ਦੀ ਪਹਿਲੀ ਪਉੜੀ ਦੀਆਂ ਅਖੀਰਲੀਆਂ ਪੰਗਤੀਆਂ ਵਿੱਚ ਸੁਆਲ ਪਾ ਕੇ ਜੁਆਬ ਰਾਹੀਂ ਸਮਝਾਉਣ ਦੀ ਸੇਧ ਬਖਸ਼ਦੇ ਹਨ :-‘‘ਕਿਵ ਸਚਿਆਰਾ ਹੋਈਐ  ? ਕਿਵ ਕੂੜੈ ਤੁਟੈ ਪਾਲਿ  ? ॥ ਹੁਕਮ ਰਜਾਈ ਚਲਣਾ; ਨਾਨਕ ! ਲਿਖਿਆ ਨਾਲਿ॥

ਗੁਰਬਾਣੀ ਰਾਹੀਂ ਸਾਨੂੰ ਹਰ ਥਾਂ ’ਤੇ ਗੁਰੂ ਹੁਕਮਾਂ ਅਨੁਸਾਰੀ ਹੋ ਕੇ ਜੀਵਣ ਜੀਉਣ ਦੀ ਪ੍ਰੇਰਣਾ ਮਿਲਦੀ ਹੈ ਜਿਸ ਦੀ ਪਾਲਣਾ ਕਰਦਿਆਂ ਖ਼ਾਲਸ ਮਨੁੱਖ ਬਣਿਆ ਜਾ ਸਕਦਾ ਹੈ । ਇਸੇ ਲੜੀ ਨੂੰ ਅੱਗੇ ਤੋਰਦਿਆਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਮਤਿ ਸਿਧਾਂਤਾਂ ਦੇ ਮਾਪਦੰਡ ਰਾਹੀਂ ਖ਼ਾਲਸ ਮਨੁੱਖ ਦੀ ਪਹਿਚਾਣ ਕੀਤੀ ਤੇ ਖੰਡੇ ਦੀ ਪਾਹੁਲ ਰਾਹੀਂ ਮੋਹਰ ਲਾਈ ਤਾਂ ਜੋ ਖ਼ਾਲਸੇ ਦੀ ਸਰੂਪ ਰਾਹੀਂ ਵੀ ਪਹਿਚਾਣ ਹੋ ਸਕੇ ।  ਹੁਣ ਸੰਨ ੧੬੯੯ ਈਸਵੀ ਤੋਂ ਖ਼ਾਲਸਾ ਕਿਰਦਾਰ ਤੇ ਸਰੂਪ ਦੋਹਾਂ ਤੋਂ ਪਹਿਚਾਣਿਆ ਜਾਣ ਲੱਗ ਪਿਆ ਸੀ । ਇੱਥੇ ਇਹ ਗੱਲ ਧਿਆਨ ਦੇਣ ਯੋਗ ਹੈ ਕਿ ਕਿਰਦਾਰ ਰਾਹੀਂ ਖਾਲਸੇ ਦੀ ਘਾੜਤ ਗੁਰੂ ਨਾਨਕ ਪਾਤਸ਼ਾਹ ਤੋਂ ਅਰੰਭ ਹੋ ਚੁੱਕੀ ਸੀ, ਇੱਥੋਂ ਤੱਕ ਕਿ ‘ਆਦਿ ਗ੍ਰੰਥ’ ਦੀ ਸੰਪਾਦਨਾ ਵੇਲੇ ਭਗਤ ਬਾਣੀ ਦੀ ਚੋਣ ਵੀ ਇਸੇ ਮਾਪਦੰਡ ’ਤੇ ਆਧਾਰਿਤ ਰਹੀ ।

ਲੰਮੇਰੇ ਅਰਸੇ ਤੋਂ ਅਨੇਕਾਂ ਉਤਾਰ-ਚੜਾਅ ’ਚੋਂ ਲੰਘਦਿਆਂ ਖ਼ਾਲਸਾ .. ਬਾਣੀ ਦੇ ਲੜ ਲੱਗਿਆ ਰਿਹਾ ਜਿਸ ਦੇ ਫ਼ਲਸਰੂਪ ਇਸ ਨੇ ਆਪਣੀ ਵਿਲੱਖਣ ਹੋਂਦ ਬਰਕਰਾਰ ਰੱਖੀ । ਸਮਾਂ ਲੰਘਦਿਆਂ.. ਸਿੱਖ ਪੰਥ ਦੀ ਅੱਡਰੀ ਹਸਤੀ ਨੂੰ ਨਾ ਬਰਦਾਸ਼ਤ ਕਰਨ ਵਾਲਿਆਂ ਨੇ, ਸਿੱਖੀ ਦਾ ਜਿੱਥੇ ਜਿਸਮਾਨੀ ਘਾਣ ਕੀਤਾ, ਉੱਥੇ ਇਤਿਹਾਸ ਤੇ ਗ੍ਰੰਥ ਨਾਲ ਵੀ ਛੇੜ ਛਾੜ ਕਰਨ ਦੇ ਕੋਝੇ ਯਤਨ ਕੀਤੇ ਗਏ। ਇਸ ਸਭ ਵਿੱਚ ਸਾਡੀਆਂ ਆਪਣੀਆਂ ਹੀ ਅਖੌਤੀ ਧਾਰਮਿਕ ਹਸਤੀਆਂ ਦਾ ਰੋਲ ਤੇ ਸਕ੍ਰਿਅ ਸਾਥ ਰਿਹਾ। ਬਾਹਰੀ ਸਰੂਪ ਵਿੱਚ ਭਾਵੇਂ ਓਹ ਵੀ ਖਾਲਸੇ ਹੀ ਸਨ । ਕਹਿਣ ਤੇ ਸੁਣਨ ਨੂੰ ਬੋਲ ਭਾਵੇਂ ਕੌੜੇ ਲੱਗਣ, ਪਰ ਹੁਣ ਇਹ ਹਾਲਾਤ ਬਣ ਚੁੱਕੇ ਹਨ ਕਿ ਖਾਲਸਾ ਸਰੂਪ ਰਾਹੀਂ ਤਾਂ ਸਭ ਨੂੰ ਮਾਤ ਪਾਉਂਦਾ ਦਿਸਦਾ ਹੈ, ਪਰ ਕਿਰਦਾਰ ਵਿੱਚ ਮਿਲਾਵਟ ਬੜੇ ਅਸਾਨੀ ਨਾਲ ਅਨੇਕਾਂ ਥਾਵਾਂ ’ਤੇ ਦੇਖਣ ਨੂੰ ਮਿਲ ਸਕਦੀ ਹੈ। ਕਿੱਧਰੇ ਹੋਰ ਜਾਣ ਦੀ ਬਜਾਏ ਆਪਣੇ ਇਤਿਹਾਸਕ ਧਾਰਮਕ ਅਸਥਾਨਾਂ ’ਤੇ ਹੀ ਜਾ ਕੇ ਦੇਖ ਲਓ.. ਇੱਕ ਗ੍ਰੰਥ ਨੂੰ ਮੰਨਣ ਵਾਲਾ ਅਕਾਲ ਦਾ ਉਪਾਸ਼ਕ ਅੱਜ ਪੱਥਰਾਂ, ਦਰੱਖਤਾਂ, ਦੇਹਧਾਰੀਆਂ, ਜੁੱਤੀਆਂ, ਸ਼ਸ਼ਤਰਾਂ ਆਦਿ ਅੱਗੇ ਨੱਕ ਰਗੜਦਾ ਦੇਖਿਆ ਜਾ ਸਕਦਾ ਹੈ । ਸਰੋਵਰਾਂ ’ਚੋਂ ਚੂਲੀਆਂ ਲੈ ਸਿਰ ’ਤੇ ਪਾਉਂਦਾ ਤੇ ਨੰਗੇ ਪੈਰੀਂ ਗੁਰਦੁਆਰਿਆਂ ਵੱਲ ਜਾਂਦਾ ਵੀ ਸਹਿਜੇ ਨਜ਼ਰੀ ਆ ਜਾਂਦਾ ਹੈ । ਜੇਕਰ ਹੋਰ ਧਿਆਨ ਨਾਲ ਨਿਗਾਹ ਮਾਰੀ ਜਾਏ ਤਾਂ ਗੁਰੂ ਦੇ ਬਚਨਾਂ ’ਤੇ ਮੌਤ ਨੂੰ ਗਲਵਕੜੀ ਪਾਉਣ ਵਾਲਾ ਖਾਲਸਾ ਗੁਰੂ ਦੇ ਸ਼ਰੀਕ ਬਣੇ ਗ੍ਰੰਥ ਨੂੰ ਵੀ ਉਸੇ ਤਰ੍ਹਾਂ ਦੇ ਰੁਮਾਲੇ ਚਾੜ੍ਹ ਕੇ ਮੱਥੇ ਟੇਕਦਿਆਂ ਦੇਖਣ ਨੂੰ ਮਿਲਦਾ ਹੈ ।

ਇੱਕੋ ਸ਼ਾਹੀ ਉੱਚੀ-ਉੱਚੀ ਜੈਕਾਰੇ ਲਾਉਣ ਵਾਲਾ ਖਾਲਸਾ ਸ਼ਰਦਾਈ ਦਾ ਨਾਮ ਲੈ ਭੰਗ ਘੋਟਦਿਆਂ, ਹੱਥ ਵਿੱਚ ਮਾਲਾ ਪਾਈ, ਨਾਰੀਅਲ, ਕੁੰਭ ਤੇ ਜੋਤਾਂ ਜਗਾਉਂਦਾ ਬਿਨ੍ਹਾਂ ਮਿਹਨਤ ਕੀਤਿਆਂ ਹੀ ਲੱਭਿਆ ਤੇ ਦੇਖਿਆ ਜਾ ਸਕਦਾ ਹੈ । ਬਾਕੀ ਰਹੀ ਗੱਲ ਦਿਨ-ਤਿਉਹਾਰ, ਮੱਸਿਆ-ਸੰਗਰਾਂਦ, ਧਾਗੇ-ਤਵੀਤ, ਪੁੱਛਾਂ-ਪੁੱਛਣੀਆਂ, ਨਗਾਂ ਜੜ੍ਹੀਆਂ ਮੁੰਦਰੀਆਂ, ਚਲੀਹੇ, ਸੁੱਖਾਂ ਸੁਖਣੀਆਂ, ਡੇਰਾਵਾਦ, ਤੁੱਕ-ਤੁੱਕ ਪਾਠ, ਚਿੱਟ ਕੱਪੜੀਏ ਸਾਧ ਵੀ ਸਿੱਖੀ ਦੀ ਮੁੱਖ ਧਾਰਾ ਦਾ ਹਿੱਸਾ ਹੀ ਬਣ ਚੁੱਕੇ ਹਨ । ਇਹ ਵੱਖਰੀ ਗੱਲ ਹੈ ਕਿ ਹੁਣ ਇਨ੍ਹਾਂ ਸਭ ਕਰਮਕਾਂਡਾਂ ਜਾਂ ਇੱਕ ਗੁਰੂ ਦੀ ਗੱਲ ਕਰਨ ਵਾਲਿਆਂ ਨੂੰ ਪੰਥ ਤੋਂ ਛੇਕਣ ਦਾ ਫੁਰਮਾਨ ਆਉਣ ਲੱਗ ਪਿਆ ਹੈ ਕਿਉਂਕਿ… ਜਿਸ ਦੀ ਲਾਠੀ-ਉਸ ਦੀ ਭੈਂਸ।

ਸੋ ਆਓ ! ਗੁਰਬਾਣੀ ਗੁਰੂ ਤੋਂ ਸੇਧ ਲੈਂਦਿਆਂ ਖ਼ਾਲਸ ਮਨੁੱਖ ਬਣਨ ਦਾ ਯਤਨ ਕਰੀਏ ਤਾਂ ਜੋ ਬਾਹਰੀ ਸਰੂਪ ਦੇ ਨਾਲ-ਨਾਲ ਅੰਦਰੂਨੀ ਤੌਰ ’ਤੇ ਵੀ ਖ਼ਾਲਸਈ ਗੁਣਾਂ ਦੇ ਧਾਰਨੀ ਹੋ ਸਕੀਏ।