ਲੋਕਤੰਤਰ ਬਚਾਉਣ ਲਈ ਵੋਟਰਾਂ ਦਾ ਜਾਗਰੂਕ ਹੋਣਾ ਜ਼ਰੂਰੀ

0
254

ਲੋਕਤੰਤਰ ਬਚਾਉਣ ਲਈ ਵੋਟਰਾਂ ਦਾ ਜਾਗਰੂਕ ਹੋਣਾ ਜ਼ਰੂਰੀ

ਕਿਰਪਾਲ ਸਿੰਘ (ਬਠਿੰਡਾ) 88378-13661

2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਵੱਲੋਂ ਹਰ ਭਾਰਤੀ ਨਾਗਰਿਕ ਦੇ ਖਾਤੇ ਵਿੱਚ 15-15 ਲੱਖ ਰੁਪਏ ਪਾਉਣ ਅਤੇ ਹਰ ਸਾਲ 2 ਕਰੋੜ ਨੌਕਰੀਆਂ ਦੇਣ ਅਤੇ ਅੱਛੇ ਦਿਨ ਆਉਣ ਸਮੇਤ ਹੋਰ ਕੀਤੇ ਅਨੇਕਾਂ ਲੋਕ ਲੁਭਾਊ ਵੱਡੇ ਚੋਣ ਵਾਅਦਿਆਂ ਦੇ ਸਹਾਰੇ ਕੇਂਦਰ ਵਿੱਚ ਸਰਕਾਰ ਬਣਾਈ ਪਰ ਪੰਜ ਸਾਲ ਨਿਕਲ ਜਾਣ ਦੇ ਬਾਵਜੂਦ ਇਨ੍ਹਾਂ ਵਿੱਚੋਂ ਇੱਕ ਵੀ ਚੋਣ ਵਾਅਦਾ ਪੂਰਾ ਨਹੀਂ ਕੀਤਾ ਜਾ ਸਕਿਆ ਅਤੇ ਹੁਣ ਆਪਣੇ ਹੀ ਵੱਲੋਂ ਘੜੀ ਜਾ ਰਹੀ ਨਵੀਂ ਪਰਿਭਾਸ਼ਾ ਵਾਲੀ ਦੇਸ਼ ਭਗਤੀ/ਰਾਸ਼ਟਰਵਾਦ ਦੇ ਪਰਦੇ ਹੇਠ ਹਿੰਦੂਤਵ ਪੱਤੇ ਦੇ ਸਹਾਰੇ ਧਰਮ ਆਧਾਰਤ ਫੈਲਾਈ ਜਾ ਰਹੀ ਨਫਰਤ ਰਾਹੀਂ ਵੋਟਰਾਂ ਦੇ ਧਰੁਵੀਕਰਨ ਕਰਨ ਦੇ ਏਜੰਡੇ ਨਾਲ ਚੋਣਾਂ ਲੜ ਰਹੀ ਹੈ। ਭਾਜਪਾ ਦੀ ਇਹ ਨੀਤੀ ਦੇਸ਼ ਨੂੰ ਬਰੂਦ ਦੇ ਢੇਰ ’ਤੇ ਖੜ੍ਹਾ ਕਰਨ ਵੱਲ ਬਹੁਤ ਤੇਜ਼ੀ ਨਾਲ ਵਧ ਰਹੀ ਹੈ।  ਦੂਸਰੇ ਪਾਸੇ ਘਰ-ਘਰ ਨੌਕਰੀ, ਕਿਸਾਨਾਂ ਦੇ ਕਰਜੇ ਮੁਆਫ ਕਰਨ, ਨੌਜਾਵਾਨਾਂ ਨੂੰ ਸਮਾਰਟ ਫ਼ੋਨ ਦੇਣੇ ਆਦਿਕ ਅਨੇਕਾਂ ਵੱਡੇ ਵਾਅਦੇ ਕਰ ਕੇ ਕਾਂਗਰਸ ਨੇ 2017 ’ਚ ਪੰਜਾਬ ਵਿੱਚ ਆਪਣੀ ਸਰਕਾਰ ਬਣਾਈ। ਕਾਂਗਰਸ ਵੱਲੋਂ ਕੀਤੇ ਵਾਅਦਿਆਂ ਵਿੱਚੋਂ ਹੋਰ ਤਾਂ ਕੋਈ ਪੂਰਾ ਹੋਇਆ ਨਜ਼ਰ ਨਹੀਂ ਆਉਂਦਾ ਪਰ ਕਿਸਾਨਾਂ ਦਾ ਕੁਝ ਕਰਜ਼ਾ ਜ਼ਰੂਰ ਮੁਆਫ ਕੀਤਾ ਗਿਆ ਹੈ। ਦੋਵੇਂ ਪਾਰਟੀਆਂ ਵੱਲੋਂ ਕੀਤੇ ਝੂਠੇ ਵਾਅਦਿਆਂ ਦੇ ਅਧਾਰ ’ਤੇ ਸਰਕਾਰਾਂ ਬਣਾਉਣ ਦਾ ਇਹ ਪਹਿਲਾ ਮੌਕਾ ਨਹੀਂ ਸਗੋਂ ਇਹ ਸਿਲਸਲਾ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਅਕਾਲੀ-ਭਾਜਪਾ ਅਤੇ ਕਾਂਗਰਸ ਵਾਰੋ ਵਾਰੀ ਮੌਜੂਦਾ ਸਰਕਾਰਾਂ ਦੀਆਂ ਨਾਕਾਮੀਆਂ ਅਤੇ ਝੂਠੇ ਵਾਅਦਿਆਂ ਨਾਲ ਸਰਕਾਰਾਂ ਬਣਾ ਲੈਂਦੇ ਹਨ ਅਤੇ ਲੋਕ ਬੇ-ਵੱਸ ਹਨ ਕਿਉਂਕਿ ਉਨ੍ਹਾਂ ਪਾਸ ਕੋਈ ਤੀਜਾ ਬਦਲ ਹੈ ਹੀ ਨਹੀਂ। ਪਾਰਟੀਆਂ ਅਤੇ ਉਨ੍ਹਾਂ ਦੇ ਚੋਣਵੇਂ ਪਰਿਵਾਰਾਂ ਦੀ ਰਾਜਨੀਤੀ ਵਿੱਚ ਇਜਾਰੇਦਾਰੀ (ਏਕਾਧਿਕਾਰੀ) ਤੋੜਨ ਲਈ ਸਾਰੇ ਦੇਸ਼ ਵਾਸੀਆਂ ਤੇ ਖ਼ਾਸ ਕਰ ਪੰਜਾਬ ਦੇ ਸੂਝਵਾਨ ਵਿਅਕਤੀਆਂ ਨੂੰ ਚਾਹੀਦਾ ਹੈ ਕਿ ਉਹ ਸੂਝਵਾਨ ਹੋਣ ਦੇ ਨਾਂ ’ਤੇ ਪਾਰਟੀਆਂ ਅਤੇ ਉਮੀਦਵਾਰਾਂ ਨਾਲ ਆਪਣੀਆਂ ਨਿੱਜੀ ਵਫਾਦਾਰੀਆਂ, ਧਰਮ ਅਤੇ ਜਾਤ ਪਾਤ ਤੋਂ ਉੱਪਰ ਉੱਠ ਕੇ, ਦੇਸ਼ ਵਿੱਚ ਲੋਕਤੰਤਰ ਅਤੇ ਸੰਵਿਧਾਨ ਬਚਾਉਣ ਲਈ ਅਕਾਲੀ-ਭਾਜਪਾ ਅਤੇ ਕਾਂਗਰਸ ਨੂੰ ਮਾਤ ਦੇਣ ਲਈ ਤੀਜੀ ਧਿਰ ਦੇ ਪ੍ਰਭਾਵਸ਼ਾਲੀ ਤੇ ਜਿੱਤਣਯੋਗ ਉਨ੍ਹਾਂ ਉਮੀਦਵਾਰਾਂ ਨੂੰ ਜਿਤਾਏ ਜਿਨ੍ਹਾਂ ਦੀ ਪਾਰਟੀ ਇਹ ਹਲਫੀਆ ਬਿਆਨ ਦੇਵੇ ਕਿ ਜੇਕਰ ਉਨ੍ਹਾਂ ਦੀ ਸਰਕਾਰ ਚੋਣ ਵਾਅਦੇ ਪੂਰੇ ਨਾ ਕਰੇ ਤਾਂ ਉਨ੍ਹਾਂ ਦੀ ਪਾਰਟੀ ਦੀ ਮਾਣਤਾ ਹੀ ਰੱਦ ਕਰ ਦਿੱਤੀ ਜਾਵੇ।  ਇਸ ਤਰ੍ਹਾਂ ਦਾ ਹਲਫੀਆ ਬਿਆਨ ਦੇਣ ਵਾਲੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਜਿੱਤਾ ਕੇ ਤੀਸਰੇ ਬਦਲ ਦੀ ਉਸਾਰੀ ਲਈ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਜਾਗਰੂਕ ਕਰਨ ਦੀ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਇਸ ਸਮੇਂ ਭਾਰੀ ਲੋੜ ਹੈ। ਜੇਕਰ ਉਨ੍ਹਾਂ ਨੂੰ ਇਹ ਜਾਪੇ ਕਿ ਤੀਸਰੀ ਧਿਰ ਦਾ ਕੋਈ ਵੀ ਐਸਾ ਉਮੀਦਵਾਰ ਮੁਕਾਬਲੇ ਵਿੱਚ ਨਹੀਂ ਹੈ ਤਾਂ ਕੱਟੜ ਹਿੰਦੂਤਵੀ ਪੱਤੇ ਦੇ ਸਹਾਰੇ ਅਤੇ ਸਾਰੇ ਕੌਮੀ ਪ੍ਰਿੰਟ ਤੇ ਇਲੈਕਟ੍ਰੋਨਿਕ ਮੀਡੀਏ ਨੂੰ ਖਰੀਦ ਕੇ ਨਵੀਂ ਕਿਸਮ ਦੇ ਅਖੌਤੀ ਰਾਸ਼ਟਰਵਾਦ ਤੇ ਦੇਸ਼ ਭਗਤੀ ਦੇ ਚੋਣ ਜਿੱਤਣ ਦੀ ਚਾਹਵਾਨ ਜ਼ੁਮਲੇਬਾਜ਼ ਮੋਦੀ-ਅਮਿਤ ਸ਼ਾਹ ਜੋੜੀ ਤੋਂ ਛੁਟਕਾਰਾ ਪਾਉਣ ਲਈ ‘ਮਰਦਾ ਕੀ ਨਹੀਂ ਕਰਦਾ’ ਦੀ ਕਹਾਵਤ ਵਾਙ ਕਾਂਗਰਸ ਨੂੰ ਵੋਟ ਪਾਉਣ ਵਿੱਚ ਕੋਈ ਗ਼ਲਤੀ ਨਹੀਂ ਹੋਵੇਗੀ।  ਮੇਰੇ ਉਕਤ ਨਜ਼ਰੀਆਂ ’ਤੇ ਕੁੱਝ ਹੇਠਲੇ ਸਵਾਲ ਸਾਹਮਣੇ ਆਉਂਦੇ ਰਹੇ ਹਨ, ਪਰ ਫ਼ੈਸਲਾ ਆਪ ਨੇ ਕਰਨਾ ਹੈ :

1. ਕਾਂਗਰਸ ਦੇ ਸਮੇਂ ਵਿੱਚ ਬਹੁਤ ਘਪਲੇ ਹੋਏ ਸਨ – ਦਲੀਲ ਬਿਲਕੁਲ ਵਾਜ਼ਬ ਹੈ, ਪਰ ਦੂਸਰੇ ਪਾਸੇ ਜ਼ੁਮਲੇਬਾਜ਼ ਮੋਦੀ ਸਰਕਾਰ ਨੇ ਵੀ ਘੱਟ ਨਹੀਂ ਕੀਤੀ। ਇਨ੍ਹਾਂ ਨੇ ਵੀ ਵਿਆਪਮ ਘੁਟਾਲਾ, ਰਾਫੇਲ ਘੁਟਾਲਾ ਅਤੇ ਬੈਂਕ ਘੁਟਾਲਿਆਂ ਆਦਿਕ ਰਾਹੀਂ ਦੇਸ਼ ਦਾ ਅਰਬਾਂ ਰੁਪਈਆ ਕਾਰਪੋਰੇਟ ਘਰਾਣਿਆਂ ਨੂੰ ਲੁਟਾ ਦਿੱਤਾ ਅਤੇ ਇਸ ਦੇ ਇਵਜ਼ ’ਚ ਉਨ੍ਹਾਂ ਤੋਂ ਭਾਰੀ ਚੋਣ ਫੰਡ ਲੈ ਕੇ ਸਮੁੱਚੇ ਭਾਰਤ ਵਿੱਚ ਭਾਜਪਾ ਨੇ ਤਿੰਨ ਤਾਰਾ, ਪੰਜ ਤਾਰਾ ਹੋਟਲਾਂ ਦੀ ਤਰਜ ਵਾਲੇ ਹਾਈ-ਫਾਈ ਪਾਰਟੀ ਦਫਤਰ ਉਸਾਰਨ ਤੋਂ ਇਲਾਵਾ ਦੇਸ਼ ਦਾ ਸਾਰਾ ਮੀਡੀਆ ਖਰੀਦ ਕੇ ਸਾਰਾ ਦਿਨ ਪੁਲਵਾਮਾ, ਬਾਲਾਕੋਟ ਏਅਰ-ਸਟਰਾਈਕ, ਕਥਿਤ ਰਾਸ਼ਟਰਵਾਦ ਅਤੇ ਦੇਸ਼-ਭਗਤੀ ਦੇ ਸਹਾਰੇ ਹਿੰਦੂਤਵ ਦਾ ਢੰਡੋਰਾ ਪਿੱਟਣ ਤੋਂ ਇਲਾਵਾ ਮੋਦੀ ਨਾਲ ਅਕਸ਼ੈ ਕੁਮਾਰ ਦੀ ਇੰਟਰਵਿਊ ਵਾਰ-ਵਾਰ ਪ੍ਰਸਾਰਤ ਕੀਤੀ ਜਾਂਦੀ ਹੈ ਜਿਸ ਵਿੱਚ ਜਨ ਸਧਾਰਨ ਮੁਸ਼ਕਲਾਂ ਨੂੰ ਦਰਕਿਨਾਰ ਕਰ ਗੱਲਾਂ ਸਿਰਫ ਇਹੀ ਹੋ ਰਹੀਆਂ ਹਨ ਕਿ ਮੋਦੀ ਨੂੰ ਅੰਬ ਬਹੁਤ ਸੁਆਦ ਲਗਦੇ ਹਨ ਉਹ ਕੇਵਲ ਤਿੰਨ ਸਾਢੇ ਤਿੰਨ ਘੰਟੇ ਸੌਂਦਾ ਹੈ ਜਿਸ ਕਾਰਨ ਉਬਾਮਾ ਨੂੰ ਵੀ ਇਸ ਗੱਲ ਦੀ ਚਿੰਤਾ ਰਹਿੰਦੀ ਹੈ ਕਿ ਮੋਦੀ ਨੂੰ ਆਪਣੀ ਨੀਂਦ ਪੂਰੀ ਕਰਨੀ ਚਾਹੀਦੀ ਹੈ। ਦੱਸੋਂ ਭਾਰਤ ਦੇ ਵੋਟਰਾਂ ਨੂੰ ਮੋਦੀ ਦੇ ਅੰਬ ਖਾਣ ਜਾਂ ਨੀਂਦ ਘੱਟ ਆਉਣ ਨਾਲ ਕੀ ਸੰਬੰਧ ਹੈ; ਉਹ ਤਾਂ ਪੁੱਛਦੇ ਹਨ ਕਿ ਭਾਜਪਾ 2014 ’ਚ ਭਾਜਪਾ ਵੱਲੋਂ ਕੀਤੇ ਚੋਣ ਵਾਅਦੇ ਕਦੋਂ ਪੂਰੇ ਹੋਣਗੇ ? ਲੋਕਾਂ ਦੇ ਇਨ੍ਹਾਂ ਸਵਾਲਾਂ ਦਾ ਜਵਾਬ ਦੇਣ ਲਈ ਪੰਜਾਂ ਸਾਲਾਂ ਵਿੱਚ ਮੋਦੀ ਨੇ ਇੱਕ ਵੀ ਪ੍ਰੈੱਸ ਕਾਨਫਰੈਂਸ ਨਹੀਂ ਕੀਤੀ ਅਤੇ ਨਾ ਹੀ ਮੋਦੀ-ਅਕਸ਼ੈ ਕੁਮਾਰ ਦੀ ਇੰਟਰਵਿਊ ਪ੍ਰਸਾਰਤ ਕਰਨ ਵਾਲੇ ਮੀਡੀਏ ਐਂਕਰਾਂ ਨੇ ਟੀਵੀ ਡਿਬੇਟਸ ਦੌਰਾਨ ਭਾਜਪਾ ਦੇ ਕੌਮੀ ਬੁਲਾਰਿਆਂ ਨੂੰ ਇਸ ਮੁੱਦੇ ਬਾਰੇ ਸਵਾਲ ਕੀਤੇ ।

2. 2017 ਵਿੱਚ ਕਾਂਗਰਸ ਨੇ ਵੀ ਤਾਂ ਝੂਠੇ ਵਾਅਦੇ ਕਰਕੇ ਸਰਕਾਰ ਬਣਾਈ ਸੀ ਜਿਨ੍ਹਾਂ ’ਚੋ ਕੋਈ ਵੀ ਪੂਰਾ ਨਹੀਂ ਕੀਤਾ – ਇਸੇ ਕਾਰਨ ਤਾਂ ਸਾਨੂੰ ਤੀਜੇ ਬਦਲ ਦੇ ਖਾਸ ਕਰ ਉਨ੍ਹਾਂ ਉਮੀਦਵਾਰਾਂ ਨੂੰ ਜਿਤਾਉਣਾ ਚਾਹੀਦਾ ਹੈ ਜਿਹੜੇ ਇਹ ਹਲਫੀਆ ਬਿਆਨ ਦੇਣ ਕਿ ਜੇ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣਨ ’ਤੇ ਆਪਣੇ ਚੋਣ ਵਾਅਦੇ ਪੂਰੇ ਨਹੀਂ ਕਰਦੇ ਤਾਂ ਉਨ੍ਹਾਂ ਦੀ ਪਾਰਟੀ ਦੀ ਮਾਣਤਾ ਰੱਦ ਕਰ ਦਿੱਤੀ ਜਾਵੇ। ਜੇ ਇਸ ਤਰ੍ਹਾਂ ਹੋ ਜਾਵੇ ਤਾਂ ਉਸ ਦਾ ਫਾਇਦਾ ਇਹ ਹੋਵੇਗਾ ਕਿ ਅੱਗੇ ਤੋਂ ਕੋਈ ਵੀ ਪਾਰਟੀ ਝੂਠੇ ਚੋਣ ਵਾਅਦਿਆਂ ਤੇ ਜ਼ੁਮਲਿਆਂ ਦੇ ਆਧਾਰ ’ਤੇ ਸਰਕਾਰ ਬਣਾ ਕੇ ਸਾਡੇ ਨਾਲ ਵਾਰ-ਵਾਰ ਧੋਖਾ ਨਹੀਂ ਕਰ ਸਕੇਗੀ।

ਜੇ ਤੀਜੇ ਬਦਲ ਦਾ ਕੋਈ ਪ੍ਰਭਾਵਸ਼ਾਲੀ ਉਮੀਦਵਾਰ ਮੁਕਾਬਲੇ ਵਿੱਚ ਹੋਣ ਦੀ ਸੰਭਾਵਨਾ ਹੀ ਨਹੀਂ ਬਣਦੀ ਤਾਂ ਸਿਰਫ ਉਸੇ ਸੂਰਤ ਵਿੱਚ ਹੀ ਅਕਾਲੀ-ਭਾਜਪਾ ਦੇ ਮੁਕਾਬਲੇ ਕਾਂਗਰਸ ਦੇ ਚੰਗੇ ਉਮੀਦਵਾਰ ਦਾ ਸਮਰਥਨ ਕਰਨ ਦੀ ਮਜਬੂਰੀ ਇਸ ਕਾਰਨ ਹੈ ਤਾ ਕਿ ਹਿੰਦੂਤਵ ਪੱਤਾ ਖੇਡਣ ਲਈ ਗਊ-ਮਾਸ ਅਤੇ ਕਥਿਤ ਰਾਸ਼ਟਰਵਾਦ ਦੇ ਨਾਂ ’ਤੇ ਮੋਬ ਲਿੰਚਿੰਗ ਰਾਹੀ ਘੱਟ ਗਿਣਤੀਆਂ ਨੂੰ ਡਰਾ ਧਮਕਾ ਕੇ ਅਤੇ ਵੋਟਾਂ ਦਾ ਧਰਮ ਆਧਾਰਤ ਧਰੁਵੀਕਰਨ ਕਰਕੇ ਚੋਣਾਂ ਜਿੱਤਣ ਲਈ ਸਮਾਜ ’ਚ ਧਰਮ ਆਧਾਰਤ ਨਫਰਤ ਫੈਲਾ ਕੇ ਵੰਡੀਆਂ ਪਾ ਰਹੀ ਭਾਜਪਾ ਜੋ ਕਿ ਏਕਤਾ ਅਤੇ ਅਖੰਡਤਾ ਲਈ ਬੇਹੱਦ ਖਤਰਨਾਕ ਹੈ; ਨੂੰ ਹਰਾਇਆ ਜਾ ਸਕੇ ।

3. ਬਾਦਲ ਪੱਖੀ ਕੁਝ ਵੀਰਾ ਦਾ ਸਵਾਲ ਹੈ ਕਿ ਜਿਸ ਕਾਂਗਰਸ ਨੇ ਸਿੱਖਾਂ ਦੇ ਅਕਾਲ ਤਖ਼ਤ ਨੂੰ ਢਹਿ ਢੇਰੀ ਕੀਤਾ, ਦਿੱਲੀ ਸਮੇਤ ਕਾਂਗਰਸੀ ਸਾਰਕਾਰਾਂ ਵਾਲਿਆਂ ਸੂਬਿਆਂ ਵਿੱਚ ਸਿੱਖਾਂ ਦਾ ਵੱਡੇ ਪੱਧਰ ’ਤੇ ਕਤਲੇਆਮ ਕੀਤਾ। ਕੈਪਟਨ ਨੇ ਵੀ ਗੁਟਕਾ ਹੱਥ ’ਚ ਫੜ੍ਹ ਕੇ ਝੂਠੀ ਸਹੁੰ ਖਾਧੀ ਜਿਹੜੀ ਪੂਰੀ ਨਾ ਕਰਕੇ ਉਸ ਨੇ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਹੈ, ਉਸ ਪਾਰਟੀ ਨੂੰ ਸਿੱਖ ਵੋਟ ਕਿਉਂ ਪਾਉਣ ? ਗੱਲ ਬਿਲਕੁਲ ਵਾਜ਼ਬ ਹੋਣ ਕਰਕੇ ਪਹਿਲਾਂ ਹੀ ਦੋਵਾਂ ਪਾਰਟੀਆਂ ਨੂੰ ਹਰਾਉਣ ਲਈ ਤੀਜੀ ਧਿਰ ਦੇ ਉਮੀਦਵਾਰਾਂ ਨੂੰ ਜਿਤਾਉਣ ਦੀ ਗੱਲ ਕੀਤੀ ਹੈ ਪਰ ਕਾਂਗਰਸ ਦਾ ਸਮਰਥਨ ਉਸ ਬੇਵੱਸੀ ’ਚ ਹੀ ਕਰਨਾ ਹੈ ਜਿੱਥੇ ਤੀਜੀ ਧਿਰ ਦਾ ਉਮੀਦਵਾਰ ਮੁਕਾਬਲੇ ’ਚੋਂ ਬਹੁਤ ਪਿੱਛੇ ਹੈ ਅਤੇ ਉਸ ਨੂੰ ਪੋਲ ਹੋਈਆਂ ਵੋਟਾਂ ਕਾਰਨ ਅਕਾਲੀ-ਭਾਜਪਾ ਉਮੀਦਵਾਰ ਦੀ ਜਿੱਤ ਹੋ ਜਾਣ ਦਾ ਖ਼ਦਸ਼ਾ ਹੋਵੇ।

ਦੂਸਰਾ ਕਾਰਨ ਹੈ ਕਿ ਅਕਾਲ ਤਖ਼ਤ ’ਤੇ ਹਮਲੇ ਲਈ ਭਾਜਪਾ ਵੀ ਬਰਾਬਰ ਦੀ ਕਸੂਰਵਾਰ ਹੈ ਜਿਸ ਦਾ ਇਕਬਾਲ ਖ਼ੁਦ ਲਾਲ ਕ੍ਰਿਸ਼ਨ ਅਡਵਾਨੀ ਆਪਣੀ ਸਵੈ ਜੀਵਨੀ ਵਿੱਚ ਕਰ ਚੁੱਕਾ ਹੈ। ਅਕਾਲ ਤਖ਼ਤ ਢਹਿ ਢੇਰੀ ਹੋ ਜਾਣ ਪਿੱਛੋਂ ਪੰਜਾਬ ’ਚ ਜਿੰਨੀ ਖੁਸ਼ੀ ਭਾਜਪਾ ਵਰਕਰਾਂ ਨੇ ਲੱਡੂ ਵੰਡ ਕੇ ਅਤੇ ਭੰਗੜੇ ਪਾ ਕੇ ਮਨਾਈ ਸੀ ਉਨੀ ਕਾਂਗਰਸ ਨੇ ਨਹੀਂ ਮਨਾਈ।

ਤੀਸਰਾ ਕਾਰਨ ਹੈ ਕਿ ਅਪੁਸ਼ਟ ਖ਼ਬਰਾਂ ਤਾਂ ਇਹ ਵੀ ਹਨ ਕਿ ਅਕਾਲੀ ਦਲ ਨੇ ਕੇਂਦਰ ਸਰਕਾਰ ਨੂੰ ਖ਼ੁਦ ਚਿੱਠੀ ਲਿਖੀ ਕਿ ਭਿੰਡਰਾਵਾਲਾ ਉਨ੍ਹਾਂ ਦੇ ਕੰਟਰੋਲ ਤੋਂ ਬਾਹਰ ਹੈ ਇਸ ਲਈ ਕਾਨੂੰਨ ਵਿਵਸਥਾ ਕਾਇਮ ਰੱਖਣ ਲਈ ਸਰਕਾਰ ਆਪਣੀ ਕਾਰਵਾਈ ਕਰੇ।

ਚੌਥੇ ਕਾਰਨ ਨੂੰ ਸਪਸ਼ਟ ਕਰਨ ਲਈ ਇੱਕ ਪੁਰਾਤਨ ਸਾਖੀ, ਜੋ ਸਭ ਨੇ ਸੁਣੀ ਹੋਣ ਕਰਕੇ, ਦੁਹਰਾਉਣ ਦੀ ਥਾਂ ਮਹਾਤਮਾ ਜੀ ਦੇ ਉਸ ਸਮੇਂ ਕਹੇ ਹੋਏ ਸ਼ਬਦ ਇਸ ਤਰ੍ਹਾਂ ਹਨ ਕਿ ਅਣਜਾਣ ਵਿਅਕਤੀਆਂ ਹੱਥੋਂ ਪੱਥਰ ਖਾ ਕੇ ਸ਼ਾਂਤ ਰਹਿਣ ਵਾਲਾ ਮਹਾਤਮਾ ਇੱਕ ਜਾਣਕਾਰ ਵੱਲੋਂ ਫੁੱਲ ਮਾਰੇ ਜਾਣ ’ਤੇ ਚੀਕ ਉੱਠਿਆ ਅਤੇ ਪੁੱਛੇ ਜਾਣ ’ਤੇ ਉਸ ਨੇ ਕਿਹਾ ਕਿ ਜਿਨ੍ਹਾਂ ਨੇ ਪੱਥਰ ਮਾਰੇ ਹਨ ਉਨ੍ਹਾਂ ਨੂੰ ਨਹੀਂ ਪਤਾ ਕਿ ਮੈਂ ਨਿਰਦੋਸ਼ ਹਾਂ ਇਸ ਲਈ ਅਣਜਾਣੇ ਵਿੱਚ ਹੋਈ ਗਲਤੀ ਮੁਆਫੀਯੋਗ ਹੈ ਪਰ ਫੁੱਲ ਮਾਰਨ ਵਾਲੇ ਨੂੰ ਪਤਾ ਸੀ ਕਿ ਮੈਂ ਬੇਕਸੂਰ ਹਾਂ ਇਸ ਲਈ ਕਿਸੇ ਡਰ ਹੇਠ ਜਾਂ ਲਾਲਚ ਅਧੀਨ ਜਾਣਬੁੱਝ ਕੇ ਕੀਤੀ ਗਲਤੀ ਬਖ਼ਸ਼ਣਯੋਗ ਨਹੀਂ ਹੈ। ਇਹ ਸਾਖੀ ਸੁਣਾਉਣ ਦਾ ਭਾਵ ਹੈ ਕਿ ਇੰਦਰਾ ਗਾਂਧੀ ਨੇ ਜੋ ਗਲਤੀ ਕੀਤੀ ਉਸ ਨਾਲੋਂ ਬਾਦਲ ਪਰੀਵਾਰ ਦੀ ਗਲਤੀ ਇਸ ਕਾਰਨ ਵੱਡੀ ਹੈ ਕਿ ਸਿੱਖ ਹੋਣ ਦੇ ਨਾਂ ’ਤੇ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕ ਹੋਣ ਦੇ ਨਾਂ ’ਤੇ ਇਨ੍ਹਾਂ ਨੂੰ ਪੂਰੀ ਸੂਝ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਅਕਾਲ ਤਖ਼ਤ ਦਾ ਮਾਨ ਸਨਮਾਨ ਕਾਇਮ ਰੱਖਣ ਲਈ ਸਿੱਖ ਆਪਣੀਆਂ ਜਾਨਾਂ ਕੁਰਬਾਨ ਕਰਨ ਤੋਂ ਵੀ ਪਿੱਛੇ ਨਹੀਂ ਹਟਦੇ।  ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਅਕਾਲ ਤਖ਼ਤ ਦਾ ਮਾਨ ਸਨਮਾਨ ਕਾਇਮ ਰੱਖਣ ਲਈ ਜਾਨਾਂ ਵਾਰਨ ਵਾਲੇ ਸਿੱਖਾਂ ਦੀਆਂ ਤਸ਼ਵੀਰਾਂ ਵੀ ਇਨ੍ਹਾਂ ਨੇ ਦਰਬਾਰ ਸਾਹਿਬ ਦੇ ਮਿਊਜ਼ਮ ਹਾਲ ਵਿੱਚ ਲਾਈਆ ਹੋਈਆਂ ਹਨ। ਇਸ ਦੇ ਬਾਵਜੂਦ ਵੋਟਾਂ ਦੇ ਲਾਲਚ ਅਧੀਨ ਜਥੇਦਾਰਾਂ ਨੂੰ ਆਪਣੀ ਕੋਠੀ ਬੁਲਾ ਕੇ ਫਰਜੀ ਚਿੱਠੀ ਦੇ ਆਧਾਰ ’ਤੇ ਸੌਦਾ ਸਾਧ ਨੂੰ ਫੌਰੀ ਤੌਰ ’ਤੇ ਮੁਆਫ ਕਰਨ ਦਾ ਹੁਕਮ ਦੇ ਕੇ ਅਕਾਲ ਤਖ਼ਤ ਦਾ ਮਾਨ ਸਨਮਾਨ ਮਿੱਟੀ ’ਚ ਰੋਲ਼ਿਆ ਗਿਆ ਹੈ। ਸੌਦਾ ਪ੍ਰੇਮੀਆਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਚੋਰੀ ਹੋਣ ਅਤੇ ਇਸ ਨੂੰ ਪਾੜ ਕੇ ਗਲ਼ੀਆਂ ਵਿੱਚ ਸੁੱਟੇ ਜਾਣ ਦੀ ਚਿਤਾਵਨੀ ਦਿੰਦੇ ਪੋਸਟਰ ਲਾਉਣ ਦੀਆਂ ਘਟਨਾਵਾਂ ਦੇ ਬਾਵਜੂਦ ਬਾਦਲ ਸਰਕਾਰ ਨੇ ਦੋਸ਼ੀਆਂ ਦੀ ਭਾਲ ਕਰਨ ਦੀ ਬਜਾਇ ਮਸਲਾ ਕੇਂਦਰ ਦੀ ਝੋਲ਼ੀ (ਸੀਬੀਆਈ) ’ਚ ਸੁੱਟ ਦਿੱਤਾ। ਬੇਅਦਬੀ ਦੀ ਘਟਨਾ ਵਾਪਰਨ ਉਪਰੰਤ ਦੋਸ਼ੀਆਂ ਨੂੰ ਫੜੇ ਜਾਣ ਦੀ ਮੰਗ ਕਰ ਰਹੇ ਸ਼ਾਂਤਮਈ ਸਿੰਘਾਂ ’ਤੇ ਪੁਲਿਸ ਨੇ ਅੰਨ੍ਹੇਵਾਹ ਗੋਲੀ ਚਲਾ ਕੇ ਦੋ ਸਿੰਘ; ਸ਼ਹੀਦ ਕਰ ਦਿੱਤੇ ਜਿਸ ਦੀ ਪੜਤਾਲ ਜਸਟਿਸ ਜੋਰਾ ਸਿੰਘ ਪਾਸੋਂ ਕਰਵਾਉਣ ਪਿੱਛੋਂ ਵੀ ਇਸ ਰੀਪੋਰਟ ’ਤੇ ਕੋਈ ਕਾਰਵਾਈ ਨਹੀਂ ਕੀਤੀ। ਜਸਟਿਸ ਰਣਜੀਤ ਸਿੰਘ ਦੀ ਰੀਪੋਰਟ ਹੀ ਰੱਦ ਕਰ ਦਿੱਤੀ ਅਤੇ ਸਿਟ ਦੇ ਅਹਿਮ ਮੈਂਬਰ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਦੀ ਬਦਲੀ ਭਾਜਪਾ ਦੀ ਮਦਦ ਨਾਲ ਕਰਵਾ ਦਿੱਤੀ ਤਾਂ ਕਿ ਅਸਲ ਦੋਸ਼ੀਆਂ ਤੱਕ ਸਿਟ ਦੇ ਹੱਥ ਨਾ ਪਹੁੰਚ ਸਕਣ।  ਸਾਰੀ ਅਸਲੀਅਤ ਜਾਨਣ ਲਈ ਪੰਥਕ ਅਸੈਂਬਲੀ ਅੰਮ੍ਰਿਤਸਰ ਵੱਲੋਂ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ – ਕੱਚਾ ਚਿੱਠਾ’ ਪੜ੍ਹਨਾ ਯੋਗ ਹੈ।  ਹੁਣ ਤੱਕ ਦੀਆਂ ਘਟਨਾਵਾਂ ਇਹੀ ਦਸਦੀਆਂ ਹਨ ਕਿ ਬੇਅਦਬੀ ਦੇ ਮਾਮਲੇ ਵਿੱਚ ਸਿੱਖਾਂ ਵੱਲੋਂ ਦੁਸ਼ਮਣ ਸਮਝੀ ਜਾ ਰਹੀ ਕਾਂਗਰਸ ਨਾਲੋਂ ਅਕਾਲੀ ਦਲ ਵੱਧ ਦੋਸ਼ੀ ਹੈ, ਜਿਸ ਕਾਰਨ ਜਦ ਤੱਕ ਭਾਜਪਾ ਕੇਂਦਰ ਸਰਕਾਰ ਵਿੱਚ ਰਾਜ ਕਰਦੀ ਰਹੇਗੀ ਤਦ ਤੱਕ ਕਨੂੰਨੀ ਤੌਰ ’ਤੇ ਅਸਲ ਦੋਸ਼ੀਆਂ ਨੂੰ ਸਜਾ ਅਸੰਭਵ ਹੈ। 

ਲੋਕ ਸਭਾ ਚੋਣਾਂ ਕੇਂਦਰ ਸਰਕਾਰ ਦੀ ਕਾਰਗੁਜਾਰੀ ਦੀ ਪਰਖ ਹਨ। ਇਸ ਲਈ ਇਨ੍ਹਾਂ ਨੂੰ ਹਰਾ ਕੇ ਲੋਕ ਕਚਹਿਰੀ ਵਿੱਚ ਇਖ਼ਲਾਕੀ ਤੌਰ ’ਤੇ ਸਜਾ ਦਿੱਤੀ ਜਾ ਸਕਦੀ ਹੈ। ਕੈਪਟਨ ਸਰਕਾਰ ਨੇ ਜੇ ਪੰਜਾਂ ਸਾਲਾਂ ਵਿੱਚ ਵੀ ਵਾਅਦੇ ਪੂਰੇ ਨਾ ਕੀਤੇ ਤਾਂ ਉਨ੍ਹਾਂ ਨੂੰ ਸਜਾ ਵਿਧਾਨ ਸਭਾ ਚੋਣਾਂ ਦੌਰਾਨ 2022 ’ਚ ਦਿੱਤੇ ਜਾਣ ਦਾ ਸਮਾਂ ਢੁਕਵਾਂ ਹੋਵੇਗਾ।

4. ਅਕਾਲੀਦਲ ਵੱਲੋਂ ਫਤਹਿਗੜ੍ਹ ਸਾਹਿਬ ਤੋਂ ਚੋਣ ਲੜ ਰਿਹਾ ਦਰਬਾਰਾ ਸਿੰਘ ਗੁਰੂ ਜੋ ਕਿ ਨਕੋਦਰ ਬੇਅਦਬੀ ਘਟਨਾ ਉਪਰੰਤ ਬਹਿਬਲ ਕਾਂਡ ਵਾਙ ਰੋਸ ਪ੍ਰਗਟ ਕਰ ਰਹੇ ਸਿੱਖਾਂ ’ਤੇ ਗੋਲ਼ੀ ਚਲਾ ਕੇ 4 ਸਿੰਘ ਸ਼ਹੀਦ ਕੀਤੇ ਜਾਣ ਸਮੇਂ ਬਤੌਰ ਏਡੀਸੀ ਮੌਕੇ ’ਤੇ ਮੈਜਿਸਟ੍ਰੇਟ ਵਜੋਂ ਤਾਇਨਾਤ ਸੀ ਅਤੇ ਜਲੰਧਰ ਤੋਂ ਚੋਣ ਲੜ ਰਹੇ ਚਰਨਜੀਤ ਸਿੰਘ ਅਟਵਾਲ; ਇਸ ਕਾਂਡ ਸਬੰਧੀ ਜਸਟਿਸ ਗੁਰਨਾਮ ਸਿੰਘ ਰਿਪੋਰਟ ਵਿਧਾਨ ਸਭਾ ’ਚ ਪੇਸ਼ ਕਰਨ ਸਮੇਂ ਵਿਧਾਨ ਸਭਾ ਦਾ ਸਪੀਕਰ ਸੀ ਅਤੇ ਹੁਣ ਵਡੇਰੀ ਉਮਰ ਦੇ ਬਹਾਨੇ ਉਸ ਘਟਨਾ ਦੀ ਯਾਦ ਤੋਂ ਹੀ ਮੁਨਕਰ ਹੋ ਗਿਆ ਹੈ; ਇਹ ਉਮੀਦਵਾਰ ਕੇਵਲ ਹਾਰਨੇ ਹੀ ਨਹੀਂ ਚਾਹੀਦੇ ਸਗੋਂ ਘੱਟ ਤੋਂ ਘੱਟ ਤੀਜੇ ਨੰਬਰ ’ਤੇ ਆਉਣੇ ਚਾਹੀਦੇ ਹਨ। ਇਸ ਤੋਂ ਇਲਾਵਾ ਮਨੁੱਖੀ ਅਧਿਕਾਰਾਂ ਦਾ ਕੇਸ ਲੜਨ ਕਾਰਨ ਆਪਣੀ ਜਾਨ ਕੁਰਬਾਨ ਕਰਨ ਵਾਲੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਜਿਹੜੀ ਕਿ ਆਪਣੇ ਪਤੀ ਦੀ ਸ਼ਹੀਦੀ ਉਪਰੰਤ ਉਸ ਵੱਲੋਂ ਜਗਾਈ ਮਿਸ਼ਾਲ ਫੜ ਕੇ ਹੁਣ ਤੱਕ ਸੰਘਰਸ਼ ਕਰਦੀ ਆ ਰਹੀ ਹੈ ਅਤੇ ਹੁਣ ਹਲਕਾ ਖਡੂਰ ਸਾਹਿਬ ਤੋਂ ਚੋਣ ਲੜ ਰਹੀ ਹੈ ਅਤੇ ਹਰਿਆਣਾ ਵਿੱਚ ਹੋਂਦ ਚਿੱਲੜ ਵਿਖੇ ਜਨੂੰਨੀਆਂ ਦੇ ਹਜੂਮ ਵੱਲੋਂ 1984 ’ਚ ਬੇਰਹਿਮੀ ਨਾਲ ਕਤਲ ਕੀਤੇ 34 ਸਿੱਖਾਂ ਦੇ ਕਾਤਲਾਂ ਨੂੰ ਸਜਾ ਦਿਵਾਉਣ ਲਈ ਅਦਾਲਤੀ ਲੜਾਈ ਲੜ ਰਹੇ ਇੰਜ: ਮਨਵਿੰਦਰ ਸਿੰਘ ਗਿਆਸਪੁਰਾ ਜੋ ਹਲਕਾ ਫਤਹਿਗੜ੍ਹ ਸਾਹਿਬ ਤੋਂ ਚੋਣ ਲੜ ਰਹੇ ਹਨ; ਇਨ੍ਹਾਂ ਦੋਵੇਂ ਉਮੀਦਵਾਰਾਂ ਦੀ ਅਹਿਮੀਅਤ ਬਾਰੇ ਜ਼ਰੂਰ ਸੋਚਿਆ ਜਾਣਾ ਚਾਹੀਦਾ ਹੈ ਤਾਂ ਕਿ ਮਨੁੱਖੀ ਅਧਿਕਾਰਾਂ ਦੀ ਆਵਾਜ਼ ਉੱਠਾ ਰਹੇ ਇਹ ਦੋਵੇਂ ਵਿਅਕਤੀ ਸਾਂਸਦ ਦੇ ਮਾਧਿਅਮ ਰਾਹੀਂ ਹੋਰ ਉੱਚੀ ਅਵਾਜ਼ ’ਚ ਆਪਣੀਆਂ ਜਾਇਜ਼ ਮੰਗਾਂ ਬੁਲੰਦ ਕਰ ਸਕਣ।

5. ਭਾਜਪਾ ਨੂੰ ਹਰਾਉਣ ਨਾਲ ਵੱਡਾ ਸੰਦੇਸ਼ ਜਾਵੇਗਾ ਕਿ ਭ੍ਰਿਸ਼ਟਾਚਾਰ ਰਾਹੀਂ ਇਕੱਤਰ ਕੀਤੇ ਬੇਸ਼ੁਮਾਰ ਫੰਡਾਂ (ਚੋਣ ਕਮਿਸ਼ਨ ਨੂੰ ਦਿੱਤੇ ਵੇਰਵਿਆਂ ਮੁਤਾਬਕ ਕਾਰਪੋਰੇਟ ਘਰਾਣਿਆਂ ਤੋਂ ਫੰਡ ਪ੍ਰਾਪਤ ਕਰਨ ’ਚ ਭਾਜਪਾ ਸਭ ਤੋਂ ਮੋਹਰੀ ਹੈ) ਰਾਹੀਂ ਮੀਡੀਏ ਨੂੰ ਖਰੀਦ ਕੇ ਅਤੇ ਚੋਣਾਂ ਦੌਰਾਨ ਬੇਹਿਸਾਬਾ ਪੈਸਾ ਖਰਚਾ ਕੇ ਚੁਣਾਵੀ ਜ਼ੁਮਲਿਆਂ ਦੇ ਆਧਾਰ ’ਤੇ ਚੋਣਾ ਜਿੱਤਣਾ ਅਸੰਭਵ ਹੈ; ਜਿੱਤ ਕੇਵਲ ਕੀਤੇ ਚੋਣ ਵਾਅਦੇ ਪੂਰੇ ਕਰਨ ਅਤੇ ਹਰ ਸ਼ਹਿਰੀ ਭਾਵੇਂ ਕਿ ਉਹ ਕਿਸੇ ਵੀ ਧਰਮ ਅਤੇ ਜਾਤ ਨਾਲ ਸਬੰਧਤ ਹੋਵੇ, ਦੀ ਜਾਨ ਮਾਲ ਦੀ ਸੁਰੱਖਿਆ ਯਕੀਨੀ ਬਣਾਉਣ ਨਾਲ ਹੀ ਸੰਭਵ ਹੋ ਸਕਦੀ ਹੈ।