ਹਉਮੈ

0
99

ਹਉਮੈ

ਗਿਆਨੀ ਰਵੀ ਸਿੰਘ ਮਿਸ਼ਨਰੀ

ਹਉਮੈ ਤੋਂ ਮੁਕਤ ਹੋਣ ਲਈ, ਜੋ ਜੁਗਤਿ ਗੁਰੂ ਸਾਹਿਬਾਨ ਨੇ ਦਰਸਾਈ ਹੈ, ਉਸ ਦੇ ਨਾਲ ਪੰਜ ਵਿਸ਼ੇ ਵਿਕਾਰਾਂ ਵਿੱਚੋਂ ਹਉਮੈ ਆਮ ਕਰਕੇ ਪੰਜਵੇਂ ਨੰਬਰ ’ਤੇ ਆਉਂਦਾ ਹੈ, ਪਰ ਫਿਰ ਵੀ ਇਸ ਦੀ ਅਹਿਮੀਅਤ ਆਪਣੀ ਥਾਂ ’ਤੇ ਬਹੁਤ ਮਾਰੂ ਹੈ ਅਤੇ ਬਹੁਤ ਹੀ ਦੁਖਦਾਈ ਹੈ । ਸੰਸਾਰਕ ਜੀਵ ਦਾ ਮਨ ਹਮੇਸ਼ਾਂ ਹਉਮੈ ਦੇ ਅਧੀਨ ਰਹਿੰਦਾ ਹੈ । ਸੰਸਾਰ ਦੇ ਸਾਰੇ ਝਗੜੇ ਤਕਰੀਬਨ ਮਨੁੱਖ ਦੀ ਹਉਮੈ ਦੇ ਕਾਰਨ ਹੀ ਹੁੰਦੇ ਹਨ, ਇਸ ਲਈ ਗੁਰਬਾਣੀ ਵਿਚ ਇਸ ਨੂੰ ਵੱਡਾ ਰੋਗ ਕਿਹਾ ਹੈ । ਇਸ ਹਉਮੈ ਨੇ ਸੰਸਾਰ ਦੇ ਹਰ ਮਨੁੱਖ ਨੂੰ ਗ੍ਰਸਿਆ ਹੋਇਆ ਹੈ।

ਹਉਮੈ; ਮੈਂ ਜਾਂ ਮੇਰਾ ਦਾ ਹੀ ਰੂਪ ਹੈ ਤੇ ਜੇ ਇਹ ਭਾਵਨਾ ਮਨੁੱਖ ਵਿੱਚ ਜ਼ਿਆਦਾ ਵਧ ਜਾਵੇ ਤਾਂ ਇਹ ਰੋਗ ਦਾ ਰੂਪ ਧਾਰਨ ਕਰ ਲੈਂਦੀ ਹੈ । ਗੁਰੂ ਜੀ ਨੇ ਆਖਿਆ ਹੈ ਕਿ ‘‘ਹਉਮੈ ਦੀਰਘ ਰੋਗੁ ਹੈ .. ’’ (ਮਹਲਾ /੪੬੬) ਅਤੇ ਇਹ ਹਉਮੈ ਦਾ ਰੋਗ ਪ੍ਰਮਾਤਮਾ ਵੱਲੋਂ ਮਨੁੱਖ ਦੇ ਹਿੱਸੇ ਵਿੱਚ ਆਇਆ ਹੈ । ਗੁਰੂ ਜੀ ਦਾ ਬਚਨ ਹੈ ‘‘ਹਉਮੈ ਰੋਗੁ ਮਾਨੁਖ ਕਉ ਦੀਨਾ ’’ (ਮਹਲਾ /੧੧੪੦) ਇਸੇ ਹੀ ਹਉਮੈ ਨੂੰ ਗੁਰੂ ਜੀ ਨੇ ਬਿਖਿਆ, ਮੈਲ, ਅਹੰ, ਅਹੰਮਤ, ਅਹੰਕਰਣ, ਅਹੰਕਾਰ ਕਹਿ ਕੇ ਬਿਆਨ ਕੀਤਾ ਹੈ । ਹੰਕਾਰ ਦੇ ਵਿੱਚ ਹੀ ਜ਼ੁਲਮ ਪੈਦਾ ਹੁੰਦਾ ਹੈ । ਜਿਸ ਜ਼ੁਲਮ ਦੇ ਕਰਕੇ ਮਨੁੱਖਤਾ ਦੁੱਖ ਭੋਗਦੀ ਹੈ । ਮਨੁੱਖ ਦੇ ਸਾਹਮਣੇ ਇਹ ਹਉਮੈ ਇੱਥੇ ਇਕ ਸਵਾਲ ਬਣ ਕੇ ਆਈ ਹੈ ਕਿ ਹਉਮੈ ਕਿਵੇਂ ਤੇ ਕਿੱਥੋਂ ਉਪਜਦੀ ਹੈ  ? ਇਸ ਤੋਂ ਛੁਟਕਾਰਾ ਕਿਵੇਂ ਪਾਇਆ ਜਾਵੇ । ਗੁਰੂ ਜੀ ਨੇ ਇਸ ਬਾਰੇ ਆਪਣਾ ਅਨੁਭਵ ਬਿਆਨ ਕੀਤਾ ਹੈ ‘‘ਹਉਮੈ ਕਿਥਹੁ ਊਪਜੈ .. ’’ (ਮਹਲਾ /੪੬੬) ਅਤੇ ‘‘ਕਿਤੁ ਸੰਜਮਿ ਇਹ ਜਾਇ ’’ (ਮਹਲਾ /੪੬੬)  ਜਵਾਬ ਵਿੱਚ ਗੁਰੂ ਜੀ ਦੇ ਬਚਨ ਹਨ ‘‘ਹਉਮੈ ਏਹੋ ਹੁਕਮੁ ਹੈ; ਪਇਐ ਕਿਰਤਿ ਫਿਰਾਹਿ ’’ (ਮਹਲਾ /੪੬੬) ਭਾਵ ਵਾਹਿਗੁਰੂ ਦੇ ਹੁਕਮ ਵਿੱਚੋਂ ਹੀ ਇਹ ਹਉਮੈ ਪੈਦਾ ਹੁੰਦੀ ਹੈ । ਇਹ ਗੱਲ ਬਹੁਤ ਹੀ ਰੌਚਕ ਹੈ । ਸੰਸਾਰ ਕੰਮ ਕਾਜ ਵਿੱਚ ਰੁਝਿਆ ਹੋਇਆ ਹੈ। ਇਨ੍ਹਾਂ ਦੇ ਜੀਵਨ ਦਾ ਮੂਲ ਹਉਮੈ ਹੈ । ਹਉਮੈ ਅਧੀਨ ਹੀ ਮਨੁੱਖ ਆਪਣੇ ਜੀਵਨ ਦੀਆਂ ਲੋੜਾਂ ਪੂਰੀਆਂ ਕਰਦਾ ਹੈ। ਸੁੱਖਾਂ ਦੀ ਇੱਛਾ ਰੱਖ ਕੇ ਮਨੁੱਖ ਮਾਇਆ ਦੇ ਘੇਰੇ ’ਚ ਫਸ ਕੇ ਹਉਮੈ ਦੇ ਚੱਕਰ ’ਚ ਜਾ ਫਸਦਾ ਹੈ । ਪ੍ਰਮਾਤਮਾ ਨੂੰ ਵਿਸਾਰ ਕੇ ਸੁੱਖਾਂ ਦੀ ਇੱਛਾ ਰੱਖਣੀ ਹਉਮੈ ਦਾ ਪ੍ਰਗਟਾਵਾ ਹੈ ਤੇ ਇਸ ਤਰ੍ਹਾਂ ਇਹੀ ਹਉਮੈ ਬੰਧਨ ਬਣ ਜਾਂਦੀ ਹੈ। ਇਹ ਬੰਧਨ ਇਕ ਰੋਗ ਬਣ ਜਾਂਦਾ ਹੈ ਪਰ ਗੁਰੂ ਜੀ ਨੇ ਇਸ ਦਾ ਇਲਾਜ ਵੀ ਦੱਸ ਦਿੱਤਾ ਹੈ ਤਾਂ ਕਿ ਮਨੁੱਖ ਕਿਤੇ ਡੋਲ ਹੀ ਨਾ ਜਾਵੇ । ਗੁਰੂ ਜੀ ਦੇ ਬਾਣੀ ਵਿੱਚ ਕਥਨ ਹਨ ‘‘ਹਉਮੈ ਦੀਰਘ ਰੋਗੁ ਹੈ; ਦਾਰੂ ਭੀ, ਇਸੁ ਮਾਹਿ ’’ (ਮਹਲਾ /੪੬੬) ਇਸ ਰੋਗ ਦਾ ਪ੍ਰਭਾਵ ਬਹੁਤ ਜ਼ਿਆਦਾ ਹੈ; ਜਿਵੇਂ ਕਿ ‘‘ਹਉ ਵਿਚਿ ਆਇਆ; ਹਉ ਵਿਚਿ ਗਇਆ ਹਉ ਵਿਚਿ ਜੰਮਿਆ; ਹਉ ਵਿਚਿ ਮੁਆ ਹਉ ਵਿਚਿ ਦਿਤਾ; ਹਉ ਵਿਚਿ ਲਇਆ ਹਉ ਵਿਚਿ ਖਟਿਆ; ਹਉ ਵਿਚਿ ਗਇਆ ਹਉ ਵਿਚਿ ਸਚਿਆਰੁ ਕੂੜਿਆਰੁ ਹਉ ਵਿਚਿ ਪਾਪ ਪੁੰਨ ਵੀਚਾਰੁ ਹਉ ਵਿਚਿ; ਨਰਕਿ ਸੁਰਗਿ ਅਵਤਾਰੁ ਹਉ ਵਿਚਿ ਹਸੈ; ਹਉ ਵਿਚਿ ਰੋਵੈ ਹਉ ਵਿਚਿ ਭਰੀਐ; ਹਉ ਵਿਚਿ ਧੋਵੈ ’’ (ਮਹਲਾ /੪੬੬) ਤਕਰੀਬਨ ਸਾਰਾ ਸ਼ਬਦ ਹੀ ਹਉਮੈ ਦੇ ਕਾਰਜ ਬਾਰੇ ਪ੍ਰਗਟਾਵਾ ਕਰਦਾ ਹੈ । ਹਉਮੈ ਦੇ ਅਧੀਨ ਮਨੁੱਖ ਪਾਪ ਵੀ ਕਰਦਾ ਹੈ, ਪਰ ਜਦ ਪ੍ਰਭੂ ਦੇ ਹੁਕਮ ਨੂੰ ਮੰਨਣ ਵਾਲਾ ਬਣ ਜਾਵੇ ਤਾਂ ਕੋਈ ਅਪਰਾਧ ਨਹੀਂ ਕਰ ਸਕਦਾ। ਇਸ ਦਾ ਭਾਵ ਹੁਕਮ ਮੰਨਣ ਦੇ ਨਾਲ ਮਨ ਵਿੱਚ ਨਿਮਰਤਾ ਆਏਗੀ, ਜਿਸ ਨਿਮਰਤਾ ਨੇ ਹਉਮੈ ਦਾ ਅਭਾਵ ਕਰਨਾ ਹੈ । ਡਾਕਟਰ ਹਮੇਸ਼ਾਂ ਰੋਗ ਨੂੰ ਦੂਰ ਕਰਨ ਲਈ ਪਹਿਲਾਂ ਇਸ ਗੱਲ ਉੱਤੇ ਜ਼ੋਰ ਦਿੰਦਾ ਹੈ, ਰੋਗ ਦੀ ਸੋਝੀ ਹੋਵੇ । ਕਿਸੇ ਰੋਗ ਦੀ ਸੂਝ ਪ੍ਰਾਪਤ ਕਰਨ ਲਈ ਗਿਆਨ ਹੋਣਾ ਬਹੁਤ ਜ਼ਰੂਰੀ ਹੈ । ਗੁਰੂ ਜੀ ਆਖਦੇ ਹਨ ‘‘ਗਿਆਨ ਖੜਗੁ ਲੈ ਮਨ ਸਿਉ ਲੂਝੈ; ਮਨਸਾ ਮਨਹਿ ਸਮਾਈ ਹੇ ’’ (ਮਹਲਾ /੧੦੨੨) ਤੇ ਗਿਆਨ ਦੀ ਖੜਕ ਗੁਰੂ ਕੋਲੋਂ ਮਿਲਦੀ ਹੈ । ਗੁਰੂ ਜੀ ਨੇ ਆਖਿਆ ਹੈ ‘‘ਗਿਆਨ ਖੜਗੁ ਕਰਿ ਕਿਰਪਾ ਦੀਨਾ; ਦੂਤ ਮਾਰੇ ਕਰਿ ਧਾਈ ਹੇ ’’ (ਮਹਲਾ /੧੦੭੨) ਗਿਆਨ ਨਾਲ ਮਨ ਵੱਸ ਵਿੱਚ ਆਉਂਦਾ ਹੈ । ਮਨ ਦੇ ਦੋ ਰੂਪ ਹਨ, ਸਥੂਲ ਮਨ ਚੰਚਲ ਹੈ । ਸੂਖਮ ਮਨ ਇਸ ਸਥਿਤੀ ਵਿੱਚ ਪ੍ਰਮਾਤਮਾ ਨਾਲ ਜੁੜ ਕੇ ਟਿਕ ਜਾਂਦਾ ਹੈ । ਟਿਕਿਆ ਹੋਇਆ ਮਨ ਭਟਕਦੇ ਮਨ ਨੂੰ ਰੋਕ ਕੇ ਬੁਰਾਈਆਂ ਕਰਨ ਤੋਂ ਰੋਕਦਾ ਹੈ ਤੇ ਪਰਉਪਕਾਰੀ ਕੰਮਾਂ ਵਿੱਚ ਲਾ ਦਿੰਦਾ ਹੈ । ਯਥਾ ਗੁਰਵਾਕ ਹੈ ‘‘ਏਹੁ ਮਨੁ ਮਾਰਿਆ ਨਾ ਮਰੈ; ਜੇ ਲੋਚੈ ਸਭੁ ਕੋਇ ਨਾਨਕ  ! ਮਨ ਹੀ ਕਉ ਮਨੁ ਮਾਰਸੀ; ਜੇ ਸਤਿਗੁਰੁ ਭੇਟੈ ਸੋਇ ’’ (ਮਹਲਾ /੧੦੮੯) ਇਸ ਤਰ੍ਹਾਂ ਪ੍ਰਭੂ ਦੀ ਕਿਰਪਾ ਨਾਲ ‘‘ਮਨੁ ਬਸਿ ਆਵੈ ਨਾਨਕਾ ! ਜੇ ਪੂਰਨ ਕਿਰਪਾ ਹੋਇ ’’ (ਮਹਲਾ /੨੯੮) ਮਨ ਵੱਸ ਵਿੱਚ ਆ ਜਾਂਦਾ ਹੈ ਤੇ ਮਨੁੱਖ ਆਪ ਮੁਹਾਰੇ ਆਖ ਦਿੰਦਾ ਹੈ ‘‘ਕਬੀਰ ਮੇਰਾ ਮੁਝ ਮਹਿ ਕਿਛੁ ਨਹੀ; ਜੋ ਕਿਛੁ ਹੈ ਸੋ ਤੇਰਾ ’’ (ਭਗਤ ਕਬੀਰ/੧੩੭੫) ਮੈਂ ਮੇਰੀ ਖ਼ਤਮ ਹੋ ਜਾਂਦੀ ਹੈ । ਇਹ ਪ੍ਰਭੂ ਨਾਲ ਪ੍ਰੀਤ ਪਾਉਣ ਦੀ ਅਵਸਥਾ ਹੈ । ਅਜਿਹੇ ਬੰਦੇ ਵਿੱਚ ਹਉਮੈ ਨਹੀਂ ਆ ਸਕਦੀ। ਜਪੁ ਜੀ ਵਿਚ ਗੁਰ ਵਾਕ ਹੈ ‘‘ਨਾਨਕ  ! ਹੁਕਮੈ ਜੇ ਬੁਝੈ; ਹਉਮੈ ਕਹੈ ਕੋਇ ’’ (ਜਪੁ) ਸਿਧ ਗੋਸ਼ਟਿ ਵਿੱਚ, ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ, ਸਿੱਧ ਪ੍ਰਸ਼ਨ ਕਰਦੇ ਹਨ ‘‘ਕਿਤੁ ਕਿਤੁ ਬਿਧਿ ਜਗੁ ਉਪਜੈ ਪੁਰਖਾ ! ਕਿਤੁ ਕਿਤੁ ਦੁਖਿ ਬਿਨਸਿ ਜਾਈ ’’ (ਗੋਸਟਿ/ਮਹਲਾ /੯੪੬) ਗੁਰੂ ਜੀ ਇਸ ਦੇ ਉੱਤਰ ਵਜੋਂ ਆਖਦੇ ਹਨ ‘‘ਹਉਮੈ ਵਿਚਿ ਜਗੁ ਉਪਜੈ ਪੁਰਖਾ ! ਨਾਮਿ ਵਿਸਰਿਐ ਦੁਖੁ ਪਾਈ ’’ (ਗੋਸਟਿ/ਮਹਲਾ /੯੪੬)

ਪ੍ਰਮਾਤਮਾ ਦੇ ਨਾਮ ਦਾ ਅਭਿਆਸ ਕਰਨਾ ਜ਼ਰੂਰੀ ਹੈ ਤਾਂ ਕਿ ਹਉਮੈ ਦਾ ਅਭਾਵ ਕੀਤਾ ਜਾਵੇ । ਨਾਮੀ ਪੁਰਸ਼ ਲਈ ਤਾਂ ਪ੍ਰਮਾਤਮਾ ਦਾ ਹੁਕਮ ਮੰਨਣਾ ਅਤੇ ਉਸ ਦੀ ਰਜ਼ਾ ਵਿੱਚ ਰਹਿ ਕੇ ਨਿਮਰਤਾ ਧਾਰਨ ਕਰਨਾ ਹੀ ਉੱਤਮ ਹੈ। ਹਉਮੈ ਦਾ ਅਤੇ ਨਾਮ ਦਾ ਕੋਈ ਵੀ ਜੋੜ ਨਹੀਂ ਹੈ। ਗੁਰ ਵਾਕ ਹੈ ‘‘ਹਉਮੈ ਨਾਵੈ ਨਾਲਿ ਵਿਰੋਧੁ ਹੈ; ਦੁਇ ਵਸਹਿ ਇਕ ਠਾਇ ’’ (ਮਹਲਾ /੫੬੦) ਜਿਵੇਂ ਰਾਤ ਦਿਨ ਇਕੱਠੇ ਨਹੀਂ ਹੁੰਦੇ, ਇਸੇ ਤਰ੍ਹਾਂ ਹਉਮੈ ਤੇ ਨਾਮ ਕਦੇ ਵੀ ਇਕੱਠੇ ਨਹੀਂ ਹੋ ਸਕਦੇ । ਹਉਮੈ ਦਾ ਅਭਾਵ ਕਰਨ ਲਈ ਗੁਰਬਾਣੀ ਨੂੰ ਸ਼ਰਧਾ ਨਾਲ ਪੜ੍ਹਿਆ ਅਤੇ ਸਮਝਿਆ ਜਾਵੇ ਤਾਂ ਮਨ ਵਿੱਚ ਹਰੀ ਦੇ ਨਾਮ ਦਾ ਨਿਵਾਸ ਹੁੰਦਾ ਹੈ। ਨਾਮ ਹੀ ਇਕ ਅਜਿਹੀ ਸ਼ਕਤੀ ਹੈ, ਜੋ ਹਉਮੈ ਦੀ ਸੂਝ ਕਰਾ ਕੇ ਮਨੁੱਖ ਨੂੰ ਪਰਉਪਕਾਰੀ ਜੀਵਨ ਨਿਮਰਤਾ ਨਾਲ ਸਿਖਾ ਦਿੰਦੀ ਹੈ। ਇਹ ਸੂਝ (ਗਿਆਨ); ਅਗਿਆਨਤਾ ਦੇ ਹਨ੍ਹੇਰੇ ਨੂੰ ਕੱਟ ਦਿੰਦੀ ਹੈ। ਨਾਮ ਦੀ ਸਾਧਨਾ ਨਾਲ ਹਉਮੈ ਖ਼ਤਮ ਹੁੰਦੀ ਜਾਂਦੀ ਹੈ। ਇਸ ਲਈ ਗੁਰੂ ਜੀ ਨੇ ਆਖਿਆ ਹੈ ‘‘ਹਉਮੈ ਬੂਝੈ; ਤਾ ਦਰੁ ਸੂਝੈ ’’ (ਮਹਲਾ /੪੬੬) ਅਤੇ ‘‘ਸਤਿਗੁਰ ਕੀ ਜਿਸ ਨੋ ਮਤਿ ਆਵੈ; ਸੋ ਸਤਿਗੁਰ ਮਾਹਿ ਸਮਾਨਾ ਇਹ ਬਾਣੀ ਜੋ ਜੀਅਹੁ ਜਾਣੈ; ਤਿਸੁ ਅੰਤਰਿ ਰਵੈ ਹਰਿ ਨਾਮਾ ਰਹਾਉ ’’ (ਮਹਲਾ /੭੯੭) ਹਉਮੈ ਕਿਤਨਾ ਦੁੱਖ ਦਿੰਦੀ ਹੈ । ਗੁਰੂ ਜੀ ਆਖਦੇ ਹਨ ‘‘ਜਿਸ ਕੈ ਅੰਤਰਿ ਰਾਜ ਅਭਿਮਾਨੁ ਸੋ ਨਰਕਪਾਤੀ ਹੋਵਤ ਸੁਆਨੁ ਜੋ ਜਾਨੈ ਮੈ ਜੋਬਨਵੰਤੁ ਸੋ ਹੋਵਤ ਬਿਸਟਾ ਕਾ ਜੰਤੁ ਆਪਸ ਕਉ ਕਰਮਵੰਤੁ ਕਹਾਵੈ ਜਨਮਿ ਮਰੈ, ਬਹੁ ਜੋਨਿ ਭ੍ਰਮਾਵੈ ਧਨ ਭੂਮਿ ਕਾ ਜੋ ਕਰੈ ਗੁਮਾਨੁ ਸੋ ਮੂਰਖੁ ਅੰਧਾ ਅਗਿਆਨੁ ਕਰਿ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ ਨਾਨਕ  ! ਈਹਾ ਮੁਕਤੁ ਆਗੈ ਸੁਖੁ ਪਾਵੈ ’’ (ਸੁਖਮਨੀ/ਮਹਲਾ /੨੭੮) ਅਰਥਾਤ ਜਿਸ ਮਨੁੱਖ ਦੇ ਹਿਰਦੇ ਵਿੱਚੋਂ ਹਾਲੇ ਅਭਿਮਾਨ (ਹਉਮੈ) ਗਿਆ ਹੀ ਨਹੀਂ ਉਹ ਨਰਕਾਂ ਦਾ ਕੁੱਤਾ ਹੈ, ਜੋ ਆਖਦਾ ਹੈ ਕਿ ਮੇਰੇ ਜਿਤਨਾ ਧਨ ਹੋਰ ਕੋਲ ਹੋ ਹੀ ਨਹੀਂ ਸਕਦਾ। ਮੇਰੇ ਕੋਲ ਹੀ ਸਾਰਿਆਂ ਨਾਲੋਂ ਜ਼ਿਆਦਾ ਧਰਤੀ ਹੈ। ਉਸ ਦੇ ਜਨਮ ਮਰਨ ਦਾ ਚੱਕਰ ਖਤਮ ਨਹੀਂ ਹੁੰਦਾ। ਉਹ ਮੂਰਖ ਹੈ, ਅੰਨ੍ਹਾ ਹੈ, ਜਿਸ ਨੇ ਜੀਵਨ ਜੋ ‘‘ਹੀਰੇ ਜੈਸਾ ਜਨਮੁ ਹੈ.. ’’ (ਮਹਲਾ /੧੫੬) ਦੀ ਪਹਿਚਾਣ ਹੀ ਨਹੀਂ ਕੀਤੀ, ਪਰ ਕਿਰਪਾ ਕਰਕੇ ਪ੍ਰਮਾਤਮਾ ਜਿਸ ਮਨੁੱਖ ਦੇ ਹਿਰਦੇ ਵਿੱਚ ਨਿਮਰਤਾ ਦੀ ਦਾਤ ਪਾ ਦਿੰਦਾ ਹੈ। ਉਹ ਇਸ ਸੰਸਾਰ ਵਿੱਚ ਹੀ ਮੁਕਤੀ ਦੀ ਪ੍ਰਾਪਤੀ ਕਰ ਲੈਂਦਾ ਹੈ ਅਤੇ ਅੱਗੇ ਪਰਲੋਕ ਵਿੱਚ ਸੁੱਖ ਪਾਂਦਾ ਹੈ। ਅਜਿਹੇ ਵਿਅਕਤੀ ਨੂੰ ਜੀਵਨ ਮੁਕਤ ਆਖਿਆ ਗਿਆ ਹੈ ਕਿਉਂਕਿ ਉਸ ਨੇ ਜਾਂਦਿਆਂ ਹੀ ਆਪਾ ਭਾਵ ਖੋ ਦਿੱਤਾ ਹੁੰਦਾ ਹੈ। ਯਥਾ ਗੁਰਵਾਕ ਹੈ ‘‘ਜੀਵਨ ਮੁਕਤਿ ਸੋ ਆਖੀਐ; ਮਰਿ ਜੀਵੈ ਮਰੀਆ ’’ (ਮਹਲਾ /੪੪੯), ਇਸ ਲਈ ਲੋੜ ਹੈ ਕਰਤਾਰ ਦੀ ਕਿਰਪਾ ਦੇ ਪਾਤਰ ਬਣਨ ਦੀ। ਕਿਰਪਾ ਦੇ ਪਾਤਰ ਬਣਨ ਲਈ ਨਿਮਰਤਾ, ਸਿਮਰਨ, ਸੇਵਾ, ਪਰਉਪਕਾਰ ਪ੍ਰਭੂ ਦਾ ਹੁਕਮੀ ਬੰਦਾ ਬਣ ਅਰਦਾਸ ਕਰਨੀ ਚੰਗੀ ਹੈ, ਲਵਲੀਨਤਾ ਜ਼ਰੂਰੀ ਹੈ, ਨਿਮਰਤਾ, ਸੇਵਾ ਜ਼ਰੂਰੀ ਹੈ, ਪਰ ‘‘ਹਉਮੈ ਵਿਚਿ ਸੇਵਾ ਹੋਵਈ; ਤਾ ਮਨੁ ਬਿਰਥਾ ਜਾਇ ’’ (ਮਹਲਾ /੫੬੦) ਸਿਮਰਨ ਜ਼ਰੂਰੀ ਹੈ, ਇਸ ਲਈ ‘‘ਹਰਿ ਚੇਤਿ ਮਨ ਮੇਰੇ ! ਤੂ ਗੁਰ ਕਾ ਸਬਦੁ ਕਮਾਇ ’’ (ਮਹਲਾ /੫੬੦), ਪਰ ‘‘ਹਉਮੈ ਵਿਚਿ ਭਗਤਿ ਹੋਵਈ; ਹੁਕਮੁ ਬੁਝਿਆ ਜਾਇ ’’ (ਮਹਲਾ /੫੬੦) ਇਸ ਲਈ ‘‘ਹੁਕਮੁ ਮੰਨਹਿ ਤਾ ਹਰਿ ਮਿਲੈ; ਤਾ ਵਿਚਹੁ ਹਉਮੈ ਜਾਇ ਰਹਾਉ ’’ (ਮਹਲਾ /੫੬੦)

ਸਿੱਖਾਂ ਦਾ ਮਨ ਨੀਵਾਂ, ਮੱਤ ਉੱਚੀ ਕਰਨ ਲਈ ਕੀਤੀ ਜਾਂਦੀ ਅਰਦਾਸ ਵੀ ਹਉਮੈ ਦਾ ਅਭਾਵ ਕਰਦੀ ਹੈ । ਸੇਵਾ, ਸਤਿ ਸੰਗਤ, ਨੇਕ ਕਮਾਈ ਕੀਤੀ ਜਾਣ ਨਾਲ ਪਰਉਪਕਾਰੀ ਭਾਵਨਾ ਵਿੱਚ ਵਾਧਾ ਹੁੰਦਾ ਹੈ । ਕਰਮਸ਼ੀਲਤਾ ਦੀ ਗੱਲ ਕਰਦਿਆਂ ਵੀ ਗੁਰੂ ਜੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਹੈ ‘‘ਨਾਨਕ ! ਲੇਖੈ ਇਕ ਗਲ; ਹੋਰੁ ਹਉਮੈ ਝਖਣਾ ਝਾਖ ’’ (ਮਹਲਾ /੪੬੭) ਕਹਿ ਕੇ ਸਮਝਾਇਆ ਹੈ। ਉਪਰਾਲਿਆਂ ਨਾਲ ਚੰਗੇ ਕਾਰਜ ਕਰਦਿਆਂ ਵੀ ਸਾਦਗੀ ਅਤੇ ਸਦਾਚਾਰ ਹੋਣਾ ਜ਼ਰੂਰੀ ਹੈ, ਨਹੀਂ ਤਾਂ ਇਹ ਪਾਖੰਡ ਬਣ ਜਾਂਦਾ ਹੈ। ਫਿਰ ਤਾਂ ਸੇਵਾ ਕਰਦਿਆਂ ਵੀ ਹੰਕਾਰ ਆ ਸਕਦਾ ਹੈ। ਅਰਦਾਸ ਵਿਚ ਹਉਮੈ ਆ ਸਕਦੀ ਹੈ। ਸਿਮਰਨ ਕਰਦਿਆਂ ਵੀ ਹਉਮੈ ਆਪਣਾ ਜਾਲ ਵਿਛਾ ਸਕਦੀ ਹੈ। ਜਦੋਂ ਇਹ ਸਾਰੇ ਕਾਰਜ ਪਾਖੰਡ ਤੋਂ ਰਹਿਤ ਹੋਣਗੇ ਫਿਰ ਲਿਵਲੀਨਤਾ ਵਿੱਚ ਵਿਚਰ ਕੇ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ, ਜੋ ਜ਼ਿੰਦਗੀ ਦਾ ਮਨੋਰਥ ਹੈ, ਪਰ ਇਨ੍ਹਾਂ ਵਿੱਚ ਪ੍ਰਭੂ ਦੀ ਕਿਰਪਾ ਦਾ ਹੋਣਾ ਜ਼ਰੂਰੀ ਹੈ ਭਾਵ ਇਨ੍ਹਾਂ ਕਾਰਜਾਂ ਨੂੰ ਕਰਦਿਆਂ ਇਹ ਸਮਝਣਾ ਮੂਰਖਤਾ ਹੈ ਕਿ ਇਹ ਕੰਮ ਮੈਂ ਕੀਤੇ ਹਨ। ਮੈਂ ਬੜਾ ਹੁਕਮੀ ਬੰਦਾ ਹਾਂ। ਮੈਂ ਬੜਾ ਸਿਮਰਨ ਕਰਦਾ ਹਾਂ।

ਜਿਵੇਂ ਕਿ ਪਹਿਲਾਂ ਵੀਚਾਰ ਚੁੱਕੇ ਹਾਂ ਕਿ ਇਹ ਹਉਮੈਂ ਰੋਗ ਹੈ, ਜੋ ਹਰ ਮਨੁੱਖ ਨੂੰ ਚਿੰਬੜਿਆ ਹੋਇਆ ਹੈ । ਗੁਰੂ ਜੀ ਦੇ ਬਚਨ ਹਨ ‘‘ਜੋ ਜੋ ਦੀਸੈ ਸੋ ਸੋ ਰੋਗੀ (ਮਹਲਾ /੧੧੪੦) ਇਸ ਤੋਂ ਮੁਕਤ ਗੁਰੂ ਸਤਿਗੁਰੂ ਹੀ ਹੈ ‘‘ਰੋਗ ਰਹਿਤ ਮੇਰਾ ਸਤਿਗੁਰੁ ਜੋਗੀ ਰਹਾਉ ’’ (ਮਹਲਾ /੧੧੪੦) ਇਸ ਕਰਕੇ ਜਿਸ ਮਨੁੱਖ ’ਤੇ ਉਸ ਦੀ ਕਿਰਪਾ ਹੋ ਜਾਂਦੀ ਹੈ। ਮਨੁੱਖ ਕਿਰਪਾ ਦਾ ਪਾਤਰ ਬਣ ਜਾਂਦਾ ਹੈ। ਉਸ ਨੂੰ ਪ੍ਰਮਾਤਮਾ ਸੇਵਾ ਸਿਮਰਨ, ਪਰਉਪਕਾਰੀ, ਹੁਕਮੀ ਬਣਾ ਕੇ ਇਸ ਰੋਗ ਦੇ ਜਾਲ ’ਚੋਂ ਬਾਂਹ ਪਕੜ ਕੇ ਬਾਹਰ ਕੱਢ ਲੈਂਦਾ ਹੈ ਤੇ ਮਨੁੱਖ ਪ੍ਰਭੂ ਵਿੱਚ ਲੀਨ ਹੋ ਜਾਂਦਾ ਹੈ। ਗੁਰੂ ਜੀ ਦੇ ਬਚਨ ਹਨ ‘‘ਪਾਰਬ੍ਰਹਮਿ ਜਿਸੁ ਕੀਨੀ ਦਇਆ ਬਾਹ ਪਕੜਿ ਰੋਗਹੁ ਕਢਿ ਲਇਆ ਤੂਟੇ ਬੰਧਨ; ਸਾਧਸੰਗੁ ਪਾਇਆ ਕਹੁ ਨਾਨਕ  ! ਗੁਰਿ ਰੋਗੁ ਮਿਟਾਇਆ ’’ (ਮਹਲਾ /੧੧੪੧)