ਸਰਬ ਧਰਮਾਂ ਦਾ ਤੱਤ-ਸਾਰ ‘ਗੁਰੂ ਗ੍ਰੰਥ ਸਾਹਿਬ’ (ਭਾਗ ਦੂਜਾ)

0
1206

ਸਰਬ ਧਰਮਾਂ ਦਾ ਤੱਤਸਾਰਗੁਰੂ ਗ੍ਰੰਥ ਸਾਹਿਬ’ (ਭਾਗ ਦੂਜਾ)

ਗਿਆਨੀ ਅਵਤਾਰ ਸਿੰਘ

ਸਰਬ ਧਰਮਾਂ ਦਾ ਤੱਤ-ਸਾਰ ‘ਗੁਰੂ ਗ੍ਰੰਥ ਸਾਹਿਬ’’ (ਭਾਗ ਪਹਿਲਾ)

ਪਹਿਲੇ ਭਾਗ ’ਚ ਭਾਰਤ ਦੇ ਪਾਰਸੀ, ਵੈਦਿਕ, ਜੈਨੀ, ਬੋਧੀ ਆਦਿ ਮੱਤਾਂ (ਧਰਮ ਗੁਰੂਆਂ) ਦੁਆਰਾ ਕੀਤੀ ਗਈ ‘ਧਰਮ’ ਦੀ ਵਿਆਖਿਆ ਨੂੰ ਵਿਚਾਰਿਆ ਗਿਆ ਸੀ। ਵੈਸੇ ਦੁਨੀਆਂ ’ਚ ਅਣਗਿਣਤ ਕਬੀਲੇ ਹਨ, ਜਿਨ੍ਹਾਂ ਦੀ ਆਪੋ ਆਪਣੀ ਕੋਈ ਨਾ ਕੋਈ ਵਿਚਾਰਧਾਰਾ ਵੀ ਹੈ, ਪਰ ਹਥਲੇ ਲੇਖ ’ਚ ਦੁਨੀਆਂ ਦੇ ਤਿੰਨ ਵੱਡੇ ਮੱਤਾਂ (ਯਹੂਦੀ, ਈਸਾਈ ਤੇ ਮੁਸਲਿਮ/ਇਸਲਾਮ) ਦੁਆਰਾ ਕੀਤੀ ਗਈ ‘ਧਰਮ’ ਦੀ ਵਿਆਖਿਆ ਨੂੰ ਹੀ ਵਿਚਾਰਿਆ ਜਾਵੇਗਾ ਤਾਂ ਜੋ ਹਰ ਧਰਮ ਦੀ ਚੰਗਿਆਈ ਅਤੇ ਬੁਰਿਆਈ ਨਾਲ਼ ਲੜਨ ਦੀ ਨੀਤੀ (ਸ਼ਕਤੀ) ਨੂੰ ਸਮਝਿਆ ਜਾ ਸਕੇ।

ਕਿਸੇ ਮੱਤ (ਧਰਮ) ਦਾ ਵਿਸ਼ਲੇਸ਼ਣ ਕਰਨ ਲਈ, ਜਿਨ੍ਹਾਂ ਅਸੂਲਾਂ ਨੂੰ ਸਾਹਮਣੇ ਰੱਖਣਾ ਜ਼ਰੂਰੀ ਹੁੰਦਾ ਹੈ, ਉਹ ਇਸ ਪ੍ਰਕਾਰ ਹਨ :

(1). ਉਸ ਮੱਤ ਦੇ ਸ੍ਰੋਤ (ਪੀਰ, ਪੈਗ਼ੰਬਰ, ਰਸੂਲ, ਨਬੀ, ਗੁਰੂ, ਆਚਾਰੀਆ ਆਦਿ) ਨੂੰ ਇਹ ਬੋਧ; ਕਿਸ ਯੁਕਤੀ ਨਾਲ਼, ਉਮਰ ਦੇ ਕਿਸ ਪੜਾਅ ’ਚ ਤੇ ਕਿਸ ਦੁਆਰਾ ਹੋਇਆ  ?

(2). ਉਸ ਨੇ ਆਪਣੇ ਉਤਰਾਧਿਕਾਰੀ ਦੀ ਨਿਯੁਕਤੀ ਕਿਸ ਦ੍ਰਿਸ਼ਟੀਕੋਣ ਨਾਲ ਕੀਤੀ ਤੇ ਉਹ ਕਿੰਨੀ ਕੁ ਸਫਲ ਰਹੀ।

(3). ਉਸ ਵਿਚਾਰਧਾਰਾ (ਸਿਧਾਂਤ) ਨੂੰ ਲਿਖਤੀ ਰੂਪ ’ਚ ਕਿਸ ਦੁਆਰਾ ਤੇ ਕਿਵੇਂ ਸੰਭਾਲ਼ਿਆ ਗਿਆ  ?

(4). ਮਾਨਵਤਾ ਦੇ ਹਿੱਤ ਲਈ ਸਮਾਜ ’ਚ ਇਸ ਵਿਚਾਰਧਾਰਾ ਨੇ ਕੀ ਕੀ ਸੁਧਾਰ ਲਿਆਂਦਾ ? ਆਦਿ।

ਸੰਸਾਰ ’ਚ ‘ਧਰਮ’ ਦੀ ਵਿਆਖਿਆ ਕਰਨ ਵਾਲ਼ੀਆਂ ਦੋ ਵੱਡੀਆਂ ਤੇ ਪ੍ਰਮੁੱਖ ਸ਼ਾਖ਼ਾਵਾਂ ਹਨ : ‘ਆਰੀਅਨ (ਈਰਾਨੀ) ਤੇ ਇਬਰਾਨੀ’, ਜਿਸ ਦਾ ਇਲਾਕਾ ‘ਅਰਬ, ਇਜ਼ਰਾਈਲ, ਫ਼ਲਸਤੀਨ, ਰੋਮ (ਇਟਲੀ), ਮਿਸਰ’ ਆਦਿ ਤੱਕ ਹੈ। ਇਨ੍ਹਾਂ ਦੋਵੇਂ ਮਜ਼੍ਹਬਾਂ ਨੇ ਕਿਸੇ ਨਾ ਕਿਸੇ ਰੂਪ ’ਚ ਦੇਵੀ-ਦੇਵਤੇ, ਪੱਥਰ (ਮੂਰਤੀ), ਦਰਖ਼ਤ, ਚੰਦ, ਤਾਰਿਆਂ ਆਦਿ ਦੀ ਸ਼ਕਤੀ ਨੂੰ ਵਿਸ਼ੇਸ਼ ਮਹੱਤਵ ਦਿੱਤਾ ਤੇ ਪੂਜਿਆ ਹੈ। ਫ਼ਰਕ ਕੇਵਲ ਇਹੀ ਹੈ ਕਿ ਜਿਨ੍ਹਾਂ ਨੂੰ ਈਰਾਨੀ ਦੇਵੀ ਦੇਵਤੇ ਤੇ ਸਵਰਗ ਨਰਕ ਆਖਦੇ ਹਨ, ਉਨ੍ਹਾਂ ਨੂੰ ਇਬਰਾਨੀ ਫ਼ਰਿਸ਼ਤੇ ਤੇ ਜੰਨਤ ਦੋਜ਼ਖ ਕਹਿੰਦੇ ਹਨ ਭਾਵ ਦੋਵੇਂ ਸ਼ਾਖ਼ਾਵਾਂ ਕਾਲਪਨਿਕ ਨਗਰੀ ਤੇ ਕਾਲਪਨਿਕ ਦੇਵਤੇ ਜਾਂ ਫ਼ਰਿਸ਼ਤਿਆਂ ਦੀ ਹੋਂਦ ਨੂੰ ਸਵੀਕਾਰਦੀਆਂ ਆ ਰਹੀਆਂ ਹਨ।

ਸਮੇਂ ਸਮੇਂ ਕੁਝ ਸੁਧਾਰਵਾਦੀਆਂ ਨੇ ਇਨ੍ਹਾਂ ’ਚੋਂ ਕੁਝ ਆਧਾਰਹੀਣ ਰਵਾਇਤਾਂ ਨੂੰ ਬਦਲਨ ਦਾ ਯਤਨ ਕੀਤਾ ਪਰ ਰੂੜ੍ਹੀਵਾਦੀਆਂ ਲਈ ਇਹ ਪਰੰਪਰਾ ਆਰਥਿਕ ਸਾਧਨ ਤੇ ਪ੍ਰਭੁਤਾ ਦਾ ਜ਼ਰੀਆ ਬਣ ਚੁੱਕੀ ਸੀ, ਇਸ ਲਈ ਉਨ੍ਹਾਂ ਵੱਲੋਂ ਕਬੀਲਿਆਂ ਦੇ ਸਰਦਾਰਾਂ ਜਾਂ ਹਾਕਮਾਂ (ਬਾਦਸ਼ਾਹਾਂ) ਦੀ ਮਦਦ ਨਾਲ਼ ਸੁਧਾਰਵਾਦੀ ਲਹਿਰ ਨੂੰ ਕੁਚਲ਼ਨ ਦਾ ਕੰਮ ਕੀਤਾ ਤੇ ਕੀਤਾ ਜਾ ਰਿਹਾ ਹੈ।

ਪਿਛਲੇ ਲੇਖ ’ਚ ਆਰੀਅਨ ਲੋਕਾਂ ਦੁਆਰਾ ਇਤਿਹਾਸ ਨੂੰ ਹੀ ਰੁਪਾਂਤਰ ਕਰਕੇ ਉਸ ਦਾ ਨਾਂ ‘ਧਰਮ’ ਰੱਖ ਦਿੱਤਾ, ਬਾਰੇ ਵਿਚਾਰ ਕੀਤੀ ਗਈ ਸੀ, ਤਾਂ ਤੇ ਹੁਣ ਇਬਰਾਨੀ (‘ਯਹੂਦੀ, ਈਸਾਈ ਤੇ ਮੁਸਲਿਮ’) ਵਰਗ ਦਾ ਇਤਿਹਾਸ ਸਮਝਣਾ ਜ਼ਰੂਰੀ ਹੈ ਤਾਂ ਜੋ ‘ਧਰਮ’ ਤੇ ‘ਇਤਿਹਾਸ’ ਦੇ ਅੰਤਰ ਦਾ ਬੋਧ ਹੋ ਸਕੇ। ਇਹ ਤਿੰਨੇ ਮਜ਼੍ਹਬ ਦਰਅਸਲ ਇੱਕ ਹੀ ਕਬੀਲੇ ਦੇ ਤਿੰਨ ਨਾਂ ਹਨ, ਜਿਨ੍ਹਾਂ ਦੀ ਸੰਖੇਪ ’ਚ ਵਿਚਾਰ ਇਸ ਪ੍ਰਕਾਰ ਹੈ :

ਬਾਈਬਲ ਤੇ ਕੁਰਾਨ ਮੁਤਾਬਕ ਮਨੁੱਖ ਜਾਤੀ ਦਾ ਪਹਿਲਾ ਮਨੁੱਖ (ਜਾਂ ਆਦਮੀ) ਬਾਬਾ ਆਦਮ ਸੀ, ਜਿਸ ਨੂੰ ਖ਼ੁਦਾ ਨੇ ਮਿੱਟੀ ਨਾਲ਼ ਆਪਣੀ ਸ਼ਕਲ ਵਰਗਾ ਬਣਾਇਆ। ਇੱਕ ਦਿਨ ਬਾਬਾ ਆਦਮ ਜੀ ਦੇ ਸੁੱਤੇ ਪਇਆਂ ਦੀ ਖ਼ੁਦਾ ਨੇ ਇੱਕ ਪਸਲੀ ਕੱਢੀ, ਜਿਸ ਨਾਲ ਬੀਬੀ ‘ਹੱਵਾ’ ਬਣਾਈ। ਫਿਰ ਇਸ ਜੋੜੇ ਨੂੰ ‘ਅਦਨ’ (ਭਾਵ ਨਿੱਤ ਫਲ਼ ਦੇਣ ਵਾਲ਼ੇ) ਬਾਗ਼ ’ਚ ਛੱਡ ਦਿੱਤਾ। ਇੱਕ ਫਲ਼ ਨਾ ਖਾਣ ਦੀ ਮਨਾਹੀ ਭੀ ਕੀਤੀ ਪਰ ਸ਼ੈਤਾਨ (ਅੱਗ ਤੋਂ ਪੈਦਾ ਹੋਏ ਦੁਸ਼ਟ ਜੀਵ) ਨੇ ਇਨ੍ਹਾਂ ਨੂੰ ਵਰਗਲਾ ਕੇ ਉਹੀ ਫਲ਼ ਖਵਾ ਦਿੱਤਾ।

ਸੋ ਖ਼ੁਦਾਈ ਨਿਯਮ ਭੰਗ ਹੋਣ ਕਾਰਨ ਇਨ੍ਹਾਂ ਨੂੰ ਬਾਗ਼ ’ਚੋਂ ਕੱਢ ਕੇ ਧਰਤੀ ’ਤੇ ਇਸ ਮਕਸਦ ਨਾਲ਼ ਸੁੱਟਿਆ ਗਿਆ ਤਾਂ ਜੋ ਇਹ ਸਵੈ ਕਮਾਈ ਕਰਕੇ ਆਪਣਾ ਜੀਵਨ ਬਸਰ ਕਰਨ। ਰੱਬ ਦੀ ਸ਼ਕਤੀ ਵਜੋਂ ਕਬੀਰ ਜੀ ਬਾਬਾ ਆਦਮ ਦਾ ਵੀ ਜ਼ਿਕਰ ਕਰਦੇ ਹਨ ਕਿ ਕਰਤਾਰ ਦਾ ਹੁਕਮ ਅਦੂਲੀ ਕਰਨ ਵਾਲ਼ਾ ਜੰਨਤ ’ਚ ਵੀ ਬੇਚੈਨ ਰਹਿੰਦਾ ਹੈ  ‘‘ਬਾਬਾ ਆਦਮ ਕਉ ਕਿਛੁ ਨਦਰਿ ਦਿਖਾਈ ॥ ਉਨਿ ਭੀ ਭਿਸਤਿ; ਘਨੇਰੀ ਪਾਈ ॥’’ (ਭਗਤ ਕਬੀਰ/੧੧੬੧)

ਸੋ ਜਦ ਇਹ ਜੋੜਾ ਧਰਤੀ ’ਤੇ ਡਿੱਗਿਆ ਤਾਂ ਬਾਬਾ ਆਦਮ ਜੀ ਲੰਕਾ ’ਚ ਤੇ ਬੀਬੀ ਹੱਵਾ ਜੀ ਅਰਬ ’ਚ ਜੱਦਾਹ ਪਾਸ ਜਾ ਡਿੱਗੀ। 200 ਸਾਲ ਬਾਅਦ ਜਬਰਾਈਲ ਫ਼ਰਿਸ਼ਤੇ ਨੇ ਇਨ੍ਹਾਂ ਦਾ ਮੇਲ਼ ਕਰਵਾਇਆ। ਬਾਬਾ ਆਦਮ ਜੀ; ਬੀਬੀ ਹੱਵਾ ਨੂੰ ਨਾਲ਼ ਲੈ ਕੇ ਦੁਬਾਰਾ ਲੰਕਾ ਚਲੇ ਗਏ। ਇਨ੍ਹਾਂ ਦੇ ਤਿੰਨ ਬੱਚੇ ਸਨ ‘ਕਾਈਨ, ਹਾਬਿਲ ਤੇ ਸੇਤ’। ਬਾਬਾ ਆਦਮ ਜੀ ਦੀ ਕੁੱਲ ਉਮਰ 930 ਸਾਲ ਸੀ।

(ਨੋਟ : (1). ਜਿਸ ਜਬਰਾਈਲ ਫ਼ਰਿਸ਼ਤੇ ਦਾ ਉਕਤ ਜ਼ਿਕਰ ਹੈ, ਇਸੇ ਨੇ ਹੀ ਯਹੂਦੀ ਹਜ਼ਰਤ ਮੂਸਾ, ਈਸਾ ਮਸੀਹ ਤੇ ਹਜ਼ਰਤ ਮੁਹੰਮਦ ਸਾਹਿਬ ਨੂੰ ਖ਼ੁਦਾ ਦੇ ਸੰਦੇਸ਼ ਪੜ੍ਹ ਕੇ ਸੁਣਾਏ ਸਨ, ਜੋ ਬਾਈਬਲ (ਤੌਰੇਤ), ਬਾਈਬਲ (ਅੰਜੀਲ) ਤੇ ਕੁਰਾਨ ’ਚ 114 ਸੂਰਤ (ਭਾਵ ਪੂਰੇ ਸ਼ਬਦ) ਤੇ 6666 ਆਇਤਾਂ (ਭਾਵ ਸ਼ਲੋਕ) ਵਜੋਂ ਦਰਜ ਹਨ।

(2). ਭਾਰਤ ਤੇ ਲੰਕਾ ਵਿਚਕਾਰ ਬਣੇ ਜਿਸ ਕਾਲਪਨਿਕ ਪੁਲ਼ ਨੂੰ, ਰਮਾਇਣ ਰਾਹੀਂ ਆਰੀਅਨ ਲੋਕ ਰਾਮ ਚੰਦ੍ਰ ਜੀ ਦੁਆਰਾ ਬਣਾਇਆ ਦਸਿਆ ਗਿਐ ਉਸੇ ਪੁਲ਼ ਨੂੰ ਇਬਰਾਨੀ ਲੋਕ ਬਾਬਾ ਆਦਮ ਜੀ ਦੁਆਰਾ ਬਣਾਇਆ ਆਖਦੇ ਹਨ ਕਿਉਂਕਿ ਲੰਕਾ ’ਚ ਅੱਜ ਵੀ ਇੱਕ ਪਹਾੜੀ ਦਾ ਨਾਂ ‘ਆਦਮ’ ਹੈ, ਜੋ ਬਾਬਾ ਆਦਮ ਜੀ ਦੀ ਲੰਕਾ ’ਚ ਆਮਦ (ਹਾਜ਼ਰੀ) ਨੂੰ ਪੁਖਤਾ ਕਰਦੀ ਹੈ। ਉਸ ਦੀ ਉਚਾਈ 7426 ਫੁੱਟ ਹੈ।)

ਬਾਈਬਲ ਤੇ ਕੁਰਾਨ ਮੁਤਾਬਕ ਬਾਬਾ ਆਦਮ ਜੀ ਦੀ 10ਵੀਂ ਪੀੜ੍ਹੀ ’ਚ ‘ਨੂਹ’ ਜੀ ਪੈਦਾ ਹੋਏ। ਉਨ੍ਹਾਂ ਦੀ ਉਮਰ ਜਦ 500 ਸਾਲ ਸੀ, ਤਦ ਹੋਈ ਪਰਲੋ ਸਮੇਂ ਖ਼ੁਦਾ ਦੇ ਆਦੇਸ਼ ਮੁਤਾਬਕ ਇਨ੍ਹਾਂ ਨੇ 300 ਹੱਥ ਲੰਬੀ, 50 ਹੱਥ ਚੌੜੀ ਤੇ 30 ਹੱਥ ਉੱਚੀ ਕਿਸ਼ਤੀ ਬਣਾ ਕੇ ਸਮੁੰਦਰ ’ਚ ਰੋੜ੍ਹ ਦਿੱਤੀ। ਉਸ ਵਿੱਚ ਹਰ ਜੂਨੀ ਦਾ ਇੱਕ ਇੱਕ ਜੋੜਾ (ਨਰ/ਮਾਦਾ) ਤੇ ਉਨ੍ਹਾਂ ਲਈ ਇੱਕ ਸਾਲ ਦੀ ਖ਼ੁਰਾਕ ਰੱਖੀ ਗਈ। ਕਿਸ਼ਤੀ ਦਾ ਦਰਵਾਜ਼ਾ ‘ਰਾਲ’ (ਸਾਲ ਜਾਂ ਚੀੜ੍ਹ ਬ੍ਰਿਛ ਦੀ ਗੂੰਦ) ਨਾਲ਼ ਬੰਦ ਕਰ ਦਿੱਤਾ ਗਿਆ। ਧਰਤੀ ’ਤੇ 40 ਦਿਨ ਭਿਅੰਕਰ ਵਰਖਾ ਹੋਈ, ਜਿਸ ਨਾਲ਼ ਉੱਚੇ ਪਹਾੜਾਂ ’ਤੇ ਵੀ 15 ਹੱਥ ਪਾਣੀ ਭਰ ਗਿਆ, ਜੋ ਇੱਕ ਸਾਲ ਬਾਅਦ ਸੁੱਕਿਆ। ਬੇੜੀ ’ਚੋਂ ਸਾਰੇ ਜੀਵ-ਜੰਤ ਉਤਾਰੇ ਗਏ।

‘ਨੂਹ’ ਜੀ ਦੇ ਤਿੰਨ ਬੇਟੇ (ਫ਼ਰਜ਼ੰਦ) ਸਨ : ‘ਸਾਮ’ (ਜਿਸ ਦੀ ਔਲਾਦ ਏਸ਼ੀਆ, ਮੰਨੀ ਗਈ), ‘ਹਾਮ’ (ਜਿਸ ਦੀ ਔਲਾਦ ਅਫ਼ਰੀਕਾ) ਤੇ ‘ਯਾਫ਼ਸ’ (ਜਿਸ ਨੇ ਯੂਰਪ ਆਬਾਦ ਕੀਤਾ, ਮੰਨਿਆ ਗਿਆ। ਸ਼ਾਇਦ ਅਮਰੀਕਾ ਦੀਪ ਦੀ ਤਦ ਸਮਝ ਨਹੀਂ ਸੀ।) ਇਬਰਾਨੀਆਂ ਲਈ, ਜੋ ‘ਨੂਹ’ ਹੈ; ਮਹਾਂਭਾਰਤ ’ਚ ਆਰੀਅਨਾਂ ਲਈ ਉਹ ‘ਮਨੁ’ ਹੈ। ‘ਨੂਹ’ ਦੀ ਕੁੱਲ ਉਮਰ 900 ਸਾਲ ਸੀ।

ਬਾਈਬਲ ਤੇ ਕੁਰਾਨ ਮੁਤਾਬਕ ‘ਨੂਹ’ ਦੀ 11ਵੀਂ ਪੀੜ੍ਹੀ ’ਚ ਇਬਰਾਹੀਮ ਜੀ ਦਾ ਜਨਮ ਲਗਭਗ 2300 ਪੂਰਵ ਈਸਵੀ (ਅੱਜ ਤੋਂ 4321 ਸਾਲ ਪਹਿਲਾਂ) ਹੋਇਆ। ਇਨ੍ਹਾਂ ਦੀ ਸ਼ਾਦੀ ਬੀਬੀ ‘ਸਾਰਾਹ’ ਨਾਲ਼ ਹੋਈ, ਜੋ ਲੰਬੇ ਸਮੇਂ ਤੱਕ ਮਾਂ ਨਾ ਬਣ ਸਕੀ, ਜਿਸ ਕਾਰਨ ਇਬਰਾਹੀਮ ਜੀ ਨੇ ਦੂਸਰੀ ਸ਼ਾਦੀ ਆਪਣੀ ਗੋਲੀ ਬੀਬੀ ‘ਹਾਜਿਰਾ’ ਨਾਲ਼ ਕੀਤੀ, ਜਿਸ ਤੋਂ ਬੇਟਾ ‘ਇਸਮਾਇਲ’ ਪੈਦਾ ਹੋਇਆ। ਇਸ ਬੱਚੇ ਦੇ ਜਨਮ ਤੋਂ ਬਾਅਦ ਪਹਿਲੀ ਬੇਗਮ ਨੇ ਵੀ ਇੱਕ ਬੇਟੇ ‘ਇਸਹਾਕ’ ਨੂੰ ਜਨਮ ਦਿੱਤਾ।

ਪਹਿਲੀ ਬੀਬੀ ਦੇ ਬੇਟੇ ‘ਇਸਹਾਕ’ ਤੋਂ ‘ਇਸਰਾਈਲ’ ਵੰਸ਼ ਚੱਲਿਆ, ਜਿਸ ਵਿੱਚ ਦੋ ਪ੍ਰਮੁੱਖ ਪੈਗ਼ੰਬਰ ਹੋਏ :

(1). ‘ਯਹੂਦੀ ਧਰਮ’ ਦੇ ਧਰਮ ਗੁਰੂ; ‘ਮੂਸਾ’ ਜੀ, ਜਿਨ੍ਹਾਂ ਦਾ ਜਨਮ 1571 ਪੂਰਵ ਈਸਵੀ ’ਚ ਹੋਇਆ।

(2). ‘ਈਸਾਈ ਧਰਮ’ ਦੇ ਪੈਗ਼ੰਬਰ ‘ਈਸਾ ਮਸੀਹ’, ਜਿਨ੍ਹਾਂ ਦਾ ਜਨਮ 6 ਪੂਰਵ ਈਸਵੀ, ਮੰਨਿਆ ਜਾਂਦਾ ਹੈ।

(ਨੋਟ : ਈਸਾ ਜੀ ਦੇ ਜਨਮ ਤੇ ਮਰਨ ਦੀ ਮਿਤੀ ’ਤੇ ਈਸਾਈ ਇੱਕ ਮਤ ਨਹੀਂ ਕਿਉਂਕਿ ਅਗਰ ਈਸਵੀ ਸੰਨ ਨੂੰ ਈਸਾ ਦਾ ਜਨਮ ਮੰਨੀਏ ਤਾਂ ਅੰਗਰੇਜ਼ੀ ’ਚ ਇਸ ਨਾਲ਼ ‘ਏ. ਡੀ.’ ਭਾਵ ‘ਆਫਟਰ ਡੈਥ’ ਨਹੀਂ ਲਿਖਣਾ ਚਾਹੀਦਾ, ਜਿਸ ਦਾ ਮਤਲਬ ਹੈ ਕਿ ਈਸਵੀ ਸੰਨ ਨੂੰ ਉਨ੍ਹਾਂ ਦਾ ਜਨਮ ਨਹੀਂ ਬਲਕਿ ਮੌਤ ਹੋਈ ਸੀ ਅਤੇ ਅਗਰ ਇਨ੍ਹਾਂ ਦੀ ਮੌਤ ਤੋਂ ਈਸਵੀ ਸੰਨ ਸ਼ੁਰੂ ਕਰੀਏ ਤਾਂ ਇਨ੍ਹਾਂ ਦੀ ਉਮਰ 33 ਸਾਲ ਘਟਾ ਕੇ ਜਨਮ 33 ਪੂਰਵ ਈਸਵੀ ਮੰਨਣਾ ਪਵੇਗਾ।)

ਸੋ ਪੈਗ਼ੰਬਰ ਇਬਰਾਹੀਮ ਦੀ ਦੂਸਰੀ ਬੇਗਮ ‘ਹਾਜਿਰਾ’ ਦੇ ਫ਼ਰਜ਼ੰਦ ‘ਇਸਮਾਈਲ’ ਜੀ ਤੋਂ ਕੁਰੈਸ਼ੀ ਵੰਸ਼ ਚੱਲਿਆ, ਜਿਸ ਵਿੱਚ 15 ਅਪ੍ਰੈਲ 570 ਈਸਵੀ ਨੂੰ ‘ਇਸਲਾਮ ਧਰਮ’ ਦੇ ਬਾਨੀ ‘ਮੁਹੰਮਦ ਸਾਹਿਬ’ ਦਾ ਜਨਮ ਹੋਇਆ।

(ਨੋਟ : ਇੱਕ ਕਥਾ ਮੁਤਾਬਕ ਇਬਰਾਹੀਮ ਜੀ ਦੀ ਪਹਿਲੀ ਬੇਗਮ ਨੇ ਆਪਣੇ ਪਤੀ ਨੂੰ ਦੂਸਰੀ ਬੇਗਮ ਨਾਲ਼ ਸਰੀਰਕ ਸੰਬੰਧ ਨਾ ਰੱਖਣ ਲਈ ਕਿਹਾ, ਜਿਸ ਦੀ ਸਜ਼ਾ ਵੀ ਮੁਕੱਰਰ ਕਰ ਦਿੱਤੀ, ਪਰ ਇਬਰਾਹੀਮ ਜੀ ਵੱਲੋਂ ਇਹ ਪ੍ਰਣ ਭੰਗ ਹੋ ਗਿਆ, ਜਿਸ ਕਾਰਨ ਉਨ੍ਹਾਂ ਦੇ ਦੰਡ ਨੂੰ ਛੋਟਾ ਕਰਦਿਆਂ 99 ਸਾਲ ਦੀ ਉਮਰ ’ਚ ਸੁੰਨਤ ਕੀਤੀ ਤੇ ਦੋਵੇਂ ਮੁੱਛਾਂ ਕੱਟ ਦਿੱਤੀਆਂ। ਇਹ ਰੀਤ ਅੱਜ ਤੱਕ ਕਾਇਮ ਹੈ। (ਮਹਾਨ ਕੋਸ਼)

ਬਨਾਰਸ (ਵਾਰਾਨਸੀ, ਕਾਸ਼ੀ) ’ਚ ਭਗਤ ਕਬੀਰ ਜੀ ਦੀ ਪ੍ਰਸਿੱਧੀ ਨੂੰ ਵੇਖਦਿਆਂ ਕੁੱਝ ਮੁੱਲਾਂ (ਮੌਲਵੀਆਂ) ਨੇ ਆ ਕੇ ਉਨ੍ਹਾਂ ਨਾਲ਼ ਧਰਮ-ਚਰਚਾ ਕੀਤੀ ਤੇ ਕਿਹਾ ਕਿ ਤੁਹਾਨੂੰ ਹਿੰਦੂ ਕਿਹਾ ਜਾਂਦਾ ਹੈ, ਜਿਸ ਵਿਚਾਰਧਾਰਾ ਨਾਲ਼ ਆਪ ਅਸਹਿਮਤ ਹੋ, ਇਸ ਲਈ ਮੁਸਲਮਾਨ ਬਣ ਜਾਓ। ਕਬੀਰ ਜੀ ਦਾ ਤਰਕ ਸੰਗਤ ਜਵਾਬ ਸੀ ਕਿ ਮੁਸਲਮਾਨ ਬਣਨ ਲਈ ਪਹਿਲੀ ਸ਼ਰਤ ਸੁੰਨਤ ਕਰਨਾ ਹੈ, ਜੋ ਮੇਰੀ ਬੇਗਮ ਦੀ ਨਹੀਂ ਹੋ ਸਕਦੀ, ਫਿਰ ਮੈਂ ਮੁਸਲਮਾਨ ਤੇ ਉਹ ਹਿੰਦੂ, ਅਨਿਆਇ ਹੋਏਗਾ ‘‘ਸੁੰਨਤਿ ਕੀਏ ਤੁਰਕੁ ਜੇ ਹੋਇਗਾ; ਅਉਰਤ ਕਾ ਕਿਆ ਕਰੀਐ ? ਅਰਧ ਸਰੀਰੀ ਨਾਰਿ ਛੋਡੈ; ਤਾ ਤੇ ਹਿੰਦੂ ਹੀ ਰਹੀਐ ’’ (ਭਗਤ ਕਬੀਰ/477) ਗੁਰੂ ਨਾਨਕ ਸਾਹਿਬ ਨੇ ਸੱਚਾ ਮੁਸਲਮਾਨ ਬਣਨ ਲਈ ਕਾਮ ਬਿਰਤੀ ਸੰਕੋਚਣ ਨੂੰ ਹੀ ਸੁੰਨਤ ਤੇ ਸ਼ੁਭ ਵਿਚਾਰਾਂ ਨੂੰ ਰੋਜ਼ਾ (ਵਰਤ) ਕਿਹਾ ‘‘ਸਰਮ ਸੁੰਨਤਿ, ਸੀਲੁ ਰੋਜਾ; ਹੋਹੁ ਮੁਸਲਮਾਣੁ ’’ (ਮਹਲਾ /੧੪੦)

ਸੋ ਪੈਗ਼ੰਬਰ ਇਬਰਾਹੀਮ ਤੋਂ ਇਬਰਾਨੀ ਕੌਮ ਸਥਾਪਤ ਹੋਈ, ਜਿਨ੍ਹਾਂ ਦੀ ਕੁੱਲ ਉਮਰ 175 ਵਰ੍ਹੇ ਸੀ। ਬਾਈਬਲ ਮੁਤਾਬਕ ਇਹ ਸਾਰੀ ਉਮਰ ਰੱਬ ਨਾਲ ਬਾਤ-ਚੀਤ ਕਰਦਾ ਰਿਹਾ। ਇੱਕ ਵਾਰਤਾਲਾਪ ’ਚ ਇਬਰਾਹੀਮ ਨੇ ਰੱਬ ਨੂੰ ਪੁੱਛਿਆ ਕਿ ਮੈਂ ਲੋਕਾਂ ਨੂੰ ਕੀ ਦੱਸਾਂ ਕਿ ਇਹ ਹੁਕਮ ਕਿਸ ਦੇ ਹਨ  ? ਤਾਂ ਰੱਬ ਨੇ ਜਵਾਬ ਦਿੱਤਾ ਕਿ ‘ਮੈਂ ਹਾਂ, ਜੋ ਹਾਂ, ਮੈਂ ਹਾਂ’; ਤੂੰ ਲੋਕਾਂ ਨੂੰ ਸਮਝਾ ਕਿ ‘ਮੈਂ ਹਾਂ’ ਨੇ ਕਿਹਾ ਹੈ।

(ਨੋਟ : ਇਬਰਾਨੀਆਂ ਮੁਤਾਬਕ ਰੱਬੀ ਨਿਵਾਸ ਸਥਾਨ ਬਾਰੇ ਇਸਲਾਮੀ ਇਤਿਹਾਸ ’ਚ ਜ਼ਿਕਰ ਹੈ ਕਿ ਪੈਗ਼ੰਬਰ ਪ੍ਰਗਟ ਹੋਣ ਤੋਂ 12 ਸਾਲ ਬਾਅਦ ਮੁਹੰਮਦ ਸਾਹਿਬ ‘ਮਿਅਰਾਜ’ (ਆਸਮਾਨੀ ਸਫ਼ਰ) ਲਈ ਜਬਰਾਈਲ ਫ਼ਰਿਸ਼ਤੇ ਦੁਆਰਾ ਲਿਆਂਦੇ ਗਏ ਬੁਰਾਕ (ਪੰਖਧਾਰੀ ਚਿੱਟਾ ਜੀਵ, ਜਿਸ ਦਾ ਕੱਦ ਖੱਚਰ ਜਾਂ ਗਧੇ ਵਰਗਾ ਤੇ ਨੌਂਹ ਸ਼ੇਰ ਵਰਗੇ) ਉੱਤੇ ਸਵਾਰ ਹੋ ਕੇ ਸੱਤ ਆਸਮਾਨ ਵੱਲ ਗਏ, ਜਿਨ੍ਹਾਂ ਦੇ ਬੂਹੇ ਖੁਲ੍ਹਦੇ ਗਏ (ਪਹਿਲਾ ਆਸਮਾਨ ਧੂੰਏਂ ਦਾ, ਦੂਜਾ ਬੱਦਲ/ਪਾਣੀ ਦਾ, ਜਿੱਥੇ ਈਸਾ ਮਸੀਹ ਤੇ ਯਹੀਆ ਪੈਗ਼ੰਬਰ ਜੀ ਮਿਲੇ, ਤੀਜਾ ਲੋਹੇ ਦਾ, ਜਿੱਥੇ ਇਬਰਾਹੀਮ ਦੇ ਪੜੋਤੇ ਯੂਸਫ਼ ਮਿਲੇ, ਚੌਥਾ ਪਿੱਤਲ ਦਾ, ਜਿੱਥੇ ਅਦਰੀਸ਼ (ਹਨਕ) ਜੀ ਮਿਲੇ, ਪੰਜਵਾਂ ਚਾਂਦੀ ਦਾ, ਜਿੱਥੇ ‘ਮੂਸਾ’ ਜੀ ਦੇ ਵੱਡੇ ਭਰਾ ਹਾਰੂਨ (ਹਾਰੂੰ) ਮਿਲੇ, ਛੇਵਾਂ ਸੋਨੇ ਦਾ, ਜਿੱਥੇ ਮੂਸਾ ਜੀ ਮਿਲੇ, ਸੱਤਵਾਂ ਪੁਖਰਾਜ (ਨੌ ਰਤਨਾਂ ’ਚੋਂ ਇੱਕ ਰਤਨ) ਦਾ, ਜਿੱਥੇ ਇਬਰਾਹੀਮ ਜੀ ਮਿਲੇ), ਇੱਥੇ ਮੁਹੰਮਦ ਸਾਹਿਬ ਜੀ ਨੂੰ ਤਿੰਨ ਪਿਆਲੇ (ਸ਼ਰਾਬ, ਦੁੱਧ ਤੇ ਸ਼ਹਿਦ) ਦਿੱਤੇ ਗਏ, ਜਿਨ੍ਹਾਂ ’ਚੋਂ ਉਨ੍ਹਾਂ ਨੇ ਦੁੱਧ ਪੀਤਾ। ਇਸ ਤੋਂ ਅਗਾਂਹ ਰੱਬੀ ਤਖ਼ਤ ਪਾਸ ਪਹੁੰਚੇ, ਜਿੱਥੇ ਦੋ ਵਾਰ ਖ਼ੁਦਾ ਨੇ ‘ਮੁਹੰਮਦ  ! ਹੋਰ ਨੇੜੇ ਆ’ ਕਿਹਾ। ਤਦ ਮੁਹੰਮਦ ਸਾਹਿਬ ਤੇ ਖ਼ੁਦਾ ਦੀ ਦੂਰੀ ਕੇਵਲ 2 ਕਮਾਨ (5 ਕੁ ਫੁੱਟ) ਸੀ, ਪਰ ਗੁਰਬਾਣੀ ਰੱਬ ਨੂੰ ਸਰਬ ਵਿਆਪਕ ਮੰਨਦੀ ਹੈ ‘‘ਤੂੰ ਘਟ ਘਟ ਅੰਤਰਿ, ਸਰਬ ਨਿਰੰਤਰਿ ਜੀ  ! ਹਰਿ ਏਕੋ ਪੁਰਖੁ ਸਮਾਣਾ ’’ (ਮਹਲਾ /੧੧)

ਭਗਤ ਰਵਿਦਾਸ ਜੀ ਰੱਬੀ ਨਿਵਾਸ ਸਥਾਨ ਬਾਰੇ ਸਮਝਾਉਂਦੇ ਹਨ ਕਿ ਜਦ ਕਿਸੇ ਮਨੁੱਖ ’ਤੇ ਹਮਲਾ ਕੀਤਾ ਜਾਏ ਤਾਂ ਆਪਣੇ ਬਚਾਅ ਲਈ ਸਭ ਤੋਂ ਪਹਿਲਾਂ ਉਹ ਆਪਣਾ ਹੱਥ ਅੱਗੇ ਕਰਦਾ ਹੈ। ਹਮਲਾ ਸਿਰ ’ਤੇ ਹੋਵੇ ਜਾਂ ਲੱਤਾਂ ’ਤੇ; ਹਿਫ਼ਾਜ਼ਤ ਹੱਥ ਨੇ ਕਰਨੀ ਹੁੰਦੀ ਹੈ। ਭਗਤ ਜੀ ਅਨੁਸਾਰ ਰੱਬ ਮਦਦਗਾਰ ਵਜੋਂ ਹੱਥ ਤੋਂ ਵੀ ਨੇੜੇ ਹੈ  ‘‘ਸਰਬੇ ਏਕੁ, ਅਨੇਕੈ ਸੁਆਮੀ; ਸਭ ਘਟ ਭੁੋਗਵੈ ਸੋਈ ॥ ਕਹਿ ਰਵਿਦਾਸ  ! ਹਾਥ ਪੈ ਨੇਰੈ; ਸਹਜੇ ਹੋਇ, ਸੁ ਹੋਈ ॥’’ (ਭਗਤ ਰਵਿਦਾਸ/੬੫੮)

ਬਾਈਬਲ ਤੇ ਕੁਰਾਨ ਮੁਤਾਬਕ ਫ਼ਰਿਸ਼ਤੇ; ਰੱਬ ਦੇ ਤਖ਼ਤ ਨੂੰ ਚੁੱਕ ਕੇ ਰੱਖਦੇ ਹਨ ਤੇ ਧਰਤੀ ਉੱਤੇ ਰਹਿੰਦੇ ਪੈਗ਼ੰਬਰਾਂ ਲਈ ਸੰਦੇਸ਼ ਵੀ ਲੈ ਕੇ ਆਉਂਦੇ ਹਨ। ਮੁਸਲਿਮ ਲੋਕ; ਹਜ਼ਰਤ ਮੂਸਾ ਤੇ ਈਸਾ ਮਸੀਹ ਨੂੰ ਵੀ ਪੈਗ਼ੰਬਰ ਮੰਨਦੇ ਹਨ ਪਰ ਯਹੂਦੀ ਕੇਵਲ ‘ਹਜ਼ਰਤ ਮੂਸਾ’ ਨੂੰ ਹੀ ਪੈਗ਼ੰਬਰ ਮੰਨਦੇ ਹਨ, ਬੇਸ਼ੱਕ ਬਾਈਬਲ (ਤੌਰੇਤ) ’ਚ ਈਸਾ ਮਸੀਹ ਦੇ ਪੈਗ਼ੰਬਰ ਹੋਣ ਬਾਰੇ ਭਵਿੱਖਬਾਣੀ ਵੀ ਦਰਜ, ਮੰਨੀ ਗਈ ਹੈ।)

ਯਹੂਦੀ ਧਰਮ :  ਇਬਰਾਹੀਮ ਜੀ ਦੇ ਮਰਨ ਉਪਰੰਤ ਉਨ੍ਹਾਂ ਦੇ ਬੇਟੇ ਇਸਹਾਕ ਨੂੰ ਫ਼ਰਿਸ਼ਤੇ ਰਾਹੀਂ ਰੱਬੀ ਸੰਦੇਸ਼ ਆਏ। ਇੱਕ ਵਾਰੀ ਇਨ੍ਹਾਂ ਨੂੰ ਪਿਤਾ ਇਬਰਾਹੀਮ ਜੀ, ਖ਼ੁਦਾ (ਮੈ ਹਾਂ) ਦੇ ਕਹੇ ਮੁਤਾਬਕ ਬਲੀ ਦੇਣ ਲਈ ਇੱਕ ਪਹਾੜੀ ਉੱਤੇ ਲੈ ਗਏ ਪਰ ਜਦ ਬਲੀ ਦੇਣ ਲੱਗੇ ਤਾਂ ਖ਼ੁਦਾ ਨੇ ਰੋਕ ਦਿੱਤਾ ਕਿਉਂਕਿ ਇਨ੍ਹਾਂ ਦੇ ਭਰੋਸੇ ਨੂੰ ਪਰਖਿਆ ਜਾ ਰਿਹਾ ਸੀ। ਹਜ਼ਰਤ ਇਸਹਾਕ ਦੀ ਉਮਰ 180 ਵਰ੍ਹੇ ਦੱਸੀ ਗਈ।

ਇਸਹਾਕ ਦੇ ਮਰਨ ਉਪਰੰਤ ਉਨ੍ਹਾਂ ਦੇ ਬੇਟੇ ਯਾਕੂਬ (ਯਕੂਬ ਜਾਂ ਇਜ਼ਰਾਈਲ) ਨੂੰ ਸੰਦੇਸ਼ ਆਏ। ਜਿਨ੍ਹਾਂ ਦੇ 12 ਬੇਟੇ ਸਨ, ਜੋ ਇਜ਼ਰਾਈਲੀ ਅਖਵਾਏ। ਇਨ੍ਹਾਂ ਤੋਂ ਹੀ ਦੇਸ਼ ਦਾ ਨਾਂ ‘ਇਜ਼ਰਾਈਲ’ ਬਣਿਆ। ਬਾਈਬਲ ਮੁਤਾਬਕ ਇਨ੍ਹਾਂ ਦੀ ਉਮਰ 147 ਸਾਲ ਸੀ।

ਯਾਕੂਬ ਦੇ ਮਰਨ ਉਪਰੰਤ ਉਨ੍ਹਾਂ ਦੇ ਬੇਟੇ ਯੂਸਫ਼ ਨੂੰ ਫ਼ਰਿਸ਼ਤੇ ਰਾਹੀਂ ਸੰਦੇਸ਼ ਆਏ। ਇੱਕ ਸੰਦੇਸ਼ ਇਹ ਵੀ ਸੀ ਕਿ ਤੂੰ ਮਿਸਰ ਦਾ ਗਵਰਨਰ ਬਣੇਗਾ। ਇਹ ਬੜਾ ਸੁੰਦਰ, ਸੁਫਨਿਆਂ ਦੇ ਦਰੁਸਤ ਮਤਲਬ ਕੱਢਣ ਵਾਲ਼ਾ ਤੇ ਉੱਚੇ ਆਚਰਨ ਦਾ ਮਾਲਕ ਸੀ। ਇਸ ਦੇ 12 ਭਰਾਵਾਂ ’ਚੋਂ ਜ਼ਿਆਦਾਤਰ ਇਸ ਦੀ ਪ੍ਰਸਿੱਧੀ ਤੋਂ ਸੜਦੇ ਸਨ। ਉਨ੍ਹਾਂ ਨੇ ਮਿਲ ਕੇ ਇਸ ਨੂੰ ਜੰਗਲ ਵਿੱਚ ਅੰਨ੍ਹੇ ਖੂਹ ’ਚ ਸੁੱਟ ਦਿੱਤਾ ਜਿੱਥੋਂ ਇੱਕ ਵਪਾਰੀ ਟੀਮ ਕੱਢ ਕੇ ਮਿਸਰ ਲੈ ਗਈ ਤੇ ਉੱਥੇ ਕਿਤਫ਼ੀਰ ਧਨਾਢ ਪਾਸ ਵੇਚ ਦਿੱਤਾ ਜਿਸ ਦੀ ਤੀਵੀਂ (ਜ਼ੁਲੈਖਾਂ) ਇਸ ’ਤੇ ਮੋਹਿਤ ਹੋ ਗਈ ਪਰ ਇਸ ਨੇ ਦਿਲਚਸਪੀ ਨਾ ਲਈ, ਜਿਸ ਕਾਰਨ ਝੂਠੇ ਆਰੋਪ ਲਗਾ ਕੇ ਜੇਲ੍ਹ ’ਚ ਬੰਦ ਕਰਾ ਦਿੱਤਾ।

ਮਿਸਰ ਦੇ ਲੋਕ ਸੁਫਨਿਆਂ ਉੱਤੇ ਬਹੁਤ ਭਰੋਸਾ ਕਰਦੇ ਸਨ, ਜਿਨ੍ਹਾਂ ਦੇ ਠੀਕ ਮਤਲਬ ਕੱਢਣ ਵਾਲ਼ੇ ਨੂੰ ਇਨਾਮ ਮਿਲਦਾ ਸੀ। ਇੱਕ ਰਾਤ ਮਿਸਰ ਦੇ ਬਾਦਸ਼ਾਹ ਨੂੰ ਸੁਫਨਾ ਆਇਆ, ਜਿਸ ਦਾ ਠੀਕ ਫਲ਼ ਕੋਈ ਨਾ ਦੱਸ ਸਕਿਆ। ਮਤਲਬ ਜਾਣਨ ਲਈ ਉਹੀ ਸੁਫਨਾ; ਯੂਸਫ਼ ਨੂੰ ਸੁਣਾਇਆ ਗਿਆ। ਯੂਸਫ਼ ਨੇ ਜੋ ਮਤਲਬ ਦੱਸਿਆ ਉਹ ਰਾਜੇ ’ਤੇ ਪੂਰਾ ਉਤਰਿਆ। ਇਸ ਕਾਬਲੀਅਤ ਕਾਰਨ ਰਾਜੇ ਨੇ ਕੈਦ ’ਚੋਂ ਰਿਹਾਅ ਕਰ ਇਨ੍ਹਾਂ ਨੂੰ ਆਪਣਾ ਅਹਿਲਕਾਰ ਨਿਯੁਕਤ ਕਰ ਲਿਆ। ਇਸ ਨੇ ਆਪਣਾ ਸਾਰਾ ਇਜ਼ਰਾਈਲੀ ਪਰਵਾਰ ਵੀ ਮਿਸਰ ਸੱਦ ਲਿਆ, ਜੋ ਮਿਸਰ ਦੇ ਦਲਿਦਰੀ ਤੇ ਨਿਕੰਮੇ ਲੋਕਾਂ ਦੇ ਮੁਕਾਬਲੇ ਮਿਹਨਤੀ ਸੀ। ਇਨ੍ਹਾਂ ਦੀ ਉਮਰ 110 ਸਾਲ ਦੱਸੀ ਗਈ।

(ਨੋਟ : ਉਕਤ ਵਿਸਥਾਰ ਦਾ ਕਾਰਨ ਮਿਸਰ ਲੋਕਾਂ ਦੁਆਰਾ ਇਜ਼ਰਾਈਲੀਆਂ ’ਤੇ ਕੀਤੇ ਜ਼ੁਲਮ ਬਾਰੇ ਜਾਣਨਾ ਹੈ ਕਿਉਂਕਿ ਇਹ ਇਤਿਹਾਸ ਹੀ ‘ਯਹੂਦੀ ਧਰਮ’ ਹੈ।)

ਬਾਈਬਲ ਤੇ ਕੁਰਾਨ ਮੁਤਾਬਕ ਯੂਸਫ਼ ਦੇ ਮਰਨ ਉਪਰੰਤ ਉਨ੍ਹਾਂ ਦੇ ਭਰਾ ਅਤੇ ਯਾਕੂਬ ਦੇ ਚੌਥੇ ਬੇਟੇ ਜੂਡਾਹ (ਯਹੂਦਾ) ਨੂੰ ਫ਼ਰਿਸ਼ਤੇ ਰਾਹੀਂ ਸੰਦੇਸ਼ ਆਏ। ਇਸ ਤੋਂ ਹੀ ਧਰਮ ਦਾ ਨਾਂ ‘ਯਹੂਦੀ’ ਬਣਿਆ। ਯਹੂਦੀ ਰੁਜ਼ਾਨਾ 7 ਨਮਾਜ਼ਾ ਪੜ੍ਹਦੇ ਹਨ, 40 ਰੋਜ਼ੇ ਰੱਖਦੇ ਹਨ ਤੇ ਸ਼ਨਿੱਚਰਵਾਰ ਨੂੰ ਪਵਿੱਤਰ ਦਿਨ ਮੰਨਦੇ ਹਨ, ਈਸਾਈ ਐਤਵਾਰ ਨੂੰ ਪਵਿੱਤਰ ਅਤੇ ਮੁਸਲਮਾਨ; ਸ਼ੁਕਰਵਾਰ (ਜੁੰਮੇ) ਨੂੰ ਪਵਿੱਤਰ ਮੰਨਦੇ ਹਨ। ਇਨ੍ਹਾਂ ਸਾਰਿਆਂ ਮੁਤਾਬਕ ਰੱਬ ਨੇ 6 ਦਿਨਾਂ ’ਚ ਕੁਦਰਤ ਬਣਾਈ ਤੇ ਸਤਵੇਂ ਦਿਨ ਆਰਾਮ ਕੀਤਾ ਪਰ ਇਸ ਸਤਵੇਂ ਦਿਨ ਬਾਰੇ ਇੱਕ ਰਾਇ ਨਹੀਂ।

ਮਿਸਰ ਦੇ ਲੋਕ ਨਿਰੰਤਰ ਗ਼ਰੀਬ ਹੁੰਦੇ ਗਏ ਤੇ ਇਜ਼ਰਾਈਲੀ ਮਿਹਨਤੀ ਹੋਣ ਕਾਰਨ ਧਨੀ ਬਣਦੇ ਗਏ। ਸੁਫਨਿਆਂ ਦੇ ਵਹਿਮ-ਭਰਮ ’ਚ ਜਕੜੇ ਮਿਸਰ ਦੇ ਹਾਕਮ (ਫ਼ਰਔਨ) ਨੂੰ ਜੋਤਸ਼ੀਆਂ ਨੇ ਭਰਮ ਪਾ ਦਿੱਤਾ ਕਿ ਤੇਰੀ ਸ਼ਕਤੀ ਨੂੰ ਕੋਈ ਯਹੂਦੀ ਲੜਕਾ ਨਸ਼ਟ ਕਰੇਗਾ। ਫ਼ਰਔਨ ਬਾਦਸ਼ਾਹ ਨੇ ਹੁਕਮ ਜਾਰੀ ਕਰ ਦਿੱਤਾ ਕਿ ਯਹੂਦੀਆਂ ਦੇ 2 ਸਾਲ ਤੋਂ ਛੋਟੇ ਬੱਚਿਆਂ ਸਮੇਤ ਸਾਰੇ ਨਵਜਾਤ ਬੱਚੇ ਮਾਰ ਦਿੱਤੇ ਜਾਣ। ਇਸ ਨਰਸੰਘਾਰ ਸਮੇਂ ਨੂਹ ਦੀ ਇਸਰਾਈਲੀ/ਯਹੂਦੀ ਵੰਸ਼ ’ਚ ਪਿਤਾ ਆਮਰਾਨ/ਇਮਰਾਨ ਦੇ ਘਰ ਸੰਨ 1571 ਪੂਰਵ ਈਸਵੀ ਨੂੰ ਮੂਸਾ ਜੀ ਦਾ ਜਨਮ ਹੋਇਆ। ਮਾਤਾ ਪਿਤਾ ਨੇ ਇਨ੍ਹਾਂ ਨੂੰ ਤਿੰਨ ਮਹੀਨੇ ਤੱਕ ਛੁਪਾ ਕੇ ਰੱਖਿਆ। ਭੇਤ ਖੁੱਲ੍ਹਣ ਦੇ ਡਰ ਕਾਰਨ ਇੱਕ ਟੋਕਰੀ/ਸੰਦੂਕ ’ਚ ਪਾ ਨੀਲ ਦਰਿਆ ’ਚ, ਜਿੱਥੇ ਕੁਝ ਬੂਟੇ ਸਨ, ਰੱਖ ਦਿੱਤਾ ਤੇ ਨਿਗਰਾਨੀ ਲਈ ਵੱਡੀ ਭੈਣ ਨੂੰ ਪਾਸ ਰਹਿਣ ਲਈ ਕਿਹਾ। ਬਾਦਸ਼ਾਹ ਫ਼ਰਔਨ ਦੀ ਬੇਟੀ; ਆਪਣੀਆਂ ਸਹੇਲੀਆਂ ਨਾਲ਼ ਸੈਰ ਕਰਦੀ ਇੱਧਰ ਆਈ ਤੇ ਉਸ ਨੇ ਬੱਚੇ ਨੂੰ ਪਾਣੀ ’ਚ ਵੇਖ, ਬਾਹਰ ਕੱਢਵਾ ਲਿਆ। ‘ਬਾਹਰ ਕੱਢਣ’ ਦਾ ਨਾਂ ਹੀ ਇਸਰਾਈਲੀ ਭਾਸ਼ਾ ’ਚ ‘ਮੂਸਾ’ ਹੈ। ਇਸ ਦੀ ਦੇਖਭਾਲ਼ ਲਈ ਇੱਕ ਦਾਈ ਲੱਭੀ, ਜੋ ਆਪਣੀ ਮਾਤਾ ਨਾਲ ਰਾਜ ਮਹਿਲ ’ਚ ‘ਮੂਸਾ’ ਜੀ ਦੀ ਸੰਭਾਲ਼ ਕਰਦੀ ਰਹੀ।

40 ਸਾਲ ਦੀ ਉਮਰ ’ਚ ਗਰਮੀ ’ਚ ਇੱਟਾਂ ਪੱਥਦੇ ਹੋਏ ਇੱਕ ਯਹੂਦੀ ਦੇ ਕੋਰੜੇ ਮਾਰਦੇ ਹੋਏ ਇੱਕ ਮਿਸਰ ਨਾਗਰਿਕ ਨੂੰ ਇਸ ਨੇ ਵੇਖਿਆ। ਮੂਸਾ ਨੇ ਉਸ ਨੂੰ ਸਮਝਾਇਆ ਪਰ ਉਸ ਨੇ ਭੱਦੇ ਸ਼ਬਦ ਬੋਲੇ ਤੇ ਮੂਸਾ ਜੀ ਨੇ ਉਸ ਨੂੰ ਮਾਰ ਦਿੱਤਾ। ਬਾਦਸ਼ਾਹ ਨੇ ਮੂਸਾ ਨੂੰ ਗ੍ਰਿਫ਼ਤਾਰ ਕਰਨ ਲਈ ਕਿਹਾ ਪਰ ਇਹ ਮਿਸਰ ਛੱਡ ਅਰਬ ਦੇ ‘ਮਦੀਆਨ’ ਇਲਾਕੇ ’ਚ ਇੱਕ ਖੂਹ ’ਤੇ ਆ ਬੈਠਾ, ਜਿੱਥੇ ਕਾਹਨ (ਪ੍ਰੋਹਿਤ) ਦੀਆਂ 7 ਲੜਕੀਆਂ ਆਪਣੀਆਂ ਭੇਡਾਂ ਨੂੰ ਪਾਣੀ ਪਿਲਾਉਣ ਲਈ ਆਈਆਂ। ਉਨ੍ਹਾਂ ਨੇ ਘਰ ਜਾ ਕੇ ਆਪਣੇ ਪਿਤਾ ਨੂੰ ਹਜ਼ਰਤ ਮੂਸਾ ਦੇ ਸੁਭਾਅ ਬਾਰੇ ਜਾਣਕਾਰੀ ਦਿੱਤੀ। ਪਿਤਾ ਕਾਹਨ ਨੇ ਮੂਸਾ ਜੀ ਨੂੰ ਘਰ ਬੁਲਾ ਇੱਥੇ ਹੀ ਠਹਿਰਨ ਲਈ ਕਿਹਾ। ਬਾਅਦ ’ਚ ਆਪਣੀ ਬੇਟੀ ‘ਸਫ਼ੂਰ’ ਦਾ ਇਸ ਨਾਲ਼ ਨਿਕਾਹ ਕਰ ਦਿੱਤਾ। ਮੂਸਾ ਜੀ 40 ਸਾਲ ਇਨ੍ਹਾਂ ਦੇ ਘਰ ਰਹੇ ਯਾਨੀ 80 ਸਾਲ ਦੀ ਉਮਰ ਤੱਕ।

ਇੱਕ ਦਿਨ ਮੂਸਾ ਜੀ ਭੇਡਾਂ ਲੈ ਕੇ ਜੰਗਲ ’ਚ ਗਏ ਤਾਂ ਉਨ੍ਹਾਂ ਨੇ ਝਾੜੀਆਂ ’ਚੋਂ ਅੱਗ ਵਰਗੀ ਲਾਟ ਨਿਕਲਦੀ ਵੇਖੀ, ਜੋ ਝਾੜੀਆਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਰਹੀ ਸੀ। ਮੂਸਾ ਡਰ ਗਿਆ, ਉਸ ਅੱਗ ’ਚੋਂ ਆਵਾਜ਼ ਆਈ ਕਿ ‘ਮੂਸਾ  ! ਡਰ ਨਾ, ਮੇਰਾ ਹੁਕਮ ਸੁਣ। ਪੈਰਾਂ ’ਚੋਂ ਜੁੱਤੀ ਲਾਹ ਕਿਉਂਕਿ ਇਹ ਪਵਿੱਤਰ ਜਗ੍ਹਾ ਹੈ। ਮੈਂ ਤੇਰੀ ਕੌਮ ਦਾ ਦਰਦ ਵੇਖ ਲਿਆ ਹੈ। ਮੈਂ ਜਹੋਵਾ ਹਾਂ, ਜਿਸ ਨੇ ‘ਇਬਰਾਹੀਮ, ਇਸਹਾਕ, ਯਾਕੂਬ, ਯੂਸਫ਼’ ਆਦਿ ਨੂੰ ਸੰਦੇਸ਼ੇ ਦਿੱਤੇ ਹਨ। ਤੂੰ ਮਿਸਰ ਜਾਹ ਤੇ ਫ਼ਰਔਨ ਬਾਦਸ਼ਾਹ ਨੂੰ ਆਖੀਂ ਕਿ ਮੈਨੂੰ ਖ਼ੁਦਾ (ਮੈਂ ਹਾਂ) ਨੇ ਭੇਜਿਆ ਹੈ ਤਾਂ ਜੋ ਉਹ ਯਹੂਦੀਆਂ ਨੂੰ ਆਜ਼ਾਦ ਕਰ ਦੇਵੇਂ।’

40 ਦਿਨਾਂ ਤੱਕ ਭੁੱਖੇ ਰਹਿ ਮੂਸਾ ਜੀ (ਇਸ ਕੋਹ ਤੂਰ ਪਹਾੜੀ ’ਤੇ) ਰੱਬ ਨਾਲ਼ ਗੱਲਾਂ ਕਰਦੇ ਰਹੇ ਤਾਹੀਓਂ ਯਹੂਦੀ 40 ਦਿਨ ਰੋਜ਼ੇ ਰੱਖਦੇ ਹਨ। ਇਸ ਸਮੇਂ ਇਨ੍ਹਾਂ ਨੂੰ 10 ਨਿਯਮ (ਮੇਰੇ ਬਿਨਾਂ ਤੇਰੇ ਭਰੋਸੇ ਵਾਸਤੇ ਕੋਈ ਹੋਰ ਖ਼ੁਦਾ ਨਾ ਹੋਵੇ, ਮੂਰਤੀ ਪੂਜਾ ਨਾ ਕਰੀਂ, ਖ਼ੁਦਾ (ਭਾਵ ਮੇਰਾ) ਨਾਂ ਅਕਾਰਥ (ਲਾਭਹੀਣ ਸਮਝ ਕੇ) ਨਾ ਲਈਂ, ਸ਼ਨਿੱਚਰਵਾਰ/ਸ਼ਨੀਵਾਰ ਪਵਿੱਤਰ ਦਿਨ ਹੈ ਕਿਉਂਕਿ ਇਸ ਦਿਨ ਮੈਂ ਦੁਨੀਆ ਬਣਾ ਕੇ ਆਰਾਮ ਕੀਤਾ, ਮਾਤਾ ਪਿਤਾ ਦਾ ਆਦਰ ਕਰੀਂ, ਕਿਸੇ ਦਾ ਖ਼ੂਨ ਨਾ ਕਰੀਂ, ਗ਼ੈਰ ਔਰਤ ਨਾਲ਼ ਯਾਰੀ ਨਾ ਲਾਈਂ, ਚੋਰੀ ਨਾ ਕਰੀਂ, ਗੁਆਂਢੀ ’ਤੇ ਝੂਠੀ ਗਵਾਹੀ ਨਾ ਦੇਈਂ ਅਤੇ ਗੁਆਂਢੀ ਦੀ ਕਿਸੇ ਵਸਤੂ ਲਈ ਲਾਲਚ ਨਾ ਕਰੀਂ।) ਸਮਝਾ ਦਿੱਤੇ।

ਹਜ਼ਰਤ ਮੂਸਾ ਨੂੰ ਤਿੰਨ ਮੁਹਜਜ਼ੇ (ਤਾਕਤਾਂ); ਆਪਣੀ ਸ਼ਕਤੀ ਵਿਖਾਉਣ ਲਈ ਦਿੱਤੇ; ਜਿਵੇਂ ਕਿ

(1). ਸੋਟੇ ਦਾ ਸੱਪ ਬਣ ਜਾਣਾ।

(2). ਜਦ ਹੱਥ ਬੁੱਕਲ ’ਚੋਂ ਨਿਕਲਣ ਤਾਂ ਸਫ਼ੈਦ ਲੱਗਣ ਤੇ ਜਦ ਮੁੜ ਛਾਤੀ ’ਤੇ ਰੱਖੇ ਜਾਣ ਤਾਂ ਆਮ ਵਰਗੇ ਹੋ ਜਾਣ।

(3).  ਨਦੀ ਜਾਂ ਦਰਿਆ ’ਚ ਡੰਡਾ ਮਾਰਨ ਨਾਲ਼ ਪਾਣੀ; ਲਹੂ ਬਣ ਜਾਵੇ।

ਉਕਤ ਸੰਦੇਸ਼ ਤੇ ਸ਼ਕਤੀ ਮਿਲਣ ਉਪਰੰਤ ਮੂਸਾ ਜੀ ਆਪਣੇ ਭਰਾ ਹਾਰੂਨ (ਹਾਰੂੰ) ਸਮੇਤ ਫ਼ਰਔਨ ਬਾਦਸ਼ਾਹ ਪਾਸ ਮਿਸਰ ਗਿਆ। ਉਸ ਨੇ ਇਸ ਦੀਆਂ ਤਾਕਤਾਂ ਨੂੰ ਝੂਠਾ ਸਾਬਤ ਕਰਨ ਲਈ ਮਿਸਰ ਦੇ ਜਾਦੂਗਰਾਂ ਤੋਂ ਇਹੀ ਤਿੰਨੇ ਕੰਮ (ਸੋਟੇ ਦਾ ਸੱਪ ਬਣਨਾ, ਹੱਥ ਸਫ਼ੈਦ ਵਿਖਾਈ ਦੇਣਾ ਤੇ ਪਾਣੀ ਦਾ ਰੰਗ ਲਾਲ ਹੋਣਾ) ਕਰ ਵਿਖਾਏ।

ਹਜ਼ਰਤ ਮੂਸਾ ਦੀ ਸ਼ਕਤੀ ਨਾਲ਼ ਮਿਸਰ ਦੇ ਸਾਰੇ ਖੂਹ ਡੱਡੂਆਂ ਨਾਲ਼ ਭਰ ਗਏ ਤੇ ਡੱਡੂ ਖੂਹਾਂ ’ਚੋਂ ਬਾਹਰ ਨਿਕਲ ਕੇ ਮਰਨ ਲੱਗੇ। ਬੋ ਮਾਰਨ ਲੱਗੀ। ਮੱਖੀਆਂ ਦੀ ਤਾਦਾਦ ਹਵਾ ’ਚ ਬਹੁਤ ਵਧ ਗਈ। ਪਸ਼ੂ ਰੋਗਾਂ ਨਾਲ਼ ਮਰਨ ਲੱਗੇ। ਫਸਲਾਂ ਗੜਿਆਂ ਨਾਲ਼ ਤਬਾਹ ਹੋ ਗਈਆਂ। ਟਿੱਡੀਆਂ ਨੇ ਚਾਰੋਂ ਤਰਫ਼ ਹਨ੍ਹੇਰਾ ਕਰ ਦਿੱਤਾ। ਅਮੀਰਾਂ ਦੇ ਬੱਚੇ ਮਰਨ ਲੱਗੇ, ਜਿਸ ਵਿੱਚ ਰਾਜੇ ਦਾ ਬੇਟਾ ਵੀ ਸੀ। ਮੂਸਾ ਨੇ ਆਪਣਾ ਹੱਥ ਉੱਪਰ ਵੱਲ ਕੀਤਾ ਤਾਂ ਸਾਰੇ ਮਿਸਰ ’ਚ ਘੁੱਪ-ਹਨੇਰਾ ਛਾ ਗਿਆ, ਪਰ ਯਹੂਦੀਆਂ ਦੇ ਘਰ ਰੋਸ਼ਨੀ ਰਹੀ। ਮੂਸਾ ਨੇ ਯਹੂਦੀਆਂ ਨੂੰ ਦੇਸ਼ ਛੱਡਣ ਲਈ ਕਿਹਾ ਤਾਂ ਜੋ ਆਪਣੇ ਵਤਨ (ਫ਼ਲਸਤੀਨ) ਪਹੁੰਚਿਆ ਜਾ ਸਕੇ।

ਆਪਣੇ ਕਬੀਲੇ ਦੇ 35 ਲੱਖਾਂ ਲੋਕਾਂ ਸਮੇਤ ਹਜ਼ਰਤ ਮੂਸਾ; 40 ਸਾਲ ਤੱਕ ਜੰਗਲ਼ਾਂ ’ਚ ਫਿਰਦੇ ਰਹੇ। ਇਨ੍ਹਾਂ ਦੇ ਪਿੱਛੇ ਮਿਸਰ ਦੀ ਸੈਨਾ ਲੱਗੀ ਹੋਈ ਸੀ। ਅਣਗਿਣਤ ਯਹੂਦੀ ਕਤਲ ਕਰ ਦਿੱਤੇ ਆਖ਼ਿਰ ਜ਼ਿਆਦਾਤਰ ਬਚੇ, ਫ਼ਲਸਤੀਨ ਪਹੁੰਚਣ ’ਚ ਕਾਮਯਾਬ ਹੋ ਗਏ।

ਯਹੂਦੀਆਂ ਦੇ ਧਾਰਮਿਕ ਨਿਯਮ :

(1). ਖ਼ੁਦਾ ਇੱਕ ਹੈ, ਜੋ ਆਪਣੇ ਬੰਦਿਆਂ ਦੀ ਪੂਰੀ ਤਾਕਤ ਨਾਲ਼ ਮਦਦ ਕਰਦਾ ਹੈ।

(2). ਮੂਸਾ ਇਸਰਾਈਲੀ ਕੌਮ ਦਾ ਨਬੀ ਹੈ। ਉਸ ਨੇ ਰੱਬ ਨਾਲ਼ ਗੱਲਾਂ ਕੀਤੀਆਂ। ਇਸਰਾਈਲ ਕੌਮ ਰੱਬ ਨੇ ਚੁਣੀ ਤੇ ਸਰਬੋਤਮ ਕੌਮ ਹੈ।

(3). ਰੱਬ ਨੇ ਯਾਕੂਬ ਨੂੰ ਕਈ ਵਰ ਦਿੱਤੇ ਕਿ ਮੈਂ ਤੁਹਾਨੂੰ ਵਧਾਵਾਂਗਾ, ਫੈਲਾਵਾਂਗਾ।

(4). ਰੱਬ ਦੇ ਨਾਂ ’ਤੇ ਕੁਰਬਾਨੀ ਦੇਣੀ ਅਧਿਆਤਮਿਕ ਕਰਮ ਹੈ।

(5). ਭੇਡ, ਬੱਕਰੀ, ਬੈਲ ਆਦਿ ਖਾਣੇ ਪਾਕ (ਹਲਾਲ) ਹਨ ਪਰ ਊਠ, ਸਹਿਆ, ਸੂਰ ਆਦਿ ਖਾਣੇ ਨਾ-ਪਾਕ (ਹਰਾਮ)। ਪੰਛੀ ਸਭ ਖਾਣਯੋਗ ਹਨ ਸਿਵਾਏ ‘ਇੱਲ, ਗਿਰਝ, ਕਾਂ, ਉੱਲੂ, ਬਗਲਾ, ਬਾਜ਼, ਚਮਗਿੱਦੜ’ ਦੇ।

(6). ਸੁੰਨਤ ਕਰਵਾਉਣੀ ਤੇ 40 ਦਿਨ ਰੋਜ਼ੇ ਰੱਖਣੇ ਜ਼ਰੂਰੀ ਹਨ।

(7). ਦਸਵਾਂ ਹਿੱਸਾ ਆਪਣੇ ਲੋਕਾਂ (ਯਹੂਦੀਆਂ) ਲਈ ਕੱਢਣਾ।

(8). ਅਗਰ ਕੋਈ ਗੁਲਾਮ ਤੁਹਾਡੇ ਪਾਸ ਵੇਚਿਆ ਜਾਵੇ ਤਾਂ 6 ਸਾਲ ਰੱਖ ਕੇ ਫਿਰ ਆਜ਼ਾਦ ਕਰ ਦੇਣਾ।

(9). ਯਹੂਦੀਆਂ ਦਾ ਇੱਕ ਬਾਦਸ਼ਾਹ ਕਾਇਮ ਕਰੋ।

(10). ਬੇਕਸੂਰ ਕੁਆਰੀ ਲੜਕੀ ’ਤੇ ਲਾਏ ਦੋਸ਼ਾਂ ਬਦਲੇ ਦੋਸ਼ੀ ਤੋਂ 100 ਰੁਪਏ ਲੈ ਕੇ ਲੜਕੀ ਦੇ ਪਿਤਾ ਨੂੰ ਦੇਵੋ ਜੇ ਲੜਕੀ ਕਸੂਰਵਾਰ ਹੈ ਤਾਂ ਉਸ ਨੂੰ ਸੰਗ-ਸਾਰ ਕਰੋ ਯਾਨੀ ਕਿ ਪੱਥਰ ਮਾਰੋ ਜਾਂ ਜ਼ਲੀਲ ਕਰੋ।

ਫਿਰਕੇ ਤੇ ਧਰਮ ਗ੍ਰੰਥ : ਯਹੂਦੀਆਂ ਦੇ ਦੋ ਕਬੀਲੇ ਹਨ (1). ਇਸਰਾਈਲੀ (2) ਕਿਰਾਨੀ, ਜਿਨ੍ਹਾਂ ਦੀ ਪੁਸਤਕ ਹੈ : ‘ਤੌਰੇਤ’, ਜਿਸ ਨੂੰ ਬਾਈਬਲ ਜਾਂ ਪੁਰਾਣੇ ਅਹਿਦਨਾਮੇ ਵੀ ਕਿਹਾ ਜਾਂਦਾ ਹੈ। ਹਜ਼ਰਤ ਮੂਸਾ ਤੇ ਹਜ਼ਰਤ ਈਸਾ ਦੇ ਵਿਚਕਾਰ ਪੈਦਾ ਹੋਏ ਦੋ ਬਾਦਸ਼ਾਹ ਹਜ਼ਰਤ ਦਾਊਦ (ਉਮਰ 70 ਸਾਲ) ਤੇ ਹਜ਼ਰਤ ਸੁਲੇਮਾਨ (ਦਾਊਦ ਦਾ ਬੇਟਾ, ਉਮਰ 58 ਸਾਲ; 1033 ਪੂਰਵ ਈਸਵੀ ਤੋਂ 975 ਪੂਰਵ ਈਸਵੀ) ਨੂੰ, ਜੋ ਖ਼ੁਦਾਈ ਸੰਦੇਸ਼ ਨਾਜ਼ਲ ਹੋਏ ਉਨ੍ਹਾਂ ਨੂੰ ‘ਜ਼ਬੂਰ’ ਕਿਹਾ ਜਾਂਦਾ ਹੈ। ਇਨ੍ਹਾਂ ਨੇ ਹੀ ਮੂਸਾ ਦੀ ਮੌਤ ਤੋਂ 400-600 ਸਾਲ ਬਾਅਦ ਬਾਈਬਲ (ਤੌਰੇਤ) ਲਿਖੀ।  ਯਹੂਦੀ; ਮੌਤ ਨੂੰ ਘਰ ਵਾਪਸੀ ਮੰਨਦੇ ਹਨ। ਯਹੂਦੀਆਂ ਦੇ ਵਿਸ਼ਵਾਸ ਮੁਤਾਬਕ ਮੂਸਾ ਜੀ ਕੇਵਲ ਇਸਰਾਈਲ (ਯਹੂਦੀ) ਕੌਮ ਲਈ ਪੈਦਾ ਹੋਏ। ਯਹੂਦੀ; ਵਿਅਕਤੀਗਤ (ਇੱਕ ਜਾਤੀ ਦਾ) ਧਰਮ ਹੈ, ਨਾ ਕਿ ਸਮੂਹ ਮਾਨਵਤਾ ਲਈ ਜਦਕਿ ਗੁਰਬਾਣੀ ਦਾ ਫ਼ੁਰਮਾਨ ਹੈ ‘‘ਖਤ੍ਰੀ ਬ੍ਰਾਹਮਣ ਸੂਦ ਵੈਸ; ਉਪਦੇਸੁ ਚਹੁ ਵਰਨਾ ਕਉ ਸਾਝਾ ॥ ਗੁਰਮੁਖਿ ਨਾਮੁ ਜਪੈ, ਉਧਰੈ ਸੋ ਕਲਿ ਮਹਿ; ਘਟਿ ਘਟਿ ਨਾਨਕ ਮਾਝਾ ॥’’ (ਮਹਲਾ ੫/੭੪੮) ਯਾਨੀ ਕਿ ਗੁਰੂ ਜੀ ਦੀ ਸਿੱਖਿਆ ਸਮੁੱਚੀ ਮਾਨਵ ਜਾਤੀ ਲਈ ਹੈ, ਨਾ ਕਿ ਕਿਸੇ ਖ਼ਾਸ ਵਰਗ ਲਈ।

ਹਜ਼ਰਤ ਮੂਸਾ ਨੇ ਅੱਖ ਦੇ ਬਦਲੇ ਅੱਖ ਤੇ ਦੰਦ ਦੇ ਬਦਲੇ ਦੰਦ ਕੱਢਣ ਦੀ ਸਲਾਹ ਦਿੱਤੀ, ਪਰ ਗੁਰੂ ਸਾਹਿਬਾਨ ਜਿੱਥੇ ਬਾਬਰ ਦੇ ਸਾਮ੍ਹਣੇ ਜਾਬਰ (ਜ਼ਾਲਮ) ਕਹਿਣ ਦੀ ਹਿੰਮਤ ਰੱਖਦੇ ਹਨ, ਉੱਥੇ ਫ਼ਰੀਦ ਜੀ ਸ਼ਾਂਤ-ਚਿੱਤ ਰਹਿ ਭੀ ਕਈਆਂ ਨੂੰ ਹਰਾ ਦਿੰਦੇ ਹਨ ‘‘ਫਰੀਦਾ ! ਜੋ ਤੈ ਮਾਰਨਿ ਮੁਕੀਆਂ; ਤਿਨ੍ਹਾ ਮਾਰੇ ਘੁੰਮਿ ਆਪਨੜੈ ਘਰਿ ਜਾਈਐ; ਪੈਰ ਤਿਨ੍ਹਾਂ ਦੇ ਚੁੰਮਿ ’’ (ਬਾਬਾ ਫਰੀਦ/੧੩੭੮)

ਈਸਾਈ ਧਰਮ :  ਹਜ਼ਰਤ ਮੂਸਾ ਜੀ ਦੇ ਦੇਹਾਂਤ (1451 ਪੂਰਵ ਈਸਵੀ) ਤੋਂ ਲਗਭਗ 1445 ਸਾਲ ਬਾਅਦ (ਜਬਰਾਈਲ ਫ਼ਰਿਸ਼ਤੇ ਰਾਹੀਂ) ਈਸਾ ਜੀ ਨੂੰ ਸੰਦੇਸ਼ ਪ੍ਰਾਪਤ ਹੋਇਆ, ਮੰਨਿਆ ਗਿਆ; ਜੋ ਫ਼ਲਸਤੀਨ ਦੇ ਯੂਸਫ਼ ਤਰਖਾਣ ਦੇ ਘਰ ਕੁਆਰੀ ਬੀਬੀ ਮੇਰੀ (ਮਰੀਅਮ) ਦੀ ਕੁੱਖੋਂ ਸੰਨ 6 ਪੂਰਵ ਈਸਵੀ ’ਚ ਪੈਦਾ ਹੋਇਆ। ਕੁਰਾਨ ’ਚ ਦਰਜ ਹੈ ਕਿ ਈਸਾ ਦੇ ਜਨਮ ਸਮੇਂ ਕਬੀਲੇ ਦੇ ਲੋਕਾਂ ਨੇ ਮੇਰੀ ਤੋਂ ਪੁੱਛਿਆ ਕਿ ਤੈਂ ਕੁਆਰੀ ਨੇ ਬੱਚੇ ਨੂੰ ਜਨਮ ਕਿਵੇਂ ਦਿੱਤਾ ਤਾਂ ਮੇਰੀ ਨੇ ਬੱਚੇ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਤੁਸੀਂ ਖ਼ੁਦ ਇਸ ਤੋਂ ਪੁੱਛੋ ਤਾਂ ਈਸਾ ਨੇ ਕਿਹਾ ਕਿ ਮੈਨੂੰ ਖ਼ੁਦਾ ਵੱਲੋਂ ਭੇਜਿਆ ਗਿਆ ਹੈ। ਇਹ ਜਵਾਬ ਸੁਣ ਸਾਰੇ ਯਹੂਦੀ ਪਰਵਾਰ ਸੰਤੁਸ਼ਟ ਹੋ ਗਏ।

ਅੰਜੀਲ ਮੁਤਾਬਕ ‘ਈਸਾ ਮਸੀਹ, ਯਸੂਹ (ਯਸੂ), ਜੀਸਸ ਕ੍ਰਾਈਸਟ’ ਆਦਿ ਨਾਂ ਜਬਰਾਈਲ ਫ਼ਰਿਸ਼ਤੇ ਨੇ ਰੱਖੇ ਹਨ। ਈਸਾ ਮਸੀਹ ਦੇ ਪਿਤਾ ਯੂਸਫ਼; ਹਜ਼ਰਤ ਇਬਰਾਹੀਮ ਦੀ 42ਵੀਂ ਪੀੜ੍ਹੀ ’ਚ ਸਨ। ਈਸਾ ਜੀ 12 ਸਾਲ ਤੱਕ ਆਪਣੇ ਪਿਤਾ ਨਾਲ਼ ਤਰਖਾਣ ਦਾ ਕੰਮ ਕਰਦੇ ਰਹੇ। ਇਤਿਹਾਸਕਾਰਾਂ ਮੁਤਾਬਕ ਈਸਾ 6 ਸਾਲ (12 ਤੋਂ 18) ਅਲੋਪ ਭੀ ਰਹੇ। ਕਿਸੇ ਦੀ ਰਾਇ ਹੈ ਕਿ ਇਹ ਵਪਾਰੀਆਂ ਨਾਲ਼ ਮਿਲ ਕੇ ਭਾਰਤ ਆਏ ਤੇ ਜੋਗੀਆਂ ਜਾਂ ਬੁੱਧ-ਭਿਖਸ਼ੂਆਂ ਪਾਸੋਂ ਵਿਦਿਆ ਲਈ।  ਰੂਸੀ ਰਮਤੇ ‘ਜ਼ਾਊਚ’(ਇਤਿਹਾਸਕਾਰ) ਮੁਤਾਬਕ ਈਸਾ ਤਿੱਬਤ ’ਚ ਬ੍ਰਾਹਮਣਾਂ ਤੇ ਬੁੱਧ ਪੁਜਾਰੀਆਂ ਦਾ ਚੇਲਾ ਸੀ ਤੇ ਤਾਂਤ੍ਰਿਕ ਵਿੱਦਿਆ ਪ੍ਰਾਪਤ ਕਰਦਾ ਰਿਹਾ ਆਦਿ।

(ਨੋਟ : ਸ਼ਾਇਦ ਇਹੀ 6 ਸਾਲ ਦਾ ਅੰਤਰ ਈਸਾ ਦੇ ਜਨਮ ਨੂੰ 6 ਪੂਰਵ ਈਸਵੀ ’ਚ ਬਦਲ ਦਿੰਦਾ ਹੈ।)

18 ਤੋਂ 30 ਸਾਲ ਦੀ ਉਮਰ ’ਚ ਈਸਾ ਜੀ ਦੁਬਾਰਾ ਆਪਣੇ ਪਿਤਾ ਪਾਸ (ਨੇਜ਼ਰਥ) ਰਹੇ। ਯਹੂਦੀ ਧਰਮ ਮੁਤਾਬਕ ਹਜ਼ਰਤ ਈਸਾ ਦੀ ਸੁੰਨਤ (8 ਦਿਨਾਂ ਦੀ ਉਮਰ ਸਮੇਂ) ਹੋਈ ਤੇ 30 ਸਾਲ ਦੀ ਉਮਰ ’ਚ ਇਨ੍ਹਾਂ ਨੇ ਯੂਹੰਨ (ਜੌਨ) ਪਾਸੋਂ ਬਪਤਿਸਮਾ (ਅੰਮ੍ਰਿਤ ਜਲ) ਲਿਆ। ਇਸੇ ਸਮੇਂ ਰੂਹ-ਉਲ-ਕੁਦਸ (ਭਾਵ ਰੱਬ ਦੀ ਆਤਮਾ) ਕਬੂਤਰ ਦੀ ਸ਼ਕਲ ’ਚ ਈਸਾ ਉੱਤੇ ਉਤਰੀ। ਆਕਾਸ਼ਬਾਣੀ ਹੋਈ ਕਿ ‘ਇਹ ਮੇਰਾ ਪਿਆਰਾ ਪੁੱਤਰ ਹੈ, ਮੈਂ ਇਸ ’ਤੇ ਬਹੁਤ ਪ੍ਰਸੰਨ ਹਾਂ।’

ਇਸ ਤੋਂ ਬਾਅਦ ਈਸਾ ਨੇ 40 ਦਿਨਾਂ ਤੱਕ ਜੰਗਲ ’ਚ ਵਰਤ ਰੱਖਿਆ ਤੇ ਧਰਮ ਪ੍ਰਚਾਰ ਕੀਤਾ। ਇਨ੍ਹਾਂ ਦੇ ਕਈ ਚੇਲੇ ਬਣੇ ਪਰ ਪ੍ਰਮੁੱਖ ਚੇਲੇ 12 (ਪੀਟਰ, ਏਂਡਰਸ, ਯਾਕੂਬ, ਫਿਲਪਸ, ਮਤੀ, ਯਹੂਦਾ ਅਸ਼ਕਰੂਤੀ, ਮਾਰਕਸ, ਲੂਕਾ ਆਦਿ) ਸਨ। ਇੱਕ ਵਾਰ ਈਸਾ ਨੇ ਸਾਰੇ ਚੇਲਿਆਂ ਦੇ ਪੈਰ ਧੋ ਕੇ ਪਾਣੀ ਪੀਤਾ, ਚੇਲਿਆਂ ਦੁਆਰਾ ਪੁੱਛਣ ’ਤੇ ਈਸਾ ਨੇ ਜਵਾਬ ਦਿੱਤਾ ਕਿ ਮਾਲਕ; ਨੌਕਰਾਂ ਤੋਂ ਉੱਪਰ ਨਹੀਂ ਹੁੰਦਾ ਤੁਹਾਨੂੰ ਵੀ ਇੱਕ-ਦੂਜੇ ਦੇ ਪੈਰ ਧੋ ਕੇ ਪੀਣੇ ਚਾਹੀਦੇ ਹਨ। ਈਸਾ ਮਸੀਹ ਦੇ ਧਰਮ ਪ੍ਰਚਾਰ ਦੇ ਪ੍ਰਮੁੱਖ ਅਸੂਲ :

(1). ਪੁਰਾਤਨ/ਪ੍ਰਚਲਿਤ ਅਰਥਹੀਣ ਰਸਮਾਂ ਨੂੰ ਖ਼ਤਮ ਕਰਨਾ ਤੇ ਭ੍ਰਿਸ਼ਟ ਪੁਜਾਰੀਵਾਦ ਦਾ ਵਿਰੋਧ ਕਰਨਾ।

(2). ਦੀਨ ਦੁਖੀਆਂ ਦੀ ਮਦਦ ਕਰਨੀ। (ਈਸਾ ਜੀ ਨੇ ਭੂਤ-ਪ੍ਰੇਤ ਤੋਂ ਪੀੜਤ, ਅਧਰੰਗ, ਮਿਰਗੀ ਆਦਿ ਰੋਗਾਂ ਦਾ ਤਾਂਤ੍ਰਿਕ ਵਿਦਿਆ ਨਾਲ਼ ਇਲਾਜ ਕੀਤਾ, ਮੰਨਿਆ ਜਾਂਦਾ ਹੈ।)

ਈਸਾ ਮਸੀਹ ਨੂੰ ਕੇਵਲ ਤਿੰਨ ਸਾਲ ਹੀ ਧਰਮ ਪ੍ਰਚਾਰ ਕਰਨ ਲਈ ਮਿਲੇ। ਯਹੂਦੀ ਲੋਕਾਂ ਤੇ ਮੰਦਿਰਾਂ ਦੇ ਪੁਜਾਰੀਆਂ (ਖ਼ਾਸ ਕਰ ਜਰੂਸਲਮ ਦੇ ਵੱਡੇ ਮਹੰਤ) ਨੇ ਆਪਣੀ ਪ੍ਰਭੁਤਾ ਨੂੰ ਨੁਕਸਾਨ ਹੁੰਦਾ ਵੇਖ ਇਨ੍ਹਾਂ ਉੱਪਰ ਆਰੋਪ ਲਗਾਇਆ ਕਿ ਇਹ ਸਵੈ ਨੂੰ ਖ਼ੁਦਾ ਦਾ ਪਿਆਰਾ ਬੇਟਾ ਦੱਸ ਕੇ ਦੇਸ਼ ’ਚ ਦੰਗਾ ਫ਼ਸਾਦ ਕਰਵਾ ਸਕਦਾ ਹੈ। ਈਸਾ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਜਾਰੀ ਕੀਤੇ । ਸੂਚਨਾ ਦੇਣ ਵਾਲ਼ੇ ਨੂੰ ਇਨਾਮ ਰਾਸ਼ੀ ਮੁਕੱਰਰ ਕੀਤੀ ਗਈ। ਈਸਾ ਮਸੀਹ ਦੇ (12 ’ਚੋਂ) ਇੱਕ ਪ੍ਰਮੁੱਖ ਚੇਲੇ (ਯਹੂਦਾ ਅਸ਼ਕਰੂਤੀ) ਨੇ 30 ਰੁਪਏ ਦਾ ਇਨਾਮ ਲੈਣ ਲਈ ਈਸਾ ਮਸੀਹ ਨੂੰ ਕੈਦ ਕਰਵਾ ਦਿੱਤਾ। ਇਨ੍ਹਾਂ ਨੂੰ ਅਦਾਲਤੀ ਪਾਈਲੇਟ ਅੱਗੇ ਪੇਸ਼ ਕੀਤਾ ਗਿਆ। ਭਾਵੇਂ ਜੱਜ ਜਾਣਦਾ ਸੀ ਕਿ ਈਸਾ ਬੇਕਸੂਰ ਹੈ ਪਰ ਭਾਰੀ ਦਬਾਅ ਕਾਰਨ ਬਾਦਸ਼ਾਹ ਹੀਰੋਡ ਪਾਸ ਚਲਾਨ ਭੇਜਿਆ। ਉਸ ਨੇ ਹੁਕਮ ਕਰ ਦਿੱਤਾ ਕਿ ਈਸਾ ਨੂੰ ਸਲੀਬ ਉੱਤੇ ਚੜ੍ਹਾਇਆ ਜਾਵੇ। ਈਸਾ ਮਸੀਹ ਨੂੰ ਸੰਨ 27 ਈਸਵੀ ਨੂੰ ਸੂਲੀ ’ਤੇ ਚੜ੍ਹਾ ਕੇ, ਹੱਥਾਂ ’ਚ ਕਿੱਲ ਮਾਰ ਕੇ ਕਤਲ ਕਰ ਦਿੱਤਾ। ਤਦ ਇਨ੍ਹਾਂ ਦੀ ਉਮਰ 33 ਸਾਲ ਸੀ।

ਅੰਜੀਲ ਮੁਤਾਬਕ ਈਸਾ ਦੀ ਗ੍ਰਿਫ਼ਤਾਰੀ ਸਮੇਂ ਉਨ੍ਹਾਂ ਦਾ ਸਭ ਤੋਂ ਪ੍ਰਮੁੱਖ ਚੇਲਾ ‘ਪੀਟਰ’ ਨਾਲ਼ ਸੀ। ਜਦ ਈਸਾ ਨੂੰ ਸੂਲ਼ੀ ’ਤੇ ਚੜ੍ਹਾ ਸਜ਼ਾ ਦਿੱਤੀ ਜਾ ਰਹੀ ਸੀ ਤਾਂ ‘ਪੀਟਰ’ ਤੋਂ ਪੁੱਛਿਆ ਕਿ ਕੀ ਈਸਾ ਤੇਰਾ ਧਰਮ ਗੁਰੂ ਹੈ  ? ਤਾਂ ਪੀਟਰ ਨੇ ਤਿੰਨ ਵਾਰ ਸੋਂਹ ਖਾ ਕੇ ਮਨ੍ਹਾ ਕੀਤਾ। ਪੀਟਰ ਨੂੰ ਇੱਥੋਂ ਤੱਕ ਕਿਹਾ ਗਿਆ ਕਿ ਜੇ ਇਹ ਤੇਰਾ ਗੁਰੂ ਨਹੀਂ ਤਾਂ ਤੂੰ ਇਸ ਨੂੰ ਫਿਟਕਾਰ ਪਾ। ‘ਪੀਟਰ’ ਨੇ ਐਸਾ ਵੀ ਕੀਤਾ।

(ਨੋਟ : ਦਿੱਲੀ ਦੇ ਚਾਂਦਨੀ ਚੌਕ ’ਚ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ (11 ਨਵੰਬਰ 1675 ’ਚ) ਇਸ ਲਈ ਸ਼ਹੀਦ ਕੀਤਾ ਜਾ ਰਿਹਾ ਸੀ ਕਿਉਂਕਿ ਕਸ਼ਮੀਰ ’ਚ ਹਿੰਦੂ ਬ੍ਰਾਹਮਣਾਂ ਦੇ ਧਾਰਮਿਕ ਚਿੰਨ੍ਹ (ਜਨੇਊ) ਨੂੰ ਉਨ੍ਹਾਂ ਦੀ ਮਰਜ਼ੀ ਬਿਨਾਂ ਜਬਰਨ ਉਤਾਰਿਆ ਜਾ ਰਿਹਾ ਸੀ ਤੇ ਬ੍ਰਾਹਮਣ ਆਗੂ ਫ਼ਰਿਆਦੀ ਬਣ ਗੁਰੂ ਜੀ ਪਾਸ (ਅਨੰਦਪੁਰ ਸਾਹਿਬ) ਮਦਦ ਲਈ ਆਏ। ਗੁਰੂ ਜੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਅਗਰ ਹਕੂਮਤ ਧੱਕੇ ਨਾਲ਼ ਮੈਨੂੰ ਅਸੂਲਾਂ ਤੋਂ ਡੇਗ ਦੇਵੇ ਤਾਂ ਸਾਰੇ ਕਸ਼ਮੀਰੀ ਬ੍ਰਾਹਮਣ ਵੀ ਮੁਸਲਮਾਨ ਬਣ ਜਾਣਗੇ। ਇਹ ਸੁਨੇਹਾ ਜਾ ਕੇ ਹਾਕਮ ਨੂੰ ਦੇਵੋ। ਰਾਜਾ ਚਾਹੁੰਦਾ ਸੀ ਕਿ ਬ੍ਰਾਹਮਣ ਮੁਸਲਿਮ ਬਣ ਜਾਣ ਤਾਂ ਸਾਰੇ ਹਿੰਦੂ ਵੀ ਮੁਸਲਿਮ ਬਣ ਜਾਣਗੇ। ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਇਸ ਇਕਰਾਰ ਤੋਂ ਥਿੜਕ ਮੁਸਲਿਮ ਬਣ ਜਾਂਦੇ ਤਾਂ ਸਾਰੇ ਹਿੰਦੂ ਹੀ ਮੁਸਲਮਾਨ ਬਣਨ ਲਈ ਤਿਆਰ ਹੋ ਜਾਂਦੇ।

ਗੁਰੂ ਜੀ ਦੇ ਅੱਗੇ ਇਹ ਤਿੰਨ ਸ਼ਰਤਾਂ ਰੱਖੀਆਂ/ਰਖਵਾਈਆਂ (1). ਮੁਸਲਿਮ ਬਣ ਜਾਓ। (2). ਕਰਾਮਾਤ ਦਿਖਾਓ (3). ਮੌਤ ਕਬੂਲ ਲਓ। ਗੁਰੂ ਜੀ ਨੇ ਤੀਜੀ ਸ਼ਰਤ ਮਨਜ਼ੂਰ ਕੀਤੀ ਤੇ ਸ਼ਹੀਦ ਦੇ ਦਿੱਤੀ। ਗੁਰੂ ਜੀ ਨੂੰ ਸਿਦਕ ਤੋਂ ਡੁਲ੍ਹਾਉਣ ਲਈ ਪਹਿਲਾਂ ਤਿੰਨ ਸਿੱਖਾਂ (ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ) ਨੂੰ ਅਸਹਿ ਤਸੀਹੇ ਦੇ ਕੇ ਭੀ ਸ਼ਹੀਦ ਕੀਤਾ, ਪਰ ਗੁਰੂ ਜੀ ਕਸ਼ਮੀਰੀਆਂ ਨੂੰ ਦਿੱਤੇ ਆਪਣੇ ਵਚਨ ਤੋਂ ਨਾ ਡੋਲੇ। ਤਿੰਨੇ ਸਿੱਖਾਂ ਅੱਗੇ ਭੀ (ਈਸਾ ਦੇ ਚੇਲੇ ਪੀਟਰ ਵਾਙ) ਸ਼ਰਤ ਰੱਖੀ, ਪਰ ਉਨ੍ਹਾਂ ਭੀ ਪੀਟਰ ਵਾਙ ਆਪਣੇ ਗੁਰੂ ਨੂੰ ਬੇਦਾਵਾ ਨਾ ਦਿੱਤਾ। ਜਿੱਥੇ ਇਸ ਘਟਨਾ ’ਚ ਜ਼ੁਲਮ ਦੀ ਹਾਰ ਹੋਈ ਓਥੇ ਈਸਾ ਮਸੀਹ ਦੀ ਮੌਜੂਦਗੀ ’ਚ ਪ੍ਰਮੁੱਖ ਚੇਲੇ ‘ਪੀਟਰ’ ਵੱਲੋਂ ਤਿੰਨ ਵਾਰ ਸੌਂਹ ਖਾ ਕੇ ਈਸਾ ਪੈਗ਼ੰਬਰ ਨੂੰ ਲਾਹਨਤਾਂ ਪਾਉਣ ਨਾਲ਼ ਈਸਾਈ ਅਸੂਲਾਂ ਦੀ ਹਾਰ ਹੋਈ। ਫਿਰ ਵੀ ਰੂੜ੍ਹੀਵਾਦੀ ਈਸਾਈ ਮਹੰਤਾਂ ਨੇ ‘ਪੀਟਰ’ ਨੂੰ ਕੈਥੋਲਿਕ ਚਰਚ ਦੇ ਪਹਿਲੇ ‘ਪੋਪ’ (ਪਿਤਾਮਾ) ਹੋਣ ਦੀ ਪਦਵੀ ਦਿੱਤੀ, ਜੋ ਹੁਣ ਤੱਕ ਚਲਦੀ ਹੋਣ ਕਾਰਨ 266 ਪੋਪ ਬਣ ਚੁੱਕੇ ਹਨ। 28 ਫਰਵਰੀ 2013 ਨੂੰ ਵੈਟੀਕਨ ਦੇ 266ਵੇਂ ਪੋਪ ਫ਼ਰਾਂਸਿਸ ਬਣੇ ।

ਆਪਣੇ ਆਪ ਨੂੰ ਪੈਦਾ ਹੋਣ ਤੋਂ ਹੀ ਖ਼ੁਦਾ ਦਾ ਪਿਆਰਾ ਬੇਟਾ ਦੱਸਣ ਵਾਲ਼ੇ ਈਸਾ ਮਸੀਹ ਜੀ ਨੂੰ ਜਦ ਸੂਲ਼ੀ ’ਤੇ ਚੜ੍ਹਾਇਆ ਜਾ ਰਿਹਾ ਸੀ ਤਾਂ ਉਨ੍ਹਾਂ ਖ਼ੁਦ ਭੀ ਉੱਚੀ ਆਵਾਜ਼ ’ਚ ਕਿਹਾ ‘ਹੇ ਪ੍ਰਭੂ ! ਤੂੰ ਮੈਨੂੰ ਕਿਉਂ ਭੁਲਾ ਦਿੱਤਾ  ?’, ਇਹ ਸ਼ਬਦ ਵੀ ਚੜ੍ਹਦੀ ਕਲਾ ਦੇ ਪ੍ਰਤੀਕ ਨਹੀਂ, ਨਿਰਾਸ਼ਾ ਭਰਪੂਰ ਹਨ ਜਦਕਿ ਗੁਰੂ ਅਰਜਨ ਸਾਹਿਬ ਜੀ ਨੂੰ ਤੱਤੀ ਤਵੀ ਉੱਤੇ ਬਿਠਾ ਕੇ, ਸੀਸ ਉੱਤੇ ਗਰਮ ਰੇਤ ਪਾ ਕੇ ਅਤਿ ਦੀ ਗਰਮੀ ’ਚ (30 ਮਈ 1606 ਨੂੰ ਲਾਹੌਰ ਵਿਖੇ) ਜਦ ਸ਼ਹੀਦ ਕੀਤਾ ਜਾ ਰਿਹਾ ਸੀ ਤਾਂ ਸੂਫ਼ੀ ਸੰਤ ਮੀਆਂ ਮੀਰ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਜੇ ਇਜਾਜ਼ਤ ਹੋਵੇ ਤਾਂ ਮੈਂ ਇਹ ਜ਼ੁਲਮ ਰੁਕਵਾ ਸਕਦਾ ਹਾਂ ਤਾਂ ਗੁਰੂ ਜੀ ਨੇ ਕਰਤਾਰ ਨੂੰ ਸੰਬੋਧਨ ਹੁੰਦਿਆਂ ਫ਼ੁਰਮਾਇਆ ‘‘ਤੇਰਾ ਕੀਆ; ਮੀਠਾ ਲਾਗੈ ਹਰਿ ਨਾਮੁ ਪਦਾਰਥੁ; ਨਾਨਕੁ ਮਾਂਗੈ (ਮਹਲਾ /੩੯੪) ਗੁਰੂ ਜੀ ਸਰੀਰ ਨਹੀਂ, ਸਿਧਾਂਤ ਬਚਾਉਣਾ ਲੋਚਦੇ ਸਨ, ਪਰ ਪੀਟਰ ਅਤੇ ਈਸਾ ਜੀ ਨੇ ਆਪਣਾ ਸਿਧਾਂਤ ਹਰਾ ਦਿੱਤਾ, ਜਿਸ ਨੂੰ ਖ਼ੁਦਾ ਦੁਆਰਾ ਮਿਲਿਆ ਸੰਦੇਸ਼ ਕਿਹਾ ਜਾਂਦਾ ਸੀ।)

ਅੰਜੀਲ (ਜਾਂ ਬਾਈਬਲ) : ਮਨੌਤ ਹੈ ਕਿ ਈਸਾ ਮਸੀਹ ਜੀ ਦੇ ਦੇਹਾਂਤ ਤੋਂ 60 ਸਾਲ ਬਾਅਦ 40 ਲੇਖਕਾਂ ਨੇ ‘ਅੰਜੀਲ’ ਪੁਸਤਕ ਲਿਖੀ, ਪਰ ਇਸ ਵਿੱਚ ਈਸਾ ਦੀ ਮੌਤ ਤੋਂ 70 ਸਾਲ ਬਾਅਦ ਦੀਆਂ (ਸੰਤ ਮਾਰਕ ਨਾਂ ਦੇ ਪੁਰਸ਼ ਵੱਲੋਂ ਲਿਖੀਆਂ) ਅੰਜੀਲਾਂ ਭੀ ਦਰਜ ਹਨ। ਵੈਸੇ ਈਸਾ ਮਸੀਹ ਦੀ ਮੌਤ ਤੋਂ ਤਕਰੀਬਨ 400 ਸਾਲ ਬਾਅਦ ਅੰਜੀਲ ਨੂੰ ਲਿਖਤੀ ਰੂਪ ਦਿੱਤਾ ਹੈ, ਜਿਸ ਦਾ ਸੰਸਾਰ ਦੀਆਂ 1100 ਬੋਲੀਆਂ ’ਚ ਅਨੁਵਾਦ ਹੋ ਚੁੱਕਾ ਹੈ। ਈਸਾਈ ਮਿਸ਼ਨਰੀਆਂ ਦੀ ਸੋਚ ਹੈ ਕਿ ‘ਅੰਜੀਲ’ (ਬਾਈਬਲ) ਨੂੰ ਮੁਫ਼ਤ ਵੰਡੋ। ਜੇ ਲੋਕ ਕਹਿਣ ਕਿ ਸਾਡੇ ਘਰ ਕੋਈ ਪੜ੍ਹਨ ਵਾਲ਼ਾ ਨਹੀਂ, ਇਸ ਲਈ ਸੁੱਟ ਦੇਈਦੀ ਹੈ ਤਾਂ ਕਹੋ ਕਿ ਕਿੱਥੇ ਸੁੱਟੋਗੇ, ਘਰ ਦੇ ਕਿਸੇ ਕੋਨੇ ’ਚ  ? ਜਦ ਇਹ ਕਦੇ ਤੁਹਾਡੇ ਬੱਚਿਆਂ ਦੇ ਹੱਥ ਲੱਗੇਗੀ ਤਾਂ ਉਹ ਤੁਹਾਡੀ ਈਸਾਈ ਧਰਮ ’ਚ ਸ਼ਰਧਾ ਨੂੰ ਵੇਖਣਗੇ ਤੇ ਈਸਾਈ ਬਣ ਜਾਣਗੇ। ਈਸਾਈ ਪ੍ਰਚਾਰਕਾਂ ਨੇ ‘ਈਸ਼ਵਰ ਭਗਤੀ, ਸਮਾਨਤਾ, ਸੇਵਾ ਤੇ ਤਿਆਗ’ ਵਿਸ਼ਿਆਂ ਨੂੰ ਪ੍ਰਚਾਰ ਦਾ ਸਾਧਨਾ ਬਣਾਇਆ ਹੈ।

ਈਸਾਈ ਤਿੰਨ ਪੁਰਬ ਮਨਾਉਂਦੇ ਹਨ (1). ਈਦ, ਈਸਾ ਦਾ ਜਨਮ ਦਿਨ (25 ਦਸੰਬਰ), ਜਿਸ ਨੂੰ ਵੱਡਾ ਦਿਨ ਵੀ ਕਿਹਾ ਜਾਂਦਾ ਹੈ। (2). ਈਸਾ ਦੀ ਮੌਤ ਦਿਹਾੜਾ (3). ਈਦੁਲ ਕਿਆਮਤ, ਜਿਸ ਦਿਨ ਈਸਾ ਦੁਬਾਰਾ ਜੀਵਤ ਹੋਏ।

ਈਸਾਈਆਂ ਮੁਤਾਬਕ ਈਸਾ ਨੇ ਮਨੁੱਖਾਂ ਦੇ ਗੁਨਾਹਾਂ ਬਦਲੇ ਆਪਣੇ ਆਪ ਨੂੰ ਕੁਰਬਾਨ ਕੀਤਾ। ਈਸਾ ਜੀ ਸਣਦੇਹੀ ਆਕਾਸ਼ ’ਚ ਗਏ, ਜਿੱਥੇ ਉਹ ਰੱਬ ਦੇ ਸੱਜੇ ਪਾਸੇ ਬੈਠ ਕੇ ਹਕੂਮਤ ਕਰਦੇ ਹਨ (ਜਿਸ ਬਾਰੇ ਉਨ੍ਹਾਂ ਆਪ ਕਿਹਾ ‘ਹੇ ਪ੍ਰਭੂ ! ਤੂੰ ਮੈਨੂੰ ਕਿਉਂ ਭੁਲਾ ਦਿੱਤਾ  ?’ )। ਹੁਣ ਰੱਬ ਦੇ ਕੰਮਾਂ ’ਚ ਭੀ ਦਖ਼ਲ ਦਿੰਦੇ ਹਨ। ‘ਕੁਨ’ ਸ਼ਬਦ ਕਹਿਣ ਨਾਲ਼ ਸ੍ਰਿਸ਼ਟੀ ਦੀ ਰਚਨਾ ਹੋਈ। ਈਸਾ ਨੇ ਈਸ਼ਵਰ ਨਾਲ਼ ਪਿਆਰ, ਗੁਆਢੀ ਨਾਲ਼ ਮੇਲ਼-ਮਿਲਾਪ ਤੇ ਪਸ਼ਚਾਤਾਪ ਕਰਨ ਨੂੰ ਧਰਮ ਦੱਸਿਆ। ਈਸਾ ਮੁਤਾਬਕ ਜੇ ਕੋਈ ਤੁਹਾਡੀ ਗੱਲ੍ਹ ’ਤੇ ਥੱਪੜ ਮਾਰੇ ਤਾਂ ਦੂਸਰੀ ਗੱਲ੍ਹ ਅੱਗੇ ਕਰ ਦਿਓ। ਈਸਾ ਅਨੁਸਾਰ ਇੱਕ ਹਾਥੀ ਸੂਈ ਦੇ ਨੱਕੇ ਵਿੱਚ ਦੀ ਲੰਘ ਸਕਦਾ ਹੈ ਪਰ ਇੱਕ ਦੌਲਤਮੰਦ ਰੱਬ ਦੀ ਸੱਤਾ-ਹਕੂਮਤ ’ਚ (ਈਸਾ ਮਸੀਹ ਵਾਙ) ਦਖ਼ਲ ਨਹੀਂ ਦੇ ਸਕਦਾ।

ਇਸਲਾਮ ਧਰਮ :  ਈਸਾ ਮਸੀਹ ਜੀ ਦੇ ਦੇਹਾਂਤ (ਸੰਨ 27 ਈਸਵੀ) ਤੋਂ 543 ਸਾਲ ਬਾਅਦ ਮੱਕੇ ਦੇ ਪੁਜਾਰੀ (ਬਨੀ ਹਾਸ਼ਮ) ਦੇ ਘਰਾਣੇ ’ਚ ਅਬਦੁੱਲ ਕੁਰੈਸ਼ੀ ਦੇ ਘਰ ਮਾਤਾ ਆਮਨਾ ਜੀ ਦੀ ਕੁੱਖੋਂ ਸੰਨ 15 ਅਪ੍ਰੈਲ 570 ਈਸਵੀ ਨੂੰ ਮੁਹੰਮਦ ਸਾਹਿਬ ਜੀ ਦਾ ਜਨਮ ਹੋਇਆ। ਜਨਮ ਤੋਂ ਪਹਿਲਾਂ ਹੀ ਪਿਤਾ ਜੀ ਦਾ ਦੇਹਾਂਤ ਹੋ ਚੁੱਕਾ ਸੀ, ਮਾਤਾ ਜੀ 6 ਸਾਲ ਤੇ ਦਾਦਾ ਜੀ 8 ਸਾਲ ਦੀ ਉਮਰ ’ਚ ਸਾਥ ਛੱਡ ਗਏ। ਹਲੀਮਾ ਦਾਈ ਨੇ ਇਨ੍ਹਾਂ ਨੂੰ 2 ਸਾਲ ਦੁੱਧ ਚੁੰਘਾਇਆ, ਜਿਸ ਉਪਰੰਤ ਚਾਚਾ ਅਬੂ ਤਾਲਬ ਨੇ ਪਾਲ਼ਿਆ, ਜੋ ਵਾਪਾਰੀ ਸਨ।

ਉਕਤ ਕੀਤੀ ਗਈ ਵਿਚਾਰ ਕਿ ਪੈਗ਼ੰਬਰ ਇਬਰਾਹੀਮ ਦੀ ਦੂਸਰੀ ਬੇਗਮ ਹਾਜਿਰਾ ਦੇ ਬੇਟੇ ‘ਇਸਮਾਇਲ’ ਤੋਂ ਕੁਰੈਸ਼ੀ ਵੰਸ਼ ਚੱਲਿਆ; ਜਿਸ ਦੇ ਸਰਦਾਰ, ਮੁਹੰਮਦ ਸਾਹਿਬ ਦੇ ਬਜ਼ੁਰਗ (ਦਾਦਾ ਅਬਦੁੱਲ ਮੁੱਤਲਿਬ ਆਦਿ) ਰਹੇ। ਮੁਹੰਮਦ ਸਾਹਿਬ ਬਚਪਨ ਤੋਂ ਧਾਰਮਿਕ ਰੁਚੀ ਦੇ ਮਾਲਕ ਸਨ। ਪੜ੍ਹਾਈ ਵੱਲ ਧਿਆਨ ਨਾ ਦਿੱਤਾ। ਉਹ ਅਨਪੜ੍ਹ (ਓਮੀ) ਰਹੇ, ਪਰ ਯਹੂਦੀ ਤੇ ਈਸਾਈ ਪਾਦਰੀਆਂ ਦੀਆਂ ਗੱਲਾਂ ਸੁਣ ਕੇ ਧਰਮ ਪ੍ਰਤਿ ਲਗਨ ਵਧ ਗਈ।

ਇੱਕ ਵਿਧਵਾ ਵਪਾਰਨ ਬੀਬੀ ਖ਼ਦੀਜਾ (35 ਸਾਲ) ਨੇ ਮੁਹੰਮਦ ਸਾਹਿਬ (20 ਸਾਲ) ਨੂੰ ਨੌਕਰ ਰੱਖ ਲਿਆ ਤੇ 5 ਸਾਲ ਬਾਅਦ ਇਨ੍ਹਾਂ ਨਾਲ਼ ਨਿਕਾਹ ਕਰ ਲਿਆ। ਇਨ੍ਹਾਂ ਦੇ ਘਰ 6 ਬੱਚੇ (2 ਲੜਕੇ 4 ਲੜਕੀਆਂ) ਪੈਦਾ ਹੋਏ। 10 ਸਾਲ ਬਾਅਦ ਕਾਬੇ ਦਾ ਮੰਦਿਰ ਨੀਵੀਂ ਜਗ੍ਹਾ ਹੋਣ ਕਾਰਨ ਦੁਬਾਰਾ ਬਣਾਉਣ ਲਈ ਕੁਰੈਸ਼ੀ ਸਰਦਾਰ ਇਕੱਠੇ ਹੋਏ, ਜਿਨ੍ਹਾਂ ਨੇ ਚਾਰੋਂ ਕੰਧਾਂ ਤਾਂ ਸੁਲ੍ਹਾ ਨਾਲ਼ ਬਣਾ ਲਈਆਂ ਪਰ ਵਿਚਕਾਰ ਰੱਖਣ ਵਾਲ਼ੇ ‘ਸੰਗ ਅਸਵਦ’ (6-7 ਇੰਚ ਦਾ ਕਾਲਾ ਪੱਥਰ, ਜੋ ਸੁਰਗ ’ਚੋਂ ਸਫ਼ੈਦ ਡਿੱਗਿਆ ਸੀ ਪਰ ਆਦਮ ਦੀ ਔਲਾਦ ਨੇ ਹੱਥ ਲਾ ਕੇ ਕਾਲਾ ਕਰ ਦਿੱਤਾ। ਕਿਆਮਤ ’ਚ ਇਨਸਾਫ਼ ਦੌਰਾਨ ਇਸ ਦੇ ਦੋ ਅੱਖਾਂ ਤੇ ਇੱਕ ਜ਼ਬਾਨ ਹੋਵੇਗੀ, ਜੋ ਉਨ੍ਹਾਂ ਦੀ ਪਹਿਚਾਣ ਕਰ ਗਵਾਹੀ ਦੇਵੇਗੀ, ਜਿਨ੍ਹਾਂ ਦੀ ਬਦੌਲਤ ਇਹ ਕਾਲਾ ਹੋਇਆ।) ਨੂੰ ਰੱਖਣ ਉੱਤੇ ਆਮ ਰਾਇ ਨਾ ਬਣ ਸਕੀ ਕਿ ਕਿਹੜਾ ਸਰਦਾਰ ਰੱਖੇ। ਮੁਹੰਮਦ ਸਾਹਿਬ ਦੇ ਬਜ਼ੁਰਗ, ਜੋ ਕੁਰੈਸ਼ੀਆਂ ਦੇ ਸਰਦਾਰ ਰਹੇ ਉਨ੍ਹਾਂ ਨੇ ਲੜ ਰਹੇ ਕੁਰੈਸ਼ੀ ਸਰਦਾਰਾਂ ’ਚ ਸੁਲ੍ਹਾ ਕਰਵਾਈ ਕਿ ਸਾਰੇ ਸਰਦਾਰ ਚਾਦਰ ਨੂੰ ਚਾਰੋਂ ਤਰਫ਼ ਪਕੜੋ ਤੇ ਉੱਪਰ ਉਠਾਓ ਤਾਂ ਜੋ ਚਾਦਰ ਉੱਤੇ ਰੱਖਿਆ ‘ਸੰਗ ਅਸਵਦ’ ਸਭ ਦੇ ਹੱਥਾਂ ਨਾਲ਼ ਹੀ ਸਥਾਪਤ ਹੋਵੇ।

39 ਸਾਲ ਦੀ ਉਮਰ ’ਚ ਮੁਹੰਮਦ ਸਾਹਿਬ ਉਦਾਸ ਹੋ ਕੇ ‘ਹਿਰਾਂ’ ਪਹਾੜ ਦੀ ਗੁਫ਼ਾ ’ਚ ਬੈਠ ਗਏ। ਮੈਂ ਕੀ ਹਾਂ  ?, ਕਿੱਥੋਂ ਆਇਆ ?, ਜੀਵਨ ਤੇ ਮੌਤ ਕੀ ਹੈ ?, ਦੁਨੀਆਂ ਕਿਸ ਨੇ ਬਣਾਈ ? ਆਦਿ ਬਾਰੇ ਸੋਚਣ ਲੱਗੇ। ਅਚਨਚੇਤ ਇੱਕ ਦਿਨ ਆਵਾਜ਼ ਆਈ ਕਿ ‘ਮੁਹੰਮਦ ! ਮੈਂ ਜਬਰਾਈਲ ਫ਼ਰਿਸ਼ਤਾ ਹਾਂ ਤੇ ਤੂੰ ਖ਼ੁਦਾ ਦਾ ਪੈਗ਼ੰਬਰ ਹੈਂ’। ਇਸ ਤੋਂ ਬਾਅਦ 23 ਵਾਰ (ਸੰਨ 610-632 ਮ੍ਰਿਤੂ ਤੱਕ) ਮੁਹੰਮਦ ਸਾਹਿਬ ਨੂੰ ਇਸ ਫ਼ਰਿਸ਼ਤੇ ਨੇ ਦਰਸ਼ਨ ਦਿੱਤੇ ਤੇ ਰੱਬ ਦੇ ਸੰਦੇਸ਼ ਸੁਣਾਏ। ਇਨ੍ਹਾਂ ਦੇ ਵਚਨਾਂ ਉੱਤੇ ਬੇਗਮ ਖ਼ਦੀਜਾ, ਖ਼ਦੀਜਾ ਦੇ ਚਾਚੇ ਦਾ ਬੇਟਾ ਵਰਕਾ, ਮੁਹੰਮਦ ਸਾਹਿਬ ਦੇ ਚਾਚੇ ‘ਅਬੂ ਤਾਲਬ’ ਦਾ ਬੇਟਾ ਅਲੀ (ਮੁਹੰਮਦ ਸਾਹਿਬ ਦਾ ਦਾਮਾਦ), ਅਬੂਬਕਰ (ਮੁਹੰਮਦ ਸਾਹਿਬ ਦਾ ਸਹੁਰਾ) ਤੇ ਜ਼ੈਦ (ਜਿਸ ਦੀ ਤਲਾਕੀ ਹੋਈ ਔਰਤ ਨਾਲ਼ ਮੁਹੰਮਦ ਨੇ ਸ਼ਾਦੀ ਕੀਤੀ) ਨੇ ਯਕੀਨ ਕੀਤਾ ਯਾਨੀ ਕਿ ਮੁਹੰਮਦ ਨੂੰ ਪੈਗ਼ੰਬਰ ਮੰਨਣ ਵਾਲ਼ੇ ਇਹ ਪਹਿਲੇ ਵਿਅਕਤੀ ਸਨ।  40 ਤੋਂ 43 ਸਾਲ ਦੀ ਉਮਰ ’ਚ ਮੁਹੰਮਦ ਸਾਹਿਬ ਖਾਮੋਸ਼ ਰਹੇ। ਤਦ ਤੱਕ 30-40 ਕੁਰੈਸ਼ੀ; ਮੁਸਲਿਮ ਬਣ ਗਏ ਸਨ। ਜਿਸ ਤਰ੍ਹਾਂ ਈਸਾਈਆਂ ਨੂੰ ਯਹੂਦੀਆਂ ਦੀ ਸੁਧਾਰਵਾਦੀ ਸ਼ਾਖ਼ਾ ਆਖ ਸਕਦੇ ਹਾਂ, ਉਸੇ ਤਰ੍ਹਾਂ ਹੀ ਮੁਸਲਮਾਨ ਧਰਮ ਨੂੰ ਈਸਾਈਆਂ ਦੀ ਸੁਧਾਰਵਾਦੀ ਸ਼ਾਖ਼ਾ ਮੰਨਣਾ ਸਹੀ ਹੈ।

ਪੈਗ਼ੰਬਰ ਘੋਸ਼ਿਤ ਹੋਣ ਤੋਂ ਬਾਅਦ ਇਨ੍ਹਾਂ ਦੇ ਚਾਚਾ (ਅਬੂ ਤਾਲਬ, ਜਿਨ੍ਹਾਂ ਨੇ ਬਚਪਨ ’ਚ ਪਾਲ਼ਿਆ ਸੀ) ਮੁਹੰਮਦ ਸਾਹਿਬ ਪਾਸ ਆਏ, ਇਨ੍ਹਾਂ ਨੇ ਕਿਹਾ ਕਿ ‘ਚਾਚਾ  ! ਮੈਨੂੰ ਅਫ਼ਸੋਸ ਹੈ ਕਿ ਸਾਰੀ ਉੱਮਤ (ਸੰਗਤ) ਮੇਰੇ ’ਤੇ ਇਮਾਨ (ਯਕੀਨ) ਲਿਆ ਕੇ ਸਵਰਗ ’ਚ ਹੋਵੇਗੀ ਪਰ ਤੂੰ ਨਰਕ ’ਚ ਹੋਵੇਂਗਾ।’ ਚਾਚੇ ਨੇ ਜਵਾਬ ਦਿੱਤਾ ਕਿ ‘ਮੁਹੰਮਦ !  ਮੈ ਤੈਨੂੰ ਭਤੀਜਾ ਸਮਝ ਕੇ ਮਦਦ ਕਰਦਾ ਰਿਹਾ ਪਰ ਜੇ ਕਹੇਂ ਕਿ ਤੇਰੇ ’ਤੇ ਇਮਾਨ ਲੈ ਆਵਾਂ, ਇਹ ਨਹੀਂ ਹੋ ਸਕਦਾ। ਮੈਨੂੰ ਤੇਰਾ ਬਹਿਸ਼ਤ (ਮੁਸਲਿਮ ਨਾਂ) ਪ੍ਰਵਾਨ ਨਹੀਂ, ਆਪਣਾ ਦੋਜਖ਼ (ਈਸਾਈ ਨਾਂ) ਕਬੂਲ ਹੈ। ਮੈ ਪੁਰਾਣੇ ਮਜ਼੍ਹਬ ਨੂੰ ਛੱਡਣ ਲਈ ਤਿਆਰ ਨਹੀਂ।’

ਹਜ਼ਰਤ ਮੁਹੰਮਦ ’ਤੇ ਇਮਾਨ ਲਿਆਉਣ ਵਾਲ਼ਿਆਂ ’ਚ ਉਕਤ ਚਾਚੇ (ਅਬੂ ਤਾਲਬ) ਦਾ ਬੇਟਾ ਅਲੀ ਵੀ ਸੀ, ਜਿਸ ਨੇ ਮੁਹੰਮਦ ਸਾਹਿਬ ਦੀ ਬੇਟੀ ਫ਼ਾਤਿਮਾ ਨਾਲ਼ ਸ਼ਾਦੀ ਕੀਤੀ। ਹਜ਼ਰਤ ਸਾਹਿਬ ਨੇ ਇਸ ਦਾਜ ’ਚ ਦੋ ਹਥਿਆਰ, ਦੋ ਮਿੱਟੀ ਦੇ ਘੜੇ, ਇੱਕ ਮਿੱਟੀ ਦਾ ਕੁੱਜਾ ਤੇ ਇੱਕ ਬਿਸਤਰਾ ਦਿੱਤਾ। ਇਸ (ਅਲੀ) ਤੋਂ ਹੀ ਸ਼ੀਆ ਸੰਪਰਦਾਇ ਚੱਲੀ। ‘ਸੁੰਨੀ’ (ਸੁੰਨਤਧਾਰੀ) ਇਨ੍ਹਾਂ ਨੂੰ ਰਾਫ਼ਜ਼ੀ (ਭਾਵ ਤਿਆਗੀ, ਸੱਚ ਦੇ ਤਿਆਗੀ, ਝੂਠੇ) ਆਖਦੇ ਹਨ। ਕੁੱਝ ਵਿਦਵਾਨਾਂ ਦੀ ਰਾਇ ਹੈ ਕਿ ਸੂਫ਼ੀ ਸੰਤ ਵੀ ‘ਸ਼ੀਆ’ ਸਮੁਦਾਇ ’ਚੋਂ ਬਣੇ, ਜੋ ਮਨ ਤੋਂ ਕੇਵਲ ‘ਅੱਲ੍ਹਾ ਹੂ’ ਦਾ ਜਾਪ ਕਰਦੇ ਹਨ ਭਾਵ ਪੈਗ਼ੰਬਰ ਦੀ ਬਜਾਏ ਅੱਲ੍ਹਾ ਨੂੰ ਤਰਜੀਹ ਦੇਂਦੇ ਹਨ। ਇਨ੍ਹਾਂ ’ਚੋਂ ਹੀ ਬਾਬਾ ਫ਼ਰੀਦ ਜੀ ਹੋਏ, ਜਿਨ੍ਹਾਂ ਦੇ ਵਚਨ ਹਨ ‘‘ਦਿਲਹੁ ਮੁਹਬਤਿ ਜਿੰਨ੍, ਸੇਈ ਸਚਿਆ ਜਿਨ੍ ਮਨਿ ਹੋਰੁ, ਮੁਖਿ ਹੋਰੁ; ਸਿ ਕਾਂਢੇ ਕਚਿਆ ’’ (ਬਾਬਾ ਫਰੀਦ ਜੀ/੪੮੮)

3 ਸਾਲ ਬਾਅਦ ਮੁਹੰਮਦ ਸਾਹਿਬ ਨੇ ਦੁਬਾਰਾ ਪ੍ਰਚਾਰ ਸ਼ੁਰੂ ਕੀਤਾ। ਉਨ੍ਹਾਂ ਦੇ ਮੁੱਖ ਉਦੇਸ਼ ਸਨ ‘ਰੱਬ ਦੀ ਬੰਦਗੀ, ਬੁੱਤ/ਤਸਵੀਰ ਪੂਜਾ ਕਰਨੋਂ ਰੋਕਣਾ, ਚੋਰੀ, ਯਾਰੀ ਤੇ ਠੱਗੀ ਨਾ ਕਰਨੀ, ਲੜਕੀ ਨੂੰ ਮਾਰਨਾ ਪਾਪ, ਖ਼ੁਦਾ ਦੇ ਰਸੂਲ (ਪੈਗ਼ੰਬਰ) ’ਤੇ ਇਮਾਨ ਲਿਆਉਣਾ’। ਉਨ੍ਹਾਂ ਮੁਅੱਜ਼ਜ਼ਾ (ਪ੍ਰਤਿਸ਼ਠਤ, ਜਿਸ ਨੂੰ ਮਾਣ ਬਖ਼ਸ਼ਿਆ ਹੋਵੇ) ਸ਼ਰਤ ਰੱਖੀ ਕਿ ‘ਲਾ ਇਲਾ ਹੂ ਇਲਿੱਲਾ ਮੁਹੰਮਦ ਰਸੂਲ ਅੱਲਾਹ’ ਭਾਵ ਮੈਂ ਗਵਾਹੀ ਦਿੰਦਾ ਹਾਂ ਕਿ ਬਿਨਾਂ ਅੱਲ੍ਹਾ ਦੇ ਹੋਰ ਕੁਝ ਵੀ ਨਹੀਂ, ਉਹ ਇੱਕ ਹੈ ਮੁਹੰਮਦ ਉਸ ਦਾ ਰਸੂਲ (ਪੈਗ਼ੰਬਰ) ਹੈ। ਹਜ਼ਰਤ ਜੀ ਨੇ ਈਸਾ ਵਾਙ ਸਵੈ ਨੂੰ ਖ਼ੁਦਾ ਦਾ ਇਕਲੌਤਾ ਬੇਟਾ ਨਹੀਂ ਕਿਹਾ ਬਲਕਿ ਮੂਰਤੀ ਪੂਜਾ, ਪਾਖੰਡਵਾਦ ਆਦਿ ਨੂੰ ਖ਼ਤਮ ਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ। ਪੰਜ ਨਮਾਜ਼ਾ ਪੜ੍ਹਨੀਆਂ, 40ਵਾਂ ਹਿੱਸਾ ਜ਼ਕਾਤ (ਦਾਨ) ਦੇਣਾ ਤੇ ਹੱਜ (ਕਾਬੇ ਦੀ ਯਾਤਰਾ) ਕਰਨੀ ਜ਼ਰੂਰੀ ਦੱਸਿਆ।

ਜੰਨਤ ਬਾਰੇ ਇੱਕ ਗੱਲ ਮੁਹੰਮਦ ਸਾਹਿਬ ਨੇ ਅਜੀਬ ਦੱਸੀ ਕਿ ਉੱਥੇ ‘ਬਾਗ਼, ਅੰਗੂਰ, ਮੇਵੇ, ਤੀਵੀਆਂ, ਸੇਵਕ, ਅਰੋਗ ਰੱਖਣ ਵਾਲ਼ਾ ਪਾਣੀ, ਮਾਸ, ਮੱਛੀ, ਆਂਡੇ, ਸਫ਼ੈਦ ਸ਼ਰਾਬ’ ਆਦਿ ਭਰਪੂਰ ਮਿਲਦੇ ਹਨ।

ਪੁਰਾਤਨ ਸੋਚ ਵਾਲ਼ੇ ਕੁਰੈਸ਼ੀ (ਅਰਬੀ) ਮੁਹੰਮਦ ਸਾਹਿਬ ਦੇ ਦੁਸ਼ਮਣ ਬਣ ਗਏ ਤੇ ਇਹ ਟਕਰਾਅ ਵਧਦਾ ਗਿਆ। ਸੰਨ 622 ਈਸਵੀ (ਭਾਵ ਦੁਬਾਰਾ ਪ੍ਰਚਾਰ ਆਰੰਭ ਕਰਨ ਤੋਂ 8-9 ਸਾਲ ਬਾਅਦ) ਕੁਰੈਸ਼ੀ ਸਰਦਾਰਾਂ ਨੇ ਹਜ਼ਰਤ ਨੂੰ ਮਾਰਨ ਦੀ ਸਲਾਹ ਬਣਾ ਲਈ। ਰਾਤ ਨੂੰ ਉਨ੍ਹਾਂ ਨੇ ਹਜ਼ਰਤ ਦੇ ਮਕਾਨ ਨੂੰ ਘੇਰ ਲਿਆ। ਪਹਿਲਾਂ ਹੀ ਸੂਚਨਾ ਮਿਲਣ ਕਾਰਨ ਇਹ ਅਬੂਬਕਰ ਦੇ ਘਰ ‘ਸੌਰ’ ਨਾਮੀ ਕੰਦਰਾ (ਤੇਜ ਪਾਣੀ ਦੇ ਵਹਾਅ ਨਾਲ ਬਣ ਦਰਾਰ) ’ਚ ਜਾ ਲੁਕੇ। ਇਸਲਾਮ ਕਿਤਾਬਾਂ ਅਨੁਸਾਰ ਕੰਦਰਾ ’ਤੇ ਮੱਕੜੀਆਂ ਨੇ ਜਾਲ਼ਾ ਬੁਣ ਦਿੱਤਾ ਤਾਂ ਜੋ ਕੁਝ ਵਿਖਾਈ ਨਾ ਦੇਵੇ। ਤੀਜੇ ਦਿਨ ਹਜ਼ਰਤ ਜੀ ਉੱਥੋਂ ਨਿਕਲ ਕੇ ਮਦੀਨੇ ਸ਼ਹਰ ਵੱਲ ਚਲੇ ਗਏ। ਇਸ ਦਿਨ ਤੋਂ ਹਿਜਰੀ (ਭਾਵ ਮੱਕੇ ਤੋਂ ਵਿਛੁੜਨਾ) ਸੰਨ (ਕੈਲੰਡਰ) ਸ਼ੁਰੂ ਹੁੰਦਾ ਹੈ ਅਤੇ ਹਜ਼ਰਤ ਜੀ ‘ਸ਼ਬੇ ਮਿਅਰਾਜ’ (ਆਕਾਸ਼ੀ ਸਫ਼ਰ) ਲਈ ਗਏ, ਮੰਨੇ ਗਏ।

ਮਦੀਨੇ ਜਾ ਕੇ ਹਜ਼ਰਤ ਦੇ ਵਿਚਾਰਾਂ ਨਾਲ਼ ਬਹੁਤ ਸਾਰੇ ਕੁਰੈਸ਼ੀ ਸਹਿਮਤ ਹੋ ਗਏ ਤੇ ਉਹ ਮੁਸਲਮਾਨ ਬਣਨ ਲੱਗੇ। ਮੱਕੇ ਵਾਲ਼ੇ ਕੁਰੈਸ਼ੀਆਂ ਨੇ ਮਦੀਨੇ ਜਾ ਕੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਪਰ ਉਹ ਮਦੀਨੇ ਵਾਲ਼ੇ ਕੁਰੈਸ਼ੀਆਂ ਤੋਂ ਹਾਰ ਗਏ। ਕਈ ਲੜਾਈਆਂ ਹੋਈਆਂ ਜਿਨ੍ਹਾਂ ’ਚ ਕੁਰੈਸ਼ੀਆਂ ਦੇ ਸਰਦਾਰ ਤੇ ਸੈਨਾਪਤੀ ਮਾਰੇ ਗਏ। ਅਬੂ ਜੇਹਲ ਕੁਰੈਸ਼ੀ ਨੇ ਮੁਹੰਮਦ ਦੇ ਸਿਰ ਦਾ ਇਨਾਮ 100 ਊਠ ਰੱਖ ਦਿੱਤਾ, ਜਿਸ ਨੂੰ ਪੂਰਾ ਕਰਨ ਦਾ ਪ੍ਰਣ ਉਮਰ ਸਰਦਾਰ ਨੇ ਲਿਆ। ਉਮਰ ਜਦ ਮੁਹੰਮਦ ਸਾਹਿਬ ਜੀ ਨੂੰ ਮਾਰਨ ਲਈ ਭੇਸ ਬਦਲਾਅ ਮਦੀਨੇ ਗਿਆ ਤਾਂ ਇਨ੍ਹਾਂ ਨੂੰ ਕਿਹਾ ਗਿਆ ਕਿ ਤੇਰੀ ਭੈਣ ਵੀ ਮੋਮਨ ਬਣ ਚੁੱਕੀ ਹੈ, ਪਹਿਲਾਂ ਉਸ ਨੂੰ ਮਾਰ। ਉਮਰ ਆਪਣੀ ਭੈਣ ਦਾ ਕਤਲ ਕਰਨ ਗਿਆ ਪਰ ਭੈਣ ਦੇ ਸਮਝਾਉਣ ਨਾਲ਼ ਉਮਰ ਦਾ ਦਿਮਾਗ਼ ਬਦਲ ਗਿਆ ਤੇ ਇਹ ਖ਼ੁਦ ਮੁਸਲਮਾਨ ਬਣ ਗਿਆ। ਇਸ ਨਾਲ਼ ਮੁਸਲਮਾਨਾਂ ਦੀ ਸ਼ਕਤੀ ਬਹੁਤ ਵਧ ਗਈ, ਜੋ ਨਮਾਜ਼ ਛੁਪ ਕੇ ਪੜ੍ਹਦੇ ਸਨ ਹੁਣ ਉਹ ਬਾਹਰ ਨਿਕਲ ਕੇ ਪੜ੍ਹਨ ਲੱਗੇ।

ਮੁਹੰਮਦ ਸਾਹਿਬ ਨੇ ਰੂਮ ਦੇ ਈਸਾਈ ਕੈਸਰ, ਈਰਾਨ ਦੇ ਪਾਰਸੀ ਅਤੇ ਐਬੀਸੀਨੀਆ ਦੇ ਬਾਦਸ਼ਾਹ ਨੂੰ ਚਿੱਠੀਆਂ ਲਿਖੀਆਂ ਕਿ ਉਹ ਇਸਲਾਮ ਧਰਮ ਕਬੂਲ ਕਰਨ, ਪਰ ਉਨ੍ਹਾਂ ਨੇ ਗੱਲ ਨਾ ਮੰਨੀ।

(ਨੋਟ : ਅਜਿਹਾ ਖ਼ਿਆਲ ਕਿਸੇ ਪੈਗ਼ੰਬਰ ਦਾ ਨਹੀਂ, ਸਿਆਸਤਦਾਨ ਦਾ ਹੋ ਸਕਦਾ ਹੈ। ਗੁਰੂ ਨਾਨਕ ਸਾਹਿਬ ਜੀ ਵਿਚਾਰ ਚਰਚਾ ਕਰਨ ਲਈ 50-60 ਹਜ਼ਾਰ ਕਿਲੋ ਮੀਟਰ ਪੈਦਲ ਯਾਤਰਾ ’ਤੇ ਗਏ, ਨਾ ਕਿ ਚਿੱਠੀ-ਪੱਤਰ ਨਾਲ਼ ਧਮਕੀ ਦਿੱਤੀ। ਗੁਰਬਾਣੀ ਮੁਤਾਬਕ ਡਰ ਦੇਣਾ ਜਾਂ ਲੈਣਾ ਮਨ੍ਹਾ ਹੈ ‘‘ਭੈ ਕਾਹੂ ਕਉ ਦੇਤ ਨਹਿ; ਨਹਿ ਭੈ ਮਾਨਤ ਆਨ ’’ (ਮਹਲਾ /੧੪੨੭)

ਸੰਨ 630 ਈਸਵੀ ’ਚ ਹਜ਼ਰਤ ਜੀ ਨੇ 10, 000 ਮੁਸਲਮਾਨਾਂ ਸਮੇਤ ਮੱਕੇ ਉੱਤੇ ਹਮਲਾ ਕਰ ਦਿੱਤਾ, ਜਿਸ ਵਿੱਚ ਕੁਰੈਸ਼ੀ ਸਰਦਾਰਾਂ ਦਾ ਬਹੁਤ ਨੁਕਸਾਨ ਹੋਇਆ। ਕਾਬੇ ’ਚ ਸਥਿਤ 360 ਮੂਰਤੀਆਂ ਨੂੰ ਤੋੜ ਕੇ ਬਾਹਰ ਕੱਢ ਦਿੱਤਾ ਗਿਆ ਤੇ ਕੰਧਾਂ ਤੋਂ ਦੇਵਤਿਆਂ ਦੀਆਂ ਤਸਵੀਰਾਂ ਹਟਾ ਦਿੱਤੀਆਂ, ਜਿਨ੍ਹਾਂ ਦੀ ਸਦੀਆਂ ਤੋਂ ਪੂਜਾ ਹੁੰਦੀ ਆ ਰਹੀ ਸੀ। ਕਾਬੇ ਦੇ ਮੰਦਿਰ ਦਾ ਨਾਂ ਬਦਲ ਕੇ ਮਸਜਿਦ (ਮਸੀਤ) ਰੱਖ ਦਿੱਤਾ ਗਿਆ।

(ਨੋਟ : (1). ਕਾਬਾ; ਮੱਕੇ ’ਚ ਸਥਿਤ ਇੱਕ ਮੰਦਿਰ ਹੈ, ਜਿਸ ਨੂੰ ਹਜ਼ਰਤ ਆਦਮ ਨੇ ਬਣਾਇਆ, ਜੋ ਨੂਹ ਦੇ ਤੁਫ਼ਾਨ ’ਚ ਢਹਿ ਗਿਆ ਤੇ ਮੁੜ ਉਸਾਰੀ ਪੈਗ਼ੰਬਰ ਇਬਰਾਹੀਮ ਨੇ ਕਰਵਾਈ। ਇਸ ਦੀ ਇਮਾਰਤ ਨੂੰ ਮੁਹੰਮਦ ਸਾਹਿਬ ਸਮੇਤ ਕਈ ਕੁਰੈਸ਼ੀ ਸਰਦਾਰਾਂ ਨੇ ਮਿਲ ਕੇ ਸੰਨ 605 ਈਸਵੀ ’ਚ ਉੱਚਾ ਚੁੱਕਿਆ।

(2). ਆਰੀਅਨ ਲੋਕ ਮੂਰਤੀ ਪੂਜਕ ਸਨ ਜਿਨ੍ਹਾਂ ਦਾ ਪ੍ਰਭਾਵ ਇਬਰਾਨੀਆਂ ’ਤੇ ਵੀ ਸੀ। ਇਸ ਸੋਚ ਤੋਂ ਮੁਕਤੀ ਪਾਉਣ ਲਈ ਭਾਵੇਂ ਹਜ਼ਰਤ ਮੂਸਾ, ਹਜ਼ਰਤ ਈਸਾ ਤੇ ਹਜ਼ਰਤ ਮੁਹੰਮਦ ਸਾਹਿਬ ਨੇ ਸੰਘਰਸ਼ ਕੀਤਾ ਪਰ ਸਫਲਤਾ ਮੁਹੰਮਦ ਸਾਹਿਬ ਨੂੰ ਮਿਲੀ। ਆਰੀਅਨ ਲੋਕ; ਜੈਨੀ, ਬੋਧੀ, ਰਵੀਦਾਸੀਏ, ਕਬੀਰ ਪੰਥੀਏ, ਸਿੱਖਾਂ ਆਦਿ ਨੂੰ ਵੀ ਮੂਰਤੀ ਪੂਜਕ ਜਾਂ ਤਸਵੀਰ ਪੂਜਕ ਬਣਾਉਣਾ ਚਾਹੁੰਦੇ ਹਨ, ਜਿਸ ਵਿੱਚ ਉਹ ਸਫਲ ਵੀ ਹੋਏ ਭਾਵੇਂ ਕਿ ਇਨ੍ਹਾਂ ਸਭ ਦੇ ਸਿਧਾਂਤ ਵਿਰੁਧ ਹੀ ਹੈ। ਇਸ ਪੱਖੋਂ ਮੁਹੰਮਦ ਸਾਹਿਬ ਦਾ ਉਕਤ ਕਦਮ ਸਲਾਹੁਣਯੋਗ ਹੈ।)

ਜਦ ਹਜ਼ਰਤ ਮੁਹੰਮਦ ਸਾਹਿਬ ਦੀ ਉਮਰ 50 ਸਾਲ ਹੋਈ ਤਾਂ ਬੇਗਮ ‘ਖ਼ਦੀਜਾ’ ਦਾ ਦੇਹਾਂਤ ਹੋ ਗਿਆ। ਇਨ੍ਹਾਂ ਦੂਸਰੀ ਸ਼ਾਦੀ ‘ਸੋਦਾਹ’ (ਵਿਧਵਾ) ਨਾਲ਼ ਕੀਤੀ। ਤੀਜੀ ਸ਼ਾਦੀ ਅਬੂਬਕਰ ਦੀ 11 ਸਾਲ ਦੀ ਬੇਟੀ ‘ਆਇਸ਼ਾ’ ਨਾਲ਼ ਕੀਤੀ, ਜੋ ਹਜ਼ਰਤ ਸਾਹਿਬ ਦੀ ਮੌਤ ਸਮੇਂ 23 ਸਾਲ ਦੀ ਸੀ ਅਤੇ 44 ਸਾਲ ਬਾਅਦ ਤੱਕ ਜੀਵਤ ਰਹੀ। ਮੁਸਲਮਾਨਾਂ ’ਚ ਇਹ ‘ਅੰਮੁਲ ਮੋਮਨੀਨ’ (ਭਾਵ ਵਿਸ਼ਵਾਸੀਆਂ ਦੀ ਮਾਂ) ਕਰਕੇ ਪ੍ਰਸਿੱਧ ਹੈ। ਹਜ਼ਰਤ ਸਾਹਿਬ ਜੀ ਦੀ ਇੱਕ ਸ਼ਾਦੀ ਜ਼ੈਦ ਮੁਹੰਮਦ ਦੀ ਤਲਾਕ ਹੋਈ ਔਰਤ ਬੀਬੀ ‘ਜੈਕਬ’ ਨਾਲ਼ ਵੀ ਹੋਈ। ਮੁਹੰਮਦ ਸਾਹਿਬ ਦੀਆਂ ਕੁਲ 11 ਸ਼ਾਦੀਆਂ ਤੇ ਦੋ ਦਾਸੀਆਂ ਸਨ। ਬੇਗਮਾਂ ’ਚ 9 ਵਿਧਵਾ, ਇੱਕ ਕੁਆਰੀ ਤੇ ਇੱਕ ਤਲਾਕਸ਼ੁਦਾ ਔਰਤ ਸੀ। ਹਜ਼ਰਤ ਜੀ ਦੇ 7 ਬੱਚੇ ਸਨ, ਜਿਨ੍ਹਾਂ ’ਚੋਂ 5 ਛੋਟੀ ਉਮਰ ਵਿੱਚ ਹੀ ਮਰ ਗਏ ਸਨ।  8 ਜੂਨ 632 ਈਸਵੀ ਨੂੰ ਹਜ਼ਰਤ ਮੁਹੰਮਦ ਸਾਹਿਬ ਜੀ ਦਾ ਨਮੂਨੀਏ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ ਦੀ ਕੁੱਲ ਉਮਰ 63 ਵਰ੍ਹੇ ਸੀ।

ਮੁਸਲਿਮ ਵਿਸ਼ਵਾਸ ਹੈ ਕਿ ਸਾਰਾ ਕੁਰਾਨ ‘ਲੋਹੰਲਮਹਫ਼ੂਜ਼’ (ਖ਼ੁਦਾ ਦੀ ਸੁਰੱਖਿਅਤ ਤਖ਼ਤੀ, ਜਿਸ ਉੱਤੇ ਜੀਵਾਂ ਦੇ ਸ਼ੁਭ-ਅਸ਼ੁਭ ਕਰਮ ਲਿਖੇ ਰਹਿੰਦੇ ਹਨ, ਅਜਿਹੀ ਤਖ਼ਤੀ ਉੱਤੇ ਲਿਖ ਕੇ ਹੀ ਖ਼ੁਦਾ ਨੇ ਹਜ਼ਰਤ ਮੂਸਾ ਜੀ ਨੂੰ 10 ਸੰਦੇਸ਼ ਦਿੱਤੇ ਸਨ) ਤਖ਼ਤੀ ਤੋਂ ਇੱਕ ਰਾਤ ’ਚ ਦੁਨੀਆਂ ਦੇ ਆਸਮਾਨ ਉੱਤੇ ਲਿਆਂਦਾ ਗਿਆ, ਜਿੱਥੋਂ ਥੋੜ੍ਹਾ ਥੋੜ੍ਹਾ ਕਰਕੇ 23 ਸਾਲ (ਸੰਨ 610 ਤੋਂ 632 ਤੱਕ ਭਾਵ ਹਜ਼ਰਤ ਦੀ ਉਮਰ 40 ਤੋਂ 62 ਮ੍ਰਿਤੂ ਸੰਨ ਤੱਕ) ’ਚ ਹਜ਼ਰਤ ਮੁਹੰਮਦ ਸਾਹਿਬ ਉੱਤੇ (ਕਦੇ ਫ਼ਰਿਸ਼ਤੇ ਰਾਹੀਂ, ਕਦੇ ਸੁਫਨਿਆਂ ’ਚ ਤੇ ਕਦੇ ਖ਼ੁਦਾ ਵੱਲੋਂ ਸਿੱਧੀਆਂ ਆਵਾਜ਼ਾਂ ਰਾਹੀਂ) ਨਾਜ਼ਿਲ ਹੋਇਆ (ਉਤਰਿਆ)। ਗੁਰਬਾਣੀ ਸੁਫਨਿਆਂ ਨੂੰ ਸਚਾਈ ਨਹੀਂ ਮੰਨਦੀ ‘‘ਨਾਨਕ  ! ਹਰਿ ਗੁਨ ਗਾਇ ਲੈ; ਸਭ ਸੁਫਨ ਸਮਾਨਉ ’’ (ਮਹਲਾ /੭੨੭) ਅਰਥ : ਸੰਸਾਰਕ ਜੀਵਨ ਸਚਾਈ ਤੋਂ ਸੱਖਣੇ ਸੁਫਨੇ ਵਰਗਾ ਹੈ ਤਾਂ ਤੇ ਹਰੀ ਦੇ ਗੁਣ ਗਾ, ਜੋ ਸੱਚ ਹੈ, ਸਚਾਈ ਹੈ।

ਮੁਕਤੀ ਬਾਰੇ ਮੁਹੰਮਦ ਸਾਹਿਬ ਦੇ ਵਚਨ ਹਨ ਕਿ ‘ਭੁਲਾਂ ’ਤੇ ਰੋਵੋ, ਜ਼ਬਾਨ ਨੂੰ ਕਾਬੂ ਰੱਖੋ, ਇਕੱਲਿਆਂ ਨਾਲੋਂ ਸੰਗਤ ਚੰਗੀ ਪਰ ਬੁਰੀ ਸੰਗਤ ਨਾਲ਼ੋਂ ਇਕੱਲਾ ਚੰਗਾ, ਚੁੱਪ ਰਹਿਣ ਨਾਲੋਂ ਮਿੱਠੇ ਵਚਨ ਬੋਲਣੇ ਚੰਗੇ ਪਰ ਭੈੜੇ ਵਚਨਾਂ ਨਾਲੋਂ ਚੁੱਪ ਰਹਿਣਾ ਚੰਗਾ, ਗੁੱਸੇ ’ਤੇ ਕਾਬੂ ਰੱਖਣਾ, ਲਾਲਚ ਤੇ ਕੰਜੂਸੀ ਨਹੀਂ ਕਰਨੀ, ਸਹਾਇਤਾ ਲਈ ਧੰਨਵਾਦੀ ਹੋਵੋ ਤੇ ਰੱਬ ਦਾ ਸ਼ੁਕਰ ਕਰੋ, ਛੋਟਿਆਂ ਨਾਲ਼ ਪਿਆਰ ਤੇ ਵੱਡਿਆਂ ਦਾ ਸਤਿਕਾਰ ਕਰੋ, ਕਿਸੇ ਦੇ ਘਰ ਅੰਦਰ ਜਾਣ ਤੋਂ ਪਹਿਲਾਂ ਬੂਹਾ ਖੜਕਾਓ, ਕਿਸੇ ਦੀ ਚਿੱਠੀ ਉਸ ਦੀ ਮਰਜ਼ੀ ਬਗ਼ੈਰ ਨਾ ਖੋਲ੍ਹੋ’ ਆਦਿਕ।

ਉਕਤ ਵਿਸਥਾਰ-ਪੂਰਵਕ ਵਿਚਾਰ ਦਾ ਸਾਰਅੰਸ਼; ਧਰਮਾਂ ਰਾਹੀਂ ਦਿੱਤੀ ਰੂਹਾਨੀਅਤ/ਅੰਦਰੂਨੀ ਸ਼ਕਤੀ ਬਾਰੇ ਜਾਣਕਾਰੀ ਤੋਂ ਵਾਕਫ਼ ਹੋਣਾ ਹੈ, ਜਿਸ ਨਾਲ਼ ਮਨੁੱਖ ਨੇ ‘ਆਪਣੇ ਵਿਕਾਰਾਂ, ਪਰਵਾਰਿਕ ਜ਼ਿੰਮੇਵਾਰੀਆਂ, ਸਮਾਜਿਕ ਊਣਤਾਈਆਂ’ ਆਦਿ ਨਾਲ਼ ਲੜ ਕੇ ਸਫਲ ਹੋਣਾ ਤੇ ਅੰਤ ਸੁਹੇਲਾ ਕਰਨਾ ਹੈ।

ਹਜ਼ਰਤ ਮੂਸਾ ਜੀ ਨੇ ਸਮਾਜਿਕ ਸੰਘਰਸ਼ ਕਰਦਿਆਂ ਜੋ ਕੱਟੜਤਾ ਗ੍ਰਹਿਣ ਕਰ ਲਈ ਸੀ, ਈਸਾ ਮਸੀਹ ਨੇ ਉਸ ਨੂੰ ਸ਼ਾਂਤੀ ’ਚ ਤਬਦੀਲ ਕਰਨ ਦਾ ਯਤਨ ਕੀਤਾ ਪਰ ਕੁਰੈਸ਼ੀ ਕਬੀਲਿਆਂ ਨਾਲ਼ ਸੰਘਰਸ਼ ਕਰਦਿਆਂ ਹਜ਼ਰਤ ਮੁਹੰਮਦ ਸਾਹਿਬ ਸਮੇਂ ਮੁੜ ਫਿਰ ਕੱਟੜਤਾ ਦੇ ਦਰਸ਼ਨ ਹੋਣ ਲੱਗੇ ।  ਗੁਰੂ ਅਰਜਨ ਸਾਹਿਬ ਜੀ ਦੇ ਵਚਨ ‘‘ਮੁਸਲਮਾਣੁ ਮੋਮ ਦਿਲਿ ਹੋਵੈ ’’ (ਮਹਲਾ /੧੦੮੪) ਇਸ ਦੇ ਗਵਾਹ ਹਨ।

‘ਸੁੰਨੀਆਂ’ (ਸੁੰਨਤ ਦੇ ਹਮਾਇਤੀਆਂ) ਵੱਲੋਂ ਹਜ਼ਰਤ ਸਾਹਿਬ ਦੇ ਦਾਮਾਦ ‘ਅਲੀ’ ਨੂੰ ‘ਰਾਫ਼ਜ਼ੀ’ (ਭਾਵ ਝੂਠਾ) ਕਹਿਣਾ ਵੀ ਕੱਟੜਤਾਈ ਦਾ ਪ੍ਰਤੀਕ ਹੈ। ‘ਗੁਰੂ-ਸੰਗਤ’ ਬਾਰੇ ਵੀ ਇਹੀ ‘ਰਾਫ਼ਜ਼ੀ’ (ਭਾਵ ਝੂਠ ਦੀ ਦੁਕਾਨ) ਸ਼ਬਦ ਹੀ ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦ ਕਰਨ ਵਾਲ਼ੇ ‘ਸੁੰਨੀ’ ਬਾਦਸ਼ਾਹ ਜਹਾਂਗੀਰ ਨੇ ਵਰਤੇ ਸਨ।

ਆਰੀਅਨ ਲੋਕ ਆਕਾਰ ਪੂਜਕ ਸਨ, ਇਸ ਲਈ ਆਪਣੇ ਗੁਰੂ ਤੇ ਇੱਕ ਨਿਰਾਕਾਰ ਰੱਬ ’ਤੇ ਵਿਸ਼ਵਾਸ ਨਾ ਬਣਾ ਸਕੇ। ਭਗਤ ਨਾਮਦੇਵ ਜੀ ਨੇ ਇਨ੍ਹਾਂ ਲਈ ਅੰਨ੍ਹਾ ਸ਼ਬਦ ਵਰਤਿਆ ਪਰ ਇਬਰਾਨੀਆਂ (ਤੁਰਕਾਂ) ਦਾ ਪੈਗ਼ੰਬਰ ਬਾਰੇ ਪੂਰਨ ਯਕੀਨ ਹੈ ਭਾਵ ਇੱਕ ਅੱਖ ਤੋਂ ਸੁਜਾਖੇ ਹਨ ਭਾਵੇਂ ਕਿ ਖ਼ੁਦਾ ਨੂੰ ਸਰਬ ਵਿਆਪਕ ਨਾ ਮੰਨਣ ਕਾਰਨ ਇੱਕ ਅੱਖੋਂ ਕਾਣੇ ਹਨ। ਦੋਵੇਂ ਅੱਖਾਂ ਹੋਣ ਵਾਲੇ (ਗਿਆਨਵਾਨ) ਦੇ ਮੁਕਾਬਲੇ ਕਾਣਾ ਤੇ ਅੰਨ੍ਹਾ ਕੁਰਾਹੇ ਪੈਣਾ ਸੁਭਾਵਕ ਹੈ ‘‘ਹਿੰਦੂ ਅੰਨ੍ਹਾ, ਤੁਰਕੂ ਕਾਣਾ ਦੁਹਾਂ ਤੇ ਗਿਆਨੀ ਸਿਆਣਾ ’’  (ਕਿਉਂਕਿ) ਹਿੰਦੂ ਪੂਜੈ ਦੇਹੁਰਾ (ਮੰਦਿਰ), ਮੁਸਲਮਾਣੁ ਮਸੀਤਿ (ਪਰ) ਨਾਮੇ ਸੋਈ ਸੇਵਿਆ, ਜਹ (ਜਿੱਥੇ) ਦੇਹੁਰਾ ਮਸੀਤਿ ’’ (ਭਗਤ ਨਾਮਦੇਵ/੮੭੫)

ਉਕਤ ਸਮੁੱਚੀ ਵਿਚਾਰ ਦਾ ਸਾਰਅੰਸ਼ ਹੈ ਕਿ ਅਨਮੱਤਾਂ ਨੇ ‘ਧਰਮ’ ਦੀ ਵਿਆਖਿਆ ਕਰਦਿਆਂ ਮਨੁੱਖਤਾ ਨੂੰ ਬੁਰੇ ਕਰਮਾਂ ਤੋਂ ਸੰਕੋਚ ਕਰਨ ਦੀ ਸਲਾਹ ਦਿੱਤੀ ਪਰ ‘ਗੁਰੂ ਗ੍ਰੰਥ ਸਾਹਿਬ’ ਜੀ ਨੇ ਬੁਰੇ ਕਰਮਾਂ ਦਾ ਫਲ਼ ਵੀ ਸਾਮ੍ਹਣੇ ਸਿਆਂਦਾ ਤਾਂ ਜੋ ਮਨੁੱਖਤਾ ਨੂੰ ਕਮਜ਼ੋਰੀਆਂ ਦਾ ਅਹਿਸਾਸ ਕਰਵਾਇਆ ਜਾ ਸਕੇ; ਜਿਵੇਂ ਸ਼ਰਾਬ ਤੋਂ ਮਨ੍ਹਾਹੀ ਕਰਦਿਆਂ ਕਿਹਾ ‘‘ਜਿਤੁ ਪੀਤੈ, ਮਤਿ ਦੂਰਿ ਹੋਇ; ਬਰਲੁ ਪਵੈ ਵਿਚਿ ਆਇ ਆਪਣਾ ਪਰਾਇਆ ਪਛਾਣਈ; ਖਸਮਹੁ ਧਕੇ ਖਾਇ ਜਿਤੁ ਪੀਤੈ ਖਸਮੁ ਵਿਸਰੈ; ਦਰਗਹ ਮਿਲੈ ਸਜਾਇ ਝੂਠਾ ਮਦੁ (ਸ਼ਰਾਬ) ਮੂਲਿ (ਬਿਲਕੁਲ) ਪੀਚਈ, ਜੇ ਕਾ ਪਾਰਿ ਵਸਾਇ (ਭਾਵ ਜੇ ਕੁਝ ਪਾਰ ਪਾਉਣੈ ਜਾਂ ਲੰਘਣੈ) ’’ (ਮਹਲਾ /੫੫੪) ਇਸੇ ਤਰ੍ਹਾਂ ਵਿਕਾਰਾਂ ਦੇ ਦੁਰਪ੍ਰਭਾਵ ਬਾਰੇ ਕਿਹਾ ‘‘ਲਬੁ ਕੁਤਾ, ਕੂੜੁ ਚੂਹੜਾ; ਠਗਿ ਖਾਧਾ ਮੁਰਦਾਰੁ ’’ (ਮਹਲਾ /੧੫) ਭਾਵ ਲਾਲਚ ਕੁੱਤੇ ਵਰਗੈ, ਜੋ ਨਿੱਜ ਸੁਆਰਥ ਤੋਂ ਉੱਪਰ ਨਹੀਂ ਉੱਠਣ ਦੇਂਦਾ। ਝੂਠ, ਸਮਾਜਿਕ ਸਤਿਕਾਰ ਨੂੰ ਘਟਾਉਂਦੈ। ਠੱਗੀ ਮਾਰ ਖਾਣਾ, ਸਰੀਰ ਅੰਦਰੋਂ ਜ਼ਮੀਰ ਬਦਬੂ ਮਾਰੇਗੀ। ਸੋਚ ਨੂੰ ਉੱਪਰ ਚੁੱਕਣ ਦਾ ਇੱਕੋ ਤਰੀਕੈ ਕਿ ਮਨੁੱਖ; ਰੱਬ ਨੂੰ ਸਰਬ ਵਿਆਪਕ ਸਵੀਕਾਰਦਾ ਹੋਇਆ ਸਮਾਜ ਨੂੰ ਆਪਣਾ ਪਰਵਾਰ ਸਮਝੇ ਤੇ ਸ਼ੁਰਕਾਨੇ ਵਜੋਂ ਉਚਾਰੇ ‘‘ਤੂੰ ਮੇਰਾ ਪਿਤਾ; ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪੁ (ਰਿਸ਼ਤੇਦਾਰ); ਤੂੰ ਮੇਰਾ ਭ੍ਰਾਤਾ ਤੂੰ ਮੇਰਾ ਰਾਖਾ, ਸਭਨੀ ਥਾਈ; ਤਾ ਭਉ (ਡਰ) ਕੇਹਾ ਕਾੜਾ (ਕਿਹੜਾ ਫਿਕਰ) ਜੀਉ ?’’ (ਮਹਲਾ  /੧੦੩)

ਸਰਬ ਧਰਮਾਂ ਦਾ ਤੱਤ-ਸਾਰ ‘ਗੁਰੂ ਗ੍ਰੰਥ ਸਾਹਿਬ’’ (ਭਾਗ ਤੀਜਾ)