ਜੇ ਉੱਲੂ, ਸੂਰਜ ਨੂੰ ਨਹੀਂ ਦੇਖ ਸਕਦਾ ਤਾਂ ਇਸ ਵਿੱਚ ਸੂਰਜ ਦਾ ਕੀ ਕਸੂਰ ਹੈ?

0
763

ਜੇ ਉੱਲੂ, ਸੂਰਜ ਨੂੰ ਨਹੀਂ ਦੇਖ ਸਕਦਾ ਤਾਂ ਇਸ ਵਿੱਚ ਸੂਰਜ ਦਾ ਕੀ ਕਸੂਰ ਹੈ?

ਕਿਰਪਾਲ ਸਿੰਘ ਬਠਿੰਡਾ 88378-13661

ਦੁਨੀਆਂ ਵਿੱਚ ਕੁਝ ਵਿਅਕਤੀ ਕੁਝ ਵੀ ਨਹੀਂ ਜਾਣਦੇ ਹੁੰਦੇ ਪਰ ਕਿਸੇ ਨਵੀਂ ਖੋਜ ਸਬੰਧੀ ਜੇ ਉਹ ਜਾਨਣ ਦੀ ਇੱਛਾ ਰਖਦੇ ਹੋਣ ਤਾਂ ਸਮਝਾਇਆਂ ਉਹ ਬਹੁਤ ਕੁਝ ਸਮਝ ਜਾਂਦੇ ਹਨ। ਦੂਸਰੀ ਕਿਸਮ ਦੇ ਲੋਕ ਉਹ ਹੁੰਦੇ ਹਨ ਜਿਹੜੇ ਕਿਸੇ ਖੋਜ ਨੂੰ ਖ਼ੁਦ ਸਮਝਣ ਵਿੱਚ ਮਗਜ਼ ਖਪਾਈ ਤਾਂ ਨਹੀਂ ਕਰਨਾ ਚਾਹੁੰਦੇ ਪਰ ਜੇ ਬਹੁਤੇ ਵਿਦਵਾਨ ਕਿਸੇ ਖੋਜ ਨੂੰ ਲਾਹੇਵੰਦ ਦੱਸਣਾ ਸ਼ੁਰੂ ਕਰ ਦੇਣ ਤਾਂ ਉਹ ਵੀ ਮੰਨਣ ਲਈ ਤਿਆਰ ਹੋ ਜਾਂਦੇ ਹਨ। ਤੀਸਰੀ ਕਿਸਮ ਦੇ ਉਹ ਲੋਕ ਹੁੰਦੇ ਹਨ ਜਿਹੜੇ ਆਪਣੇ ਸੀਮਤ ਗਿਆਨ ਨੂੰ ਹੀ ਸਭ ਤੋਂ ਉੱਤਮ ਅਤੇ ਫਾਈਨਲ ਸਮਝਣ ਲੱਗ ਪੈਣ ਉਨ੍ਹਾਂ ਨੂੰ ਸਮਝਾਉਣ ਲਈ ਜੇ ਰੱਬ ਦਾ ਫਰੇਸ਼ਤਾ ਵੀ ਆ ਜਾਵੇ ਤਾਂ ਉਸ ਨੂੰ ਵੀ ਅਸਫਲ ਹੋ ਕੇ ਵਾਪਸ ਹੀ ਜਾਣਾ ਪਏਗਾ ਪਰ ਉਹ ਸੀਮਤ ਬੁੱਧੀ ਲੋਕ ਟੱਸ ਤੋਂ ਮੱਸ ਨਹੀਂ ਹੋਣਗੇ। ਵਿਰਦੀ ਸਾਹਿਬ ਜੀ ਇਨ੍ਹਾਂ ਵਿੱਚੋਂ ਕਿਹੜੀ ਸ਼੍ਰੇਣੀ ਵਿੱਚ ਆਉਂਦੇ ਹਨ ਇਸ ਸਬੰਧੀ ਮੈਂ ਤਾਂ ਕੋਈ ਫਤਵਾ ਨਹੀਂ ਦੇਣਾ ਚਾਹੁੰਦਾ ਪਰ ਜੇ ਇਹ ਉਹ ਖ਼ੁਦ ਦੇ ਆਪਣੇ ਆਪੇ ਦੀ ਪੜਚੋਲ ਕਰ ਕੇ ਬੁੱਝ ਲੈਣ ਤਾਂ ਜਿੱਥੇ ਉਨ੍ਹਾਂ ਦਾ ਖ਼ੁਦ ਦਾ ਲਾਭ ਹੋ ਸਕਦਾ ਹੈ ਉੱਥੇ ਕੌਮ ਨੂੰ ਵੀ ਬੇਲੋੜੇ ਵਿਵਾਦ ਤੋਂ ਕੁਝ ਰਾਹਤ ਮਿਲ ਸਕਦੀ ਹੈ। ਜਿੱਥੋਂ ਤੱਕ ਮੈਂ ਉਨ੍ਹਾਂ ਨੂੰ ਪਿਛਲੇ ਤਕਰੀਬਨ ਇੱਕ ਦਹਾਕੇ ਤੋਂ ਜਾਣਦਾ ਹਾਂ ਉਹ “ਰਥੁ ਫਿਰੈ” ਦੇ ਅਰਥ ਲੋਕਾਂ ਨੂੰ ਸਮਝਾਉਣ ਵਿੱਚ ਜਿੰਨਾ ਸਮਾਂ ਖਰਚ ਰਹੇ ਹਨ ਜੇ ਕਰ ਉਨਾਂ ਸਮਾਂ ਵੱਖ ਵੱਖ ਵਿਦਵਾਨਾਂ ਵੱਲੋਂ ਲਿਖੇ ਗੁਰਬਾਣੀ ਕੋਸ਼ ਅਤੇ ਟੀਕੇ ਪੜ੍ਹਨ ਵਿੱਚ ਖਰਚ ਲੈਂਦੇ ਤਾਂ ਉਹ ਆਪਣੀ ਪੈਦਾ ਕੀਤੀ ਉਲਝਣ ਵਿੱਚੋਂ ਨਿਕਲਣ ’ਚ ਜਰੂਰ ਸਫਲ ਹੋ ਜਾਂਦੇ। ਉਨ੍ਹਾਂ ਨੂੰ ਮੇਰੀ ਸਲਾਹ ਹੈ ਕਿ ‘ਰਥੁ ਫਿਰੈ’ ਦੇ ਅਰਥ ਸਮਝਣ ਲਈ ਹੇਠ ਲਿਖੇ ਕੋਸ਼ ਅਤੇ ਟੀਕੇ ਪੜ੍ਹ ਕੇ ਆਪਣੇ ਗਿਆਨ ਵਿੱਚ ਜਰੂਰ ਵਾਧਾ ਕਰ ਲੈਣ।

(1) ਡਾ: ਗੁਰਚਰਨ ਸਿੰਘ ਦੇ ਲਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਕੋਸ਼ ਅਨੁਸਾਰ “ਰਥੁ ਫਿਰੈ” ਦੇ ਹੇਠ ਲਿਖੇ ਅਰਥ ਹਨ:-

੧. ਫਿਰਦੀਆਂ ਹਨ/ ਫਿਰਦਾ ਹੈ- 

(i) “ ਤਿਨਾ ਪਿਛੈ ਰਿਧਿ ਸਿਧਿ ਫਿਰੈ ਓਨਾ ਤਿਲੁ ਨ ਤਮਾਇ ॥੪॥”  (ਮ:੩/੨੬)  

(ii) “ਬਿਨੁ ਸਤਿਗੁਰ ਮੁਕਤਿ ਨ ਪਾਈਐ ਮਨਮੁਖਿ ਫਿਰੈ ਦਿਵਾਨੁ ॥”  (ਮ:੩/੩੯)  

੨. ਵਾਪਸ ਮੋੜਨਾ/ਟਲਦਾ – (i) “ਧੁਰਿ ਲਿਖਿਆ ਪਰਵਾਣਾ ਫਿਰੈ ਨਾਹੀ ਗੁਰੁ ਜਾਇ ਹਰਿ ਪ੍ਰਭ ਪਾਸਿ ਜੀਉ ॥” (ਬਾਬਾ ਸੁੰਦਰ ਜੀ/੯੨੩)

(ii) “ਚੀਰੀ ਜਾ ਕੀ ਨਾ ਫਿਰੈ ਸਾਹਿਬੁ ਸੋ ਪਰਵਾਣੁ ॥” (ਮ:੨/੧੨੩੯)

੩.  ਮੁੜਦਾ, ਤੁਰਦਾ, ਘੁੰਮਦਾ, ਦਿਸ਼ਾ ਬਦਲਦਾ

(i) “ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ ॥”  (ਮ:੧/੧੧੦੮)  

(ii) “ ਭਗਤ ਜਨਾਂ ਕਉ ਦੇਹੁਰਾ ਫਿਰੈ ॥੩॥੬॥”(ਭਗਤ ਨਾਮਦੇਵ ਜੀ/੧੧੬੪)  

(2) ਮਹਾਨ ਕੋਸ਼ ਭਾਈ ਕਾਹਨ ਸਿੰਘ ਨਾਭਾ ਪੰਨਾ 1022 – “ਰਥ ਫਿਰਨਾ” :- ਸੂਰਜ ਦਾ ਦੱਖਨਾਇਣ ਉੱਤਰਾਇਨ ਹੋਣਾ।

(3)  ਫ਼ਰੀਦਕੋਟੀ ਟੀਕਾ – “ਰਥੁ ਫਿਰੈ, ਛਾਇਆ ਧਨ ਤਾਕੈ;   ਟੀਡੁ ਲਵੈ, ਮੰਝਿ ਬਾਰੇ ॥” ਦੇ ਅੱਖਰੀ ਅਰਥ:-

ਬਹੁੜੋ ਜਬ ਅਸਾੜ ਮਹੀਨੇ ਮੇਂ ਸੂਰਜ ਕਾ ਰਥ ਫਿਰਤਾ ਹੈ ਅਰਥਾਤ ਉਤ੍ਰਾਇਣ ਦਖਯਾਇਣ ਕੋ ਹੋਤਾ ਹੈ ਤਬ ਇਸਤ੍ਰੀਆਂ ਬ੍ਰਿਛਾਦਿਕੋਂ ਕੀ ਛਾਯਾ ਕੋ ਤਕਤੀ ਹੈਂ ਔਰ (ਬਾਰੇ) ਉਜਾੜੋਂ ਕੇ ਬੀਚ (ਟੀਡੁ) ਬਿੰਡੇ (ਲਵੈ) ਬੋਲਤੇ ਹੈਂ।  ਪੁਨਾ: ਅੰਤ੍ਰੀਵ ਅਰਥ: ਜਬ ਅਗ੍ਯਾਨ ਕਾ ਰਥੁ ਫਿਰਾ ਤਬ ਜਗ੍ਯਾਸੂ ਰੂਪ ਇਸਤ੍ਰੀ ਇਕਾਗਰਤਾ ਵਾ ਸਾਂਤੀ ਰੂਪ ਛਾਯਾ ਕੋ ਤਕ ਰਹੀ ਹੈਂ ਔਰ ਕਾਮ, ਕ੍ਰੋਧਾਦਿ ਬਿਕਾਰ ਰੂਪ ਬਿੰਡੇ ਅੰਤਹਿਕਰਣ ਵਾ ਸਰੀਰ ਰੂਪੀ (ਬਾਰੇ) ਉਜਾੜ ਮੇਂ ਬੋਲਤੇ ਹੈਂ, ਭਾਵ ਅਪਨੇ ਅਪਨੇ ਵਿਸ਼ਿਓਂ ਕੀ ਖੈਂਚ ਕਰਤੇ ਹੈਂ॥

(4) ਸੰਪ੍ਰਦਾਈ ਟੀਕਾ ਸੰਤ ਕਿਰਪਾਲ ਸਿੰਘ ਅੰਮ੍ਰਿਤਸਰ (ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਹ ਉਹ ਅਰਥ ਹਨ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਸੁਣਾਏ ਸਨ)। –  “ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ ॥”  ਦੇ ਅਰਥ ਕਰਦੇ ਸਮੇਂ ਲਿਖਿਆ ਹੈ – ਜਿਸ ਵੇਲੇ ਸੂਰਜ ਦਾ ਰਥ 13 ਹਾੜ ਨੂੰ ਫਿਰਦਾ ਹੈ।

ਹੁਣ ਵੀਚਾਰਨ ਯੋਗ ਗੱਲ ਇਹ ਹੈ ਕਿ:

ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਸਮੇਂ 1469 ’ਚ ਵੱਡੇ ਤੋਂ ਵੱਡਾ ਦਿਨ SOLISTICE DAY  =15/16 ਹਾੜ

ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਮੇਂ 1666-1708 ’ਚ ਵੱਡੇ ਤੋਂ ਵੱਡਾ ਦਿਨ SOLISTICE DAY =13 ਹਾੜ

ਅੱਜ ਕੱਲ ਵੱਡੇ ਤੋਂ ਵੱਡਾ ਦਿਨ SOLISTICE DAY                                = 7 ਹਾੜ

ਭਾਵ ਕੇਵਲ ਪੰਜ ਸਾਢੇ ਪੰਜ ਸੌ ਸਾਲ ਵਿੱਚ SOLISTICE DAY ਵਿੱਚ 8/9 ਦਿਨਾਂ ਦਾ ਅੰਤਰ ਪੈ ਗਿਆ ਅਤੇ ਅਸੀਂ ਹਾਲੀ ਤੱਕ ਵੀ ਆਪਣੇ ਕੈਲੰਡਰ ਵਿੱਚ ਸੋਧ ਕਰਨ ਲਈ ਤਿਆਰ ਨਹੀਂ ਹਾਂ ਜਦੋਂ ਕਿ ਗੋਰਿਆਂ ਨੇ 325 ਈਸਵੀ ਵਿੱਚ ਰੁੱਤਾਂ ਮੁਤਾਬਿਕ ਆਪਣੇ ਇਤਿਹਾਸਕ ਦਿਹਾੜੇ ਨਿਸਚਿਤ ਕੀਤੇ ਪਰ 1250 ਸਾਲ ਬਾਅਦ ਉਨ੍ਹਾਂ ਨੂੰ ਪਤਾ ਲਗਾ ਕਿ ਉਨ੍ਹਾਂ ਦੇ ਦਿਹਾੜੇ ਜਿਹੜੀਆਂ ਰੁੱਤਾਂ ਨੂੰ ਨਿਸਚਤ ਕੀਤੇ ਸਨ ਉਨ੍ਹਾਂ ਤੋਂ ਤਕਰੀਬਨ 10 ਦਿਨ ਪਹਿਲਾਂ ਹੀ ਆ ਜਾਂਦੇ ਹਨ ਅਤੇ ਜਿਹੜੇ ਦਿਨ ਰਾਤ 20/21 ਮਾਰਚ ਨੂੰ ਬਰਾਬਰ ਹੁੰਦੇ ਸਨ ਉਹ ਉਸ ਸਮੇਂ 10/11 ਮਾਰਚ ਨੂੰ ਹੋ ਜਾਂਦੇ ਸਨ ਇਸ ਲਈ ਕੈਥੋਲਿਕ ਚਰਚ ਨੂੰ ਮਾਣਤਾ ਦੇਣ ਵਾਲੇ ਦੇਸ਼ਾਂ ਨੇ 4 ਅਕਤੂਬਰ 1582 ਦਿਨ ਵੀਰਵਾਰ ਤੋਂ ਅਗਲੇ ਦਿਨ ਸ਼ੁੱਕਰਵਾਰ ਨੂੰ 5 ਅਕਤੂਬਰ ਦੀ ਵਜਾਏ 15 ਅਕਤੂਬਰ ਲਿਖ ਲਿਆ। ਇਸ ਤਰ੍ਹਾਂ ਅਕਤੂਬਰ 1582 ਦਾ ਮਹੀਨਾ ਕੇਵਲ 21 ਦਿਨਾਂ ਦਾ ਰਹਿ ਗਿਆ ਭਾਵ 10 ਤਰੀਖਾਂ ਖਤਮ ਕਰ ਕਰਕੇ ਅਤੇ ਅੱਗੇ ਤੋਂ 400 ਸਾਲ ਦੇ ਸੈੱਟ ਵਿੱਚ 100 ਲੀਪ ਦੇ ਸਾਲਾਂ ਦੀ ਬਜਾਏ 97 ਕਰ ਲਏ। ਇਸ ਸੋਧ ਨਾਲ ਸਾਲ ਦੀ ਲੰਬਾਈ 365 ਦਿਨ 6 ਘੰਟੇ ਤੋਂ ਘਟ ਕੇ 365 ਦਿਨ 5 ਘੰਟੇ 49 ਮਿੰਟ 12 ਸੈਕੰਡ ਕਰ ਲਈ ਜਿਸ ਸਦਕਾ ਇਸ ਸੋਧ ਨਾਲ ਹੁਣ ਲਗ ਭਗ 3300 ਸਾਲਾਂ ਵਿੱਚ ਮੌਸਮ ਨਾਲੋਂ ਇੱਕ ਦਿਨ ਦਾ ਫਰਕ ਪੈਂਦਾ ਹੈ ਜਦੋਂ ਕਿ ਸਾਡੇ ਵੱਲੋਂ ਅਪਣਾਏ ਬਿਕ੍ਰਮੀ ਕੈਲੰਡਰ ਵਿੱਚ ਇਹ ਤਕਰੀਬਨ 72 ਸਾਲਾਂ ਵਿੱਚ ਹੀ ਇੱਕ ਦਿਨ ਦਾ ਫਰਕ ਪੈ ਜਾਂਦਾ ਹੈ।

ਪ੍ਰੋਟੈਸਟੈਂਟ ਚਰਚ ਨੂੰ ਮੰਨਣ ਵਾਲੇ ਇੰਗਲੈਂਡ ਨੇ ਪਹਿਲਾਂ ਤਾਂ ਸਾਡੇ ਸੰਤ ਸਮਾਜ ਵਾਙ ਇਸ ਸੋਧ ਨੂੰ ਨਹੀਂ ਮੰਨਿਆ ਪਰ ਅਖੀਰ 170 ਸਾਲ ਬਾਅਦ ਸੰਨ 2 ਸਤੰਬਰ 1752 ਦਿਨ ਬੁੱਧਵਾਰ ਤੋਂ ਅਗਲੇ ਦਿਨ ਵੀਰਵਾਰ ਨੂੰ 14 ਸਤੰਬਰ ਕਰ ਲਿਆ ਭਾਵ 170 ਸਾਲਾਂ ਵਿੱਚ 1 ਦਿਨ ਦਾ ਹੋਰ ਫਰਕ ਪੈਣ ਕਰਕੇ ਉਨ੍ਹਾਂ ਨੂੰ 11 ਦਿਨ ਦੀ ਸੋਧ ਲਾਉਣੀ ਪਈ। ਭਾਰਤ ਇੰਗਲੈਂਡ ਦੇ ਅਧੀਨ ਹੋਣ ਕਰਕੇ ਭਾਰਤ ਵਿੱਚ ਵੀ ਇਹ ਸੋਧ 2 ਸਤੰਬਰ 1752 ਤੋਂ ਲਾਗੂ ਹੋਈ ਇਹੋ ਕਾਰਣ ਹੈ ਕਿ 1752 ’ਚ ਵੈਸਾਖੀ 29 ਮਾਰਚ ਨੂੰ ਆਈ ਸੀ ਪਰ ਸੋਧ ਲਾਉਣ ਪਿੱਛੋਂ ਅਗਲੀ ਵੈਸਾਖੀ 1753 ’ਚ 29+11 =40-31 =9 ਅਪ੍ਰੈਲ ਨੂੰ ਆਈ ਸੀ ਜਿਹੜੀ ਕਿ ਅੱਜ ਕੱਲ੍ਹ 13/14 ਅਪ੍ਰੈਲ ਨੂੰ ਆ ਰਹੀ ਹੈ। 

ਰੂਸ ਨੇ ਸਭ ਤੋਂ ਬਾਅਦ 31 ਜਨਵਰੀ 1918 ਨੂੰ ਇਸ ਸੋਧ ਨੂੰ ਪ੍ਰਵਾਨ ਕੀਤਾ ਤਾਂ ਉਨ੍ਹਾਂ ਨੂੰ 13 ਦਿਨਾਂ ਦੀ ਸੋਧ ਲਾਉਣੀ ਪਈ। ਇਸੇ ਤਰ੍ਹਾਂ ਕਰਨਲ ਸੁਰਜੀਤ ਸਿੰਘ ਨਿਸ਼ਾਨ, ਬੀਬੀ ਅਮਰਜੀਤ ਕੌਰ ਜਰਮਨੀ, ਗੁਰਮੀਤ ਸਿੰਘ ਆਸਟ੍ਰੇਲੀਆ, ਜਸਵੀਰ ਸਿੰਘ ਵਿਰਦੀ, ਡਾ: ਅਨੁਰਾਗ ਸਿੰਘ, ਹਰਦੇਵ ਸਿੰਘ ਜੰਮੂ ਅਤੇ ਸੰਤ ਸਮਾਜ ਆਗੂਆਂ ਦੀ ਸੀਮਤ ਬੁੱਧੀ ਕਾਰਨ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਦਾ ਮਸਲਾ ਜਿੰਨਾ ਚਿਰ ਹੋਰ ਲੇਟ ਹੋਵੇਗਾ ਉਤਨੇ ਹੀ ਜਿਆਦਾ ਦਿਨਾਂ ਦਾ ਫਰਕ ਪੈਂਦਾ ਜਾਵੇਗਾ ਪਰ ਹੁਣ ਤੱਕ ਦੇ ਤਜਰਬੇ ਦੇ ਅਧਾਰ ’ਤੇ ਮੈਂ ਕਹਿ ਸਕਦਾ ਹਾਂ ਕਿ ਕਰਨਲ ਨਿਸ਼ਾਨ ਆਦਿਕ ਵਿਦਵਾਨ 10 ਦਿਨਾਂ ਦੀ ਸੋਧ ’ਤੇ ਹੀ ਅਟਕੇ ਰਹਿਣਗੇ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ 23 ਪੋਹ/ 22 ਦਸੰਬਰ 1666 ਨੂੰ ਹੋਇਆ ਸੀ ਇਸ ਲਈ ਜੇ ਵਿਗਿਆਨਕ ਢੰਗ ਨਾਲ ਤਰੀਕ ਕੱਢੀ ਜਾਵੇ ਤਾਂ ਇਹ 1 ਜਨਵਰੀ ਬਣਦਾ ਹੈ ਜਦੋਂ ਕਿ ਪੁਰੇਵਾਲ ਵੱਲੋਂ 5 ਜਨਵਰੀ ਨਿਸਚਤ ਕਰ ਦੇਣ ਨਾਲ ਇਸ ਵਿੱਚ 4 ਦਿਨਾਂ ਦੀ ਗਲਤੀ ਹੈ।

ਵਿਰਦੀ ਸਾਹਿਬ ਸਮੇਤ ਜਿਨ੍ਹਾਂ ਦੇ ਗੁਰਬਾਣੀ ਦੇ ਗਿਆਨ ਦੀ ਪਰਖ ਤਾਂ ਉਕਤ ਲਿਖੇ ਪੰਥ ਪ੍ਰਵਾਨਤ ਵਿਦਵਾਨਾਂ ਦੀ ਲਿਖਤਾਂ ਦੀ ਕਸਵੱਟੀ ’ਤੇ ਪਰਖਿਆ ਹੀ ਜਾ ਸਕਦਾ ਹੈ ਇਨ੍ਹਾਂ ਦਾ ਖੁਗੋਲ ਵਿਗਿਆਨ (Astronomy) ਦਾ ਗਿਆਨ ਵੀ ਛੇਵੀ ਕਲਾਸ ਦੇ ਸਿਲੇਬਸ ਦੇ ਤੁਲ ਹੀ ਹੈ। ਇਨ੍ਹਾਂ ਸਾਰੇ ਵਿਦਵਾਨਾਂ ਅਤੇ ਸੰਤ ਸਮਾਜ ਦੇ ਆਗੂਆਂ ਨੂੰ ਬੇਨਤੀ ਹੈ ਕਿ ਗੁਰਬਾਣੀ ਅਤੇ ਖੁਗੋਲ ਵਿਗਿਆਨ (Astronomy) ਦੀਆਂ ਹਾਲੀ ਹੋਰ ਬਹੁਤ ਸਾਰੀਆਂ ਪੁਸਤਕਾਂ ਪੜ੍ਹਨ ਦੀ ਲੋੜ ਹੈ ਤਾਂ ਕਦੀ ਜਾ ਕੇ ਅੰਤਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਅਤੇ ਕਈ ਯੂਨੀਵਰਸਿਟੀਆਂ ਤੋਂ ਅਵਾਰਡ ਹਾਸਲ ਕਰਨ ਵਾਲੇ ਖੁਗੋਲ ਵਿਗਿਆਨੀ (Astronomer) ਸ: ਪਾਲ ਸਿੰਘ ਪੁਰੇਵਾਲ ਵੱਲੋਂ ਕੀਤੀ ਮਿਹਨਤ ਨੂੰ ਸਮਝਣ ਦੇ ਸਮਰਥ ਹੋ ਸਕਦੇ ਹਨ ਪਰ ਜਿਸ ਤਰ੍ਹਾਂ ਉਹ ਬੜੇ ਦਾਅਵੇ ਨਾਲ ਬੇਬੁਨਿਆਦ ਦੋਸ਼ ਲਾ ਰਹੇ ਹਨ ਕਿ “ਪੁਰੇਵਾਲ ਆਪਣੇ ਅਧੂਰੇ ਗਿਆਨ ਦੇ ਆਸਰੇ ਐਸਟ੍ਰੋਨੌਮੀ ਬਾਰੇ ਤਾਂ ਗ਼ਲਤ-ਬਿਆਨੀਆਂ ਕਰ ਹੀ ਰਹੇ ਹਨ, ਗੁਰਬਾਣੀ ਅਰਥਾਂ ਵਿੱਚ ਵੀ ਆਪਣਾ ਅਧੂਰਾ ਅਤੇ ਗ਼ਲਤ ਗਿਆਨ ਫਿੱਟ ਕਰਕੇ ਗੁਰਬਾਣੀ ਸੰਦੇਸ਼ ਨੂੰ ਵੀ ਦੂਸ਼ਿਤ ਕਰ ਰਹੇ ਹਨ।” ਇਸ ਤੋਂ ਇਹ ਕਹਾਵਤ ਯਾਦ ਆ ਰਹੀ ਹੈ ਕਿ ਜੇ ਉੱਲੂ ਸੂਰਜ ਨੂੰ ਨਹੀਂ ਦੇਖ ਸਕਦਾ ਤਾਂ ਇਸ ਵਿੱਚ ਸੂਰਜ ਦਾ ਕੀ ਕਸੂਰ ਹੈ?