ਜੀਵਨ ਜੁਗਤਿ (ਪਹਿਲੀ ਕਿਸ਼ਤ)
ਹੇ ਗੁਰਸਿੱਖ ! ਕਦੇ ਅੰਦਰੋਂ ਝਾਤਿ ਮਾਰਿ ਕੇ ਦੇਖ, ਆਪ ਦਾ ਗੁਰੂ ਤੇਰੇ ਜੀਵਨ ਨੂੰ ਕਿਵੇਂ ਸੁਧਾਰਦਾ ਹੈ। ਤੂੰ ਆਪਣੇ ਆਪ ਨੂੰ ਹਮੇਸ਼ਾ ਸਾਰਿਆਂ ਨਾਲੋਂ ਚੰਗਾ ਸਮਝਦਾ ਰਹਿੰਦਾ ਹੈਂ ਪਰ ਤੇਰਾ ਗੁਰੂ ਤੈਨੂੰ ਤਾਂ ਇਹ ਪਾਵਨ ਉਪਦੇਸ਼ ਦਿੰਦਾ ਹੈ, ਕਦੇ ਆਪਣੇ ਆਪ ਦਾ ਖੁਦ ਮੁਲਾਂਕਣ ਕੀਤਾ ਹੈ ਕਿ ਮੇਰਾ ਜੀਵਨ ਇਸ ਪਾਵਨ ਉਪਦੇਸ਼ ਅਨੁਸਾਰ ਬਤੀਤ ਹੋ ਰਿਹਾ ਹੈ ਜਾਂ ਆਪਣੇ ਹੀ ਅਹੰਕਾਰ ਵਿੱਚ ਜੀਵਨ ਬਤੀਤ ਕਰ ਰਿਹਾ ਹੈ।
ਮਨ ! ਤੂੰ ਮਤ ਮਾਣੁ ਕਰਹਿ, ਜਿ ਹਉ ਕਿਛੁ ਜਾਣਦਾ; ਗੁਰਮੁਖਿ ਨਿਮਾਣਾ ਹੋਹੁ ॥
ਅੰਤਰਿ ਅਗਿਆਨੁ ਹਉ ਬੁਧਿ ਹੈ; ਸਚਿ ਸਬਦਿ ਮਲੁ ਖੋਹੁ ॥
ਹੋਹੁ ਨਿਮਾਣਾ ਸਤਿਗੁਰੂ ਅਗੈ; ਮਤ ਕਿਛੁ ਆਪੁ ਲਖਾਵਹੇ ॥
ਆਪਣੈ ਅਹੰਕਾਰਿ ਜਗਤੁ ਜਲਿਆ; ਮਤ, ਤੂੰ ਆਪਣਾ ਆਪੁ ਗਵਾਵਹੇ ॥
ਨਿਮਰਤਾ ਰੱਖਣੀ ਕੀ ਹੈ ?
ਸਤਿਗੁਰ ਕੈ ਭਾਣੈ ਕਰਹਿ ਕਾਰ; ਸਤਿਗੁਰ ਕੈ ਭਾਣੈ ਲਾਗਿ ਰਹੁ ॥
ਇਉ ਕਹੈ ਨਾਨਕੁ ਆਪੁ ਛਡਿ, ਸੁਖ ਪਾਵਹਿ; ਮਨ ! ਨਿਮਾਣਾ ਹੋਇ ਰਹੁ ॥ (ਮ : ੩/੩੩੨)
ਹਮ ਨਹੀ ਚੰਗੇ; ਬੁਰਾ ਨਹੀ ਕੋਇ ॥
ਪ੍ਰਣਵਤਿ ਨਾਨਕੁ; ਤਾਰੇ ਸੋਇ ॥ (ਮ : ੧/੭੨8)
ਅਰਥ : ਨਾਨਕ ਬੇਨਤੀ ਕਰਦਾ ਹੈ ਭਾਵ ਗੁਰੂ ਨਾਨਕ ਸਾਹਿਬ ਸਾਨੂੰ ਸਮਝਾ ਰਹੇ ਹਨ ਕਿ ਪ੍ਰਭੂ ਅੱਗੇ ਇਸ ਤਰ੍ਹਾਂ ਅਰਦਾਸ ਕਰ (ਜੋ ਮਨੁੱਖ (ਹਉਮੈ ਦਾ ਤਿਆਗ ਕਰਦਾ ਹੈ ਤੇ) ਸਮਝਦਾ ਹੈ ਕਿ ਹੋਰਨਾਂ ਨਾਲੋਂ ਮੈਂ ਚੰਗਾ ਨਹੀਂ ਤੇ ਕੋਈ ਵੀ ਮੇਰੇ ਨਾਲੋਂ ਮਾੜਾ ਨਹੀਂ ਅਜਿਹੇ ਸੇਵਕਾਂ ਨੂੰ ਪ੍ਰਭੂ ਸੰਸਾਰ ਸਮੁੰਦਰ ਦੀਆਂ ਵਿਕਾਰਾਂ ਲਹਿਰਾਂ) ਤੋਂ ਪਾਰ ਲੰਘਾ ਲੈਂਦਾ ਹੈ।
ਜੀਵਨ ਜੁਗਤਿ ( ਦੂਜੀ ਕਿਸ਼ਤ)
ਹੇ ਗੁਰੂ ਦੇ ਸਿੱਖਾ ! ਆਪਣੇ ਅੰਦਰ ਝਾਤ ਮਾਰ ਕੇ ਦੇਖ, ਤੇਰਾ ਸੰਸਾਰਕ ਕਾਰ ਵਿਹਾਰ ਕੀ ਗੁਰੂ ਦੇ ਆਸ਼ੇ ਨਾਲ ਹੋ ਰਿਹਾ ਹੈ ? ਤੇਰੀ ਮਿੱਤਰਤਾ ਕਿੰਨਾਂ ਨਾਲ ਹੈ ? ਇਹ ਸਵੈ ਪੜਚੋਲ ਕਰ :
ਕਬੀਰ ! ਸਭ ਤੇ ਹਮ ਬੁਰੇ; ਹਮ ਤਜਿ, ਭਲੋ ਸਭੁ ਕੋਇ ॥
ਜਿਨਿ, ਐਸਾ ਕਰਿ ਬੂਝਿਆ; ਮੀਤੁ ਹਮਾਰਾ ਸੋਇ ॥ (ਭਗਤ ਕਬੀਰ/੧੩੬੩)
ਅਰਥ: ਕਬੀਰ ! ਸਾਰਿਆਂ ਨਾਲੋਂ ਮੈਂ ਹੀ ਮੰਦਾ ਹਾਂ। ਮੈਨੂੰ ਛੱਡ ਕੇ ਹੋਰ ਸਾਰੇ ਚੰਗੇ ਹਨ। ਜਿਹੜਾ ਕੋਈ ਇਸ ਤਰ੍ਹਾਂ ਅਨੁਭਵ ਕਰਦਾ ਹੈ, ਕੇਵਲ ਉਹ ਹੀ ਮੇਰਾ ਮਿੱਤਰ ਹੈ।
‘ਹਉਂ’ ਦੇ ਆਸਰੇ ਮਨੁੱਖ ਆਪਣੇ ਅੰਦਰ ਗੁਣ ਵੇਖਦਾ ਹੈ ਪਰ ਜਦ ‘ਹਉਂ ਮੂਆ’ ਵਾਲੀ ਗੱਲ ਬਣਦੀ ਹੈ ਤਾਂ ਪਹਿਲਾ ਸੁਭਾਅ ਬਿਲਕੁਲ ਉਲਟ ਜਾਂਦਾ ਹੈ ਤੇ ਦੂਜਿਆਂ ਵਿੱਚ ਗੁਣ ਦਿੱਸਣ ਲੱਗ ਪੈਂਦੇ ਹਨ।
ਜੀਵਨ ਜੁਗਤਿ (ਤੀਜੀ ਕਿਸ਼ਤ)
ਹੇ ਭਾਈ ! ਗੁਰੂ ਦੇ ਸਿੱਖਾ ! ਕਦੇ ਇਸ ਪਾਵਨ ਬਚਨ ਦੀ ਆਪਣੇ ਅੰਦਰ ਵੀਚਾਰ ਕੀਤੀ ਹੈ ਕਿ ਤੇਰਾ ਗੁਰੂ ਜੀਵਨ ਦਾਤਾ ਕੀ ਪਾਵਨ ਉਪਦੇਸ਼ ਦੇ ਰਿਹਾ ਹੈ ਤੇਰਾ ਨਿੱਜੀ ਜੀਵਨ ਮਰਿਆਦਾ ਕਿਵੇਂ ਬਣੀ ਹੋਈ ਹੈ ਬਸ ਇਹੀ ਅਸਲ ਜੀਵਨ ਮਨੋਰਥ ਹੈ-
ਬੰਦੇ ! ਖੋਜੁ ਦਿਲ, ਹਰ ਰੋਜ; ਨਾ ਫਿਰੁ ਪਰੇਸਾਨੀ ਮਾਹਿ ॥
ਇਹ ਜੁ ਦੁਨੀਆ ਸਿਹਰੁ ਮੇਲਾ; ਦਸਤਗੀਰੀ ਨਾਹਿ ॥੧॥ ਰਹਾਉ ॥ (ਭਗਤ ਕਬੀਰ/੭੨੭)
ਸਭੁ ਕੋਈ ਹੈ ਖਸਮ ਕਾ; ਖਸਮਹੁ ਸਭੁ ਕੋ ਹੋਇ ॥
ਹੁਕਮੁ ਪਛਾਣੈ ਖਸਮ ਕਾ; ਤਾ ਸਚੁ ਪਾਵੈ ਕੋਇ ॥
ਗੁਰਮੁਖਿ ਆਪੁ ਪਛਾਣੀਐ; ਬੁਰਾ ਨ ਦੀਸੈ ਕੋਇ ॥
ਨਾਨਕ ! ਗੁਰਮੁਖਿ ਨਾਮੁ ਧਿਆਈਐ; ਸਹਿਲਾ ਆਇਆ ਸੋਇ ॥ (ਮ : ੩/੧੨੩੩)
ਅਰਥ : ਸਾਰੇ ਹੀ ਮਾਲਕ ਦੀ ਮਲਕੀਅਤ ਹਨ ਅਤੇ ਸਾਰੇ ਮਾਲਕ ਤੋਂ ਹੀ ਉਤਪੰਨ ਹੁੰਦੇ ਹਨ। ਜੇਕਰ ਜੀਵ ਮਾਲਕ ਦੀ ਰਜ਼ਾ ਨੂੰ ਅਨੁਭਵ ਕਰ ਲਵੇ ਕੇਵਲ ਤਦ ਹੀ ਕੋਈ ਜਣਾ ਸੱਚ ਨੂੰ ਪਾ ਸਕਦਾ ਹੈ। ਗੁਰਾਂ ਦੀ ਦਇਆ ਦੁਆਰਾ, ਆਪਣੇ ਆਪ ਦੀ ਸਿੰਞਾਣ ਕਰ ਲੈਣ ਦੁਆਰਾ ਕੋਈ ਭੀ ਮਾੜਾ ਨਹੀਂ ਦਿੱਸਦਾ। ਨਾਨਕ ! ਜੋ ਕੋਈ ਭੀ, ਗੁਰਾਂ ਦੇ ਰਾਹੀਂ, ਨਾਮ ਦਾ ਸਿਮਰਨ ਕਰਦਾ ਹੈ, ਸਫਲ ਹੈ ਉਸ ਦਾ ਆਗਮਨ ਇਸ ਸੰਸਾਰ ਅੰਦਰ।
ਜੀਵਨ ਜੁਗਤਿ (ਚੌਥੀ ਕਿਸ਼ਤ)
ਆਓ, ਅੰਦਰ ਸਵੈ ਜੀਵਨ ਤੇ ਗੁਰਬਾਣੀ ਦੀ ਸਿੱਖਿਆ ਨੂੰ ਜੀਵਨ ਦੇ ਇੱਕ ਪਲੜੇ ਪਾ ਕੇ ਦੂਜੇ ਪਲੜੇ ਵਿੱਚ ਆਪਣੀ ਜਿੰਦਗੀ ਦੀ ਕਾਰ ਵਿਹਾਰ ਨੂੰ ਨਿਰਪੱਖ ਹੋ ਜੇ ਤੱਕੀਏ ਤੇ ਜੀਵਨ ਨੂੰ ਸੁਧਾਰਣ ਦੀ ਗੁਰਬਾਣੀ ਦੇ ਪਰਿਪੇਕਸ਼ ਵਿੱਚ ਵੀਚਾਰ ਕਰੀਏ
ਨਾ ਹਮ ਚੰਗੇ ਆਖੀਅਹ; ਬੁਰਾ ਨ ਦਿਸੈ ਕੋਇ ॥ (ਮ : ੧/੧੦੧੫)
ਅਰਥ : ਨਾ ਮੈਂ ਭਲਾ ਅਖਵਾ ਸਕਦਾ ਹਾਂ ਅਤੇ ਨੈ ਮੈਨੂੰ ਕੋਈ ਮਾੜਾ ਦਿਸਦਾ ਹੈ। ਨਾਨਕ ! ਜੋ ਆਪਣੀ ਸਵੈ-ਹੰਗਤਾ ਨੂੰ ਮੇਟ ਸੁੱਟਦਾ ਹੈ, ਉਹ ਸੱਚੇ ਸਾਹਿਬ ਵਰਗਾ ਹੀ ਹੈ।
ਨੋਟ : ਸ਼ਾਇਦ ਅਸੀਂ ਉਸ ਇੱਕ ਹਸਤੀ ਦੇ ਗੁਣ ਨਹੀਂ ਵਿਚਾਰਦੇ ਤੇ ਸਾਡੀ ਹਾਲਤ ਦਾ ਬਿਆਨ, ਗੁਰਬਾਣੀ ਇਸ ਤਰ੍ਹਾਂ ਕਰਦੀ ਹੈ
ਜਿਨੀ ਨਾਮੁ ਵਿਸਾਰਿਆ; ਸੇ ਕਿਤੁ ਆਏ ਸੰਸਾਰਿ ॥
ਆਗੈ ਪਾਛੈ ਸੁਖੁ ਨਹੀ; ਗਾਡੇ ਲਾਦੇ ਛਾਰੁ ॥
ਵਿਛੁੜਿਆ, ਮੇਲਾ ਨਹੀ; ਦੂਖੁ ਘਣੋ ਜਮ ਦੁਆਰਿ ॥ (ਮ : ੧/੧੦੧੦)
ਅਰਥ: ਜਿਨ੍ਹਾਂ ਨੇ ਨਾਮ ਨੂੰ ਭੁਲਾ ਦਿੱਤਾ ਹੈ, ਉਹ ਇਸ ਜਹਾਨ ਅੰਦਰ ਕਿਉਂ ਆਏ ਹਨ ? ਏਥੇ ਅਤੇ ਓਥੇ, ਉਹ ਆਰਾਮ ਨਹੀਂ ਪਾਉਂਦੇ ਆਪਣੇ ਗੱਡੇ ਉਨ੍ਹਾਂ ਨੇ ਸੁਆਹ ਨਾਲ ਭਰ ਲਏ ਹਨ। ਵਿਛੜੇ ਹੋਏ ਆਪਣੇ ਸੁਆਮੀ ਨੂੰ ਨਹੀਂ ਮਿਲਦੇ, ਪ੍ਰੰਤੂ ਮੌਤ ਦੇ ਬੂਹੇ ਉੱਤੇ ਘਣੇਰੇ ਤਸੀਹੇ ਉਠਾਉਂਦੇ ਹਨ।
ਜੀਵਨ ਜੁਗਤਿ (ਪੰਜਵੀਂ ਕਿਸ਼ਤ)
ਧ੍ਰਿਗੁ ਤਿਨਾ ਕਾ ਜੀਵਿਆ; ਜਿ ਲਿਖਿ ਲਿਖਿ ਵੇਚਹਿ ਨਾਉ ॥
ਖੇਤੀ ਜਿਨ ਕੀ ਉਜੜੈ; ਖਲਵਾੜੇ ਕਿਆ ਥਾਉ ॥
ਸਚੈ ਸਰਮੈ ਬਾਹਰੇ; ਅਗੈ ਲਹਹਿ ਨ ਦਾਦਿ ॥
ਅਕਲਿ ਏਹ ਨ ਆਖੀਐ; ਅਕਲਿ ਗਵਾਈਐ ਬਾਦਿ ॥
ਅਕਲੀ ਸਾਹਿਬੁ ਸੇਵੀਐ; ਅਕਲੀ ਪਾਈਐ ਮਾਨੁ ॥
ਅਕਲੀ ਪੜਿ੍ ਕੈ ਬੁਝੀਐ; ਅਕਲੀ ਕੀਚੈ ਦਾਨੁ ॥
ਨਾਨਕੁ ਆਖੈ ਰਾਹੁ ਏਹੁ; ਹੋਰਿ ਗਲਾਂ ਸੈਤਾਨੁ ॥ (ਮ ੩/੧੨੩੫)
ਪਦ ਅਰਥ : ਨਾਉ = (ਤਵੀਤ ਤੇ ਜੰਤ੍ਰ-ਮੰਤ੍ਰ ਆਦਿਕ ਦੀ ਸ਼ਕਲ ਵਿਚ) ਪ੍ਰਭੂ ਦਾ ਨਾਮ।, ਕਿਆ ਥਾਉ = (ਭਾਵ) ਕੋਈ ਥਾਂ ਨਹੀਂ, ਕਿਤੇ ਨਹੀਂ ਬਣਦਾ।, ਦਾਦਿ = ਕਦਰ, ਸ਼ਾਬਾਸ਼ੇ।, ਬਾਦਿ = ਵਿਅਰਥ।, ਕੀਚੈ ਦਾਨੁ = (ਉਹ ਸਮਝ) ਹੋਰਨਾਂ ਨੂੰ ਭੀ ਸਿਖਾਈਏ।
ਅਰਥ : ਜੋ ਪ੍ਰਭੂ ਦਾ ਨਾਮ ਲਿਖ-ਲਿਖ ਕੇ ਕੇਵਲ ਆਰਥਿਕ ਕਮਾਈ ਲਈ ਵੇਚਦੇ ਹਨ, ਉਨ੍ਹਾਂ ਦਾ ਜੀਵਨ ਲਾਹਨਤ ਮਾਰਿਆ ਹੈ। ਜਿਨ੍ਹਾਂ ਦੀ ਫਸਲ ਹੀ ਉਜੜ ਪੁਜੜ ਗਈ ਹੈ, ਉਨ੍ਹਾਂ ਨੂੰ ਪਿੜ ਲਈ ਕਿਹੜੀ ਜਗ੍ਹਾ ਦੀ ਲੋੜ ਹੈ ? ਜੋ ਸੱਚ ਅਤੇ ਕਰੜੀ ਘਾਲ ਤੋਂ ਸੱਖਣੇ ਹਨ, ਉਨ੍ਹਾਂ ਦੀ ਪ੍ਰਲੋਕ ਵਿੱਚ ਕਦਰ ਨਹੀਂ ਹੁੰਦੀ। ਜੋ ਅਕਲਮੰਦੀ ਬਖੇੜਿਆਂ ਵਿੱਚ ਗੁਆਈ ਜਾਵੇ ਉਹ ਕਿਸੇ ਵੀ ਤਰ੍ਹਾਂ ਸਿਆਣਪ ਨਹੀਂ ਕਹੀ ਜਾ ਸਕਦੀ। ਸੁਚੰਗੀ ਅਕਲ ਨਾਲ ਹੀ ਪ੍ਰਾਣੀ, ਸੁਆਮੀ ਦੀ ਉਸਤਤ ਰੂਪ ਘਾਲ ਕਮਾਉਂਦਾ ਹੈ ਤੇ ਸਿਆਣਪ ਰਾਹੀਂ ਹੀ ਉਸ ਨੂੰ ਇੱਜ਼ਤ, ਆਬਰੂ ਮਿਲਦੀ ਹੈ। ਅਕਲ ਰਾਹੀਂ ਬੰਦਾ ਪੜ੍ਹ ਲਿਖ ਕੇ ਉੱਚੀ ਸਮਝ ਲੈਂਦਾ ਹੈ ਅਤੇ ਅਕਲ ਨਾਲ ਹੀ ਦਾਨ ਕਰਨਾ ਚਾਹੀਦਾ ਹੈ। ਗੁਰੂ ਜੀ ਆਖਦੇ ਹਨ ਕਿ ਕੇਵਲ ਅਕਲ ਵਾਲਾ ਰਸਤਾ ਹੀ ਚੰਗਾ ਮਾਰਗ ਹੈ, ਬਾਕੀ ਸਭ ਬਕਵਾਸ ਹੈ ਭਾਵ ਕਿਸੇ ਲੇਖੇ ਜੋਖੇ ’ਚ ਨਹੀਂ ਆਉਂਦਾ।
ਅਕਲ ਇਹ ਹੈ ਪਰਮਾਤਮਾ ਦਾ ਸਿਮਰਨ ਕਰੀਏ (ਆਤਮਕ ਗੁਣਾਂ ‘ਦਇਆ, ਧਰਮ, ਸਹਜ, ਸੰਤੋਖ, ਸ਼ੀਲ ਸੰਜਮ, ਆਦਿਕ ਦੈਵੀ ਗੁਣ ਇਕੱਠੇ ਕਰਨੇ) ਇਹ ਹੈ (ਪ੍ਰਭੂ ਦੀ ਸਿਫਤ ਸਲਾਹ ਵਾਲੀ ਬਾਣੀ) ਪੜ੍ਹੀਏ (ਇਸ ਡੂੰਘੇ ਭੇਦ ਨੂੰ) ਸਮਝੀਏ ਤੇ ਹੋਰਨਾਂ ਨੂੰ ਸਮਝਾਈਏ।
ਧੰਨਵਾਦ ਸਹਿਤ
ਰਣਜੀਤ ਸਿੰਘ (ਲੁਧਿਆਣਾ)-95015-10003,79865-42061