ਜਾਤਾਂ-ਬਰਾਦਰੀਆਂ ਨੂੰ ਉਭਾਰ ਕੇ ਗੁਰੂ ਗਿਆਨ ਨੂੰ ਕਿਉਂ ਖ਼ਤਮ ਕਰ ਰਹੇ ਹਾਂ ?

0
316

ਜਾਤਾਂ-ਬਰਾਦਰੀਆਂ ਉਭਾਰ ਕੇ ਕਿਉਂ ਖ਼ਤਮ ਕਰ ਰਹੇ ਹਾਂ ਗੁਰੂ ਸਾਹਿਬਾਨ ਵੱਲੋਂ ਬਖ਼ਸ਼ੇ ਗਿਆਨ ਨੂੰ ?

ਗਿ: ਕੇਵਲ ਸਿੰਘ, ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ, ਸੰਪਰਕ : 95920-93472

ਇਤਿਹਾਸ ਦੇ ਪੰਨਿਆਂ ਤੋਂ ਗੁਰੂ ਸਾਹਿਬ ਜੀ ਦੀ ਆਮਦ ਤੋਂ ਪਹਿਲਾਂ ਦੇ ਵੇਰਵੇ ਜਦੋਂ ਪੜ੍ਹਦੇ ਹਾਂ ਤਾਂ ਉਸ ਵਕਤ ਸਮਾਜ ਮਨੂੰਵਾਦੀ ਵੀਚਾਰਧਾਰਾ ਅਧੀਨ ਬੁਰੀ ਤਰ੍ਹਾਂ ਵੰਡਿਆ ਹੋਇਆ ਪੜ੍ਹਨ ਸੁਣਨ ਵਿਚ ਆਉਂਦਾ ਹੈ। ਸੱਤਾ ’ਤੇ ਕਾਬਜ਼ ਲੋਕਾਂ ਨੇ ਅਮੀਰੀ ਤੇ ਗ਼ਰੀਬੀ ਦੀਆਂ ਡੂੰਘੀਆਂ ਲਕੀਰਾਂ ਮਾਰ ਕੇ ਇਸ ਮਨੁੱਖੀ ਸਮਾਜ ਨੂੰ ਪਾੜਿਆ ਹੋਇਆ ਸੀ। ਗੁਰੂ ਕਾਲ ਦੇ ਸਮਕਾਲੀ ਸਮੇਂ ਵਿਚ ਭਗਤੀ ਲਹਿਰ ਵੀ ਜਾਤਵਾਦ-ਪੂਜਾਰੀਵਾਦ ਦੇ ਖਿਲਾਫ਼ ਜ਼ਬਰਦਸਤ ਸੰਘਰਸ਼ ਕਰਦੀ ਹੋਈ ਮਿਲਦੀ ਹੈ। ਗੁਰੂ ਜੀ ਨੇ ਸਮਾਜ ਦੇ ਸਭ ਤੋਂ ਪਛੜੇ ਵਰਗ ਦੀ ਬਾਂਹ ਫੜੀ ਹੀ ਨਹੀਂ ਬਲਕਿ ਉਨ੍ਹਾਂ ਦੇ ਨਾਲ ਡੱਟ ਕੇ ਖਲੋਤੇ ਵੀ। ਉਨ੍ਹਾਂ ਨੂੰ ਬਰਾਬਰਤਾ ਦੇ ਹੱਕ ਦਾ ਵਾਰਸ ਬਣਾਉਣ ਲਈ ਨਿਰੰਤਰ ਸੰਘਰਸ਼ ਕਰ ਕੇ ਪੂਰਨ ਕਾਮਜਾਬੀ ਵੱਲ ਤੋਰਿਆ।

ਮਨੁੱਖ ਦੀ ਰਚਨਾ ਰੱਬ ਦੁਆਰਾ ਕੀਤੀ ਗਈ ਹੈ ਇਸ ਵਿਚ ਕਿਸੇ ਪ੍ਰਕਾਰ ਦੇ ਵਿਤਕਰੇ ਦੀ ਕੋਈ ਗੁੰਜਾਇਸ਼ ਹੈ ਹੀ ਨਹੀਂ। ਸਾਰੇ ਮਨੁੱਖ ਬਰਾਬਰ ਹਨ। ਇਨ੍ਹਾਂ ਨੂੰ ਉੱਚੇ-ਨੀਵੇਂ, ਚੰਗੇ-ਮੰਦੇ ਆਖਣ ਦਾ ਭੈੜ ਆਪੂੰ ਬਣੇ ਉੱਤਮ ਜਾਤੀ ਮਨੁੱਖਾਂ ਜਾਂ ਅਖੌਤੀ ਪੂਜਾਰੀਆਂ ਦੁਆਰਾ ਕਮਾਇਆ ਪਾਪ ਹੈ।   ਭਗਤ ਕਬੀਰ ਜੀ ਵਰਗੇ ਰੱਬੀ ਗਿਆਨ ਦੇ ਸੋਮੇ, ਪੂਰਨ ਦ੍ਰਿੜ੍ਹਤਾ ਉਪਰੰਤ ਆਪਣੀ ਆਵਾਜ਼ ਰਾਹੀਂ ਰੱਬੀ ਸੱਚ ਨੂੰ ਸਭ ਨਾਲ ਸਾਂਝਾ ਕਰਦੇ ਹੋਏ ਫ਼ੁਰਮਾ ਰਹੇ ਹਨ, ‘‘ਅਵਲਿ ਅਲਹ ਨੂਰੁ ਉਪਾਇਆ; ਕੁਦਰਤਿ ਕੇ ਸਭ ਬੰਦੇ ॥  ਏਕ ਨੂਰ ਤੇ ਸਭੁ ਜਗੁ ਉਪਜਿਆ; ਕਉਨ ਭਲੇ  ? ਕੋ ਮੰਦੇ  ?॥’’ (ਭਗਤ ਕਬੀਰ/੧੩੪੯)

ਸਾਹਿਬ ਗੁਰੂ ਨਾਨਕ ਜੀ ਵਕਤ ਦੇ ਦਬੇ ਲਿਤਾੜਿਆਂ ਤੇ ਨੀਚ ਆਖੇ ਜਾਂਦਿਆਂ ਨਾਲ ਆਪਣੀ ਸਾਂਝ ਇਨ੍ਹਾਂ ਬੋਲਾਂ ਰਾਹੀਂ ਸੰਸਾਰ ਨਾਲ ਸਾਂਝੀ ਕਰਦੇ ਹਨ, ‘‘ਨੀਚਾ ਅੰਦਰਿ ਨੀਚ ਜਾਤਿ; ਨੀਚੀ ਹੂ ਅਤਿ ਨੀਚੁ ॥  ਨਾਨਕੁ ਤਿਨ ਕੈ ਸੰਗਿ ਸਾਥਿ; ਵਡਿਆ ਸਿਉ ਕਿਆ ਰੀਸ ॥  ਜਿਥੈ ਨੀਚ ਸਮਾਲੀਅਨਿ; ਤਿਥੈ ਨਦਰਿ ਤੇਰੀ, ਬਖਸੀਸ  ! ॥’’ (ਮ: ੧/੧੫)

ਇਹ ਸੱਚ ਹੈ ਕਿ ਗੁਰੂ ਦਰ (ਘਰ) ਨੇ ਆਪਣੇ ਦਸਾਂ ਜਾਮਿਆਂ ਦੀ ਘਾਲਣਾ ਨਾਲ ਭਾਰਤ ਅੰਦਰ ਜਿਨ੍ਹਾਂ ਨੂੰ ਨੀਚ ਆਖਿਆ ਜਾਂਦਾ ਸੀ ਉਨ੍ਹਾਂ ਦੇ ਅੰਦਰੋਂ ਹੀਣ ਭਾਵਨਾ ਪੂਰੀ ਤਰ੍ਹਾਂ ਖ਼ਤਮ ਕਰ ਦਿੱਤੀ ਸੀ। ਉਨ੍ਹਾਂ ਵਿਸ਼ਵ ਪੱਧਰ ’ਤੇ ਮਨੁੱਖ ਨੂੰ ਗਿਆਨ ਦਾ ਸੱਦਾ ਦਿੱਤਾ ਸੀ, ‘‘ਜਾਣਹੁ ਜੋਤਿ, ਨ ਪੂਛਹੁ ਜਾਤੀ; ਆਗੈ ਜਾਤਿ ਨ ਹੇ ॥ (ਮ: ੧/੩੪੯) ਤਥਾ, ਜਾਤਿ ਜਨਮੁ ਨਹ ਪੂਛੀਐ; ਸਚ ਘਰੁ ਲੇਹੁ ਬਤਾਇ ॥ ਸਾ ਜਾਤਿ, ਸਾ ਪਤਿ ਹੈ; ਜੇਹੇ ਕਰਮ ਕਮਾਇ ॥’’ (ਮ: ੧/੧੩੩੦) 

ਗੁਰੂ ਜੀ ਨੇ ਖਾਲਸਾ ਪੰਥ ਨੂੰ ਜਾਤ-ਪਾਤ, ਇਲਾਕਾ, ਬਰਾਦਰੀ ਅਤੇ ਰੰਗ-ਭੇਦ ਆਦਿ ਸਭ ਤੋਂ ਉੱਪਰ ਰੱਖਿਆ ਹੈ। ਸਵਾਲ ਪੈਦਾ ਹੁੰਦਾ ਹੈ ਕਿ ਖਾਲਸਾ ਪੰਥ ਦਾ ਵਾਰਸ (ਸਿੱਖ);  ਆਪਣੇ ਸਤਿਗੁਰੂ ਜੀ ਦੀਆਂ ਸਿਖਿਆਵਾਂ ਅਤੇ ਅਮਲੀ ਵਰਤਾਰੇ ਨੂੰ ਭੁੱਲ ਕਿਉਂ ਰਿਹਾ ਹੈ ?  ਜਾਤ-ਪਾਤ ਅਤੇ ਬਰਾਦਰੀ ਭਾਈਚਾਰੇ ਆਦਿ ਦੇ ਉਹ ਕਿਹੜੇ ਵਿਤਕਰੇ ਹਨ, ਜੋ ਅੱਜ ਅਸੀਂ ਅਪਨਾ ਨਹੀਂ ਰਹੇ ਹਾਂ ?  ਜਿਹੜੀ ਸੋਚ ਤੇ ਅਮਲ; ਸਾਡੇ ਵਿਚ ਗੁਰੂ ਜੀ ਨੇ ਸਿਰਜੇ ਹਨ ਉਹ ਸਾਨੂੰ ਕਦੀ ਵੀ ਭੁੱਲਣੇ ਨਹੀਂ ਚਾਹੀਦੇ। ਉਨ੍ਹਾਂ ਦੇ ਉਲਟ ਜਾਣ ਬਾਰੇ ਤਾਂ ਸਾਨੂੰ ਸੋਚਣਾ ਵੀ ਨਹੀਂ ਚਾਹੀਦਾ।

ਅੱਜ ਸਾਡੇ ਵਿਚ ਜੱਟ, ਭਾਪੇ ਤੇ ਹੋਰ ਸ਼੍ਰੇਣੀਆਂ ਰਾਮਗੜ੍ਹੀਏ, ਕੰਬੋਅ, ਲੁਬਾਣੇ ਆਦਿ ਪਤਾ ਨਹੀਂ ਕੀ-ਕੀ ਆਣ ਵੜਿਆ ਹੈ।  ਕਈ ਜਾਤੀ ਹੰਕਾਰ ਦੇ ਕੋਠੇ ’ਤੇ ਚੜ੍ਹੇ, ਉੱਚ ਜਾਤੀ ਸਦਵਾਉਣ ਵਾਲੇ ਬ੍ਰਾਹਮਣਾਂ ਵਾਂਗ ਆਕੜ ਰਹੇ ਹਨ।  ਅਖੌਤੀ ਬਾਬਿਆਂ ਵੱਲੋਂ ਜਠੇਰਿਆਂ ਦੇ ਸਥਾਨ ਪ੍ਰਗਟ ਕਰਵਾਏ ਜਾ ਰਹੇ ਹਨ ਅਤੇ ਗੋਤਾਂ ਹੇਠ ਉਨ੍ਹਾਂ ਦੀ ਮਨੌਤ ਸ਼ਾਨੋ ਸ਼ੌਕਤ ਨਾਲ ਕੀਤੀ ਜਾ ਰਹੀ ਹੈ। ਜੀਊਂਦੇ ਜਾਗਦੇ ਜਠੇਰਿਆਂ ਦੇ ਮਨਮਤੀ ਹਾਲਾਤ ਦੇਖਦਿਆਂ ਵੀ ਫਿਰ ਪੂਜਣ ਤੁਰੇ ਹੋਏ ਹਨ।  ਸਬੂਤ ਹੈ ਕਿ ਬਜ਼ੁਰਗਾਂ ਤੋਂ ਐਨੇ ਦੁਖੀ ਵੀ ਹਨ ਕਿ ਬਿਰਧ ਘਰ ਉਹਨਾਂ ਦਾ ਟਿਕਾਣਾ ਬਣ ਰਹੇ ਹਨ। ਦੂਜਿਆਂ ਨੂੰ ਅਸੀਂ ਮਨੁੱਖ ਵੀ ਮੰਨਣ ਲਈ ਸਹੀ ਤਰ੍ਹਾਂ ਤਿਆਰ ਨਹੀਂ ਹਾਂ। ਕੀ ਹੋ ਗਿਆ ਹੈ ਸਾਨੂੰ ?  ਸਾਡੀਆਂ ਜ਼ਿੰਮੇਵਾਰ ਸੰਸਥਾਵਾਂ ਨੇ ਗੁਰੂ ਬਖ਼ਸ਼ੇ ਅਸੂਲਾਂ ਅਧੀਨ ਖ਼ੁਦ ਜੀਊਣਾ ਸੀ ਅਤੇ ਹੋਰਾਂ ਨੂੰ ਬਰਾਬਰ ਦੇ ਮਾਣ-ਸਨਮਾਨ ਦੇ ਅਧਿਕਾਰੀ ਮੰਨ ਕੇ ਗਲ਼ੇ ਵੀ ਲਾਉਣਾ ਸੀ, ਪਰ ਉਹ ਖ਼ੁਦ ਜਾਤੀਵਾਦ ਦੀ ਬੀਮਾਰੀ ਦੀਆਂ ਪੀੜਤ ਹੋ ਗਈਆਂ ਹਨ।  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋ: ਅਕਾਲੀ ਦਲ; ਗੁਰਮਤ ਦੇ ਕਿਹੜੇ ਅਸੂਲ ਦੀ ਦ੍ਰਿੜ੍ਹਤਾ ਨਾਲ ਪਹਿਰੇਦਾਰੀ ਕਰ ਸਕਦੀਆਂ ਹਨ ?

ਭਾਰਤ ਦੇਸ਼ ਦੇ ਅੰਦਰ ਬ੍ਰਾਹਮਣੀ ਵੀਚਾਰਧਾਰਾ ਦਾ ਬੋਲ-ਬਾਲਾ ਹੈ। ਇੱਥੋਂ ਦੇ ਰਾਜਨੀਤਕਾਂ ਨੂੰ 1947 ਤੋਂ ਬਾਅਦ ਖੁੱਲ੍ਹ ਕੇ ਆਪਣੇ ਬ੍ਰਾਹਮਣਪੁਣੇ ਦਾ ਪ੍ਰਚਾਰ ਕਰਨ ਦਾ ਮਸੀਂ ਮੌਕਾ ਹੱਥ ਆਇਆ ਹੈ। ਉਹ ਤਾਂ ਬੀਤੇ ਦੀ ਗੁਲਾਮੀ ਦਾ ਬਦਲਾ ਆਪਣੇ ਵਤਨ ਦੇ ਮਨੁੱਖਾਂ ਤੋਂ ਲੈਣਗੇ ਹੀ।  ਬੜੇ ਡਾਢੇ ਬਣ ਕੇ ਲੈ ਵੀ ਰਹੇ ਹਨ, ਪਰ ਅਸੀਂ ਕਿਉਂ ਗੁਰੂ ਦੀ ਵੀਚਾਰਧਾਰਾ ਨੂੰ ਪਿੱਠ ਦੇ ਕੇ ਬੇਮੁੱਖ ਹੋ ਰਹੇ ਹਾਂ ਤੇ ਬ੍ਰਾਹਮਣ ਦੇ ਪਿੱਛਲੱਗ ਹੋ ਕੇ ਕੰਮ ਕਰਨ ਵਿੱਚ ਮਾਣ ਮਹਿਸੂਸ ਕਰਦੇ ਹਾਂ ?

ਦਾਸ ਦਾ ਜਦੋਂ ਗੁਰੂ ਖਾਲਸਾ ਪੰਥ ਅੰਦਰ ਜਨਮ ਹੋਇਆ ਸੀ ਸੰਨ 1974 ਵਿਚ, ਉਦੋਂ ਪੰਜਾਂ ਪਿਆਰਿਆਂ ਦੀਆਂ ਪਿਛਲੀਆਂ ਜਾਤਾਂ ਬਰਾਦਰੀਆਂ ਕੋਈ ਨਹੀਂ ਸੀ ਜਾਣਦਾ।  ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਮਨੀ ਸਿੰਘ ਜੀ, ਭਾਈ ਮਤੀ ਦਾਸ ਜੀ ਆਦਿ ਦੀ ਪਿਛੋਕੜ ਜਾਤ ਬਰਾਦਰੀ ਦੀ ਕਦੀ ਚਰਚਾ ਵੀ ਨਹੀਂ ਸੀ ਸੁਣੀ, ਪਰ ਅੱਜ ਤਾਂ ਕਿਤਾਬਾਂ ਤੇ ਕਿਤਾਬਚੇ ਲਿਖ-ਲਿਖ ਕੇ ਜਾਂ ਸਮਾਗਮਾਂ ’ਤੇ ਭਾਸ਼ਣ ਰਾਹੀਂ ਅਸੀਂ ਦੇਸ਼ ਵਿਦੇਸ਼ ਅੰਦਰ ਖ਼ੁਦ ਵੱਖ-ਵੱਖ ਜਾਤ ਬਰਾਦਰੀਆਂ ਦੇ ਢੋਲ ਵਜਾ ਰਹੇ ਹਾਂ। ਹੈ ਨ ਕਮਾਲ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗਿਆਨ ਵੀਚਾਰਧਾਰਾ ’ਤੇ ਅਮਲ ਨਹੀਂ ਕਰ ਰਹੇ, ਵਿਰੋਧ ਵਿਚ ਖਲ੍ਹੋ ਕੇ ‘ਖਾਲਸਾ ਜੱਥੇਬੰਦੀ’ ਨੂੰ ਖੱਖੜੀ ਖੱਖੜੀ ਕਰਨ ਵਾਲਾ ਅਪਰਾਧ ਕਰਦੇ ਰੱਤੀ ਵੀ ਨਹੀਂ ਸੰਗ ਰਹੇ।

ਕਦੀ ਖ਼ਾਲਸਾ ਲੱਖਾਂ ਦੀ ਗਿਣਤੀ ਅੰਦਰ ਆਪਣੀ ਉੱਤਸੁਕਤਾ ਇਹ ਕਹਿ ਕੇ ਉਜਾਗਰ ਕਰਦਾ ਸੀ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ ਹਾਂ।  ਮੇਰੇ ਮਾਤਾ ਸਾਹਿਬ ਕੌਰ ਜੀ ਹਨ। ਮੇਰਾ ਜਨਮ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦਾ ਹੈ ਤੇ ਮੈਂ ਵਾਸੀ ਸ੍ਰੀ ਅਨੰਦਪੁਰ ਸਾਹਿਬ ਦਾ ਹਾਂ। ਸਾਨੂੰ ਫੜ੍ਹਨ ਕੁੱਟਣ ਵਾਲੇ ਸਾਡੀ ਇਸ ਤਰ੍ਹਾਂ ਦੀ ਗੁਰੂ ਬਖ਼ਸ਼ੀ ਸੋਚ ਦੀ ਪਹਿਰੇਦਾਰੀ ਤੋਂ ਤਲਮਲਾ ਜਾਇਆ ਕਰਦੇ ਸੀ।

ਪਿਛਲੇ ਦਿਨੀਂ ਇਕ ਬੜਾ ਹੀ ਮਾਰੂ ਪ੍ਰਚਾਰ ਕੀਤਾ ਗਿਆ ਕਿ ਮਿਸਲ ਕਾਲ ਮੌਕੇ ਜਾਂ ਰਿਆਸਤੀ ਰਾਜ ਪ੍ਰਬੰਧ ਵਾਲਿਆਂ ਨੇ ਦਲਿਤ ਸਿੱਖਾਂ ਨੂੰ ਸ੍ਰੀ ਦਰਬਾਰ ਸਾਹਿਬ ਅੰਦਰ ਕਤਲ ਕੀਤਾ ਸੀ।  ਸਿਆਸਤ ਕਰਨ ਵਾਲਿਆਂ ਨੇ ਉਸ ਕਤਲੇਆਮ ਨੂੰ ਬਿਨ੍ਹਾਂ ਕਿਸੇ ਸਬੂਤ ਦੇ ਦਰੁਸਤ ਮੰਨ ਕੇ ਇਕ ਪਿੰਡ ਵਿਖੇ ਉਸ ਨੂੰ ਸਮਰਪਿਤ ਹੋ ਕੇ ਸਮਾਗਮ ਵੀ ਕਰ ਲਿਆ, ਜੋ ਬੜਾ ਹੀ ਕੌਮ ਮਾਰੂ ਤੇ ਪਾੜੂ ਕੰਮ ਹੈ, ਪਰ ਅਸੀਂ ਆਪਣੇ ਗੁਰੂ ਜੀ ਦੀ ਗਿਆਨ ਵੀਚਾਰਧਾਰਾ ਨੂੰ ਪਿੱਠ ਦੇ ਕੇ ਇਸ ਮੰਦਭਾਗੇ ਕਾਰਜ ਨੂੰ ਪੰਥਕ ਕੰਮ ਮੰਨ ਕੇ ਕਰਨ ਤੁਰੇ ਹਾਂ।

ਬਹੁਤ ਵੱਡਾ ਗੁਨਾਹ ਹੈ ਜੋ ਅਸੀਂ ਆਪਣੀਆਂ ਪੀੜ੍ਹੀਆਂ ਨੂੰ ਦੇ ਰਹੇ ਹਾਂ। ਨਫ਼ਰਤ ਦੇ ਕੰਡੇ ਖਿਲਾਰ ਰਹੇ ਹਾਂ। ਸਾਡੀਆਂ ਦੁਸ਼ਮਣ ਤਾਕਤਾਂ ਸਾਡੇ ਅੰਦਰ ਵੜ ਕੇ ਆਪਣਾ ਮਤਲਬ ਸਿੱਧ ਕਰਨ ਵਿਚ ਕਾਮਯਾਬ ਹੋ ਰਹੀਆਂ ਹਨ। ਉਨ੍ਹਾਂ ਨੇ ਐਸਾ ਕਰਨ ਲਈ ਸਾਡੇ ਹੀ ਚਿਹਰੇ ਮੁਹਰੇ ਤਿਆਰ ਕਰ ਲਏ ਹਨ।

ਲੁਬਾਣਾ ਬਰਾਦਰੀ ਦਾ ਦਿਨ, ਸ਼੍ਰੋ: ਗੁ: ਪ੍ਰ: ਕਮੇਟੀ ਵੱਲੋਂ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਮਨਾ ਕੇ ਬੜੀ ਹੀ ਗਲਤ ਪਿਰਤ ਪਾ ਲਈ ਹੈ। ਹੋਰ ਦੁੱਖਦਾਈ ਇਹ ਹੈ ਕਿ ਪ੍ਰਧਾਨ ਸ਼੍ਰੋ: ਗੁ: ਪ੍ਰੰ: ਕਮੇਟੀ ਕਹਿ ਰਹੇ ਹਨ ਕਿ ਹਰ ਸਾਲ ਇਹ ਦਿਨ ਮਨਾਇਆ ਕਰਾਂਗੇ।  ਕੀ ਹੋ ਗਿਆ ਹੈ ਸਾਨੂੰ ? ਅਸੀਂ ਸਿੱਖ ਹਾਂ, ਖਾਲਸੇ ਹਾਂ, ਸਾਡੇ ਗੁਰੂ ਜੀ ਨੇ ਸਾਡੀ ਪਹਿਲੀ ਜਾਤ-ਕੁਲ ਖ਼ਤਮ ਕਰ ਦਿੱਤੀ ਹੈ, ਪਰ ਅਸੀਂ ਕਿਧਰ ਜਾ ਰਹੇ ਹਾਂ ?  ਸਾਨੂੰ ਗੁਰੂ ਜੀ ਨੇ ਢਾਈ ਸਦੀਆਂ ਦੇ ਲਗਪਗ ਸਮਾਂ ਖਰਚ ਕੇ ਇਨ੍ਹਾਂ ਕਮਜ਼ੋਰੀਆਂ ਤੋਂ ਮੁਕਤੀ ਦਿੱਤੀ ਸੀ ਤਾਂ ਜੋ ਅਸੀਂ ਕਿਸੇ ਵੀ ਤਰ੍ਹਾਂ ਮੁੜ ਜਾਤ-ਪਾਤ ਬਰਾਦਰੀ ਆਦਿ ਦੀ ਦਲ਼-ਦਲ਼ ਵਿੱਚ ਨਾ ਫਸ ਜਾਈਏ।  ਸਾਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਥਾਪ ਕੇ ਲੜ ਲਾਇਆ।  ਅੱਜ ਸ੍ਰੀ ਗੁਰੂ  ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਅਗਵਾਈ ਲੈਣੀ ਹੈ, ਅਮਲ ਕਰਨਾ ਹੈ। ਕਿਸੇ ਤਰ੍ਹਾਂ ਦੇ ਬਹਿਕਾਵੇ ਵਿਚ ਜਾਂ ਕੂੜ ਪ੍ਰਚਾਰ ਦੇ ਜੰਜਾਲ ਵਿਚ ਅਸੀਂ ਨਹੀਂ ਫਸਣਾ।  ਅਸੀਂ ਤਾਂ ਆਪਣੇ ਗੁਰੂ ਜੀ ਦਾ ਆਦੇਸ਼ ਯਾਦ ਰੱਖਣਾ ਹੈ।

ਜਬ ਲਗ ਖਾਲਸਾ ਰਹੇ ਨਿਆਰਾ॥ ਤਬ ਲਗ ਤੇਜ ਦੀਉਂ ਮੈ ਸਾਰਾ॥

ਜਬ ਇਹ ਗਹੈ ਬਿਪਰਨ ਕੀ ਰੀਤ॥ ਮੈ ਨ ਕਰੋਂ ਇਨ ਕੀ ਪ੍ਰਤੀਤ॥

ਬੜੀ ਵੱਡੀ ਲੜਾਈ ਹੈ ਜਾਤ-ਪਾਤ-ਬਰਾਦਰੀਵਾਦ ਦੇ ਖਿਲਾਫ਼, ਜਿਹੜੀ ਗੁਰੂ ਜੀ ਨੇ ਜਿੱਤ ਕੇ ਅਜਿੱਤ ਖਾਲਸੇ ਦੀ ਸਿਰਜਣਾ ਕੀਤੀ। ਅੱਜ ਸਾਡੇ ਵਿਹੜੇ ਵਿਚ ਇਹ ਬੁਰਾਈਆਂ ਬਹੁਤ ਮਜ਼ਬੂਤੀ ਨਾਲ ਪੈੜਾਂ ਪਾ ਬੈਠੀਆਂ ਹਨ। ਆਪਾਂ ਪੁੱਟਣਾ ਹੈ ਇਹਨਾਂ ਨੂੰ ਤੇ ਘਬਰਾਉਣਾ ਨਹੀਂ, ਆਪਾਂ ਜਿੱਤਾਂਗੇ ਜ਼ਰੂਰ।  ਬੱਸ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਪਾਂ ਸਨਮੁਖ ਹੋ ਕੇ ਜੀਊਣਾ ਸ਼ੁਰੂ ਕਰ ਦੇਈਏ।  ਕਈ ਤਰ੍ਹਾਂ ਦੀਆਂ ਅੜਚਨਾਂ ਹਨ।  ਸਰਕਾਰੀ ਨੀਤੀਆਂ ਜੋ ਸਮਾਜ ਨੂੰ ਪਾੜਦੀਆਂ ਤੇ ਜਾਤੀਵਾਦ ਦੀ ਹਿਮਾਇਤ ਕਰਦੀਆਂ ਹਨ। ਇਨ੍ਹਾਂ ਤੋਂ ਅਸੀਂ ਮੁਕਤ ਹੋ ਸਕਦੇ ਹਾਂ ਡੱਟ ਜਾਈਏ। ਜੇਕਰ ਅਸੀਂ ਹੁਣ ਵਾਂਗ ਸੁੱਤੇ ਜਾਂ ਅਵੇਸਲੇ ਰਹੇ ਤਾਂ ਖਾਲਸਾ ਪੰਥ ਦਾ ਸ਼ਬਦ ਰੂਪ ਤਾਂ ਕਿਤਾਬਾਂ ਦੀਆਂ ਛਾਤੀਆਂ ਤੋਂ ਪੜ ਸੁਣ ਸਕਾਂਗੇ। ਖਾਲਸਾਈ ਜਾਹੋ ਜਲਾਲ ਵਰਤਮਾਨ ਵਿਚੋਂ ਦਿਨੇ ਦੀਵੇ ਜਗਾ ਕੇ ਵੀ ਲੱਭ ਸਕਣਾ ਔਖਾ ਹੋਵੇਗਾ।