ਸਵਾਲ-ਜਵਾਬ (ਫਰਵਰੀ 2024)

0
33

ਸਵਾਲ-ਜਵਾਬ (ਫਰਵਰੀ 2024)

ਸਵਾਲ : ਸਿੱਖ ਲਈ ਦਸਤਾਰ ਪਹਿਰਾਵੇ ਦਾ ਹਿੱਸਾ ਕਦੋਂ ਬਣੀ ਹੈ ?

ਜਵਾਬ : ਦਸਤਾਰ ਨਾ ਕੇਵਲ ਸਿੱਖ ਦੇ ਪਹਿਰਾਵੇ ਦਾ ਇੱਕ ਜ਼ਰੂਰੀ ਹਿੱਸਾ ਹੈ ਸਗੋਂ ਸੰਸਾਰ ਭਰ ਵਿੱਚ ਸਿੱਖ ਦਸਤਾਰ ਕਰਕੇ ਹੀ ਸੌਖੇ ਤੌਰ ’ਤੇ ਪਹਿਚਾਨਿਆ ਭੀ ਜਾਂਦਾ ਹੈ। ਸਿੱਖੀ ਵਿੱਚ ਦਸਤਾਰ ਦੀ ਵਰਤੋਂ ਗੁਰੂ ਨਾਨਕ ਸਾਹਿਬ ਤੋਂ ਹੀ ਮੰਨੀ ਜਾਂਦੀ ਹੈ; ਗੁਰੂ ਨਾਨਕ ਸਾਹਿਬ ਖ਼ੁਦ ਦਸਤਾਰ ਸਜਾਉਂਦੇ ਸਨ ਅਤੇ ਉਨ੍ਹਾਂ ਤੋਂ ਮਗਰੋਂ ਬਾਕੀ ਗੁਰੂ ਸਾਹਿਬਾਨ ਭੀ ਦਸਤਾਰ ਸਜਾਉਂਦੇ ਰਹੇ। ਪੰਚਮ ਪਾਤਿਸਾਹ ਦੀ ਬਾਣੀ ਵਿੱਚ ਵੀ ਦਸਤਾਰ ਦਾ ਜ਼ਿਕਰ ਹੈ, ‘‘ਨਾਪਾਕ ਪਾਕੁ ਕਰਿ ਹਦੂਰਿ ਹਦੀਸਾ, ਸਾਬਤ ਸੂਰਤਿ ਦਸਤਾਰ ਸਿਰਾ ’’  ਅਰਥ : ਹੇ ਅੱਲ੍ਹਾ ਦੇ ਬੰਦੇ ! ਵਿਕਾਰੀ ਮਨ ਨੂੰ ਪਵਿੱਤਰ ਕਰ, ਇਹੀ ਹੈ ਰੱਬ ਦਾ ਮਿਲਪ ਕਰਾਉਣ ਵਾਲ਼ੀ ਸ਼ਰਹ ਦੀ ਕਿਤਾਬ। ਆਪਣੀ ਸੂਰਤ ਨੂੰ (ਸੁੰਨਤ ਤੋਂ ਬਚਾ ਕੇ) ਜਿਉਂ ਦੀ ਤਿਉਂ ਕਾਇਮ ਰੱਖ, ਇਹ ਇੱਜ਼ਤ ਦਿਲਵਾਉਣ ਵਾਲ਼ੀ ਸਿਰ ਦੀ ਦਸਤਾਰ ਬਣਦੀ ਹੈ।

ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਭਾਈ ਨੱਥਾ ਮੱਲ ਤੇ ਅਬਦੁੱਲਾ ਦੀ ਲਿਖੀ ਵਾਰ ਵਿੱਚ ਗੁਰੂ ਸਾਹਿਬ ਵੱਲੋਂ ਅਤੇ ਮੁਗਲ ਬਾਦਿਸਾਹ ਵੱਲੋਂ ਵੀ ਦਸਤਾਰ ਸਜਾਏ ਜਾਣ ਦਾ ਜ਼ਿਕਰ ਹੈ, ‘ਦੋ ਤਲਵਾਰਾਂ ਬਧੀਆਂ, ਇੱਕ ਮੀਰ ਦੀ, ਇੱਕ ਪੀਰ ਦੀ ਪੱਗ ਤੇਰੀ, ਕੀ ਜਹਾਂਗੀਰ ਦੀ ?’

ਸੰਨ 1999 ’ਚ ਅੰਮ੍ਰਿਤ ਛਕਾ ਖ਼ਾਲਸਾ ਪ੍ਰਗਟ ਕਰਨ ਸਮੇਂ; ਪੰਜ ਕਕਾਰਾਂ ਤੋਂ ਇਲਾਵਾ ਦਸਤਾਰ ਪਹਿਨਣੀ ਭੀ ਲਾਜ਼ਮੀ ਕੀਤੀ ਗਈ।

ਰਹਿਤਨਾਮਿਆਂ ’ਚ ਸਿੱਖ ਨੂੰ ਦਸਤਾਰ ਸਜਾਉਣ ਦਾ ਹੁਕਮ ਹੈ, ‘ਕੰਘਾ ਦੋਨੋਂ ਵਕਤ ਕਰ, ਪਾਗ ਚੁਣਹਿ ਕਰ ਬਾਂਧਈ।’ (ਭਾਈ ਨੰਦ ਲਾਲ ਸਿੰਘ)

ਪ੍ਰਸਾਦ ਛਕਣ ਵੇਲੇ, ਵਾਸ਼ਰੂਮ ਜਾਣ ਸਮੇਂ ਅਤੇ ਘਰ ਤੋਂ ਬਾਹਰ ਜਾਣ ਸਮੇਂ ਸਿੱਖ ਨੂੰ ਨੰਗੇ ਸਿਰ ਰਹਿਣ ਦੀ ਇਜਾਜ਼ਤ ਨਹੀਂ ‘ਪਗੜੀ ਲਾਹ ਕਰ ਸਿੱਖ ਪ੍ਰਸਾਦ ਖਾਏ ਸੋ ਤਨਖਾਈਆ।’ (ਭਾਈ ਚੌਪਾ ਸਿੰਘ)

ਅੱਜ ਕੱਲ੍ਹ ਕੁਝ ਸਿੱਖ ਨੌਜਵਾਨਾਂ ਵਿੱਚ ਦਸਤਾਰ ਦੀ ਥਾਂ ਟੋਪੀਆਂ ਪਾਉਣ ਦਾ ਰੁਝਾਨ ਵੇਖਿਆ ਜਾ ਰਿਹਾ ਹੈ, ਜੋ ਬਿਲਕੁਲ ਗਲਤ ਹੈ।

 ਸਵਾਲ :  ਅਨੰਦ ਕਾਰਜ ਵਾਲੇ ਦਿਨ ਜਦ ਬਰਾਤ ਆਉਂਦੀ ਹੈ ਤਾਂ ਅਰਦਾਸ ਤੋਂ ਪਹਿਲਾਂ ਕਿਹੜੇ ਸਬਦ ਪੜ੍ਹਨੇ ਹਨ ?

ਜਵਾਬ: ਸਿੱਖ ਰਹਿਤ ਮਰਿਆਦਾ ’ਚ ‘ਅਨੰਦ ਕਾਰਜ’ ਸਿਰਲੇਖ ਹੇਠ (ਘ) ਭਾਗ ’ਚ ਇਸ ਬਾਰੇ ਲਿਖਿਆ ਹੈ: ਜਿੰਨੇ ਥੋੜ੍ਹੇ ਆਦਮੀ ਲੜਕੀ ਵਾਲਾ ਮੰਗਾਵੇ ਉਤਨੇ ਨਾਲ ਲੈ ਕੇ ਲੜਕਾ ਸਹੁਰੇ ਘਰ ਜਾਵੇ। ਦੋਹੀਂ ਪਾਸੀਂ ਗੁਰਬਾਣੀ ਦੇ ਸ਼ਬਦ ਗਾਏ ਜਾਣ ਤੇ ‘ਫ਼ਤਿਹ’ ਗਜਾਈ ਜਾਵੇ।

ਸੋ ਸਪਸ਼ਟ ਹੈ ਕਿ ਕੋਈ ਖ਼ਾਸ ਸ਼ਬਦ ਗਾਉਣ ਦੀ ਹਦਾਇਤ ਨਹੀਂ ਅਤੇ ਉਸ ਸਮੇਂ ‘ਅਰਦਾਸ’ ਕਰਨ ਦੀ ਕੋਈ ਮਰਿਆਦਾ ਨਹੀਂ ਹੈ। ਅੱਜ ਕੱਲ੍ਹ ਬਹੁਤ ਸਾਰੀਆਂ ਸਮਾਜਿਕ ਬੁਰਾਈਆਂ ਇਸ ਕਾਰਜ ਨਾਲ ਜੋੜ ਰੱਖੀਆਂ ਹਨ; ਜਿਵੇਂ ਲੜਕੇ ਵੱਲੋਂ ਬੈਂਡ ਵਾਜੇ ਲਿਆਉਣੇ, ਮਿਲਣੀ ਦੇ ਨਾਂ ’ਤੇ ਦੋਨੋਂ ਪਰਵਾਰਾਂ ਦੇ ਵੱਖ ਵੱਖ ਮੈਂਬਰਾਂ ਦਾ ਆਪਸ ’ਚ ਮਿਲਣਾ ਅਤੇ ਕੀਮਤੀ ਤੋਹਫਿਆਂ ਦੀ ਸਾਂਝ ਕਰਨੀ, ਆਦਿ। ਇਹ ਸਾਰੇ ਕਾਰਜ ‘ਅਨੰਦ ਕਾਰਜ’ ਦੀ ਮਾਨਤਾ ਨੂੰ ਘਟਾਉਂਦੇ ਹਨ ਅਤੇ ਗੁਰਮਤ ਵਿਰੁੱਧ ਰਸਮਾਂ ਨੂੰ ਵਧੇਰੇ ਜ਼ੋਰ-ਸ਼ੋਰ ਨਾਲ਼ ਨਿਭਾਇਆ ਜਾਂਦਾ ਹੈ।

ਸਵਾਲ : ਜਪੁ ਜੀ ਸਾਹਿਬ ਦੇ ਅਖੀਰਲੇ ਸਲੋਕ ’ਚ ਕਿਹੜਾ ਸਿਧਾਂਤ ਦੱਸਿਆ ਹੈ ?

ਜਵਾਬ : ਜਪੁ ਜੀ ਸਾਹਿਬ ਦਾ ਅਖੀਰਲਾ ਸਲੋਕ ਹੈ, ‘‘ਪਵਣੁ ਗੁਰੂ, ਪਾਣੀ ਪਿਤਾ; ਮਾਤਾ ਧਰਤਿ ਮਹਤੁ ਦਿਵਸੁ ਰਾਤਿ ਦੁਇ ਦਾਈ ਦਾਇਆ; ਖੇਲੈ ਸਗਲ ਜਗਤੁ ਚੰਗਿਆਈਆ ਬੁਰਿਆਈਆ; ਵਾਚੈ ਧਰਮੁ ਹਦੂਰਿ ਕਰਮੀ ਆਪੋ ਆਪਣੀ; ਕੇ ਨੇੜੈ, ਕੇ ਦੂਰਿ ਜਿਨੀ ਨਾਮੁ ਧਿਆਇਆ; ਗਏ ਮਸਕਤਿ ਘਾਲਿ ਨਾਨਕ  ! ਤੇ ਮੁਖ ਉਜਲੇ; ਕੇਤੀ ਛੁਟੀ ਨਾਲਿ ’’  (ਜਪੁ/ਮਹਲਾ /) ਜਿਵੇਂ ਸਾਰੀ ਬਨਸਪਤੀ ਦੀ ਉਤਪਤੀ ਦਾ ਮੁੱਖ ਸ੍ਰੋਤ ਪਾਣੀ ਹੈ, ਉਸੇ ਤਰ੍ਹਾਂ ਇਸ ਜਗਤ ਦੀ ਉਤਪਤੀ ਅਕਾਲ ਪੁਰਖ ਤੋਂ ਹੋਈ ਹੈ। ਜਿਵੇਂ ਸਭ ਜੀਵਾਂ ਦੀ ਜ਼ਿੰਦਗੀ ਦਾ ਆਧਾਰ ਹਵਾ ਹੈ; ਉਸੇ ਤਰ੍ਹਾਂ ਇਹ, ਜਗਤ-ਰਚਨਾ ਦੀ ਕੂੰਜੀ ਭੀ ਹੈ। ਪ੍ਰਮਾਤਮਾ ਦਾ ਪੈਦਾ ਕੀਤਾ ਜਗਤ; ਜਿਸ ਵਿੱਚ ਬਣਾਏ ਦਿਨ ਰਾਤ ਇਕ ਰੰਗ-ਭੂਮੀ ਹੈ, ਜਿਸ ਵਿਚ ਜੀਵ ਖਿਲਾੜੀ ਆਪੋ ਆਪਣੀ ਖੇਡ ਖੇਡ ਰਹੇ ਹਨ। ਇਸ ਖੇਡ ’ਚ ਹਰੇਕ ਜੀਵ ਦੀ ਪੜਤਾਲ ਬੜੇ ਗਹੁ ਨਾਲ ਹੋ ਰਹੀ ਹੈ। ਜੋ ਨਿਰੀ ਮਾਇਆ ਦੀ ਖੇਡ, ਖੇਡ ਗਏ, ਉਹ ਪ੍ਰਭੂ ਤੋਂ ਵਿੱਥ ਪਾ ਗਏ, ਪਰ ਜਿਨ੍ਹਾਂ ਨੇ ਸਿਮਰਨ ਕਰਨ ਵਾਲ਼ੀ ਖੇਡ, ਖੇਡੀ, ਉਹ ਆਪਣੀ ਜੀਵਨ ਯਾਤਰਾ ਸਫਲ ਕਰ ਗਏ ਤੇ ਕਈ ਹੋਰ ਜੀਵਾਂ ਨੂੰ ਸੁਚੱਜੇ ਰਾਹ ਪਾ ਗਏ। ਉਹ, ਪ੍ਰਭੂ ਦੀ ਹਜ਼ੂਰੀ ਵਿਚ ਭੀ ਸੁਰਖ਼ਰੂ ਹੋ ਗਏ।

ਸਵਾਲ : ਗੁਰੂ ਅਮਰਦਾਸ ਜੀ ਨੇ ਕਿਹੜੇ ਕਿਹੜੇ ਸਮਾਜ ਸੁਧਾਰ ਦੇ ਕੰਮ ਕੀਤੇ ਹਨ ?

ਜਵਾਬ : 1. ਅਕਬਰ ਬਾਦਸ਼ਾਹ ਨੂੰ ਕਹਿ ਕੇ ਸਤੀ ਦੀ ਰਸਮ ਕਾਨੂੰਨੀ ਤੌਰ ’ਤੇ ਬੰਦ ਕਰਵਾਈ।

  1. ਔਰਤਾਂ ਦੁਆਰਾ ਘੁੰਡ ਕੱਢਣ ਦੇ ਰਿਵਾਜ ਨੂੰ ਬੰਦ ਕਰਵਾਇਆ।
  2. ਮਰਨ ਪਿੱਛੋਂ ਕੀਤੇ ਜਾਣ ਵਾਲੇ ਫੋਕਟ ਕਰਮਕਾਂਡ ਅਤੇ ਬੇਲੋੜੀਆਂ ਰਸਮਾਂ ਹਟਾਈਆਂ।
  3. ਸੁਚ ਭਿੱਟ ਤੇ ਜਾਤ ਪਾਤ ਦੇ ਵਹਿਮ ਭਰਮ ਨੂੰ ਦੂਰ ਕੀਤਾ, ਆਦਿ।

ਸਵਾਲ  : ‘ਮਹਾਨ ਕੋਸ’ ਵਿੱਚ ਬੇਬੇ ਨਾਨਕੀ ਜੀ ਬਾਰੇ ਕੀ ਲਿਖਿਆ ਹੋਇਆ ਹੈ  ?

ਜਵਾਬ : ਗੁਰੂ ਨਾਨਕ ਸਾਹਿਬ ਜੀ ਦੀ ਵੱਡੀ ਭੈਣ, ਜਿਨ੍ਹਾਂ ਦਾ ਜਨਮ ਸੰਮਤ ੧੫੨੧ (ਸੰਨ 1464) ’ਚ ਹੋਇਆ ਅਤੇ ੧੫੩੨ (ਸੰਨ 1475) ’ਚ ਦੀਵਾਨ ਜੈ ਰਾਮ ਨਾਲ਼ ਸੁਲਤਾਨਪੁਰ ਵਿਆਹੀ ਗਈ। ਬੇਬੇ ਨਾਨਕੀ; ਗੁਰੂ ਨਾਨਕ ਸਾਹਿਬ ਜੀ ਦੇ ਧਰਮ ਨੂੰ ਧਾਰਨ ਕਰਨ ਵਾਲੀ ਸਭ ਤੋਂ ਪਹਿਲੀ ਵਿਅਕਤੀ ਸੀ।

ਸਵਾਲ : ਭਾਈ ਤਾਰੂ ਸਿੰਘ ਜੀ ਦੀ ‘ਮਾਤਾ ਤੇ ਭੈਣ’ ਦਾ ਸਿੱਖ ਇਤਿਹਾਸ ਵਿੱਚ ਕੀ ਯੋਗਦਾਨ ਹੈ ?

ਜਵਾਬ : ਸਿੰਘਾਂ ਦੀ ਸੇਵਾ ਲਈ ਉਹ ਰਾਤ ਦਿਨ ਚੱਕੀ ਪੀਸ ਕੇ ਚੁੱਲ੍ਹਾ ਬਾਲ਼ ਕੇ ਲੰਗਰ ਤਿਆਰ ਰੱਖਦੀਆਂ ਸਨ।

ਸਵਾਲ : ਗੁਰਦੁਆਰਾ ਡੇਰਾ ਸਾਹਿਬ ਲਾਹੌਰ ਦਾ ਕੀ ਇਤਿਹਾਸ ਹੈ ? ਇਹ ਗੁਰਦੁਆਰਾ ਕਿੱਥੇ ਹੈ ?

ਜਵਾਬ : (ੳ) ਇਹ ਗੁਰਦੁਆਰਾ ਲਾਹੌਰ ਵਿਖੇ ਦਰਿਆ ਰਾਵੀ ਦੇ ਕੰਢੇ ’ਤੇ ਪਾਕਿਸਤਾਨ ਵਿੱਚ ਹੈ।

(ਅ)  ਇੱਥੇ ਗੁਰੂ ਅਰਜਨ ਦੇਵ ਜੀ ਨੂੰ ਭਾਰੀ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀ।

ਸਵਾਲ: ਸੁਰਤਿ, ਮਤਿ, ਮਨਿ, ਬੁਧਿ, ਕੀ ਹੁੰਦੀ ਹੈ ?

ਜਵਾਬ : ਜਪੁ ਜੀ ਸਾਹਿਬ ਦੀ 36ਵੀਂ ਪੌੜੀ ਵਿੱਚ ਇਨ੍ਹਾਂ ਦਾ ਜ਼ਿਕਰ ਮਿਲਦਾ ਹੈ, ‘‘ਸਰਮ ਖੰਡ ਕੀ ਬਾਣੀ ਰੂਪੁ ਤਿਥੈ ਘੜੀਐ; ਸੁਰਤਿ ਮਤਿ ਮਨਿ ਬੁਧਿ ..੩੬’’  (ਜਪੁ)  ਇਨ੍ਹਾਂ ਦਾ ਅੱਖਰੀ ਅਰਥ ਹੈ :

(ੳ). ਸੁਰਤਿ – ਭੂਤ ਕਾਲ ਦਾ ਗਿਆਨ।

(ਅ). ਮਤਿ – ਮਮਤਾ, ਜੋ ਪਦਾਰਥਾਂ ਨਾਲ਼ ਸੰਬੰਧ ਸਥਾਪਿਤ ਕਰ ਅਹੰਕਾਰ ਪੈਦਾ ਕਰਦੀ ਹੈ।

(ੲ). ਮਨ – ਸੰਕਲਪ ਅਤੇ ਵਿਕਲਪ ਦਾ ਸੁਮੇਲ।

(ਸ). ਬੁਧਿ- ਜਾਗਰੂਕਤਾ, ਚੰਗੇ-ਮੰਦੇ ਦੀ ਪਰਖ ਕਰਨਯੋਗ ਸ਼ਕਤੀ, ਅਕਲ ।

‘ਸਰਮਖੰਡ’ ਭਾਵ ਆਪਣੇ ਆਪ ਨਾਲ਼ ਉਦਮ/ਸਵੈ ਪੜਚੋਲ ਕਰਨ ਦੀ ਅਵਸਥਾ ਵਿੱਚ ਮਨੁੱਖ ਦੀ ਸੁਰਤ, ਮਤ ਉੱਚੀ ਹੋ ਜਾਂਦੀ ਹੈ ਅਤੇ ਮਨ ਵਿੱਚ ਚੇਤਨਾ ਆ ਜਾਂਦੀ ਹੈ ਭਾਵ ਵਿਕਲਪ/ਦੁਬਿਧਾ ਮਰ ਜਾਂਦੀ ਹੈ।

ਸਵਾਲ : ‘ਖ਼ਾਲਸਾ’ ਸ਼ਬਦ ਦਾ ਮਤਲਬ ਦੱਸੋ ਜੀ ?

ਜਵਾਬ : ਖ਼ਾਲਸਾ; ਫ਼ਾਰਸੀ, ਅਰਬੀ ਦਾ ਸ਼ਬਦ ਹੈ। ਇਸ ਦੇ ਅਰਥ ਹਨ ‘ਸ਼ੁੱਧ, ਬਿਨਾਂ ਮਿਲਾਵਟ, ਨਿਰੋਲ ਨਿਰਮਲ’, ਆਦਿ। ਗੁਰਬਾਣੀ ਵਿੱਚ ਖ਼ਾਲਸਾ ਸ਼ਬਦ ਦਾ ਹਵਾਲਾ ਭਗਤ ਕਬੀਰ ਸਾਹਿਬ ਦੀ ਬਾਣੀ ’ਚ ਇਉਂ ਹੈ, ‘‘ਪਰਿਓ ਕਾਲ ਸਭੈ ਜਗ ਊਪਰ, ਮਾਹਿ ਲਿਖੇ ਭ੍ਰਮ ਗਿਆਨੀ  ਕਹੁ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤਿ ਜਿਹ ਜਾਨੀ ’’  ਭਾਵ ਸਾਰਾ ਸੰਸਾਰ ਮੌਤ ਦੇ ਅਧੀਨ ਹੈ, ਵਿੱਚੇ ਗੁਣੀ ਗਿਆਨੀ ਲੋਕ, ਪਰ ਜਿਨ੍ਹਾਂ ਨੇ ਰੱਬ ਦੀ ਪ੍ਰੇਮ-ਭਗਤੀ ਕੀਤੀ, ਉਹ ਨਿਰਮਲ ਹੋ ਗਏ ਭਾਵ ਉਹ ਅਮਰ ਹੋ ਗਏ, ਮੌਤ ਦੇ ਡਰ ਅਧੀਨ ਨਾ ਰਹੇ।

ਸੰਨ 1699 ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੇ ਸਿੱਖਾਂ ਨੂੰ ‘ਖ਼ਾਲਸਾ’ ਐਲਾਨਿਆ ਅਤੇ ਬਚਨ ਕੀਤੇ ਕਿ ‘ਖ਼ਾਲਸਾ’ ਕੇਵਲ ਅਕਾਲ ਪੁਰਖ ਨੂੰ ਸਮਰਪਿਤ ਫ਼ੌਜ ਹੋਵੇਗਾ, ‘ਖ਼ਾਲਸਾ ਅਕਾਲ ਪੁਰਖ ਕੀ ਫੌਜ ਫੌਜ, ਪ੍ਰਗਟਿਓ ਖ਼ਾਲਸਾ ਪ੍ਰਮਾਤਮ ਕੀ ਮੌਜ

33 ਸਵੱਈਆਂ ਵਿੱਚੋਂ ਪਹਿਲੇ ਸਵਈਏ ਵਿੱਚ ਖ਼ਾਲਸੇ ਨੂੰ ਗੁਰੂ ਸਾਹਿਬ ਨੇ ਇੱਕ ਅਕਾਲ ਪੁਰਖ ਨੂੰ ਮੰਨਣ ਵਾਲਾ, ਕਰਮਕਾਂਡਾਂ ਤੋਂ ਰਹਿਤ, ਕੇਵਲ ਇੱਕ ਅਕਾਲ ਪੁਰਖ ਦੇ ਲੜ ਲੱਗ ਕੇ ਕਿਸੇ ਹੋਰ ਦੀ ਉਪਾਸ਼ਨਾ ਨਾ ਕਰਨ ਵਾਲਾ, ਸ਼ੁੱਧ ਇਨਸਾਨ ਆਖਿਆ ਹੈ; ਜਿਵੇਂ ਕਿ ਬਚਨ ਹਨ :

ਜਾਗਤਿ ਜੋਤਿ ਜਪੈ ਨਿਸ ਬਾਸੁਰ; ਏਕ ਬਿਨਾ, ਮਨ ਨੈਕ ਆਨੈ

ਪੂਰਨ ਪ੍ਰੇਮ ਪ੍ਰਤੀਤ ਸਜੈ; ਬਰਤ ਗੌਰ ਮੜੀ ਮਟ ਭੂਲ ਮਾਨੈ

ਤੀਰਥ ਦਾਨ ਦਇਆ ਤਪ ਸੰਜਮ; ਏਕ ਬਿਨਾ ਨਹ ਏਕੁ ਪਛਾਨੈ

ਪੂਰਨ ਜੋਤ ਜਗੈ ਘਟ ਮੈ ਤਬ; ਖਾਲਸ ਤਾਹਿ ਨਖਾਲਸ ਜਾਨੈ

ਸਵਾਲ : ਗੁਰਦੁਆਰੇ ਦੇ ਪ੍ਰਬੰਧ ਵਿੱਚ ਹਰ ਸਿੱਖ ਦਾ ਕੀ ਫ਼ਰਜ਼ ਬਣਦਾ ਹੈ ?

ਜਵਾਬ : ਸਿੱਖ ਦਾ ਫ਼ਰਜ਼ ਬਣਦਾ ਹੈ ਕਿ ਇਹ ਵੇਖੀਏ ਕਿ ਗੁਰਦੁਆਰੇ ਵਿੱਚ ਗੁਰਮਤਿ ਦਾ ਹੀ ਪ੍ਰਚਾਰ ਹੁੰਦਾ ਹੈ ਜਾਂ ਮਨਮਤਿ ਦਾ ਕਿਉਂਕਿ ਗੁਰਦੁਆਰੇ ਗੁਰੂ ਸਿਧਾਂਤ ਦੇ ਵਿਚਾਰ-ਵਟਾਂਦਰੇ ਅਤੇ ਉਸ ਅਨੁਸਾਰ ਕਾਰਜ ਕਰਨ ਲਈ ਬਣਾਏ ਗਏ ਹਨ; ਜਿਵੇਂ ਕਿ ਗੁਰਦੁਆਰੇ ਅੰਦਰ ਗੁਰਮਤਿ ਸਮਾਗਮ, ਲੰਗਰ, ਸਰਾਵਾਂ, ਸਕੂਲ, ਦਵਾ-ਘਰ, ਲਾਇਬ੍ਰੇਰੀ ਆਦਿ ਦਾ ਕੋਈ ਪ੍ਰਬੰਧ ਹੈ ਅਤੇ ਕੀ ਗੁਰੂ ਦੀ ਗੋਲਕ ਨਾਲ਼ ਕਿਸੇ ਲੋੜਵੰਦ ਦੀ ਮਦਦ ਹੁੰਦੀ ਹੈ ਜਾਂ ਪ੍ਰਬੰਧਕ ਨਿਰਾ ਆਪਣੇ ਹਿੱਤਾਂ ਲਈ ਗੋਲਕ ਨੂੰ ਤਾਂ ਨਹੀਂ ਖ਼ਰਚ ਰਹੇ।

ਸਵਾਲ : ਕੀ ਗ਼ੈਰ ਸਿੱਖ ਨੂੰ ਸੰਗਤ ਵਿੱਚ ਕੀਰਤਨ ਕਰਨ ਦੀ ਆਗਿਆ ਦਿੱਤੀ ਜਾ ਸਕਦੀ ਹੈ ?

ਜਵਾਬ : ਮਰਿਆਦਾ ਅਨੁਸਾਰ ਸੰਗਤ ’ਚ ਕਥਾ/ਕੀਰਤਨ ਕਰਨ ਦਾ ਅਧਿਕਾਰ ਕੇਵਲ ਸਿੱਖ ਨੂੰ ਹੈ ਕਿਉਂਕਿ ਜੋ ਆਪ ਸਿੱਖ ਨਹੀਂ, ਉਹ ਸੰਗਤ ਉੱਤੇ ਸਿੱਖੀ ਦਾ ਪ੍ਰਭਾਵ ਨਹੀਂ ਪਾ ਸਕਦਾ। ਇਸ ਲਈ ਗ਼ੈਰ ਸਿੱਖ; ਗੁਰੂ ਘਰ ਦੀ ਸਟੇਜ ’ਤੇ ਬੈਠ ਕੇ ਕੀਰਤਨ ਜਾਂ ਕਥਾ ਨਹੀਂ ਕਰ ਸਕਦਾ।

ਸਵਾਲ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਵੇਲੇ ਮਾਇਆ ਨਾਲ਼ ਕਿਹੜੀ ਸੇਵਾ ਕੀਤੀ ਜਾਣੀ ਯੋਗ ਹੈ ?

ਜਵਾਬ : ਆਮ ਤੌਰ ’ਤੇ ਰਿਵਾਜ਼ ਬਣ ਚੁੱਕਾ ਹੈ ਕਿ ਸਹਿਜ ਪਾਠ ਜਾਂ ਅਖੰਡ ਪਾਠ ਦੇ ਭੋਗ ਸਮੇਂ ਰੁਮਾਲਾ ਸਾਹਿਬ ਭੇਟਾ ਕਰਨਾ ਜ਼ਰੂਰੀ ਸਮਝਿਆ ਜਾਂਦਾ ਹੈ। ਕਈ ਸਥਾਨਾਂ ਖ਼ਾਸ ਕਰਕੇ ਇਤਿਹਾਸਕ ਗੁਰਦੁਆਰਿਆਂ ਵਿੱਚ ਲੋੜ ਤੋਂ ਵੱਧ ਵੱਡੀ ਗਿਣਤੀ ’ਚ ਰੁਮਾਲੇ ਭੇਟ ਹੋ ਜਾਂਦੇ ਹਨ, ਜਿਨ੍ਹਾਂ ਨੂੰ ਸੰਭਾਲਣਾ ਭੀ ਮੁਸ਼ਕਲ ਹੋ ਗਿਆ ਹੈ। ਕਈ ਵਾਰ ਤਾਂ ਅਗਨੀਭੇਟ ਕਰਨ ਦੀ ਨੌਬਤ ਆ ਜਾਂਦੀ ਹੈ। ਜਿਹੜੀ ਕਿ ਆਪਣੇ ਆਪ ’ਚ ਇੱਕ ਬੇਅਦਬੀ ਅਤੇ ਪੈਸੇ ਦੀ ਬਰਬਾਦੀ ਹੈ। ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਸ਼ਬਦ ‘‘ਅਕਲੀ ਸਾਹਿਬੁ ਸੇਵੀਐ; ਅਕਲੀ ਪਾਈਐ ਮਾਨੁ ਅਕਲੀ ਪੜਿ੍ ਕੈ ਬੁਝੀਐ; ਅਕਲੀ ਕੀਚੈ ਦਾਨੁ ਨਾਨਕੁ ਆਖੈ ਰਾਹੁ ਏਹੁ; ਹੋਰਿ ਗਲਾਂ ਸੈਤਾਨੁ ’’ (ਮਹਲਾ /੧੨੪੫) ਤੋਂ ਸੇਧ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਲੋੜ ਅਨੁਸਾਰ ਰੁਮਾਲੇ (ਪਲਕਾਂ ਸਮੇਤ) ਚੌਰ, ਚਾਨਣੀ, ਆਦਿ ਭੇਟ ਜਾਂ ਪੰਥਕ ਕਾਰਜਾਂ ਲਈ ਜਥਾ ਸਕਤਿ ਮਾਇਆ ਅਰਦਾਸ ਕਰਾਈ ਜਾਵੇ।

ਸਵਾਲ : ਜੇਕਰ ਸੰਗਤ ਵਿੱਚ ਇੱਕ ਵਾਰੀ ਆਨੰਦ ਸਾਹਿਬ ਦਾ ਪਾਠ ਹੋਣ ਮਗਰੋਂ ਫਿਰ ਕੜਾਹ ਪ੍ਰਸਾਦ ਦੀ ਦੇਗ਼ ਆ ਜਾਵੇ ਤਾਂ ਕੀ ਅਨੰਦ ਸਾਹਿਬ ਦਾ ਪਾਠ ਦੁਬਾਰਾ ਕਰਨਾ ਜ਼ਰੂਰੀ ਹੈ ?

ਜਵਾਬ : ਜੇ ਵੱਡੇ ਸਮਾਗਮਾਂ ਜਾਂ ਇਤਿਹਾਸਕ ਗੁਰਦੁਆਰਿਆਂ, ਜਿੱਥੇ ਸੰਗਤ ਦੀ ਆਵਾਜਾਈ ਵੱਧ ਹੋਣ ਕਾਰਨ ਕੜਾਹ ਪ੍ਰਸ਼ਾਦ ਦੀ ਦੇਗ਼ ਇੱਕ ਤੋਂ ਵੱਧ ਵਾਰ ਤਿਆਰ ਕਰਕੇ ਲਿਆਉਣ ਦੀ ਲੋੜ ਪੈ ਜਾਵੇ ਤਾਂ ਜੇ ਇੱਕ ਵਾਰ ਕੜਾਹ ਪ੍ਰਸ਼ਾਦ ਆਉਣ ’ਤੇ ਆਨੰਦ ਸਾਹਿਬ ਦਾ ਪਾਠ ਹੋ ਚੁੱਕਾ ਹੋਵੇ ਤਾਂ ਮੁੜ ਮੁੜ ਕਰਨ ਦੀ ਲੋੜ ਨਹੀਂ, ਕੇਵਲ ਕਿਰਪਾਨ ਭੇਂਟ ਕਰਨਾ ਹੀ ਕਾਫ਼ੀ ਹੈ।

ਸਵਾਲ : ਕੀ ‘ਅਨੰਦ ਕਾਰਜ’ ਸਮੇਂ ਲੜਕਾ ਲੜਕੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪਰਿਕਰਮਾ ਕਰਨੀਆਂ ਜ਼ਰੂਰੀ ਹਨ ?

ਜਵਾਬ : ‘ਆਨੰਦ ਕਾਰਜ’ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠਾ ਗ੍ਰੰਥੀ ਸਿੰਘ ‘ਸੂਹੀ ਮਹਲਾ ੪’ ਵਿੱਚ ਦਰਜ ੪ ਲਾਵਾਂ ਦਾ ਇੱਕ ਇੱਕ ਕਰਕੇ ਪਾਠ ਕਰੇ। ਜਦ ਪਾਠੀ ਸਿੰਘ ਇੱਕ ਲਾਂਵ ਦਾ ਪਾਠ ਸੁਣਾਵੇ ਤਾਂ ਲੜਕਾ ਲੜਕੀ ਅਦਬ ਸਹਿਤ ਖੜ੍ਹ ਕੇ ਪਾਠ ਸ਼੍ਰਵਣ ਕਰਨ। ਲਾਂਵ ਦਾ ਪਾਠ ਸਮਾਪਤ ਹੋਣ ’ਤੇ ਰਾਗੀ ਸਿੰਘ ਉਸੇ ਲਾਂਵ ਦਾ ਕੀਰਤਨ ਕਰਨ ਤਾਂ ਉਸ ਵੇਲੇ ਲੜਕਾ ਲੜਕੀ ਅਦਬ ਸਹਿਤ ਮੱਥਾ ਟੇਕ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪ੍ਰਕਰਮਾਂ ਕਰਨ ਅਤੇ ਕੀਰਤਨ ਦੀ ਸਮਾਪਤੀ ’ਤੇ ਪਰਿਕਰਮਾ ਪੂਰੀ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਅਗਲੀ ਲਾਂਵ ਸੁਣਨ ਲਈ ਬੈਠ ਜਾਣ। ਹਰ ਵਾਰ ਪਰਿਕਰਮਾ ਕਰਨੀਆਂ ਅਤੇ ਮੱਥਾ ਟੇਕਣਾ ਅਤੀ ਜ਼ਰੂਰੀ ਹੈ। ਇਸ ਦਾ ਭਾਵ ਹੈ ਕਿ ਸਤਿਗੁਰੂ ਜੀ ਵੱਲੋਂ ਹਰ ਲਾਂਵ ਰਾਹੀਂ ਦਿੱਤਾ ਉਪਦੇਸ਼ ਮੰਨਣਾ ਅਤੇ ਸਤਿਗੁਰੂ ਜੀ ਤੋਂ ਵਾਰਨੇ ਜਾਣਾ ਹੈ।