ਤੇ ਅਖ਼ੀਰ ਉਸ ਨੂੰ ਮੋਟਰਸਾਈਕਲ ਮਿਲ ਗਿਆ !

0
368

ਤੇ ਅਖ਼ੀਰ ਉਸ ਨੂੰ ਮੋਟਰਸਾਈਕਲ ਮਿਲ ਗਿਆ !

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)- ਫੋਨ ਨੰ: 0175-2216783

ਗੱਲ ਕਈ ਸਾਲ ਪੁਰਾਣੀ ਹੈ। ਚਾਰ ਕੁ ਸਾਲ ਦੇ ਇੱਕ ਬੱਚੇ ਨੂੰ ਲੈ ਕੇ ਉਸ ਦੀ ਮਾਂ ਮੇਰੇ ਪਾਸ ਰਾਜਿੰਦਰਾ ਹਸਪਤਾਲ ਦੇ ਬੱਚਾ ਆਊਟਡੋਰ ਵਿਚ ਚੈੱਕਅੱਪ ਕਰਵਾਉਣ ਆਈ। ਉਹ ਕਈ ਡਾਕਟਰਾਂ ਕੋਲੋਂ ਢੇਰਾਂ ਢੇਰ ਦਵਾਈ ਲੈ ਕੇ ਆਪਣੇ ਬੱਚੇ ਨੂੰ ਖੁਆ ਚੁੱਕੀ ਸੀ। ਮੈਨੂੰ ਉਸ ਦੀ ਬੀਮਾਰੀ ਕੋਈ ਖ਼ਾਸ ਨਹੀਂ ਲੱਗੀ। ਖ਼ੁਰਾਕ ਸਹੀ ਨਾ ਹੋਣ ਸਦਕਾ ਹੀ ਸਭ ਜਾਪਿਆ। ਇਸ ਲਈ ਮੈਂ ਉਸ ਦੀਆਂ ਸਾਰੀਆਂ ਦਵਾਈਆਂ ਬੰਦ ਕਰਵਾ ਕੇ ਫਲ ਸਬਜ਼ੀਆਂ ਖਾਣ ਬਾਰੇ ਸਮਝਾਇਆ। ਜਾਣ ਲੱਗਿਆਂ ਉਸ ਨੂੰ ਇਕ ਟਾਫ਼ੀ ਦੇ ਦਿੱਤੀ।

ਉਹ ਬੱਚਾ ਬਹੁਤ ਖ਼ੁਸ਼ ਹੋਇਆ ਤੇ ਅਗਲੀ ਵਾਰ ਜਦੋਂ ਫਿਰ ਵਿਖਾਉਣ ਆਇਆ ਤਾਂ ਉਸ ਦੀ ਮਾਂ ਨੇ ਦੱਸਿਆ ਕਿ ਘਰੋਂ ਪੂਰੀ ਜ਼ਿੱਦ ਕਰ ਕੇ ਆਇਆ ਹੈ ਕਿ ਉਸੇ ਡਾਕਟਰ ਆਂਟੀ ਕੋਲ ਜਾਣਾ ਹੈ ਜਿਸ ਨੇ ਦਵਾਈਆਂ ਬੰਦ ਕਰਵਾ ਕੇ ਟਾਫ਼ੀ ਦਿੱਤੀ ਸੀ।

ਇਸ ਵਾਰ ਫਿਰ ਉਸ ਨੇ ਜਾਣ ਲੱਗਿਆਂ ਟਾਫ਼ੀ ਮੰਗੀ ਤਾਂ ਮੈਂ ਦੇ ਦਿੱਤੀ। ਤਿੰਨ ਚਾਰ ਵਾਰ ਆਉਣ ਬਾਅਦ ਉਹ ਬੱਚਾ ਮੇਰੇ ਨਾਲ ਕਾਫ਼ੀ ਘੁਲ਼ ਮਿਲ ਗਿਆ ਤੇ ਆਪਣੇ ਦੋਸਤਾਂ ਦੀਆਂ ਜਾਂ ਮੰਮੀ ਵੱਲੋਂ ਮਿਲੀਆਂ ਝਿੜਕਾਂ ਦੀਆਂ ਸ਼ਿਕਾਇਤਾਂ ਵੀ ਮੇਰੇ ਨਾਲ ਕਰਨ ਲੱਗ ਪਿਆ।

ਸਾਲ ਕੁ ਬਾਅਦ ਇੱਕ ਵਾਰ ਉਸ ਨੇ ਆ ਕੇ ਹੌਲੀ ਜਿਹੀ ਮੇਰੇ ਕੰਨ ਕੋਲ ਮੂੰਹ ਕਰ ਕੇ ਕਿਹਾ, ‘‘ਡਾਕਟਰ ਆਂਟੀ ਮੈਂ ਮੋਟਰਸਾਈਕਲ ਲੈਣੈ।’’

ਮੈਂ ਖਿੜਖਿੜਾ ਕੇ ਹੱਸ ਪਈ ਤੇ ਕਿਹਾ, ‘‘ਤੂੰ ਏਨਾ ਪਿੱਦਾ ਜਿਹਾ ਹੈਗੈਂ ! ਮੋਟਰਸਾਈਕਲ ਕੋਈ ਟਾਫ਼ੀ ਨਈਂ ਐ। ਕਿਵੇਂ ਚਲਾਏਂਗਾ ? ਤੂੰ ਤਾਂ ਉਸ ਦੀ ਗੱਦੀ ਤੱਕ ਮਸਾਂ ਪਹੁੰਚਦੈਂ। ਵੱਡਾ ਹੋ, ਪੜ੍ਹ ਲਿਖ, ਫੇਰ ਮੋਟਰਸਾਈਕਲ ਲਵੀਂ।’’

ਉਸ ਦੀ ਮਾਂ ਕਹਿਣ ਲੱਗੀ, ‘‘ਡਾਕਟਰ ਜੀ ! ਇਹ ਤਾਂ ਬਹੁਤ ਜ਼ਿੱਦੀ ਬਣ ਗਿਐ। ਰੱਤਾ ਕੁ ਝਿੜਕੋ ਤਾਂ ਝਟਪਟ ਕਹਿ ਦਿੰਦੈ ਕਿ ਮੈਂ ਤੁਹਾਡੀ ਸ਼ਿਕਾਇਤ ਡਾਕਟਰ ਮਾਸੀ ਨੂੰ ਲਾ ਦਿਆਂਗਾ। ਹੁਣ ਖਹਿੜੇ ਪਿਐ ਮੋਟਰਸਾਈਕਲ ਲੈਣੈ। ਭਲਾ ਦੱਸੋ ਇਹ ਕੋਈ ਉਮਰ ਐ ਮੋਟਰਸਾਈਕਲ ਖਰੀਦਣ ਦੀ !’’

ਮੈਂ ਉਸ ਨੂੰ ਪਿਆਰ ਨਾਲ ਸਮਝਾਇਆ ਕਿ ਮਿਹਨਤ ਕਰ ਕੇ ਪੜ੍ਹੋ। ਜਦੋਂ ਉਸ ਦੀ ਲਾਈਸੈਂਸ ਬਣਨ ਦੀ ਉਮਰ ਹੋਵੇਗੀ, ਉਦੋਂ ਮੋਟਰਸਾਈਕਲ ਮਿਲ ਜਾਏਗਾ। ਇੰਜ ਤਸੱਲੀ ਦਿੰਦਿਆਂ ਕੁੱਝ ਸਾਲ ਲੰਘ ਗਏ। ਫਿਰ ਉਹ ਲਗਭਗ ਦੋ ਕੁ ਸਾਲ ਮੇਰੇ ਕੋਲ ਆਈ ਨਹੀਂ। ਮੈਂ ਵੀ ਹੋਰ ਮਰੀਜ਼ਾਂ ਦੀ ਭੀੜ ਵਿਚ ਉਸ ਬਾਰੇ ਭੁੱਲ ਗਈ। ਇਕ ਦਿਨ ਅਚਾਨਕ ਉਹ ਆਈ ਤਾਂ ਉਸ ਦਾ ਚਿਹਰਾ ਬੁਝਿਆ ਪਿਆ ਸੀ। ਬਿਨਾਂ ਕੁੱਝ ਵੀ ਬੋਲੇ ਚੁੱਪ ਚਾਪ ਬੱਚਾ ਚੈਕਅੱਪ ਕਰਵਾ ਕੇ ਵਾਪਸ ਮੁੜਨ ਲੱਗੀ ਤਾਂ ਉਹ ਬੱਚਾ ਫੇਰ ਮੇਰੇ ਕੰਨ ਕੋਲ ਆ ਕੇ ਬੋਲਿਆ, ‘‘ਪਲੀਜ਼ ਮੇਰੇ ਮੋਟਰਸਾਈਕਲ ਦੀ ਗੱਲ ਕਰ ਦਿਓ।’’

ਮੈਂ ਉਸ ਦੀ ਮਾਂ ਨੂੰ ਪੁੱਛਿਆ ਕਿ ਉਹ ਏਨੀ ਉਦਾਸ ਕਿਉਂ ਹੈ ? ਉਹ ਕਹਿਣ ਲੱਗੀ, ‘‘ਖ਼ੌਰੇ ਕਿਸ ਦੀ ਨਜ਼ਰ ਲੱਗ ਗਈ ਹੈ ! ਇਹ ਦਾ ਪਿਓ ਨਸ਼ਾ ਕਰਨ ਲੱਗ ਪਿਐ। ਅੱਧੀ ਜ਼ਮੀਨ ਗਿਰਵੀ ਰੱਖ ’ਤੀ। ਕੌਣ ਲਾਹੂਗਾ ਇਹ ਕਰਜ਼ਾ ? ਇਹ ਬੱਚਾ ਪਾਲਾਂ ਕਿ ਇਹਦਾ ਪਿਓ ਸਾਂਭਾਂ ? ਇਹ ਹਮੇਸ਼ਾ ਮੋਟਰਸਾਈਕਲ ਦੀ ਰਟ ਲਾਈ ਰੱਖਦੈ। ਦੱਸੋ ਮੈਂ ਕਿੱਧਰ ਜਾਵਾਂ ?’’

ਮੈਂ ਉਸ ਨੂੰ ਹਿੰਮਤ ਦਿੱਤੀ ਤੇ ਸਮਝਾਇਆ ਕਿ ਹੌਸਲਾ ਰੱਖੇ। ਸਭ ਠੀਕ ਹੋ ਜਾਏਗਾ। ਘਰ ਵਾਲੇ ਨੂੰ ਨਸ਼ਾ ਛਡਾਊ ਕੇਂਦਰ ਵਿਚ ਦਾਖਲ ਕਰਵਾ ਦੇਵੇ ਤੇ ਆਪਣਾ ਪੂਰਾ ਧਿਆਨ ਬੱਚੇ ਉੱਤੇ ਲਾਵੇ ਤਾਂ ਜੋ ਉਹ ਪੜ੍ਹ ਲਿਖ ਕੇ ਅੱਗੋਂ ਪੂਰੀ ਜ਼ਿੰਮੇਵਾਰੀ ਸਾਂਭੇ।

ਉਸ ਦਿਨ ਉਹ ਉਚਾਟ ਹੀ ਵਾਪਸ ਮੁੜੀ। ਮੈਨੂੰ ਵੀ ਬਹੁਤ ਮਾੜਾ ਲੱਗਿਆ। ਇਕ ਵਾਰ ਉਹ ਫਿਰ ਆਈ ਤਾਂ ਵੀ ਉਦਾਸ ਹੀ ਸੀ। ਇਸ ਵਾਰ ਉਹ ਬੱਚੇ ਨੂੰ ਝਿੜਕਣ ਵੀ ਲੱਗ ਪਈ ਸੀ। ਮੈਂ ਬੱਚੇ ਨੂੰ ਪਿਆਰ ਨਾਲ ਸਮਝਾਇਆ ਕਿ ਤੈਨੂੰ 18 ਸਾਲਾਂ ਦੀ ਉਮਰ ’ਤੇ ਜ਼ਰੂਰ ਮੋਟਰਸਾਈਕਲ ਮਿਲੇਗਾ। ਜੇ ਪੈਸੇ ਘਟ ਗਏ ਤਾਂ ਮੈਂ ਪਾ ਦਿਆਂਗੀ, ਪਰ ਆਪਣੀ ਮਾਂ ਦਾ ਖ਼ਿਆਲ ਰੱਖੇ।

ਇਸ ਤੋਂ ਬਾਅਦ ਉਹ ਫਿਰ ਕਈ ਸਾਲ ਨਹੀਂ ਆਈ। ਕਦੇ ਕਦਾਈਂ ਜਦੋਂ ਮੋਟਰਸਾਈਕਲ ਦਾ ਜ਼ਿਕਰ ਆਉਂਦਾ ਤਾਂ ਮੈਨੂੰ ਉਹ ਬੱਚਾ ਯਾਦ ਆ ਜਾਂਦਾ ਪਰ ਦਿਸਿਆ ਨਹੀਂ। ਮੈਂ ਸੋਚਿਆ ਸਭ ਠੀਕ ਠਾਕ ਹੋ ਗਿਆ ਹੋਣਾ ਹੈ ਜਾਂ ਫਿਰ ਬੱਚਾ 18 ਸਾਲਾਂ ਦਾ ਹੋ ਗਿਆ ਹੋਣਾ ਹੈ ਤੇ ਉਹ ਮੈਡੀਸਨ ਦੇ ਕਿਸੇ ਡਾਕਟਰ ਕੋਲ ਵਿਖਾਉਣ ਚਲੇ ਗਏ ਹੋਣੇ ਹਨ।

ਇਕ ਦਿਨ ਆਊਟਡੋਰ ਵਿਚ ਬੜੀ ਭੀੜ ਸੀ ਤੇ ਗਰਮੀ ਵੀ ਬਹੁਤ ਸੀ। ਵਾਰ-ਵਾਰ ਲਾਈਟ ਜਾ ਰਹੀ ਸੀ ਤੇ ਮੈਂ ਅਖ਼ੀਰ ਸਾਰੇ ਮਾਪਿਆਂ ਨੂੰ ਕਮਰੇ ’ਚੋਂ ਬਾਹਰ ਖੜ੍ਹੇ ਹੋਣ ਲਈ ਕਿਹਾ ਕਿਉਂਕਿ ਭੀੜ ਤੇ ਗਰਮੀ ਕਾਰਨ ਘਬਰਾਹਟ ਮਹਿਸੂਸ ਹੋਣ ਲੱਗ ਪਈ ਸੀ। ਜਿਉਂ ਹੀ ਸਾਰੇ ਬਾਹਰ ਨਿਕਲੇ ਤਾਂ ਪਰ੍ਹਾਂ ਨੁੱਕਰ ਵਿਚ ਇੱਕ ਔਰਤ ਨੂੰ ਹੇਠਾਂ ਜ਼ਮੀਨ ਉੱਤੇ ਬੈਠੇ ਵੇਖਿਆ। ਉਸ ਦੇ ਧੌਲੇ ਖਿੱਲਰੇ ਪਏ ਸਨ ਤੇ ਨਜ਼ਰਾਂ ਜ਼ਮੀਨ ਵਿਚ ਗੱਡੀਆਂ ਪਈਆਂ ਸਨ। ਉਹ ਇੰਜ ਚੁਫਾਲ ਬੈਠੀ ਸੀ ਜਿਵੇਂ ਜ਼ਿੰਦਾ ਹੀ ਨਾ ਹੋਵੇ।

ਕਈ ਆਵਾਜ਼ਾਂ ਮਾਰਨ ਬਾਅਦ ਵੀ ਜਦ ਉਹ ਨਾ ਹਿੱਲੀ ਤਾਂ ਮੈਨੂੰ ਘਬਰਾਹਟ ਹੋਈ ਕਿ ਕਿਤੇ ਕੁੱਝ ਮਾੜਾ ਤਾਂ ਨਹੀਂ ਵਾਪਰ ਗਿਆ। ਮੈਂ ਜਿਉਂ ਹੀ ਝੁੱਕ ਕੇ ਉਸ ਨੂੰ ਵੇਖਣਾ ਚਾਹਿਆ ਤਾਂ ਉਸ ਨੇ ਹੌਲੀ ਜਿਹੀ ਮੂੰਹ ਉਤਾਂਹ ਕੀਤਾ। ਮੈਨੂੰ ਉਸ ਦਾ ਚਿਹਰਾ ਕੁੱਝ ਪਛਾਣਿਆ ਜਿਹਾ ਲੱਗਿਆ। ਨੀਝ ਲਾ ਕੇ ਵੇਖਿਆ ਤਾਂ ਇਹ ਉਹੀ ਔਰਤ ਸੀ। ਉਸ ਦੀ ਹਾਲਤ ਵੇਖ ਕੇ ਮੈਂ ਘਬਰਾ ਗਈ। ਉਸ ਨੂੰ ਬਾਂਹ ਤੋਂ ਫੜ ਕੇ ਉਠਾਇਆ ਤਾਂ ਉਹ ਸਿਰਫ਼ ਚੁੱਪਚਾਪ ਮੈਨੂੰ ਘੂਰਨ ਲੱਗ ਪਈ। ਫੇਰ ਹੌਲੀ ਜਿਹੀ ਬੋਲੀ, ‘‘ਮੈਂ ਅੱਜ ਮੁੰਡੇ ਨੂੰ ਮੋਟਰਸਾਈਕਲ ਲੈ ਦਿੱਤੈ।’’

ਮੈਂ ਖ਼ੁਸ਼ ਹੋ ਕੇ ਕਿਹਾ, ‘‘ਲੈ ਏਨੀ ਵਧੀਆ ਖ਼ਬਰ ਤੂੰ ਏਨੀ ਉਦਾਸੀ ਨਾਲ ਕਿਉਂ ਦੱਸ ਰਹੀ ਐਂ। ਇਹ ਤਾਂ ਮੁਬਾਰਕਬਾਦ ਵਾਲੀ ਗੱਲ ਹੋਈ। ਤੇਰਾ ਮੁੰਡਾ ਨਾਲ ਕਿਉਂ ਨਹੀਂ ਆਇਆ ? ਉਸੇ ਮੋਟਰਸਾਈਕਲ ’ਤੇ ਆਉਣਾ ਸੀ। ਤੇਰੇ ਘਰ ਵਾਲੇ ਦਾ ਹੁਣ ਕੀ ਹਾਲ ਹੈ ?’’

ਮੈਂ ਕੌਤੂਹਲਵਸ਼ ਕਿੰਨੇ ਹੀ ਸਵਾਲ ਉਸ ਨੂੰ ਪੁੱਛ ਲਏ। ਉਹ ਕੁੱਝ ਬੋਲ ਹੀ ਨਹੀਂ ਸੀ ਰਹੀ। ਮੈਂ ਫਿਰ ਪੁੱਛਿਆ ਕਿ ਉਹ ਏਨੇ ਸਾਲ ਕਿੱਧਰ ਚਲੀ ਗਈ ਸੀ ?

ਉਹ ਬਿਲਕੁਲ ਪੱਥਰ ਬਣੀ ਪਈ ਸੀ। ਕੁੱਝ ਪਲਾਂ ਵਿਚ ਉਸ ਦੇ ਬੁੱਲ ਫਰਕੇ ਤੇ ਉਹ ਹੌਲੀ ਜਿਹੀ ਬੋਲੀ, ‘‘ਕਾਕੇ ਦਾ ਪਿਓ ਤਾਂ ਚਾਰ ਸਾਲ ਪਹਿਲਾਂ ਦੁਨੀਆ ਛੱਡ ਗਿਆ ਸੀ। ਉਸ ਨੂੰ ਤਾਂ ਨਸ਼ਿਆਂ ਨੇ ਖਾ ਲਿਆ। ਸਾਰੀ ਜ਼ਮੀਨ ਵੀ ਗਿਰਵੀ ਰੱਖ ਗਿਆ। ਸਿਰਫ਼ ਘਰ ਬਚਿਆ ਸੀ। ਅੱਜ ਮੈਂ ਉਹ ਵੀ ਗਿਰਵੀ ਰੱਖ ਕੇ ਮੁੰਡੇ ਨੂੰ ਮੋਟਰਸਾਈਕਲ ਲੈ ਦਿੱਤੈ।’’

‘‘ਇਹ ਕਿਉਂ ਕਰਨਾ ਸੀ,’’ ਮੈਂ ਉਸ ਨੂੰ ਟੋਕਿਆ, ‘‘ਏਨੀ ਕਾਹਲ ਕਿਉਂ ਕੀਤੀ ? ਹੁਣ ਕਿਵੇਂ ਏਨਾ ਕਰਜ਼ਾ ਲਾਹੇਂਗੀ ? ਕਿੱਥੇ ਰਹੇਂਗੀ ?’’

‘‘ਅੱਜ ਕਾਕਾ 18 ਸਾਲਾਂ ਦਾ ਹੋ ਗਿਐ। ਇਸ ਲਈ ਅੱਜ ਜਨਮਦਿਨ ’ਤੇ ਮੋਟਰਸਾਈਕਲ ਲੈ ’ਤਾ,’’ ਉਹ ਬੋਲੀ।

‘‘ਪਰ ਕਾਕਾ ਹੈ ਕਿੱਥੇ,’’ ਮੈਂ ਫਿਰ ਪੁੱਛਿਆ ?

‘‘ਚਾਰ ਸਾਲਾਂ ਤੋਂ ਉਹ ਵੀ ਨਸ਼ਾ ਕਰਨ ਲੱਗ ਪਿਆ ਸੀ। ਸਾਰੀਆਂ ਨਸਾਂ ਵਿੰਨ ਛੱਡੀਆਂ। ਘਰ ਦੇ ਭਾਂਡੇ ਟੀਂਡੇ ਵੀ ਚੋਰੀ ਕਰ ਕੇ ਵੇਚ ’ਤੇ। ਬਥੇਰਾ ਇਲਾਜ ਕਰਵਾਇਆ ਪਰ ਕੁੱਝ ਨਾ ਬਣਿਆ। ਖੇਤ ਪਹਿਲਾਂ ਹੀ ਗਿਰਵੀ ਸਨ। ਹੁਣ ਤਾਂ ਛੇ ਮਹੀਨਿਆਂ ਤੋਂ ਮੈਂ ਰੋਜ਼ ਉਸ ਨੂੰ ਮਰਦਿਆਂ ਵੇਖਦੀ ਸੀ। ਨਸ਼ੇ ਤੋਂ ਬਗ਼ੈਰ ਤੜਫਦਾ ਵੇਖਿਆ ਨਹੀਂ ਸੀ ਜਾਂਦਾ। ਇਸੇ ਲਈ ਅੱਜ ਘਰ ਗਿਰਵੀ ਰੱਖ ਕੇ ਉਸ ਨੂੰ ਨਸ਼ੇ ਦੀ ਪੁੜੀ ਵੀ ਲਿਆ ਦਿੱਤੀ ਤੇ ਨਵਾਂ ਮੋਟਰਸਾਈਕਲ ਵੀ। ਦਿਲ ’ਤੇ ਪੱਥਰ ਰੱਖ ਕੇ ਉਸ ਨੂੰ ਚਾਬੀ ਫੜ੍ਹਾਈ ਹੈ, ਇਸ ਉਮੀਦ ’ਤੇ ਕਿ ਅੱਜ ਨਸ਼ੇ ’ਚ ਮੋਟਰਸਾਈਕਲ ਨੂੰ ਹਵਾ ਵਾਂਗ ਉਡਾਉਂਦਾ ਇੱਕੋ ਵਾਰ ਕਿਸੇ ਟਰੱਕ ਥੱਲੇ ਆ ਕੇ ਮਰ ਜਾਏਗਾ। ਰੋਜ਼ ਦਾ ਤਿਲ ਤਿਲ ਮਰਦਾ ਮੇਰੇ ਤੋਂ ਵੇਖਿਆ ਨਹੀਂ ਜਾਂਦਾ,’’ ਏਨਾ ਕਹਿੰਦਿਆਂ ਉਹ ਚੁਫਾਲ ਜ਼ਮੀਨ ਉੱਤੇ ਢਹਿ ਪਈ ਤੇ ਹੌਲੀ ਜਿਹੀ ਬੁਦਬੁਦਾਈ, ‘‘ਚਲੋ ਅਖ਼ੀਰ ਉਸ ਦੀ ਚਿਰਾਂ ਤੋਂ ਲਟਕਦੀ ਸਧਰ ਪੂਰੀ ਹੋ ਗਈ। ਉਸ ਨੂੰ ਆਪਣੇ 18ਵੇਂ ਜਨਮ ਦਿਨ ’ਤੇ ਮੋਟਰਸਾਈਕਲ ਮਿਲ ਤਾਂ ਗਿਆ।’’