ਸਿਧਾਂਤ ਤੁਹਾਡੇ ਨੂੰ ਲਗੇਗੀ ਢਾਅ ਸਤਿਗੁਰ !
ਸਾਢੇ ਪੰਜ ਸੌ ਸਾਲਾ ਆ ਰਿਹਾ ਏ, ਸਿੱਖ ਖੜ੍ਹੇ ਨੇ ਬਾਹਾਂ ਫੈਲਾਅ ਸਤਿਗੁਰ !
ਪ੍ਰਕਾਸ਼ ਪੁਰਬ ਏ ਪੰਥ ਦੇ ਬਾਨੀ ਦਾ, ਲਈਏ ਖ਼ੁਸ਼ੀਆਂ ਨਾਲ ਮਨਾ ਸਤਿਗੁਰ !
ਸੁਲੱਖਣੀ ਘੜੀ ਸੋਹਣੀ ਆ ਰਹੀ ਏ, ਸਿੱਖ ਕਰਨਗੇ ਖ਼ਾਸ ਉਪਾਅ ਸਤਿਗੁਰ !
ਦੀਵਾਨ ਲੱਗਣੇ ਕੀਰਤਨ ਦਰਬਾਰ ਹੋਣੇ, ਲੈਣੇ ਸੂਰਜ ਨੂੰ ਵੀ ਹੱਥ ਪਾ ਸਤਿਗੁਰ !
ਕਈ ਏਥੇ ਵੀ ਕਰਣਗੇ ਫਿੱਟ ਗੋਟੀਆਂ, ਕੁਰਸੀ ਲਈ ਲਾਉਣਗੇ ਦਾਅ ਸਤਿਗੁਰ !
ਪੰਥ ਨੂੰ ਖ਼ਤਰਾ, ਦੱਸ ਲੀਡਰਾਂ ਦੋਸ਼ ਦੇਣਾ, ਗੋਲ਼ੇ ਦਾਗਣਗੇ ਠਾਅ-ਠਾਅ ਸਤਿਗੁਰ !
ਕੁੱਝ ਪੂਜਾਰੀ ਵੀ ਵਰਤੇਗਾ ਰਸੂਖ ਅਪਣਾ, ਲੈਣੀਆਂ ਲੜੀਆਂ ਉਨ੍ਹਾਂ ਚਲਾ ਸਤਿਗੁਰ !
ਤੁਹਾਡੀ ਛੋਹ ਦੀ ਦੱਸਣਗੇ ਚੀਜ਼ ਕੋਈ ਵੀ, ਦੇਣੀ ਸੰਗਤਾਂ ’ਚ ਉਨ੍ਹਾਂ ਘੁਮਾ ਸਤਿਗੁਰ !
ਮੱਥੇ ਟਿਕਾਉਣਗੇ ਜੁੱਤੀਆਂ ਚੋਲ਼ਿਆਂ ਨੂੰ, ਪਰ ਦੇਣੇ ਬਾਣੀ ਉੱਤੇ ਰੁਮਾਲੇ ਪਾ ਸਤਿਗੁਰ !
ਇਉਂ ਮੱਥੇ ਟਿਕਾ ਕੇ ਕਰਨਗੇ ਧਨ ’ਕੱਠਾ, ਊਲੂ ਬਣਾਉਣਗੇ ਸ਼ਰਮ ਨੂੰ ਲਾਹ ਸਤਿਗੁਰ !
ਤੁਹਾਡੇ ਹੁਕਮਾਂ ’ਤੇ ਕਿਸੇ ਨੇ ਕੀ ਚੱਲਣਾ, ਮਨ ਦੇ ਵਾਜੇ ਹੀ ਜਾਣਗੇ ਵਜਾ ਸਤਿਗੁਰ !
ਪ੍ਰਾਪਤੀ ਸਿੱਖਾਂ ਦੇ ਪੱਲੇ ਨਹੀਂ ਕੁੱਝ ਪੈਣੀ, ਸਿਧਾਂਤ ਤੁਹਾਡੇ ਨੂੰ ਹੀ ਲੱਗੇਗੀ ਢਾਅ ਸਤਿਗੁਰ !
ਰੌਲ਼ੇ-ਰੱਪੇ ਵਿੱਚ ਸ਼ਤਾਬਦੀ ਲੰਘ ਜਾਣੀ, ਊਡੀਕਣਗੇ ਅਗਲੀ ਨੂੰ ਅੱਖਾਂ ਵਿਛਾ ਸਤਿਗੁਰ !
ਖੂੰਜੇ ਖੜ੍ਹਾ ਸੁਰਿੰਦਰ ਹੈ ਸੋਚ ਰਹਿਆ, ਕੁਝ ਖੱਟਣਗੇ ਕਿ ਸਭ ਲੈਣਗੇ ਗਵਾ ਸਤਿਗੁਰ !
ਸ; ਸੁਰਿੰਦਰ ਸਿੰਘ ਖਾਲਸਾ ਮਿਉਦਕਲਾਂ (ਫਤਿਹਾਬਾਦ) 94662-66708, 97287-43287
E -MAIL=sskhalsa223@yahoo.comsskhalsa1957@gmail.com