“ਸੂਰਜੁ ਏਕੋ; ਰੁਤਿ ਅਨੇਕ” ਦਾ ਭਾਵ ਸਾਡੇ ਲਈ ਕੀ ਰਹਿ ਜਾਂਦਾ ਹੈ ?

0
433

ਸੂਰਜੁ ਏਕੋ; ਰੁਤਿ ਅਨੇਕ” ਦਾ ਭਾਵ ਸਾਡੇ ਲਈ ਕੀ ਰਹਿ ਜਾਂਦਾ ਹੈ ?

ਸਰਵਜੀਤ ਸਿੰਘ ਸੈਕਰਾਮੈਂਟੋ

ਕਦੇ ਸਮਾਂ ਸੀ, ਜਦੋਂ ਇਹ ਮੰਨਿਆ ਜਾਂਦਾ ਸੀ ਕਿ ਧਰਤੀ ਚਪਟੀ ਅਤੇ ਖੜੀ ਹੈ। ਸੂਰਜ ਇਸ ਦੀ ਪ੍ਰਕਰਮਾ ਕਰਦਾ ਹੈ। ਕੋਪਰਨੀਕਸ (1473-1534) ਅਤੇ ਕੈਪਲਰ (1571-1630) ਨੇ ਗਿਣਤ ਰਾਹੀਂ ਇਹ ਸਾਬਤ ਕੀਤਾ ਕਿ ਧਰਤੀ ਘੁੰਮ ਰਹੀ ਹੈ। ਗੈਲੀਲੀਓ (1564-1642) ਨੇ ਪ੍ਰਯੋਗ ਰਾਹੀਂ ਸਾਬਤ ਕੀਤਾ ਸੀ ਕਿ ਗ੍ਰਹਿ ਚਾਲ ਦਾ ਕੇਂਦਰ ਧਰਤੀ ਨਹੀਂ, ਸਗੋਂ ਸੂਰਜ ਹੈ। ਧਰਤੀ ਸਮੇਤ ਸਾਰੇ ਗ੍ਰਹਿ ਸੂਰਜ ਦੁਆਲੇ, ਇਕ ਖਾਸ ਰਫ਼ਤਾਰ ਅਤੇ ਇਕ ਖਾਸ ਦੂਰੀ ’ਤੇ ਰਹਿ ਕੇ ਚੱਕਰ ਲਾਉਂਦੇ ਹਨ। ਉਸ ਵੇਲੇ ਦੇ ਧਾਰਮਿਕ ਆਗੂਆਂ ਨੇ ਗੈਲੀਲੀਓ ਨਾਲ ਕਿਵੇਂ ਸਿਝਿਆ, ਉਹ ਇਤਿਹਾਸ ਦਾ ਅੰਗ ਬਣ ਚੁੱਕਾ ਹੈ। ਅਖੀਰ ਜਦੋਂ ਉਨ੍ਹਾਂ ਦੇ ਧਾਰਮਿਕ ਆਗੂਆਂ ਨੂੰ, ਕਰਤੇ ਦੇ ਨਿਯਮ ਦੀ ਸਮਝ ਆਈ ਤਾਂ ਉਨ੍ਹਾਂ ਨੂੰ ਆਪਣੇ ਪੂਰਵਜਾਂ ਵੱਲੋਂ ਕੀਤੀ ਗਈ ਗਲਤੀ ਦਾ ਅਹਿਸਾਸ ਹੋਇਆ ਕਿ ਗੈਲੀਲੀਓ ਨਾਲ ਜਿਆਦਤੀ ਹੋਈ ਸੀ। ਉਨ੍ਹਾਂ ਨੇ ਸਾਢੇ ਤਿੰਨ ਸਦੀਆਂ ਪਿਛੋਂ, 1992 ਈ: ਵਿੱਚ ਪਿਛਲਾ ਫੈਂਸਲਾ ਖਾਰਜ ਕਰ ਦਿੱਤਾ। ਪੋਪ ਜੋਹਨਪਾਲ (ਦੂਜਾ) ਨੇ ਗੈਲੀਲੀਓ ਤੋਂ ਮਾਫੀ ਮੰਗਿਆ ਕਿਹਾ ਕਿ “ਤੁਸੀ ਸਹੀ ਸੀ, ਅਸੀਂ ਸਾਰੇ ਹੀ ਗਲਤ ਸੀ”। ਅੱਜ ਇਹ ਘੋੜੇ ਚੜ੍ਹੀ ਸਚਾਈ ਹੈ ਕਿ ਧਰਤੀ ਗੋਲ ਹੈ। ਧਰਤੀ ਆਪਣੇ ਧੁਰੇ ਦੁਆਲੇ ਲਗਭਗ 1037 ਮੀਲ ਪ੍ਰਤੀ ਘੰਟਾ (ਭੂ ਮੱਧ ਰੇਖਾਂ ਉੱਪਰ) ਦੀ ਰਫਤਾਰ ਨਾਲ ਘੁੰਮਦੀ ਹੈ। ਇਸ ਕਾਰਨ ਧਰਤੀ ਉਤੇ ਦਿਨ ਅਤੇ ਰਾਤ ਬਣਦੇ ਹਨ। ਧਰਤੀ ਦਾ ਜਿਹੜਾ ਪਾਸਾ ਸੂਰਜ ਦੇ ਸਾਹਮਣੇ ਆ ਜਾਂਦਾ ਹੈ ਉਥੇ ਸੂਰਜ ਦੀ ਰੋਸ਼ਨੀ ਪੈਣ ਕਾਰਨ ਦਿਨ ਹੁੰਦਾ ਅਤੇ ਦੂਜੇ ਪਾਸੇ ਹਨੇਰਾ ਹੋਣ ਕਾਰਨ ਰਾਤ ਪੈ ਜਾਂਦੀ ਹੈ। ਧਰਤੀ ਸੂਰਜ ਤੋਂ ਲਗਭਗ 9,29,62,000 ਮੀਲ ਦੂਰ ਰਹਿ ਕੇ ਸੂਰਜ ਦੀ ਪ੍ਰਕਰਮਾ ਕਰਦੀ ਹੈ। ਧਰਤੀ ਦਾ ਇਹ ਚੱਕਰ, ਜਿਸ ਨੂੰ ਸਾਲ ਕਿਹਾ ਜਾਂਦਾ ਹੈ, 365 ਦਿਨ 5 ਘੰਟੇ 48 ਮਿੰਟ 45 ਸੈਕਿੰਡ ਵਿਚ ਪੂਰਾ ਹੁੰਦਾ ਹੈ। ਇਸ ਨੂੰ ਰੁੱਤੀ ਸਾਲ (Tropical year) ਕਿਹਾਂ ਜਾਂਦਾ ਹੈ।  ਧਰਤੀ ’ਤੇ ਰੁੱਤਾਂ ਇਸੇ ਮੁਤਾਬਕ ਬਦਲਦੀਆਂ ਹਨ।  

ਧਰਤੀ ਦੇ ਸੂਰਜ ਦੁਆਲੇ ਇਸ ਚੱਕਰ ਵਿੱਚ ਦੋ ਦਿਨ ਅਜੇਹੇ ਆਉਂਦੇ ਹਨ ਜਦੋਂ ਉੱਤਰੀ ਅਰਧ ਗੋਲੇ ਵਿੱਚ ਦਿਨ ਵੱਡੇ ਤੋਂ ਵੱਡਾ ਅਤੇ ਰਾਤ ਛੋਟੀ ਤੋਂ ਛੋਟੀ ਹੁੰਦੀ ਹੈ ਉਸੇ ਵੇਲੇ ਦੱਖਣੀ ਅਰਧ ਗੋਲੇ ਵਿਚ ਰਾਤ ਵੱਡੀ ਤੋਂ ਵੱਡੀ ਅਤੇ ਦਿਨ ਛੋਟੇ ਤੋਂ ਛੋਟਾ ਹੁੰਦਾ ਹੈ। ਇਸ ਤੋਂ ਉਲਟ ਜਦੋਂ ਉਤਰੀ ਅਰਧ ਗੋਲੇ ਵਿੱਚ ਦਿਨ ਛੋਟੇ ਤੋਂ ਛੋਟਾ ਅਤੇ ਰਾਤ ਵੱਡੀ ਤੋਂ ਵੱਡੀ ਹੁੰਦੀ ਹੈ ਉਸ ਵੇਲੇ ਦੱਖਣੀ ਅਰਧ ਗੋਲੇ ਵਿੱਚ ਦਿਨ ਵੱਡੇ ਤੋਂ ਵੱਡਾ ਅਤੇ ਰਾਤ ਛੋਟੀ ਤੋਂ ਛੋਟੀ ਹੁੰਦੀ ਹੈ। ਸਾਲ ਵਿਚ ਦੋ ਦਿਨ ਅਜੇਹੇ ਵੀ ਆਉਂਦੇ ਹਨ ਜਦੋਂ ਸਾਰੀ ਧਰਤੀ ’ਤੇ ਦਿਨ ਅਤੇ ਰਾਤ ਬਾਰਬਰ ਹੁੰਦੇ ਹਨ। ਭਾਵੇਂ ਸਾਨੂੰ ਇਹ ਪੜਾਇਆ ਗਿਆ ਹੈ ਕਿ ਸੂਰਜ ਪੂਰਬ ਤੋਂ ਨਿਕਲਦਾ ਹੈ ਅਤੇ ਪੱਛਮ ਵਿੱਚ ਛਿਪ ਜਾਂਦਾ ਹੈ, ਪਰ ਅਜੇਹਾ ਸਾਲ ਵਿੱਚ ਦੋ ਕੁ ਦਿਨ ਹੀ ਹੁੰਦਾ ਹੈ ਜਦੋਂ ਸੂਰਜ ਪੂਰਬ ਭਾਵ 90° ਤੋਂ ਨਿਕਲਦਾ ਹੈ। ਉਸ ਤੋਂ ਅਗਲੇ ਦਿਨ ਇਹ 89° ਜਾਂ 91° ਤੋਂ ਊਦੇ ਹੁੰਦਾ

ਧਰਤੀ ਉੱਤੇ ਪੈਂਦੀਆਂ ਸੂਰਜ ਦੀਆਂ ਕਿਰਨਾਂ ਨਾਲ ਬਣਦਾ ਦਿਨ ਤੇ ਰਾਤ।

ਹੈ। ਸੂਰਜ ਦੇ ਊਦੇ ਹੋਣ ਦੀ ਦਿਸ਼ਾ ਲਗਭਗ 62° ਤੋਂ 117° ਤਾਂਈ ਬਦਲਦੀ ਰਹਿੰਦੀ ਹੈ। ਇਸ ਨੂੰ ਸੂਰਜ ਦਾ ਰੱਥ ਫਿਰਨਾ ਕਿਹਾ ਜਾਂਦਾ ਹੈ “ਰਥੁ ਫਿਰੈ, ਛਾਇਆ ਧਨ ਤਾਕੈ; ਟੀਡੁ ਲਵੈ, ਮੰਝਿ ਬਾਰੇ” (ਪੰਨਾ 1108) ਧਰਤੀ ਦੇ ਧੁਰੇ ਦਾ ਲਗਭਗ 23.5° ਝੁਕਿਆ ਹੋਣ ਕਾਰਨ, ਜਦੋਂ ਧਰਤੀ ਸੂਰਜ ਦਾ ਚੱਕਰ ਕੱਟਦੀ ਹੈ ਤਾਂ ਧਰਤੀ ਦੇ ਵੱਖ-ਵੱਖ ਹਿੱਸਿਆਂ ’ਤੇ ਸੂਰਜ ਦੀ ਰੌਸ਼ਨੀ ਅਤੇ ਗਰਮੀ ਵਧਦੀ-ਘਟਦੀ ਰਹਿੰਦੀ ਹੈ। ਇਸ ਕਾਰਨ ਧਰਤੀ ਉਤੇ ਦਿਨ ਵੱਡੇ-ਛੋਟੇ ਹੁੰਦੇ ਹਨ ਅਤੇ ਵੱਖ-ਵੱਖ ਰੁੱਤਾਂ ਬਦਲਦੀਆਂ ਹਨ।

ਚੰਨ, ਧਰਤੀ ਦੇ ਦੁਆਲੇ ਘੁੰਮਦਾ ਹੈ। ਇਸ ਦੇ ਪੰਧ ਵਿੱਚ ਤਾਰਿਆਂ ਦੇ 27 ਸਮੂਹ ਮੰਨੇ ਗਏ ਹਨ। ਜਿਨ੍ਹਾਂ ਨੂੰ ਨਛੱਤਰ ਕਿਹਾ ਜਾਂਦਾ ਹੈ। ਇਕ ਦਿਨ ਦਾ ਇਕ ਨਛੱਤਰ ਮੰਨਿਆ ਗਿਆ ਹੈ। ਇਸ ਹਿਸਾਬ ਨਾਲ ਚੰਦ ਦਾ ਧਰਤੀ ਦੁਆਲੇ ਇਕ ਚੱਕਰ ਦਾ ਸਮਾਂ 27.32 ਦਿਨ (27 ਦਿਨ 7 ਘੰਟੇ 43 ਮਿੰਟ) ਬਣਦਾ ਹੈ, ਪਰ ਇਸੇ ਸਮੇਂ ਦੌਰਾਨ ਧਰਤੀ; ਜੋ ਸੂਰਜ ਦੁਆਲੇ ਘੁੰਮਦੀ ਹੈ, ਲਗਭਗ 27° ਅੱਗੇ ਵੱਧ ਜਾਂਦੀ ਹੈ ਤਾਂ ਇਹ ਵਧੇ ਹੋਏ ਫਾਸਲੇ ਸਮੇਤ ਇਕ ਚੱਕਰ ਪੂਰਾ ਕਰਨ ਲਈ ਚੰਦ ਨੂੰ 29.53 ਦਿਨ (29 ਦਿਨ 12 ਘੰਟੇ 44 ਮਿੰਟ) ਲੱਗਦੇ ਹਨ। ਇਸ ਨੂੰ ਚੰਦ ਦਾ ਇਕ ਮਹੀਨਾ ਕਿਹਾ ਜਾਂਦਾ ਹੈ। ਇਹ ਮੱਸਿਆ ਤੋਂ ਮੱਸਿਆ (ਅਮੰਤਾ) ਜਾਂ ਪੂੰਨਿਆ ਤੋਂ ਪੂੰਨਿਆ (ਪੂਰਨਮੰਤਾ) ਤਾਈਂ ਗਿਣਿਆ ਜਾਂਦਾ ਹੈ। ਚੰਦ ਦੇ ਸਾਲ ਵਿੱਚ 12 ਮਹੀਨੇ ਹੁੰਦੇ ਹਨ, ਚੰਦ ਦੇ ਸਾਲ ਦੀ ਲੰਬਾਈ 354.37 ਦਿਨ ਮੰਨੀ ਗਈ ਹੈ। ਚੰਦ ਦਾ ਇਕ ਸਾਲ ਸੂਰਜ ਦੇ ਸਾਲ ਨਾਲੋਂ ਲਗਭਗ 11 ਦਿਨ ਛੋਟਾ ਹੁੰਦਾ ਹੈ। ਇਕ ਸਾਲ ਵਿੱਚ 11 ਦਿਨ, ਦੋ ਸਾਲਾਂ ਵਿੱਚ 22 ਦਿਨ; ਜਦੋਂ ਚੰਦ ਦਾ ਸਾਲ ਸੂਰਜੀ ਸਾਲ ਤੋਂ ਪਿਛੇ ਰਹਿ ਜਾਂਦਾ ਹੈ ਇਸ ਨੂੰ ਸੂਰਜੀ ਸਾਲ ਦੇ ਨੇੜੇ ਤੇੜੇ ਰੱਖਣ ਲਈ ਇਸ ਵਿੱਚ  ਇਕ ਮਹੀਨਾ ਜੋੜ ਦਿੱਤਾ ਜਾਂਦਾ ਹੈ। ਇਸ ਸਾਲ ਚੰਦ ਦੇ ਸਾਲ ਵਿੱਚ 384/85 ਦਿਨ ਹੋ ਜਾਂਦੇ ਹਨ। ਇਹ ਹੀ ਕਾਰਨ ਹੈ ਕਿ ਚੰਦ ਦੇ ਸਾਲ ਜਾਂ ਕੈਲੰਡਰ ਦਾ ਰੁੱਤਾਂ ਨਾਲ ਕੋਈ ਸਬੰਧ ਨਹੀਂ ਹੁੰਦਾ ਹੈ। ਹੈਰਾਨੀ ਹੁੰਦੀ ਹੈ ਜਦੋਂ ਆਪਣੇ ਆਪ ਨੂੰ ਸ਼੍ਰੋਮਣੀ ਸਮਝਣ ਵਾਲੀ ਕਮੇਟੀ, ਬਸੰਤ ਰੁੱਤ ਦਾ ਅਰੰਭ, ਚੰਦ ਦੇ ਕੈਲੰਡਰ ਮੁਤਾਬਕ ਮਾਘ ਸੁਦੀ 5 ਨੂੰ ਹੀ ਮਨਾਉਂਦੀ ਹੈ, ਜੋ ਇਸ ਸਾਲ 1 ਫਰਵਰੀ ਨੂੰ ਸੀ। ਹਰ ਸਾਲ ਮਾਘ ਸੁਦੀ ਪੰਚਮੀ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਇਤਿਹਾਸਕ ਗੁਰਦਵਾਰਿਆਂ ਵਿੱਚ ਵਿਸ਼ੇਸ਼ ਦਿਵਾਨ ਸਜਾਏ ਜਾਂਦੇ ਹਨ।

ਸਨਾਤਨ ਧਰਮ ਵਿੱਚ ਇਹ ਦਿਨ ਮਿਥਿਹਾਸਿਕ ਦੇਵੀ ਸਰਸਵਤੀ ਦਾ ਜਨਮ ਦਿਨ ਹੈ। ਜੋ ਹਰ ਸਾਲ ਮਾਘ ਸੁਦੀ ਪੰਚਮੀ ਨੂੰ ਮਨਾਇਆ ਜਾਂਦਾ ਹੈ। ਜਿਸ ਨੂੰ ਆਮ ਲੋਕਾਂ ’ਚ ਪ੍ਰਚੱਲਤ ਕਰਨ ਲਈ ਬਸੰਤ ਨੂੰ ਇਸ ਨਾਲ ਜੋੜ ਦਿੱਤਾ ਗਿਆ ਹੈ। ਬਸੰਤ ਤਾਂ ਇਕ ਰੁੱਤ ਹੈ। ਉਹ ਰੁੱਤ, ਜੋ ਹਿਮਕਰ ਰੁੱਤ ਭਾਵ ਅੱਤ ਦੀ ਸਰਦੀ ਖਤਮ ਹੋਣ ਤੋਂ ਪਿਛੋ ਬਨਸਪਤੀ ਵਿੱਚ ਖੇੜਾ ਲਿਆਉਂਦੀ ਹੈ। ਇਸ ਦਾ ਸਿੱਧਾ ਸਬੰਧ ਸੂਰਜ ਨਾਲ ਹੈ, ਨਾ ਕਿ ਚੰਦ ਨਾਲ। ਮਾਘ ਸੁਦੀ 5 ਨੂੰ ਮਨਾਈ ਜਾਣ ਵਾਲੀ ਬਸੰਤ;  2015 ਈ: ਵਿੱਚ 24 ਜਨਵਰੀ ਨੂੰ, 2016 ਈ: ਵਿੱਚ 12 ਫਰਵਰੀ ਨੂੰ, ਅਤੇ ਇਸ ਸਾਲ 1 ਫਰਵਰੀ ਨੂੰ ਆਈ ਸੀ।  ਹੁਣ 2018 ਈ: ਵਿੱਚ 22 ਜਨਵਰੀ, 2019 ਈ: ਵਿੱਚ 10 ਫਰਵਰੀ ਅਤੇ 2020 ਈ: ਵਿੱਚ 30 ਜਨਵਰੀ ਨੂੰ ਆਵੇਗੀ। ਬੜੇ ਦੁਖ ਨਾਲ ਲਿਖਣਾ ਪੈ ਰਿਹਾ ਹੈ ਕਿ ਸਿੱਖਾਂ ਦੀ ਕੇਂਦਰੀ ਸੰਸਥਾ, ਇਹ ਗੱਲ ਸਮਝਣ ਤੋਂ ਅਸਮਰੱਥ ਹੈ ਕਿ ਕਿਸੇ ਵੀ ਰੁੱਤ ਦਾ ਆਰੰਭ ਇਸ ਤਰ੍ਹਾਂ ਡੱਡੂ ਛੜੱਪਿਆਂ ਨਾਲ ਨਹੀਂ ਹੁੰਦਾ। ਸਗੋਂ ਰੁੱਤ ਦਾ ਆਰੰਭ ਤਾਂ ਇਕ ਖਾਸ ਸਮੇਂ ’ਤੇ ਹੁੰਦਾ ਹੈ। ਉਨ੍ਹਾਂ ਨੂੰ ਕੋਈ ਵੀ ਸਵਾਲ ਪੁਛ ਕੇ ਵੇਖੋ, ਸਾਰੇ ਸਵਾਲਾਂ ਦਾ ਇਕ ਹੀ ਜਵਾਬ ਹੁੰਦਾ ਹੈ, ਉਹ ਹੈ, “ਸੀਨਾ-ਬਸੀਨਾ ਚਲੀ ਆ ਰਹੀ ਮਰਯਾਦਾ”। ਭਾਵੇਂ ਇਹ ਮਰਯਾਦਾ, ਗੁਰਬਾਣੀ ਦੀ ਅਵੱਗਿਆ ਹੀ ਕਰਦੀ ਹੋਵੇ।   

ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰਾਮਕਲੀ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ “ਰਾਮਕਲੀ ਮਹਲਾ ੫ ਰੁਤੀ ਸਲੋਕੁ” (ਪੰਨਾ 927) ’ਤੇ ਦਰਜ ਹੈ। ਇਸ ਸਲੋਕ ਵਿੱਚ 6 ਰੁੱਤਾਂ ਦਾ ਜਿਕਰ ਹੈ। ਜਿਸ ਅਨੁਸਾਰ ਬਸੰਤ ਰੁੱਤ; ਚੇਤ ਅਤੇ ਵੈਸਾਖ ਮਹੀਨੇ `ਚ ਆਉਂਦੀ ਹੈ “ਰੁਤਿ ਸਰਸ ਬਸੰਤ; ਮਾਹ ਚੇਤੁ ਵੈਸਾਖ, ਸੁਖ ਮਾਸੁ ਜੀਉ”।।  ਮਾਘ ਤੇ ਫੱਗਣ ਮਹੀਨੇ ਵਿੱਚ ਹਿਮਕਰ ਰੁੱਤ ਭਾਵ ਅੱਤ ਦੀ ਸਰਦੀ, “ਹਿਮਕਰ ਰੁਤਿ ਮਨਿ ਭਾਵਤੀ; ਮਾਘੁ ਫਗਣੁ ਗੁਣਵੰਤ ਜੀਉ”। ਪਰ ਦਰਬਾਰ ਸਾਹਿਬ ਵਿਖੇ ਮਾਘ ਤੇ ਫੱਗਣ ਦੇ ਮਹੀਨੇ ’ਚ ਬਸੰਤ ਰਾਗ ਗਾਇਆ ਜਾਂਦਾ ਹੈ।  ਅਜਿਹਾ ਕਿਉਂ ?  ਜੇ ਬਸੰਤ ਰਾਗ ਗਾਉਣਾ ਹੀ ਹੈ ਤਾਂ ਬਸੰਤ ਦੀ ਰੁੱਤ ਵਿੱਚ ਕਿਉਂ ਨਹੀਂ ?  ਭਾਵ ਚੇਤ-ਵੈਸਾਖ ਦੇ ਮਹੀਨੇ ’ਚ ਕਿਓ ਨਹੀਂ ? ਇਸ ਸਵਾਲ ਦੇ ਜਵਾਬ ਦੀ ਭਾਲ ਵਿੱਚ, ਧਰਮ ਪ੍ਰਚਾਰ ਕਮੇਟੀ ਦੇ ਇਕ ਉਚ ਅਹੁਦੇਦਾਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਤੁਸੀਂ ਦਰਬਾਰ ਸਾਹਿਬ ਦੇ ਸਿੰਘ ਸਾਹਿਬ ਨਾਲ ਸੰਪਰਕ ਕਰੋ। ਦਿੱਤੇ ਗਏ ਨੰਬਰ ’ਤੇ ਜਦੋਂ ਸਿੰਘ ਸਾਹਿਬ ਨਾਲ ਸੰਪਰਕ ਨਾ ਹੋਇਆ, ਤਾਂ ਉਸੇ ਨਾਮ ਵਾਲੇ ਸਹਾਇਕ ਸਿੰਘ ਸਾਹਿਬ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਇਹ ਤਾਂ ਗੁਰੂ ਅਰਜਨ ਦੇਵ ਜੀ ਵੱਲੋਂ ਚਲਾਈ ਹੋਈ ਮਰਯਾਦਾ ਦੇ ਅਨੁਸਾਰ ਹੀ ਮਾਘ-ਫੱਗਣ ਵਿੱਚ ਬਸੰਤ ਰਾਗ ਦਾ ਗਾਇਨ ਕੀਤਾ ਜਾਂਦਾ ਹੈ। ਉਨ੍ਹਾਂ ਸੀਨਾ-ਬਸੀਨਾ ਚਲੀ ਆ ਰਹੀ ਮਰਯਾਦਾ ਦਾ ਹਵਾਲਾ ਦੇ ਕੇ, ਰਾਗ ਆਰੰਭ ਕਰਨ ਵੇਲੇ ਕੀਤੀ ਜਾਣ ਵਾਲੀ ਅਰਦਾਸ ਦੀਆਂ ਪੰਗਤੀਆਂ ਦਾ ਉਚਾਰਨ ਵੀ ਕੀਤਾ। ਜਦੋਂ ਇਹ ਸਵਾਲ ਕੀਤਾ ਗਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮੁਤਾਬਕ ਤਾਂ ਬਸੰਤ ਦੀ ਰੁੱਤ; ਚੇਤ-ਵੈਸਾਖ ਵਿੱਚ ਆਉਂਦੀ ਹੈ ਤਾਂ ਹਿਮਕਰ ਰੁੱਤ ਭਾਵ ਮਾਘ-ਫੱਗਣ ਵਿੱਚ ਬਸੰਤ ਰਾਗ ਦੇ ਗਾਉਣ ਦੀ ਮਰਯਾਦਾ ਗੁਰੂ ਜੀ ਨੇ ਆਰੰਭ ਕੀਤੀ ਹੋਵੇਗੀ ?  ਇਹ ਗੱਲ ਮੰਨਣ ’ਚ ਨਹੀਂ ਆਉਂਦੀ। ਤਾਂ ਜਵਾਬ ਮਿਲਿਆ ਕਿ ਰਾਗ ਬਾਰੇ ਮੈਨੂੰ ਜਿਆਦਾ ਜਾਣਕਾਰੀ ਨਹੀਂ ਹੈ ਤੁਸੀਂ ਕਿਸੇ ਰਾਗੀ ਜੱਥੇ ਨਾਲ ਸੰਪਰਕ ਕਰੋ।

ਉਪ੍ਰੋਕਤ ਚਰਚਾ ਤੋਂ ਇਹ ਸੱਚ ਸਾਹਮਣੇ ਆਉਂਦਾ ਹੈ ਕਿ ਰੁੱਤਾਂ ਦਾ ਸਬੰਧ ਧਰਤੀ ਦੁਆਲੇ ਚੰਦ ਦੀ ਚਾਲ ਨਾਲ ਨਹੀਂ ਸਗੋਂ ਸੂਰਜ ਦੁਆਲੇ ਧਰਤੀ ਦੀ ਚਾਲ ਨਾਲ ਹੈ। ਰੁੱਤਾਂ ਦਾ ਸਬੰਧ ਸੂਰਜ ਨਾਲ ਹੋਣ ਕਾਰਨ, ਸ਼੍ਰੋਮਣੀ ਕਮੇਟੀ ਵੱਲੋਂ ਮਾਘ ਸੁਦੀ ਪੰਚਮੀ ਨੂੰ, ਕਲਪਿਤ ਦੇਵੀ ਸਰਸਵਤੀ ਦੇ ਕਥਿਤ ਜਨਮ ਦਿਨ ਉੱਤੇ ਉਚੇਚੇ ਕੀਰਤਨ ਅਤੇ ਢਾਡੀ ਦਰਬਾਰ ਕਰਵਾਉਣ ਨੂੰ ਕਿਸੇ ਵੀ ਦਲੀਲ ਨਾਲ ਸਹੀ ਨਹੀਂ ਠਹਿਰਾਇਆ ਜਾ ਸਕਦਾ। ਸੀਨਾ-ਬਸੀਨਾ ਚਲੀ ਆ ਰਹੀ ਮਰਯਾਦਾ ’ਤੇ ਗੁਰਬਾਣੀ ਦੀ ਪਰਖ ਕਸਵੱਟੀ ਲਾਉਣ ਦੀ ਸਖ਼ਤ ਲੋੜ ਹੈ। ਬਾਣੀ ਦੀ ਪਾਵਨ ਪੰਗਤੀ “ਸੂਰਜੁ ਏਕੋ ਰੁਤਿ ਅਨੇਕ, ਨਾਨਕ ! ਕਰਤੇ ਕੇ ਕੇਤੇ ਵੇਸ” ਤੋਂ ਵੀ ਸਾਨੂੰ ਇਹੀ ਸੇਧ ਮਿਲਦੀ ਹੈ ਕਿ ਵੱਖ-ਵੱਖ ਰੁੱਤਾਂ ਦਾ ਸਬੰਧ ਸੂਰਜ ਨਾਲ ਹੈ, ਨਾ ਕਿ ਚੰਦ ਨਾਲ। ਕਾਸ਼ !  ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕਰਤੇ ਦੇ ਇਸ ਨਿਯਮ ਨੂੰ ਸਮਝ ਸਕਦੀ।

Eko sun; many ruti