ਚੇਤਿ ਗੋਵਿੰਦੁ ਅਰਾਧੀਐ, ਹੋਵੈ ਅਨੰਦੁ ਘਣਾ॥

0
2586

ਚੇਤਿ ਗੋਵਿੰਦੁ ਅਰਾਧੀਐ, ਹੋਵੈ ਅਨੰਦੁ ਘਣਾ॥

 -ਬੀਬੀ ਹਰਪ੍ਰੀਤ ਕੌਰ ਸੋਲਨ -80545-19471

ਚੇਤਿ ਗੋਵਿੰਦੁ ਅਰਾਧੀਐ, ਹੋਵੈ ਅਨੰਦੁ ਘਣਾ॥ ਸੰਤ ਜਨਾ ਮਿਲਿ ਪਾਈਐ, ਰਸਨਾ ਨਾਮੁ ਭਣਾ॥

ਜਿਨਿ ਪਾਇਆ ਪ੍ਰਭੁ ਆਪਣਾ, ਆਏ ਤਿਸਹਿ ਗਣਾ॥ ਇਕੁ ਖਿਨੁ ਤਿਸੁ ਬਿਨੁ ਜੀਵਣਾ, ਬਿਰਥਾ ਜਨਮੁ ਜਣਾ॥

ਜਲਿ ਥਲਿ ਮਹੀਅਲਿ ਪੂਰਿਆ, ਰਵਿਆ ਵਿਚਿ ਵਣਾ॥ ਸੋ ਪ੍ਰਭੁ ਚਿਤਿ ਨ ਆਵਈ, ਕਿਤੜਾ ਦੁਖੁ ਗਣਾ॥

ਜਿਨੀ ਰਾਵਿਆ ਸੋ ਪ੍ਰਭੂ, ਤਿੰਨਾ ਭਾਗੁ ਮਣਾ॥ ਹਰਿ ਦਰਸਨ ਕੰਉ ਮਨੁ ਲੋਚਦਾ, ਨਾਨਕ ! ਪਿਆਸ ਮਨਾ॥

ਚੇਤਿ ਮਿਲਾਏ ਸੋ ਪ੍ਰਭੂ, ਤਿਸ ਕੈ ਪਾਇ ਲਗਾ॥ ੨॥

ਪਦ ਅਰਥ : ਚੇਤਿਚੇਤ ਮਹੀਨੇ ਵਿਚ।, ਘਣਾ – ਬਹੁਤ।, ਮਿਲਿ – ਮਿਲ ਕੇ।, ਰਸਨਾ – ਜੀਭ।, ਭਣਾ – ਉਚਾਰਨ।, ਜਿਨਿ – ਜਿਸ ਮਨੁੱਖ ਨੇ।, ਤਿਸਹਿ – ਉਸੇ ਨੇ।, ਆਏ ਗਣਾ – ਆਇਆ ਸਮਝੋ।, ਜਣਾ – ਜਾਣੋ।, ਮਹੀਅਲਿ – ਆਕਾਸ਼ ਵਿਚ।, ਮਨਾ – ਮਨ ਵਿਚ।, ਤਿਸ ਕੈ ਪਾਇ – ਉਸ ਮਨੁੱਖ ਦੇ ਪੈਰੀਂ।, ਲਗਾ – ਲੱਗਾਂ।

ਅਰਥ : ਚੇਤ ਵਿਚ ਪਰਮਾਤਮਾ ਨੂੰ ਸਿਮਰੀਏ ਤਾਂ ਬਹੁਤ ਆਤਮਕ ਅਨੰਦ ਮਿਲਦਾ ਹੈ, ਪਰ ਜੀਭ ਨਾਲ ਪ੍ਰਭੂ ਦਾ ਨਾਮ ਜਪਣ ਦੀ ਦਾਤਿ ਸੰਤ ਜਨਾਂ ਨੂੰ ਮਿਲ ਕੇ ਹੀ ਪ੍ਰਾਪਤ ਹੁੰਦੀ ਹੈ। ਉਸ ਬੰਦੇ ਨੂੰ ਜਗਤ ਵਿਚ ਜੰਮਿਆ ਜਾਣੋ, ਜਿਸ ਨੇ ਸਿਮਰਨ ਰਾਹੀਂ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ ਕਿਉਂਕਿ ਪਰਮਾਤਮਾ ਦੀ ਯਾਦ ਤੋਂ ਬਿਨਾਂ ਇਕ ਖਿਨ ਮਾਤਰ ਸਮਾਂ ਗੁਜ਼ਾਰਿਆਂ ਵੀ ਜ਼ਿੰਦਗੀ ਵਿਅਰਥ ਬੀਤਦੀ ਜਾਣੋ।

ਜਿਹੜਾ ਪ੍ਰਭੂ ਪਾਣੀ ਵਿਚ, ਧਰਤੀ ਵਿਚ, ਆਕਾਸ਼ ਵਿਚ, ਜੰਗਲਾਂ ਵਿਚ, ਹਰ ਥਾਂ ਵਿਆਪਕ ਹੈ, ਜੇ ਐਸਾ ਪ੍ਰਭੂ ਕਿਸੇ ਮਨੁੱਖ ਦੇ ਹਿਰਦੇ ਵਿਚ ਨਾ ਵੱਸੇ ਤਾਂ ਉਸ ਮਨੁੱਖ ਦਾ ਮਾਨਸਕ ਦੁੱਖ ਬਿਆਨ ਨਹੀਂ ਹੋ ਸਕਦਾ ਪਰ ਜਿਨ੍ਹਾਂ ਬੰਦਿਆਂ ਨੇ ਉਸ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਇਆ ਹੈ, ਉਹਨਾਂ ਦਾ ਬੜਾ ਭਾਗ ਜਾਗ ਪੈਂਦਾ ਹੈ।

ਨਾਨਕ ਦਾ ਮਨ ਵੀ ਹਰੀ ਦੇ ਦੀਦਾਰ ਨੂੰ ਤਾਂਘਦਾ ਹੈ, ਨਾਨਕ ਦੇ ਮਨ ਵਿਚ ਹਰੀ ਦਰਸ਼ਨ ਦੀ ਪਿਆਸ ਹੈ, ਜਿਹੜਾ ਮਨੁੱਖ ਮੈਨੂੰ ਹਰੀ ਦੇ ਮਿਲਾਪ ਦਾ ਅਨੁਭਵ ਬਿਆਨ ਕਰ ਦੇਵੇ, ਮੈਂ ਉਸ ਦੀ ਚਰਨੀਂ ਲੱਗਾਂਗਾ। ੨।

ਵਿਆਖਿਆ : ਬਾਰਹ ਮਾਂਹ ਦੀ ਆਰੰਭਕ ਪਉੜੀ ਵਿਚ ਹੀ ਸਤਿਗੁਰੂ ਜੀ ਨੇ ਸਾਨੂੰ ਅੰਦਰ ਦੀ ਕਮਜ਼ੋਰੀ ਦੇ ਦਰਸ਼ਨ ਕਰਵਾਏ ਹਨ। ਕੀਤੇ ਕਰਮਾਂ ਦੇ ਸੰਸਕਾਰਾਂ ਕਾਰਨ ਮਨੁੱਖ ਰੱਬ ਦੀ ਯਾਦ ਭੁਲਾ ਦਿੰਦਾ ਹੈ ਤੇ ਕਾਮਾਦਿਕ ਵਿਕਾਰਾਂ ਦੀ ਤਪਸ਼ ਨਾਲ ਉਸ ਦਾ ਹਿਰਦਾ ਬਲਦੀ ਭੱਠੀ ਵਰਗਾ ਬਣਿਆ ਰਹਿੰਦਾ ਹੈ। ਇਸ ਤਰ੍ਹਾਂ ਮਨੁੱਖ ਆਪਣੀ ਸਾਰੀ ਉਮਰ ਅਜਾਈਂ ਗਵਾ ਲੈਂਦਾ ਹੈ। ਆਪਣੇ ਕੁਹਜ ਨੂੰ ਦੂਰ ਕਰਨ ਲਈ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਕੁਚੱਜੀ’ ਤੋਂ ਗੱਲ ਸ਼ੁਰੂ ਕਰਕੇ ‘ਸੁਚੱਜੀ’ ’ਤੇ ਸਮਾਪਤ ਕੀਤੀ।

ਕਬੀਰ ਜੀਉ ਨੇ ਗੱਲ ‘ਅਮਾਵਸ’ (ਹਨ੍ਹੇਰੇ) ਤੋਂ ਸ਼ੁਰੂ ਕਰਕੇ ‘ਪੂਰਨਮਾ’ (ਰੌਸ਼ਨੀ) ’ਤੇ ਸਮਾਪਤ ਕੀਤੀ ਭਾਵ ਸਾਡੇ ਜੀਵਨ ਨੂੰ ਹਨ੍ਹੇਰੇ ਪੱਖ ਤੋਂ ਚਾਨਣ ਪੱਖ ਵੱਲ ਲਿਜਾਣ ਦਾ ਯਤਨ ਕੀਤਾ। ਮਨੁੱਖ ਦੇ ਅੰਦਰ ਸੋਗ ਹੈ, ਮੁਰਦਾਪਣ ਹੈ। ਵੀਚਾਰ ਅਧੀਨ ਸ਼ਬਦ ਵਿਚ ਸਤਿਗੁਰੂ ਜੀ ਕਹਿ ਰਹੇ ਹਨ ਕਿ ਨਾਮ ਦੀ ਬਰਕਤ ਨਾਲ ਮਨੁੱਖ ਦੇ ਅੰਦਰ ਆਤਮਕ ਅਨੰਦ ਬਣਿਆ ਰਹਿੰਦਾ ਹੈ। ਉਹ ਮਨੁੱਖ ਜੀਉਂਦਾ ਜਾਣੋ, ਜੋ ਪਰਮਾਤਮਾ ਦਾ ਨਾਮ ਸਿਮਰਦਾ ਹੈ ਪਰ ਸਿਮਰਨ ਦੀ ਦਾਤ ਸਾਧ ਸੰਗਤਿ ਵਿਚੋਂ ਮਿਲਦੀ ਹੈ।

ਚੇਤ ਦਾ ਮਹੀਨਾ ਬਸੰਤ ਰੁੱਤ ਦਾ ਮਹੀਨਾ ਹੈ। ਬਨਸਪਤੀ ਦਾ ਖਿੜਾਉ, ਰੁਮਕਦੀ ਠੰਡੀ ਹਵਾ, ਫੁੱਲਾਂ ਦੀ ਸੁਗੰਧ ਅਤੇ ਭੌਰਿਆਂ ਦੀ ਗੂੰਜਾਰ ਚਾਰੇ ਪਾਸੇ ਹੁੰਦੀ ਹੈ ਕਿਉਂਕਿ ਬਾਹਰਲਾ ਸੁਹੱਪਣ ਨਵਾਂ ਪੈਦਾ ਹੋਇਆ ਹੈ। ਕੁਦਰਤ (ਰੁੱਤ) ਦੇ ਇਤਨੇ ਬੇਮਿਸਾਲ ਮੌਸਮ ਵਿੱਚ ਵੀ ਭਾਗਹੀਣ ਮਨੁੱਖ ਨੂੰ ਆਪਣੇ ਅੰਦਰ ਵੱਸਦਾ ਪ੍ਰਭੂ ਮਹਿਸੂਸ ਨਹੀਂ ਹੋਇਆ, ਇਸ ਲਈ ਉਹ ਬਸੰਤ ਰੁੱਤ ਵਾਲਾ ਅਨੰਦਿਤ ਜੀਵਨ ਬਤੀਤ ਨਹੀਂ ਕਰ ਸਕਿਆ ਜਿਵੇਂ ਕਿ ਬਾਕੀ ਜੀਵ ਫਾਇਦਾ ਉੱਠਾ ਰਹੇ ਹਨ: ‘‘ਨਾਨਕ ! ਤਿਨਾ ਬਸੰਤ ਹੈ; ਜਿਨ ਘਰਿ ਵਸਿਆ ਕੰਤੁ॥ ਜਿਨ ਕੇ ਕੰਤ ਦਿਸਾਪੁਰੀ; ਸੇ, ਅਹਿਨਿਸਿ ਫਿਰਹਿ ਜਲੰਤ॥’’ ਇਸ ਕਰਕੇ ਜਦੋਂ ਤੱਕ ‘ਪਿਰੁ ਘਰਿ ਨਹੀ ਆਵੈ’, ਉਦੋਂ ਤੱਕ ‘ਬਿਰਹਿ ਬਿਰੋਧ ਤਨੁ ਛੀਜੈ’ ਤੋਂ ਅਸੀਂ ਬਚ ਨਹੀਂ ਸਕਦੇ ਚਾਹੇ ਕਿਤਨੇ ਹੀ ‘ਬਨ ਫੂਲੇ ਮੰਝ ਧਾਰਿ’ਹੋਵਣ, ਚਾਹੇ ਕਿਤਨੀ ਹੀ ‘ਕੋਕਿਲ ਅੰਧਿ ਸੁਹਾਵੀ ਬੋਲੈ’ ਵਾਲੀ ਅਵਸਥਾ (ਮੌਸਮ)  ਹੋਵੇ, ਜਦੋਂ ਤੱਕ ਸਾਡੇ ਮਨ ਦੀ ਹਾਲਤ ‘ਭਵਰੁ ਭਵੰਤਾ ਫੂਲੀ ਡਾਲੀ’ ਵਾਲੀ ਹੋਵੇ ਉਦੋਂ ਤੱਕ ‘ਹੋਵੈ ਅਨੰਦੁ ਘਣਾ’ ਕਿਵੇਂ ਸੰਭਵ ਹੋ ਸਕਦਾ ਹੈ ? ਇਸ ਦਾ ਤਰੀਕਾ ਸਤਿਗੁਰੂ ਜੀ ਦੱਸਦੇ ਹਨ:

(1). ਚੇਤਿ ਗੋਵਿੰਦੁ ਅਰਾਧੀਐ॥

(2). ਸੰਤ ਜਨਾ ਮਿਲਿ ਪਾਈਐ

(3). ਰਸਨਾ ਨਾਮ ਭਣਾ, ਆਦਿ।

ਜੇਕਰ ਅਸੀਂ ਗੁਰੂ ਦੀ ਸੰਗਤਿ ਵਿਚ ਮਿਲ ਕੇ ਰੱਬੀ ਹੋਂਦ ਨੂੰ ਮਹਿਸੂਸ ਕਰਦੇ ਹੋਏ ਰਸਨਾ ਨਾਲ ਉਸ ਨੂੰ ਪੁਕਾਰੀਏ ਸਾਡੇ ਅੰਦਰ ਜ਼ਰੂਰ ਵੀ ਟਿਕਾ (ਸ਼ਾਂਤੀ) ਆਵੇਗਾ: ‘‘ਹਿਰਦੈ ਸੰਮਾਲੈ, ਮੁਖਿ ਹਰਿ ਹਰਿ ਬੋਲੈ॥ ਸੋ ਜਨੁ ਇਤੁ ਉਤੁ; ਕਤਹਿ ਨ ਡੋਲੈ॥’’ ਹਿਰਦੈ ਵਿਚ ਰੱਬੀ ਹੋਂਦ ਨੂੰ ਮਹਿਸੂਸ ਕੀਤੇ ਬਿਨਾਂ ਰੱਬ ਨੂੰ ਪੁਕਾਰਨਾ ਪਾਖੰਡ ਹੈ, ਜਿਵੇਂ ਕੋਈ ਟੇਪ ਰਿਕਾਰਡਰ ਬੋਲ ਰਿਹਾ ਹੋਵੇ, ਜਿਵੇਂ ਤੰਦ ਟੁੱਟੀ ਹੋਵੇ, ਬੀਬੀ ਚਰਖਾ ਘੁੰਮਾ ਰਹੀ ਹੋਵੇ, ਸੂਈ ਵਿਚ ਧਾਗਾ ਨਾ ਹੋਵੇ ਪਰ ਮਸ਼ੀਨ ਚੱਲ ਰਹੀ ਹੋਵੇ, ਆਦਿ। ਇਹੀ ਤਾਂ ਸਤਿਗੁਰੂ ਜੀ; ਜੋਗੀ ਨੂੰ ਉਪਦੇਸ਼ ਦੇ ਰਹੇ ਹਨ: ‘‘ਹਥ ਕਰਿ ਤੰਤੁ ਵਜਾਵੈ ਜੋਗੀ, ਥੋਥਰ ਵਾਜੈ ਬੇਨੁ॥ ਗੁਰਮਤਿ ਹਰਿ ਗੁਣ ਬੋਲਹੁ ਜੋਗੀ ! ਇਹੁ ਮਨੁਆ ਹਰਿ ਰੰਗਿ ਭੇਨੁ॥’’ ਇਸ ਕਰਕੇ ‘‘ਰਸਨਾ ਨਾਮੁ ਭਣਾ’’ ਤਦੇ ਹੀ ਸਾਰਥਕ ਹੋਵੇਗਾ ਜੇਕਰ ‘‘ਗੁਰਮਤਿ ਅਸਥਿਰੁ ਬੈਲੁ ਮਨੁ ਜੋਵਹੁ; ਹਰਿ ਸਿੰਚਹੁ ਗੁਰਮਤਿ ਜੇਤੁ॥’’

ਇਸ ਲਈ ਉਸ ਮਾਲਕ ਨੂੰ ਚੇਤੇ ਕਰੀਏ। ਜੇਕਰ ‘ਸੋ ਪ੍ਰਭੂ ਚਿਤਿ ਨ ਆਵਈ’ ਤਾਂ ਮਨੁੱਖ ਦਾ ਜਨਮ ‘ਬਿਰਥਾ ਜਨਮੁ ਜਣਾ’, ‘ਕਿਤੜਾ ਦੁਖੁ ਗਣਾ ?’, ‘ਕਿਉ ਜੀਵਾ ਮਰੁ ਮਾਏ ?’ ਵਾਲਾ ਹੀ ਹੋਏਗਾ, ਪਰ ਜਿਨ੍ਹਾਂ ਨੇ ਪ੍ਰਭੂ ਨੂੰ ਮਾਣਿਆ ਉਹ ਭਾਗਾਂ ਵਾਲੇ ਹੋ ਗਏ: ‘‘ਵਡਭਾਗੀਆ ਸੋਹਾਗਣੀ; ਜਿਨਾ ਗੁਰਮੁਖਿ ਮਿਲਿਆ ਹਰਿ ਰਾਇ॥ ਅੰਤਰਿ ਜੋਤਿ ਪਰਗਾਸੀਆ; ਨਾਨਕ ! ਨਾਮੁ ਸਮਾਇ॥’’

ਜਿਸ ਦਾ ਦਿਲ ‘ਹਰਿ ਦਰਸਨ ਕਉ ਮਨੁ ਲੋਚਦਾ’ ਦੀ ਅਵਸਥਾ ਵਾਲਾ ਹੋ ਜਾਂਦਾ ਹੈ, ਜਿਸ ਦੇ ਅੰਦਰ ‘ਨਾਨਕ ! ਪਿਆਸ ਮਨਾ’ ਹੁੰਦੀ ਹੈ, ਉਸ ਜੀਵ ਇਸਤਰੀ ‘ਨਾਨਕ ! ਚੇਤਿ ਸਹਜਿ ਸੁਖ ਪਾਵੈ’ ਅਤੇ ‘ਜੇ ਹਰਿ ਵਰੁ ਘਰਿ ਧਨ ਪਾਏ’ ਦੀ ਪਉੜੀ ’ਤੇ ਪਹੁੰਚ ਜਾਂਦੀ ਹੈ, ਫਿਰ ਉਸ ਲਈ ‘ਚੇਤ ਵੀ ਭਲਾ, ਬਸੰਤ ਵੀ ਭਲਾ, ਭੰਵਰ ਵੀ ਸੁਹਾਵਣੇ ਅਤੇ ‘ਕੋਕਿਲ ਅੰਧਿ ਸੁਹਾਵੀ’ ਹੋ ਜਾਂਦੀ ਹੈ।

ਚੇਤੁ ਬਸੰਤੁ ਭਲਾ ਭਵਰ ਸੁਹਾਵੜੇ॥  ਬਨ ਫੂਲੇ ਮੰਝ ਬਾਰਿ, ਮੈ ਪਿਰੁ ਘਰਿ ਬਾਹੁੜੈ॥