ਸਿੱਖ ਧਰਮ ’ਚ ਬੀਬੀ ਮੁਮਤਾਜ ਤੇ ਉਨ੍ਹਾਂ ਦੇ ਪਿਤਾ ਨਿਹੰਗ ਖ਼ਾਨ ਦਾ ਸਥਾਨ

0
720

ਸਿੱਖ ਧਰਮ ’ਚ ਬੀਬੀ ਮੁਮਤਾਜ ਤੇ ਉਨ੍ਹਾਂ ਦੇ ਪਿਤਾ ਨਿਹੰਗ ਖ਼ਾਨ ਦਾ ਸਥਾਨ

ਮੇਜਰ ਸਿੰਘ ਬੁਢਲਾਡਾ

ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਤਾਂ ਪਰਿਵਾਰ ਵਿਛੋੜੇ ਤੋਂ ਬਾਅਦ ਗੁਰੂ ਜੀ ਸਰਸਾ ਨਦੀ ਪਾਰ ਕਰ ਪਿੰਡ ਕੋਟਲਾ ਨਿਹੰਗ ਵਿਖੇ ਚੌਧਰੀ ਨਿਹੰਗ ਖ਼ਾਂ ਦੇ ਕਿਲ੍ਹੇ ਵਿੱਚ ਪਹੁੰਚੇ ਸਨ, ਇਨ੍ਹਾਂ ਦੇ ਪਿੱਛੇ ਭਾਈ ਬਚਿੱਤਰ ਸਿੰਘ ਜੀ ਦਾ ਜਥਾ ਸੀ ਇਸ ਜਥੇ ਦੀ ਰੋਪੜ ਦੇ ਲਾਗੇ ਮਲਕਪੁਰ ਦੇ ਰੰਗੜਾਂ ਨਾਲ ਜੰਗ ਹੋ ਗਈ। ਸਾਰੇ ਸਿੰਘਾਂ ਨੇ ਵੈਰੀ ਫ਼ੌਜ ਨਾਲ ਸਖ਼ਤ ਟੱਕਰ ਲਈ ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਭਾਈ ਬਚਿੱਤਰ ਸਿੰਘ ਜੀ ਸਖ਼ਤ ਜ਼ਖ਼ਮੀ ਹੋ ਗਏ ਸਨ। ਅਚਾਨਕ ਪਿੱਛੋਂ ਸਾਹਿਬਜ਼ਾਦਾ ਅਜੀਤ ਸਿੰਘ ਤੇ ਭਾਈ ਮਦਨ ਸਿੰਘ, ਆਦਿ ਸਿੱਖਾਂ ਨੇ ਵੈਰੀ ਨਾਲ ਮੁਕਾਬਲਾ ਕਰਦਿਆਂ ਜ਼ਖ਼ਮੀ ਹਾਲਤ ਵਿੱਚ ਭਾਈ ਬਚਿੱਤਰ ਸਿੰਘ ਨੂੰ ਕੋਟਲਾ ਨਿਹੰਗ ਵਿਖੇ ਚੌਧਰੀ ਨਿਹੰਗ ਖ਼ਾਂ ਦੇ ਕਿਲ੍ਹੇ ਵਿੱਚ ਪਹੁੰਚਾ ਦਿੱਤਾ, ਜਿੱਥੇ ਦਸਮੇਸ਼ ਪਿਤਾ ਵੀ ਮੌਜੂਦ ਸਨ। ਭਾਈ ਬਚਿੱਤਰ ਸਿੰਘ ਨੂੰ ਇਕ ਪਲੰਘ ’ਤੇ ਲਿਟਾਇਆ ਤੇ ਗੁਰੂ ਗੋਬਿੰਦ ਸਿੰਘ ਜੀ ਅੱਧੀ ਰਾਤ ਨੂੰ ਭਾਈ ਬਚਿੱਤਰ ਸਿੰਘ ਦੀ ਸੇਵਾ ਵਿੱਚ ਚੌਧਰੀ ਨਿਹੰਗ ਖਾਂ ਦੀ ਡਿਊਟੀ ਲਗਾ ਕੇ ਆਪ ਜਥੇ ਸਮੇਤ ਪਿੰਡ ਲਖਮੀਪੁਰ ਵੱਲ ਰਵਾਨਾ ਹੋ ਗਏ, ਇਨ੍ਹਾਂ ਨਾਲ਼ ਨਿਹੰਗ ਖ਼ਾਨ ਦਾ ਪੁੱਤਰ ਵੀ ਆਲਮ ਖ਼ਾਨ ਵੀ ਬੂਰ ਮਾਜਰੇ ਤੱਕ ਗਿਆ।

ਕਿਸੇ ਨੇ ਰੋਪੜ ਚੌਕੀ ਦੇ ਸਰਦਾਰ ਜਾਫ਼ਰ ਅਲੀ ਖ਼ਾਨ ਨੂੰ ਸੂਹ ਦਿੱਤੀ ਤੇ ਉਹ ਫ਼ੌਜ ਲੈ ਕੇ ਨਿਹੰਗ ਖ਼ਾਨ ਦੇ ਕਿਲ੍ਹੇ ਦੀ ਛਾਣ-ਬੀਣ ਕਰਨ ਆ ਗਿਆ ਪਰ ਕੋਈ ਸਿੰਘ ਨਾ ਮਿਲਿਆ। ਕੇਵਲ ਇਕ ਕੋਠੜੀ ਹੀ ਤਲਾਸ਼ੀ ਰਹਿ ਗਈ ਸੀ, ਜਿਸ ਬਾਰੇ ਪੁੱਛਣ ’ਤੇ ਚੌਧਰੀ ਨਿਹੰਗ ਖ਼ਾਂ ਨੇ ਕਿਹਾ ਕਿ ਇਸ ਵਿੱਚ ਮੇਰੀ ਲੜਕੀ ਮੁਮਤਾਜ ਤੇ ਦਾਮਾਦ ਆਰਾਮ ਕਰ ਰਹੇ ਹਨ। ਜੇ ਚਾਹੁੰਦੇ ਹੋ ਤਾਂ ਖੁਲ੍ਹਵਾ ਕੇ ਦਿਖਾਵਾਂ ? ਸਰਦਾਰ ਜਾਫ਼ਰ ਅਲੀ ਖ਼ਾਨ ਚੌਧਰੀ ਨਿਹੰਗ ਖ਼ਾਂ ਤੋਂ ਖਿਮਾ ਮੰਗ ਕੇ ਵਾਪਸ ਚਲਿਆ ਗਿਆ । ਕੋਠੜੀ ਵਿੱਚ ਭਾਈ ਬਚਿੱਤਰ ਸਿੰਘ ਦੀ ਸੇਵਾ ਇਨ੍ਹਾਂ ਦੀ ਬੇਟੀ ਮੁਮਤਾਜ ਕਰ ਰਹੀ ਸੀ ਤੇ ਪਿਤਾ ਜੀ ਦੇ ਬਚਨ ਸੁਣ ਕੇ ਬੇਟੀ ਮੁਮਤਾਜ ਨੇ ਸਾਰੀ ਉਮਰ ਵਿਆਹ ਨਹੀਂ ਕਰਵਾਇਆ ਤੇ ਭਾਰੀ ਤਪ ਕੀਤਾ ਸੀ। ਭਾਈ ਬਚਿੱਤਰ ਸਿੰਘ ਜ਼ਖਮਾਂ ਦੀ ਤਾਬ ਨਾ ਸਹਾਰਦਿਆਂ ੮ ਦਸੰਬਰ ੧੭੦੫ ਨੂੰ ਪ੍ਰਲੋਕ ਸਿਧਾਰ ਗਏ ।

ਅਗਲੀ ਸਵੇਰ ਬੀਬੀ ਮੁਮਤਾਜ ਨੇ ਆਪਣੇ ਪਿਤਾ ਨਿਹੰਗ ਖ਼ਾਂ ਨੂੰ ਕਿਹਾ ਕਿ ਪਿਤਾ ਜੀ ਤੁਸੀ ਮੇਰੀ ਮੰਗਣੀ ਤਾਂ ਬਸੀ ਪਠਾਣਾਂ ਦੇ ਅਬਗਾਨ ਖ਼ਾਂ ਨਾਲ ਕੀਤੀ ਹੋਈ ਹੈ, ਜਿਸ ਤੋਂ ਬਾਅਦ ਬੀਬੀ ਮੁਮਤਾਜ ਨੇ ਨਿਕਾਹ ਨਹੀਂ ਕਰਨੇ ਦਾ ਫ਼ੈਸਲਾ ਆਪਣੇ ਪਿਤਾ ਨੂੰ ਸੁਣਾ ਦਿੱਤਾ ਤੇ ਸਾਰੀ ਉਮਰ ਗੁਰੂ ਘਰ ਦੀ ਸੇਵਾ ਸਿਮਰਨ ਵਿੱਚ ਗੁਜ਼ਾਰੀ। ਇਤਿਹਾਸ ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੀਬੀ ਮੁਮਤਾਜ ਦੀ ਬੇਨਤੀ ਉੱਤੇ ਉਨ੍ਹਾਂ ਨੂੰ ਗਾਤਰਾ ਤੇ ਕ੍ਰਿਪਾਨ ਭੇਟ ਕੀਤੀ ਸੀ। ਗੁਰੂ ਨੇ ਵਚਨ ਕੀਤਾ ਕਿ ਮੈਂ ਤੁਹਾਡੇ ਅੰਗ- ਸੰਗ ਰਹਾਂਗਾ। ਇਹ ਕ੍ਰਿਪਾਨ ਤੇ ਕਟਾਰ ਅੱਜ ਕੱਲ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਕੋਟਲਾ ਨਿਹੰਗ (ਰੋਪੜ) ਵਿੱਚ ਸੁਸ਼ੋਭਿਤ ਹਨ।