ਸਮੁੱਚੀ ਗੁਰਬਾਣੀ ਦੇ ਲਿਖਤ ਨਿਯਮਾਂ ਦੀ ਸੰਖੇਪ ਵਿਚਾਰ (ਭਾਗ ਦੂਜਾ)

0
1476

ਸਮੁੱਚੀ ਗੁਰਬਾਣੀ ਦੇ ਲਿਖਤ ਨਿਯਮਾਂ ਦੀ ਸੰਖੇਪ ਵਿਚਾਰ (ਭਾਗ ਦੂਜਾ)

ਗਿਆਨੀ ਅਵਤਾਰ ਸਿੰਘ

ਸਮੁੱਚੀ ਗੁਰਬਾਣੀ ਦੇ ਲਿਖਤ ਨਿਯਮਾਂ ਦੀ ਸੰਖੇਪ ਵਿਚਾਰ (ਭਾਗ ਪਹਿਲਾ)

ਸਮੁੱਚੀ ਗੁਰਬਾਣੀ ਦੇ ਲਿਖਤ ਨਿਯਮਾਂ ਦੀ ਸੰਖੇਪ ਵਿਚਾਰ (ਭਾਗ ਤੀਜਾ)

ਸਮੁੱਚੀ ਗੁਰਬਾਣੀ ਦੇ ਲਿਖਤ ਨਿਯਮਾਂ ਦੀ ਸੰਖੇਪ ਵਿਚਾਰ (ਭਾਗ ਚੌਥਾ)

ਭਾਗ ਦੂਜਾ ()

ਨੋਟ: (1). ਗੁਰਬਾਣੀਨਾਂਵ, ਪੜਨਾਂਵ, ਵਿਸ਼ੇਸ਼ਣ ਅਤੇ ਸੰਬੰਧਕਸ਼ਬਦਾਂ ਦੇ ਲਿਖਤੀ ਨਿਯਮ ਇੱਕ ਸਮਾਨ ਜਿਹੇ ਹੁੰਦੇ ਹਨ ਜਾਂ ਇੱਕ ਦੂਜੇਤੇ ਪ੍ਰਭਾਵ ਪਾਉਂਦੇ ਹਨ ਇੱਕ ਸ਼ਬਦ ਬਣਤਰ; ਦੂਸਰੇਤੇ ਪ੍ਰਭਾਵ ਪਾ ਕੇ ਉਸ ਦਾ ਸਰੂਪ ਬਦਲ ਲੈਂਦਾ ਹੈ

(2). ਜੇ ਕਿਸੇ ਵਾਕ ਕ੍ਰਿਆ ਨਾ ਹੋਵੇ ਤਾਂ ਕ੍ਰਿਆਵਿਸ਼ੇਸ਼ਣ ਸ਼ਬਦ ਵੀ ਨਹੀਂ ਹੋਵੇਗਾ ਕਿਉਂਕਿ ਇਸ ਨੇ ਕ੍ਰਿਆ ਦੀ ਹੀ ਵਿਸ਼ੇਸ਼ਤਾ ਦੱਸਣੀ ਹੁੰਦੀ ਹੈ ਇਨ੍ਹਾਂ ਦੋਵੇਂ ਸ਼ਬਦਾਂ ਦਾ ਆਪਸੀ ਸੰਬੰਧ ਹੋਣ ਦੇ ਬਾਵਜੂਦ ਵੀ ਇਹ ਆਪਣੀ ਆਪਣੀ ਬਣਤਰ ਕਾਇਮ ਰੱਖਦੇ ਹਨ ਭਾਵ ਇੱਕ ਸ਼ਬਦ; ਪ੍ਰਭਾਵ ਪਾ ਕੇ ਦੂਸਰੇ ਦੀ ਬਣਤਰ ਨੂੰ ਨਹੀਂ ਬਦਲਦਾ

ਨਾਂਵ ਸ਼ਬਦ

ਪਰਿਭਾਸ਼ਾ: ਨਾਂਵ ਦੀਆਂ 5 ਕਿਸਮਾਂ ਹੁੰਦੀਆਂ ਹਨ: ‘ਖ਼ਾਸ ਨਾਂਵ, ਆਮ ਨਾਂਵ (ਜਾਤੀ ਨਾਂਵ), ਵਸਤੂ-ਵਾਚਕ ਨਾਂਵ, ਇਕੱਠ-ਵਾਚਕ ਨਾਂਵ ਅਤੇ ਭਾਵ-ਵਾਚਕ ਨਾਂਵ’।

  1. ਖ਼ਾਸ ਨਾਂਵ (Proper Noun): ਕਿਸੇ ਖ਼ਾਸ ਜੀਵ, ਖ਼ਾਸ ਵਸਤੂ ਜਾਂ ਖ਼ਾਸ ਸਥਾਨ ਨੂੰ ਹੀ ਖ਼ਾਸ ਨਾਂਵ ਕਿਹਾ ਜਾਂਦਾ ਹੈ। ਇਹ, ਨਿਜ ਵਾਚਕ ਜਾਂ ਵਿਅਕਤੀ ਵਾਚਕ ਨਾਂਵ ਵੀ ਹੁੰਦਾ ਹੈ; ਜਿਵੇਂ ‘ਗੁਰੂ ਨਾਨਕ, ਭਾਈ ਮਰਦਾਨਾ, ਅਫ਼ਰੀਕੀ ਹਾਥੀ, ਅਰਬੀ ਘੋੜਾ, ਨਾਗਪੁਰੀ ਸੰਤਰਾ, ਕਸ਼ਮੀਰੀ ਸੇਬ, ਦਸ਼ਹਿਰੀ ਅੰਬ, ਕਮਲ ਫੁੱਲ, ਬਾਸਮਤੀ ਚੌਲ਼, ਸਮੁੰਦਰੀ ਜਹਾਜ਼, ਜੈਲ ਪੈੱਨ, ਮੈਡੀਕਲ ਬੁੱਕ, ਮਾਰੂਤੀ ਕਾਰ, ਹੀਰੋ ਸਾਈਕਲ, ਬੁਲਟ ਮੋਟਰ-ਸਾਈਕਲ, ਭਾਰਤ, ਪੰਜਾਬ, ਅੰਮ੍ਰਿਤਸਰ, ਪੂਰਬ, ਪੱਛਮ, ਗੰਗਾ, ਯਮੁਨਾ, ਹਿਮਾਲਿਆ, ਬ੍ਰਹਮਾ, ਪਾਰਬਤੀ’।

ਗੁਰਬਾਣੀ ਖ਼ਾਸ ਨਾਂਵ ਇਉਂ ਦਰਜ ਹਨ :

ਨਾਨਕੁ ਤੂ, ਲਹਣਾ ਤੂ ਹੈ; ਗੁਰੁ ਅਮਰੁ ਤੂ ਵੀਚਾਰਿਆ ॥ (ਬਲਵੰਡ ਸਤਾ/੯੬੮)

ਨਾਮਦੇਵ, ਕਬੀਰੁ, ਤਿਲੋਚਨੁ, ਸਧਨਾ ਸੈਨੁ ਤਰੈ ॥ (ਭਗਤ ਰਵਿਦਾਸ/੧੧੦੬)

 ਗੁਣ ਗਾਵੈ, ਰਵਿਦਾਸੁ ਭਗਤੁ; ਜੈਦੇਵ, ਤ੍ਰਿਲੋਚਨ ॥ (ਭਟ ਕਲੵ/੧੩੯੦)

ਗੰਗਾ, ਜਮੁਨਾ, ਕੇਲ (ਬਿੰਦ੍ਰਾਬਨ) ਕੇਦਾਰਾ (ਕੇਦਾਰਨਾਥ) ॥  ਕਾਸੀ (ਵਾਰਾਣਸੀ) ਕਾਂਤੀ (ਮਥੁਰਾ) ਪੁਰੀ ਦੁਆਰਾ (ਦੁਆਰਕਾ ਪੁਰੀ)॥  (ਮਹਲਾ ੧/੧੦੨੨)

(2). ਆਮ ਨਾਂਵ (Common Noun): ਗਿਣਨ-ਯੋਗ ਚੀਜ਼ਾਂ ਦੇ ਸਰਬ-ਸਾਂਝੇ ਨਾਂਵ; ਆਮ ਨਾਂਵ ਹੁੰਦੇ ਹਨ। ਇਨ੍ਹਾਂ ਨੂੰ ਜਾਤੀ-ਵਾਚਕ ਨਾਂਵ ਵੀ ਕਿਹਾ ਜਾਂਦਾ ਹੈ; ਜਿਵੇਂ ‘ਲੜਕਾ, ਲੜਕੀ, ਮਾਤਾ, ਪਿਤਾ, ਰਿਸ਼ਤੇਦਾਰ, ਇਸਤਰੀ, ਮਰਦ, ਘੋੜਾ, ਹਾਥੀ, ਸੰਤਰਾ, ਸੇਬ, ਚੌਲ਼, ਕਿਸਾਨ, ਸਿਪਾਹੀ, ਫੁੱਲ, ਜਹਾਜ਼, ਪੈੱਨ, ਬੁੱਕ, ਕਾਰ, ਸਾਈਕਲ, ਮੋਟਰ-ਸਾਈਕਲ, ਦਰਖ਼ਤ, ਘਰ, ਸ਼ਹਿਰ, ਪਿੰਡ, ਸੜਕ, ਦਿਸ਼ਾ, ਕਾਲਜ, ਦਰਿਆ, ਪਹਾੜ, ਖੰਡ, ਬ੍ਰਹਿਮੰਡ, ਆਕਾਸ਼, ਪਾਤਾਲ, ਪਾਣੀ, ਅੱਗ, ਨਦੀ, ਮੈਦਾਨ, ਖੇਤ, ਰਸਤਾ’।

ਗੁਰਬਾਣੀ ਆਮ ਨਾਂਵ ਇਉਂ ਦਰਜ ਹਨ :

ਮਾਨੁਖ, ਬਨੁ, ਤਿਨੁ (ਘਾਹ), ਪਸੂ, ਪੰਖੀ; ਸਗਲ ਤੁਝਹਿ ਅਰਾਧਤੇ ॥ (ਮਹਲਾ ੫/੪੫੫)

ਮਾਈ, ਬਾਪ, ਪੁਤ੍ਰ ਸਭਿ; ਹਰਿ ਕੇ ਕੀਏ ॥ (ਮਹਲਾ ੪/੪੯੪)

ਪਸੂ, ਪੰਖੀ, ਸੈਲ (ਪਹਾੜ) ਤਰਵਰ (ਦਰਖ਼ਤ); ਗਣਤ ਕਛੂ ਨ ਆਵਏ ॥ (ਮਹਲਾ ੫/੭੦੫)

ਪਸੁ, ਪੰਖੀ, ਭੂਤ ਅਰੁ ਪ੍ਰੇਤਾ ॥ (ਮਹਲਾ ੫/੧੦੦੫)

ਗਿਰਿ (ਪਹਾੜ), ਤਰ (ਰੁੱਖ), ਧਰਣਿ (ਧਰਤੀ), ਗਗਨ ਅਰੁ ਤਾਰੇ ॥ (ਮਹਲਾ ੫/੨੩੭)

ਤਿਥੈ; ਖੰਡ, ਮੰਡਲ, ਵਰਭੰਡ ॥ (ਜਪੁ/ਮਹਲਾ ੧)

ਦੀਪ, ਲੋਅ, ਪਾਤਾਲ; ਤਹ, ਖੰਡ, ਮੰਡਲ ਹੈਰਾਨੁ ॥ (ਮਹਲਾ ੧/੧੨੯੧)

ਕੀਆ ਦਿਨਸੁ, ਸਭ ਰਾਤੀਵਣੁ, ਤ੍ਰਿਣੁ, ਤ੍ਰਿਭਵਣ, ਪਾਣੀ ॥ ਚਾਰਿ ਬੇਦ; ਚਾਰੇ ਖਾਣੀ ॥ ਖੰਡ, ਦੀਪ, ਸਭਿ ਲੋਆ ॥ ਏਕ ਕਵਾਵੈ ਤੇ; ਸਭਿ ਹੋਆ ॥ (ਮਹਲਾ ੫/੧੦੦੩)

(3). ਵਸਤੂਵਾਚਕ ਨਾਂਵ (Material Noun): ਭਾਰ ’ਚ ਤੁਲਣ ਵਾਲੀਆਂ ਅਤੇ ਲੰਬਾਈ ’ਚ ਨਾਪੀਆਂ ਜਾਣ ਵਾਲੀਆਂ ਚੀਜ਼ਾਂ ਦੇ ਨਾਂਵ; ਵਸਤੂ-ਵਾਚਕ ਨਾਂਵ ਹੁੰਦੇ ਹਨ; ਜਿਵੇਂ ‘ਦੁੱਧ, ਘਿਉ, ਪਾਣੀ, ਤੇਲ, ਆਟਾ, ਕੱਪੜਾ, ਸਬਜ਼ੀਆਂ, ਦਾਲ਼ਾਂ, ਲੋਹਾ, ਰੇਤ, ਸੋਨਾ, ਚਾਂਦੀ’।

ਗੁਰਬਾਣੀ ਵਸਤੂਵਾਚਕ ਨਾਂਵ ਇਉਂ ਦਰਜ ਹਨ :

ਫਰੀਦਾ  ! ਸਕਰ, ਖੰਡੁ, ਨਿਵਾਤ (ਮਿਸਰੀ) ਗੁੜੁ; ਮਾਖਿਓੁ (ਸ਼ਹਿਦ) ਮਾਂਝਾ (ਮੱਝ ਦਾ) ਦੁਧੁ ॥ (ਬਾਬਾ ਫਰੀਦ/੧੩੭੯)

ਕਿਨਹੀ ਬਨਜਿਆ ਕਾਂਸੀ, ਤਾਂਬਾ; ਕਿਨਹੀ ਲਉਗ, ਸੁਪਾਰੀ ॥ (ਭਗਤ ਕਬੀਰ/੧੧੨੩)

ਕਿਆ ਮੇਵਾ ? ਕਿਆ ਘਿਉ, ਗੁੜੁ ਮਿਠਾ ? ਕਿਆ ਮੈਦਾ ? ਕਿਆ ਮਾਸੁ  ? ॥  ਕਿਆ ਕਪੜੁ  ? ਕਿਆ ਸੇਜ ਸੁਖਾਲੀ  ? ਕੀਜਹਿ ਭੋਗ ਬਿਲਾਸ ॥ (ਮਹਲਾ ੧/੧੪੨)

ਦਾਲਿ ਸੀਧਾ (ਆਟਾ) ਮਾਗਉ ਘੀਉ; ਹਮਰਾ ਖੁਸੀ ਕਰੈ ਨਿਤ ਜੀਉ ॥ ਪਨ੍ੀਆ (ਜੁੱਤੀ) ਛਾਦਨੁ ਨੀਕਾ (ਸੁੰਦਰ ਕੱਪੜਾ)॥  ਅਨਾਜੁ ਮਗਉ; ਸਤ ਸੀ ਕਾ ॥ (ਭਗਤ ਧੰਨਾ ਜੀ/੬੯੫)

(4). ਇਕੱਠਵਾਚਕ ਨਾਂਵ (Collective Noun):  ਕਿਸੇ ਇਕੱਠ ਲਈ ਵਰਤੇ ਜਾਣ ਵਾਲੇ ਨਾਂਵ ਹੀ ‘ਇਕੱਠ-ਵਾਚਕ ਨਾਂਵ’ ਹੁੰਦੇ ਹਨ; ਜਿਵੇਂ ‘ਸੰਗਤ, ਮੰਡਲੀ, ਡਾਰ, ਇੱਜੜ, ਜਮਾਤ, ਟੋਲੀ, ਗਰੁਪ, ਜਥਾ, ਫ਼ੌਜ, ਭੀੜ, ਢੇਰ’।

ਗੁਰਬਾਣੀ ਇਕੱਠਵਾਚਕ ਨਾਂਵ ਇਉਂ ਦਰਜ ਹਨ :

ਗੁਰ ਸਭਾ ਏਵ ਨ ਪਾਈਐ; ਨਾ ਨੇੜੈ, ਨਾ ਦੂਰਿ ॥ (ਮਹਲਾ ੩/੮੪)

ਇਹੁ ਤਨੁ; ਹੋਇਗੋ ਭਸਮ ਕੀ ਢੇਰੀ॥ (ਭਗਤ ਰਵਿਦਾਸ/੬੫੯)

ਸਭ ਧਰਤਿ ਭਈ ਹਰੀਆਵਲੀ; ਅੰਨੁ ਜੰਮਿਆ ਬੋਹਲ ਲਾਇ ॥ (ਮਹਲਾ ੪/੧੨੫੦)

ਸੁਖੁ ਪਾਇਆ, ਸਹਜ ਧੁਨਿ ਉਪਜੀ; ਰੋਗਾ ਘਾਣਿ (ਢੇਰੀ) ਮਿਟਾਈ ॥ (ਮਹਲਾ ੫/੬੧੯)

ਸਿਧ ਸਭਾ ਕਰਿ ਆਸਣਿ ਬੈਠੇ; ਸੰਤ ਸਭਾ ਜੈਕਾਰੋ ॥ (ਮਹਲਾ ੧/੯੩੮)

ਫਉਜ ਸਤਾਣੀ ਹਾਠ (ਹਠੀਲੀ); ਪੰਚਾ ਜੋੜੀਐ ॥ (ਮਹਲਾ ੫/੫੨੨)

ਹਰਿ ਹਰਿ ਕਾਜੁ ਰਚਾਇਆ ਪੂਰੈ; ਮਿਲਿ ਸੰਤ ਜਨਾ ਜੰਞ ਆਈ ॥ (ਮਹਲਾ ੪/੫੭੫)

ਸੰਤ ਮੰਡਲ (ਮੰਡਲੀ) ਮਹਿ; ਹਰਿ ਮਨਿ ਵਸੈ ॥ (ਮਹਲਾ ੫/੧੧੪੬)

ਕਥਤ ਸੁਨਤ ਮੁਨਿ ਜਨਾ; ਮਿਲਿ ਸੰਤ ਮੰਡਲੀ ॥ (ਮਹਲਾ ੫/੧੩੨੨)

(5). ਭਾਵਵਾਚਕ ਨਾਂਵ (Abstract Noun): ਜੋ ਚੀਜ਼ਾਂ ਵੇਖੀਆਂ ਜਾਂ ਛੋਹੀਆਂ ਨਾ ਜਾਣ, ਪਰ ਮਹਿਸੂਸ ਕੀਤੀਆਂ ਜਾਣ, ਉਨ੍ਹਾਂ ਦੇ ਨਾਂਵ; ਭਾਵ-ਵਾਚਕ ਨਾਂਵ ਹੁੰਦੇ ਹਨ; ਜਿਵੇਂ ‘ਕਾਮ, ਕਰੋਧ, ਲੋਭ, ਮੋਹ, ਅਹੰਕਾਰ, ਈਰਖਾ, ਪਿਆਰ, ਹਮਦਰਦੀ, ਸੁਗੰਧ, ਦੁਰਗੰਧ, ਦੁੱਖ, ਪ੍ਰਸੰਨਤਾ, ਹਿੰਮਤ, ਜ਼ੋਰ, ਝੂਠ, ਸੱਚ, ਮਿਠਾਸ, ਕੁੜੱਤਣ, ਵੈਰ, ਸਬਰ, ਸੰਤੋਖ, ਆਲਸ, ਬਿਮਾਰੀ, ਬਚਪਨ, ਜੁਆਨੀ, ਬੁਢੇਪਾ, ਮਿਹਰ’।

ਗੁਰਬਾਣੀਭਾਵਵਾਚਕ ਨਾਂਵਇਹ ਹਨ :

ਕਾਮ, ਕ੍ਰੋਧ ਅਰੁ ਲੋਭ, ਮੋਹ; ਬਿਨਸਿ ਜਾਇ ਅਹੰਮੇਵ (ਅਹੰਕਾਰ) ॥ (ਮਹਲਾ ੫/੨੬੯)

ਚੰਗਿਆੲਂੀ (ਤੋਂ) ਆਲਕੁ (ਆਲਸ) ਕਰੇ; ਬੁਰਿਆੲਂੀ (ਨੂੰ) ਹੋਇ ਸੇਰੁ (ਭਾਵ ਦਲੇਰੀ)॥ (ਮਹਲਾ ੫/੫੧੮)

ਦੁਖੁ ਨਾਠਾ, ਸੁਖੁ ਘਰ ਮਹਿ ਵੂਠਾ; ਮਹਾ ਅਨੰਦ ਸਹਜਾਇਆ (ਸਹਿਜ ਦਾ)॥ (ਮਹਲਾ ੫/੧੨੩੭)

ਬਾਲ ਜੁਆਨੀ ਅਰੁ ਬਿਰਧਿ ਫੁਨਿ ਤੀਨਿ ਅਵਸਥਾ ਜਾਨਿ ॥ (ਮਹਲਾ ੯/੧੪੨੮)

()

ਨਾਂਵ ਦਾ ਰੂਪਾਂਤਰ (ਭਾਵ ਨਾਂਵ ਸ਼ਬਦ ਬਣਤਰ ’ਚ ਅਦਲਾ-ਬਦਲੀ): ਨਾਂਵ ’ਚ ਅਦਲਾ-ਬਦਲੀ ਹੋਣ ਦੇ 3 ਪ੍ਰਮੁੱਖ ਕਾਰਨ ਹੁੰਦੇ ਹਨ :

(1) ਨਾਂਵ ਦੇ ਲਿੰਗ (Gender) ਕਾਰਨ (ਭਾਵ ਪੁਲਿੰਗ ਜਾਂ ਇਸਤਰੀ ਲਿੰਗ ਕਾਰਨ)।

(2). ਨਾਂਵ ਦੇ ਵਚਨ (Number) ਕਾਰਨ (ਭਾਵ ਇੱਕ ਵਚਨ ਜਾਂ ਬਹੁ ਵਚਨ ਕਾਰਨ)।

(3). ਨਾਂਵ ਦੇ ਕਾਰਕ (Case) ਕਾਰਨ (ਭਾਵ ਅੱਠ ਕਾਰਕ ‘ਕਰਤਾ ਕਾਰਕ, ਕਰਮ ਕਾਰਕ, ਕਰਣ ਕਾਰਕ, ਸੰਪ੍ਰਦਾਨ ਕਾਰਕ, ਅਪਾਦਾਨ ਕਾਰਕ, ਸੰਬੰਧ ਕਾਰਕ, ਅਧਿਕਰਣ ਕਾਰਕ ਤੇ ਸੰਬੋਧਨ ਕਾਰਕ’ ਕਾਰਨ)।

(1). ਨਾਂਵ ਦਾ ਲਿੰਗ : ਜਨਾਨਾ-ਮਰਦਾਨਾ (ਨਰ-ਮਾਦਾ) ਦਾ ਭੇਦ ਜਾਣਨਾ ਹੀ ‘ਲਿੰਗ’ ਹੁੰਦਾ ਹੈ; ਜਿਵੇਂ ‘ਔਰਤ/ਮਰਦ, ਕੁੜੀ/ਮੁੰਡਾ, ਸ਼ੇਰ/ਸ਼ੇਰਨੀ, ਕਾਲਾ/ਕਾਲੀ, ਮਿੱਠਾ/ਮਿੱਠੀ’। ਪੰਜਾਬੀ ’ਚ ਲਿੰਗ; ਦੋ ਪ੍ਰਕਾਰ ਦੇ ਹਨ : (ੳ). ਪੁਲਿੰਗ (Masculine) (ਅ). ਇਸਤਰੀ ਲਿੰਗ (Feminine) ਜਦ ਕਿ ਅੰਗਰੇਜ਼ੀ ’ਚ 4 ਲਿੰਗ ਹੁੰਦੇ ਹਨ। ਇਨ੍ਹਾਂ ਦੋਵਾਂ ਤੋਂ ਇਲਾਵਾ (3). ਆਮ ਲਿੰਗ (Common Gender): ਇਸ ਵਿੱਚ ਉਹ ਨਾਂਵ ਆਉਂਦੇ ਹਨ, ਜੋ ਔਰਤ ਅਤੇ ਮਰਦ (ਦੋਵਾਂ) ਲਈ ਸਾਂਝੇ ਹੋਣ; ਜਿਵੇਂ ‘ਜਨਤਾ, ਦੋਸਤ, ਰਿਸ਼ਤੇਦਾਰ, ਵੈਰੀ’ ਅਤੇ (4). ਨਪੁੰਸਕ ਲਿੰਗ (Neuter Gender): ਇਸ ਵਿੱਚ ਨਿਰਜੀਵ ਨਾਂਵ ਹੁੰਦੇ ਹਨ; ਜਿਵੇਂ ‘ਕਿਤਾਬ, ਚਾਕੂ, ਪੈੱਨ, ਪੇਪਰ, ਕਮਰਾ, ਦਰਖ਼ਤ, ਮੇਜ਼’। ਸੰਸਕ੍ਰਿਤ ’ਚ ਵੀ ਤੀਜਾ ਲਿੰਗ ‘ਨਪੁੰਸਕ ਲਿੰਗ’ ਹੈ।

(). ਪੁਲਿੰਗ :  ਮਰਦ (ਨਰ) ਦਾ ਭੇਦ ਪ੍ਰਗਟ ਕਰਨ ਵਾਲਾ ਸ਼ਬਦ; ‘ਪੁਲਿੰਗ’ ਹੁੰਦਾ ਹੈ; ਜਿਵੇਂ ‘ਲੜਕਾ, ਮਨੁੱਖ, ਬੁੱਢਾ,  ਘੋੜਾ, ਰਸਤਾ, ਸ਼ਹਿਰ, ਪਿੰਡ, ਮੁਹੱਲਾ, ਸਰੀਰ, ਹੱਥ, ਪੈਰ, ਅਨਾਰ, ਗੰਨਾ, ਦੁੱਖ, ਸੁੱਖ, ਅਨੰਦ, ਸੰਤੋਖ, ਗੁਰੂ, ਰੱਬ, ਦਰਸ਼ਨ, ਦਰਬਾਰ, ਅੰਮ੍ਰਿਤ’ ।

(). ਇਸਤਰੀ ਲਿੰ : ਜਨਾਨਾ (ਮਾਦਾ) ਭੇਦ ਪ੍ਰਗਟ ਕਰਨ ਵਾਲਾ ਸ਼ਬਦ; ‘ਇਸਤਰੀ ਲਿੰਗ’ ਹੁੰਦਾ ਹੈ; ਜਿਵੇਂ ‘ਔਰਤ, ਘੋੜੀ, ਦੇਹ, ਅੱਖ, ਜੀਭ, ਲਉਕੀ, ਕਣਕ, ਕਪਾਹ, ਫ਼ਸਲ, ਪੈਲ਼ੀ, ਈਰਖਾ, ਕੁਦਰਤ, ਸੰਗਤ, ਮੂਰਤੀ, ਦਰਗਾਹ’।

ਪੰਜਾਬੀ ਲਿਪੀ ’ਚ ਅੰਤ ਮੁਕਤਾ ਲਿਖੇ ਜਾਣ ਵਾਲ਼ੇ ‘ਇਸਤਰੀ ਲਿੰਗ’ ਨਾਂਵ ਗੁਰਬਾਣੀ ’ਚ ਤਿੰਨ ਰੂਪਾਂ ’ਚ ਲਿਖੇ ਮਿਲਦੇ ਹਨ : ‘ਅੰਤ ਸਿਹਾਰੀ, ਅੰਤ ਔਂਕੜ ਅਤੇ ਅੰਤ ਮੁਕਤਾ’। ਅੰਤ ਸਿਹਾਰੀ ਅਤੇ ਅੰਤ ਔਂਕੜ; ਦੂਸਰੀਆਂ ਭਾਸ਼ਾਵਾਂ ਦੇ ਸ਼ਬਦ ਹਨ ਜਦ ਕਿ ਅੰਤ ਮੁਕਤਾ ਸ਼ਬਦ; ਗੁਰਮੁਖੀ ਭਾਸ਼ਾ ਜਾਂ ਤਦਭਵ (ਦੂਸਰੀ ਭਾਸ਼ਾਵਾਂ ਦੇ ਸ਼ਬਦਾਂ ਦਾ ਕੁਝ ਬਦਲਿਆ ਰੂਪ) ਹੁੰਦੇ ਹਨ।

ਅਨਭਾਸ਼ਾ ਦੇ ਇਸਤਰੀ ਲਿੰਗ : ਅਜੋਕੀ ਪੰਜਾਬੀ ’ਚ ਕਿਸੇ ਨਾਂਵ ਸ਼ਬਦ ਦੇ ਅੰਤ ਸਿਹਾਰੀ ਜਾਂ ਅੰਤ ਔਂਕੜ ਨਹੀਂ ਹੁੰਦਾ, ਪਰ ਹੋਰ ਭਾਸ਼ਾਵਾਂ ਦੇ ਕਈ ਸ਼ਬਦ ਆਪਣਾ ਮੂਲ ਰੂਪ; ਅੰਤ ਔਂਕੜ ਅਤੇ ਅੰਤ ਸਿਹਾਰੀ ਸਮੇਤ ਗੁਰਬਾਣੀ ’ਚ ਦਰਜ ਹਨ। ਇਨ੍ਹਾਂ ਨੂੰ ‘ਤਤਸਮ’ ਸ਼ਬਦ ਕਿਹਾ ਜਾਂਦਾ ਹੈ ਭਾਵ ਦੂਜੀ ਭਾਸ਼ਾ ਦੇ ਹੂ-ਬਹੂ ਅਪਣਾਏ ਗਏ ਸ਼ਬਦ। ਤਤਸਮ ਸ਼ਬਦਾਂ ਦਾ ਥੋੜ੍ਹਾ ਬਦਲਿਆ ਰੂਪ ਵੀ ਗੁਰਬਾਣੀ ’ਚ ਦਰਜ ਹੈ। ਇਨ੍ਹਾਂ ਨੂੰ ਤਦਭਵ ਸ਼ਬਦ ਕਿਹਾ ਗਿਆ ਹੈ; ਜਿਵੇਂ ‘ਸਤਿ’ (ਤਤਸਮ) ਦੀ ਅੰਤ ਸਿਹਾਰੀ ਮੂਲਕ ਹੈ, ਸੰਸਕ੍ਰਿਤ ਚ ‘ਸਤ੍ਯ’ ਪੜ੍ਹਿਆ ਜਾਂਦਾ ਹੈ ਅਤੇ ਅਰਥ ਹੈ: ‘ਸਦੀਵੀ ਸਥਿਰ ਜਾਂ ਸਦਾ ਕਾਇਮ ਰਹਿਣ ਵਾਲੀ ਹਸਤੀ’, ਪਰ ਇਸ ਦਾ ਤਦਭਵ ਰੂਪ ‘ਸਤ’ ਵੀ ਗੁਰਬਾਣੀ ’ਚ ਹੈ। ਇਸ ਦੇ ਦੋ ਸਰੂਪ (ਸਤ, ਸਤੁ) ਮਿਲਦੇ ਹਨ । ਇਨ੍ਹਾਂ ਦੇ ਵੀ ਓਹੀ ਤਤਸਮ ਵਾਲੇ ਅਰਥ ਹਨ। ਜਿਵੇਂ ਤਤਸਮ ‘ਸਤਿ’ ਦੀ ਅੰਤ ਸਿਹਾਰੀ ਸੰਬੰਧਿਤ ਭਾਸ਼ਾ ’ਚ ਉਚਾਰਨ ਹੁੰਦੀ ਹੈ ਓਵੇਂ ਤਦਭਵ ‘ਸਤੁ’ ਦਾ ਅੰਤ ਔਂਕੜ ਉਚਾਰਨ ਨਹੀਂ ਹੁੰਦਾ। ਤਦਭਵ ਲਿਖਤ ਨਿਯਮ; ਗੁਰਬਾਣੀ ਦੇ ਸ਼ਬਦਾਰਥ ਕਰਨ ’ਚ ਮਦਦ ਕਰਦੇ ਹਨ। ਇਨ੍ਹਾਂ ਨੂੰ ਹੀ ਗੁਰਬਾਣੀ ਵਿਆਕਰਣ ਕਿਹਾ ਗਿਆ ਹੈ ਜਦ ਕਿ ਤਤਸਮ ‘ਸਤਿ’ ਦੀ ਅੰਤ ਸਿਹਾਰੀ; ਤਦਭਵ ਸ਼ਬਦਾਂ ਵਾਙ ਅਰਥ ਕਰਨ ਸਮੇਂ ਕੋਈ ਵਿਸ਼ੇਸ਼ ਸਹਾਇਤਾ ਨਹੀਂ ਕਰਦੀ।

ਗੁਰਬਾਣੀ; ਕਾਵਿ (ਕਵਿਤਾ) ਰੂਪ ’ਚ ਹੋਣ ਕਾਰਨ ਪਿੰਗਲ ਨਿਯਮ ਵੀ ਅਹਿਮ ਹੁੰਦੇ ਹਨ, ਜੋ ਗੁਰਮੁਖੀ ਦੀਆਂ 10 ਲਗ-ਧੁਨੀਆਂ ਨੂੰ ਦੋ ਭਾਗਾਂ (ਲਘੂ ਤੇ ਦੀਰਘ) ’ਚ ਵੰਡਦੇ ਹਨ। ਲਘੂ ਭਾਵ ਛੋਟੀਆਂ 3 ਲਗ (ਸ੍ਵਰ) ਧੁਨੀਆਂ ਹਨ : ‘ਮੁਕਤਾ, ਔਂਕੜ, ਸਿਹਾਰੀ’ ਅਤੇ ਦੀਰਘ 7 ਲਗ ਧੁਨੀਆਂ ਹਨ: ‘ਕੰਨਾ, ਦੁਲੈਂਕੜ, ਬਿਹਾਰੀ, ਲਾਂ, ਦੋਲਾਵਾਂ, ਹੋੜਾ, ਕਨੌੜਾ’। ਲਘੂ ਧੁਨੀਆਂ ਵਾਲੇ ਕਿਸੇ ਵੀ ਇੱਕ ਵਚਨ ਪੁਲਿੰਗ ਨਾਂਵ; ਜਿਵੇਂ ਕਿ ‘ਨਾਨਕ, ਨਾਨਕੁ, ਨਾਨਕਿ’ ਨੂੰ ‘ਨਾਨਕ’ ਪੜ੍ਹਨ ਨਾਲ ਕਿਸੇ ਪਿੰਗਲ ਨਿਯਮ ਦਾ ਉਲੰਘਣ ਨਹੀਂ ਹੁੰਦਾ ਕਿਉਂਕਿ ਇਹ ਤਿੰਨੇ (ਮੁਕਤਾ, ਔਂਕੜ, ਸਿਹਾਰੀ) ਹੀ ਲਘੂ ਧੁਨੀਆਂ ਹਨ।

ਸੋ ਗੁਰਬਾਣੀ ’ਚ ‘ਗੁਰ, ਗੁਰੁ, ਗੁਰਿ’ ਨੂੰ ‘ਗੁਰ’ ਪੜ੍ਹਨ ਨਾਲ ਜਾਂ ‘ਰਾਹ, ਰਾਹੁ, ਰਾਹਿ’ ਨੂੰ ‘ਰਾਹ’ ਪੜ੍ਹਨ ਨਾਲ ਜਾਂ ‘ਵਾਹ, ਵਾਹੁ, ਵਾਹਿ’ ਨੂੰ ‘ਵਾਹ’ ਪੜ੍ਹਨ ਨਾਲ ਜਾਂ ‘ਪਾਤਿਸਾਹ, ਪਾਤਿਸਾਹੁ, ਪਾਤਿਸਾਹਿ’ ਨੂੰ ‘ਪਾਤਿਸ਼ਾਹ’ ਪੜ੍ਹਨ ਨਾਲ ਜਾਂ ‘ਸਾਹ, ਸਾਹੁ, ਸਾਹਿ’ ਨੂੰ ‘ਸ਼ਾਹ’ ਪੜ੍ਹਨ ਨਾਲ; ਭਾਵੇਂ ਕਿਸੇ ਕਾਵਿਕ ਪਿੰਗਲ ਨਿਯਮ ਦਾ ਖੰਡਨ ਨਹੀਂ ਹੁੰਦਾ, ਪਰ ਇਹ ਤਿੰਨੇ ਸਰੂਪ (ਅੰਤ ਮੁਕਤਾ, ਅੰਤ ਔਂਕੜ, ਅੰਤ ਸਿਹਾਰੀ) ਵੱਖ ਵੱਖ ਅਰਥ ਕਰਵਾਉਣ ’ਚ ਜ਼ਰੂਰ ਮਦਦ ਕਰਦੇ ਹਨ। ਇਹ ਤਿੰਨੇ ਸ਼ਬਦ ਸਰੂਪ ਹੀ ਗੁਰਬਾਣੀ ਵਿਆਕਰਣ ਦੇ ਬਹੁਤੇ ਨਿਯਮ; ਆਪਣੇ ’ਚ ਛੁਪਾਈ ਬੈਠੇ ਹਨ।

ਗੁਰਬਾਣੀ ’ਚ ਕਈ ਬੋਲੀਆਂ ਹਨ ਅਤੇ ਇਹ ਕਾਵਿਕ ਸੰਗ੍ਰਹਿ ਵੀ ਹੈ, ਇਸ ਲਈ ਸਮੁੱਚੀ ਲਿਖਤ; 100% ਨਿਯਮਾਂ ’ਚ ਬੰਦ ਕਰਨੀ ਅਸੰਭਵ ਹੈ। ਸਮੁੱਚੀ ਲਿਖਤ ਨੂੰ ਤਿੰਨ ਭਾਗਾਂ ’ਚ ਵੰਡ ਕੇ ਵਾਚਣਾ ਸਹੀ ਹੈ :

(ੳ). ਤਤਸਮ ਸ਼ਬਦ: ਇਹ ਅਨਭਾਸ਼ਾ ਦੇ ਮੂਲਕ ਸ਼ਬਦ ਹਨ, ਇਨ੍ਹਾਂ ਦੀ ਅੰਤਮ ਸਿਹਾਰੀ ਜਾਂ ਅੰਤ ਔਂਕੜ; ਕੋਈ ਲੁਪਤ ਅਰਥ ਨਹੀਂ ਦਿੰਦੀ; ਜਿਵੇਂ ‘ਭਗਤਿ, ਹਰਿ, ਮੁਨਿ, ਭੂਮਿ, ਕਲਿ, ਕਲਤੁ, ਵਸਤੁ, ਬਿਖੁ, ਵਿਸੁ’ ’ਚੋਂ ‘ਨੇ, ਵਿੱਚ, ਨਾਲ, ਤੋਂ’ ਲੁਪਤ ਅਰਥ ਨਹੀਂ ਲੈ ਸਕਦੇ ਅਤੇ ਨਾ ਹੀ ਕਿਸੇ ਸੰਬੰਧਕ ਸ਼ਬਦ ਦੇ ਆਇਆਂ ਇਹ ਅੰਤਮ ਲਗ (ਸਿਹਾਰੀ/ਔਂਕੜ) ਹਟਦੀ ਹੈ; ਜਿਵੇਂ ਕਿ

ਹਰਿ ਕੀਆ ਕਥਾ ਕਹਾਣੀਆ; ਗੁਰਿ+ਮੀਤਿ (ਨੇ) ਸੁਣਾਈਆ ॥ (ਮਹਲਾ ੪/੭੨੫)

ਭੂਮੀਆ; ਭੂਮਿ ਊਪਰਿ ਨਿਤ ਲੁਝੈ ॥ (ਮਹਲਾ ੫/੧੮੮)

ਧਨ ਭੂਮਿ ਕਾ; ਜੋ ਕਰੈ ਗੁਮਾਨੁ ॥ (ਮਹਲਾ ੫/੨੭੮)

ਵਿਖੁ ਵਿਚਿ ਅੰਮ੍ਰਿਤੁ ਪ੍ਰਗਟਿਆ; ਕਰਮਿ ਪੀਆਵਣਹਾਰੁ ॥ (ਮਹਲਾ ੩/੬੪੬)

ਬਿਖੁ ਕੀ ਕਾਰ ਕਮਾਵਣੀ; ਬਿਖੁ ਹੀ ਮਾਹਿ ਸਮਾਹਿ ॥ (ਮਹਲਾ ੩/੩੬)

ਉਕਤ ਤੁਕਾਂ ’ਚ ਸੰਬੰਧਕ ਸ਼ਬਦਾਂ (ਕੀਆ, ਊਪਰਿ, ਕਾ, ਵਿਚਿ, ਕੀ, ਹੀ) ਨੇ ਤਤਸਮ ਸ਼ਬਦਾਂ (ਹਰਿ, ਭੂਮਿ, ਵਿਖੁ, ਬਿਖੁ) ਦੀ ਮੂਲਕ ਲਗ (ਅੰਤ ਸਿਹਾਰੀ/ਅੰਤ ਔਂਕੜ) ਨਹੀਂ ਹਟਾਈ।

(ਅ). ਤਦਭਵ ਸ਼ਬਦ: ਇਹ ਤਤਸਮ ਸ਼ਬਦਾਂ ਦਾ ਕੁਝ ਬਦਲਿਆ ਰੂਪ ਹੈ। ਇਨ੍ਹਾਂ ਦੇ ਹਰ ਅੰਤਮ ਅੱਖਰ ਦੀ ਬਣਾਵਟ (ਅੰਤ ਮੁਕਤਾ, ਅੰਤ ਸਿਹਾਰੀ, ਅੰਤ ਔਂਕੜ); ਵਿਸ਼ੇਸ਼ ਨਿਯਮ ਮੁਤਾਬਕ ਹੈ ਤੇ ਅਰਥਾਂ ’ਚ ਮਦਦ ਕਰਦੀ ਹੈ; ਜਿਵੇਂ ‘ਸਤੁ, ਕਾਮਣੁ, ਕੋਟੁ, ਨਾਇ, ਖੇਹ, ਕੂੜਿ, ਸਚਿ, ਖੰਡਿ, ਦਯੁ, ਪੰਜਿ, ਚਾਰੁ, ਮਲ, ਹਿਵ, ਬੇਦਨ, ਪੂਜ’ ਸ਼ਬਦ; ਕਿਉਂ ਅੰਤ ਔਂਕੜ ਹਨ ? ਕਿਉਂ ਅੰਤ ਮੁਕਤਾ ਹਨ ? ਕਿਉਂ ਅੰਤ ਸਿਹਾਰੀ ਹਨ ? ਇਨ੍ਹਾਂ ਦਾ ਜਵਾਬ ਹੀ ਵਿਆਕਰਣ ਨਿਯਮ ਅਖਵਾਉਂਦਾ ਹੈ।

(ੲ). ਗੁਰਮੁਖੀ ਲਿਪੀ: ਇਨ੍ਹਾਂ ਨਾਂਵ ਸ਼ਬਦਾਂ ਦੇ ਲਿਖਤ ਨਿਯਮ ਵੀ (ਅ). ਵਾਲੇ ਹੀ ਹਨ ਭਾਵ ‘ਨਾਮਿ, ਮਨਿ, ਮਨੁ, ਦੇਹ, ਗੁਰਿ, ਗੁਰੁ, ਨਾਨਕਿ, ਕਪਾਹ, ਸਬਦਿ’ ਆਦਿਕ ਕਿਉਂ ਅੰਤ ਸਿਹਾਰੀ ? ਕਿਉਂ ਅੰਤ ਮੁਕਤਾ ਜਾਂ ਕਿਉਂ ਅੰਤ ਔਂਕੜ ਹਨ ? ਸਭ ਗੁਰਬਾਣੀ ਲਿਖਤ ਨਿਯਮਾਂ ਅਧੀਨ ਆਉਂਦੇ ਹਨ।

ਸੋ ਉਕਤ ‘ਅ’ ਅਤੇ ‘ੲ’ ਸ਼ਬਦ ਜਿੱਥੇ ਗੁਰਬਾਣੀ ਲਿਖਤ ਨਿਯਮਾਂ ਮੁਤਾਬਕ ਹਨ ਓਥੇ ‘ੳ’ ਸ਼ਬਦ; ਲਿਖਤ ਨਿਯਮਾਂ ’ਚ ਨਹੀਂ ਹਨ।

 ਗੁਰਬਾਣੀ ’ਚ ਦੂਜੀ ਬੋਲੀ ਦੇ ਅੰਤ ਸਿਹਾਰੀ ਇਸਤਰੀ ਲਿੰਗ (ਤਤਸਮ) ਸ਼ਬਦ ਭਾਵ ਉਕਤ ‘ੳ’ ਸ਼੍ਰੇਣੀ ਵਾਲੇ ਸ਼ਬਦ; ਹੇਠਾਂ ਦਿੱਤੇ ਗਏ ਹਨ। ਇਨ੍ਹਾਂ ਦੀ ਹੂ-ਬਹੂ ਬਣਤਰ ਸੰਬੰਧਿਤ ਭਾਸ਼ਾ ਵਾਙ ਹੈ। ਇਨ੍ਹਾਂ ਦੇ ਅਰਥ; ਅੰਤ ਸਿਹਾਰੀ ਉਚਾਰ ਕੇ ਲਏ ਜਾ ਸਕਦੇ ਹਨ (ਨੋਟ: ਬਰੈਕਟ ਬੰਦ ਸ਼ਬਦ ਉਚਾਰਨ ਸੇਧ ਹੈ ਜਾਂ ਅਰਥ ਹਨ ਤਾਂ ਜੋ ਕੋਈ ਹੋਰ ਪੁਲਿੰਗ ਅਰਥ ਨਾ ਮੰਨ ਲਿਆ ਜਾਵੇ) :

ਅਰਬੀਫ਼ਾਰਸੀ ਦੇ ਅੰਤ ਸਿਹਾਰੀ ਇਸਤਰੀ ਲਿੰਗ (ਤਤਸਮ) ਨਾਂਵ (ਸ਼ਬਦ): ‘ਉਮਤਿ (ਪਰਜਾ/ਸੰਗਤ), ਅਕਲਿ, ਈਦਿ, ਇਲਤਿ (ਸ਼ਰਾਰਤ), ਸੁਆਦਤਿ (ਜੀਭ ਰਸ), ਸਾਖਤਿ (ਸਾਖ਼ਤਿ/ਦੁਮਚੀ/ਘੋੜੇ ਦੀ ਪੂਛ ’ਚ ਪਾਇਆ ਸਾਜ਼), ਸਜਾਇ (ਸਜ਼ਾਇ/ਸਜ਼ਾ), ਸਨਾਤਿ (ਛੋਟੀ ਜਾਤਿ), ਸਨਾਇ (ਵਡਿਆਈ), ਸੁੰਨਤਿ, ਸਿਫਤਿ (ਸਿਫ਼ਤਿ), ਸਾਬਾਸਿ (ਸ਼ਾਬਾਸ਼ਿ), ਸਾਬਤਿ, ਸੰਬਤਿ, ਸਰਾਇ (ਰਾਹ), ਸਰੀਅਤਿ (ਸ਼ਰੀਅਤਿ), ਸੂਰਤਿ, ਸਲਾਮਤਿ, ਕੁਦਰਤਿ, ਕੀਮਤਿ, ਕਰਾਮਾਤਿ, ਕਵਾਇ (ਪੁਸ਼ਾਕ), ਖਸਲਤਿ (ਖ਼ਸਲਤਿ/ਆਦਤ), ਖਿਜਮਤਿ (ਖ਼ਿਜਮਤਿ/ਸੇਵਾ), ਖਬਰਿ (ਖ਼ਬਰਿ), ਖੈਰਿ (ਖ਼ੈਰਿ), ਖਰੀਦਿ (ਖ਼ਰੀਦਿ), ਗਾਇ (ਜਗ੍ਹਾ/ਥਾਂ), ਗੈਰਤਿ (ਗ਼ੈਰਤਿ/ਸ਼ਰਮਿੰਦਗੀ), ਗਰਦਨਿ, ਜਾਇ (ਥਾਂ), ਜਗਾਤਿ/ਜਾਗਾਤਿ (ਚੁੰਗੀ), ਜਿਨਸਿ (ਕਿਸਮ), ਜਰੂਰਤਿ (ਜ਼ਰੂਰਤਿ/ਲੋੜ), ਤਾਜਨਿ (ਅਰਬੀ ਘੋੜੀ), ਤਮਾਇ (ਤਮ੍ਹਾ/ਲਾਲਚ), ਤਰੀਕਤਿ (ਰੱਬ ਨੂੰ ਮਿਲਣ ਦਾ ਦੂਜਾ ਪੜਾਅ; ਪਹਿਲਾ ਸ਼ਰੀਅਤਿ, ਤੀਜਾ ਮਾਅਰਫ਼ਤ, ਚੌਥਾ ਹਕੀਕਤ), ਦਉਲਤਿ, ਦੁਆਇ, ਦਾਦਿ (ਇਨਸਾਫ਼), ਦੁਨਿਆਇ, ਨਉਬਤਿ (ਨਗਾਰਾ), ਨੀਅਤਿ, ਨਿਆਮਤਿ (ਬਖ਼ਸ਼ਸ਼), ਨਜਰਿ (ਨਜ਼ਰਿ), ਨਦਰਿ, ਪੈਦਾਇਸ (ਪੈਦਾਇਸ਼), ਪੰਦਿ (ਪਗਡੰਡੀ/ਰਾਹ), ਪਨਾਹਿ (ਓਟ), ਫਸਲਿ (ਫ਼ਸਲਿ), ਫਦੀਹਤਿ (ਫ਼ਦੀਹਤਿ/ਪਖ਼ਾਨਾ/ਮਲ), ਫੁਰਮਾਇਸਿ (ਫ਼ੁਰਮਾਇਸ਼ਿ/ਹੁਕਮ), ਬਕਰੀਦਿ (ਗਾਂ ਦੀ ਬਲੀ ਦੇਣ ਵਾਲੀ ਈਦ), ਬਾਗਾਤਿ (ਬਾਗ਼ਾਤਿ/ਬਗ਼ੀਚੀ), ਬੰਦਸਿ (ਬੰਦਸ਼ਿ/ਸ਼ਕਲ), ਬਰਕਤਿ (ਸਫਲਤਾ), ਬਲਾਇ (ਆਫ਼ਤ), ਬਰਾਬਰਿ, ਭਿਸਤਿ (ਨੋਟ: ਇਹ ਸ਼ਬਦ ਪੁਲਿੰਗ ਵੀ ਹੈ), ਮਸਕਤਿ (ਮਸ਼ੱਕਤਿ/ਮਿਹਨਤ), ਮਸੀਤਿ, ਮਸੂਰਤਿ (ਮਸ਼ਵਰਾ), ਮਸਲਤਿ (ਸਲਾਹਕਾਰ), ਮਹਜਿਦਿ (ਮਸਜਿਦ), ਮਾਹੀਤਿ (ਵਾਕਫ਼ੀਅਤ), ਮੁਹਬਤਿ (ਮੁਹੱਬਤਿ), ਮਿਹਰੰਮਤਿ/ਮਿਹਰਾਮਤਿ (ਦਇਆ), ਮੁਹਲਤਿ (ਸਮਾਂ), ਮਜਲਸਿ (ਦਰਬਾਰ), ਮੁਦਤਿ (ਮੁੱਦਤਿ), ਮਿੰਨਤਿ, ਮਾਰਫਤਿ (ਮਾਰਫ਼ਤਿ/ਆਤਮ ਗਿਆਨ), ਯਾਦਿ, ਰਾਇ (ਬਾਦਸ਼ਾਹ), ਰਈਅਤਿ/ਰਯਤਿ (ਪਰਜਾ), ਰਜਾਇ (ਰਜ਼ਾਇ/ਰਜ਼ਾ), ਲਹਰਿ, ਵਲਾਇਤਿ, ਹਕੀਕਤਿ, ਹਿਕਮਤਿ (ਚਲਾਕੀ), ਹੁਜਤਿ (ਹੁੱਜਤਿ/ਦਲੀਲ), ਹੈਰਤਿ (ਹੈਰਾਨਗੀ), ਹੁਰਮਤਿ (ਇੱਜ਼ਤ), ਹਵਾਇ (ਲਾਲਚ)’।

ਸੰਸਕ੍ਰਿਤ ਭਾਸ਼ਾ ਦੇ ਅੰਤ ਸਿਹਾਰੀ ਇਸਤਰੀ ਲਿੰਗ ਨਾਂਵ : ‘ਉਸਤਤਿ, ਉਕਤਿ, ਉਤਪਤਿ, ਉਪਾਧਿ (ਛਲ-ਕਪਟ), ਅਸਿ (ਬਨਾਰਸ ਦੀ ਨਦੀ), ਅਹੰਬੁਧਿ, ਅਗਨਿ, ਅਰਦਾਸਿ, ਅਵਿਗਤਿ (ਮੁਕਤੀ ਨਹੀਂ), ਸਕਤਿ (ਇਸਤਰੀ), ਸੰਗਤਿ, ਸੁਚਿ, ਸਾਂਤਿ, ਸੰਤਤਿ (ਸੰਤਾਨ), ਸਿਧਿ, ਸੰਧਿ, ਸੰਪਤਿ, ਸਮਾਧਿ, ਸਿਮ੍ਰਿਤਿ, ਸੁਮਤਿ, ਸ੍ਰਿਸਟਿ (ਸ੍ਰਿਸ਼ਟਿ), ਸਰਣਿ, ਸੁਰਤਿ, ਸਰਣਾਗਤਿ, ਸ੍ਰੁਤਿ (ਸ਼੍ਰੁਤਿ/ਵੇਦ), ਸਰਨਿ, ਸ੍ਵਸਤਿ (ਸ਼ਾਂਤੀ), ਹਾਨਿ (ਘਾਟ), ਕੀਟਿ (ਕੀੜੀ), ਕੰਠਿ (ਕੰਠੀ/ਮਾਲਾ, ‘‘ਨਾਨਕ ! ਨਾਮੁ ਪਦਾਰਥੁ ਦੀਜੈ; ਹਿਰਦੈਕੰਠਿਬਣਾਈ ’’ ਮਹਲਾ /੫੦੪), ਕਾਮਣਿ (ਔਰਤ), ਕਿਰਣਿ, ਕੀਰਤਿ (ਮਹਿਮਾ), ਕ੍ਰਿਮਿ (ਛੋਟੇ ਕੀਟ), ਗੋਸਟਿ (ਚਰਚਾ), ਗਤਿ, ਗੀਤਿ (ਗੀਤ), ਗੁਰਮਤਿ, ਚੰਦ੍ਰਾਵਲਿ (ਇੱਕ ਗੋਪੀ), ਛਬਿ (ਚਮਕ), ਜੁਗਤਿ, ਜਾਤਿ, ਜੋਤਿ, ਜੋਨਿ, ਜਨਨਿ (ਔਰਤ), ਤੋਟਿ, ਤਾਤਿ (ਈਰਖਾ), ਤਪਤਿ, ਤਰੁਣਿ/ਤਰੁਨਿ (ਵਹੁਟੀ), ਤਾਰਿ (ਬੇੜੀ), ਤ੍ਰਿਪਤਿ/ਤਿਪਤਿ, ਦ੍ਰਿਸਟਿ, ਦਾਤਿ, ਦੁਰਮਤਿ, ਧਰਣਿ/ਧਰਨਿ (ਧਰਤੀ), ਧੂਲਿ (ਮਿਟੀ), ਨਾਭਿ, ਨਾਰਿ, ਨਿਭਰਾਂਤਿ (ਭਟਕਣ ਰਹਿਤ), ਪ੍ਰੀਤਿ, ਪ੍ਰਤੀਤਿ, ਪਬਣਿ (ਚੌਪੱਤੀ/ਪਾਣੀ ਕੰਢੇ ਉੱਗੀ ਘਾਹ), ਪਰਸੂਤਿ (ਜਣਨਾ/ਔਲਾਦ), ਪਰਿਤਿ, ਪਰਤੀਤਿ, ਪਰੀਤਿ, ਪਰਾਪਤਿ, ਪਾਲਿ (ਕੰਧ), ਬਿਆਧਿ (ਬਿਮਾਰੀ), ਬਿਧਿ, ਬੁਧਿ, ਬਾਣਿ (ਬਾਣੀ), ਬਿਪਤਿ (ਪੀੜਾ), ਬਿਭੂਤਿ (ਸੁਆਹ), ਬਰਾਬਰਿ, ਭਗਤਿ, ਭੁਗਤਿ (ਚੂਰਮਾ/ਭੋਜਨ), ਭਾਂਤਿ (ਕਿਸਮ), ਭੀਤਿ (ਦੀਵਾਰ), ਭਿਤਿ (ਚੋਗਾ), ਭੂਮਿ, ਭ੍ਰਾਂਤਿ/ਭਰਾਂਤਿ (ਭਟਕਣਾ), ਭ੍ਰਮਨਿ, ਮੁਸਟਿ (ਮੁੱਠੀ), ਮੁਕਤਿ, ਮਤਿ, ਮੇਦਨਿ (ਸ੍ਰਿਸ਼ਟੀ), ਮੂਰਤਿ, ਰਾਸਿ, ਰਜਨਿ (ਜੀਵਨ-ਰਾਤ), ਰਤਿ (ਪ੍ਰੀਤ), ਰੀਤਿ, ਰਿਧਿ, ਰੋਮਾਵਲਿ (ਰੋਮਾਂ ਦੀ ਕਤਾਰ)’।

ਪ੍ਰਾਕ੍ਰਿਤ ਭਾਸ਼ਾ ਦੇ ਅੰਤ ਸਿਹਾਰੀ ਵਾਲੇ ਇਸਤਰੀ ਲਿੰਗ ਨਾਂਵ : ‘ਉਚਾਪਤਿ (ਕਰਜ਼ਾ), ਓਪਤਿ (ਉਤਪਤਿ), ਅਸਤਿ (ਹੱਡੀ), ਅਸਥਿਤਿ (ਅਡੋਲਤਾ), ਅਹਰਣਿ, ਆਗਿ/ਅਗਿ (ਅੱਗ), ਅਜਾਤਿ (ਨੀਵੀਂ ਜਾਤ), ਐਠਿ (ਆਕੜ), ਆਢਿ (ਧਨੀ), ਆਣਿ (ਅਗਨਿ), ਅਨਾਹਤਿ (ਸਥਿਰ ਅਵਸਥਾ), ਅਨੀਤਿ (ਨੀਤੀ ਦੇ ਉਲ਼ਟ), ਆਥਿ (ਮਾਯਾ), ਆਨਿ (ਇੱਜ਼ਤ), ਅਰਦਾਸਿ, ਆੜਿ (ਬਗਲੇ ਵਰਗਾ ਪੰਛੀ/ਆਡਿ), ਇਕਾਂਤਿ (ਸਮਾਧੀ), ਸੋਇ (ਸ਼ੋਭਾ), ਸਉਕਨਿ, ਸਉੜਿ (ਤੰਗ ਥਾਂ), ਸਿਸ਼ਟਿ, ਸਸੁੜਿ (ਸੱਸ), ਸੁਚਿ, ਸਿਞਾਣਿ, ਸਾਟਿ (ਸੱਟ/ਚੋਟ), ਸਨਾਤਿ (ਨੀਵੀਂ ਜਾਤ), ਸੰਨਿ੍, ਸੰਬਤਿ, ਸੋਰਠਿ, ਸਰੋਤਿ (ਬੋਲੀ), ਸਰਣਿ/ਸਰਨਿ, ਸੁਰਤਿ, ਸਿਰਤਿ (ਸਿਰ ਪੀੜ), ਸਰਪਨਿ (ਸਪਣੀ), ਸੂਲਿ, ਸਲਿ (ਸ਼ੱਲਿ/ਜ਼ਖ਼ਮ), ਬਿਸਲਿ (ਬਿਸ਼ੱਲਿ/ਅਰੋਗ), ਸੀਵਨਿ (ਸਿਊਂਣਾ/ਸਿਲ਼ਾਈ ਕਰਨਾ), ਹਾਟਿ, ਹਾਣਿ/ਹਾਨਿ (ਘਾਟਾ), ਕੁਆਰਿ, ਕਸਨਿ (ਰੱਸੀ), ਕਾਣਿ/ਕਾਨਿ (ਮੁਥਾਜੀ/ਧੌਂਸ), ਕਛੋਤਿ (ਅਛੂਤ), ਕੁਬਾਣਿ, ਕੁਬੁਧਿ, ਕਾਬਿ (ਕਵਿਤਾ), ਕਮਜਾਤਿ (ਨੀਵੀਂ ਜਾਤ), ਕਾਮਣਿ (ਔਰਤ), ਕਾਮਣਿਆਰਿ (ਟੂਣੇ ਕਰਨ ਵਾਲੀ), ਕੁਮਤਿ, ਕਿਰਤਿ, ਕਰਤੂਤਿ, ਕੂਲਿ (ਨਦੀ), ਖੂਹਣਿ, ਖਿੰਚੋਤਾਣਿ, ਖਾਨਿ (ਜੜ੍ਹ), ਖਪਤਿ, ਖੋਰਿ (ਆਦਤ), ਖੀਰਿ, ਖਲਿ (ਖਲ਼/ਸਰੋਂ ਦਾ ਤੇਲ ਕੱਢ ਕੇ ਬਚੀ ਖਲ਼), ਗੋਇ (ਸ੍ਰਿਸ਼ਟੀ), ਗਾਇ (ਗਾਂ), ਗੋਸਟਿ (ਚਰਚਾ), ਗੋਇਲਿ (ਖ਼ਾਲੀ ਪਈ ਘਾਹ ਵਾਲੀ ਥਾਂ), ਗੇਹਣਿ/ਗੀਹਣਿ (ਵਹੁਟੀ), ਗਾਗਰਿ, ਗਾਂਠਿ/ਗੰਢਿ, ਗੋਦਾਵਰਿ, ਗੋਨਿ (ਛੱਟ/ਗੂਣ), ਗਾਰਿ/ਗਾਲਿ (ਗਾਲ਼), ਗਰਦਨਿ, ਗੈਲਿ (ਆਦਤ), ਗਿਲਾਨਿ (ਨਫ਼ਰਤ), ਘਾਣਿ (ਢੇਰੀ), ਘੂਮਨਘੇਰਿ, ਘੂਮਰਿ (ਘੁਮੇਰਿ/ਚਕ੍ਰਾਕਰ ਫਿਰਨਾ), ਘਾੜਤਿ, ਚਉਕੜਿ, ਚਉਪੜਿ, ਚਿਤਵਨਿ (ਸੋਚ), ਚੇਰਿ, ਛੋਹਰਿ (ਅਣਜਾਣ ਔਰਤ), ਛਾਛਿ (ਲੱਸੀ), ਛੋਟਿ (ਮਿਹਰ/ਮੁਕਤੀ), ਛੁਟੜਿ/ਛੂਟਰਿ (ਵਿਧਵਾ), ਛਤਿ, ਛੋਤਿ (ਭਿੱਟ), ਛਾਨਿ/ਛਪਰਿ/ਛਾਪਰਿ (ਕੁੱਲੀ), ਜੋਇ (ਨਜ਼ਰ), ਜੂਠਿ, ਜੁਗਤਿ, ਜਤਿ (ਜਾਤਿ), ਜੀਰਾਂਦਿ (ਸਹਿਨਸ਼ੀਲਤਾ), ਜੋਨਿ, ਜਲਣਿ/ਜਲਨਿ, ਜੀਵਨਿ, ਝਤਿ (ਝੱਟ/ਸਮਾਂ), ਟੂਟਨਿ (ਟੁੱਟ-ਫੁੱਟ), ਠਾਡਿ/ਠਾਂਡਿ, ਡੀਠਿ, ਡੰਡਉਤਿ, ਡੋਰਿ, ਤੇਜਣਿ (ਘੋੜੀ), ਤੋਟਿ, ਤਾਤਿ (ਈਰਖਾ), ਥਿਤਿ/ਥੀਤਿ, ਥੂਨਿ (ਛੋਟੀ ਥੰਮ੍ਹੀ), ਥ੍ਰੂਟਿਟਿ (ਪਸ਼ੂ ਹੱਕਣ ਦੀਆਂ ਦੋ ਆਵਾਜ਼ਾਂ), ਦਿਸਟਿ, ਦੂਣਿ (ਵਾਦੀ, ਦੋ ਪਹਾੜੀਆਂ ਵਿਚਕਾਰ ਮੈਦਾਨੀ ਇਲਾਕਾ), ਦਿਤਿ (ਦੱਤਿ, ਦਾਤ), ਦਾਮਨਿ (ਬਿਜਲੀ), ਦਾਵਨਿ (ਰੱਸੀ), ਦਾਲਿ, ਧ੍ਰੋਹਨਿ (ਠਗਣੀ), ਧੁੰਧਿ, ਧੂਰਿ/ਧੂੜਿ, ਧੀਰਿ, ਧੁਨਿ, ਧਰਤਿ/ਧਰਨਿ/ਧਰਣਿ (ਧਰਤੀ), ਨੀਹਿ (ਨੀਂਹ), ਨਾਰਿ, ਨਿਰਤਿ (ਨਾਚ), ਨਰਵਿਰਤਿ/ਨਿਰਵਿਰਤਿ (ਤਿਆਗ), ਨਿਵਲਿ (ਪੇਟ ਦੀਆਂ ਆਂਦਰਾਂ ਭਵਾਣੀਆਂ), ਨਵਹਾਣਿ (ਕੁਆਰੀ ਕੁੜੀ), ਪਾਂਇ (ਇੱਜ਼ਤ), ਪਹਿਤਿ (ਦਾਲ਼), ਪੁਹਮਿ (ਭੂਮਿ), ਪਿਠਿ/ਪੀਠਿ, ਪਤਲਿ (ਪੱਤਿਆਂ ਦੀ ਥਾਲ਼ੀ), ਪਧਤਿ (ਦਿਸ਼ਾ, ਰਾਹ), ਪਰਭਾਤਿ (ਸੁਬ੍ਹਾ), ਪਰੀਤਿ, ਪਬਣਿ (ਪੱਬਣਿ/ਪਾਣੀ ਕੰਢੇ ਉੱਗੀ ਭੰਭੂਲ/ਚੌਪੱਤੀ), ਪ੍ਰਿਥਮਿ, ਪਰਾਲਿ, ਪਰਵਿਰਤਿ (ਗ੍ਰਹਿਸਤੀ), ਪੁਰਾਇਨਿ (ਭੰਭੂਲ), ਪਰਸੂਤਿ (ਜਣਨਾ, ਪੈਦਾਇਸ਼), ਪਲਰਿ (ਤੋਰੀਏ ਦਾ ਨਾੜ), ਫਕੜਿ (ਵਿਅਰਥ), ਫੂੜਿ (ਗੰਦੀ ਬੋਲੀ), ਬਾਇ/ਵਾਇ (ਹਵਾ), ਬਈਅਰਿ (ਇਸਤਰੀ/ਬਾਂਗਰ ਬੋਲੀ), ਬਿਖੋਟਿ, ਬਿਜੁਲਿ/ਬੀਜੁਲਿ, ਬੰਧਚਿ (ਬੰਨ੍ਹਣ ਵਾਲੀ ਮਾਯਾ), ਬੇਦਨਿ (ਪੀੜਾ), ਬੰਧਾਨਿ, ਬੇਨਤਿ, ਬਾਰਿ/ਵਾਰਿ/ਵਾੜਿ (ਚਾਰਦੀਵਾਰੀ), ਬੇਲਿ (ਵੇਲ), ਬਿਥਿ (ਬਿੱਥਿ/ਵਿੱਥ/ਦੂਰੀ), ਭੁਇ, ਭਸਮੜਿ (ਸੁਆਹ ਦੀ ਢੇਰੀ), ਭਾਹਿ (ਅੱਗ), ਭਠਿ, ਭਿਤਿ (ਖ਼ੁਰਾਕ), ਭੀਤਿ (ਕੰਧ), ਭੀਰਿ (ਭੀੜ), ਭਰਾਂਤਿ/ਭਰਾਂਦਿ (ਭਟਕਣਾ), ਭਾਵਰਿ (ਲਾਵਾਂ, ਫੇਰੇ), ਭਾੜਿ (ਦੱਛਣਾ/ਭੇਟਾ), ਮਾਇ, ਮੁਸਟਿ (ਮੁੱਠੀ), ਮੁਹਤਿ (ਦੋ ਘੜੀ ਦਾ ਸਮਾਂ), ਮਿਚਲਿ (ਰਲ਼ਗੱਡ), ਮੋਹਨਿ, ਮਾਂਗਨਿ (ਮੰਗ), ਮੁੰਦਣਿ (ਦੰਦਣ, ਖ਼ਾਮੋਸ਼ੀ), ਰਾਸਿ, ਰਹਰਾਸਿ, ਰੰਗਨਿ/ਰੰਗਣਿ/ਰਾਗਨਿ/ਰੰਙਣਿ (ਰੰਗ ਦੀ ਮੱਟੀ), ਰੈਣਿ/ਰੈਨਿ/ਰਾਤਿ/ਰਯਨਿ (ਰਾਤ), ਰੁਤਿ, ਰਾਰਿ (ਲੜਾਈ), ਰਵਣਿ (ਵਿਸ਼ਈ ਅਵਸਥਾ), ਲਾਹਣਿ/ਲਾਹਨਿ (ਸ਼ਰਾਬ ਕੱਢਣ ਵਾਲੀ ਮੱਟੀ), ਲੇਖਣਿ (ਕਲਮ), ਲਾਗਿ (ਖਿੱਚ, ਅੱਗ, ਪ੍ਰੀਤ), ਲੂਟਿ, ਲੇਟਣਿ (ਲੇਟ ਕੇ ਨੱਚਣਾ), ਲਬਧਿ (ਪ੍ਰਾਪਤੀ), ਬਿਖੋਟਿ/ਵਿਖੋਟਿ (ਖੋਟ ਰਹਿਤ), ਵੇਗਾਰਿ, ਵਿਰਤਿ, ਵਰਤਣਿ, ਵੇਲਿ, ੜਾੜਿ (ਰੜਕ, ਘਮੰਡ)’।

ਹੇਠਲੇ ਵਾਕਾਂ ’ਚ ‘ਬਰਾਬਰਿ’ ਸ਼ਬਦ ਦੇ ਅਰਥ ਵਾਚਣਯੋਗ ਹਨ :

ਪੰਡਿਤ ਸੂਰ ਛਤ੍ਰਪਤਿ ਰਾਜਾ; ਭਗਤ ਬਰਾਬਰਿ ਅਉਰੁ ਨ ਕੋਇ ॥ (ਭਗਤ ਰਵਿਦਾਸ/੮੫੮) (ਬਰਾਬਰਿ; ਸੰਬੰਧਕ ਹੈ। ਅਰਥ ਹੈ: ‘ਵਰਗਾ’। ਇਸ ਨੇ ‘ਭਗਤੁ’ ਨੂੰ ਅੰਤ ਮੁਕਤਾ ਕਰ ਦਿੱਤਾ ਹੈ।)

ਕਰਉ ਬਰਾਬਰਿ, ਜੋ ਪ੍ਰਿਅ ਸੰਗਿ ਰਾਤਂੀ; ਇਹ ਹਉਮੈ ਕੀ ਢੀਠਾਈ ॥ (ਮਹਲਾ ੫/੧੨੬੭) (ਬਰਾਬਰਿ; ਇਸਤਰੀ ਲਿੰਗ ਨਾਂਵ ਹੈ। ਅਰਥ ਹੈ: ‘ਬਰਾਬਰੀ/ਮੁਕਾਬਲਾ’।)

ਨੋ: ਪ੍ਰਾਕ੍ਰਿਤ ਭਾਸ਼ਾ ਨੂੰ ਪਾਲੀ ਜਾਂ ਬੋਧੀ ਤ੍ਰਿਪਿਟਕ ਦੀ ਭਾਸ਼ਾ ਵੀ ਕਿਹਾ ਜਾਂਦਾ ਹੈ। ਸੰਸਕ੍ਰਿਤ ਦੀ ਬਜਾਇ ਇਹ ਬੋਲੀ, ਪੰਜਾਬੀ ਦੇ ਜ਼ਿਆਦਾ ਨੇੜੇ ਹੈ; ਜਿਵੇਂ ਸੰਸਕ੍ਰਿਤ ’ਚ ਕੇਵਲ ‘ਲ’ ਹੈ, ਪਰ ਪੰਜਾਬੀ ਅਤੇ ਪ੍ਰਾਕ੍ਰਿਤ ’ਚ ‘ਲ਼, ਲ੍ਹ’ ਵੀ ਹੈ।  ਸੰਸਕ੍ਰਿਤ ਦੇ ਮੁਕਾਬਲੇ ਇਹ ਬੋਲੀ ਭਾਰਤ ਦੇ ਬਹੁਤ ਵੱਡੇ ਭੂ-ਭਾਗ ’ਚ ਬੋਲੀ ਜਾਂਦੀ ਰਹੀ ਹੈ, ਇਸ ਲਈ ਗੁਰਬਾਣੀ ’ਚ ਇਨ੍ਹਾਂ ਸ਼ਬਦਾਂ ਦੀ ਗਿਣਤੀ ਵਧੇਰੇ ਹੈ।

ਅੰਤ ਔਂਕੜ ਤਤਸਮ ਇਸਤਰੀ ਲਿੰਗ ਨਾਂਵ : ‘ਅੰਸੁ (ਜੀਵਾਤਮਾ), ਸਾਸੁ/ਸਸੁ (ਸੱਸ), ਹਿੰਙੁ, ਕਫੁ (ਬਲਗ਼ਮ), ਕਲਤ੍ਰੁ (ਔਰਤ), ਖਾਂਡੁ/ਖੰਡੁ, ਖੜੁ (ਨਾੜ), ਚਿੰਜੁ (ਚੁੰਝ), ਖਾਕੁ/ਛਾਰੁ/ਭਸੁ (ਸੁਆਹ), ਜਿੰਦੁ, ਜਰੁ (ਬੁਢੇਪਾ), ਤੰਤੁ (ਤੰਦ/ਧਾਗਾ), ਦਭੁ (ਘਾਹ), ਦਰਦੁ (ਪੀੜਾ), ਧੇਣੁ/ਧੇਨੁ (ਗਾਂ), ਧਾਤੁ (ਮੂਲ/ਆਦਤ/ਭਟਕਣਾ/ਮਾਯਾ), ਫੇਨੁ (ਝੱਗ), ਬਸਤੁ/ਵਸਤੁ/ਵਥੁ (ਬਸਤੂ), ਬਿਖੁ, ਬੇਨੁ/ਵੰਸੁ (ਬੰਸਰੀ), ਬਿੰਦੁ (ਵੀਰਜ), ਮਸੁ/ਮੰਸੁ (ਸਿਆਹੀ), ਮੁਸਕਲੁ (ਮੁਸ਼ਕਲ), ਮਲੁ/ਮੈਲੁ (ਮੈਲ਼), ਰੇਣੁ/ਰੇਨੁ (ਚਰਨ ਧੂੜ), ਰਕਤੁ/ਰਤੁ, ਰੇਤੁ, ਲਾਜੁ/ਲਜੁ (ਰੱਸੀ), ਪਉਣੁ/ਵਾਉ (ਹਵਾ), ਵਿਸੁ (ਜ਼ਹਰ), ਵਾਸੁ (ਸੁਗੰਧੀ)’।

ਨੋਟ: ਉਕਤ ਅੰਤ ਔਂਕੜ ਇਸਤਰੀ ਲਿੰਗ ਨਾਂਵ; ਤਤਸਮ ਹਨ ਗੁਰਬਾਣੀ ਇਨ੍ਹਾਂ ਨਾਲ ਕੋਈ ਸੰਬੰਧਕੀ ਸ਼ਬਦ ਆਉਣਤੇ (). ਅੰਤ ਔਂਕੜ ਕਾਇਮ ਰਹਿੰਦਾ ਹੈ ਜਾਂ () ਅੰਤ ਔਂਕੜ; ਕਾਵਿ ਤੋਲ ਕਾਰਨ ਦੁਲੈਂਕੜ ਬਦਲ ਜਾਂਦਾ ਹੈ (ਭਾਵ ਸੰਬੰਧਕ ਆਉਣਤੇ ਵੀ ਅੰਤ ਮੁਕਤਾ ਨਹੀਂ ਹੁੰਦੇ); ਜਿਵੇਂਵਿਸੁ ਤੋਂ ਵਿਸੂ, ਵਸਤੁ ਤੋਂ ਵਸਤੂ, ਬਿਖੁ ਤੋਂ ਬਿਖੂ, ਖਾਕੁ ਤੋਂ ਖਾਕੂ, ਸਸੁ ਤੋਂ ਸਸੂ’; ਤਾਹੀਓਂ ਇਨ੍ਹਾਂ ਦੀ ਅੰਤ ਔਂਕੜ ਦਾ ਉਚਾਰਨ ਕਰਨ ਵਾਲਾ ਥੋੜ੍ਹਾ ਦੁਲੈਂਕੜ ਵੱਲ ਉਚਾਰਨ ਕਰਨਾ ਦਰੁਸਤ ਸਮਝਦਾ ਹੈ ਇਨ੍ਹਾਂ ਦੀ ਬਣਤਰ ਨੂੰ ਲਿੰਗ (ਇੱਕ ਵਚਨ/ਬਹੁ ਵਚਨ) ਨਾਲ ਵੀ ਕੋਈ ਫ਼ਰਕ ਨਹੀਂ ਪੈਂਦਾ :

ਸਸੂ ਤੇ;  ਪਿਰਿ (ਨੇ) ਕੀਨੀ ਵਾਖਿ ॥ (ਮਹਲਾ ੫/੩੭੦) (‘ਤੇ’ ਸੰਬੰਧਕ ਨੇ ਸਸੁ ਨੂੰ ਸਸੂ ਬਣ ਦਿੱਤਾ।)

ਦੇਵਰ ਜੇਠ ਮੁਏ ਦੁਖਿ (ਨਾਲ); ਸਸੂ ਕਾ  ਡਰੁ ਕਿਸੁ  ?॥ (ਮਹਲਾ ੧/੬੪੨) (‘ਕਾ’ ਸੰਬੰਧਕ ਨਾਲ ਸਸੁ ਤੋਂ ਸਸੂ ਬਣ ਗਿਆ।)

ਓਹੁ ਖਿਨ ਮਹਿ ਰੁਲਤਾ; ਖਾਕੂ ਨਾਲਿ ॥ (ਮਹਲਾ ੫/੮੬੮) (‘ਨਾਲਿ’ ਸੰਬੰਧਕ ਨਾਲ ਖਾਕੁ ਤੋਂ ਖਾਕੂ ਬਣ ਗਿਆ।)

ਫਰੀਦਾ ! ਖਾਕੁ ਨ ਨਿੰਦੀਐ; ਖਾਕੂ ਜੇਡੁ ਨ ਕੋਇ ॥ (ਬਾਬਾ ਫਰੀਦ/੧੩੭੮) (‘ਜੇਡੁ’ ਭਾਵ ‘ਜਿੱਡਾ/ਵਰਗਾ’; ਸੰਬੰਧਕ ਨੇ ਖਾਕੁ ਤੋਂ ਖਾਕੂ ਬਣਾ ਦਿੱਤਾ।)

ਗ੍ਰਿਹਿ ਸਾਕਤ ਛਤੀਹ ਪ੍ਰਕਾਰ; ਤੇ ਬਿਖੂ ਸਮਾਨ ॥ (ਮਹਲਾ ੫/੮੧੧) (‘ਸਮਾਨ’ ਭਾਵ ਬਰਾਬਰ; ਸੰਬੰਧਕ ਨੇ ਬਿਖੁ ਤੋਂ ਬਿਖੂ ਬਣਾ ਦਿੱਤਾ।)

ਖਾਇ ਖਾਇ (ਕੇ) ਕਰੇ ਬਦਫੈਲੀ; ਜਾਣੁ ਵਿਸੂ ਕੀ  ਵਾੜੀ ਜੀਉ ॥ (ਮਹਲਾ ੫/੧੦੫) (‘ਕੀ’ ਸੰਬੰਧਕ ਨਾਲ ਵਿਸੁ ਤੋਂ ਵਿਸੂ ਬਣ ਗਿਆ।)

ਬਿਖੁ ਕੀ ਕਾਰ ਕਮਾਵਣੀ; ਬਿਖੁ ਹੀ ਮਾਹਿ ਸਮਾਹਿ ॥ (ਮਹਲਾ ੩/੩੬) (‘ਕੀ’ ਸੰਬੰਧਕ ਅਤੇ ‘ਹੀ’ ਕ੍ਰਿਆ-ਵਿਸ਼ੇਸ਼ਣ ਹੋਣ ਦੇ ਬਾਵਜੂਦ ਵੀ ਬਿਖੁ ਤੋਂ ਬਿਖੂ ਨਹੀਂ ਬਣਿਆ। ਇੱਥੇ ਲਿਖਤ ਨਿਯਮ ਤੋਂ ਜ਼ਿਆਦਾ ਕਾਵਿ ਤੋਲ ਨੇ ਪ੍ਰਭਾਵ ਪਾਇਆ ਹੈ। ਜੇ ਤੁਕ ’ਚ ‘ਬਿਖੂ ਕੀ’ ਅਤੇ ‘ਬਿਖੂ ਹੀ’ ਹੁੰਦਾ ਤਾਂ ਕਾਵਿ ਦਾ ਪਿੰਗਲ ਨਿਯਮ ਮਰਦਾ ਹੈ।)

ਵਸਤੂ ਅੰਦਰਿ ਵਸਤੁ ਸਮਾਵੈ; ਦੂਜੀ ਹੋਵੈ ਪਾਸਿ ॥ (ਮਹਲਾ ੨/੪੭੪) (‘ਅੰਦਰਿ’ ਸੰਬੰਧਕ ਨੇ ‘ਵਸਤੁ’ ਤੋਂ ਵਸਤੂ ਬਣਾ ਦਿੱਤਾ।)

ਏਕ ਵਸਤੁ ਕਉ ਪਹੁਚਿ ਨ ਸਾਕੈ; ਧਨ, ਰਹਤੀ ਭੂਖ ਪਿਆਸਾ ਹੇ ॥ (ਮਹਲਾ ੫/੧੦੭੨) (‘ਕਉ’ ਸੰਬੰਧਕ ਨੇ ਵੀ ਵਸਤੁ ਤੋਂ ਵਸਤੂ ਨਹੀਂ ਕੀਤਾ ਭਾਵ ਵਸਤੁ; ਆਪਣੇ ਅਸਲ ਰੂਪ ’ਚ ਹੀ ਕਾਇਮ ਹੈ।)

ਏਕ ਵਸਤੁ; ਜੇ ਪਾਵੈ ਕੋਇ ॥ (ਮਹਲਾ ੫/੧੧੪੫) (ਵਸਤੁ; ਇੱਕ ਵਚਨ ਹੈ)

ਹਰਿ ਮੰਦਰਿ ਵਸਤੁ ਅਨੇਕ ਹੈ; ਨਵ ਨਿਧਿ ਨਾਮੁ ਸਮਾਲਿ ॥ (ਮਹਲਾ ੩/੧੪੧੮) (ਬਹੁ ਵਚਨ ਸਮੇਂ ਵੀ ‘ਵਸਤੁ’ ਹੀ ਰਿਹਾ।)

ਸੋ ਤਤਸਮ ਸ਼ਬਦ (ਅੰਤ ਔਂਕੜ/ਅੰਤ ਸਿਹਾਰੀ); ਕਿਤੇ ਕਿਤੇ ਸੰਬੰਧਕਾਂ ਦੀ ਮਦਦ ਨਾਲ ਕਾਵਿ ਤੋਲ ਬਣਾਉਣ ’ਚ ਮਦਦ ਕਰਦੇ ਹਨ ਭਾਵ ਆਪਣੀ ਅੰਤ ਔਂਕੜ/ਅੰਤ ਸਿਹਾਰੀ ਨੂੰ ਸਗੋਂ ਦੀਰਘ (ਅੰਤ ਦੁਲੈਂਕੜ/ਅੰਤ ਬਿਹਾਰੀ) ਕਰ ਲੈਂਦੇ ਹਨ, ਪਰ ਅੰਤ ਮੁਕਤਾ ਨਹੀਂ ਹੁੰਦੇ; ਜਿਵੇਂ ਗੁਰਬਾਣੀ ’ਚ ‘ਹਰਿ’ (ਤਤਸਮ); 7123 ਵਾਰ ਹੈ, ਪਰ 38 ਕੁ ਵਾਰ ‘ਹਰੀ’ ਵੀ ਹੋ ਗਿਆ ਹੈ।  ‘ਭਗਤਿ’ (ਤਤਸਮ); 640 ਵਾਰ ਹੈ, ਪਰ ਕਿਤੇ ਕਿਤੇ ‘ਭਗਤੀ’ ਵੀ ਹੋਇਆ ਹੈ : ਅਨਦਿਨੁ ਭਗਤੀ (ਭਗਤੀ ’ਚ) ਰਤਿਆ; ਮਨੁ ਤਨੁ ਨਿਰਮਲੁ ਹੋਇ ॥ (ਮਹਲਾ ੩/੨੭), ‘ਭੂਮਿ’ 28 ਵਾਰ ਹੈ, ਪਰ ਇੱਕ ਵਾਰ ‘ਭੂਮੀ’ ਵੀ ਹੈ। ‘ਵਿਸੁ’; 14 ਵਾਰ ਹੈ ਪਰ ਇੱਕ ਵਾਰ ‘ਵਿਸੂ’ ਵੀ ਹੈ।

ਅੰਤ ਮੁਕਤਾ ਇਸਤਰੀ ਲਿੰਗ ਨਾਂਵ : ‘ਊਂਘ, ਓਟ, ਆਸ, ਇਛ (ਇੱਛਾ), ਸਥ (ਪੰਚਾਇਤ), ਸਲਾਹ, ਸਾਟ (ਚੋਟ), ਸਾਧਨ (ਔਰਤ), ਸਿਆਪਣ/ਸਿਆਣਪ, ਸੋਭ (ਸ਼ੋਭਾ), ਸੁਆਹ, ਸੁਚ, ਸੁਰ, ਸੇਵ (ਸੇਵਾ), ਕਲਮ, ਕਪਾਹ, ਕਾਰ (ਕਿਰਤ-ਕਾਰ), ਹਿਵ (ਬਰਫ), ਖਲਕ (ਦੁਨੀਆ), ਖੇਹ, ਗੰਢ, ਗਲ/ਗਾਲ (ਗੱਲ), ਘਾਟ, ਚਾਲ, ਚਿੰਤ, ਚੁਪ, ਚੋਟ, ਛੁਟਕਾਰ, ਜਨ (ਜ਼ਨ/ਇਸਤਰੀ), ਜੀਭ, ਟੇਕ, ਤਰ (ਬੇੜੀ), ਤਿਖ (ਤ੍ਰਿਸ਼ਨਾ), ਤੋਟ, ਦਰਗਾਹ, ਦੇਹ, ਧਨ (ਇਸਤਰੀ), ਧਰਮਸਾਲ (ਧਰਮਸ਼ਾਲ), ਧਾਰ, ਧੂਪ, ਨਿੰਦ, ਬਨਤ/ਬਣਤ (ਬਣਾਵਟ/ਰਚਨਾ), ਬਖਸੀਸ (ਬਖ਼ਸ਼ੀਸ਼), ਭੁਖ/ਭੂਖ, ਮਹਲ (ਇਸਤਰੀ), ਮਰਣ/ਮਰਨ (ਮੌਤ), ਮਲ, ਮਾਰ, ਮਿਹਰ, ਬਾਟ (ਦੂਰੀ), ਬੰਦਨ (ਬੰਦਨਾ/ਬੇਨਤੀ), ਬਾਤ, ਬੇਦਨ (ਪੀੜਾ), ਠਾਕ (ਰੁਕਾਵਟ), ਜੰਞ, ਧੀਰਕ (ਧੀਰਜ), ਤ੍ਰਿਸਨ (ਤ੍ਰਿਸ਼ਨ), ਸੋਚ, ਪਰਜ (ਪ੍ਰਜਾ, ਜਨਤਾ), ਪੜ੍ਹਨਸਾਲ (ਪੜ੍ਹਨਸ਼ਾਲ/ਪਾਠਸ਼ਾਲਾ), ਪਿਆਸ, ਪੂਜ, ਪੈਜ, ਅਹੰ ਮਤ, ਮਾਤ (ਮਾਤਾ), ਰਸਨ (ਜੀਭ), ਰਹਤ (ਰਹਿਣੀ), ਰਚਨ (ਕੁਦਰਤਿ), ਰਵਾਲ/ਧੂੜ (ਚਰਨ-ਧੂੜ), ਲਾਵਣ (ਸਬਜ਼ੀ), ਲੋਚਨ (ਅੱਖ), ਲਿਵ, ਲਿਵਤਾਰ, ਜਹਰ (ਜ਼ਹਰ)’।

ਹੇਠਲੀਆਂ ਤੁਕਾਂਸਾਰਸ਼ਬਦ; ਵਾਚਣਯੋਗ ਹੈ :

ਅਸੰਖ ਸੂਰ; ਮੁਹ ਭਖ ਸਾਰ ॥ (ਜਪੁ) (ਸਾਰ; ਬਹੁ ਵਚਨ ਪੁਲਿੰਗ ਨਾਂਵ ਹੈ। ਅਰਥ ਹੈ: ‘ਲੋਹਾ/ਸ਼ਸਤਰ’।)

ਸਤੁ ਸੰਤੋਖੁ ਦਇਆ ਕਮਾਵੈ; ਏਹ ਕਰਣੀ ਸਾਰ ॥ (ਮਹਲਾ ੫/੫੧) (ਸਾਰ; ਇਸਤਰੀ ਲਿੰਗ ਵਿਸ਼ੇਸ਼ਣ ਹੈ। ਅਰਥ ਹੈ: ‘ਸ੍ਰੇਸ਼ਟ’ ਰਹਿਣੀ।)

ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ; ਸਾਰ ਨ ਜਾਣਾ ਤੇਰੀ ॥ (ਮਹਲਾ ੫/੭੫੦) (ਸਾਰ; ਇਸਤਰੀ ਲਿੰਗ ਨਾਂਵ ਹੈ। ਅਰਥ ਹੈ: ‘ਕਦਰ’।)

ਸੋਈ ਜੀਉ ਨ ਵਜਦਾ; ਜਿਸੁ ਅਲਹੁ ਕਰਦਾ ਸਾਰ ॥ (ਮਹਲਾ ੫/੧੩੮੩) (ਸਾਰ; ਇਸਤਰੀ ਲਿੰਗ ਨਾਂਵ ਹੈ। ਅਰਥ ਹੈ: ‘ਸੰਭਾਲ਼’।)

ਨੋਟ : (). ਕਿਸੇ ਵਾਕ ’ਚ ਨਾਂਵ (ਭਾਵੇਂ ਉਹ ਇਸਤਰੀ ਲਿੰਗ ਹੋਵੇ ਜਾਂ ਪੁਲਿੰਗ) ਦੇ ਨਾਲ ਕੁਝ ਹੋਰ ਸ਼ਬਦ (ਜਿਵੇਂ ਕਿ ਪੜਨਾਂਵੀ ਵਿਸ਼ੇਸ਼ਣ, ਸੰਬੰਧਕ ਜਾਂ ਕ੍ਰਿਆ-ਵਾਚੀ) ਹੁੰਦੇ ਹਨ, ਜੋ ਨਾਂਵ ਦੇ ਲਿੰਗ ਅਤੇ ਵਚਨ ਦੀ ਜਾਣਕਾਰੀ ਦੇ ਦਿੰਦੇ ਹਨ; ਜਿਵੇਂ ਕਿ ਗੁਰਬਾਣੀ ਦੀਆਂ ਹੇਠਲੀਆਂ ਤੁਕਾਂ ’ਚ ‘ਬਾਤ, ਆਸ, ਭਗਤਿ, ਪ੍ਰੀਤਿ, ਚਿੰਤ’ ਇਸਤਰੀ ਲਿੰਗ ਨਾਂਵ (ਅੰਤ ਮੁਕਤਾ ਅਤੇ ਅੰਤ ਸਿਹਾਰੀ) ਹਨ। ਇਨ੍ਹਾਂ ਦੇ ਨਾਲ-ਨਾਲ ਵਾਕ ’ਚ ‘ਦੂਜੀ, ਧਰਈ, ਕੀ, ਤੁਮਰੀ, ਤੇਰੀ, ਮਿਟੀ’ ਸ਼ਬਦ; ਇਸਤਰੀ ਲਿੰਗ ਨਾਂਵਾਂ ਦੇ ਹੀ ਸੂਚਕ ਹਨ ਭਾਵ ਨਾਂਵ ਦਾ ਵਚਨ ਅਤੇ ਲਿੰਗ; ਵਾਕ ਦੇ ਬਾਕੀ ਸ਼ਬਦਾਂ ਦੀ ਬਣਤਰ ’ਤੇ ਵੀ ਅਸਰ ਪਾਉਂਦਾ ਹੈ; ਜਿਵੇਂ ‘‘ਦੂਜੀ ਬਾਤ; ਨ ਧਰਈ ਕਾਨਾ (ਕੰਨ ’ਤੇ)॥ (ਭਗਤ ਕਬੀਰ ਜੀ/੩੪੦), ਮੁਖ ਕੀ ਬਾਤ; ਸਗਲ ਸਿਉ ਕਰਤਾ ॥ (ਮਹਲਾ ੫/੩੮੪), ਤੁਮਰੀ ਆਸ ਪਿਆਸਾ ਤੁਮਰੀ; ਤੁਮ ਹੀ ਸੰਗਿ, ਮਨੁ ਲੀਨਾ ਜੀਉ ॥ (ਮਹਲਾ ੫/੧੦੦), ਤੇਰੀ ਭਗਤਿ ਤੇਰੀ ਭਗਤਿ ਭੰਡਾਰ ਜੀ ! ਭਰੇ ਬਿਅੰਤ ਬੇਅੰਤਾ ॥ (ਸੋ ਪੁਰਖੁ/ਮਹਲਾ ੪/੧੧), ਪ੍ਰਭ ਕੀ ਪ੍ਰੀਤਿ; ਸਭ ਮਿਟੀ ਹੈ ਚਿੰਤ ॥’’ (ਮਹਲਾ ੫/ ੩੯੧) ਭਾਵ ਇਸਤਰੀ ਲਿੰਗ ਨਾਂਵਾਂ ਨੇ ਵਾਕ ’ਚ ਹੋਰ ਸ਼ਬਦਾਂ ਦੀ ਬਣਤਰ ਨੂੰ ਵੀ ਆਪਣੇ ਵਰਗੀ ਇਸਤਰੀ ਲਿੰਗ ਬਣਾ ਲਿਆ। ਜੇ ਇੱਥੇ ਪੁਲਿੰਗ ਨਾਂਵ ਹੁੰਦੇ ਤਾਂ ‘ਦੂਜਾ, ਧਰਿਆ, ਕਾ, ਤੁਮਰਾ, ਤੇਰਾ, ਮਿਟਿਆ’ ਸ਼ਬਦ ਹੁੰਦੇ; ਜਿਵੇਂ ਹੇਠਲੇ ਵਾਕਾਂ ’ਚ ਇੱਕ ਵਚਨ ਪੁਲਿੰਗ ਨਾਂਵਾਂ (ਖੇਲੁ, ਹਾਥੁ, ਚੀਤੁ, ਨਾਮੁ, ਭਰਮੁ) ਨੇ ਬਾਕੀ ਸ਼ਬਦਾਂ ’ਤੇ ਭੀ ਅਸਰ ਪਾਇਆ ਹੈ, ‘‘ਦੂਜਾ ਖੇਲੁ ਕਰਿ ਦਿਖਲਾਇਆ ॥ (ਮਹਲਾ ੧/੭੩), ਜਿਸੁ ਮਸਤਕਿ (’ਤੇ); ਗੁਰਿ (ਨੇ) ਧਰਿਆ ਹਾਥੁ ॥ (ਮਹਲਾ ੫/੧੩੪੦), ਡੋਲੈ ਨਾਹੀ ਤੁਮਰਾ ਚੀਤੁ ॥ (ਮਹਲਾ ੫/੧੭੯), ਤੇਰਾ ਏਕੁ ਨਾਮੁ; ਤਾਰੇ ਸੰਸਾਰੁ ॥ (ਮਹਲਾ ੧/੨੪), ਗੁਰ ਕੈ ਬਚਨਿ (ਨਾਲ) ਮਿਟਿਆ ਮੇਰਾ ਭਰਮੁ ॥’’ (ਮਹਲਾ ੫/੨੩੯)

(ਅ). ਪਿੱਛੇ ਕੀਤੀ ਗਈ ਵਿਚਾਰ ਕਿ ਇਸਤਰੀ ਲਿੰਗ ਨਾਂਵਾਂ ਦੇ ਤਿੰਨ ਸਰੂਪ ਹੁੰਦੇ ਹਨ : ‘ਦੂਜੀਆਂ ਭਾਸ਼ਾਵਾਂ ਦੇ (1) ਅੰਤ ਸਿਹਾਰੀ। (2). ਅੰਤ ਔਂਕੜ। (3). ਤਦਭਵ ਤੇ ਗੁਰਮੁਖੀ ਦੇ ਅੰਤ ਮੁਕਤਾ ਨਾਂਵ ਭਾਵ ਇਸਤਰੀ ਲਿੰਗ ਨਾਂਵ; ਅੰਤ ਮੁਕਤਾ, ਅੰਤ ਔਂਕੜ ਅਤੇ ਅੰਤ ਸਿਹਾਰੀ ਹੁੰਦੇ ਹਨ, ਪਰ ਚੇਤੇ ਰਹੇ ਕਿ ਇਨ੍ਹਾਂ ਤਿੰਨੇ ਇਸਤਰੀ ਲਿੰਗ ਨਾਂਵਾਂ ਦੇ ਸਾਰੇ ਪੜਨਾਂਵ, ਸਾਰੇ ਪੜਨਾਂਵੀ ਵਿਸ਼ੇਸ਼ਣ ਅਤੇ ਜ਼ਿਆਦਾਤਰ ਵਿਸ਼ੇਸ਼ਣ (ਭਾਵ ਕੁਝ ਤਤਸਮ ਵਿਸ਼ੇਸ਼ਣਾਂ ਤੋਂ ਇਲਾਵਾ); ਅੰਤ ਮੁਕਤਾ ਹੀ ਹੋਣਗੇ; ਜਿਵੇਂ ‘ਅਕਾਲ ਮੂਰਤਿ’; ਇੱਥੇ ‘ਮੂਰਤਿ’ ਤਤਸਮ ਇਸਤਰੀ ਲਿੰਗ ਨਾਂਵ ਹੈ, ਪਰ ਇਸ ਦਾ ਵਿਸ਼ੇਸ਼ਣ (ਅਕਾਲ); ਅੰਤ ਮੁਕਤਾ ਹੈ। ਜੇ ‘ਮੂਰਤਿ’ ਇਸਤਰੀ ਲਿੰਗ ਨਾ ਹੁੰਦਾ ਤਾਂ ‘ਅਕਾਲ’ ਵੀ ‘ਅਕਾਲੁ’ (ਅੰਤ ਔਂਕੜ) ਹੁੰਦਾ; ਜਿਵੇਂ ਇਸ ਵਾਕ ’ਚ ਹੈ ‘‘ਕਾਲੁ ਅਕਾਲੁ ਖਸਮ ਕਾ ਕੀਨ੍ਾ; ਇਹੁ ਪਰਪੰਚੁ ਬਧਾਵਨੁ ॥’’ (ਭਗਤ ਕਬੀਰ/੧੧੦੪)

ਹੇਠਲੇ ਵਾਕਾਂ ਤਿੰਨੇ ਤਰ੍ਹਾਂ ਦੇ ਇਸਤਰੀ ਲਿੰਗ ਨਾਂਵਾਂ ਦੇਪੜਨਾਂਵੀ ਵਿਸ਼ੇਸ਼ਣਅਤੇਵਿਸ਼ੇਸ਼ਣ’ (ਇਹ, ਉਹ, ਅਵਰ, ਹੋਰ, ਸਭ); ਅੰਤ ਮੁਕਤਾ ਹੀ ਹਨ ਭਾਵੇਂ ਇਨ੍ਹਾਂ ਨਾਲ ਇਸਤਰੀ ਲਿੰਗ ਨਾਂਵ; ਅੰਤ ਸਿਹਾਰੀ ਹਨ, ਅੰਤ ਔਂਕੜ ਹਨ ਜਾਂ ਅੰਤ ਮੁਕਤਾ ਵੀ :

ਏਕ ਬਸਤੁ ; ਦੀਜੈ ਕਰਿ ਮਇਆ ॥ (ਮਹਲਾ ੫/੨੯੦)

ਏਹ ਵਸਤੁ ਤਜੀ ਨਹ ਜਾਈ; ਨਿਤ ਨਿਤ ਰਖੁ ਉਰਿ ਧਾਰੋ ॥ (ਮਹਲਾ ੫/੧੪੨੯)

ਹੋਰੁ ਬਿਰਹਾ ਸਭ ਧਾਤੁ ਹੈ; ਜਬ ਲਗੁ ਸਾਹਿਬ ਪ੍ਰੀਤਿ ਨ ਹੋਇ ॥ (ਮਹਲਾ ੩/੮੩)

ਮਨ ਕੀ ਮੈਲੁ ਨ ਉਤਰੈ ਇਹ ਬਿਧਿ;  ਜੇ ਲਖ ਜਤਨ ਕਰਾਏ ॥ (ਮਹਲਾ ੫/੬੪੨)

ਹਰਿ ਬਿਨੁ ਹੋਰ ਰਾਸਿ ਕੂੜੀ ਹੈ; ਚਲਦਿਆ ਨਾਲਿ ਨ ਜਾਈ ॥ (ਮਹਲਾ ੩/੪੯੦)

ਇਸੁ ਜਗ ਮਹਿ ਪੁਰਖੁ ਏਕੁ ਹੈ; ਹੋਰ ਸਗਲੀ ਨਾਰਿ  ਸਬਾਈ ॥ (ਮਹਲਾ ੩/੫੯੧)

ਜਿਨ੍ਾ ਨਾਉ ਸੁਹਾਗਣੀ; ਤਿਨ੍ਾ ਝਾਕ ਹੋਰ ॥ (ਬਾਬਾ ਫਰੀਦ/੧੩੮੪)

ਇਹ ਮਤਿ; ਗੁਰ ਪ੍ਰਸਾਦਿ, ਮਨਿ ਧਾਰਉ ॥ (ਮਹਲਾ ੫/੧੦੪)

ਦੂਰਿ ਰਹੀ; ਉਹ ਜਨ ਤੇ ਬਾਟ ॥ (ਮਹਲਾ ੫/੩੯੩)

ਧਨਿ ਉਹ ਪ੍ਰੀਤਿ; ਚਰਨ ਸੰਗਿ ਲਾਗੀ ॥ (ਮਹਲਾ ੫/੧੩੦੧)

ਏਕੋ ਸਬਦੁ ਵੀਚਾਰੀਐ; ਅਵਰ ਤਿਆਗੈ ਆਸ ॥ (ਮਹਲਾ ੧/੧੮)

ਅਵਰ ਕਰਤੂਤਿ ਸਗਲੀ; ਜਮੁ ਡਾਨੈ ॥ (ਸੁਖਮਨੀ/ਮਹਲਾ ੫/੨੬੬)

ਅਵਰ ਜੋਨਿ; ਤੇਰੀ ਪਨਿਹਾਰੀ ॥ (ਮਹਲਾ ੫/੩੭੪)

ਇਹ ਬਖਸੀਸ; ਖਸਮ ਤੇ ਪਾਵਾ ॥ (ਮਹਲਾ ੫/੧੦੭੭)

ਬਾਬਾ ! ਹੋਰ ਮਤਿ ਹੋਰ ਹੋਰ ॥ (ਮਹਲਾ ੧/੧੭)

ਕਲਿਜੁਗ ਮਹਿ ਹਰਿ ਜੀਉ ਏਕੁ; ਹੋਰ ਰੁਤਿ ਨ ਕਾਈ ॥ (ਮਹਲਾ ੩/੧੧੩੦)

ਉਕਤ ਵਿਚਾਰ ਤੋਂ ਬਾਅਦ ਇਸ ਤੁਕ ‘‘ਓਇ ਲੋਚਨਿ ਓਨਾ ਗੁਣਾ ਨੋ; ਓਇ ਅਹੰਕਾਰਿ ਸੜੰਦੇ ॥’’ (ਮਹਲਾ ੪/੩੧੬) ’ਚੋਂ ‘ਲੋਚਨਿ’ ਸ਼ਬਦ ਬਾਰੇ ਸਹਿਜੇ ਹੀ ਬੋਧ ਹੋ ਜਾਣਾ ਚਾਹੀਦਾ ਹੈ ਕਿ ਇਹ ਇਸਤਰੀ ਲਿੰਗ ਨਾਂਵ ਨਹੀਂ ਕਿਉਂਕਿ ਇਸ ਨਾਲ ‘ਓਇ’ ਦਰਜ ਹੈ, ਨਾ ਕਿ ‘ਉਹ’ ਜਾਂ ‘ਇਹ’ (ਅੰਤ ਮੁਕਤਾ)। ਇਸ ਪੰਕਤੀ ਦੇ ਅਰਥ ਹਨ : ‘ਓਇ (ਉਹ ਦੋਖੀ/ਪੁਲਿੰਗ) ਅਹੰਕਾਰ ’ਚ ਸੜਦੇ ਪਏ ਹਨ, ਪਰ ਚਾਹੁੰਦੇ ਹਨ ਓਇ (ਉਨ੍ਹਾਂ ਭਗਤਾਂ ਵਾਲੇ/ਪੁਲਿੰਗ) ਗੁਣਾਂ ਨੂੰ’। ਗੁਰਬਾਣੀ ’ਚ ਇਸਤਰੀ ਲਿੰਗ ਨਾਂਵ; ਅੰਤ ਮੁਕਤਾ ‘ਲੋਚਨ’ ਹੈ, ਜੋ 12 ਵਾਰ ਹੈ ਤੇ ਅਰਥ ਹੈ : ‘ਅੱਖਾਂ’:

ਲਾਲਚੁ ਕਰੈ ਜੀਵਨ ਪਦ ਕਾਰਨ; ਲੋਚਨ ਕਛੂ ਨ ਸੂਝੈ ॥ (ਭਗਤ ਬੇਣੀ/੯੩)

ਪੰਥੁ ਨਿਹਾਰੈ ਕਾਮਨੀ; ਲੋਚਨ ਭਰੀ ਲੇ ਉਸਾਸਾ ॥ (ਭਗਤ ਕਬੀਰ/੩੩੭)

ਦੁਇ ਦੁਇ ਲੋਚਨ ਪੇਖਾ ॥ (ਭਗਤ ਕਬੀਰ/੬੫੫)

ਦਰਸਨ ਪਿਆਸ; ਲੋਚਨ ਤਾਰ ਲਾਗੀ ॥ (ਮਹਲਾ ੫/੧੧੧੯)

ਅੰਧਾ ਸੋਇ, ਜਿ ਅੰਧੁ ਕਮਾਵੈ; ਤਿਸੁ ਰਿਦੈ ਸਿ ਲੋਚਨ ਨਾਹੀ ॥ ਮਹਲਾ ੧/੧੨੮੯)

(2). ਨਾਂਵ ਦੇ ਵਚਨ (Number): ਇੱਕ ਜਾਂ ਇੱਕ ਤੋਂ ਵਧੇਰੇ ਵਸਤੂਆਂ ਦੇ ਭੇਦ ਨੂੰ ਦੱਸਣ ਵਾਲਾ ਸ਼ਬਦੀ ਰੂਪ; ‘ਵਚਨ’ ਅਖਵਾਉਂਦਾ ਹੈ। ਇਸ ਦੀਆਂ ਦੋ ਕਿਸਮਾਂ ਹਨ: (ੳ). ਇੱਕ ਵਚਨ (ਅ). ਬਹੁ ਵਚਨ।

ਗੁਰਬਾਣੀ ’ਚ ਇੱਕ ਵਚਨ ਪੁਲਿੰਗ ਨਾਂਵਾਂ ਦੇ ਅੰਤ ’ਚ ਔਂਕੜ ਹੁੰਦਾ ਹੈ (ਜਿਵੇਂ ‘ਨਾਨਕੁ, ਗੁਰੁ, ਪ੍ਰਭੁ, ਅਲਹੁ, ਸ਼ਾਹੁ, ਰਾਹੁ, ਪਾਤਿਸਾਹੁ, ਵੇਸਾਹੁ’) ਜਦ ਕਿ ਇਸਤਰੀ ਲਿੰਗ ਨਾਂਵ (ਤਤਸਮ ਰਹਿਤ) ਅਤੇ ਬਹੁ ਵਚਨ ਪੁਲਿੰਗ ਨਾਂਵ; ਅਜੋਕੀ ਪੰਜਾਬੀ ਵਾਙ ਅੰਤ ਮੁਕਤਾ ਹੁੰਦੇ ਹਨ। ਗੁਰਬਾਣੀ ਲਿਖਤ ਨਿਯਮਾਂ ਦਾ ਜ਼ਿਆਦਾਤਰ ਸੰਬੰਧ; ਇੱਕ ਵਚਨ ਪੁਲਿੰਗ ਨਾਂਵਾਂ ਨਾਲ ਹੀ ਹੈ। ਇਨ੍ਹਾਂ ਦੀ ਲਿਖਤ-ਬਣਤਰ; ਅਜੋਕੀ ਪੰਜਾਬੀ ਲਿਖਤ ਤੋਂ ਭਿੰਨ ਹੈ, ਇਸ ਭੇਦ ਤੋਂ ਨਾਸਮਝ ਸਿੱਖ, ਅਕਸਰ ਹੀ ਇਨ੍ਹਾਂ ਦੇ ਅਰਥ ਪੰਜਾਬੀ ਵਾਙ ਉਲਥਾ ਕੇ ਗ਼ਲਤ ਮਤਲਬ ਕੱਢ ਲੈਂਦੇ ਹਨ, ਜੋ ਵਿਵਾਦ ਦਾ ਕਾਰਨ ਬਣਦਾ ਹੈ।

ਹਰ ਗੁਰਸਿੱਖ ਨੂੰ ਇੱਕ ਵਚਨ ਪੁਲਿੰਗ ਨਾਂਵਾਂ ਬਾਰੇ ਜਾਣਨਾ ਸਭ ਤੋਂ ਵੱਧ ਜ਼ਰੂਰਤ ਹੈ। ਇਸ ਤੋਂ ਅਗਾਂਹ ਸਾਰੀ ਵਿਚਾਰ ਇੱਕ ਵਚਨ ਪੁਲਿੰਗ ਨਾਂਵ ਦੀ ਲਿਖਤ ਦੇ ਇਰਦ-ਗਿਰਦ ਹੀ ਹੈ। ਇਸ ਲਈ ਮੁੱਢਲਾ ਸਵਾਲ ਹੈ ਕਿ ਜਦ ਇੱਕ ਵਚਨ ਪੁਲਿੰਗ ਨਾਂਵ; ਅੰਤ ਔਂਕੜ ਹੁੰਦੇ ਹਨ ਤਾਂ ਇਹ; ਅੰਤ ਮੁਕਤਾ ਜਾਂ ਅੰਤ ਸਿਹਾਰੀ ਕਿਉਂ ਹੋ ਜਾਂਦੇ ਹਨ; ਜਿਵੇਂ ‘ਨਾਮੁ’ ਤੋਂ ‘ਨਾਮ/ਨਾਮਿ’, ‘ਨਾਨਕੁ’ ਤੋਂ ‘ਨਾਨਕ/ਨਾਨਕਿ’, ‘ਰਾਮੁ’ ਤੋਂ ‘ਰਾਮ/ਰਾਮਿ’, ‘ਗੁਰੁ’ ਤੋਂ ‘ਗੁਰ/ਗੁਰਿ’, ‘ਪ੍ਰਭੁ’ ਤੋਂ ‘ਪ੍ਰਭ/ਪ੍ਰਭਿ’। ਚੇਤੇ ਰਹੇ ਕਿ ਇਹ ਤਿੰਨੇ ਸਰੂਪ (ਅੰਤ ਔਂਕੜ, ਅੰਤ ਮੁਕਤਾ ਅਤੇ ਅੰਤ ਸਿਹਾਰੀ); ਇੱਕ ਵਚਨ ਪੁਲਿੰਗ ਨਾਂਵ ਹੀ ਹਨ।