ਮਾਈ ! ਸੰਤ ਸੰਗਿ ਜਾਗੀ॥

0
407

ਮਾਈ ! ਸੰਤ ਸੰਗਿ ਜਾਗੀ॥

 ਪ੍ਰਿੰ. ਹਰਭਜਨ ਸਿੰਘ-94170-20961

ਕੇਦਾਰਾ ਮਹਲਾ ੫ ਘਰੁ ੨

ਮਾਈ ! ਸੰਤ ਸੰਗਿ ਜਾਗੀ॥ ਪ੍ਰਿਅ ਰੰਗ ਦੇਖੈ, ਜਪਤੀ ਨਾਮੁ ਨਿਧਾਨੀ॥ ਰਹਾਉ॥

ਦਰਸਨ ਪਿਆਸ ਲੋਚਨ ਤਾਰ ਲਾਗੀ॥ ਬਿਸਰੀ ਤਿਆਸ ਬਿਡਾਨੀ॥ ੧॥

ਅਬ ਗੁਰੁ ਪਾਇਓ ਹੈ ਸਹਜ ਸੁਖਦਾਇਕ, ਦਰਸਨੁ ਪੇਖਤ ਮਨੁ ਲਪਟਾਨੀ॥

ਦੇਖਿ ਦਮੋਦਰ ਰਹਸੁ ਮਨਿ ਉਪਜਿਓ, ਨਾਨਕੁ ਪ੍ਰਿਅ ਅੰਮ੍ਰਿਤ ਬਾਨੀ॥ ੨॥

ਵੀਚਾਰ ਅਧੀਨ ਪਾਵਨ ਸ਼ਬਦ ਗੁਰੂ ਅਰਜੁਨ ਦੇਵ ਜੀ ਦਾ ਉਚਾਰਣ ਕੀਤਾ ਹੋਇਆ ਕੇਦਾਰਾ ਰਾਗ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਕ ੧੧੧੯ ’ਤੇ ਸੁਭਾਇਮਾਨ ਹੈ। ਸਤਿਗੁਰੂ ਜੀ ਇਸ ਸ਼ਬਦ ਦੁਆਰਾ ਇਹ ਸਮਝਾ ਰਹੇ ਹਨ ਕਿ ਮਨੁੱਖ ਦੀ ਸੁੱਤੀ ਹੋਈ ਸੁਰਤਿ ਕਿਵੇਂ ਜਾਗ ਸਕਦੀ ਹੈ ? ਕਿਉਂਕਿ ਆਮ ਜੀਵਾਂ ਦੀ ਸੁਰਤਿ ਦੁਨਿਆਵੀ ਪਦਾਰਥਾਂ ਦੇ ਭੋਗਾਂ ਵਿਚ ਖਚਿਤ ਹੋ ਕੇ ਸੁੱਤੀ ਪਈ ਹੈ, ਸੁੱਤੀ ਹੋਈ ਸੁਰਤਿ ਦੇ ਪੱਲੇ ਕੀ ਪੈਂਦਾ ਹੈ ? ਸੁਪਨਾ। ਸੁਪਨਾ ਤਾਂ ਨਾਸ਼ਵੰਤ ਹੈ। ਜਿਵੇਂ ਸਤਿਗੁਰੂ ਜੀ ਫੁਰਮਾਉਂਦੇ ਹਨ : ‘‘ਸੁਪਨੇ ਸੇਤੀ ਚਿਤੁ ਮੂਰਖਿ ਲਾਇਆ॥ ਬਿਸਰੇ ਰਾਜ ਰਸ ਭੋਗੁ ਜਾਗਤ ਭਖਲਾਇਆ॥ ਆਰਜਾ ਗਈ ਵਿਹਾਇ ਧੰਧੈ ਧਾਇਆ॥ ਪੂਰਨ ਭਏ ਨ ਕਾਮ, ਮੋਹਿਆ ਮਾਇਆ॥ ਕਿਆ ਵੇਚਾਰਾ ਜੰਤੁ ਜਾਂ ਆਪਿ ਭੁਲਾਇਆ॥ ੮॥’’ ਜਦੋਂ ਮਨੁੱਖ ਦੀ ਸੁਰਤਿ ਸੌਂ ਜਾਂਦੀ ਹੈ ਤਾਂ ਸਤਿਗੁਰੂ ਜੀ ਫੁਰਮਾਉਂਦੇ ਹਨ ਕਿ ਇਸਦੇ ਹੋਰ ਇੰਦ੍ਰੇ ਵੀ ਨਾਲ ਹੀ ਸੌਂ ਜਾਂਦੇ ਹਨ। ਗੁਰਵਾਕ ਹੈ:

‘‘ਨੈਨਹੁ ਨੀਦ ਪਰ ਦ੍ਰਿਸਟਿ ਵਿਕਾਰ॥ ਸ੍ਰਵਣ ਸੋਏ ਸੁਣਿ ਨਿੰਦ ਵੀਚਾਰ॥ ਰਸਨਾ ਸੋਈ ਲੋਭਿ ਮੀਠੈ ਸਾਦਿ॥ ਮਨੁ ਸੋਇਆ ਮਾਇਆ ਬਿਸਮਾਦਿ॥ ੧॥ ਇਸੁ ਗ੍ਰਿਹ ਮਹਿ ਕੋਈ ਜਾਗਤੁ ਰਹੈ॥ ਸਾਬਤੁ ਵਸਤੁ ਓਹੁ ਅਪਨੀ ਲਹੈ॥ ੧॥ ਸੁੱਤੇ ਹੋਏ ਮਨ ਜਾਂ ਸੁਰਤਿ ਨੂੰ ਜਗਾਉਣ ਦਾ ਢੰਗ ਸਤਿਗੁਰੂ ਜੀ ਬਾਣੀ ਦੁਆਰਾ ਇਸ ਤਰ੍ਹਾਂ ਦੱਸ ਰਹੇ ਹਨ, ‘‘ਸਿਮਰਿ ਸਿਮਰਿ ਸਿਮਰਿ ਗੁਰ ਅਪੁਨਾ, ਸੋਇਆ ਮਨੁ ਜਾਗਾਈ॥ ੨੩॥ ਕਿਉਂਕਿ: ‘‘ਸਤਿਗੁਰੁ ਜਾਗਤਾ ਹੈ ਦੇਉ॥’ ਦੇ ਮਹਾਵਾਕ ਅਨੁਸਾਰ ਸਤਿਗੁਰੂ ਹੀ ਉਹ ਹਸਤੀ ਹੈ ਜੋ ਸਦੀਵ ਜਾਗਦੀ ਹੈ, ਜੋ ਖੁਦ ਜਾਗਦਾ ਹੈ, ਉਹੀ ਦੂਸਰਿਆਂ ਨੂੰ ਜਗਾ ਸਕਦਾ ਹੈ। ਜਾਗਣ ਤੋਂ ਭਾਵ ਏਥੇ ਸੁਚੇਤ ਹੋ ਕੇ ਜੀਵਨ ਬਤੀਤ ਕਰਨ ਤੋਂ ਹੈ। ਜਿਨ੍ਹਾਂ ਜਿਗਿਆਸੂਆਂ ਨੇ ਗੁਰੂ ਦੀ ਮਤਿ ਧਾਰਨ ਕਰਕੇ ਆਪਣੇ ਜੀਵਨ ਨੂੰ ਸੰਵਾਰ ਲਿਆ ਹੈ ਉਹਨਾਂ ਦੀ ਸੰਗਤ ਕਰਕੇ ਹੀ ਆਮ ਮਨੁੱਖ ਵਿਚ ਸੁਚੇਤਤਾ ਆ ਸਕਦੀ ਹੈ। ਵੀਚਾਰ ਅਧੀਨ ਸ਼ਬਦ ਦੀਆਂ ਰਹਾਉ ਵਾਲੀਆਂ ਪੰਕਤੀਆਂ ਰਾਹੀਂ ਸਤਿਗੁਰੂ ਜੀ ਏਹੋ ਸਮਝਾ ਰਹੇ ਹਨ :

ਮਾਈ ! ਸੰਤ ਸੰਗਿ ਜਾਗੀ॥ ਪ੍ਰਿਅ ਰੰਗ ਦੇਖੈ, ਜਪਤੀ ਨਾਮੁ ਨਿਧਾਨੀ॥ ਰਹਾਉ॥

ਹੇ ਮਾਂ! ਜਿਹੜੀ ਜੀਵ-ਇਸਤ੍ਰੀ ਸੰਤ (ਗੁਰੂ) ਦੀ ਸੰਗਤ ਕਰਕੇ ਮਾਇਆ ਦੇ ਮੋਹ ਦੀ ਨੀਂਦ ਵਿਚੋਂ ਜਾਗ ਪੈਂਦੀ ਹੈ ਭਾਵ ਸੁਚੇਤ ਹੋ ਜਾਂਦੀ ਹੈ। ਉਹ ਹਰ ਪਾਸੇ ਪਿਆਰੇ ਪ੍ਰਭੂ ਦੇ ਅਸਚਰਜ ਕੌਤਕ ਵੇਖਦੀ ਹੈ ਅਤੇ ਸੁਖ ਦੇਣ ਵਾਲੇ ਨਾਮ ਨੂੰ ਜਪਦੀ ਹੋਈ ਨਾਮ ਦੇ ਖ਼ਜ਼ਾਨੇ ਵਾਲੀ ਬਣ ਜਾਂਦੀ ਹੈ। ਗੁਰੂ ਦੀ ਸੰਗਤ ਕਰਨ ਦਾ ਭਾਵ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਬੈਠ ਕੇ ਗੁਰਬਾਣੀ ਦਾ ਪਾਠ ਕੀਰਤਨ ਅਤੇ ਕਥਾ ਧਿਆਨ ਨਾਲ ਸੁਣਨ ਤੋਂ ਹੈ। ਜਿਵੇਂ ਫੁਰਮਾਣ ਵੀ ਹੈ_

“ਪ੍ਰਭ ਕੀ ਉਸਤਤਿ ਕਰਹੁ ਸੰਤ ਮੀਤ॥ ਸਾਵਧਾਨ ਏਕਾਗਰ ਚੀਤ॥”

“ਗਾਵੀਐ ਸੁਣੀਐ ਮਨਿ ਰਖੀਐ ਭਾਉ॥ ਇਹ ਬਾਣੀ ਜੋ ਜੀਅਹੁ ਜਾਣੈ, ਤਿਸੁ ਅੰਤਰਿ ਰਵੈ ਹਰਿ ਨਾਮਾ॥”

ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਹੀ ‘‘ਸਬਦੁ ਗੁਰੂ ਸੁਰਤਿ ਧੁਨਿ ਚੇਲਾ॥’’ ਵਾਲਾ ਉਪਦੇਸ ਦ੍ਰਿੜ੍ਹ ਕਰਵਾਇਆ ਜਾਂਦਾ ਰਿਹਾ। ਅਜੋਕੇ ਸਮੇਂ ਵਿਚ ਵੀ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਅਨੁਸਾਰ ਜੀਵਨ ਜਿਊਣ ਦਾ ਯਤਨ ਕਰਦਾ ਹੈ। ਅਸਲ ਵਿਚ ਉਹੀ ਜਾਗ ਰਿਹਾ ਹੈ, ਨਹੀਂ ਤਾਂ ਸਰੀਰਾਂ ਮਗਰ ਲੱਗ ਕੇ ਹਰ ਪੱਖ ਤੋਂ ਆਪਣਾ-ਆਪ ਲੁਟਾਉਣਾ ਹੀ ਹੈ। ‘‘ਬਾਣੀ ਗੁਰੂ, ਗੁਰੂ ਹੈ ਬਾਣੀ’’ ਦੇ ਮਹਾਵਾਕ ਅਨੁਸਾਰ ਗੁਰਬਾਣੀ ਹੀ ਸਾਨੂੰ ਇਸ ਲੁੱਟ ਤੋਂ ਬਚਾ ਸਕਦੀ ਹੈ। ਵੀਚਾਰ ਅਧੀਨ ਸ਼ਬਦ ਦੇ ਪਹਿਲੇ ਪਦੇ ਦੁਆਰਾ ਸਤਿਗੁਰੂ ਜੀ ਸਮਝਾਉਂਦੇ ਹੋਏ ਫ਼ਰਮਾ ਰਹੇ ਹਨ_

ਦਰਸਨ ਪਿਆਸ ਲੋਚਨ ਤਾਰ ਲਾਗੀ॥ ਬਿਸਰੀ ਤਿਆਸ ਬਿਡਾਨੀ॥ ੧॥

ਹੇ ਮਾਂ ਜਿਹੜੀ ਜੀਵ ਇਸਤਰੀ ਗੁਰੂ ਦੀ ਸੰਗਤ ਵਿਚ ਟਿਕ ਕੇ ਮਾਇਆ ਦੇ ਮੋਹ ਦੀ ਨੀਂਦ ਤੋਂ ਜਾਗ ਪੈਂਦੀ ਹੈ, ਉਸ ਦੇ ਅੰਦਰ ਪਰਮਾਤਮਾ ਦੇ ਦਰਸ਼ਨ ਦੀ ਤਾਂਘ ਬਣੀ ਰਹਿੰਦੀ ਹੈ। ਦਰਸ਼ਨ ਦੀ ਉਡੀਕ ਵਿਚ ਹੀ ਉਸ ਦੀਆਂ ਅੱਖਾਂ ਦੀ ਤਾਰ ਬੱਝੀ ਰਹਿੰਦੀ ਹੈ। ਉਸ ਨੂੰ ਹੋਰ ਹੋਰ ਪਾਸੇ ਦੀ ਪਿਆਸ ਭੁੱਲ ਜਾਂਦੀ ਹੈ। ਗਉੜੀ ਰਾਗ ਵਿਚਲੇ ਇਕ ਸ਼ਬਦ ਦੁਆਰਾ ਭਗਤ ਕਬੀਰ ਜੀ ਇਹੋ ਜਿਹੀ ਜੀਵ ਇਸਤ੍ਰੀ ਦੀ ਹਾਲਤ ਬਿਆਨ ਕਰਦੇ ਹਨ ਕਿ ਜਿਵੇਂ ਪਰਦੇਸ ਗਏ ਪਤੀ ਦੀ ਉਡੀਕ ਵਿਚਇਸਤ੍ਰੀ ਉਸ ਦਾ ਰਾਹ ਤੱਕਦੀ ਹੈ, ਉਸ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹਨ ਤੇ ਉਹ ਉੱਭੇ ਸਾਹ ਲੈ ਰਹੀ ਹੈ, ਰਾਹ ਤੱਕਦਿਆਂ ਉਸ ਦਾ ਦਿਲ ਰੱਜਦਾ ਨਹੀਂ, ਪੈਰ ਖਿਸਕਦਾ ਨਹੀਂ ਭਾਵ ਖਲੋਤੀ ਖਲੋਤੀ ਥੱਕਦੀ ਨਹੀਂ, ਇਸੇ ਤਰ੍ਹਾਂ ਹਾਲਤ ਹੁੰਦੀ ਹੈ ਉਸ ਬਿਰਹੀ ਜੀਊੜੇ ਦੀ ਜਿਸ ਨੂੰ ਪ੍ਰਭੂ ਦੇ ਦੀਦਾਰ ਦੀ ਉਡੀਕ ਹੁੰਦੀ ਹੈ। ਵਿਛੜੀ ਬਿਹਬਲ ਨਾਰ ਵਾਂਗ ਹੀ ਵੈਰਾਗਣ ਜੀਵ-ਇਸਤ੍ਰੀ ਆਖਦੀ ਹੈ ਹੇ ਕਾਲੇ ਕਾਂ! ਉੱਡ, ਮੈਂ ਸਦਕੇ ਜਾਵਾਂ ਉਂਜ ਭਲਾ ਜੇ ਮੈਂ ਆਪਣੇ ਪਿਆਰੇ ਪ੍ਰਭੂ ਨੂੰ ਛੇਤੀ ਮਿਲ ਪਵਾਂ। ਭਗਤ ਕਬੀਰ ਜੀ ਆਖ ਰਹੇ ਹਨ, ਜਿਵੇਂ ਪਰਦੇਸ ਗਏ ਪਤੀ ਦਾ ਰਾਹ ਤੱਕਦੀ ਨਾਰ ਬਿਰਹੋਂ ਅਵਸਥਾ ਵਿਚ ਤਰਲੇ ਲੈਂਦੀ ਹੈ, ਤਿਵੇਂ ਹੀ ਜ਼ਿੰਦਗੀ ਦਾ ਅਸਲੀ ਦਰਜਾ ਹਾਸਲ ਕਰਨ ਲਈ ਪ੍ਰਭੂ ਦੀ ਭਗਤੀ ਕਰਨੀ ਚਾਹੀਦੀ ਹੈ, ਪ੍ਰਭੂ ਦੇ ਨਾਮ ਦਾ ਹੀ ਇਕ ਆਸਰਾ ਹੋਣਾ ਚਾਹੀਦਾ ਹੈ ਤੇ ਜੀਭ ਨਾਲ ਉਸ ਨੂੰ ਯਾਦ ਕਰਨਾ ਚਾਹੀਦਾ ਹੈ। ਸ਼ਬਦ ਹੈ_

ਪੰਥੁ ਨਿਹਾਰੈ ਕਾਮਨੀ ਲੋਚਨ ਭਰੀਲੇ ਉਸਾਨਾ॥ ਉਰ ਨ ਭੀਜੈ, ਪਗੁ ਨ ਖਿਸੈ, ਹਰਿ ਦਰਸਨ ਕੀ ਆਸਾ॥ ਉਡਹੁ ਨ ਕਾਗਾ ਕਾਰੇ॥ ਬੇਗਿ ਮਿਲੀਜੈ, ਅਪੁਨੇ ਰਾਮ ਪਿਆਰੇ॥ ਰਹਾਉ॥ ਕਹਿ ਕਬੀਰ ਜੀਵਨ ਪਦ ਕਾਰਨਿ ਹਰਿ ਕੀ ਭਗਤਿ ਕਰੀਜੈ॥ ਏਕੁ ਆਧਾਰੁ ਨਾਮ ਨਾਰਾਇਨ ਰਸਨਾ ਰਾਮੁ ਰਵੀਜੈ॥

ਵੀਚਾਰ ਅਧੀਨ ਸ਼ਬਦ ਦੇ ਅਖੀਰਲੇ ਪਦ ਰਾਹੀਂ ਗੁਰੂ ਜੀ ਫੁਰਮਾਉਂਦੇ ਹੋਏ ਸਮਝਾ ਰਹੇ ਹਨ:

ਅਬ ਗੁਰੁ ਪਾਇਓ ਹੈ ਸਹਜ ਸੁਖਦਾਇਕ, ਦਰਸਨੁ ਪੇਖਤ ਮਨੁ ਲਪਟਾਨੀ॥

ਦੇਖਿ ਦਮੋਦਰ ਰਹਸੁ ਮਨਿ ਉਪਜਿਓ, ਨਾਨਕੁ ਪ੍ਰਿਅ ਅੰਮ੍ਰਿਤ ਬਾਨੀ॥ ੨॥

ਹੇ ਮਾਂ! ਮੈਨੂੰ ਵੀ ਹੁਣ ਆਤਮਕ ਅਡੋਲਤਾ ਜਾਂ ਅਨੰਦ ਦੇਣ ਵਾਲਾ ਗੁਰੂ ਮਿਲ ਪਿਆ ਹੈ। ਉਸ ਦਾ ਦਰਸ਼ਨ ਕਰਕੇ ਮੇਰਾ ਮਨ ਉਸ ਦੇ ਚਰਨਾਂ ਵਿਚ ਲਪਟ ਗਿਆ ਹੈ। ਹੇ ਨਾਨਕ ! ਆਖ ਹੇ ਮਾਂ ! ਪਰਮਾਤਮਾ ਦਾ ਦਰਸ਼ਨ ਕਰਕੇ ਮਨ ਵਿਚ ਹੁਲਾਸ ਪੈਦਾ ਹੋ ਜਾਂਦਾ ਹੈ। ਪਿਆਰੇ ਪ੍ਰਭੂ ਦੀ ਸਿਫਤ-ਸਾਲਾਹ ਦੀ ਬਾਣੀ ਆਤਮਕ ਜੀਵਨ ਦੇਣ ਵਾਲੀ ਹੈ। ਕਿਉਂਕਿ ਬਾਣੀ ਦੀ ਰਾਹੀਂ ਹੀ ਸੁੰਦਰ ਪ੍ਰਭੂ ਜੀ ਦਾ ਦਰਸ਼ਨ ਕਰਕੇ ਮਨ ਵਿਚ ਖਿਡਾਓ ਪੈਦਾ ਹੋ ਜਾਂਦਾ ਹੈ। ਅਜਿਹਾ ਭਗਤ ਹੀ ਪ੍ਰਭੂ ਅੱਗੇ ਬੇਨਤੀ ਕਰਦਾ ਸਦਾ ਆਖਦਾ ਰਹਿੰਦਾ ਹੈ ਕਿ ਹੇ ਪ੍ਰਭੂ! ਮੈਂ ਤੇਰੇ ਅੱਗੇ ਅਰਜ਼ੋਰੀ ਕਰਦਾ ਹਾਂ, ਮੇਹਰ ਕਰ ਤੇਰੀ ਸਿਫਤ-ਸਾਲਾਹ ਦੀ ਬਾਣੀ ਸੁਣ-ਸੁਣ ਕੇ ਮੈਂ ਆਤਮਕ ਜੀਵਨ ਹਾਸਲ ਕਰਦਾ ਰਹਾਂ। ਗੁਰਵਾਕ ਹੈ :

‘‘ਮੇਰੇ ਸਾਹਿਬ, ਤੂੰ ਮੈਂ ਮਾਣੁ ਨਿਮਾਣੀ॥ ਅਰਦਾਸਿ ਕਰੀ ਪ੍ਰਭ ਅਪਨੇ ਆਗੈ, ਸੁਣਿ ਸੁਣਿ ਜੀਵਾ ਤੇਰੀ ਬਾਣੀ॥’’

ਗੁਰਬਾਣੀ ਦਾ ਸੰਗ ਕਰਕੇ ਸੁਰਤਿ ਨੇ ਜਿਸ ਮੰਜ਼ਲ ’ਤੇ ਪਹੁੰਚਣਾ ਹੈ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਉਸ ਨੂੰ ਸਹਜ ਘਰ ਦਾ ਨਾਮ ਦਿੱਤਾ ਹੈ। ਭਾਈ ਸਾਹਿਬ ਜੀ ਲਿਖਦੇ ਹਨ_

‘‘ਗੁਰਮੁਖ ਸਚਾ ਪੰਥੁ ਹੈ, ਸਿੱਖ ਸਹਜ ਘਰ ਜਾਇ ਖਲੋਵੈ॥’’

ਪਰ ਇਹ ਅਵਸਥਾ ਕੇਵਲ ਗੱਲਾਂ ਕਰ ਲੈਣ ਨਾਲ ਜਾਂ ਧਰਮ ਦੇ ਨਾਮ ਤੇ ਕਰਮ-ਕਾਂਡ ਕਰਨ ਨਾਲ ਪ੍ਰਾਪਤ ਨਹੀਂ ਹੁੰਦੀ, ਸਗੋਂ ਇਮਾਨਦਾਰੀ ਨਾਲ ਗੁਰੂ ਦੇ ਸ਼ਬਦ ਦੀ ਕਮਾਈ ਨਾਲ ਹੀ ਇਸ ਅਵਸਥਾ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਗੁਰੂ ਅਮਰਦਾਸ ਜੀ ਦੇ ‘ਅਨੰਦ’ ਬਾਣੀ ਵਿਚ ਇਹ ਬਚਨ ਸਾਨੂੰ ਸੇਧ ਬਖਸ਼ਸ਼ ਕਰਦੇ ਹਨ_

‘‘ਕਰਮੀ ਸਹਜੁ ਨ ਊਪਜੈ, ਵਿਣੁ ਸਹਜੈ ਸਹਜਾ ਨ ਜਾਇ॥ ਨਹ ਜਾਇ ਸਹਸਾ ਕਿਤੈ ਸੰਜਮਿ, ਰਹੇ ਕਰਮ ਕਮਾਏ॥ ਸਹਸੈ ਜੀਉ ਮਲੀਣ ਹੈ, ਕਿਤੁ ਸੰਜਮਿ ਧੋਤਾ ਜਾਏ॥ ਮੰਨੁ ਧੋਵਹੁ ਸਬਦਿ ਲਾਗਹੁ, ਹਰਿ ਸਿਉ ਰਹਹੁ ਚਿਤੁ ਲਾਇ॥ ਕਹੈ ਨਾਨਕੁ, ਗੁਰ ਪਰਸਾਦੀ ਸਹਜੁ ਉਪਜੈ, ਇਹੁ ਸਹਸਾ ਇਵ ਜਾਇ॥’’