ਸਮਾਜ ਸੁਧਾਰਕ – ਗੁਰੂ ਨਾਨਕ ਦੇਵ ਜੀ

0
1904

ਸਮਾਜ ਸੁਧਾਰਕ – ਗੁਰੂ ਨਾਨਕ ਦੇਵ ਜੀ 

ਰਣਜੀਤ ਸਿੰਘ, ਸਟੇਟ ਤੇ ਨੈਸ਼ਨਲ ਅਵਾਰਡੀ, ਹੈਡਮਾਸਟਰ (ਸੇਵਾ ਮੁਕਤ), 

105, ਮਾਇਆ ਨਗਰ, ਸਿਵਲ ਲਾਈਨਜ਼ (ਲੁਧਿਆਣਾ)- ੯੯੧੫੫-੧੫੪੩੬

ਗੁਰੂ ਨਾਨਕ ਦੇਵ ਜੀ ਨੂੰ ਪ੍ਰਮੁੱਖ ਰੂਪ ਵਿੱਚ ਸੰਤ, ਭਗਤ ਅਤੇ ਸ਼ਾਂਤੀ ਦੇ ਪੁੰਜ ਦੇ ਰੂਪ ਵਿੱਚ ਹੀ ਵੇਖਿਆ ਤੇ ਚਿਤਰਿਆ ਜਾਂਦਾ ਹੈ। ਉਨ੍ਹਾਂ ਦਾ ਪ੍ਰਭਾਵ ਕਿਸੇ ਅਨਡਿੱਠੀ ਨਾਮ ਖ਼ੁਮਾਰੀ ਵਾਲਾ ਹੈ। ਉਨ੍ਹਾਂ ਦੇ ਜੀਵਨ ਦਾ ਇਹ ਰੂਪ ਅਵੱਸ਼ ਹੀ ਠੀਕ ਹੈ ਪਰ ਇਹ ਉਨ੍ਹਾਂ ਦੇ ਜੀਵਨ ਦਾ ਇੱਕ ਪੱਖ ਹੈ। ਗੁਰੂ ਸਾਹਿਬ ਦੀ ਸ਼ਖ਼ਸੀਅਤ ਏਨੀ ਵਿਸ਼ਾਲ ਹੈ ਕਿ ਉਨ੍ਹਾਂ ਦੇ ਜੀਵਨ ਦੇ ਹਰ ਪਹਿਲੂ ਵਿੱਚ ਵਚਿਤਰਤਾ ਦਿਖਾਈ ਦਿੰਦੀ ਹੈ। ਉਨ੍ਹਾਂ ਦੀ ਮਹਾਨ ਸ਼ਖ਼ਸੀਅਤ ਦਾ ਇੱਕ ਮਹਾਨ ਪੱਖ ਹੈ – ‘ਸਮਾਜ ਸੁਧਾਰਕ’।

ਗੁਰੂ ਸਾਹਿਬ ਨੇ ਸੰਸਾਰ ਦੇ ਰੋਗਾਂ ਨੂੰ ਸਮਝਿਆ ਤੇ ਉਨ੍ਹਾਂ ਲਈ ਨਾਮ ਦਾਰੂ ਪ੍ਰਦਾਨ ਕੀਤਾ।  ਉਨ੍ਹਾਂ ਦੇ ਪ੍ਰਕਾਸ਼ ਤੋਂ ਪਹਿਲਾਂ ਸਮਾਜ ਦਾ ਸਿਆਸੀ, ਸਮਾਜਕ ਅਤੇ ਆਰਥਕ ਪ੍ਰਬੰਧ ਅਜਿਹਾ ਸੀ, ਜਿਸ ਦਾ ਮਾਰੂ ਪ੍ਰਛਾਵਾਂ ਜ਼ਿੰਦਗੀ ਦੇ ਹਰ ਪਹਿਲੂ ਲਈ ਮਾਯੂਸੀ ਤੇ ਬੇਰਸੀ ਪੈਦਾ ਕਰਦਾ ਸੀ, ਪਰੰਤੂ ਜਿਵੇਂ ਹਰ ਕਰਮ ਦਾ ਪ੍ਰਤੀਕਰਮ ਹੁੰਦਾ ਹੈ, ਹਰ ਧੁੱਪ, ਪਰਛਾਵੇਂ ਪੈਦਾ ਕਰਦੀ ਹੈ; ਤਿਵੇਂ ਹਰ ਰਾਤ ਪਿੱਛੇ ਸੁਨਿਹਰੀ ਕਦਮਾਂ ਦੀ ਪ੍ਰਭਾਤ ਹੁੰਦੀ ਹੈ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੇ ਆਗਮਨ ਨਾਲ ਸਮਾਜਕ ਰੋਗਾਂ ਨਾਲ ਲਿੱਬੜੀ ਹੋਈ ਜੰਤਾ ਅਰੋਗ ਹੋ ਕੇ ਧਰਤੀ ’ਤੇ ਉੱਠ ਖੜ੍ਹੀ ਹੋਈ।

ਗੁਰੂ ਸਾਹਿਬ ਨੇ ਲੁਕਾਈ ਵਿੱਚ ਪਸਰੇ ਹੋਏ ਕੂੜ, ਅੰਧ ਵਿਸ਼ਵਾਸਾਂ ਅਤੇ ਕਰਮਕਾਂਡਾਂ ਨੂੰ ਵੇਖਿਆ। ਦੇਸ਼ ਦੀ ਹਰ ਨੁਕਰੇ ਪਸਰੀ ਹੋਈ ਬੇਚੈਨੀ ਅਤੇ ਘਬਰਾਹਟ ਦਾ ਚੰਗੀ ਤਰ੍ਹਾਂ ਜਾਇਜ਼ਾ ਲਿਆ। ਇਨਸਾਨੀ ਜ਼ਿੰਦਗੀ ਵਿੱਚ ਧੋਖਾ, ਫ਼ਰੇਬ, ਠੱਗੀ ਅਤੇ ਚਲਾਕੀ ਨੂੰ ਰਚਿਆ ਹੋਇਆ ਵੇਖ ਕੇ ਆਪ ਨੇ ਅਨੁਭਵ ਕੀਤਾ ਕਿ ਸੱਚ ਦਾ ਸੂਰਜ ਹਨੇਰੇ ਹੇਠ ਡੁੱਬ ਚੁੱਕਾ ਹੈ। ਰਾਜੇ ਜ਼ੁਲਮੀ ਸ਼ੇਰ ਬਣੇ ਹੋਏ ਸਨ ਅਤੇ ਉਨ੍ਹਾਂ ਦੀ ਮਦਦ ਲਈ ਅਹਿਲਕਾਰ, ਮਾਸ ਨੂੰ ਨੋਚਣ ਵਾਲ਼ੀਆਂ ਨਹੁੰਦਰਾਂ ਦਾ ਰੂਪ ਧਾਰਨ ਕਰ ਚੁੱਕੇ ਸਨ। ਜਿਨ੍ਹਾਂ ਦਾ ਕੰਮ ਪਰਜਾ ਦੀ ਰਾਖੀ ਕਰਨਾ ਸੀ ਉਹ ਖ਼ੁਦ ਪਰਜਾ ਦੇ ਘਾਤਕ ਬਣ ਚੁੱਕੇ ਸਨ। ਪਰਜਾ ਨੂੰ ਇਨ੍ਹਾਂ ਦੇ ਕਿਰਦਾਰ ਬਾਰੇ ਸੁਚੇਤ ਕਰਦੇ ਹੋਏ ਆਪ ਜੀ ਨੇ ਫ਼ੁਰਮਾਇਆ, ‘‘ਰਾਜੇ ਸੀਹ ਮੁਕਦਮ ਕੁਤੇ ॥  ਜਾਇ ਜਗਾਇਨਿ੍, ਬੈਠੇ ਸੁਤੇ ॥  ਚਾਕਰ ਨਹਦਾ ਪਾਇਨਿ੍ ਘਾਉ ॥  ਰਤੁ ਪਿਤੁ ਕੁਤਿਹੋ ਚਟਿ ਜਾਹੁ ॥’’ (ਮ: ੧/੧੨੮੮)

ਧਾਰਮਿਕ ਆਗੂ ਕਾਜ਼ੀ, ਬ੍ਰਾਹਮਣ ਤੇ ਯੋਗੀ, ਜਿਨ੍ਹਾਂ ਨੇ ਲੁਕਾਈ ਨੂੰ ਸੇਧ ਦੇਣੀ ਸੀ, ਉਹ ਆਪ ਹੀ ਉਜਾੜੇ ਦਾ ਕਾਰਨ ਬਣ ਰਹੇ ਸਨ।  ਲੋਕਾਂ ਨੂੰ ਆਤਮਕ ਜੀਵਨ ਦੇਣ ਵਾਲੇ ਆਪ ਹੀ ਭਟਕੇ ਹੋਏ ਸਨ।  ਇਨ੍ਹਾਂ ਦੇ ਇਖ਼ਲਾਕ ਬਾਰੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਆਪ ਜੀ ਨੇ ਫ਼ੁਰਮਾਇਆ ਹੈ, ‘‘ਕਾਦੀ, ਕੂੜੁ ਬੋਲਿ ਮਲੁ ਖਾਇ॥  ਬ੍ਰਾਹਮਣੁ, ਨਾਵੈ ਜੀਆ ਘਾਇ ॥  ਜੋਗੀ, ਜੁਗਤਿ ਨ ਜਾਣੈ ਅੰਧੁ ॥  ਤੀਨੇ, ਓਜਾੜੇ ਕਾ ਬੰਧੁ ॥’’ (ਮ: ੧/੬੬੨)

ਸਮਾਜਕ ਢਾਂਚਾ ਏਨਾ ਵਿਗੜਿਆ ਹੋਇਆ ਸੀ ਕਿ ਲੋਕਾਂ ਨੂੰ ਚੰਗੇ ਕੱਪੜੇ ਪਾਉਣ ਦੀ ਵੀ ਮਨਾਹੀ ਸੀ। ਲੋਕ ਘੋੜ ਸਵਾਰੀ ਨਹੀਂ ਕਰ ਸਕਦੇ ਸਨ। ਤੀਰਥ ਯਾਤਰਾ ਕਰਨ ਅਤੇ ਨਦੀ ਪਾਰ ਕਰਨ ’ਤੇ ਵੀ ਟੈਕਸ ਦੇਣਾ ਪੈਂਦਾ ਸੀ। ਕਾਜ਼ੀ, ਸਾਰੇ ਫ਼ੈਸਲੇ ਰਿਸ਼ਵਤ ਲੈ ਕੇ ਕਰਦਾ ਸੀ। ਸਾਰਾ ਸਮਾਜ ਹਿੰਦੂ ਅਤੇ ਮੁਸਲਮਾਨ ਦੋ ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਸੀ। ਹਿੰਦੂਆਂ ਨੂੰ ਧਰਤੀ ਦੀ ਨਿਆਈਂ ਸਮਝਿਆ ਜਾਂਦਾ ਸੀ। ਇਹ ਕਿਹਾ ਜਾਂਦਾ ਸੀ ਕਿ ਜਿਵੇਂ ਧਰਤੀ ਲਿਤਾੜ ਲਈ ਤਿਵੇਂ ਹਿੰਦੂ ਲਿਤਾੜਨ ਲਈ। ਸ਼ੂਦਰ ਜਾਤੀ ਦੀ ਦਸ਼ਾ ਤਾਂ ਏਨੀ ਮਾੜੀ ਸੀ ਕਿ ਕੁੱਤਾ ਤਾਂ ਪਿੰਡ ਦੇ ਖੂਹ ਤੋਂ ਪਾਣੀ ਪੀ ਸਕਦਾ ਸੀ ਪਰ ਸ਼ੂਦਰ ਨੂੰ ਇਸ ਦੀ ਇਜਾਜ਼ਤ ਨਹੀਂ ਸੀ। ਹਨੇਰੀਆਂ ਰਾਤਾਂ ਵਿੱਚ ਸੂਦਰਾਂ ਨੂੰ ਗਲ਼ ਵਿੱਚ ਟੱਲੀ ਪਾ ਕੇ ਚੱਲਣਾ ਪੈਂਦਾ ਸੀ ਤਾਂ ਜੋ ਉਹ ਉੱਚ ਜਾਤੀਏ ਬ੍ਰਾਹਮਣ ਨੂੰ ਭਿੱਟ ਨਾ ਜਾਵੇ। ਇਸ ਤਰ੍ਹਾਂ ਗੁਰੂ ਸਾਹਿਬ ਨੇ ਸਮਾਜ ਵਿੱਚ ਪਸਰੇ ਹੋਏ ਵੱਡੇ ਕੋਹੜ ਜਾਤ ਪਾਤ ਦਾ ਖੰਡਨ ਕੀਤਾ। ਆਪ ਜੀ ਦਾ ਜਨਮ ਉਸ ਸਮੇਂ ਦੀ ਕਹੀ ਜਾਂਦੀ ਉੱਚੀ ਜਾਤੀ ਖੱਤਰੀ ਵਿੱਚ ਹੋਇਆ ਪਰ ਆਪ ਨੇ ਆਪਣਾ ਸਾਥੀ ਉਸ ਸਮੇਂ ਦੀ ਕਹੀ ਜਾਂਦੀ ਨੀਵੀਂ ਜਾਤ ਦੇ ਭਾਈ ਮਰਦਾਨਾ ਜੀ ਨੂੰ ਚੁਣਿਆ।  ਗੁਰੂ ਸਾਹਿਬ ਨੇ ਸਮਾਜ ਵਿੱਚ ਨਵੀਂ ਕ੍ਰਾਂਤੀ ਲਿਆਂਦੀ ਅਤੇ ਲੋਕਾਂ ਨੂੰ ਇਹ ਉਪਦੇਸ਼ ਦਿੱਤਾ ਕਿ ਜਾਤ ਕਰ ਕੇ ਕੋਈ ਵੀ ਮਨੁੱਖ ਉੱਚਾ ਜਾਂ ਨੀਵਾਂ ਨਹੀਂ ਸਗੋਂ ਸ੍ਰੇਸ਼ਟ ਮਨੁੱਖ ਉਹ ਹੈ ਜਿਸ ਦੇ ਅਮਲ ਚੰਗੇ ਹਨ।  ਮਨੁੱਖ ਦਾ ਉੱਚਾ ਜਾਂ ਨੀਵਾਂ ਹੋਣਾ ਉਸ ਦੀ ਕਰਣੀ ’ਤੇ ਨਿਰਭਰ ਕਰਦਾ ਹੈ ਪ੍ਰਭੂ ਦੀ ਦਰਗਾਹ ਵਿੱਚ ਆਦਰ ਮਾਨ, ਜਾਤ ਕਰ ਕੇ ਨਹੀਂ ਸਗੋਂ ਕਰਮਾਂ ਕਰ ਕੇ ਮਿਲਦਾ ਹੈ। ਆਪ ਜੀ ਦਾ ਫ਼ੁਰਮਾਨ ਹੈ, ‘‘ਅਗੈ ਜਾਤਿ ਨ ਜੋਰੁ ਹੈ; ਅਗੈ ਜੀਉ ਨਵੇ ॥  ਜਿਨ ਕੀ ਲੇਖੈ ਪਤਿ ਪਵੈ; ਚੰਗੇ ਸੇਈ ਕੇਇ ॥’’ (ਮ: ੧/੪੬੯)

ਆਪ ਨੇ ਲੁਕਾਈ ਨੂੰ ਪੂਰਨ ਵਿਸ਼ਵਾਸ ਤੇ ਦ੍ਰਿੜ੍ਹਤਾ ਨਾਲ ਕਿਹਾ ਕਿ ਮੇਰਾ ਸਬੰਧ ਜਾਤਿ ਆਧਾਰਿਤ ਵੱਡੇ-ਵੱਡੇ ਲੋਕਾਂ ਨਾਲ ਨਹੀਂ ਸਗੋਂ ਕਹੇ ਜਾਂਦੇ ਨੀਵੀਂ ਜਾਤ ਦੇ ਲੋਕਾਂ ਨਾਲ ਹੈ। ਆਪ ਜੀ ਫ਼ੁਰਮਾਉਂਦੇ ਹਨ, ‘‘ਨੀਚਾ ਅੰਦਰਿ ਨੀਚ ਜਾਤਿ; ਨੀਚੀ ਹੂ ਅਤਿ ਨੀਚੁ॥  ਨਾਨਕੁ ਤਿਨ ਕੈ ਸੰਗਿ ਸਾਥਿ; ਵਡਿਆ ਸਿਉ ਕਿਆ ਰੀਸ ॥’’ (ਮ: ੧/੧੫)

 ਆਪ ਜੀ ਨੇ ਬ੍ਰਾਹਮਣ ਸਮਾਜ ਦੁਆਰਾ ਇਸਤ੍ਰੀ ਜਾਤੀ ਨਾਲ ਹੁੰਦਾ ਧੱਕਾ ਵੇਖਿਆ। ਬ੍ਰਾਹਮਣ ਨੇ ਇਸਤ੍ਰੀ ਨੂੰ ਸੂਦਰ ਦੇ ਬਰਾਬਰ ਪਹੁੰਚਾ ਦਿੱਤਾ ਸੀ। ਇਸਤ੍ਰੀ ਜਨੇਊ ਨਹੀਂ ਪਾ ਸਕਦੀ ਸੀ।  ਉਹ ਵੇਦ ਪੜ੍ਹਨ ਦੀ ਅਧਿਕਾਰੀ ਵੀ ਨਹੀਂ ਸੀ। ਕੇਵਲ ਬ੍ਰਾਹਮਣ ਨੇ ਹੀ ਨਹੀਂ, ਕਹੇ ਜਾਂਦੇ ਹੋਰ ਵੀ ਅਖੌਤੀ ਮੱਤ ਮਤਾਤਰਾਂ ਨੇ ਵੀ ਇਸਤ੍ਰੀ ਨੂੰ ਮਰਦ ਦੇ ਮੁਕਾਬਲੇ ਨੀਵਾਂ, ਕਮਜੋਰ ਅਤੇ ਨਖਿੱਧ ਦੱਸਿਆ।  ਕਿਸੇ ਨੇ ਇਸਤ੍ਰੀ ਨੂੰ ਜ਼ਹਿਰ ਕਿਹਾ, ਕਿਸੇ ਨੇ ਕਿਹਾ ਕਿ ਇਸਤ੍ਰੀ ਵਿੱਚ ਰੂਹ ਨਹੀਂ ਹੁੰਦੀ। ਕਿਸੇ ਨੇ ਔਰਤ ਨੂੰ ਬੰਧਨ ਅਤੇ ਕਿਸੇ ਨੇ ਮੁਕਤੀ ਦੇ ਰਾਹ ਵਿੱਚ ਰੁਕਾਵਟ ਦੱਸਿਆ। ਕਿਸੇ ਨੇ ਪੈਰ ਦੀ ਜੁੱਤੀ ਕਹਿ ਕੇ ਤ੍ਰਿਸਕਾਰਿਆ ਅਤੇ ਕਿਸੇ ਨੇ ਇਸਤ੍ਰੀ ਨੂੰ ਧੋਖਾ ਹੀ ਧੋਖਾ ਕਿਹਾ। ਕਿਸੇ ਨੇ ਬੇਵਫਾਈ ਅਤੇ ਮਿਤ੍ਰਘਾਤ ਦਾ ਦੂਸਰਾ ਨਾਂ ਇਸਤ੍ਰੀ ਦੱਸਿਆ। ਇਸਲਾਮ ਮੱਤ ਵਿੱਚ ਤਾਂ ਦੋ ਇਸਤ੍ਰੀਆਂ ਦੀ ਗਵਾਹੀ ਇੱਕ ਮਰਦ ਦੇ ਬਰਾਬਰ ਮੰਨੀ ਗਈ ਹੈ ਅਤੇ ਮਸੀਤ ਵਿੱਚ ਔਰਤ ਦੇ ਜਾਣ ਦੀ ਮਨਾਹੀ ਹੈ ਪਰ ਗੁਰੂ ਨਾਨਕ ਦੇਵ ਜੀ, ਜਿਨ੍ਹਾਂ ਨੇ ਸਮਾਜ ਨੂੰ ਨਵੀਂ ਅਤੇ ਸ੍ਰੇਸ਼ਟ ਵਿਚਾਰਧਾਰਾ ਦੇਣੀ ਸੀ, ਨੇ ਇਸਤ੍ਰੀ ਦੇ ਹੱਕ ਵਿੱਚ ਜ਼ੋਰਦਾਰ ਅਵਾਜ਼ ਉਠਾਈ ਅਤੇ ਕਿਹਾ ਕਿ ਜੋ ਰਾਜੇ ਮਹਾਰਾਜਿਆਂ ਨੂੰ ਜਨਮ ਦੇਣ ਵਾਲੀ ਹੈ, ਉਹ ਨੀਵੀਂ ਕਿਵੇਂ ਹੋ ਸਕਦੀ ਹੈ। ਆਪ ਜੀ ਨੇ ਫ਼ੁਰਮਾਇਆ, ‘‘ਭੰਡਿ ਜੰਮੀਐ ਭੰਡਿ ਨਿੰਮੀਐ; ਭੰਡਿ ਮੰਗਣੁ ਵੀਆਹੁ ॥  ਭੰਡਹੁ ਹੋਵੈ ਦੋਸਤੀ; ਭੰਡਹੁ ਚਲੈ ਰਾਹੁ ॥  ਭੰਡੁ ਮੁਆ ਭੰਡੁ ਭਾਲੀਐ; ਭੰਡਿ ਹੋਵੈ ਬੰਧਾਨੁ ॥  ਸੋ ਕਿਉ ਮੰਦਾ ਆਖੀਐ  ? ਜਿਤੁ ਜੰਮਹਿ ਰਾਜਾਨ ॥’’ (ਮ: ੧/੪੭੩)

ਗੁਰੂ ਸਾਹਿਬ ਨੇ ਸਮਾਜ ਦੇ ਅੰਦਰ ਪੈਦਾ ਹੋ ਚੁੱਕੇ ਹਰ ਭਰਮ ਉੱਤੇ ਕਰਾਰੀ ਚੋਟ ਮਾਰੀ ਹੈ। ਪਰਿਵਾਰ ਵਿੱਚ ਕਿਸੇ ਬੱਚੇ ਦਾ ਜਨਮ ਹੁੰਦਾ ਸੀ ਤਾਂ ਬ੍ਰਾਹਮਣੀ ਮੱਤ ਅਨੁਸਾਰ ਉਸ ਨੂੰ ਸੂਤਕ ਵਾਲਾ ਘਰ ਕਿਹਾ ਜਾਂਦਾ ਸੀ। ਬੱਚੇ ਦੀ ਮਾਂ ’ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਜਾਂਦੀਆਂ ਸਨ। ਉਸ ਨੂੰ ਪਰਿਵਾਰ ਦੇ ਬਾਕੀ ਮੈਂਬਰਾਂ ਨਾਲੋਂ ਗਿਣੇ ਮਿੱਥੇ ਦਿਨਾਂ ਲਈ ਅਲੱਗ ਰੱਖਿਆ ਜਾਂਦਾ ਸੀ ਅਤੇ ਜਦ ਤੱਕ ਬ੍ਰਾਹਮਣ ਆ ਕੇ ਉਸ ਨੂੰ ਗਊ ਮੂਤਰ ਨਹੀਂ ਸੀ ਪਿਆਉਂਦਾ ਉਦੋਂ ਤੱਕ ਉਹ ਅਪਵਿੱਤਰ ਮੰਨੀ ਜਾਂਦੀ ਸੀ। ਗੁਰੂ ਸਾਹਿਬ ਨੇ ਇਸ ਵਹਿਮ ਭਰਮ ਨੂੰ ਇਸਤ੍ਰੀ ਜਾਤੀ ਨਾਲ ਕੀਤਾ ਜਾ ਰਿਹਾ ਘੋਰ ਅਨਿਆਂ ਦੱਸਿਆ। ਇਸੇ ਤਰ੍ਹਾਂ ਜਿਸ ਘਰ ਵਿੱਚ ਕੋਈ ਪ੍ਰਾਣੀ ਚਲਾਣਾ ਕਰ ਜਾਂਦਾ ਸੀ, ਉਸ ਨੂੰ ਪਾਤਕ ਵਾਲਾ ਘਰ ਕਿਹਾ ਜਾਂਦਾ ਸੀ। ਗੁਰੂ ਸਾਹਿਬ ਨੇ ਲੋਕਾਂ ਨੂੰ ਸਮਝਾਇਆ ਕਿ ਸੂਤਕ ਅਤੇ ਪਾਤਕ ਕੇਵਲ ਮਨ ਦੇ ਵਹਿਮ ਹਨ। ਸੰਸਾਰ ਵਿੱਚ ਜੰਮਣਾ ਤੇ ਮਰਨਾ ਉਸ ਪ੍ਰਭੂ ਦੇ ਹੁਕਮ ਵਿੱਚ ਹੈ। ਆਪ ਜੀ ਫ਼ੁਰਮਾਉਂਦੇ ਹਨ, ‘‘ਸਭੋ ਸੂਤਕੁ ਭਰਮੁ ਹੈ, ਦੂਜੈ ਲਗੈ ਜਾਇ ॥  ਜੰਮਣੁ ਮਰਣਾ ਹੁਕਮੁ ਹੈ, ਭਾਣੈ ਆਵੈ ਜਾਇ ॥  ਖਾਣਾ ਪੀਣਾ ਪਵਿਤ੍ਰੁ ਹੈ, ਦਿਤੋਨੁ ਰਿਜਕੁ ਸੰਬਾਹਿ ॥  ਨਾਨਕ  ! ਜਿਨ੍ੀ ਗੁਰਮੁਖਿ ਬੁਝਿਆ, ਤਿਨ੍ਾ ਸੂਤਕੁ ਨਾਹਿ ॥’’ (ਮ: ੧/੪੭੨)

 ਆਪ ਜੀ ਨੇ ਦੱਸਿਆ ਕਿ ਜਿਹੜਾ ਸੂਤਕ ਅਸੀਂ ਮੰਨਦੇ ਹਾਂ ਉਹ ਤਾਂ ਕੇਵਲ ਮਨ ਦਾ ਵਹਿਮ ਹੈ। ਅਸਲ ਸੂਤਕ ਜੋ ਮਨੁੱਖ ਨੂੰ ਚੁੰਬੜਿਆ ਹੋਇਆ ਹੈ ਉਹ ਹੈ ਮਨ ਦੇ ਲੋਭ ਵਿੱਚ ਫਸੇ ਹੋਣਾ, ਰਸਨਾ ਦੁਆਰਾ ਝੂਠ ਬੋਲਣਾ, ਅੱਖਾਂ ਦੁਆਰਾ ਪਰਾਏ ਧਨ ਅਤੇ ਰੂਪ ਨੂੰ ਤੱਕਣਾ ਅਤੇ ਕੰਨਾ ਦੁਆਰਾ ਨਿੰਦਾ ਚੁਗ਼ਲੀ ਸੁਣਨੀ। ਜਿੰਨਾ ਚਿਰ ਮਨੁੱਖ ਗੁਰੂ ਦਾ ਗਿਆਨ ਹਾਸਲ ਨਹੀਂ ਕਰ ਲੈਂਦਾ, ਓਨਾ ਚਿਰ ਉਹ ਇਸ ਸੂਤਕ ਤੋਂ ਨਹੀਂ ਬਚ ਸਕਦਾ। ਆਸਾ ਕੀ ਵਾਰ ਬਾਣੀ ਵਿੱਚ ਆਪ ਜੀ ਦਾ ਫ਼ੁਰਮਾਨ ਹੈ, ‘‘ਮਨ ਕਾ ਸੂਤਕੁ ਲੋਭੁ ਹੈ; ਜਿਹਵਾ ਸੂਤਕੁ ਕੂੜੁ ॥ ਅਖੀ ਸੂਤਕੁ ਵੇਖਣਾ; ਪਰ ਤ੍ਰਿਅ ਪਰ ਧਨ ਰੂਪੁ ॥  ਕੰਨੀ ਸੂਤਕੁ ਕੰਨਿ ਪੈ; ਲਾਇਤਬਾਰੀ ਖਾਹਿ ॥  ਨਾਨਕ ! ਹੰਸਾ ਆਦਮੀ; ਬਧੇ ਜਮ ਪੁਰਿ ਜਾਹਿ ॥’’ (ਮ: ੧/੪੭੨)

ਗੁਰੂ ਨਾਨਕ ਦੇਵ ਜੀ ਨੇ ਸਮਾਜ ਸੁਧਾਰ ਹਿੱਤ ਇੱਕ ਹੋਰ ਵੱਡਾ ਕ੍ਰਾਂਤੀਕਾਰੀ ਕਦਮ ਚੁੱਕਦਿਆਂ ਲੋਕਾਂ ਨੂੰ ਇਹ ਗੱਲ ਸਮਝਾਈ ਕਿ ਬਾਹਰਲੇ ਪਹਿਰਾਵੇ ਦਾ ਧਰਮੀ ਹੋਣ ਨਾਲ ਕੋਈ ਸਬੰਧ ਨਹੀਂ। ਧਰਮੀ ਮਨੁੱਖ ਉਸ ਨੂੰ ਸਮਝਿਆ ਜਾਂਦਾ ਸੀ, ਜੋ ਦਿਖਾਵੇ ਵਾਸਤੇ ਕਈ ਤਰ੍ਹਾਂ ਦੇ ਭੇਖ ਧਾਰਨ ਕਰਦਾ ਸੀ ਜਾਂ ਕੁੱਝ ਕਰਮਕਾਂਡ ਕਰ ਕੇ ਲੋਕਾਂ ਵਿੱਚ ਧਰਮੀ ਹੋਣ ਦਾ ਦਿਖਾਵਾ ਕਰਦਾ ਸੀ। ਗੁਰੂ ਸਾਹਿਬ ਨੇ ਲੋਕਾਂ ਨੂੰ ਧਰਮ ਦਾ ਅਸਲੀ ਮਤਲਬ ਸਮਝਾਇਆ।  ਉਨ੍ਹਾਂ ਨੇ ਕਿਹਾ ਕਿ ਵਰਤ ਰੱਖਣ ਦੀ ਕੋਈ ਲੋੜ ਨਹੀਂ। ਜੇ ਅਸੀਂ ਆਪਣੀ ਰਸਨਾ ਦੁਆਰਾ ਝੂਠ ਨਹੀਂ ਬੋਲ ਰਹੇ ਜਾਂ ਕਿਸੇ ਨੂੰ ਮੰਦੇ ਲਫ਼ਜ਼ ਨਹੀਂ ਬੋਲ ਰਹੇ ਸਗੋਂ ਰਸਨਾ ਦੁਆਰਾ ਸੱਚ ਬੋਲ ਰਹੇ ਹਾਂ ਤਾਂ ਇਹ ਸੱਚ ਬੋਲਣਾ ਹੀ ਰਸਨਾ ਦਾ ਵਰਤ ਹੈ। ਗੁਰੂ ਸਾਹਿਬ ਨੇ ਦੱਸਿਆ ਕਿ ਤੀਰਥਾਂ ਦਾ ਭਰਮਣ ਕਰਨ ਨਾਲ ਮਨ ਦੀ ਭਟਕਣਾ ਦੂਰ ਨਹੀਂ ਹੁੰਦੀ।  ਮਨ ਤਾਂ ਹੀ ਸ਼ਾਂਤ ਹੋਵੇਗਾ ਜੇ ਮਨੁੱਖ ਸੰਤੋਖ ਵਾਲੀ ਬਿਰਤੀ ਧਾਰਨ ਕਰੇਗਾ। ਤੀਰਥ ਇਸ਼ਨਾਨ ਮਨੁੱਖ ਨੂੰ ਮੁਕਤੀ ਨਹੀਂ ਦੇ ਸਕਦੇ। ਮੁਕਤੀ ਤਾਂ ਪ੍ਰਮਾਤਮਾ ਵਿੱਚ ਸੁਰਤ ਜੋੜਨ ਨਾਲ ਹੀ ਪ੍ਰਾਪਤ ਹੁੰਦੀ ਹੈ। ਗਲ਼ ਵਿੱਚ ਮਾਲਾ ਪਾ ਲੈਣੀ ਧਰਮੀ ਬੰਦਿਆਂ ਦਾ ਕੰਮ ਨਹੀਂ ਸਗੋਂ ਖਿਮਾ ਨੂੰ ਜੀਵਨ ਵਿੱਚ ਧਾਰਨ ਕਰਨਾ ਅਤੇ ਸ੍ਰੇਸ਼ਟ ਆਚਰਨ ਅਨੁਸਾਰ ਆਪਣਾ ਜੀਵਨ ਜੀਊਣਾ ਧਰਮੀ ਪੁਰਖਾਂ ਦਾ ਅਸਲੀ ਕਰਤੱਵ ਹੈ। ਜੋ ਮਨੁੱਖ ਐਸੀ ਸ੍ਰੇਸ਼ਟ ਕਰਨੀ ਦੇ ਧਾਰਨੀ ਹਨ, ਉਹੀ ਅਸਲ ਵਿੱਚ ਧਰਮੀ ਅਖਵਾਉਣ ਦੇ ਹੱਕਦਾਰ ਹਨ। ਗੁਰੂ ਸਾਹਿਬ ਫ਼ੁਰਮਾਉਂਦੇ ਹਨ, ‘‘ਸਚੁ ਵਰਤੁ ਸੰਤੋਖੁ ਤੀਰਥੁ; ਗਿਆਨੁ ਧਿਆਨੁ ਇਸਨਾਨੁ ॥  ਦਇਆ ਦੇਵਤਾ ਖਿਮਾ ਜਪਮਾਲੀ; ਤੇ ਮਾਣਸ ਪਰਧਾਨ ॥  ਜੁਗਤਿ ਧੋਤੀ ਸੁਰਤਿ ਚਉਕਾ; ਤਿਲਕੁ ਕਰਣੀ ਹੋਇ ॥  ਭਾਉ ਭੋਜਨੁ ਨਾਨਕਾ  ! ਵਿਰਲਾ ਤ ਕੋਈ ਕੋਇ ॥’’ (ਮ: ੧/੧੨੪੫)

ਗੁਰੂ ਸਾਹਿਬ ਨੇ ਸਮਕਾਲੀ ਸਮਾਜ ਵਿੱਚ ਮ੍ਰਿਤਕ ਪ੍ਰਾਣੀ ਪ੍ਰਤੀ ਕੀਤੇ ਜਾਂਦੇ ਫੋਕਟ ਕਰਮਕਾਂਡਾਂ ਪ੍ਰਤੀ ਲੁਕਾਈ ਨੂੰ ਸੁਚੇਤ ਕੀਤਾ। ਆਪ ਨੇ ਲੋਕਾਂ ਨੂੰ ਸਮਝਾਇਆ ਕਿ ਮਰ ਚੁੱਕੇ ਵੱਡੇ ਵਡੇਰਿਆਂ ਜਾਂ ਪਿਤਰਾਂ ਨੂੰ ਕਿਸੇ ਵਸਤੂ ਦੀ ਲੋੜ ਨਹੀਂ ਤੇ ਨਾਂ ਹੀ ਕੋਈ ਵਸਤੂ ਕਿਸੇ ਤਰੀਕੇ ਨਾਲ ਉਨ੍ਹਾਂ ਤੱਕ ਪਹੁੰਚ ਸਕਦੀ ਹੈ। ਬ੍ਰਾਹਮਣਾ ਨੂੰ ਖੁਆਇਆ ਹੋਇਆ ਭੋਜਨ ਤੇ ਕੀਤਾ ਹੋਇਆ ਦਾਨ ਪੁੰਨ ਕਿਤੇ ਨਹੀਂ ਪਹੁੰਚ ਸਕਦਾ। ਜੇ ਕੋਈ ਐਸਾ ਕਰਨ ਦਾ ਦਾਅਵਾ ਕਰਦਾ ਹੈ ਤਾਂ ਉਹ ਗੁਨਾਹਗਾਰ ਹੈ। ਆਪ ਜੀ ਨੇ ਲੋਕਾਂ ਨੂੰ ਸਮਝਾਉਂਦੇ ਹੋਏ ਫ਼ੁਰਮਾਇਆ ਹੈ, ‘‘ਜੇ ਮੋਹਾਕਾ ਘਰੁ ਮੁਹੈ; ਘਰੁ ਮੁਹਿ ਪਿਤਰੀ ਦੇਇ ॥  ਅਗੈ ਵਸਤੁ ਸਿਞਾਣੀਐ; ਪਿਤਰੀ ਚੋਰ ਕਰੇਇ ॥  ਵਢੀਅਹਿ ਹਥ ਦਲਾਲ ਕੇ; ਮੁਸਫੀ ਏਹ ਕਰੇਇ ॥  ਨਾਨਕ  ! ਅਗੈ ਸੋ ਮਿਲੈ; ਜਿ ਖਟੇ ਘਾਲੇ ਦੇਇ ॥’’ (ਮ: ੧/੪੭੨)

ਗੁਰੂ ਨਾਨਕ ਦੇਵ ਜੀ ਨੇ ਸਮਾਜ ਸੁਧਾਰ ਹਿੱਤ ਇੱਕ ਬਹੁਤ ਵੱਡਾ ਕ੍ਰਾਂਤੀਕਾਰੀ ਕਦਮ ਪੁੱਟਦਿਆਂ ਕਿਰਤ ਨੂੰ ਧਰਮ ਦਾ ਅੰਗ ਦੱਸਿਆ। ਗੁਰੂ ਸਾਹਿਬ ਦੇ ਆਗਮਨ ਤੋਂ ਪਹਿਲਾਂ ਧਰਮੀ ਬੰਦਾ ਕਿਰਤੀ ਨਹੀਂ ਹੁੰਦਾ ਸੀ ਤੇ ਕਿਰਤੀ ਬੰਦਾ ਧਰਮੀ ਲਿਬਾਸ ਪਾ ਕੇ ਉਪਦੇਸ਼ਕ ਨਹੀਂ ਬਣਦਾ ਸੀ, ਪ੍ਰੰਤੂ ਆਪ ਨੇ ਹਰ ਮਨੁੱਖ ਨੂੰ ਧਰਮ ਦੀ ਕਿਰਤ ਕਰਨ ਦਾ ਉਪਦੇਸ਼ ਦਿੱਤਾ।  ਮਲਕ ਭਾਗੋ ਨੂੰ ਉਪਦੇਸ਼ ਦਿੰਦਿਆਂ ਕਿਹਾ ਕਿ ਅਯੋਗ ਤਰੀਕੇ ਨਾਲ ਕਮਾਏ ਗਏ ਧਨ ਵਿੱਚੋਂ ਦਾਨ ਪੁੰਨ ਕਰਨ ਨਾਲ ਮਨੁੱਖ ਧਰਮੀ ਨਹੀਂ ਬਣ ਜਾਂਦਾ। ਗ਼ਰੀਬਾਂ ਦਾ ਖ਼ੂਨ ਚੂਸ ਕੇ ਆਪਣੇ ਖ਼ਜ਼ਾਨੇ ਭਰ ਲੈਣਾ ਨੇਕ ਬੰਦਿਆਂ ਦਾ ਕੰਮ ਨਹੀਂ। ਜੋ ਮਨੁੱਖ ਖ਼ੂਨ ਦਾ ਦਾਗ ਲੱਗ ਜਾਣ ’ਤੇ ਕੱਪੜੇ ਨੂੰ ਪਲੀਤ ਹੋਇਆ ਸਮਝਦਾ ਹੈ ਤਾਂ ਉਹੀ ਮਨੁੱਖ ਜੇ ਗ਼ਰੀਬਾਂ ਦਾ ਖ਼ੂਨ ਚੂਸ ਕੇ ਆਪਣੇ ਖ਼ਜ਼ਾਨੇ ਭਰਦਾ ਹੈ ਤਾਂ ਉਸ ਦਾ ਹਿਰਦਾ ਕਿਵੇਂ ਪਵਿੱਤਰ ਰਹਿ ਸਕਦਾ ਹੈ। ਆਪ ਜੀ ਦਾ ਫ਼ੁਰਮਾਨ ਹੈ, ‘‘ਜੇ ਰਤੁ ਲਗੈ ਕਪੜੈ; ਜਾਮਾ ਹੋਇ ਪਲੀਤੁ ॥  ਜੋ ਰਤੁ ਪੀਵਹਿ ਮਾਣਸਾ; ਤਿਨ ਕਿਉ ਨਿਰਮਲੁ ਚੀਤੁ  ?॥’’ (ਮ: ੧/੧੪੦)

ਆਪ ਨੇ ਭਾਈ ਲਾਲੋ ਦੀ ਸੱਚੀ ਤੇ ਸੁੱਚੀ ਕਿਰਤ ਨੂੰ ਸਤਿਕਾਰਿਆ ਸਮਾਜਵਾਦ ਦੀ ਵਿਚਾਰਧਾਰਾ ਜੋ ਅੱਜ ਹਰ ਪਾਸਿਓਂ ਉੱਠ ਰਹੀ ਹੈ, ਇਹ ਅਸਲ ਵਿੱਚ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ਤੋਂ ਉਪਜਦੀ ਹੈ। ਗੁਰੂ ਸਾਹਿਬ ਨੇ ਅਯੋਗ ਤਰੀਕੇ ਨਾਲ ਕਮਾਏ ਹੋਏ ਧਨ ਦਾ ਹਮੇਸ਼ਾਂ ਹੀ ਖੰਡਨ ਕੀਤਾ ਹੈ। ਮਲਕ ਭਾਗੋ ਦਾ ਬ੍ਰਹਮ ਭੋਜ ਕਰਨਾ ਸਰਮਾਏਦਾਰੀ ਦਾ ਹੀ ਇੱਕ ਚਿੰਨ੍ਹ ਸੀ। ਸਰਮਾਏਦਾਰ ਹਮੇਸ਼ਾਂ ਤੋਂ ਹੀ ਰਾਜਸੀ, ਸਮਾਜਕ ਅਤੇ ਧਾਰਮਿਕ ਤਾਕਤਾਂ ਨੂੰ ਆਪਣੇ ਸਰਮਾਏ ਦੀ ਤਾਕਤ ਨਾਲ ਖ੍ਰੀਦਣ ਦਾ ਯਤਨ ਕਰਦਾ ਹੈ। ਕਹੇ ਜਾਂਦੇ ਅਖੌਤੀ ਧਾਰਮਿਕ ਆਗੂ – ਮੁੱਲਾਂ, ਕਾਜ਼ੀ, ਪੰਡਿਤ; ਪੈਸੇ ਦੇ ਲੋਭ ਵਿੱਚ ਆ ਕੇ ਧਨਵਾਨ ਦੀ ਬੇਹਤਰੀ ਲਈ ਲੰਮੀਆਂ-ਲੰਮੀਆਂ ਅਰਦਾਸਾਂ ਕਰਦੇ ਹਨ, ਰਹਿਮਤਾਂ ਮੰਗਦੇ ਹੋਏ ਉੱਚੀ-ਉੱਚੀ ਸੰਖ ਵਜਾਉਂਦੇ ਹਨ, ਪਰ ਗੁਰੂ ਨਾਨਕ ਸਾਹਿਬ ਵਿੱਚ ਅਜਿਹੇ ਮਾਇਆ ਧਾਰੀਆਂ ਨੂੰ ਅੰਨ੍ਹਾ ਤੇ ਬੋਲ਼ਾ ਕਹਿਣ ਦੀ ਜੁਰਅਤ ਹੈ। ਆਪ ਜੀ ਬਾਣੀ ਵਿੱਚ ਫ਼ੁਰਮਾਉਂਦੇ ਹਨ, ‘‘ਮਾਇਆਧਾਰੀ, ਅਤਿ ਅੰਨਾ ਬੋਲਾ ॥  ਸਬਦੁ ਨ ਸੁਣਈ; ਬਹੁ ਰੋਲ ਘਚੋਲਾ ॥’’ (ਮ: ੩/੩੧੩)

ਅਜੋਕੇ ਸਮੇਂ ਵਿੱਚ ਜਦੋਂ ਵਿੱਦਿਆ ਤੇ ਵਿਗਿਆਨ ਨੇ ਅਥਾਹ ਤਰੱਕੀ ਕਰ ਲਈ ਹੈ, ਲੋਕ ਅਜ਼ਾਦ ਹਨ, ਉਨ੍ਹਾਂ ਪਾਸ ਵਿਧਾਨਕ ਹੱਕ ਹਨ, ਪ੍ਰੈਸ ਹੈ ਫਿਰ ਵੀ ਕੱਚ ਨੂੰ ਕੱਚ ਕਹਿਣ ਦੀ ਦਲੇਰੀ ਕਿੰਨਿਆਂ ਕੁ ਵਿੱਚ ਹੈ ?  ਭਾਈ ਲਾਲੋ ਵਰਗਿਆਂ ਦਾ ਸਤਿਕਾਰ ਕਰਨ ਦਾ ਸਾਹਸ ਕਿੰਨਿਆਂ ਕੁ ਵਿੱਚ ਹੈ ? ਧਰਮ ਅਸਥਾਨਾਂ ’ਤੇ ਆਏ ਹੋਏ ਚੜ੍ਹਾਵੇ ਨੂੰ ਕੌਣ ਪਰਖਦਾ ਹੈ ਕਿ ਇਸ ਵਿੱਚ ਦੁੱਧ ਹੈ ਜਾਂ ਖ਼ੂਨ ? ਕਿਸ ਪਾਸ ਏਨਾ ਸਾਹਸ ਅਤੇ ਦਲੇਰੀ ਹੈ ?

ਅੱਜ ਲੋੜ ਹੈ ਸਮਾਜ ਸੁਧਾਰਾਂ ਦਾ ਢੰਡੋਰਾ ਪਿੱਟਣ ਵਾਲਿਆਂ ਨੂੰ ਕਿ ਉਹ ਗੁਰੂ ਨਾਨਕ ਦੇਵ ਜੀ ਦੇ ਅਮਲੀ ਜੀਵਨ ਤੋਂ ਸੇਧ ਲੈ ਕੇ ਸਮਾਜ ਦੀ ਸੁਚੱਜੀ ਅਗਵਾਈ ਕਰਨ ਅਤੇ ਅਸੀਂ ਵੀ ਆਪਣੇ ਮਨਾਂ ਵਿੱਚ ਝਾਤੀ ਮਾਰ ਸਕੀਏ ਕਿ ਕੀ ਅਸੀਂ ਮਹਾਨ ਸਤਿਗੁਰਾਂ ਦੇ ਪਾਏ ਹੋਏ ਪੂਰਨਿਆਂ ’ਤੇ ਚੱਲ ਰਹੇ ਹਾਂ। ਕੀ ਅਸੀਂ ਜਾਤ-ਪਾਤ, ਊਚ-ਨੀਚ, ਅਮੀਰੀ-ਗ਼ਰੀਬੀ ਦੇ ਫ਼ਰਕ ਤੋਂ ਆਪਣਾ ਖਹਿੜਾ ਛੁਡਾ ਲਿਆ ਹੈ।  ਕੀ ਅਸੀਂ ਭਾਈ ਲਾਲੋ ਵਰਗੇ ਸੱਚੇ ਤੇ ਸੁੱਚੇ ਕਿਰਤੀਆਂ ਦਾ ਸਤਿਕਾਰ ਕਰਨ ਲੱਗ ਪਏ ਹਾਂ ?  ਅੱਜ ਲੋੜ ਹੈ ਗੁਰੂ ਨਾਨਕ ਦੇ ਝੰਡੇ ਹੇਠ ਇਕੱਠੇ ਹੋ ਕੇ ਸਮਾਜਕ ਸੁਧਾਰ ਕੀ ਅਗਵਾਈ ਕਰਨ ਦੀ।