ਜੀਵਨ ਯਾਤਰਾ ਅਤੇ ਉਪਦੇਸ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ (ਕਿਸ਼ਤ ਨੰ:3)

0
792

ਕਿਸ਼ਤ ਨੰ:3

ਜੀਵਨ ਯਾਤਰਾ ਅਤੇ ਉਪਦੇਸ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ (ਭਾਗ ਤੀਜਾ)

ਕਿਰਪਾਲ ਸਿੰਘ (ਬਠਿੰਡਾ)-98554-80797; 73409-79813

ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਦੇਣਾ ਅਤੇ ਆਪ ਜੋਤੀ ਜੋਤ ਸਮਾਉਣਾ

5 ਅਕਤੂਬਰ 1708 ਦੇ ਦਿਨ, ਬਾਬਾ ਬੰਦਾ ਸਿੰਘ ਬਹਾਦਰ ਜਦ ਨੰਦੇੜ ਤੋਂ ਚੱਲੇ, ਉਸੇ ਦਿਨ ਸ਼ਾਮ ਨੂੰ ਗੁਰੂ ਸਾਹਿਬ ਦੇ ਆਰਾਮ ਕਰਦਿਆਂ, ਜਮਸ਼ੇਦ ਖਾਨ ਪਠਾਣ ਨੇ ਉਨ੍ਹਾਂ ਉੱਤੇ ਕਟਾਰ ਨਾਲ ਤਿੰਨ ਵਾਰ ਕਰ ਦਿੱਤੇ, ਜਿਸ ਨਾਲ ਗੁਰੂ ਜੀ ਬੁਰੀ ਤਰ੍ਹਾਂ ਜਖ਼ਮੀ ਹੋ ਗਏ। ਫਿਰ ਵੀ ਗੁਰੂ ਸਾਹਿਬ ਨੇ ਪਰਤਵਾਂ ਵਾਰ ਕਰਕੇ ਜਮਸ਼ੇਦ ਖਾਨ ਨੂੰ ਤੁਰੰਤ ਮਾਰ ਦਿੱਤਾ। ਗੁਰੂ ਸਾਹਿਬ ਜੀ ਆਪ ਵੀ ਗੰਭੀਰ ਜਖ਼ਮੀ ਹੋਣ ਕਾਰਨ, ਕੱਤਕ ਸੁਦੀ 5, 7 ਕੱਤਕ ਬਿਕ੍ਰਮੀ ਸੰਮਤ 1765 (ਨਾਨਕਸ਼ਾਹੀ ਸੰਮਤ 240) 7ਅਕਤੂਬਰ ਸੰਨ 1708 ਨੂੰ ਸਵੇਰ ਵੇਲੇ ਅਕਾਲ ਪੁਰਖ ਦੀ ਗੋਦ ਵਿੱਚ ਸਮਾ ਗਏ। ਉਨ੍ਹਾਂ ਦਾ ਸਸਕਾਰ ਇਸੇ ਸ਼ਾਮ, ਗੋਦਾਵਰੀ ਦਰਿਆ ਦੇ ਕੰਢੇ ਕਰ ਦਿੱਤਾ ਗਿਆ (ਬਾਅਦ ’ਚ ਕਿਸੇ ਚਾਲਬਾਜ਼ ਲਿਖਾਰੀ ਨੇ ਅਜਿਹੀ ਕਲਪਨਾ ਕਰ ਦਿੱਤੀ ਕਿ ਗੁਰੂ ਜੀ ਸਮੇਤ ਘੋੜੇ ਕਿਸੇ ਅਦ੍ਰਿਸ਼ ਸਥਾਨ ’ਚ ਚਲੇ ਗਏ; ਜਿਵੇਂ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਜਨਮ ਲੈਣ ਤੋਂ ਪਹਿਲਾਂ ਵੀ ਕਿਸੇ ਅਦ੍ਰਿਸ਼ ਜਗ੍ਹਾ ’ਚ ਭਗਤੀ ਕਰਦੇ ਹੋਏ ਵਿਖਾਇਆ ਗਿਆ ਸੀ, ਪਰ ਇਹ ਮਨਘੜਤ ਕਹਾਣੀ ਬਿਲਕੁਲ ਨਿਰਾਧਾਰ ਹੈ, ਜੋ ਗੁਰਬਾਣੀ ਦੁਆਰਾ ਕੀਤੀ ਗਈ ਰੱਬੀ ਨਿਯਮ ਦੀ ਵਿਆਖਿਆ ਨਾਲ ਕਦਾਚਿਤ ਮੇਲ ਨਹੀਂ ਖਾਂਦੀ। 

ਗੁਰੂ ਸਾਹਿਬ ਦੇ ਚੜ੍ਹਾਈ ਕਰਨ ਦਾ ਜ਼ਿਕਰ ‘ਅਖਬਾਰਾਤ-ਇ-ਦਰਬਾਰ-ਇ-ਮੁਅੱਲਾ’ ਵਿੱਚ ਮੌਜੂਦ ਹੈ। ਇਸ ਤੋਂ ਇਲਾਵਾ ਇਹੀ ਵੇਰਵਾ ਇੱਕ ਸਿੱਖ ਲੇਖਕ ਸੈਨਾਪਤੀ ਦੀ ‘ਗੁਰਸੋਭਾ’ (1709); ਬਹਾਦਰ ਸ਼ਾਹ ਦੇ ਤਿੰਨ ਸਮਕਾਲੀ ਮੁਸਲਮਾਨ ਲੇਖਕਾਂ ਦੀਆਂ ਕਿਤਾਬਾਂ ਮਿਰਜਾ ਮੁਹੰਮਦ ਦੀ ‘ਇਬਰਤਨਾਮਾ’ (1716), ਮੁਹੰਮਦ ਕਾਸਿਮ ਦੀ ‘ਇਬਰਤਨਾਮਾ’ (1723), ਮੁਹੰਮਦ ਸਫੀ ਦੀ ‘ਮੀਰਾਤ-ਇ-ਵਾਰਿਦਾਤ’ (1734) ਅਤੇ ਇੱਕ ਹਿੰਦੂ ਲੇਖਕ ਚਤੁਰਮਾਨ ਸਕਸੈਨਾ ਦੀ ‘ਚਹਾਰ ਗੁਲਸ਼ਨ’ ਵਿੱਚ ਵੀਮਿਲਦਾ ਹੈ। ਇਨ੍ਹਾਂ ਸਾਰੀਆਂ ਕਿਤਾਬਾਂ ਵਿੱਚ ਗੁਰੂ ਸਾਹਿਬ ਦਾ ਜੋਤੀ ਜੋਤ ਸਮਾਉਣ ਦਾ ਕਾਰਨ ਛੁਰਿਆਂ ਦੇ ਵਾਰ ਨਾਲ ਹੋਏ ਵੱਡੇ ਜਖਮ ਸਨ ਅਤੇ ਜਿਰਾਹ ਵਲੋਂ ਜਖਮ ਸੀਣ ਅਤੇ ਮਗਰੋਂ ਕਮਾਨ ਖਿੱਚਣ ਨਾਲ ‘ਮੌਤ’ ਦਾ ਜਰਾ-ਮਾਸਾ ਜ਼ਿਕਰ ਵੀ ਨਹੀਂ।ਅਜਿਹਾ ਜਾਪਦਾ ਹੈ ਕਿ ਗੁਰੂ ਸਾਹਿਬ ਦੇ ਜਖਮੀ ਹੋਣ, ਜਖਮ ਸੀਣ ਅਤੇ ਫਿਰ ਕਮਾਨ ਖਿੱਚਣ ਦੀ ‘ਦੁਰਘਟਨਾ/ਹਾਦਸੇ ਵਿੱਚ ਮੌਤ ਹੋਣ’ ਜਾਂ ‘ਕਮਾਨ ਖਿੱਚ ਕੇ ਆਪ ਮਨਜੂਰ ਕੀਤੀ ਮੌਤ’ ਦਾ ਪ੍ਰਚਾਰ ਵਜੀਰ ਖਾਨ ਤੇ ਬਹਾਦਰ ਸ਼ਾਹ ਨੇ ਕਰਵਾਇਆ ਹੋਵੇਗਾ ਤਾਂ ਕਿ ਉਹ ਖੁਦ ਨੂੰ ਗੁਰੂ ਸਾਹਿਬ ਉੱਤੇ ਕਰਵਾਏ ਹਮਲੇ ’ਚੋਂ ਸੁਰਖਰੂ ਹੋ ਸਕਣ। ਗੁਰੂ ਸਾਹਿਬ ਦੀ ‘ਮੌਤ’ ਇੰਜ ਵਿਖਾਉਣਾ ਵਜੀਰ ਖਾਨ ਅਤੇ ਬਹਾਦਰ ਸ਼ਾਹ ਦੇ ਜਾਲ ਵਿੱਚ ਫਸ ਕੇ ਤਵਾਰੀਖ ਵਿਗਾੜਨ ਦਾ ਕਾਰਨ ਬਣੀ। ਕੁੱਝ ਸਿੱਖ ਲੇਖਕਾਂ ਨੇ, ਸਰਕਾਰੀ ਪ੍ਰਾਪੇਗੰਡੇ ਦੀ ਇਸ ਸਾਜ਼ਸ਼ ਦੀ ਤਹਿ ਤਕ ਜਾਣ ਦੀ ਬਜਾਏ, ਇਸ ਨੂੰ ਤਵਾਰੀਖ ਬਣਾ ਕੇ ਅਹਿਮਕਤਾ ਦਾ ਇਜ਼ਹਾਰ ਕੀਤਾ ਜਿਸ ਨੂੰ ਬਾਅਦ ’ਚ ਕੁੱਝ ਹੋਰ ਲੇਖਕਾਂ ਨੇ ਵੀ ਅਪਣਾਇਆ। ਕੁੱਝ ਸਿੱਖ ਲਿਖਾਰੀ ਸ਼ਾਇਦ ਇਹ ਵੀ ਨਹੀਂ ਸਨ ਚਾਹੁੰਦੇ ਕਿ ਗੁਰੂ ਸਾਹਿਬ ਨੂੰ ਮੁਸਲਮਾਨੀ ਹਮਲੇ ਵਿੱਚ ਸ਼ਹੀਦ ਹੋਇਆ ਵਿਖਾਇਆ ਜਾਵੇ, ਜਿਸ ਕਾਰਨ ਉਨ੍ਹਾਂ ਨੂੰ ਕਮਾਨ ਖਿੱਚਣ ਨਾਲ ਮੌਤ ਸਾਬਤ ਕਰਨ ’ਚ ਵਧੇਰੇ ਸ਼ਰਧਾ ਜਾਪੀ ਹੋਵੇ।

ਜੋਤੀ ਜੋਤ ਸਮਾਉਣ ਤੋਂ ਇੱਕ ਦਿਨ ਪਹਿਲਾਂ ਭਾਵ 6 ਕੱਤਕ ਬਿਕ੍ਰਮੀ ਸੰਮਤ 1765 (ਨਾਨਕਸ਼ਾਹੀ ਸੰਮਤ 240); 6 ਅਕਤੂਬਰ ਸੰਨ 1708 ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ‘ਆਦਿ ਗ੍ਰੰਥ’, ਜਿਸ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸ਼ਾਮਲ ਸੀ,ਨੂੰ ਮੱਥਾ ਟੇਕ ਕੇ ਵਚਨ ਕੀਤੇ ਕਿ ਹੁਣ ਸਾਡੀ ‘ਆਤਮਾ ਗ੍ਰੰਥ ਵਿੱਚ ਅਤੇ ਸਰੀਰ ਪੰਥ ਵਿੱਚ’ ਰਹੇਗਾ। ਇਸ ਤਰ੍ਹਾਂ ‘ਗੁਰੂ ਗ੍ਰੰਥ ਸਾਹਿਬ’ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਤੇ ਸਖ਼ਸ਼ੀ ਗੁਰੂ ਪ੍ਰੰਪਰਾ ਅਲੋਪ ਕਰ ਦਿੱਤੀ ਗਈ। ਗੁਰੂ ਨਾਨਕ ਸਾਹਿਬ ਜੀ ਵੱਲੋਂ ਸਥਾਪਤ ਕੀਤੇ ਅਤੇ ਬਾਕੀ ਦੇ ਨੌ ਗੁਰੂਆਂ ਵੱਲੋਂ ਪ੍ਰਚਾਰੇ ਗਏ ‘‘ਸਬਦੁ ਗੁਰੂ, ਸੁਰਤਿ ਧੁਨਿ ਚੇਲਾ ॥’’ ਦੇ ਸਿਧਾਂਤ ਨੂੰ ਅਮਲੀ ਰੂਪ ਵਿੱਚ ਗੁਰੂ ਸਥਾਪਤ ਕਰਨਾ ਹੀ ਆਖਰ ਮੰਜ਼ਲ ਸੀ। ਗੁਰੂ ਹੁਕਮ ਨੂੰ ਮੰਨ ਕੇ ਸਭ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ। ਇਸ ਵਾਕਿਆ ਨੂੰ ‘ਆਗਿਆ ਭਈ ਅਕਾਲ ਕੀ, ਤਬੈ ਚਲਾਇਉ ਪੰਥ। ਸਭ ਸਿਖਨ ਕੋ ਹੁਕਮ ਹੈ, ਗੁਰੂ ਮਾਨਿਉ ਗ੍ਰੰਥ।’ ਕਵਿਤਾ ਰਾਹੀਂ ਪ੍ਰਚਲਿਤ ਕੀਤਾ ਗਿਆ ਤੇ ਆਪ ਸੰਨ 1708 ਈ. ਨੂੰ ਨੰਦੇੜ ਵਿਖੇ ਜੋਤੀ ਜੋਤ ਸਮਾ ਗਏ।

ਪਿਛਲੇ ਅੰਕਾਂ ਵਿੱਚ ਅਸੀਂ ਪੜ੍ਹ ਚੁੱਕੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਤੱਕ ਨੌ ਗੁਰੂ ਸਾਹਿਬਾਨਾਂ ਵੱਲੋ ਸਥਾਪਤ ਕੀਤੇ ਤੇ ਪ੍ਰਚਾਰੇ ਗਏ ‘ਸ਼ਬਦ ਗੁਰੂ’ ਦੇ ਸਿਧਾਂਤ ’ਤੇ ਪਹਿਰਾ ਦਿੰਦਿਆਂ ਆਪਣੇ ਆਪ ਨੂੰ ਕਰਨੀ ਤੇ ਕਥਨੀ ਦੇ ਸੂਰੇ ਪ੍ਰਸਿੱਧ ਕੀਤਾ ਤੇ ਇਸ ਉੱਤੇ ਪਹਿਰਾ ਦੇਣ ਵਾਲੇ ਸਿੱਖਾਂ ਨੂੰ ਵੀ ‘‘ਖਾਲਸਾ ਮੇਰੋ ਰੂਪ ਹੈ ਖ਼ਾਸ ॥ ਖਾਲਸੇ ਮਹਿ ਹਉਂ ਕਰਉਂ ਨਿਵਾਸ ॥’’ ਵਚਨਾਂ ਨਾਲ ਸਨਮਾਨਿਤ ਕੀਤਾ।

ਅਜੋਕੇ ਯੁੱਗ ’ਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਰਬੋਤਮ ਗ੍ਰੰਥ ਤਾਂ ਹੀ ਬਿਆਨ ਕੀਤਾ ਜਾ ਸਕਦਾ ਹੈ ਜੇਕਰ ਇਸ ਦੇ ਬਰਾਬਰ ਕਿਸੇ ਹੋਰ ਗ੍ਰੰਥ ਦਾ ਪ੍ਰਕਾਸ਼ ਨਾ ਕੀਤਾ ਜਾਏ, ਬੇਸ਼ੱਕ ਉਸ ਵਿਚਲੀ ਰਚਨਾ ਕਿੰਨੀ ਵੀ ਸਵੀਕਾਰਨਯੋਗ ਕਿਉਂ ਨਾ ਹੋਵੇ।‘ਦਸਮ ਗ੍ਰੰਥ’ ਨਾਂ ਨਾਲ ਜਾਣਿਆ ਜਾਂਦਾ ਬਚਿਤ੍ਰ ਨਾਟਕ, ਜਿਸ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਿਛਲੇ ਜਨਮ ਦਾ ਬਿਰਤਾਂਤ ਦਰਜ ਹੈ, ਜੋ ਸਿੱਖਾਂ ਲਈ ਇਕ ਰਾਇ ਨਹੀਂ ਰੱਖਦਾ ਭਾਵ ਕਈਆਂ ਮੁਤਾਬਕ ਬਾਬਾ ਲਹਿਣਾ ਜੀ, ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ’ਚ ਅਤੇ ਗੁਰੂ ਅਮਰਦਾਸ ਜੀ, ਗੁਰੂ ਅੰਗਦ ਸਾਹਿਬ ਜੀ ਦੀ ਸ਼ਰਨ ’ਚ ਆਉਣ ਤੋਂ ਪਹਿਲਾਂ ਮੂਰਤੀ (ਦੇਵ) ਪੂਜਕ ਤੇ ਤੀਰਥ ਯਾਤ੍ਰੀ ਰਹੇ ਸਨ ਪਰ ਬਾਅਦ ’ਚ ਉਨ੍ਹਾਂ ਆਪ ਹੀ ਇਸ ਕਰਮਕਾਂਡ ਦਾ ਭਰਪੂਰ ਖੰਡਨ ਕੀਤਾ ਭਾਵ ਗੁਰੂ ਅੰਗਦ ਸਾਹਿਬ ਜੀ ਤੇ ਗੁਰੂ ਅਮਰਦਾਸ ਜੀ ਦਾ ਮਨੁੱਖਾ ਜੀਵਨ ਦੌਰਾਨ ਹੀ ਅਰੰਭਕ ਕਰਮ, ਗੁਰਮਤਿ ਅਨੁਸਾਰੀ ਨਹੀਂ ਸੀ ਅਤੇ ਦੋਵੇਂ ਗੁਰੂ ਸਾਹਿਬਾਨਾਂ ਨੇ ਆਪਣੇ ਇਸ ਮਨਮਤੀ ਕਰਮ ਦਾ ਜ਼ਿਕਰ, ਆਪਣੀ ਬਾਣੀ ’ਚ ਦਰਜ ਕਰਨਾ ਵੀ ਮੁਨਾਸਬ ਨਹੀਂ ਸਮਝਿਆ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਕੀ ਜ਼ਰੂਰਤ ਪਈ ਕਿ ਉਨ੍ਹਾਂ ਆਪਣਾ ਪੂਰਬਲਾ ਜੀਵਨ, ਜਦ ਉਹ ਗੁਰੂ ਨਾਨਕ ਜੋਤਿ (ਗੁਰਗੱਦੀ) ’ਤੇ ਬਿਰਾਜਮਾਨ ਨਹੀਂ ਸਨ, ਦਾ ਬਿਰਤਾਂਤ ਲਿਖ ਦਿੰਦੇ ? ਅਗਰ ਬਚਿਤ੍ਰ ਨਾਟਕ ਰੂਪ ਇਹ ਲਿਖਤ ਗੁਰਮਤਿ ਵਿਰੋਧੀ (ਭਾਵ ਪਿਛਲਾ ਮਨਮਤੀ ਕਰਮ) ਹੋਣ ਕਾਰਨ ਲਿਖੀ ਗਈ ਹੋਵੇ ਤਾਂ ਵੀ ਕੀ ਇਸ ਨੂੰ ਗੁਰਮਤਿ ਅਨੁਸਾਰੀ ਕਹਿ ਕੇ ਗੁਰੂ ਗ੍ਰੰਥ ਸਾਹਿਬ ਦੇ ਸਮਾਨੰਤਰ ਪ੍ਰਕਾਸ਼ ਕੀਤਾ ਜਾ ਸਕਦਾ ਹੈ ਜਾਂ ਗੁਰੂ ਤੇਗ ਬਹਾਦਰ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਸੰਬੰਧਿਤ ਹਰ ਗੁਰ ਪੁਰਬ ’ਤੇ ਇਸ ਦਾ ਕੀਰਤਨ ਜਾਂ ਕਥਾ ਕਰਨੀ ਗੁਰਮਤਿ ਅਨੁਸਾਰੀ ਕਾਰਜ ਮੰਨ ਲਈਏ ?

‘ਬਚਿਤ੍ਰ ਨਾਟਕ’ ਗੁਰਮਤਿ ਅਨੁਸਾਰੀ ਹੈ ਜਾਂ ਗੁਰਮਤਿ ਵਿਰੋਧੀ, ਇਸ ਦਾ ਜਵਾਬ ‘ਬਚਿਤ੍ਰ ਨਾਟਕ’ ਦੀ ਸੰਖੇਪ ਮਾਤਰ ਵਿਚਾਰ ਕਰਨ ਉਪਰੰਤ ਹੀ ਸਪਸ਼ਟ ਹੋ ਜਾਏਗਾ, ਜੋ ਇਸ ਤਰ੍ਹਾਂ ਹੈ:

(1). ਹੁਣ ਮੈਂ (ਗੁਰੂ ਗੋਬਿੰਦ ਸਿੰਘ) ਆਪਣੀ ਵਾਰਤਾ ਦੱਸਦਾ ਹਾਂ ਕਿ ਕਿਸ ਤਰ੍ਹਾਂ ਮੈਨੂੰ ਤਪ ਕਰਦਿਆਂ ਨੂੰ ਏਥੇ (ਧਰਤੀ ਉੱਤੇ) ਲਿਆਂਦਾ ਗਿਆ। ਜਿੱਥੇ ਹੇਕਮੁੰਟ ਪਰਬਤ ਹੈ, ਉੱਥੇ ਸਪਤ ਸ੍ਰਿੰਗ ਪਹਾੜ ਸ਼ੋਭਦਾ ਹੈ: ‘‘ਅਬ ਮੈ ਅਪਨੀ ਕਥਾ ਬਖਾਨੋ॥ ਤਪ ਸਾਧਤ ਜਿਹ ਬਿਧਿ ਮੋਹਿ ਆਨੋ॥ ਹੇਮਕੁੰਟ ਪਰਬਤ ਹੈ ਜਹਾਂ॥ ਸਪਤ ਸ੍ਰਿੰਗ ਸੋਭਤਿ ਹੈ ਤਹਾਂ॥੧॥’’ 

(2). ਜਿੱਥੇ ਪੰਡੂ ਰਾਜੇ ਨੇ ਯੋਗ ਕਮਾਇਆ ਸੀ, ਉਸ ਦਾ ਨਾਮ ਸਪਤ ਸ੍ਰਿੰਗ ਕਿਹਾ ਜਾਂਦਾ ਹੈ, ਉੱਥੇ ਅਸਾਂ ਵੀ ਬਹੁਤ ਤਪੱਸਿਆ ਕੀਤੀ, ਮਹਾਂਕਾਲ ਦੀ ਕਾਲਿਕਾ ਸ਼ਕਤੀ ਦੀ ਅਰਾਧਨਾ ਕੀਤੀ: ‘‘ਸਪਤ ਸ੍ਰਿੰਗ ਤਿਹ ਨਾਮੁ ਕਹਾਵਾ॥ ਪੰਡੁ ਰਾਜ ਜਹ ਜੋਗਕਮਾਵਾ॥ ਤਹ ਹਮ ਅਧਿਕ ਤਪੱਸਿਆ ਸਾਧੀ॥ ਮਹਾਕਾਲ ਕਾਲਿਕਾ ਅਰਾਧੀ॥2॥’’

(3). ਮੈਂ ਤਪੱਸਿਆ ਕਰਦਿਆਂ ਦੋਹਾਂ (ਸਰੀਰ ਭਾਵ ਆਕਾਰ ਤੇ ਨਿਰਾਕਾਰ) ਤੋਂ ਇੱਕ ਰੂਪ (ਨਿਰਾਕਾਰ ਦਾ ਰੂਪ) ਹੋ ਗਿਆ। ਮੇਰੇ ਮਾਤਾ ਪਿਤਾ ਨੇ ਅਲੱਖ ਰੂਪ ਦੀ ਅਰਾਧਨਾ ਕੀਤੀ ਅਤੇ ਬਹੁਤ ਤਰ੍ਹਾਂ ਦੀ ਯੋਗ ਸਾਧਨਾ ਕੀਤੀ: ‘‘ਇਹ ਬਿਧਿ ਕਰਤਤ ਪੱਸਿਆ ਭਯੋ॥ ਦਵੈ ਤੇ ਏਕ ਰੂਪ ਹਵੈ ਗਯੋ॥ ਤਾਤ ਮਾਤ ਮੁਰ ਅਲਖ ਅਰਾਧਾ॥ ਬਹੁ ਬਿਧਿ ਜੋਗ ਸਾਧਨਾ ਸਾਧਾ॥3॥’’

(ਨੋਟ: ਉਕਤ ਤਮਾਮ ਸ਼ਬਦ ਗੁਰਮਤਿ ਅਨੁਸਾਰੀ ਨਹੀਂ ਕਹੇ ਜਾ ਸਕਦੇ ਕਿਉਂਕਿ :

(ੳ). ਗੁਰੂ ਨਾਨਕ ਸਾਹਿਬ ਜੀ ਕਿਰਤ ਕਰਦਿਆਂ ਹੀ ਹਰੀ ਨਾਮ ਜਪਣ ਨੂੰ ਮਹੱਤਵ ਦਿੰਦੇ ਹਨ, ਨਾ ਕਿ ਗ੍ਰਹਿਸਤ ਤਿਆਗ ਕੇ ਕਿਸੇ ਬਰਫੀਲੀ ਜਗ੍ਹਾ ਸਰੀਰ ਦੇ ਬਾਹਰੀ ਮਾਸ ਨੂੰ ਬਰਬਾਦ ਕਰਨ ਦੇ ਹੱਕ ’ਚ ਹਨ: ‘‘ਤਨੁ ਹੈਮੰਚਲਿ ਗਾਲੀਐ, ਭੀ ਮਨ ਤੇ ਰੋਗ ਨ ਜਾਇ॥ ਹਰਿ ਨਾਮੈ ਤੁਲਿ ਨ ਪੁਜਈ, ਸਭ ਡਿਠੀ ਠੋਕਿ ਵਜਾਇ॥’’ (ਮ: ੧/੬੨) ਪਦ ਅਰਥ: ਹੈਮੰਚਲਿ ਗਾਲੀਐ- ਬਰਫ਼ ਵਿੱਚ ਸਰੀਰ ਨਸ਼ਟ ਕਰਨਾ, ਰੋਗ- ਅਹੰਕਾਰ, ਨਾਮੈ ਤੁਲਿ- ਨਾਮ ਦੀ ਬਰਾਬਰੀ।

(ਅ). ਗੁਰੂ ਅਰਜਨ ਸਾਹਿਬ ਜੀ ਵੀ ਗ੍ਰਹਿਸਤੀ ਤਿਆਗ ਕੇ ਜੋਗੀਆਂ ਵਾਂਗ ਕੀਤੀ ਜਾਂਦੀ ਜਪ-ਤਪ ਵਰਗੀ ਕਠਿਨ ਤਪੱਸਿਆ ਨੂੰ ਹੱਠ ਕਰਮ ਮੰਨਦੇ ਹਨ: ‘‘ਅਨਿਕ ਬਰਖ, ਕੀਏ ਜਪ ਤਾਪਾ॥ ਗਵਨੁ ਕੀਆ, ਧਰਤੀ ਭਰਮਾਤਾ॥ ਇਕੁ ਖਿਨੁ ਹਿਰਦੈ, ਸਾਂਤਿ ਨਾ ਆਵੈ, ਜੋਗੀ, ਬਹੁੜਿ ਬਹੁੜਿ ਉਠਿ ਧਾਵੈ ਜੀਉ॥’’ (ਮ: ੫/੯੮)

ਦਸਮੇਸ਼ ਪਿਤਾ ਜੀ ਆਪ ਹੀ ਆਪਣੀ ਬਾਣੀ ‘ਅਕਾਲ ਉਸਤਤਿ’ ਰਾਹੀਂ ਵਰਣਨ ਕਰਦੇ ਹਨ ਕਿ ਜੇਕਰ ਤਪ (ਕਸ਼ਟ) ਸਾਧਨਾ ਨਾਲ ਅਤਾਪ ਨਾਥ (ਬਿਨਾਂ ਤਪ ਕੀਤਿਆਂ ਮਿਲਣ ਵਾਲਾ ਸ਼ਾਂਤ ਮਾਲਕ) ਮਿਲਦਾ ਤਾਂ ਜੰਗਾਂ-ਯੁੱਧਾਂ ’ਚ ਜਖ਼ਮੀ (ਕਸ਼ਟਦਾਇਕ) ਹੋਏ ਸਰੀਰ ਉਸ ਨੂੰ ਜ਼ਰੂਰ ਲੱਭ ਲੈਂਦੇ।, ਜੇਕਰ ਵਿਰਕਤ ਹੋ ਕੇ ਕੀਤੇ ਗਏ ਜਾਪ ਨਾਲ ਅਜਪਾ (ਜੋ ਬਿਨਾਂ ਜਾਪ ਕੀਤਿਆਂ ਭਾਵ ਨਿਰੰਤਰ ਪ੍ਰਭਾਵਤ ਕਰਨ ਵਾਲਾ) ਪ੍ਰਭੂ ਮਿਲਦਾ ਤਾਂ ਪੂਦਨਾ ਪੰਛੀ (ਜੋ ਤੂੰਹੀ, ਤੂੰਹੀ ਵਾਂਗ ਆਵਾਜ਼ਾਂ ਕੱਢਦਾ ਹੈ) ਜ਼ਰੂਰ ਮਿਲ ਜਾਂਦਾ: ‘‘ਤਾਪ ਕੇ ਸਹੇ ਤੇ, ਜੋ ਪਾਈਐ ਅਤਾਪ ਨਾਥ, ਤਾਪਨਾ ਅਨੇਕ ਤਨ ਘਾਇਲ ਸਹਤ ਹੈ॥ ਜਾਪ ਕੇ ਕੀਏ ਤੇ, ਜੋ ਪੈ ਪਾਯਤ ਅਜਾਪ ਦੇਵ, ਪੂਦਨਾ ਸਦੀਵ ਤੂਹੀ ਤੂਹੀ ਉਚਰਤ ਹੈ॥’’ (ਅਕਾਲ ਉਸਤਤਿ)

ਸੋ, ਬਚਿਤ੍ਰ ਨਾਟਕ ’ਚ ਦਰਜ ਉਕਤ ਸਿਧਾਂਤ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਪੂਰਬਲੇ ਜਨਮ ’ਚ ਹੇਮਕੁੰਟ ਵਾਲੀ ਥਾਂ ’ਤੇ ਅਨੇਕਾਂ ਵਰਸ਼ ਬਰਫ਼ ’ਚ ਰਹਿ ਕੇ ਕਠਿਨ ਜਪ-ਤਪ ਕੀਤਾ, ਗੁਰਮਤਿ ਅਨੁਸਾਰੀ ਨਹੀਂ।)

(4). ਬਚਿਤ੍ਰ ਨਾਟਕ ਮੁਤਾਬਕ ਅਕਾਲ ਪੁਰਖ ਨੇ ਸ੍ਰਿਸ਼ਟੀ ’ਚ ਪਹਿਲਾਂ ਦੁਸ਼ਟ ਦੈਂਤ ਬਣਾਏ, ਜੋ ਮਾਲਕ ਨੂੰ ਭੁੱਲਣ ਕਾਰਨ ਕਮਲੇ ਹੋ ਗਏ, ਜਿਸ ਕਾਰਨ ਅਕਾਲ ਪੁਰਖ ਨੂੰ ਕਰੋਧ ਆਇਆ ਤੇ ਸਭ ਨਾਸ਼ ਕਰ ਦਿੱਤੇ ਫਿਰ ਉਨ੍ਹਾਂ ਦੀ ਥਾਂ ਦੇਵਤੇ ਬਣਾਏ ਪਰ ਉਹ ਵੀ ਸ਼ਕਤੀ (ਮਾਇਆ) ਦੀ ਪੂਜਾ ਕਰਨ ਲੱਗ ਪਏ ਭਾਵ ਬ੍ਰਹਮਾ ਸ੍ਰਿਸ਼ਟੀ ਦਾ ਰਚੇਤਾ, ਵਿਸ਼ਨੂੰ ਰਿਜ਼ਕਦਾਤਾ ਤੇ ਸ਼ਿਵ ਮੌਤ ਦੇਣ ਵਾਲਾ ਬਣ ਗਿਆ। ਸਾਨੂੰ (ਰੱਬ ਨੂੰ) ਭੁੱਲਾ ਕੇ ਆਪ ਹੀ ਰੱਬ ਬਣ ਗਏ: ‘‘ਜਬ ਪਹਿਲੇ ਹਮ ਸ੍ਰਿਸਟ ਬਨਾਈ॥ ਦੱਈਤ ਰਚੇ ਦੁਸਟ ਦੁਖ ਦਾਈ॥ ਤੇ ਭੁਜ ਬਲ ਬਵਰੇ ਹ੍ਵੈ ਗਏ॥ ਪੂਜਤ ਪਰਮ ਪੁਰਖ ਰਹਿ ਗਏ॥੬॥ ਤੇ ਹਮ ਤਮਕਿ ਤਨਿਕ ਮੋ ਖਾਪੇ॥ ਤਿਨ ਕੀ ਠਾਉਰ, ਦੇਵਤੇ ਥਾਪੇ॥ ਤੇ ਭੀ ਬਲ ਪੂਜਾ ਉਰਝਾਏ॥ ਆਪਨ ਹੀ ਪਰਮੇਸ਼ੁਰ ਕਹਾਏ॥੭॥ ਮਹਾਂਦੇਵ ਅਚੁਤ ਕਹਵਾਯੋ॥ ਬਿਸਨ ਆਪ ਹੀ ਕੋ ਠਹਰਾਯੋ॥ ਬ੍ਰਹਮਾ ਆਪ ਪਾਰਬ੍ਰਹਮ ਬਖਾਨਾ॥ ਪ੍ਰਭ ਕੋ, ਪ੍ਰਭੂ ਨ ਕਿਨਹੂੰ ਜਾਨਾ॥੮॥’’ (ਬਚਿਤ੍ਰ ਨਾਟਕ)

(5). ਸ੍ਰਿਸ਼ਟੀ ਦੇ ਕਲਿਆਣ ਲਈ ਫਿਰ ਪ੍ਰਭੂ ਨੇ ਅੱਠ (ਸੂਰਜ, ਚੰਦ, ਧਰਤੀ, ਧਰੁਵ, ਅੱਗ, ਹਵਾ ਆਦਿ) ਗਵਾਹ ਬਣਾਏ ਇਨ੍ਹਾਂ ਨੇ ਵੀ ਆਪਣੀ ਪੂਜਾ ਕਰਵਾਈ ਤੇ ਕਿਹਾ ਹੋਰ ਕੋਈ ਰੱਬ ਨਹੀਂ: ‘‘ਤਬ ਸਾਖੀ ਪ੍ਰਭ ਅਸਟ ਬਨਾਏ॥ ਸਾਖ ਨਮਿਤ ਦੇਬੇ ਠਹਿਰਾਏ॥ ਤੇ ਕਹੈ, ਕਰੋ ਹਮਾਰੀ ਪੂਜਾ॥ ਹਮ ਬਿਨ, ਅਵਰੁ ਨ ਠਾਕੁਰੁ ਦੂਜਾ॥੯॥’’ ਪਦ ਅਰਥ: ਸਾਖੀ-ਗਵਾਹ, ਅਸਟ-ਅੱਠ, ਸਾਖ ਨਮਿਤ-ਗਵਾਹੀ ਦੇਣ ਲਈ, ਤੇ-ਉਹ।

(ਨੋਟ: ਉਕਤ ਵਿਚਾਰ ਰਾਹੀਂ ਸਪਸ਼ਟ ਹੁੰਦਾ ਹੈ ਕਿ ਅਕਾਲ ਪੁਰਖ ਤੋਂ ਵਾਰ ਵਾਰ ਗ਼ਲਤੀ ਹੁੰਦੀ ਰਹੀ ਭਾਵ ਪ੍ਰਭੂ ਭੁੱਲਣ ਅੰਦਰ ਹੈ ਜਦਕਿ ਗੁਰ ਨਾਨਕ ਸਾਹਿਬ ਜੀ ਦੇ ਵਚਨ ਹਨ ਕਿ ਗੁਰੂ ਤੇ ਪ੍ਰਮੇਸ਼ਰ ਗ਼ਲਤੀ ਨਹੀਂ ਕਰਦੇ ਭਾਵ ਧੋਖਾ ਨਹੀਂ ਖਾਂਦੇ ਤੇ ਇਨ੍ਹਾਂ ਤੋਂ ਬਿਨਾਂ ਸਭ ਗਲਤੀਆਂ ਕਰਦੇ ਰਹਿੰਦੇ ਹਨ: ‘‘ਭੁਲਣ ਅੰਦਰਿ ਸਭੁ ਕੋ; ਅਭੁਲੁ ਗੁਰੂ ਕਰਤਾਰੁ ॥’’ ਮ: ੧/੬੧)

(6). ਗੁਰਬਾਣੀ ’ਚ ਭਗਤ ਰਾਮਾਨੰਦ ਜੀ ਦਾ ਇੱਕ ਸ਼ਬਦ ਦਰਜ ਹੈ, ਜਿਸ ਰਾਹੀਂ ਭਗਤ ਜੀ ਵਚਨ ਕਰਦੇ ਹਨ ਕਿ ਅਕਾਲ ਪੁਰਖ ਹਰ ਥਾਂ ਵਿਆਪਕ ਹੈ। ਗੁਰੂ ਜੀ ਨੇ ਇਹ (ਵੇਦ ਸ਼ਾਸਤਰਾਂ ਦੁਆਰਾ ਬਣਿਆ) ਭਰਮ ਤੋੜ ਦਿੱਤਾ ਕਿ ਰੱਬ ਕੇਵਲ ਤੀਰਥਾਂ ਉੱਤੇ (ਜਲ) ਜਾਂ ਮੂਰਤੀ (ਪੱਥਰ) ’ਚ ਵੱਸਦਾ ਹੈ: ‘‘ਜਹਾ ਜਾਈਐ; ਤਹ ਜਲ ਪਖਾਨ (ਪੱਥਰ)॥ ਤੂ ਪੂਰਿ ਰਹਿਓ ਹੈ; ਸਭ ਸਮਾਨ ॥ ਬੇਦ ਪੁਰਾਨ ਸਭ ਦੇਖੇ ਜੋਇ ॥ ਊਹਾਂ ਤਉ ਜਾਈਐ; ਜਉ ਈਹਾਂ ਨ ਹੋਇ ॥’’ (ਭਗਤ ਰਾਮਾਨੰਦ ਜੀ/੧੧੯੫), ਪਰ ਬਚਿਤ੍ਰ ਨਾਟਕ ’ਚ ਰਾਮਾਨੰਦ ਜੀ ਨੂੰ ਕੁਰਾਹੇ ਪਿਆ ਵਿਖਾਇਆ ਗਿਆ ਹੈ ਭਾਵ ਰੱਬ ਨੇ ਫਿਰ ਗਲਤੀ ਕੀਤੀ ਕਿ ਰਾਮਾਨੰਦ ਬਣਾ ਦਿੱਤਾ ਤੇ ਉਸ ਨੇ ਮੇਰਾ (ਰੱਬ ਦਾ) ਨਾਮ ਨਾ ਜਪ ਕੇ ਕੁਰਾਹੇ ਪੈ ਗਿਆ: ‘‘ਪੁਨਿ ਹਰਿ ਰਾਮਾਨੰਦ ਕੋ ਕਰਾ॥ ਭੇਸ ਬੈਰਾਗੀ ਕੋ ਜਿਨ ਧਰਾ॥ ਕੰਠੀ ਕੰਠਿ ਕਾਠ ਕੀ ਡਾਰੀ॥ ਪ੍ਰਭ ਕੀ ਕ੍ਰਿਆ ਨ ਕਛੂ ਬਿਚਾਰੀ॥੨੫॥’’ ਇਨ੍ਹਾਂ ਨੂੰ ਪੈਦਾ ਕਰਨ ਉਪਰੰਤ ਵੀ ਪ੍ਰਭੂ ਨੇ ਹੋਰ ਕਈ ਪਰਮ ਪੁਰਖ ਪੈਦਾ ਕੀਤੇ ਪਰ ਸਾਰੇ ਹੀ ਗ਼ਲਤ ਰਾਹ ਪੈਂਦੇ ਗਏ ਅਤੇ ਮੇਰਾ ਸਤਿ ਨਾਮ ਨਹੀਂ ਜਪਿਆ: ‘‘ਜੇ ਜੇ, ਪ੍ਰਭੁ ਪਰਮ ਪੁਰਖ ਉਪਜਾਏ॥ ਤਿਨ ਤਿਨ, ਅਪਨੇ ਰਾਹ ਚਲਾਏ॥ ਮਹਾਦੀਨ ਤਬ ਪ੍ਰਭ ਉਪਰਾਜਾ॥ ਅਰਬ ਦੇਸ ਕੋ ਕੀਨੋ ਰਾਜਾ॥੨੬॥ ਤਿਨ ਭੀ ਏਕ ਪੰਥ ਉਪਰਾਜਾ॥ ਲਿੰਗ ਬਿਨਾ, ਕੀਨੇ ਸਭ ਰਾਜਾ॥ ਸਭ ਤੇ, ਅਪਨਾ ਨਾਮ ਜਪਾਯੋ॥ ਸਤਿ ਨਾਮੁ ਕਾਹੂ ਨ ਦ੍ਰਿੜਾਯੋ॥੨੭॥’’ ਪਦ ਅਰਥ: ਮਹਾਦੀਨ- ਹਜ਼ਰਤ ਮੁਹੰਮਦ, ਲਿੰਗ ਬਿਨਾ-ਸੁੰਨਤਧਾਰੀ, ਸੁੰਨੀ ਮੁਸਲਮਾਨ।

(7). ਉਕਤ ਚੱਲ ਰਹੇ ਪ੍ਰਸੰਗ ’ਚ ਅਗਾਂਹ ਗੁਰੂ ਗੋਬਿੰਦ ਸਿੰਘ ਜੀ (ਆਪਣੀ ਕਥਾ ਮੁਤਾਬਕ) ਵਰਣਨ ਕਰ ਰਹੇ ਹਨ ਕਿ ਫਿਰ ਹਰੀ ਨੇ (ਹੇਮਕੁੰਟ ਪਰਬਤ ਹੈ ਜਹਾਂ॥) ਉੱਥੋਂ ਤਪੱਸਿਆ ਕਰਦੇ ਨੂੰ ਮੈਨੂੰ ਬੁਲਾ ਕੇ ਇਸ ਮਾਤ ਲੋਕ ’ਚ (ਧਰਤੀ ’ਤੇ) ਭੇਜਿਆ: ‘‘ਤਪ ਸਾਧਤ, ਹਰਿ ਮੋਹਿ ਬੁਲਾਯੋ॥ ਇਮ ਕਹਿ ਕੈ, ਇਹ ਲੋਕ ਪਠਾਯੋ॥28॥’’

ਦੂਸਰੇ ਪਾਸੇ ਇਨ੍ਹਾਂ ਦੇ ਪਿਤਾ (ਗੁਰੂ ਤੇਗ ਬਹਾਦਰ ਸਾਹਿਬ) ਜੀ ਵੀ ਪੁੱਤਰ ਲਾਲਸਾ ਲਈ ਭਾਂਤ-ਭਾਂਤ ਦੇ ਤੀਰਥ ਇਸ਼ਨਾਨ ਕਰਦੇ ਫਿਰਦੇ ਸਨ, ਪਰ ਜਦ ਹੀ ਉਨ੍ਹਾਂ ਨੇ ਤ੍ਰਿਬੇਣੀ (ਪ੍ਰਯਾਗ) ਜਾ ਤੇ ਤੀਰਥ ਇਸ਼ਨਾਨ ਤੇ ਪੁੰਨ-ਦਾਨ ਕੀਤਾ, ਉਸੇ ਸਮੇਂ ਅਸੀਂ (ਗੁਰੂ ਗੋਬਿੰਦ ਸਿੰਘ ਨੇ) ਪਟਨਾ ਸ਼ਹਿਰ ਵਿਖੇ ਉਨ੍ਹਾਂ ਦੇ ਗ੍ਰਹਿ ਜਨਮ ਧਾਰ ਲਿਆ: ‘‘ਮੁਰ ਪਿਤ ਪੂਰਬ ਕੀਯਸਿ ਪਯਾਨਾ॥ ਭਾਂਤਿ ਭਾਂਤਿ ਦੇ ਤੀਰਥ ਨ੍ਹਾਨਾ॥ ਜਬ ਹੀ ਜਾਤ ਤ੍ਰਿਬੇਣੀ ਭਏ॥ ਪੁੰਨ ਦਾਨ ਦਿਨ ਕਰਤ ਬਿਤਏ॥੧॥ ਤਹੀ ਪ੍ਰਕਾਸ਼ ਹਮਾਰਾ ਭਯੋ॥ ਪਟਨਾ ਸਹਰ ਬਿਖੈ ਭਵ ਲਯੋ॥’’

(ਨੋਟ: ਉਕਤ ਕੀਤੀ ਜਾ ਰਹੀ ਤਮਾਮ ਵਿਚਾਰ; ਗੁਰੂ ਦੀ ਉਪਮਾ ਹੈ ਜਾਂ ਗੁਰੂ ਦੀ ਨਿੰਦਾ ? ਕੀ ਇਹੀ ਸਭ ਸੁਣਨ ਲਈ ਅਸੀਂ ਹਰ ਸਾਲ ਗੁਰ ਪੁਰਬ ਮਨਾਉਂਦੇ ਹਾਂ ਅਤੇ ਲੱਖਾਂ ਰੁਪਇਆਂ ਸਮੇਤ ਕੀਮਤੀ ਸਮਾਂ ਬਰਬਾਦ ਕਰਦੇ ਹਾਂ ? ਸਾਡੇ ਸਿੱਖ ਪ੍ਰਚਾਰਕ (ਕੀਰਤਨੀਏ, ਕਥਾ ਵਾਚਕ, ਢਾਡੀ ਆਦਿ) ਸਾਨੂੰ ਇਹੀ ਸਭ ਸੁਣਾਉਂਦੇ ਹਨ, ਜਿਸ ਬਦਲੇ ਅਸੀਂ ਆਪਣੀ ਮਿਹਨਤ ਦੀ ਕਮਾਈ ਵਿੱਚੋਂ ਉਨ੍ਹਾਂ ਨੂੰ ਭੇਟਾ ਵੀ ਦਿੰਦੇ ਹਾਂ।

ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਗ੍ਰਹਿ ਪੁੱਤਰ ਦੀ ਤਮੰਨਾ ਪਾਲ਼ੀ, ਜਿਸ ਨੂੰ ਸਫਲ ਬਣਾਉਣ ਲਈ ਤੀਰਥ ਇਸ਼ਨਾਨ ਕਰਨੇ ਪਏ ਤੇ ਪੁੰਨ-ਦਾਨ ਵੀ ਕੀਤੇ, ਪਰ ਗੁਰਬਾਣੀ ਅਜਿਹੇ ਫੋਕਟ ਕਰਮਾਂ ਬਾਰੇ ਵਚਨ ਕਰਦੀ ਹੈ: ‘‘ਤੀਰਥ ਨਾਵਾ, ਜੇ ਤਿਸੁ ਭਾਵਾ, ਵਿਣੁ ਭਾਣੇ ਕਿ ਨਾਇ ਕਰੀ ?॥, ਤੀਰਥੁ ਤਪੁ ਦਇਆ ਦਤੁ ਦਾਨੁ॥ ਜੇ ਕੋ ਪਾਵੈ ਤਿਲਕਾ ਮਾਨੁ॥ (ਮ: ੧), ਤੀਰਥ ਨਾਇ ਅਰੁ ਧਰਨੀ ਭ੍ਰਮਤਾ, ਆਗੈ ਠਾਉਰ ਨਾ ਪਾਵੈ॥ ਊਹਾ ਕਾਮਿ ਨ ਆਵੈ ਇਹ ਬਿਧਿ, ਓਹੁ ਲੋਗਨ ਹੀ ਪਤੀਆਵੈ॥ (ਮ:੫/੨੧੬), ਤਟਿ ਤੀਰਥਿ ਦਿਸੰਤਰਿ ਭਵੈ ਅਹੰਕਾਰੀ, ਹੋਰੁ ਵਧੇਰੇ ਹਉਮੈ ਮਲੁ ਲਾਵਣਿਆ॥ (ਮ: ੩/੧੧੬), ਪੂਜਾ ਵਰਤ ਤਿਲਕ ਇਸਨਾਨਾ, ਪੁੰਨ ਦਾਨ ਬਹੁ ਦੈਨ॥ ਕਹੂੰ ਨ ਭੀਜੈ ਸੰਜਮ ਸੁਆਮੀ, ਬੋਲਹਿ ਮੀਠੇ ਬੈਨ॥ (ਮ: ੫/੬੭੪), ਗੁਰ ਸਮਾਨਿ ਤੀਰਥੁ ਨਹੀ ਕੋਇ ॥’’ (ਮ: ੧/੧੩੨੮)

ਦਸਮੇਸ਼ ਪਿਤਾ ਜੀ ਖ਼ੁਦ ਅਕਾਲ ਉਸਤਤਿ ਵਿੱਚ ਫੁਰਮਾਨ ਕਰਦੇ ਹਨ: ‘‘ਤੀਰਥ, ਦਾਨ, ਦਇਆ ਤਪ ਸੰਜਮ, ਏਕ ਬਿਨਾਂ, ਨਹਿ ਏਕ ਪਛਾਨੈ॥’’, ਆਦਿ।)

ਸੋ, ਜਿਸ ਗੁਰ ਪੁਰਬ ’ਤੇ ਨਿਰੋਲ ਗੁਰਮਤਿ ਦਾ ਪ੍ਰਚਾਰ ਹੋਣਾ ਚਾਹੀਦਾ ਹੈ, ਉੱਥੇ ਬਿਨਾਂ ਸੋਚਿਆਂ ਸਮਝਿਆਂ ਗੁਰਮਤਿ ਨੂੰ ਨੁਕਸਾਨ ਵੀ ਪਹੁੰਚਾਈਏ ਤਾਂ ਗੁਰੂ ਅੰਗਦ ਸਾਹਿਬ ਜੀ ਦੇ ਵਚਨਾਂ ਮੁਤਾਬਕ ‘‘ਹੋਇ ਇਆਣਾ, ਕਰੇ ਕੰਮੁ; ਆਣਿ ਨ ਸਕੈ ਰਾਸਿ ॥ ਜੇ ਇਕ ਅਧ ਚੰਗੀ ਕਰੇ; ਦੂਜੀ ਭੀ ਵੇਰਾਸਿ ॥ (ਮ: ੨/੪੭੪) ਵਾਲੀ ਦਸ਼ਾ ਬਣ ਜਾਂਦੀ ਹੈ, ਜੋ ਕੌਮ ’ਚ ਦੁਬਿਧਾ ਨੂੰ ਜਨਮ ਦਿੰਦੀ ਹੈ। ਇਸੇ ਦਾ ਨਤੀਜਾ ਅੱਜ ਅਸੀਂ ਭੋਗ ਰਹੇ ਹਾਂ। 

ਸਾਡੇ ਪ੍ਰਚਾਰਕਾਂ, ਕੀਰਤਨੀਏ ਅਤੇ ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਉਹ ਘੱਟੋ ਘੱਟ ਇੱਕ ਵਾਰ ਸੰਪੂਰਨ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਟੀਕਾ ‘ਸ਼੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਕ੍ਰਿਤ ਪ੍ਰੋ: ਸਾਹਿਬ ਸਿੰਘ ਨੂੰ ਵਿਚਾਰਨ ਉਪਰੰਤ ਹੀ ‘ਦਸਮ ਗਰੰਥ’ ਦਾ ਟੀਕਾ ਪੜ੍ਹਨ ਜਾਂ ਘੱਟ ਤੋਂ ਘੱਟ ਸਿੱਖ ਮਿਸ਼ਨਰੀ ਕਾਲਜ (ਲੁਧਿਆਣਾ) ਵਲੋਂ ਪ੍ਰਕਾਸ਼ਤ ਦੋ ਛੋਟੀਆਂ ਜਿਹੀਆਂ ਪੁਸਤਕਾਂ ‘33 ਸਵੱਈਏ ਸਟੀਕ’ ਤੇ ‘ਦਸਮੇਸ਼ ਪਿਤਾ ਵੱਲੋਂ ਨਿਬੇੜਾ’ ਅਕਾਲ ਉਸਤਤਿ ਵਿੱਚੋਂ 20 ਕਬਿਤਾਂ ਦੀ ਵਿਆਖਿਆ ਜ਼ਰੂਰ ਪੜ੍ਹ ਲੈਣ, ਤਾਂ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਮ ਨੂੰ ਢਾਹ ਲਾਉਣ ਵਾਲੇ ਬਚਿਤ੍ਰ ਨਾਟਕ ਦੀ ਅਸਲੀਅਤ ਸਮਝ ਆ ਸਕੇ, ਕਿਉਂਕਿ ਅਗਰ ਗੁਰੂ ਕ੍ਰਿਪਾ ਨਾਲ ਇਨ੍ਹਾਂ ਪ੍ਰਚਾਰਕਾਂ ਨੂੰ ਸਮਝ ਆ ਗਈ ਤਾਂ ਨਿਰੋਲ ਗੁਰਮਤਿ ਦਾ ਪ੍ਰਚਾਰ ਤੇ ਪ੍ਰਸਾਰ ਆਪਣੇ ਆਪ ਹੋਣਾ ਸ਼ੁਰੂ ਹੋ ਜਾਵੇਗਾ। ਗੁਰਮਤਿ ਦੇ ਧਾਰਨੀ ਜਿਨ੍ਹਾਂ ਜਾਗਰੂਕ ਸਿੱਖਾਂ ਨੂੰ ਇਸ ਦੀ ਸਮਝ ਆ ਚੁੱਕੀ ਹੈ, ਉਨ੍ਹਾਂ ਨੂੰ ਵੀ ਬੇਨਤੀ ਹੈ ਕਿ ਉਹ ਇਨ੍ਹਾਂ ਵਿਚਾਰਾਂ ਨੂੰ ਵੱਧ ਤੋਂ ਵੱਧ ਕੀਰਤਨੀਏ, ਪ੍ਰਚਾਰਕਾਂ ਅਤੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਪੜ੍ਹਾਉਣ ਤੇ ਬੇਨਤੀ ਕਰਨ ਕਿ ਆਉਣ ਵਾਲੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਸਮੇਂ ਬਚਿਤ੍ਰ ਨਾਟਕ ’ਚੋਂ ਕੀਰਤਨ ਕਰਨ ਦੀ ਥਾਂ ਉਹ ਨਿਰੋਲ ‘ਗੁਰੂ ਗਰੰਥ ਸਾਹਿਬ’ ਜੀ ਦੀ ਬਾਣੀ ਵਿੱਚੋਂ ਧਾਰਨਾ ਲਾਇਆ ਕਰਨ।

ਸਿੱਖ ਕੌਮ ’ਚ ਸਮਝਦਾਰ ਸਿੱਖਾਂ ਦੀ ਅਜਿਹੀ ਸਥਿਤੀ ਬਣਾਈ ਜਾ ਰਹੀ ਹੈ ਕਿ ਅਗਰ ਕੋਈ ‘ਬਚਿਤ੍ਰ ਨਾਟਕ’ ਵਿਸ਼ੇ ਨੂੰ ਗੁਰਬਾਣੀ ਦੀ ਰੌਸ਼ਨੀ ’ਚ ਵਿਚਾਰਨ ਦਾ ਯਤਨ ਕਰਦਾ ਹੈ ਤਾਂ ਉਸ ਨੂੰ ‘ਦਸਮ ਗ੍ਰੰਥ’ ਦਾ ਵਿਰੋਧੀ ਐਲਾਨ ਕੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ (ਸ਼ਖ਼ਸੀਅਤ) ਤੋਂ ਆਕੀ ਘੋਸ਼ਤ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਮੁਤਾਬਕ ‘ਬਚਿਤ੍ਰ ਨਾਟਕ’ ਦਾ ਵਿਰੋਧ; ‘ਜਾਪ, ਸਵੱਈਏ’ (ਅਕਾਲ ਉਸਤਤ) ਵਰਗੀਆਂ ਗੁਰਮਤਿ ਅਨੁਸਾਰੀ ਰਚਨਾਵਾਂ ਦਾ ਵਿਰੋਧ ਹੈ, ਜੋ ਕਿ ਸਿੱਖਾਂ ਲਈ ਅੰਮ੍ਰਿਤ ਸੰਚਾਰ ਤੇ ਨਿਤਨੇਮ ਦੀਆਂ ਬਾਣੀਆਂ ਹਨ।

ਸੰਪੂਰਨ ਦਸਮ ਗ੍ਰੰਥ ਦੀ ਕ੍ਰਿਤ ਨੂੰ ਦਸਮੇਸ਼ ਬਾਣੀ ਸਾਬਤ ਕਰਨ ਦੀ ਜ਼ਿੱਦ ਵਾਲੀਆਂ ਸ਼ਕਤੀਆਂ ਸਿੱਖਾਂ ’ਚ ‘ਸ਼ੀਆ-ਸੁੰਨੀ’ (ਮੁਸਲਮਾਨਾਂ) ਵਾਂਗ ਜਾਂ ਜਿਵੇਂ ਈਸਾਈਆਂ ਦੀਆਂ ਤਿੰਨ ਸ਼੍ਰੇਣੀਆ ਬਣ ਚੁੱਕੀਆਂ ਹਨ:

(1). ਗ੍ਰੀਕ ਚਰਚ ਨੂੰ ਮੰਨਣ ਵਾਲੇ।

(2). ਰੋਮਨ ਕੈਥੋਲਿਕ ਚਰਚ ਨੂੰ ਮੰਨਣ ਵਾਲੇ।

(3). ਪ੍ਰੋਟੈਸਟੈਂਟ ਚਰਚ ਨੂੰ ਮੰਨਣ ਵਾਲਿਆਂ ਵਾਂਗ ਵੰਡੀਆਂ ਪਾ ਕੇ ‘‘ਏਕੁ ਪਿਤਾ ਏਕਸ ਕੇ ਹਮ ਬਾਰਿਕ.. ॥’’ (ਮ: ੫/੬੧੧) ਸਿਧਾਂਤ ਨੂੰ ਖ਼ਤਮ ਕਰਨਾ ਚਾਹੁੰਦੀਆਂ ਹਨ, ਜਿਸ ਨੂੰ ਮੰਦਭਾਗੀ ਸੋਚ ਹੀ ਕਿਹਾ ਜਾਵੇਗਾ।

ਸਿੱਖਾਂ ਦੁਆਰਾ ਨਿਰਧਾਰਿਤ ਕੀਤੀ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਹੈ ਕਿ ਧਰਮ ਨੂੰ ਰਾਜਨੀਤਿਕ ਪ੍ਰਭਾਵ ਤੋਂ ਮੁਕਤ ਕਰਨ ਲਈ ਵਿਦਵਾਨਾਂ ਦਾ ਪੈੱਨਲ ਬਣਾ ਕੇ ਇਸ ਅਤਿ ਨਾਜ਼ਕ ਸਮੱਸਿਆ ਦਾ ਪਹਿਲ ਦੇ ਅਧਾਰ ’ਤੇ ਹੱਲ ਲੱਭੇ, ਜੋ ਦਿਨੋ ਦਿਨ ਪੇਚੀਦਾ ਮਸਲਾ ਬਣਦਾ ਜਾ ਰਿਹਾ ਹੈ। ਜਿਸ ਤਰ੍ਹਾਂ ਇਸ ਲੇਖ ’ਚ ਕੀਤੀ ਗਈ ਵਿਚਾਰ ਮੁਤਾਬਕ ਗੁਰਬਾਣੀ ਤੇ ਬਚਿਤ੍ਰ ਨਾਟਕ ’ਚ ਸਿਧਾਂਤਿਕ ਵਿਰੋਧਾਭਾਸ ਸਾਮ੍ਹਣੇ ਆਉਂਦਾ ਹੈ, ਉਸੇ ਤਰ੍ਹਾਂ ਤਰਤੀਬ ਅਨੁਸਾਰ ਵਿਚਾਰੇ ਜਾ ਰਹੇ ਇਸ ਪ੍ਰਸੰਗ (ਜੀਵਨ ਯਾਤਰਾ ਅਤੇ ਉਪਦੇਸ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ) ਦੀ ਅਗਲੀ ਤੇ ਅੰਤਿਮ ਲੜੀ ’ਚ ਗੁਰੂ ਇਤਿਹਾਸ (ਗੁਰ ਪੁਰਬਾਂ ਦੀਆਂ ਤਾਰੀਖ਼ਾਂ) ’ਚ ਪਾਏ ਜਾ ਰਹੇ ਭਰਮ-ਭੁਲੇਖੇ ਨੂੰ ਵੀ ਦੂਰ ਕਰਨ ਦਾ ਯਤਨ ਕੀਤਾ ਜਾਵੇਗਾ।

—–ਚਲਦਾ——