ਸਿਰਮੌਰ ਭਗਤ ‘ਭਗਤ ਰਵਿਦਾਸ ਜੀ’
ਗਿਆਨੀ ਅਵਤਾਰ ਸਿੰਘ
ਇੱਕ ਮਹਾਂ ਪੁਰਸ਼ ਦੀ ਸਮੁੱਚੀ ਜ਼ਿੰਦਗੀ ਅਤੇ ਸੋਚ ਨੂੰ ਦੂਜਾ ਬੰਦਾ ਹੂਬਹੂ ਨਹੀਂ ਪ੍ਰਗਟਾਅ ਸਕਦਾ ਭਾਵੇਂ ਕਿ ਸਮਾਜਕ ਹਿਤ ਲਈ ਇਹ ਕਾਰਜ ਕਰਨਾ ਬੜਾ ਜ਼ਰੂਰੀ ਹੁੰਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਤੋਂ ਪਹਿਲਾਂ ਸਮਾਜਕ ਜ਼ਿੰਦਗੀ ਭੋਗ ਚੁੱਕੇ ਅਜਿਹੇ ਹੀ ਕੁਝ ਮਹਾਂ ਪੁਰਸ਼ਾਂ ਦੀ ਰਚਨਾ ਨੂੰ ਗੁਰਬਾਣੀ ’ਚ ਦਰਜ ਕਰਕੇ ਰਹਿੰਦੀ ਦੁਨੀਆ ਤੱਕ ਸੰਭਾਲਣ ਦਾ ਸਾਹਸ ਜੁਟਾਟਿਆ ਹੈ ਤਾਂ ਜੋ ਉਨ੍ਹਾਂ ਸਮਾਜ ਲਈ ਕੀਮਤੀ ਬਚਨਾਂ ’ਚ ਮਿਲਾਵਟ ਕਰ ਕੇ ਕੋਈ ਗੁਮਰਾਹ ਨਾ ਕਰ ਸਕੇ। ਅਜਿਹੇ ਹੀ ਇੱਕ ਮਹਾਂ ਪੁਰਸ਼ ਹਨ ‘ਭਗਤ ਰਵੀਦਾਸ ਜੀ’।
ਭਗਤ ਰਵਿਦਾਸ ਜੀ ਦੇ ਪਿਤਾ ਦਾ ਨਾਂ ਬਾਬਾ ਸੰਤੋਖ ਦਾਸ ਅਤੇ ਮਾਤਾ ਕਲਸਾਂ ਦੇਵੀ ਜੀ ਸਨ (ਕੁਝ ਇਤਿਹਾਸਕਾਰਾਂ ਨੇ ਪਿਤਾ ਦਾ ਨਾਂ ਰਘੂ ਰਾਇ ਵੀ ਲਿਖਿਆ ਹੈ), ਭਗਤ ਜੀ ਦਾ ਜਨਮ ਸੰਨ 1376 ਵਿੱਚ ਅਤੇ ਸੰਸਾਰਕ ਯਾਤਰਾ ਸੰਨ 1491 ’ਚ ਪੂਰੀ ਕਰ ਗਏ ਸਨ ਭਾਵ ਕੁੱਲ ਉਮਰ 115 ਸਾਲ ਸੀ। ਇਨ੍ਹਾਂ ਦੀ ਸੁਪਤਨੀ ਦਾ ਨਾਂ ਬੀਬੀ ਲੋਨਾ ਜੀ ਤੇ ਇੱਕ ਸਪੁੱਤਰ ਵਿਜੈ ਦਾਸ ਜੀ ਸਨ। ਜਨਮ ਸਥਾਨ ਬਨਾਰਸ (ਯੂ. ਪੀ.) ਵਿੱਚ (ਮੰਨੀ ਜਾਂਦੀ ਅਖੌਤੀ ਚਮਿਆਰ ਜਾਤੀ ’ਚ) ਹੋਇਆ ਭਾਵੇਂ ਕਿ ਇਹ ਸ਼੍ਰੇਣੀ ਹਿੰਦੂਆਂ ਦੀ ਹੀ ਇੱਕ ਜਮਾਤ ਹੈ, ਪਰ ਇਨ੍ਹਾਂ ਨੂੰ ਰੱਬੀ ਉਸਤਤਿ ਕਰਨ ਦਾ ਅਧਿਕਾਰ ਨਹੀਂ ਕਿਉਂਕਿ ਰਿਗਵੇਦ ਅਨੁਸਾਰ ਚਮਿਆਰ (ਸ਼ੂਦਰ) ਦਾ ਜਨਮ ਬ੍ਰਹਮਾ ਦੇ ਪੈਰਾਂ ’ਚੋਂ ਹੋਇਆ ਹੈ। ਇਸ ਦਾ ਧਰਮ ਕੇਵਲ ਉੱਚ ਜਾਤੀ (ਵੈਸ਼, ਖਤ੍ਰੀ ਤੇ ਬ੍ਰਾਹਮਣ) ਦੀ ਸੇਵਾ ਕਰਨਾ ਹੀ ਹੈ।
ਜਿਵੇਂ ਗੁਰੂ ਅਰਜਨ ਸਾਹਿਬ ਜੀ; ਬਿਨਾਂ ਭੇਦ-ਭਾਵ ਸਮੁੱਚੀ ਮਨੁੱਖਤਾ ਨੂੰ ਸਾਂਝਾ ਰੱਬੀ ਪੈਗ਼ਾਮ ਦਿੰਦੇ ਹਨ, ‘‘ਖਤ੍ਰੀ, ਬ੍ਰਾਹਮਣ, ਸੂਦ, ਵੈਸ; ਉਪਦੇਸੁ ਚਹੁ ਵਰਨਾ ਕਉ ਸਾਝਾ ॥ ਗੁਰਮੁਖਿ ਨਾਮੁ ਜਪੈ, ਉਧਰੈ ਸੋ ਕਲਿ ਮਹਿ; ਘਟਿ ਘਟਿ ਨਾਨਕ ਮਾਝਾ ॥ (ਮਹਲਾ ੫/੭੪੮) ਵੈਸੇ ਹੀ ਬਚਨ ਭਗਤ ਰਵਿਦਾਸ ਜੀ ਦੇ ਹਨ, ‘‘ਬ੍ਰਹਮਨ, ਬੈਸ, ਸੂਦ ਅਰੁ ਖੵਤ੍ਰੀ; ਡੋਮ, ਚੰਡਾਰ, ਮਲੇਛ ਮਨ ਸੋਇ ॥ ਹੋਇ ਪੁਨੀਤ, ਭਗਵੰਤ ਭਜਨ ਤੇ; ਆਪੁ ਤਾਰਿ ਤਾਰੇ ਕੁਲ ਦੋਇ ॥’’ (ਭਗਤ ਰਵਿਦਾਸ ਜੀ/੮੫੮) ਭਗਤ ਜੀ ਬਚਪਨ ਤੋਂ ਹੀ ਇਸ ਹੀਣ (ਜਾਤੀ) ਭਾਵਨਾ ਦੇ ਸ਼ਿਕਾਰ ਰਹੇ ਪਰ ਚੰਗੇ ਭਾਗਾਂ ਕਾਰਨ ਸਮਰੱਥ ਗੁਰੂ (ਰਾਮਾਨੰਦ) ਜੀ ਦਾ ਮਿਲਾਪ ਹੋ ਗਿਆ, ‘‘ਪਰਮ ਪਰਸ ਗੁਰੁ ਭੇਟੀਐ; ਪੂਰਬ ਲਿਖਤ ਲਿਲਾਟ ॥’’ (ਭਗਤ ਰਵਿਦਾਸ ਜੀ/੩੪੬)
ਰਾਮਾਨੰਦ ਜੀ ਦਾ ਜਨਮ ਵੀ ਪ੍ਰਯਾਗ (ਯੂ. ਪੀ.) ’ਚ ਹੀ ਸੰਨ 1366 ’ਚ ਇੱਕ ਬ੍ਰਾਹਮਣ ਪਰਿਵਾਰ (ਪਿਤਾ ਭੂਰਿਕਰਮਾ ਜੀ ਤੇ ਮਾਤਾ ਸੁਸ਼ੀਲਾ ਜੀ) ਦੇ ਘਰ ਹੋਇਆ ਪਰ ਆਪ ਪੰਡਿਤਾਈ (ਉੱਚੀ ਜਾਤੀ) ਭਰਮ ਤੋਂ ਬਿਲਕੁਲ ਨਿਰਮਲ ਸਨ। ਜਾਤ-ਪਾਤ ਭਰਮ ਦੀ ਜਨਨੀ ਬਨਾਰਸ ਰਹੀ ਹੈ ਜਦਕਿ ਇੱਥੇ ਹੀ ਮੰਨੀ ਜਾਂਦੀ ਨੀਵੀਂ ਜਾਤ ਦੇ ਸਿਰਮੌਰ ਭਗਤ ਕਬੀਰ ਜੀ, ਭਗਤ ਰਵੀਦਾਸ ਜੀ, ਭਗਤ ਧੰਨਾ ਜੀ ਆਦਿ ਵਿਚਾਰ-ਵਟਾਂਦਰੇ ਕਰਦੇ ਰਹੇ, ਇਨ੍ਹਾਂ ਦੇ ਓਹੀ ਅੰਮ੍ਰਿਤਮਈ ਬਚਨ ‘ਗੁਰੂ ਗ੍ਰੰਥ ਸਾਹਿਬ ਜੀ’ ਵਿੱਚ ਦਰਜ ਹਨ।
ਜਿਸ ਅੰਦਰ ਰੱਬੀ ਤੜਫ-ਤਾਂਘ ਹੋਵੇ, ਉਹ ਯੋਗ ਗੁਰੂ ਦੀ ਤਲਾਸ਼ ਕਰਦਾ ਹੈ ਭਾਵੇਂ ਕਿ ਕਈ ਅਖੌਤੀ ਗੁਰੂ ਵੀ ਰਾਹ ’ਚ ਆ ਟਪਕਦੇ ਹਨ; ਜਿਵੇਂ ਕਿ ਭੱਟ ਭਿੱਖਾ ਜੀ ਬਿਆਨ ਕਰਦੇ ਹਨ, ‘‘ਬਰਸੁ ਏਕੁ ਹਉ ਫਿਰਿਓ; ਕਿਨੈ ਨਹੁ ਪਰਚਉ ਲਾਯਉ ॥ ਕਹਤਿਅਹ ਕਹਤੀ ਸੁਣੀ; ਰਹਤ ਕੋ ਖੁਸੀ ਨ ਆਯਉ ॥’’ (ਭਟ ਭਿਖਾ/੧੩੯੬), ਅਜਿਹੇ ਹੀ ਬਚਨ ਭਗਤ ਰਵਿਦਾਸ ਜੀ ਕਰਦੇ ਹਨ, ‘‘ਕਹੀਅਤ ਆਨ, ਅਚਰੀਅਤ ਅਨ; ਕਛੁ ਸਮਝ ਨ ਪਰੈ, ਅਪਰ ਮਾਇਆ ॥’’ (ਭਗਤ ਰਵਿਦਾਸ ਜੀ/੬੫੮) ਭਾਵ ਮਾਇਆ ਇੰਨੀ ਬਲਵਾਨ ਹੈ ਕਿ ਧਰਮੀ ਬੰਦੇ ਦੇ ਵੀ ਕਥਨੀ ਤੇ ਕਰਨੀ ’ਚ ਅੰਤਰ ਹੁੰਦਾ ਵੇਖਿਆ ਹੈ, ਜਿਸ ਕਾਰਨ ਆਪਣੀ ਮੰਜ਼ਲ ਵੱਲ ਨਾ ਵਧ ਸਕੇ, ‘‘ਅਨਿਕ ਜਤਨ ਨਿਗ੍ਰਹ ਕੀਏ; ਟਾਰੀ ਨ ਟਰੈ ਭ੍ਰਮ ਫਾਸ ॥ ਪ੍ਰੇਮ ਭਗਤਿ ਨਹੀ ਊਪਜੈ; ਤਾ ਤੇ ਰਵਿਦਾਸ ਉਦਾਸ ॥’’ (ਭਗਤ ਰਵਿਦਾਸ ਜੀ/੩੪੬)
ਭਗਤ ਰਵਿਦਾਸ ਜੀ ਦੇ ਕੁੱਲ 40 ਸ਼ਬਦ; 16 ਰਾਗਾਂ ’ਚ ਦਰਜ ਹਨ, ਇਨ੍ਹਾਂ ਰਾਹੀਂ ਭਗਤ ਜੀ ਦਾ ਜੀਵਨ ਸਾਡੇ ਸਾਮ੍ਹਣੇ ਆ ਜਾਂਦਾ ਹੈ; ਜਿਵੇਂ ਕਿ
(1). ‘‘ਨਾਗਰ ਜਨਾਂ ! ਮੇਰੀ ਜਾਤਿ ਬਿਖਿਆਤ ਚੰਮਾਰੰ ॥’’ (ਭਗਤ ਰਵਿਦਾਸ ਜੀ/੧੨੯੩) ਭਾਵ ਹੇ ਨਗਰ ਦੇ ਲੋਕੋ ! ਮੇਰੀ ਜਾਤ ਬਿਖਿਆਤ (ਭਾਵ ਮੰਨੀ ਜਾਂਦੀ) ਚਮਿਆਰ ਹੈ।
(2). ‘‘ਮੇਰੀ ਜਾਤਿ ਕੁਟ ਬਾਂਢਲਾ, ਢੋਰ ਢੋਵੰਤਾ; ਨਿਤਹਿ ਬਾਨਾਰਸੀ ਆਸ ਪਾਸਾ ॥’’ (ਭਗਤ ਰਵਿਦਾਸ ਜੀ/੧੨੯੩) ਭਾਵ ਮੇਰੀ ਜਾਤੀ ਦੇ ਲੋਕ ਬਨਾਰਸ ਦੇ ਆਸ ਪਾਸ ਮਰੇ ਹੋਏ ਪਸ਼ੂ ਚੁੱਕਦੇ ਹਨ ਤੇ ਉਨ੍ਹਾਂ ਦੇ ਚੰਮ ਨੂੰ ਨਿੱਤ ਕੁੱਟਣ-ਵੱਢਣ ਦਾ ਕੰਮ ਕਰਦੇ ਹਨ।
ਭਗਤ ਰਵਿਦਾਸ ਜੀ ਬਿਬੇਕਤਾ ਨੂੰ ਆਪਣਾ ਮਾਰਗ-ਦਰਸ਼ਕ ਮੰਨਦੇ ਹਨ, ‘‘ਦੁਲਭ ਜਨਮੁ ਪੁੰਨ ਫਲ ਪਾਇਓ; ਬਿਰਥਾ ਜਾਤ ਅਬਿਬੇਕੈ ॥ (ਭਗਤ ਰਵਿਦਾਸ ਜੀ/੬੫੮), ਮਾਧੋ ! ਅਬਿਦਿਆ ਹਿਤ ਕੀਨ ॥ ਬਿਬੇਕ ਦੀਪ ਮਲੀਨ ॥’’ (ਭਗਤ ਰਵਿਦਾਸ ਜੀ/੪੮੬) ਭਾਵ ਹੇ ਮਾਇਆ ਦੇ ਪਤੀ ! ਸਮਾਜਕ ਜੀਵਾਂ ਨੇ ਅਗਿਆਨਤਾ ਨਾਲ ਪਿਆਰ ਪਾਇਆ ਹੈ, ਜਿਸ ਕਾਰਨ ਬਿਬੇਕ ਰੂਪ ਦੀਵਾ ਧੁੰਦਲ਼ਾ ਗਿਆ ਭਾਵ ਮੈਲ਼ਾ ਹੋ ਗਿਆ ਹੈ, ਜੋ ਚੰਗੇ ਮੰਦੇ ਦੀ ਪਰਖ ਕਰਨਯੋਗ ਨਾ ਰਿਹਾ।
ਪੂਜਾ ਸਮੱਗਰੀ; ਜੋ ਪਵਿੱਤਰ-ਅਪਵਿੱਤਰਤਾ ਦੇ ਭਰਮ ਅਧੀਨ ਸ਼ਿਵਜੀ ਦੀਆਂ ਜਟਾਂ ’ਚੋਂ ਨਿੱਕਲੀ ਗੰਗਾ ’ਚ ਵਹਾਈ ਜਾਂਦੀ ਸੀ, ਇਸ ਬਾਰੇ ਭਗਤ ਜੀ ਦੇ ਬਚਨ ਹਨ, ‘‘ਦੂਧੁ ਤ ਬਛਰੈ, ਥਨਹੁ ਬਿਟਾਰਿਓ ॥ ਫੂਲੁ ਭਵਰਿ, ਜਲੁ ਮੀਨਿ (ਨੇ) ਬਿਗਾਰਿਓ ॥੧॥ ਮਾਈ ! ਗੋਬਿੰਦ ਪੂਜਾ, ਕਹਾ ਲੈ ਚਰਾਵਉ ?॥ ਅਵਰੁ ਨ ਫੂਲੁ, ਅਨੂਪੁ ਨ ਪਾਵਉ ॥੧॥ ਰਹਾਉ ॥’’ (ਭਗਤ ਰਵਿਦਾਸ ਜੀ/੫੨੫) ਭਾਵ ਹੇ ਮੈਨੂੰ ਸਿੱਖਿਆ ਦੇਣ ਵਾਲ਼ੀ ਮੇਰੀ ਮਾਂ (ਪੰਡਿਤ) ! ਮੈਂ ਗੋਬਿੰਦ ਦੀ ਪੂਜਾ ਲਈ ਕਿਹੜੀ ਪਵਿੱਤਰ ਵਸਤੂ ਲੈ ਕੇ ਚੜ੍ਹਾਵਾਂ ਕਿਉਂਕਿ ਗਾਂ ਦੇ ਬੱਛੇ ਨੇ ਦੁੱਧ (ਗਾਂ ਦੇ) ਥਨਾਂ ਵਿੱਚ ਹੀ ਜੂਠਾ ਕਰ ਦਿੱਤਾ, ਫੁੱਲ ਨੂੰ ਭੌਰਾ ਜੂਠਾ ਕਰ ਗਿਆ ਅਤੇ ਗੰਗਾ ਦਾ ਪਾਣੀ, ਮੱਛੀ ਨੇ (ਮਲ-ਮੂਤਰ ਨਾਲ) ਗੰਦਾ ਕਰ ਦਿੱਤਾ।
ਬਨਾਰਸ ਵਿਦਿਆ ਦਾ ਕੇਂਦਰ ਹੋਣ ਕਾਰਨ ਪੰਡਿਤ ਲੋਕਾਂ ਨੂੰ ਆਪਣੇ ਗਿਆਨ ਦਾ ਬਹੁਤ ਅਹੰਕਾਰ ਸੀ, ਇਸ ਮਾਨਸਿਕਤਾ ਬਾਰੇ ਭਗਤ ਜੀ ਬਚਨ ਕਰਦੇ ਹਨ ਕਿ ਜੇ ਮਨੁੱਖ ਜ਼ਿਆਦਾ ਪੜ੍ਹ ਵੀ ਲਵੇ, ਗਿਆਨ ਚਰਚਾ ਵੀ ਕਰ ਲਵੇ ਤੇ ਕੰਨਾਂ ਨਾਲ ਰੱਬੀ ਨਾਮ ਵੀ ਸੁਣ ਲਵੇ ਤਾਂ ਵੀ ਕੀ ਹੋਇਆ ਜੇ ਉਸ ਨੂੰ ਜੀਵਨ ’ਚ ਨਾ ਕਮਾਇਆ ਕਿਉਂਕਿ ਹਿਰਦੇ ਰੱਬੀ ਪ੍ਰੇਮ ਪੈਦਾ ਨਾ ਹੋਣ ਕਾਰਨ ਮਨੁੱਖ ਲੋਹੇ ਵਰਗਾ ਸਖ਼ਤ ਰਹਿੰਦਾ ਹੈ, ‘‘ਪੜੀਐ, ਗੁਨੀਐ, ਨਾਮੁ ਸਭੁ ਸੁਨੀਐ; ਅਨਭਉ ਭਾਉ ਨ ਦਰਸੈ ॥ ਲੋਹਾ, ਕੰਚਨੁ ਹਿਰਨ ਹੋਇ ਕੈਸੇ ? ਜਉ ਪਾਰਸਹਿ ਨ ਪਰਸੈ ॥’’ (ਭਗਤ ਰਵਿਦਾਸ ਜੀ/੯੭੪) ਪਾਰਸ ਨਾਲ ਲੱਗ ਕੇ ਸੋਨਾ ਬਣਨ ਤੋਂ ਬਿਨਾਂ ਔਗੁਣ ਪਿਛਾ ਨਹੀਂ ਛੱਡਦੇ, ‘‘ਹਮ ਬਡ ਕਬਿ, ਕੁਲੀਨ ਹਮ ਪੰਡਿਤ; ਹਮ ਜੋਗੀ, ਸੰਨਿਆਸੀ ॥ ਗਿਆਨੀ, ਗੁਨੀ, ਸੂਰ ਹਮ ਦਾਤੇ; ਇਹ ਬੁਧਿ ਕਬਹਿ ਨ ਨਾਸੀ ॥’’ (ਭਗਤ ਰਵਿਦਾਸ ਜੀ/੯੭੪)
ਜ਼ਿੰਦਗੀ ਦੀ ਅਸਲੀਅਤ ਨੂੰ ਨੇੜਿਓਂ ਵੇਖਦਿਆਂ ਫ਼ੁਰਮਾਇਆ ‘‘ਜਲ ਕੀ ਭੀਤਿ, ਪਵਨ ਕਾ ਥੰਭਾ; ਰਕਤ ਬੁੰਦ ਕਾ ਗਾਰਾ॥ ਹਾਡ, ਮਾਸ, ਨਾੜਂੀ ਕੋ ਪਿੰਜਰੁ; ਪੰਖੀ ਬਸੈ ਬਿਚਾਰਾ ॥੧॥ ਪ੍ਰਾਨੀ ! ਕਿਆ ਮੇਰਾ ? ਕਿਆ ਤੇਰਾ ? ॥ ਜੈਸੇ ਤਰਵਰ; ਪੰਖਿ ਬਸੇਰਾ॥’’ (ਭਗਤ ਰਵਿਦਾਸ ਜੀ/੬੫੯) ਭਾਵ ਹੱਡ, ਮਾਸ ਤੇ ਨਾੜੀਆਂ ਵਾਲੇ ਮਨੁੱਖਾ ਸਰੀਰ ਦੀ ਬੁਨਿਆਦ ’ਚ ਪਾਣੀ ਦੀ ਕੰਧ, ਸੁਆਸਾਂ ਦਾ ਸਹਾਰਾ, ਮਾਤਾ ਪਿਤਾ ਦੀ ਰਕਤ-ਬਿੰਦ ਦਾ ਆਰਜ਼ੀ (ਵਕਤੀ) ਗਾਰਾ ਹੈ, ਜਿਸ ’ਤੇ ਰੈਣ ਬਸੇਰੇ ਦੇ ਰੂਪ ’ਚ ਪੰਛੀ (ਆਤਮਾ) ਮੈ-ਮੇਰੀ ਧਾਰ ਕੇ ਬੈਠ ਗਿਆ ਹੈ, ਜਿਸ ਨੂੰ ਪਤਾ ਨਹੀਂ ਕਿ ਇਹ (ਸਰੀਰ) ਨਾਸ਼ਵਾਨ ਹੈ। ਜਗਤ ਰਚਨਾ ਤਾਂ ਬਾਜ਼ੀਗਰ ਪ੍ਰਭੂ ਨੇ ਬਾਜ਼ੀ (ਖੇਡ) ਹੀ ਖੇਡੀ ਹੈ, ‘‘ਜੋ ਦਿਨ ਆਵਹਿ; ਸੋ ਦਿਨ ਜਾਹੀ ॥ ਕਰਨਾ ਕੂਚੁ; ਰਹਨੁ ਥਿਰੁ ਨਾਹੀ ॥ (ਭਗਤ ਰਵਿਦਾਸ ਜੀ/੭੯੩), ਜੈਸਾ ਰੰਗੁ ਕਸੁੰਭ ਕਾ; ਤੈਸਾ ਇਹੁ ਸੰਸਾਰੁ ॥ ਮੇਰੇ ਰਮਈਏ ਰੰਗੁ ਮਜੀਠ ਕਾ; ਕਹੁ ਰਵਿਦਾਸ ਚਮਾਰ ॥’’ (ਭਗਤ ਰਵਿਦਾਸ ਜੀ/੩੪੬) ਪਰ ਮਨੁੱਖ ਦੀਆਂ ਅੱਖਾਂ ’ਤੇ ਅਗਿਆਨਤਾ ਦਾ ਭਰਮ ਰੂਪ ਪਰਦਾ ਹੈ, ਜੋ ਸਚਾਈ ਨੂੰ ਪਕੜਨ ਨਹੀਂ ਦੇਂਦਾ, ‘‘ਮਾਧਵੇ ! ਕਿਆ ਕਹੀਐ ? ਭ੍ਰਮੁ ਐਸਾ ॥ ਜੈਸਾ ਮਾਨੀਐ; ਹੋਇ ਨ ਤੈਸਾ ॥੧॥ ਰਹਾਉ ॥ ਨਰਪਤਿ ਏਕੁ ਸਿੰਘਾਸਨਿ ਸੋਇਆ; ਸੁਪਨੇ ਭਇਆ ਭਿਖਾਰੀ॥ ਅਛਤ ਰਾਜ ਬਿਛੁਰਤ ਦੁਖੁ ਪਾਇਆ; ਸੋ ਗਤਿ ਭਈ ਹਮਾਰੀ ॥’’ (ਭਗਤ ਰਵਿਦਾਸ ਜੀ/੬੫੭) ਜਿਸ ਕਾਰਨ ਮਨੁੱਖ ਦੀ ਹਾਲਤ ਇਉਂ ਬਣ ਗਈ, ‘‘ਮਾਟੀ ਕੋ ਪੁਤਰਾ; ਕੈਸੇ ਨਚਤੁ ਹੈ ? ॥ ਦੇਖੈ ਦੇਖੈ, ਸੁਨੈ, ਬੋਲੈ; ਦਉਰਿਓ ਫਿਰਤੁ ਹੈ ॥.. ਜਬ ਕਛੁ ਪਾਵੈ; ਤਬ ਗਰਬੁ ਕਰਤੁ ਹੈ ॥ ਮਾਇਆ ਗਈ; ਤਬ ਰੋਵਨੁ ਲਗਤੁ ਹੈ ॥’’ (ਭਗਤ ਰਵਿਦਾਸ ਜੀ/੪੮੭)
ਭਗਤ ਜੀ ਮਾਨਵਤਾ ਨੂੰ ਬਹੁਤ ਹੀ ਸਰਲ ਉਦਾਹਰਨਾਂ ਨਾਲ ਸਮਝਾਉਂਦੇ ਹਨ ਕਿ ਸਾਰੀ ਬਨਸਪਤੀ ਫਲ਼ ਦੇਣ ਲਈ ਪਹਿਲਾਂ ਫੁੱਲਾਂ ਨੂੰ ਉਗਾਉਂਦੀ ਹੈ ਪਰ ਜਦ ਉਹੀ ਫੁੱਲ; ਇੱਕ ਦਿਨ ਫਲ਼ ਬਣ ਜਾਣ ਤਾਂ ਫੁੱਲ ਨਾਸ਼ ਹੋ ਜਾਂਦਾ ਹੈ, ‘‘ਫਲ ਕਾਰਨ; ਫੂਲੀ ਬਨਰਾਇ ॥ ਫਲੁ ਲਾਗਾ; ਤਬ ਫੂਲੁ ਬਿਲਾਇ ॥’’ (ਭਗਤ ਰਵਿਦਾਸ ਜੀ/੧੧੬੭) ਇਸ ਲਈ ਰੱਬੀ ਪਿਆਰ ਪਾਉਣ ਲਈ ਸਮਾਜਕ ਮੋਹ ਤਿਆਗਣਾ ਪਹਿਲੀ ਸ਼ਰਤ ਹੈ, ‘‘ਗਿਆਨੈ ਕਾਰਨ; ਕਰਮ ਅਭਿਆਸੁ ॥ ਗਿਆਨੁ ਭਇਆ; ਤਹ ਕਰਮਹ ਨਾਸੁ॥’’ (ਭਗਤ ਰਵਿਦਾਸ ਜੀ/੧੧੬੭)
ਮਰਨ ਉਪਰੰਤ ਘਰ ਦੇ ਮਾਲਕ ਨੂੰ ਵੀ ਘਰ ’ਚ ਨਹੀਂ ਰਹਿਣ ਦਿੱਤਾ ਜਾਂਦਾ, ਜੋ ਜ਼ਿੰਦਗੀ ਭਰ ਕਮਾਉਂਦਾ ਰਿਹਾ, ‘‘ਘਰ ਕੀ ਨਾਰਿ; ਉਰਹਿ ਤਨ ਲਾਗੀ ॥ ਉਹ ਤਉ; ਭੂਤੁ, ਭੂਤੁ, ਕਰਿ ਭਾਗੀ ॥’’ (ਭਗਤ ਰਵਿਦਾਸ ਜੀ/੭੯੪) ਭਾਵੇਂ ਕਿ ਸਭ ਐਸੇ ਹੀ ਹਨ, ‘‘ਮਨ ਕਾ ਸੁਭਾਉ; ਸਭੁ ਕੋਈ ਕਰੈ ॥’’ (ਭਗਤ ਰਵਿਦਾਸ ਜੀ/੧੧੬੭)
ਸ਼ਹਿਦ ਦੀਆਂ ਮੱਖੀਆਂ ਵਾਙ ਸੰਗਤ ਰੂਪ ਏਕਤਾ ਹੀ ਮਨ ਦੀ ਸਥਾਈ ਤਬਦੀਲੀ ਕਰ ਸਕਦੀ ਹੈ, ‘‘ਸਤਸੰਗਤਿ ਮਿਲਿ ਰਹੀਐ, ਮਾਧਉ ! ਜੈਸੇ ਮਧੁਪ ਮਖੀਰਾ ॥’’ (ਭਗਤ ਰਵਿਦਾਸ ਜੀ/੪੮੬) ਭਗਤ ਜੀ ਦੇ ਇਨ੍ਹਾਂ ਵਿਚਾਰਾਂ ਦੀ ਪੁਸ਼ਟੀ ਗੁਰੂ ਅਰਜਨ ਸਾਹਿਬ ਜੀ ਵੀ ਕਰਦੇ ਹਨ, ‘‘ਰਵਿਦਾਸੁ ਢੁਵੰਤਾ ਢੋਰ ਨੀਤਿ; ਤਿਨਿ ਤਿਆਗੀ ਮਾਇਆ ॥ ਪਰਗਟੁ ਹੋਆ ਸਾਧਸੰਗਿ; ਹਰਿ ਦਰਸਨੁ ਪਾਇਆ ॥’’ (ਮਹਲਾ ੫/੪੮੮) ਸੰਗਤ ਨੂੰ ਮਹੱਤਵ ਦਿੰਦੇ ਆਖਿਆ ਗਿਆ ਹੇ ਪ੍ਰਭੂ ਜੀ ! ਜਗਿਆਸੂਆਂ ਦੀ ਸੰਗਤ ਤੋਂ ਬਿਨਾਂ ਤੇਰੇ ਨਾਲ ਪਿਆਰ ਨਹੀਂ ਬਣ ਸਕਦਾ ਤੇ ਪਿਆਰ ਤੋਂ ਬਿਨਾਂ ਤੇਰੀ ਭਗਤੀ ਨਹੀਂ ਹੁੰਦੀ, ‘‘ਸਾਧਸੰਗਤਿ ਬਿਨਾ ਭਾਉ ਨਹੀ ਊਪਜੈ; ਭਾਵ ਬਿਨੁ, ਭਗਤਿ ਨਹੀ ਹੋਇ ਤੇਰੀ ॥’’ (ਭਗਤ ਰਵਿਦਾਸ ਜੀ/੬੯੪) ਭਗਤ ਜੀ ਉਸੇ ਨੂੰ ਸਿਆਣਾ ਮੰਨਦੇ ਹਨ, ਜੋ ਸੰਤ (ਗੁਰੂ) ਤੇ ਰੱਬ ’ਚ ਅੰਤਰ ਨਾ ਵੇਖੇ, ‘‘ਰਵਿਦਾਸੁ ਭਣੈ; ਜੋ ਜਾਣੈ, ਸੋ ਜਾਣੁ (ਭਾਵ ਉਹੀ ਸਿਆਣਾ)॥ ਸੰਤ, ਅਨੰਤਹਿ; ਅੰਤਰੁ ਨਾਹੀ ॥’’ (ਭਗਤ ਰਵਿਦਾਸ ਜੀ/੪੮੬)
ਜੋ ਗੁਰੂ-ਗਿਆਨ ਰੂਪ ਰੌਸ਼ਨੀ (ਸ਼ੀਸ਼ੇ) ’ਚੋਂ ਆਪਣੇ ਮਲ਼ੀਨ ਮਨ ਨੂੰ ਵੇਖਦਾ ਹੈ ਓਹੀ ਬਿਬੇਕੀ ਹੈ ਫਿਰ ਬਾਬਾ ਫ਼ਰੀਦ ਜੀ ਵਾਙ ਪੁਕਾਰ ਉੱਠਦਾ ਹੈ, ‘‘ਗੁਨਹੀ ਭਰਿਆ ਮੈ ਫਿਰਾ; ਲੋਕੁ ਕਹੈ ਦਰਵੇਸੁ ॥’’ (੧੩੮੧), ਅਜਿਹੀ ਮਿਸਾਲ ਹੀ ਭਗਤ ਜੀ ਦਿੰਦੇ ਹਨ ਕਿ ਹੇ ਪ੍ਰਭੂ ਜੀ ! ਮੈ ਦਿਨ ਰਾਤ ਇਹੀ ਸੋਚਦਾ ਹਾਂ ਕਿ ਮੇਰਾ ਕੀ ਬਣੇਗਾ ਕਿਉਂਕਿ ਮੇਰਾ ਬਹਿਣਾ ਖਲੋਣਾ ਮਾੜਿਆਂ (ਕਾਮਾਦਿਕਾਂ) ਨਾਲ ਹੈ, ਮੇਰਾ ਕਰਮ ਖੋਟ ਭਰਪੂਰ ਹੈ ਤੇ ਜਨਮ ਵੀ ਨੀਵੀਂ ਜਾਤ ’ਚ ਹੈ, ‘‘ਮੇਰੀ ਸੰਗਤਿ ਪੋਚ; ਸੋਚ ਦਿਨੁ ਰਾਤੀ ॥ ਮੇਰਾ ਕਰਮੁ ਕੁਟਿਲਤਾ; ਜਨਮੁ ਕੁਭਾਂਤੀ ॥’’ (ਭਗਤ ਰਵਿਦਾਸ ਜੀ/੩੪੫)
ਬਿਬੇਕੀ ਆਪਣੀ ਤੁੱਛ ਕਾਲ਼ਖ਼ ਨੂੰ ਵੀ ਰੱਬੀ ਦਰ ’ਤੇ ਬਿਆਨ ਕਰਨਾ ਨਹੀਂ ਭੁੱਲਦਾ ਕਿਉਂਕਿ ਇਹ ਵਿਕਾਰ ਬਣ ਕੇ ਬਿਬੇਕਤਾ ਨੂੰ ਮਾਰਦੀ ਹੈ, ਇਸ ਲਈ ਪੁਕਾਰਿਆ ਗਿਆ, ‘‘ਮ੍ਰਿਗ, ਮੀਨ, ਭ੍ਰਿੰਗ, ਪਤੰਗ, ਕੁੰਚਰ; ਏਕ ਦੋਖ ਬਿਨਾਸ ॥ ਪੰਚ ਦੋਖ ਅਸਾਧ ਜਾ ਮਹਿ; ਤਾ ਕੀ ਕੇਤਕ ਆਸ ? ॥’’ (ਭਗਤ ਰਵਿਦਾਸ ਜੀ/੪੮੬) ਭਾਵ ਹੇ ਮਾਲਕ ! ਹਿਰਨ (ਕੰਨ ਰਸ ਕਾਰਨ ਰੋਗੀ), ਮੱਛੀ (ਜੀਭ ਰਸ ਕਾਰਨ ਰੋਗੀ), ਭੌਰਾ (ਨੱਕ ਜਾਂ ਸੁਗੰਧੀ ਰਸ ਕਾਰਨ ਰੋਗੀ), ਪਤੰਗਾ (ਦ੍ਰਿਸ਼ਟੀ ਰੋਗ ਕਾਰਨ ਰੋਗੀ), ਹਾਥੀ (ਕਾਮ ਜਾਂ ਸਪਰਸ ਰੋਗ ਕਾਰਨ ਰੋਗੀ) ਆਦਿ ਇੱਕ-ਇੱਕ ਰੋਗ ਕਾਰਨ ਆਜ਼ਾਦੀ ਨਾ ਮਾਣ ਸਕੇ ਪਰ ਜਿਸ ਬੰਦੇ ’ਚ ਇਹ ਪੰਜੇ ਰੋਗ ਹੋਣ, ਉਸ ਦੀ ਬੇੜੀ ਕਿਵੇਂ ਪਾਰ ਹੋਵੇ, ‘‘ਪੰਚ ਦੋਖ ਅਸਾਧ ਜਾ ਮਹਿ; ਤਾ ਕੀ ਕੇਤਕ ਆਸ ? ॥’’ (ਭਗਤ ਰਵਿਦਾਸ ਜੀ/੪੮੬)
ਨੋਟ : ਉਕਤ ਬਚਨਾਂ ਦਾ ਇਹ ਮਤਲਬ ਨਹੀਂ ਕਿ ਇਨ੍ਹਾਂ ਦੇ ਜੀਵਨ ’ਚ ਕੋਈ ਊਣਤਾਈ ਸੀ ਬਲਿਕ ਅਜਿਹੀ ਸੋਚ ਹੀ ਉੱਚੇ ਜੀਵਨ ਦੀ ਨਿਸ਼ਾਨੀ ਹੈ; ਜਿਵੇਂ ਕਿ ਗੁਰੂ ਰਾਮਦਾਸ ਜੀ ਵੀ ਫ਼ੁਰਮਾ ਰਹੇ ਹਨ ‘‘ਹਮ ਅੰਧੁਲੇ ਅੰਧ ਬਿਖੈ ਬਿਖੁ ਰਾਤੇ; ਕਿਉ ਚਾਲਹ ਗੁਰ ਚਾਲੀ ? ॥’’ (ਮਹਲਾ ੪/੬੬੭), ਗੁਰੂ ਨਾਨਕ ਸਾਹਿਬ ਜੀ ਵੀ ਆਪ ਵੀ ਕਹਿ ਰਹੇ ਹਨ ‘‘ਨਾਨਕੁ ਨੀਚੁ, ਕਹੈ ਵੀਚਾਰੁ ॥’’ (ਜਪੁ /ਮਹਲਾ ੧), ਆਦਿ।
ਦਰਅਸਲ ਅਜਿਹਾ ਕਿਰਦਾਰ ਆਪਣੀ ਤੁਲਨਾ ਰੱਬ ਦੀ ਪਵਿੱਤਰਤਾ ਨਾਲ ਕਰ ਰਿਹਾ ਹੁੰਦਾ ਹੈ; ਜਿਵੇਂ ਭਗਤ ਜੀ ਵੀ ਹੇਠਲੇ ਬਚਨ ਹਨ :
(1). ਜਉ ਪੈ ਹਮ ਨ ਪਾਪ ਕਰੰਤਾ; ਅਹੇ ਅਨੰਤਾ ! ॥ ਪਤਿਤ ਪਾਵਨ ਨਾਮੁ; ਕੈਸੇ ਹੁੰਤਾ ? ॥ (ਭਗਤ ਰਵਿਦਾਸ ਜੀ/੯੩) ਭਾਵ ਹੇ ਮਾਲਕ ! ਜੇ ਮੈ ਮਲ਼ੀਨ ਬੁਧ ਨਾ ਹੁੰਦਾ ਤਾਂ ਤੇਰਾ ਨਾਮ ਵੀ ਗੰਦਗੀ ਨੂੰ ਸਾਫ਼ ਕਰਨ ਵਾਲਾ ਨਹੀਂ ਹੋਣਾ ਸੀ।
(2). ਮਲਿਨ ਭਈ ਮਤਿ ਮਾਧਵਾ ! ਤੇਰੀ ਗਤਿ ਲਖੀ ਨ ਜਾਇ ॥ (ਭਗਤ ਰਵਿਦਾਸ ਜੀ/੩੪੬) ਭਾਵ ਹੇ ਮਾਇਆ ਦੇ ਪਤੀ ! ਮੇਰੀ ਬੁਧੀ ਮਲ਼ੀਨ ਹੈ ਪਰ ਤੇਰੀ ਨਿਰਮਲ ਅਵਸਥਾ ਬਿਆਨ ਨਹੀਂ ਹੋ ਸਕਦੀ।
(3). ਤੁਮ ਚੰਦਨ, ਹਮ ਇਰੰਡ ਬਾਪੁਰੇ; ਸੰਗਿ ਤੁਮਾਰੇ ਬਾਸਾ॥ (ਭਗਤ ਰਵਿਦਾਸ ਜੀ/੪੮੬)
(3). ਹਮ ਸਰਿ ਦੀਨੁ; ਦਇਆਲੁ ਨ ਤੁਮ ਸਰਿ; ਅਬ ਪਤੀਆਰੁ ਕਿਆ ਕੀਜੈ ? ॥ (ਭਗਤ ਰਵਿਦਾਸ ਜੀ/੬੯੪) ਭਾਵ ਸਾਡੇ ਵਰਗਾ ਆਤਮਕ ਕੰਗਾਲ ਤੇ ਤੁਹਾਡੇ ਵਰਗਾ ਦਇਆਲੂ ਕੋਈ ਨਹੀਂ, ਜੋ ਸਾਡੇ ਔਗੁਣਾਂ ਨੂੰ ਵੇਖਦਿਆਂ ਵੀ ਵਾਰ-ਵਾਰ ਮਾਫ਼ ਕਰਦਾ ਹੈਂ, ਇਸ ਤੋਂ ਵੱਧ ਹੋਰ ਤਸੱਲੀ ਕਿਵੇਂ ਕਰਵਾਈਏ ?
(3). ਤੁਮ ਕਹੀਅਤ ਹੌ; ਜਗਤ ਗੁਰ ਸੁਆਮੀ ॥ ਹਮ ਕਹੀਅਤ; ਕਲਿਜੁਗ ਕੇ ਕਾਮੀ ॥ (ਭਗਤ ਰਵਿਦਾਸ ਜੀ/੭੧੦) ਆਦਿ।
ਉਕਤ ਇਲਾਹੀ ਬਚਨਾਂ ਨੂੰ ਸ਼ਾਇਦ ਉਹ ਭੁੱਲ ਬੈਠੇ ਹਨ ਜੋ ਆਪਣੇ ਨਾਂ ਨਾਲ ‘ਸੰਤ, ਬ੍ਰਹਮ ਗਿਆਨੀ, ਮਹਾਤਮਾ, ਗੁਰੂ, ਰਾਸ਼ਟਰੀ ਸੰਤ, ਸ਼੍ਰੀ ਸ਼੍ਰੀ, 1008’ ਆਦਿ ਲਕਬ ਲਗਾਉਣਾ ਨਹੀਂ ਭੁੱਲਦੇ ਜਦਕਿ ਇਹ ਵਿਸ਼ੇਸ਼ਣ ਬੰਦੇ ਦੀ ਅੰਦਰੂਨੀ ਗਿਰਾਵਟ ਨੂੰ ਦਰਸਾਉਂਦੇ ਹਨ।
ਅਹੰਕਾਰ ਨੂੰ ਰੱਬੀ ਮਿਲਾਪ ’ਚ ਸਭ ਤੋਂ ਵੱਡੀ ਰੁਕਾਵਟ ਮੰਨਦੇ ਰਵਿਦਾਸ ਜੀ ਫ਼ੁਰਮਾਉਂਦੇ ਹਨ ਹੇ ਮੇਰੇ ਮਾਲਕ ! ਜਦ ਮੈਂ ਕਿਸੇ ਕੰਮ ਬਦਲੇ ਆਪਣੇ ਆਪ ਨੂੰ ਮਹੱਤਵ ਲਵਾਂ ਤਾਂ ਸਮਝਦਾ ਹਾਂ ਕਿ ਮੇਰੇ ਮਨ ’ਚੋਂ ਤੇਰੀ ਯਾਦ ਵਿਸਰ ਗਈ ਪਰ ਜਦੋਂ ਤੈਨੂੰ ਮਹੱਤਵ ਦੇਂਦਾ ਹਾਂ ਤਾਂ ਹੀ ਅਹੰਕਾਰ ਮਰਦਾ ਹੈ, ‘‘ਜਬ ਹਮ ਹੋਤੇ, ਤਬ ਤੂ ਨਾਹੀ; ਅਬ ਤੂਹੀ, ਮੈ ਨਾਹੀ ॥’’ (ਭਗਤ ਰਵਿਦਾਸ ਜੀ/੬੫੭)
ਬਨਾਰਸ ਦੇ ਅਹੰਕਾਰੀ ਪੰਡਿਤ ਦੇ ਮੁਕਾਬਲੇ ਨਿਮਰਤਾ ਦੇ ਪੁੰਜ ਸਨ ‘ਭਗਤ ਰਵਿਦਾਸ ਜੀ’, ਇਸ ਲਈ ਨਿਮਰਤਾ ਅੱਗੇ ਅਹੰਕਾਰ ਝੁਕਿਆ, ‘‘ਅਬ ਬਿਪ੍ਰ ਪਰਧਾਨ ਤਿਹਿ ਕਰਹਿ ਡੰਡਉਤਿ; ਤੇਰੇ ਨਾਮ ਸਰਣਾਇ ਰਵਿਦਾਸੁ ਦਾਸਾ ॥’’ (ਭਗਤ ਰਵਿਦਾਸ ਜੀ/੧੨੯੩)
ਰੱਬੀ ਲਗਾਅ ਨੂੰ ਦਰਸਾਉਂਦਿਆਂ ਬਚਨ ਕੀਤੇ ਕਿ ਹੇ ਪ੍ਰਭੂ ਜੀ ! ਜੇ ਤੁਸਾਂ ਨੇ ਸਾਨੂੰ ਮੋਹ ਦੀ ਫਾਹੀ ’ਚ ਬੰਨ੍ਹਿਆ ਹੈ ਤਾਂ ਅਸੀਂ ਵੀ ਤੈਨੂੰ ਯਾਦ ਕਰ ਕੇ ਅਜ਼ਾਦ ਹੋ ਗਏ ਪਰ ਅਸਾਂ ਨੇ ਤੁਹਾਨੂੰ ਪਿਆਰ ਦੇ ਬੰਧਨ ’ਚ ਕੈਦ ਕਰ ਲਿਆ ਹੁਣ ਤੁਸੀਂ ਛੁਟਣਾ ਵੀ ਚਾਹੋ ਤਾਂ ਵੀ ਨਹੀਂ ਛੁਟ ਸਕਦੇ, ‘‘ਜਉ ਹਮ ਬਾਂਧੇ, ਮੋਹ ਫਾਸ; ਹਮ ਪ੍ਰੇਮ ਬਧਨਿ ਤੁਮ ਬਾਧੇ ॥ ਅਪਨੇ ਛੂਟਨ ਕੋ ਜਤਨੁ ਕਰਹੁ; ਹਮ ਛੂਟੇ, ਤੁਮ ਆਰਾਧੇ ॥’’ (ਭਗਤ ਰਵਿਦਾਸ ਜੀ/੬੫੮)
ਭਗਤ ਜੀ ਆਪਣੇ ਮਾਲਕ ਨੂੰ ਆਖਦੇ ਹਨ ਕਿ ਤੁਹਾਡੀ ਪਹਿਚਾਣ ਸਾਡੇ ਕਰ ਕੇ ਹੈ ਤੇ ਸਾਡੀ ਪਹਿਚਾਣ ਤੁਹਾਡੇ ਕਾਰਨ, ‘‘ਤੁਮ੍ ਜੁ ਨਾਇਕ ਆਛਹੁ (ਮਾਲਕ ਹੈਂ); ਅੰਤਰਜਾਮੀ ! ॥ ਪ੍ਰਭ ਤੇ ਜਨੁ ਜਾਨੀਜੈ; ਜਨ ਤੇ ਸੁਆਮੀ ॥’’ (ਭਗਤ ਰਵਿਦਾਸ ਜੀ/੯੩) ਸਰਬ ਕਲਾ ਸਮਰੱਥ ਨੂੰ ਰੱਬ ਮੰਨਣ ਦਾ ਨਤੀਜਾ ਸੀ ਕਿ ਜਿਨ੍ਹਾਂ ਦਾ ਸਮਾਜ ’ਚ ਥੁੱਕਣ ਲਈ ਵੀ ਮੂੰਹ ਖੁਲ੍ਹਵਾਇਆ ਜਾਂਦਾ ਸੀ ਉਨ੍ਹਾਂ ਦੇ ਸਿਰ ’ਤੇ ਤਾਜ ਰੱਖੇ ਗਏ, ‘‘ਐਸੀ ਲਾਲ ! ਤੁਝ ਬਿਨੁ ਕਉਨੁ ਕਰੈ ॥ ਗਰੀਬ ਨਿਵਾਜੁ ਗੁਸਈਆ ਮੇਰਾ; ਮਾਥੈ ਛਤ੍ਰੁ ਧਰੈ ॥ ਨੀਚਹ, ਊਚ ਕਰੈ ਮੇਰਾ ਗੋਬਿੰਦੁ; ਕਾਹੂ ਤੇ ਨ ਡਰੈ ॥’’ (ਭਗਤ ਰਵਿਦਾਸ ਜੀ/੧੧੦੬)
ਭਗਤ ਜੀ ਦਾ ਹਿੰਦੂ ਸੋਚ ਨਾਲ ਮਤਭੇਤ ਕੇਵਲ ਜਾਤ-ਪਾਤ ਪੱਖੋਂ ਹੀ ਨਹੀਂ ਸੀ ਬਲਕਿ ਜਦ ਉਨ੍ਹਾਂ ‘‘ਬੇਗਮ ਪੁਰਾ; ਸਹਰ ਕੋ ਨਾਉ ॥ ਦੂਖੁ ਅੰਦੋਹੁ (ਚਿੰਤਾ) ਨਹੀ; ਤਿਹਿ ਠਾਉ ॥.. ਖਉਫੁ (ਡਰ) ਨ ਖਤਾ (ਪਾਪ); ਨ ਤਰਸੁ ਜਵਾਲੁ (ਘਾਟਾ)॥.. ਊਹਾਂ ਖੈਰਿ ਸਦਾ ਮੇਰੇ ਭਾਈ ! ॥.. ਜੋ ਹਮ ਸਹਰੀ; ਸੁ ਮੀਤੁ ਹਮਾਰਾ ॥’’ (ਭਗਤ ਰਵਿਦਾਸ ਜੀ/੩੪੫) ਦਾ ਅਲੌਕਿਕ ਨਜ਼ਾਰਾ ਵਿਖਾਇਆ ਤਾਂ ਹਿੰਦੂ ਸੋਚ ਬੌਣੀ (ਕਰਮਕਾਂਡੀ) ਨਜ਼ਰ ਆਈ; ਜਿਵੇਂ ਉਨ੍ਹਾਂ ਨੇ ਮਨ ਦੀ ਥਾਂ ਸਰੀਰ ਧੌਣ ਨੂੰ ਬੌਣਾ ਬਿਆਨ ਕੀਤਾ, ‘‘ਬਾਹਰੁ ਉਦਕਿ (ਪਾਣੀ ਨਾਲ) ਪਖਾਰੀਐ; ਘਟ ਭੀਤਰਿ ਬਿਬਿਧਿ ਬਿਕਾਰ ॥ ਸੁਧ ਕਵਨ ਪਰ ਹੋਇਬੋ ? ਸੁਚ ਕੁੰਚਰ (ਹਾਥੀ) ਬਿਧਿ ਬਿਉਹਾਰ ॥’’ (ਭਗਤ ਰਵਿਦਾਸ ਜੀ/੩੪੬)
ਭਗਤ ਜੀ ਵੇਦਾਂ, ਪੁਰਾਣਾਂ ਦੇ ਗਿਆਤਾ ਸਨ, ਇਸ ਲਈ ਉਨ੍ਹਾਂ ਦੇ ਹਵਾਲੇ ਨਾਲ ਦੱਸਿਆ ਕਿ ਚੰਗੇ ਮੰਦੇ ਕਰਮਾਂ ਨੂੰ ਵਿਚਾਰਨ ਨਾਲ ਤਾਂ ਕੇਵਲ ਸੰਦੇਹ ਪੈਦਾ ਹੁੰਦਾ ਹੈ ਕਿਉਂਕਿ ਉਨ੍ਹਾਂ ’ਚ ਬਹੁਤਾ ਕੁਝ ਆਪਾ ਵਿਰੋਧੀ ਹੈ। ਜ਼ਰੂਰਤ ਹੈ ਅਹੰਕਾਰ ਮਾਰਨ ਦੀ, ਜੋ ਇਨ੍ਹਾਂ ਨੂੰ ਪੜਿਆਂ ਨਹੀਂ ਮਰਦਾ, ‘‘ਕਰਮ ਅਕਰਮ ਬੀਚਾਰੀਐ; ਸੰਕਾ ਸੁਨਿ ਬੇਦ ਪੁਰਾਨ ॥ ਸੰਸਾ ਸਦ ਹਿਰਦੈ ਬਸੈ; ਕਉਨੁ ਹਿਰੈ ਅਭਿਮਾਨੁ ? ॥’’ (ਭਗਤ ਰਵਿਦਾਸ ਜੀ/੩੪੬), ਇਸ ਲਈ ਵੇਦਾਂ ਦੀ ਸਿੱਖਿਆ ਕੇਵਲ 34 ਵਿਅੰਜਨ ਅੱਖਰਾਂ ਤੱਕ ਸੀਮਤ ਹੈ ਕਿਉਂਕਿ ਬਾਕੀ 18 ਤਾਂ ਸਵਰ ਹਨ, ਜਿਨ੍ਹਾਂ ਦਾ ਕੋਈ ਮਤਲਬ ਵੈਸੇ ਵੀ ਨਹੀਂ ਹੁੰਦਾ। 34 ਅੱਖਰ ਵੀ ਦੁਨਿਆਵੀ ਗਿਆਨ ਹੈ, ਜੋ ਰਾਮ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦਾ, ‘‘ਨਾਨਾ ਖਿਆਨ ਪੁਰਾਨ ਬੇਦ ਬਿਧਿ; ਚਉਤੀਸ ਅਖਰ ਮਾਂਹੀ ॥ ਬਿਆਸ ਬਿਚਾਰਿ ਕਹਿਓ ਪਰਮਾਰਥੁ; ਰਾਮ ਨਾਮ ਸਰਿ ਨਾਹੀ ॥’’ (ਭਗਤ ਰਵਿਦਾਸ ਜੀ/੬੫੮), ਇਸ ਲਈ, ‘‘ਰਵਿਦਾਸੁ ਜਪੈ; ਰਾਮ ਨਾਮਾ ॥ ਮੋਹਿ ਜਮ ਸਿਉ, ਨਾਹੀ ਕਾਮਾ ॥’’ (ਭਗਤ ਰਵਿਦਾਸ ਜੀ/੬੫੯)
ਹਿੰਦੂ ਸੋਚ ਨਾਲ ਅਸਹਿਮਤੀ ਦਾ ਮੂਲ ਕਾਰਨ ਉਨ੍ਹਾਂ ਦੀ ‘ਆਕਾਰ ਪੂਜਾ’ ਦੀ ਥਾਂ ਭਗਤ ਜੀ ਦੀ ‘ਨਿਰਾਕਾਰ ਪੂਜਾ’ ਰਹੀ ਹੈ। ਬ੍ਰਾਹਮਣ ਨੇ ਆਕਾਰ ਰੂਪ ਵਜੋਂ ‘ਪੱਥਰ, ਅੱਗ, ਪਾਣੀ, ਬਨਸਪਤੀ, ਨਛੱਤਰ, ਸੂਰਜ, ਚੰਦ, ਪਸ਼ੂ, ਪੰਛੀਆਂ’ ਆਦਿ ਦੀ ਪੂਜਾ ਕੀਤੀ, ਜੋ ਨਿਰਾਕਾਰ ਮਾਲਕ ਤੋਂ ਵਿਛੜਨ (ਦੂਰ ਜਾਣ) ਦਾ ਕਾਰਨ ਬਣੀ। ਨਿਰਾਕਾਰ ਪੂਜਾ ਸਮਾਜ ਨੂੰ ਇੱਕ ਕਰਦੀ ਹੈ ਜਦਕਿ ਆਕਾਰ ਪੂਜਾ ਵੰਡਦੀ ਹੈ, ਨਫ਼ਰਤ ਫੈਲਾਉਂਦੀ ਹੈ। ਨਿਰਾਕਾਰ ਦੀ ਵਿਆਖਿਆ ਕਰਦਿਆਂ ਗੁਰੂ ਅਰਜਨ ਸਾਹਿਬ ਜੀ ਨੇ ਫ਼ੁਰਮਾਇਆ, ‘‘ਨਾਨਕ ! ਸੇ ਅਖੜੀਆਂ ਬਿਅੰਨਿ; ਜਿਨੀ ਡਿਸੰਦੋ ਮਾ ਪਿਰੀ ॥’’ (ਮਹਲਾ ੫/੫੭੭) ਭਾਵ ਨਿਰਾਕਾਰ ਨੂੰ ਅਨੁਭਵ ਕਰਨ ਵਾਲੀਆਂ ਅੱਖਾਂ ਹੋਰ ਹੁੰਦੀਆਂ ਹਨ। ਭਗਤ ਜੀ ਨੇ ਵੀ ਕਿਹਾ ਕਿ ਦੁਨਿਆਵੀ ਅੱਖਾਂ ਨਾਲ ਵਿਖਾਈ ਦੇਣ ਵਾਲਾ ਜਗਤ ਸਦੀਵੀ ਨਹੀਂ ਰਹਿਣਾ ਜਦਕਿ ਜੋ ਰਹਿਣਾ ਹੈ ਉਹ ਅਦ੍ਰਿਸ਼ ਹੋਣ ਕਾਰਨ ਉਸ ’ਤੇ ਵਿਸ਼ਵਾਸ ਨਹੀਂ ਬਣਦਾ, ‘‘ਬਿਨੁ ਦੇਖੇ; ਉਪਜੈ ਨਹੀ ਆਸਾ ॥ ਜੋ ਦੀਸੈ; ਸੋ ਹੋਇ ਬਿਨਾਸਾ ॥’’ (ਭਗਤ ਰਵਿਦਾਸ ਜੀ/੧੧੬੭)
ਮਨੁੱਖ ’ਤੇ ਹਮਲਾ ਹੋਣ ’ਤੇ ਬੰਦੇ ਦਾ ਹੱਥ ਮਦਦਗਾਰ ਬਣ ਸਭ ਤੋਂ ਪਹਿਲਾਂ ਅੱਗੇ ਆਉਂਦਾ ਹੈ, ਇਸੇ ਹੱਥ ਦੀ ਮਿਸਾਲ ਦੇ ਕੇ ਭਗਤ ਜੀ ਨੇ ਕਿਹਾ ਕਿ ਰੱਬ; ਹੱਥ ਤੋਂ ਵੀ ਨੇੜੇ ਮਦਦਗਾਰ ਵਜੋਂ ਹੈ, ‘‘ਸਰਬੇ ਏਕੁ, ਅਨੇਕੈ ਸੁਆਮੀ; ਸਭ ਘਟ ਭੁੋਗਵੈ ਸੋਈ ॥ ਕਹਿ ਰਵਿਦਾਸ ਹਾਥ ਪੈ ਨੇਰੈ; ਸਹਜੇ ਹੋਇ, ਸੁ ਹੋਈ ॥’’ (ਭਗਤ ਰਵਿਦਾਸ ਜੀ/੬੫੮)
ਪੱਥਰ-ਦੇਵ ਪੂਜਾ ਮੰਦਿਰ ਤੱਕ ਸੀਮਤ ਹੈ ਜਦਕਿ ਭਗਤ ਜੀ ਦੀ ਰੱਬੀ ਪੂਜਾ ਦਾ ਦਾਇਰਾ ਸਰਬ ਵਿਆਪਕ ਹੈ, ‘‘ਜਹ ਜਹ ਜਾਉ; ਤਹਾ ਤੇਰੀ ਸੇਵਾ ॥ ਤੁਮ ਸੋ ਠਾਕੁਰੁ; ਅਉਰੁ ਨ ਦੇਵਾ ॥’’ (ਭਗਤ ਰਵਿਦਾਸ ਜੀ/੬੫੯) ਤਾਂ ਤੇ ਹੇ ਅਭਾਗੇ ਪੰਡਿਤ ! ਜੋ ਰਾਮ ਤੇਰੇ ਅੰਦਰ ਹੈ ਉਸ ਨੂੰ ਯਾਦ ਕਰ, ‘‘ਕਹਿ ਰਵਿਦਾਸ ! ਪਰਮ ਬੈਰਾਗ ॥ ਰਿਦੈ ਰਾਮੁ; ਕੀ ਨ ਜਪਸਿ ? ਅਭਾਗ ! ॥’’ (ਭਗਤ ਰਵਿਦਾਸ ਜੀ/੧੧੬੭)
ਗੁਰੂ ਨਾਨਕ ਸਾਹਿਬ ਜੀ; ਸਭ ਤੋਂ ਨੀਵੀਂ ਜਾਤੀ ਦਾ ਮਨੁੱਖ, ਉਸ ਨੂੰ ਮੰਨਦੇ ਹਨ ਜੋ ਪ੍ਰਮਾਤਮਾ ਦੇ ਨਾਮ ਜਪਣ ਤੋਂ ਸੱਖਣਾ ਹੈ, ‘‘ਨਾਨਕ ! ਨਾਵੈ ਬਾਝੁ, ਸਨਾਤਿ ॥’’ (ਮਹਲਾ ੧/੧੦) ਇਉਂ ਹੀ ਭਗਤ ਜੀ ਬਚਨ ਕਰਦੇ ਹਨ, ‘‘ਚਰਨਾਰਬਿੰਦ ਨ ਕਥਾ ਭਾਵੈ; ਸੁਪਚ ਤੁਲਿ ਸਮਾਨਿ ॥’’ (ਭਗਤ ਰਵਿਦਾਸ ਜੀ/੧੧੨੪) ਭਾਵ ਜਿਸ ਮਨੁੱਖ ਨੂੰ ਮਾਲਕ ਦੇ ਸੁੰਦਰ ਗੁਣਾਂ (ਸਿਫ਼ਤ ਸਾਲਾਹ) ਦੀਆਂ ਗੱਲਾਂ ਪਸੰਦ ਨਹੀਂ, ਉਹ ਚੰਡਾਲ ਬਰਾਬਰ ਹੈ, ਜੋ ਕੁੱਤੇ ਨੂੰ ਵੀ ਰਿੰਨ੍ਹ ਕੇ ਖਾ ਜਾਂਦਾ ਹੈ।
ਭਗਤ ਜੀ ਨਿੰਦਾ ਕਰਨ ਨੂੰ ਬੜਾ ਮਾੜਾ ਕਹਿ ਰਹੇ ਹਨ ਉਸ ਦੁਆਰਾ ਸਾਰੇ ਹੀ ਕੀਤੇ ਕਰਮ ਅਰਥਹੀਣ ਹੋ ਜਾਂਦੇ ਹਨ, ‘‘ਜੇ ਓਹੁ, ਅਠਸਠਿ ਤੀਰਥ ਨ੍ਾਵੈ ॥ ਜੇ ਓਹੁ, ਦੁਆਦਸ ਸਿਲਾ (12 ਸ਼ਿਵ ਲਿੰਗ) ਪੂਜਾਵੈ ॥ .. ਕਰੈ ਨਿੰਦ; ਸਭ ਬਿਰਥਾ ਜਾਵੈ ॥੧॥ ਸਾਧ ਕਾ ਨਿੰਦਕੁ; ਕੈਸੇ ਤਰੈ ? ॥ ਸਰਪਰ (ਜ਼ਰੂਰ) ਜਾਨਹੁ; ਨਰਕ ਹੀ ਪਰੈ ॥’’ (ਭਗਤ ਰਵਿਦਾਸ ਜੀ/੮੭੫)
ਭਗਤ ਜੀ ਦੀ ਸੋਚ ਵਿਸ਼ਾਲ ਹੈ, ਜਿਸ ਨੂੰ ਇੱਕ ਲੇਖ ਜਾਂ ਇੱਕ ਕਿਤਾਬ ’ਚ ਬੰਦ ਨਹੀਂ ਕੀਤਾ ਜਾ ਸਕਦਾ। ਭਗਤ ਜੀ ਦਾ ਇੱਕ ਗੁਣ ਆਮ ਵੇਖਣ ਨੂੰ ਮਿਲਦਾ ਹੈ ਕਿ ਉਨ੍ਹਾਂ ਨੇ ਨਿਰਾਕਾਰ ਦੀ ਬੰਦਗੀ ਕੀਤੀ ਤੇ ਆਕਾਰ ਪੂਜਾ ਨੂੰ ਨਿਰਮੂਲ ਦੱਸਿਆ। ਮਹਾਤਮਾ ਬੁੱਧ ਜੀ ਵੀ ਆਕਾਰ ਪੂਜਕ ਨਹੀਂ ਸਨ ਪਰ ਚਾਲਾਕ ਬ੍ਰਾਹਮਣ ਨੇ ਉਨ੍ਹਾਂ ਦੀ ਖ਼ੁਦ ਦੀ ਹੀ ਮੂਰਤੀ ਬਣਾ ਕੇ ਬੋਧੀਆਂ ਨੂੰ ਮੁੜ ਆਕਾਰ ਪੂਜਾ ਕਰਨ ਲਗਾ ਲਿਆ, ਕਦੇ ਅਜਿਹਾ ਨਾ ਹੋਵੇ ਕਿ ਅਸੀਂ ਵੀ ਰਵਿਦਾਸ ਜੀ ਦੀ ਮੂਰਤੀ ਬਣਾ ਕੇ ਆਕਾਰ ਪੂਜਾ ਵੱਲ ਵਧਦੇ ਜਾਈਏ, ਜੋ ਇੱਕ ਦਿਨ ਸਾਨੂੰ ਭਗਤ ਜੀ ਦੀ ਸੋਚ ਤੋਂ ਬਹੁਤ ਦੂਰ ਲੈ ਜਾਵੇਗਾ।
ਭਗਤ ਰਵਿਦਾਸ ਜੀ ਦੇ ਵਿਚਾਰਾਂ ਦੀ ਪ੍ਰੋੜ੍ਹਤਾ ਕਰਦੇ ਭਗਤ ਕਬੀਰ ਜੀ ਇਹ ਬਚਨ ਚੇਤੇ ਰੱਖਣਯੋਗ ਹਨ ਕਿ ਜੋ ਮਨੁੱਖ ਅਦ੍ਰਿਸ਼ ਨਿਰਾਕਾਰ ਹਰੀ ਨੂੰ ਛੱਡ ਕੇ ਆਕਾਰ ਪੂਜਾ ’ਚ ਵਿਸ਼ਵਾਸ ਰੱਖਣਗੇ ਉਹ ਨਰਕਾਂ ’ਚ ਜਾਣਗੇ, ‘‘ਹਰਿ ਸੋ (ਹਰੀ ਵਰਗਾ) ਹੀਰਾ ਛਾਡਿ ਕੈ; ਕਰਹਿ ਆਨ ਕੀ ਆਸ ॥ ਤੇ ਨਰ ਦੋਜਕ ਜਾਹਿਗੇ; ਸਤਿ ਭਾਖੈ ਰਵਿਦਾਸ ॥’’ (ਭਗਤ ਕਬੀਰ/੧੩੭੭) ਤਾਂ ਤੇ ਨਿਰਾਕਾਰ ਮਾਲਕ ਅੱਗੇ ਫ਼ਰਿਆਦੀ ਬਣੇ ਰਹਿਣਾ ਫਬਦਾ ਹੈ, ‘‘ਬਹੁਤ ਜਨਮ ਬਿਛੁਰੇ ਥੇ ਮਾਧਉ ! ਇਹੁ ਜਨਮੁ ਤੁਮ੍ਹਾਰੇ ਲੇਖੇ ॥ ਕਹਿ ਰਵਿਦਾਸ ! ਆਸ ਲਗਿ ਜੀਵਉ; ਚਿਰ ਭਇਓ ਦਰਸਨੁ ਦੇਖੇ ॥’’ (੬੯੪)