ਘੱਟ ਗਿਣਤੀ, ਬੇਸਹਾਰਾ, ਲਾਚਾਰ ’ਤੇ ਹੁੰਦੇ ਜ਼ੁਲਮ ਲਈ ਅੱਗੇ ਆਉਣਾ ਹੀ ਇਨਸਾਨੀਅਤ

0
628

ਘੱਟ ਗਿਣਤੀ, ਬੇਸਹਾਰਾ, ਲਾਚਾਰ ’ਤੇ ਹੁੰਦੇ ਜ਼ੁਲਮ ਲਈ ਅੱਗੇ ਆਉਣਾ ਹੀ ਇਨਸਾਨੀਅਤ

ਕਿਰਪਾਲ ਸਿੰਘ ਬਠਿੰਡਾ 98554-80797

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਦੇਸ਼ ਭਾਵੇਂ ਕੋਈ ਵੀ ਹੋਵੇ, ਧਰਮ ਦੇ ਅਸਲੀ ਅਰਥ ਸਮਝਣ ਤੋਂ ਅਸਮਰੱਥ ਕੱਟੜਪੰਥੀਆਂ ਦੀ ਬਹੁਤਾਤ ਵਸੋਂ ਵਾਲੇ ਦੇਸ਼ਾਂ ਵਿੱਚ ਧਾਰਮਿਕ ਘੱਟ ਗਿਣਤੀ ਵਰਗ ਦੇ ਲੋਕਾਂ ਨੂੰ ਹਮੇਸ਼ਾਂ ਡਰ ਦੇ ਸਾਏ ਹੇਠ ਆਪਣੀ ਜ਼ਿੰਦਗੀ ਜਿਊਣ ਲਈ ਮਜਬੂਰ ਹੋਣਾ ਪੈਂਦਾ ਹੈ, ਪਰ ਜਿਸ ਦੇਸ਼ ਦੀ ਹਾਕਮ ਜਮਾਤ; ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਤੋਂ ਅਸਮਰੱਥ ਰਹੀ ਹੋਵੇ; ਆਰਥਿਕ, ਭ੍ਰਿਸ਼ਟਾਚਾਰ ਅਤੇ ਬੇਰੁਜ਼ਗਾਰੀ ਸਮੇਤ ਹਰ ਪਹਿਲੂ ’ਤੇ ਫੇਲ੍ਹ ਹੋ ਚੁੱਕੀ ਹੋਵੇ ਉਹ ਆਪਣੀਆਂ ਨਾਕਾਮੀਆਂ ਛੁਪਾਉਣ ਅਤੇ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦਿਆਂ ਦੀ ਜਵਾਬਦੇਹੀ ਤੋਂ ਬਚਣ ਲਈ ਕੋਈ ਐਸਾ ਮੁੱਦਾ ਖੜ੍ਹਾ ਕਰ ਦਿੰਦੀ ਹੈ, ਜਿਸ ਨਾਲ ਧਰਮ ਦੇ ਆਧਾਰ ’ਤੇ ਸਮਾਜ ’ਚ ਵੰਡੀਆਂ ਪੈ ਜਾਂਦੀਆਂ ਹਨ। ਸਰਕਾਰੀ ਧਿਰ ਨੂੰ ਸਮਾਜ ਦਾ ਧਰਮ ਆਧਾਰਤ ਵੰਡੇ ਜਾਣ ਦਾ ਫ਼ਾਇਦਾ ਇਹ ਹੁੰਦਾ ਹੈ ਕਿ ਬਹੁ ਗਿਣਤੀ ਦੇ ਲੋਕ ਸਰਕਾਰੀ ਧਿਰ ਨੂੰ ਆਪਣੇ ਧਰਮ ਦੇ ਰਾਖੇ ਸਮਝ ਲੈਂਦੇ ਹਨ ਤੇ ਆਪਣੇ ਲਈ ਰੁਜ਼ਗਾਰ, ਸਿੱਖਿਆ, ਸਿਹਤ ਆਦਿਕ ਸਹੂਲਤਾਂ, ਜ਼ਰੂਰੀ ਵਸਤਾਂ ਦੀ ਮਹਿੰਗਾਈ ਘਟਾਉਣ, ਭ੍ਰਿਸ਼ਟਾਚਾਰ ਮੁਕਤ ਪ੍ਰਸਾਸ਼ਨ ਮੁਹੱਈਆ ਕਰਵਾਉਣ ਦੀਆਂ ਅਹਿਮ ਤੇ ਜਾਇਜ਼ ਮੰਗਾਂ ਨੂੰ ਭੁੱਲ ਕੇ ਹਾਕਮ ਜਮਾਤ ਦੇ ਹੱਕ ਵਿੱਚ ਖੜ੍ਹੇ ਹੋ ਜਾਂਦੇ ਹਨ। ਘੱਟ ਗਿਣਤੀ ਫਿਰਕੇ ਦੇ ਲੋਕਾਂ ਨੂੰ ਵੀ ਆਪਣੀਆਂ ਸਮਾਜਿਕ ਮੰਗਾਂ ਨੂੰ ਪਿੱਛੇ ਛੱਡ ਕੇ ਆਪਣਾ ਵਜੂਦ ਬਚਾਉਣ ਲਈ ਧਾਰਮਿਕ ਲੜਾਈ ਲੜਨ ਲਈ ਮਜਬੂਰ ਹੋਣਾ ਪੈਂਦਾ ਹੈ। ਮੌਜੂਦਾ ਲੋਕਤੰਤਰ ਵਿੱਚ ਘੱਟ ਗਿਣਤੀ ਫਿਰਕੇ ਦੀ ਤਾਂ ਪਹਿਲਾਂ ਹੀ ਕੋਈ ਦਾਲ ਨਹੀਂ ਗਲਦੀ ਪਰ ਸੱਤਾਧਾਰੀ ਪਾਰਟੀ ਸਾਮ, ਦਾਮ, ਦੰਡ, ਭੇਦ ਆਦਿਕ ਸਾਧਨਾਂ ਨਾਲ ਘੱਟ ਗਿਣਤੀ ਫਿਰਕੇ ਦੇ ਲੋਕਾਂ ਵਿੱਚ ਵੰਡੀਆਂ ਪਾ ਕੇ ਉਨ੍ਹਾਂ ਵਿੱਚੋਂ ਵੀ ਕਈਆਂ ਨੂੰ ਆਪਣੇ ਕੁਹਾੜੇ ਦਾ ਦਸਤਾ ਬਣਾ ਕੇ (ਭਾਵ ਉਨ੍ਹਾਂ ਤੋਂ ਆਪਣੀ ਬੋਲੀ ਬੁਲਵਾ ਕੇ) ਉਨ੍ਹਾਂ ਦੇ ਹੀ ਭਾਈਚਾਰੇ ਦਾ ਘਾਣ ਕਰਨ ਲਈ ਵਰਤਦੇ ਹਨ।

ਭਾਰਤ ਦੀ ਧਾਰਮਿਕ ਬਹੁ ਗਿਣਤੀ ਦੇ ਪੁਜਾਰੀ ਵਰਗ ਨੇ ਆਪਣੀ ਲੁੱਟ ਕਾਇਮ ਰੱਖਣ ਲਈ ਸਮਾਜ ਨੂੰ ਜਾਤ-ਪਾਤ ਅਤੇ ਛੂਆ-ਛਾਤ ਦੇ ਭਰਮ ਵਿੱਚ ਫਸਾ ਕੇ ਸਮਾਜਿਕ ਵੰਡੀਆਂ ਰਾਹੀਂ ਬੇਹੱਦ ਕਮਜ਼ੋਰ ਕਰ ਦਿੱਤਾ। ਸਮਾਜ ਵਿੱਚ ਵੰਡੀਆਂ ਪੈਣ ਸਦਕਾ ਕੌਮੀ ਤਾਕਤ ਕਮਜ਼ੋਰ ਹੋਣ ਦਾ ਹੀ ਸਿੱਟਾ ਸੀ ਕਿ ਮਹਿਮੂਦ ਗਜ਼ਨਵੀ ਨੇ ਸੰਨ 1001 ਤੋਂ 1030 ਤੱਕ ਭਾਰਤ ’ਤੇ 17 ਹਮਲੇ ਕੀਤੇ ਅਤੇ ਹਰ ਵਾਰ ਇੱਥੋਂ ਦਾ ਧਨ ਦੌਲਤ ਅਤੇ ਇੱਜ਼ਤ ਆਬਰੂ ਲੁੱਟ ਕੇ ਬੜੇ ਆਰਾਮ ਨਾਲ ਵਾਪਸ ਚਲਾ ਜਾਂਦਾ ਸੀ। ਇੱਥੋਂ ਤੱਕ ਕਿ ਕਹੇ ਜਾਂਦੇ ਸਰਬ ਸ਼ਕਤੀਮਾਨ ਦੇਵਤਿਆਂ ਦੇ ਮੰਦਿਰ ਵੀ ਲੁੱਟ ਕੇ ਫ਼ਨਾਹ ਕਰ ਜਾਂਦਾ ਸੀ ਜਿਨ੍ਹਾਂ ਵਿੱਚੋਂ ਵਿਸ਼ੇਸ਼ ਤੌਰ ’ਤੇ ਸੋਮਨਾਥ ਦੇ ਜਗਤ ਪ੍ਰਸਿੱਧ ਮੰਦਿਰ ਦਾ ਨਾਮ ਸ਼ਾਮਲ ਹੈ, ਜਿਸ ਨੂੰ ਮਾਰਚ 1024 ਵਿੱਚ ਲੁੱਟ ਕੇ ਮੰਦਿਰ ਸਮੇਤ ਸ਼ਿਵ ਜੀ ਦੀ ਮੂਰਤੀ ਨੂੰ ਵੀ ਚਕਨਾਚੂਰ ਕਰ ਦਿੱਤਾ। ਇਸ ਤੋਂ ਬਾਅਦ ਅਫ਼ਗਾਨਸਤਾਨ ਦੇ ਅਨੇਕਾਂ ਧਾੜਵੀਆਂ ਨੇ ਉੱਠ ਕੇ ਭਾਰਤ ’ਤੇ ਹਮਲੇ ਕੀਤੇ ਤੇ ਇੱਥੋਂ ਧਨ ਦੌਲਤ ਅਤੇ ਇੱਜ਼ਤ ਆਬਰੂ ਦੀ ਲੁੱਟਮਾਰ ਕਰਕੇ ਵਾਪਸ ਚਲੇ ਜਾਂਦੇ ਸਨ ਅਤੇ ਕਈ ਇੱਥੇ ਹੀ ਆਪਣਾ ਸਥਾਈ ਰਾਜ ਸਥਾਪਤ ਕਰਨ ਦੀ ਮਨਸ਼ਾ ਨਾਲ ਰਾਜ ਕਰਨ ਲੱਗ ਪਏ। ਭਾਰਤ ਨੂੰ ਗੁਲਾਮ ਬਣਾ ਕੇ ਰਾਜ ਕਰਨ ਵਾਲਿਆਂ ਵਿੱਚ ਮੁਹੰਮਦ ਗੌਰੀ ਕੋਲ ਵਿਕਿਆ ਕੁਤਬਦੀਨ ਐਬਕ ਦਾ ਨਾਮ ਵੀ ਸ਼ਾਮਲ ਹੈ। ਬਾਬਰ ਨੇ 1521 ਈ: (ਸੰਮਤ 1578) ਵਿੱਚ ਸੈਦਪੁਰ (ਐਮਨਾਬਾਦ) ਫ਼ਤਹਿ ਕੀਤਾ ਅਤੇ 1526 ਵਿੱਚ ਦਿੱਲੀ ’ਤੇ ਕਬਜ਼ਾ ਕਰਕੇ ਭਾਰਤ ਵਿੱਚ ਮੁਗਲ ਸਾਮਰਾਜ ਦੀ ਨੀਂਹ ਰੱਖਣ ਵਿੱਚ ਸਫਲ ਰਿਹਾ।  ਸੰਨ 1540 ਈ: (ਸੰਮਤ 1597) ਤੋਂ 1545 ਤੱਕ ਸ਼ੇਰ ਸ਼ਾਹ ਸੂਰੀ ਅਤੇ 1545 ਤੋਂ 1554 ਤੱਕ ਇਸਲਾਮ ਸ਼ਾਹ ਸੂਰੀ ਦੇ ਥੋੜ੍ਹੇ ਜਿਹੇ ਸਮੇਂ ਨੂੰ ਛੱਡ ਕੇ ਬਾਕੀ 1857 ਤੱਕ ਮੁਗਲ ਰਾਜ ਰਿਹਾ। ਵਿਦੇਸ਼ੀ ਧਾੜਵੀਆਂ ਨੂੰ ਜੇ ਕਿਸੇ ਧਾਰਮਿਕ ਸ਼ਖ਼ਸੀਅਤ ਨੇ ਵੰਗਾਰਿਆ ਤਾਂ ਉਹ ਕੇਵਲ ਗੁਰੂ ਨਾਨਕ ਸਾਹਿਬ ਜੀ ਸਨ, ਜਿਨ੍ਹਾਂ ਨੇ ਬਾਬਰ ਨੂੰ ਜ਼ਾਬਰ ਕਹਿ ਕੇ ਦਲੇਰੀ ਨਾਲ ਵੰਗਾਰਿਆ। ਗੁਰਬਾਣੀ ਵਿੱਚ ਵੀ ਇਸ ਦਲੇਰਾਨਾ ਆਵਾਜ਼ ਦੇ ਪ੍ਰਮਾਣ ਮਿਲਦੇ ਹਨ; ਜਿਵੇਂ: ‘‘ਪਾਪ ਕੀ ਜੰਞ ਲੈ ਕਾਬਲਹੁ ਧਾਇਆ, ਜੋਰੀ ਮੰਗੈ ਦਾਨੁ ਵੇ ਲਾਲੋ !॥ (ਮ: ੧/ ੭੨੩), ਰਾਜੇ ਸੀਹ ਮੁਕਦਮ ਕੁਤੇ॥ ਜਾਇ ਜਗਾਇਨਿ੍ ਬੈਠੇ ਸੁਤੇ ॥’’ (ਮ: ੧/੧੨੮੮) ਆਦਿ। ਇਨ੍ਹਾਂ ਮੁਗਲਾਂ ਵਿੱਚੋਂ ਖਾਸ ਕਰ ਔਰੰਗਜ਼ੇਬ ਨੇ ਮੁਸਲਮਾਨਾਂ ਵਿੱਚ ਚੰਗਾ ਹਾਕਮ ਬਣਨ ਲਈ ਹਿੰਦੂਆਂ ’ਤੇ ਅਨੇਕਾਂ ਜੁਲਮ ਢਾਹੇ ਤੇ ਉਨ੍ਹਾਂ ਦੇ ਤਿਲਕ ਜੰਞੂ ਜ਼ਬਰੀ ਲੁਹਾ ਕੇ ਮੁਸਲਮਾਨ ਬਣਾਇਆ। ਇਸ ਜ਼ਬਰ ਵਿਰੁੱਧ, ਜਦੋਂ ਕੋਈ ਵੀ ਹਿੰਦੂਆਂ ਦੀ ਬਾਂਹ ਫੜ੍ਹਨ ਵਾਲਾ ਨਾ ਰਿਹਾ ਉਸ ਸਮੇਂ ਲੋਕਾਂ ਦੀ ਧਾਰਮਿਕ ਅਜ਼ਾਦੀ ਤੇ ਮਨੁੱਖੀ ਹੱਕਾਂ ਲਈ ਨਾਵੇਂ ਪਾਤਸ਼ਾਹ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਆਪਣੀ ਸ਼ਹੀਦੀ ਦੇ ਕੇ ਹਿੰਦੂ ਧਰਮ ਦੇ ਤਿਲਕ ਜੰਞੂ ਨੂੰ ਬਚਾਇਆ ਭਾਵੇਂ ਕਿ ਕੁੱਲ 10 ਸਾਲ ਦੀ ਉਮਰ ’ਚ  ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਆਪ ਇਹ ਜਨੇਊ ਪਹਿਨਣ ਤੋਂ ਮਨ੍ਹਾ ਕਰ ਦਿੱਤਾ ਸੀ। ਗੁਰੂ ਸਾਹਿਬਾਨ ਦੀ ਸੰਸਾਰ ਨੂੰ ਮਹਾਨ ਦੇਣ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਸਰਬ ਸਾਂਝੀਵਾਲਤਾ ਦੇ ਉਪਦੇਸ਼ ਹਨ, ‘‘ਨੀਚਾ ਅੰਦਰਿ ਨੀਚ ਜਾਤਿ; ਨੀਚੀ ਹੂ ਅਤਿ ਨੀਚੁ॥ ਨਾਨਕੁ ਤਿਨ ਕੈ ਸੰਗਿ ਸਾਥਿ; ਵਡਿਆ ਸਿਉ ਕਿਆ ਰੀਸ॥ ਜਿਥੈ ਨੀਚ ਸਮਾਲੀਅਨਿ; ਤਿਥੈ ਨਦਰਿ ਤੇਰੀ ਬਖਸੀਸ ॥  (ਮ: ੧/੧੫),  ਸਭੇ ਸਾਝੀਵਾਲ ਸਦਾਇਨਿ; ਤੂੰ ਕਿਸੈ ਨ ਦਿਸਹਿ ਬਾਹਰਾ ਜੀਉ॥ (ਮ: ੫/੯੭), ਜਾਤਿ ਕਾ ਗਰਬੁ ਨ ਕਰੀਅਹੁ ਕੋਈ॥  ਬ੍ਰਹਮੁ ਬਿੰਦੇ, ਸੋ ਬ੍ਰਾਹਮਣੁ ਹੋਈ ॥੧॥  ਜਾਤਿ ਕਾ ਗਰਬੁ ਨ ਕਰਿ, ਮੂਰਖ ਗਵਾਰਾ॥  ਇਸੁ ਗਰਬ ਤੇ, ਚਲਹਿ ਬਹੁਤੁ ਵਿਕਾਰਾ ॥੧॥ ਰਹਾਉ ॥  ਚਾਰੇ ਵਰਨ ਆਖੈ ਸਭੁ ਕੋਈ॥  ਬ੍ਰਹਮੁ ਬਿੰਦ ਤੇ, ਸਭ ਓਪਤਿ ਹੋਈ ॥੨॥  ਮਾਟੀ ਏਕ ਸਗਲ ਸੰਸਾਰਾ॥  ਬਹੁ ਬਿਧਿ ਭਾਂਡੇ ਘੜੈ ਕੁਮ੍ਾਰਾ ॥੩॥ (ਮ ੩/ ੧੧੨੮), ਨਾ ਹਮ ਹਿੰਦੂ; ਨ ਮੁਸਲਮਾਨ॥  ਅਲਹ ਰਾਮ ਕੇ ਪਿੰਡੁ ਪਰਾਨ॥ (ਮ: ੫/੧੧੩੬), ਭੈ ਕਾਹੂ ਕਉ ਦੇਤ ਨਹਿ; ਨਹਿ ਭੈ ਮਾਨਤ ਆਨ ॥ ਕਹੁ ਨਾਨਕ, ਸੁਨਿ ਰੇ ਮਨਾ ! ਗਿਆਨੀ ਤਾਹਿ ਬਖਾਨਿ ॥’’ (ਮ: ੯/੧੪੨੭) ਆਦਿ ਵਚਨਾਂ ’ਤੇ ਪਹਿਰਾ ਦਿੰਦਿਆਂ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਸੰਨ 1675 ’ਚ ਸ਼ਹੀਦੀ ਦੇ ਕੇ ਧਾਰਮਿਕ ਅਜ਼ਾਦੀ ਤੇ ਮਨੁੱਖੀ ਹੱਕਾਂ ਦੀ ਬਹਾਲੀ ਲਈ ਇੱਕ ਐਸੀ ਮਿਸਾਲ ਪੇਸ਼ ਕੀਤੀ, ਜੋ ਪੂਰੀ ਦੁਨੀਆਂ ਵਿੱਚ ਅੱਜ ਤੱਕ ਹੋਰ ਕਿਧਰੇ ਨਹੀਂ ਮਿਲਦੀ।

ਈਸਟ ਇੰਡੀਆ ਕੰਪਨੀ 1757 ਵਿੱਚ ਭਾਰਤ ਆਈ ਸੀ ਅਤੇ ਹੌਲੀ ਹੌਲੀ ਇਸ ਨੇ ਪੂਰੇ ਭਾਰਤ ’ਤੇ ਕਬਜ਼ਾ ਕਰ ਲਿਆ, ਜੋ 1947 ਤੱਕ ਕਾਇਮ ਰਿਹਾ। ਇਸ ਨੂੰ ਅੰਗਰੇਜ਼ ਰਾਜ ਦੇ ਤੌਰ ’ਤੇ ਜਾਣਿਆ ਜਾਂਦਾ ਹੈ। ਇਸੇ ਸਮੇਂ ਦੌਰਾਨ 1799 ਵਿੱਚ ਰਣਜੀਤ ਸਿੰਘ ਨੇ ਲਾਹੌਰ ਉੱਤੇ ਕਬਜ਼ਾ ਕਰ ਕੇ ਸਿੱਖ ਰਾਜ ਸਥਾਪਤ ਕੀਤਾ, ਜੋ ਸੁਤੰਤਰ ਸਿੱਖ ਮਿਸਲਾਂ ਦੇ ਖ਼ਾਲਸਾਈ ਸਿਧਾਂਤਾਂ ’ਤੇ ਆਧਾਰਿਤ ਸੀ। ਖ਼ਾਲਸਾ ਰਾਜ ’ਚ ਭਾਰਤ ਤੇ ਪਾਕਿਸਤਾਨ ਦੇ ਕਸ਼ਮੀਰ ਅਤੇ ਪੰਜਾਬ ਤੋਂ ਇਲਾਵਾ ਜੰਮੂ, ਪਿਸ਼ਾਵਰ, ਹਿਮਾਚਲ ਪ੍ਰਦੇਸ਼, ਤਿੱਬਤ ਆਦਿ ਹਿੱਸੇ ਸ਼ਾਮਲ ਸਨ। ਡੋਗਰਿਆਂ ਦੀ ਗਦਾਰੀ ਕਾਰਨ ਸਿੱਖ ਰਾਜ 1849 ਵਿੱਚ ਅੰਗਰੇਜ਼ਾਂ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ। ਪਿੱਛੇ ਜਿਹੇ ਆਏ ਅੰਤਰਾਸ਼ਟਰੀ ਸਰਵੇਖਣ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਦੁਨੀਆਂ ਵਿੱਚ ਹੁਣ ਤੱਕ ਹੋਏ ਰਾਜਿਆਂ ਵਿੱਚੋਂ ਸਭ ਤੋਂ ਵਧੀਆ ਰਾਜਾ ਐਲਾਨਿਆ ਗਿਆ ਹੈ ਜਿਸ ਦੇ ਰਾਜ ਦੌਰਾਨ ਹਿੰਦੂ ਮੁਸਲਮਾਨ ਸਿੱਖ ਆਪਸ ਵਿੱਚ ਭਾਈਚਾਰਕ ਸਾਂਝੀਵਾਲਤਾ ਅਤੇ ਸਦਭਾਵਨਾ ਦੇ ਮਹੌਲ ਵਿੱਚ ਪੂਰਨ ਅਜ਼ਾਦੀ ਨਾਲ ਰਹੇ ਸਨ। ਪੂਰੇ ਰਾਜ ਦੌਰਾਨ ਨਾ ਕੋਈ ਫਿਰਕੂ ਦੰਗੇ ਹੋਏ, ਨਾ ਕੋਈ ਵੱਡਾ ਜੁਰਮ ਹੋਇਆ ਅਤੇ ਨਾ ਹੀ ਕਿਸੇ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਿਤਵੇ ਧਾਰਮਿਕ ਆਜ਼ਾਦੀ ਅਤੇ ਸਰਬ ਸਾਂਝੀਵਾਲਤਾ ਉਪਦੇਸ਼ਾਂ ’ਤੇ ਪੂਰਾ ਉੱਤਰਨ ਵਾਲਾ ਰਾਜ ਪ੍ਰਬੰਧ ਕਾਇਮ ਸੀ।

1947 ’ਚ ਭਾਰਤ ਅੰਗਰੇਜ਼ਾਂ ਦੀ ਗੁਲਾਮੀ ਤੋਂ ਤਾਂ ਆਜ਼ਾਦ ਹੋ ਗਿਆ ਪਰ ਅਸਲ ਵਿੱਚ ਆਰ. ਐੱਸ.ਐੱਸ. ਅਤੇ ਮੁਹੰਮਦ ਅਲੀ ਜਿਨਾਹ ਦੀਆਂ ਫਿਰਕੂ ਨੀਤੀਆਂ ਕਾਰਨ 10 ਲੱਖ ਬੇਕਸੂਰ ਹਿੰਦੂ-ਮੁਸਲਮਾਨ-ਸਿੱਖਾਂ ਦੇ ਸਮੂਹਿਕ ਕਤਲੇਆਮ ਔਰਤਾਂ ਦੀ ਬੇਪੱਤੀ ਤੇ ਲੱਖਾਂ ਨੂੰ ਆਪਣੇ ਵਸਦੇ-ਰਸਦੇ ਘਰ ਘਾਟ ਛੱਡ ਕੇ ਰਿਫੂਜੀ ਕੈਂਪਾਂ ਵਿੱਚ ਰਹਿਣ ਪਿਆ। ਪੂਰੇ ਭਾਰਤ ਵਿੱਚ ਅਬਾਦੀ 2% ਹੋਣ ਦੇ ਬਾਵਜੂਦ ਆਜ਼ਾਦੀ ਦੀ ਲਹਿਰ ਵਿੱਚ 80% ਹਿੱਸਾ ਪਾਉਣ ਵਾਲੇ ਸਿੱਖਾਂ ਦਾ ਸਭ ਤੋਂ ਵੱਧ ਨੁਕਸਾਨ ਇਸ ਵੰਡ ਦੌਰਾਨ ਹੋਇਆ। ਜਾਨੀ ਮਾਲੀ ਨੁਕਸਾਨ ਤੋਂ ਇਲਾਵਾ ਸਿੱਖਾਂ ਨੂੰ ਜਾਨ ਤੋਂ ਪਿਆਰੇ ਬਹੁਤ ਹੀ ਇਤਿਹਾਸਕ ਮਹਾਨਤਾ ਵਾਲੇ ਗੁਰਧਾਮਾਂ, ਜਿਨ੍ਹਾਂ ਵਿੱਚ ਮੁੱਖ ਤੌਰ ’ਤੇ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਅਸਥਾਨ ਨਨਕਾਣਾ ਸਾਹਿਬ, ਉਨ੍ਹਾਂ ਦੀ ਕਰਮ ਭੂਮੀ ਕਰਤਾਰਪੁਰ ਸਾਹਿਬ, ਪੰਜਾ ਸਾਹਿਬ, ਗੁਰੂ ਰਾਮਦਾਸ ਜੀ ਦਾ ਜਨਮ ਅਸਥਾਨ, ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਅਸਥਾਨ ਅਤੇ ਸਿੱਖ ਰਾਜ ਦੀ ਰਾਜਧਾਨੀ ਲਾਹੌਰ ਤੋਂ ਵਿਛੜਨਾ ਪਿਆ। ਇਸ ਤੋਂ ਬਾਅਦ ਸਿੱਖ ਰਾਜ ਹੇਠਲੀ ਧਰਤੀ ਨੂੰ ਵੰਡ ਦਰ ਵੰਡ ਕਾਰਨ ਲੀਰੋ ਲੀਰ ਕਰ ਕੇ ਰੱਖ ਦਿੱਤਾ। ਸਿੱਖਾਂ ਪਾਸ ਐਸੀ ਕੋਈ ਥਾਂ ਨਹੀਂ ਰਹੀ, ਜਿਸ ਨੂੰ ਇਹ ਆਪਣੀ ਕਹਿ ਕੇ ਇਸ ’ਤੇ ਮਾਣ ਕਰ ਸਕਣ। ਹੁਣ ਸਿੱਖ ਭਾਵੇਂ ਭਾਰਤ ਵਿੱਚ ਜ਼ਿਆਦਾ ਹਨ ਅਤੇ ਪਾਕਿਸਤਾਨ, ਅਫਗਾਨਸਤਾਨ ਵਿੱਚ ਘੱਟ, ਪਰ ਹਰ ਦੇਸ਼ ਵਿੱਚ ਘੱਟ ਗਿਣਤੀ ਹੋਣ ਕਰਕੇ ਸਭ ਤੋਂ ਵੱਧ ਪੀੜਤ ਹਨ।

ਭਾਰਤ, ਜਿਸ ਨੂੰ ਮੁਸਲਮਾਨਾਂ ਤੇ ਅੰਗਰੇਜ਼ਾਂ ਦੀ 9 ਸਦੀਆਂ ਦੀ ਗੁਲਾਮੀ ਤੋਂ ਬਾਅਦ ਮੁਕਤੀ ਦਿਵਾਈ, ਹਿੰਦੂਆਂ ਦੀ ਧਾਰਮਿਕ ਆਜ਼ਾਦੀ ਲਈ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਹੀਦੀ ਦਿੱਤੀ, ਇੱਥੋਂ ਦੀ ਧਨ ਦੌਲਤ ਤੇ ਇੱਜ਼ਤ ਲੁੱਟਣ ਵਾਲੇ ਵਿਦੇਸ਼ੀ ਧਾੜਵੀਆਂ ਨਾਲ ਯੁੱਧ ਕੀਤੇ ਤਾਂ ਜੋ ਕਾਬਲ ਦੇ ਬਾਜ਼ਾਰਾਂ ਵਿੱਚ ਵਿਕਣ ਜਾ ਰਹੀਆਂ ਅਬਲਾ ਔਰਤਾਂ ਨੂੰ ਛੁਡਵਾ ਕੇ ਇੱਜ਼ਤ ਸਤਿਕਾਰ ਨਾਲ ਉਨ੍ਹਾਂ ਦੇ ਘਰ ਪਹੁੰਚਾਇਆ ਜਾ ਸਕੇ; ਪਰ ਅਜੌਕੇ ਭਾਰਤ ਵਿੱਚ ਸਿੱਖਾਂ ਦਾ ਇਹ ਹਾਲ ਹੈ ਕਿ ਸੰਨ 1984 ’ਚ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ’ਤੇ ਫ਼ੌਜੀ ਹਮਲਾ ਕੀਤਾ ਗਿਆ ਤੇ ਸਰਕਾਰੀ ਸ਼ਹਿ ਪ੍ਰਾਪਤ ਫਿਰਕੂ ਹਜੂਮ ਨੇ ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਪੂਰੇ ਭਾਰਤ ਵਿੱਚ 40,000 ਤੋਂ ਵੱਧ ਸਿੱਖਾਂ ਦਾ ਕਤਲੇਆਮ ਕੀਤਾ, ਹਜ਼ਾਰਾਂ ਔਰਤਾਂ ਨਾਲ ਬਲਾਤਕਾਰ ਕੀਤੇ ਗਏ, ਜਾਇਦਾਦਾਂ ਸਾੜ ਦਿੱਤੀਆਂ। ਸਭ ਤੋਂ ਵੱਧ ਨੁਕਸਾਨ ਉਨ੍ਹਾਂ ਸੂਬਿਆਂ ਵਿੱਚ ਹੋਇਆ ਜਿੱਥੇ ਕਾਂਗਰਸ ਦੀ ਸਰਕਾਰ ਸੀ ਇਸ ਤੋਂ ਸਪਸ਼ਟ ਹੈ ਕਿ ਸਿੱਖਾਂ ਦਾ ਕਤਲੇਆਮ ਸਰਕਾਰੀ ਸਰਪ੍ਰਸਤੀ ਹੇਠ ਹੋਇਆ।

ਸਿੱਖੀ ਦੇ ਗੜ੍ਹ ਪੰਜਾਬ ਵਿੱਚ ਵੀ 1984 ਤੋਂ 1995 ਤੱਕ ਚੱਲੀ ਸਰਕਾਰੀ ਦਹਿਸ਼ਤਗਰਦੀ ਹੇਠ ਸਿੱਖ ਨੌਜਵਾਨਾਂ ਨੂੰ ਪੁਲਿਸ ਨੇ ਘਰੋਂ ਚੁੱਕ ਕੇ ਤਸੀਹੇ ਦੇ ਕੇ ਝੂਠੇ ਮੁਕਾਬਲਿਆਂ ਵਿੱਚ ਮਾਰਿਆ ਤੇ ਅਣਪਛਾਤੀਆਂ ਲਾਸ਼ਾਂ ਕਹਿ ਕੇ ਉਨ੍ਹਾਂ ਦੇ ਸਸਕਾਰ ਕਰ ਦਿੱਤੇ ਜਾਂ ਦਰਿਆਵਂ ਵਿੱਚ ਰੋੜ ਦਿੱਤੇ ਗਏ। ਅੱਜ ਤੱਕ ਉਨ੍ਹਾਂ ਦੇ ਮੌਤ ਸਰਟੀਫਿਕੇਟ ਵੀ ਨਹੀਂ ਪ੍ਰਾਪਤ ਹੋਏ ਅਤੇ ਨਾ ਹੀ ਮੌਤ ਤੋਂ ਬਾਅਦ ਧਾਰਮਿਕ ਰਸਮਾਂ ਨਿਭਾਈਆਂ ਜਾ ਸਕੀਆਂ ਕਿਉਂਕਿ ਉਨ੍ਹਾਂ ਦੇ ਪਰਿਵਾਰ ਕੋਲ ਉਨ੍ਹਾਂ ਦੇ ਪੁੱਤਰ ਮਾਰੇ ਜਾਣ ਜਾਂ ਭਗੋੜੇ ਹੋਣ ਬਾਰੇ ਜਾਣਕਾਰੀ ਨਹੀਂ। ਸਿਤਮ ਜ਼ਰੀਫ਼ੀ ਦੀ ਗੱਲ ਇਹ ਹੈ ਕਿ ਦੁਨੀਆਂ ਦੇ ਸਭ ਤੋਂ ਵੱਡੇ ਲੋਕ ਤੰਤਰ ਦੇਸ਼ ਅਖਵਾਉਂਦੇ ਭਾਰਤ ਵਿੱਚ 1984 ਦੇ ਸਿੱਖ ਕਤਲੇਆਮ ਦੇ ਇੱਕਾ ਦੁੱਕਾ ਦੋਸ਼ੀਆਂ ਨੂੰ ਛੱਡ ਕੇ ਬਾਕੀਆਂ ਨੂੰ ਅੱਜ ਤੱਕ ਕੋਈ ਵੱਡੀ ਸਜ਼ਾ ਵੀ ਨਹੀਂ ਮਿਲੀ ਸਗੋਂ ਉਨ੍ਹਾਂ ਵਿੱਚੋਂ ਬਹੁਤੇ ਤਾਂ ਸਰਕਾਰੀ ਅਹੁੱਦਿਆਂ ’ਤੇ ਬੈਠੇ ਅਨੰਦ ਮਾਣ ਰਹੇ ਹਨ। ਯਹੂਦੀਆਂ ਦੀ ਕੀਤੀ ਨਸਲਘਾਤ ਪਿੱਛੋਂ 1984 ਵਿੱਚ ਸਿੱਖਾਂ ਦੀ ਨਸਲਘਾਤ ਦੁਨੀਆਂ ਦੇ ਇਤਿਹਾਸ ਵਿੱਚ ਦੂਜੀ ਵੱਡੀ ਘਟਨਾ ਹੈ।

ਕਾਂਗਰਸ ਨੂੰ ਸਿੱਖਾਂ ਦੇ ਦੁਸ਼ਮਣ ਵਜੋਂ ਗਰਦਾਨ ਕੇ ਸਿੱਖਾਂ ਦੀ ਨੁਮਾਇੰਦਾ ਰਾਜਨੀਤਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਹਰ ਪਹਿਲੂ ’ਤੇ ਪੰਜਾਬ, ਪੰਜਾਬੀ ਅਤੇ ਸਿੱਖ ਦੀਆਂ ਮੰਗਾਂ ਦਾ ਵਿਰੋਧ ਕਰਨ ਵਾਲੀ ਜਨਸੰਘ/ਭਾਜਪਾ ਨਾਲ ਗੱਠਜੋੜ ਕਰ ਲਿਆ ਅਤੇ ਗੱਲੀਂ ਬਾਤੀਂ ਦੋਵੇਂ ਪਾਰਟੀਆਂ ਇਸ ਗੱਠਜੋੜ ਨੂੰ ਹਿੰਦੂ-ਸਿੱਖ ਏਕਤਾ ਦਾ ਨਾਂ ਦਿੰਦੇ ਰਹੇ ਭਾਵੇਂ ਕਿ ਕੇਂਦਰ ਵਿੱਚ ਭਾਜਪਾ ਸਰਕਾਰਾਂ ਆਉਣ ਦੇ ਬਾਵਜੂਦ ਵੀ ਪੰਜਾਬ ਦੀਆਂ ਜਾਇਜ਼ ਮੰਗਾਂ, ਜਿਨ੍ਹਾਂ ਲਈ ਅਕਾਲੀ ਮੋਰਚੇ ਲਾਉਂਦੇ ਰਹੇ; ਜਿਵੇਂ ਕਿ ਚੰਡੀਗੜ੍ਹ ਸਮੇਤ ਪੰਜਾਬੀ ਬੋਲਦੇ ਇਲਾਕੇ ਪੰਜਾਬ ਸੂਬੇ ਨੂੰ ਦੇਣੇ, ਪੰਜਾਬ ਤੋਂ ਖੋਹੇ ਨਹਿਰੀ ਪਾਣੀ ਦੀ ਕੀਮਤ ਲੈਣੀ, ਪੂਰੇ ਭਾਰਤ ਦੇ ਗੁਰਦੁਆਰਿਆਂ ਨੂੰ ਇੱਕ ਪ੍ਰਬੰਧ ਹੇਠ ਲਿਆਉਣਾ, ਅਨੰਦ ਮੈਰਿਜ ਐਕਟ ਪਾਸ ਕਰਵਾਉਣਾ, ਅਨੰਦਪੁਰ ਸਾਹਿਬ ਦਾ ਮਤਾ ਆਦਿ ਕੁਝ ਵੀ ਲਾਗੂ ਨਾ ਕਰਾ ਸਕੇ ਸਗੋਂ ਭਾਜਪਾ ਸਰਕਾਰਾਂ ਵਾਲੇ ਸੂਬੇ ਉੱਤਰਾਖੰਡ ਵਿੱਚ ਆਉਂਦਾ ਗੁਰੂ ਨਾਨਕ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹਰਿਦੁਆਰ ਦਾ ਗੁਰਦੁਆਰਾ ਗਿਆਨ ਗੋਦੜੀ ਅਤੇ ਉਡੀਸਾ ਵਿੱਚ ਜਗੰਨਾਥਪੁਰੀ ਵਿਖੇ ਮੰਗੂ ਮੱਠ ਆਦਿ ਇਤਿਹਾਸਕ ਗੁਰਦੁਆਰੇ ਢਹਾ ਕੇ ਨਿਸ਼ਾਨ ਵੀ ਮਿਟਾ ਦਿੱਤੇ ਗਏ। ਗੁਜਰਾਤ ਦੇ ਕੱਛ ਖੇਤਰ, ਮੇਘਾਲਿਆ ਦੀ ਰਾਜਧਾਨੀ ਸ਼ਿਲੌਂਗ ਅਤੇ ਮੱਧ ਪ੍ਰਦੇਸ਼ ਵਿੱਚੋਂ ਸਿੱਖਾਂ ਨੂੰ ਉਜਾੜਿਆ ਜਾ ਰਿਹਾ ਹੈ। ਭਾਜਪਾ ਦੀ ਯੋਗੀ ਸਰਕਾਰ; ਯੂ.ਪੀ. ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਨਗਰ ਕੀਰਤਨ ਕੱਢ ਰਹੇ ਸਿੱਖ ਆਗੂਆਂ ’ਤੇ ਕੇਸ ਦਰਜ ਕਰ ਕੇ ਦੱਸ ਚੁੱਕੀ ਹੈ ਕਿ ਭਰਤ ਵਿੱਚ ਸਿੱਖਾਂ ਨੂੰ ਆਪਣੇ ਧਾਰਮਿਕ ਦਿਹਾੜੇ ਮਨਾਉਣ ਦੀ ਵੀ ਆਗਿਆ ਨਹੀਂ ਹੈ। ਜਦ ਤੱਕ ਭਾਜਪਾ ਨੂੰ ਅਕਾਲੀਆਂ ਦੀ ਲੋੜ ਸੀ ਤਦ ਤੱਕ ਅਕਾਲੀਆਂ ਨੂੰ ਵਰਤਿਆ ਗਿਆ, ਪਰ ਹੁਣ ਭਾਜਪਾ ਮਜਬੂਤ ਅਤੇ ਅਕਾਲੀ ਦਲ ਕਮਜ਼ੋਰ ਹੋਇਆ ਵੇਖ ਪਹਿਲਾਂ ਹਰਿਆਣਾ ਵਿਧਾਨ ਸਭਾ ਵਿੱਚ ਅਤੇ ਹੁਣ ਦਿੱਲੀ ਦੀਆਂ ਚੋਣਾਂ ਵਿੱਚ ਅਕਾਲੀਆਂ ਨੂੰ ਕੋਈ ਵੀ ਸੀਟ ਦੇਣਾ ਉਚਿਤ ਨਾ ਸਮਝਿਆ।

 ਪੰਥਕ ਅਖਵਾਉਂਦੇ ਅਕਾਲੀ ਦਲ ਦੀ ਹਾਲਤ ਐਸੀ ਹੋ ਗਈ ਹੈ ਕਿ ਮੱਧ ਪ੍ਰਦੇਸ਼ ਵਿੱਚ ਕਾਂਗਰਸ ਸਰਕਾਰ ਦੁਆਰਾ ਸਿੱਖਾਂ ਦੇ ਘਰ-ਘਾਟ ਢਾਹੇ ਜਾਣ ’ਤੇ, ਮੰਗੂ ਮੱਠ ਢਾਹੇ ਜਾਣ ’ਤੇ, ਯੂ. ਪੀ. ’ਚ ਨਗਰ ਕੀਰਤਨ ਰੋਕੇ ਜਾਣ ’ਤੇ ਜਾਂ 550 ਸਾਲਾ ਗੁਰੂ ਨਾਨਕ ਸਾਹਿਬ ਜੀ ਦੇ ਕੱਢੇ ਗਏ ਨਗਰ ਕੀਰਤਨ ਨੂੰ ਗੁਰਦੁਆਰਾ ਗਿਆਨ ਗੋਦੜੀ (ਹਰਿਦੁਆਰ) ਵੱਲ ਲੈ ਜਾਣ ’ਤੇ ਉਸ ਤਰ੍ਹਾਂ ਆਵਾਜ਼ ਬੁਲੰਦ ਨਹੀਂ ਕੀਤੀ, ਜਿਸ ਤਰ੍ਹਾਂ ਪਾਕਿਸਤਾਨ ਵਿੱਚ ਵਾਪਰੀਆਂ ਘਟਨਾਵਾਂ ਬਾਰੇ ਓਥੋਂ ਦੀ ਸਰਕਾਰ ਵਿਰੁਧ ਬੋਲਿਆ ਜਾਂਦਾ ਹੈ। ਇਸ ਤੋਂ ਇਹੀ ਸਾਫ਼ ਹੁੰਦਾ ਹੈ ਕਿ ਸਿੱਖ ਹਿੱਤਾਂ ਨਾਲੋਂ ਇਨ੍ਹਾਂ ਨੂੰ ਕੁਰਸੀ ਮੋਹ ਵੱਧ ਪਿਆਰਾ ਹੈ।

ਜਿਵੇਂ ਕਾਂਗਰਸ ਨੇ 1978 ਤੋਂ 1995 ਤੱਕ ਸਿੱਖਾਂ ਨੂੰ ਮੋਹਰਾ (ਅਤਿਵਾਦੀ/ਦੇਸ਼ ਧਰੋਹੀ) ਬਣਾ ਕੇ ਰਾਸ਼ਟਰੀ ਏਕਤਾ ਦੀ ਦੁਹਾਈ ਦਿੱਤੀ ਤੇ ਹਿੰਦੂ ਲੋਕਾਂ ਨੂੰ ਬਰਗਲਾ ਕੇ ਵੋਟ ਲਈ ਉਸੇ ਤਰ੍ਹਾਂ ਅੱਜ ਅਕਾਲੀਆਂ ਨਾਲ ਪਤੀ-ਪਤਨੀ ਸੰਬੰਧ ਰੱਖਣ ਵਾਲੀ ਭਾਜਪਾ; ਮੁਸਲਮਾਨਾਂ ਨੂੰ ਮੋਹਰਾ ਬਣਾ ਕੇ ਹਿੰਦੂ ਲੋਕਾਂ ਨੂੰ ਬਰਗਲਾਉਣ ਦਾ ਯਤਨ ਕਰਦੀ ਪਈ ਹੈ ਅਤੇ ‘ਸਭੇ ਸਾਂਝੀਵਾਲ’ ਸਿਧਾਂਤ ਦੇ ਪੈਰੋਕਾਰ ਅਕਾਲੀ ਆਗੂ; ਇੱਕ ਵੀ ਸ਼ਬਦ ਲਾਚਾਰ ਮੁਸਲਮਾਨਾਂ ਦੇ ਹੱਕ ’ਚ ਬੋਲਣ ਤੋਂ ਡਰਦੇ ਹਨ ਤਾਂ ਜੋ ਕੇਂਦਰ ’ਚ ਵਜ਼ੀਰੀ ਵਜੋਂ ਮਿਲੀ ਇੱਕ ਕੁਰਸੀ ਨਾ ਚਲੀ ਜਾਵੇ।

ਗਿਣੀ ਮਿਥੀ ਸਾਜਿਸ਼ ਹੇਠ ਘੱਟ ਗਿਣਤੀਆਂ ਦੇ ਕਤਲ ਇਸ ਲਈ ਹੋ ਰਹੇ ਹਨ ਕਿਉਂਕਿ ਧਰਮ ਵਿਹੂਣੇ ਅਤੇ ਆਪਣੇ ਆਪ ਨੂੰ ਹਿੰਦੂ ਧਰਮ ਦੇ ਆਗੂ ਅਖਵਾਉਣ ਵਾਲੇ ਲੋਕ; ਆਮ ਹਿੰਦੂ ਜਨਤਾ ਵਿੱਚ ਫਿਰਕੂ ਜ਼ਹਿਰ ਕੁੱਟ-ਕੁੱਟ ਕੇ ਭਰ ਰਹੇ ਹਨ।

ਅਨਧਰਮਾਂ ਵਾਲ਼ਿਆਂ ਅਤੇ ਸਿਆਸੀ ਵਿਰੋਧੀਆਂ ਨੂੰ ਭਾਰਤ ਵਿਰੋਧੀ, ਦੇਸ਼ ਧਿਰੋਹੀ, ਦੁਸ਼ਮਣ ਦੇਸ਼ (ਪਾਕਿਸਤਾਨ) ਦੇ ਹੱਥ ਠੋਕੇ ਆਦਿ ਪ੍ਰਚਾਰਿਆ ਜਾ ਰਿਹਾ ਹੈ ਭਾਵੇਂ ਕਿ ਸਾਡਾ ਹੀ ਗੁਆਂਢੀ ਦੇਸ਼ ਚੀਨ ਵੀ ਹਰ ਸਮੇਂ ਭਾਰਤ ਪ੍ਰਤਿ ਬੁਰੀ ਸੋਚ ਰੱਖਦਾ ਹੈ ਅਤੇ ਸੰਯੁਕਤ ਰਾਸ਼ਟਰ ਵਿੱਚ ਭਾਰਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਹਰ ਦੇਸ਼ ਜਾਂ ਹਰ ਬੰਦੇ ਦੀ ਹਰ ਪੱਖੋਂ ਮਦਦ ਕਰਦਾ ਹੈ, ਪਰ ਫਿਰਕਾ ਪ੍ਰਸਤ ਅਤੇ ਅਖੌਤੀ ਰਾਸ਼ਟਰਵਾਦੀ ਭਾਰਤੀ ਲੀਡਰ; ਪਾਕਿਸਤਾਨ ਅਤੇ ਮੁਸਲਮਾਨਾਂ ਵਿਰੋਧੀ ਹਵਾ ਬਣਾ ਕੇ ਛੇਤੀ ਤੇ ਵੱਧ ਲਾਭ ਲੈਣ ਦੀ ਚਾਹਤ ਵਿੱਚ ਲੱਗੇ ਰਹਿੰਦੇ ਹਨ, ਫਿਰ ਆਪਣੇ ਤੋਂ ਵੱਧ ਤਾਕਤਵਰ ਦੁਸ਼ਮਣ ਚੀਨ ਨਾਲ ਕਿਉਂ ਪੰਗਾ ਲਿਆ ਜਾਵੇ, ਜਿਸ ਬਦਲੇ ਭਾਰਤ ਵਿੱਚ ਕੋਈ ਸਿਆਸੀ ਲਾਭ ਵੀ ਨਾ ਮਿਲਦਾ ਪ੍ਰਤੀਤ ਹੋਵੇ ?

ਸਿੱਖ ਧਰਮ ਇੱਕ ਸਮਾਜਿਕ ਧਰਮ ਹੈ ਭਾਵ ਸਮਾਜ ਦੀਆਂ ਅਨੇਕਾਂ ਸਮੱਸਿਆਵਾਂ ਨੂੰ ਉਜਾਗਰ ਕਰਨ ਵਾਲਾ ਅਤੇ ਉਨ੍ਹਾਂ ਦਾ ਹੱਲ ਕੱਢ ਕੇ ਦੇਣਵਾਲਾ ਧਰਮ ਹੈ।  ਸਮਾਜਿਕ ਅਸਮਾਨਤਾ ਤੇ ਮਨੁੱਖਤਾ ਉੱਤੇ ਹੁੰਦੇ ਜੁਲਮ ਨੂੰ ਸਹਿਣਾ ਸਿੱਖ ਲਈ ਬੁਝਦਿੱਲੀ ਹੈ, ਇਨ੍ਹਾਂ ਹੀ ਸਮਾਜਿਕ ਹੱਕਾਂ ਦੀ ਰਾਖੀ ਕਰਨ ਬਦਲੇ ਫਿਰਕੂ ਅਤੇ ਅਖੌਤੀ ਦੇਸ਼ ਭਗਤਾਂ ਨੇ ਸਿੱਖਾਂ ਨੂੰ ਜਰਾਇਮ ਪੇਸ਼ਾ (ਸਦਾ ਲੜਦੇ ਰਹਿਣ ਵਾਲੇ) ਨਾਂ ਦਿੱਤਾ ਹੈ।

1984 ਵਿੱਚ ਜਿਸ ਸਮੇਂ ਕਾਂਗਰਸ ਦੇ ਦੁਬਾਰਾ ਜਿੱਤ ਜਾਣ ਦੀ ਵੀ ਉਮੀਦ ਨਹੀਂ ਸੀ, ਪਰ ਸਿੱਖਾਂ ਦੇ ਕਤਲੇਆਮ ਪਿੱਛੋਂ ਤਿੰਨ ਚੌਥਾਈ ਬਹੁਮਤ ਹਾਸਲ ਕਰ ਗਈ ਜੋ ਕਿ ਭਾਰਤ ਦੇ ਹੁਣ ਤੱਕ ਦੇ ਇਤਿਹਾਸ ਵਿੱਚ ਇੱਕ ਰਿਕਾਰਡ ਹੈ, ਇਸੇ ਤਰ੍ਹਾਂ 2002 ਵਿੱਚ ਗੁਜਰਾਤ ਦੇ ਮੁਸਲਮਾਨਾਂ ਦੇ ਵੱਡੇ ਪੱਧਰ ਦੇ ਹੋਏ ਕਤਲੇਆਮ ਪਿੱਛੋਂ ਨਰਿੰਦਰ ਮੋਦੀ ਇਕ ਮਜਬੂਤ ਆਗੂ ਦੇ ਤੌਰ ’ਤੇ ਉੱਭਰਿਆ ਤੇ ਤਿੰਨ ਵਾਰ ਗੁਜਰਾਤ ਦਾ ਮੁੱਖ ਮੰਤਰੀ ਬਣਨ ਗਿਆ, ਜਿਸ ਦੀ ਬਦੌਲਤ ਕੇਂਦਰ ਵਿੱਚ ਵੀ ਦੂਜੀ ਵਾਰ ਦੋ ਤਿਹਾਈ ਬਹੁਮਤ ਨਾਲ ਪ੍ਰਧਾਨ ਮੰਤਰੀ ਬਣ ਗਿਆ। ਮੋਦੀ ਦੇ ਰਾਜ ਵਿੱਚ ਗਊ ਮਾਸ ਜਾਂ ਚੋਰੀ/ਬੱਚੇ ਚੁੱਕਣ ਦੇ ਕਥਿਤ ਦੋਸ ਬਹਾਨੇ ਮੌਬ ਲਿੰਚਿੰਗ ਰਾਹੀਂ ਬੜੀ ਬੇਰਹਿਮੀ ਨਾਲ ਛੋਟੀ ਜਾਤ ਅਤੇ ਗ਼ੈਰ ਧਰਮਾਂ ਨਾਲ ਸੰਬੰਧਿਤ ਹੋਣ ਵਾਲੇ ਕਤਲਾਂ ਦੀ ਗਿਣਤੀ ਦਿਨੋ ਦਿਨ ਵਧ ਗਈ। ਚਿੰਤਾ ਵਾਲੀ ਗੱਲ ਇਹ ਹੈ ਕਿ ਮੌਬ ਲਿੰਚਿਗ ਤੇ ਹੁਣ ਸੀ.ਏ.ਏ/ਐੱਨ.ਆਰ.ਸੀ./ਐੱਨ.ਪੀ.ਆਰ. ਵਿਰੁੱਧ ਹੋ ਰਹੇ ਪ੍ਰਦਰਸ਼ਨਾਂ ਦੌਰਾਨ ਮੁਸਲਮਾਨ ਮੁਜਾਹਰਾਕਾਰੀਆਂ ’ਤੇ ਸਰਕਾਰੀ ਤਸ਼ੱਦਦ ਅਤੇ ਕਤਲ ਵੀ ਉਨ੍ਹਾਂ ਸੂਬਿਆਂ ਵਿੱਚ ਹੋ ਰਹੇ ਹਨ, ਜਿੱਥੇ ਭਾਜਪਾ ਦੀਆਂ ਸਰਕਾਰਾਂ ਹਨ।  ਸੱਤਾਧਾਰੀ ਲੀਡਰਾਂ ਵੱਲੋਂ ਆਏ ਦਿਨ ਮੁਸਲਮਾਨ ਫਿਰਕੇ ਵਿਰੁੱਧ ਕੀਤੀਆਂ ਜਾਂਦੀਆਂ ਟਿਪਣੀਆਂ ਇਹ ਸਿੱਧ ਕਰਦੀਆਂ ਹਨ ਕਿ ਭਾਰਤ ਵਿੱਚ ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਹੋਵੇ, ਸਮਾਜਿਕ ਕੰਮ ਕਰਕੇ ਅਗਲੀ ਜਿੱਤ ਹਾਸਲ ਕਰਨ ਦੀ ਬਜਾਇ ਘੱਟ ਗਿਣਤੀਆਂ ਨੂੰ ਮੋਹਰਾ ਬਣਾ ਕੇ ਵੱਧ ਗਿਣਤੀ ਦੀ ਵੋਟ ਹਾਸਲ ਕਰਨਾ, ਆਸਾਨ ਤਰੀਕਾ ਹੈ। ਅੱਜ ਦੇ ਹੁਕਮਰਾਨ ਅਤੇ ਔਰੰਗਜ਼ੇਬ ਦੇ ਅੱਤਿਆਚਾਰਾਂ ਵਿੱਚ ਫਰਕ ਕਰਨਾ ਮੁਸ਼ਕਲ ਹੈ ਭਾਵੇਂ ਕਿ ਇਨ੍ਹਾਂ ਨੂੰ ਅਸੀਂ ਆਪਣੀ ਹੀ ਵੋਟ ਨਾਲ ਚੁਣਦੇ ਹਾਂ।

ਘੱਟ ਗਿਣਤੀਆਂ ਨੂੰ ਅਸਾਨੀ ਨਾਲ ਵਾਰ-ਵਾਰ ਮੋਹਰਾ ਬਣਾ ਕੇ ਸਿਆਸੀ ਲਾਭ ਇਸ ਲਈ ਲਿਆ ਜਾਂਦਾ ਹੈ ਕਿਉਂਕਿ ਘੱਟ ਗਿਣਤੀਆਂ ਦੇ ਸਿਆਸੀ ਆਗੂ ਨਿੱਜੀ ਲਾਲਸਾ ਕਾਰਨ ਆਪਣੀ ਜ਼ਮੀਰ ਵੇਚਣ ਲਈ ਅੱਗੇ ਆ ਜਾਂਦੇ ਹਨ ਅਤੇ ਜਨਤਾ ਫਿਰ ਵੀ ਇਨ੍ਹਾਂ ਨੂੰ ਹੀ ਮੁੜ-ਮੁੜ ਚੁਣਦੀ ਰਹਿੰਦੀ ਹੈ। ਅੱਜ ਸਭ ਨੂੰ ਪਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਿਸ ਨੇ ਕਰਵਾਈ ਭਾਵੇਂ ਕਿ ਸਿਆਸੀ ਗਠਜੋੜ ਅਤੇ ਕਾਨੂੰਨ ਅੰਨ੍ਹਾ ਹੋਣ ਕਾਰਨ ਉਨ੍ਹਾਂ ਨੂੰ ਬਣਦੀ ਸਜ਼ਾ ਨਹੀਂ ਦਿੱਤਾ ਜਾ ਸਕੀ, ਪਰ ਗੁਰਬਾਣੀ ਦਾ ਪਾਠ ਕਰਕੇ ਆਪਣੇ ਆਪ ਨੂੰ ਜਾਗੇ ਹੋਏ ਵਿਅਕਤੀ ਵੀ ਇਹ ਨਿਰਣਾ ਕਰਨਯੋਗ ਨਹੀਂ ਕਿ ਅਜਿਹਾ ਘਿਣੋਨਾ ਕੰਮ ਕੌਣ ਕਰ ਕੇ ਲਾਭ ਉੱਠਾ ਰਿਹਾ ਹੈ, ਇਸ ਨਾਸਮਝੀ ਤੋਂ ਹੋਰ ਅੰਨ੍ਹਾਪਣ ਕੀ ਹੋ ਸਕਦਾ ਹੈ ? ਅਜਿਹੇ ਵਿਅਕਤੀ ਆਪਣੇ ਆਪ ਨੂੰ ਇਹ ਸਵਾਲ ਜ਼ਰੂਰ ਪੁੱਛਣ ਕਿ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਕਿਸ ਨੇ ਕਰਵਾਈ ਹੋ ਸਕਦੀ ਹੈ ? ਜਦ ਅਸੀਂ ਆਪਣੀ ਸ਼ਕਤੀ ਨੂੰ ਇਕੱਠਾ ਨਹੀਂ ਰੱਖ ਸਕਦੇ ਤਾਂ ਸਾਡੇ ਚੁਣੇ ਹੋਏ ਲੀਡਰ, ਸਾਡੀ ਇਸ ਕਮਜ਼ੋਰੀ ਨੂੰ ਸਮਝਦੇ ਹੋਏ ਗੁਰਮਤਿ ਅਨੁਸਾਰੀ ਹਿੱਤਾਂ ਦੀ ਰਾਖੀ ਕਰਨ ਲਈ ਸੰਘਰਸ਼ ਕਰਨ ਦੀ ਬਜਾਇ ਕਿਉਂ ਨਾ ਵਕਤੀ ਗੰਦੀ ਰਾਜਨੀਤੀ ’ਚ ਚੁੱਭੀ ਮਾਰ ਕੇ ਚੰਗੇ ਆਗੂ ਅਖਵਾਉਣ ? ਹਰ ਬੰਦੇ ਨੂੰ ਆਪਣੇ ਲੀਡਰ ਤੋਂ ਪੁੱਛਣਾ ਬਣਦਾ ਹੈ ਕਿ ਭਾਰਤ ਵਿੱਚ ਆਏ ਦਿਨ ਪੈਦਾ ਹੋ ਰਹੇ ਘੱਟ ਗਿਣਤੀਆਂ ’ਤੇ ਸੰਕਟ ਬਾਰੇ ਤੁਹਾਡਾ ਬਹੁ ਗਿਣਤੀ ਵੱਲ ਇੱਕ ਤਰਫ਼ ਝੁਕਾਅ ਕਿਉਂ ਬਣ ਜਾਂਦਾ ਹੈ ਜਾਂ ਇਸ ਬਦਲੇ ਤੁਹਾਨੂੰ ਕੀ ਕੀ ਨਿੱਜੀ ਲਾਭ ਮਿਲ ਰਹੇ ਹਨ ?

ਤਰਾਸਦੀ ਇਹ ਹੈ ਕਿ ਕਾਂਗਰਸ ਵਿੱਚ ਬੈਠੇ ਸਿੱਖ 1984 ਦੇ ਸਿੱਖ ਕਤਲੇਆਮ ਵਿਰੁੱਧ ਜ਼ੁਬਾਨ ਨਹੀਂ ਖੋਲ੍ਹਦੇ ਅਤੇ ਭਾਜਪਾ ਤੇ ਅਕਾਲੀ ਦਲ ਵਿੱਚ ਬੈਠੇ ਸਿੱਖ; ਗੁਜਰਾਤ ’ਚ ਮੁਸਲਮਾਨਾਂ ਦੇ ਕਤਲੇਆਮ, ਮੌਬ ਲਿੰਚਿੰਗ ਅਤੇ ਸੀ.ਏ.ਏ. ਵਿਰੁੱਧ ਪ੍ਰਦਰਸ਼ਨਕਾਰੀਆਂ ’ਤੇ ਤਸ਼ੱਦਦ ਹੋਣ ਬਾਰੇ ਨਹੀਂ ਬੋਲ ਰਹੇ। ਇਨ੍ਹਾਂ ਤੋਂ ਗੁਰਦੁਆਰਾ ਗਿਆਨ ਗੋਦੜੀ, ਮੰਗੂ ਮੱਠ ਢਾਹੇ ਜਾਣ ਵਿਰੁੱਧ ਬੋਲਣ ਦੀ ਕੀ ਉਮੀਦ ਰੱਖੀ ਜਾ ਸਕਦੀ ਹੈ ? ਇਹੋ ਹਾਲ ਕੁਝ ਮੁਸਲਮਾਨ ਆਗੂਆਂ ਦਾ ਹੈ। ਘੱਟ ਗਿਣਤੀਆਂ ਦੇ ਰਾਜਨੀਤਕ ਆਗੂਆਂ ਦੀ ਐਸੀ ਬੀਮਾਰ ਮਾਨਸਿਕਤਾ ਹੀ ਬਹੁ ਗਿਣਤੀ ਦੀਆਂ ਪ੍ਰਤੀਨਿਧ ਬਣੀ ਬੈਠੀਆਂ ਪਾਰਟੀਆਂ ਨੂੰ ਉਤਸ਼ਾਹਿਤ ਕਰਦੀਆਂ ਹਨ।

ਸੋ ਭਾਵੇਂ ਸੱਤਾਧਾਰੀ ਪਾਰਟੀਆਂ ਘੱਟ ਗਿਣਤੀਆਂ ਦੇ ਆਗੂਆਂ ਨੂੰ ਲਾਲਚ ਦੇ ਕੇ ਜਾਂ ਡਰਾ-ਧਮਕਾ ਕੇ ਮੂੰਹ ਬੰਦ ਕਰਵਾਉਣ ’ਚ ਕਾਮਯਾਬ ਹੋ ਜਾਂਦੀਆਂ ਹਨ ਪਰ ਇਸ ਵਾਰ ਚੰਗੀ ਗੱਲ ਇਹ ਹੈ ਕਿ ਭਾਰਤ ਸਰਕਾਰ ਦੀ ਦਮਨਕਾਰੀ ਨੀਤੀ ਵਿਰੁੱਧ ਅੱਜ ਵਿਦਿਆਰਥੀ, ਸੁਹਿਰਦ ਬਹੁ ਗਿਣਤੀ, ਫਿਲਮਕਾਰ, ਸਾਹਿਤਕਾਰ ਅਤੇ ਬੁੱਧੀਜੀਵੀ ਅੱਗੇ ਆਏ ਹਨ। ਸਿੱਖਾਂ ਨੂੰ ਚਾਹੀਦਾ ਹੈ ਕਿ ਇਹ ਆਪਣਾ ਪਿਛਲਾ ਇਤਿਹਾਸ ਚੇਤੇ ਕਰਦਿਆਂ ਸੰਵਿਧਾਨ ਅਤੇ ਮਾਨਵਤਾ ਵਿਰੁਧ ਹੁੰਦੇ ਅਤਿਆਚਾਰ ਵਿਰੱਧ ਆਪਣੀ ਆਵਾਜ਼ ਮੱਠੀ ਨਾ ਪੈਣ ਦੇਣ।