ਸਰਲ ਗੁਰਬਾਣੀ ਵਿਆਕਰਣ – ਭਾਗ 9
(ਇਸਤਰੀ ਲਿੰਗ ਨਾਉਂ – ਅਕਾਰਾਂਤ)
– ਗਿਆਨੀ ਅੰਮ੍ਰਿਤਪਾਲ ਸਿੰਘ ਲੁਧਿਆਣਾ।
‘ਹਾਅ ! ਬੰਦੇ ਨੇ ਬੀਬੀ ਨੂੰ ਮਾਰ ਦਿੱਤਾ।’ ਮਾਸੂਮ ਮਿਹਰ ਸਿੰਘ ਕਿਤਾਬ ਪੜ੍ਹ ਕੇ ਆਪਣੀ ਡਾਇਰੀ ’ਤੇ ਨੋਟਸ ਲਿਖਦਿਆਂ ਇਕੋ-ਦਮ ਚੀਕਿਆ।
‘ਕਿਹੜੀ ਬੀਬੀ ਨੂੰ ? ਕਿੱਥੇ ਮਾਰਿਆ ?’ ਮਾਂ ਅਤੇ ਸੁਖਦੀਪ ਸਿੰਘ ਨੇ ਇਕੱਠਿਆਂ ਚੌਂਕ ਕੇ ਪੁੱਛਿਆ।
‘ਮੇਰਾ ਮਤਲਬ ਗੁਰਬਾਣੀ ਦੀ ਵਿਆਕਰਣ ਵਿਚ ਪੁਲਿੰਗ ਨੇ ਇਸਤਰੀ ਲਿੰਗ ਨੂੰ ਮਾਰ ਦਿੱਤਾ।’ ਮਿਹਰ ਸਿੰਘ ਨੇ ਸ਼ਰਾਰਤੀ ਹਾਸਾ ਹੱਸਦਿਆਂ ਜਵਾਬ ਦਿੱਤਾ।
‘ਉਹ ਕਿਵੇਂ ਪੁੱਤਰ ?’ ਮਾਂ ਨੇ ਫਿਰ ਹੈਰਾਨੀ ਨਾਲ ਪੁੱਛਿਆ।
‘ਦੇਖੋ ਮੰਮੀ ਜੀ, ਭੋਜਨ ਨੇ ਭੁੱਖ ਨੂੰ ਮਾਰ ਦਿੱਤਾ। ਪਾਣੀ ਨੇ ਪਿਆਸ ਨੂੰ ਮਾਰ ਦਿੱਤਾ। ਸਤਿਗੁਰੂ ਜੀ ਨੇ ਆਸ ਨੂੰ ਮੁਕਾ ਦਿਤਾ। ਸਮਝੋ ਪੁਲਿੰਗ ਨੇ ਇਸਤਰੀ ਲਿੰਗ ਨੂੰ ਮਾਰ ਦਿੱਤਾ।’ ਮਿਹਰ ਸਿੰਘ ਨੇ ਨਵੀਂ ਖੋਜ ਕੱਢ ਮਾਰੀ।
‘ਮਿਹਰ, ਤੈਨੂੰ ਪਤਾ ਹੈ ਕਿ ਦੁਨੀਆਂ ਦਾ ਮਹਾਨ ਸਾਇੰਸਦਾਨ ਅਲਬਰਟ ਆਈਨਸਟਾਈਨ ਡੂੰਘੀਆਂ ਗੱਲਾਂ ਕਰਨ ਵਾਲਾ ਇੰਨਾ ਦਿਮਾਗੀ ਬੰਦਾ ਸੀ ਕਿ ਉਹਦੀਆਂ ਗੱਲਾਂ ਨੂੰ ਸਿਰਫ 17 ਬੁੱਧੀਮਾਨ ਬੰਦੇ ਹੀ ਸਮਝ ਸਕੇ ਸਨ। ਮੈਨੂੰ ਤੇਰੇ ’ਤੇ ਬਹੁਤ ਮਾਣ ਹੈ ਕਿਉਂਕਿ ਤੂੰ ਤਾਂ ਅਲਬਰਟ ਆਈਨਸਟਾਈਨ ਤੋਂ ਵੀ ਜ਼ਿਆਦਾ ਦਿਮਾਗੀ ਹੈਂ। ਤੈਨੂੰ ਤਾਂ ਅਜੇ ਤੱਕ ਇਕ ਵੀ ਬੰਦਾ ਨੀਂ ਸਮਝ ਸਕਿਆ।’ ਸੁਖਦੀਪ ਸਿੰਘ ਨੇ ਮਿੱਠੀ ਜਿਹੀ ਟਕੋਰ ਕਰਦਿਆਂ ਕਿਹਾ ਤੇ ਸਾਰੇ ਹੱਸ ਪਏ।
‘ਨਹੀਂ, ਨਹੀਂ। ਤੁਹਾਨੂੰ ਸਮਝ ਨੀਂ ਆਈ। ਮੈਂ ਸਮਝਾਉਂਦਾ ਹਾਂ। ਗੁਰਬਾਣੀ ਵਿਚ ‘ਭੋਜਨੁ, ਜਲੁ, ਸਤਿਗੁਰੁ’ ਆਦਿ ਸ਼ਬਦ ਪੁਲਿੰਗ ਇਕ ਵਚਨ ਹੁੰਦੇ ਨੇ, ਜਿਹੜੇ ਉਕਾਰਾਂਤ (ਆਖਰੀ ਅੱਖਰ ਔਂਕੜ ਨਾਲ) ਆਉਂਦੇ ਨੇ, ਜਿਵੇਂ:
ਬ੍ਰਹਮ ਗਿਆਨੀ ਕਾ ਭੋਜਨੁ ਗਿਆਨ॥
ਅਬ ਮੋਹਿ ਜਲਤ ਰਾਮ ਜਲੁ ਪਾਇਆ॥
ਸਤਿਗੁਰੁ ਦਾਤਾ ਨਾਮ ਕਾ ਪੂਰਾ ਜਿਸੁ ਭੰਡਾਰੁ॥
ਇਸੇ ਤਰ੍ਹਾਂ ਗੁਰਬਾਣੀ ਵਿਚ ਭੁਖ, ਪਿਆਸ, ਆਸ ਆਦਿ ਇਸਤਰੀ ਲਿੰਗ ਸ਼ਬਦਾਂ ਦੀ ਪਛਾਣ ਇਹ ਹੈ ਕਿ ਉਹ ਅਕਾਰਾਂਤ (ਆਖਰੀ ਅੱਖਰ ਮੁਕਤਾ) ਹੁੰਦੇ ਹਨ, ਜਿਵੇਂ:
ਭੁਖ ਵਿਆਪੈ ਬਹੁ ਬਿਧਿ ਧਾਵੈ॥
ਮਾਧਉ ਜਲ ਕੀ ਪਿਆਸ ਨ ਜਾਇ॥
ਮੈ ਏਹਾ ਆਸ ਏਹੋ ਆਧਾਰੁ॥
ਹੁਣ ਦੇਖੋ ਗੁਰਬਾਣੀ ਵਿਆਕਰਣ ਦੇ ਨੇਮਾਂ ਮੁਤਾਬਕ ਭੋਜਨੁ, ਜਲੁ, ਸਤਿਗੁਰੁ ਸ਼ਬਦ ਪੁਲਿੰਗ ਨਾਂਵ ਹਨ ਤੇ ਭੁਖ, ਪਿਆਸ, ਆਸ ਇਸਤਰੀ ਲਿੰਗ ਨਾਂਵ ਹਨ। ਜਦੋਂ ਅਸੀਂ ਗੁਰਬਾਣੀ ਦਾ ਪਾਠ ਕਰਦੇ ਹਾਂ ਤਾਂ ਉਸ ਵਿਚ ਇਹ ਵੀ ਪ੍ਰਮਾਣ ਆਉਂਦੇ ਨੇ:
ਸਤਿਗੁਰਿ ਮਿਲਿਐ ਜਲੁ ਪਾਈਐ ਚੂਕੈ ਭੂਖ ਪਿਆਸ॥
ਨਾਨਕ ਸਤਿਗੁਰੁ ਸੇਵਨਿ ਆਪਣਾ ਸੇ ਆਸਾ ਤੇ ਨਿਰਾਸਾ॥
ਜਦੋਂ ਅਸੀਂ ਭੋਜਨ ਕੀਤਾ ਤਾਂ ਉਸ ਭੋਜਨ ਨੇ ਸਾਡੀ ਭੁੱਖ ਖਤਮ ਕਰ ਦਿੱਤੀ, ਇਸ ਤਰ੍ਹਾਂ ‘ਭੋਜਨੁ’ ਪੁਲਿੰਗ ਨੇ ‘ਭੁਖ’ ਇਸਤਰੀ ਲਿੰਗ ਨੂੰ ਮਾਰ ਦਿਤਾ। ਜਦੋਂ ਪਾਣੀ ਪੀਣ ਨਾਲ ਸਾਡੀ ਪਿਆਸ ਮਰ ਗਈ ਤਾਂ ‘ਜਲੁ’ ਨੇ ‘ਪਿਆਸ’ ਨੂੰ ਮਾਰ ਦਿੱਤਾ। ਜਦੋਂ ਸਤਿਗੁਰੂ ਜੀ ਨੇ ਸਾਡੀਆਂ ਆਸ਼ਾਵਾਂ ਨੂੰ ਮੁਕਾ ਦਿੱਤਾ ਤਾਂ ਸਮਝੋ ‘ਸਤਿਗੁਰੁ’ ਨੇ ‘ਆਸ’ ਨੂੰ ਮਾਰ ਦਿੱਤਾ। ਤਾਂ ਹੋ ਗਿਆ ਨਾ, ਪੁਲਿੰਗ ਨੇ ਇਸਤਰੀ ਲਿੰਗ ਨੂੰ ਮਾਰ ਦਿੱਤਾ ?’ ਮਿਹਰ ਸਿੰਘ ਪੂਰੇ ਕੌਨਫੀਡੈਂਸ ਨਾਲ ਆਪਣੀ ਗੱਲ ਸਮਝਾਈ।
‘ਇਹ ਜ਼ਰੂਰੀ ਨਹੀਂ ਹੈ। ਇਸ ਹਿਸਾਬ ਨਾਲ ਤਾਂ ਇਸਤਰੀ ਲਿੰਗ ਵੀ ਪੁਲਿੰਗ ਨੂੰ ਮਾਰ ਸਕਦੀ ਹੈ। ਜਿਵੇਂ:ਇਸਤਰੀ ਲਿੰਗ ਸ਼ਬਦ ‘ਖੇਹ’ ਨੇ ਪੁਲਿੰਗ ਸ਼ਬਦ ‘ਤਨੁ’ ਨੂੰ ਮਾਰ ਦਿੱਤਾ। ਇਸਤਰੀ ਲਿੰਗ ਸ਼ਬਦ ‘ਪਿਆਸ’ ਨੇ ਪੁਲਿੰਗ ਸ਼ਬਦ ‘ਸਾਕਤੁ’ ਨੂੰ ਮਾਰ ਦਿੱਤਾ। ਗੁਰਬਾਣੀ ਅਨੁਸਾਰ:
ਖੇਹੂ ਖੇਹ ਰਲੈ ਤਨੁ ਛੀਜੈ॥
ਜਿਉ ਮੀਨਾ ਬਿਨੁ ਪਾਣੀਐ ਤਿਉ ਸਾਕਤੁ ਮਰੈ ਪਿਆਸ॥
ਪਰ ਮੈਨੂੰਤੇਰੀ ਇਕ ਗੱਲ ਸਮਝ ਨੀਂ ਆਈ।’ ਸੁਖਦੀਪ ਸਿੰਘ ਅਜੇ ਗੱਲ ਕਰ ਹੀ ਰਿਹਾ ਸੀ ਕਿ ਮੈਂ ਬਾਹਰੋਂ ਦਰਵਾਜ਼ੇ ਦੀ ਬੈੱਲ ਵਜਾ ਦਿੱਤੀ। ਮਿਹਰ ਸਿੰਘ ਨੇ ਭੱਜ ਕੇ ਦਰਵਾਜ਼ਾ ਖੋਲ੍ਹਿਆ ਤੇ ਮੈਂ ਅੰਦਰ ਆ ਕੇ ਸਾਰਿਆਂ ਨੂੰ ਫ਼ਤਹ ਗਜਾਈ।
‘ਗਿਆਨੀ ਜੀ, ਮੈਂ ਸਵੇਰ ਦਾ ਤੁਹਾਨੂੰ ਹੀ ਯਾਦ ਕਰ ਰਿਹਾ ਸੀ। ਅੱਜ ਮੈਂ ਗੁਰਬਾਣੀ ਵਿਚੋਂ ਇਸਤਰੀ ਲਿੰਗ ਸ਼ਬਦਾਂ ਦੀ ਪਛਾਣ ਸਿੱਖ ਰਿਹਾ ਹਾਂ।’ ਮਿਹਰ ਸਿੰਘ ਨੇ ਬੜੇ ਉਤਸ਼ਾਹ ਨਾਲ ਚਾਈਂ-ਚਾਈਂ ਦੱਸਿਆ।
‘ਵਾਹ ਜੀ ! ਮੇਰੇ ਨਿੱਕੇ ਜਿਹੇ ਬੱਚੇ ਨੂੰ ਇੰਨੀ ਵਿਆਕਰਣ ਆ ਗਈ ਐ ? ਮੇਰੇ ਸੋਹਣੇ ਬੇਟਾ ਜੀ, ਮੈਨੂੰ ਵੀ ਇਸਤਰੀ ਲਿੰਗ ਸ਼ਬਦਾਂ ਦੀ ਪਛਾਣ ਕਰਨੀ ਸਿਖਾ ਦਿਉ ਨਾ ?’ ਮੈਂ ਵੀ ਉਸ ਨੂੰ ਪਿਆਰ ਭਰੀ ਗਲਵੱਕੜੀ ਵਿਚ ਲੈਂਦਿਆਂ ਬੜੇ ਪਿਆਰ ਨਾਲ ਕਿਹਾ।
‘ਗਿਆਨੀ ਜੀ, ਇਹ ਤਾਂ ਬਹੁਤ ਸੌਖਾ ਹੈ। ਮੈਂ ਤੁਹਾਨੂੰ 5 ਮਿੰਟ ਵਿਚ ਸਿਖਾ ਸਕਦਾ ਹਾਂ। ਗੁਰਬਾਣੀ ਵਿਚ ਇਸਤਰੀ ਲਿੰਗ ਸ਼ਬਦਾਂ ਦੀ ਪਛਾਣ ਇਹ ਹੈ ਕਿ ਉਹ ਅਕਾਰਾਂਤ (ਮੁਕਤਾ-ਅੰਤ) ਆਉਂਦੇ ਨੇ, ਜਿਵੇਂ:
ਭਰੀਐ ਹਥੁ ਪੈਰੁ ਤਨੁ ਦੇਹ॥
ਇਸ ਤੁੱਕ ਵਿਚ ਹਥੁ, ਪੈਰੁ, ਤਨੁ ਇਕ ਵਚਨ ਪੁਲਿੰਗ ਨਾਂਵ ਹਨ, ਇਸ ਲਈ ਇਹਨਾਂ ਦੇ ਆਖਰੀ ਅੱਖਰ ਨੂੰ ਔਂਕੜ ਆ ਗਈ ਹੈ। ‘ਦੇਹ’ ਦਾ ਅਰਥ ਹੈ: ਦੇਹੀ (ਸਰੀਰ), ਇਸ ਲਈ ‘ਦੇਹ’ ਇਸਤਰੀ ਲਿੰਗ ਨਾਉਂ ਹੋਣ ਕਰਕੇ ‘ਦੇਹ’ ਦਾ ਆਖਰੀ ਅੱਖਰ ‘ਹ’ ਮੁਕਤਾ ਆਇਆ ਹੈ। ਇਸ ਤੁੱਕ ਦਾ ਅਰਥ ਇਹ ਹੈ: ਜੇ ਹੱਥ, ਪੈਰ, ਸਰੀਰ, ਦੇਹ ਲਿਬੜ ਜਾਏ।’ ਮਿਹਰ ਸਿੰਘ ਨੇ ਬਹੁਤ ਭੋਲੇਪਨ ਨਾਲ ਸਮਝਾਇਆ।
‘ਪਰ ਇਹ ਵੀ ਤਾਂ ਹੋ ਸਕਦਾ ਹੈ ਨਾ ਕਿ ‘ਦੇਹ’ ਪੁਲਿੰਗ ਹੋਵੇ ?’ ਮੈਂ ਜਾਣ-ਬੁੱਝ ਕੇ ਗਲਤ ਸਵਾਲ ਕੀਤਾ।
‘ਪਰ ਗਿਆਨੀ ਜੀ, ਜਦੋਂ ਅਸੀਂ ਅਨੰਦ ਸਾਹਿਬ ਦੀ ਬਾਣੀ ਪੜਦੇ ਹਾਂ ਤਾਂ ਉਸ ਵਿਚ ਇਕ ਤੁੱਕ ਆਉਂਦੀ ਹੈ:
ਸਾਚੀ ਲਿਵੈ ਬਿਨੁ ਦੇਹ ਨਿਮਾਣੀ॥
‘ਦੇਹ’ ਇਸਤਰੀ ਲਿੰਗ ਹੈ ਤਾਂ ਹੀ ਉਸ ਦਾ ਵਿਸ਼ੇਸ਼ਣ ‘ਨਿਮਾਣੀ’ ਆਇਆ ਹੈ। ਜੇ ‘ਦੇਹ’ ਪੁਲਿੰਗ ਸ਼ਬਦ ਹੁੰਦਾ ਤਾਂ ਵਿਸ਼ੇਸ਼ਣ ‘ਨਿਮਾਣਾ’ ਆਉਣਾ ਸੀ ਨਾ ? ਇਸ ਤੁੱਕ ਦਾ ਅਰਥ ਇਹ ਹੈ: ਸੱਚੀ ਲਗਨ ਤੋਂ ਬਿਨਾਂ ਦੇਹੀ ਨਿਆਸਰੀ ਹੈ।’ ਮਿਹਰ ਸਿੰਘ ਨੇ ਹੁਣ ਬਿਲਕੁੱਲ ਸਪਸ਼ੱਟ ਕਰ ਦਿੱਤਾ ਸੀ।
‘ਵਾਹ ਉਏ ਮੇਰੇ ਨਿੱਕੇ ਵਿਦਵਾਨ ! ਤੂੰ ਤਾਂ ਮੇਰਾ ਛੋਟਾ ਜਿਹਾ ਪ੍ਰੋ: ਸਾਹਿਬ ਸਿੰਘ ਹੈਂ।’ ਮੈਂ ਮਿਹਰ ਸਿੰਘ ਦੇ ਸਿਰ ’ਤੇ ਹੱਥ ਰੱਖ ਕੇ ਪਿਆਰ ਦਿੰਦਿਆਂ ਕਿਹਾ।
‘ਨਹੀਂ ਗਿਆਨੀ ਜੀ, ਪ੍ਰੋ: ਸਾਹਿਬ ਸਿੰਘ ਕਦੀ ਛੋਟੇ ਨਹੀਂ ਹੋ ਸਕਦੇ। ਉਹ ਤਾਂ ਬਹੁਤ ਮਹਾਨ ਨੇ। ਇਸ ਲਈ ਮੈਂ ਛੋਟਾ ਪ੍ਰੋ: ਸਾਹਿਬ ਸਿੰਘ ਨਹੀਂ ਪਰ ਮੈਂ ਵੱਡਾ ਪ੍ਰੋ: ਮਿਹਰ ਸਿੰਘ ਬਣ ਕੇ ਦਿਖਾਵਾਂਗਾ।’ ਮਿਹਰ ਸਿੰਘ ਦੀਆਂ ਇਹ ਭੋਲੀਆਂ ਗੱਲਾਂ ਸੁਣ ਕੇ ਮੇਰਾ ਮਨ ਮੋਹਿਆ ਗਿਆ।
‘ਅੱਛਾ ਵੱਡੇ ਪ੍ਰੋ: ਮਿਹਰ ਸਿੰਘ ਜੀ, ਹੁਣ ਗਿਆਨੀ ਜੀ ਨੂੰ ਵੀ ਇਸਤਰੀ ਲਿੰਗ ਨਾਉਂ ਦੀ ਪਛਾਣ ਸਿਖਾ ਦਿਉ ਜੀ।’ ਮਾਂ ਨੇ ਵੀ ਬੜੇ ਲਾਡ ਨਾਲ ਮਿਹਰ ਸਿੰਘ ਨੂੰ ਕਿਹਾ।
‘ਗਿਆਨੀ ਜੀ, ਆਮ ਤੌਰ ’ਤੇ ਇਸਤਰੀ ਲਿੰਗ ਸ਼ਬਦਾਂ ਦਾ ਆਖਰੀ ਅੱਖਰ ਮੁਕਤਾ ਹੁੰਦਾ ਹੈ। ਮੈਂ ਤੁਹਾਨੂੰ ਗੁਰਬਾਣੀ ਵਿਚੋਂ ਤੁੱਕਾਂ ਸੁਣਾਵਾਂ ?’ ਮਿਹਰ ਸਿੰਘ ਨੇ ਸਮਝਾਉਣਾ ਸ਼ੁਰੂ ਕੀਤਾ।
‘ਹਾਂ ਜੀ ਪੁੱਤਰ ਜੀ, ਮੈਂ ਇਹੀ ਤਾਂ ਤੁਹਾਡੇ ਤੋਂ ਸਿੱਖਣ ਆਇਆਂ ਹਾਂ।’ ਮੈਂ ਮਿਹਰ ਸਿੰਘ ਨੂੰ ਉਤਸ਼ਾਹਿਤ ਕਰਦਿਆਂ ਕਿਹਾ।
‘ਤਾਂ ਫਿਰ ਮੈਂ ਤੁਹਾਨੂੰ ਆਪਣੀ ਡਾਇਰੀ ਵਿਚ ਲਿਖੇ ਹੋਏ ਪ੍ਰਮਾਣ ਸੁਣਾਉਂਦਾ ਹਾਂ।
ਭਗਤਾ ਕੀ ਚਾਲ ਨਿਰਾਲੀ॥
ਇਸ ਤੁੱਕ ਵਿਚ ‘ਚਾਲ’ ਇਸਤਰੀ ਲਿੰਗ ਨਾਉਂ ਹੈ। ਇਸਤਰੀ ਲਿੰਗ ਦੇ ਵਿਸ਼ੇਸ਼ਣ ‘ਨਿਰਾਲੀ’ ਤੋਂ ਵੀ ਇਸਤਰੀ ਲਿੰਗ ਨਾਉਂ ‘ਚਾਲ’ ਦੀ ਪਛਾਣ ਹੋ ਰਹੀ ਹੈ। ਅਰਥ: ਭਗਤਾਂ ਦੀ ਜੀਵਨ ਜੁਗਤੀ ਵੱਖਰੀ ਹੁੰਦੀ ਹੈ।
ਜੇ ਘਰੁ ਬੁਝੈ ਆਪਣਾ ਤਾਂ ਨੀਦ ਨ ਹੋਈ॥
ਇਸ ਤੁੱਕ ਵਿਚ ‘ਨੀਦ’ ਇਸਤਰੀ ਲਿੰਗ ਨਾਉਂ ਹੈ। ‘ਨੀਦ’ ਇਸਤਰੀ ਲਿੰਗ ਨਾਉਂ ਹੈ, ਇਸ ਦਾ ਪਤਾ ਇਸ ਤੁੱਕ ਵਿਚਲੇ ਕਿਰਿਆਵਚੀ ਸ਼ਬਦ ‘ਹੋਈ’ ਤੋਂ ਵੀ ਲਗਦਾ ਹੈ। ਅਰਥ: ਜੇ (ਜੀਵ) ਆਪਣਾ ਘਰ ਪਛਾਣ ਲਵੇ ਤਾਂ (ਉਸ ਨੂੰ ਮਾਇਆ ਦੀ) ਨੀਂਦ ਨਹੀਂ ਆਉਂਦੀ। ਹੁਣ ਤੁਹਾਨੂੰ ਸਮਝ ਆ ਗਈ ਨਾ ਗਿਆਨੀ ਜੀ ?’ ਮਿਹਰ ਸਿੰਘ ਨੇ ਇਕ-ਸਾਹੇ ਦੋ ਪ੍ਰਮਾਣ ਦੇ ਦਿੱਤੇ।
‘ਵਾਹ ਜੀ ! ਮੈਨੂੰ ਬਹੁਤ ਸੌਖੇ ਤਰੀਕੇ ਨਾਲ ਸਮਝਾਇਆ ਮੇਰੇ ਬੱਚੇ ਨੇ। ਬਿਲਕੁੱਲ ਸਮਝ ਆ ਗਈ ਬੇਟਾ ਜੀ।’ ਮੈਂ ਮਿਹਰ ਸਿੰਘ ਦਾ ਮਾਣ ਵਧਾਉਂਦਿਆਂ ਕਿਹਾ।
‘ਮਿਹਰ ਸਿੰਘ, ਇਕ ਪ੍ਰਮਾਣ ਮੈਂ ਤੈਨੂੰ ਦਸਦਾ ਹਾਂ।
ਹਿਕਸ ਕੰਤੈ ਬਾਹਰੀ ਮੈਡੀ ਵਾਤ ਨ ਪੁਛੈ ਕੋਇ॥
ਇਸ ਤੁੱਕ ਵਿਚੋਂ ਇਸਤਰੀ ਲਿੰਗ ਸ਼ਬਦ ਲੱਭ ਕੇ ਦੱਸ।’ ਸੁਖਦੀਪ ਸਿੰਘ ਨੇ ਮਿਹਰ ਸਿੰਘ ਨੂੰ ਸਵਾਲ ਕਰ ਦਿੱਤਾ।
‘ਵੈਰੀ ਸਿੰਪਲ। ਇਸ ਤੁੱਕ ਵਿਚ ‘ਵਾਤ’ ਇਸਤਰੀ ਲਿੰਗ ਨਾਉਂ ਹੈ। ‘ਮੈਡੀ’ ਤੋਂ ਵੀ ਇਸਤਰੀ ਲਿੰਗ ਨਾਉਂ ‘ਵਾਤ’ ਦੀ ਪਛਾਣ ਹੁੰਦੀ ਹੈ। ਅਰਥ: ਇਕ ਪਤੀ ਤੋਂ ਬਿਨਾਂ ਮੇਰੀ ਕੋਈ ਬਾਤ ਨਹੀਂ ਪੁੱਛਦਾ।’ ਮਿਹਰ ਸਿੰਘ ਨੇ ਸੌਖਿਆਂ ਹੀ ਜਵਾਬ ਦੇ ਦਿੱਤਾ।
‘ਪੁੱਤਰ ਜੀ, ਮੈਂ ਤੁਹਾਨੂੰ ਦੋ ਤੁੱਕਾਂ ਸੁਣਾਉਂਦੀ ਹਾਂ।
ਤਨੁ ਮਨੁ ਸੀਤਲੁ ਸਾਚੁ ਪਰੀਖ॥
ਜੈਸੀ ਕਲਮ ਵੁੜੀ ਹੈ ਮਸਤਕਿ ਤੈਸੀ ਜੀਅੜੇ ਪਾਸਿ॥
ਇਹਨਾਂ ਤੁੱਕਾਂ ਵਿਚੋਂ ਇਸਤਰੀ ਲਿੰਗ ਸ਼ਬਦ ਲੱਭੋ।’ ਹੁਣ ਮਾਂ ਨੇ ਵੀ ਸਵਾਲ ਕਰ ਦਿੱਤਾ।
‘ਮੰਮੀ ਜੀ, ਅੱਜ ਤਾਂ ਸਾਰੇ ਮੇਰੇ ਤੋਂ ਹੀ ਪੁੱਛ ਰਹੇ ਨੇ। ਚਲੋ ਮੈਂ ਇਹ ਵੀ ਦੱਸ ਦਿੰਦਾ ਹਾਂ। ਪਹਿਲੀ ਤੁੱਕ ਵਿਚ ‘ਪਰੀਖ’ ਇਸਤਰੀ ਲਿੰਗ ਨਾਉਂ ਹੈ. ਜੋ ਅਕਾਰਾਂਤ (ਆਖਰੀ ਅੱਖਰ ਮੁਕਤਾ-ਅੰਤ) ਆਇਆ ਹੈ। ਅਰਥ: ਉਹਨਾਂ ਦਾ ਤਨ ਤੇ ਮਨ ਸ਼ਾਂਤ ਰਹਿੰਦਾ ਹੈ ਅਤੇ ਉਹਨਾਂ ਨੂੰ ਸੱਚ ਦੀ ਪਰਖ ਹੁੰਦੀ ਹੈ। ਦੂਜੀ ਤੁੱਕ ਵਿਚ ‘ਕਲਮ’ ਇਸਤਰੀ ਲਿੰਗ ਨਾਉਂ ਹੈ, ਜੋ ਅਕਾਰਾਂਤ ਆਇਆ ਹੈ। ਅਰਥ: ਮੱਥੇ ’ਤੇ ਜਿਹੋ ਜਿਹੀ ਕਲਮ ਚਲਦੀ ਹੈ, ਉਹੋ ਜਿਹੀ ਪੂੰਜੀ ਜੀਵ ਕੋਲ ਹੁੰਦੀ ਹੈ।’ ਮਿਹਰ ਸਿੰਘ ਨੇ ਸਹਿਜੇ ਹੀ ਜਵਾਬ ਦੇ ਦਿੱਤਾ।
‘ਮੇਰਾ ਪੁੱਤਰ ਤਾਂ ਬਹੁਤ ਹੁਸ਼ਿਆਰ ਹੈ।’ ਮਾਂ ਨੇ ਮਿਹਰ ਸਿੰਘ ਨੂੰ ਗਲਵੱਕੜੀ ਵਿਚ ਲੈ ਕੇ ਪਿਆਰ ਦਿੰਦਿਆ ਕਿਹਾ।
‘ਮੰਮੀ ਜੀ, ਤੁਹਾਨੂੰ ਪਤਾ ਹੈ, ਮੈਂ ਬਹੁਤ ਸਾਰੇ ਅਕਾਰਾਂਤ ਇਸਤਰੀ ਲਿੰਗ ਸ਼ਬਦ ਆਪਣੀ ਡਾਇਰੀ ’ਤੇ ਨੋਟ ਕੀਤੇ ਨੇ, ਜਿਵੇਂ ਪਿਆਸ, ਭੁਖ, ਨੀਦ, ਬਾਤ, ਸੇਵ, ਕਲਮ, ਪੀੜ, ਪੀਰ, ਕੰਧ, ਪੂਜ, ਆਸ, ਜੰਞ, ਗਣਤ, ਖੇਹ, ਵਾਟ, ਘਾਲ ਆਦਿ।’ ਮਿਹਰ ਸਿੰਘ ਨੇ ਆਪਣੀ ਡਾਇਰੀ ਖੋਲ੍ਹ ਕੇ ਇਸਤਰੀ ਲਿੰਗ ਨਾਂਵਾਂ ਦੀ ਲਿਸਟ ਪੜਨੀ ਸ਼ੁਰੂ ਕਰ ਦਿੱਤੀ।
‘ਪੁਤਰ ਜੀ, ਤੁਹਾਨੂੰ ਪਤਾ ਹੈ ਕਿ ਜਦੋਂ ਕੋਈ ਸ਼ਬਦ ਇਸਤਰੀ ਲਿੰਗ ਰੂਪ ਵਿਚ ਆਉਂਦਾ ਹੈ ਤਾਂ ਉਸ ਦਾ ਅਖੀਰਲਾ ਅੱਖਰ ਮੁਕਤਾ ਹੁੰਦਾ ਹੈ, ਪਰ ਜਿੱਥੇ ਉਹੀ ਸ਼ਬਦ ਪੁਲਿੰਗ ਰੂਪ ਵਿਚ ਆਵੇ ਤਾਂ ਉਸ ਦੇ ਅਖੀਰਲੇ ਅੱਖਰ ਨੂੰ ਔਂਕੜ ਆ ਜਾਂਦੀ ਹੇ, ਜਿਵੇਂ:
ਕਾਮੁ ਕ੍ਰੋਧੁ ਲੋਭੁ ਮੋਹੁ ਜੀਤਹੁ ਐਸੀ ਖੇਲ ਹਰਿ ਪਿਆਰੀ॥
ਇਸ ਤੁੱਕ ਵਿਚ ‘ਖੇਲ’ ਸ਼ਬਦ ਇਸਤਰੀ ਲਿੰਗ ਰੂਪ ਵਿਚ ਹੋਣ ਕਾਰਨ ਆਖਰੀ ਅੱਖਰ ਮੁਕਤਾ-ਅੰਤ ਆਇਆ ਹੈ। ਅਰਥ: ਕਾਮ, ਕ੍ਰੋਧ, ਲੋਭ ਅਤੇ ਮੋਹ ਨੂੰ ਜਿੱਤ ਲਵੋ, ਇਹੋ ਜਿਹੀ ਖੇਡ ਪ੍ਰਭੂ ਨੂੰ ਪਿਆਰੀ ਲਗਦੀ ਹੈ।
ਜੀਅ ਜੰਤ ਸਭੁ ਤੇਰਾ ਖੇਲੁ॥
ਇਸ ਤੁੱਕ ਵਿਚ ‘ਖੇਲੁ’ ਸ਼ਬਦ ਪੁਲਿੰਗ ਲਿੰਗ ਰੂਪ ਵਿਚ ਹੋਣ ਕਾਰਨ ਆਖਰੀ ਅੱਖਰ ਔਂਕੜ-ਅੰਤ ਆਇਆ ਹੈ। ਅਰਥ: ਜੀਵ-ਜੰਤੂ ਸਾਰਾ ਤੇਰਾ ਖੇਲ ਹੈ।
ਇਹਨਾਂ ਤੁੱਕਾਂ ਵਿਚ ਜਿੱਥੇ ਇਸਤਰੀ ਲਿੰਗ ਰੂਪ ਵਿਚ ‘ਖੇਲ’ ਸ਼ਬਦ ਆਇਆ ਹੈ, ਉਥੇ ਉਸ ਸ਼ਬਦ ਦੇ ਆਖਰੀ ਅੱਖਰ ਨੂੰ ਔਂਕੜ ਨਹੀਂ ਆਈ। ਜਿੱਥੇ ਪੁਲਿੰਗ ਰੂਪ ਵਿਚ ‘ਖੇਲੁ’ ਸ਼ਬਦ ਆਇਆ ਹੈ, ਉਥੇ ਉਸ ਸ਼ਬਦ ਦੇ ਆਖਰੀ ਅੱਖਰ ਨੂੰ ਔਂਕੜ ਆ ਗਈ ਹੈ।
ਪੁੱਤਰ, ਹੁਣ ਤੂੰ ਮੈਨੂੰ ਗੁਰਬਾਣੀ ਵਿਚੋਂ 10 ਇਸਤਰੀ ਲਿੰਗ ਨਾਂਵ ਲੱਭ ਕੇ, ਉਹਨਾਂ ਦੇ ਅਰਥਾਂ ਸਮੇਤ ਪ੍ਰਮਾਣ ਲਿਖ ਕੇ ਦਿਖਾ। ਜੇ ਤੂੰ ‘ਖੇਲ’ ਤੋਂ ਇਲਾਵਾ, ਪੁਲਿੰਗ ਤੇ ਇਸਤਰੀ ਲਿੰਗ, ਦੋਵੇਂ ਰੂਪਾਂ ਵਿਚ ਵਰਤਿਆ ਜਾਣ ਵਾਲਾ ਸ਼ਬਦ ਲੱਭ ਸਕਦਾ ਹੋਵੇਂ ਤਾਂ ਤੈਨੂੰ ਪ੍ਰੋ: ਮਿਹਰ ਸਿੰਘ ਬਣਨ ਤੋਂ ਕੋਈ ਨਹੀਂ ਰੋਕ ਸਕਦਾ।’ ਗੁਰਸਿੱਖ ਮਾਂ ਨੇ ਆਪਣੇ ਨਿੱਕੜੇ ਪੁੱਤਰ ਨੂੰ ਗੁਰਬਾਣੀ ਦਾ ਹੋਮ ਵਰਕ ਦੇ ਦਿੱਤਾ।
‘ਪੁਤਰ ਸੁਖਦੀਪ ਸਿੰਘ, ਤੈਨੂੰ ਪਤਾ ਹੈ ਨਾ ਕਿ ਇਸਤਰੀ ਲਿੰਗ ਨਾਂਵਾਂ ਦੇ ਹੋਰ ਵੀ ਨੇਮ ਹੁੰਦੇ ਨੇ ? ਤੇਰਾ ਹੋਮ ਵਰਕ ਇਹ ਹੈ ਕਿ ਇਸਤਰੀ ਨਾਂਵਾਂ ਦੇ ਅਕਾਰਾਂਤ ਤੋਂ ਇਲਾਵਾ ਹੋਰ ਵੀ ਨੇਮ ਲੱਭ ਕੇ ਦੱਸ।’ ਗੁਰਸਿੱਖ ਮਾਂ ਨੇ ਆਪਣੇ ਵੱਡੇ ਪੁੱਤਰ ਨੂੰ ਵੀ ਗੁਰਬਾਣੀ ਦਾ ਹੋਮ ਵਰਕ ਦੇ ਦਿੱਤਾ। ਮੈਂ ਸੋਚ ਰਿਹਾ ਸਾਂ ਕਿ ਹੋਰ ਕਿੰਨੇ ਕੁ ਗੁਰਸਿੱਖ ਮਾਂ-ਪਿਉ ਹੋਣਗੇ, ਜੋ ਆਪਣੇ ਬੱਚਿਆਂ ਨੂੰ ਗੁਰਬਾਣੀ ਦਾ ਹੋਮ ਵਰਕ ਦਿੰਦੇ ਹੋਣਗੇ ? ਕੀ ਤੁਸੀਂ ਹੋ ?