ਸਿੱਖ ਧਰਮ ਅਤੇ ਵਿਗਿਆਨ

0
1521

ਸਿੱਖ ਧਰਮ ਅਤੇ ਵਿਗਿਆਨ

ਰਣਜੀਤ ਸਿੰਘ, B.Sc., M.A., M.Ed. ਸਟੇਟ ਤੇ ਨੈਸ਼ਨਲ ਅਵਾਰਡੀ, ਹੈਡਮਾਸਟਰ (ਸੇਵਾ ਮੁਕਤ)- ੯੯੧੫੫-੧੫੪੩੬

ਰੂਹਾਨੀਅਤ ਨਾਲ ਭਰਪੂਰ ਗੁਰੂ ਨਾਨਕ ਦੇਵ ਜੀ ਨੇ ਅਕਾਲ ਪੁਰਖ ਨਾਲ ਇੱਕ-ਮਿੱਕ ਹੋ ਕੇ, ਜੋ ਵਿਗਿਆਨਕ ਤੱਥ ਸਾਡੇ ਸਾਹਮਣੇ ਅੱਜ ਤੋਂ ਪੰਜ ਸੌ ਸਾਲ ਪਹਿਲਾਂ ਰੱਖੇ ਹਨ, ਉਹਨਾਂ ਨੂੰ ਅੱਜ ਦੇ ਵਿਗਿਆਨੀਆਂ ਨੇ ਹੁਣ ਖੋਜਿਆ ਹੈ, ਖੋਜ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਖੋਜਦੇ ਰਹਿਣਗੇ। ਗੁਰੂ ਨਾਨਕ ਦੇਵ ਜੀ ਸੰਸਾਰ ਦੇ ਪਹਿਲੇ ਅਜਿਹੇ ਪੈਗ਼ੰਬਰ ਹੋਏ ਹਨ, ਜਿਨ੍ਹਾਂ ਨੇ ਇਹ ਵਿਚਾਰ ਰੱਦ ਕਰ ਦਿੱਤਾ ਹੈ ਕਿ ਧਰਤੀ ਬਲਦ ਦੇ ਸਿੰਗਾਂ ਦੇ ਸਹਾਰੇ ’ਤੇ ਖੜ੍ਹੀ ਹੈ। ਆਪ ਨੇ ਦੱਸਿਆ ਕਿ ਧਰਤੀ ਕੇਵਲ ਇੱਕ ਇਹੀ ਨਹੀਂ, ਜਿਸ ’ਤੇ ਅਸੀਂ ਜੀਵਨ ਬਤੀਤ ਕਰ ਰਹੇ ਹਾਂ ਸਗੋਂ ਇਸ ਤੋਂ ਅੱਗੇ ਹੋਰ ਵੀ ਕਈ ਧਰਤੀਆਂ ਹਨ ਤਾਂ ਉਹ ਕਿਸ ਦੇ ਸਹਾਰੇ ਖੜ੍ਹੀਆਂ ਹਨ, ਆਪ ਨੇ ਸਭ ਨੂੰ ਵੰਗਾਰ ਪਾ ਕੇ ਇਹ ਸਿਧਾਂਤ ਦ੍ਰਿੜ੍ਹ ਕਰਵਾਇਆ, ‘‘ਧਰਤੀ ਹੋਰੁ, ਪਰੈ ਹੋਰੁ ਹੋਰੁ॥ ਤਿਸ ਤੇ ਭਾਰੁ; ਤਲੈ, ਕਵਣੁ ਜੋਰੁ ?॥’’ (ਮ: ੧/ਜਪੁ ਜੀ/ਪਾਉੜੀ ੧੬)

ਕਾਪਰਨੀਕਸ ਅਤੇ ਗੈਲੀਲੀਓ ਮਹਾਨ ਵਿਗਿਆਨੀਆਂ ਨੇ ਅੰਬਰ ਦੀਆਂ ਡੂੰਘਾਈਆਂ ਨੂੰ ਆਪਣੀ ਖੋਜ ਨਾਲ ਦੇਖ ਕੇ ਸਾਡੇ ਸਾਹਮਣੇ ਇਹ ਤੱਥ ਪੇਸ਼ ਕੀਤੇ ਕਿ ਸੂਰਜ, ਧਰਤੀ, ਚੰਦ ਤੇ ਹੋਰ ਗ੍ਰਹਿ ਲਗਾਤਾਰ ਘੁੰਮ ਰਹੇ ਹਨ। ਇਹ ਧਾਰਨਾ ਈਸਾਈ ਜਗਤ ਦੇ ਧਾਰਮਿਕ ਗ੍ਰੰਥਾਂ ਦੇ ਅਨੁਕੂਲ ਨਹੀਂ ਸੀ। ਇਸ ਲਈ ਯੂਰਪ ਦੀਆਂ ਧਾਰਮਿਕ ਸੰਸਥਾਵਾਂ, ਚਰਚ ਅਤੇ ਪੋਪ ਵੱਲੋਂ ਇਸ ਦੀ ਸਖ਼ਤ ਵਿਰੋਧਤਾ ਕੀਤੀ ਗਈ। ਜਿਸ ਦੇ ਸਿੱਟੇ ਵਜੋਂ ਕਾਪਰਨੀਕਸ ਤਾਂ ਆਪਣੀ ਖੋਜ ਜ਼ਾਹਰ ਹੀ ਨਾ ਕਰ ਸਕਿਆ ਅਤੇ ਗੈਲੀਲੀਓ ਨੇ ਮਾਫ਼ੀ ਮੰਗ ਕੇ ਜੇਲ੍ਹ ਵਿੱਚੋਂ ਆਪਣੀ ਜਾਨ ਬਚਾਈ, ਪ੍ਰੰਤੂ ਗੁਰੂ ਨਾਨਕ ਦੇਵ ਜੀ ਨੇ ਗੈਲੀਲੀਓ ਤੋਂ ਸੌ ਸਾਲ ਪਹਿਲਾਂ ਹੀ ਦੁਨੀਆਂ ਦੇ ਸਾਹਮਣੇ ਇਹ ਵਿਚਾਰ ਰੱਖਿਆ ਸੀ, ‘‘ਭੈ ਵਿਚਿ ਸੂਰਜੁ, ਭੈ ਵਿਚਿ ਚੰਦੁ॥ ਕੋਹ ਕਰੋੜੀ ਚਲਤ, ਨ ਅੰਤੁ॥’’ (ਆਸਾ ਕੀ ਵਾਰ/ਮ: ੧/੪੬੪)

ਗੁਰੂ ਨਾਨਕ ਸਾਹਿਬ ਨੇ ਬ੍ਰਹਿਮੰਡ ਦੇ ਲੱਖਾਂ ਹੀ ਚੰਦ, ਤਾਰੇ ਅਤੇ ਹੋਰ ਗ੍ਰਹਿਆਂ ਦੇ ਭੇਦ ਪਹਿਲੀ ਵਾਰ ਖੋਲ੍ਹੇ। ਉਹ ਕਿਹੜੀ ਸ਼ਕਤੀ ਜਾਂ ਈਂਧਨ ਹੈ ਜੋ ਇਹਨਾਂ ਗ੍ਰਹਿਆਂ ਨੂੰ ਕਰੋੜਾਂ ਸਾਲਾਂ ਤੋਂ ਇਕਸਾਰ ਲਗਾਤਾਰ ਚਲਾ ਰਹੀ ਹੈ ਅਤੇ ਅਰਬਾਂ ਖਰਬਾਂ ਮੀਲ ਚੱਲ ਕੇ ਵੀ ਜਿਉਂ ਦੇ ਤਿਉਂ ਚੱਲ ਰਹੇ ਹਨ।  ਅਕਾਲ ਪੁਰਖ ਨੇ ਇਹਨਾਂ ਵਿੱਚ ਅਮੁੱਕ ਸ਼ਕਤੀ ਇੱਕੋ ਵਾਰੀ ਭਰ ਦਿੱਤੀ ਹੈ ਅਤੇ ਬਾਰ-ਬਾਰ ਇਹ ਸ਼ਕਤੀ ਭਰਨ ਦੀ ਲੋੜ ਨਹੀਂ ਰਹੀ। ਆਪ ਜੀ ਨੇ ਜਪੁ ਬਾਣੀ ਵਿੱਚ ਫ਼ੁਰਮਾਇਆ ਹੈ, ‘‘ਆਸਣੁ ਲੋਇ ਲੋਇ ਭੰਡਾਰੁ॥ ਜੋ ਕਿਛੁ ਪਾਇਆ, ਸੁ ਏਕਾ ਵਾਰ॥’’ (ਮ:੧/ਜਪੁ ਜੀ/ਪਾਉੜੀ ੩੧)

ਗੁਰੂ ਨਾਨਕ ਦੇਵ ਜੀ ਨੇ ਇੱਕ ਹੋਰ ਵਿਗਿਆਨਕ ਤੱਥ ਸਾਡੇ ਸਾਹਮਣੇ ਰੱਖਿਆ, ਜਿਸ ਨੂੰ ਅੱਜ ਸਾਰੇ ਸਾਇੰਸਦਾਨ ਮੰਨਦੇ ਹਨ ਕਿ ਚੰਦਰਮਾ ਦੀ ਆਪਣੀ ਕੋਈ ਰੋਸ਼ਨੀ ਨਹੀਂ ਹੈ। ਇਹ ਸੂਰਜ ਦੀ ਰੋਸ਼ਨੀ ਨੂੰ ਹੀ ਪਰਿਵਰਤਿਤ ਕਰਦਾ ਹੈ। ਚੰਦਰਮਾ ਦੇ ਜਿਸ ਭਾਗ ’ਤੇ ਸੂਰਜ ਦੀ ਰੋਸ਼ਨੀ ਪੈਂਦੀ ਹੈ, ਉਹੀ ਭਾਗ ਸਾਨੂੰ ਦਿਖਾਈ ਦਿੰਦਾ ਹੈ, ‘‘ਸਸਿ ਘਰਿ ਸੂਰੁ, ਦੀਪਕੁ ਗੈਣਾਰੇ॥ (ਮ: ੧/੧੦੪੧), ਸਸਿ ਘਰਿ ਸੂਰੁ ਵਸੈ, ਮਿਟੈ ਅੰਧਿਆਰਾ॥’’ (ਮ: ੧/੯੪੩)

ਸੰਸਾਰ ਦੀ ਉਤਪਤੀ ਅਤੇ ਨਾਸ਼ਵਾਨਤਾ ਦੀ ਸਚਾਈ ਬਾਰੇ ਗੁਰਬਾਣੀ ਦੀ ਵਿਆਖਿਆ ਵੀ ਅੱਜ ਦੀਆਂ ਵਿਗਿਆਨਕ ਖੋਜਾਂ ਦੇ ਅਨੁਕੂਲ ਹੈ ਜਦਕਿ ਬਾਕੀ ਧਰਮਾਂ ਦੀ ਵਿਚਾਰਧਾਰਾ ਨੂੰ ਵਿਗਿਆਨ ਰੱਦ ਕਰਦੀ ਹੈ। ਪੱਛਮੀ ਮੱਤਾਂ ਦੀ ਵਿਆਖਿਆ ਤਾਂ ਮਨੋਕਲਪਿਤ ਹੀ ਲੱਗਦੀ ਹੈ। ਈਸਾਈ ਮੱਤ ਦਾ ਇਹ ਕਹਿਣਾ ਹੈ ਕਿ ਪ੍ਰਮਾਤਮਾ ਨੇ ੬ ਦਿਨ ਸ੍ਰਿਸ਼ਟੀ ਸਾਜਨ ਵਿੱਚ ਲਾਏ ਅਤੇ ਸੱਤਵੇਂ ਦਿਨ ਐਤਵਾਰ ਅਰਾਮ ਕੀਤਾ, ਹਾਸੋਹੀਣੀ ਜਾਪਦੀ ਹੈ। ਗੁਰਬਾਣੀ ਅਨੁਸਾਰ ਅਕਾਲ ਪੁਰਖ ਦੇ ਇੱਕ ਹੁਕਮ ਜਾਂ ਫੁਰਨੇ ਨਾਲ ਹੀ ਸਾਰੇ ਬ੍ਰਹਿਮੰਡ ਦਾ ਪਸਾਰਾ ਅਰੰਭ ਹੋਇਆ ਹੈ ਅਤੇ ਲੱਖਾਂ ਹੀ ਦਰਿਆ ਹੋਂਦ ਵਿੱਚ ਆ ਗਏ।

ਸੰਨ ੨੦੧੨ ਵਿੱਚ ਸੰਸਾਰ ਭਰ ਦੇ ਵਿਗਿਆਨੀਆਂ ਨੇ ਇਕੱਠੇ ਹੋ ਕੇ ਸਵਿੱਟਜਰਲੈਂਡ ਅਤੇ ਫਰਾਂਸ ਦੀ ਸਰਹੱਦ ਤੇ ੩੦੦ ਫੁੱਟ ਡੂੰਘੀ ਅਤੇ ੨੭ ਕਿੱਲੋ ਮੀਟਰ ਲੰਬੀ ਇੱਕ ਪ੍ਰਯੋਗਸ਼ਾਲਾ ਬਣਾ ਕੇ ਉੱਥੇ ਇੱਕ ਤੱਤ ਦੀ ਖੋਜ ਕੀਤੀ, ਜਿਹੜਾ ਖਰਬਾਂ ਸਾਲ ਪਹਿਲਾਂ ਧੁੰਦੂਕਾਰੇ ਵਿੱਚੋਂ ਇੱਕ ਕਣ ਰਾਹੀਂ ਬ੍ਰਹਿਮੰਡ ਬਣਿਆ ਸੀ। ਇਸ ਕਣ ਦਾ ਨਾਂ ਉਹਨਾਂ ਨੇ ‘ਗਾਡ ਪਾਰਟੀਕਲ’ ਰੱਖਿਆ। ਸਾਇੰਸਦਾਨ ਬਹੁਤ ਖ਼ੁਸ਼ ਹੋਏ ਕਿ ਉਹਨਾਂ ਨੇ ਪਹਿਲੀ ਵਾਰ ਇੰਨੀ ਵੱਡੀ ਖੋਜ ਕਰ ਕੇ ਇਹ ਜਾਣ ਲਿਆ ਹੈ ਕਿ ਇੱਕ ਤੋਂ ਅਨੇਕਾਂ ਕਣਾਂ ਵਿੱਚ ਵੰਡ ਹੋ ਕੇ ਕਿਵੇਂ ਧਰਤੀ ਦਾ ਪਸਾਰਾ ਹੋਇਆ ਪਰ ਇਹ ਖੋਜ ਤਾਂ ਗੁਰੂ ਨਾਨਕ ਦੇਵ ਜੀ ਅੱਜ ਤੋਂ ੫੦੦ ਸਾਲ ਪਹਿਲਾਂ ਹੀ ਕਰ ਚੁੱਕੇ ਹਨ।  ਜਪੁ ਜੀ ਸਾਹਿਬ ਦੀ ਬਾਣੀ ਵਿੱਚ ਆਪ ਫ਼ੁਰਮਾਉਂਦੇ ਹਨ, ‘‘ਕੀਤਾ ਪਸਾਉ ਏਕੋ ਕਵਾਉ॥ ਤਿਸ ਤੇ ਹੋਇ, ਲਖ ਦਰੀਆਉ॥’’ (ਮ: ੧/ਜਪੁ ਜੀ/ਪਾਉੜੀ ੧੬) ਭਾਵ ਅਕਾਲ ਪੁਰਖ ਦੇ ਇੱਕ ਹੁਕਮ ਜਾਂ ਫੁਰਨੇ ਨਾਲ ਹੀ ਸਾਰੇ ਬ੍ਰਹਿਮੰਡ ਦਾ ਪਸਾਰਾ ਹੋਇਆ ਹੈ। ਇਹ ਪਸਾਰਾ ਕਦੋਂ ਹੋਇਆ ਇਸ ਬਾਰੇ ਪ੍ਰਮਾਤਮਾ ਆਪ ਹੀ ਜਾਣਦਾ ਹੈ।

ਮਨੁੱਖ ਭਾਵੇਂ ਲੱਖਾਂ ਯਤਨ ਕਰ ਲਵੇ ਉਹ ਇਸ ਪਸਾਰੇ ਦਾ ਆਦਿ ਤੇ ਅੰਤ ਨਹੀਂ ਪਾ ਸਕੇਗਾ। ਗੁਰੂ ਨਾਨਕ ਦੇਵ ਜੀ ਦਾ ਫ਼ੁਰਮਾਨ ਹੈ, ‘‘ਵਖਤੁ ਨ ਪਾਇਓ ਕਾਦੀਆ, ਜਿ ਲਿਖਨਿ ਲੇਖੁ ਕੁਰਾਣੁ॥ ਥਿਤਿ ਵਾਰੁ ਨ ਜੋਗੀ ਜਾਣੈ, ਰੁਤਿ ਮਾਹੁ ਨਾ ਕੋਈ॥ ਜਾ ਕਰਤਾ ਸਿਰਠੀ ਕਉ ਸਾਜੇ, ਆਪੇ ਜਾਣੈ ਸੋਈ॥’’ (ਮ: ੧/ਜਪੁ ਜੀ/ਪਾਉੜੀ ੨੧)

ਜਿੱਥੇ ਅਕਾਲ ਪੁਰਖ ਦੇ ਇੱਕ ਫੁਰਨੇ ਨਾਲ ਇਹ ਪਸਾਰਾ ਹੋਇਆ ਹੈ, ਉੱਥੇ ਇਸ ਦਾ ਅੰਤ ਵੀ ਹੋਵੇਗਾ, ਇਹ ਗੱਲ ਅੱਜ ਸਾਇੰਸਦਾਨ ਵੀ ਮੰਨਦੇ ਹਨ ਕਿ ਸੰਸਾਰ ਦਾ ਆਦਿ ਵੀ ਹੈ ਤੇ ਅੰਤ ਵੀ ਹੈ। ਗੁਰਬਾਣੀ ਨੇ ਇਹ ਸਚਾਈ ਸੈਂਕੜੇ ਸਾਲ ਪਹਿਲਾਂ ਹੀ ਸੰਸਾਰ ਦੇ ਸਾਹਮਣੇ ਰੱਖੀ ਹੈ, ‘‘ਆਪਨ ਖੇਲੁ ਆਪਿ ਕਰਿ ਦੇਖੈ; ਖੇਲੁ ਸੰਕੋਚੈ, ਤਉ ਨਾਨਕ ਏਕੈ॥ (ਮ: ੫/੨੯੩), ਜਾ ਤਿਸੁ ਭਾਵੈ, ਤਾ ਸ੍ਰਿਸਟਿ ਉਪਾਏ; ਆਪਨੈ ਭਾਣੈ ਲਏ ਸਮਾਏ॥’’ (ਮ: ੫/੨੯੨)

ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲਾਂ ਦੀ ਅਵਸਥਾ ਕੀ ਸੀ, ਇਸ ਬਾਰੇ ਵੀ ਵਿਗਿਆਨੀਆਂ ਕੋਲ ਕੋਈ ਠੋਸ ਜਵਾਬ ਨਹੀਂ ਹੈ ਪਰ ਗੁਰਬਾਣੀ ਵਿੱਚ ਇਸ ਦਾ ਵੀ ਬੜੇ ਵਿਸਥਾਰ ਨਾਲ ਜ਼ਿਕਰ ਕੀਤਾ ਗਿਆ ਹੈ, ‘‘ਅਰਬਦ ਨਰਬਦ ਧੁੰਧੂਕਾਰਾ॥ ਧਰਣਿ ਨ ਗਗਨਾ, ਹੁਕਮੁ ਅਪਾਰਾ॥ ਨਾ ਦਿਨੁ ਰੈਨਿ, ਨ ਚੰਦੁ ਨ ਸੂਰਜ; ਸੁੰਨ ਸਮਾਧਿ ਲਗਾਇਦਾ॥’’ (ਮ: ੧/੧੦੩੫) ਫਿਰ ਅਕਾਲ ਪੁਰਖ ਦੇ ਹੁਕਮ ਨਾਲ ਇਹ ਬ੍ਰਹਿਮੰਡ ਹੋਂਦ ਵਿੱਚ ਆਇਆ, ਜਿਸ ਬਾਰੇ ਗੁਰੂ ਸਾਹਿਬ ਫ਼ੁਰਮਾਉਂਦੇ ਹਨ, ‘‘ਜਾ ਤਿਸੁ ਭਾਣਾ, ਤਾ ਜਗਤੁ ਉਪਾਇਆ॥ ਬਾਝੁ ਕਲਾ, ਆਡਾਣੁ ਰਹਾਇਆ॥ (ਮ: ੧/੧੦੩੬), ਪਾਉਣ ਪਾਣੀ, ਸੁੰਨੇ ਤੇ ਸਾਜੇ॥ ਸ੍ਰਿਸਟਿ ਉਪਾਇ, ਕਾਇਆ ਗੜ ਰਾਜੇ॥’’ (ਮ: ੧/੧੦੩੭)

ਵਿਗਿਆਨੀਆਂ ਦਾ ਕਿਆਸ ਹੈ ਕਿ ਬ੍ਰਹਿਮੰਡ ਇੱਕ ਗੋਲੇ ਦੀ ਸ਼ਕਲ ਵਿੱਚ ਸੀ ਅਤੇ ਅਚਾਨਕ ਇੱਕ ਜੋਰਦਾਰ ਧਮਾਕੇ ਨਾਲ ਗੋਲਾ ਫਟ ਗਿਆ ਅਤੇ ਇਸ ਗੋਲੇ ਦੇ ਫੱਟਣ ਨਾਲ ਬ੍ਰਹਿਮੰਡ ਦਾ ਪਸਾਰਾ ਹੋਇਆ। ਇਸ ਵਰਤਾਰੇ ਨੂੰ ਉਹਨਾਂ ਨੇ ‘ਬਿੱਗ ਬੈਂਗ’ ਦਾ ਨਾਂ ਦਿੱਤਾ। ਗੁਰੂ ਨਾਨਕ ਦੇਵ ਜੀ ਨੇ ਸਦੀਆਂ ਪਹਿਲਾਂ ਇਸ ਵਰਤਾਰੇ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਫ਼ੁਰਮਾਇਆ, ‘‘ਆਪੇ ਸਚੁ, ਕੀਆ ਕਰ ਜੋੜਿ॥ ਅੰਡਜ ਫੋੜਿ, ਜੋੜਿ ਵਿਛੋੜਿ॥ ਧਰਤਿ ਅਕਾਸੁ ਕੀਏ, ਬੈਸਣ ਕਉ ਥਾਉ॥ ਰਾਤਿ ਦਿਨੰਤੁ ਕੀਏ ਭਉ ਭਾਉ॥ ਜਿਨਿ ਕੀਏ ਕਰਿ ਵੇਖਣਹਾਰਾ॥ ਅਵਰੁ ਨ ਦੂਜਾ, ਸਿਰਜਣਹਾਰਾ॥’’ (ਮ: ੧/੮੩੯) ਅਰਥਾਤ ਪ੍ਰਮਾਤਮਾ ਨੇ ਆਪ ਹੀ ਜਗਤ ਦੇ ਆਂਡੇ ਵਰਗੇ ਗੋਲਾਕਾਰ ਨੂੰ ਤੋੜ ਕੇ ਹਿੱਸੇ ਕੀਤੇ ਫਿਰ ਇੱਕ ਦੂਜੇ ਤੋਂ ਅੱਡ ਕਰ ਦਿੱਤੇ (ਭਾਵ ਤਾਰਿਆਂ ਸਮੇਤ ਪੁਲਾੜ ਬਣਾ ਦਿੱਤਾ) ਇਸ ਤਰ੍ਹਾਂ ਧਰਤੀ ਤੇ ਆਸਮਾਨ ਰਹਿਣ ਲਈ ਥਾਂ ਬਣਾ ਦਿੱਤੇ।

ਅੱਜ ਸਾਇੰਸ ਇਹ ਗੱਲ ਮੰਨਦੀ ਹੈ ਕਿ ਵਿਸ਼ਵ ਦੀ ਹਰ ਚੀਜ਼ ਜੋੜ ਅਤੇ ਤੋੜ ਦੇ ਸਿਧਾਂਤ ਨਾਲ ਪੈਦਾ ਹੋ ਰਹੀ ਹੈ ਅਤੇ ਨਾਸ਼ ਹੋ ਰਹੀ ਹੈ। ਜੁੜਨ ਨਾਲ ਨਵੇਂ ਪਦਾਰਥ ਬਣਦੇ ਹਨ ਅਤੇ ਟੁੱਟਣ ਨਾਲ ਹੋਰ ਪਦਾਰਥ ਹੋਂਦ ਵਿੱਚ ਆ ਰਹੇ ਹਨ। ਪਾਣੀ ਨੂੰ ਵੰਡਣ ਨਾਲ ਦੋ ਅਣੂ ਹਾਈਡਰੋਜਨ ਅਤੇ ਆਕਸੀਜਨ ਬਣਦੇ ਹਨ ਅਤੇ ਇਹਨਾਂ ਦੋਹਾਂ ਗੈਸਾਂ ਨੂੰ ਖ਼ਾਸ ਮਾਤਰਾ ਵਿੱਚ ਮਿਲਾਉਣ ਨਾਲ ਨਵਾਂ ਪਦਾਰਥ ਮੁੜ ‘ਪਾਣੀ’ ਬਣਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਵੀ ਇਹ ਗੱਲ ਕਹੀ ਹੈ ਕਿ ਸਮੁੱਚੇ ਬ੍ਰਹਿਮੰਡ ਵਿੱਚ ਭੰਨਣ ਅਤੇ ਘੜਨ ਦਾ ਸਿਧਾਂਤ ਕੰਮ ਕਰ ਰਿਹਾ ਹੈ। ਗੁਰਬਾਣੀ ਦਾ ਫ਼ੁਰਮਾਨ ਹੈ, ‘‘ਭੰਨਣ ਘੜਣ ਸਮਰਥੁ ਹੈ, ਓਪਤਿ ਸਭ ਪਰਲੈ ॥ (ਮ: ੫/੧੧੦੨), ਸਗਲੀ ਜੋਤਿ, ਤੇਰਾ ਸਭੁ ਕੋਈ॥ ਆਪੇ ਜੋੜਿ, ਵਿਛੋੜੇ ਸੋਈ॥’’ (ਮ: ੧/੪੧੪)

ਵਿਸ਼ਵ ਦੀ ਖੋਜ ਕਰਨ ਵਾਲੇ ਵਿਸ਼ਵ ਵਿਗਿਆਨੀ ਉਹਨਾਂ ਪਦਾਰਥਾਂ ਜਾਂ ਤੱਤਾਂ ਦੀ ਖੋਜ ਹੀ ਕਰਦੇ ਹਨ, ਜੋ ਪ੍ਰਮਾਤਮਾ ਵੱਲੋਂ ਪੈਦਾ ਕੀਤੇ ਗਏ ਹਨ। ਉਹਨਾਂ ਨੇ ਇਹ ਖੋਜ ਤਾਂ ਕਰ ਲਈ ਕਿ ਪਾਣੀ; ਦੋ ਮੂਲ ਤੱਤਾਂ ਤੋਂ ਬਣਿਆ ਹੈ ਪਰ ਉਹ ਮੂਲ ਤੱਤ ਕਿੱਥੋਂ ਆਏ ਤੇ ਉਹਨਾਂ ਦਾ ਆਧਾਰ ਕੀ ਹੈ ਤੇ ਬ੍ਰਹਿਮੰਡ ਵਿੱਚ ਉਹਨਾਂ ਦਾ ਸਮਤੋਲ ਕੌਣ ਤੇ ਕਿਵੇਂ ਰੱਖਦਾ ਹੈ ?  ਇਹਨਾਂ ਗੱਲਾਂ ਦਾ ਜਵਾਬ ਵਿਗਿਆਨੀਆਂ ਕੋਲ ਨਹੀਂ ਹੈ। ਇਸ ਗੱਲ ਦਾ ਜਵਾਬ ਬ੍ਰਹਮ ਦੀ ਖੋਜ ਕਰਨ ਵਾਲੇ ਗੁਰੂ ਨਾਨਕ ਦੇਵ ਜੀ ਵਰਗੇ ਬ੍ਰਹਮ ਗਿਆਨੀ ਕੋਲ ਹੀ ਹੈ। ਉਹਨਾਂ ਨੇ ਦੱਸਿਆ ਕਿ ਪ੍ਰਮਾਤਮਾ ਨੇ ਸਭ ਤੋਂ ਪਹਿਲਾਂ ਹਵਾ ਪੈਦਾ ਕੀਤੀ ਅਤੇ ਹਵਾ ਤੋਂ ਪਾਣੀ ਬਣਿਆ ਅਤੇ ਪਾਣੀ ਤੋਂ ਜੀਵ ਪੈਦਾ ਹੋਏ, ‘‘ਸਾਚੇ ਤੇ ਪਵਨਾ ਭਇਆ, ਪਵਨੈ ਤੇ ਜਲੁ ਹੋਇ॥ ਜਲ ਤੇ ਤ੍ਰਿਭਵਣੁ ਸਾਜਿਆ, ਘਟਿ ਘਟਿ ਜੋਤਿ ਸਮੋਇ॥ (ਮ: ੧/੧੯), ਪਉਣੁ ਉਪਾਇ, ਧਰੀ ਸਭ ਧਰਤੀ, ਜਲ ਅਗਨੀ ਕਾ ਬੰਧੁ ਕੀਆ॥’’ (ਮ: ੧/੩੫੦)

ਸੰਨ ੧੭੭੬ ਵਿੱਚ ਇੰਗਲੈਂਡ ਦੇ ਵਿਗਿਆਨੀ ਹੈਨਰੀ ਕੈਵਿਨ ਡਿਸ਼ ਨੇ ਇਹ ਸਾਬਤ ਕੀਤਾ ਕਿ ਹਵਾ ਤੋਂ ਪਾਣੀ ਬਣਾਇਆ ਜਾ ਸਕਦਾ ਹੈ ਅਤੇ ਉਸ ਤੋਂ ਬਾਅਦ ਸੰਨ ੧੮੮੫ ਵਿੱਚ ਵਿਗਿਆਨੀ ਐਟੋਨੀ ਲੌਰੈਂਟ ਅਤੇ ਅਮਾਡੀਓ ਨੇ ਹਵਾ ਵਿੱਚੋਂ ਸਹੀ ਮਾਤਰਾ ਵਿੱਚ ਹਾਈਡਰੋਜਨ ਅਤੇ ਆਕਸੀਜਨ ਨੂੰ ਮਿਲਾ ਕੇ ਪਾਣੀ ਬਣਾਇਆ ਅਤੇ ਆਪਣੀ ਖੋਜ ਨੂੰ ਪੂਰਾ ਕੀਤਾ।

ਪ੍ਰਸਿੱਧ ਵਿਗਿਆਨੀ ਜਗਦੀਸ਼ ਚੰਦਰ ਬੋਸ ਨੇ ਆਪਣੀ ਖੋਜ ਨਾਲ ਇਹ ਗੱਲ ਸੰਸਾਰ ਦੇ ਸਾਹਮਣੇ ਰੱਖੀ ਕਿ ਬਨਸਪਤੀ ਵਿੱਚ ਵੀ ਜੀਵਨ ਹੈ ਪਰ ਗੁਰੂ ਨਾਨਕ ਦੇਵ ਜੀ ਨੇ ਇਸ ਖੋਜ ਤੋਂ ਸੈਂਕੜੇ ਸਾਲ ਪਹਿਲਾਂ ਹੀ ਇਹ ਦੱਸ ਦਿੱਤਾ ਸੀ ਕਿ ਸਾਡੀ ਬਨਸਪਤੀ ਦੇ ਹਰ ਕਣ ਵਿੱਚ ਜੀਵਨ ਹੈ ਅਤੇ ਸਾਰੇ ਜੀਵਾਂ ਤੇ ਬਨਸਪਤੀ ਦੀ ਉਤਪਤੀ, ਪਾਣੀ ਤੋਂ ਹੋਈ ਹੈ। ਆਪ ਜੀ ਦਾ ਫ਼ੁਰਮਾਨ ਹੈ, ‘‘ਜੇਤੇ ਦਾਣੇ ਅੰਨ ਕੇ, ਜੀਆ ਬਾਝੁ ਨ ਕੋਇ॥ ਪਹਿਲਾ ਪਾਣੀ ਜੀਉ ਹੈ, ਜਿਤੁ ਹਰਿਆ ਸਭੁ ਕੋਇ ॥’’ (ਮ: ੧/੪੭੨) ਭਗਤ ਕਬੀਰ ਜੀ ਦਾ ਫ਼ੁਰਮਾਨ ਹੈ, ‘‘ਪਾਤੀ ਤੋਰੈ ਮਾਲਿਨੀ, ਪਾਤੀ ਪਾਤੀ ਜੀਉ॥ ਜਿਸੁ ਪਾਹਨ ਕਉ ਪਾਤੀ ਤੋਰੈ, ਸੋ ਪਾਹਨ ਨਿਰਜੀਉ॥’’ (ਭਗਤ ਕਬੀਰ ਜੀ/੪੭੯)

ਅੱਜ ਵਿਗਿਆਨੀ ਇਹ ਗੱਲ ਮੰਨਦੇ ਹਨ ਕਿ ਸਾਰੀ ਬਨਸਪਤੀ, ਸੂਰਜ ਦੀ ਰੌਸ਼ਨੀ ਨਾਲ ਹੀ ਵਧਦੀ ਫੁੱਲਦੀ ਹੈ ਅਤੇ ਫੁੱਲ ਤਾਂ ਖਿੜਦੇ ਹੀ ਸੂਰਜ ਦੀ ਧੁੱਪ ਨਾਲ ਹਨ। ਗੁਰਬਾਣੀ ਨੇ ਇਸ ਪ੍ਰਤੀ ਗਿਆਨ ਕਈ ਸੌ ਸਾਲ ਪਹਿਲਾਂ ਹੀ ਦੇ ਦਿੱਤਾ ਸੀ, ‘‘ਪਸਰੀ ਕਿਰਣਿ, ਰਸਿ ਕਮਲ ਬਿਗਾਸੇ; ਸਸਿ ਘਰਿ ਸੂਰੁ ਸਮਾਇਆ॥’’ (ਮ: ੧/੧੩੩੨)

ਅੱਜ ਦੇ ਸਾਇੰਸਦਾਨਾਂ ਨੇ ਇਹ ਖੋਜ ਕੀਤੀ ਹੈ ਕਿ ਬ੍ਰਹਿਮੰਡ ਦੀ ਸੂਖਮ ਤੋਂ ਸੂਖਮ ਅਤੇ ਵੱਡੀ ਤੋਂ ਵੱਡੀ (Micro ਤੇ Macro) ਵਸਤੂ ਵਿੱਚ ਇੱਕੋ ਜਿਹੇ ਅਸੂਲ ਕੰਮ ਕਰ ਰਹੇ ਹਨ। ਗੁਰੂ ਨਾਨਕ ਦੇਵ ਜੀ ਨੇ ਇਹਨਾਂ ਖੋਜਾਂ ਤੋਂ ਸੈਂਕੜੇ ਸਾਲ ਪਹਿਲਾਂ ਹੀ ਇਹ ਜਾਣਕਾਰੀ ਦੇ ਦਿੱਤੀ ਸੀ ਕਿ ਜੋ ਅਮਲ ਸਮੁੱਚੇ ਬ੍ਰਹਿਮੰਡ ਵਿੱਚ ਵਾਪਰ ਰਿਹਾ ਹੈ ਉਹੀ ਅਮਲ ਮਨੁੱਖੀ ਸਰੀਰ ਵਿੱਚ ਅਤੇ ਛੋਟੀ ਤੋਂ ਛੋਟੀ ਵਸਤੂ ਵਿੱਚ ਵਾਪਰ ਰਿਹਾ ਹੈ। ਗੁਰਬਾਣੀ ਇਸ ਪ੍ਰਥਾਇ ਵਚਨ ਕਰਦੀ ਹੈ, ‘‘ਜੋ ਬ੍ਰਹਮੰਡਿ, ਖੰਡਿ ਸੋ ਜਾਣਹੁ ॥’’ (ਮ: ੧/੧੦੪੧) ਅਤੇ ਭਗਤ ਪੀਪਾ ਜੀ ਲਿਖਦੇ ਹਨ, ‘‘ਜੋ ਬ੍ਰਹਮੰਡੇ, ਸੋਈ ਪਿੰਡੇ; ਜੋ ਖੋਜੈ, ਸੋ ਪਾਵੈ॥’’ (੬੯੫) ਅਰਥਾਤ ਜੋ ਬ੍ਰਹਿਮੰਡ ਵਿੱਚ ਵਾਪਰ ਰਿਹਾ ਹੈ, ਉਹੀ ਕੁੱਝ ਨਿੱਕੇ ਤੋਂ ਨਿੱਕੇ ਕਣ ਭਾਵ ਪ੍ਰਮਾਣੂ ਵਿੱਚ ਵੀ ਵਾਪਰ ਰਿਹਾ ਹੈ। ਪ੍ਰਮਾਣੂ ਦੀ ਖੋਜ ਤਾਂ ਵਿਗਿਆਨੀਆਂ ਨੇ ਪਿਛਲੀ ਸਦੀ ਵਿੱਚ ਕੀਤੀ ਹੈ ਪਰ ਗੁਰਬਾਣੀ ਵਿੱਚ ਪ੍ਰਮਾਣੂ ਸ਼ਬਦ ਦੀ ਵਰਤੋਂ, ਇਸ ਖੋਜ ਤੋਂ ਵੀ ਸੈਂਕੜੇ ਸਾਲ ਪਹਿਲਾਂ ਹੀ ਕੀਤੀ ਗਈ, ‘‘ਪਰਮਾਣੋ ਪਰਜੰਤ, ਆਕਾਸਹ; ਦੀਪ ਲੋਅ, ਸਿਖੰਡਣਹ॥ ਗਛੇਣ, ਨੈਣ ਭਾਰੇਣ; ਨਾਨਕ  ! ਬਿਨਾ ਸਾਧੂ ਨ ਸਿਧ੍ਹਤੇ॥’’ (ਮ: ੫/੧੩੬੦)  ਭਾਵ ਹੇ ਨਾਨਕ!  ਅਗਰ ਮਨੁੱਖ ਅੱਤ ਛੋਟਾ ਅਣੂ ਬਣ ਕੇ ਅਕਾਸ਼, ਖੰਡ, ਤਿੰਨੇ ਲੋਕਾਂ, ਪਹਾੜਾਂ ਆਦਿ ਦੇ ਅੰਤ ਤੱਕ ਅੱਖ ਦੇ ਫਰਕਣ ਸਮੇਂ ’ਚ ਫਿਰ ਆਵੇ ਤਾਂ ਵੀ ਗੁਰੂ ਤੋਂ ਬਿਨਾਂ ਕਾਮਯਾਬੀ ਨਹੀਂ ਮਿਲਦੀ।

ਅੱਜ ਦੀ ਖੋਜ ਮੁਤਾਬਕ ਊਰਜਾ ਦੇ ਸਥੂਲ ਮਾਦੇ ਦੇ ਹਰ ਅਣੂ ਵਿੱਚ ਪ੍ਰਮਾਣੂ ਹਨ, ਜਿਸ ਦੇ ਅੱਗੇ ਤਿੰਨ ਭਾਗ ਹੋਰ ਹਨ, ‘ਪ੍ਰੋਟੋਨ, ਨਿਊਟਰੋਨ ਅਤੇ ਇਲੈਕਟ੍ਰੋਨ’। ਇਹ ਕਣ ਨਾਭੀ ਦੇ ਦੁਆਲੇ ਲਗਾਤਾਰ ਚੱਕਰ ਲਾ ਰਹੇ ਹਨ। ਇਹ ਸਭ ਕੁੱਝ ਉਸੇ ਨਿਯਮ ਨਾਲ ਕੁਦਰਤ ਵਿੱਚ ਵਾਪਰ ਰਿਹਾ ਹੈ; ਜਿਵੇਂ ਗ੍ਰਹਿ, ਸੂਰਜ ਦੇ ਦੁਆਲੇ ਲਗਾਤਾਰ ਚੱਕਰ ਲਾ ਰਹੇ ਹਨ।

ਪ੍ਰਮਾਤਮਾ ਦੀ ਇਸ ਕੁਦਰਤ ਵਿੱਚ ਇੱਕ ਹੋਰ ਅਜੀਬ ਵਰਤਾਰਾ ਵਰਤ ਰਿਹਾ ਹੈ ਕਿ ਦੋ ਵਿਰੋਧੀ ਤੱਤ ਜਾਂ ਪਦਾਰਥ ਇਕੱਠੇ ਹੀ ਕੰਮ ਕਰ ਰਹੇ ਹਨ। ਇੱਕ ਰੁੱਖ ਵਿੱਚ ਅੱਗ ਤੇ ਪਾਣੀ, ਦੋ ਵਿਰੋਧੀ ਤੱਤ ਮੌਜੂਦ ਹਨ। ਇਹਨਾਂ ਦੋਵੇਂ ਤੱਤਾਂ ਕਾਰਨ ਹੀ ਦਰਖ਼ਤ ਦੀ ਹੋਂਦ ਕਾਇਮ ਹੈ। ਜੇ ਇਸ ਵਿੱਚੋਂ ਪਾਣੀ ਦਾ ਤੱਤ ਅਲੋਪ ਹੋ ਜਾਵੇ ਤਾਂ ਰੁੱਖ ਸੁੱਕ ਕੇ ਖ਼ਤਮ ਹੋ ਜਾਵੇਗਾ ਅਤੇ ਜੇਕਰ ਅੱਗ ਦਾ ਤੱਤ ਅਲੋਪ ਹੋ ਜਾਵੇ ਤਾਂ ਸੇਮ ਨਾਲ ਦਰਖ਼ਤ ਦੀ ਹੋਂਦ ਹੀ ਨਹੀਂ ਰਹੇਗੀ। ਇਹ ਦੋ ਵਿਰੋਧੀ ਤੱਤਾਂ ਦਾ ਸੰਤੁਲਨ ਹਰ ਜੀਵ-ਜੰਤੂ ਅਤੇ ਮਨੁੱਖੀ ਸਰੀਰ ਵਿੱਚ ਵੀ ਕੰਮ ਕਰ ਰਿਹਾ ਹੈ। ਸਰੀਰ ਦੇ ਅੰਦਰ ਵੀ ਅੱਗ ਭਾਵ ਖ਼ੁਰਾਕ ਤੋਂ ਪੈਦਾ ਹੋਈ ਊਰਜਾ ਅਤੇ ਪਾਣੀ ਦਾ ਇੱਕ ਖ਼ਾਸ ਸੰਤੁਲਨ ਕਾਇਮ ਹੈ, ਜੋ ਸਾਡੇ ਸਰੀਰ ਦੇ ਤਾਪਮਾਨ ਨੂੰ ਠੀਕ ਰੱਖ ਕੇ ਸਾਡੀ ਸਿਹਤ ਨੂੰ ਨਰੋਆ ਰੱਖਦਾ ਹੈ। ਗੁਰੂ ਨਾਨਕ ਦੇਵ ਜੀ ਦਾ ਫ਼ੁਰਮਾਨ ਹੈ, ‘‘ਪਉਣੈ ਪਾਣੀ ਅਗਨੀ ਕਾ ਮੇਲੁ॥ ਚੰਚਲ ਚਪਲ ਬੁਧਿ ਕਾ ਖੇਲ॥’’ (ਮ: ੧/੧੫੨)

ਸਰੀਰ ਨੂੰ ਨਰੋਆ ਰੱਖਣ ਲਈ ਜੋ ਲੋੜੀਦੇ ਤੱਤ ਜਾਂ ਧਾਤਾਂ ਚਾਹੀਦੀਆਂ ਹਨ ਇਹ ਸਾਰੀਆਂ ਪ੍ਰਮਾਤਮਾ ਨੇ ਇੱਕੋ ਵਾਰ ਧਰਤੀ ਵਿੱਚ ਪਾ ਦਿੱਤੀਆਂ ਹਨ। ਸਿਹਤ ਵਿਗਿਆਨੀ ਵੀ ਇਹ ਗੱਲ ਮੰਨਦੇ ਹਨ ਕਿ ਸਰੀਰ ਨੂੰ ਤੰਦਰੁਸਤ ਰੱਖਣ ਲਈ ਲੋੜੀਦੀ ਮਾਤਰਾ ਵਿੱਚ ਸਾਰੇ ਤੱਤ ਚਾਹੀਦੇ ਹਨ। ਅਕਾਲ ਪੁਰਖ ਨੇ ਸਭ ਲੋੜੀਦੀਆਂ ਵਸਤਾਂ ਭੰਡਾਰੇ ਦੇ ਰੂਪ ਵਿੱਚ ਇੱਕੋ ਵਾਰ ਪਾ ਦਿੱਤੀਆਂ ਹਨ। ਗੁਰੂ ਨਾਨਕ ਦੇਵ ਜੀ ਫ਼ੁਰਮਾਉਂਦੇ ਹਨ, ‘‘ਧਰਤੀ ਦੇਗ ਮਿਲੈ ਇਕ ਵੇਰਾ; ਭਾਗੁ ਤੇਰਾ ਭੰਡਾਰੀ॥’’ (ਮ: ੧/੧੧੯੦)

ਧਰਤੀ ਦੀ ਵੰਡ ਦਾ ਗਿਆਨ ਭੂਗੋਲਿਕ ਵਿਗਿਆਨੀਆਂ ਨੂੰ 20ਵੀਂ ਸਦੀ ਵਿੱਚ ਹੋਇਆ ਹੈ। ਗੁਰਬਾਣੀ ਨੇ ਇਹ ਗੱਲ ਸੈਂਕੜੇ ਸਾਲ ਪਹਿਲਾਂ ਹੀ ਲਿਖ ਦਿੱਤੀ ਸੀ ਕਿ ਇਸ ਧਰਤੀ ਦੇ ਸੱਤ ਦੀਪ ਹਨ, ਜੋ ਸੱਤਾਂ ਸਮੁੰਦਰਾਂ ਨਾਲ ਘਿਰੇ ਹੋਏ ਹਨ। ਗੁਰੂ ਰਾਮਦਾਸ ਜੀ ਫ਼ੁਰਮਾਉਂਦੇ ਹਨ, ‘‘ਸਪਤ ਦੀਪ, ਸਪਤ ਸਾਗਰਾ, ਨਵ ਖੰਡ; ਚਾਰਿ ਵੇਦ, ਦਸ ਅਸਟ ਪੁਰਾਣਾ॥ ਹਰਿ !  ਸਭਨਾ ਵਿਚਿ ਤੂੰ ਵਰਤਦਾ; ਹਰਿ ਸਭਨਾ ਭਾਣਾ॥’’ (ਮ: ੪/੮੪) ਅਤੇ ਗੁਰੂ ਗੋਬਿੰਦ ਸਿੰਘ ਜੀ ਫ਼ੁਰਮਾਉਂਦੇ ਹਨ, ‘‘ਨ੍ਹਾਤ ਫਿਰਿਓ ਲੀਏ ਸਾਤ ਸਮੁੰਦ੍ਰਨ; ਲੋਕ ਗਇਓ ਪਰਲੋਕ ਗਵਾਇਓ॥’’

ਜਿੱਥੇ ਸਾਇੰਸ ਅਜੇ ਵੀ ਨਹੀਂ ਪਹੁੰਚੀ ਅਤੇ ਭਵਿੱਖ ਵਿੱਚ ਕੋਈ ਆਸ ਵੀ ਨਹੀਂ ਕਿ ਪਹੁੰਚ ਜਾਵੇਗੀ, ਗੁਰੂ ਨਾਨਕ ਦੇਵ ਜੀ ਦੀ ਦਿੱਬ ਦ੍ਰਿਸ਼ਟੀ ਨੇ ਉੱਥੇ ਵੀ ਪਹੁੰਚ ਕੀਤੀ ਹੈ। ਆਉਣ ਵਾਲੇ ਸਮੇਂ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਦਾ ਬਿਆਨ ਵੀ ਬਾਬਾ ਨਾਨਕ ਜੀ ਨੇ ਦਿੱਤਾ ਹੈ। ਮੁਗਲ ਰਾਜ ਦੇ ਭਾਰਤ ਵਿੱਚ ਸਥਾਪਤ ਹੋਣ ਅਤੇ ਫਿਰ ਇੱਕ ਵਾਰ ਖ਼ਤਮ ਹੋਣ ਬਾਰੇ ਆਪ ਨੇ ਗੁਰਬਾਣੀ ਵਿੱਚ ਪਹਿਲਾਂ ਹੀ ਸੰਕੇਤ ਦੇ ਰੱਖੇ ਹਨ। ਗੁਰੂ ਨਾਨਕ ਦੇਵ ਜੀ ਦਾ ਕਥਨ ਹੈ, ‘‘ਆਵਨਿ ਅਠਤਰੈ, ਜਾਨਿ ਸਤਾਨਵੈ; ਹੋਰੁ ਭੀ ਉਠਸੀ, ਮਰਦ ਕਾ ਚੇਲਾ॥ ਸਚ ਕੀ ਬਾਣੀ ਨਾਨਕੁ ਆਖੈ; ਸਚੁ ਸੁਣਾਇਸੀ ਸਚ ਕੀ ਬੇਲਾ॥’’ (ਮ: ੧/੭੨੩)

੧੫੭੮ ਸੰਮਤ (ਸੰਨ ੧੫੨੧) ਵਿੱਚ ਬਾਬਰ ਨੇ ਮੁਗਲ ਰਾਜ ਸਥਾਪਤ ਕੀਤਾ ਅਤੇ ਸੰਮਤ ੧੫੯੭ (ਸੰਨ ੧੫੪੦) ਵਿੱਚ ਮਰਦ ਕਾ ਚੇਲਾ ਭਾਵ ਸ਼ੇਰਸ਼ਾਹ ਸੂਰੀ ਕੋਲੋਂ ਹਮਾਯੂ ਹਾਰ ਗਿਆ ਤੇ ਮੁਗਲ ਰਾਜ ਇੱਕ ਵਾਰ ਫਿਰ ਖ਼ਤਮ ਹੋ ਗਿਆ। ਭਵਿੱਖ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਨੂੰ ਬਿਆਨ ਕਰਨਾ ਸ਼ਾਇਦ ਸਾਇੰਸ ਦੇ ਵੱਸ ਦੀ ਗੱਲ ਨਹੀਂ ਹੈ।

ਨਵੀਨ ਸੋਚ; ਵਿਗਿਆਨ ਤੇ ਧਰਮ ਦੇ ਆਪਸੀ ਵਿਰੋਧ ਦੇ ਉਲਟ ਹੈ। ਮਨੁੱਖੀ ਉੱਨਤੀ ਲਈ ਵਿਗਿਆਨ ਦੀ ਮਹੱਤਤਾ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਵਿਗਿਆਨ ਅਡਰੀ ਸੋਚ ਦਾ ਪ੍ਰਤੀਕ ਹੈ। ਇਸ ਦਾ ਸਬੰਧ ਬਾਹਰਮੁਖੀ, ਪਦਾਰਥਵਾਦ ਅਤੇ ਮਨੁੱਖ ਦੀਆਂ ਸਹੂਲਤਾਂ ਨਾਲ ਹੈ। ਧਰਮ, ਕੁਦਰਤੀ ਰਹੱਸਾਂ ਦੇ ਵਰਤਾਰੇ ਪਿੱਛੇ ਕਿਸੇ ਅਲੌਕਿਕ ਸ਼ਕਤੀ ਜਾਂ ਕਰਤਾ ਪੁਰਖ ਦੀ ਹੋਂਦ ਵਿੱਚ ਵਿਸ਼ਵਾਸ ਰੱਖਦਾ ਹੈ। ਇਸ ਦਾ ਸਬੰਧ ਮਨੁੱਖ ਦੀ ਮਾਨਸਿਕਤਾ ਅਤੇ ਆਤਮਾ ਨਾਲ ਹੈ।

ਅਸਲ ਵਿੱਚ ਧਰਮ, ਵਿਗਿਆਨ ਦੀ ਤਰ੍ਹਾਂ ਮਨੁੱਖਤਾ ਦੇ ਕਲਿਆਣ ਲਈ ਹੈ। ਸ਼ਰਤ ਸਿਰਫ਼ ਇਹੀ ਹੈ ਕਿ ਦੋਨਾਂ ਦੀ ਸਹੀ ਵਰਤੋਂ ਕੀਤੀ ਜਾਵੇ। ਧਰਮ ਤਾਂ ਵਿਗਿਆਨ ਦੇ ਅਸਾਵੇਂਪਣ (ਅਸੰਤੁਲਨ) ਨੂੰ ਵੀ ਠੀਕ ਕਰਨ ਵਿੱਚ ਸਹਾਈ ਹੁੰਦਾ ਹੈ। ਇਸ ਦਾ ਅਧਾਰ ਨੈਤਿਕ ਤੇ ਅਧਿਆਤਮਿਕ ਕਦਰਾਂ ਕੀਮਤਾਂ ਨਾਲ ਹੈ। ਵਿਗਿਆਨਕ ਵਿਧੀ ਰਾਹੀਂ ਤਿਆਰ ਕੀਤੇ ਗਏ ਮਨੁੱਖ-ਮਾਰੂ ਹਥਿਆਰਾਂ ਦੀ ਬੇਲਗਾਮ ਵਰਤੋਂ ਨੂੰ ਨੱਥ ਪਾਉਣ ਲਈ ਧਰਮ ਹੀ ਸਹਾਈ ਹੁੰਦਾ ਹੈ ਭਾਵ ਧਰਮ ਮਨੁੱਖੀ ਕਦਰਾਂ ਕੀਮਤਾਂ ਦੇ ਵਿਕਾਸ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦਾ ਹੈ।

ਮਹਾਨ ਵਿਗਿਆਨੀਆਂ ਨੇ ਖ਼ੁਦ ਵਿਗਿਆਨ ਦੀਆਂ ਕਮੀਆਂ ਨੂੰ ਮਹਿਸੂਸ ਕੀਤਾ ਹੈ। ਉਹ ਸਮਾਜਕ ਬੁਰਾਈਆਂ ਦੇ ਇਲਾਜ ਵਜੋਂ ਧਰਮ ਨੂੰ ਇੱਕ ਮਹੱਤਵਪੂਰਨ ਸ਼ਕਤੀ ਸਮਝਦੇ ਹਨ। ਵਿਗਿਆਨਿਕ ਖੋਜਾਂ ਵਿੱਚੋਂ ਜਨਮੇ ਰਸਾਇਣਕ ਅਤੇ ਨਿਉਕਲਰੀ ਹਥਿਆਰ, ਜਿਨ੍ਹਾਂ ਦੀ ਵਰਤੋਂ ੧੯੪੫ ਵਿੱਚ ਜਪਾਨ ਦੇ ਦੋ ਸ਼ਹਿਰਾਂ ਅਤੇ ੧੯੯੧ ਵਿੱਚ ਖਾੜੀ ਦੀ ਜੰਗ ਵਿੱਚ ਕੀਤੀ ਜਾ ਚੁੱਕੀ ਹੈ, ਨੇ ਮਨੁੱਖਤਾ ਦਾ ਜਿੱਥੇ ਬਹੁਤ ਵੱਡਾ ਨੁਕਸਾਨ ਕੀਤਾ ਹੈ ਉੱਥੇ ਧਰਤੀ-ਗ੍ਰਹਿ ਦੇ ਕੁਦਰਤੀ ਸੰਤੁਲਨ ਨੂੰ ਵੀ ਵੱਡੀ ਠੇਸ ਪਹੁੰਚਾਈ ਹੈ। ਅਜਿਹੀਆਂ ਵਿਘਨਕਾਰੀ ਘਟਨਾਵਾਂ ਦਾ ਹੱਲ ਕੇਵਲ ਧਰਮ ਕੋਲ ਹੈ। ਧਰਮ, ਸਮਾਜ ਨੂੰ ਅਜਿਹੀਆਂ ਆਫ਼ਤਾਂ ਅਤੇ ਸਮੱਸਿਆਵਾਂ ’ਚੋਂ ਬਚਾ ਸਕਣ ਦੀ ਯੋਗਤਾ ਰੱਖਦਾ ਹੈ। ਪ੍ਰਸਿੱਧ ਵਿਗਿਆਨੀ ਡਾ. ਜੂਲੀਅਨ ਹਕਸਲੇ ਦਾ ਕਥਨ ਹੈ ਕਿ ‘ਕਿਸੇ ਨਾ ਕਿਸੇ ਰੂਪ ਵਿੱਚ ਧਰਮ ਲਗਭਗ ਇੱਕ ਜ਼ਰੂਰਤ ਹੈ।’ ਇਸ ਤਰ੍ਹਾਂ ਧਰਮੀ ਤੇ ਵਿਗਿਆਨਿਕ ਜੀਵਨ; ਦੋ ਪਹਿਲੂ ਹਨ। ਮਨੁੱਖੀ ਜੀਵਨ ਦੀ ਖੁਸ਼ਹਾਲੀ ਲਈ ਦੋਹਾਂ ਦੇ ਸੁਮੇਲ ਦੀ ਬੜੀ ਵੱਡੀ ਲੋੜ ਹੈ।