ਗੁਰਬਾਣੀ ’ਚ ਬਜ਼ਾਹਰ ਦਿਸਦਾ ਵਿਰੋਧਾਭਾਸ
(ਪ੍ਰਿੰਸੀਪਲ ਸਾਹਿਬ ਭਾਈ ਸਾਹਿਬ ਹਰਭਜਨ ਸਿੰਘ ਜੀ)
(ਪ੍ਰਿੰਸੀਪਲ ਸਾਹਿਬ ਭਾਈ ਸਾਹਿਬ ਹਰਭਜਨ ਸਿੰਘ ਜੀ ਪਿਛਲੀ ਅੱਧੀ ਸਦੀ ਤੋਂ ਵੱਧ ਸਮੇਂ ਤੋਂ ਸਿੱਖ ਕੌਮ ਨੂੰ ਸੁਚੱਜੀ ਅਗਵਾਈ ਦੇਂਦੇ ਆ ਰਹੇ ਹਨ। ਉਹਨਾਂ ਦਾ ਲੇਖ ਪ੍ਰਚਾਰਕਾਂ, ਕਥਾਵਾਚਕਾਂ ਅਤੇ ਮਿਸ਼ਨਰੀ ਕਾਲਜਾਂ ਦੇ ਵਿਦਿਆਰਥੀਆਂ ਦੀ ਭਰਪੂਰ ਜਾਣਕਾਰੀ ਤਥਾ ਤਿਆਰੀ ਲਈ ਪਾਠਕਾਂ ਅੱਗੇ ਰੱਖ ਰਹੇ ਹਾਂ ਤਾਂ ਜੋ ਕੁਝ ਲਾਭ ਉਠਾਇਆ ਜਾ ਸਕੇ। ……… ਪ੍ਰਿੰਸੀਪਲ ਸਤਿਨਾਮ ਸਿੰਘ)
ਦੂਜੇ ‘ਮਿਲੈਨੀਅਮ’ (ਭਾਵ ਦੂਸਰੇ ਹਜ਼ਾਰ ਸਾਲ ਦੇ ਸਮੇਂ; ਜਿਵੇਂ ਕਿ ਸੰਨ 1000 ਤੋਂ 2000 ਤੱਕ) ਦੀ ਸੰਸਾਰ ਨੂੰ ਸਭ ਤੋਂ ਮਹਾਨ ਦੇਣ ਦਸੋਂ ਨਾਨਕ ਜੋਤ ਅਤੇ ਉਨ੍ਹਾਂ ਦਾ ਸ਼ਾਹਕਾਰ ਗੁਰੂ ਗ੍ਰੰਥ ਸਾਹਿਬ ਅਗਲੀ ਆਉਣ ਵਾਲੀ ਹਰ ਸਦੀ ਤੱਕ ਬੇਜੋੜ ਅਤੇ ਬੇਮਿਸਾਲ ਰਹੇਗਾ। ਸਿੱਖ ਸਤਿਗੁਰਾਂ ਨੂੰ ਇਸ ਮਨੁੱਖੀ ਅਲਪ ਬੁੱਧੀ ਨਾਲ ਸਮਝਣਾ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਸਾਈ ਜੀਵਨ ਰੀਤ ਨੂੰ ਰਿਦੈ ਬਸਾ ਤੇ ਅਮਲਾ ਕੇ ਸੰਸਾਰ ਪੰਧ ਨੂੰ ਪੂਰਾ ਕਰ, ਮੁੜ ਜੋਤੀ ਜੋਤ ਸਮਾਉਣਾ ਕਤੇਬੀ ਗਿਆਨ ਨਹੀਂ। ਇਸ ਗੁਰਮਤਿ ਗਾਡੀ ਰਾਹ ਨੂੰ ਵਾਚਨ, ਵੀਚਾਰਨ ਅਤੇ ਅਪਣਾਉਣ ਦਾ ਪਹਿਲਾ ਕਰੀਨਾ ਹੈ: ਪੰਜਾਂ (ਕਾਮ, ਕਰੋਧ, ਲੋਭ, ਮੋਹ, ਅਹੰਕਾਰ) ਦਾ ਤਿਆਗ ਅਤੇ ਬਿਨ ਸਿਰ, ਇਸ ਖੰਨਿਓ ਤਿੱਖੇ ਤੇ ਵਾਲੋਂ ਨਿੱਕੇ ਮਾਰਗ ਦਾ ਪਾਂਧੀ ਹੋਣਾ। ਧੁਰੋਂ ਆਈ ਖਸਮ ਦੀ ਬਾਣੀ ਦੇ ਭੇਦਾਂ ਨੂੰ ਖੁਦ ਸਮਝ ਕੇ ਦੂਜਿਆਂ ਅੱਗੇ ਖੋਲਣਾ ਹਾਰੀ-ਸਾਰੀ (ਜਣੇ-ਖਣੇ) ਦਾ ਕੰਮ ਨਹੀਂ, ਇਹ ਤਾਂ ਕਿਸੇ ਟਾਂਵੀ ਟਾਂਵੀ ਦੈਵੀ ਆਤਮਾ ਉੱਤੇ ਉਸ ਕਰਤੇ ਦੀ ਨਦਰ ਦਾ ਨਤੀਜਾ ਹੁੰਦਾ ਹੈ। ਗੁਰੂ ਮਹਾਰਾਜ ਦੇ ਸਮਕਾਲੀ ਮਹਾਨ ਗੁਰਸਿੱਖਾਂ ਨੇ ਵੀ ਇਸ ਅਥਾਹ ਸਾਗਰ ’ਚੋਂ ਹੰਸ ਬਿਰਤੀ ਅਧੀਨ ਮੋਤੀ ਹੀ ਚੁਣੇ ਸਨ। ਇਸ ਦਾ ਥਹੁ ਪਾਉਣ ਦਾ ਕਦੇ ਗੁਮਾਨ ਨਹੀਂ ਸੀ ਕੀਤਾ ਅਤੇ ਅਜੋਕੇ ਯੁੱਗ ਵਿੱਚ ਐਸਾ ਦਾਅਵਾ ਕਰਨ ਬਾਰੇ ਇੱਕ ਛਿਨ ਭਰ ਦੀ ਸੋਚ, ਮੱਤ ਹੀਣ ਢੀਠਤਾ ਤੋਂ ਵੱਧ ਕੁਝ ਵੀ ਨਹੀਂ। ਗੁਰਬਾਣੀ ਸਰਬ-ਕਾਲੀ ਤੇ ਸਰਬ ਦੇਸੀ ਗਿਆਨ ਦਾ ਅਟੁੱਟ ਭੰਡਾਰ ਹੈ। ਦੋ ਤੇ ਦੋ ਚਾਰ ਵਾਂਗ ਸਤਿ ਹੋਣ ਦੇ ਬਾਵਜੂਦ ਵੀ ਜਿਵੇਂ ਜਿਵੇਂ ਪੜ੍ਹੋ ਤੇ ਅਮਲਾਉ ਰਹੱਸ ਵਿੱਚੋਂ ਰਸ ਮਿਲਦਾ ਹੈ ਤੇ ਨਿਤ ਦਿਨ ਪ੍ਰਭੂ ਵਿਛੋੜੇ ਦੀ ਦੂਰੀ ਘਟਦੀ ਦਿਸ ਆਉਂਦੀ ਹੈ।
ਸਤਿਗੁਰ ਫੁਰਮਾੳਂਦੇ ਹਨ:-
ੳ. ਸਬਦੁ ਬੀਚਾਰਿ ਭਏ ਨਿਰੰਕਾਰੀ ।। ਗੁਰਮਤਿ ਜਾਗੇ, ਦੁਰਮਤਿ ਪਰਹਾਰੀ ।। (ਮਹਲਾ ੧, ਪੰਨਾ ੯੦੪)
ਅ. ਗੁਰ ਕੀ ਸੇਵਾ ਸਬਦੁ ਵੀਚਾਰੁ ।। ਹਉਮੈ ਮਾਰੇ ਕਰਣੀ ਸਾਰੁ ।। (ਮਹਲਾ ੧, ਪੰਨਾ ੨੨੩)
ੲ. ਗੁਰਮੁਖਿ ਨਾਦ ਬੇਦ ਬੀਚਾਰੁ ।। (ਮਹਲਾ ੧, ਪੰਨਾ ੯੩੨)
ਸ. ਬਿਬੇਕ ਬੁਧਿ ਸਤਿਗੁਰ ਤੇ ਪਾਈ, ਗੁਰ ਗਿਆਨੁ ਗੁਰੂ ਪ੍ਰਭ ਕੇਰਾ ।। (ਮਹਲਾ ੪, ਪੰਨਾ ੭੧੧)
ਪ੍ਰੰਤੂ ਸੁਵੱਛ ਵੀਚਾਰ ਦੀ ਘਾਟੀ, ਪ੍ਰਕਿਰਿਆ ਇਤਨੀ ਬਿਖਮ ਹੈ ਕਿ ਕੋਈ ਵਿਰਲਾ ਹੀ ਇਸ ਉੱਤੇ ਤੁਰਨ ਦਾ ਸਾਹਸ ਧਾਰਦਾ ਹੈ। ਏਸੇ ਲਈ, ਗੁਰਦੇਵ, ਸਿੱਖ ਨੂੰ ਸਾਵਧਾਨ ਕਰਦੇ ਹਨ ਕਿ: ‘‘ਬਾਣੀ ਬਿਰਲਉ ਬੀਚਾਰਸੀ, ਜੇ ਕੋ ਗੁਰਮੁਖਿ ਹੋਇ ।। (ਮਹਲਾ ੧, ਪੰਨਾ ੯੩੫)
ਸ਼ਰਤ ਇਹੀ ਹੈ ਕਿ ਜਗਿਆਸੂ ਨੇ ਗੁਰਬਾਣੀ ਦੇ ਅਥਾਹ ਸਾਗਰ ਵਿੱਚ ਗੁਰੂ ਆਸੇ ਅਨੁਸਾਰੀ ਚੁੱਬੀ ਲਾਉਣੀ ਹੈ ਤੇ ਮਨਬਾਂਸ਼ਤ ਫਲ ਪ੍ਰਾਪਤ ਕਰਨਾ ਹੈ। ਕਈ ਵਾਰ ਗੁਰਬਾਣੀ ਪੜ੍ਹਦਿਆਂ ਓਪਰੀ ਨਜ਼ਰ ਨਾਲ, ਸਤਹੀ ਤੌਰ ’ਤੇ ਵੇਖਿਆ ਜਾਵੇ ਤਾਂ ਸਾਧਾਰਨ ਪਾਠਕਾਂ ਨੂੰ ਇਉਂ ਪ੍ਰਤੀਤ ਹੁੰਦਾ ਹੈ, ਜਿਵੇਂ ਗੁਰਬਾਣੀ ਵਿੱਚ ਕਈ ਥਾਈਂ ਸਵੈ-ਵਿਰੋਧੀ (ਵਿਰੋਧਾਭਾਸੀ- Paradoxical ) ਲਿਖਤਾਂ ਹਨ; ਜਿਵੇਂ ਅੰਕਿਤ ਹੈ:-
1 (ੳ). ਸਚੇ ਤੇਰੇ ਖੰਡ ਸਚੇ ਬ੍ਰਹਮੰਡ॥ ਸਚੇ ਤੇਰੇ ਲੋਅ ਸਚੇ ਆਕਾਰ॥ ਆਸਾ ਕੀ ਵਾਰ (ਮ:੧/ਅੰਗ ੪੬੩) (ਜਾਂ)
(ਅ). ਕੂੜੁ ਰਾਜਾ ਕੂੜੁ ਪਰਜਾ, ਕੂੜੁ ਸਭੁ ਸੰਸਾਰੁ ॥ ਆਸਾ ਕੀ ਵਾਰ (ਮ:੧/ਅੰਗ ੪੬੮)
- (ੳ). ਕਾਹੇ ਰੇ ਮਨ! ਚਿਤਵਹਿ ਉਦਮੁ, ਜਾ ਆਹਰਿ ਹਰਿ ਜੀਉ ਪਰਿਆ॥ ਸੋ ਦਰੁ ਗੂਜਰੀ (ਮ:੫/ਅੰਗ ੧੦) (ਜਾਂ)
(ਅ). ਉਦਮੁ ਕਰੇਦਿਆ ਜੀਉ ਤੂੰ, ਕਮਾਵਦਿਆ ਸੁਖ ਭੁੰਚੁ॥ ਗੂਜਰੀ ਕੀ ਵਾਰ:੨ (ਮ:੫/ਅੰਗ ੫੨੨)
- (ੳ). ਆਪਿ ਸਤਿ ਕੀਆ ਸਭੁ ਸਤਿ॥ ਗਉੜੀ ਸੁਖਮਨੀ (ਮ:੫/ਅੰਗ ੨੮੪) (ਅਤੇ)
(ਅ). ਜੋ ਦੀਸੈ ਸੋ ਤੇਰਾ ਰੂਪੁ॥ ਤਿਲੰਗ (ਮ:੫/ਅੰਗ ੭੨੪)
(ੲ). ਜੋ ਦੀਸੈ ਸੋ ਸਗਲ ਬਿਨਾਸੈ, ਜਿਉ ਬਾਦਰ ਕੀ ਛਾਈ॥ ਗਉੜੀ (ਮ:੯/ਅੰਗ ੨੧੯)
- (ੳ). ਜਿਵ ਤੂ ਚਲਾਇਹਿ ਤਿਵੈ ਚਲਹ, ਜਿਨਾ ਮਾਰਗਿ ਪਾਵਹੇ॥ ਰਾਮਕਲੀ ਅਨੰਦ (ਮ:੩/ਅੰਗ ੯੧੯) (ਜਾਂ)
ਕਰਨ ਕਰਾਵਨ ਕਰਨੈ ਜੋਗੁ॥ ਜੋ ਤਿਸੁ ਭਾਵੈ ਸੋਈ ਹੋਗੁ॥ (ਅਤੇ)
ਜੋ ਭਾਵੈ, ਸੋ ਕਾਰ ਕਰਾਵੈ॥ ਗਉੜੀ ਸੁਖਮਨੀ (ਮ:੫/ਅੰਗ ੨੭੭)
ਕਹੁ ਮਾਨੁਖ ਤੇ ਕਿਆ ਹੋਇ ਆਵੈ ?॥ ਗਉੜੀ ਸੁਖਮਨੀ (ਮ:੫/ਅੰਗ ੨੭੭)
ਜੋ ਤਿਸੁ ਭਾਵੈ ਸੋਈ ਹੋਇ ॥ ਗਉੜੀ ਸੁਖਮਨੀ (ਮ:੫/ਅੰਗ ੨੭੮) (ਜਾਂ)
(ਅ). ਕਤਿਕਿ ਕਰਮ ਕਮਾਵਣੇ, ਦੋਸੁ ਨ ਕਾਹੂ ਜੋਗੁ॥
(ਅਤੇ) ਜੇਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤੁ॥ ਮਾਝ ਬਾਰਹਮਾਹਾ (ਮ:੫/ਅੰਗ ੧੩੪)
- (ੳ). ਹਮ ਸਰਿ ਦੀਨੁ, ਦਇਆਲੁ ਨ ਤੁਮ ਸਰਿ, ਅਬ ਪਤੀਆਰੁ ਕਿਆ ਕੀਜੈ ?॥ ਧਨਾਸਰੀ (ਭਗਤ ਰਵਿਦਾਸ/ਅੰਗ ੬੯੪) (ਅਤੇ)
ਮੇਰੀ ਸੰਗਤਿ ਪੋਚ, ਸੋਚ ਦਿਨੁ ਰਾਤੀ॥ ਮੇਰਾ ਕਰਮੁ ਕੁਟਿਲਤਾ, ਜਨਮੁ ਕੁਭਾਂਤੀ॥ ਗਉੜੀ (ਭਗਤ ਰਵਿਦਾਸ/ਅੰਗ ੩੪੫) (ਜਾਂ)
(ਅ). ਤੋਹੀ ਮੋਹੀ, ਮੋਹੀ ਤੋਹੀ, ਅੰਤਰੁ ਕੈਸਾ ?॥ ਕਨਕ ਕਟਿਕ, ਜਲ ਤਰੰਗ ਜੈਸਾ॥ ਸਿਰੀਰਾਗੁ (ਭਗਤ ਰਵਿਦਾਸ/ ਅੰਗ ੯੩)
ਵਿਚਾਰ ਅਧੀਨ ਨੁਕਤੇ ਨੂੰ ਸਪੱਸ਼ਟ ਕਰਨ ਲਈ ਇਹ ਬੁੱਧ ਕਥਾ ਬੜੀ ਸਹਾਇਕ ਹੋ ਸਕਦੀ ਹੈ:- ‘ਮਹਾਤਮਾ ਬੁੱਧ ਇੱਕ ਦਿਨ ਇੱਕ ਪਿੰਡ ਗਏ। ਸਵੇਰ ਦਾ ਸਮਾ ਸੀ। ਇੱਕ ਆਦਮੀ ਉਹਨਾ ਦੇ ਦਰਸ਼ਨਾ ਲਈ ਆਇਆ ਤੇ ਕਹਿਣ ਲੱਗਾ-ਮੈ ਨਾਸਤਕ ਹਾਂ, ਆਪ ਇਸ ਬਾਰੇ ਕੀ ਖ਼ਿਆਲ ਰਖਦੇ ਹੋ ? ਕੀ ਈਸ਼ਵਰ ਹੈ ? ਬੁੱਧ ਨੇ ਕਿਹਾ-ਈਸ਼ਵਰ ? ਸਿਰਫ਼ ਈਸ਼ਵਰ ਹੀ ’ਤੋਂ ਹੈ। ਉਸ ਦੇ ਸਿਵਾ ਔਰ ਕੁਝ ਵੀ ਨਹੀਂ। ਉਸ ਆਦਮੀ ਨੇ ਕਿਹਾ ਕਿ ਮੈਂ ਤਾਂ ਸੁਣਿਆ ਹੈ ਕਿ ਆਪ ਨਾਸਤਕ ਹੋ ? ਬੁਧ ਨੇ ਕਿਹਾ ਆਪ ਜੀ ਨੇ ਗ਼ਲਤ ਸੁਣਿਆ ਹੈ। ਮੈਂ ਤਾਂ ਮਹਾਂ ਆਸਤਕ ਹਾਂ। ਉਹ ਆਦਮੀ ਹੈਰਾਨੀ ਭਰੀ ਨਿਰਾਸ਼ਤਾ ਲੈ ਕੇ ਵਾਪਿਸ ਮੁੜ ਗਿਆ। ਮਹਾਤਮਾ ਬੁੱਧ ਅੱਗੇ ਤੁਰਦੇ ਗਏ।
ਦੁਪਹਿਰ ਨੂੰ ਇੱਕ ਹੋਰ ਆਦਮੀ ਆਇਆ ਤੇ ਕਹਿਣ ਲੱਗਾ ਕਿ ਮੈ ਆਸਤਕ ਹਾਂ ਤੇ ਨਾਸਤਕਾਂ ਦਾ ਦੁਸ਼ਮਨ। ਮੈ ਆਪ ਜੀ ਨੂੰ ਇਹ ਪੁੱਛਣ ਆਇਆ ਹਾਂ ਕਿ ਈਸ਼ਵਰ ਦੇ ਸਬੰਧ ਵਿੱਚ ਆਪ ਜੀ ਦੇ ਕੀ ਵਿਚਾਰ ਹਨ? ਬੁੱਧ ਨੇ ਕਿਹਾ-ਈਸ਼ਵਰ ਜੈਸੀ ਚੀਜ਼ ਨਾ ਹੈ ਤੇ ਨਾ ਹੋ ਸਕਦੀ ਹੈ। ਈਸ਼ਵਰ ਹੈ ਹੀ ਨਹੀਂ। ਉਸ ਆਦਮੀ ਨੇ ਹੈਰਾਨੀ ਨਾਲ ਪੁੱਛਿਆ- ਇਹ ਤੁਸੀਂ ਕੀ ਆਖ ਰਹੇ ਹੋ ? ਮੈ ਤਾਂ ਸੁਣਿਆਂ ਸੀ ਕਿ ਤੁਸੀਂ ਇੱਕ ਧਾਰਮਿਕ ਆਦਮੀ ਹੋ ਤੇ ਪਿੰਡ ’ਚ ਆਏ ਹੋ। ਬੁੱਧ ਨੇ ਕਿਹਾ-ਧਾਰਮਿਕ? ਮੈਂ ਤਾਂ ਮਹਾਂ ਨਾਸਤਕ ਹਾਂ। ਉਹ ਆਦਮੀ ਬੇਚੈਨ ਤੇ ਅਵਾਕ ਦਸ਼ਾ ਵਿੱਚ ਗੁੰਮ-ਸੁੰਮ ਖਲੋਤਾ ਰਹਿ ਗਿਆ।
ਸ਼ਾਮ ਹੋ ਗਈ। ਇੱਕ ਹੋਰ ਤੀਜਾ ਆਦਮੀ Agnostic (ਅਗੇਯਵਾਦੀ, ਇਹ ਮਤ ਕਿ ਰੱਬ ਜਾਂ ਪ੍ਰਲੋਕ ਬਾਰੇ ਕੁਝ ਵੀ ਨਹੀਂ ਜਾਣਿਆ ਜਾ ਸਕਦਾ, ਇਹ ਨਾਸਤਿਕਤਾ ’ਤੋਂ ਭਿਨ ਵੀਚਾਰ ਹੈ) ਬੁੱਧ ਜੀ ਕੋਲ ਆਇਆ ਤੇ ਕਹਿਣ ਲੱਗਾ ਕਿ ਮੈਨੂੰ ਸਮਝ ਨਹੀਂ ਕਿ ਈਸ਼ਵਰ ਹੈ ਜਾਂ ਨਹੀਂ? ਇਸ ਨੂੰ ਜਾਣ ਸਕਣਾ ਆਦਮੀ ਦੇ ਵੱਸ ਦਾ ਰੋਗ ਨਹੀਂ। ਆਪ ਜੀ ਦਾ ਇਸ ਬਾਰੇ ਕੀ ਖ਼ਿਆਲ ਹੈ ? ਬੁੱਧ ਨੇ ਕਿਹਾ ਕਿ ਹੁਣ ਜਦ ਤੈਨੂੰ ਵੀ ਪਤਾ ਨਹੀਂ ਤੇ ਮੈਨੂੰ ਵੀ ਪਤਾ ਨਹੀਂ, ਤਾਂ ਇਹੀ ਠੀਕ ਹੈ ਕਿ ਈਸ਼ਵਰ ਦੀ ਹੋਂਦ ਜਾਂ ਅਣਹੋਂਦ ਬਾਰੇ ਅਸੀਂ ਚੁੱਪ ਰਹੀਏ। ਉਹ ਆਦਮੀ ਵੀ ਇਸ ਉੱਤਰ ਨੂੰ ਸੁਣ ਕੇ ਹੈਰਾਨ ਰਹਿ ਗਿਆ ਤੇ ਕਹਿਣ ਲੱਗਾ ਕਿ ਮੈਂ ਤਾਂ ਸੁਣਿਆ ਸੀ ਕਿ ਆਪ ਜੀ ਨੂੰ ਗਿਆਨ ਹੋ ਗਿਆ ਹੈ, ਇਸ ਲਈ ਆਪ ਜੀ ਨੂੰ ਪਤਾ ਹੋ ਗਿਆ ਹੋਵੇਗਾ ਕਿ ਈਸ਼ਵਰ ਹੈ ਜਾਂ ਨਹੀਂ। ਬੁੱਧ ਜੀ ਨੇ ਕਿਹਾ ਤੁਸੀਂ ਗ਼ਲਤ ਸੁਣਿਆ ਹੈ। ਮੈਂ ਤਾਂ ਪਰਮ ਅਗਿਆਨੀ ਹਾਂ। ਮੈਨੂੰ ਗਿਆਨ ਕੈਸਾ ?
ਮਹਾਤਮਾ ਬੁੱਧ ਜੀ ਦੇ ਪਰਮ ਸ਼ਿਸ਼ ਅਨੰਦ ਨੇ ਇਹ ਤਿੰਨੇ ਪ੍ਰਕਾਰ ਦੀ ਵੀਚਾਰ ਸੁਣੀ ਅਤੇ ਵੇਖੀ। ਬੜਾ ਹੈਰਾਨ ਹੋਇਆ। ਡਾਹਢੀ ਦੁਬਿਧਾ ’ਚ ਫਸ ਗਿਆ। ਜਦ ਰਾਤ ਹੋਈ ਤੇ ਸਭ ਲੋਕੀਂ ਚਲੇ ਗਏ ਤਾਂ ਅਨੰਦ ਜੀ ਨੇ ਬੁੱਧ ਜੀ ਦੇ ਚਰਨ ਫੜ ਲਏ ਤੇ ਘਿੱਗਿਆ ਕੇ (ਦਬੀ ਅਵਾਜ਼ ਨਾਲ) ਕਹਿਣ ਲੱਗਾ ਕਿ ਇਸ ਤਰ੍ਹਾਂ ਤਾਂ ਆਪ ਮੈਨੂੰ ਮਾਰ ਸੁਟੋਗੇ। ਇਹ ਕੀ ਕਰ ਰਹੇ ਹੋ ਆਪ ? ਅੱਜ ਸਾਰਾ ਦਿਨ ਮੈ ਕਿੰਨਾ ਬੇਚੈਨ ਰਿਹਾ ਹਾਂ ਜੋ ਜੀਵਨ ਵਿੱਚ ਪਹਿਲੇ ਕਦੀਂ ਅਜੇਹਾ ਨਹੀਂ ਹੋਇਆ ? ਆਪ ਕੀ ਕਹਿ ਰਹੇ ਹੋ ? ਆਪ ਹੋਸ਼ ਵਿੱਚ ਤਾਂ ਹੋ ? ਸਵੇਰੇ ਕੁਝ ਕਿਹਾ, ਦੁਪਹਿਰ ਨੂੰ ਕੁਝ ਹੋਰ ਅਤੇ ਸ਼ਾਮੀ ਹੋਰ? ਆਪ ਜੀ ਨੇ ਤਿੰਨ ਵੱਖ-ਵੱਖ ਵਿਰੋਧੀ ਉੱਤਰ ਕਿਉਂ ਦਿੱਤੇ ?
ਮਹਾਤਮਾ ਬੁੱਧ ਜੀ ਹੱਸ ਪਏ ਤੇ ਪਿਆਰ ਨਾਲ ਅਨੰਦ ਜੀ ਨੂੰ ਕਿਹਾ ਕਿ ਉੱਤਰ ਤਾਂ ਮੈਂ ਉਹਨਾਂ ਤਿੰਨ ਆਦਮੀਆਂ ਨੂੰ ਵੱਖ-ਵੱਖ ਤੌਰ ’ਤੇ ਦਿੱਤੇ ਸਨ, ਤੂੰ ਤਾਂ ਉਹ ਸੁਣੇ ਹੀ ਕਿਉਂ ? ਕੀ ਦੂਜੇ ਦੀ ਗੱਲ ਸੁਣਨੀ ਮੁਨਾਸਬ ਹੋ ? ਉਚਿਤ ਹੈ ? ਅਨੰਦ ਨੇ ਉੱਤਰ ਦਿੱਤਾ ਕਿ ਮੈਂ ਉਸ ਸਮੇਂ ਉੱਥੇ ਮੌਜੂਦ ਸੀ, ਕੀ ਕਰਦਾ ? ਕੰਨ ਤਾਂ ਬੰਦ ਨਹੀਂ ਕੀਤੇ ਜਾ ਸਕਦੇ ? ਸੋ, ਮੈਨੂੰ ਸੁਤੇ ਸਿਧ ਸੁਣੇ ਗਏ। ਬੁੱਧ ਜੀ ਨੇ ਕਿਹਾ ਕਿ ਤੈਨੂੰ ਮੈਂ ਕੋਈ ਉੱਤਰ ਨਹੀਂ ਦਿੱਤੇ ਸਨ। ਅਨੰਦ ਜੀ ਨੇ ਕਿਹਾ ਮੈਨੂੰ ਤਾਂ ਦਿੱਤੇ ਨਾ ਸਹੀ ਪਰ ਮੈਂ ਉਹਨਾ ਨੂੰ ਸੁਣ ਕੇ ਡਾਢੀ ਮੁਸ਼ਕਲ ਵਿੱਚ ਪੈ ਗਿਆ ਹਾਂ। ਮੈਨੂੰ ਤੁਰੰਤ ਉੱਤਰ ਦੇਉ ਕਿ ਸੱਚ ਕੀ ਹੈ ? ਆਪ ਨੇ ਇਹ ਤਿੰਨ ਵੱਖ ਵੱਖ ਸਵੈ ਵਿਰੋਧੀ ਗੱਲਾਂ ਕਿਉਂ ਆਖੀਆਂ ?
ਬੁੱਧ ਜੀ ਨੇ ਆਪਣੇ ਪਿਆਰੇ ਸ਼ਿਸ਼ ਦੀ ਤਸੱਲੀ ਲਈ ਜੋ ਉੱਤਰ ਦਿੱਤਾ ਉਹ ਬੜਾ ਵਚਿੱਤਰ, ਦੂਰ ਰਸ ਤੇ ਅਰਥ ਭਰਪੂਰ ਹੈ। ਆਪ ਨੇ ਫ਼ੁਰਮਾਇਆ ਕਿ ‘‘ਉਹਨਾਂ ਤਿੰਨਾਂ ਆਦਮੀਆਂ ਨੂੰ, ਜੋ ਸੋਚ ਸਮਝ ਤੇ ਮੰਨਣ ਦੀ ਵੱਖਰੀ ਵੱਖਰੀ ਵਿਚਾਰਧਾਰਾ ਵਿੱਚ ਰੁੜ ਗਏ ਸਨ, ਸੰਤੁਲਿਨ ਅਥਵਾ ਸਹਿਜ (Balanced) ਦੀ ਅਵਸਥਾ ਵਿੱਚ ਲਿਆਉਣਾ ਜ਼ਰੂਰੀ ਸੀ। ਸਵੇਰੇ ਜੋ ਆਦਮੀ ਆਇਆ ਸੀ ਉਹ ਨਾਸਤਕ, ਘੋਰ ਨਾਸਤਕ ਸੀ ਅਤੇ ਇਕੱਲਾ ਨਾਸਤਕ ਅਧੂਰਾ ਹੈ, ਕਿਉਂਕਿ ਜਿੰਦਗੀ ਵਿਰੋਧਾਂ ਨਾਲ ਮਿਲ ਕੇ ਬਣੀ ਹੈ, ਇਹ ਸਮਝ ਲਵੋ ਕਿ ਜੋ ਸੱਚ-ਮੁੱਚ ਧਾਰਮਿਕ ਵਿਆਕਤੀ ਹੈ, ਉਸ ਵਿੱਚ ਦੋਵੇਂ ਗੱਲਾਂ ਹੁੰਦੀਆਂ ਹਨ। ਇਹਨਾਂ ਦੋਵਾਂ ਦੇ ਮੇਲ ਵਿੱਚ ਧਰਮ ਹੈ। ਕੇਵਲ ਧਾਰਮਿਕ ਆਦਮੀ ਵੀ ਅਧੂਰਾ ਹੀ ਹੈ ਕਿਉਂਕਿ ਅਜੇ ਉਸ ਵਿੱਚ ਸੰਤੁਲਨ (ਬੈਲੰਸ) ਨਹੀਂ ਆਇਆ। ਪਹਿਲਾ ਆਦਮੀ ਨਾਸਤਕ ਸੀ। ਉਸ ਦਾ ਹਉਂ ਆਸ਼੍ਰਿਤ (Dependent) ਹੋ ਕੇ ਇੱਕ ਪਲੜਾ ਬੜਾ ਭਾਰੀ ਹੋ ਗਿਆ ਸੀ, ਉਸ ਨੂੰ ਸਹਿਜ ’ਚ ਲਿਆਉਣ ਲਈ ਮੈਨੂੰ ਦੂਸਰੇ ਪਲੜੇ ’ਚ ਪੱਥਰ ਰੱਖਣੇ ਪਏ। ਫਿਰ ਮੈਂ ਬੇਚੈਨ ਵੀ ਕਰ ਦੇਣਾ ਚਾਹੁੰਦਾ ਸਾਂ ਕਿਉਂਕਿ ਉਹ ਇਸੇ ਗੱਲ ਉੱਤੇ ਟਿਕ ਗਿਆ ਸੀ ਕਿ ਈਸ਼ਵਰ ਨਹੀਂ ਹੈ। ਉਸ ਦੇ ਨਿਸ਼ਚੇ ਨੂੰ ਹਿਲਾ ਦੇਣਾ ਜ਼ਰੂਰੀ ਸੀ। ਜੋ ਇੱਕ ਥਾਂ ਠਹਿਰ ਜਾਂਦਾ ਹੈ, ਰੁਕ ਜਾਂਦਾ ਹੈ, ਉਹ ਮਰ ਜਾਂਦਾ ਹੈ। ਜਗਿਆਸੂ ਦੀ ਯਾਤਰਾ ਜਾਰੀ ਰਹਿਣੀ ਚਾਹੀਦੀ ਹੈ। ਉਸ ਦੇ ਨਿਸ਼ਚੇ ਨੂੰ ਦਿਸ਼ਾ ਦੇਣੀ ਜ਼ਰੂਰੀ ਸੀ। ਦੁਪਹਿਰ ਨੂੰ ਜੋ ਆਦਮੀ ਆਇਆ, ਉਸ ਨੂੰ ਘਮੰਡ ਸੀ ਕਿ ਉਹ ਬੜਾ ਆਸਤਕ ਹੈ। ਉਸ ਨੂੰ ਕਹਿਣਾ ਪਿਆ ਕਿ ਮੈਂ ਨਾਸਤਕ ਹਾਂ ਕਿਉਂਕਿ ਉਸ ਦਾ ਵੀ ਇੱਕ ਪਲੜਾ ਬਹੁਤ ਭਾਰੀ ਸੀ, ਅਸੰਤੁਲਿਤ ਸੀ। ਜ਼ਿੰਦਗੀ ਹੈ ਸੰਤੁਲਨ। ਜੋ ਸੰਤੁਲਨ (ਸਹਿਜ) ਨੂੰ ਪਾ ਲੈਂਦਾ ਹੈ, ਉਹ ‘ਸਤਿ’ ਨੂੰ ਪਾ ਲੈਂਦਾ ਹੈ।’’
ਹੋਰ ਵਧੇਰੇ ਸਪੱਸ਼ਟ ਤੌਰ ’ਤੇ ਸਮਝਣ ਲਈ ਵਿਚਾਰ ਅਧੀਨ ਵਿਸ਼ੇ ਨੂੰ ਸੂਰਜ ਪ੍ਰਕਾਸ਼ ਦੇ ਪੰਨਾ 2170 ਰਾਸ 3 ਅੰਸੂ 56 ’ਤੇ ਅੰਕਤ ਇਹ ਵਾਰਤਾ ਸਹਾਇਕ ਹੋਵੇਗੀ।
ਗੁਰੂ ਅਰਜੁਨ ਸਾਹਿਬ ਦੀ ਸੇਵਾ ਵਿੱਚ ਜਟੂ, ਭਾਨੂੰ, ਨਿਹਾਲੂ ਤੇ ਤੀਰਥਾਂ; ਚੱਢਾ ਜਾਤੀ ਦੇ ਸਿੱਖ ਆਏ ਤੇ ਹੱਥ ਜੋੜ ਕੇ ਪ੍ਰਸ਼ਨ ਕੀਤਾ:-
ਸ੍ਰੀ ਸਤਿਗੁਰ ਸੁਭ ਬਚਨ ਤੁਮਾਰੇ। ਬਹੁ ਬਿਧਿ ਕੇ ਹਮ ਅਰਥ ਵਿਚਾਰੇ। ਕਰੇ ਕਰਾਵੈ ਆਪੇ ਆਪ। ਮਾਨੁਖ ਕੇ ਕਿਸ ਨਾਹੀਂ ਹਾਥ। (ਜਾਂ) ‘‘ਜੈਸਾ ਬੀਜੈ ਸੋ ਲੁਣੈ, ਕਰਮ ਇਹੁ ਖੇਤੁ॥ ਅਕਿਰਤਘਣਾ ਹਰਿ ਵਿਸਰਿਆ, ਜੋਨੀ ਭਰਮੇਤੁ॥’’ ਜੈਤਸਰੀ ਕੀ ਵਾਰ (ਮ:੫/ਅੰਗ ੭੦੬) ਉਪਰੋਕਤ ਵਾਕ ਬ-ਜ਼ਾਹਰ ਸਵੈ ਵਿਰੋਧੀ ਪ੍ਰਤੀਤ ਹੁੰਦੇ ਹਨ ਪਰ ਪੰਚਮ ਪਾਤਿਸ਼ਾਹ ਜੀ ਨੇ ਇਸ ਦਾ ਜੋ ਉੱਤਰ ਦਿੱਤਾ ਉਸ ਦਾ ਸਾਰ ਇਸ ਪ੍ਰਕਾਰ ਹੈ:- ‘‘ਸਭਿ ਅਧਿਕਾਰਨਿ ਕੇ ਗੁਰਸਿਖ ਹੈਂ। ਗ੍ਰਹਣ ਕਹੈਂ ਜਿਮ ਨਿਜ ਮਤਿ ਪਿਖਿ ਹੈਂ। 38।’’
ਜੋ ਲੋਕ ਕੇਵਲ ਗ੍ਰਹਿਸਤ ਵਿੱਚ ਹੀ ਮਸਤ ਹੋਏ ਪਾਪ ਪੁੰਨ ਕਮਾਉਂਦੇ ਰਹਿੰਦੇ ਹਨ ਉਹਨਾਂ ਲਈ ਇਹ ਵਾਕ: ‘‘ਜੈਸਾ ਬੀਜੈ ਸੋ ਲੁਣੈ, ਕਰਮ ਇਹੁ ਖੇਤੁ ॥’’ ਅਤੇ ਜੋ ਪ੍ਰੇਮਾ ਭਗਤੀ ’ਚ ਰੰਗੇ ਹੋਏ ਹਰ ਸਮੇਂ ‘ਸਤਿਨਾਮੁ’ ਦਾ ਸਿਮਰਨ ਕਰਦੇ ਹੋਏ, ਸਭ ਪ੍ਰਾਣੀਆਂ ’ਚ ਬ੍ਰਹਮ ਦੀ ਹੋਂਦ ਨੂੰ ਅਨੁਭਵ ਕਰਦੇ ਹਨ, ਉਹਨਾਂ ਲਈ ਇਹ ਵਾਕ:-‘‘ਕਰੇ ਕਰਾਵੈ ਆਪੇ ਆਪ। ਮਾਨੁਖ ਕੇ ਕਿਸ ਨਾਹੀਂ ਹਾਥ॥, ਕਰੇ ਕਰਾਏ ਆਪਿ ਪ੍ਰਭੁ, ਸਭੁ ਕਿਛੁ ਤਿਸ ਹੀ ਹਾਥਿ ॥’’ ਸਿਰੀਰਾਗੁ (ਮ:੫/ਅੰਗ ੪੮) (ਜਾਂ) ‘‘ਮਾਰੈ ਰਾਖੈ ਏਕੋ ਆਪਿ ॥ ਮਾਨੁਖ ਕੈ, ਕਿਛੁ ਨਾਹੀ ਹਾਥਿ ॥’’ ਗਉੜੀ ਸੁਖਮਨੀ (ਮ:੫/ਅੰਗ ੨੮੧) ਕਿਉਂਕਿ ਇਸ ਪਦ ਉੱਤੇ ਪਹੁੰਚਿਆ ਬੰਦਾ ਆਪਣੇ ਆਪ ਨੂੰ ਪਾਰਬ੍ਰਹਮ ’ਚ ਲੀਨ ਹੋ ਚੁੱਕਾ, ਮਹਿਸੂਸ ਕਰਦਾ ਹੈ ਤੇ ਹਰ ਕਾਰਜ ਦਾ ਮਹੱਤਵ ਆਪਣੇ ਉੱਪਰ ਲੈਣ ਦੀ ਬਜਾਏ ਆਪਣੇ ਆਪ ਨੂੰ ਕਰਤਾਰ ਦੀ ਰਜ਼ਾ ’ਚ ਵਿਚਰਦਾ, ਮੰਨਦਾ ਹੈ।
ਤੀਸਰੇ ਉਹ ਲੋਕ ਹੁੰਦੇ ਹਨ ਜੋ ਹਰ ਪਾਸੇ ਬ੍ਰਹਮ ਹੀ ਬ੍ਰਹਮ ਨੂੰ ਵੱਸਦਾ ਵੇਖਦੇ ਹਨ ਜਿਵੇਂ:- ‘ਤ੍ਰਿਤੀਏ ਸੱਤਾਸੱਤਿ ਬਿਚਾਰਹਿ। ਸਦਾ ਬ੍ਰਹਮ ਕੋ ਨਿਰਨੈ ਧਾਰਹਿ। ਇਨ ਸਮ ਤੁਕ ਕੇ ਸੋ ਅਧਿਕਾਰੀ। ਸੁਨਿ ਮਾਨਹਿ ਸਮਝਹਿ ਉਰ ਧਾਰੀ। 42।
‘‘ਬ੍ਰਹਮੁ ਦੀਸੈ ਬ੍ਰਹਮੁ ਸੁਣੀਐ, ਏਕੁ ਏਕੁ ਵਖਾਣੀਐ॥’’ ਬਿਲਾਵਲੁ (ਮ:੫/ਅੰਗ ੮੪੬)
ਏਸ ਨੁਕਤੇ ਦੀ ਹੋਰ ਵਜ਼ਾਹਤ ਕਰਦੇ ਹੋਏ ਗੁਰੂ ਅਰਜੁਨ ਸਾਹਿਬ ਜੀ ਅੱਗੇ ਦੱਸਦੇ ਹਨ ਕਿ ਇਸ ਤਰ੍ਹਾਂ ਦੇ ਹੋਰ ਕਈ ਅਧਿਕਾਰੀ ਹਨ ਪਰ ਇੱਥੇ ਮੁਖ ਤੌਰ ’ਤੇ ਕੇਵਲ ਤਿੰਨ ਪ੍ਰਕਾਰ ਦਾ ਹੀ ਧਿਆਨ ਕੀਤਾ ਗਿਆ ਹੈ ਅਗੇ ਪ੍ਰਸੰਗ ਹੈ:- ਦੋਹਰਾ ‘ਇਤਯਾਦਿਕ ਬਹੁਤੇ ਅਧਿਕਾਰ। ਮੁੱਖਯ ਤੀਨ ਹਮ ਕਰੇ ਉਚਾਰ। ਜੈਸ ਬੈਦ ਮਹਾਂ ਬੁਧਿਵਾਨ। ਰੋਗੀ ਆਇ ਬਿਨੈ ਬਹੁ ਠਾਨਿ। 43। ਨਾੜੀ, ਮੂਤ੍ਰ ਹੇਰਿ ਰੁਜ ਜਾਨੈ। ਤਿਸ ਪਰ ਬਹੁਤ ਔਸ਼ਧੀ ਠਾਨੈ। ਤੈਸੇ ਗੁਰ ਢਿਗ ਸਿਖ ਚਲਿ ਆਵੈ। ਬਚਨ ਕ੍ਰਿਆ ਤੇ ਤਿਹ ਲਖਿ ਪਾਵੈ। 44। ਜਥਾ ਪਿਖਹਿ ਅਧਿਕਾਰ ਬਿਸ਼ੇਸ਼। ਤਥਾ ਕਰਹਿ ਸਤਿਗੁਰ ਉਪਦੇਸ਼। ਜੇ ਹਕੀਮ ਲਘੁ ਬਿਦਯਾ ਮਤਿ ਮੈਂ। ਪਰਖਯੋ ਗਯੋ ਨ ਰੁਜ ਕੁਛੁ ਚਿਤ ਮੈਂ। 45। ਰੋਗ ਆਨ, ਔਖਧਿ ਦੇ ਆਨ। ਰੁਜ ਨ ਜਾਏ, ਪ੍ਰਾਨ ਹਵੈ ਹਾਨ। ਤੈਸੇ ਗੁਰ ਕਾਚੋ ਅਨਜਾਨਾ। ਸਿਖ ਅਧਿਕਾਰ ਨਾ ਕਰਹਿ ਪਛਾਨਾ। 46। ਤਿਸ (ਸਿਖ ਨੂੰ) ਉਪਦੇਸ਼ ਅਯੋਗ ਬਤਾਵੈ। ਰਹੀ ਸ੍ਰੇਯ (ਮੁਕਤ) ਮਰਿ ਨਰਕ ਸਿਧਾਵੈ। ਭਾਵ-ਵੈਦ ਹਕੀਮ ਦੀ ਉਦਾਹਰਣ ਦੇਂਦੇ ਹੋਏ ਦੱਸਦੇ ਹਨ ਕਿ ਜੋ ਮਹਾਨ ਤੇ ਬੁੱਧੀਵਾਨ ਵੈਦ ਹੁੰਦਾ ਹੈ ਉਹ ਰੋਗੀ ਦੀ ਨਾੜੀ ਤੇ ਹੋਰ ਪ੍ਰਕਾਰ ਦੀ ਤਸ਼ਖ਼ੀਸ (ਨਿਰਨਾ) ਕਰਕੇ ਰੋਗੀ ਲਈ ਦਵਾਈ ਤਜਵੀਜ਼ ਕਰਦਾ ਹੈ, ਤਿਵੈਂ ਹੀ ਸਤਿਗੁਰੂ ਪਾਸ ਜੋ ਸਿੱਖ ਆਉਂਦਾ ਹੈ, ਗੁਰੂ ਜੀ ਉਸ ਦੀਆਂ ਗੱਲਾਂ ਅਤੇ ਹਰਕਤਾਂ ’ਤੋਂ ਜਾਣ ਲੈਂਦੇ ਹਨ ਕਿ ਉਹ ਕਿਸ ਪ੍ਰਕਾਰ ਦੇ ਉਪਦੇਸ਼ਾਂ ਦਾ ਅਧਿਕਾਰੀ ਹੈ। ਉਸ ਅਨੁਸਾਰ ਹੀ ਉਸ ਨੂੰ ਉਪਦੇਸ਼ ਦਿੱਤਾ ਜਾਂਦਾ ਹੈ। ਜੋ ਨੀਮ ਹਕੀਮ ਹੈ ਉਹ ਰੋਗ ਦੀ ਬਿਮਾਰੀ ਨੂੰ ਜਾਣੇ ਬਗੈਰ ਹੋਰ ਦੀ ਹੋਰ ਦਵਾਈ ਦੇ ਦੇਂਦਾ ਹੈ ਅਤੇ ਰੋਗੀ ਦੀ ਬਿਮਾਰੀ ਵਧੀਕ ਵਧ ਜਾਂਦੀ ਹੈ। ਇਸ ਤਰ੍ਹਾਂ ਜਿਹੜਾ ਕੱਚਾ ਅਤੇ ਅਗਿਆਨੀ ਹੈ, ਉਹ ਇਹ ਨਹੀਂ ਪਛਾਣਦਾ ਕਿ ਸ਼ਰਨ ਆਏ ਸਿੱਖ ਦੀ ਮਨੋਬ੍ਰਿਤੀ ਕੈਸੀ ਹੈ ? ਉਹ ਉਸ ਨੂੰ ਅਯੋਗ ਉਪਦੇਸ਼ ਦੇ ਦੇਂਦਾ ਹੈ, ਜਿਸ ਨਾਲ ਉਸ ਨੇ ਮੁਕਤੀ ਤਾਂ ਕੀ ਪਾਉਣੀ ਹੈ, ਸਗੋਂ ਨਰਕਾਂ ਦਾ ਅਧਿਕਾਰੀ ਬਣ ਜਾਂਦਾ ਹੈ।
ਇਹ ਲੰਬੇ ਚੌੜੇ ਹਵਾਲੇ ਅਸੀਂ ਇੱਥੇ ਇਸ ਲਈ ਅੰਕਤ ਕਰਨੇ ਮੁਨਾਸਬ ਸਮਝੇ ਹਾਂ ਕਿ ਜਿਸ ਨੁਕਤੇ ਨੂੰ ਅਸੀਂ ਸਪੱਸ਼ਟ ਕਰਨਾ ਚਾਹੁੰਦੇ ਹਾਂ, ਉਸ ਵਿੱਚ ਇਹ ਡਾਢੇ ਸਹਾਇਕ ਹਨ। ਗੁਰਮਤਿ ਇਸ ਗੱਲ ਦੀ ਦਾਅਵੇਦਾਰ ਹੈ ਕਿ ਸਹਜ ਤੇ ਸੰਤੁਲਨ ਦਾ ਜੀਵਨ ਹੀ ਸਹੀ, ਸਫਲ ਅਤੇ ਸਾਰਥਕ ਜੀਵਨ ਹੈ। ਏਥੇ ਗ੍ਰਹਿਸਤ ਤੇ ਸਨਿਆਸ, ਲੇਪਤਾ ਅਤੇ ਅਲੇਪਤਾ, ਸੂਖਮ ਤੇ ਅਸਥੂਲ, ਮਿਲਾਪ ਤੇ ਵਿਛੋੜਾ, ਜੀਵਨ ਤੇ ਮੌਤ, ਭਗਤ ਤੇ ਭਗਤੀ ਆਦਿ ਵਿੱਚ ਇੱਕ ਸੁਮੇਲ ਹੈ, ਇੱਕ ਸੰਤੁਲਨ ਹੈ, ਇੱਕ ਸਹਿਜ ਹੈ।
ਇਸ ਤਰ੍ਹਾਂ ਹੀ ਜਦ ਗੁਰਬਾਣੀ ਵਿੱਚ ਕਾਦਰ ਅਥਵਾ ਸੰਸਾਰ ਨੂੰ ‘ਸਚੇ ਦੀ ਕੋਠੜੀ’ ਕਰਕੇ ਬਿਆਨਿਆ ਹੈ ਤਾਂ ਇਹ ਗੱਲ ਉਸ ਮਨੁੱਖ ਨੂੰ ਝੰਜੋੜਨ ਲਈ ਹੈ, ਜੋ ਸੰਸਾਰ ਨੂੰ ਤ੍ਰੈ ਕਾਲ ਮਿਥਿਆ ਮੰਨਦਾ ਹੈ। ਸੰਸਾਰ ਸੱਚਾ ਇਸ ਲਈ ਹੈ ਕਿ ‘ਸੱਚ ਆਪ’ ਇਸ ਵਿੱਚ ਰਮ ਰਿਹਾ ਹੈ, ਵਿਆਪਕ ਹੈ। ਜਦ ਇਸ ਨੂੰ ਕੂੜ ਕਰਕੇ ਕਿਹਾ ਗਿਆ ਹੈ ਤਾਂ ਉਸ ਵਿਅਕਤੀ ਨੂੰ ਸੰਬੋਧਨ ਕਰਨਾ ਮਕਸੂਦ (ਇੱਛਾ ਜਤਾਉਣੀ) ਹੈ, ਜੋ ਪ੍ਰਭੂ ਨੂੰ ਵਿਸਾਰ ਕੇ, ਵਿਆਪਕ ਨਾ ਵੇਖ ਕੇ ਅਸਾਰ (ਨਾਸਵੰਤ) ਸੰਸਾਰ ਨੂੰ ਹੀ ਸਤਿ ਕਰਕੇ ਮੰਨ ਬੈਠਾ ਹੈ।
ਜੋ ਪੁਰਸਾਰਥ (ਉਦਮ ਲਈ ਯਤਨ) ਨਹੀਂ ਕਰਦਾ ਉਸ ਨੂੰ ਉੱਦਮ ਕਰਨ ਦੀ ਸਿਖਿਆ ਹੈ ਪਰ ਜੋ ਹਰ ਵੇਲੇ ਫ਼ਿਕਰਮੰਦ ਹੋ ਕੇ ਭੱਜ ਦੌੜ ਕਰਦਾ ਹੈ, ਚਿੰਤਤ ਰਹਿੰਦਾ ਹੈ ਤੇ ਆਪਣੇ ਉੱਦਮ ਨੂੰ ਹਰ ਕਾਰਜ ਦਾ ਕਾਰਨ ਮਿਥ ਲੈਂਦਾ ਹੈ, ਉਸ ਨੂੰ ਐਸੀ ਰਵਸ਼ (ਢੰਗ) ਤੋਂ ਹੋੜਿਆ ਤੇ ਦੱਸਿਆ ਹੈ ਕਿ The right & trust in GOD ਵਾਲੀ ਸਮਤਲ ਅਥਵਾ ਮਧ ਦੀ ਅਵਸਥਾ ਹੀ ਸੁਖਦਾਈ ਅਵਸਥਾ ਹੈ।
ਜੇ ਸਭ ਕੁਝ ਪ੍ਰਭੂ ਕਰਵਾਉਂਦਾ ਹੈ ਤਾਂ ਫਿਰ ਮਨੁੱਖ ਨੂੰ ਕਰਮਾਂ ਦਾ ਫਲ ਕਿਉਂ ? ਇਹ ਇੱਕ ਅਹਿਮ ਸਵਾਲ ਹੈ। ਦਰੁਸਤ ਹੈ ਕਿ ਮਨੁੱਖ ਕਰਮਾਂ ਦਾ ਫਲ, ਸੰਚਿਤ ਕਰਮਾਂ ਤੇ ਅਚੇਤ ਮਨ ਵਿੱਚ ਡੂੰਘੇ ਪੱਕੇ ਬਣ ਚੁੱਕੇ ਸੰਸਕਾਰਾਂ ਅਥਵਾ ਕਿਰਤ ਕਰਮ ਰਾਹੀਂ ਭੋਗਦਾ ਹੈ। ਜੋ ਉਹ ਬੀਜਦਾ ਹੈ ਅਵੱਸ਼ ਉਹੀ ਵੱਢਦਾ ਹੈ (ਹਰ ਕਰਮ ਦਾ ਪ੍ਰਤੀਕਰਮ ਜ਼ਰੂਰੀ ਹੈ) ਪ੍ਰੰਤੂ, ਜੋ ਸਹੀ ਤੌਰ ’ਤੇ ਅਕਰਤਾ ਤੇ ਅ+ਮਨ (No –Mind ) ਹੋ ਜਾਂਦਾ ਹੈ ਉਸ ਦੀ ‘ਮੈਂ’, ‘ਤੂੰ’ ਵਿੱਚ ਬਦਲ ਜਾਂਦੀ ਹੈ। ਜੋ ਹੁਕਮੀ ਪ੍ਰਭੂ ਦੇ ਹੁਕਮ ਨੂੰ ਪਛਾਣਦਾ ਤੇ ਰੱਬੀ ਰਜ਼ਾ ’ਚ ਚਲਦਾ ਹੋਇਆ ਮਨ, ਬਚ ਕਰਮ ਕਰਕੇ ਪ੍ਰਮਾਤਮਾ ਨੂੰ ਹੀ ਕਰਨ ਕਰਾਵਨ ਮੰਨਦਾ ਹੈ, ਉਸ ਦੇ ਕਿਸੇ ਅਖੌਤੀ ਆਪੋਂ ਕੀਤੇ ਕਰਮ-ਫਲ ਦੇ ਜ਼ਿੰਮੇਵਾਰ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਪਰ ਇਸ ਸਬੰਧ ਵਿੱਚ ਚੇਤੇ ਰੱਖਣ ਵਾਲੀ ਗੱਲ ਇਹ ਹੈ ਕਿ ਆਪਣੀ ਮੈਂ ਜਾਂ ਵੱਖਰੀ ਹਸਤੀ ਦੇ ਆਸਰੇ ਉਹ ਐਸਾ ਕੋਈ ਅਨੁਚਿਤ ਕੰਮ ਕਰਦਾ ਹੀ ਨਹੀਂ ਅਥਵਾ ਉਸ ਤੋਂ ਹੁੰਦਾ ਹੀ ਨਹੀਂ, ਜਿਸ ਦੇ ਦੰਡ ਵਜੋਂ ਫਲ ਭੋਗਣ ਦਾ ਸਵਾਲ ਪੈਦਾ ਹੁੰਦਾ ਹੋਵੇ। ਸਹੀ ਗੱਲ ਤਾਂ ਇਹ ਹੈ ਕਿ ਉਸ ਕੋਲੋਂ ਪ੍ਰਭੂ-ਰਜ਼ਾ ਦੇ ਉਲਟ ਕੁਝ ਵੀ ਕਰ ਸਕਣਾ ਸੰਭਵ ਹੀ ਨਹੀਂ ਹੁੰਦਾ: ‘‘ਮੇਰਾ ਕੀਆ ਕਛੂ ਨ ਹੋਇ॥ ਕਰਿ ਹੈ ਰਾਮੁ, ਹੋਇ ਹੈ ਸੋਇ ॥’’ ਭੈਰਉ (ਭਗਤ ਨਾਮਦੇਵ/ਅੰਗ ੧੧੬੫) ਵਾਲੀ ਅਵਸਥਾ ਹੁੰਦੀ ਹੈ ਅਤੇ ‘‘ਸੰਤ ਗੋਬਿੰਦ ਕੈ ਏਕੈ ਕਾਮ॥ ਰਹਾਉ ॥’’ ਗੋਂਡ (ਮ:੫/ਅੰਗ ੮੬੭) ਵਾਲੀ ਖੇਡ ਵਾਪਰ ਜਾਂਦੀ ਹੈ। ਉੱਥੇ ਕਿਸੇ ਸਮੇਂ ‘‘ਕੁਚਿਲ ਕਠੋਰ ਕਪਟ ਕਾਮੀ॥’’ ਕਾਨੜਾ (ਮ:੫/ਅੰਗ ੧੩੦੧) ਵਾਲੀ ਅਵਸਥਾ, ਜੋ ਬਦਲ ਕੇ ‘‘ਨਾਨਕੁ ਨੀਚੁ ਕਹੈ ਵੀਚਾਰੁ॥ (ਜਾਂ) ਮੈ ਮੂਰਖ ਕੀ ਕੇਤਕ ਬਾਤ ਹੈ, ਕੋਟਿ ਪਰਾਧੀ ਤਰਿਆ ਰੇ॥ (ਮ:੫/੬੧੨) ਬਣ ਜਾਂਦੀ ਹੈ।
ਨਾਨਕ ! ਦਾਸੁ ਇਹੈ ਸੁਖੁ ਮਾਗੈ, ਮੋ ਕਉ ਕਰਿ ਸੰਤਨ ਕੀ ਧੂਰੇ॥’’ ਸੋਹਿਲਾ ਗਉੜੀ (ਮ:੫/ਅੰਗ ੧੩) ਆਦਿ ਵਾਕਾਂ ਰਾਹੀਂ ਭਗਤੀ ਨਿਮਰ ਭਾਵ, ਗ਼ਰੀਬੀ ਤੇ ਦੀਨਤਾ ਦਾ ਪ੍ਰਗਟਾਵਾ ਕਰਨਾ, ਕਿਤੇ ‘‘ਬ੍ਰਹਮ ਗਿਆਨੀ ਆਪਿ ਨਿਰੰਕਾਰੁ॥ (ਮ:੫/ਅੰਗ ੨੭੪), ਨਾਨਕ ! ਸਾਧ ਪ੍ਰਭ ਭੇਦੁ ਨ, ਭਾਈ!॥ (ਮ:੫/ਅੰਗ ੨੭੨), ਪਾਰਬ੍ਰਹਮ ਗੁਰ, ਨਾਹੀ ਭੇਦ॥ (ਮ:੫/ਅੰਗ ੧੧੪੨), ਆਪੇ ਗੁਰੁ, ਚੇਲਾ ਹੈ ਆਪੇ, ਆਪੇ ਗੁਣੀ ਨਿਧਾਨਾ॥ (ਮ:੩/ਅੰਗ ੭੯੭), ਕਹੁ ਕਬੀਰ! ਇਹੁ ਰਾਮ ਕੀਅੰਸੁ ॥’’ (ਗੋਂਡ/ਅੰਗ ੮੭੧) ਆਦਿ ਹਕੀਕਤ-ਅਫ਼ਰੋਜ਼ (ਉੱਜਲ) ਵੀਚਾਰਾਂ ਰਾਹੀਂ ਆਤਮਾ ਅਤੇ ਪ੍ਰਮਾਤਮਾ ਦੇ ਮੂਲ ਕਰਕੇ ਇੱਕ ਹੋਣ ਦਾ ਦਾਅਬਾ ਕਰਨਾ, ਪ੍ਰਬੀਨਤਾ ਨਾਲ ਵੇਖਿਆਂ ਕਿਸੇ ਪ੍ਰਕਾਰ ਦਾ ਸਵੈ ਵਿਰੋਧ ਨਹੀਂ ਰੱਖਦੇ। ਇਹ ਦੋਵੇਂ ਪ੍ਰਗਟਾਅ ਇੱਕ ਹੀ ਲਕਸ਼ ਦੀ ਪੂਰਤੀ ਵੱਲ ਸੇਧ ਬਖ਼ਸ਼ਦੇ ਹਨ। ਕੇਵਲ ਵੇਖਣ ਤੇ ਜਾਣਨ ਵਾਲੀ ਅੱਖ ਤੇ ਬ੍ਰਿਤੀ ਦੀ ਲੋੜ ਹੈ।
ਸੋ, ਗੁਰੂ ਸਾਹਿਬਾਨ, ਭਗਤਾਂ ਜਾਂ ਸਤਿ ਪੁਰਖਾਂ ਵੱਲੋਂ ਕਿਸੇ ਸਮੇਂ ਦਾਸ ਭਾਵ ਤੇ ਕਿਸੇ ਸਮੇਂ ਹਮ-ਜਿਨਸ ਤੇ ਸਮਾਨ-ਭਾਵੀ ਸਾਂਝ ਤੇ ਸਮਾਨਤਾ ਵਿੱਚ ਵਿਚਰਨਾ ਤੇ ਬਾਪ ਦੀ ਗੋਦ ’ਚ ਬੈਠਿਆਂ ਲਾਡ-ਪਿਆਰ ਨਾਲ ਐਸਾ ਕਹਿ ਲੈਣਾ, ਨਾ ਗੁਸਤਾਖੀ ਹੈ ਤੇ ਨਾ ਹੀ ਸਵੈ ਵਿਰੋਧ ਦੀ ਗੱਲ। ਭਗਤੀ ਮਾਰਗ ਵਿੱਚ ਪਹਿਲੀ ਅਵਸਥਾ ਸਾਧਨ ਹੈ, ਦੂਜੀ ਤੱਕ ਰਸਾਈ (ਪਹੁੰਚ, ਗੰਮਤਾ) ਹਾਸਲ ਕਰਨਾ। ਸੋ, ਪਉੜੀ ਰਾਹੀਂ ਉਪਰਲੀ ਜਿਸ ਮੰਜਿਲ ’ਤੇ ਪਹੁੰਚਣਾ ਹੈ, ਉਸ ਦੇ ਪਹਿਲੇ ਡੰਡਿਆਂ ਦੀ ਅਹਿਮੀਅਤ ਨੂੰ ਭੁਲਾਣਾ ਨਹੀਂ। ਇਹੀ ਕਾਰਨ ਹੈ ਕਿ ਭਗਤੀ ਮਾਰਗ ਦੇ ਰਾਹ ਤੁਰਨ ਵਾਲੇ ਸਤਿ ਪੁਰਖਾਂ ਨੇ ਪ੍ਰਭੂ ਨਾਲ ਇੱਕ ਸੁਰਤਾ ਤੇ ਅਭੇਦਤਾ ਪ੍ਰਾਪਤ ਕਰਕੇ ਵੀ ਰਸ-ਮਈ ਪ੍ਰੇਮਾ-ਭਗਤੀ ਦੇ ਮਾਰਗ ਨੂੰ ਵੀ ਵਡਿਆਇਆ ਤੇ ਜਗਿਆਸੂ ਨੂੰ ਅਪਣਾਉਣ ਦੀ ਪ੍ਰੇਰਨਾ ਵੀ ਕੀਤੀ ਹੈ।
ਸਿੱਖੀ ਦੀ ਰਹੁਰੀਤ ਅਤੇ ਰਮਜ਼ ਨੂੰ ਜਾਣਨ ਵਾਲੇ ਗੁਰੂ ਕਲਗੀਧਰ ਸਾਹਿਬ ਜੀ ਦੇ ਅਨਿਨ ਸਿੱਖ ਭਾਈ ਨੰਦ ਲਾਲ ਜੀ ‘ਗੋਇਆ’ ‘ਦੀਵਾਨ ਗੋਯਾ’ ਵਿੱਚ ਮਨਸੂਰ (ਇੱਕ ਸੂਫ਼ੀ ਫ਼ਕੀਰ) ਬਾਰੇ ਇੱਕ ਥਾਂ ’ਤੇ ਕਹਿੰਦੇ ਹਨ ਕਿ ਮਨਸੂਰ ਦੇ ਮੂਹੋਂ ‘ਅਨਲਹੱਕ’ (ਭਾਵ ਮੈਂ ਖ਼ੁਦਾ ਹਾਂ) ਦੇ ਵਾਕ ਕੁਦਰਤੀ ਇਉਂ ਨਿਕਲਦੇ ਸਨ ਜਿਵੇਂ ਸੁਰਾਹੀ ’ਚੋਂ ਸ਼ਰਾਬ ਜਾਂ ਪਾਣੀ ਕੁਲ-ਕੁਲ ਦੀ ਆਵਾਜ਼ ਪੈਦਾ ਕਰਦਾ ਨਿਕਲਦਾ ਹੋਵੇ:- ‘ਅਨਲਹਕ ਅਜ਼ ਲਬ ਮਨਸੂਰ, ਹਮ ਚੂੰ ਸ਼ੀਸ਼ਾ ਕੁਲ ਕੁਲ ਕਰਦ।’ ਅਤੇ ਦੂਜੇ ਥਾਂ ਖ਼ਬਰਦਾਰ ਕਰਦੇ ਹਨ ਕਿ ਵੇਖੀਂ ਕਿਤੇ ਮਨਸੂਰ ਵਾਂਗ ਰੱਬੀ ਇਸ਼ਕ ਦੇ ਰਾਹ ਵਿੱਚ ਬੇ-ਅਦਬੀ ਨਾਲ ਪੈਰ ਨਾ ਰੱਖ ਬੈਠੀਂ- ‘ਬੇ ਅਦਬ ਪਾ ਰਾ ਮਨਹਿ, ਮਨਸੂਰਵਸ਼ ਦਰ ਰਾਹ ਇਸ਼ਕ, ਰਾਹ ਰਵੇ ਈਂ ਰਾਹਿ ਰਾ, ਅਬਲ ਕਦਮ ਬਰਦਾਰ ਅਸਤ।’ ਭਾਵ-ਵੇਖੀਂ, ਮਨਸੂਰ ਦੇ ਵਾਂਗ ਇਸ਼ਕ ਦੇ ਰਾਹ ਉੱਤੇ ਨਿਰਮਲ ਭਉ-ਅਦਬ ਅਤੇ ਸਤਿਕਾਰ ਤੋਂ ਰਹਿਤ ਹੋ ਕੇ ਪੈਰ ਨਾ ਰੱਖ ਬੈਠੀਂ ਕਿਉਂਕਿ ਇਸ ਰਸਤੇ ਤੁਰਨ ਵਾਲਿਆਂ ਦਾ ਪਹਿਲਾ ਕਦਮ ਸੂਲੀ ’ਤੇ ਟਿਕਦਾ ਹੈ।
ਪ੍ਰੇਮਾ ਭਗਤੀ (ਬੰਦਗੀ) ਤੇ ਗੁਰਮਤਿ ਦੀ ਰਹੱਸਪੂਰਨ ਰਮਜ਼ ਤੋਂ ਵਾਕਫ਼ ਭਾਈ ਸਾਹਿਬ ਜੀ ਨੇ ਏਥੇ ਸਿੱਖਾਂ ਨੂੰ ਉਸ ਉਕਾਈ ਅਤੇ ਟਪਲੇ ਤੋਂ ਖ਼ਬਰਦਾਰ ਕੀਤਾ ਹੈ, ਜੋ ਚੁੰਚ ਗਿਆਨੀ, ਸਧਾਰਨ ਤੇ ਸਰਲ ਸੁਭਾਅ ਜਗਿਆਸੂ ਨੂੰ ਭਾਇ ਭਗਤਿ, ਨਾਮ ਸਿਮਰਨ, ਸ਼ੁਭ ਕਰਮਾਂ ਅਤੇ ਨਿਸ਼ਕਾਮ ਸੇਵਾ ਤੋਂ ਉਚਾਟ (ਉਦਾਸ) ਕਰਕੇ ‘ਅਹੰ ਬ੍ਰਹਮ ਅਸਮੀ’ ਦੇ ਫੋਕਟ ਅਤੇ ਰਸਹੀਣ ਜਾਲ ਵਿੱਚ ਉਲਝਾ ਕੇ ਇਸ ਹੀਰੇ ਜੈਸੇ ਅਨਮੋਲ ਜਨਮ ਨੂੰ ਅਜਾਈਂ ਗੁਆਉਣ ਦਾ ਭਾਗੀਦਾਰ ਬਣਦਾ ਹੈ ਅਤੇ ਨਾਲ ਹੀ ਪ੍ਰੇਮਾ ਭਗਤੀ ਤੇ ਇੱਕ ਅਕਾਲ ਹਰੀ ਸਿਮਰਨ ਦੀ ਵਡਿਆਈ ਕਰਦੇ ਆਪ ਜੀ ਫੁਰਮਾਉਂਦੇ ਹਨ ਕਿ ਹਰੀ ਜਾਪ ਵਿੱਚ ਜਿਉਂ ਜਿਉਂ ਸੁਰਤ ਟਿਕਦੀ ਅਤੇ ਉੱਪਰ ਚੜ੍ਹਦੀ ਹੈ (ਭਾਵ ਪ੍ਰਮਾਤਮਾ ਨਾਲ ਸਾਂਝ ਪੈਦਾ ਹੁੰਦੀ ਹੈ), ਤਿਉਂ ਤਿਉਂ ਜਗਿਆਸੂ ਦੇ ਅੰਦਰ ਨਿਮਰ ਭਾਵ ਵਧਦਾ ਤੇ ਸੇਵਾ, ਟਹਿਲ ਕਮਾਉਣ ਦਾ ਉਮਾਹ ਪੈਦਾ ਹੁੰਦਾ ਹੈ, ਦੂਜੇ (ਦਵੈਤ) ਤੇ ਪ੍ਰਾਏਪਨ ਦਾ ਅਭਾਵ ਹੋ ਜਾਂਦਾ ਹੈ। ਹਰ ਪਾਸੇ ਰੱਬ ਦੇ ਦੀਦਾਰ ਹੁੰਦੇ ਹਨ।
ਸੋ, ਗੁਰਮਤਿ ਤਾਂ ਅਸਲੀ ਮਾਅਨਿਆ ’ਚ ਮੱਧ ਦਾ ਮਾਰਗ ਹੈ ਅਤੇ ਮੱਧ-ਮਾਰਗ ਵਿੱਚ ਹੀ ਵਸਦੀਆਂ ਹਨ ਸਾਰੀਆਂ ਨੇਕੀਆਂ ਤੇ ਅਕਾਲ ਪੁਰਖ ਵਾਹਿਗੁਰੂ ਆਪ।
ਗੁਰਬਾਣੀ ’ਚ ਵੱਖ ਵੱਖ ਰੁਚੀਆਂ, ਸੰਸਕਾਰਾਂ, ਮਨੌਤਾਂ, ਅਕੀਦਿਆਂ ਤੇ ਅਵਸਥਾਵਾਂ ਵਾਲੇ ਸਮੂਹ ਮਨੁੱਖਾਂ ਲਈ ਅਮਰ ਉਪਦੇਸ਼ ਹੈ; ਜਿਵੇਂ ਗਲਾਸ ਵਿੱਚ ਪਏ ਕੋਸੇ ਪਾਣੀ ਨੂੰ ਠੰਡਾ ਹੱਥ ਤੱਤਾ ਤੇ ਗਰਮ ਹੱਥ ਠੰਡਾ ਮਹਿਸੂਸ ਕਰਦਾ ਹੈ, ਤਿਵੇਂ ਗੁਰਬਾਣੀ ਵਿੱਚ ਪ੍ਰਗਟਾਈ ਸਚਾਈ ਨੂੰ ਕੁਝ ਲੋਕ ਆਪਣੀ ਬ੍ਰਿਤੀ, ਸੁਭਾਅ ਅਤੇ ਸੀਮਤ ਸੂਝ ਬੂਝ ਨਾਲ ਵੇਖਦੇ, ਜੋਖਦੇ ਤੇ ਟਪਲਾ ਖਾ ਜਾਂਦੇ ਹਨ।
ਸਤਿਵਾਦੀ ਸਤਿਗੁਰੂ ਬਰਮਿਲਾ (ਭਾਵ ਪੂਰਨ ਵਿਸ਼ਵਾਸ ਨਾਲ) ਆਖਦੇ ਹਨ ਕਿ ਰੱਬੀ ਰੌਂ ਤੇ ਇੱਕ ਸੁਰਤਾ ਵਿੱਚ ਆਈ ਇਹ ‘ਧੁਰ ਕੀ ਬਾਣੀ’ ਸਦਾ ਸਫਲ ਤੇ ਸੁਖਦਾਈ ਹੈ। ਇਸ ਲਈ ਐ ਗੁਰਸਿੱਖ ! ਇਸ ਨੂੰ ਸਦਾ ‘ਸਤਿ ਸਤਿ’ ਕਰਕੇ ਮੰਨ : ‘‘ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ; ਗੁਰਸਿਖਹੁ ! ਹਰਿ ਕਰਤਾ ਆਪਿ ਮੁਹਹੁ ਕਢਾਏ ॥’’ (ਮ: ੪/੩੦੮)
ਸੋ, ਰੱਬ-ਰੂਪ ਮਨੁੱਖ ਵਲੋਂ ਮਨੁੱਖੀ ਕਲਿਆਣ ਅਥਵਾ ਸਰਬੱਤ ਦੇ ਭਲੇ ਲਈ ਉਚਾਰੇ ਇਸ ਅਰਸ਼ੀ ਕਲਾਮ ਨੂੰ ਵੱਡੇ ਅਦਬ, ਨਿਰਮਲ ਭਉ, ਸ਼ਰਧਾ ਤੇ ਅਪੂਰਵ ਪ੍ਰਬੀਨਤਾ ਨਾਲ ਘੋਖਣ ਦੀ ਲੋੜ ਹੈ। ਫੇਰ ਤੇ ਕੇਵਲ ਫੇਰ ਹੀ ਸਾਡੇ ਉੱਤੇ ਇਹ ਹਕੀਕਤ ਸੂਰਜ ਵਤ ਪ੍ਰਗਟ ਹੋਵੇਗੀ ਕਿ ‘‘ੴ ਸਤਿਨਾਮੁ’’ ਦੇ ਧੁਰੇ ਦੁਆਲੇ ਘੁੰਮਣ ਵਾਲਾ ਇਹ ਪਰਮ ਪਵਿੱਤਰ, ਪਾਕ ਤੇ ਅਮਰ ਕਲਾਮ ‘‘ਆਦਿ ਸਚੁ’’ ਹੈ, ‘‘ਜੁਗਾਦਿ ਸਚੁ’’ ਹੈ, ਇੱਕ ਦਮ ਸੱਚ ਹੈ, ਸੱਚ ਤੋਂ ਸਿਵਾ ਕੁਝ ਵੀ ਨਹੀਂ ਅਤੇ ਸੱਚ ਕਦੇ ਸਵੈ ਵਿਰੋਧੀ ਅਤੇ ਪੁਰਾਣਾ ਨਹੀਂ ਹੁੰਦਾ।