1984 ਵਿਚ ਹੋਏ ਸਿੱਖ ਨਰਸੰਘਾਰ ਦੀ ਦਾਸਤਾਂ

0
471

1984 ਵਿਚ ਹੋਏ ਸਿੱਖ ਨਰਸੰਘਾਰ ਦੀ ਦਾਸਤਾਂ

31 ਅਕਤੂਬਰ 1984 ਵਾਲੇ ਦਿਨ ਜਿਉਂ ਹੀ ਇੰਦਰਾਗਾਂਧੀ ਦੀ ਮੌਤ ਹੋਈ ਤਿਉਂ ਹੀ ਦਿੱਲੀ ਵਿਚ ਬੈਠੇ ਸਿੱਖਾਂ ਦੇ ਕਾਲੇ ਦਿਨ ਸ਼ੁਰੂ ਹੋ ਗਏ । ਇੰਦਰਾਂ ਗਾਂਧੀ ਨੂੰ ਦਿੱਲੀ ਦੇ AIMS ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਸੀ । ਰਾਜੀਵ ਗਾਂਧੀ ਬੰਗਾਲ ਤੋਂ ਸਿੱਧਾ AIMS ਹਸਪਤਾਲ ਪਹੁੰਚਿਆ । ਮਹੌਲ ਹਜ਼ੇ ਇਨ੍ਹਾਂ ਜ਼ਿਆਦਾ ਗਰਮਾਇਆ ਨਹੀਂ ਸੀ, ਪਰ ਜਿਉਂ ਹੀ ਰਾਜੀਵ ਗਾਂਧੀ ਹਸਪਤਾਲ ਵਿੱਚੋਂ ਬਾਹਰ ਆਇਆ ਤਾਂ ਮਹੌਲ ਪੂਰੀ ਤਰ੍ਹਾਂ ਨਾਲ ਬਦਲ ਗਿਆ । ਉਸ ਦਿਨ ਭਾਰਤ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਯਮਨ ਦਾ ਦੌਰਾ ਵਿੱਚੇ ਛੱਡ ਕੇ ਭਾਰਤ ਵਾਪਸ ਆ ਗਏ । ਏਅਰਪੋਰਟ ਤੋਂ AIMS ਹਸਪਤਾਲ ਆਉਂਦਿਆਂ ਰਸਤੇ ਵਿਚ ਹੀ 20-25 ਮੁੰਡਿਆਂ ਨੇ ਉਹਨਾਂ ਦੀ ਕਾਰ ਤੇ ਹਮਲਾ ਕਰ ਦਿੱਤਾ । ਜਿਉਂ ਹੀ ਉਹ AIMS ਹਸਪਤਾਲ ਪੁਹੰਚੇ ਸਿੱਖ ਵਿਰੋਧੀ ਨਾਅਰੇ ਲੱਗਣੇ ਸ਼ੁਰੂ ਹੋ ਗਏ “ਖੂਨ ਕਾ ਬਦਲਾ ਖੂਨ ” ।  ਸ਼ਾਮ ਦੇ 4 ਵਜੇ ਭੀੜ ਹਸਪਤਾਲ ਦੇ ਆਸੇ ਪਾਸੇ ਭੜਕ ਚੁੱਕੀ ਸੀ। ਸਿੱਖ AIMS ਹਸਪਤਾਲ ਛੱਡ ਕੇ ਬਾਹਰ ਜਾਨਾਂ ਬਚਾਉਣ ਲੱਗ ਗਏ ਸਨ । ਸਭ ਤੋਂ ਪਹਿਲੀ ਘਟਨਾ ਔਰੋਬਿੰਦੋਂ ਸਥਾਨ ਤੇ ਹੋਈ ਜਿੱਥੇ ਇਕ ਸਿੱਖ ਨੂੰ ਉਸ ਦੇ ਮੋਟਰ ਸਾਈਕਲ ਸਮੇਤ ਜਿਉਂਦੇ ਤੇਲ ਪਾ ਕੇ ਸਾੜ ਦਿੱਤਾ ਗਿਆ । ਇਸ ਤੋਂ ਬਾਅਦ ਕਾਰਾਂ ਅਤੇ ਦੁਕਾਨਾਂ ਨੂੰ ਅੱਗ ਲਗਾਉਣੀ ਸ਼ੁਰੂ ਕਰ ਦਿੱਤੀ ਗਈ ਅਤੇ ਚਾਰੇ ਪਾਸੇ ਲੁੱਟ-ਖਸੁੱਟ ਸ਼ੁਰੂ ਹੋ ਗਈ । ਇਕ ਗਵਾਹ ਅਨੁਸਾਰ ਰਾਮ ਪਾਲ ਸਰੋਤ ਉਸ ਸਮੇਂ ਦਾ ਕਾਂਗਰਸ ਨੇਤਾ ਜਿਸ ਦੇ ਘਰੇ ਉਸ ਰਾਤ ਮੀਟਿੰਗ ਹੋਈ। ਐਚ ਕੇ ਐੱਲ ਭਗਤ, ਲਲਿਤ ਮਾਕਨ , ਕਮਲ ਨਾਥ ਹੋਰਾਂ ਨੇ ਇਹ ਮੀਟਿੰਗਾਂ ਕੀਤੀਆਂ । ਉਸ ਤੋਂ ਬਾਅਦ ਹਮਲਾਵਾਰਾਂ ਨੂੰ ਜਲਣਸ਼ੀਲ ਪਾਊਡਰ ਅਤੇ ਲੋਹੇ ਦੀਆ ਵਿਸ਼ੇਸ਼ ਰਾੜਾਂ ਉਪਲਬਧ ਕਰਾਈਆਂ ਗਈਆਂ । ਕਾਂਗਰਸ ਦੇ ਨੇਤਾਵਾਂ ਨੇ ਵੋਟਰ ਸੂਚੀਆਂ ਵਿੱਚੋਂ ਸਿੱਖਾਂ ਦੇ ਨਾਮ ਭਾਲਣੇ ਸ਼ੁਰੂ ਕਰ ਦਿੱਤੇ ਤਾਂ ਕੇ ਸਿੱਖਾਂ ਦੇ ਘਰਾਂ ਨੂੰ ਭਾਲਣਾ ਹੋਰ ਸੌਖਾ ਹੋ ਜਾਵੇ । ਸਾਰਾ ਕੁਝ ਸੋਚੀ ਸਮਝੀ ਪਲਾਨਿੰਗ ਨਾਲ ਹੋਇਆ ਤਾਂ ਕੇ ਸਿੱਖਾਂ ਨੂੰ ਸਬਕ ਸਿਖਾਇਆ ਜਾ ਸਕੇ । ਅਗਲੇ ਦਿਨ 1 ਨਵੰਬਰ 1984 ਫਿਰ ਉਹ ਦਿਨ ਆਇਆ ਜਿਸ ਨੂੰ ਸੁਣ ਕੇ ਹਰ ਕਿਸੇ ਦੀ ਰੂਹ ਕੰਬ ਉੱਠੇ । ਗਿਆਨੀ ਜ਼ੈਲ ਸਿੰਘ ਉਸ ਸਮੇਂ ਤਿੰਨਾਂ ਸੇਨਾਵਾਂ ਦਾ ਮੁਖੀ ਸਨ ਉਹ ਚਾਹੁੰਦੇ ਤਾਂ ਦਿੱਲੀ ਵਿਚ ਤੁਰੰਤ ਸੈਨਾ ਨੂੰ ਬੁਲਾ ਸਕਦੇ ਸਨ ਕਿਉਂਕਿ ਉਹਨਾਂ ਕੋਲ ਅਧਿਕਾਰ ਸਨ, ਪਰ ਕੁਝ ਲੋਕਾਂ ਅਨੁਸਾਰ ਉਹਨਾਂ ਨੂੰ ਰਾਜੀਵ ਗਾਂਧੀ ਨੇ ਏਦਾਂ ਕਰਨ ਤੋਂ ਰੋਕਿਆ ਹੋਇਆ ਸੀ । ਕੁਝ ਪੱਤਰਕਾਰਾਂ ਅਨੁਸਾਰ 1 ਨਵੰਬਰ ਨੂੰ ਸਵੇਰੇ 10 ਵਜੇ ਏਦਾਂ ਲੱਗਿਆ ਜਿਵੇਂ ਕਿ ਕਿਸੇ ਨੇ ਇਕ ਦਮ ਕੋਈ ਘੰਟੀ ਮਾਰ ਦਿੱਤੀ ਹੋਵੇ ਤੇ ਭੀੜ ਇਕ ਦਮ ਸਿੱਖਾਂ ਦੇ ਘਰਾਂ ਉੱਪਰ ਕਹਿਰ ਬਣ ਕੇ ਟੁੱਟ ਪਈ । ਇਕ ਸਿੱਖ ਦੇ ਘਰੇ ਸੌ-ਸੌ ਬੰਦਾ ਦਾਖਲ ਹੋ ਗਿਆ । ਕਈ ਘਰਾਂ ਵਿਚ ਸਿੱਖਾਂ ਨੂੰ ਜਿਉਦੇਂ ਸਾੜ ਦਿੱਤਾ ਗਿਆ । ਇਕ ਸਿੱਖ ਬੀਬੀ ਦਰਸ਼ਨ ਕੌਰ ਮੁਤਾਬਕ ਉਸ ਦੇ ਪਤੀ ਨੂੰ ਜਿਉਦੇਂ ਸਾੜ ਦਿੱਤਾ ਗਿਆ ਤੇ ਉਸ ਦੇ ਜੇਠ ਨੂੰ ਤਲਵਾਰ ਨਾਲ ਉਸ ਦੀਆਂ ਆਂਦਰਾਂ ਬਾਹਰ ਕੱਢ ਕੇ ਕਤਲ ਕਰ ਦਿੱਤਾ ਗਿਆ ਤੇ ਇਕ-ਇਕ ਕਰਕੇ ਉਹਨਾਂ ਦੇ ਖਾਨਦਾਨ ਦੇ 12 ਬੰਦਿਆਂ ਦਾ ਕਤਲ ਕਰ ਦਿੱਤਾ ਗਿਆ । ਬਾਅਦ ਵਿਚ ਇਹ ਸਿੱਖ ਬੀਬੀ ਨੂੰ ਗਵਾਹ ਬਣਨ ਕਰਕੇ ਕੁੱਟਿਆ ਵੀ ਗਿਆ । ਇਹ ਸਿਰਫ ਇਕ ਪਰਿਵਾਰ ਦੀ ਕਹਾਣੀ ਨਹੀਂ ਬਲਕਿ ਹਜਾਰਾਂ ਸਿੱਖ ਪਰਿਵਾਰਾਂ ਦੀ ਕਹਾਣੀ ਹੈ । ਪੱਤਰਕਾਰ ਰਾਹੁਲ ਬੇਦੀ ਮੁਤਾਬਕ ਜਦੋਂ ਉਹ ਤੇ ਉਸ ਦੇ ਦੋ ਹੋਰ ਸਾਥੀ ਤ੍ਰਿਲੋਕਪੁਰੀ ਇਲਾਕੇ ਦੀ ਇਕ ਗਲੀ ਵਿਚ ਦੀ ਜਾਣ ਲੱਗੇ ਜਿਹੜੀ ਕਿ ਲਗਭਗ 250-300 ਮੀਟਰ ਲੰਮੀ ਸੀ, ਉਹਨਾਂ ਮੁਤਾਬਕ ਉਹ ਗਲੀ ਉਹਨਾਂ ਨੇ ਪੱਬਾਂ ਤੇ ਚੱਲ ਕੇ ਪਾਰ ਕੀਤੀ ਕਿਉਕਿ ਓਥੇ ਪੈਰ-ਪੈਰ ਤੇ ਲਾਸ਼ਾਂ ਤੇ ਮਨੁੱਖੀ ਅੰਗ ਖਿਲਰੇ ਪਏ ਸਨ । ਕਿਧਰੇ ਵੀ ਪੈਰ ਧਰਨ ਨੂੰ ਥਾਂ ਨਹੀਂ ਸੀ ਤੇ ਜਦੋਂ ਉਹ ਨਾਲ ਦੇ ਥਾਣੇ ਵਿਚ ਗਏ ਤਾਂ ਓਥੇ ਕਈ ਸਿੱਖਾਂ ਦੀਆ ਲਾਸ਼ਾਂ ਪਈਆਂ ਸਨ ਤੇ ਇਕ ਸਿੱਖ ਨੌਜਵਾਨ ਜਿਸ ਦਾ ਪੇਟ ਬਿਲਕੁਲ ਪਾੜਿਆ ਹੋਇਆ ਸੀ ਜਿਸ ਨੂੰ ਕੇ ਹੋਸ਼ ਵੀ ਸੀ ਤੇ ਉਸ ਨੇ ਦੱਸਿਆ ਕਿ ਤ੍ਰਿਲੋਕਪੁਰੀ ਵਿਚ ਸਿੱਖਾਂ ਨੂੰ ਚੁਣ-ਚੁਣ ਕੇ ਕਤਲ ਕੀਤਾ ਜਾ ਰਿਹਾ ਹੈ । ਪੁਲਿਸ ਨੇ ਬਾਅਦ ਵਿਚ ਸਿੱਖਾਂ ਨੂੰ ਕਿਹਾ ਕਿ ਉਹ ਆਪਣੇ ਹਥਿਆਰ ਸਾਨੂੰ ਜਮ੍ਹਾ ਕਰਵਾ ਦੇਣ, ਏਦਾਂ ਕਰਕੇ ਪੁਲਿਸ ਨਿਹੱਥੇ ਸਿੱਖਾਂ ਨੂੰ ਹਮਲਾਵਾਰਾਂ ਦੇ ਹਵਾਲੇ ਕਰ ਦਿੰਦੀ ਸੀ । ਇਹਨਾਂ ਹਮਲਾਵਾਰਾਂ ਵਿਚ ਕਈ ਪੁਲਿਸ ਵਾਲੇ ਤੇ ਕਾਂਗਰਸ ਦੇ ਕਈ ਵੱਡੇ ਲੀਡਰ ਸ਼ਾਮਲ ਸਨ, ਜਿੰਨਾਂ ਵਿਚ ਜਗਦੀਸ਼ ਟਾਈਟਲਰ, ਐਚ. ਐੱਲ. ਭਗਤ, ਸੱਜਣ ਕੁਮਾਰ, ਲਲਿਤ ਮਾਕਨ ਤੇ ਹੋਰ ਵੀ ਕਈ ਵੱਡੇ ਨੇਤਾ ਸ਼ਾਮਲ ਸੀ । ਕਾਂਗਰਸ ਦੇ ਇਹ ਨੇਤਾ ਹਮਲਾਵਾਰਾਂ ਨੂੰ ਇਸ਼ਾਰਾ ਕਰਕੇ ਸਿੱਖਾਂ ਦਾ ਕਤਲ ਕਰਨ ਲਈ ਕਹਿੰਦੇ ਸਨ । ਕਈ ਥਾਵਾਂ ਜਿਵੇਂ ਕਿ ਕਲਯਾਨਪੁਰੀ, ਮੰਗੋਲਪੁਰੀ, ਪਾਲਮ ਕਲੋਨੀ, ਸੁਲਤਾਨਪੁਰੀ, ਸਬਜ਼ੀ ਮੰਡੀ, ਸ਼ਾਹਦਰਾ, ਨਾਂਗਲੋਈ ਵਰਗੀਆਂ ਥਾਵਾਂ ਤੇ ਸਿੱਖਾਂ ਦੇ ਪੂਰੇ ਦੇ ਪੂਰੇ ਪਰਿਵਾਰਾਂ ਨੂੰ ਕਤਲ ਕਰ ਦਿੱਤਾ ਗਿਆ । ਦਰਿੰਦਗੀ ਦੀ ਹੱਦ ਓਦੋ ਪਾਰ ਹੋਈ ਜਦੋਂ ਸਿੱਖ ਔਰਤਾਂ ਦੀ ਇੱਜਤ ਲੁੱਟ ਕੇ ਉਹਨਾਂ ਦਾ ਕਤਲ ਕੀਤਾ ਜਾਣ ਲੱਗਾ । ਦਿੱਲੀ ਵਿਚ ਲੱਗਭਗ ਸਾਰੇ ਗੁਰਦੁਆਰਿਆਂ ਨੂੰ ਅੱਗ ਲਾ ਦਿੱਤੀ ਗਈ ਤੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਅਗਨ ਭੇਂਟ ਕੀਤਾ ਜਾਣ ਲੱਗਾ । ਇਕੱਲੇ ਤ੍ਰਿਲੋਪੁਰੀ ਵਿਚ 190 ਘਰਾਂ ਨੂੰ ਅੱਗ ਲਗਾ ਕੇ ਤਬਾਹ ਕਰ ਦਿੱਤਾ ਗਿਆ, ਪੂਰੀ ਦਿੱਲੀ ਵਿਚ ਇਹ ਗਿਣਤੀ ਹਜ਼ਾਰਾਂ ਵਿਚ ਜਾਂਦੀ ਹੈ । ਸਿੱਖਾਂ ਨੂੰ ਕਤਲ ਕਰਕੇ ਉਹਨਾਂ ਉੱਪਰ ਕੈਰੋਸੀਨ ਦਾ ਤੇਲ ਪਾ ਕੇ ਅੱਗ ਲਾ ਦਿੱਤੀ ਜਾਂਦੀ ਸੀ । ਸੁਲਤਾਨਪੁਰੀ ਦੇ ਬਲਾਕ ਬੀ ਨੰਬਰ 2 ਵਿਚ 1 ਨਵੰਬਰ 1984 ਨੂੰ ਸਵੇਰੇ ਪੰਜ-ਛੇ ਸੌ ਬੰਦਿਆਂ ਦਾ ਇਕੱਠ ਆਇਆ ਜਿਸ ਨੂੰ ਸੱਜਣ ਕੁਮਾਰ ਸੰਬੋਧਿਤ ਕਰ ਰਿਹਾ ਸੀ ਅਤੇ ਉਹ ਆਪਣੇ ਭਾਸ਼ਣ ਵਿਚ ਭੀੜ ਵਿਚ ਲੋਕਾਂ ਨੂੰ ਸਿੱਖਾਂ ਦਾ ਕਤਲ ਕਰਨ ਲਈ ਉਕਸਾ ਰਿਹਾ ਸੀ । ਨਾਨਾਵਤੀ ਕਮਿਸ਼ਨ ਦੀ ਰਿਪੋਰਟ ਅਨੁਸਾਰ ਸੱਜਣ ਕੁਮਾਰ ਨੇ ਲੋਕਾਂ ਨੂੰ ਕਿਹਾ ਜਿਹੜਾ ਵੀ ਇਕ ਸਿੱਖ ਦਾ ਕਤਲ ਕਰੇਗਾ ਉਸ ਨੂੰ ਇਕ ਹਾਜ਼ਰ ਰੁਪਏ ਦਿੱਤੇ ਜਾਣਗੇ ।

ਸੁਲਤਾਨਪੁਰੀ ਦੇ ਬਲਾਕ A4 ਵਿਚ 1 ਨਵੰਬਰ ਦੀ ਦੁਪਹਿਰ ਨੂੰ ਕਤਲੇਆਮ ਸ਼ੁਰੂ ਕੀਤਾ ਗਿਆ । ਇਥੇ ਮਕਾਨ ਨੰਬਰ 165 ਵਿਚ ਪਦਮੀ ਕੌਰ ਨਾਮ ਦੀ ਇਕ ਸਿੱਖ ਬੀਬੀ ਜਿਸ ਦੀ ਬੇਟੀ ਦਾ 2 ਨਵੰਬਰ ਨੂੰ ਵਿਆਹ ਸੀ ਤੇ ਸਾਰੇ ਰਿਸ਼ਤੇਦਾਰ ਉਹਨਾਂ ਦੇ ਘਰ ਆਏ ਹੋਏ ਸਨ, ਪਰ ਵਿਆਹ ਤੋਂ ਇਕ ਦਿਨ ਪਹਿਲਾਂ 1 ਨਵੰਬਰ 1984 ਨੂੰ ਉਹਨਾਂ ਦੇ ਘਰੇ ਹਮਲਾਵਰ ਇਕ ਦੰਮ ਕਹਿਰ ਬਣ ਕੇ ਟੁੱਟ ਪਏ, ਆਉਣ ਸਾਰ ਉਹਨਾਂ ਨੇ ਪਦਮੀ ਕੌਰ ਦੀ ਬੇਟੀ ਦੇ ਕੱਪੜੇ ਪਾੜਨੇ ਸ਼ੁਰੂ ਕਰ ਦਿੱਤੇ ਜਦੋਂ ਪਦਮੀ ਕੌਰ ਦੇ ਪਤੀ ਨੇ ਉਹਨਾਂ ਨੂੰ ਹਟਾਇਆ ਤਾਂ ਉਹਨਾਂ ਨੇ ਇਕ-ਇਕ ਕਰਕੇ 9 ਜਣਿਆ ਦਾ ਕਤਲ ਕਰ ਦਿੱਤਾ ਤੇ ਉਸ ਦੀ ਬੇਟੀ ਜਿਸ ਦਾ ਵਿਆਹ ਸੀ ਉਸ ਨੂੰ ਚੁੱਕ ਕੇ ਲੈ ਗਏ, ਜੋ ਤਿੰਨ ਦਿਨ ਬਾਅਦ ਘਰੇ ਵਾਪਸ ਆਈ ਤਾਂ ਉਸ ਦੀ ਹਾਲਤ ਬਿਆਨ ਕਰਨ ਵਾਲੀ ਨਹੀਂ ਸੀ । ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਇਹ ਹਮਲਾਵਰ ਆ ਕਿਥੋਂ ਰਹੇ ਸਨ ਤੇ ਉਹ ਵੀ ਪੂਰੀ ਤਿਆਰੀ ਨਾਲ, ਉਹਨਾਂ ਨੂੰ ਅੱਗ ਲਾਉਣ ਵਾਲੇ ਤੇ ਕਤਲ ਕਰਨ ਵਾਲੇ ਹਥਿਆਰ ਕੌਣ ਦੇ ਰਿਹਾ ਸੀ । ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਵਿਚ ਕਾਂਗਰਸ ਦੇ ਕਈ ਪ੍ਰਮੁੱਖ ਲੀਡਰ ਸ਼ਾਮਲ ਸਨ । ਬੜੀ ਸ਼ਰਮਨਾਕ ਗੱਲ ਹੈ ਕਿ ਇਹਨਾਂ ਘਟਨਾਵਾਂ ਨੂੰ ਅੰਜ਼ਾਮ ਦੇਣ ਲਈ ਰੋਹਤਕ ਤੋਂ ਕੈਦੀਆਂ ਨੂੰ ਸਿੱਖਾਂ ਦਾ ਕਤਲ ਕਰਨ ਲਈ ਰੇਲ ਗੱਡੀ ਭੇਜੀ ਗਈ ਅਤੇ ਹਰਿਆਣਾ, ਦਿੱਲੀ ਰੋਡਵੇਜ਼ ਦੀਆ ਬੱਸਾਂ ਲਗਾਈਆਂ ਗਈਆਂ ਅਤੇ ਮਿੱਟੀ ਦੇ ਤੇਲ ਵਾਲੇ ਡਿਪੂਆਂ ਵਿਚੋਂ ਹਮਲਾਵਰਾਂ ਨੂੰ ਮਿੱਟੀ ਦਾ ਤੇਲ ਦੇਣ ਦਾ ਹੁਕਮ ਦਿੱਤਾ ਗਿਆ । ਹੋਰ ਵੀ ਸ਼ਰਮਨਾਕ ਗੱਲ ਇਹ ਹੈ ਕਿ ਇਸ ਵਿਚ ਪੁਲਿਸ ਵੀ ਸ਼ਾਮਲ ਸੀ ਅਤੇ ਪੁਲਿਸ ਨੂੰ ਸਿੱਖਾਂ ਦੇ ਕਤਲ ਦੀ ਐਫ.ਆਈ.ਆਰ. ਦਰਜ ਨਾ ਕਰਨ ਦਾ ਵੀ ਹੁਕਮ ਸੀ ।

ਦਿੱਲੀ ਰੇਲਵੇ ਸਟੇਸ਼ਨ ਤੇ ਆਉਣ ਵਾਲੀਆਂ ਸਾਰੀਆਂ ਟਰੇਨਾਂ ਵਿੱਚੋਂ ਸਰਦਾਰਾਂ ਨੂੰ ਲੱਭ-ਲੱਭ ਕਿ ਕੋਹ-ਕੋਹ ਕੇ ਮਾਰਿਆ ਜਾਣ ਲੱਗਾ। ਇਹ ਖੂਨੀ ਕਾਂਡ ਸਿਰਫ ਦਿੱਲੀ ਵਿੱਚ ਹੀ ਨਹੀਂ ਵਾਪਰਿਆ ਸਗੋਂ ਭਾਰਤ ਦੇ ਹੋਰ ਵੀ ਅਨੇਕਾਂ ਸ਼ਹਿਰਾਂ ਵਿੱਚ ਸਿੱਖ ਕੌਮ ਦੇ ਖੂਨ ਨਾਲ ਹੋਲੀ ਖੇਡੀ ਗਈ । ਨਾ ਵੱਡੇ ਨੂੰ ਬਖਸ਼ਿਆ ਗਿਆ, ਨਾ ਛੋਟੇ ਬੱਚੇ ਨੂੰ ਅਤੇ ਨਾ ਹੀ ਕਿਸੇ ਔਰਤ ਨੂੰ । ਸ਼ਾਇਦ ਇਹ ਦੁਨੀਆਂ ਵਿੱਚ ਪਹਿਲੀ ਵਾਰ ਹੋਇਆ ਹੋਵੇਗਾ ਕਿ ਅੱਠ-ਅੱਠ ਸਾਲ ਦੀਆਂ ਬੱਚੀਆਂ ਤੋਂ ਲੈ ਕੇ ਬਜ਼ੁਰਗ ਔਰਤਾਂ ਦਾ ਵੀ ਜ਼ਬਰ-ਜ਼ਿਨਾਹ ਕੀਤਾ ਗਿਆ । ਸ਼ਾਇਦ ਉਸ ਦਿਨ ਤਾਂ ਇਨਸਾਨ ਬਣਾਉਣ ਵਾਲੇ ਦੀ ਰੂਹ ਵੀ ਕੰਬ ਗਈ ਹੋਵੇ ਤੇ ਉਹ ਵੀ ਆਪਣੇ ਬਣਾਏ ਇਨਸਾਨਾਂ ਤੇ ਪਛੁਤਾਇਆ ਹੋਵੇ, ਪਰ ਅਸਫੋਸ ਕਿ ਉਹ ਚਾਰ ਦਿਨ ਇਨਸਾਨੀਅਤ ਦੇ ਨਾਮ ਤੇ ਹਮੇਸ਼ਾ ਕਲੰਕ ਰਹਿਣਗੇ ।

ਨਾਨਾਵਤੀ ਕਮਿਸ਼ਨ ਦੀ ਇਕ ਰਿਪੋਰਟ ਵਿਚ ਦਿੱਤੇ ਗਏ ਹਲਫਨਾਮੇ ਵਿਚ ਬਿਸ਼ਨ ਕੌਰ ਨੇ ਕਿਹਾ ਹਮਲੇ ਦੀਆ ਘਟਨਾਵਾਂ ਤੋਂ ਬਾਅਦ ਗੁਰਦੁਵਾਰੇ ਦੇ ਗ੍ਰੰਥੀ ਨੇ ਸਾਰੇ ਸਿੱਖਾਂ ਨੂੰ ਗੁਰਦੁਆਰੇ ਵਿਚ ਇਕੱਠਾ ਹੋਣ ਲਈ ਕਿਹਾ, ਇਸ ਤੋਂ ਬਾਅਦ ਸਾਰੇ ਸਿੱਖ
ਗੁਰਦੁਆਰੇ ਵਿਚ ਇਕੱਠੇ ਹੋ ਗਏ । ਪੁਲਿਸ ਨੇ ਸਿੱਖਾਂ ਤੋਂ ਉਹਨਾਂ ਦੇ ਹਥਿਆਰ ਵਾਪਸ ਲੈ ਲਏ, ਵੀ ਅਸੀਂ ਤੁਹਾਡੀ ਰੱਖਿਆ ਕਰਾਂਗੇ । ਹਮਲਾਵਾਰਾਂ ਨੇ ਉਸ ਗੁਰਦੁਆਰੇ ਤੇ ਹਮਲਾ ਕਰ ਦਿੱਤਾ ਪਰ ਸਿੱਖਾਂ ਨੇ ਉਹਨਾਂ ਨੂੰ ਗੁਰਦੁਆਰੇ ਦੇ ਅੰਦਰ ਦਾਖਲ ਨਹੀਂ ਹੋਣ ਦਿੱਤਾ । ਬਿਸ਼ਨ ਕੌਰ ਨੇ ਦੱਸਿਆ ਕਿ ਉਸੇ ਦਿਨ ਰੋਹਤਕ ਤੋਂ ਸਿੱਧੀ ਕਰੀਬ ਇਕ ਵਜੇ ਇਕ ਟ੍ਰੇਨ ਆਈ ਜਿਸ ਵਿੱਚੋਂ ਸੈਂਕੜੇ ਲੋਕ ਉਤਾਰੇ ਗਏ, ਜਿਨਾਂ ਦੇ ਹੱਥਾਂ ਵਿਚ ਲੋਹੇ ਦੀਆ ਰਾੜਾਂ ਅਤੇ ਇਕ ਸਫੇਦ ਕੈਮੀਕਲ ਸੀ । ਹਮਲਾਵਰਾਂ ਨੇ ਉਸ ਕੈਮੀਕਲ ਨਾਲ ਸਿੱਖਾਂ ਦੇ ਘਰ ਅੱਗ ਨਾਲ ਜਲਾ ਦਿੱਤੇ । ਇਸੇ ਤਰਾਂ ਬਿਸ਼ਨ ਕੌਰ ਦੇ ਪਤੀ ਸਮੇਤ ਨਾਗਲੋਈ ਵਿੱਚ 122 ਸਿੱਖਾਂ ਦਾ ਕਤਲ ਕਰ ਦਿੱਤਾ ਗਿਆ । ਬਾਅਦ ਵਿੱਚ ਰੋਂਗਟੇ ਖੜੇ ਕਰ ਦੇਣ ਵਾਲੀ ਗਲ ਸਾਹਮਣੇ ਆਈ ਕਿ ਜਿਹੜੀ ਟ੍ਰੇਨ ਰੋਹਤਕ ਤੋਂ ਦਿੱਲੀ ਆਈ ਸੀ, ਉਸ ਵਿੱਚ ਜ਼ੇਲ੍ਹ ਦੇ ਕੈਦੀ ਸਨ ਜਿੰਨ੍ਹਾਂ ਨੂੰ ਸਿੱਖਾਂ ਦੇ ਮਾਰਨ ਲਈ ਮੰਗਵਾਇਆ ਗਿਆ ਸੀ ।

ਪਾਲਮ ਇਲਾਕੇ ਦੇ ਰਾਜ ਨਗਰ ਵਿਚ ਲਗਭਗ 250 ਤੋਂ 300 ਸਿੱਖ ਪਰਿਵਾਰ ਰਹਿੰਦੇ ਸਨ ਜਦੋਂ ਹਮਲਾਵਰ ਹਮਲਾ ਕਰਨ ਲੱਗੇ ਤਾਂ ਸਾਰੇ ਸਿੱਖ ਪਰਿਵਾਰ ਨਿਮਰਲ ਸਿੰਘ ਦੇ ਘਰ ਇਕੱਠੇ ਹੋ ਗਏ । ਹਮਲਾਵਾਰਾਂ ਨੇ ਚਾਰ ਘੰਟੇ ਬਾਅਦ ਆਪਣੀ ਵਾਹ ਨਾ ਜਾਂਦੀ ਦੇਖ ਕੇ ਪੁਲਿਸ ਦਾ ਸਹਾਰਾ ਲਿਆ । ਪੁਲਿਸ ਨੇ ਨਿਰਮਲ ਸਿੰਘ ਨੂੰ ਸਮਝੌਤੇ ਲਈ ਬਾਹਰ ਬੁਲਾ ਕੇ ਕੌਸ਼ਿਤ ਨਾਮ ਦੇ ਪੁਲਿਸ ਵਾਲੇ ਨੇ ਨਿਰਮਲ ਸਿੰਘ ਨੂੰ ਹਮਲਾਵਰਾਂ, ਜਿੰਨ੍ਹਾਂ ਵਿਚ ਸੱਜਣ ਕੁਮਾਰ ਦਾ ਭਾਣਜਾ ਬਲਵਾਨ ਖੋਖਰ ਵੀ ਸ਼ਾਮਲ ਸੀ, ਦੇ ਹਵਾਲੇ ਕਰ ਦਿੱਤਾ ਅਤੇ 16 ਸਾਲਾਂ ਨਿਰਪ੍ਰੀਤ ਕੌਰ ਨੇ ਆਪਣੇ ਪਿਤਾ ਨਿਰਮਲ ਸਿੰਘ ਨੂੰ ਆਪਣੇ ਅੱਖੀਂ ਅੱਗ ਨਾਲ ਮੱਚਦਿਆਂ ਦੇਖਿਆ । ਨਿਰਪ੍ਰੀਤ ਕੌਰ ਨੇ ਸੱਜਣ ਕੁਮਾਰ ਤੇ ਪੰਜ ਹੋਰ ਤੇ ਪੰਜ ਸਿੱਖਾਂ ਦਾ ਕਤਲ ਕਰਨ ਦਾ ਕੇਸ ਕੀਤਾ ਜਿਨਾਂ ਵਿੱਚੋਂ ਕੋਰਟ ਨੇ ਬਾਕੀ ਪੰਜ ਨੂੰ ਦੋਸ਼ੀ ਮੰਨ ਕੇ ਸੱਜਣ ਕੁਮਾਰ ਨੂੰ ਬਰੀ ਕਰ ਦਿੱਤਾ । ਰਾਜ ਨਗਰ, ਸਾਗਰ ਪੁਰ, ਮਹਾਵੀਰ ਇਨਕਲੇਵ ਅਤੇ ਦੁਵਾਰਕਾਪੁਰੀ ਜੋ ਦਿੱਲੀ ਕੈਂਟ ਦੇ ਉਹ ਇਲਾਕੇ ਸਨ ਜਿਥੇ ਸਿੱਖਾਂ ਦੀਆ ਸਭ ਤੋਂ ਵੱਧ ਮੌਤਾਂ ਹੋਈਆਂ । ਅਹੂਜਾ ਕਮੇਟੀ ਦੇ ਮੁਤਾਬਕ ਇਕੱਲੇ ਦਿੱਲੀ ਕੈਂਟ ਵਿਚ 341 ਸਿੱਖਾਂ ਦਾ ਕਤਲ ਕੀਤਾ ਗਿਆ ਅਤੇ ਸਭ ਤੋਂ ਸ਼ਰਮਨਾਕ ਗੱਲ ਇਹ ਕਿ ਐਫ.ਆਈ.ਆਰ ਦਰਜ ਹੋਈਆਂ ਸਿਰਫ ਪੰਜ । ਇਸ ਤੋਂ ਸ਼ਰਮਨਾਕ ਗੱਲ ਕੀ ਹੋ ਸਕਦੀ ਹੈ।  341 ਬੰਦੇ ਮਰ ਜਾਣ ਤੇ ਐਫ. ਆਈ. ਆਰ ਦਰਜ ਹੋਣ ਸਿਰਫ ਪੰਜ । ਬਹੁਤ ਹਿੰਦੂ ਪਰਿਵਾਰਾਂ ਨੂੰ ਇਹਨਾਂ ਘਟਨਾਵਾਂ ਦਾ ਸਾਹਮਣਾ ਕਰਨਾ ਪਿਆ ਜੋ ਸਿੱਖਾਂ ਨੂੰ ਆਪਣੇ ਘਰਾਂ ਵਿਚ ਸ਼ਰਨ ਦਿੰਦੇ ਸਨ । ਬਹੁਤੇ ਲੋਕਾਂ ਨੇ ਆਪਣੇ ਨੌਕਰਾਂ ਨੂੰ ਵੀ ਇਹ ਨਹੀਂ ਪਤਾ ਲੱਗਣ ਦਿੱਤਾ ਕਿ ਸਾਡੇ ਘਰੇ ਕੋਈ ਸਰਦਾਰ ਹੈ । ਸਿਰਫ ਦੋ ਦਿਨਾਂ ਵਿਚ ਸਿੱਖਾਂ ਦੀ ਇਹ ਹਾਲਤ ਹੋ ਚੁੱਕੀ ਸੀ । ਪੂਰੀ ਦੀ ਪੂਰੀ ਦਿੱਲੀ ਵਿਚ ਕੋਈ ਇਕ ਜਗ੍ਹਾ ਵੀ ਇਹੋ ਜਿਹੀ ਨਹੀਂ ਸੀ ਜਿੱਥੇ ਸਿੱਖ ਆਪਣੇ ਆਪ ਨੂੰ ਸੁਰੱਖਿਅਤ ਮੰਨ ਸਕਣ । ਦਿੱਲੀ ਦਾ ਦਿਲ ਕਹੇ ਜਾਣ ਵਾਲੇ ਕਨੌਟ ਪਲੇਸ ਜਿਥੇ ਚਾਰੇ ਹੀ ਪਾਸੇ ਧੂੰਆਂ ਹੀ ਧੂੰਆਂ ਸੀ । ਇਕ ਫੋਟੋਗ੍ਰਾਫਰ ਅਸ਼ੋਕ ਵਾਹੀ ਨੇ ਆਪਣੇ ਕੈਮਰੇ ਵਿਚ ਕਈ ਤਸਵੀਰਾਂ ਖਿੱਚੀਆਂ । ਤਸਵੀਰਾਂ ਵਿਚ ਅੱਗ ਨਾਲ ਸੜਦੀਆਂ ਉਹ ਦੁਕਾਨਾਂ ਹੀ ਸਨ ਜੋ ਸਿਰਫ ਸਰਦਾਰਾਂ ਦੀਆ ਸਨ । ਇਕ ਫੋਟੋ ਵਿਚ ਬਾਬਾ ਖੜਕ ਸਿੰਘ ਮਾਰਗ ਵਿਚ ਇਕ ਸਿੱਖ ਨੂੰ ਜਾਂਦੇ ਸਕੂਟਰ ਉੱਪਰ ਤੇਲ ਪਾਕੇ ਜ਼ਿਉਂਦੇ ਸਾੜ ਦਿੱਤਾ ਗਿਆ । ਇਕ ਹੋਰ ਤਸਵੀਰ ਵਿਚ ਦਿੱਲੀ ਦੇ ਰੇਲਵੇ ਸਟੇਸ਼ਨ ਤੇ ਇਕ ਰੇਲ ਗੱਡੀ ਵਿਚੋਂ ਸਿੱਖਾਂ ਦੀਆ ਲਾਸ਼ਾ ਨੂੰ ਨਿੱਕੀਆਂ ਟਰਾਲੀਆਂ ਵਿਚ ਪਾ ਕੇ ਲੈ ਜਾ ਰਹੇ ਹਨ।

ਇਨ੍ਹਾਂ ਦਿਨਾਂ ਵਿਚ ਗਰੀਬ ਸਿੱਖ ਬਸਤੀਆਂ ਨੂੰ ਪੂਰੀ ਤਰਾਂ ਨਾਲ ਤਬਾਹ ਕਰ ਦਿੱਤਾ ਗਿਆ ਸੀ । ਜਿਸ ਦੌਰਾਨ ਦਿੱਲੀ ਵਿੱਚ ਸਿੱਖਾਂ ਦੇ ਖੂਨ ਦੀ ਹੋਲੀ ਖੇਡੀ ਜਾ ਰਹੀ ਸੀ ਉਸ ਵਹਿਸ਼ੀਪੁਣੇ ਨੂੰ ਇੱਕ ਗੁਜਰਾਤੀ ਹਿੰਦੂ ਬੀਬੀ ਰਤਨਾ ਭੈਣ ਨੇ ਆਪਣੀਆਂ ਅੱਖਾਂ ਨਾਲ ਤੱਕਦਿਆਂ ਦੱਸਿਆ ਕਿ 1 ਨੰਵਬਰ ਨੂੰ ਕਰੀਬ ਸਾਢੇ ਦਸ ਵਜੇ ਤੁਗਲਕਾਬਾਦ ਰੇਲਵੇ ਸਟੇਸ਼ਨ ਤੇ ਜਬਰਦਸਤੀ ਗੁਜਰਾਤ ਤੋਂ ਆ ਰਹੀ ਰੇਲ ਗੱਡੀ ਨੂੰ
ਜਬਰੀ ਰੁਕਵਾਇਆ ਗਿਆ ਸਟੇਸ਼ਨ ਉਪਰ ਬੇਹੱਦ ਡਰਾਉਣਾ ਜਿਹਾ ਸ਼ੋਰ ਪੈ ਰਿਹਾ ਸੀ ਇੱਕ ਦੰਮ ਹਜੂਮ ਗੱਡੀ ਅੰਦਰ ਆਇਆ ਅਤੇ ਪੱਗਾਂ ਵਾਲਿਆਂ ਨੂੰ ਧੂਹ-ਧੂਹ ਕਿ ਬਾਹਰ ਖੜਨ ਲੱਗਾ।  ਇੱਕ ਸਿੱਖ ਬਜੁਰਗ ਨੂੰ ਸਾਡੇ ਡੱਬੇ ਵਿੱਚੋਂ ਧੂਹ ਕਿ ਬਾਹਰ ਖੜਿਆ ਅਤੇ ਉਸ ਦੇ ਸਿਰ ਵਿੱਚ ਜੋਰ ਜੋਰ ਦੀਆਂ ਰਾੜਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।  ਪਹਿਲਾਂ ਤਾਂ ਉਸ ਦੇ ਕੇਸ ਕੱਟ ਦਿੱਤੇ ਗਏ ਫਿਰ ਬਾਅਦ ਵਿੱਚ ਉਸ ਉਪਰ ਮਿੱਟੀ ਦਾ ਤੇਲ ਪਾ ਕੇ ਉਸ ਨੂੰ ਅੱਗ ਲਾ ਦਿੱਤੀ ਗਈ ਇਹ ਬਹੁਤ ਹੀ ਖੌਫਨਾਕ ਦ੍ਰਿਸ਼ ਸੀ। ਹਜ਼ਾਰਾਂ ਸਿੱਖ ਏਦਾਂ ਰੇਲ ਗੱਡੀਆਂ ਵਿੱਚੋਂ ਉਤਾਰ ਕੇ ਮਾਰੇ ਜਾ ਚੁੱਕੇ ਸਨ ।

ਅੰਬਾਲਾ ਸ਼ਹਿਰ ਵਿੱਚ ਵੀ ਸਿੱਖਾਂ ਨੂੰ ਏਦਾਂ ਉਤਾਰ-ਉਤਾਰ ਕੇ ਮਾਰਿਆ ਗਿਆ । ਮਸ਼ਹੂਰ ਪੰਜਾਬੀ ਲੇਖਕ ਖੁਸ਼ਵੰਤ ਨੇ ਆਪਣੀ ਕਿਤਾਬ ਵਿਚ ਲਿਖਿਆ ਕਿ ਖਾਨ ਮਾਰਕੀਟ ਵਿਚ ਉਹਨਾਂ ਨੇ ਆਪਣੇ ਅੱਖੀਂ ਹਮਲਾਵਰਾਂ ਤੇ ਪੁਲਿਸ ਨੂੰ ਲੁੱਟ ਮਚਾਉਂਦੇ ਤੇ ਅੱਗਾਂ ਲਾਉਂਦੇ ਦੇਖਿਆ। ਉਹਨਾਂ ਇਹ ਵੀ ਕਿਹਾ ਕਿ ਉਹਨਾਂ ਨੇ ਆਪਣੀ ਜਾਣ ਸਵੀਡਿਸ਼ ਐਮਬੈਸੀ ਵਿਚ ਰਹਿ ਕੇ ਬਚਾਈ ।

ਭਾਰਤ ਦੇਸ਼ ਲਈ 1971 ਦੀ ਜੰਗ ਵਿਚ ਲੜਨ ਵਾਲੇ ਕੈਪਟਨ ਮੋਹਨਵੀਰ ਸਿੰਘ ਤਲਵਾਰ, ਜੋ ਮਹਾਂਵੀਰ ਚੱਕਰ ਨਾਲ ਸਨਮਾਨਿਤ ਸਨ । ਹਮਲਾਵਰਾਂ ਨੇ ਉਹਨਾਂ ਦੇ ਘਰ ਨੂੰ ਅੱਗ ਲਗਾ ਦਿੱਤੀ ਅਤੇ ਫੋਨ ਕਰਨ ਤੇ ਕੋਈ ਪੁਲਿਸ ਉਹਨਾਂ ਦੇ ਘਰ ਨਾ ਆਈ । ਆਪਣੇ ਘਰ ਨੂੰ ਅੱਗ ਲੱਗਦੀ ਦੇਖ ਕੈਪਟਨ ਮੋਹਨਵੀਰ ਸਿੰਘ ਨੇ ਆਪਣੇ ਬਚਾਅ ਲਈ ਆਪਣੀ ਰਫਲ ਨਾਲ ਫਾਇਰ ਕਰਨੇ ਸ਼ੁਰੂ ਕੀਤੇ । ਸ਼ਾਮ ਨੂੰ ਪੁਲਿਸ ਕਮਿਸ਼ਨਰ ਨੇ ਹਮਲਾਵਾਰਾਂ ਨੂੰ ਫੜਨ ਦੀ ਬਜਾਏ ਉਲਟਾ ਕੈਪਟਨ ਮੋਹਨਵੀਰ ਸਿੰਘ ਨੂੰ ਹੀ ਗ੍ਰਿਫਤਾਰ ਕਰ ਲਿਆ ਕਿਉਕਿ ਉਹਨਾਂ ਦਾ ਸਿਰਫ ਇਹੀ ਕਸੂਰ ਸੀ ਕਿ ਉਹ ਇਕ ਸਿੱਖ ਸਨ । ਬਾਅਦ ਵਿੱਚ ਐਸ.ਐਚ.ਓ. ਨੇ ਅਦਾਲਤ ਵਿੱਚ ਇਹ ਬਿਆਨ ਦਿੱਤਾ ਕਿ ਅਸੀਂ ਕੈਪਟਨ ਮੋਹਨਵੀਰ ਸਿੰਘ ਨੂੰ ਇਸ ਲਈ ਗ੍ਰਿਫਤਾਰ ਕੀਤਾ ਸੀ ਕਿਉਂਕਿ ਹਮਲਾਵਰ ਜ਼ਿਆਦਾ ਸਨ ।

 ਨਾਂਗਲੋਈ ਵਿੱਚ ਗੁਰਬਚਨ ਸਿੰਘ ਤੇ ਉਸ ਦੇ ਚਾਰ ਸਾਥੀਆਂ ਦਾ ਕਤਲ ਕਰ ਦਿੱਤਾ ਗਿਆ ਅਤੇ 1984 ਵਿੱਚ ਇਸ ਕੇਸ ਦੀ ਐਫ.ਆਈ.ਆਰ ਦਰਜ ਕੀਤੀ ਗਈ । ਇਨਸਾਫ ਦਾ ਗਲਾ ਓਦੋਂ ਘੁਟਿਆ ਗਿਆ ਜਦੋਂ ਇਹ ਗੱਲ ਸਾਹਮਣੇ ਆਈ ਕਿ ਐਫ.ਆਈ.ਆਰ ਦਰਜ ਹੋਈ ਨੂੰ 32 ਸਾਲ ਹੋ ਗਏ ਅਜੇ ਤਕ ਚਾਰਜਸ਼ੀਟ ਦਾਖ਼ਲ ਹੀ ਨਹੀਂ ਕੀਤੀ ਗਈ । 1 ਨਵੰਬਰ ਨੂੰ ਸਾਰੀ ਦਿੱਲੀ ਵਿੱਚ ਇਹ ਅਫਵਾਹ
ਫੈਲਾ ਦਿੱਤੀ ਗਈ ਕਿ ਪੰਜਾਬ ਤੋਂ ਇਕ ਰੇਲ ਗੱਡੀ ਹਿੰਦੂਆਂ ਦੀਆਂ ਲਾਸ਼ਾ ਨਾਲ ਭਰ ਕੇ ਆਈ ਹੈ ਤਾਂ ਕਿ ਹਿੰਦੂ ਹੋਰ ਭੜਕ ਜਾਣ ਅਤੇ ਇਹ ਵੀ ਕਿਹਾ ਗਿਆ ਕਿ ਪੰਜਾਬ ਤੋਂ ਆਉਂਦੇ ਪਾਣੀ ਵਿੱਚ ਪੰਜਾਬ ਵਾਲਿਆਂ ਨੇ ਜ਼ਹਿਰ ਮਿਲਾ ਦਿੱਤੀ ਹੈ ਅਤੇ ਇਹ ਪਾਣੀ ਨੂੰ ਕੋਈ ਵੀ ਨਾ ਪੀਵੇ । ਬੜੀ ਸ਼ਰਮਨਾਕ ਗੱਲ ਹੈ ਕਿ ਇਹ ਅਫਵਾਹ ਕਿਸੇ ਹੋਰ ਨੇ ਨਹੀਂ ਬਲਕਿ ਖੁਦ ਦਿੱਲੀ ਪੁਲਿਸ ਨੇ ਆਪਣੇ ਸਰਕਾਰੀ ਵਾਹਨਾਂ ਦੇ
ਸਪੀਕਰਾਂ ਵਿੱਚ ਦਿੱਤੀ ਸੀ । ਇਹੋ ਜਿਹਾ ਹੀ ਕੁਛ ਗੁਰਬਚਨ ਸਿੰਘ ਨਾਲ ਹੋਇਆ ਉਸ ਦੇ ਪਿਤਾ ਤੇ ਉਸ ਦੇ ਸਾਥੀ ਦਾ ਤਲਵਾਰਾਂ ਨਾਲ
ਕਤਲ ਕਰ ਦਿੱਤਾ ਗਿਆ ਕਿਉਂਕਿ ਉਹ ਗੁਰਦੁਆਰਾ ਸਾਹਿਬ ਨੂੰ ਬਚਾਉਣ ਜਾ ਰਹੇ ਸਨ ।

ਉਸ ਦੀ ਮਾਂ ਦੀ ਇੱਜ਼ਤ ਨੂੰ ਉਸ ਦੀਆਂ ਅੱਖਾਂ ਸਾਹਮਣੇ ਦਰਿੰਦਿਆਂ ਨੇ ਲੁੱਟਿਆ ਤੇ ਮਾਰ ਦਿੱਤਾ । ਇਸ ਤੋਂ ਬਾਅਦ ਗੁਰਬਚਨ ਸਿੰਘ ਨੂੰ ਅੱਗ ਨਾਲ ਬਲਦੇ ਟਰੱਕ ਵਿੱਚ ਸੁੱਟ ਦਿੱਤਾ । ਰੱਬ ਦੀ ਕਿਰਪਾ ਨਾਲ ਉਸ ਨੂੰ ਕੁਝ ਹਿੰਦੂ ਪਰਿਵਾਰਾਂ ਨੇ ਬਚਾ ਲਿਆ, ਪਰ ਉਸ ਦੀ ਰੀੜ ਦੀ ਹੱਡੀ ਟੁੱਟ ਗਈ ਸੀ, ਜਿਸ ਕਾਰਨ ਸਾਰੀ ਉਮਰ ਬਿਸਤਰੇ ਤੋਂ ਉੱਠਣ ਜੋਗਾ ਨਾ ਰਿਹਾ ਅਤੇ ਬਾਅਦ ਵਿੱਚ ਉਸ ਨੇ ਆਪਣੇ ਮਾਂ ਪਿਉ ਦੀ ਮੌਤ ਦਾ ਇਨਸਾਫ ਲੈਣ ਲਈ ਅਦਾਲਤ ਵਿੱਚ ਕੇਸ ਵੀ ਕੀਤਾ ਸੀ । ਆਖਿਰ ਗੁਰਬਚਨ ਸਿੰਘ ਕਿਸਮਤ ਦੀ ਮਾਰ ਨਾ ਝੱਲਦਾ ਹੋਇਆ 17 ਫਰਬਰੀ 2009 ਨੂੰ ਇਸ ਦੁਨੀਆਂ ਤੋਂ ਸਦਾ ਲਈ ਚਲਾ ਗਿਆ ਤੇ ਉਸ ਦੀ ਮੌਤ ਦੇ ਨਾਲ ਹੀ ਉਸ ਦੁਆਰਾ ਕੀਤਾ ਹੋਇਆ ਕੇਸ ਅਦਾਲਤ ਨੇ ਹਮੇਸ਼ਾ ਲਈ ਬੰਦ ਕਰ ਦਿੱਤਾ ।

ਅਜਿਹਾ ਹੀ ਕੁਝ ਹਰਪ੍ਰੀਤ ਸਿੰਘ ਨਾਲ ਹੋਇਆ । 1984 ਵਿੱਚ ਉਹਨਾਂ ਦੇ ਪਿਤਾ ਨੂੰ ਮਾਰ ਦਿੱਤਾ ਗਿਆ । ਬਾਅਦ ਵਿੱਚ ਸਰਕਾਰ ਨੇ ਉਸ ਨੂੰ ਤੇ ਉਸ ਦੀ ਮਾਂ ਨੂੰ ਮਕਾਨ ਦੇ ਦਿੱਤਾ ਗਿਆ ਪਰ 16 ਸਾਲ ਬਾਅਦ ਉਹਨਾਂ ਨੂੰ ਮਕਾਨ ਦੀ 80,000 ਰੁਪਏ ਕਿਸ਼ਤ ਆਉਣ ਲੱਗ ਪਈ ਜੋ ਕਿ ਬਾਅਦ ਵਿਚ ਵਿਆਜ ਪੈ ਕੇ ਢਾਈ ਲੱਖ ਕਰ ਦਿੱਤੀ ਗਈ । ਬਾਅਦ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਦਿੱਲੀ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਦਿੱਲੀ ਸਿੱਖ ਕਤਲੇਆਮ ਵਿੱਚ ਮਾਰੇ ਗਏ ਲੋਕਾਂ ਵਿੱਚੋਂ ਹਰ ਇਕ ਪਰਿਵਾਰ ਨੂੰ ਇਕ-ਇਕ ਨੌਕਰੀ ਮਿਲੇਗੀ, ਪਰ ਅੱਜ ਤੱਕ ਕਿਸੇ ਨੂੰ ਇਕ ਨੌਕਰੀ ਨਾ ਮਿਲੀ ।  2009 ਵਿੱਚ ਸੰਸਦ ਵਿੱਚ ਖੁਦ ਡਾ.ਮਨਮੋਹਨ ਸਿੰਘ ਨੇ 1984 ਦੇ ਇਕ ਕਮਿਸ਼ਨ ਦੀ ਰਿਪੋਰਟ ਦੇਖ ਕਿ ਕਿਹਾ ਕਿ ਮੇਰਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ ਕਿਉਕਿ 1984 ਦੇ ਸਾਰੇ ਦੋਸ਼ੀਆਂ ਨੂੰ ਮੁਡ਼ ਫਿਰ ਕਲੀਨ ਚਿੱਟ ਦਿੱਤੀ ਗਈ ਸੀ ।

ਦਰਿੰਦਗੀ ਦੀ ਇੰਤਹਾ 14 ਸਾਲਾਂ ਸਤਪਾਲ ਕੌਰ ਨਾਲ ਵੀ ਵਾਪਰੀ । ਉਸ ਦੀਆਂ ਤਿੰਨ ਭੈਣਾਂ ਤੇ ਇਕ ਭਰਾ ਸੀ । ਪੁਲਿਸ ਨੇ ਉਸ ਦੇ ਪਿਤਾ, ਉਸ ਦੇ ਤਾਏ ਅਤੇ ਉਸ ਦੇ ਭਰਾ ਨੂੰ ਉਸ ਦੀਆਂ ਅੱਖਾਂ ਸਾਹਮਣੇ ਗੋਲੀਆਂ ਨਾਲ ਭੁੰਨ ਦਿੱਤਾ । ਰੱਬ ਜਾਣੇ ਉਸ ਤੋਂ ਬਾਅਦ ਉਸ ਨੇ ਆਪਣੀਆਂ ਛੋਟੀਆਂ ਭੈਣਾਂ ਨੂੰ ਕਿਵੇਂ ਪਾਲਿਆ, ਜੋ ਉਸ ਸਮੇਂ 8 ਸਾਲ, 6 ਸਾਲ ਤੇ 2 ਸਾਲ ਦੀਆਂ ਸਨ ਤੇ ਆਪ 14 ਸਾਲ ਦੀ ਸੀ ।

ਉਸ ਸਮੇਂ ਦਿੱਲੀ ਦੇ ਲੋਕਾਂ ਨੂੰ ਭੜਕਾਉਣ ਵਿੱਚ ਇਕ ਹੋਰ ਸ਼ਕਸ਼ ਦੀ ਬੜੀ ਅਹਿਮ ਭੂਮਿਕਾ ਸੀ ਉਹ ਸੀ ਮਸ਼ਹੂਰ ਫ਼ਿਲਮੀ ਅਦਾਕਾਰ ‘ਅਮਿਤਾਭ ਬੱਚਨ’, ਜੋ ਉਸ ਸਮੇਂ ਇੰਦਰਾਂ ਗਾਂਧੀ ਦੇ ਕਰੀਬੀਆਂ ਵਿੱਚੋਂ ਇਕ ਸੀ ।  31 ਅਕਤੂਬਰ ਨੂੰ ਅਮਿਤਾਭ ਬੱਚਨ ਨੇ ਇੰਦਰਾ ਗਾਂਧੀ ਦੀ ਲਾਸ਼ ਕੋਲ ਖੜ ਕੇ ਇਹ ਨਾਹਰਾ ਲਾਇਆ ਕਿ “ਖੂਨ ਕਾ ਬਦਲਾ ਖੂਨ”, ਅਤੇ ਉਸ ਨੇ ਇਹ ਵੀ ਕਿਹਾ ਕੇ “ਹਮਾਰੀ ਮਾਂ ਕੇ ਖੂਨ ਕੇ ਛੀਟੇਂ ਹਰ ਇਕ ਸਿੱਖ ਕੇ ਘਰ ਤਕ ਪਹੁੰਚਣੇਚਾਹੀਏ ” ।  ਓਦੋਂ ਰਾਜੀਵ ਗਾਂਧੀ ਵੀ ਉਸ ਨਾਲ ਖੜਾ ਸੀ । ਬਾਅਦ ਵਿੱਚ ਇਹ ਗੱਲਾਂ ਟੀ.ਵੀ ਤੇ ਦਿਖਈਆ ਜਾਣ ਲੱਗੀਆਂ ਤਾਂ ਕਿ ਦਿੱਲੀ ਦੇ ਸਾਰੇ ਹਿੰਦੂ ਭੜਕ ਜਾਣ । ਬਾਅਦ ਵਿੱਚ ਹੋਰ ਵੀ ਕਈ ਨਾਹਰੇ ਲੱਗਣ ਲੱਗ ਪਏ “ਮਾਰ ਦੋ ਇਨ ਸਰਦਾਰੋ ਕੋ, ਦੇਸ਼ ਕੇ ਗੱਦਾਰੋ ਕੋ ” । ਥੋੜੀ ਹੀ ਦੇਰ ਬਾਅਦ ਇਹ ਨਾਹਰੇ ਦਿੱਲੀ ਦੀ ਹਰ ਇੱਕ ਗਲੀ ਵਿੱਚ ਗੂੰਜਣ ਲੱਗੇ ।  3 ਨਵੰਬਰ 1984 ਨੂੰ ਸੈਨਾ ਆ ਚੁੱਕੀ ਸੀ ਪਰ ਦਿੱਲੀ ਪੁਲਿਸ ਨੇ ਜਾਣ ਬੁਝ ਕੇ ਸੈਨਾ ਨੂੰ ਗਸ਼ਤ ਨਹੀਂ ਕਰਨ ਦਿੱਤਾ ਸੀ ।
 ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਬੇਟੀ ਨੇ ਖੁਦ ਆਪਣੀ ਕਿਤਾਬ ਵਿਚ ਲਿਖਿਆ ਕਿ ਇਸ ਖ਼ੂਨੀ ਕਤਲੋ ਗਾਰਤ ਸਮੇਂ ਉਹ ਤੇ ਉਸ ਦਾ ਪਰਿਵਾਰ ਮੁੰਬਈ ਵਿਚ ਸੀ । ਹਮਲਾਵਰਾਂ ਨੇ ਉਹਨਾਂ ਦੇ ਘਰ ਤੇ ਵੀ ਹਮਲਾ ਕਰ ਦਿੱਤਾ । ਡਾ. ਮਨਮੋਹਨ ਸਿੰਘ ਦਾ ਜੁਆਈ ਸਿਰੋਂ ਮੋਨਾ ਸੀ ਭਾਵ ਸਿਰ ਤੇ ਕੇਸ ਨਹੀਂ ਸਨ । ਉਸ ਨੇ ਘਰ ਤੋਂ ਬਾਹਰ ਜਾ ਕੇ ਇਹ ਕਹਿ ਦਿੱਤਾ ਕਿ ਇਥੇ ਕੋਈ ਸਰਦਾਰ ਨਹੀਂ ਰਹਿੰਦਾ। ਇਸ ਗੱਲ ਕਹਿ ਕੇ ਉਹਨਾਂ ਨੇ ਆਪਣੀ ਜਾਨ ਬਚਾ ਲਈ ।

3 ਨਵੰਬਰ 1984 ਨੂੰ ਜਿਉਂ ਹੀ ਇੰਦਰਾ ਗਾਂਧੀ ਦਾ ਸਸਕਾਰ ਕੀਤਾ ਗਿਆ ਤਿਉਂ ਹੀ ਕਤਲੇਆਮ ਇਕ ਦੰਮ ਰੁਕ ਗਿਆ ਜਿਵੇ ਇੰਝ ਲੱਗਿਆ ਹੋਵੇ ਅੱਠ ਦਸ ਹਜ਼ਾਰ ਸਿੱਖਾਂ ਦਾ ਕਤਲ ਕਰਕੇ ਅਨੇਕਾਂ ਸਿੱਖ ਔਰਤਾਂ ਨੂੰ ਵਿਧਵਾਵਾਂ ਬਣਾ ਕੇ ਤੇ ਉਹਨਾਂ ਦੀ ਇੱਜਤ
ਲੁੱਟ ਕੇ ਬਦਲਾ ਪੂਰਾ ਹੋ ਗਿਆ ਹੋਵੇ । ਕਾਤਿਲਾਂ ਨੂੰ ਸਿੱਖਾਂ ਦਾ ਕਤਲ ਕਰਨ ਲਈ ਪੂਰੇ ਤਿੰਨ ਦਿਨ ਦਿੱਤੇ ਗਏ ਸਨ । ਸਰਕਾਰੀ ਅੰਕੜਿਆਂ ਮੁਤਾਬਕ ਇਕੱਲੀ ਦਿੱਲੀ ਵਿੱਚ 2733 ਸਿੱਖਾਂ ਦਾ ਕਤਲ ਹੋਇਆ ਪਰ ਅਸਲ ਵਿੱਚ ਇਹ ਗਿਣਤੀ ਕਿਤੇ ਜ਼ਿਆਦਾ ਸੀ ।
 ਥੋੜੇ ਹੀ ਦਿਨਾਂ ਬਾਅਦ ਰਾਜੀਵ ਗਾਂਧੀ ਨੇ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਇਹ ਕਿਹਾ ਕਿ “ਜਦੋਂ ਵੀ ਕੋਈ ਵੱਡਾ ਦਰੱਖਤ ਡਿਗਦਾ ਹੈ ਧਰਤੀ ਹਿਲਦੀ ਹੈ “When a Big Tree Falls, The Earth Shakes” । ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਇਹੋ ਜਿਹੀ ਗੱਲ
ਕਰੇ ਤਾਂ ਤੁਸੀਂ ਸੋਚ ਸਕਦੇ ਹੋ ਓਥੋਂ ਦੀ ਅਵਾਮ ਦਾ ਕੀ ਹਾਲ ਹੋਵੇਗਾ ।

ਦਸੰਬਰ 1984 ਵਿਚ ਦਿੱਲੀ ਪੁਲਿਸ ਦੇ ਅਫਸਰ ਏ. ਸੀ. ਪੀ ਵੇਦ ਮਾਰਵਾ ਦੀ ਦਿੱਲੀ ਸਿੱਖ ਕਤਲੇਆਮ ਦੀ ਜਾਂਚ ਕਰਨ ਦੀ ਡਿਊਟੀ ਲਾਈ ਗਈ । ਜਦੋਂ ਰਾਜੀਵ ਗਾਂਧੀ ਨੂੰ ਪਤਾ ਲੱਗਿਆ ਕਿ ਵੇਦ ਮਾਰਵਾ ਇਸ ਕੇਸ ਨੂੰ ਲੈ ਕੇ ਸੱਚ-ਮੁੱਚ ਹੀ ਗੰਭੀਰ ਹਨ ਤਾਂ ਉਹਨਾਂ ਨੇ ਮਈ 1986 ਵਿਚ ਵੇਦ ਮਾਰਵਾ ਨੂੰ ਹਟਾ ਕੇ ਜਸਟਿਸ ਰੰਗਨਾਥ ਮਿਸ਼ਰਾ ਨੂੰ ਇਸ ਕੇਸ ਦਾ ਜਿੰਮਾ ਸੌਂਪ ਦਿੱਤਾ, 1986 ਵਿਚ ਜਦੋਂ ਰਿਪੋਰਟ ਆਈ ਤਾਂ ਜਸਟਿਸ ਰੰਗਨਾਥ ਮਿਸ਼ਰਾ ਨੇ ਜਗਦੀਸ਼ ਟਾਈਟਲਰ ਵਰਗੇ ਸਾਰੇ ਦੇ ਸਾਰੇ ਮੁੱਖ ਦੋਸ਼ੀਆਂ ਨੂੰ ਕਲੀਨ ਚਿੱਟ ਦੇ ਦਿੱਤੀ ਜੋ ਕਿ ਸਿੱਖਾਂ ਨਾਲ ਇਕ ਬਹੁਤ ਵੱਡਾ ਤੇ ਭੱਦਾ ਮਜ਼ਾਕ ਸੀ ।

1990 ਵਿਚ ਇਕ ਕਪੂਰ ਮਿੱਤਲ ਕਮੇਟੀ ਬਣਾਈ ਗਈ ਜਿਸ ਵਿਚ ਇਸ ਕਮੇਟੀ ਨੇ 6 ਆਈ.ਪੀ.ਐਸ. ਅਫਸਰ ਤੇ 72 ਹੋਰ ਪੁਲਿਸ ਅਫਸਰਾਂ ਤੇ ਕਾਰਵਾਈ ਕਰਨ ਦੀ ਮੰਗ ਕੀਤੀ, ਪਰ ਇਸ ਦੇਸ਼ ਦੇ ਕਾਲੇ ਇਨਸਾਫ ਨੇ ਇਨ੍ਹਾਂ ਵਿੱਚੋਂ ਕੁਛ ਹੀ ਪੁਲਿਸ ਵਾਲਿਆਂ ਨੂੰ ਛੱਡ ਕੇ ਬਾਕੀ ਸਭ ਦਾ ਪ੍ਰੋਮੋਸ਼ਨ ਕਰ ਦਿੱਤਾ ਗਿਆ ਅਤੇ ਕਈਆਂ ਨੂੰ ਸਨਮਾਨਿਤ ਵੀ ਕੀਤਾ ਗਿਆ । ਬਹੁਤ ਸਾਰੇ ਹਿੰਦੂ ਪਰਿਵਾਰਾਂ ਨੇ ਸਿੱਖ ਪਰਿਵਾਰਾਂ ਨੂੰ ਬਚਾਇਆ ਜਿਨਾਂ ਦਾ ਅਹਿਸਾਨ ਉਹ ਸਿੱਖ ਪਰਿਵਾਰ ਸ਼ਾਇਦ ਕਦੇ ਵੀ ਨਹੀਂ ਭੁੱਲਣਗੇ। 1984 ਦੇ ਨਵੰਬਰ ਵਿੱਚ ਵਾਪਰੇ ਇਸ ਕਤਲੋ ਗਾਰਤ ਨੂੰ ਦੰਗੇ ਨਹੀਂ ਕਿਹਾ ਜਾ ਸਕਦਾ ਕਿਉਂਕਿ ਉਹ ਇਕ ਕੌਮ ਦਾ ਪੂਰੇ ਤਰੀਕੇ ਤੇ ਸੋਚ ਸਮਝ ਨਾਲ ਕੀਤਾ ਗਿਆ ‘ਕਤਲੇਆਮ’ ਸੀ ਕਿਉਂਕਿ ਇਸ 4 ਦਿਨ ਚੱਲੇ ਖੂਨੀ ਕਾਂਡ ਵਿੱਚ ਸਿਰਫ ਇਕ ਹਿੰਦੂ ਦੀ ਜਾਨ ਗਈ ਸੀ ਉਹ ਵੀ ਇਸ ਕਰਕੇ ਕਿ ਉਸ ਨੇ ਸਿੱਖ ਪਰਿਵਾਰ ਨੂੰ ਆਪਣੇ ਘਰ ਵਿੱਚ ਸ਼ਰਨ ਦਿੱਤੀ ਸੀ ।

1997 ਵਿੱਚ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਆਈ ਤੇ ਪ੍ਰਕਾਸ਼ ਸਿੰਘ ਬਾਦਲ ਮੁਖ ਮੰਤਰੀ ਬਣੇ । ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਤੁਹਾਡੀ ਪਾਰਟੀ ਸਿੱਖਾਂ ਦੀ ਪਾਰਟੀ ਹੈ ਤੇ ਪੰਥਕ ਪਾਰਟੀ ਵੀ ਅਖਵਾਉਂਦੀ ਹੈ ਤੇ ਤੁਸੀਂ ਹੁਣ ਦਿੱਲੀ ਸਿੱਖ ਕਤਲੇਆਮ ਲਈ ਕੀ ਕਰੋਗੇ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਅਸੀਂ ਦਿੱਲੀ ਦੇ ਸਿੱਖਾਂ ਦੇ ਜਖ਼ਮਾਂ ਤੇ ਨਮਕ ਨਹੀਂ ਛਿੜਕਣਾ ਚਾਹੁੰਦੇ ,ਅਜਿਹੀ ਬਿਆਨਵਾਜੀ ਨਾਲ ਇਕ ਵਾਰ ਫਿਰ ਦਿੱਲੀ ਦੇ ਸਿੱਖਾਂ ਲਈ ਇਨਸਾਫ ਦਾ ਦੀਵਾ ਬੁਝ ਗਿਆ।

2002 ਵਿੱਚ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਆਈ ਤੇ ਕੈਪਟਨ ਅਮਰਿੰਦਰ ਸਿੰਘ ਮੁਖ ਮੰਤਰੀ ਬਣੇ । ਲੋਕਾਂ ਨੂੰ ਆਸ ਹੋਈ ਕਿ ਸਰਕਾਰ ਭਾਵੇਂ ਕਾਂਗਰਸ ਦੀ ਹੈ ਪਰ ਮੁੱਖ ਮੰਤਰੀ ਤਾਂ ਇੱਕ ਸਿੱਖ ਹੈ ਪਰ ਉਸ ਵੇਲੇ ਸਿੱਖ ਕੌਮ ਦੀਆਂ ਆਸਾਂ ਤੇ ਫਿਰ ਪਾਣੀ ਫਿਰ ਗਿਆ ਜਦੋਂ ਉਹਨਾਂ ਨੇ ਇਹ ਕਹਿ ਦਿੱਤਾ ਕਿ ਸਿੱਖ ਕੌਮ ਨੂੰ ਦਿੱਲੀ ਵਿੱਚ ਹੋਏ ਕਤਲੇਆਮ ਨੂੰ ਭੁੱਲ ਜਾਣਾ ਚਾਹੀਦਾ ਹੈ ਤੇ ਉਹਨਾਂ ਸਾਫ-ਸਾਫ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲ ਵਰਗਿਆਂ ਨੂੰ ਕਲੀਨ ਚਿੱਟ ਦੇ ਦਿੱਤੀ ।

2013 ਵਿੱਚ ਆਮ ਆਦਮੀ ਪਾਰਟੀ ਦੀ 49 ਦਿਨਾਂ ਦੀ ਸਰਕਾਰ ਦੌਰਾਨ ਇਕ SIT ਬਣਾਈ ਗਈ ਜਿਸ ਨੇ ਦਿੱਲੀ ਸਿੱਖ ਕਤਲੇਆਮ ਉੱਪਰ ਕੰਮ ਕਰਨਾ ਸੀ ਪਰ 49 ਦਿਨਾਂ ਬਾਅਦ ਹੀ ਅਰਵਿੰਦ ਕੇਜਰੀਵਾਲ ਦੀ ਦਿੱਲੀ ਵਿੱਚ ਸਰਕਾਰ ਟੁੱਟ ਗਈ ਤੇ ਸਰਕਾਰ ਟੁੱਟਣ ਦੇ
ਨਾਲ ਹੀ SIT ਵੀ ਖਤਮ ਹੋ ਗਈ । ਸਿੱਖਾਂ ਲਈ ਇਨਸਾਫ ਮਿਲਣ ਦਾ ਰਾਹ ਹੋਰ ਵੀ ਲੰਮਾ ਹੋ ਗਿਆ ।

ਫਰਵਰੀ 2015 ਵਿੱਚ ਬੀ. ਜੇ. ਪੀ ਸਰਕਾਰ ਨੇ ਇਕ ਐਸ.ਆਈ. ਟੀ ਦਾ ਗਠਨ ਕੀਤਾ ਜਿਸ ਨੇ 6 ਮਹੀਨਿਆਂ ਦੇ ਅੰਦਰ ਆਪਣਾ ਫੈਸਲਾ ਸੁਣਾਉਣਾ ਸੀ ਪਰ ਅਫਸੋਸ ਕਿ 6 ਮਹੀਨਿਆਂ ਦੀ ਜਗ੍ਹਾ 2 ਸਾਲ ਹੋਣ ਵਾਲੇ ਹਨ । ਫੈਸਲਾ ਆਵੇਗਾ ਵੀ ਤਾਂ ਉਹਨਾਂ ਦੇ ਹੱਕ ਵਿੱਚ ਜਿਨ੍ਹਾਂ ਨੇ ਸਿੱਖਾਂ ਨੂੰ ਚੁਣ-ਚੁਣ ਕੇ, ਗਲਾਂ ਵਿੱਚ ਟਾਇਰ ਪਾ-ਪਾ ਸਾੜਿਆ । ਲੱਗਭਗ ਦਸ ਦੇ ਕਰੀਬ ਸਰਕਾਰਾਂ ਬਦਲ ਗਈਆਂ ਤੇ 11 ਕਮਿਸ਼ਨ ਬਿਠਾਏ ਗਏ ਪਰ ਅੰਨ੍ਹੇ-ਬੋਲੇ ਕਾਨੂੰਨ ਨੇ ਅੱਜ ਤੱਕ ਕਿਸੇ ਨੂੰ ਵੀ ਕੋਰੇ ਕਾਗਜ਼ ਜਿੰਨ੍ਹਾਂ ਵੀ ਇਨਸਾਫ ਨਹੀਂ ਦਿੱਤਾ । ਇਹ ਕਤਲੇਆਮ ਦਿੱਲੀ, ਉੱਤਰ ਪ੍ਰਦੇਸ਼, ਮਹਾਰਾਸ਼ਟਰ ਤੇ ਭਾਰਤ ਦੇ ਹੋਰ ਵੀ ਕਈ ਰਾਜਾਂ ਵਿੱਚ ਵਾਪਰਿਆ । ਇਸ ਵਿੱਚ ਕਰੀਬ ਦਸ ਹਾਜ਼ਰ ਦੇ ਕਰੀਬ ਸਿੱਖ ਸ਼ਹੀਦ ਹੋ ਗਏ, ਜਿੰਨ੍ਹਾਂ ਦੀ ਆਤਮਾ ਸ਼ਾਇਦ ਅੱਜ ਵੀ ਇਨਸਾਫ ਲਈ ਭੜਕਦੀ ਹੋਵੇ । ਹਰ ਪੰਜ ਸਾਲ ਬਾਅਦ ਸਰਕਾਰ ਬਦਲਦੀ ਹੈ ਹਰ ਵਾਰ ਸਿਆਸਤ ਹੁੰਦੀ ਹੈ । ਹਰ ਵਾਰ ਸਿਆਸਤ ਜਿੱਤਦੀ ਹੈ ਤੇ ਸਫੇਦ ਪੋਸ਼ ਕੱਪੜਿਆਂ ਵਿੱਚ ਸਿਆਸਤਦਾਨ ਸਿਆਸਤ ਦੀਆਂ ਕੁਰਸੀਆਂ ਤੇ ਬੈਠਦੇ ਹਨ। ਆਖਿਰ ਕਦੋਂ ਤਕ ਇਨਸਾਨ ਹੀ ਇਨਸਾਨ ਦਾ ਵੈਰੀ ਬਣਿਆ ਰਹੂਗਾ । ਆਖਿਰ ਕਦ ਤੱਕ ਸਾਡੇ ਨਾਲ ਇਹ ਜ਼ਬਰ-ਜ਼ੁਲਮ ਹੁੰਦੇ ਰਹਿਣਗੇ।

ਅੱਜ ਵੀ ਵਿਧਵਾਵਾਂ ਆਪਣੇ ਘਰਾਂ ਦੇ ਚਿਰਾਗਾਂ ਨੂੰ ਗਲ ਨਾਲ ਲਾਈ ਬਿਲਕਦੀਆਂ ਨੇ ਕਿ ਉਹਨਾਂ ਦੇ ਸਿਰ ਦੇ ਸਾਈਂ ਕਦੇ ਵਾਪਸ ਤਾਂ ਨਹੀਂ ਆਉਣਗੇ, ਕੀ ਪਤਾ ਉਹਨਾਂ ਦੀ ਮੌਤ ਦਾ ਇਨਸਾਫ ਹੀ ਮਿਲ ਜਾਵੇ ਪਰ ਲੱਗਦਾ ਨਹੀਂ ਕਿ ਅਜਿਹਾ ਭਾਰਤ ਵਿਚ ਹੋਵੇਗਾ।