ਪ੍ਰੋ: ਸਾਹਿਬ ਸਿੰਘ ਜੀ ਦੀ ਵਡਮੁਲੀ ਦੇਣ ਗੁਰਬਾਣੀ ਵਿਆਕਰਨ ਅਤੇ ਸਰਲ ਵਿਆਖਿਆ

0
2002

ਪ੍ਰੋ: ਸਾਹਿਬ ਸਿੰਘ ਜੀ ਦੀ ਵਡਮੁਲੀ ਦੇਣ ਗੁਰਬਾਣੀ ਵਿਆਕਰਨ ਅਤੇ ਸਰਲ ਵਿਆਖਿਆ

ਅਵਤਾਰ ਸਿੰਘ

ਪ੍ਰੋ. ਸਾਹਿਬ ਤੋਂ ਪਹਿਲਾਂ ਸੰਪ੍ਰਦਾਈ ਡੇਰੇਦਾਰ ਗੁਰਬਾਣੀ ਦੀ ਵਿਆਖਿਆ ਮਿਥਿਹਾਸ ਅਤੇ ਵੇਦਾਂਤ ਦੀ ਰੰਗਤ ਦੇ ਕੇ ਕਰਦੇ ਸਨ ਅਤੇ ਅੱਜ ਵੀ ਕਰ ਰਹੇ ਹਨ। ਇੱਕ ਸ਼ਬਦ ਦੇ ਅਥਵਾ ਅਥਵਾ ਕਰ ਕਈ ਕਈ ਅਰਥ ਕਰ ਕੇ ਆਪਣੀ ਸੰਪ੍ਰਦਾਈ ਵਿਦਿਆ ਦਾ ਵਿਖਾਵਾ ਕੀਤਾ ਜਾਂਦਾ ਅਤੇ ਮਸਾਲੇਦਾਰ ਮਨੋਕਲਪਿਤ ਸਾਖੀਆਂ ਸੁਣਾ-ਸੁਣਾ ਕੇ ਸੰਗਤਾਂ ਨੂੰ ਗੁਮਰਾਹ ਕੀਤਾ ਜਾਂਦਾ ਸੀ।  ਮੁਖ ਤੌਰ ’ਤੇ ਸੰਗਤ ਨੂੰ ਆਪ ਗੁਰਬਾਣੀ ਪੜ੍ਹਨ, ਵਿਚਾਰਨ ਤੋਂ ਇਹ ਕਹਿ ਕੇ ਦੂਰ ਰੱਖਿਆ ਜਾਂਦਾ ਸੀ ਕਿ ਵੇਖਣਾ ਕਿਤੇ ਗੁਰਬਾਣੀ ਗ਼ਲਤ ਪੜ੍ਹ ਕੇ ਪਾਪਾਂ ਦੇ ਭਾਗੀ ਨਾ ਬਣ ਜਾਣਾ। ਦੂਸਰਾ ਇਹ ਪ੍ਰਭਾਵ ਦਿੱਤਾ ਜਾਂਦਾ ਸੀ ਕਿ ਗੁਰਬਾਣੀ ਪੜ੍ਹਨੀ, ਪੜ੍ਹਾਉਣੀ ਅਤੇ ਵਿਚਾਰਨੀ ਤਾਂ ਸੰਤਾਂ, ਸਾਧਾਂ ਜਾਂ ਸੰਪ੍ਰਦਾਈ ਗਿਆਨੀਆਂ ਦਾ ਹੀ ਕੰਮ ਹੈ ਕਿਉਂਕਿ ਉਹ ਟਕਸਾਲੀ ਹਨ। ਇਸ ਕਰ ਕੇ ਬਹੁਤ ਸਾਰੇ ਡੇਰਿਆਂ ਦਾ ਜਨਮ ਹੋਇਆ ਕਿਉਂਕਿ ਹਰੇਕ ਡੇਰੇਦਾਰ ਆਪਣੀ ਮਰਯਾਦਾ ਚੰਗੀ ਅਤੇ ਡੇਰਾ ਵੱਡਾ ਦੱਸਣ ਲੱਗਾ। ਡੇਰੇਦਾਰਾਂ ਨੂੰ ਸੰਤ, ਮਹੰਤ, ਬ੍ਰਹਮ ਗਿਆਨੀ ਅਤੇ 108 ਸੰਤ ਮਹਾਂਰਾਜ ਜੀ ਦੇ ਤਖ਼ੱਲੁਸ ਅਤੇ ਡਿਗਰੀਆਂ ਦਿੱਤੀਆਂ ਜਾਣ ਲੱਗੀਆਂ। ਇਨ੍ਹਾਂ ਸੰਪ੍ਰਦਾਈ ਡੇਰੇਦਾਰਾਂ ਵੱਲੋਂ ਹੀ ਧਾਰਮਿਕ ਰਸਮਾਂ ਕੀਤੀਆਂ, ਕਰਾਈਆਂ ਜਾਣ ਲੱਗੀਆਂ। ਧਰਮ ਦੇ ਨਾਂ ’ਤੇ ਜੱਗ, ਅਖੰਡ ਪਾਠ ਅਤੇ ਇਕੋਤਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਅਤੇ ਪਾਠ ਪੂਜਾ ਦੀਆਂ ਵੱਖਰੀਆਂ-ਵੱਖਰੀਆਂ ਭੇਟਾ ਬੰਨ੍ਹ ਦਿੱਤੀਆਂ ਗਈਆਂ।  ਗੁਰਬਾਣੀ ਦੇ ਅਸਲੀ ਗਿਆਨ ਅਤੇ ਸਿਧਾਂਤ ਤੋਂ ਅਣਜਾਣ ਰੱਖ ਕੇ ਸਿੱਖ ਇੱਕ ਬਹਾਦਰ ਕੌਮ ਨੂੰ ਭੰਬਲ ਭੂਸਿਆਂ ਵਿੱਚ ਪਾ ਦਿੱਤਾ ਗਿਆ।

‘‘ਇਕਾ ਬਾਣੀ, ਇਕੁ ਗੁਰੁ, ਇਕੋ ਸਬਦੁ ਵੀਚਾਰਿ’’ ਦੇ ਸਿਧਾਂਤ ਤੋਂ ਥਿੜਕਾਅ ਦਿੱਤਾ ਗਿਆ। ਇਵੇਂ ਸਿੱਖ ਵੀ ਡੇਰਾਵਾਦ ਦੇ ਪੁਜਾਰੀ ਬਣਾ ਦਿੱਤੇ ਗਏ। ਇਹ ਸਭ ਕੁੱਝ ਓਦੋਂ ਹੋਇਆ ਜਦੋਂ ਮਹਾਂਰਾਜਾ ਰਣਜੀਤ ਸਿੰਘ ਵੇਲੇ ਗੁਰਮਤਿ ਸਿਧਾਂਤਾਂ, ਮਰਯਾਦਾ ਅਤੇ ਸਿੱਖੀ ਦੀਆਂ ਮਹਾਂਨ ਪ੍ਰੰਪਰਾਵਾਂ ਨੂੰ ਅੱਖੋਂ ਓਲ੍ਹੇ ਕਰ ਕੇ ਸਨਾਤਨੀ ਸੰਤਾਂ, ਮਹੰਤਾਂ ਨੂੰ ਮਹਾਨਤਾ ਦਿੰਦੇ ਹੋਏ ਲੱਖਾਂ ਕਰੋੜਾਂ ਦੀਆਂ ਜਾਇਦਾਦਾਂ, ਪ੍ਰਾਪਰਟੀਆਂ, ਡੇਰਿਆਂ ਦੇ ਨਾਂ ਲਗਵਾ ਦਿੱਤੀਆਂ ਗਈਆਂ। ਵੱਡੇ ਵੱਡੇ ਧਰਮ ਅਸਥਾਨਾਂ ਦੇ ਮੁਖੀ ਵੀ ਡੇਰੇਦਾਰ ਜਾਂ ਇਨ੍ਹਾਂ ਡੇਰਿਆਂ ’ਚੋਂ ਪੜ੍ਹੇ ਗਿਆਨੀ ਜਾਂ ਸੰਪ੍ਰਦਾਈ ਵਿਦਵਾਨ ਹੀ ਲਗਾ ਦਿੱਤੇ ਗਏ।  ਫਿਰ ਜਦ ਪ੍ਰੋ. ਗੁਰਮੁਖ ਸਿੰਘ ਅਤੇ ਗਿ. ਦਿੱਤ ਸਿੰਘ ਵਰਗੇ ਪੰਥ ਦਰਦੀਆਂ ਨੇ ਸਿੰਘ ਸਭਾ ਲਹਿਰ ਪੈਦਾ ਕਰ ਕੇ ਕੌਮ ’ਚ ਜਾਗ੍ਰਤੀ ਲਿਆਂਦੀ ਅਤੇ ਮਹੰਤਾਂ ਨੂੰ ਸੋਧ ਕੇ ਧਰਮ ਅਸਥਾਨ ਆਦਿਕ ਗੁਰਦੁਆਰੇ ਆਜ਼ਾਦ ਕਰਵਾਏ। ਕਈ ਸਕੂਲ, ਕਾਲਜ ਆਦਿਕ ਖੋਲ੍ਹੇ, ਵਿਦਿਅਕ ਲਹਿਰ ਪੈਦਾ ਕੀਤੀ। ਧਰਮ ਪ੍ਰਚਾਰਕਾਂ ਦੀ ਟ੍ਰੇਨਿੰਗ ਵਾਸਤੇ ਧਰਮ ਵਿਦਿਆਲੇ ਅਤੇ ਮਿਸ਼ਨਰੀ ਕਾਲਜ ਵੀ ਖੋਲ੍ਹੇ। ਇਉਂ ਸਿੱਖਾਂ ਵਿੱਚ ਜਾਗ੍ਰਤੀ ਆਈ ਪਰ ਜਿਵੇਂ ਬ੍ਰਾਹਮਣ ਟਾਈਪ ਹਿੰਦੂ ਸਾਧ ਪਹਿਲੇ ਡੇਰਿਆਂ ਵਿੱਚ ਘੁਸ ਗਏ ਸਨ ਓਵੇਂ ਹੀ ਹੁਣ ਕੇਸਾਧਾਰੀ ਸੰਪ੍ਰਦਾਈ ਅਤੇ ਡੇਰੇਦਾਰ ਵੀ ਇਨ੍ਹਾਂ ਵਿਦਿਅਕ ਅਤੇ ਧਾਰਮਿਕ ਅਦਾਰਿਆਂ ਵਿੱਚ ਘੁਸੜ ਗਏ। ਉਨ੍ਹਾਂ ਦੇ ਵਿਦਵਾਨ ਪ੍ਰਚਾਰਕ ਕਥਾਵਾਚਕ ਹੋਣ ਦੇ ਠੱਪੇ ਵੀ ਲੱਗ ਗਏ ਪਰ ਹੌਲ਼ੀ ਹੌਲ਼ੀ ਪ੍ਰਚਾਰ ਅਤੇ ਮਰਯਾਦਾ ਸਨਾਤਨੀ ਡੇਰਿਆਂ ਵਾਲੀ ਹੀ ਪ੍ਰਚਾਰਨ ਲੱਗ ਪਏ ਅਤੇ ਸ਼ੋਮਣੀ ਕਮੇਟੀ ਵਿਖੇ ਘੁਸੜਨ ਵਿੱਚ ਵੀ ਕਾਮਯਾਬ ਹੋ ਗਏ। ਇਸ ਦਾ ਪ੍ਰਤੱਖ ਸਬੂਤ ਹੈ ਕਿ ਜਦ ਪੰਥ ਨੇ ਸ਼ੋਮਣੀ ਕਮੇਟੀ ਦੀ ਅਗਵਾਈ ਵਿੱਚ ‘ਸਿੱਖ ਰਹਿਤ ਮਰਯਾਦਾ’ ਦਾ ਖਰੜਾ ਤਿਆਰ ਕੀਤਾ ਤਾਂ ਅਜਿਹੇ ਵੱਡੇ ਕੱਦ ਵਾਲੇ ਸੰਪ੍ਰਦਾਈ, ਗਿਆਨੀ ਅਤੇ ਡੇਰੇਦਾਰ ਇਸ ਨੂੰ ਮੰਨਣ ਤੋਂ ਇਨਕਾਰੀ ਹੋ ਗਏ ਅਤੇ ਆਪਣੇ ਡੇਰਿਆਂ ਅਤੇ ਸੰਪ੍ਰਦਾਈ ਟਕਸਾਲਾਂ ਵਿਖੇ ਆਪੋ ਆਪਣੀ ਮਰਯਾਦਾ ਅਤੇ ਸਨਾਤਨੀ ਕਥਾ ਪ੍ਰਣਾਲੀ ਮੁੜ ਬਹਾਲ ਕਰ ਦਿੱਤੀ।

ਗਿ. ਦਿੱਤ ਸਿੰਘ ਨੇ ਪਾਖੰਡਵਾਦ ਦੇ ਪੜਦੇ ਆਪਣੀਆਂ ਵਡਮੁਲੀਆਂ ਲਿਖਤਾਂ ਰਾਹੀਂ ਖੋਲ੍ਹੇ ਅਤੇ ਦਇਆ ਨੰਦ ਵਰਗੇ ਘਮੰਡੀ ਆਰੀਆ ਸਮਾਜੀ ਨੂੰ ਇੱਕ ਭਰੀ ਸਭਾ ਵਿਖੇ ਮੂੰਹ ਤੋੜਵਾਂ ਜਵਾਬ ਦੇ ਕੇ ਨਿਰੁੱਤਰ ਕੀਤਾ। ਭਾਈ ਕਾਨ੍ਹ ਸਿੰਘ ਨਾਭਾ ਨੇ ਵੀ ਬਹੁਤ ਸਾਰੀਆਂ ਕਿਤਾਬਾਂ; ਜਿਵੇਂ ਕਿ ਗੁਰਮਤਿ ਸੁਧਾਕਰ, ਗੁਰਮਤਿ ਮਾਰਤੰਡ ਅਤੇ ਮਹਾਂਨ ਕੋਸ਼ ਵਰਗੀਆਂ ਮਹਾਂਨ ਰਚਨਾਵਾਂ ਲਿਖੀਆਂ, ਜਿਨ੍ਹਾਂ ਵਿੱਚੋਂ ਗੁਰਬਾਣੀ ਵਿਆਖਿਆ ਵਾਸਤੇ ਬਹੁਤ ਸਾਰੇ ਪ੍ਰਮਾਣ ਪ੍ਰਸੰਗ ਮੁਤਾਬਕ ਮਿਲ ਜਾਂਦੇ ਹਨ ਅਤੇ ਮਹਾਂਨ ਕੋਸ਼ ਤਾਂ ਮਾਨੋਂ ਅਰਥਾਂ ਦਾ ਖ਼ਜ਼ਾਨਾ ਹੀ ਹੈ।

ਪ੍ਰੋ. ਸਾਹਿਬ ਸਿੰਘ ਜੀ ਜੋ ਹਿੰਦੂ ਘਰਾਣੇ ਨਾਲ ਸਬੰਧਿਤ ਅਤੇ ਸੰਸਕ੍ਰਿਤ ਦੇ ਉੱਚ ਕੋਟੀ ਦੇ ਵਿਦਵਾਨ ਸਨ ਜੋ ਸਿੱਖੀ ਵਿੱਚ ਪ੍ਰਵੇਸ਼ ਕਰ ਕੇ ਨੱਥੂ ਰਾਮ ਤੋਂ ਸਾਹਿਬ ਸਿੰਘ ਹੋਏ ਸਨ, ਗੁਰਬਾਣੀ, ਫ਼ਿਲਾਸਫ਼ੀ ਅਤੇ ਗੁਰ ਇਤਿਹਾਸ ਦੀ ਗਹਿਰਾਈ ਨਾਲ ਸਟੱਡੀ ਕਰਨ ਲੱਗ ਪਏ। ਉਹ ਆਪਣੀ ਸਵੈ ਜੀਵਨੀ ਵਿੱਚ ਲਿਖਦੇ ਹਨ ਕਿ ਜਦ ਮੈਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਕੀਤਾ ਤਾਂ ਇੱਕੋ ਸ਼ਬਦ ਕਈ ਰੂਪਾਂ ’ਚ ਲਿਖਿਆ ਪੜ੍ਹਿਆ ਤਾਂ ਮਨ ਵਿੱਚ ਸ਼ੰਕਾ ਪੈਦਾ ਹੋਇਆ ਐਸਾ ਕਿਉਂ ਹੈ?  ਤਾਂ ਰਾਤ ਦਿਨ ਇੱਕ ਕਰ ਕੇ ਗੁਰਬਾਣੀ ਬਾਰੇ ਖੋਜ ਕੀਤੀ ਅਤੇ ਗੁਰਬਾਣੀ ਅਰਥਾਂ ਨੂੰ ਸੁਖੈਣ ਸਮਝਣ ਵਾਸਤੇ ਗੁਰਬਾਣੀ ਵਿੱਚੋਂ ਹੀ ‘ਗੁਰਬਾਣੀ ਵਿਆਕਰਨ’ ਦੇ ਸਿਧਾਂਤ ਲੱਭੇ ਜਿਨ੍ਹਾਂ ਨੂੰ ਕਿਤਾਬ ਦਾ ਰੂਪ ਦਿੱਤਾ ਗਿਆ। ਗੁਰਬਾਣੀ ਵਿਚਾਰ ਦੇ ਨਾਲ-ਨਾਲ ਦਸਾਂ ਗੁਰੂਆਂ ਦਾ ਇਤਿਹਾਸ ਲਿਖਿਆ ਅਤੇ ਗੁਰਮਤਿ ਸਿਧਾਂਤ ’ਤੇ ਕਈ ਹੋਰ ਕਿਤਾਬਾਂ ਵੀ ਲਿਖੀਆਂ। ਖ਼ਾਸ ਕਰ ਕੇ ਗੁਰਬਾਣੀ ਦਾ ਟੀਕਾ ਲਿਖਣਾ ਸ਼ੁਰੂ ਕੀਤਾ ਕਿਉਂਕਿ ਪਹਿਲੇ ਜਿੰਨੇ ਵੀ ਟੀਕੇ ਸਨ ਕਰੀਬ ਸਭ ਨਾਲ ਅਰਥ ਕਰਦੇ ਸਮੇਂ ਮਿਥਿਹਾਸਕ ਕਥਾ, ਕਹਾਣੀਆਂ, ਸਾਖੀਆਂ ਆਦਿਕ ਜੋੜ ਕੇ ਗੁਰਬਾਣੀ ਸਿਧਾਂਤਾਂ ਨੂੰ ਬ੍ਰਾਹਮਣੀ, ਸਨਾਤਨੀ ਵੇਦਾਂਤੀ ਰੰਗਤ ਦੇ ਕੇ ਸਿੱਖੀ ਦਾ ਭਗਵਾਕਰਨ ਕਰ ਦਿੱਤਾ ਗਿਆ ਸੀ। ਇਸ ਸਭ ਕੁੱਝ ਨੂੰ ਵਾਚ ਕੇ ਹੀ ਬੜੀ ਕਰੜੀ ਮਿਹਨਤ ਨਾਲ ਪ੍ਰੋ. ਸਾਹਿਬ ਸਿੰਘ ਜੀ ਨੇ ਗੁਰਬਾਣੀ ਦੀ ਸਿਧਾਂਤਕ ਵਿਆਖਿਆ ਕੀਤੀ ਅਤੇ ਇਹ ਵੀ ਲਿਖਿਆ ਕਿ ਇਹ ਸੰਪੂਰਨ ਨਹੀਂ, ਅੱਗੇ ਹੋਰ ਵੀ ਖੋਜ ਦੀ ਲੋੜ ਹੈ-‘‘ਖੋਜੀ ਉਪਜੈ, ਬਾਦੀ ਬਿਨਸੈ.. ’’ (ਮ: ੧/੧੨੫੫) 

ਸੋ ਅੱਜ ਹੋਰ ਵੀ ਵਿਦਵਾਨ ਇਸ ਪਾਸੇ ਲੱਗੇ ਹੋਏ ਹਨ ਕਿਉਂਕਿ ਕਈਆਂ ਥਾਵਾਂ ’ਤੇ ਗੁਰਬਾਣੀ ਦੇ ਸ਼ਬਦਾਰਥ ਅਤੇ ਸਿਧਾਂਤਕ ਭਾਵਾਰਥ ਕੀਤੇ ਤੋਂ ਬਿਨਾਂ ਸਮਝ ਨਹੀਂ ਪੈਂਦੀ, ਜਿਵੇਂ ‘ਲੇਲੇ ਕਉ ਚੂਘੇ ਨਿਤ ਭੇਡ ਲੇਲਾ ਪੁੱਤ ਅਤੇ ਭੇਡ ਮਾਂ ਹੈ ਜ਼ਰਾ ਸੋਚੋ ਕਦੇ ਮਾਂ ਵੀ ਪੁੱਤ ਨੂੰ ਚੁੰਘਦੀ ਹੈ, ਨਹੀਂ, ਸਗੋਂ ਪੁੱਤ ਹੀ ਮਾਂ ਨੂੰ ਚੁੰਘਦਾ ਹੈ।  ਸੋ ਇੱਥੇ ਭਾਵ ਹੈ ਬੁੱਧੀ ਰੂਪੀ ਭੇਡ; ਮਨ ਰੂਪੀ ਲੇਲੇ ਨੂੰ ਨਿਤਾਪ੍ਰਤੀ ਚੁੰਘੀ ਜਾ ਰਹੀ ਹੈ ਭਾਵ ਬੁੱਧੀ, ਮਨ ਦੇ ਪਿੱਛੇ ਲੱਗੀ ਫਿਰਦੀ ਹੈ। ਇਸੇ ਤਰ੍ਹਾਂ ਕਈ ਪੰਕਤੀਆਂ ’ਚ ਇੱਕ ਸ਼ਬਦ ਇੱਕੋ ਸਰੂਪ ਵਿੱਚ ਲਿਖਿਆ ਹੈ ਪਰ ਉਸ ਦੇ ਅਰਥ ਅਤੇ ਉਚਾਰਨ ਵੱਖਰੇ-ਵੱਖਰੇ ਹਨ; ਜਿਵੇਂ ‘‘ਮੋਹਨਿ, ਮੋਹਿ ਲੀਆ ਮਨੁ ਮੋਹਿ ਗੁਰ ਕੈ ਸਬਦਿ, ਪਛਾਨਾ ਤੋਹਿ’’  ਇੱਥੇ ‘ਮੋਹਿ’ ਸ਼ਬਦ ਦੋ ਵਾਰੀ ਆਇਆ ਹੈ ਅਤੇ ਪਹਿਲੇ ‘ਮੋਹਿ’ ਦਾ ਉਚਾਰਨ ‘ਮੋਹ’ ਹੈ ਅਤੇ ਅਰਥ ਹਨ ਮੋਹ ਲੈਣਾ ਪਰ ਦੂਜੇ ‘ਮੋਹਿ’ ਦਾ ਉਚਾਰਨ ਹੈ ‘ਮੋਹੇ’ (ਪੜਨਾਂਵ) ਅਤੇ ਅਰਥ ਹਨ ‘ਮੇਰਾ’।  ਸੋ ਭਾਵ ਹੈ ਕਿ ਮੋਹਨ ਪ੍ਰਭੂ ਨੇ ਮੇਰਾ ਮਨ ਮੋਹ ਲਿਆ ਹੈ। ਸੋ ਇਸ ‘ਮੋਹਿ’ ਸ਼ਬਦ ਨੂੰ ਦੋਵਾਂ ਥਾਵਾਂ ਤੇ ਮੋਹੇ ਮੋਹੇ ਨਹੀਂ ਪੜ੍ਹਿਆ ਜਾ ਸਕਦਾ ਅਤੇ ਨਾ ਹੀ ਦੋਵੇਂ ਥਾਂ ਮੋਹ ਪੜ੍ਹਿਆ ਜਾ ਸਕਦਾ ਹੈ ਪਰ ਗੁਰਬਾਣੀ ਵਿਆਕਰਨ ਤੋਂ ਅਣਜਾਣ ਜਾਂ ਜਾਣ ਬੁੱਝ ਕੇ ਨਾ ਮੰਨਣ ਵਾਲੇ ਦੋਵਾਂ ਥਾਵਾਂ ’ਤੇ ਉਚਾਰਨ ਮੋਹੇ ਮੋਹੇ ਹੀ ਕਰੀ ਅਤੇ ਪੜ੍ਹੀ ਜਾ ਰਹੇ ਹਨ। ਇਸ ਕਰ ਕੇ ਆਮ ਡੇਰੇਦਾਰ ਤਾਂ ਗੁਰਮਤਿ ਵਿਦਵਾਨਾਂ ਵਿਰੁਧ ਬੋਲਦੇ ਹੀ ਰਹਿੰਦੇ ਹਨ ਕਿਉਂਕਿ ਉਨ੍ਹਾਂ ਦੇ ਹਲਵੇ ਮੰਡੇ ਨੂੰ ਸੱਟ ਵਜਦੀ ਹੈ ਪਰ ਅੱਜ ਕੁੱਝ ਲੋਕ ਮਿਸ਼ਨਰੀ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੜ੍ਹ ਕੇ ਅਤੇ ਮਿਸ਼ਨਰੀ ਵਿਦਵਾਨ ਪ੍ਰਚਾਰਕ ਦਾ ਠੱਪਾ ਲਗਵਾ ਕੇ ਵੀ ਪ੍ਰਚਾਰ ਸਨਾਤਨਤਾ ਦਾ ਹੀ ਕਰਦੇ ਹੋਏ ਪ੍ਰੋ. ਸਾਹਿਬ ਸਿੰਘ ਜੀ ਵਿਰੁਧ ਬੋਲੀ ਤੇ ਲਿਖੀ ਜਾ ਰਹੇ ਹਨ। ਕੁਝ ਸਮਾਂ ਪਹਿਲੇ ਕੋਈ ਪ੍ਰੋ. ਅਵਤਾਰ ਸਿੰਘ ਨੇ ਪੰਜਾਬ ਨਿਊਜ ਅਤੇ ਪੰਜਾਬ ਟਾਈਮ ਅਖਬਾਰਾਂ ਰਾਹੀਂ ਪ੍ਰੋ. ਸਾਹਿਬ ਸਿੰਘ ਅਤੇ ਕੁੱਝ ਹੋਰ ਗੁਰਮਤੀ ਵਿਦਵਾਨਾਂ ਦੀ ਬੇਲੋੜੀ ਨਿੰਦਿਆ ਕਰਦਿਆਂ ਆਪਣੇ ਮਨ ਦੀ ਭੜਾਸ ਕੱਢਦਿਆਂ ਅਖ਼ਬਾਰਾਂ ਦੇ ਪੱਤਰੇ ਕਾਲੇ ਕੀਤੇ ਹਨ, ਜਿਨ੍ਹਾਂ ਵਿੱਚ ਬੇਦਲੀਲ ਗੱਲਾਂ ਕਰ ਕੇ ਮਿਥਿਹਾਸਵਾਦ,  ਮਨੋਕਲਪਿਤ ਸਾਖੀਵਾਦ ਅਤੇ ਅਣਹੋਣੀਆਂ ਕਰਾਮਾਤਾਂ ਨੂੰ ਬਢਾਵਾ ਦੇ ਕੇ ਗੁਰਮਤਿ ਸਿਧਾਂਤਾਂ ਦਾ ਭਰਵਾਂ ਵਿਰੋਧ ਕੀਤਾ ਹੈ।

ਯਾਦ ਰੱਖੋ ਸਿੱਖੀ ਵਿੱਚ ਪੂਜਾ ਅਕਾਲ ਕੀ, ਪਰਚਾ ਸ਼ਬਦ ਦਾ ਅਤੇ ਦੀਦਾਰ ਖ਼ਾਲਸੇ ਦਾ ਸਿਧਾਂਤ ਹੈ। ਸਿੱਖੀ ਵਿਖੇ ਪ੍ਰਥਮ ਪ੍ਰਮੁੱਖ ਅਕਾਲ ਪੁਰਖ ਪ੍ਰਮਾਤਮਾ ਨੂੰ ਮੰਨਿਆਂ ਗਿਆ ਹੈ, ਦੂਜੇ ਨੰਬਰ ’ਤੇ ਗੁਰੂ ਦੀ ਮਹਾਨਤਾ ਹੈ, ਜਿਸ ਰਾਹੀਂ ਪ੍ਰਮਾਤਮਾ ਬਾਰੇ ਗਿਆਨ ਪ੍ਰਾਪਤ ਹੁੰਦਾ ਹੈ। ਗੁਰੂਆਂ ਨੇ ਆਪਣੇ ਆਪ ਨੂੰ ਰੱਬ ਨਹੀਂ ਸਦਵਾਇਆ ਸਗੋਂ ਉਸ ਦੇ ਸੇਵਕ, ਦਾਸ ਅਤੇ ਦਾਸੀਆਂ, ਢਾਢੀ, ਸ਼ਾਇਰ ਆਦਿਕ ਹੀ ਕਿਹਾ ਹੈ। ਇੱਥੋਂ ਤੱਕ ਕਿ ‘‘ਇਸੁ ਜਗ ਮਹਿ ਪੁਰਖੁ ਏਕੁ ਹੈ, ਹੋਰ ਸਗਲੀ ਨਾਰਿ ਸਬਾਈ’’  ਅਤੇ ਹੋਰ ਵੀ ਫ਼ੁਰਮਾਨ ਹਨ ‘‘ਸੋ ਮੁਖੁ ਜਲਉ, ਜਿਤੁ ਕਹਹਿ ਠਾਕੁਰੁ ਜੋਨੀ’’ ਇੱਥੇ ਠਾਕਰ ਦਾ ਅਰਥ ਮਾਲਕ ਹੈ, ਜੋ ਸਾਰੀ ਦੁਨੀਆਂ ਦਾ ਮਾਲਕ ਹੈ, ਜੋ ਜੰਮਦਾ, ਮਰਦਾ ਨਹੀਂ।  ਗੁਰੂ, ਭਗਤ ਤਾਂ ਮਾਂ ਦੇ ਪੇਟ ਤੋਂ ਸਰੀਰ ਕਰ ਕੇ ਜਨਮੇ ਵੀ ਅਤੇ ਸਰੀਰ ਕਰ ਕੇ ਮਰੇ ਵੀ। ਇਸੇ ਕਰ ਕੇ ਉਨ੍ਹਾਂ ਨੇ ਸਰੀਰਾਂ ਨੂੰ ਬਿਨਸਨਹਾਰ ਕਿਹਾ ਹੈ, ‘‘ਜੋ ਉਪਜਿਓ ਸੋ ਬਿਨਸਿ ਹੈ, ਪਰੋ ਆਜੁ ਕੈ ਕਾਲਿ’’

 ਹਾਂ ਗੁਰਬਾਣੀ ’ਚ ਗੁਰੂਆਂ ਭਗਤਾਂ ਨੂੰ ਰੱਬੀ ਰੂਪ ਜ਼ਰੂਰ ਦਰਸਾਇਆ ਗਿਆ ਹੈ ਕਿਉਂਕਿ ਉਹ ਹਮੇਸ਼ਾਂ ਇੱਕ ਰੱਬ ਨੂੰ ਹੀ ਸਰਬੋਚਤਾ ਦਿੰਦੇ ਰਹੇ ਹਨ। ਭੱਟਾਂ ਨੇ ਵੀ ਇਸੇ ਸੰਦਰਭ ਵਿੱਚ ਗੁਰੂ ਉਸਤਤਿ ਕਰਦਿਆਂ ਗਾਇਨ ਕੀਤਾ ਸੀ ਕਿ ‘‘ਆਪਿ ਨਰਾਇਣੁ ਕਲਾ ਧਾਰਿ, ਜਗ ਮਹਿ ਪਰਵਰਿਯਉ’’ ਨਾਰਾਇਣ ਵਾਲੇ ਗੁਣ ਧਾਰਨ ਕਰ ਕੇ ਗੁਰੂ ਜੀ ਨਰਾਇਣ ਰੂਪ ਹੋ ਗਏ।

ਆਪਾਂ ਆਮ ਹੀ ਕਿਸੇ ਦੇ ਚੰਗੇ ਗੁਣ ਦੇਖ ਕੇ ਕਹਿ ਦਿੰਦੇ ਹਾਂ ਕਿ ਫਲਾਣਾ ਤਾਂ ਰੱਬ ਦਾ ਹੀ ਰੂਪ ਹੈ।  ਸੋ ਭੱਟਾਂ ਨੇ ਵੀ ਗੁਰੂ ਵਿੱਚ ਰੱਬੀ ਗੁਣ ਦੇਖ ਕੇ ਹੀ ਐਸਾ ਕਿਹਾ ਸੀ।  ਪ੍ਰੋ. ਸਾਹਿਬ ਸਿੰਘ ਜੀ ਨੇ ਵੀ ਗੁਰੂਆਂ ਭਗਤਾਂ ਤੋਂ ਹੀ ਸੇਧ ਲਈ ਹੈ, ਨਾ ਕਿ ਕਿਸੇ ਸੰਪ੍ਰਦਾਈ ਜਾਂ ਡੇਰੇਦਾਰਾਂ ਤੋਂ। ਪ੍ਰੋ. ਸਾਹਿਬ ਸਿੰਘ ਜੀ ਨਾਸਤਕ ਨਹੀਂ ਸਨ, ਜਿਨ੍ਹਾਂ ਨੇ ਲੱਖਾਂ ਹੀ ਪ੍ਰਾਣੀਆਂ ਨੂੰ ਗੁਰੂ ਸਿਧਾਂਤ ਨਾਲ ਜੋੜਿਆ ਅਤੇ ਅੱਜ ਵੀ ਲੱਖਾਂ ਹੀ ਗੁਰੂ ਪ੍ਰੇਮੀ ਉਨ੍ਹਾਂ ਦੀਆਂ ਲਿਖਤਾਂ ਰਾਹੀਂ ਗੁਰੂ ਨਾਲ ਜੁੜ ਰਹੇ ਹਨ ਅਤੇ ਗੁਰਬਾਣੀ ਦਾ ਪ੍ਰਚਾਰ ਕਰ ਰਹੇ ਹਨ। ਗੁਰੂ ਗ੍ਰੰਥ ਸਾਹਿਬ ਦਰਪਣ (ਗੁਰਬਾਣੀ ਦਾ ਦਸਾਂ ਪੋਥੀਆਂ ਵਿੱਚ ਟੀਕਾ) ਉਨ੍ਹਾਂ ਦੀ ਪੰਥ ਨੂੰ ਬਲਕਿ ਸੰਸਾਰ ਨੂੰ ਵਡਮੁੱਲੀ ਦੇਣ ਹੈ। ਗੁਰੂ ਗ੍ਰੰਥ ਸਾਹਿਬ ਦਰਪਣ ਪੜ੍ਹ, ਵਾਚ ਕੇ ਸਿੱਖ ਨੂੰ ਕਿਸੇ ਸੰਪ੍ਰਦਾਈ ਡੇਰੇਦਾਰ ਜਾਂ ਲੰਮੇ ਚੋਲ਼ੇ ਵਾਲੇ ਕੋਲ਼ ਜਾਣ ਦੀ ਲੋੜ ਨਹੀਂ, ਜੋ ਹਮੇਸ਼ਾਂ ਹੀ ਸ਼ਰਧਾਲੂਆਂ ਨੂੰ ਡਰਾ ਕੇ ਕਿ ਵੇਖਣਾ ਕਿਤੇ ਗੁਰਬਾਣੀ ਗ਼ਲਤ ਪੜ੍ਹੀ ਗਈ ਤਾਂ ਪਾਪ ਚੜ੍ਹੇਗਾ, ਦੀ ਰੱਟ ਲਗਾ ਕੇ ਆਪਣੇ ਮਗਰ ਲਾਈ ਫਿਰਦੇ ਹਨ ਅਤੇ ਜਨਤਾ ਨੂੰ ਅੱਖਾਂ ਹੋਣ ਦੇ ਬਾਵਜੂਦ ਵੀ ਅੰਨ੍ਹੇ ਬਣਾਈ ਜਾ ਰਹੇ ਹਨ। ਸਿੱਖ ਦਾ ਅਰਥ ਸਿੱਖਣਾ ਹੈ, ਜੋ ਸਦਾ ਹੀ ਗੁਰੂ ਦਾ ਸਿਖਿਆਰਥੀ ਹੈ, ਨਾ ਕਿ ਕਿਸੇ ਸੰਤ, ਮਹੰਤ, ਸੰਪਦ੍ਰਾਈ ਡੇਰੇਦਾਰ ਦਾ। ਅਜਿਹੇ ਵਿਦਵਾਨਾਂ ਤੋਂ ਬਚਣ ਦੀ ਲੋੜ ਹੈ, ਜੋ ਸਿੱਖੀ ਨੂੰ ਵੇਦਾਂਤ ਅਤੇ ਮਿਥਿਹਾਸ ਦੀਆਂ ਐਨਕਾਂ ਨਾਲ ਵੇਖਦੇ ਤੇ ਵਾਚਦੇ ਹਨ। ਸਿੱਖ ਅਜਿਹਾ ਕਦੇ ਨਹੀਂ ਕਰ ਸਕਦਾ ਐਸਾ ਤਾਂ ਕਿਸੇ ਲਾਲਚ ਜਾਂ ਈਰਖਾ ਵੱਸ ਹੀ ਹੋ ਸਕਦਾ ਹੈ। ਚਾਹੀਦਾ ਤਾਂ ਪ੍ਰੋ. ਸਾਹਿਬ ਸਿੰਘ ਜੀ ਵਰਗੇ ਉੱਚ ਕੋਟੀ ਦੇ ਵਿਦਵਾਨਾਂ ਤੋਂ ਗੁਰਬਾਣੀ ਵਿਆਖਿਆ ਦੀ ਸੇਧ ਲੈ ਕੇ ਗੁਰਬਾਣੀ ਨੂੰ ਵੱਧ ਤੋਂ ਵੱਧ ਸਮਝਣ ਦੀ ਕੋਸ਼ਿਸ਼ ਕਰੀਏ, ਨਾ ਕਿ ਅਜਿਹੇ ਵਿਦਵਾਨਾਂ ਦੇ ਵਿਰੁਧ ਹੀ ਲਿਖੀ ਜਾਈਏ। ਗੁਰਬਾਣੀ ਆਪਣੇ ਆਪ ਵਿੱਚ ਮੁਕੰਮਲ ਹੈ, ਇਸ ਦੀ ਵਿਆਖਿਆ ਵੇਦਾਂਤੀ, ਸਨਾਤਨੀ ਅਤੇ ਸੰਪ੍ਰਦਾਈ ਐਨਕਾਂ ਲਾ ਕੇ ਨਹੀਂ ਕੀਤੀ ਜਾ ਸਕਦੀ ਅਤੇ ਸਾਖੀਆਂ ਅਤੇ ਇਤਿਹਾਸ ਵੀ ਗੁਰਬਾਣੀ ਸਿਧਾਂਤਾਂ ਦੀ ਕਸਵੱਟੀ ’ਤੇ ਪੂਰਾ ਉਤਰਨ ਵਾਲ਼ਾ ਹੀ ਠੀਕ ਮੰਨਿਆਂ ਜਾ ਸਕਦਾ ਹੈ।  ਸ਼ਰਧਾ ਵੀ ਗਿਆਨ ਸਹਿਤ ਹੋਣੀ ਚਾਹੀਦੀ ਹੈ, ਨਾ ਕਿ ਅੰਨ੍ਹੀ ਸ਼ਰਧਾ, ਜੋ ਗਿਆਨ ਦੇ ਦਰਵਾਜ਼ੇ ਹੀ ਬੰਦ ਕਰ ਦੇਵੇ।