ਗੁਰਬਾਣੀ ਪਰਿਪੇਖ ਵਿੱਚ ਖ਼ੁਦਕੁਸ਼ੀਆਂ ਤੋਂ ਬਚਣ ਦਾ ਗੁਰਮਤੀ ਮਾਰਗ

0
752

ਗੁਰਬਾਣੀ ਪਰਿਪੇਖ ਵਿੱਚ ਖ਼ੁਦਕੁਸ਼ੀਆਂ ਤੋਂ ਬਚਣ ਦਾ ਗੁਰਮਤੀ ਮਾਰਗ 

ਜਗਤਾਰ ਸਿੰਘ ਜਾਚਕ

‘ਖ਼ੁਦਕੁਸ਼ੀ’ (suicide) ਫ਼ਾਰਸੀ ਭਾਸ਼ਾ ਦਾ ਲਫ਼ਜ਼ ਹੈ, ਜਿਹੜਾ ਹੁਣ ਆਪਣੇ ਤਤਸਮ ਰੂਪ ਵਿਖੇ ਪੰਜਾਬੀ ਵਿੱਚ ਵੀ ਆਮ ਪ੍ਰਚਲਿਤ ਹੋ ਚੁੱਕਾ ਹੈ । ਸੰਸਕ੍ਰਿਤ, ਹਿੰਦੀ ਤੇ ਪੰਜਾਬੀ ਵਿੱਚ ਇਸ ਦੇ ਸਮਾਨਰਥਕ ਪਦ ਹਨ ‘ਆਤਮਘਾਤ’ ਤੇ ਆਤਮਹੱਤਿਆ। ਖ਼ੁਦਕੁਸ਼ੀ ਕਰਨ ਵਾਲੇ ਲਈ ਗੁਰਬਾਣੀ ਵਿੱਚ ‘ਆਤਮਘਾਤੀ’ (Self-killer, Suicider) ਲਫ਼ਜ਼ ਦੀ ਵਰਤੋਂ ਕੀਤੀ ਗਈ ਹੈ; ਜਿਵੇਂ ਫ਼ਤਵਾ ਰੂਪ ਗੁਰਵਾਕ ਹੈ : ‘‘ਆਤਮ ਘਾਤੀ ਹੈ, ਜਗਤ ਕਸਾਈ ॥’’ (ਮ: ੩/੧੧੮) ਕਿਉਂਕਿ ਅਜਿਹਾ ਵਿਅਕਤੀ ਕੇਵਲ ਆਪਣੀ ਹੀ ਆਤਮਕ ਤੇ ਸਰੀਰਕ ਹੱਤਿਆ ਦਾ ਦੋਸ਼ੀ ਨਹੀਂ ਬਣਦਾ ਸਗੋਂ ਆਪਣੇ ਮਨਮੁਖੀ, ਸੁਆਰਥੀ ਤੇ ਨਿਰਦਈ ਸੁਭਾਅ ਕਾਰਨ ਹੋਰਨਾਂ ਲਈ ਵੀ ਹਾਨੀਕਾਰਕ ਸਿੱਧ ਹੁੰਦਾ ਹੈ। ਉਸ ਦੀ ਰੀਸੇ ਹੋਰ ਵੀ ਕਈ ਗੁਰਮੁਖਾਂ ਵਾਂਗ ਸਰਬਪੱਖੀ ਸੰਘਰਸ਼ਮਈ ਜੀਵਣ ਜੀਊਣ ਦੀ ਥਾਂ ਭਗੌੜੇਪਣ ਵਾਲਾ ਖ਼ੁਦਕੁਸ਼ੀ ਦਾ ਰਾਹ ਅਖ਼ਤਿਆਰ ਕਰ ਲੈਂਦੇ ਹਨ।

ਯੂਨੀਵਰਸਿਟੀ ਆਫ਼ ਬਿ੍ਰਟਿਸ਼ ਕੁਲੰਬੀਆ ਦੇ ਇੱਕ ਸਰਵੇ ਮੁਤਾਬਕ ਸੰਸਾਰ ਭਰ ਵਿੱਚ ਹਰ ਸਾਲ ਇੱਕ ਮਿਲੀਅਨ (10 ਲੱਖ) ਲੋਕ ਖ਼ੁਦਕਸ਼ੀ ਕਰ ਰਹੇ ਹਨ, ਜਿਨ੍ਹਾਂ ਵਿੱਚ 6 ਸਾਲ ਦੇ ਬੱਚੇ ਤੋਂ ਲੈ ਕੇ 100 ਸਾਲ ਤੱਕ ਦੇ ਬਜ਼ੁਰਗ ਵੀ ਸ਼ਾਮਲ ਹਨ ਭਾਵ ਹਰ 40 ਸੈਕਿੰਡ ਪਿੱਛੋਂ ਕਿਤੇ-ਨ-ਕਿਤੇ ਅਜਿਹੀ ਦੁਖਦਾਈ ਦੁਰਘਟਨਾ ਘਟ ਜਾਂਦੀ ਹੈ। ਕੋਈ ਪਹਾੜ ਜਾਂ ਉੱਚੇ ਮਕਾਨ ਤੋਂ ਛਾਲ ਮਾਰ ਕੇ ਮਰ ਜਾਂਦਾ ਹੈ ਅਤੇ ਕੋਈ ਸਮੁੰਦਰ, ਨਦੀ-ਨਾਲੇ ਜਾਂ ਨਹਿਰ ਆਦਿਕ ਵਿੱਚ ਡੁੱਬ ਕੇ ਆਪਣੀ ਜਾਨ ਦੇ ਦਿੰਦਾ ਹੈ। ਕੋਈ ਫਾਹਾ ਲੈ ਕੇ ਜਾਂ ਜ਼ਹਿਰ ਖਾ ਜਾਂ ਪੀ ਕੇ ਆਪਣੀ ਜਾਨ ਗਵਾ ਲੈਂਦਾ ਹੈ ਅਤੇ ਕੋਈ ਮਿੱਟੀ ਦਾ ਤੇਲ ਜਾਂ ਪੈਟਰੋਲ ਆਦਿਕ ਛਿੜਕ ਕੇ ਅੱਗ ਵਿੱਚ ਸੜ-ਬਲ ਜਾਂਦਾ ਹੈ। ਅਮਰੀਕਾ ਵਿੱਚ ਖ਼ੁਦਕਸ਼ੀ ਕਰਨ ਵਾਲਿਆਂ ਵਿੱਚੋਂ 60% ਲੋਕ ਜਾਣ-ਬੁੱਝ ਕੇ ਕਾਰ ਐਕਸੀਡੈਂਟ ਕਰ ਲੈਂਦੇ ਹਨ ਕਿਉਂਕਿ, ਅਜਿਹੇ ਢੰਗ ਨਾਲ ਵਿਅਕਤੀ ਦੀ ਮੌਤ ਦਾ ਸੱਚ ਛੁਪਿਆ ਰਹਿ ਜਾਂਦਾ ਹੈ।

ਭਾਰਤ ਦੇ ਪ੍ਰਧਾਨ ਮੰਤਰੀ ਰਹੇ ਮੁਰਾਰਜੀ ਦੇਸਾਈ ਦੇ ਬਾਪ ਰਣਛੋੜ ਜੀ ਦੇਸਾਈ ਵਾਂਗ ਕੋਈ ਮੋਕਸ਼ ਦੇ ਖ਼ਿਆਲ ਨਾਲ ਖੂਹ ਵਿੱਚ ਛਾਲ ਮਾਰ ਕੇ ਆਤਮ-ਬਲੀਦਾਨ ਦੇ ਦਿੰਦਾ ਹੈ ਅਤੇ ਕੋਈ ਪ੍ਰਲੋਕ ਦੀ ਬਹਿਸ਼ਤ ਪ੍ਰਾਪਤੀ ਦੇ ਵਿਸ਼ਵਾਸ ਅਧੀਨ ਸ਼ਹਾਦਤ ਦਿੰਦਿਆਂ ਆਤਮਘਾਤੀ ਬੰਬ ਬਣ ਕੇ ਆਪਣੇ ਨਾਲ ਹੋਰ ਵੀ ਕਈ ਨਿਰਦੋਸ਼ਾਂ ਦੀ ਜਾਨ ਲੈ ਲੈਂਦਾ ਹੈ। ਕੋਈ ਜਰਮਨੀ ਦੇ ਜ਼ਾਲਮ ਡਿਕਟੇਟਰ ਹਿਟਲਰ ਵਾਂਗ ਜ਼ੁਲਮਾਂ ਅਤੇ ਮੰਦਕਰਮਾਂ ਦੇ ਭਾਰ ਹੇਠ ਦਬ ਕੇ ਆਪਣੇ ਆਪ ਨੂੰ ਗੋਲੀ ਮਾਰ ਲੈਂਦਾ ਹੈ ਅਤੇ ਕੋਈ ਹਕੂਮਤ ਦੀ ਧੱਕੇਸ਼ਾਹੀ ਦਾ ਵਿਰੋਧ ਕਰਦਾ ਆਤਮਦਾਹ ਕਰ ਲੈਂਦਾ ਹੈ, ਪਰ ਹੁਣ ਤਾਂ ਹੈਰਾਨੀ ਹੋ ਰਹੀ ਹੈ ਕਿ ਕੁਝ ਲੋਕ ਖੇਡ ਖੇਡ ਵਿੱਚ ਹੀ ਆਪਣੀ ਜਾਨ ਗਵਾ ਰਹੇ ਹਨ; ਜਿਵੇਂ ਮੀਡੀਏ ਦੀਆਂ ਖ਼ਬਰਾਂ ਮੁਤਾਬਕ 2013 ਤੋਂ ਰੂਸ ਵਿੱਚ ਸ਼ੁਰੂ ਹੋਈ ‘ਬਲਿਊ ਵ੍ਹੇਲ’ ਨਾਂ ਦੀ ਇੰਟਰਨੈਟ ਸੁਸਾਈਡ ਗੇਮ ਕਾਰਨ ਹੁਣ ਤਕ ਉਥੇ 130 ਵਿਅਕਤੀ ਮੌਤ ਦੇ ਮੂੰਹ ਵਿੱਚ ਪੈ ਚੁੱਕੇ ਹਨ। ਭਾਵੇਂ ਕਿ ਰੂਸ ਦੀ ਕੋਈ ਅਦਾਲਤ ਗੇਮ ਦੇ ਇੱਕ ਪ੍ਰਕਾਸ਼ਕ ਨੂੰ ਸਜ਼ਾ ਵੀ ਸੁਣਾ ਚੁੱਕੀ ਹੈ। ਪਹਿਲੀ ਅਗਸਤ 2017 ਦੀਆਂ ਭਾਰਤੀ ਅਖ਼ਬਾਰਾਂ ਮੁਤਾਬਕ ਮੁੰਬਈ ਵਿੱਚ ਅੰਧੇਰੀ ਈਸਟ ਦੇ ਰਹਿਣ ਵਾਲੇ ਇੱਕ 14 ਸਾਲਾ ਬੱਚੇ ਨੇ 7ਵੀਂ ਮੰਜ਼ਲ ਤੋਂ ਛਾਲ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮੰਨਿਆ ਜਾ ਰਿਹਾ ਹੈ ਕਿ ਇਹ ਬੱਚਾ ਉਪਰੋਕਤ ਖ਼ੂਨੀ ਗੇਮ ਦਾ ਸ਼ਿਕਾਰ ਹੋਇਆ ਹੈ ਕਿਉਂਕਿ ਉਸ ਨੇ ਆਪਣੇ ਸਕੂਲ ਦੇ ਦੋਸਤਾਂ ਨੂੰ ਕਿਹਾ ਸੀ ਕਿ ਉਹ ‘ਬਲਿਊ ਵ੍ਹੇਲ’ ਗੇਮ ਖੇਲ ਰਿਹਾ ਹੈ, ਇਸ ਲਈ ਅੱਜ ਸਕੂਲ ਨਹੀਂ ਆਵੇਗਾ।

ਮਨੋ-ਵਿਗਿਆਨੀਆਂ ਮੁਤਾਬਕ ਖ਼ੁਦਕਸ਼ੀ ਉਹੀ ਲੋਕ ਕਰਦੇ ਹਨ, ਜਿਹੜੇ ਕਿਸੇ ਮਾਨਸਿਕ ਰੋਗ ਕਾਰਨ ਆਪਣਾ ਦਿਮਾਗੀ ਸੰਤੁਲਨ ਗਵਾ ਬੈਠਦੇ ਹਨ ਕਿਉਂਕਿ ਕੋਈ ਵੀ ਸੁਅਸਥ ਤੇ ਸੰਤੁਲਨ ਜੀਵਨ ਜੀਊਣ ਵਾਲਾ ਵਿਅਕਤੀ ਆਪਣੀ ਮੌਤ ਆਪ ਨਹੀਂ ਸਹੇੜ ਸਕਦਾ। ਹਰੇਕ ਜੀਵ-ਜੰਤੂ ਅੰਦਰ ਆਪਣੇ ਆਪ ਨੂੰ ਸੁਰੱਖਿਅਤ (ਜੀਊਂਦਾ) ਰੱਖਣ ਦੀ ਭਾਵਨਾ ਕੁਦਰਤੀ ਤੌਰ ’ਤੇ ਮੌਜੂਦ ਹੈ ਅਤੇ ਇਸ ਪੱਖੋਂ ਮਨੁੱਖਾ ਸ਼੍ਰੇਣੀ ਸਭ ਤੋਂ ਵਧੇਰੇ ਚਿੰਤਤ ਹੈ। ਗੁਰਵਾਕ ਹੈ : ‘‘ਬਹੁਤਾ ਜੀਵਣੁ ਮੰਗੀਐ; ਮੁਆ ਨ ਲੋੜੈ ਕੋਇ ॥’’ (ਮ: ੧/੬੩) ਜਿਨ੍ਹਾਂ ਮਾਨਸਿਕ ਰੋਗਾਂ ਕਾਰਨ ਮਨੁੱਖ ਅੰਦਰ ਆਤਮ-ਹੱਤਿਆ ਦੀ ਪ੍ਰਵਿਰਤੀ ਪ੍ਰਬਲ ਹੁੰਦੀ ਹੈ, ਉਨ੍ਹਾਂ ਵਿੱਚੋਂ ਕੁਝ ਮੁੱਖ ਨਾਮ ਹਨ : ‘ਡਿਮੇਸ਼ੀਆ ਪ੍ਰਿਕੋਕਸ’ ਯਾਨੀ ਜਵਾਨ ਅਵਸਥਾ ਦਾ ਹਿੰਸਾਤਮਕ ਪਾਗਲਪਨ, ‘ਡਿਮੇਸ਼ੀਆ ਪੈਰਾਲਿਟਿਕਾ’ ਯਾਨੀ ਪਾਗਲਪਨ ਦਾ ਵਕਤੀ ਦੌਰਾ, ‘ਮੈਲਨਕੋਲੀਆ’ ਯਾਨੀ ਵਿਸ਼ਾਦ ਰੋਗ, ਜਿਸ ਵਿੱਚ ਦਿਮਾਗੀ ਜੜ੍ਹਤਾ, ਨਿਰਾਸ਼ਤਾ ਅਤੇ ਅਪਰਾਧਕ ਭਾਵਨਾ ਆਦਿਕ ਦੇ ਮਾਨਸਕ ਕਲੇਸ਼ ਵੀ ਸ਼ਾਮਲ ਹੁੰਦੇ ਹਨ। ਪੰਜਾਬੀ ਮੁਹਾਵਰੇ ਵਿੱਚ ਇਸ ਨੂੰ ‘ਦਿਲ ਦਾ ਟੁੱਟਣਾ’ ਵੀ ਆਖਿਆ ਜਾ ਸਕਦਾ ਹੈ ।

ਸੰਸਾਰ ਭਰ ਦੇ ਖ਼ੁਦਕੁਸ਼ੀ ਨੋਟਾਂ ਨੂੰ ਵਿਚਾਰਨ ਉਪਰੰਤ ਮਨੋਵਿਗਿਆਨੀਆਂ ਨੇ ਉਪਰੋਕਤ ਕਿਸਮ ਦੇ ਮਾਨਸਕ ਰੋਗਾਂ ਦੇ 5 ਮੁੱਖ ਕਾਰਨ ਦੱਸੇ ਹਨ, ਜਿਨ੍ਹਾਂ ਕਰਕੇ ਮਨੁੱਖੀ ਮਨ ਡੀਪ੍ਰੇਸ਼ਨ ਵਿੱਚ ਚਲਾ ਜਾਂਦਾ ਹੈ ਅਤੇ ਫਿਰ ਸਹਿਨਸ਼ੀਲਤਾ ਦੀ ਘਾਟ ਕਾਰਨ ਆਤਮ-ਹੱਤਿਆ ਬਾਰੇ ਸੋਚਣ ਲੱਗਦਾ ਹੈ।

(1). ਪਰਿਵਾਰਕ, ਸਮਾਜਕ ਤੇ ਰਾਜਨੀਤਕ ਦਬਾਅ – ਜਿਵੇਂ ਕਿਸੇ ਨੋਂਹ ’ਤੇ ਸਹੁਰਿਆਂ ਵੱਲੋਂ ਦਹੇਜ ਆਦਿਕ ਲਿਆਉਣ ਦਾ ਦਬਾਅ। ਪਰਿਵਾਰਕ ਲੋੜਾਂ ਦੀ ਪੂਰਤੀ ਦਾ ਦਬਾਅ, ਜਿਸ ਅਧੀਨ ਵਿਅਕਤੀ ਕਰਜ਼ਾ ਆਦਿਕ ਲੈਣ ਲਈ ਮਜਬੂਰ ਹੋ ਜਾਂਦਾ ਹੈ, ਲੋਕ-ਲਾਜ ਅਧੀਨ ਸਮਾਜਕ ਤੇ ਅਪਰਾਧਕ-ਭਾਵਨਾ ਅਧੀਨ ਧਾਰਮਕ ਦਬਾਅ ਅਤੇ ਰਾਜਨੀਤਕ ਧੜੇਬੰਦੀ ਸਦਕਾ ਸਰਕਾਰੀ ਦਹਿਸ਼ਤ ਤੇ ਆੜ੍ਹਤੀਆਂ ਦਾ ਦਬਾਅ।

ਸਮਾਜਕ ਵਿਹਾਰ : ਊਚ-ਨੀਚ, ਰੰਗ-ਰੂਪ ਅਤੇ ਛੂਤ-ਛਾਤ ਆਦਿਕ ਸਮਾਜਿਕ ਵਿਤਕਰਿਆਂ ਦਾ ਦੁੱਖ ਅਤੇ ਜਾਤੀ ਹਉਮੈ ਅਧੀਨ ਵਿਆਹ ਸ਼ਾਦੀਆਂ ਆਦਿਕ ਸਮਾਜਕ ਰਸਮੋ ਰਵਾਜ਼ਾਂ ਦੀ ਪੂਰਤੀ ਕਰ ਸਕਣ ਦੀ ਅਸਮਰਥਾ।

(2). ਜਜ਼ਬਾਤੀ ਪੀੜਾ – ਜਿਵੇਂ ਸਹੁਰਿਆਂ ਵੱਲੋਂ ਨੋਂਹ ਨੂੰ ਦਾਜ ਨਾ ਲਿਆਉਣ ਲਈ ਅਤੇ ਕਿਸੇ ਧੀਆਂ ਦੀ ਮਾਂ ਨੂੰ ਪੁੱਤ ਨਾ ਹੋਣ ’ਤੇ ਤਾਹਨੇ-ਮਿਹਣੇ ਸੁਣਨੇ ਪੈਣ। ਕਿਸੇ ਗ਼ਰੀਬ ਦੀ ਜਾਤ-ਪਾਤ ਨੌਲੀ ਜਾਵੇ ਜਾਂ ਕਿਸੇ ਵੀ ਵਿਅਕਤੀਗਤ ਦੀ ਕਮਜ਼ੋਰੀ ਪ੍ਰਤੀ ਮਖੌਲ ਉੱਡਾ ਕੇ ਉਸ ਦੇ ਜ਼ਜਬਾਤਾਂ ਨੂੰ ਠੇਸ ਪਹੁੰਚਾਈ ਜਾਏ।

(3). ਪਿਆਰ ਸਤਿਕਾਰ ਦਾ ਅਭਾਵ ਤੇ ਇਕੱਲੌਤਾਪਣ : ਜਦੋਂ ਆਲੇ-ਦੁਆਲੇ ਜਾਂ ਪਰਿਵਾਰ ਦੇ ਵਿਹਾਰ ਤੋਂ ਮਨੁੱਖ ਅਜਿਹਾ ਪ੍ਰਭਾਵ ਲੈਂਦਾ ਹੈ ਕਿ ਉਸ ਨੂੰ ਕੋਈ ਪਿਆਰ ਨਹੀਂ ਕਰਦਾ, ਪਸੰਦ ਨਹੀਂ ਕਰਦਾ, ਸਤਿਕਾਰ ਨਹੀਂ ਦਿੰਦਾ ਤਾਂ ਐਸੀ ਅਸਵਥਾ ਵਿੱਚ ਜਿਥੇ ਉਹ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦਾ ਹੈ, ਉਥੇ ਅਜਿਹਾ ਵੀ ਸੋਚਣ ਲੱਗਦਾ ਹੈ ਕਿ ਮੈ ਤਾਂ ਪਰਿਵਾਰ ਅਤੇ ਸਮਾਜ ਉੱਤੇ ਇੱਕ ਬੋਝ ਹਾਂ, ਇਸ ਲਈ ਕਾਹਦੇ ਲਈ ਜੀਊਣਾ ਹੈ ?

(4). ਅਸਹਾਇ ਤੇ ਨਾ-ਉਮੀਦੀ : ਜਦੋਂ ਕਿਸੇ ਮਨੁੱਖ ਦੇ ਮਿਥੇ ਮਨੋਰਥ ਤੇ ਟੀਚੇ ਦੀ ਪੂਰਤੀ ਲਈ ਚਾਰੇ ਪਾਸੇ ਕੋਈ ਸਹਾਇਕ ਨਾ ਦਿਸੇ ਤਾਂ ਉਹ ਆਪਣੀ ਸਰੀਰਕ ਤੇ ਮਾਨਸਿਕ ਕਮਜ਼ੋਰੀ ਕਾਰਨ ਅਸਫਲਤਾ ਨੂੰ ਧਿਆਨ ਵਿੱਚ ਰੱਖਦਾ ਹੋਇਆ ਨਿਰਾਸਤਾ ਦੀ ਖੱਡ ਵਿੱਚ ਡਿੱਗ ਕੇ ਮਰਨ ਲਈ ਤਿਆਰ ਹੋ ਜਾਂਦਾ ਹੈ ਕਿਉਂਕਿ ਉਸ ਅੰਦਰ ਜੀਊਣ ਦਾ ਉਤਸ਼ਾਹ ਨਹੀਂ ਰਹਿੰਦਾ।

(5). ਨਕਾਰਾਤਮਕ ਸੋਚ : ਹਰ ਵੇਲੇ ਤੇ ਹਰੇਕ ਖੇਤਰ ਵਿੱਚ ਨਾਹ ਪੱਖੀ ਸੋਚਣਾ, ਜਿਸ ਨੂੰ ਗੁਰਮੁਖੀ ਭਾਸ਼ਾ ਵਿੱਚ ਢਹਿੰਦੀ ਕਲਾ ਵੀ ਕਹਿ ਸਕਦੇ ਹਾਂ। ਅਜਿਹਾ ਤਦੋਂ ਹੀ ਹੁੰਦਾ ਹੈ, ਜਦੋਂ ਉਸ ਨੂੰ ਆਲੇ-ਦੁਆਲੇ ’ਚੋਂ ਜਿੱਤ ਅਥਵਾ ਪ੍ਰਾਪਤੀ ਦਾ ਨਿਸ਼ਚਾ ਕਰਵਾ ਕੇ ਕਿਸੇ ਦੁੱਖ ਮੁਸੀਬਤ ਵੇਲੇ ਚੜ੍ਹਦੀ ਕਲਾ ਵਿੱਚ ਰਹਿਣ ਦੀ ਕੋਈ ਰੂਹਾਨੀ ਪ੍ਰੇਰਨਾ ਨਹੀਂ ਮਿਲਦੀ, ਪਰ ਮਜ਼ਹਬਾਂ ਦੇ ਤੁਲਨਾਤਮਕ ਅਧਿਐਨ (ਕੰਪੈਰੇਟਿਵ ਥਿਆਲੋਜੀ) ਦੇ ਵਿਦਵਾਨ ਇਸ ਨਤੀਜੇ ’ਤੇ ਪਹੁੰਚੇ ਹਨ ਕਿ ਸਮਾਜਕ ਖੇਤਰ ਦੀਆਂ ਖ਼ੁਦਕੁਸ਼ੀਆਂ ਨੂੰ ਭਾਵੇਂ ਸਿੱਧੇ ਰੂਪ ਵਿੱਚ ਕੋਈ ਵੀ ਮਤ-ਮਤਾਂਤਰ ਪ੍ਰਵਾਨ ਨਹੀਂ ਕਰਦਾ ਪ੍ਰੰਤੂ ਫਿਰ ਵੀ ਮਨੁੱਖ ਨੂੰ ਆਤਮ-ਹਤਿਆਰਾ (ਸੈਲਫ ਕਿਲਰ) ਬਣਾਉਣ ਵਿੱਚ ਕਥਿਤ ਧਾਰਮਕ ਗ੍ਰੰਥ ਤੇ ਉਨ੍ਹਾਂ ਦੇ ਪ੍ਰਚਾਰਕ ਵੀ ਬਹੁਤ ਸਹਾਇਕ ਹੋਏ ਹਨ ਕਿਉਂਕਿ ਪੂਰਬੀ ਮਤ-ਮਤਾਂਤਰਾਂ ਵਿੱਚ ਮਰਨ ਉਪਰੰਤ ਮੁਕਤੀ ਤੇ ਸਰਵਗ ਪ੍ਰਾਪਤੀ ਦੀ ਲਾਲਸਾ ਅਧੀਨ ਕੀਤੇ ਜਾਣ ਵਾਲੇ ਕਰਵਤ (ਆਰੇ) ਹੇਠ ਚਿਰ ਜਾਣ ਵਰਗੇ ਆਤਮ-ਬਲੀਦਾਨ ਅਤੇ ਪੱਛਮੀ ਮਤ-ਮਤਾਂਤਰਾਂ ਵਿੱਚ ਬਹਿਸ਼ਤ ਦੀ ਪ੍ਰਾਪਤੀ ਲਈ ਸ਼ਹਾਦਤ ਦੇਣ ਲਈ ਉਤਸ਼ਾਹਤ ਕਰਨਾ (ਜਿਸ ਅਧੀਨ ਕਈ ਨੌਜਵਾਨ ਆਤਮਘਾਤੀ ਬੰਬ ਬਣ ਕੇ ਆਪਣੀਆਂ ਜਾਨਾਂ ਗਵਾ ਰਹੇ ਹਨ) ਇੱਕ ਤਰ੍ਹਾਂ ਨਾਲ ਖ਼ੁਦਕਸ਼ੀ ਦੇ ਪ੍ਰੇਰਕ ਹੀ ਗਿਣੇ ਜਾਣੇ ਚਾਹੀਦੇ ਹਨ ਕਿਉਂਕਿ ਅਜਿਹੀਆਂ ਹਤਿਆਵਾਂ ਦਾ ਮੁੱਖ ਕਾਰਨ ਵੀ ਨਿੱਜੀ ਸੁਆਰਥ ਹੁੰਦਾ ਹੈ, ਸਿੱਖੀ ਵਾਂਗ ਮਨੁੱਖਤਾ ਹਿੱਤ ਕੋਈ ਪਰਉਪਕਾਰੀ ਮਨੋਰਥ ਨਹੀਂ।

ਬ੍ਰਾਹਮਣ ਗ੍ਰੰਥਾਂ ਵਿੱਚ ਤਾਂ ਇੱਥੋਂ ਤੱਕ ਕਿਹਾ ਗਿਆ ਹੈ ਕਿ ਦੇਵ-ਇਸ਼ਟ ਪ੍ਰਤੀ ਸਭ ਤੋਂ ਮਹਾਨ ਭੇਂਟ ਵਿਅਕਤੀ ਦੇ ਆਪਣੇ ਜੀਵਨ ਜਾਂ ਪ੍ਰਾਣਾਂ ਦੀ ਹੈ, ਉਸ ਦੇ ਮੁਕਾਬਲੇ ਬਾਕੀ ਸਭ ਵਸਤੂਆਂ ਮਹਜ ਤੇ ਘਟੀਆ ਵਿਕਲਪ ਹਨ।

‘ਕੰਠਸ਼੍ਰੁਤੀ ਉਪਨਿਸ਼ਦ’ ਵਿੱਚ ਲਿਖਿਆ ਹੈ ਕਿ ‘ਸੰਨਿਆਸੀ ਨੂੰ ਪੂਰਨ ਆਤਮ-ਗਿਆਨ ਹੋ ਜਾਣ ਉਪਰੰਤ ਭੁੱਖੇ ਰਹਿ ਕੇ, ਪਾਣੀ ਵਿੱਚ ਡੁੱਬ ਕੇ, ਗਰਦਨ ਕਟਵਾ ਕੇ ਜਾਂ ਅੱਗ ਵਿੱਚ ਜਲ਼ ਕੇ ਮਰ ਜਾਣਾ ਚਾਹੀਦਾ ਹੈ। ਇਸੇ ਖ਼ਿਆਲ ਅਧੀਨ ਪਹਿਲਾਂ ਦੁਆਪਰ ਯੁਗੀ ਪੰਜੇ ਪਾਂਡਵ ਭਰਾ ਹੇਮਕੁੰਟ ਵਿਖੇ ਬਰਫ਼ ਵਿੱਚ ਗਲ਼ ਕੇ ਸਵਰਗ ਵਿੱਚ ਪਹੁੰਚੇ ਸਨ ਅਤੇ ਫਿਰ ਕਲਯੁਗੀ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਮੁਰਾਰਜੀ ਦੇਸਾਈ ਦੇ ਮਾਤਾ ਅਤੇ ਪਿਤਾ ਰਣਛੋੜਜੀ ਦੇਸਾਈ ਨੇ ਘਰ ਵਿਚਲੇ ਖੂਹ ਵਿੱਚ ਛਾਲਾਂ ਮਾਰ ਕੇ ਹੀ ਭਗਵਾਨ ਨੂੰ ਆਪਣੇ ਪ੍ਰਾਣਾਂ ਦੀ ਅਹੂਤੀ ਚੜ੍ਹਾਈ ਸੀ। ‘ਧਰਮ ਸੂਤ੍ਰਾਂ’ ਮੁਤਾਬਕ ਬ੍ਰਾਹਮਣਤਵ ਪ੍ਰਾਪਤ ਕਰਨ ਦਾ ਸਭ ਤੋਂ ਸਿੱਧਾ ਰਸਤਾ ਬਲ਼ਦੀ ਚਿਖਾ ਵਿੱਚ ਪ੍ਰਵੇਸ਼ ਕੀਤਿਆਂ ਹੀ ਮਿਲਦਾ ਹੈ। ‘ਮਨੁਸਿਮ੍ਰਤੀ’ ਬ੍ਰਾਹਮਣ ਨੂੰ ਆਗਿਆ ਦਿੰਦੀ ਹੈ ਕਿ ਉਹ ਬੁਢੇਪੇ, ਬੀਮਾਰੀ ਜਾਂ ਕਸ਼ਟਾਂ ਤੋਂ ਮੁਕਤ ਹੋਣ ਲਈ ਆਤਮਦਾਹ ਕਰ ਸਕਦਾ ਹੈ। ਯੂਨਾਨੀ ਅਭਿਲੇਖਾਂ ਤੋਂ ਵੀ ਉਪਰੋਕਤ ਤੱਥਾਂ ਦੀ ਪੁਸ਼ਟੀ ਹੁੰਦੀ ਹੈ ਕਿਉਂਕਿ, ਸਿਕੰਦਰ ਦੇ ਨਾਲ ਗਏ ਇੱਕ ਨਗਨ ਸੰਨਿਆਸੀ ਕਾਲਨੌਸ (ਕਾਲਨਾਥ) ਦਾ ਉਲੇਖ ਹੈ ਕਿ ਜਦੋਂ ਉਹ ਪਾਸਰਗੜੇ ਨਾਮੀ ਸਥਾਨ ’ਤੇ ਬੀਮਾਰ ਹੋ ਗਿਆ ਤਾਂ ਉਸ ਨੇ ਸਿਕੰਦਰ ਦੀ ਮਰਜ਼ੀ ਦੇ ਖ਼ਿਲਾਫ਼ ਚਿਖਾ ਬਾਲ ਕੇ ਅਤਮਦਾਹ ਕਰ ਲਿਆ। ਮਧ-ਯੁਗੀ ਹਿੰਦੂ ਇਤਿਹਾਸ ਮੁਤਾਬਕ ਰਾਜਾ ਜੈ ਪਾਲ ਜਦੋਂ ਮਹਿਮੂਦ ਗਜਨਵੀ ਦੇ ਟਾਕਰੇ ’ਤੇ ਹਾਰ ਗਿਆ ਤਾਂ ਪ੍ਰੋਹਿਤਾਈ ਅਵਸਥਾ ਅਧੀਨ ਉਸ ਨੇ ਵੀ ਆਤਮਦਾਹ ਕਰ ਲਿਆ ਸੀ।

ਬਚਿਤ੍ਰਨਾਟਕ (ਕਥਿਤ ਦਸਮ ਗ੍ਰੰਥ) ਵਿੱਚਲੇ ਚਰਿਤ੍ਰੋਪਾਖਿਆਨ ਦੇ 363ਵੇਂ ਚਰਿਤ੍ਰ ਤੋਂ ਵੀ ਆਤਮ-ਹੱਤਿਆ ਦੀ ਪ੍ਰੇਰਨਾ ਹੀ ਮਿਲਦੀ ਹੈ, ਜਿਵੇਂ ਕਿਸੇ ਰਾਜ ਘਰਾਣੇ ਦੀ ਦੁਖੀ ਔਰਤ ਆਖਦੀ ਹੈ- ਧਿ੍ਰਗ ਮੁਹਿ; ਨਾਰਿ ਜੋਨਿ ਕਸ ਧਰੀ  ? ॥ ਕ੍ਯੋਂ, ਭੂਪਤਿ ਕੇ ਧਾਮੌਤਰੀ  ? ॥ ਮਾਗੀ ਦੇਤ, ਨ ਮ੍ਰਿਤੁ ਬਿਧਾਤਾ ॥ ਅਬ ਹੀ ਕਰੌ; ਦੇਹਿ ਕੋ ਘਾਤਾ ॥੧੪॥ ਕਿਉਂਕਿ ਇਹ ਵੀ ਤਾਂ ਉਪਰੋਕਤ ਕਿਸਮ ਦੇ ਬਿਪਰਵਾਦੀ ਗ੍ਰੰਥਾਂ ਦੀ ਸ਼ੇਣੀ ਵਿੱਚੋਂ ਹੀ ਇੱਕ ਹੈ। ਇਹ ਇੱਕ ਵੱਖਰੀ ਗੱਲ ਹੈ ਕਿ ਪੰਥਕ ਆਗੂਆਂ ਦੇ ਅਵੇਸਲੇਪਣ ਕਾਰਨ ਇਸ ਨੂੰ ਸਿੱਖੀ ਦੇ ਵਿਹੜੇ ਵਿੱਚ ਸੁੱਟ ਦਿੱਤਾ ਗਿਆ ਹੈ।

ਬੁੱਧ-ਮਤ ਤੇ ਜੈਨ-ਮਤ ਵਰਗੇ ਅਹਿੰਸਾਵਾਦੀ ਵਰਗਾਂ ਵਿੱਚ ਤਾਂ ਉਪਰੋਕਤ ਕਿਸਮ ਦਾ ਧਾਰਮਕ ਜਨੂੰਨ ਹੋਰ ਵੀ ਪ੍ਰਚੰਡ ਰੂਪ ਵਿੱਚ ਨਜ਼ਰੀ ਪੈਂਦਾ ਹੈ। ਮਹਾਯਾਨ ਬੌਧਮਤ ਤਾਂ ਸਾਫ ਨਿਰਦੇਸ਼ ਦਿੰਦਾ ਹੈ ਕਿ ਆਪਣੇ ਪ੍ਰਾਣ ਦੇਣਾ ਆਤਮ-ਬਲਿਦਾਨ ਦਾ ਸਰਵਸ੍ਰੇਸ਼ਠ ਰੂਪ ਹੀ ਨਹੀਂ, ਸਗੋਂ ਸਰਵਸ੍ਰੇਸ਼ਠ ਉਪਾਸ਼ਨਾ ਵੀ ਹੈ। ‘ਚਰਿਯ ਪਿਟਕ’ ਤੇ ‘ਜਾਤਕ ਕਥਾਵਾਂ’ ਵਿੱਚ ਵੀ ਆਤਮਦਾਹ ਦਾ ਬੜਾ ਗੁਣਗਾਨ ਕੀਤਾ ਗਿਆ ਹੈ। ਅਸਲ ਵਿੱਚ ਕੁਝ ਇਹੀ ਕਾਰਨ ਹਨ ਕਿ ਸੰਸਾਰ ਭਰ ਦੀਆਂ ਹਕੂਮਤਾਂ ਨੇ ਆਤਮਹੱਤਿਆ ਨੂੰ ਭਾਵੇਂ ਕਾਨੂੰਨਣ ਅਪਰਾਧ ਘੋਸ਼ਤ ਕੀਤਾ ਹੋਇਆ, ਪਰ ਇਸ ਦੇ ਬਾਵਜੂਦ ਵੀ ਲੋਕ ਆਤਮ-ਹਤਿਆਵਾਂ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਇਸ ਵਿੱਚ ਮੋਕਸ਼, ਸਵਰਗ ਤੇ ਬਹਿਸ਼ਤ ਵਰਗੇ ਪ੍ਰਾਲੌੋਕਿਕ ਸੁੱਖ ਦਿਖਾਈ ਦੇ ਰਹੇ ਹਨ।

ਸੰਸਾਰ ਭਰ ਦੇ ਧਰਮ ਗ੍ਰੰਥਾਂ ਵਿੱਚ ਇੱਕੋ-ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੀ ਹਨ, ਜਿਨ੍ਹਾਂ ਵਿੱਚ ਆਤਮਘਾਤੀ ਵਿਅਕਤੀਆਂ ਨੂੰ ਮਨਮੁਖਾਂ ਦੀ ਸ਼੍ਰੇਣੀ ਵਿੱਚ ਰੱਖ ਕੇ ਵਿਚਾਰਦਿਆਂ ਅੰਧੇ, ਪਾਗਲ (ਸੁੱਧ ਨ ਕਾਈ) ਤੇ ਰੱਬ ਦੇ ਚੋਰ (ਹਰਤੇ) ਦਸਦਿਆਂ ‘ਜਗਤ-ਕਸਾਈ’ ਮੰਨਿਆ ਗਿਆ ਹੈ ਕਿਉਂਕਿ ਪਹਿਲਾਂ ਉਹ ਜਿੱਥੇ ਮਾਇਆ ਮੋਹ ਵਿੱਚ ਗੁਣਨਿਧਾਨ ਰੱਬ ਰੂਪ ਸੱਚ ਨਾਲੋਂ ਟੁੱਟ ਕੇ ਔਗਣਾਂ ਵੱਸ ਆਤਮਕ ਮੌਤੇ ਮਰਦੇ ਹਨ ਅਤੇ ਫਿਰ ਸਰੀਰਕ-ਹੱਤਿਆ ਦੇ ਰੂਪ ਵਿੱਚ ਕੇਵਲ ਆਪਣਾ ਹੀ ਮਰਨ ਨਹੀਂ ਵਿਗਾੜਦੇ, ਸਗੋਂ ਹੋਰਨਾਂ ਲਈ ਵੀ ਆਤਮਘਾਤ ਦੇ ਪ੍ਰੇਰਕ ਬਣ ਜਾਂਦੇ ਹਨ। ਉਥੇ, ਉਹ ਲੱਬ-ਲੋਭ ਅਧੀਨ ਆਪਣੇ ਸੁਆਰਥੀ ਤੇ ਨਿਰਦਈ ਵਿਹਾਰ ਦੁਆਰਾ ਹੋਰਨਾਂ ਲਈ ਵੀ ਹਾਨੀਕਾਰਕ ਸਿੱਧ ਹੁੰਦੇ ਹਨ। ਗੁਰਵਾਕ ਹਨ : ‘‘ਮਨਮੁਖਿ ਅੰਧੇ, ਸੁਧਿ ਨ ਕਾਈ ॥ ਆਤਮ ਘਾਤੀ ਹੈ, ਜਗਤ ਕਸਾਈ ॥ (ਮ: ੩/੧੧੮), ਿਪਾ ਨਿਧਿ ਛੋਡਿ, ਆਨ ਕਉ ਪੂਜਹਿ; ਆਤਮ ਘਾਤੀ ਹਰਤੇ ॥ (ਮ: ੫/੧੨੬੭), ਮਨਮੁਖ ਮਰਹਿ; ਮਰਿ ਮਰਣੁ ਵਿਗਾੜਹਿ ॥ ਦੂਜੈ ਭਾਇ; ਆਤਮ ਸੰਘਾਰਹਿ ॥’’ (ਮ: ੩/੩੬੨), ਆਦਿ।

ਜਿਵੇਂ ਕੋਈ ਵਪਾਰੀ ਹੋਵੇ ਤਾਂ ਉਹ ਕਰਜ਼ਾ ਚੁੱਕ ਕੇ ਛੇਤੀ ਤੋਂ ਛੇਤੀ ਅਮੀਰ ਹੋਣ ਦੀ ਇੱਛਾ ਅਧੀਨ ਮਿਲਾਵਟੀ ਸਮਾਨ ਵੇਚ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਲਗਦਾ ਹੈ। ਜੇ ਕੋਈ ਬਿਲਡਰ ਠੇਕੇਦਾਰ ਹੋਵੇ ਤਾਂ ਉਹ ਬਿਲਡਿੰਗਾਂ ਤੇ ਪੁਲਾਂ ਆਦਿਕ ਦੀ ਉਸਾਰੀ ਵਿੱਚ ਲੋੜੀਂਦਾ ਸਮਾਨ ਨਹੀਂ ਵਰਤਦਾ, ਜਿਸ ਸਦਕਾ ਕਈ ਲੋਕਾਂ ਦੀਆਂ ਜਾਨਾਂ ਨਾਲ ਖਿਲਵਾੜ ਕਰਦਾ ਹੈ। ਜੇ ਕੋਈ ਕਿਸਾਨ ਅਜਿਹਾ ਹੋਵੇ ਤਾਂ ਉਹ ਕਰਜ਼ਾ ਲੈ ਕੇ ਐਸੇ ਜ਼ਹਿਰੀਲੇ ਕੈਮੀਕਲ ਖ਼ਰੀਦਦਾ ਹੈ, ਜਿਸ ਸਦਕਾ ਉਸ ਦੀ ਫਸਲ ਝਾੜ ਵਧੇਰੇ ਦੇਵੇ। ਸਬਜ਼ੀਆਂ ਤੇ ਫਲ਼ਾਂ ਆਦਿਕ ਵਿੱਚ ਟੀਕੇ ਲਗਾ ਕੇ ਆਪ ਵੀ ਬੇਈਮਾਨੀ ਦਾ ਜ਼ਹਿਰ ਖਾਂਦਾ ਹੈ ਅਤੇ ਲੋਕਾਂ ਨੂੰ ਵੀ ਕੈਮੀਕਲਾਂ ਦੇ ਰੂਪ ਵਿੱਚ ਜ਼ਹਿਰ ਖੁਆਉਂਦਾ ਹੈ। ਇਸ ਪ੍ਰਕਾਰ ਉਹ ਬੇਈਮਾਨੀ ਤੇ ਪਛੁਤਾਵੇ ਦੇ ਬੋਝ (ਡੀਪ੍ਰੇਸ਼ਨ) ਹੇਠ ਦੱਬ ਕੇ ਆਤਮਕ ਮੌਤੇ ਮਰਦਾ ਹੋਇਆ ਸਰੀਰਕ ਪੱਖੋਂ ਵੀ ਆਤਮਘਾਤੀ ਬਣ ਜਾਂਦਾ ਹੈ। ਜਿਹੜੇ ਕੋਈ ਅਮੀਰ ਹਨ, ਉਹ ਮਲਕ ਭਾਗੋ ਵਾਂਗ ਆੜ੍ਹਤੀਆਂ ਦੇ ਰੂਪ ਵਿੱਚ ਗ਼ਰੀਬ ਕਿਸਾਨਾਂ ਦਾ ਖ਼ੂਨ ਚੂਸਣ ਲੱਗਦੇ ਹਨ। ਇਸ ਲਈ ਹਜ਼ੂਰ ਬਚਨ ਕਰਦੇ ਹਨ : ‘‘ਅੰਧੇ ਖਾਵਹਿ ਬਿਸੂ ਕੇ ਗਟਾਕ ॥ (ਮ: ੫/੧੨੨੪), ਨਾਨਕ ! ਆਪਨ ਕਟਾਰੀ ਆਪਸ ਕਉ ਲਾਈ; ਮਨੁ ਅਪਨਾ ਕੀਨੋ ਫਾਟ ॥’’ (ਮ: ੫/੧੨੨੪), ਆਦਿ।

ਖ਼ੁਦਕੁਸ਼ੀ ਦੀ ਬੀਮਾਰੀ ਭਾਵੇਂ ਸੰਸਾਰ ਭਰ ਵਿੱਚ ਫੈਲੀ ਹੋਈ ਹੈ ਅਤੇ ਸਾਰੀਆਂ ਹਕੂਮਤਾਂ ਇਸ ਪੱਖੋਂ ਚਿੰਤਾਤੁਰ ਹਨ। ‘ਯੂਨੀਵਰਸਿਟੀ ਆਫ਼ ਕੈਲੇਫੋਰਨੀਆ, ਬਰਕਲੇ’ ਮੁਤਾਬਕ ‘ਜਲਵਾਯੂ ਤਬਦੀਲੀ ਕਾਰਨ ਭਾਰਤ ਵਿਖੇ ਪਿਛਲੇ 30 ਸਾਲਾਂ ਵਿੱਚ 59,000 ਕਿਸਾਨਾਂ ਨੇ ਖ਼ੁਦਕੁਸ਼ੀਆਂ ਕੀਤੀਆਂ ਹਨ ਅਤੇ ਇਸ ਪੱਖੋਂ ਹੁਣ ਇਹ ਦਰ ਹੋਰ ਵਧਣ ਦੀ ਸੰਭਾਵਨਾ ਹੈ ਕਿਉਂਕਿ ਤਾਪਮਾਨ ਵਿੱਚ ਮਹਿਜ਼ ਇੱਕ ਡਿਗਰੀ ਵਾਧਾ ਦੇਸ਼ ਭਰ ਵਿੱਚ 65 ਖ਼ੁਦਕੁਸ਼ੀਆਂ ਦਾ ਕਾਰਨ ਬਣਦਾ ਹੈ। ਸੋਕੇ ਤੇ ਹੜ੍ਹਾਂ ਕਾਰਨ ਫਸਲਾਂ ਦੇ ਮਾਰੇ ਜਾਣ ਕਰਕੇ ਆਈ ਗ਼ਰੀਬੀ ਕਿਸਾਨਾਂ ਨੂੰ ਮਰਨ ਲਈ ਮਜਬੂਰ ਕਰ ਰਹੀ ਹੈ।’

ਗੁਜਰਾਤ, ਰਾਜਸਥਾਨ ਤੇ ਮਹਾਂਰਾਸ਼ਟਰ ਦੇ ਕਿਸਾਨਾਂ ਪਿੱਛੋਂ ਜਿਸ ਢੰਗ ਨਾਲ ਪੰਜਾਬ ਵਿੱਚਲੇ ਮਾਲਵਾ ਖੇਤਰ ਦੇ ਕਿਸਾਨਾਂ ਨੇ ਆਤਮਘਾਤੀ ਰਵਈਆ ਅਖ਼ਤਿਆਰ ਕੀਤਾ ਹੈ, ਉਹ ਗੁਰਾਂ ਦੇ ਨਾਮ ’ਤੇ ਵੱਸੇ ਪੰਜਾਬ ਦੇ ਲੋਕਾਂ ਅਤੇ ਖ਼ਾਸ ਕਰਕੇ ਸਿੱਖ ਭਾਈਚਾਰੇ ਲਈ ਅਤਿਅੰਤ ਸ਼ਰਮਨਾਕ ਤੇ ਚਿੰਤਾਜਨਕ ਹੈ। ਇਸ ਲਈ ਜਿੱਥੇ ਰਾਜਨੀਤਕ ਪਾਰਟੀਆਂ ਦੀ ਵੋਟ-ਬਟੋਰੂ ਨੀਤੀ ਜ਼ਿੰਮੇਵਾਰ ਹੈ, ਜਿਸ ਨੇ ਵਾਰ ਵਰ ਕਰਜ਼ਿਆਂ ਦੀ ਮੁਆਫ਼ੀ ਅਤੇ ਬਿਜਲੀ, ਪਾਣੀ ਆਦਿਕ ਸੁਵਿਧਾ ਮੁਫ਼ਤ ਦਿੰਦਿਆਂ ਪੰਜਾਬ ਦੇ ਲੋਕਾਂ ਤੇ ਖ਼ਾਸ ਕਰਕੇ ਕਿਸਾਨਾ ਨੂੰ ਮੁਫ਼ਤਖੋਰੇ ਬਣਾ ਦਿੱਤਾ ਹੈ ਉਥੇ ਲੋੜਵੰਦ ਕਿਸਾਨਾਂ ਅਤੇ ਹੋਰ ਧੰਦੇ ਕਰਨ ਵਾਲਿਆਂ ਨੂੰ ਸਰਕਾਰ ਤੇ ਬੈਂਕਾਂ ਵੱਲੋਂ ਦਿੱਤੀ ਜਾਣ ਵਾਲੀ ਰਿਸ਼ਵਤੀ ਕਰਜ਼ਾ ਪ੍ਰਣਾਲੀ ਅਤੇ ਆੜ੍ਹਤੀਆਂ ਦਾ ਖ਼ੂਨ ਚੂਸ ਧੱਕੜ ਵਿਹਾਰ ਵੀ ਸਹਾਇਕ ਹੋ ਰਿਹਾ ਹੈ ਕਿਉਂਕਿ ਰਿਸ਼ਵਤਖੋਰੇ ਮੈਨੇਜਰ ਕਰਜ਼ੇ ਦੀ ਦੁਰਵਰਤੋਂ ਰੋਕਣ ਵੱਲ ਧਿਆਨ ਨਹੀਂ ਦਿੰਦੇ। ਜਿਸ ਕੰਮ ਲਈ ਕਰਜ਼ਾ ਦਿੱਤਾ ਜਾਂਦਾ ਹੈ, ਉਸ ਲਈ ਖਰਚ ਨਹੀਂ ਹੁੰਦਾ। ਇਸ ਤਰ੍ਹਾਂ ਉਸ ਰੁਪਏ ਦਾ ਨਾ ਕੋਈ ਕਰਜਾ-ਧਾਰਕ ਕਿਸਾਨ ਨੂੰ ਲਾਭ ਹੁੰਦਾ ਹੈ ਤੇ ਨਾ ਹੀ ਸਰਕਾਰ ਰਾਹੀਂ ਬਾਕੀ ਜਨਤਾ ਨੂੰ।

ਸਰਕਾਰ ਵੱਲੋਂ ਕਿਸਾਨੀ ਪੈਦਾਵਾਰ ਦਾ ਸਹੀ ਮੁੱਲ ਨਾ ਮਿਲਣਾ ਵੀ ਇੱਕ ਹੋਰ ਕਾਰਨ ਮੰਨਿਆ ਜਾ ਸਕਦਾ ਹੈ ਪਰ ਗੁਰਮਤ ਦ੍ਰਿਸ਼ਟੀਕੋਨ ਤੋਂ ਸਭ ਤੋਂ ਮੁਖ ਕਾਰਨ ਹੈ ਗੁਰਾਂ ਦੇ ਨਾਂ ’ਤੇ ਵੱਸੇ ਪੰਜਾਬ ਦਾ ‘ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ’ ਦੇ ਗੁਰੂ ਨਾਨਕੀ-ਸਿਧਾਂਤ ਨੂੰ ਭੁੱਲਣਾ। ਪੰਜਾਬ ਵਾਸੀਆਂ ਤੇ ਖ਼ਾਸ ਕਰਕੇ ਇਥੋਂ ਦੇ ਕਿਸਾਨਾਂ ਨੂੰ ਵਿਚਾਰਨਾ ਚਾਹੀਦਾ ਹੈ ਕਿ ਜੇ ਯੂਪੀ, ਬਿਹਾਰ ਦੇ ਮਜ਼ਦੂਰ ਖ਼ਾਲੀ ਹੱਥ ਆ ਕੇ ਪਿੱਛਲੇ ਪਰਿਵਾਰਾਂ ਨੂੰ ਵੀ ਪਾਲਦੇ ਹਨ ਅਤੇ ਜਿਹੜੇ ਇਥੇ ਵੱਸੇ ਹਨ ਉਹ ਵੀ ਸਹਿਜੇ-ਸਹਿਜੇ ਠੇਕੇਦਾਰ ਬਣ ਕੇ ਕੋਠੀਆਂ ਕਾਰਾਂ ਦੇ ਮਾਲਕ ਹੀ ਬਣੇ ਹੋਏ ਹਨ। ਸ਼ਹਿਰਾਂ ਦੀਆਂ ਮਿਉਂਸਪਲ ਕਮੇਟੀਆਂ ਦੇ ਮੈਂਬਰ (ਕੌਂਸਲਰ) ਵੀ ਨਿਯੁਕਤ ਹੋ ਰਹੇ ਹਨ, ਤਾਂ ਕਿਉਂ ? ਇਸ ਦਾ ਇੱਕੋ-ਇੱਕ ਉੱਤਰ ਹੈ ਕਿ ਉਹ ਹਰੇਕ ਕਿਸਮ ਦੀ ਕਿਰਤਕਾਰ ਕਰਨ ਲਈ ਤਿਆਰ ਰਹਿੰਦੇ ਹਨ ਅਤੇ ਸਖ਼ਤ ਮਿਹਨਤ ਕਰਦੇ ਹਨ, ਪਰ ਪੰਜਾਬੀ ਕਿਸਾਨ ਜੱਟ-ਜ਼ਿੰਮੀਦਾਰ ਹੋਣ ਦੇ ਫੋਕੇ ਅਹੰਕਾਰ ਵਿੱਚ ਸਰਦਾਰ ਬਣ ਕੇ ਬੈਠੇ ਰਹਿੰਦੇ ਹਨ। ਛੋਟਾ-ਮੋਟਾ ਕੰਮ ਕਰਨ ਤੋਂ ਸ਼ਰਮ ਕਰਦੇ ਹਨ ਜਦ ਕਿ ਗੁਰਬਾਣੀ ਦਾ ਉਪਦੇਸ਼ ਹੈ ‘‘ਗੁਰਮੁਖਿ ਸਭੁ ਵਾਪਾਰੁ ਭਲਾ; ਜੇ ਸਹਜੇ ਕੀਜੈ ਰਾਮ ॥ (ਮ: ੩/੫੬੮) ਅਤੇ ਗੁਰ ਇਤਿਹਾਸ ਦਾ ਬਚਨ ਹੈ ‘ਸਤਿਗੁਰ ਕਹਿਓ ਕਿਰਤ ਕਰ ਕੋਈ। ਧਰਮ ਹੇਤ ਨਿਬਾਹਵੋ ਸੋਈ।’ ਇਹੀ ਕਾਰਨ ਹੈ ਕਿ ਛੋਟੇ ਕਿਸਾਨ ਕਰਜ਼ੇ ਦੇ ਭਾਰ ਹੇਠ ਦੱਬੇ, ਪੁਲੀਸ ਤੇ ਆੜ੍ਹਤੀਆਂ ਦੀਆਂ ਧਮਕੀਆਂ ਤੋਂ ਡਰੇ-ਚਿੰਤਾਤੁਰ ਹੋਏ ਪਹਿਲਾਂ ਨਸ਼ਿਆਂ ਦੀ ਵਰਤੋਂ ਕਰਨ ਲੱਗਦੇ ਹਨ ਅਤੇ ਫਿਰ ਅੰਤ ਨੂੰ ਖ਼ੁਦਕੁਸ਼ੀ ਦਾ ਰਾਹ ਚੁਣ ਲੈਂਦੇ ਹਨ ਕਿਉਂਕਿ ਜਾਤੀ ਹਉਮੈ ਤੇ ਵੱਡੇ ਕਿਸਾਨਾਂ ਦੀ ਰੀਸੇ ਉਹ ਵੀ ਵਿਆਹ-ਸ਼ਾਦੀਆਂ, ਵੱਡੇ ਟ੍ਰੈਕਟਰਾਂ, ਕਾਰਾਂ, ਬੁੱਲਟ ਮੋਟਰ-ਸਾਈਕਲਾਂ ਤੇ ਹਥਿਆਰਾਂ, ਆਦਿਕ ਤੇ ਫਜ਼ੂਲ ਖ਼ਰਚੀ ਕਰ ਬੈਠਦੇ ਹਨ।

‘ਨਾਮ ਜਪੋ’ ਦਾ ਗੁਰੂ ਨਾਨਕ-ਦ੍ਰਿਸ਼ਟੀ ਵਿੱਚ ਅਰਥ ਹੈ ਗੁਰਬਾਣੀ ਦੀ ਰੌਸ਼ਨੀ ਵਿੱਚ ਰੱਬ ਨੂੰ ਚੇਤੇ ਰੱਖਦਿਆਂ ਉਸ ਦੀ ਰਜ਼ਾ ਅਨੁਸਾਰ ਜੀਊਣਾ। ਇਸ ਲਈ ‘‘ਜਾਤਿ ਕਾ ਗਰਬੁ, ਨ ਕਰਿ ਮੂਰਖ ਗਵਾਰਾ ! ॥ (ਮ: ੩/੧੧੨੭), ਵਡਿਆ ਸਿਉ ਕਿਆ ਰੀਸ ॥ (ਮ: ੧/੧੫), ਹੋਰਿ ਮਨਮੁਖ ਦਾਜੁ, ਜਿ ਰਖਿ ਦਿਖਾਲਹਿ; ਸੁ ਕੂੜੁ ਅਹੰਕਾਰੁ ਕਚੁ ਪਾਜੋ ॥’’ (ਮ: ੪/੭੯) ਆਦਿਕ ਗੁਰਵਾਕ ਪੜ੍ਹਣ ਵਾਲੇ ਸੂਜਵਾਨ ਸੱਜਣ ਕਦੇ ਵੀ ਲੋਕ-ਲਾਜ ਤੇ ਵਿਖਾਵੇ ਅਧੀਨ ਉਪਰੋਕਤ ਕਿਸਮ ਦੀ ਮੂਰਖਤਾ ਨਹੀਂ ਕਰ ਸਕਦੇ ‘‘ਰੁਖੀ ਸੁਖੀ ਖਾਇ ਕੈ; ਠੰਢਾ ਪਾਣੀ ਪੀਉ ॥ ਫਰੀਦਾ ! ਦੇਖਿ ਪਰਾਈ ਚੋਪੜੀ; ਨਾ ਤਰਸਾਏ ਜੀਉ ॥’’ (ਬਾਬਾ ਫਰੀਦ ਜੀ/੧੩੭੯) ਦਾ ਉਪਦੇਸ਼ ਵਿਚਾਰਨ ਵਾਲੇ ਲੋਕ ਕਦੇ ਵੀ ਇੰਦਰਾਵੀ ਚਸਕਿਆਂ ਵੱਸ ਕਰਜ਼ੇ ਚੁੱਕ ਕੇ ਗੁਲਛਰੇ ਨਹੀਂ ਉਡਾਂਦੇ ਤੇ ਚਿੰਤਾ ਦਾ ਰੋਗ ਨਹੀਂ ਸਹੇੜਦੇ, ਜੋ ਆਖਰ ਉਨ੍ਹਾਂ ਨੂੰ ਬਲ਼ਦੀ ਚਿਖਾ ਵਿਚ ਸਾੜਣ ਦਾ ਕਾਰਨ ਬਣੇ। ਉਹ ‘‘ਜੇ ਸੁਖੁ ਦੇਹਿ, ਤ ਤੁਝਹਿ ਅਰਾਧੀ; ਦੁਖਿ ਭੀ, ਤੁਝੈ ਧਿਆਈ ॥ ਜੇ ਭੁਖ ਦੇਹਿ, ਤ ਇਤ ਹੀ ਰਾਜਾ ; ਦੁਖ ਵਿਚਿ ਸੂਖ ਮਨਾਈ ॥ ’’ (ਮ: ੪/੭੫੭) ਦਾ ਗੁਰ ਉਪਦੇਸ਼ ਦ੍ਰਿੜ੍ਹ ਕਰਕੇ ਜੀਊਂਦੇ ਹੋਏ ਕਿਸੇ ਪੱਖੋਂ ਵੀ ਨਿਰਾਸ ਹੋ ਕੇ ਹੌਸਲਾ ਨਹੀਂ ਹਾਰਦੇ ਤੇ ਇਉਂ ਸਦਾ ਚੜ੍ਹਦੀਕਲਾ ਵਿੱਚ ਰਹਿੰਦੇ ਹਨ। ਇਹੀ ਕਾਰਨ ਹੈ ਕਿ ਗੁਰਮੁਖ, ਗੁਰਸਿੱਖ ਲੋਕ ਭਗੌੜੇਪਣ ਵਾਲਾ ਆਤਮਘਾਤੀ ਰਾਹ ਚੁਣਨ ਦੀ ਥਾਂ ਸੰਘਰਸ਼ਮਈ ਜੀਵਨ ਜੀਊਣ ਨੂੰ ਪਹਿਲ ਦਿੰਦੇ ਹਨ। ਅਠਾਰਵੀਂ ਸਦੀ ਦਾ ਸਿੱਖ ਇਤਿਹਾਸ ਇਸ ਹਕੀਕਤ ਦੀ ਉਘੜਵੀਂ ਮਿਸਾਲ ਮੰਨਿਆ ਜਾ ਸਕਦਾ ਹੈ।

‘ਵੰਡ ਕੇ ਛਕੋ’ ਦਾ ਅਜੋਕੀ ਸਮਾਜਕ ਤੇ ਰਾਜਨੀਤਕ ਬਣਤਰ ਵਿੱਚ ਅਰਥ ਹੈ – ਆਰਥਕ ਤੇ ਪਦਾਰਥਕ ਜਮ੍ਹਾਂਖੋਰੀ ਨਾ ਕਰਨਾ ਅਤੇ ਹਰ ਕਿਸਮ ਦਾ ਯੋਗ ਤੇ ਲੋੜੀਂਦਾ ਸਰਕਾਰੀ ਟੈਕਸ ਅਦਾ ਕਰਨਾ ਕਿਉਂਕਿ ਪਰਿਵਾਰਕ ਲੋੜਾਂ ਤੋਂ ਵਾਧੂ ਧਨ ਜੇ ਘਰ ਵਿੱਚ ਛੁਪਾ ਕੇ ਰੱਖਣ ਦੀ ਥਾਂ ਬੈਂਕ ਵਿੱਚ ਜਮ੍ਹਾਂ ਹੋਏਗਾ ਤਾਂ ਵੀ ਲੋੜਵੰਦ ਲੋਕਾਂ ਦੀ ਵਰਤੋਂ ਵਿੱਚ ਆਏਗਾ। ਜੇ ਉਸ ਨਾਲ ਕੋਈ ਹੋਰ ਕਾਰੋਬਾਰ ਚਲਾਇਆ ਜਾਂ ਵਧਾਇਆ ਜਾਏਗਾ ਤਾਂ ਕਈਆਂ ਨੂੰ ਰੁਜ਼ਗਾਰ ਮਿਲੇਗਾ। ਜੇ ਅਸੀਂ ਟੈਕਸ ਦੇਵਾਂਗੇ ਤਾਂ ਸਰਕਾਰ ਪਾਸੋਂ ਸਿਹਤਕ, ਵਿਦਿਅਕ ਤੇ ਆਵਾਜਾਈ ਆਦਿਕ ਦੀਆਂ ਵਧੀਆ ਸਹੂਲਤਾਂ ਲੈਣ ਦੇ ਹੱਕਦਾਰ ਹੋਵਾਂਗੇ। ਲੋਕਾਂ ਨੂੰ ਟੈਕਸ ਦੇਣਾ ਉਦੋਂ ਹੀ ਔਖਾ ਲੱਗਦਾ ਹੈ, ਜਦੋਂ ਉਹਦੇ ਬਦਲੇ ਵਿੱਚ ਸਰਕਾਰੀ ਸਹੂਲਤਾਂ ਉਪਲਬਧ ਨਹੀਂ ਹੁੰਦੀਆਂ। ਅਮਰੀਕਾ, ਕੈਨੇਡਾ ਤੇ ਅਸਟ੍ਰੇਲੀਆ ਵਰਗੇ ਵਿਕਾਸਸ਼ੀਲ ਤੇ ਅਮੀਰ ਦੇਸ਼ਾਂ ਵਿੱਚ ਵੀ ਆਤਮ-ਹੱਤਿਆਵਾਂ ਹੁੰਦੀਆਂ ਹਨ, ਪ੍ਰੰਤੂ ਆਰਥਕ ਤੰਗੀ ਕਾਰਨ ਨਹੀਂ ਕਿਉਂਕਿ, ਮਕਾਨ, ਦੁਕਾਨ, ਫੈਕਟਰੀ, ਗੱਡੀ ਤੇ ਕਿਸਾਨੀ ਫਸਲਾਂ ਆਦਿਕ ਹਰੇਕ ਚੀਜ਼ ਦਾ ਬੀਮਾ ਹੁੰਦਾ ਹੈ ਅਤੇ ਨੁਕਸਾਨ ਹੋਣ ’ਤੇ ਬੀਮਾ ਧਾਰਕ ਨੂੰ ਉਸ ਦਾ ਪੂਰਾ-ਪੂਰਾ ਪੈਸਾ ਮਿਲਦਾ ਹੈ।

ਭਾਰਤ ਵਿੱਚ ਵੀ ਭਾਵੇਂ ਪਿਛਲੇ ਕੁਝ ਸਾਲਾਂ ਤੋਂ ਕਿਸਾਨਾਂ ਲਈ ਫਸਲੀ ਬੀਮੇ ਦੀਆਂ ਯੋਜਨਾਵਾਂ ਸ਼ੁਰੂ ਹੋ ਚੁਕੀਆਂ ਹਨ, ਤਾਂ ਕਿ ਕਿਸਾਨੀ ਖ਼ੁਦਕੁਸ਼ੀਆਂ ਰੋਕੀਆਂ ਜਾ ਸਕਣ, ਜਿਵੇਂ ਪ੍ਰਧਾਨ ਮੰਤ੍ਰੀ ਫਸਲ ਬੀਮਾ ਯੋਜਨਾ, ਪਰ, ‘ਜੈ ਕਿਸਾਨ’ ਸੰਸਥਾ ਰਾਹੀਂ ਕਿਸਾਨੀ ਸਮੱਸਿਆਵਾਂ ਨਾਲ ਜੁੜੇ ਹੋਏ ਇਨਕਾਲਬੀ ਪੱਤਰਕਾਰ ਯੋਗੇਂਦਰ ਯਾਦਵ ਦਾ ਕਥਨ ਹੈ ਕਿ ‘ਇਹ ਕਿਸਾਨ ਦੀ ਫਸਲ ਦਾ ਬੀਮਾ ਨਹੀਂ ਹੈ, ਇਹ ਤਾਂ ਬੈਂਕਾਂ ਨੇ ਆਪਣੇ ਲੋਨ ਦਾ ਬੀਮਾ ਕਰਵਾਇਆ ਹੈ।’ ਕਿਉਂਕਿ ਦੁਨੀਆ ਵਿੱਚ ਇਹੀ ਇੱਕ ਐਸਾ ਬੀਮਾ ਹੈ, ਜਿਸ ਦੀ ਰਕਮ ਬੀਮਾ ਧਾਰਕ ਤਕ ਪਹੁੰਚਦੀ ਹੀ ਨਹੀਂ ਅਤੇ ਨਾ ਹੀ ਉਸ ਨੂੰ ਬੀਮੇ ਬਾਰੇ ਕੋਈ ਲਿਖਤੀ ਜਾਣਕਾਰੀ ਦਿੱਤੀ ਜਾਂਦੀ ਹੈ। ਬਹੁਤੇ ਕਿਸਾਨਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਉਨ੍ਹਾਂ ਦੀ ਫਸਲ ਦਾ ਬੀਮਾ ਹੋ ਚੁੱਕਾ ਹੈ, ਪਰ ਜਿਨ੍ਹਾਂ ਕਿਸਾਨਾਂ ਨੇ ਲੋਨ ਲਿਆ ਹੁੰਦਾ ਹੈ, ਬੈਂਕ ਵੱਲੋਂ ਉਨ੍ਹਾਂ ਦੇ ਖਾਤੇ ’ਚੋਂ ਜ਼ਬਰਦਸਤੀ ਬੀਮੇ ਦਾ ਪ੍ਰੀਮੀਅਮ ਕੱਟ ਲਿਆ ਜਾਂਦਾ ਹੈ। ਭਾਰਤ ਭਰ ਵਿੱਚ ਅਮੀਰ ਤੇ ਪੜ੍ਹੇ ਲਿਖੇ ਲਗਭਗ ਦੋ ਪ੍ਰਤੀਸ਼ਤ ਕਿਸਾਨ ਹੀ ਐਸੇ ਹੋਣਗੇ, ਜਿਨ੍ਹਾਂ ਨੇ ਆਪਣੇ ਯਤਨਾਂ ਨਾਲ ਕਿਤੇ ਬੀਮੇ ਦੀ ਰਕਮ ਪ੍ਰਾਪਤ ਕੀਤੀ ਹੋਵੇ। ਯਾਦਵ ਲਿਖਦਾ ਹੈ ਕਿ ‘ਤਾਮਲਨਾਡੂ ’ਚ ਹਾੜੀ ਦੀ ਫਸਲ ਦੌਰਾਨ ਪਿਛਲੇ 140 ਸਾਲ ਦਾ ਸਭ ਤੋਂ ਭਿਆਨਕ ਸੋਕਾ ਪਿਆ। ਉਥੇ ਬੀਮਾ ਕੰਪਨੀਆਂ ਨੂੰ 954 ਕਰੋੜ ਦਾ ਪ੍ਰੀਮੀਅਮ ਮਿਲਿਆ, ਜਦ ਕਿ ਹੁਣ ਤਕ ਸਿਰਫ਼ 22 ਕਰੋੜ ਰੁਪਏ ਦੇ ਮੁਆਵਜ਼ੇ ਦਾ ਹੀ ਕਿਸਾਨਾਂ ਨੂੰ ਭੁਗਤਾਨ ਕੀਤਾ ਗਿਆ ਹੈ। ਅਸਲ ਵਿੱਚ ਇਹੀ ਕਾਰਨ ਹਨ ਕਿ ਬੀਮਾ ਕੰਪਨੀਆਂ, ਬੈਂਕ ਮੈਨੇਜਰ, ਸਰਕਾਰੀ ਬਾਬੂ ਤੇ ਨੇਤਾ-ਗਨ ਤਾਂ ਫਸਲੀ ਬੀਮੇ ਲਈ ਉਤਾਵਲੇ ਹੋ ਰਹੇ ਹੁੰਦੇ ਹਨ, ਪਰ ਕਿਸਾਨ ਵਿਚਾਰਾ ਨਹੀਂ।’ ਹੁਣ ਵਿਚਾਰੋ ਕਿ ਅਜਿਹੀ ਧੋਖਾਧੜੀ ਵਾਲੀ ਹਾਲਤ ਵਿੱਚ ਕਿਸਾਨ ਵਿਚਾਰੇ ਮਜ਼ਬੂਰੀ ਵੱਸ ਖ਼ੁਦਕੁਸ਼ੀਆਂ ਕਿਉਂ ਨਾ ਕਰਨਗੇ ? ਜਦੋਂ ਸਥਾਨਕ ਆੜ੍ਹਤੀਆਂ ਸਮੇਤ ਉਪਰੋਕਤ ਸਾਰੇ ਲੋਕ ਜੋਕਾਂ ਵਾਂਗ ਉਨ੍ਹਾਂ ਦਾ ਖ਼ੂਨ ਚੂਸਣ ਲੱਗੇ ਹੋਣ। ਇਹ ਵੀ ਅਚੰਭਾ ਹੀ ਕਹੀਏ ਕਿ ਭਾਰਤ ਵਿੱਚ ਕਾਰ (ਅਮੀਰ ਲਈ) ਬੈਂਕ ਵਿਆਜ ਲੋਨ ਦਰ 8% ਹੈ ਜਦ ਕਿ ਟਰੈਕਟਰ (ਗ਼ਰੀਬ ਕਿਸਾਨ ਲਈ) ਲੋਨ 18% ਹੈ।

ਹੈਰਾਨੀ ਦੀ ਗੱਲ ਹੈ ਕਿ ਸਰਕਾਰ ਅਤੇ ਬੈਂਕਾਂ ਦਾ ਹਜ਼ਾਰਾਂ ਕ੍ਰੋੜ ਰੁਪਏ ਡਕਾਰਨ ਤੇ ਦੱਬਣ ਵਾਲੇ ਉਦਯੋਗਪਤੀ ਤੇ ਵਾਪਾਰੀ ਡਾਕੂਆਂ ਦਾ ਕਰਜ਼ਾ ਨੇਤਾਵਾਂ ਤੇ ਬੈਂਕ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਮੁਆਫ਼ ਹੋ ਜਾਂਦਾ ਹੈ ਅਤੇ ਉਨ੍ਹਾਂ ਨੂੰ ਮੁੜ ਅੱਗੇ ਲਈ ਫਿਰ ਕਰਜ਼ਾ ਮਿਲ ਜਾਂਦਾ ਹੈ। ਭਾਵੇਂ ਕਿ ਉਹ ਕਰਜ਼ਾ ਲੈਂਦੇ ਹਨ ਹੋਰ ਅਮੀਰ ਹੋਣ ਲਈ, ਨਾ ਕਿ ਕਿਸੇ ਪਰਿਵਾਰਕ ਮਜ਼ਬੂਰੀ ਜਾਂ ਲੋੜ ਕਾਰਨ, ਜਿਵੇਂ ਪਿਛਲੇ ਸਾਲ 2016 ਵਿੱਚ ਮੋਦੀ ਸਰਕਾਰ ਨੇ ਅਮੀਰਾਂ ਦਾ 43,000 ਕ੍ਰੋੜ ਦਾ ਕਰਜ਼ਾ ਮੁਆਫ਼ ਕੀਤਾ ਸੀ ਅਤੇ ਐਸ. ਬੀ. ਆਈ ਬੈਂਕ ਨੇ ਆਪਣੇ 63 ਡੀਫਾਲਟਰਾਂ ਦਾ 7000 ਕ੍ਰੋੜ। ਇਵੇਂ ਹੀ ਮੁੰਬਈ ਅਧਾਰਤ ਸ਼੍ਰੀ ਕਾਰਪੋਰੇਸ਼ਨ ਲਿਮ. ਦੇ ਬੈਂਕਾਂ ਨੇ 282.08 ਕ੍ਰੋੜ ਰੁਪਏ ਮੁਆਫ਼ ਕਰ ਦਿੱਤੇ ਗਏ ਅਤੇ ਚੇਨਈ ਟੇਲੇ ਮੈਰੀਨ ਸਲਿਊਸ਼ਨਜ਼ ਪ੍ਰਾਈਵੇਟ ਲਿਮ. ਦੇ 168.85 ਕ੍ਰੋੜ । ਇਹੀ ਕਾਰਨ ਹਨ ਕਿ ਉਹ ਫਿਰ ਵੀ ਸ਼ਾਨ ਨਾਲ ਜੀਊਂਦੇ ਹਨ, ਪਰ ਕਿਸਾਨੀ ’ਤੇ ਪਰਿਵਾਰਕ ਲੋੜਾਂ ਦੀ ਪੂਰਤੀ ਲਈ ਛੋਟੀਆਂ-ਛੋਟੀਆਂ ਰਕਮਾਂ ਦੇ ਕਰਜ਼ਾਈ ਕਿਸਾਨਾਂ ਦੀਆਂ ਤਸਵੀਰਾਂ ਬੈਂਕ ਤੇ ਪਿੰਡ ਦੀ ਕੰਧਾਂ ’ਤੇ ਚਿਪਕ ਜਾਂਦੀਆਂ ਹਨ। ਪੁਲੀਸ ਹੱਥ-ਕੜੀਆਂ ਲਗਾ ਕੇ ਬੇਇੱਜ਼ਤ ਕਰਦੀ ਹੈ। ਇਸ ਤਰ੍ਹਾਂ ਸ਼ਰਮੰਦਗੀ ਦਾ ਮਾਰਿਆ ਕਿਸਾਨ ਆਤਮ ਹੱਤਿਆ ਕਰਨ ਲਈ ਮਜ਼ਬੂਰ ਹੋ ਜਾਂਦਾ ਹੈ।

ਭਾਰਤੀ ਨੇਤਾ ਜੇ ਦਿਲੋਂ ਚਾਹੁੰਦੇ ਕਿ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਰੁਕਣ ਤਾਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਕਰਜ਼ੇ ਦੇ ਦੇਣ ਲੈਣ ਅਤੇ ਬੀਮੇ ਦੀ ਕਾਰਜ ਪ੍ਰਣਾਲੀ ਦੀਆਂ ਉਪਰੋਕਤ ਖ਼ਾਮੀਆਂ ਨੂੰ ਦੂਰ ਕਰਕੇ ਉਸ ਨੂੰ ਸੁਖਾਲਾ ਤੇ ਸੁਰੱਖਿਅਤ ਬਣਾਵੇ। ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਪੇਂਡੂ ਇਲਾਕਿਆਂ ਵਿੱਚ ਸੈਮੀਨਾਰ ਕਰਵਾਏ ਜਾਣ। ਉਥੇ ਬੈਂਕਿੰਗ ਖੇਤਰ ਦੇ ਮਾਹਰਾਂ, ਮਨੋਵਿਗਿਆਨੀਆਂ ਤੇ ਗੁਰੂ ਨਾਨਕ ਫ਼ਲਸਫ਼ੇ ਦੇ ਵਿਦਵਾਨਾਂ ਨੂੰ ਬੁਲਾਇਆ ਜਾਏ। ਆਰਥਕ ਖੇਤਰ ਦੇ ਮਾਹਰ ਲੋਕਾਂ ਨੂੰ ਕਰਜ਼ੇ ਦੇ ਲੈਣ ਦੇਣ ਅਤੇ ਕਿਸਾਨੀ ਬੀਮੇ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਦੇਣ ਅਤੇ ਮਨੋਵਿਗਿਆਨੀ ਆਤਮਘਾਤੀ ਮਾਨਸਕ ਰੋਗੀਆਂ ਦੇ ਲੱਛਣ ਬਿਆਨ ਕਰਣ, ਤਾਂ ਕਿ ਅਜਿਹੇ ਵਿਅਕਤੀਆਂ ਦੀ ਆਤਮਘਾਤੀ ਕਰਤੂਤ ਤੋਂ ਪਹਿਲਾਂ ਹੀ ਪਰਿਵਾਰ ਦੇ ਮੈਂਬਰ ਸੁਚੇਤ ਹੋਣ ਅਤੇ ਉਸ ਨੂੰ ਮਰਨ ਤੋਂ ਬਚਾਉਣ ਲਈ ਯਤਨਸ਼ੀਲ ਹੋਣ, ਜਿਵੇਂ ਮੰਨਿਆ ਜਾਂਦਾ ਹੈ ਕਿ ਐਸਾ ਵਿਅਕਤੀ ਸਭ ਤੋਂ ਪਹਿਲਾਂ ਆਪਣੇ ਹਮਦਰਦਾਂ ਪਾਸ ਨਾ ਜੀਊਣ ਦੀ ਇੱਛਾ ਪ੍ਰਗਟਾਉਣ ਲੱਗਦਾ ਹੈ। ਫਿਰ ਉਹ ਆਪਣੀਆਂ ਚੀਜ਼ਾਂ ਹੋਰਨਾਂ ਨੂੰ ਦੇਣੀਆਂ ਸ਼ੁਰੂ ਕਰਦਾ ਹੈ। ਬੱਚਿਆਂ ਨੂੰ ਝਿੜਕਣ ਲੱਗਦਾ ਹੈ ਤਾਂ ਕਿ ਉਹ ਦੂਰ ਰਹਿਣ ਤੇ ਉਸ ਦਾ ਮੋਹ ਘਟੇ। ਅੰਦਰਲੀ ਬੇਚੈਨੀ ਕਾਰਨ ਉਸ ਦੇ ਸੌਣ ਦਾ ਤਰੀਕਾ ਵੀ ਅਜੀਬ ਜਿਹਾ ਹੋ ਜਾਂਦਾ ਹੈ। ਵੱਡੀ ਨਿਸ਼ਾਨੀ ਹੈ ਕਿ ਉਹ ਆਪਣੀ ਵਸੀਅਤ ਬਦਲਦਾ ਹੈ ਤੇ ਹਥਿਆਰ ਆਦਿਕ ਵੀ ਖ਼ਰੀਦਦਾ ਹੈ।

ਸਿੱਖ ਸੰਸਥਾਵਾਂ ਦਾ ਮੁਖ ਧਰਮ ਹੈ ਕਿ ਉਹ ਗੁਰਮਤ ਫ਼ਲਸਫ਼ੇ ਦੇ ਵਿਦਵਾਨਾਂ ਰਾਹੀਂ ‘ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ’ ਦੇ ਅਰਥ-ਭਾਵ ਸਮਝਾਉਣ ਤੇ ਪ੍ਰਚਾਰਨ, ਤਾਂ ਕਿ ਅਮੀਰ ਜ਼ਿੰਮੀਦਾਰ ਆਪਣੇ ਗ਼ਰੀਬ ਕਿਸਾਨ ਭਰਾਵਾਂ ਦੇ ਮਦਦਗਾਰ ਬਣਨ ਕਿਉਂਕਿ ਸੰਸਾਰ ਭਰ ਦੇ ਮਾਨਵ-ਹਿਤਕਾਰੀ ਤੇ ਨਿਰਪੱਖ ਵਿਦਵਾਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰਬਦੇਸ਼ੀ, ਸਰਬ-ਸਾਂਝੇ ਤੇ ਸਰਬਕਾਲੀ ਗੁਰਮਤ ਗਿਆਨ ਤੋਂ ਇਲਾਵਾ ਹੋਰ ਕੋਈ ਅਜਿਹਾ ਮਾਨਵ-ਦਰਦੀ ਫ਼ਲਸਫ਼ਾ ਨਹੀਂ ਦਿਸਦਾ, ਜਿਹੜਾ ਕਈ ਪੱਖਾਂ ਤੋਂ ਪਦਾਰਥ ਤੇ ਸੁਆਰਥ ਲਈ ਆਤਮਘਾਤੀ ਰਾਹ ਤੁਰੇ ‘ਸੰਸਾਰ ਰੋਗੀ’ ਲਈ ‘ਨਾਮ ਦਾਰੂ’ ਵਾਲਾ ਵੈਦ ਬਣ ਕੇ ਬਹੁੜੇ। ਇਹੀ ਇੱਕੋ-ਇੱਕ ਤੀਰਥ ਹੈ, ਜਿਸ ਦਾ ਗਿਆਨ-ਮਈ ਇਸ਼ਨਾਨ ਹਰੇਕ ਮਨੁੱਖ ਨੂੰ ਮਨ ਤੇ ਤਨ ਦੀ ਅਰੋਗਤਾ ਬਖਸ਼ ਸਕਦਾ ਹੈ। ਗੁਰਵਾਕ ਹੈ : ‘‘ਸੰਸਾਰੁ ਰੋਗੀ, ਨਾਮੁ ਦਾਰੂ; ਮੈਲੁ ਲਾਗੈ ਸਚ ਬਿਨਾ ॥ (ਮ: ੧/੬੮੭), ਗੁਰ ਵਾਕੁ ਨਿਰਮਲੁ, ਸਦਾ ਚਾਨਣੁ; ਨਿਤ ਸਾਚੁ ਤੀਰਥੁ ਮਜਨਾ ॥’’ (ਮ: ੧/੬੮੭)

ਭੁੱਲ-ਚੁੱਕ ਮੁਆਫ਼ । ਗੁਰੂ ਤੇ ਪੰਥ ਦਾ ਦਾਸ : ਜਗਤਾਰ ਸਿੰਘ ਜਾਚਕ (ਨਿਊਯਾਰਕ)