ਕਬਿੱਤ ਨੰਬਰ 50 (ਭਾਈ ਗੁਰਦਾਸ ਜੀ)

0
407

ਕਬਿੱਤ ਨੰਬਰ 50 (ਭਾਈ ਗੁਰਦਾਸ ਜੀ)

ਪ੍ਰੀਤਮ ਸਿੰਘ, ਕਰਨਾਲ ਮੋਬਾਈਲ : ੭੦੧੫੮-੨੧੧੬੨

ਗੁਰ ਸਿਖ ਸੰਧਿ ਮਿਲੇ ਦ੍ਰਿਸਟਿ ਦਰਸ ਲਿਵ, ਗੁਰਮੁਖਿ ਬ੍ਰਹਮ ਗਿਆਨ ਸਾਧ ਲਿਵ ਲਾਈ ਹੈ।

ਗੁਰ ਸਿਖ ਸੰਧਿ ਮਿਲੇ ਸਬਦ ਸੁਰਤਿ ਲਿਵ, ਗੁਰਮੁਖਿ ਬ੍ਰਹਮ ਗਿਆਨ ਧਿਆਨ ਸੁਧਿ ਪਾਈ ਹੈ।

ਗੁਰ ਸਿਖ ਸੰਧਿ ਮਿਲੇ ਸ੍ਵਾਮੀ ਸੇਵਕ ਹੁਇ, ਗੁਰਮੁਖਿ ਨਿਹਕਾਮ ਕਰਨੀ ਕਮਾਈ ਹੈ ।

ਗੁਰ ਸਿਖ ਸੰਧਿ ਮਿਲੇ ਕਰਨੀ ਸੁ ਗਿਆਨ ਧਿਆਨ, ਗੁਰਮੁਖਿ ਪ੍ਰੇਮ ਨੇਮ ਸਹਜ ਸਮਾਈ ਹੈ ॥੫੦॥

ਸ਼ਬਦ ਅਰਥ: ਸੰਧਿ=ਮਿਲਾਪ।, ਦ੍ਰਿਸਟਿ=ਨਜ਼ਰ।, ਦਰਸ ਲਿਵ=ਦਰਸ਼ਨਾਂ ਦੀ ਲਿਵ।, ਬ੍ਰਹਮ= ਪ੍ਰਭੂ।, ਸੁਧਿ=ਸੋਝੀ। ਨਿਹਕਾਮ=ਨਿਸ਼ਕਾਮ।

ਅਰਥ : ਜਿਨ੍ਹਾਂ ਗੁਰਮੁਖਾਂ ਨੇ ਬ੍ਰਹਮ ਗਿਆਨ ਪ੍ਰਾਪਤ ਕਰਨ ਲਈ ਗੁਰੂ ਚਰਨਾਂ ਵਿੱਚ ਸੁਰਤਿ ਜੋੜੀ, ਉਹਨਾਂ ਨੂੰ ਮਿਲ ਕੇ ਹੀ ਆਮ ਦ੍ਰਿਸ਼ਟੀ ਵਿੱਚ ਵਾਹਿਗੁਰੂ ਦੇ ਦਰਸ਼ਨਾਂ ਦੀ ਲਿਵ ਲੱਗਦੀ ਹੈ।  ਜਿਹੜੇ ਗੁਰਸਿੱਖਾਂ ਨੇ ਗੁਰੂ ਨੂੰ ਮਿਲ ਕੇ ਗੁਰੂ ਦੇ ਸ਼ਬਦ ਵਿੱਚ ਸੁਰਤਿ ਲਾਈ ਉਹਨਾਂ ਨੂੰ ਬ੍ਰਹਮ ਭਾਵ ਪ੍ਰਭੂ ਦੇ ਗਿਆਨ ਤੇ ਧਿਆਨ ਦੀ ਸੋਝੀ ਵੀ ਹੋ ਜਾਂਦੀ  ਹੈ।  ਜਿਹੜੇ ਗੁਰਮੁਖ ਜਨ ਇਹੋ ਜਿਹੇ ਮਹਾਨ ਗੁਰੂ ਨੂੰ ਮਿਲਦੇ ਹਨ ਉਹ ਆਪਣੇ ਸੁਆਮੀ ਭਾਵ ਪ੍ਰਮਾਤਮਾ ਦੇ ਨਿਸ਼ਕਾਮ ਸੇਵਕ ਬਣ ਕੇ ਸੇਵਾ ਤੇ ਸਿਮਰਨ ਦੀ ਘਾਲ ਕਮਾਈ ਕਰਦੇ ਹਨ।   ਗੁਰੂ ਤੇ ਸਿੱਖ ਦੇ ਮਿਲਾਪ ਦਾ ਫਲ ਇਹ ਹੁੰਦਾ ਹੈ ਕਿ ਸਿੱਖ ਗੁਰੂ ਦੇ ਸ਼ਬਦ ਦੀ ਕਮਾਈ ਅਤੇ ਗੁਰੂ ਦੇ ਗਿਆਨ ਵਿੱਚ ਧਿਆਨ ਲਾਉਣ ਸਦਕਾ ਉੱਤਮ ਕਰਣੀ ਵਾਲਾ ਹੋ ਜਾਂਦਾ ਹੈ। ਇਸ ਤਰ੍ਹਾਂ ਗੁਰੂ ਦੇ ਪ੍ਰੇਮ ਵਿੱਚ ਭਿੱਜੇ ਹੋਏ ਗੁਰਸਿੱਖ ਦੀ ਸਹਿਜ ਅਵਸਥਾ ਵਿੱਚ ਲੀਨਤਾ ਹੋ ਜਾਂਦੀ ਹੈ।

ਗੁਰਬਾਣੀ ਦਾ ਫੁਰਮਾਨ ਹੈ ‘‘ਉਨ ਕੈ ਸੰਗਿ ਦੇਖਉ ਪ੍ਰਭੁ ਨੈਨ॥’’ (ਮ:੫/ਅੰਕ ੩੯੧)  ਕਬਿੱਤ ਦੀਆਂ ਪਹਿਲ਼ੀਆਂ ਤੁਕਾਂ ਵਿੱਚ ਗੁਰਬਾਣੀ ਦੇ ਇਸ ਖ਼ਿਆਲ ਨੂੰ ਹੀ ਦਰਸਾਇਆ ਗਿਆ ਹੈ।  ਇਸੇ ਲਈ ਇੱਕ ਇੱਛਾ ਪਰਗਟ ਕੀਤੀ ਗਈ ਹੈ ਕਿ ‘‘ਸਾਈ ਸੁਹਾਗਣਿ ਜੋ ਪ੍ਰਭ ਭਾਈ॥ ਤਿਸ ਕੈ ਸੰਗਿ ਮਿਲਉ ਮੇਰੀ ਮਾਈ!॥’’ (ਮ:੫/ਅੰਕ ੩੯੧) ਸਿੱਖ ਇਹ ਮਨਸ਼ਾ ਇਸ ਮਨੋਰਥ ਲਈ ਕਰਦਾ ਹੈ ਕਿਉਂਕਿ ਉਸ ਨੂੰ ਪਤਾ ਹੈ ਕਿ ਜਿਹੜੇ ਵਾਹਿਗੁਰੂ ਦੇ ਨਾਮ ਰੰਗ ਵਿੱਚ ਰੰਗੇ ਹੋਏ ਹਨ ਉਨ੍ਹਾਂ ਦੇ ਸੰਗ ਰਹਿ ਕੇ ਉਹ ਨਾ ਸਿਰਫ ਬ੍ਰਹਮ ਦਾ ਗਿਆਨ ਪ੍ਰਾਪਤ ਕਰ ਸਕਦਾ ਹੈ ਸਗੋਂ ਉਸ ਦੇ ਦਰਸ਼ਨ ਵੀ ਕਰ ਸਕਦਾ ਹੈ। ਸਿੱਖ ਉਹਨਾਂ ਸੰਤ ਜਨਾਂ ਦੀ ਸੰਗਤ ਕਰ ਕੇ ਪ੍ਰਭੂ ਦਾ ਸੇਵਕ ਬਣਦਾ ਹੈ।  ਸੇਵਕ ਵੀ ਉਹ ਜਿਹੜਾ ਨਾਮ ਸਿਮਰਨ ਦੀ ਕਮਾਈ ਕਾਮਨਾ ਰਹਿਤ ਹੋ ਕੇ ਕਰੇ ।  ਸੁਖਮਨੀ ਸਾਹਿਬ ’ਚ ਐਸੇ ਸਿੱਖ ਬਾਰੇ ਗੁਰੂ ਜੀ ਫੁਰਮਾਉਂਦੇ ਹਨ ‘‘ਕਰਮ ਕਰਤ ਹੋਵੈ ਨਿਹਕਰਮ॥ ਤਿਸੁ ਬੈਸਨੋ ਕਾ ਨਿਰਮਲ ਧਰਮ॥ ਕਾਹੂ ਫਲ ਕੀ ਇਛਾ ਨਹੀਂ ਬਾਛੈ॥ ਕੇਵਲ ਭਗਤਿ ਕੀਰਤਨ  ਸੰਗਿ ਰਾਚੈ॥’’ (ਮ:੫/ਅੰਕ ੨੭੪) ਫਿਰ ਉਸ ਦਾ ਫਲ਼ ਕੀ ਮਿਲਦਾ ਹੈ ?  ਗੁਰਬਾਣੀ ਇਸ ਬਾਰੇ ਸਪੱਸ਼ਟ ਕਰਦੀ ਹੈ ‘‘ਸੇਵਾ ਕਰਤ ਹੋਇ ਨਿਹਕਾਮੀ॥ ਤਿਸ ਕਉ ਹੋਤ ਪਰਾਪਤਿ ਸੁਆਮੀ॥’’ (ਮ:੫/ਅੰਕ ੨੮੬) ਜਦੋਂ ਸਿੱਖ ਆਪਣੇ ਜੀਵਨ ਨੂੰ ਗੁਰੂ ਦੇ ਕਹੇ ਮੁਤਾਬਕ ਢਾਲਦਾ ਹੈ ਉਦੋਂ ਉਸ ਦੀ ਕਰਨੀ ਨਿਰਮਲ ਹੋ ਜਾਂਦੀ ਹੈ।  ਸਹਿਜੇ ਹੀ ਉਸ ਦਾ ਧਿਆਨ ਪ੍ਰਭੂ ਦੇ ਸਿਮਰਨ ਵਿੱਚ ਲੱਗ ਜਾਂਦਾ ਹੈ।  ਉਸ ਦਾ ਵਾਸਾ ਐਸੀ ਸਹਿਜ ਅਵਸਥਾ ਵਿੱਚ ਹੋ ਜਾਂਦਾ ਹੈ ਜਿੱਥੇ ਵਾਹਿਗੁਰੂ ਹੀ ਵਾਹਿਗੁਰੂ ਤੇ ਉਸ ਦਾ ਪ੍ਰੇਮ ਹੀ ਪ੍ਰੇਮ ਹੈ।  ਭਾਈ ਸਾਹਿਬ ਭਾਈ ਗੁਰਦਾਸ ਜੀ ਇਹੋ ਜਿਹੇ ਮਹਾਨ ਗੁਰੂ ਦੀ ਸੰਗਤ ਦਾ ਗਹਿਰਾ ਅਸਰ ਸਿੱਖ ਦੇ ਜੀਵਨ ’ਤੇ ਪੈਂਦਾ ਸਮਝਾਉਂਦੇ ਹਨ ਜਿਸ ਨਾਲ ਸਿੱਖ ਵੀ ਉਸੇ ਰੁਤਬੇ ’ਤੇ ਪੁੱਜ ਜਾਂਦਾ ਹੈ ਜਿੱਥੇ ਗੁਰੂ ਆਪ ਹੁੰਦਾ ਹੈ।