ਸਿਦਕੁ ਕਰਿ ਸਿਜਦਾ……।।
ਹਰਜਿੰਦਰ ਸਿੰਘ ‘ਸਭਰਾਅ`
ਜਿਵੇਂ ਹਰ ਇੱਕ ਸਭਿਆਚਾਰ ਅਤੇ ਵੱਖ ਵੱਖ ਤਰੀਕੇ ਨਾਲ ਜਿਊਣ ਵਾਲੇ ਮਨੁੱਖੀ ਸਮਾਜਾਂ ਵਿੱਚ ਸਤਿਕਾਰ ਦਾ ਤਰੀਕਾ ਵੀ ਵੱਖੋ ਵੱਖਰਾ ਹੁੰਦਾ ਹੈ ਅਤੇ ਖਾਸ ਕਰਕੇ ਜਦੋਂ ਦੋ ਮਨੁੱਖ ਇੱਕ ਦੂਜੇ ਦੇ ਸਾਹਮਣੇ ਹੁੰਦੇ ਹਨ ਉਦੋਂ ਵੀ ਆਪਣੇ ਤਰੀਕੇ ਨਾਲ ਸਵਾਗਤ ਸਤਿਕਾਰ ਕਰਦੇ ਹਨ ਪਰ ਜਦੋਂ ਉਹ ਆਪਣੇ ਇਸ਼ਟ, ਗੁਰੂ ਜਾਂ ਪ੍ਰਮਾਤਮਾ ਦੀ ਅਰਾਧਨਾ ਕਰਦੇ ਹਨ ਜਾਂ ਉਸ ਸਾਹਮਣੇ ਹੁੰਦੇ ਹਨ ਤਾਂ ਉਚੇਚਾ ਸਤਿਕਾਰ ਤੇ ਸਨਮਾਨ ਕਰਦੇ ਹਨ। ਐਸੀ ਰਵਾਇਤ ਵੱਖ ਵੱਖ ਥਾਵਾਂ ਤੇ ਵੱਖ ਵੱਖ ਹੀ ਹੁੰਦੀ ਹੈ। ਤਰੀਕੇ ਵੱਖਰੇ ਵੱਖਰੇ ਹੁੰਦੇ ਹਨ ਪਰ ਹਰ ਜਗ੍ਹਾ ਰਹਿਣ ਵਾਲੇ ਮਨੁੱਖ ਆਪਣੇ ਅਲੱਗ ਅਲੱਗ ਤਰੀਕੇ ਵਰਤ ਕੇ ਆਪਣੇ ਮਨ ਅੰਦਰੋਂ ਸਤਿਕਾਰ ਸਨਮਾਨ ਪ੍ਰਗਟ ਕਰਦੇ ਹਨ।
ਸਿਖ ਧਰਮ ਵਿੱਚ ਵੀ ਇੱਕ ਦੂਜੇ ਦਾ ਸਤਿਕਾਰ ਤੇ ਸਨਮਾਨ ਕਰਨ ਦਾ ਆਪਣਾ ਵੱਖਰਾ ਹੀ ਤਰੀਕਾ ਹੈ। ਦੋ ਸਿਖ ਜਦੋਂ ਇੱਕ ਦੂਜੇ ਨੂੰ ਮਿਲਦੇ ਹਨ ਤਾਂ ‘ਵਾਹਿਗੂਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹ` ਬੁਲਾਉਂਦੇ ਹਨ। ਅਤੇ ਬਹੁਤੀ ਵਾਰੀ ਹੱਥ ਜੋੜ ਕੇ ਸਵਾਗਤ ਕਰਦੇ ਹਨ। ਪਰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਹੁੰਦੇ ਹਨ ਤਾਂ ਝੁਕ ਕੇ ਮੱਥਾ ਟੇਕਦੇ ਹਨ। ਮੱਥਾ ਟੇਕਣਾ ਜਿਥੇ ਵਿਸ਼ੇਸ਼ ਸਤਿਕਾਰ ਤੇ ਸਨਾਮਨ ਦਾ ਪ੍ਰਤੀਕ ਹੈ ਉਥੇ ਇਸ ਦਾ ਆਪਣਾ ਇੱਕ ਵੱਖਰਾ ਮਤਲਬ ਵੀ ਹੈ। ਮੱਥਾ ਟੇਕਣ ਤੋਂ ਕੀ ਭਾਵ ਹੈ? ਆਉ! ਗੁਰਬਾਣੀ ਵਿਚੋਂ ਵੀਚਾਰਨ ਦਾ ਯਤਨ ਕਰਦੇ ਹਾਂ !
ਤੁਧਨੋ ਨਿਵਣੁ ਮੰਨਣੁ ਤੇਰਾ ਨਾਉ।। ਸਾਚੁ ਭੇਟ ਬੈਸਣ ਕਉ ਥਾਉ।।
ਸਤੁ ਸੰਤੋਖੁ ਹੋਵੈ ਅਰਦਾਸਿ।। ਤਾ ਸੁਣਿ ਸਦਿ ਬਹਾਲੇ ਪਾਸਿ।। (ਰਾਮਕਲੀ ਮਃ ੧, ਪੰਨਾ ੮੭੮)
ਅਰਥ- (ਹੇ ਪ੍ਰਭੂ!) ਤੇਰੇ ਨਾਮ ਨਾਲ ਡੂੰਘੀ ਸਾਂਝ ਪਾਉਣੀ ਤੇਰੇ ਅੱਗੇ ਸਿਰ ਨਿਵਾਣਾ ਹੈ, ਤੇਰੀ ਸਿਫਤਿ ਸਾਲਾਹ (ਤੇਰੇ ਦਰ ਤੇ ਪਰਵਾਨ ਹੋਣ ਵਾਲੀ) ਭੇਟਾ ਹੈ (ਜਿਸ ਦੀ ਬਰਕਤਿ ਨਾਲ ਤੇਰੀ ਹਜ਼ੂਰੀ ਵਿਚ) ਬੈਠਣ ਲਈ ਥਾਂ ਮਿਲਦਾ ਹੈ। (ਹੇ ਭਾਈ ! ) ਜਦੋਂ ਮਨੁੱਖ ਸੰਤੋਖ ਧਾਰਦਾ ਹੈ (ਦੂਜਿਆਂ ਦੀ) ਸੇਵਾ ਕਰਦਾ ਹੈ (ਤੇ ਇਸ ਜੀਵਨ ਮਰਯਾਦਾ ਵਿੱਚ ਰਹਿ ਕੇ ਪ੍ਰਭੂ ਦਰ ਤੇ) ਅਰਦਾਸ ਕਰਦਾ ਹੈ, ਤਦੋਂ (ਅਰਦਾਸ) ਸੁਣ ਕੇ (ਸਵਾਲੀ ਨੂੰ) ਸੱਦ ਕੇ ਪ੍ਰਭੂ ਆਪਣੇ ਕੋਲ ਬਿਠਾਂਦਾ ਹੈ।
ਗੁਰੂ ਦਾ ਹੁਕਮ ਮੰਨਣਾ ਹੀ ਅਸਲ ਨਿਊਣਾ ਹੈ ਅਤੇ ਨਿਊਣ ਦਾ ਭਾਵ ਇਹੀ ਹੈ ਕਿ ਅਸੀਂ ਗੁਰੂ ਜੀ ਦਾ ਹੁਕਮ ਮੰਨਦੇ ਹਾਂ। ਵਰਤ, ਸ਼ਰਾਧ, ਮੁਰਤੀਆਂ ਨੂੰ ਮੱਥੇ ਟੇਕਣੇ, ਸ਼ਨੀ ਦਾ ਭਰਮ, ਮੜੀਆਂ ਕਬਰਾਂ ਨੂੰ ਨਮਸ਼ਕਾਰਾਂ ਕਰਨੀਆਂ, ਭੋਗ ਲੁਆਉਣੇ, ਸਰੀਰਾਂ ਦੀ ਪੂਜਾ, ਮਾਲਾ ਫੇਰਨੀਆਂ ਆਦਿ ’ਤੇ ਭਰੋਸਾ ਰੱਖਣ ਵਾਲਾ ਅਤੇ ਅਜਿਹੇ ਕੰਮ ਕਰਨ ਵਾਲਾ ਕੀ ਗੁਰੂ ਦਾ ਹੁਕਮ ਮੰਨਦਾ ਹੈ ? ਹੁਕਮ ਮੰਨਣਾ ਹੀ ਤਾਂ ਅਸਲ ਨਿਊਣਾ ਹੈ।
ਪ੍ਰਭੂ ਦੀ ਹੋਂਦ ਦਾ ਪਸਾਰਾ ਤਾਂ ਹਰ ਪਾਸੇ ਹੈ ਉਹ ਕਿਸੇ ਖਾਸ ਥਾਂ ਜਾਂ ਦਿਸ਼ਾ ਵਿੱਚ ਨਹੀਂ ਵੱਸਦਾ ਅਤੇ ਨਾ ਹੀ ਉਸ ਦਾ ਕੋਈ ਆਕਾਰ ਹੈ ਅਤੇ ਨਾ ਹੀ ਉਸ ਨੂੰ ਕਿਸੇ ਖਾਸ ਤਰੀਕੇ ਨਾਲ ਮੂਰਤੀ, ਸਰੀਰ, ਤਸਵਰੀਰ ਆਦਿ ਬਣੲ ਕੇ ਥਾਪਿਆ ਜਾ ਸਕਦਾ ਹੈ ਜਿਵੇਂ ਕਿ ਗੁਰਬਾਣੀ ਦਾ ਫੁਰਮਾਨ ਹੈ:
ਥਾਪਿਆ ਨ ਜਾਇ ਕੀਤਾ ਨ ਹੋਇ।। ਆਪੇ ਆਪਿ ਨਿਰੰਜਨੁ ਸੋਇ।। (ਮਃ ੧, ਪੰਨਾ ੨)
ਇਸ ਲਈ ਉਸ ਨੂੰ ਨਮਸਕਾਰ ਕਿਵੇਂ ਕੀਤੀ ਜਾਏ ? ਕਿਵੇਂ ਆਪਣਾ ਸਤਿਕਾਰ ਉਸ ਪ੍ਰਤੀ ਪ੍ਰਗਟ ਕੀਤਾ ਜਾਵੇ ? ਇਸ ਬਾਰੇ ਗੁਰੂ ਜੀ ਸਮਝਾਉਂਦੇ ਹਨ ਕਿ ਉਸ ਦੇ ਗੁਣਾਂ ਨਾਲ ਸਾਂਝ ਪਾਉਣੀ ਹੀ ਉਸ ਨੂੰ ਨਿਊਣਾ ਹੈ। ਜੇਕਰ ਉਸ ਦੇ ਗੁਣਾਂ (ਨਾਮ) ਨਾਲ ਸਾਂਝ ਬਣ ਜਾਏ ਤਾਂ ਮਨੁੱਖ ਹਰ ਵੇਲੇ ਪ੍ਰਭੂ ਨੂੰ ਸਮਰਪਤ ਹੋ ਕੇ ਜੀਵਨ ਜਿਊਂਦਾ ਹੈ ਅਤੇ ਵਿਕਾਰਾਂ ਵਿੱਚ ਨਹੀਂ ਫਸਦਾ। ਅਸਲ ਵਿੱਚ ਉਸ ਨੂੰ ਨਿਊਣ ਵਾਲੇ ਜੀਵਨ ਵਿਚੋਂ ਹਉਮੈ ਦਾ ਵਿਕਾਰ ਦੂਰ ਹੋ ਜਾਂਦਾ ਹੈ। ਨਹੀਂ ਤਾਂ ਜੀਵ ਆਪਣੀ ਤੁੱਛ ਜਿਹੀ ਹੋਂਦ ਦੀ ਹਉਮੈ ਨਾਲ ਭਰਿਆ ਰਹਿੰਦਾ ਹੈ ਕਿ
ਰੰਗਿ ਸੰਗਿ ਬਿਖਿਆ ਕੇ ਭੋਗਾ; ਇਨ ਸੰਗਿ ਅੰਧ ਨ ਜਾਨੀ।। ੧।। ਹਉ ਸੰਚਉ, ਹਉ ਖਾਟਤਾ; ਸਗਲੀ ਅਵਧ ਬਿਹਾਨੀ।। ਰਹਾਉ।।
ਹਉ ਸੂਰਾ, ਪਰਧਾਨੁ ਹਉ; ਕੋ ਨਾਹੀ ਮੁਝਹਿ ਸਮਾਨੀ।। ੨।। ਜੋਬਨਵੰਤ ਅਚਾਰ ਕੁਲੀਨਾ; ਮਨ ਮਹਿ ਹੋਇ ਗੁਮਾਨੀ।। ੩।। (ਗਉੜੀ ਮਃ ੫, ਪੰਨਾ ੨੪੨)
ਅਰਥ-ਮੈਂ ਮਾਇਆ ਜੋੜ ਰਿਹਾ ਹਾਂ, ਮੈਂ ਮਾਇਆ ਖੱਟਦਾ ਹਾਂ (ਇਹਨਾਂ ਹੀ ਖਿਆਲਾਂ ਵਿੱਚ ਅੰਨ੍ਹੇ ਹੋਏ ਮਨੁੱਖ ਦੀ) ਸਾਰੀ ਹੀ ਉਮਰ ਗੁਜ਼ਰ ਜਾਂਦੀ ਹੈ। ਰਹਾਉ। ਮੌਜਾਂ ਨਾਲ ਮਾਇਆ ਦੇ ਭੋਗ (ਮਨੁੱਖ ਭੋਗਦਾ ਰਹਿੰਦਾ ਹੈ) (ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਇਆ ਮਨੁੱਖ ਇਹਨਾਂ ਭੋਗਾਂ ਵਿੱਚ ਰੁੱਝਾ ਹੋਇਆ ਸਮਝਦਾ ਨਹੀਂ (ਕਿ ਉਮਰ ਵਿਅਰਥ ਗੁਜ਼ਰ ਰਹੀ ਹੈ)।। ੧।। ਮੈਂ ਸੂਰਮਾ ਹਾਂ, ਮੈਂ ਚੌਧਰੀ ਹਾਂ, ਕੋਈ ਮੇਰੇ ਬਰਾਬਰ ਦਾ ਨਹੀਂ ਹੈ, ਮੈਂ ਸੋਹਣਾ ਹਾਂ, ਮੈਂ ਉੱਚੇ ਆਚਰਨ ਵਾਲਾ ਹਾਂ, ਮੈਂ ਉੱਚੀ ਕੁਲ ਵਾਲਾ ਹਾਂ (ਮਾਇਆ ਦੇ ਮੋਹ ਵਿੱਚ ਅੰਨ੍ਹਾ ਹੋਇਆ ਮਨੁੱਖ ਆਪਣੇ) ਮਨ ਵਿੱਚ ਇਉਂ ਅਹੰਕਾਰੀ ਹੁੰਦਾ ਹੈ।
ਅੰਦਰੋਂ ਹਉਮੈ ਨਾਲ ਭਰਿਆ ਮਨੁੱਖ ਨਾਲ ਨਾਲ ਬਾਹਰੋਂ ਸਰੀਰਕ ਤੌਰ ਤੇ ਨਿਊਣ ਦਾ ਕਰਮਕਾਂਡ ਵੀ ਕਰਦਾ ਰਹਿੰਦਾ ਹੈ। ਇਹੋ ਜਿਹੇ ਨਿਊਣ ਅਤੇ ਝੁਕਣ ਨੂੰ ਗੁਰਮਤਿ ਨੇ ਪ੍ਰਵਾਨ ਨਹੀਂ ਕੀਤਾ ਅਤੇ ਕਿਹਾ ਹੈ ਕਿ ਜੇਕਰ ਤੇਰੇ ਅੰਦਰ ਸੱਚ ਪ੍ਰਤੀ ਸਮਰਪਤ ਭਾਵਨਾ ਹੀ ਨਹੀਂ ਹੈ ਅਤੇ ਹੇ ਜੀਵ ! ਤੂੰ ਅੰਦਰੋਂ ਆਪਣੀ ਤੁੱਛ ਮੱਤ, ਹਉਮੈ, ਮਨਮਤ, ਅਤੇ ਵਿਕਾਰੀ ਜੀਵਨ ਨੂੰ ਹੀ ਪਿਆਰ ਕਰਦਾ ਹੈਂ ਫਿਰ ਬਾਹਰੋਂ ਨਿਊਣ ਦਾ ਇਹ ਕਰਮਕਾਂਡ ਅਤੇ ਵਿਖਾਵਾ ਕੇਵਲ ਅਪਰਾਧੀ ਦੇ ਸੱਚੇ ਹੋਣ ਵਰਗਾ ਹੀ ਹੈ। ਜਿਵੇਂ ਕੋਈ ਸ਼ਿਕਾਰੀ ਸ਼ਿਕਾਰ ਕਰਨ ਲਈ ਕਦੇ ਉੱਠ ਖਲੋਂਦਾ ਹੈ ਕਦੇ ਝੁਕ ਜਾਂਦਾ ਹੈ ਅਤੇ ਕਦੇ ਲੰਮਾ ਪੈ ਜਾਂਦਾ ਹੈ। ਪਰ ਉਸ ਦੇ ਅਜਿਹਾ ਕਰਨ ਦਾ ਮਤਲਬ ਇਹ ਨਹੀਂ ਕਿ ਉਹ ਨਿਮਰਤਾਵਾਨ ਹੋ ਗਿਆ ਹੈ ਜਾਂ ਉਹ ਕਿਸੇ ਪਸ਼ੂ ਜਾਂ ਪੰਛੀ ਨੂੰ ਮੱਥਾ ਟੇਕ ਕੇ ਸਨਮਾਨ ਦੇ ਰਿਹਾ ਹੈ। ਉਸ ਦੇ ਅਜਿਹਾ ਕਰਨ ਪਿਛੇ ਤਾਂ ਇਕੋ ਮਕਸਦ ਹੈ ਸ਼ਿਕਾਰ ਨੂੰ ਫੁੰਡਣਾ।
ਅਪਰਾਧੀ ਦੂਣਾ ਨਿਵੈ; ਜੋ ਹੰਤਾ ਮਿਰਗਾਹਿ।। ਸੀਸਿ ਨਿਵਾਇਐ ਕਿਆ ਥੀਐ; ਜਾ ਰਿਦੈ ਕੁਸੁਧੇ ਜਾਹਿ।। (ਆਸਾ ਮਃ ੧, ਪੰਨਾ ੪੭੦)
ਅਰਥ- (ਪਰ ਨਿਉਣ ਦਾ ਭਾਵ, ਮਨੋਂ ਨਿਉਣਾ ਹੈ, ਨਿਰਾ ਸਰੀਰ ਨਿਵਾਉਣਾ ਨਹੀਂ ਹੈ; ਜੇ ਸਰੀਰ ਦੇ ਨਿਵਾਉਣ ਨੂੰ ਨੀਵਾਂ ਰਹਿਣਾ ਆਖੀਦਾ ਹੋਵੇ ਤਾਂ) ਸ਼ਿਕਾਰੀ ਜੋ ਮਿਰਗ ਮਾਰਦਾ ਫਿਰਦਾ ਹੈ, ਲਿਫ ਕੇ ਦੋਹਰਾ ਹੋ ਜਾਂਦਾ ਹੈ, ਪਰ ਜੇ ਨਿਰਾ ਸਿਰ ਹੀ ਨਿਵਾ ਦਿੱਤਾ ਜਾਏ, ਤੇ ਅੰਦਰੋਂ ਜੀਵ ਖੋਟੇ ਹੀ ਰਹਿਣ ਤਾਂ ਇਸ ਨਿਊਣ ਦਾ ਕੋਈ ਲਾਭ ਨਹੀਂ ਹੋ ਸਕਦਾ ਹੈ।
ਮਾਲਕ ਅੱਗੇ ਝੁਕ ਝੁਕ ਸਲਾਮਾਂ ਕਰਦਾ ਹੈ ਪਰ ਕੀ ਸਲਾਮਾਂ ਕਰਨ ਵਾਲਾ ਹਿਰਦੇ ਵਿਚੋਂ ਆਪਣੇ ਮਾਲਕ ਦਾ ਵਫਾਦਾਰ ਵੀ ਹੈ ? ਜੇ ਹਿਰਦਾ ਕਰਕੇ ਵਫਾਦਾਰੀ ਨਹੀਂ ਤਾਂ ਬਾਹਰ ਦੀ ਸਲਾਮ ਦੁਆ ਕਰਨ ਦਾ ਝੂਠਾ ਅਡੰਬਰ ਕੀ ਅਰਥ ਰੱਖਦਾ ਹੈ ? ਕੀ ਅਜਿਹੀ ਸਲਾਮ ਦੁਆ (ਮੱਥਾ ਟੇਕਣਾ) ਗੁਰਮਤਿ ਵਿੱਚ ਪ੍ਰਵਾਨ ਹੋ ਸਕਦਾ ਹੈ ? ਗੁਰਬਾਣੀ ਦਾ ਫੈਸਲਾ ਤਾਂ ਇਹ ਹੈ:
ਸਲਾਮੁ, ਜਬਾਬੁ ਦੋਵੈ ਕਰੇ; ਮੁੰਢਹੁ ਘੁਥਾ ਜਾਇ।। ਨਾਨਕ ! ਦੋਵੈ ਕੂੜੀਆ; ਥਾਇ ਨ ਕਾਈ ਪਾਇ।। (ਮਃ ੨, ਪੰਨਾ ੪੭੪)
ਅਰਥ:- (ਜੋ ਮਨੁੱਖ ਆਪਣੇ ਮਾਲਕ ਪ੍ਰਭੂ ਦੇ ਹੁਕਮ ਅੱਗੇ ਕਦੇ ਤਾਂ) ਸਿਰ ਨਿਵਾਂਦਾ ਹੈ, ਅਤੇ ਕਦੇ (ਉਸ ਦੇ ਕੀਤੇ ਉੱਤੇ) ਇਤਰਾਜ਼ ਕਰਦਾ ਹੈ, ਉਹ (ਮਾਲਕ ਦੀ ਰਜ਼ਾ ਦੇ ਰਾਹ ਉੱਤੇ ਤੁਰਨ ਤੋਂ) ਉੱਕਾ ਹੀ ਖੁੰਝਿਆ ਜਾ ਰਿਹਾ ਹੈ। ਹੇ ਨਾਨਕ ! ਸਿਰ ਨਿਵਾਣਾ ਅਤੇ ਇਤਰਾਜ਼ ਕਰਨਾ; ਦੋਵੇਂ ਹੀ ਝੂਠੇ ਹਨ, ਇਹਨਾਂ ਦੋਹਾਂ ਵਿਚੋਂ ਕੋਈ ਗੱਲ ਭੀ (ਮਾਲਕ ਦੇ ਦਰ ’ਤੇ) ਕਬੂਲ ਨਹੀਂ ਹੁੰਦੀ।
ਕਈਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਲਿਆ ਮੁਖਵਾਕ ਪਸੰਦ ਨਹੀਂ ਹੈ। ਵਰਤ ਰੱਖਣ ਵਾਲਿਆਂ ਨੂੰ ਵਰਤ ਦਾ ਖੰਡਨ ਕਰਦੇ ਗੁਰਬਾਣੀ ਪ੍ਰਮਾਣ ਚੰਗੇ ਨਹੀਂ ਲੱਗਦੇ ਤਾਂ ਉਹ ਸੁਣਾਉਣ ਵਾਲੇ ਨੂੰ ਹੀ ਕੱਟੜ ਸਿਖ ਕਹਿ ਕੇ ਪੱਲਾ ਝਾੜ ਜਾਂਦੇ ਹਨ। ਮੂਰਤੀ ਪੂਜਾ ਤੋਂ ਰੋਕ ਕੇ ਇੱਕ ਅਕਾਲ ਪੁਰਖ ’ਤੇ ਈਮਾਨ ਰੱਖਣ ਵਾਲੀ ਗੱਲ ਕਹੋ ਤਾਂ ਉਸ ਤੇ ਇਤਰਾਜ ਹੋ ਜਾਂਦਾ ਹੈ ਉਹ ਵੀ ਸਿਖ ਅਖਵਾਉਣ ਵਾਲਿਆਂ ਨੂੰ। ਕੀ ਅਜਿਹੀ ਬਿਰਤੀ ਵਾਲੇ ਸਿਖਾਂ ਦੀ ਨਮਸ਼ਕਾਰ ਅਤੇ ਸਲਾਮ ਦੁਆ ਗੁਰੂ ਨੂੰ ਪ੍ਰਵਾਨ ਹੋਵੇਗੀ “ਸਲਾਮੁ ਜਬਾਬੁ ਦੋਵੈ ਕਰੇ; ਮੁੰਢਹੁ ਘੁਥਾ ਜਾਇ।।”
ਪੁਰਾਤਨ ਸਮਿਆਂ ਤੋਂ ਲੈ ਕੇ ਧਾਰਮਕ ਪੁਜਾਰੀਆਂ ਨੇ ਕਈ ਤਰ੍ਹਾ ਦੇ ਭਰਮ ਰੱਬ ਦੇ ਨਾਂ ’ਤੇ ਹੀ ਪ੍ਰਚੱਲਤ ਕਰ ਦਿੱਤੇ ਹਨ ਅਤੇ ਰੱਬ ਨੂੰ ਇੱਕ ਵਿਸੇਸ ਥਾਂ ’ਤੇ ਰਹਿੰਦਾ ਦੱਸ ਕੇ ਉਸ ਪਾਸੇ ਵੱਲ਼ ਲੋਕਾਂ ਨੂੰ ਮੱਥੇ ਟੇਕਣ ਲਾ ਦਿੱਤਾ ਅਤੇ ਇਸ ਨੂੰ ਹੀ ਸਭ ਤੋਂ ਵੱਡਾ ਧਰਮ ਕਰਮ ਬਣਾ ਦਿੱਤਾ ਗਿਆ। ਇਵੇਂ ਜਿਉਂ ਜਿਉਂ ਕਰਮਕਾਂਡਾਂ ਦਾ ਜਾਲ ਸੰਘਣਾ ਹੁੰਦਾ ਜਾਂਦਾ ਹੈ ਤਿਉਂ ਤਿਉਂ ਮਨੁੱਖ ਧਰਮ ਨੂੰ ਜਿਊਣਾ ਭੁੱਲ ਕੇ ਇਸੇ ਜਾਲ ਵਿੱਚ ਹੀ ਉਲਝ ਜਾਂਦਾ ਹੈ। ਪਰ ਗੁਰੂ ਸਾਹਿਬ ਜੀ ਨੇ ਅਜਿਹੇ ਭਰਮ ਦਾ ਖੰਡਨ ਕਰਦਿਆਂ ਕਿਹਾ:
ਕੋਈ ਨਾਵੈ ਤੀਰਥਿ; ਕੋਈ ਹਜ ਜਾਇ।। ਕੋਈ ਕਰੈ ਪੂਜਾ; ਕੋਈ ਸਿਰੁ ਨਿਵਾਇ।। (ਰਾਮਕਲੀ ਮਃ ੫, ਪੰਨਾ ੮੮੫)
ਪਰ ਸੱਚ ਤਕ ਪਹੁੰਚਣ ਦਾ ਅਸਲ ਰਸਤਾ ਕੀ ਹੈ ? ਦੱਸਦਿਆਂ ਕਿਹਾ:
ਕਹੁ ਨਾਨਕ ! ਜਿਨਿ ਹੁਕਮੁ ਪਛਾਤਾ।। ਪ੍ਰਭ ਸਾਹਿਬ ਕਾ; ਤਿਨਿ ਭੇਦੁ ਜਾਤਾ।। (ਰਾਮਕਲੀ ਮਃ ੫, ਪੰਨਾ ੮੮੫)
ਕਰਮਕਾਂਡੀ ਸੁਭਾਅ ਕਰਕੇ ਮਨੁੱਖ ਨੇ ਕੇਵਲ ਸਰੀਰਕ ਨਮਸ਼ਕਾਰਾਂ ਤੇ ਮੱਥੇ ਟੇਕਣ ਨੂੰ ਹੀ ਸਭ ਤੋਂ ਵੱਡਾ ਧਰਮ ਕਰਮ ਸਮਝ ਲਿਆ ਹੈ ਪਰ ਆਪਣੇ ਜੀਵਨ ਵਿੱਚ ਧਰਮ ਨੂੰ ਦਾਖਲ ਨਹੀਂ ਹੋਣ ਦਿੱਤਾ ਅਤੇ ਨਾ ਹੀ ਜੀਵਨ ਵਿੱਚ ਪ੍ਰਵਰਤਨ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਇਥੋਂ ਹੀ ਕੇਵਲ ਬਾਹਰੀ ਸਤਿਕਾਰ ਤੇ ਸਨਮਾਨ ਦਾ ਅਡੰਬਰ ਸ਼ੁਰੂ ਹੋ ਜਾਂਦਾ ਹੈ ਅਤੇ ਇਨ੍ਹਾਂ ਕੰਮਾਂ ਵਿੱਚ ਉਲਝ ਕੇ ਅਸਲ ਸਤਿਕਾਰ ਤੇ ਸਨਮਾਨ ਤੋਂ ਮਨੁੱਖ ਕੋਹਾਂ ਦੂਰ ਰਹਿ ਜਾਂਦਾ ਹੈ। ਇਸ ਅਸਲੀਅਤ ਨੂੰ ਅਸੀਂ ਕਿਸੇ ਵੀ ਧਰਮ ਅਸਥਾਨ ਤੇ ਵਾਪਰਦਾ ਪਰਤੱਖ ਰੂਪ ਵਿੱਚ ਵੇਖ ਸਕਦੇ ਹਾਂ। ਗੁਰਦੁਆਰੇ ਵਿੱਚ ਜਾਣ ਵਾਲਾ ਸ਼ਰਧਾਲੂ ਬਾਹਰੀ ਸਰਦਲ ਤੋਂ ਲੈ ਕੇ ਦਰਜਨਾਂ ਵਾਰ ਨਿਊਂਦਾ ਹੈ ਤੇ ਅਖੀਰ ਗੁਰੂ ਗ੍ਰੰਥ ਸਾਹਿਬ ਜੀ ਕੋਲ ਪਹੁੰਚਦਿਆਂ ਉਹ ਕਿੰਨੀ ਹੀ ਵਾਰ ਮੱਥਾ ਟੇਕ ਚੁਕਿਆ ਹੁੰਦਾ ਹੈ ਤੇ ਅਖੀਰ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਦੀ ਵਾਰੀ ਆਉਂਦੀ ਹੈ। ਬਾਹਰੀ ਗੇਟ, ਅੰਦਰਲਾ ਦਰਵਾਜਾ, ਨਿਸ਼ਾਨ ਵਾਲਾ ਥੜ੍ਹਾ, ਕੋਈ ਫੋਟੋ ਜਾਂ ਤਸਵੀਰ, ਕੋਈ ਅਲੱਗ ਥੜ੍ਹਾ ਬਣਿਆਂ ਹੋਵੇ ਤਾਂ ਉਸ ਨੂੰ ਵੀ, ਕੋਈ ਦਰਖਤ ਆਦਿ, ਤੇ ਜੇ ਕੋਈ ਧਾਰਮਕ ਪਹਿਰਾਵੇ ਵਾਲਾ ਪੁਜਾਰੀ ਮਿਲ ਜਾਵੇ ਤਾਂ ਉਸ ਦੇ ਵੀ ਗੋਡੀਂ ਪੈਰੀਂ ਹੱਥ ਲਾਏ ਜਾਂਦੇ ਹਨ ਆਦਿ। ਕਿੰਨੀਆਂ ਹੀ ਥਾਵਾਂ ’ਤੇ ਝੁਕਦਿਆਂ, ਨਮਸਕਾਰਾਂ ਕਰਦਿਆਂ ਗੁਰਦੁਆਰਿਆਂ ਵਿੱਚ ਆਮ ਹੀ ਸ਼ਰਧਾਲੂਆਂ ਨੂੰ ਵੇਖਿਆ ਜਾ ਸਕਦਾ ਹੈ। ਜ਼ਰਾ ਸੋਚੋ ! ਮੱਥਾ ਟੇਕਣ ਦਾ ਭਾਵ ਸਾਨੂੰ ਸਮਝ ਵਿੱਚ ਆਇਆ ? ਨਮਸ਼ਕਾਰ ਕਰਨ ਦਾ ਮਤਲਬ ਕੀ ਹੈ ਸਾਨੂੰ ਇਸ ਗੱਲ ਦੀ ਸੋਝੀ ਆਈ ? ਕੀ ਅਸੀਂ ਗੁਰਬਾਣੀ ਪ੍ਰਤੀ ਸਮਰਪਤ ਹੋ ਸਕੇ ? ਕੀ ਮੱਥਾ ਟੇਕਣਾ ਰਸਮ ਪੂਰਤੀ ਹੀ ਤਾਂ ਨਹੀਂ ਬਣ ਗਈ ? ਕੀ ਜਿਸ ਗੁਰਬਾਣੀ ਨੂੰ ਅਸੀਂ ਆਪਣਾ ਇਸ਼ਟ ਮੰਨਦੇ ਹਾਂ ਉਸ ਪ੍ਰਤੀ ਸਾਡਾ ਸਤਿਕਾਰ ਸਨਮਾਨ ਕੇਵਲ ਬਹੁਤੀ ਵਾਰ ਮੱਥਾ ਟੇਕਣ ਤਕ ਹੀ ਸੀਮਤ ਨਹੀਂ ਹੈ ? ਜਦੋਂ ਕਿ ਹਰ ਜਗ੍ਹਾ ਝੁਕਣਾ ਸਾਡਾ ਸੁਭਾਅ ਤੇ ਆਦਤ ਜਿਹੀ ਬਣ ਚੁੱਕਾ ਹੈ। ਗੁਰਬਾਣੀ ਦਾ ਵੀਚਾਰ ਤਾਂ ਇਹ ਹੈ ਕਿ ਸਿਦਕ ਨੂੰ ਸਿਜਦਾ ਭਾਵ ਨਮਸ਼ਕਾਰ ਬਣਾ। ਜੇ ਤੇਰਾ ਸਿਦਕ ਹੀ ਕਾਇਮ ਨਹੀਂ ਤਾਂ ਬਾਹਰੀ ਸਿਜਦੇ ਕੀ ਕੇਵਲ ਵਿਖਾਵਾ ਨਹੀਂ ਹੈ ?
ਸਿਦਕੁ ਕਰਿ ਸਿਜਦਾ; ਮਨੁ ਕਰਿ ਮਖਸੂਦੁ।। ਜਿਹ ਧਿਰਿ ਦੇਖਾ; ਤਿਹ ਧਿਰਿ ਮਉਜੂਦੁ।। (ਸਿਰੀਰਾਗੁ ਮਃ ੧, ਪੰਨਾ ੮੪)
ਅਰਥ- (ਹੇ ਭਾਈ ! ) ਰੱਬ ’ਤੇ ਭਰੋਸਾ ਰੱਖ; ਇਹ ਹੈ ਉਸ ਦੇ ਅੱਗੇ ਸਿਰ ਨਿਵਾਉਣਾ, ਆਪਣੇ ਮਨ ਨੂੰ ਰੱਬ ਵਿੱਚ ਜੋੜਨਾ, ਇਸ ਨੂੰ ਜ਼ਿੰਦਗੀ ਦਾ ਨਿਸ਼ਾਨਾ ਬਣਾ। ਫਿਰ ਜਿਸ ਪਾਸੇ ਵੇਖੀਏ, ਉਸ ਪਾਸੇ ਰੱਬ ਹਾਜ਼ਰ ਦਿੱਸਦਾ ਹੈ।।
ਇਕ ਪਾਸੇ ਤਾਂ ਅਰਦਾਸ ਵਿੱਚ ਰੋਜ਼ ਇਹ ਦਾਤ ਮੰਗੀ ਜਾਂਦੀ ਹੈ ਕਿ: “ਸਿਖਾਂ ਨੂੰ ਸਿਖੀ ਦਾਨ…. . ਭਰੋਸਾ ਦਾਨ, ਵਿਸਾਹ ਦਾਨ. . ।” ਪਰ ਦੂਜੇ ਪਾਸੇ ਬੇਸਿਦਕਿਆਂ ਵਾਂਗ ਮੜ੍ਹੀਆਂ, ਕਬਰਾਂ, ਖਾਨਕਾਹਾਂ, ਤਸਵੀਰਾਂ, ਥੜ੍ਹਿਆਂ, ਦਰਖਤਾਂ ਆਦਿ ਨੂੰ ਵੀ ਮੱਥੇ ਟੇਕੇ ਜਾਂਦੇ ਹਨ। ਕਿੰਨੀਆਂ ਹੀ ਕਿਸਮਾਂ ਦੇ ਭਾਂਤ ਸੁਭਾਂਤੇ ਸਾਧੜੇ ਜਿੰਨਾਂ `ਚ ਕੋਈ ਨਾਂਗਾ, ਕੋਈ ਮੋਨੀ, ਕੋਈ ਦੂਧਾਧਾਰੀ, ਕੋਈ ਜਟਾਧਾਰੀ, ਕੋਈ ਮੋਨਾ, ਜੋਗੀ, ਬ੍ਰਹਮਚਾਰੀ, ਕੋਈ ਕਿਸੇ ਬੰਸ ਨਾਲ ਸੰਬੰਧ ਰੱਖਣ ਵਾਲਾ ਕੋਈ ਕਿਸੇ ਸੰਪਰਦਾ ਜਾਂ ਡੇਰੇ ਨਾਲ ਸੰਬੰਧ ਰੱਖਣ ਵਾਲਾ, ਆਪਣੇ ਆਪ ਨੂੰ ਮੱਥੇ ਟਿਕਵਾ ਰਹੇ ਹਨ। ਅਤੇ ਉਨ੍ਹਾਂ ਨੂੰ ਮੱਥੇ ਟੇਕ ਕੌਣ ਰਿਹਾ ਹੈ ? ਕੀ ਬਹੁਗਿਣਤੀ ਵਿੱਚ ਉਥੇ ਝੁਕਣ ਵਾਲੇ ਉਹ ਲੋਕ ਨਹੀਂ ਜੋ ਗੁਰੂ ਬਾਣੀ ਨੂੰ ਗੁਰੂ ਮੰਨਣ ਦਾ ਦਾਅਵਾ ਵੀ ਕਰਦੇ ਹਨ ਅਤੇ ਰੋਜ਼ ਉੱਚੀ ਉੱਚੀ ਪੜ੍ਹਦੇ ਵੀ ਹਨ ‘ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ।’ ਹੋਰ ਤਾਂ ਹੋਰ ਡੇਰਿਆਂ ਵਿੱਚ ਤਰ੍ਹਾਂ ਤਰ੍ਹਾਂ ਦੇ ਆਸਣ ਲਾ ਕੇ ਬੈਠਣ ਵਾਲੇ ਬਾਬੇ ਸਿਖੀ ਭੇਸ ਵਿੱਚ ਮੱਥੇ ਟਿਕਵਾ ਰਹੇ ਹਨ, ਕਈਆਂ ਦੀਆਂ ਖੂੰਡੀਆਂ, ਚੋਲ਼ੇ, ਜੁੱਤੀਆਂ, ਫੋਟੋਆਂ, ਆਦਿ ਤੱਕ ਨੂੰ ਮੱਥੇ ਟੇਕੇ ਤੇ ਟਿਕਵਾਏ ਜਾ ਰਹੇ ਹਨ। ਕੀ ਅਜਿਹਾ ਸਾਰਾ ਕੁੱਝ ਗੁਰਮਤਿ ਅਨੁਸਾਰ ਸਹੀ ਹੈ? ਫਿਰ ਇੱਕ ਅਕਾਲ ਪੁਰਖ ਨੂੰ ਮੰਨਣ ਵਾਲੇ ਗੁਰੂ ਹੁਕਮਾਂ ਦਾ ਕੀ ਬਣਿਆ? “ਵਾਹੁ ਵਾਹੁ ਬਾਣੀ ਨਿਰੰਕਾਰ ਹੈ; ਤਿਸੁ ਜੇਵਡ ਅਵਰ ਨ ਕੋਇ।।” ਵਰਗੀ ਮਹਾਨ ਗੁਰੂ ਆਗਿਆ ਦਾ ਪਾਲਣ ਕਰਨ ਦੀ ਜ਼ਿੰਮੇਵਾਰੀ ਕਿਥੇ ਗਈ ? “ਸਿਦਕ ਕਰਿ ਸਿਜਦਾ” ਅਸੀਂ ਕਰ ਸਕੇ ? ਜੇਕਰ ਗੁਰਬਾਣੀ ਨੂੰ ਪਿਆਰ ਨਾਲ ਪੜ੍ਹਿਆ, ਬੁਝਿਆ, ਅਤੇ ਵੀਚਾਰਿਆ ਗਿਆ ਹੁੰਦਾ ਤਾਂ ਡੇਰੇਦਾਰ ਤੇ ਦੇਹਧਾਰੀ ਗੁਰੂ ਅੱਜ ਗੁਰਬਾਣੀ ਗੁਰੂ ਦੇ ਸ਼ਰੀਕ ਬਣ ਕੇ ਸਿਖ ਸੰਗਤਾਂ ਨੂੰ ਮਗਰ ਨਹੀਂ ਸਨ ਲਾ ਸਕਦੇ। ਹਜ਼ਾਰਾਂ ਸਾਲਾਂ ਤੋਂ ਮਨੁੱਖਤਾ ਨੂੰ ਧਰਮ ਦੇ ਨਾਂ ’ਤੇ ਅਖੌਤੀ ਧਾਰਮਕ ਲੋਕਾਂ ਨੇ ਉਲਝਾ ਕੇ ਖੂਬ ਲੁਟਿਆ ਅਤੇ ਅਗਿਆਨੀ ਬਣਾਈ ਰੱਖਿਆ। ਪਸ਼ੂਆਂ, ਪੰਛੀਆਂ, ਰੁੱਖਾਂ, ਸਰੀਰਾਂ, ਬੁੱਤਾਂ, ਮੂਰਤੀਆਂ, ਮੜ੍ਹੀਆਂ ਤੇ ਕਬਰਾਂ ਆਦਿ ਦੀ ਪੂਜਾ ਵਿੱਚ ਅਤੇ ਮੱਥੇ ਟੇਕਣ ਲਾਈ ਰੱਖਿਆ ਜਿਸ ਦਾ ਜ਼ਿਕਰ ਭਾਈ ਗੁਰਦਾਸ ਜੀ ਇਉਂ ਕਰਦੇ ਹਨ:
ਕਲਿਜੁਗਿ ਬੋਧੁ ਅਉਤਾਰੁ ਹੈ; ਬੋਧੁ ਅਬੋਧੁ ਨ ਦ੍ਰਿਸਟੀ ਆਵੈ। ਕੋਇ ਨ ਕਿਸੈ ਵਰਜਈ; ਸੋਈ ਕਰੇ, ਜੋਈ ਮਨਿ ਭਾਵੈ।
ਕਿਸੇ ਪੁਜਾਈ ਸਿਲਾ ਸੁੰਨਿ; ਕੋਈ ਗੋਰੀ ਮੜ੍ਹੀ ਪੁਜਾਵੈ। ਤੰਤ੍ਰ ਮੰਤ੍ਰ ਪਾਖੰਡ ਕਰਿ; ਕਲਹਿ ਕ੍ਰੋਧੁ ਬਹੁ ਵਾਦਿ ਵਧਾਵੈ।
ਆਪੋ ਧਾਪੀ ਹੋਇ ਕੈ; ਨਿਆਰੇ ਨਿਆਰੇ ਧਰਮ ਚਲਾਵੈ। ਕੋਈ ਪੂਜੇ ਚੰਦੁ ਸੂਰੁ; ਕੋਈ ਧਰਤਿ ਅਕਾਸੁ ਮਨਾਵੈ।
ਪਉਣੁ ਪਾਣੀ ਬੈਸੰਤਰੋ; ਧਰਮ ਰਾਜ ਕੋਈ ਤ੍ਰਿਪਤਾਵੈ। ਫੋਕਟਿ ਧਰਮੀ; ਭਰਮਿ ਭੁਲਾਵੈ।। (ਵਾਰ ੧ ਪਉੜੀ ੧੮)
ਇਹ ਸਾਰਾ ਕੁੱਝ ਗੁਰੂ ਨਾਨਕ ਸਾਹਿਬ ਜੀ ਪ੍ਰਕਾਸ਼ ਤੋਂ ਵੀ ਪਹਿਲਾਂ ਦਾ ਹੋ ਰਿਹਾ ਸੀ ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਕੋਰਾ ਪਾਖੰਡ ਅਤੇ ਅਗਿਆਨਤਾ ਦੱਸਿਆ। ਅਜਿਹੇ ਭਰਮਾਂ ਤੇ ਵਹਿਮਾਂ ਵਿਚੋਂ ਕੱਢ ਕੇ ਇੱਕ ਅਕਾਲ ਪੁਰਖ ਨਾਲ ਜੋੜਿਆ ਅਤੇ ਫੁਰਮਾਇਆ:
ਸਾਹਿਬੁ ਮੇਰਾ ਏਕੋ ਹੈ।। ਏਕੋ ਹੈ; ਭਾਈ ! ਏਕੋ ਹੈ।। (ਆਸਾ ਮਃ ੧, ਪੰਨਾ ੩੫੦)
ਮੇਰੇ ਮਨ ! ਏਕਸ ਸਿਉ ਚਿਤੁ ਲਾਇ।। ਏਕਸ ਬਿਨੁ ਸਭ ਧੰਧੁ ਹੈ; ਸਭ ਮਿਥਿਆ ਮੋਹੁ ਮਾਇ।। (ਸਿਰੀਰਾਗੁ, ਮਃ ੫, ਪੰਨਾ ੪੪)
ਪਰ ਸਿਖ ਅਖਵਾਉਣ ਵਾਲੇ ਵੀ ਓਝੜੇ ਪੈ ਗਏ ਹਨ ਅਤੇ ਅਜਿਹੇ ਫੋਕਟ ਕਰਮਾਂ ਵਿੱਚ ਪੈ ਕੇ ਖੁਆਰ ਹੋ ਰਹੇ ਹਨ। ਕੇਵਲ ਬਾਹਰੀ ਤੌਰ ’ਤੇ ਨਮਸ਼ਕਾਰਾਂ ਕਰਨੀਆਂ ਪਰ ਹਿਰਦਾ ਕਰਕੇ ਦੂਜੇ ਪਾਸੇ ਚਿਤ ਰੱਖਣਾ ਤੇ ਖਿਆਲਾਂ ਕਰਕੇ ਗੁਰਮਤਿ ਦੀ ਥਾਂ ਮਨਮੱਤ ਨੂੰ ਧਾਰਨ ਕਰੀ ਰੱਖਣਾ ਦੋਹਰਾ ਕਿਰਦਾਰ ਹੈ ਅਤੇ ਅੰਦਰੋਂ ਹੋਰ ਤੇ ਬਾਹਰੋਂ ਹੋਰ ਹੋਣ ਵਾਲੀ ਗੱਲ ਹੈ।
ਸਿਆਮਲੰ, ਮਧੁਰ ਮਾਨੁਖੰ; ਰਿਦਯੰ, ਭੂਮਿ ਵੈਰਣਹ।। ਨਿਵੰਤਿ ਹੋਵੰਤਿ ਮਿਥਿਆ; ਚੇਤਨੰ ਸੰਤ ਸ੍ਵਜਨਹ।। (ਮਃ ੫, ਪੰਨਾ ੧੩੫੯)
ਅਰਥ:- ਮਨੁੱਖ (ਵੇਖਣ ਨੂੰ) ਸੋਹਣਾ ਹੋਵੇ, ਅਤੇ ਮਿਠ ਬੋਲਾ ਹੋਵੇ, ਪਰ ਜੇ ਉਸ ਦੇ ਹਿਰਦੇ ਧਰਤੀ ਵਿੱਚ ਵੈਰ (ਦਾ ਬੀਜ) ਹੋਵੇ, ਤਾਂ ਉਸ ਦਾ (ਦੂਜਿਆਂ ਅੱਗੇ) ਲਿਫਣਾ (ਨਿਰੀ) ਠੱਗੀ ਹੈ। ਭਲੇ ਮਨੁੱਖ ਸੰਤ ਜਨ (ਇਸ ਉਕਾਈ ਵਲੋਂ) ਸਾਵਧਾਨ ਰਹਿੰਦੇ ਹਨ।।
ਭਾਵ:- ਭਲਾ ਮਨੁੱਖ ਉਹ ਹੈ ਜੋ ਅੰਦਰੋਂ ਭੀ ਭਲਾ ਹੈ ਤੇ ਬਾਹਰੋਂ ਭੀ ਭਲਾ ਹੈ। ਅੰਦਰ ਖੋਟ ਰੱਖ ਕੇ ਭਲਾਈ ਦਾ ਵਿਖਾਵਾ ਕਰਨ ਵਾਲਾ ਮਨੁੱਖ ਭਲਾ ਨਹੀਂ ਹੈ।
ਕਿਤੇ ਸਾਡਾ ਗੁਰੂ ਅੱਗੇ ਨਿਊਣਾ ਅਜਿਹਾ ਹੀ ਤਾਂ ਨਹੀਂ ਹੈ ? ਗੁਰੂ ਬਚਨਾਂ ਨਾਲ ਸਾਡਾ ਮਨ ਸਹਿਮਤ ਨਹੀਂ ਹੈ ਪਰ ਬਾਹਰੋਂ ਅਸੀਂ ਸਭ ਤੋਂ ਚੰਗੇ ਤੇ ਆਗਿਆਕਾਰ ਹੋਣ ਦਾ ਵਿਖਾਵਾ ਕਰਦੇ ਹਾਂ ਤਾਂ ਫਿਰ ਅਸੀਂ ਪਖੰਡੀ ਨਹੀਂ ਤੇ ਫਿਰ ਹੋਰ ਕੀ ਹਾਂ ?
ਸਾਕਤ ਜਾਇ ਨਿਵਹਿ, ਗੁਰ ਆਗੈ; ਮਨਿ ਖੋਟੇ, ਕੂੜਿ ਕੂੜਿਆਰੇ।। ਜਾ ਗੁਰੁ ਕਹੈ, ਉਠਹੁ ਮੇਰੇ ਭਾਈ ! ਬਹਿ ਜਾਹਿ ਘੁਸਰਿ ਬਗੁਲਾਰੇ।। ਗੁਰਸਿਖਾ ਅੰਦਰਿ ਸਤਿਗੁਰੁ ਵਰਤੈ; ਚੁਣਿ ਕਢੇ ਲਧੋਵਾਰੇ।। ਓਇ ਅਗੈ ਪਿਛੈ ਬਹਿ, ਮੁਹੁ ਛਪਾਇਨਿ; ਨ ਰਲਨੀ ਖੋਟੇਆਰੇ।। (ਗਉੜੀ ਵਾਰ ਮਃ ੪, ਪੰਨਾ ੩੧੨)
ਅਰਥ:- ਜੇ ਸਾਕਤ ਮਨੁੱਖ ਸਤਿਗੁਰੂ ਦੇ ਅੱਗੇ ਜਾ ਭੀ ਨਿਊਣ (ਤਾਂ ਭੀ) ਉਹ ਮਨੋਂ ਖੋਟੇ (ਰਹਿੰਦੇ ਹਨ) ਤੇ ਖੋਟੇ ਹੋਣ ਕਰਕੇ ਕੂੜ ਦੇ ਹੀ ਵਪਾਰੀ ਬਣੇ ਰਹਿੰਦੇ ਹਨ। ਜਦੋਂ ਸਤਿਗੁਰੂ (ਸਭ ਸਿੱਖਾਂ ਨੂੰ) ਆਖਦਾ ਹੈ, ‘ਹੇ ਮੇਰੇ ਭਰਾਵੋ, ਸੁਚੇਤ ਹੋਵੋ ! ` (ਤਾਂ ਇਹ ਸਾਕਤ ਭੀ) ਬਗਲਿਆਂ ਵਾਂਗ (ਸਿੱਖਾਂ ਵਿਚ) ਰਲ ਕੇ ਬਹਿ ਜਾਂਦੇ ਹਨ। (ਪਰ ਸਾਕਤਾਂ ਦੇ ਹਿਰਦੇ ਵਿੱਚ ਕੂੜ ਵੱਸਦਾ ਹੈ) ਤੇ ਗੁਰਸਿੱਖਾਂ ਦੇ ਹਿਰਦੇ ਵਿੱਚ ਸਤਿਗੁਰੂ ਵੱਸਦਾ ਹੈ (ਇਸ ਕਰਕੇ ਸਿੱਖਾਂ ਵਿੱਚ ਰਲ ਕੇ ਬੈਠੇ ਹੋਏ ਭੀ ਸਾਕਤ) ਲਾਧ (ਪਰਖ) ਦੇ ਵੇਲੇ ਚੁਣ ਕੇ ਕੱਢੇ ਜਾਂਦੇ ਹਨ। ਉਹ ਅਗਾਂਹ ਪਿਛਾਂਹ ਹੋ ਕੇ ਮੂੰਹ ਤਾਂ ਬਥੇਰਾ ਲੁਕਾਂਦੇ ਹਨ, ਪਰ ਕੂੜ ਦੇ ਵਪਾਰੀ (ਸਿੱਖਾਂ ਵਿਚ) ਰਲ ਨਹੀਂ ਸਕਦੇ।
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਲੋਂ ਸਿਖਾਂ ਦੀ ਦਾਦੂ ਦੇ ਦੁਆਰੇ ’ਤੇ ਪਰਖ ਕਰਨ ਵਾਲੀ ਸਾਖੀ ਬਾਬਤ ਕੌਣ ਸਿਖ ਨਹੀਂ ਜਾਣਦਾ ਕਿ ਕਿਵੇਂ ਗੁਰੂ ਜੀ ਨੇ ਸਿਖਾਂ ਦੇ ਸਿਦਕ ਦੀ ਪਰਖ ਕੀਤੀ ਤੇ ਸਿਦਕ ਵਿੱਚ ਸਾਬਤ ਹੋਣ ਕਾਰਨ ਉਨ੍ਹਾਂ ’ਤੇ ਅਥਾਹ ਖੁਸ਼ੀ ਕੀਤੀ ਅਤੇ ਸ਼ਾਬਾਸ਼ ਦਿੱਤੀ। ਕੀ ਇਸ ਸਾਖੀ ਦੇ (ਸੰਕੇਤ) ਅਨੁਸਾਰ ਅਸੀਂ ਆਪਣਾ ਜੀਵਨ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ? ਭਾਈ ਲਹਿਣਾ ਜੀ ਗੁਰਮਤਿ ਨੂੰ ਅਪਨਾਉਣ ਤੋਂ ਪਹਿਲਾਂ ਵੈਸ਼ਨੋ ਦੇਵੀ ਦੇ ਪੁਜਾਰੀ ਸਨ ਅਤੇ ਲੰਮੀਆਂ ਲੰਮੀਆਂ ਯਾਤਰਾਵਾਂ ਵੀ ਕਰਦੇ ਸਨ ਪਰ ਜਦੋਂ ਉਨ੍ਹਾਂ ਨੂੰ ਗੁਰਮਤਿ ਦੀ ਦਾਤ ਪ੍ਰਾਪਤ ਹੋਈ ਤਾਂ ਹੋਰ ਸਭ ਪਾਸਿਆਂ ਦੀ ਝਾਕ ਲਾਹ ਦਿੱਤੀ। ਕਿਉਂਕਿ ਉਨ੍ਹਾਂ ਨੇ ਕੇਵਲ ਸਿਖ ਅਖਵਾਇਆ ਹੀ ਨਹੀਂ ! ਬਲਕਿ ਗੁਰਮਤਿ ਨੂੰ ਉਨ੍ਹਾਂ ਨੇ ਜੀਵਿਆ ਵੀ ਸੀ। ਇਸ ਲਈ ਜਦ ਗੁਰੂ ਨਾਨਕ ਸਾਹਿਬ ਜੀ ਨੇ ਉਨ੍ਹਾਂ ਨੂੰ ਯੋਗ ਜਾਣਿਆਂ ਤਾਂ ਆਪਣੀ ਸਾਰੀ ਜ਼ਿੰਮੇਵਾਰੀ (ਜੋਤ ਤੇ ਜੁਗਤਿ) ਭਾਈ ਲਹਿਣਾ ਜੀ ਨੂੰ ਸੌਂਪ ਕੇ ਅੰਗਦ ਨਾਉਂ ਦੇ ਕੇ ਉਨ੍ਹਾਂ ਅੱਗੇ ਆਪ ਨਮਸ਼ਕਾਰ ਕੀਤੀ।
ਗੁਰਿ, ਚੇਲੇ ਰਹਰਾਸਿ ਕੀਈ; ਨਾਨਕਿ ਸਲਾਮਤਿ ਥੀਵਦੈ।। ਸਹਿ ਟਿਕਾ ਦਿਤੋਸੁ; ਜੀਵਦੈ।। (ਰਾਮਕਲੀ ਵਾਰ-੩, ਪੰਨਾ ੯੬੬)
ਅਰਥ- ਅਰਥ:- (ਹੁਣ) ਆਪਣੀ ਸਲਾਮਤੀ ਵਿੱਚ ਹੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਿੱਖ (ਬਾਬਾ ਲਹਣਾ ਜੀ) ਅੱਗੇ ਮੱਥਾ ਟੇਕਿਆ, ਤੇ ਸਤਿਗੁਰੂ ਜੀ ਨੇ ਜਿਊਂਦਿਆਂ ਹੀ (ਗੁਰਿਆਈ ਦਾ) ਤਿਲਕ (ਬਾਬਾ ਲਹਣਾ ਜੀ ਨੂੰ) ਦੇ ਦਿੱਤਾ।
ਗੁਰੂ ਨਾਨਕ ਸਾਹਿਬ ਜੀ ਵਲੋਂ ਭਾਈ ਲਹਿਣਾ ਜੀ ਅੱਗੇ ਨਮਸ਼ਕਾਰ ਕਰਨ ਦਾ ਭਾਵ ਸੀ ਕਿ ਮੈਂ ਇਨ੍ਹਾਂ ਨੂੰ ਮਾਨਤਾ ਦਿੰਦਾ ਹਾਂ ਅਤੇ ਆਪਣੇ ਸਾਰੇ ਅਧਿਕਾਰ ਇਨ੍ਹਾਂ ਨੂੰ ਸੌਂਪਦਾ ਹਾਂ। ਇਸ ਤਰ੍ਹਾਂ ਕਰਕੇ ਉਨ੍ਹਾਂ ਨੇ ਸਿਖ ਸੰਗਤ ਨੂੰ ਪ੍ਰੇਰਣਾ ਦਿੱਤੀ ਤਾਂ ਕਿ ਸਿਖ ਵੀ ਨਮਸ਼ਕਾਰ ਦਾ ਭਾਵ ਸਮਝ ਸਕਣ। ਜਿਵੇਂ ਕੋਈ ਵਸਤੂ ਪਾਉਣ ਵਾਸਤੇ ਕਿਸੇ ਬਰਤਨ ਦੀ ਲੋੜ ਹੁੰਦੀ ਹੈ ਉਵੇਂ ਹੀ ਸਮਰਪਤ ਭਾਵਨਾ, ਦਿਲੀ ਸਤਿਕਾਰ, ਮਾਨਤਾ, ਆਪਣੀ ਮਤ ਗੁਰੂ ਨੂੰ ਸੌਂਪ ਦੇਣਾ ਅਤੇ ਗੁਰੂ ਦੀ ਮਤ ਨੂੰ ਪ੍ਰਵਾਨ ਕਰਨਾ ਆਦਿ ਦਾ ਪ੍ਰਗਟਾਵਾ ਕਰਨ ਹਿਤ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਿਉਂਦੇ ਹਾਂ। ਗੁਰਬਾਣੀ ਸਿਧਾਂਤ ਹੀ ਸਾਡੇ ਲਈ ਮਾਨਤਾ ਪ੍ਰਾਪਤ ਹਨ, ਅਸੀਂ ਇਸ ਨੂੰ ਸਮਰਪਿਤ ਹੁੰਦੇ ਹਾਂ, ਅਸੀਂ ਇਸ ਨੂੰ ਆਪਣਾ ਰਾਹ ਦਸੇਰਾ ਪ੍ਰਵਾਨ ਕਰਦੇ ਹਾਂ, ਇਹ ਭਾਵ ਹੈ ਮੱਥਾ ਟੇਕਣ ਦਾ, ਨਮਸ਼ਕਾਰ ਕਰਨ ਦਾ। ਪਰ ਜੇ ਗੁਰਬਾਣੀ ਹੁਕਮਾਂ ਅਨੁਸਾਰ ਤੁਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ, ਗੁਰੂ ਬਾਣੀ ਦੀ ਥਾਵੇਂ ਮਨਮਤ ਦੀ ਹੀ ਵਕਾਲਤ ਕੀਤੀ ਜਾ ਰਹੀ ਹੈ, ਆਪਣੀ ਮਤ ਗੁਰੂ ਨੂੰ ਸੌਂਪੀ ਨਹੀਂ ਜਾ ਰਹੀ ਅਤੇ ਗੁਰੂ ਦੀ ਮਤ ਨੂੰ ਪ੍ਰਵਾਨ ਨਹੀਂ ਕੀਤਾ ਜਾ ਰਿਹਾ ਅਤੇ ਕੇਵਲ ਵਿਖਾਵਾ ਕਰਨ ਲਈ ਹੀ ਝੁਕਿਆ ਜਾ ਰਿਹਾ ਹੈ ਤਾਂ ਐਸਾ ਨਿਉਣਾ ਅਤੇ ਅਜਿਹੀ ਨਮਸ਼ਕਾਰ ਕਿਸੇ ਅਰਥ ਨਹੀਂ ਹੈ।
ਗੁਰਬਾਣੀ ਵਿੱਚ ਨਿਊਣਾ, ਨਿਵੈ, ਨਿਵਣ ਆਦਿ ਸ਼ਬਦਾਂ ਦਾ ਜ਼ਿਕਰ ਸਮਰਪਤ ਹੋਣ ਦੀ ਭਾਵਨਾ ਕਰਕੇ ਆਇਆ ਹੈ। ਅਤੇ ਸਮਰਪਤ ਕੇਵਲ ਸੱਚ ਅਕਾਲ ਪੁਰਖ ਅਤੇ ਸੱਚ ਸਰੂਪ ਗੁਰਬਾਣੀ ਨੂੰ ਹੋਣਾ ਹੈ।
ਜੋ ਸਿਰੁ ਸਾਂਈ ਨਾ ਨਿਵੈ; ਸੋ ਸਿਰੁ ਦੀਜੈ ਡਾਰਿ।। ਨਾਨਕ ! ਜਿਸੁ ਪਿੰਜਰ ਮਹਿ ਬਿਰਹਾ ਨਹੀ; ਸੋ, ਪਿੰਜਰੁ ਲੈ ਜਾਰਿ।। (ਸਿਰੀਰਾਗੁ ਮਃ ੨, ਪੰਨਾ ੮੯)
ਅਰਥ:- ਜੋ ਸਿਰ ਪ੍ਰਭੂ ਦੀ ਯਾਦ ਵਿੱਚ ਨਾਹ ਝੁਕੇ, ਉਹ ਤਿਆਗ ਦੇਣ ਜੋਗ ਹੈ (ਭਾਵ, ਉਸ ਦਾ ਕੋਈ ਗੁਣ ਨਹੀਂ)। ਹੇ ਨਾਨਕ ! ਜਿਸ ਸਰੀਰ ਵਿੱਚ ਪਿਆਰ ਨਹੀਂ ਉਹ ਸਰੀਰ ਸਾੜ ਦਿਓ (ਭਾਵ, ਉਹ ਭੀ ਵਿਅਰਥ ਹੈ)।