ਮਾਇਆ

0
1683

ਮਾਇਆ

Raja Singh Missionary (Canada) Rajasingh922@yahoo.com

‘ਮਾਇਆ’ ਸ਼ਬਦ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਵਿੱਚ ਆਮ ਮਿਲਦਾ ਹੈ। ‘ਮਾਇਆ’ ਦੇ ਸ਼ਬਦੀ ਅਰਥ ਹਨ ‘ਧੋਖਾ ਜਾਂ ਪੜਦਾ’, ਭਾਵ ਕਿ ਕੁਝ ਛੁਪਿਆ ਹੋਇਆ, ਬਾਹਰ ਜੋ ਦਿਸਦਾ ਹੈ ਉਹ ਅੰਦਰ ਨਹੀਂ। ਪੰਜਾਬੀ ਵਿੱਚ ਇਸ ਨੂੰ ਧਨ ਦੋਲਤ ਲਈ ਵੀ ਵਰਤਿਆ ਜਾਂਦਾ ਹੈ। ਹੋਰ ਵੀ ਕਈ ਅਰਥ ਹਨ। ਗੁਰੂ ਅਮਰਦਾਸ ਜੀ ਨੇ ਮਾਇਆ ਦੀ ਬੜੀ ਸਰਲ ਵਿਆਖਿਆ ਕੀਤੀ ਹੈ ਜੋ ਰੋਜ਼ ਆਪਾਂ ਆਨੰਦ ਸਾਹਿਬ ਦੀ ਬਾਣੀ ਵਿੱਚ ਪੜ੍ਹਦੇ ਹਾਂ:

ਏਹ ਮਾਇਆ ਜਿਤੁ ਹਰਿ ਵਿਸਰੈ, ਮੋਹੁ ਉਪਜੈ ਭਾਉ ਦੂਜਾ ਲਾਇਆ ॥

ਨਿਰੀ ਧਨ-ਦੌਲਤ ਹੀ ਮਾਇਆ ਨਹੀਂ, ਉਹ ਹਰ ਚੀਜ਼ ਮਾਇਆ ਹੈ ਜੋ ਸਾਨੂੰ ਦੈਵੀ ਗੁਣਾਂ (ਪ੍ਰਭੂ) ਤੋਂ ਤੋੜ ਕੇ ਦੂਸਰੇ ਪਾਸੇ ਲਾ ਦੇਵੇ, ਭਾਵੇਂ ਪਰਿਵਾਰਕ ਮੈਂਬਰ, ਮਿਤਰ-ਦੋਸਤ, ਪਦਵੀਆਂ ਜਾਂ ਕੁਝ ਵੀ ਹੋਵੇ।

ਉਂਜ ਮਾਇਆ ਵੀ ਪ੍ਰਭੂ ਦੀ ਪੈਦਾ ਕੀਤੀ ਹੋਈ ਹੈ ਕਿਉਂਕਿ ਮਨੁੱਖਾ ਜੂਨ ਬਾਕੀ ਸਾਰੀਆਂ ਜੂਨਾਂ ਦੀ ਸਿਰਤਾਜ ਹੈ ਅਤੇ ਇਸ ਜੂਨ ਵਿੱਚ ਬੁਧੀ ਪੂਰੀ ਵਿਕਸਤ ਹੁੰਦੀ ਹੈ। ਸ਼ਾਇਦ ਮਨੁੱਖ ’ਤੇ ਪ੍ਰਭੂ ਨੇ ਆਪਾ ਮਾਇਆ ਰੂਪੀ ਚੈੱਕ ਰਖਿਆ ਹੈ ਕਿ ਮਨੁੱਖ ਬਿਬੇਕ ਦੀ ਵਰਤੋਂ ਕਿਤਨੀ ਕੁ ਕਰਦਾ ਹੈ।

ਸਿਵ ਸਕਤਿ ਆਪਿ ਉਪਾਇ ਕੈ, ਕਰਤਾ ਆਪੇ ਹੁਕਮੁ ਵਰਤਾਏ ॥ ਹੁਕਮੁ ਵਰਤਾਏ ਆਪਿ ਵੇਖੈ, ਗੁਰਮੁਖਿ ਕਿਸੈ ਬੁਝਾਏ ॥

ਤੋੜੇ ਬੰਧਨ ਹੋਵੈ ਮੁਕਤੁ, ਸਬਦੁ ਮੰਨਿ ਵਸਾਏ ॥ ਗੁਰਮੁਖਿ ਜਿਸ ਨੋ ਆਪਿ ਕਰੇ, ਸੁ ਹੋਵੈ ਏਕਸ ਸਿਉ ਲਿਵ ਲਾਏ ॥

ਹਰੇਕ ਚੰਗੇ ਕੰਮ ਕਰਨ ਲਗਿਆਂ ਮਾਇਆ ਕਿਸੇ ਰੁਕਾਵਟ ਦੇ ਰੂਪ ਵਿੱਚ ਆ ਖੜੋਂਦੀ ਹੈ। ਉਦਾਹਰਣ ਵਜੋਂ ਪਾਠ ਕਰਦਿਆਂ ਸੁਰਤੀ ਦਾ ਹੋਰ ਹੋਰ ਪਾਸੇ ਜਾਣਾ, ਕਥਾ ਕੀਰਤਨ ਸੁਣਦਿਆਂ ਸੁਰਤੀ ਦਾ ਨਾ ਟਿਕਣਾ ਮਾਇਆ ਦੇ ਹਮਲੇ ਹਨ।

ਸਭੇ ਗਲਾ ਜਾਤੀਆ, ਸੁਣਿ ਕੈ ਚੁਪ ਕੀਆ ॥  ਕਦ ਹੀ ਸੁਰਤਿ ਨ ਲਧੀਆ, ਮਾਇਆ ਮੋਹੜਿਆ ॥੧॥ (SGGS 217)

ਜਿਹੜੇ ਆਪਣੀ ਸੁਰਤੀ ਪ੍ਰਭੂ ਵਿੱਚ ਹਰ ਸਮੇਂ ਜੋੜੀ ਰੱਖਦੇ ਹਨ, ਕੋਈ ਅਉਗੁਣ ਨਹੀਂ ਕਰਦੇ, ਉਹ ਧਨ-ਦੌਲਤ, ਪਰਿਵਾਰਕ ਮੈਂਬਰ, ਮਿਤਰ-ਦੋਸਤਾਂ ਅਤੇ ਪਦਵੀਆਂ ਆਦਿ ਦਾ ਆਨੰਦ ਮਾਣਦਿਆਂ ਵੀ ਰੱਬੀ ਲਿਵ ਵਿੱਚ ਲੀਨ ਰਹਿੰਦੇ ਹਨ, ਭਾਵ ਕੋਈ ਮਾੜਾ ਕਰਮ ਨਹੀਂ ਕਰਦੇ।

ਕਹੈ ਨਾਨਕੁ ਗੁਰ ਪਰਸਾਦੀ, ਜਿਨਾ ਲਿਵ ਲਾਗੀ, ਤਿਨੀ ਵਿਚੇ ਮਾਇਆ ਪਾਇਆ ॥੨੯॥ (SGGS 921)

ਵਾਹਿਗੁਰੂ ਜੀ ਨੇ ਸਾਨੂੰ ਬੁਧੀ ਦਿੱਤੀ ਹੈ ਜਿਹੜੀ ਸਾਡੇ ਜਿਉਣ ਲਈ ਬਹੁਤ ਜ਼ਰੂਰੀ ਹੈ ਪਰ ਬਦਕਿਸਮਤੀ ਨਾਲ ਬੁਧੀ ਹੀ ਸਾਡੀ ਅਸਫ਼ਲਤਾ ਦਾ ਕਾਰਨ ਬਣ ਜਾਂਦੀ ਹੈ ਜਾਂ ਕਹੀਏ ਕਿ ਇਹ ਬੁਧੀ (ਚਤੁਰਾਈ) ਹੀ ਸਾਡੇ ਤੇ ਵਾਹਿਗੁਰੂ ਵਿੱਚ ਰੋੜਾ ਬਣ ਕੇ ਸਦਾ ਖੜੀ ਰਹਿੰਦੀ ਹੈ। ਗੁਰਬਾਣੀ ਆਤਮਿਕ ਹੁਲਾਰਾ ਹੈ ਪਰ ਇਹ ਉਸ ਨੂੰ ਮਹਿਸੂਸ ਹੁੰਦਾ ਹੈ ਜਿਹੜਾ ਮਨੁੱਖ ਗੁਰਬਾਣੀ ਪੜ੍ਹ ਕੇ ਉਸ ਨਾਲ ਇਕ-ਮੁਕ ਹੋ ਜਾਏ; ਪਰ ਇਹ ਮਾਇਆ ਸਾਨੂੰ ਧੋਖੇ ਵਿੱਚ ਰਖਦੀ ਹੈ ਕਿ ਨਹੀਂ ਤੂੰ ਵੀ ਕੁਝ ਹੈਂ। ਗੁਰਬਾਣੀ ਤਾਂ ਬੜਾ ਖਰਾ ਸੰਦੇਸ਼ ਦਿੰਦੀ ਹੈ:

ਮੈ ਨਾਹੀ ਪ੍ਰਭ ! ਸਭੁ ਕਿਛੁ ਤੇਰਾ ॥ ਈਘੈ ਨਿਰਗੁਨ, ਊਘੈ ਸਰਗੁਨ, ਕੇਲ ਕਰਤ ਬਿਚਿ ਸੁਆਮੀ ਮੇਰਾ ॥੧॥ ਰਹਾਉ ॥(SGGS 827)

ਗੁਰਬਾਣੀ ਅਨੁਸਾਰੀ ਜੀਵਨ ਨਾ ਰਹਿਣ ਕਰਕੇ ਤਿ੍ਰਸ਼ਨਾ ਦੀ ਭੱਠੀ ਵਿੱਚ ਸੜਦੇ ਰਹੀਦਾ ਹੈ। ਇੱਕ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ ਕਿ ਜੋ ਸਾਡੀਆਂਦੁਨਿਆਵੀ ਲਾਭ ਜਾਂ ਤਰੱਕੀਆਂ ਹਨ, ਉਹ ਜ਼ਰੂਰੀ ਨਹੀਂ ਕਿ ਸਾਡੀ ਆਤਮਿਕ ਉਨਤੀ ਵਿੱਚ ਵੀ ਸਹਾਇਤਾ ਕਰਨਗੀਆਂ। ਜਿਹੜੇ ਮਨੁੱਖ ਮਾਇਆ ਮਗਰ ਦੌੜਦੇ ਹਨ ਉਹਨਾਂ ਦੀ ਭਟਕਣਾਂ ਦਾ ਕੋਈ ਅੰਤ ਨਹੀਂ, ਦੇਖੋ ਗੁਰ ਉਪਦੇਸ਼:

ਮ: ੩ ॥ ਮਾਇਆ ਹੋਈ ਨਾਗਨੀ, ਜਗਤਿ ਰਹੀ ਲਪਟਾਇ ॥ ਇਸ ਕੀ ਸੇਵਾ ਜੋ ਕਰੇ, ਤਿਸ ਹੀ ਕਉ ਫਿਰਿ ਖਾਇ ॥ (SGGS 510)

ਕਿਸੇ ਨ ਕਿਸੇ ਫਾਇਦੇ ਲਈ ਅਸੀਂ ਮਾਇਆ ਦੇ ਤਿੰਨਾਂ ਗੁਣਾਂ ਵਿੱਚ ਹੀ ਉਲਝੇ ਰਹਿੰਦੇ ਹਾਂ:

ਰਜ ਗੁਣ, ਤਮ ਗੁਣ, ਸਤ ਗੁਣ ਕਹੀਐ , ਇਹ ਤੇਰੀ ਸਭ ਮਾਇਆ ॥

ਰਜ ਗੁਣ- ਪਦਾਰਥਕ ਰੁਚੀਆਂ ਵਿੱਚ ਜਾਂ ਖਿਆਲਾਂ ਵਿੱਚ ਖੁਭੇ ਰਹਿਣਾ। ਗੁਰੂ ਅਰਜਨ ਸਾਹਿਬ ਜੀ ਦੇ ਉਪਦੇਸ਼:

ਸਹਸ ਖਟੇ ਲਖ ਕਉ ਉਠਿ ਧਾਵੈ ॥ ਤ੍ਰਿਪਤਿ ਨ ਆਵੈ, ਮਾਇਆ ਪਾਛੈ ਪਾਵੈ ॥ (SGGS 278)

ਰਜ ਗੁਣ- ਪਦਾਰਥਕ ਰੁਚੀਆਂ ਵਿੱਚ ਜਾਂ ਖਿਆਲਾਂ ਵਿੱਚ ਖੁਭੇ ਰਹਿਣਾ। ਗੁਰੂ ਅਰਜਨ ਸਾਹਿਬ ਜੀ ਦੇ ਉਪਦੇਸ਼:

ਸਹਸ ਖਟੇ ਲਖ ਕਉ ਉਠਿ ਧਾਵੈ ॥ ਤ੍ਰਿਪਤਿ ਨ ਆਵੈ, ਮਾਇਆ ਪਾਛੈ ਪਾਵੈ ॥ (SGGS 278)

ਅਜਿਹੇ ਲੋਕ ਮਤਲਬੀ ਤੇ ਲਾਲਚੀ ਅਤੇ ਤੇਜ਼ ਤਰਾਰ ਹੁੰਦੇ ਹਨ। ਹਮੇਸ਼ਾਂ ਤਣਾਅ ਵਿੱਚ ਰਹਿੰਦੇ ਹਨ। ਗੁਰੂ ਸਾਹਿਬ ਜੀ ਨੇ ਉਹਨਾਂ ਦਾ ਨਕਸ਼ਾ ਹੇਠਾਂ ਦਿੱਤੇ ਸ਼ਬਦ ਵਿੱਚ ਖਿਚਿਆ ਹੈ:

ਜਿਉ ਕੂਕਰੁ ਹਰਕਾਇਆ, ਧਾਵੈ ਦਹ ਦਿਸ ਜਾਇ ॥ ਲੋਭੀ ਜੰਤੁ ਨ ਜਾਣਈ, ਭਖੁ ਅਭਖੁ ਸਭ ਖਾਇ ॥ 

ਕਾਮ, ਕ੍ਰੋਧ ਮਦਿ ਬਿਆਪਿਆ, ਫਿਰਿ ਫਿਰਿ ਜੋਨੀ ਪਾਇ ॥੨॥ 

ਅਜਿਹੇ ਪ੍ਰਾਣੀ ਦੀ ਤੁਲਨਾ ਕੁੱਤੇ ਨਾਲ ਕੀਤੀ ਗਈ ਹੈ। ਇਹ ਲੋਕ ਧਾਰਮਿਕ ਗੱਲਾਂ ਵੀ ਕਿਸੇ ਮਤਲਬ ਨੂੰ ਮੁਖ ਰੱਖ ਕੇ ਜਾਂ ਦਿਖਾਵੇ ਲਈ ਹੀ ਕਰਦੇ ਹਨ।

ਤਮ-ਗੁਣ: ਇਸ ਨੂੰ ਅਗਿਆਨਤਾ ਦੀ ਅਵੱਸਥਾ ਆਖਿਆ ਜਾ ਸਕਦਾ ਹੈ ਕਿਉਂਕਿ ਅਸਲ ਖੁਸ਼ੀ ਤਾਂ ਰੱਬ ਦਾ ਨਾਮ ਜਪਦਿਆਂ ਉਸ ਨਾਲ ਇਕ ਹੋ ਕੇ ਮਿਲਦੀ ਹੈ ਪਰ ‘ਤਮ-ਗੁਣੀ’ ਲੋਕ ਖੁਸ਼ੀ ਸੰਸਾਰਿਕ ਸੁੱਖਾਂ ਜਾਂ ਬਾਹਰੋਂ ਭਾਲਦੇ ਹਨ। ਅਜਿਹਾ ਕਰਨ ਨਾਲ ਆਤਮਿਕ ਤਰੱਕੀ ਰੁੱਕ ਜਾਂਦੀ ਹੈ ਤੇ ਪ੍ਰਾਣੀ ਦੁੱਖੀ ਹੁੰਦਾ ਹੈ ਕਿਉਂਕਿ ਅੰਤਰ ਆਤਮੇ ਅਸਲੇ ਨਾਲ ਜੁੜਨ ਦੀ ਥਾਂ ਇਹ ਬਾਹਰ ਮਾਇਆ ਨਾਲ ਲਿਪਤ ਰਹਿੰਦਾ ਹੈ।

ਸਤ-ਗੁਣ: ਜਿਸ ਤਰ੍ਹਾਂ ਕਿ ਇਸ ਨਾਮ ਤੋਂ ਹੀ ਪਤਾ ਲਗਦਾ ਹੈ ਕਿ ਭਲੇ ਕੰਮ ਦੀ ਅਵਸਥਾ ਹੈ। ਭਾਵੇਂ ਮਨੁੱਖ ਨਿਰਮਾਣਤਾ ਵਿੱਚ ਆ ਕੇ ਵੀ ਸੇਵਾ ਤੇ ਚੰਗੇ ਕਰਮ ਕਰੇ ਪਰ ਮਨ ਹੀ ਮਨ ਸੋਚਦਾ ਹੈ ਕਿ ਦੂਜਿਆਂ ਨਾਲੋਂ ਚੰਗਾ ਹਾਂ ਅਤੇ ਫਿਰ ਹੰਕਾਰ ਵਿੱਚ ਫਸ ਜਾਂਦਾ ਹੈ।

ਆਓ, ਹੁਣ ਤੁਰੀਆ ਅਵੱਸਥਾ ਜਾਂ ਚੌਥੇ ਪੱਦ ਦੀ ਗੱਲ ਕਰੀਏ।

‘‘ਚਉਥੇ ਪਦ ਕਉ ਜੋ ਨਰੁ ਚੀਨ੍ੈ, ਤਿਨ੍ ਹੀ ਪਰਮ ਪਦੁ ਪਾਇਆ ॥’’ (ਭਗਤ ਕਬੀਰ/੧੧੨੩)

ਉਪਰੋਕਤ ਦਸੇ ਗਏ ਮਾਇਆ ਦੇ ਤਿੰਨਾ ਗੁਣਾਂ ਤੋਂ ਆਪਣੇ ਆਪ ਨੂੰ ਨਿਰਲੇਪ ਰੱਖਣ ਵਾਲਾ ਚੌਥੇ ਪੱਦ ਵਿੱਚ ਪੁਜ ਜਾਂਦਾ ਹੈ। ਬੜਾ ਸੰਤੁਲਤ ਜੀਵਨ ਬਤੀਤ ਕਰਦਾ ਹੈ। ਸਾਰੇ ਦੁਨਿਆਵੀ ਫਰਜ਼ ਨਿਭਾਉਂਦਿਆਂ ਹੋਇਆਂ ਪਿਆਰੇ ਪਰਮਾਤਮਾਂ ਨੂੰ ਇਕ ਸੁਆਸ ਵੀ ਨਹੀਂ ਵਿਸਾਰਦਾ, ਭਾਵ ਕੋਈ ਗਲਤ ਕੰਮ ਨਹੀਂ ਕਰਦਾ। ਰਸਤੇ ਦੀਆਂ ਰੁਕਾਵਟਾਂ ਨੂੰ ਵੀ ਵਾਹਿਗੁਰੂ ਜੀ ਦਾ ਹੁਕਮ ਸਮਝ ਕੇ ਪਾਰ ਕਰ ਲੈਂਦਾ ਹੈ:

ਹੁਕਮੈ ਅੰਦਰਿ ਸਭੁ ਕੋ, ਬਾਹਰਿ ਹੁਕਮ ਨ ਕੋਇ ॥ ਨਾਨਕ ! ਹੁਕਮੈ ਜੇ ਬੁਝੈ, ਤ ਹਉਮੈ ਕਹੈ ਨ ਕੋਇ ॥੨॥(SGGS 1)

ਜਿਸ ਵੇਲੇ ਵਾਹਿਗੁਰੂ ਜੀ ਨਾਲ ਪਿਆਰ ਹੋ ਜਾਵੇ ਤਾਂ ਪ੍ਰਭੂ ਦਾ ਨਾਮ ਸਾਡੇ ਦਿਮਾਗ ’ਤੇ ਰਾਜ ਕਰਦਾ ਹੈ ਅਤੇ ਸ਼ਾਂਤ ਚਿਤ ਜ਼ਿੰਦਗੀ ਬਤੀਤ ਹੁੰਦੀ ਹੈ। ਰੱਬ ਨਾਲ ਅਭੇਦ ਹੋਣ ਦੀ ਇਹ ਅਖੀਰਲੀ ਸਟੇਜ ਹੈ।

ਅਬ ਤਉ ਜਾਇ ਚਢੇ ਸਿੰਘਾਸਨਿ, ਮਿਲੇ ਹੈ ਸਾਰਿੰਗਪਾਨੀ ॥ ਰਾਮ ਕਬੀਰਾ ਏਕ ਭਏ ਹੈ, ਕੋਇ ਨ ਸਕੈ ਪਛਾਨੀ ॥੬॥੩॥ {ਪੰਨਾ 969} 

ਕਬੀਰ ਸਾਹਿਬ ਜੀ ਨੇ ਆਸਾ ਰਾਗ ਵਿੱਚ ਉਚਾਰੇ ਸ਼ਬਦ ਵਿੱਚ ਦਸਿਆ ਹੈ ਕਿ ਮਾਇਆ ਨੇ ਸਾਰੇ ਸੰਸਾਰ ਨੂੰ ਆਪਣੇ ਕਲਾਵੇ ਵਿੱਚ ਲਿਆ ਹੈ, ਜਿਹੜੇ ਬਿਬੇਕ ਬੁਧੀ ਦੀ ਵਰਤੋਂ ਕਰਕੇ ਇਸ ਦੀ ਕੁੜਿਕੀ ਵਿੱਚ ਨਹੀਂ ਫਸਦੇ, ਉਹਨਾਂ ਨੂੰ ‘ਸੰਤ’ ਦੀ ਪਦਵੀ ਨਾਲ ਸੰਬੋਧਨ ਕੀਤਾ ਹੈ:

ਸਗਲ ਮਾਹਿ ਨਕਟੀ ਕਾ ਵਾਸਾ, ਸਗਲ ਮਾਰਿ ਅਉਹੇਰੀ ॥ ਸਗਲਿਆ ਕੀ ਹਉ ਬਹਿਨ ਭਾਨਜੀ, ਜਿਨਹਿ ਬਰੀ ਤਿਸੁ ਚੇਰੀ ॥੨॥

ਹਮਰੋ ਭਰਤਾ ਬਡੋ ਬਿਬੇਕੀ, ਆਪੇ ਸੰਤੁ ਕਹਾਵੈ ॥ ਓਹੁ ਹਮਾਰੈ ਮਾਥੈ ਕਾਇਮੁ, ਅਉਰੁ ਹਮਰੈ ਨਿਕਟਿ ਨ ਆਵੈ ॥੩॥

ਨਾਕਹੁ ਕਾਟੀ, ਕਾਨਹੁ ਕਾਟੀ, ਕਾਟਿ ਕੂਟਿ ਕੈ ਡਾਰੀ ॥ ਕਹੁ ਕਬੀਰ ! ਸੰਤਨ ਕੀ ਬੈਰਨਿ, ਤੀਨਿ ਲੋਕ ਕੀ ਪਿਆਰੀ ॥੪॥੪॥ {ਪੰਨਾ 476}