ਮਾਈ ! ਗੋਬਿੰਦ ਪੂਜਾ ਕਹਾ ਲੈ ਚਰਾਵਉ॥

0
485

ਮਾਈ ! ਗੋਬਿੰਦ ਪੂਜਾ ਕਹਾ ਲੈ ਚਰਾਵਉ  ?॥

ਗਿ: ਅਮਰੀਕ ਸਿੰਘ ਜੀ ਚੰਡੀਗੜ੍ਹ-98156-63344 

ੴ ਸਤਿਗੁਰ ਪ੍ਰਸਾਦਿ॥

ਦੂਧੁ ਤ ਬਛਰੈ ਥਨਹੁ ਬਿਟਾਰਿਓ॥ ਫੂਲੁ ਭਵਰਿ, ਜਲੁ ਮੀਨਿ ਬਿਗਾਰਿਓ॥੧॥

ਮਾਈ ! ਗੋਬਿੰਦ ਪੂਜਾ ਕਹਾ ਲੈ ਚਰਾਵਉ ?॥  ਅਵਰੁ ਨ ਫੂਲੁ, ਅਨੂਪੁ ਨ ਪਾਵਉ॥੧॥ ਰਹਾਉ॥

ਮੈਲਾਗਰ ਬੇਰ੍ਹੇ ਹੈ ਭੁਇਅੰਗਾ॥ ਬਿਖੁ ਅੰਮ੍ਰਿਤੁ ਬਸਹਿ, ਇਕ ਸੰਗਾ॥੨॥

ਧੂਪ ਦੀਪ ਨਈਬੇਦਹਿ ਬਾਸਾ॥ ਕੈਸੇ ਪੂਜ ਕਰਹਿ ਤੇਰੀ ? ਦਾਸਾ॥੩॥

ਤਨੁ ਮਨੁ ਅਰਪਉ, ਪੂਜ ਚਰਾਵਉ॥ ਗੁਰ ਪਰਸਾਦਿ, ਨਿਰੰਜਨੁ ਪਾਵਉ॥੪॥

ਪੂਜਾ ਅਰਚਾ ਆਹਿ ਨ ਤੋਰੀ॥ ਕਹਿ ਰਵਿਦਾਸ ! ਕਵਨ ਗਤਿ ਮੋਰੀ ?॥੫॥੧॥ (ਭਗਤ ਰਵਿਦਾਸ/੫੨੫)

    ਪੂਜਾ ਕਹਾ ਲੈ ਚਰਾਵਉ  ?

ਮਾਇਆ ਦੀ ਦੁਨੀਆਂ ਵਿੱਚ ਵਿਚਰਨ ਵਾਲੇ ਲੋਕ, ਮਾਇਆ ਦੀ ਬੋਲੀ ਬੋਲਦੇ, ਮਾਇਆ ਦੀ ਬੋਲੀ ਸੁਣਦੇ ਹਨ। ਮਾਇਆ ਨਾਲ ਕਾਰ-ਵਿਹਾਰ ਹੈ, ਮਾਇਆ ਨਾਲ ਪਿਆਰ ਹੈ, ਮਾਇਆ ਹੀ ਉਨ੍ਹਾਂ ਲੋਕਾਂ ਲਈ ਸਭ ਕੁਝ ਹੈ। ਅਜਿਹਾ ਪੁਰਖ ਇਹ ਵੀ ਭੁੱਲ ਜਾਂਦਾ ਹੈ ਕਿ ਮਾਇਆ ਸਿਰਫ਼ ਸੰਸਾਰ ਵਿੱਚ ਆਪਣੀ ਤਾਕਤ ਵਰਤ ਸਕਦੀ ਹੈ ਪਰ ਨਿਰੰਕਾਰ ਦੇ ਘਰ ਇੱਕ ਕਉਡੀ ਮੁੱਲ ਨਹੀਂ।

ਧਰਮ ਦਾ ਦਰਵਾਜ਼ਾ ‘ਗੁਰ ਪ੍ਰਸਾਦਿ’ ਦੀ ਚਾਬੀ ਨਾਲ ਖੁੱਲ੍ਹਦਾ ਹੈ, ਪਰ ‘ਗੁਰ ਪ੍ਰਸਾਦਿ’ ਦੀ ਚਾਬੀ ਇਸ਼ਟ ਦੀ ਖੁਸ਼ੀ ’ਤੇ ਨਿਰਭਰ ਕਰਦੀ ਹੈ।  ਮਨੁੱਖ; ਇਸ਼ਟ ਨੂੰ ਖ਼ੁਸ਼ ਕਰਨ ਲਈ ਉਸ ਦੀ ਪੂਜਾ ਕਰਦਾ ਹੈ। ਸੰਸਾਰ ਵਿੱਚ ਦੋ ਤਰ੍ਹਾਂ ਦੀ ਪੂਜਾ ਪ੍ਰਚਲਿਤ ਹੈ। ਇਕ ਹੈ ਜਿਸ ਦੀ ਨਜ਼ਰ ਵਿੱਚ ਸਭ ਕੁਝ ਮਾਇਆ ਹੈ, ਉਹ ਸੰਸਾਰਿਕ; ਮਹਿੰਗੀਆਂ ਤੋਂ ਮਹਿੰਗੀਆਂ ਚੀਜ਼ਾਂ ਵੀ ਅਰਪਨ ਕਰ ਕੇ ਖ਼ੁਸ਼ੀ ਲੈਣੀ ਚਾਹੁੰਦਾ ਹੈ ਪਰ ਮੇਰੇ ਸਾਹਿਬ ਜੀ ਦਾ ਉਪਦੇਸ਼ ਹੈ ਕਿ ਇਸ ਤਰ੍ਹਾਂ ‘ਗੁਰ ਪ੍ਰਸਾਦਿ’ ਪ੍ਰਾਪਤ ਨਹੀਂ ਹੁੰਦਾ, ‘‘ਪੂਜਾ ਅਰਚਾ ਬੰਦਨ ਡੰਡਉਤ, ਖਟੁ ਕਰਮਾ ਰਤੁ ਰਹਤਾ॥ ਹਉ ਹਉ ਕਰਤ, ਬੰਧਨ ਮਹਿ ਪਰਿਆ; ਨਹ ਮਿਲੀਐ, ਇਹ ਜੁਗਤਾ॥ (ਮ:੫/੬੪੨)

ਦੂਸਰੇ ਤਰ੍ਹਾਂ ਦੀ ਪੂਜਾ ਹੈ ਆਪਣਾ ਆਪਾ; ਸਮਰਪਿਤ ਕਰ ਕੇ ਇਸ਼ਟ ਅੱਗੇ ਆਪਣੀ ਕਬੂਲਤਾ ਪ੍ਰਵਾਨ ਕਰਨ ਲਈ ਬੇਨਤੀ ਕਰਨਾ। ਇਹ ਔਖਾ ਵੀ ਹੈ ਅਤੇ ਸਾਕਾਰ ਵੀ ਹੈ। ਮਾਇਆਧਾਰੀ ਸਭ ਕੁਝ ਖਰੀਦਣਾ ਜਾਣਦਾ ਹੈ ਇਸ ਲਈ ਉਹ ਹਰ ਚੀਜ਼ ਖਰੀਦ ਕੇ ਭੇਟਾ ਕਰਨ ਦਾ ਆਦੀ ਹੋ ਚੁੱਕਾ ਹੁੰਦਾ ਹੈ ਪਰ ਇੱਥੇ ਗੱਲ ਖਰੀਦਣ ਨਾਲ ਨਹੀਂ, ਆਪ ਵੀ ਵਿਕਣ ਨਾਲ ਬਣਦੀ ਹੈ। ਇੱਥੇ ਤਾਂ ਆਪਾ ਵੀ ਵੇਚਣਾ ਪੈਂਦਾ ਹੈ, ‘‘ਮਨੁ ਸੰਪਟੁ, ਜਿਤੁ ਸਤ ਸਰਿ ਨਾਵਣੁ, ਭਾਵਨ ਪਾਤੀ ਤ੍ਰਿਪਤਿ ਕਰੇ॥ ਪੂਜਾ ਪ੍ਰਾਣ ਸੇਵਕੁ ਜੇ ਸੇਵੇ, ਇਨ੍ ਬਿਧਿ ਸਾਹਿਬੁ ਰਵਤੁ ਰਹੈ॥’’ (ਮ:੧/੭੨੮)

ਸਾਬੋ ਕੀ ਤਲਵੰਡੀ ਵਿੱਚ ਇਕ ਬਹੁਤ ਸੋਹਣਾ ਵਾਰਤਾਲਾਪ ਇਤਿਹਾਸ ਨੇ ਸੰਭਾਲਿਆ ਹੋਇਆ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਗੁਰਸਿੱਖਾਂ ਉੱਤੇ ਰਹਿਮਤਾਂ ਵਰਸਾਉਣਾ, ਸਭ ਕੁਝ ਵਾਰ ਕੇ ਫਿਰ ਵੀ ਇਹ ਕਹਿਣਾ ਕਿ, ‘‘ਇਨ ਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ, ਨਹੀ ਮੋ ਸੇ ਗਰੀਬ ਕਰੋਰਿ ਪਰੇ।’’

ਗੁਰਸਿੱਖਾਂ ਉੱਤੇ ਗੁਰੂ ਦੀ ਅਜਿਹੀ ਅਥਾਹ ਕਿਰਪਾ ਦੇਖ ਕੇ ਭਾਈ ਡੱਲਾ ਗੁਰੂ ਜੀ ਦੇ ਚਰਨਾਂ ਵਿੱਚ ਪੀੜ੍ਹੀ ਜਿੰਨੀ ਥਾਂ ਦੀ ਮੰਗ ਕਰਦਾ ਹੈ ਤਾਂ ਮੇਰੇ ਪਾਤਿਸ਼ਾਹ ਸਾਹਿਬ ਜੀ ਆਖਦੇ ਹਨ ਕਿ ਭਾਈ ਡੱਲਿਆ ! ਪਰਮਾਰਥ ਅਤੇ ਪਦਾਰਥ ਦੋ ਚੀਜ਼ਾਂ ਹਨ। ਪਦਾਰਥ ਧਨ ਨਾਲ ਵੀ ਪ੍ਰਾਪਤ ਹੋ ਜਾਂਦਾ ਹੈ ਪਰ ਪਰਮਾਰਥ ਕੇਵਲ ਤੇ ਕੇਵਲ ਆਪਾ ਵਾਰਿਆਂ ਹੀ ਮਿਲਦਾ ਹੈ। ਲਾਹੌਰ ਦਾ ਇਕ ਸ਼ਰਧਾਲੂ ਬੰਦੂਕ ਲੈ ਕੇ ਹਾਜ਼ਰ ਹੋਇਆ। ਸਾਹਿਬ ਜੀ ਨੇ ਨਿਸ਼ਾਨਾ ਪਰਖਣਾ ਚਾਹਿਆ ਤਾਂ ਪਹਿਲਾਂ ਭਾਈ ਡੱਲੇ ਨੂੰ ਤੇ ਉਸ ਦੀ ਫੌਜ ਨੂੰ ਮੌਕਾ ਦਿੱਤਾ ਕਿ ਬੰਦੂਕ ਦੇ ਸਾਹਮਣੇ ਖਲੋਵੇ ਪਰ ਕੋਈ ਵੀ ਤਿਆਰ ਨਾ ਹੋਇਆ। ਦੂਜੇ ਪਾਸੇ ਗੁਰੂ ਪਿਆਰ ਵਾਲੇ ਭਾਈ ਵੀਰ ਸਿੰਘ, ਭਾਈ ਧੀਰ ਸਿੰਘ ਸੁਨੇਹਾ ਸੁਣਦਿਆਂ ਸਾਰ ਭੱਜੇ ਹੀ ਨਹੀਂ ਆਏ ਬਲਕਿ ਦੋਵੇਂ ਜਣੇ ਇੱਕ ਦੂਜੇ ਤੋਂ ਅੱਗੇ ਹੋ ਕੇ ਆਪਣੀ ਜਿੰਦ ਕੁਰਬਾਨ ਕਰਨ ਲਈ ਤਿਆਰ ਹਨ। ਸਤਿਗੁਰੂ ਜੀ ਨੇ ਸਮਝਾਇਆ ਕਿ ਭਾਈ ਡੱਲਿਆ ! ਅਜਿਹੇ ਆਪਾ ਵਾਰਨ ਵਾਲਿਆਂ ਦੀ ਪੂਜਾ ’ਤੇ ਸਤਿਗੁਰੂ ਜੀ ਦੀ ਖ਼ੁਸ਼ੀ ਪ੍ਰਾਪਤ ਹੁੰਦੀ ਹੈ। ਫਿਰ ਡੱਲੇ ਨੇ ਅੰਮ੍ਰਿਤ ਛੱਕ ਕੇ ਪਰਮਾਰਥੀ ਖ਼ੁਸ਼ੀ ਹਾਸਲ ਕੀਤੀ ਸੀ, ‘‘ਤੋਰਉ ਨ ਪਾਤੀ, ਪੂਜਉ ਨ ਦੇਵਾ॥ ਰਾਮ ਭਗਤਿ ਬਿਨੁ, ਨਿਹਫਲ ਸੇਵਾ॥੨॥ ਸਤਿਗੁਰੁ ਪੂਜਉ, ਸਦਾ ਸਦਾ ਮਨਾਵਉ॥’’ (ਭਗਤ ਕਬੀਰ/੧੧੫੮)

ਪ੍ਰੇਮ ਨਾਲ ਭੇਟ ਕੀਤੀ ਕਉਡੀ ਬਦਲੇ ਵੀ ਗੁਰੂ; ਸਰਬ ਨਿਧਾਨ (ਖ਼ਜਾਨੇ) ਬਖ਼ਸ਼ ਸਕਦੇ ਹਨ ਪਰ ਦੂਜੇ ਪਾਸੇ ਕਿਸੇ ਦੇ ਪਾਰਸਾਂ, ਹੀਰਿਆਂ, ਨਗੀਨਿਆਂ ਨੂੰ ਵੀ ਠੋਕਰ ਮਾਰ ਸਕਦਾ ਹੈ। ਭਾਈ ਗੁਰਦਾਸ ਜੀ ਦਾ ਬਚਨ ਹੈ ਕਿ, ‘‘ਭਾਵਨੀ ਭਗਤਿ ਭਾਇ, ਕਉਡੀ ਅਮਰ ਭਾਗ ਭਾਖੈ, ਤਾਹਿ ਗੁਰੂ ਸਰਬ ਨਿਧਾਨ ਦਾਨ ਦੇਤਿ ਹੈ॥’’ ਇਸ ਲਈ ਮੈਂ ਕੀ ਭੇਟਾ ਕਰ ਸਕਦਾ ਹਾਂ ਕਿਉਂਕਿ ਮੇਰੇ ਕੋਲ ਜੋ ਕੁਝ ਵੀ ਹੈ ਉਹ ਸਭ ਕੁਝ ਆਪ ਜੀ ਦਾ ਹੀ ਤਾਂ ਹੈ ? ਪਿਆਰੇ ਸਤਿਗੁਰੂ ਜੀ ਦੇ ਪਾਵਨ ਬਚਨ ਹਨ, ‘‘ਕਬੀਰ ! ਮੇਰਾ ਮੁਝ ਮਹਿ ਕਿਛੁ ਨਹੀ, ਜੋ ਕਿਛੁ ਹੈ ਸੋ ਤੇਰਾ॥ ਤੇਰਾ ਤੁਝ ਕਉ ਸਉਪਤੇ, ਕਿਆ ਲਾਗੈ ਮੇਰਾ॥ (ਭਗਤ ਕਬੀਰ/੧੩੭੫), ਮਾਈ ! ਗੋਬਿੰਦ ਪੂਜਾ ਕਹਾ ਲੈ ਚਰਾਵਉ ?॥ ਅਵਰੁ ਨ ਫੂਲੁ, ਅਨੂਪੁ ਨ ਪਾਵਉ॥ ਰਹਾਉ॥ (ਭਗਤ ਰਵਿਦਾਸ/੫੨੫) ਹੇ ਮੇਰੀ ਮਾਂ ! ਜਿਹੜਾ ਫੁੱਲ ਮੈਂ ਮਾਲਣ ਨੂੰ ਤੋੜ ਕੇ ਭੇਟਾ ਕਰਦਿਆਂ ਵੇਖਿਆ ਹੈ, ਉਹ ਤਾਂ ਪਹਿਲਾਂ ਹੀ ਭਉਰੇ ਨੇ ਵਰਤਿਆ ਹੋਇਆ ਸੀ। ਹੋਰ ਮੈਨੂੰ ਕੋਈ ਅਜਿਹਾ ਫੁੱਲ ਨਹੀਂ ਮਿਲਿਆ ਜਿਹੜਾ ਮੈਂ ਭੇਟਾ ਕਰ ਕੇ ਖ਼ੁਸ਼ੀ ਲੈ ਸਕਾਂ। ਮੈਨੂੰ ਦੱਸ, ਮੈਂ ਕੀ ਭੇਟਾ ਕਰਾਂ ? ਦੁਨਿਆਵੀ ਚੀਜ਼ਾਂ ਉੱਤੇ ਉਸ (ਕਰਤੇ ਪੁਰਖ) ਦੀ ਪਹਿਲਾਂ ਹੀ ਮੋਹਰ ਲੱਗੀ ਹੋਈ ਹੈ, ‘‘ਤੋਰਉ ਨ ਪਾਤੀ, ਪੂਜਉ ਨ ਦੇਵਾ॥ ਰਾਮ ਭਗਤਿ ਬਿਨੁ, ਨਿਹਫਲ ਸੇਵਾ॥੨॥ ਸਤਿਗੁਰੁ ਪੂਜਉ, ਸਦਾ ਸਦਾ ਮਨਾਵਉ॥ ਐਸੀ ਸੇਵ, ਦਰਗਹ ਸੁਖੁ ਪਾਵਉ॥ (ਭਗਤ ਕਬੀਰ/੧੧੫੮), ਦੂਧੁ ਤ ਬਛਰੈ, ਥਨਹੁ ਬਿਟਾਰਿਓ॥ ਫੂਲੁ ਭਵਰਿ, ਜਲੁ ਮੀਨਿ ਬਿਗਾਰਿਓ॥੧॥ (ਭਗਤ ਰਵਿਦਾਸ/੫੨੫)

ਸੰਸਾਰੀ ਪਦਾਰਥ ਉਸ ਵਾਹਿਗੁਰੂ ਜੀ ਅੱਗੇ ਮੈਂ ਇਹ ਮੰਨ ਕੇ; ਕਿ ਇਹ ਪਵਿੱਤਰ ਹਨ, ਕਿਵੇਂ ਭੇਟਾ ਕਰ ਸਕਦਾ ਹਾਂ, ਜਦੋਂ ਮੈਂ ਪ੍ਰਤੱਖ ਦੇਖ ਰਿਹਾ ਹਾਂ ਕਿ ਦੁੱਧ ਤਾਂ ਪ੍ਰਾਪਤ ਹੀ ਇਸ ਜੁਗਤ ਨਾਲ ਹੁੰਦਾ ਹੈ ਕਿ ਪਹਿਲਾਂ ਬਛਰੇ ਨੇ ਜੂਠਾ ਕਰ ਦਿੱਤਾ ਹੈ। ਇਸੇ ਤਰ੍ਹਾਂ ਫੁੱਲ ਨੂੰ ਭਉਰੇ ਨੇ ਅਤੇ ਪਾਣੀ ਨੂੰ ਮੱਛੀ ਨੇ ਬਿਗਾਰ ਦਿੱਤਾ ਹੈ, ਮੈਂ ਇਹ ਕਿਵੇਂ ਭੇਟਾ ਕਰ ਸਕਦਾ ਹਾਂ, ‘‘ਏਕੁ ਪੁਰਬੁ ਮੈ ਤੇਰਾ ਦੇਖਿਆ, ਤੂ ਸਭਨਾ ਮਾਹਿ ਰਵੰਤਾ॥’’ (ਮ:੧/੫੯੬) ਹੋਣ ਕਰ ਕੇ ਤੁਸੀਂ ਵਾਹਿਗੁਰੂ ਜੀ ਹਰ ਥਾਂ ਵੱਸਦੇ ਹੋ ਤਾਂ ਫਿਰ ਤੈਨੂੰ ਹੀ ਤੋੜ ਕੇ ਤੇਰੇ ਅੱਗੇ ਹੀ ਭੇਟ ਕਰਨ ਨਾਲ ਨਰਾਜ਼ਗੀ ਤਾਂ ਹੋ ਸਕਦੀ ਹੈ ਪਰ ਮੈਂ ਤਾਂ ਖ਼ੁਸ਼ੀ ਦਾ ਪਾਤਰ ਬਣਨਾ ਸੀ, ਮੈਲਾਗਰ ਬੇਰ੍ਹੇ ਹੈ ਭੁਇਅੰਗਾ॥ ਬਿਖੁ ਅੰਮ੍ਰਿਤੁ ਬਸਹਿ ਇਕ ਸੰਗਾ॥੨॥ (ਭਗਤ ਰਵਿਦਾਸ/੫੨੫) ਜੇਕਰ ਮੈਂ ਸੁਗੰਧਿਤ ਵਸਤੂਆਂ ਦੀ ਚੋਣ ਕਰਦਾ ਹਾਂ ਤਾਂ ਚੰਦਨ ਦੀ ਗੱਲ ਪਹਿਲਾਂ ਆਉਂਦੀ ਹੈ ਪਰ ਉਸ ਦੀ ਸ਼ੀਤਲਤਾ ਦੇ ਕਾਰਨ ਹਰ ਵਕਤ ਸੱਪ ਲਿਪਟੇ ਰਹਿਣ ਕਾਰਨ ਬਿਖ ਅਤੇ ਅੰਮ੍ਰਿਤ ਇਕੱਠੇ ਹਨ। ਮੈਂ ਚੰਦਨ ਨੂੰ ਚੰਗਾ ਸਮਝ ਜੇ ਭੇਟਾ ਕਰਾਂ ਤਾਂ ਸੱਪ ਦੀ ਜ਼ਹਿਰ ਵੀ ਨਾਲ ਹੀ ਭੇਟਾ ਹੁੰਦੀ ਹੈ। ਸੱਪ ਦੀ ਜ਼ਹਿਰ ਭੇਟਾ ਕਰਨ ਵਾਲਾ ਖ਼ੁਸ਼ੀ ਕਿਵੇਂ ਪ੍ਰਾਪਤ ਕਰ ਸਕਦਾ ਹੈ ? ਅਜਿਹੀਆਂ ਹੀ ਬਾਕੀ ਸੁਗੰਧਿਤ ਵਸਤੂਆਂ ਨਾਲ ਤੇਰੀ ਪੂਜਾ ਕਿਵੇਂ ਹੋ ਸਕਦੀ ਹੈ। ਇਹ ਧੁੱਪ ਦੀਪ ਨਈਬੇਦ ਵੀ ਪੂਜਾ ਭੇਟ ਕਰਨ ਦੇ ਯੋਗ ਨਹੀਂ, ‘‘ਧੂਪ ਦੀਪ ਨਈਬੇਦਹਿ ਬਾਸਾ॥ ਕੈਸੇ ਪੂਜ ਕਰਹਿ ਤੇਰੀ  ? ਦਾਸਾ॥’’ (ਭਗਤ ਰਵਿਦਾਸ/੫੨੫)

ਹੁਣ ਤੱਕ ਦੀ ਸਮੱਸਿਆ ਦਾ ਹੱਲ ਇਹਨਾਂ ਪੰਗਤੀਆਂ ਵਿੱਚ ਦਿੱਤਾ ਹੈ ਕਿ ਤਨ ਮਨ ਅਰਪ ਕੇ ਤੇਰੀ ਪੂਜਾ ਕਰਾਂ, ਫਿਰ ਗੁਰੂ ਕਿਰਪਾ ਦਾ ਸਦਕਾ ਕਾਲਖ ਤੋਂ ਰਹਿਤ ਵਾਹਿਗੁਰੂ ਜੀ ਦੀ ਪ੍ਰਾਪਤੀ ਕਰ ਲਵਾਂ, ‘‘ਤਨੁ ਮਨੁ ਅਰਪਉ, ਪੂਜ ਚਰਾਵਉ॥ ਗੁਰ ਪਰਸਾਦਿ, ਨਿਰੰਜਨੁ ਪਾਵਉ॥’’ (ਭਗਤ ਰਵਿਦਾਸ/੫੨੫) ਪੂਜਾ ਤੋਂ ਬਿਨਾਂ ਮੇਰੀ ਗਤੀ ਵੀ ਨਹੀਂ ਹੋ ਸਕਦੀ ਭਾਵ ਤੁਹਾਡੀ ਖ਼ੁਸ਼ੀ ਨਹੀਂ ਮਿਲੇਗੀ ਤੇ ਧਰਮ ਦਾ ਦਰਵਾਜ਼ਾ ਹੀ ਨਾ ਖੁੱਲ੍ਹਿਆ ਤਾਂ ਮੈਂ ਦੀਦਾਰ ਕਿਵੇਂ ਪਾ ਸਕਦਾ ਹਾਂ, ਪਰ ਇਨ੍ਹਾਂ ਜੂਠੀਆਂ ਚੀਜ਼ਾਂ ਨਾਲ ਤੇਰੀ ਪੂਜਾ ਅਰਚਾ ਮੈਂ ਕਿਵੇਂ ਕਰ ਸਕਦਾ ਹਾਂ। ਫਿਰ ਦੁਬਾਰਾ ਇਹੋ ਹੀ ਨਤੀਜਾ ਨਿਕਲਦਾ ਹੈ ਕਿ ਤੇਰੀ ਸੱਚੀ ਪੂਜਾ ਤਾਂ ਬੱਸ ਇੱਕੋ ਤਰ੍ਹਾਂ ਹੀ ਹੋ ਸਕਦੀ ਹੈ, ਉਹ ਇਹ ਹੈ ਕਿ ਇਹ ਚੀਜ਼ਾਂ ਮੈਂ ਬਾਹਰੋਂ ਜੂਠੀਆਂ ਲੈਣ ਦੀ ਬਜਾਇ ਆਪ ਸੁੱਚੀਆਂ ਪੈਦਾ ਕਰਾਂ। ਇਨ੍ਹਾਂ ਦੇ ਪੈਦਾ ਕਰਨ ਦਾ ਇਕੋ ਇਕ ਤਰੀਕਾ ਹੈ ਕਿ, ‘‘ਤੇਰਾ ਨਾਮੁ ਕਰੀ ਚਨਣਾਠੀਆ, ਜੇ ਮਨੁ ਉਰਸਾ ਹੋਇ॥ ਕਰਣੀ ਕੁੰਗੂ ਜੇ ਰਲੈ, ਘਟ ਅੰਤਰਿ ਪੂਜਾ ਹੋਇ॥੧॥ ਪੂਜਾ ਕੀਚੈ ਨਾਮੁ ਧਿਆਈਐ, ਬਿਨੁ ਨਾਵੈ, ਪੂਜ ਨ ਹੋਇ॥੧॥ ਰਹਾਉ॥ ਬਾਹਰਿ ਦੇਵ ਪਖਾਲੀਅਹਿ, ਜੇ ਮਨੁ ਧੋਵੈ ਕੋਇ॥ ਜੂਠਿ ਲਹੈ ਜੀਉ ਮਾਜੀਐ, ਮੋਖ ਪਇਆਣਾ ਹੋਇ॥੨॥ (ਮ:੧/੪੮੯)

ਤੱਤਸਾਰ:- ਪ੍ਰਭੂ ਪ੍ਰਾਪਤੀ ਦੀ ਵਾਰੀ ਨੂੰ ਸਫਲਿਆਂ ਕਰਨ ਲਈ ਕੋਈ ਵੀ ਦੁਨਿਆਵੀ ਵਸਤੂ ਭੇਟਾ ਕਰ ਕੇ ‘ਗੁਰ ਪ੍ਰਸਾਦਿ’ ਦੀ ਦਾਤ ਹਾਸਿਲ ਨਹੀਂ ਕੀਤੀ ਜਾ ਸਕਦੀ। ਪ੍ਰਭੂ ਦੀ ਪ੍ਰਾਪਤੀ ਤਾਂ ਆਪਾ ਵੇਚ ਕੇ ਹੀ ਕੀਤੀ ਜਾ ਸਕਦੀ ਹੈ, ‘‘ਭਰਮਿ ਭੂਲੇ ਅਗਿਆਨੀ ਅੰਧੁਲੇ, ਭ੍ਰਮਿ ਭ੍ਰਮਿ ਫੂਲ ਤੋਰਾਵੈ॥ ਨਿਰਜੀਉ ਪੂਜਹਿ, ਮੜਾ ਸਰੇਵਹਿ, ਸਭ ਬਿਰਥੀ ਘਾਲ ਗਵਾਵੈ॥’’ (ਮ:੪/੧੨੬੪)