ਸ਼ਬਦ ਗੁਰੂ ਕਿ ਦੇਹ ਗੁਰੂ ?

0
314

ਸ਼ਬਦ ਗੁਰੂ ਕਿ ਦੇਹ ਗੁਰੂ ?

-ਸੁਖਦੇਵ ਸਿੰਘ ਲੁਧਿਆਣਾ, ਫੋਨ: 83605-68209

ਅੱਜ ਸਿੱਖ ਸਮਾਜ ਵਿੱਚ ਬਹੁਤ ਭੰਬਲਭੂਸਾ ਬਣਿਆ ਹੋਇਆ ਹੈ ਕਿ ਸਰੀਰ ਗੁਰੂ ਹੈ ਜਾਂ ‘ਸ਼ਬਦ ਗੁਰੂ’ ਹੈ ? ਇਹ ਭੰਬਲਭੂਸਾ ਉਨ੍ਹਾਂ ਸਵਾਰਥੀ ਲੋਕਾਂ ਕਰ ਕੇ ਪੈਦਾ ਹੋਇਆ ਹੈ, ਜਿਨ੍ਹਾਂ ਨੇ ਪੰਥ ਦਾ ਸਰੂਪ ਵਿਗਾੜਨ ਦੀ ਮਨਸ਼ਾ ਨਾਲ ਸਜ਼ਿਸ਼ ਅਧੀਨ ਦੇਹਧਾਰੀ ਗੁਰੂ ਡੰਮ੍ਹ ਖੜ੍ਹਾ ਕੀਤਾ ਹੋਇਆ ਹੈ। ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ‘‘ਸਬਦੁ ਗੁਰੂ, ਸੁਰਤਿ ਧੁਨਿ ਚੇਲਾ ॥’’ (ਮ: ੧/੯੪੩) ਦੀ ਸਪੱਸ਼ਟ ਸੇਧ ਦਿੱਤੀ ਹੈ। ਗੁਰੂਆਂ ਦੁਆਰਾ ਦਿੱਤੀ ਸਿੱਖਿਆ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਰੂਪ ਵਿੱਚ ਹੀ ਦਰਜ ਹੈ। ਇਹ ਸ਼ਬਦ ਵੀ ‘ਰਾਗ ਬੱਧ’, ‘ਲੈਅ ਬੱਧ’ ਤੇ ‘ਸੰਗੀਤਬੱਧ’ ਹੈ, ਜਿਸ ਨੂੰ ਗਾਇਨ ਕਰ ਕੇ ਰੱਬ ਦੇ ਦਰ ਤੱਕ ਪਹੁੰਚਿਆ ਜਾ ਸਕਦਾ ਹੈ। ਇਹ ਸ਼ਬਦ ਰੂਪ ਗੁਰੂ ਹੀ ਹੈ, ਜੋ ‘‘ਜਿਨਿ ਮਾਣਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ ॥’’ (ਮ: ੧/੪੬੨) ਦੀ ਅਵਸਥਾ ਤੱਕ ਪਹੁੰਚਾ ਸਕਦਾ ਹੈ। ਜੇ ਸਰੀਰ ਨੂੰ ‘ਗੁਰੂ’ ਮੰਨ ਲਿਆ ਜਾਵੇ, ਤਾਂ ਉਹ ਇਹ ਕੰਮ ਕਿਵੇਂ ਕਰੇਗਾ ? ਕੀ ਗੁੰਗਾ ਸਰੀਰ ਕਦੇ ‘ਗੁਰੂ’ ਬਣ ਸਕਦਾ ਹੈ ? ਪਾਗ਼ਲ ਜਾਂ ਬੀਮਾਰ ਸਰੀਰ ਨੂੰ ਕਿਵੇਂ ‘ਗੁਰੂ’ ਮੰਨਿਆ ਜਾ ਸਕਦਾ ਹੈ ? ਸਰੀਰ ਬੁੱਢਾ ਵੀ ਹੋਵੇਗਾ ਤੇ ਮੁੱਕ ਵੀ ਜਾਵੇਗਾ। ਇਸ ਲਈ ਸਰੀਰ ‘ਗੁਰੂ’ ਹੋ ਹੀ ਨਹੀਂ ਸਕਦਾ ! ਗੁਰੂ ਦਾ ਦਰਜਾ ਤਾਂ ਸਿਰਫ ਗੁਰੂ ਦੀ ਬਾਣੀ ਰੂਪੀ ਸਿੱਖਿਆ ਨੂੰ ਹੀ ਪ੍ਰਾਪਤ ਹੋ ਸਕਦਾ ਹੈ, ਜੋ ਸ਼ਬਦ ਰੂਪ ਹੈ।

ਗੁਰੂ ਬਣ ਕੇ ਬੈਠੇ ਹੋਏ ਲੋਕਾਂ ਦੁਆਰਾ ਸੁਣਾਏ ਗਏ ਲੈਕਚਰ, ਪਰਵਚਨ, ਚੁਟਕਲੇ ਤੇ ਕਹਾਣੀਆਂ, ਭਾਸ਼ਣ ਦੀਆਂ ਕਲਾਬਾਜ਼ੀਆਂ ਤਾਂ ਹੋ ਸਕਦੀਆਂ ਹਨ, ਪਰ ਇਹ ਗੁਰੂ ਦਾ ਦਰਜਾ ਪ੍ਰਾਪਤ ਨਹੀਂ ਕਰ ਸਕਦੀਆਂ।  ਕੇਵਲ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰਬਾਣੀ ਹੀ ਸਾਡਾ ਗੁਰੂ ਹੈ, ਤਾਂ ਹੀ ਇਸ ਨੂੰ ‘ਧੁਰ ਕੀ ਬਾਣੀ’ ਕਿਹਾ ਗਿਆ ਹੈ। ਜਿਸ ਬੰਦੇ ਨੇ ਸਮੁੰਦਰ ਨੂੰ ਦੂਰੋਂ ਹੀ ਵੇਖਿਆ ਹੈ, ਉਹ ਸਮੁੰਦਰ ਦੀ ਥਾਹ ਕਿਵੇਂ ਪਾ ਸਕਦਾ ਹੈ ? ਜਿਸ ਨੇ ਸਮੁੰਦਰ ਵਿੱਚ ਡੂੰਘੀਆਂ ਤਾਰੀਆਂ ਲਾਈਆਂ ਹੀ ਨਹੀਂ, ਉਸ ਨੂੰ ਸਮੁੰਦਰ ਬਾਰੇ ਗੱਲ ਕਰਨ ਦਾ ਕੀ ਹੱਕ ਹੈ ? ਜਿਸ ਨੇ ਸ਼ਬਦ ਸਰੂਪ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਿਆ ਹੀ ਨਹੀਂ ਜਾਂ ਸਮਝਣ ਦਾ ਯਤਨ ਹੀ ਨਹੀਂ ਕੀਤਾ, ਉਹ ਇਸ ਨੂੰ ਕਿਤਾਬ ਕਿਵੇਂ ਕਹਿ ਸਕਦਾ ਹੈ ? ਇਹੋ ਜਿਹੇ ਲੋਕਾਂ ਨੂੰ ਆਪਣੇ ਅੰਦਰ ਝਾਤ ਮਾਰਨ ਦੀ ਲੋੜ ਹੈ। ਇਨ੍ਹਾਂ ‘ਗੁਰੂ’ ਬਣ ਕੇ ਬੈਠੇ ਲੋਕਾਂ ਨੇ ਸਿੱਖਾਂ ਵਿੱਚ ਇਹ ਵੀ ਭਰਮ ਫੈਲਾਇਆ ਹੋਇਆ ਹੈ ਕਿ ਦੇਹਧਾਰੀ ਗੁਰੂ ਤੋਂ ਬਿਨਾਂ ਨਾਮ ਦੀ ਪ੍ਰਾਪਤੀ ਨਹੀਂ ਹੋ ਸਕਦੀ ! ਇਨ੍ਹਾਂ ਨੂੰ ਕੋਈ ਪੁੱਛੇ ਕਿ ਤੁਹਾਡੇ ਪਹਿਲਾਂ ਹੋ ਚੁੱਕੇ ‘ਗੁਰੂਆਂ’ ਨੇ ਨਾਮ ਕਿੱਥੋਂ ਲਿਆ ਸੀ ? ਆਖਰ ਇਨ੍ਹਾਂ ਦਾ ਜੁਆਬ ਇਹੀ ਹੁੰਦਾ ਹੈ ਕਿ ਪਹਿਲਾਂ ਵਾਲੇ ਬਾਬਿਆਂ ਨੇ ਨਾਮ ਸ਼ਬਦ ਤੋਂ ਹੀ ਪ੍ਰਾਪਤ ਕੀਤਾ ਸੀ। ਜੇਕਰ ਪਹਿਲਾਂ ਵਾਲੇ ਬਾਬੇ ਜਾਂ ਗੁਰੂ, ਨਾਮ ਸ਼ਬਦ ਤੋਂ ਲੈ ਸਕਦੇ ਹਨ ਤਾਂ ਮੌਜੂਦਾ ਗੱਦੀਧਾਰੀਆਂ ਨੂੰ ਕੀ ਤਕਲੀਫ ਹੈ, ਜੋ ਨਾਮ ਸ਼ਬਦ ਰਾਹੀਂ ਪ੍ਰਾਪਤ ਨਹੀਂ ਕਰ ਸਕਦੇ ? ਗੁਰਬਾਣੀ ਸਾਨੂੰ ਇਹੀ ਸੇਧ ਦਿੰਦੀ ਹੈ ਕਿ ਸਾਰਿਆਂ ਨੂੰ ਨਾਮ-ਗਿਆਨ ਦੀ ਪ੍ਰਾਪਤੀ ਸ਼ਬਦ ਰਾਹੀਂ ਹੀ ਹੋਣੀ ਹੈ, ਇਸ ਲਈ ਗੁਰਬਾਣੀ ਪੜ੍ਹੋ ਤੇ ਗਿਆਨ ਹਾਸਲ ਕਰੋ। ਇਨ੍ਹਾਂ ਦੇਹਧਾਰੀਆਂ ਪਿੱਛੇ ਫਿਰ ਕੇ ਆਪਣਾ ਸਮਾਂ ਬਰਬਾਦ ਨਾ ਕਰੋ। ਗੁਰਬਾਣੀ ਦਾ ਸਪਸ਼ਟ ਫ਼ੁਰਮਾਨ ਹੈ :

ਨਾਮ ਨਿਧਾਨ ਤਿਸਹਿ ਪਰਾਪਤਿ; ਜਿਸੁ ਸਬਦੁ ਗੁਰੂ ਮਨਿ ਵੂਠਾ ਜੀਉ ॥ (ਮ: ੫/੧੦੧)

ਗੁਰਬਾਣੀ ਵਰਤੀ ਜਗ ਅੰਤਰਿ; ਇਸੁ ਬਾਣੀ ਤੇ ਹਰਿ ਨਾਮੁ ਪਾਇਦਾ ॥ (ਮ: ੩/੧੦੬੬)

ਬਾਣੀ ਗੁਰੂ, ਗੁਰੂ ਹੈ ਬਾਣੀ; ਵਿਚਿ ਬਾਣੀ ਅੰਮ੍ਰਿਤੁ, ਸਾਰੇ ॥  ਗੁਰੁ, ਬਾਣੀ ਕਹੈ; ਸੇਵਕੁ ਜਨੁ ਮਾਨੈ;

ਪਰਤਖਿ ਗੁਰੂ ਨਿਸਤਾਰੇ ॥ (ਮ: ੪/੯੮੨)

ਯਕੀਨੀ ਤੌਰ ’ਤੇ ਇਹ ਦੇਹਧਾਰੀ, ਗੁਰੂ ਗ੍ਰੰਥ ਸਾਹਿਬ ਵਿੱਚੋਂ ਹੀ ਉਦਾਹਰਨ ਦੇ ਕੇ ਕਹਿੰਦੇ ਹਨ ਕਿ ‘‘ਬਿਨੁ ਸਤਿਗੁਰ ਕਿਨੈ ਨ ਪਾਇਓ; ਬਿਨੁ ਸਤਿਗੁਰ ਕਿਨੈ ਨ ਪਾਇਆ ॥ (ਮ: ੧/੪੬੬), ਜਿਸ ਦਾ ਇਹ ਮਨਮੱਤੀ ਅਰਥ ਕਰਦੇ ਹਨ ਕਿ ਦੇਹਧਾਰੀ ਗੁਰੂ ਹੀ ਪਰਮਾਤਮਾ ਨਾਲ ਮੇਲ ਕਰਵਾਉਂਦਾ ਹੈ, ਪਰ ਜਿਵੇਂ ਉੱਪਰ ਗੁਰਬਾਣੀ ਦੀਆਂ ਤੁਕਾਂ ਤੋਂ ਸਪਸ਼ਟ ਹੈ ਕਿ ਸਿੱਖਾਂ ਦਾ ਗੁਰੂ, ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਹੀ ਹੈ। ਇਸ ਸਬੰਧੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਬਹੁਤੀਆਂ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਹਨ। ਦਰਅਸਲ ਇਹ ਦੇਹਧਾਰੀ ਅਜਿਹੇ ਟਪਲੇ ਉਨ੍ਹਾਂ ਬੰਦਿਆਂ ਨੂੰ ਹੀ ਲਾ ਸਕਦੇ ਹਨ, ਜੋ ਨਾ ਸਮਝ ਹਨ। ਜੋ ਨਾ ਆਪ ਧਿਆਨ ਨਾਲ ਗੁਰਬਾਣੀ ਪੜ੍ਹਦੇ ਹਨ, ਨਾ ਸਮਝਣ ਦਾ ਯਤਨ ਕਰਦੇ ਹਨ ਤੇ ਨਾ ਵਿਚਾਰਦੇ ਹਨ। ਕੇਵਲ ਤੋਤਾ ਰਟਨੀ ਪਾਠ ’ਤੇ ਟਿਕੇ ਹੋਏ ਹਨ।  ਵਿਚਾਰਨ ਦਾ ਯਤਨ ਨਹੀਂ ਕਰਦੇ। ਇਸ ਬਾਰੇ ਗੁਰਬਾਣੀ ਦਾ ਸਪਸ਼ਟ ਫੁਰਮਾਨ ਹੈ: -‘‘ਡਿਠੈ ਮੁਕਤਿ ਨ ਹੋਵਈ; ਜਿਚਰੁ ਸਬਦਿ ਨ ਕਰੇ ਵੀਚਾਰੁ॥’’ (ਮ: ੩/੫੯੪) ਜਿਹੜੇ ਦੇਹਧਾਰੀ ਆਪਣੇ ਆਪ ਨੂੰ ‘ਗੁਰੂ’ ਹੋਣ ਦਾ ਪ੍ਰਚਾਰ ਕਰਦੇ ਹਨ, ਉਨ੍ਹਾਂ ਨੂੰ ਪੁੱਛਿਆ ਜਾ ਸਕਦਾ ਹੈ ਕਿ

(1). ਕੀ ਕੋਈ ਦੇਹਧਾਰੀ ਗੁਰੂ ਆਪਣੇ ਚੇਲਿਆਂ ਨੂੰ ਆਪਣੀ ਦੇਹ ਥੋੜ੍ਹੀ-ਥੋੜ੍ਹੀ ਵੱਢ ਕੇ ਨਾਮ ਵਜੋਂ ਦਿੰਦਾ ਹੈ ? ਕੀ ਦੇਹਧਾਰੀ ਗੁਰੂ ਜੋ ਨਾਮ ਦਿੰਦਾ ਹੈ, ਉਹ ਸ਼ਬਦ ਨਹੀਂ ਹੈ ?

(1). ਗੁਰੂ ਗਿਆਨ ਹੁੰਦਾ ਹੈ, ਨਾ ਕਿ ਸਰੀਰ। ਜੇਕਰ ਦੇਹ ਜਾਂ ਸਰੀਰ ਗੁਰੂ ਹੈ ਤਾਂ ਮੂਰਖ ਬੰਦਾ (ਗਿਆਨਹੀਣ) ਗੁਰੂ ਕਿਉਂ ਨਹੀਂ ਹੁੰਦਾ ?

(2). ਦੇਹਧਾਰੀ ਗੁਰੂਆਂ ਦੇ ਸਭ ਤੋਂ ਪਹਿਲੇ ਗੁਰੂ ਨੇ ਗਿਆਨ ਕਿੱਥੋਂ ਲਿਆ ਸੀ ? ਜੇ ਉਹ ਗੁਰਬਾਣੀ ਪੜ੍ਹ ਕੇ ਗਿਆਨ ਲੈ ਸਕਦਾ ਹੈ ਤਾਂ ਹਰ ਕੋਈ ਗੁਰਬਾਣੀ ਪੜ੍ਹ ਕੇ ਨਾਮ ਦੀ ਪ੍ਰਾਪਤੀ ਕਿਉਂ ਨਹੀਂ ਕਰ ਸਕਦਾ ?

(3). ਜੇਕਰ ਦੇਹ ਹੀ ਗੁਰੂ ਹੈ ਤਾਂ ਦੇਹਧਾਰੀ ਦੀ ਜ਼ਬਾਨ ਬੰਦ ਹੋਣ ਤੇ ਉਹ ਨਾਮ ਕਿਵੇਂ ਦੇਵੇਗਾ ? ਜੇ ਜ਼ਬਾਨ ਬੰਦ ਹੈ ਤਾਂ ਸਰੀਰ ਤਾਂ ਕਾਇਮ ਹੈ ?

(4). ਦੇਹਧਾਰੀ ਕਹਿੰਦਾ ਹੈ ਕਿ ਨਾਮ ਕਿਸੇ ਨੂੰ ਨਹੀਂ ਦੱਸਣਾ। ਜੇਕਰ ਨਾਮ ਮਾੜੀ ਚੀਜ਼ ਹੈ ਤਾਂ ਉਹ ਹੋਰਨਾਂ ਨੂੰ ਦਿੰਦਾ ਹੀ ਕਿਉਂ ਹੈ ? ਜੇ ਨਾਮ ਚੰਗੀ ਚੀਜ਼ ਹੈ ਤਾਂ ਅੱਗੇ ਹੋਰਨਾਂ ਨੂੰ ਦੱਸਣਾ ਪਾਪ ਕਿਉਂ ਹੈ ?

(5). ਦੇਹਧਾਰੀ ਗੁਰੂ ਦੀ ਜੀਭ ਕੱਟ ਕੇ ਪੁੱਛੀਏ ਕਿ ਹੁਣ ਤੇਰੀ ਕੀ ਕੀਮਤ ਹੈ ? ਕਿਉਂਕਿ ਜੀਭ ਸ਼ਬਦ ਹੀ ਤਾਂ ਉਚਾਰਦੀ ਹੈ, ਜੋ ਗੁਰੂ ਹੈ। ਸ਼ਬਦ ਕਰ ਕੇ ਹੀ ਦੇਹਧਾਰੀ ਦੀ ਕੀਮਤ ਹੈ।

(6). ਜੇਕਰ ਇੱਕ ਲੜਕੀ ਨੂੰ ਗੁਰੂ ਗ੍ਰੰਥ ਸਾਹਿਬ ਵਾਲੇ ਕਮਰੇ ਵਿੱਚ ਬੰਦ ਕਰ ਦੇਈਏ ਤਾਂ ਕੋਈ ਸ਼ੱਕ ਨਹੀਂ ਕਰੇਗਾ ਜਦਕਿ ਦੇਹਧਾਰੀ ਕੋਲ ਰਹਿਣ ’ਤੇ ਉਹ ਸ਼ੱਕ ਦੀ ਪਾਤਰ ਬਣ ਜਾਂਦੀ ਹੈ।

(7). ਸ਼ਬਦ ਦੀ ਕੀਮਤ ਅਸ਼ਟਾਮ ਤੇ ਲਿਖੇ ਅੱਖਰਾਂ ਤੋਂ ਪਤਾ ਲੱਗ ਜਾਂਦੀ ਹੈ।

ਇਸ ਲਈ ਦੇਹਧਾਰੀਆਂ ਦੇ ਫੈਲਾਏ ਭਰਮ-ਭੁਲੇਖਿਆਂ ਤੋਂ ਬਚ ਕੇ ਸ਼ਬਦ ਗੁਰੂ ਦਾ ਪੱਲਾ ਮਜ਼ਬੂਤੀ ਨਾਲ ਫੜਨ ਦੀ ਲੋੜ ਹੈ। ‘‘ਸਭ ਸਿੱਖਨ ਕਉ ਹੁਕਮ ਹੈ ਗੁਰੂ ਮਾਨਿਉ ਗ੍ਰੰਥ।’’