ਦਾੜ੍ਹੀ ਦਸਤਾਰ ਦਾ ਸਤਿਕਾਰ
ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਕਵਿਤਾ ਭਵਨ, ਮਾਛੀਵਾੜਾ ਰੋਡ ਸਮਰਾਲਾ-141114 ਮੋਬਾ: 94638-08697
ਜਿਨਾ ਪਛਾਤਾ ਸਚੁ, ਚੁੰਮਾ ਪੈਰ ਮੂੰ ॥
ਵੱਡੀ ਸਰਕਾਰੀ ਬੈਂਕ ਵਿਚ ਅੱਜ ਮੇਰਾ ਤੀਸਰਾ ਗੇੜਾ ਸੀ। ਕਲਰਕ ਮਨਦੀਪ ਸਿੰਘ ਮੇਰਾ ਕੰਮ ਨਹੀਂ ਸੀ ਕਰ ਰਿਹਾ। ਰਸ਼ ਹੈ- ਮੇਰੀ ਤਬੀਅਤ ਠੀਕ ਨਹੀਂ, ਮੂਡ ਨਹੀਂ। ਕੰਮ ਮੇਰਾ ਸਿਰਫ਼ ਇਹ ਸੀ ਕਿ ਸਾਲ ਭਰ ਤੋਂ ਮੈਂ ਆਪਣੀ ਪਾਸ ਬੁਕ ਵਿੱਚ ਨਾ ਪੈਸੇ ਜਮਾਂ ਕਰਵਾਏ ਸਨ ਤੇ ਨਾ ਹੀ ਕੱਢਾਏ ਸਨ। ਜਮਾਂ ਕਰਵਾਣ ਲਈ ਮੇਰੇ ਪਾਸ ਪੈਸੇ ਨਹੀਂ ਸਨ- ਕੱਢਵਾਣ ਦੀ ਮੈਨੂੰ ਲੋੜ ਨਹੀਂ ਸੀ- 30 ਹਜ਼ਾਰ ਜਮਾਂ ਸਨ, ਇਸ ਲਈ ਪਾਸ ਬੁਕ ਮੁੜ ਚਾਲੂ ਕਰਨੀ ਸੀ।
ਮੈਂ ਬੈਂਕ ਬਰਾਂਚ ਮੈਨੇਜਰ ਮਿਸਟਰ ਸਿਨਹਾ ਨੂੰ ਸ਼ਿਕਾਇਤ ਕੀਤੀ। ਸੀਨੀਅਰ ਸਿਟੀਜ਼ਨ ਹਾਂ- ਸੇਵਾ ਮੁਕਤ ਪ੍ਰੋਫੈਸਰ ਹਾਂ। ਮੈਨੇਜਰ ਨੇ ਮੈਨੂੰ ਬੈਠਣ ਨੂੰ ਤਾਂ ਕਿਹਾ- ਸੇਵਾਦਾਰ ਨੂੰ ਪਾਣੀ ਲਿਆਉਣ ਲਈ ਕਹਿ ਕੇ ਉਹ ਆਪ ਉੱਠ ਕੇ ਮਨਦੀਪ ਸਿੰਘ ਪਾਸ ਗਿਆ। ਪੰਦਰਾਂ ਮਿੰਟ ਬਾਅਦ ਉਹ ਮੇਰੇ ਨਾਮ ਦੀ ਨਵੀਂ ਪਾਸ ਬੁਕ ਲੈ ਕੇ ਆ ਗਿਆ- ਮੈਂ ਸੋਚਿਆ ਸੀ ਸਰਦਾਰ ਲੋਕ ਬਹੁਤ ਮਿਹਨਤ ਤੇ ਈਮਾਨਦਾਰ ਹੁੰਦੇ ਹਨ। ਪੰਜਾਬ ਵਿੱਚ ਆ ਕੇ ਪਤਾ ਲੱਗਾ ਕਿ ਸਰਦਾਰ ਲੋਕ ਤਾਂ ਕੰਮਚੋਰ, ਵੱਢੀ ਖੋਰ, ਸ਼ਰਾਬ ਖੋਰ ਹੁੰਦੇ ਹਨ। ਭਾਗਲਪੁਰ ਹੀ ਨਹੀਂ ਲਗਭਗ ਬਿਹਾਰ ਦੇ ਸਾਰੇ ਸ਼ਹਿਰਾਂ ਵਿਚ ਆਮ ਪ੍ਰਚਲਿਤ ਹੈ ਕਿ ਇਕੱਲੀ ਔਰਤ ਜਾਂ ਕੁੜੀ ਸਿਰਫ ਸਰਦਾਰ ਦੀ ਟੈਕਸੀ ਜਾਂ ਰਿਕਸ਼ੇ ਉੱਤੇ ਬੈਠਣਾ ਪਸੰਦ ਕਰਦੀ ਹੈ- ਕਿਉਂਕਿ ਸਿਰਫ਼ ਪਗੜੀ ਦਾਹੜੀ ਵਾਲੇ ਸਰਦਾਰ ਉੱਤੇ ਹੀ ਉਹ ਵਿਸ਼ਵਾਸ ਕਰਦੀ ਹੈ- ਸੁਰੱਖਿਅਤ ਮਹਿਸੂਸ ਕਰਦੀ ਹੈ। ਪਰ ਪੰਜਾਬ ਵਿਚ ਆ ਕੇ ਪਤਾ ਲੱਗਾ…..
ਮੈਂ ਮਿਸਟਰ ਸਿਨਹਾ ਨੂੰ ਠੰਡਾ ਕਰਨ ਦਾ ਯਤਨ ਕੀਤਾ- ਐਸਾ ਨਹੀਂ ਹੈ ਗਿਰਾਵਟ ਜ਼ਰੂਰ ਆਈ ਹੈ। ਪਰ ਸਾਰੇ ਸਰਦਾਰ ਲੋਕ ਇੱਕੋ ਜਿਹੇ ਨਹੀਂ, ਬਹੁਤੇ ਸਾਬਤ ਸੂਰਤ ਸਰਦਾਰ ਲੋਕ ਚੰਗੇ ਹਨ। ਚਾਹ ਦਾ ਕੱਪ ਪੀ ਕੇ ਮੈਂ ਜਾਣ ਲਈ ਉੱਠਿਆ। ਮਿਸਟਰ ਸਿਨਹਾ ਨੇ ਮੈਨੂੰ ਉੱਠ ਕੇ ਵਿਦਾ ਕੀਤਾ।
ਪੂਰੀ ਦਾਹੜੀ, ਪੂਰੇ ਕੇਸ, ਉੱਪਰ ਸੋਹਣੀ ਦਸਤਾਰ। ਇਸ ਤਰ੍ਹਾਂ ਬਣਦਾ ਹੈ ‘ਸਿੱਖ ਸਰਦਾਰ’। ਸੰਪੂਰਨ ਸਰਦਾਰ ਦਾ ਮਤਲਬ ਉੱਚਾ ਕਿਰਦਾਰ। ਇੱਜ਼ਤਦਾਰ, ਸਭਿਯ ਵਰਤਾਉ ਤੇ ਗੁਰੂ ਬਖਸੀ ਗੁਫਤਾਰ, ਬਿਨਾਂ ਕੇਸ ਦਸਤਾਰ ਤੋਂ ਬਣਦਾ ਬੇਪਛਾਣ ਭੀੜ ਦਾ ਹਿੱਸਾ, ਵਸਤੂਹੀਣ, ਬੇਕਾਰ। ਜੁਲਾਈ 17, 2013 ਨੂੰ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਆਸਟਰੇਲੀਅਨ ਜੱਜ ਨੇ ਡਾਰਵਿਨ ਸ਼ਹਿਰ ਵਿਚ ਕੇਸਾਧਾਰੀ ਪਗੜੀਧਾਰੀ ਸਿੱਖ ਟੈਕਸੀ ਡਰਾਈਵਰ ਉੱਤੇ ਨਸਲੀ ਹਮਲਾ ਕਰਨ ਵਾਲੇ ਚਿੱਟੇ ਪਤੀ-ਪਤਨੀ ਨੂੰ, ਨੌਂ ਮਹੀਨੇ ਦੀ ਸਜ਼ਾ ਸੁਣਾਦਿਆਂ ਕਿਹਾ ਸੀ- ਦਸਤਾਰ ਸਿੱਖ ਦੀ ਸ਼ਾਨ ਤੇ ਮਾਣ ਦੀ ਪ੍ਰਤੀਕ ਹੈ। ਪਰ ਸਿੱਖੀ ਤੇ ਕੇਸ ਦਸਤਾਰ ਦੇ ਜਨਮ ਅਸਥਾਨ ਪੰਜਾਬ ਵਿਚ ਪੁਲਿਸ ਅਫਸਰ ਰੋਜ਼, ਆਪਣੀਆਂ ਹੱਕੀ ਮੰਗਾਂ ਦੀ ਖਾਤਰ ਮੁਜ਼ਾਹਰਾ ਕਰ ਰਹੇ, ਸਿੱਖ ਮੁਲਾਜ਼ਮਾਂ ਦੀਆਂ ਪੱਗਾਂ ਉਛਾਲਦੇ ਹਨ। ਸੀਨੀਅਰ ਆਈ. ਏ. ਐਸ. ਅਫਸਰ ਕਾਹਨ ਸਿੰਘ ਪੰਨੂ ਦੀ ਗੋਬਿੰਦਘਾਟ ਵਿਖੇ ਗੁੰਡਿਆਂ ਨੇ ਪੱਗ ਲਾਹੀ, ਕੇਸ ਪੁੱਟੇ, ਪੱਗ ਲਾਹ ਕੇ ਨਾਲ ਹੀ ਲੈ ਗਏ। ਪੰਜਾਬੀ ਸਿੱਖ ਮੁੰਡਿਆਂ ਨੂੰ ਤਾਂ ਡਰੱਗ ਮਾਫੀਆ ਤੇ ਚੋਣ ਸਿਆਸਤਦਾਨਾਂ ਨੇ ਸ਼ਰਾਬੀ, ਭੁੱਕੀਖੋਰ, ਸਮੈਕਖੋਰ ਤੇ ਗ਼ੈਰਤਹੀਣ, ਕੰਮਚੋਰ ਬਣਾ ਦਿੱਤਾ ਹੈ। ਦਾਹੜੀ ਪੱਗੜੀ ਦਾ ਕੋਈ ਸਤਿਕਾਰ ਨਹੀਂ ਰਿਹਾ। ਸੈਂਕੜੇ ਪਿੰਡਾਂ ਵਿਚ ਸ਼ਾਇਦ ਹੀ ਕੋਈ ਮੁੰਡਾ ਸਾਬਤ ਸੂਰਤ ਦਾਹੜੀ ਪਗੜੀ ਵਾਲਾ ਨਜ਼ਰ ਆਉਂਦਾ ਹੋਵੇ। ਪਰ ਦੂਰ ਬਰਤਾਨੀਆਂ ਵਿਚ ਲੇਬਰ ਪਾਰਟੀ ਨੇ ਗਰੇਵਸੈਮ ਸ਼ਹਿਰ ਦੇ ਪਹਿਲੇ ਕੇਸਾਧਾਰੀ ਪਗੜੀਧਾਰੀ ਸਿੱਖ ਤਨਮਨਜੀਤ ਸਿੰਘ ਢੇਸੀ ਨੂੰ 2015 ਦੀਆਂ ਸੰਸਦੀ ਚੋਣਾਂ ਲਈ ਆਪਣਾ ਉਮੀਦਵਾਰ ਐਲਾਨਿਆ ਸੀ। ਪੰਜਾਬ ਵਿਚ ਤਾਂ ਨਹੀਂ ਪਰ ਦੂਰ ਬਰਮਿੰਘਮ ਵਿਚ ਸਿੱਖਾਂ ਦੀ ਦਸਤਾਰ ਨੂੰ ਸਿਟੀ ਕੌਂਸਲ ਬਰਮਿੰਘਮ ਦੇ ਧਾਰਮਿਕ ਸਿਲੇਬਸ ਵਿਚ ਸ਼ਾਮਲ ਕਰ ਲਿਆ ਹੈ। ਟਰਬਨੋਲੋਜੀ ਫਿਲਮ ਨੂੰ ਸਿਲੇਬਸ ਵਿਚ ਸ਼ਾਮਲ ਕਰਨ ਦਾ ਮਤਲਬ ਹੈ ਕਿ ਹੁਣ ਅਧਿਆਪਕ ਵਿਦਿਆਰਥੀਆਂ ਨੂੰ ਸਿੱਖਾਂ ਦੇ ਮਾਣ ਦੀ ਪ੍ਰਤੀਕ ਦਸਤਾਰ ਬਾਰੇ ਜਾਣਕਾਰੀ ਦਿਆ ਕਰਨਗੇ।
ਕੈਨੇਡਾ ਦੀ ਸੰਸਦ ਵਿੱਚ ਤਿੰਨ ਕੇਸਾਧਾਰੀ, ਦਸਤਾਰਧਾਰੀ ਸਿੱਖ ਮੰਤਰੀ ਰਹੇ ਹਨ- ਗੁਰਬਖਸ ਸਿੰਘ ਮੱਲ੍ਹੀ, ਨਵਦੀਪ ਸਿੰਘ ਬੈਂਸ, ਹਰਜੀਤ ਸਿੰਘ ਸੱਜਨ ਹੁਣ ਵੀ ਹਨ। ਦਸਤਾਰਧਾਰੀ ਪੂਰੀ ਖੁਲ੍ਹੀ ਦਾਹੜੀ ਵਾਲੇ ਟਿੰਮ ਉਪਲ ਹੁਣ ਵੀ ਕੈਨੇਡਾ ਵਿਚ ਮੰਤਰੀ ਹਨ।
‘ਤੂੰ ਪੱਗ ਨੂੰ ਹੱਥ ਲਾਉਣ ਤੋਂ ਮਨ੍ਹਾ ਕਰ ਰਿਹਾ ਏਂ, ਅਸੀਂ ਪੱਗ ਲਾਹ ਵੀ ਦਿੰਦੇ ਹਾਂ।’ ਬੀਮਾ ਅਫਸਰ ਰਣਬੀਰ ਸਿੰਘ ਰਾਓ ਨੇ ਮੈਨੂੰ ਦੱਸਿਆ ਕਿ ਖਾਲਸਾ ਕਾਲਜ ਵਿਚ ਐਮ. ਏ. ਪੰਜਾਬੀ ਭਾਗ ਪਹਿਲਾ ਦਾ ਪਹਿਲਾ ਪਰਚਾ ਦੇਣ ਗਿਆ ਸੀ। ਕਾਲਜ ਉੱਤੇ ਪੁਲਿਸ ਹਵਲਦਾਰ ਪ੍ਰਖਿਆਰਥੀਆਂ ਦੀ ਤਲਾਸੀ ਲੈ ਕੇ ਕਾਲਜ ਦੇ ਅੰਦਰ ਲੰਘਾ ਰਿਹਾ ਸੀ। ਹਵਾਲਦਾਰ ਨੇ ਰਾਓ ਦੀ ਦਸਤਾਰ ਨੂੰ ਹੱਥਾਂ ਨਾਲ ਟੋਹਣਾ ਚਾਹਿਆ। ਰਾਓ ਨੇ ਕਿਹਾ ਕਿ ਉਸ ਪਾਸ ਕੋਈ ਵਾਧੂ ਕਾਗਜ਼ ਜਾਂ ਕੋਈ ਨਾਜਾਇਜ਼ ਚੀਜ਼ ਨਹੀਂ ਹੈ। ਉਹ ਜੇਬਾਂ ਟੋਹ ਲਵੇ, ਬੂਟ ਲੁਹਾ ਕੇ ਵੇਖ ਲਵੇ, ਪਰ ਸਿੱਖ ਦੀ ਸ਼ਾਨ ਦਸਤਾਰ ਨੂੰ ਹੱਥ ਨਾ ਲਾਵੇ। ਹਵਲਦਾਰ ਨਾ ਟਲਿਆ ਤਾਂ ਰਾਓ ਨੇ ਆਪਣੀ ਫੋਟੋ ਪਾੜ ਕੇ ਜੇਬ ਵਿਚ ਪਾ ਲਈ ਅਤੇ ਰੋਲ ਨੰਬਰ ਕਾਰਡ ਪਾੜ ਕੇ ਟੁਕੜੇ-ਟੁਕੜੇ ਕਰਕੇ ਹਵਲਦਾਰ ਦੇ ਪੈਰਾਂ ਵਿਚ ਸੁੱਟ ਦਿੱਤਾ। ਵਾਪਸ ਆ ਗਿਆ। ਇਮਤਿਹਾਨ ਦਿੱਤਾ ਹੀ ਨਾ। ਇਸ ਤਰ੍ਹਾਂ ਉਸ ਦੀ ਐਮ. ਏ. ਪੰਜਾਬੀ ਵਿਚੇ ਰਹਿ ਗਈ, ਪਰ ਪੰਜਾਬੀ ਪੁਸਤਕਾਂ ਪੜ੍ਹਨ ਦਾ ਸ਼ੌਕ ਪਹਿਲਾਂ ਨਾਲੋਂ ਵਧ ਗਿਆ।
ਰਣਧੀਰ ਸਿੰਘ ਰਾਓ ਮੇਰੀ ਨਵੀਂ ਛਪੀ ਹਰ ਪੁਸਤਕ ਖਰੀਦ ਕੇ ਪੜ੍ਹਦਾ ਸੀ ਤੇ ਮੈਂ ਉਸ ਨੂੰ ਆਪਣੀ ਨਵੀਂ ਛਪੀ ਪੁਸਤਕ ‘ਕਾਲੇ ਲਿਖੁ ਨਾ ਲੇਖ’ ਦੇਣ ਹੀ ਉਸ ਦੇ ਦਫਤਰ ਗਿਆ ਸਾਂ।
ਸੋਹਣੀ ਪਗੜੀ, ਸਾਬਤ ਸਾਊ ਦਾਹੜੀ, ਸਾਊ ਤੇ ਸੰਗਠਤ ਮਨੁੱਖ ਦਾ ਪ੍ਰਮਾਣ ਹੁੰਦੀ ਹੈ। ਗੁਰੂ ਅਮਰਦਾਸ ਜੀ ਕਥਨ ਕਰਦੇ ਹਨ: ‘‘ਮੁਖ ਸਚੇ ਸਚੁ ਦਾੜੀਆ; ਸਚੁ ਬੋਲਹਿ ਸਚੁ ਕਮਾਹਿ ॥’’ (ਮ: ੩/੧੪੧੯)
ਭਾਰਤ ਕਈ ਸੌ ਸਾਲ ਗੁਲਾਮ ਰਿਹਾ। ਭਾਰਤ ਪਾਸ ਸਦੀਆਂ ਭਰ ਦਾ ਗੁਲਾਮੀ ਦਾ ਫਲਸਫਾ ਹੈ। ਸਿਰ ਸੁੱਟ ਤੇ ਗਰਦਨ ਝੁਕਾ ਕੇ ਜੂਨ ਕੱਟੀ ਜਾਵੋ। ਅੱਜ ਵੀ ਦਾਸ (ਗੁਲਾਮ) ਸੋਚ ਜਾਰੀ ਹੈ। ਹੋਣੀਵਾਦ, ਕਿਸਮਤਵਾਦ, ਜੋਤਿਸ਼ਵਾਦ, ਪੱਤਰੀਵਾਦ, ਵਸਤੂਵਾਦ, ਪ੍ਰੋਹਿਤਵਾਦ, ਡੇਰਾਵਾਦ ਜਾਰੀ ਹੈ। ਪ੍ਰਥਮ ਗੁਰੂ ਨਾਨਕ ਦੇਵ ਜੀ ਨੇ ਰਿਸ਼ਵਤ ਉੱਤੇ ਆਧਾਰਿਤ ਨਿਆਂ ਪ੍ਰਬੰਧ ‘‘ਕਾਜੀ ਹੋਏ ਰਿਸਵਤੀ, ਵਢੀ ਲੈ ਕੈ ਹਕ ਗਵਾਈ।’’ (ਭਾਈ ਗੁਰਦਾਸ ਜੀ (ਵਾਰ ੧ ਪਉੜੀ ੩੦) ਨੂੰ ਵੰਗਾਰਿਆ ਸੀ- ‘‘ਰਾਜੇ ਸੀਹ ਮੁਕਦਮ ਕੁਤੇ ॥ ਜਾਇ ਜਗਾਇਨਿ੍ ਬੈਠੇ ਸੁਤੇ ॥’’ (ਮ: ੧/੧੨੮੮) ਸਦੀਆਂ ਭਰ ਤੋਂ, ਗਲਾਂ ਵਿਚ ਗੁਲਾਮੀ ਦਾ ਜੂਲਾ ਪੁਵਾ ਕੇ, ਕਾਇਰ ਭਾਰਤ ਨੂੰ ਪਹਿਲੀ ਵਾਰ ਗੁਰੂ ਨਾਨਕ ਦੇਵ ਜੀ ਨੇ ਜਗਾਇਆ ਸੀ- ਬਾਬਰ ਨੂੰ ਜਾਬਰ ਕਿਹਾ ਸੀ- ‘‘ਪਾਪ ਕੀ ਜੰਞ ਲੈ ਕਾਬਲਹੁ ਧਾਇਆ, ਜੋਰੀ ਮੰਗੈ ਦਾਨੁ ਵੇ ਲਾਲੋ ! ॥’’ (ਮ: ੧/੭੨੨)
ਗੁਰੂ ਜੀ ਨੇ ਮਨੁੱਖ ਨੂੰ ਕੇਸ ਦਾਹੜੀ ਤੇ ਦਸਤਾਰ ਦੀ ਪੁਸ਼ਾਕ ਦੇ ਕੇ ਭੇਡਾਂ ਦੇ ਇੱਜੜ ਵਿੱਚੋਂ ਸ਼ੇਰ ਬਣਾਇਆ ਸੀ। ਬਹਾਦਰ ਤੇ ਗ਼ੈਰਤਮੰਦ ਮਨੁੱਖ ਸਿਰਜਿਆ ਸੀ। ਸਾਬਤ ਕੇਸ, ਦਾਹੜੀ, ਸਿਰ ਉੱਤੇ ਸੋਹਣੀ ਦਸਤਾਰ ਹੋਵੇ ਤਾਂ ਹੀ ਹੈ ਉਹ ਸਰਦਾਰ ‘‘ਸਾਬਤ ਸੂਰਤਿ ਦਸਤਾਰ ਸਿਰਾ ॥’’ (ਮ: ੫/੧੦੮੪) ਨਹੀਂ ਤਾਂ ਉਹ ਭਈਆ ਹੈ, ਬਾਊ ਹੈ, ਬੇਪਛਾਣ ਭੀੜ ਹੈ, ਬੇਪਛਾਣ ਭੀੜ ਵਿੱਚ ਇਕ ਰੋਡਾ ਸਿਰ ਹੈ।
ਪੰਜਾਬ ਵਿਚ ਤੇ ਪੰਜਾਬ ਤੋਂ ਬਾਹਰ ਸਾਰੇ ਪ੍ਰਾਂਤਾਂ ਵਿਚ ਤੇ ਸੰਸਾਰ ਦੇ ਸਾਰੇ ਦੇਸ਼ਾਂ ਵਿਚ ਸਿੱਖ ਆਪਣੇ ਕੇਸ ਦਾਹੜੀ ਤੇ ਦਸਤਾਰ ਦੀ ਪਛਾਣ ਬਰਕਰਾਰ ਰੱਖ ਰਹੇ ਹਨ, ਤਾਂ ਜੋ ਸਿੱਖ; ਗੁਰੂ ਦੇ ਭਰੋਸੇ ਤੇ ਵਿਸ਼ਵਾਸ ਦਾ ਪਾਤਰ ਬਣਿਆ ਰਹੇ। ਸੰਕਟ ਵਿਚ ਘਿਰੇ ਮਜ਼ਲੂਮਾਂ, ਦੁਖੀਆਂ ਖਾਸ ਕਰਕੇ ਔਰਤਾਂ ਲਈ ਆਪਣੀ ਜਾਨ ਤੱਕ ਕੁਰਬਾਨ ਕਰਨ ਲਈ ਤਿਆਰ ਰਹੇ। ਘਰੋਂ ਬਾਹਰ, ਰਾਤ ਬਰਾਤੇ ਇਕੱਲੀ ਔਰਤ ਦਾ ਸੁਰੱਖਿਆ ਲਈ ਸਾਬਤ ਸੂਰਤ ਸਿੱਖ ਉੱਤੇ ਵਿਸ਼ਵਾਸ ਹੋਣਾ ਸਾਡੇ ਲਈ ਮਾਣ ਵਾਲੀ ਗੱਲ ਹੈ।